ਪਰਮੇਸ਼ੁਰ ਦੇ ਲੋਕਾਂ ਨੂੰ ਦਿਆਲੂ ਬਣਨਾ ਚਾਹੀਦਾ ਹੈ
“ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.
1, 2. (ੳ) ਸਾਨੂੰ ਕਿਉਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਆਪਣੇ ਲੋਕਾਂ ਤੋਂ ਦਿਆਲੂ ਬਣਨ ਦੀ ਆਸ ਰੱਖਦਾ ਹੈ? (ਅ) ਦਿਆਲਤਾ ਸੰਬੰਧੀ ਕਿਹੜੇ ਸਵਾਲਾਂ ਉੱਤੇ ਸਾਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ?
ਯਹੋਵਾਹ ਬਹੁਤ ਹੀ ਦਿਆਲੂ ਤੇ ਮਿਹਰਬਾਨ ਪਰਮੇਸ਼ੁਰ ਹੈ। (ਰੋਮੀਆਂ 2:4; 11:22) ਕਿੰਨੀ ਚੰਗੀ ਗੱਲ ਹੁੰਦੀ ਜੇ ਆਦਮ ਤੇ ਹੱਵਾਹ ਪਰਮੇਸ਼ੁਰ ਦੀ ਦਿਆਲਤਾ ਦੀ ਕਦਰ ਕਰਦੇ! ਉਹ ਅਦਨ ਦੇ ਬਾਗ਼ ਵਿਚ ਹਰ ਪਾਸੇ ਵੱਖੋ-ਵੱਖਰੇ ਜੀਵ-ਜੰਤੂਆਂ ਅਤੇ ਫੁੱਲ-ਪੌਦਿਆਂ ਨੂੰ ਦੇਖ ਕੇ ਆਨੰਦ ਮਾਣ ਸਕਦੇ ਸਨ। ਇਹ ਸਭ ਕੁਝ ਬਣਾ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਕਿੰਨਾ ਦਿਆਲੂ ਸੀ। ਪਰਮੇਸ਼ੁਰ ਹੁਣ ਤਕ ਸਾਰਿਆਂ ਉੱਤੇ ਦਿਆਲੂ ਹੁੰਦਾ ਆਇਆ ਹੈ, ਇੱਥੋਂ ਤਕ ਕਿ ਉਹ ਨਾਸ਼ੁਕਰੇ ਤੇ ਬੁਰੇ ਲੋਕਾਂ ਨਾਲ ਵੀ ਦਿਆਲਤਾ ਨਾਲ ਪੇਸ਼ ਆਉਂਦਾ ਹੈ।
2 ਪਰਮੇਸ਼ੁਰ ਦੇ ਸਰੂਪ ਉੱਤੇ ਬਣੇ ਹੋਣ ਕਰਕੇ, ਇਨਸਾਨ ਪਰਮੇਸ਼ੁਰੀ ਗੁਣ ਪੈਦਾ ਕਰਨ ਦੀ ਕਾਬਲੀਅਤ ਰੱਖਦੇ ਹਨ। (ਉਤਪਤ 1:26) ਇਸ ਲਈ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਵੀ ਦਿਆਲੂ ਬਣੀਏ। ਇਬਰਾਨੀ ਭਾਸ਼ਾ ਵਿਚ ਮੀਕਾਹ 6:8 ਦੇ ਮੁਤਾਬਕ ਪਰਮੇਸ਼ੁਰ ਦੇ ਲੋਕਾਂ ਨੂੰ ‘ਦਿਆਲਤਾ ਨਾਲ ਪ੍ਰੇਮ ਰੱਖਣਾ’ ਚਾਹੀਦਾ ਹੈ। ਪਰ ਦਿਆਲਤਾ ਹੈ ਕੀ? ਇਸ ਦਾ ਦੂਸਰੇ ਪਰਮੇਸ਼ੁਰੀ ਗੁਣਾਂ ਨਾਲ ਕੀ ਸੰਬੰਧ ਹੈ? ਜੇ ਇਨਸਾਨਾਂ ਵਿਚ ਦਿਆਲਤਾ ਦਾ ਗੁਣ ਪੈਦਾ ਕਰਨ ਦੀ ਕਾਬਲੀਅਤ ਹੈ, ਤਾਂ ਦੁਨੀਆਂ ਇੰਨੀ ਜ਼ਾਲਮ ਤੇ ਨਿਰਦਈ ਕਿਉਂ ਹੈ? ਮਸੀਹੀ ਹੋਣ ਦੇ ਨਾਤੇ, ਸਾਨੂੰ ਦੂਜਿਆਂ ਨਾਲ ਦਿਆਲਤਾ ਨਾਲ ਪੇਸ਼ ਕਿਉਂ ਆਉਣਾ ਚਾਹੀਦਾ ਹੈ?
ਦਿਆਲਤਾ ਕੀ ਹੈ?
3. ਦਿਆਲਤਾ ਦਾ ਅਰਥ ਕੀ ਹੈ?
3 ਜਦੋਂ ਅਸੀਂ ਦੂਜਿਆਂ ਦੀ ਭਲਾਈ ਵਿਚ ਖ਼ਾਸ ਦਿਲਚਸਪੀ ਲੈਂਦੇ ਹਾਂ, ਤਾਂ ਇਹ ਸਾਡੀ ਦਿਆਲਤਾ ਦਾ ਸਬੂਤ ਹੈ। ਦਿਆਲੂ ਲੋਕ ਦੂਜਿਆਂ ਲਈ ਚੰਗੇ ਕੰਮ ਕਰਦੇ ਹਨ ਅਤੇ ਸੋਚ-ਸਮਝ ਕੇ ਦੂਸਰਿਆਂ ਨਾਲ ਗੱਲ ਕਰਦੇ ਹਨ। ਦਿਆਲੂ ਹੋਣ ਦਾ ਮਤਲਬ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ ਉਸ ਦਾ ਭਲਾ ਕਰਨਾ। ਦਿਆਲੂ ਇਨਸਾਨ ਦੋਸਤਾਨਾ, ਕੋਮਲ, ਹਮਦਰਦ ਅਤੇ ਮਿਲਣਸਾਰ ਹੁੰਦਾ ਹੈ। ਉਹ ਖੁੱਲ੍ਹ-ਦਿਲਾ ਹੁੰਦਾ ਹੈ ਤੇ ਦੂਜਿਆਂ ਦੀ ਪਰਵਾਹ ਕਰਦਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ: ‘ਤੁਸੀਂ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।’ (ਕੁਲੁੱਸੀਆਂ 3:12) ਜੀ ਹਾਂ, ਦਿਆਲਤਾ ਤੋਂ ਪਛਾਣਿਆ ਜਾਂਦਾ ਹੈ ਕਿ ਅਸੀਂ ਸੱਚ-ਮੁੱਚ ਯਿਸੂ ਦੇ ਚੇਲੇ ਹਾਂ।
4. ਦਿਆਲੂ ਹੋਣ ਵਿਚ ਯਹੋਵਾਹ ਨੇ ਕਿਵੇਂ ਪਹਿਲ ਕੀਤੀ ਹੈ?
4 ਦਿਆਲੂ ਹੋਣ ਵਿਚ ਯਹੋਵਾਹ ਪਰਮੇਸ਼ੁਰ ਨੇ ਪਹਿਲ ਕੀਤੀ ਹੈ। ਪੌਲੁਸ ਨੇ ਕਿਹਾ ਕਿ ਜਦੋਂ “ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ . . . [ਤਾਂ ਉਸ ਨੇ] ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।” (ਤੀਤੁਸ 3:4, 5) ਪਰਮੇਸ਼ੁਰ ਮਸਹ ਕੀਤੇ ਮਸੀਹੀਆਂ ਨੂੰ ਯਿਸੂ ਦੇ ਲਹੂ ਵਿਚ “ਅਸ਼ਨਾਨ” ਕਰਾ ਕੇ ਸ਼ੁੱਧ ਕਰਦਾ ਹੈ। ਕਹਿਣ ਦਾ ਮਤਲਬ ਕਿ ਉਹ ਉਨ੍ਹਾਂ ਉੱਤੇ ਮਸੀਹ ਦੀ ਕੁਰਬਾਨੀ ਦੇ ਫ਼ਾਇਦਿਆਂ ਨੂੰ ਲਾਗੂ ਕਰਦਾ ਹੈ। ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਜ਼ਰੀਏ ਨਵਾਂ ਵੀ ਬਣਾਇਆ ਜਾਂਦਾ ਹੈ ਯਾਨੀ ਉਹ ਪਰਮੇਸ਼ੁਰ ਦੇ ਆਤਮਿਕ ਪੁੱਤਰਾਂ ਦੇ ਤੌਰ ਤੇ ਇਕ “ਨਵੀਂ ਸਰਿਸ਼ਟ” ਬਣਦੇ ਹਨ। (2 ਕੁਰਿੰਥੀਆਂ 5:17) ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਪਣੀ ਦਿਆਲਤਾ ਤੇ ਪਿਆਰ ਨੂੰ “ਵੱਡੀ ਭੀੜ” ਤੋਂ ਵੀ ਰੋਕ ਕੇ ਨਹੀਂ ਰੱਖਿਆ ਜਿਸ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।”—ਪਰਕਾਸ਼ ਦੀ ਪੋਥੀ 7:9, 14; 1 ਯੂਹੰਨਾ 2:1, 2.
5. ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣ ਵਾਲਿਆਂ ਨੂੰ ਦਿਆਲੂ ਕਿਉਂ ਬਣਨਾ ਚਾਹੀਦਾ ਹੈ?
5 ਦਿਆਲਤਾ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਵੀ ਹੈ। ਪੌਲੁਸ ਨੇ ਕਿਹਾ: “ਆਤਮਾ ਦਾ ਫਲ ਇਹ ਹੈ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ। ਇਹੋ ਜੇਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ।” (ਗਲਾਤੀਆਂ 5:22, 23) ਤਾਂ ਫਿਰ ਕੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣ ਵਾਲਿਆਂ ਨੂੰ ਦਿਆਲੂ ਨਹੀਂ ਬਣਨਾ ਚਾਹੀਦਾ?
ਦਿਆਲੂ ਬਣਨਾ ਕੋਈ ਕਮਜ਼ੋਰੀ ਨਹੀਂ
6. ਦਿਆਲਤਾ ਕਦੋਂ ਕਮਜ਼ੋਰੀ ਬਣਦੀ ਹੈ ਤੇ ਕਿਉਂ?
6 ਕੁਝ ਲੋਕ ਦਿਆਲਤਾ ਨੂੰ ਕਮਜ਼ੋਰੀ ਸਮਝਦੇ ਹਨ। ਉਨ੍ਹਾਂ ਦੇ ਖ਼ਿਆਲ ਵਿਚ ਉਨ੍ਹਾਂ ਨੂੰ ਕਠੋਰ ਤੇ ਕਦੇ-ਕਦੇ ਰੁੱਖਾ ਵੀ ਹੋਣਾ ਚਾਹੀਦਾ ਹੈ ਤਾਂਕਿ ਦੂਸਰਿਆਂ ਨੂੰ ਉਨ੍ਹਾਂ ਦੀ ਤਾਕਤ ਦਾ ਪਤਾ ਲੱਗ ਸਕੇ। ਪਰ ਸੱਚ ਤਾਂ ਇਹ ਹੈ ਕਿ ਸਹੀ ਮੌਕੇ ਤੇ ਸਹੀ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਲਈ ਅੰਦਰੂਨੀ ਤਾਕਤ ਦੀ ਲੋੜ ਹੈ। ਸੱਚੀ ਦਿਆਲਤਾ ਪਰਮੇਸ਼ੁਰ ਦੀ ਆਤਮਾ ਦਾ ਇਕ ਫਲ ਹੈ, ਇਸ ਲਈ ਇਹ ਕਮਜ਼ੋਰੀ ਨਹੀਂ ਹੈ ਅਤੇ ਇਹ ਗ਼ਲਤ ਚਾਲ-ਚਲਣ ਨੂੰ ਸਹਿਣ ਨਹੀਂ ਕਰਦੀ। ਪਰ ਗ਼ਲਤ ਚਾਲ-ਚਲਣ ਵਾਲੇ ਅਪਸ਼ਚਾਤਾਪੀ ਵਿਅਕਤੀ ਨਾਲ ਦਿਆਲਤਾ ਨਾਲ ਪੇਸ਼ ਆਉਣਾ ਕਮਜ਼ੋਰੀ ਹੈ।
7. (ੳ) ਏਲੀ ਕਿਵੇਂ ਲਾਪਰਵਾਹ ਸਾਬਤ ਹੋਇਆ? (ਅ) ਬਜ਼ੁਰਗਾਂ ਨੂੰ ਪਾਪੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਤੋਂ ਕਿਉਂ ਸਾਵਧਾਨ ਰਹਿਣਾ ਚਾਹੀਦਾ ਹੈ?
7 ਮਿਸਾਲ ਲਈ, ਇਸਰਾਏਲ ਦੇ ਪ੍ਰਧਾਨ ਜਾਜਕ ਏਲੀ ਤੇ ਗੌਰ ਕਰੋ। ਉਸ ਨੇ ਆਪਣੇ ਪੁੱਤਰਾਂ ਹਾਫ਼ਨੀ ਤੇ ਫ਼ੀਨਹਾਸ ਨੂੰ ਤਾੜਨਾ ਦੇਣ ਵਿਚ ਲਾਪਰਵਾਹੀ ਵਰਤੀ ਜੋ ਹੈਕਲ ਵਿਚ ਜਾਜਕਾਂ ਦੇ ਤੌਰ ਤੇ ਸੇਵਾ ਕਰਦੇ ਸਨ। ਪਰਮੇਸ਼ੁਰ ਦੇ ਨਿਯਮ ਮੁਤਾਬਕ ਉਨ੍ਹਾਂ ਨੂੰ ਚੜ੍ਹਾਵੇ ਦਾ ਜੋ ਹਿੱਸਾ ਮਿਲਦਾ ਸੀ, ਉਸ ਤੋਂ ਉਹ ਸੰਤੁਸ਼ਟ ਨਹੀਂ ਸਨ। ਇਸ ਲਈ, ਉਹ ਵੇਦੀ ਉੱਤੇ ਚਰਬੀ ਸੜਨ ਤੋਂ ਪਹਿਲਾਂ ਹੀ ਇਕ ਨੌਕਰ ਰਾਹੀਂ ਭੇਟ ਚੜ੍ਹਾਉਣ ਵਾਲਿਆਂ ਤੋਂ ਕੱਚਾ ਮੀਟ ਮੰਗਦੇ ਸਨ। ਏਲੀ ਦੇ ਪੁੱਤਰ ਹੈਕਲ ਦੇ ਬੂਹੇ ਕੋਲ ਸੇਵਾ ਕਰਦੀਆਂ ਤੀਵੀਆਂ ਨਾਲ ਨਾਜਾਇਜ਼ ਸੰਬੰਧ ਵੀ ਰੱਖਦੇ ਸਨ। ਪਰ ਹਾਫ਼ਨੀ ਤੇ ਫ਼ੀਨਹਾਸ ਨੂੰ ਜਾਜਕ ਦੇ ਅਹੁਦੇ ਤੋਂ ਹਟਾਉਣ ਦੀ ਬਜਾਇ, ਏਲੀ ਨੇ ਉਨ੍ਹਾਂ ਨੂੰ ਬੜੀ ਨਰਮਾਈ ਨਾਲ ਝਿੜਕਿਆ। (1 ਸਮੂਏਲ 2:12-29) ਇਸ ਲਈ, ਇਹ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਕਿ ‘ਉਹਨਾਂ ਦਿਨਾਂ ਵਿਚ ਯਹੋਵਾਹ ਦੇ ਸੰਦੇਸ਼ ਬਹੁਤ ਘਟ ਮਿਲਦੇ ਸਨ’! (1 ਸਮੂਏਲ 3:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਸੀਹੀ ਬਜ਼ੁਰਗਾਂ ਨੂੰ ਪਾਪੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਕਲੀਸਿਯਾ ਦੀ ਅਧਿਆਤਮਿਕਤਾ ਨੂੰ ਖ਼ਤਰੇ ਵਿਚ ਪਾ ਸਕਦੇ ਹਨ। ਜੋ ਲੋਕ ਭੈੜੇ ਇਰਾਦੇ ਨਾਲ ਬੁਰੀਆਂ ਗੱਲਾਂ ਕਹਿ ਕੇ ਅਤੇ ਗ਼ਲਤ ਕੰਮ ਕਰ ਕੇ ਪਰਮੇਸ਼ੁਰ ਦੇ ਮਿਆਰਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਤੇ ਦਇਆ ਕਰਨੀ ਗ਼ਲਤ ਹੈ।
8. ਯਿਸੂ ਨੇ ਦਿਆਲਤਾ ਦੇ ਮਾਮਲੇ ਵਿਚ ਕਿਹੜੀ ਮਿਸਾਲ ਕਾਇਮ ਕੀਤੀ?
8 ਯਿਸੂ ਮਸੀਹ ਕਦੇ ਵੀ ਉਨ੍ਹਾਂ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਨਹੀਂ ਆਇਆ ਜੋ ਇਸ ਦੇ ਯੋਗ ਨਹੀਂ ਸਨ। ਪਰ ਉਹ ਦਿਆਲਤਾ ਦੀ ਮੂਰਤ ਸੀ। ਮਿਸਾਲ ਲਈ, ‘ਉਸ ਨੂੰ ਭੀੜਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ ਨੇਕਦਿਲ ਲੋਕ ਉਸ ਕੋਲ ਜਾਣ ਤੋਂ ਝਿਜਕਦੇ ਨਹੀਂ ਸਨ। ਉਹ ਆਪਣੇ ਬੱਚਿਆਂ ਨੂੰ ਵੀ ਉਸ ਕੋਲ ਲਿਆਉਂਦੇ ਸਨ। ਜ਼ਰਾ ਕਲਪਨਾ ਕਰੋ, ਯਿਸੂ ਨੇ ਕਿੰਨੀ ਦਿਆਲਤਾ ਅਤੇ ਕੋਮਲਤਾ ਨਾਲ ‘ਬੱਚਿਆਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।’ (ਮੱਤੀ 9:36; ਮਰਕੁਸ 10:13-16) ਹਾਲਾਂਕਿ ਯਿਸੂ ਦਿਆਲੂ ਸੀ, ਪਰ ਇਸ ਦੇ ਨਾਲ-ਨਾਲ ਉਹ ਉਨ੍ਹਾਂ ਗੱਲਾਂ ਤੇ ਪੱਕਾ ਰਹਿੰਦਾ ਸੀ ਜੋ ਉਸ ਦੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਸਹੀ ਸਨ। ਉਸ ਨੇ ਕਦੇ ਵੀ ਬੁਰਾਈ ਨੂੰ ਸਹਿਣ ਨਹੀਂ ਕੀਤਾ। ਉਹ ਪਰਮੇਸ਼ੁਰ ਤੋਂ ਮਿਲੀ ਤਾਕਤ ਨਾਲ ਕਪਟੀ ਧਾਰਮਿਕ ਆਗੂਆਂ ਦੀ ਨਿੰਦਿਆ ਕਰਦਾ ਸੀ। ਜਿਵੇਂ ਮੱਤੀ 23:13-26 ਵਿਚ ਦੱਸਿਆ ਹੈ, ਉਸ ਨੇ ਵਾਰ-ਵਾਰ ਇਹ ਸ਼ਬਦ ਦੁਹਰਾਏ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!”
ਦਿਆਲਤਾ ਅਤੇ ਦੂਸਰੇ ਪਰਮੇਸ਼ੁਰੀ ਗੁਣ
9. ਦਿਆਲਤਾ ਦਾ ਧੀਰਜ ਅਤੇ ਭਲਾਈ ਨਾਲ ਕੀ ਸੰਬੰਧ ਹੈ?
9 ਦਿਆਲਤਾ ਦਾ ਗੁਣ ਪਰਮੇਸ਼ੁਰ ਦੀ ਆਤਮਾ ਦੇ ਦੂਜੇ ਗੁਣਾਂ ਨਾਲ ਸੰਬੰਧ ਰੱਖਦਾ ਹੈ। ਇਹ ਗੁਣ “ਧੀਰਜ” ਅਤੇ “ਭਲਿਆਈ” ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਜੋ ਵਿਅਕਤੀ ਆਪਣੇ ਵਿਚ ਦਿਆਲਤਾ ਦਾ ਗੁਣ ਪੈਦਾ ਕਰਦਾ ਹੈ, ਉਹ ਧੀਰਜ ਰੱਖਣ ਦੁਆਰਾ ਇਸ ਗੁਣ ਨੂੰ ਜ਼ਾਹਰ ਕਰਦਾ ਹੈ। ਉਹ ਬੇਰਹਿਮ ਲੋਕਾਂ ਨਾਲ ਵੀ ਧੀਰਜ ਨਾਲ ਪੇਸ਼ ਆਉਂਦਾ ਹੈ। ਦਿਆਲਤਾ ਦਾ ਗੁਣ ਭਲਾਈ ਨਾਲ ਇਸ ਅਰਥ ਵਿਚ ਜੁੜਿਆ ਹੋਇਆ ਹੈ ਕਿ ਇਹ ਅਕਸਰ ਦੂਜਿਆਂ ਦੇ ਭਲੇ ਲਈ ਚੰਗੇ ਕੰਮ ਕਰਨ ਲਈ ਸਾਨੂੰ ਪ੍ਰੇਰਦਾ ਹੈ। ਬਾਈਬਲ ਵਿਚ “ਦਿਆਲਗੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਨੂੰ ਕਦੇ-ਕਦੇ “ਭਲਿਆਈ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਦੇ ਇਕ ਲਿਖਾਰੀ ਟਰਟੂਲੀਅਨ ਦੇ ਅਨੁਸਾਰ ਪਹਿਲੀ ਸਦੀ ਦੇ ਮਸੀਹੀ ਇੰਨੇ ਜ਼ਿਆਦਾ ਦਿਆਲੂ ਸਨ ਕਿ ਦੂਜੇ ਧਰਮਾਂ ਦੇ ਲੋਕ ਯਿਸੂ ਦੇ ਚੇਲਿਆਂ ਬਾਰੇ ਕਹਿੰਦੇ ਸਨ ਕਿ ‘ਉਹ ਦਿਆਲਤਾ ਦੀ ਮੂਰਤ ਹਨ।’
10. ਦਿਆਲਤਾ ਦਾ ਪਿਆਰ ਨਾਲ ਕੀ ਸੰਬੰਧ ਹੈ?
10 ਦਿਆਲਤਾ ਦਾ ਸੰਬੰਧ ਪਿਆਰ ਨਾਲ ਵੀ ਹੈ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਸ ਪਿਆਰ ਬਾਰੇ ਪੌਲੁਸ ਨੇ ਕਿਹਾ ਸੀ: “ਪਿਆਰ ਸਹਿਣਸ਼ੀਲ ਅਤੇ ਦਿਆਲੂ ਹੈ।” (1 ਕੁਰਿੰਥੁਸ 13:4, ਨਵਾਂ ਅਨੁਵਾਦ) ਪਵਿੱਤਰ ਸ਼ਾਸਤਰ ਵਿਚ ਦਿਆਲਤਾ ਲਈ ਕਈ ਵਾਰ ਉਹ ਇਬਰਾਨੀ ਸ਼ਬਦ ਵਰਤਿਆ ਗਿਆ ਹੈ ਜਿਸ ਨੂੰ “ਦਇਆ” ਅਨੁਵਾਦ ਕੀਤਾ ਜਾ ਸਕਦਾ ਹੈ। ਅਜਿਹੀ ਦਇਆ ਪਿਆਰ ਅਤੇ ਵਫ਼ਾਦਾਰੀ ਦੀ ਖ਼ਾਤਰ ਕੀਤੀ ਜਾਂਦੀ ਹੈ। ਦਇਆ ਅਤੇ ਵਫ਼ਾਦਾਰੀ ਨਾਲ ਪੇਸ਼ ਆਉਣ ਦਾ ਮਤਲਬ ਹੈ ਪਿਆਰ ਨਾਲ ਉਸ ਸਮੇਂ ਤਕ ਉਸ ਇਨਸਾਨ ਦਾ ਸਾਥ ਦਿੰਦੇ ਰਹਿਣਾ ਜਦ ਤਕ ਉਸ ਸੰਬੰਧੀ ਮਕਸਦ ਪੂਰਾ ਨਾ ਹੋ ਜਾਵੇ। ਯਹੋਵਾਹ ਵੀ ਪਿਆਰ ਤੇ ਵਫ਼ਾਦਾਰੀ ਦੀ ਖ਼ਾਤਰ ਲੋਕਾਂ ਉੱਤੇ ਕਈ ਤਰੀਕਿਆਂ ਨਾਲ ਦਇਆ ਕਰਦਾ ਹੈ। ਮਿਸਾਲ ਲਈ, ਉਹ ਆਪਣੇ ਸੇਵਕਾਂ ਨੂੰ ਬਚਾਉਂਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ।—ਜ਼ਬੂਰਾਂ ਦੀ ਪੋਥੀ 6:4; 40:11; 143:12.
11. ਪਰਮੇਸ਼ੁਰ ਦੀ ਦਇਆ ਕਰਕੇ ਅਸੀਂ ਕਿਹੜਾ ਭਰੋਸਾ ਰੱਖ ਸਕਦੇ ਹਾਂ?
11 ਯਹੋਵਾਹ ਦੀ ਦਿਆਲਤਾ ਕਰਕੇ ਲੋਕ ਉਸ ਵੱਲ ਖਿੱਚੇ ਜਾਂਦੇ ਹਨ। (ਯਿਰਮਿਯਾਹ 31:3) ਜਦ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਉਸ ਦੀ ਮਦਦ ਦੀ ਲੋੜ ਪੈਂਦੀ ਹੈ, ਤਾਂ ਉਹ ਜਾਣਦੇ ਹਨ ਕਿ ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਉਨ੍ਹਾਂ ਦੀ ਮਦਦ ਜ਼ਰੂਰ ਕਰੇਗਾ। ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗਾ। ਇਸ ਲਈ ਉਹ ਜ਼ਬੂਰਾਂ ਦੇ ਲਿਖਾਰੀ ਵਾਂਗ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰ ਸਕਦੇ ਹਨ: “ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।” (ਜ਼ਬੂਰਾਂ ਦੀ ਪੋਥੀ 13:5) ਹਾਂ, ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਆਪਣੇ ਲੋਕਾਂ ਨਾਲ ਵਫ਼ਾਦਾਰੀ ਕਰਦਾ ਹੈ, ਇਸ ਲਈ ਉਹ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਨ। ਉਹ ਇਹ ਵੀ ਭਰੋਸਾ ਰੱਖ ਸਕਦੇ ਹਨ ਕਿ “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।”—ਜ਼ਬੂਰਾਂ ਦੀ ਪੋਥੀ 94:14.
ਦੁਨੀਆਂ ਇੰਨੀ ਜ਼ਾਲਮ ਕਿਉਂ ਹੈ?
12. ਜ਼ਾਲਮਾਨਾ ਸ਼ਾਸਨ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ?
12 ਇਸ ਸਵਾਲ ਦਾ ਜਵਾਬ ਅਦਨ ਦੇ ਬਾਗ਼ ਵਿਚ ਵਾਪਰੀ ਘਟਨਾ ਨਾਲ ਜੁੜਿਆ ਹੋਇਆ ਹੈ। ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ, ਇਕ ਆਤਮਿਕ ਪ੍ਰਾਣੀ ਸੁਆਰਥੀ ਅਤੇ ਘਮੰਡੀ ਬਣ ਗਿਆ ਅਤੇ ਉਸ ਨੇ ਦੁਨੀਆਂ ਦਾ ਹਾਕਮ ਬਣਨ ਦੀ ਸਕੀਮ ਘੜੀ। ਇਸ ਸਕੀਮ ਦੀ ਮਦਦ ਨਾਲ ਉਹ “ਜਗਤ ਦਾ ਸਰਦਾਰ” ਯਾਨੀ ਹਾਕਮ ਬਣ ਗਿਆ। ਉਹ ਬਹੁਤ ਜ਼ਾਲਮ ਹੈ। (ਯੂਹੰਨਾ 12:31) ਉਹ ਸ਼ਤਾਨ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਤੇ ਪਰਮੇਸ਼ੁਰ ਅਤੇ ਇਨਸਾਨ ਦੋਨਾਂ ਦਾ ਮੁੱਖ ਵਿਰੋਧੀ ਬਣ ਗਿਆ। (ਯੂਹੰਨਾ 8:44; ਪਰਕਾਸ਼ ਦੀ ਪੋਥੀ 12:9) ਪਰਮੇਸ਼ੁਰ ਦੀ ਹਕੂਮਤ ਦੇ ਬਰਾਬਰ ਆਪਣੀ ਹਕੂਮਤ ਖੜ੍ਹੀ ਕਰਨ ਦੀ ਉਸ ਦੀ ਇਹ ਸਕੀਮ ਹੱਵਾਹ ਨੂੰ ਬਣਾਏ ਜਾਣ ਤੋਂ ਬਾਅਦ ਜਲਦੀ ਹੀ ਜ਼ਾਹਰ ਹੋ ਗਈ ਸੀ। ਉਸ ਦਾ ਬੁਰਾ ਸ਼ਾਸਨ ਉਦੋਂ ਸ਼ੁਰੂ ਹੋਇਆ ਜਦੋਂ ਆਦਮ ਨੇ ਪਰਮੇਸ਼ੁਰ ਦੀ ਹਕੂਮਤ ਤੋਂ ਆਜ਼ਾਦ ਹੋ ਕੇ ਆਪਣਾ ਰਾਹ ਆਪ ਚੁਣਿਆ ਤੇ ਪਰਮੇਸ਼ੁਰ ਦੀ ਦਿਆਲਤਾ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। (ਉਤਪਤ 3:1-6) ਆਜ਼ਾਦ ਹੋਣ ਦੀ ਬਜਾਇ, ਆਦਮ ਤੇ ਹੱਵਾਹ ਸੁਆਰਥੀ ਅਤੇ ਘਮੰਡੀ ਸ਼ਤਾਨ ਦੇ ਅਸਰ ਹੇਠ ਆ ਗਏ। ਇਸ ਤਰ੍ਹਾਂ, ਉਹ ਸ਼ਤਾਨ ਦੀ ਪਰਜਾ ਬਣ ਗਏ।
13-15. (ੳ) ਯਹੋਵਾਹ ਦੀ ਧਰਮੀ ਹਕੂਮਤ ਨੂੰ ਠੁਕਰਾਉਣ ਦੇ ਕਿਹੜੇ ਕੁਝ ਸਿੱਟੇ ਨਿਕਲੇ? (ਅ) ਇਹ ਦੁਨੀਆਂ ਨਿਰਦਈ ਕਿਉਂ ਹੈ?
13 ਇਸ ਦੇ ਨਤੀਜੇ ਕੀ ਨਿਕਲੇ? ਆਦਮ ਤੇ ਹੱਵਾਹ ਨੂੰ ਉਸ ਥਾਂ ਤੋਂ ਕੱਢ ਦਿੱਤਾ ਗਿਆ ਜੋ ਇਕ ਫਿਰਦੌਸ ਸੀ। ਇਸ ਬਾਗ਼ ਵਿਚ ਸੋਹਣੇ-ਸੋਹਣੇ ਪੇੜ-ਪੌਦੇ ਅਤੇ ਰੰਗ-ਬਰੰਗੇ ਫੁੱਲ ਸਨ ਤੇ ਉਨ੍ਹਾਂ ਦੇ ਖਾਣ ਲਈ ਉੱਥੇ ਹਰ ਤਰ੍ਹਾਂ ਦੇ ਫਲ ਲੱਗੇ ਹੋਏ ਸਨ। ਅਦਨ ਦੇ ਇਸ ਬਾਗ਼ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰ ਗਈ। ਪਰਮੇਸ਼ੁਰ ਨੇ ਆਦਮ ਨੂੰ ਕਿਹਾ: “ਏਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁਖ ਨਾਲ ਖਾਵੇਂਗਾ। ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ।” ਜ਼ਮੀਨ ਦੇ ਸਰਾਪੇ ਜਾਣ ਦਾ ਮਤਲਬ ਸੀ ਕਿ ਹੁਣ ਇਸ ਉੱਤੇ ਖੇਤੀਬਾੜੀ ਕਰਨੀ ਬਹੁਤ ਮੁਸ਼ਕਲ ਹੋ ਜਾਣੀ ਸੀ। ਆਦਮ ਦੀ ਔਲਾਦ ਨੂੰ ਯਹੋਵਾਹ ਦੁਆਰਾ ਸਰਾਪੀ ਜ਼ਮੀਨ ਕਰਕੇ ਇੰਨੇ ਦੁੱਖ ਸਹਿਣੇ ਪਏ ਕਿ ਨੂਹ ਦੇ ਪਿਤਾ ਲਾਮਕ ਨੇ ‘ਹੱਥਾਂ ਦੀ ਸਖਤ ਕਮਾਈ’ ਬਾਰੇ ਗੱਲ ਕੀਤੀ ਯਾਨੀ ਦੁੱਖ ਦੀ ਦੁਹਾਈ ਦਿੱਤੀ।—ਉਤਪਤ 3:17-19; 5:29.
14 ਆਦਮ ਤੇ ਹੱਵਾਹ ਆਪਣਾ ਸੁੱਖ-ਚੈਨ ਗੁਆ ਕੇ ਹੁਣ ਦੁੱਖਾਂ ਨਾਲ ਘਿਰ ਚੁੱਕੇ ਸਨ। ਪਰਮੇਸ਼ੁਰ ਨੇ ਹੱਵਾਹ ਨੂੰ ਕਿਹਾ: “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।” ਬਾਅਦ ਵਿਚ ਆਦਮ ਤੇ ਹੱਵਾਹ ਦੇ ਪਹਿਲੇ ਪੁੱਤਰ ਕਇਨ ਨੇ ਆਪਣੇ ਭਰਾ ਹਾਬਲ ਦਾ ਖ਼ੂਨ ਕਰਨ ਦਾ ਜ਼ਾਲਮਾਨਾ ਕੰਮ ਕੀਤਾ।—ਉਤਪਤ 3:16; 4:8.
15 ਯੂਹੰਨਾ ਰਸੂਲ ਨੇ ਕਿਹਾ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਅੱਜ ਇਹ ਸੰਸਾਰ ਆਪਣੇ ਹਾਕਮ ਦੀ ਤਰ੍ਹਾਂ ਸੁਆਰਥੀ ਅਤੇ ਘਮੰਡੀ ਹੈ। ਇਸੇ ਲਈ ਇਹ ਦੁਨੀਆਂ ਅੱਜ ਨਿਰਦਈਪੁਣੇ ਅਤੇ ਜ਼ੁਲਮ ਨਾਲ ਭਰੀ ਹੋਈ ਹੈ! ਪਰ ਦੁਨੀਆਂ ਵਿਚ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਰਹੇਗਾ। ਯਹੋਵਾਹ ਦੇ ਰਾਜ ਵਿਚ ਨਿਰਦਈਪੁਣੇ ਅਤੇ ਜ਼ੁਲਮ ਦੀ ਥਾਂ ਦਿਆਲਤਾ ਤੇ ਰਹਿਮ ਵਰਗੇ ਗੁਣਾਂ ਦਾ ਬੋਲਬਾਲਾ ਹੋਵੇਗਾ।
ਪਰਮੇਸ਼ੁਰ ਦੇ ਰਾਜ ਵਿਚ ਦਿਆਲਤਾ ਦਾ ਬੋਲਬਾਲਾ
16. ਯਿਸੂ ਮਸੀਹ ਨੂੰ ਸੌਂਪੇ ਪਰਮੇਸ਼ੁਰ ਦੇ ਰਾਜ ਵਿਚ ਦਿਆਲਤਾ ਦਾ ਬੋਲਬਾਲਾ ਕਿਉਂ ਹੋਵੇਗਾ ਅਤੇ ਇਸ ਨਾਲ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?
16 ਯਹੋਵਾਹ ਅਤੇ ਉਸ ਦੇ ਰਾਜ ਦਾ ਰਾਜਾ ਯਿਸੂ ਮਸੀਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਰਜਾ ਦਿਆਲੂ ਇਨਸਾਨਾਂ ਵਜੋਂ ਜਾਣੀ ਜਾਵੇ। (ਮੀਕਾਹ 6:8) ਯਿਸੂ ਮਸੀਹ ਨੇ ਸਾਨੂੰ ਪਹਿਲਾਂ ਹੀ ਇਸ ਗੱਲ ਦੀ ਝਲਕ ਦੇ ਦਿੱਤੀ ਹੈ ਕਿ ਉਸ ਦੇ ਪਿਤਾ ਦੁਆਰਾ ਉਸ ਨੂੰ ਸੌਂਪੇ ਰਾਜ ਵਿਚ ਦਿਆਲਤਾ ਦਾ ਬੋਲਬਾਲਾ ਹੋਵੇਗਾ। (ਇਬਰਾਨੀਆਂ 1:3) ਇਹ ਅਸੀਂ ਯਿਸੂ ਦੇ ਉਨ੍ਹਾਂ ਸ਼ਬਦਾਂ ਤੋਂ ਦੇਖ ਸਕਦੇ ਹਾਂ ਜੋ ਉਸ ਨੇ ਝੂਠੇ ਧਾਰਮਿਕ ਆਗੂਆਂ ਦਾ ਪਰਦਾ ਫ਼ਾਸ਼ ਕਰਨ ਲਈ ਕਹੇ ਸਨ। ਇਹ ਧਾਰਮਿਕ ਆਗੂ ਲੋਕਾਂ ਉੱਤੇ ਰੀਤਾਂ-ਰਸਮਾਂ ਦਾ ਭਾਰੀ ਬੋਝ ਪਾਉਂਦੇ ਸਨ। ਯਿਸੂ ਨੇ ਕਿਹਾ ਸੀ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਅੱਜ ਵੀ ਬਹੁਤ ਸਾਰੇ ਧਾਰਮਿਕ ਜਾਂ ਦੂਸਰੇ ਹਾਕਮ ਲੋਕਾਂ ਉੱਤੇ ਅਣਗਿਣਤ ਨਿਯਮਾਂ ਅਤੇ ਕੰਮਾਂ ਦਾ ਭਾਰੀ ਬੋਝ ਪਾਉਂਦੇ ਹਨ। ਪਰ ਯਿਸੂ ਆਪਣੇ ਚੇਲਿਆਂ ਤੋਂ ਸਿਰਫ਼ ਉਨ੍ਹਾਂ ਗੱਲਾਂ ਦੀ ਮੰਗ ਕਰਦਾ ਹੈ ਜੋ ਉਨ੍ਹਾਂ ਦੇ ਭਲੇ ਲਈ ਹਨ ਅਤੇ ਜੋ ਉਹ ਆਸਾਨੀ ਨਾਲ ਪੂਰੀਆਂ ਕਰ ਸਕਦੇ ਹਨ। ਵਾਕਈ, ਉਸ ਦਾ ਜੂਲਾ ਆਰਾਮਦੇਹ ਤੇ ਹੌਲਾ ਹੈ! ਕੀ ਇਸ ਤੋਂ ਸਾਨੂੰ ਯਿਸੂ ਵਾਂਗ ਦੂਜਿਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦੀ ਹੱਲਾਸ਼ੇਰੀ ਨਹੀਂ ਮਿਲਦੀ?—ਯੂਹੰਨਾ 13:15.
17, 18. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਵਰਗ ਵਿਚ ਮਸੀਹ ਨਾਲ ਸ਼ਾਸਨ ਕਰਨ ਵਾਲੇ ਤੇ ਧਰਤੀ ਉੱਤੇ ਰਹਿਣ ਵਾਲੇ ਉਸ ਦੇ ਪ੍ਰਤਿਨਿਧ ਦਿਆਲੂ ਹੋਣਗੇ?
17 ਯਿਸੂ ਦੇ ਆਪਣੇ ਚੇਲਿਆਂ ਨੂੰ ਕਹੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਹਕੂਮਤ ਇਨਸਾਨਾਂ ਦੀ ਹਕੂਮਤ ਤੋਂ ਕਿੰਨੀ ਵੱਖਰੀ ਹੋਵੇਗੀ। ਬਾਈਬਲ ਦੱਸਦੀ ਹੈ: “ਉਨ੍ਹਾਂ [ਚੇਲਿਆਂ] ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ? ਪਰ [ਯਿਸੂ] ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ। ਪਰ ਤੁਸੀਂ ਏਹੋ ਜੇਹੇ ਨਾ ਹੋਵੋ ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਟਹਿਲੂਏ ਵਰਗਾ ਬਣੇ। ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।”—ਲੂਕਾ 22:24-27.
18 ਮਨੁੱਖੀ ਹਾਕਮ ਲੋਕਾਂ ਤੇ ‘ਹੁਕਮ ਚਲਾ ਕੇ’ ਅਤੇ ਵੱਡੇ-ਵੱਡੇ ਖ਼ਿਤਾਬ ਭਾਲਣ ਦੁਆਰਾ ਆਪਣੇ ਆਪ ਨੂੰ ਮਹਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਖ਼ਿਆਲ ਅਨੁਸਾਰ ਅਜਿਹੇ ਖ਼ਿਤਾਬ ਹਾਸਲ ਕਰ ਕੇ ਉਹ ਉਨ੍ਹਾਂ ਲੋਕਾਂ ਤੋਂ ਵੱਡੇ ਬਣਦੇ ਹਨ ਜਿਨ੍ਹਾਂ ਉੱਤੇ ਉਹ ਹਕੂਮਤ ਕਰਦੇ ਹਨ। ਪਰ ਯਿਸੂ ਨੇ ਕਿਹਾ ਸੀ ਕਿ ਅਸਲ ਵਿਚ ਉਹ ਇਨਸਾਨ ਮਹਾਨ ਹੁੰਦਾ ਹੈ ਜੋ ਲਗਨ ਨਾਲ ਦੂਜਿਆਂ ਦੀ ਸੇਵਾ ਕਰਦਾ ਹੈ। ਇਸ ਲਈ, ਸਵਰਗ ਵਿਚ ਮਸੀਹ ਨਾਲ ਸ਼ਾਸਨ ਕਰਨ ਵਾਲਿਆਂ ਜਾਂ ਧਰਤੀ ਉੱਤੇ ਰਹਿਣ ਵਾਲੇ ਉਸ ਦੇ ਪ੍ਰਤਿਨਿਧਾਂ ਨੂੰ ਯਿਸੂ ਵਾਂਗ ਨਿਮਰ ਅਤੇ ਦਿਆਲੂ ਬਣਨਾ ਚਾਹੀਦਾ ਹੈ।
19, 20. (ੳ) ਯਹੋਵਾਹ ਕਿੰਨਾ ਦਿਆਲੂ ਹੈ, ਇਸ ਬਾਰੇ ਯਿਸੂ ਨੇ ਕੀ ਕਿਹਾ ਸੀ? (ਅ) ਅਸੀਂ ਯਹੋਵਾਹ ਵਾਂਗ ਦਿਆਲੂ ਕਿਵੇਂ ਬਣ ਸਕਦੇ ਹਾਂ?
19 ਆਓ ਆਪਾਂ ਯਿਸੂ ਦੀ ਇਕ ਹੋਰ ਪਿਆਰ ਭਰੀ ਸਲਾਹ ਉੱਤੇ ਗੌਰ ਕਰੀਏ। ਯਹੋਵਾਹ ਦੀ ਦਿਆਲਤਾ ਬਾਰੇ ਦੱਸਦੇ ਹੋਏ ਯਿਸੂ ਨੇ ਕਿਹਾ: ‘ਜੇ ਤੁਸੀਂ ਉਨ੍ਹਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਆਪਣਿਆਂ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ? ਅਰ ਜੇ ਤੁਸੀਂ ਉਨ੍ਹਾਂ ਹੀ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਇਹੋ ਕਰਦੇ ਹਨ? ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣ ਦੀ ਆਸਾ ਹੋਵੇ ਤਾਂ ਤੁਹਾਡਾ ਕੀ ਹਸਾਨ ਹੈ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਭਈ ਮੁੜ ਕੇ ਉਨ੍ਹਾਂ ਤੋਂ ਓੱਨਾ ਹੀ ਲੈ ਲੈਣ। ਪਰ ਤੁਸੀਂ ਆਪਣਿਆਂ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ। ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।’—ਲੂਕਾ 6:32-36.
20 ਦਿਆਲਤਾ ਦਾ ਗੁਣ ਸੁਆਰਥੀ ਨਹੀਂ ਹੁੰਦਾ। ਪਰਮੇਸ਼ੁਰ ਵਾਂਗ, ਦਿਆਲੂ ਵਿਅਕਤੀ ਬਦਲੇ ਵਿਚ ਕਿਸੇ ਤੋਂ ਕੋਈ ਚੀਜ਼ ਦੀ ਉਮੀਦ ਨਹੀਂ ਰੱਖਦਾ। ਯਹੋਵਾਹ ਬੜੀ ਦਿਆਲਤਾ ਨਾਲ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:43-45; ਰਸੂਲਾਂ ਦੇ ਕਰਤੱਬ 14:16, 17) ਆਪਣੇ ਸਵਰਗੀ ਪਿਤਾ ਦੀ ਨਕਲ ਕਰ ਕੇ ਅਸੀਂ ਨਾ ਸਿਰਫ਼ ਨਾਸ਼ੁਕਰਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਦੂਰ ਰਹਾਂਗੇ, ਸਗੋਂ ਉਨ੍ਹਾਂ ਨਾਲ ਭਲਾ ਵੀ ਕਰਾਂਗੇ। ਇੱਥੋਂ ਤਕ ਕਿ ਅਸੀਂ ਆਪਣੇ ਦੁਸ਼ਮਣਾਂ ਨਾਲ ਵੀ ਭਲਾ ਕਰਾਂਗੇ। ਦਿਆਲੂ ਹੋਣ ਨਾਲ ਅਸੀਂ ਯਹੋਵਾਹ ਤੇ ਯਿਸੂ ਨੂੰ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਅਧੀਨ ਰਹਿਣਾ ਚਾਹੁੰਦੇ ਹਾਂ ਜਦੋਂ ਦਿਆਲਤਾ ਅਤੇ ਦੂਸਰੇ ਪਰਮੇਸ਼ੁਰੀ ਗੁਣ ਸਾਰੇ ਮਨੁੱਖੀ ਰਿਸ਼ਤਿਆਂ ਵਿਚ ਸਮਾਏ ਹੋਏ ਹੋਣਗੇ।
ਦਿਆਲਤਾ ਕਿਉਂ ਕਰੀਏ?
21, 22. ਸਾਨੂੰ ਦਿਆਲੂ ਕਿਉਂ ਬਣਨਾ ਚਾਹੀਦਾ ਹੈ?
21 ਸੱਚੇ ਮਸੀਹੀਆਂ ਲਈ ਦਿਆਲੂ ਬਣਨਾ ਬਹੁਤ ਜ਼ਰੂਰੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਦੀ ਆਤਮਾ ਸਾਡੇ ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਦਿਆਲੂ ਬਣਨ ਨਾਲ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਮਸੀਹ ਯਿਸੂ ਦੀ ਰੀਸ ਕਰਦੇ ਹਾਂ। ਸਿਰਫ਼ ਦਿਆਲੂ ਲੋਕ ਹੀ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨਗੇ। ਤਾਂ ਫਿਰ ਸਾਨੂੰ ਦਿਆਲਤਾ ਨਾਲ ਪਿਆਰ ਕਰਨਾ ਤੇ ਦਿਆਲੂ ਬਣਨਾ ਚਾਹੀਦਾ ਹੈ।
22 ਅਸੀਂ ਕਿਹੜੇ ਕੁਝ ਤਰੀਕਿਆਂ ਨਾਲ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਦਿਆਲੂ ਬਣ ਸਕਦੇ ਹਾਂ? ਇਸ ਬਾਰੇ ਅਗਲਾ ਲੇਖ ਦੱਸੇਗਾ।
ਤੁਸੀਂ ਕਿਵੇਂ ਜਵਾਬ ਦਿਓਗੇ?
• ਦਿਆਲਤਾ ਕੀ ਹੈ?
• ਦੁਨੀਆਂ ਇੰਨੀ ਜ਼ਾਲਮ ਅਤੇ ਨਿਰਦਈ ਕਿਉਂ ਹੈ?
• ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਵਿਚ ਦਿਆਲਤਾ ਦਾ ਬੋਲਬਾਲਾ ਹੋਵੇਗਾ?
• ਪਰਮੇਸ਼ੁਰ ਦੇ ਰਾਜ ਅਧੀਨ ਰਹਿਣ ਦੀ ਇੱਛਾ ਰੱਖਣ ਵਾਲਿਆਂ ਲਈ ਦਿਆਲੂ ਹੋਣਾ ਕਿਉਂ ਜ਼ਰੂਰੀ ਹੈ?
[ਸਫ਼ੇ 13 ਉੱਤੇ ਤਸਵੀਰ]
ਮਸੀਹੀ ਬਜ਼ੁਰਗ ਝੁੰਡ ਨਾਲ ਦਿਆਲਤਾ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ
[ਸਫ਼ੇ 15 ਉੱਤੇ ਤਸਵੀਰ]
ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਆਪਣੇ ਸੇਵਕਾਂ ਨੂੰ ਮੁਸ਼ਕਲ ਸਮਿਆਂ ਵਿਚ ਕਦੇ ਵੀ ਨਿਰਾਸ਼ ਨਹੀਂ ਕਰੇਗਾ
[ਸਫ਼ੇ 16 ਉੱਤੇ ਤਸਵੀਰ]
ਯਹੋਵਾਹ ਦਿਆਲੂ ਹੈ, ਇਸ ਲਈ ਉਹ ਸਾਰਿਆਂ ਉੱਤੇ ਸੂਰਜ ਚਾੜ੍ਹਦਾ ਅਤੇ ਮੀਂਹ ਵਰਸਾਉਂਦਾ ਹੈ