ਪਤੀ ਅਤੇ ਬਜ਼ੁਰਗ—ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਨਾ
‘ਨਿਗਾਹਬਾਨ ਇੱਕੋ ਹੀ ਪਤਨੀ ਦਾ ਪਤੀ ਹੋਵੇ।’—1 ਤਿਮੋਥਿਉਸ 3:2.
1, 2. ਪਾਦਰੀਆਂ ਦਾ ਜਤ-ਸਤ ਸ਼ਾਸਤਰ ਦੇ ਅਨੁਸਾਰ ਕਿਉਂ ਨਹੀਂ ਹੈ?
ਪਹਿਲੀ ਸਦੀ ਵਿਚ, ਵਫ਼ਾਦਾਰ ਮਸੀਹੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਨ ਲਈ ਚਿੰਤਿਤ ਸਨ। ਜਦੋਂ ਰਸੂਲ ਪੌਲੁਸ ਨੇ ਕਿਹਾ ਕਿ ਜਿਹੜਾ ਮਸੀਹੀ ਅਵਿਵਾਹਿਤ ਰਹਿੰਦਾ ਹੈ ਉਹ “ਓਦੂੰ ਵੀ ਚੰਗਾ ਕਰੇਗਾ,” ਤਾਂ ਕੀ ਉਸ ਦਾ ਇਹ ਅਰਥ ਸੀ ਕਿ ਅਜਿਹਾ ਪੁਰਸ਼ ਮਸੀਹੀ ਕਲੀਸਿਯਾ ਵਿਚ ਇਕ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੇ ਲਈ ਜ਼ਿਆਦਾ ਉਚਿਤ ਹੋਵੇਗਾ? ਕੀ ਉਹ ਅਸਲ ਵਿਚ ਅਵਿਵਾਹਿਤ ਸਥਿਤੀ ਨੂੰ ਬਜ਼ੁਰਗ ਦੇ ਪਦ ਦੇ ਲਈ ਇਕ ਮੰਗ ਬਣਾ ਰਿਹਾ ਸੀ? (1 ਕੁਰਿੰਥੀਆਂ 7:38) ਕੈਥੋਲਿਕ ਪਾਦਰੀਆਂ ਤੋਂ ਜਤ-ਸਤ ਦੀ ਮੰਗ ਕੀਤੀ ਜਾਂਦੀ ਹੈ। ਪਰੰਤੂ ਕੀ ਪਾਦਰੀਆਂ ਦਾ ਜਤ-ਸਤ ਸ਼ਾਸਤਰ ਦੇ ਅਨੁਸਾਰ ਹੈ? ਪੂਰਬੀ ਆਰਥੋਡਾਕਸ ਗਿਰਜੇ ਆਪਣੇ ਪੈਰਿਸ਼ ਪਾਦਰੀਆਂ ਨੂੰ ਵਿਵਾਹਿਤ ਪੁਰਸ਼ ਹੋਣ ਦੀ ਇਜਾਜ਼ਤ ਦਿੰਦੇ ਹਨ, ਪਰੰਤੂ ਆਪਣੇ ਬਿਸ਼ਪਾਂ ਨੂੰ ਨਹੀਂ। ਕੀ ਇਹ ਬਾਈਬਲ ਦੀ ਇਕਸੁਰਤਾ ਵਿਚ ਹੈ?
2 ਮਸੀਹ ਦੇ 12 ਰਸੂਲਾਂ ਵਿੱਚੋਂ ਕਈ, ਮਸੀਹੀ ਕਲੀਸਿਯਾ ਦੇ ਬੁਨਿਆਦੀ ਸਦੱਸ, ਵਿਵਾਹਿਤ ਪੁਰਸ਼ ਸਨ। (ਮੱਤੀ 8:14, 15; ਅਫ਼ਸੀਆਂ 2:20) ਪੌਲੁਸ ਨੇ ਲਿਖਿਆ: “ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫ਼ਾਸ [ਪਤਰਸ] ਕਰਦੇ ਹਨ?” (1 ਕੁਰਿੰਥੀਆਂ 9:5) ਨਿਊ ਕੈਥੋਲਿਕ ਐਨਸਾਈਕਲੋਪੀਡੀਆ ਸਵੀਕਾਰ ਕਰਦਾ ਹੈ ਕਿ “ਜਤ-ਸਤ ਦੇ ਨਿਯਮ ਦਾ ਗਿਰਜਾ ਸੰਬੰਧੀ ਸ੍ਰੋਤ ਹੈ” ਅਤੇ ਕਿ “ਨਵੇਂ ਨੇਮ ਦੇ ਸੇਵਕ ਜਤ-ਸਤ ਦੇ ਲਈ ਵਚਨਬੱਧ ਨਹੀਂ ਸਨ।” ਯਹੋਵਾਹ ਦੇ ਗਵਾਹ ਗਿਰਜਾ ਸੰਬੰਧੀ ਨਿਯਮ ਦੀ ਬਜਾਇ ਸ਼ਾਸਤਰ ਸੰਬੰਧੀ ਨਮੂਨੇ ਦੀ ਪੈਰਵੀ ਕਰਦੇ ਹਨ।—1 ਤਿਮੋਥਿਉਸ 4:1-3.
ਬਜ਼ੁਰਗ ਦਾ ਪਦ ਅਤੇ ਵਿਆਹ ਅਨੁਕੂਲ ਹਨ
3. ਕਿਹੜੇ ਸ਼ਾਸਤਰ ਸੰਬੰਧੀ ਤੱਥ ਦਿਖਾਉਂਦੇ ਹਨ ਕਿ ਮਸੀਹੀ ਨਿਗਾਹਬਾਨ ਵਿਵਾਹਿਤ ਪੁਰਸ਼ ਹੋ ਸਕਦੇ ਹਨ?
3 ਨਿਗਾਹਬਾਨਾਂ ਦੇ ਤੌਰ ਤੇ ਨਿਯੁਕਤ ਪੁਰਸ਼ਾਂ ਤੋਂ ਅਵਿਵਾਹਿਤ ਰਹਿਣ ਦੀ ਮੰਗ ਕਰਨ ਦੀ ਬਜਾਇ, ਪੌਲੁਸ ਨੇ ਤੀਤੁਸ ਨੂੰ ਲਿਖਿਆ: “ਮੈਂ ਤੈਨੂੰ ਇਸ ਨਮਿੱਤ ਕਰੇਤ ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ [ਯੂਨਾਨੀ, ਪ੍ਰੇਸਬੀਟਰੋਸ] ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ। ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਹ ਦੇ ਬਾਲਕ ਨਿਹਚਾਵਾਨ ਹੋਣ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਨਾ ਓਹ ਢੀਠ ਹੋਣ। ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ [ਯੂਨਾਨੀ, ਏਪਿਸਕੋਪੋਸ, ਜਿਸ ਤੋਂ ਸ਼ਬਦ “ਬਿਸ਼ਪ” ਆਉਂਦਾ ਹੈ] ਪਰਮੇਸ਼ੁਰ ਦਾ ਮੁਖ਼ਤਿਆਰ ਹੋ ਕੇ ਨਿਰਦੋਸ਼ ਹੋਵੇ।”—ਤੀਤੁਸ 1:5-7.
4. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਮਸੀਹੀ ਨਿਗਾਹਬਾਨਾਂ ਦੇ ਲਈ ਵਿਆਹ ਇਕ ਮੰਗ ਨਹੀਂ ਹੈ? (ਅ) ਇਕ ਅਵਿਵਾਹਿਤ ਭਰਾ ਜੋ ਕਿ ਇਕ ਬਜ਼ੁਰਗ ਹੈ, ਨੂੰ ਕਿਹੜਾ ਲਾਭ ਹਾਸਲ ਹੈ?
4 ਦੂਜੇ ਪਾਸੇ, ਬਜ਼ੁਰਗ ਦੇ ਪਦ ਦੇ ਲਈ ਵਿਆਹ ਇਕ ਸ਼ਾਸਤਰ ਸੰਬੰਧੀ ਮੰਗ ਨਹੀਂ ਹੈ। ਯਿਸੂ ਅਵਿਵਾਹਿਤ ਰਿਹਾ। (ਅਫ਼ਸੀਆਂ 1:22) ਪੌਲੁਸ, ਜੋ ਪਹਿਲੀ-ਸਦੀ ਮਸੀਹੀ ਕਲੀਸਿਯਾ ਦੇ ਅੰਦਰ ਇਕ ਸਿਰਕੱਢਵਾਂ ਨਿਗਾਹਬਾਨ ਸੀ, ਉਦੋਂ ਅਵਿਵਾਹਿਤ ਸੀ। (1 ਕੁਰਿੰਥੀਆਂ 7:7-9) ਅੱਜ, ਅਨੇਕ ਅਵਿਵਾਹਿਤ ਮਸੀਹੀ ਹਨ ਜੋ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰਦੇ ਹਨ। ਉਨ੍ਹਾਂ ਦੀ ਅਵਿਵਾਹਿਤ ਸਥਿਤੀ ਸੰਭਵ ਹੈ ਉਨ੍ਹਾਂ ਨੂੰ ਨਿਗਾਹਬਾਨ ਦੇ ਤੌਰ ਤੇ ਆਪਣੇ ਫ਼ਰਜ਼ ਨਿਭਾਉਣ ਦੇ ਲਈ ਅਧਿਕ ਸਮਾਂ ਦਿੰਦੀ ਹੈ।
‘ਵਿਆਹਿਆ ਹੋਇਆ ਦੁਬਧਾ ਵਿੱਚ ਪਿਆ ਰਹਿੰਦਾ ਹੈ’
5. ਵਿਵਾਹਿਤ ਭਰਾਵਾਂ ਨੂੰ ਕਿਹੜਾ ਸ਼ਾਸਤਰ ਸੰਬੰਧੀ ਤੱਥ ਤਸਲੀਮ ਕਰਨਾ ਚਾਹੀਦਾ ਹੈ?
5 ਜਦੋਂ ਇਕ ਮਸੀਹੀ ਪੁਰਸ਼ ਵਿਆਹ ਕਰਦਾ ਹੈ, ਤਾਂ ਉਸ ਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਉਹ ਨਵੀਆਂ ਜ਼ਿੰਮੇਵਾਰੀਆਂ ਲੈ ਰਿਹਾ ਹੈ ਜੋ ਉਸ ਦੇ ਸਮੇਂ ਅਤੇ ਧਿਆਨ ਦੀ ਮੰਗ ਕਰਨਗੀਆਂ। ਬਾਈਬਲ ਬਿਆਨ ਕਰਦੀ ਹੈ: “ਅਣਵਿਆਹਿਆ ਪੁਰਖ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਉਹ ਪ੍ਰਭੁ ਨੂੰ ਕਿਵੇਂ ਪਰਸੰਨ ਕਰੇ। ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ। ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ।” (1 ਕੁਰਿੰਥੀਆਂ 7:32-34) ਕਿਸ ਅਰਥ ਵਿਚ ਦੁਬਧਾ?
6, 7. (ੳ) ਇਕ ਵਿਵਾਹਿਤ ਪੁਰਸ਼ ਕਿਹੜੇ ਇਕ ਤਰੀਕੇ ਵਿਚ “ਦੁਬਧਾ ਵਿੱਚ ਪਿਆ” ਰਹਿੰਦਾ ਹੈ? (ਅ) ਪੌਲੁਸ ਵਿਵਾਹਿਤ ਮਸੀਹੀਆਂ ਨੂੰ ਕੀ ਸਲਾਹ ਦਿੰਦਾ ਹੈ? (ੲ) ਇਹ ਇਕ ਵਿਅਕਤੀ ਵੱਲੋਂ ਇਕ ਕਾਰਜ-ਨਿਯੁਕਤੀ ਨੂੰ ਅਪਣਾਉਣ ਦੇ ਫ਼ੈਸਲੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
6 ਇਕ ਤਾਂ ਇਹ ਕਿ ਇਕ ਵਿਵਾਹਿਤ ਪੁਰਸ਼ ਆਪਣੇ ਖ਼ੁਦ ਦੀ ਦੇਹ ਉੱਤੇ ਅਧਿਕਾਰ ਤਿਆਗ ਦਿੰਦਾ ਹੈ। ਪੌਲੁਸ ਨੇ ਇਸ ਨੂੰ ਕਾਫ਼ੀ ਸਪੱਸ਼ਟ ਕੀਤਾ: “ਪਤਨੀ ਨੂੰ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰਾਂ ਪਤੀ ਨੂੰ ਭੀ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ।” (1 ਕੁਰਿੰਥੀਆਂ 7:4) ਕੁਝ ਜੋ ਵਿਆਹ ਦੇ ਬਾਰੇ ਸੋਚ ਰਹੇ ਹਨ ਸ਼ਾਇਦ ਮਹਿਸੂਸ ਕਰਨ ਕਿ ਇਹ ਤਾਂ ਨਿੱਕੀ ਜਿਹੀ ਗੱਲ ਹੈ ਕਿਉਂਕਿ ਉਨ੍ਹਾਂ ਦੇ ਵਿਆਹ ਵਿਚ ਕਾਮ ਕੋਈ ਅਹਿਮ ਗੱਲ ਨਹੀਂ ਹੋਵੇਗੀ। ਲੇਕਨ, ਕਿਉਂ ਜੋ ਪੂਰਵ-ਵਿਆਹ ਪਵਿੱਤਰਤਾ ਇਕ ਸ਼ਾਸਤਰ ਸੰਬੰਧੀ ਮੰਗ ਹੈ, ਮਸੀਹੀ ਅਸਲ ਵਿਚ ਆਪਣੇ ਭਾਵੀ ਜੀਵਨ ਸਾਥੀ ਦੀਆਂ ਨਿੱਜੀ ਜ਼ਰੂਰਤਾਂ ਨੂੰ ਨਹੀਂ ਜਾਣਦੇ ਹਨ।
7 ਪੌਲੁਸ ਦਿਖਾਉਂਦਾ ਹੈ ਕਿ ਜਿਹੜਾ ਜੋੜਾ ‘ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦਾ ਹੈ,’ ਉਨ੍ਹਾਂ ਨੂੰ ਵੀ ਇਕ ਦੂਜੇ ਦੀਆਂ ਲਿੰਗਕ ਜ਼ਰੂਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਕੁਰਿੰਥੁਸ ਵਿਚ ਦੇ ਮਸੀਹੀਆਂ ਨੂੰ ਸਲਾਹ ਦਿੱਤੀ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ। ਤੁਸੀਂ ਇੱਕ ਦੂਏ ਤੋਂ ਅੱਡ ਨਾ ਹੋਵੋ ਪਰ ਥੋੜੇ ਚਿਰ ਲਈ ਅਰ ਇਹ ਵੀ ਤਦ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੋ ਭਈ ਸ਼ਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।” (ਰੋਮੀਆਂ 8:5; 1 ਕੁਰਿੰਥੀਆਂ 7:3, 5) ਦੁੱਖ ਦੀ ਗੱਲ ਹੈ ਕਿ ਜਦੋਂ ਇਸ ਸਲਾਹ ਦੀ ਪੈਰਵੀ ਨਹੀਂ ਕੀਤੀ ਗਈ ਜ਼ਨਾਹ ਦੇ ਮਾਮਲੇ ਪੇਸ਼ ਹੋਏ ਹਨ। ਇਸ ਕਾਰਨ, ਇਕ ਵਿਵਾਹਿਤ ਮਸੀਹੀ ਨੂੰ ਅਜਿਹੀ ਕੋਈ ਕਾਰਜ-ਨਿਯੁਕਤੀ ਅਪਣਾਉਣ ਤੋਂ ਪਹਿਲਾਂ ਜੋ ਉਸ ਨੂੰ ਆਪਣੀ ਪਤਨੀ ਤੋਂ ਲੰਮੇ ਸਮੇਂ ਦੇ ਲਈ ਅਲੱਗ ਕਰੇਗੀ, ਮਾਮਲੇ ਬਾਰੇ ਧਿਆਨਪੂਰਵਕ ਸੋਚਣਾ ਚਾਹੀਦਾ ਹੈ। ਹੁਣ ਉਸ ਨੂੰ ਗਤੀਵਿਧੀ ਦੀ ਉੱਨੀ ਆਜ਼ਾਦੀ ਹਾਸਲ ਨਹੀਂ ਹੈ ਜੋ ਅਵਿਵਾਹਿਤ ਸਥਿਤੀ ਵਿਚ ਉਸ ਨੂੰ ਹਾਸਲ ਸੀ।
8, 9. (ੳ) ਜਦੋਂ ਪੌਲੁਸ ਨੇ ਕਿਹਾ ਕਿ ਵਿਵਾਹਿਤ ਮਸੀਹੀ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਰਦੇ ਹਨ, ਤਾਂ ਉਸ ਦਾ ਕੀ ਅਰਥ ਸੀ? (ਅ) ਵਿਵਾਹਿਤ ਮਸੀਹੀਆਂ ਨੂੰ ਕੀ ਕਰਨ ਦੇ ਲਈ ਚਿੰਤਿਤ ਹੋਣਾ ਚਾਹੀਦਾ ਹੈ?
8 ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ਵਿਵਾਹਿਤ ਮਸੀਹੀ ਪੁਰਸ਼, ਜਿਨ੍ਹਾਂ ਵਿਚ ਬਜ਼ੁਰਗ ਵੀ ਸ਼ਾਮਲ ਹਨ, “ਸੰਸਾਰ [ਕੌਸਮੌਸ] ਦੀਆਂ ਗੱਲਾਂ ਦੀ ਚਿੰਤਾ” ਕਰਦੇ ਹਨ? (1 ਕੁਰਿੰਥੀਆਂ 7:33) ਇਹ ਕਾਫ਼ੀ ਸਪੱਸ਼ਟ ਹੈ ਕਿ ਪੌਲੁਸ ਇਸ ਸੰਸਾਰ ਦੀਆਂ ਭੈੜੀਆਂ ਗੱਲਾਂ ਦੇ ਬਾਰੇ ਗੱਲ ਨਹੀਂ ਕਰ ਰਿਹਾ ਸੀ, ਜਿਨ੍ਹਾਂ ਤੋਂ ਸਾਰੇ ਸੱਚੇ ਮਸੀਹੀਆਂ ਨੂੰ ਦੂਰ ਰਹਿਣਾ ਹੈ। (2 ਪਤਰਸ 1:4; 2:18-20; 1 ਯੂਹੰਨਾ 2:15-17) ਪਰਮੇਸ਼ੁਰ ਦਾ ਬਚਨ ਸਾਨੂੰ “ਅਭਗਤੀ ਅਤੇ ਸੰਸਾਰੀ [ਕੌਸਮਿਕੌਸ] ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ” ਕਰਨ ਦੀ ਹਿਦਾਇਤ ਦਿੰਦਾ ਹੈ।—ਤੀਤੁਸ 2:12.
9 ਇਸ ਲਈ, ਇਕ ਵਿਵਾਹਿਤ ਮਸੀਹੀ ਇਸ ਭਾਵ ਵਿਚ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਰਦਾ ਜਾਂ ਕਰਦੀ ਹੈ ਕਿ ਉਹ ਸੰਸਾਰਕ ਗੱਲਾਂ ਦੇ ਬਾਰੇ ਜਾਇਜ਼ ਤੌਰ ਤੇ ਚਿੰਤਿਤ ਹੈ ਜੋ ਕਿ ਆਮ ਵਿਵਾਹਿਤ ਜੀਵਨ ਦਾ ਭਾਗ ਹਨ। ਇਸ ਵਿਚ ਘਰ ਪ੍ਰਬੰਧ, ਖਾਣਾ, ਕੱਪੜਾ, ਦਿਲਪਰਚਾਵਾ ਸ਼ਾਮਲ ਹਨ—ਅਤੇ ਇਸ ਤੋਂ ਇਲਾਵਾ ਅਣਗਿਣਤ ਦੂਜੀਆਂ ਚਿੰਤਾਵਾਂ ਵੀ ਜੇਕਰ ਬੱਚੇ ਹੋਣ। ਲੇਕਨ ਇਕ ਬੇਔਲਾਦ ਜੋੜੇ ਦੇ ਲਈ ਵੀ, ਜੇਕਰ ਵਿਆਹ ਨੇ ਸਫ਼ਲ ਹੋਣਾ ਹੈ ਤਾਂ ਪਤੀ ਅਤੇ ਪਤਨੀ ਦੋਹਾਂ ਨੂੰ ਆਪਣੇ ਵਿਆਹੁਤਾ ਸਾਥੀ ਨੂੰ ‘ਪਰਸੰਨ ਕਰਨ’ ਦੇ ਲਈ ਚਿੰਤਿਤ ਹੋਣਾ ਚਾਹੀਦਾ ਹੈ। ਇਹ ਮਸੀਹੀ ਬਜ਼ੁਰਗਾਂ ਦੇ ਲਈ ਖ਼ਾਸ ਦਿਲਚਸਪੀ ਦੀ ਗੱਲ ਹੈ ਜਿਉਂ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਦੇ ਹਨ।
ਚੰਗੇ ਪਤੀ ਨਾਲ ਹੀ ਨਾਲ ਚੰਗੇ ਬਜ਼ੁਰਗ
10. ਇਕ ਮਸੀਹੀ ਨੂੰ ਇਕ ਬਜ਼ੁਰਗ ਦੇ ਤੌਰ ਤੇ ਯੋਗ ਠਹਿਰਨ ਦੇ ਲਈ, ਉਸ ਦੇ ਭਰਾਵਾਂ ਅਤੇ ਬਾਹਰ ਦੇ ਲੋਕਾਂ ਨੂੰ ਕੀ ਨਜ਼ਰ ਆਉਣਾ ਚਾਹੀਦਾ ਹੈ?
10 ਜਦ ਕਿ ਵਿਆਹ ਬਜ਼ੁਰਗ ਦੇ ਪਦ ਲਈ ਇਕ ਮੰਗ ਨਹੀਂ ਹੈ, ਫਿਰ ਵੀ ਜੇਕਰ ਇਕ ਮਸੀਹੀ ਪੁਰਸ਼ ਵਿਵਾਹਿਤ ਹੈ, ਤਾਂ ਇਕ ਬਜ਼ੁਰਗ ਦੇ ਤੌਰ ਤੇ ਨਿਯੁਕਤੀ ਦੇ ਲਈ ਉਸ ਦੀ ਸਿਫਾਰਸ਼ ਕੀਤੇ ਜਾਣ ਤੋਂ ਪਹਿਲਾਂ, ਉਸ ਨੂੰ ਨਿਸ਼ਚੇ ਹੀ ਉਚਿਤ ਸਰਦਾਰੀ ਚਲਾਉਣ ਦੇ ਨਾਲ-ਨਾਲ, ਇਕ ਚੰਗੇ, ਪ੍ਰੇਮਮਈ ਪਤੀ ਹੋਣ ਦੇ ਜਤਨ ਦਾ ਸਬੂਤ ਦੇਣਾ ਚਾਹੀਦਾ ਹੈ। (ਅਫ਼ਸੀਆਂ 5:23-25, 28-31) ਪੌਲੁਸ ਨੇ ਲਿਖਿਆ: “ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ। ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ . . . ਹੋਵੇ।” (1 ਤਿਮੋਥਿਉਸ 3:1, 2) ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਕ ਬਜ਼ੁਰਗ ਇਕ ਚੰਗਾ ਪਤੀ ਬਣਨ ਦੀ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਭਾਵੇਂ ਕਿ ਉਸ ਦੀ ਪਤਨੀ ਇਕ ਸੰਗੀ ਮਸੀਹੀ ਹੈ ਜਾਂ ਨਹੀਂ। ਦਰਅਸਲ, ਕਲੀਸਿਯਾ ਦੇ ਬਾਹਰ ਦੇ ਲੋਕਾਂ ਨੂੰ ਵੀ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਅਤੇ ਆਪਣੀਆਂ ਦੂਜੀਆਂ ਜ਼ਿੰਮੇਵਾਰੀਆਂ ਦਾ ਚੰਗਾ ਖ਼ਿਆਲ ਰੱਖਦਾ ਹੈ। ਪੌਲੁਸ ਨੇ ਅੱਗੇ ਕਿਹਾ: “ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ ਭਈ ਉਹ ਬੋਲੀ ਹੇਠ ਨਾ ਆ ਜਾਵੇ ਅਤੇ ਸ਼ਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ।”—1 ਤਿਮੋਥਿਉਸ 3:7.
11. ਇਹ ਵਾਕਾਂਸ਼ “ਇੱਕੋ ਹੀ ਪਤਨੀ ਦਾ ਪਤੀ” ਕੀ ਸੂਚਿਤ ਕਰਦਾ ਹੈ, ਇਸ ਲਈ ਬਜ਼ੁਰਗਾਂ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?
11 ਨਿਰਸੰਦੇਹ, ਇਹ ਵਾਕਾਂਸ਼ “ਇੱਕੋ ਹੀ ਪਤਨੀ ਦਾ ਪਤੀ” ਬਹੁ-ਵਿਵਾਹ ਨੂੰ ਰੱਦ ਕਰਦਾ ਹੈ, ਪਰੰਤੂ ਇਹ ਵਿਵਾਹਕ ਵਫ਼ਾਦਾਰੀ ਨੂੰ ਵੀ ਸੂਚਿਤ ਕਰਦਾ ਹੈ। (ਇਬਰਾਨੀਆਂ 13:4) ਵਿਸ਼ੇਸ਼ ਰੂਪ ਵਿਚ ਬਜ਼ੁਰਗਾਂ ਨੂੰ ਕਲੀਸਿਯਾ ਵਿਚ ਭੈਣਾਂ ਦੀ ਮਦਦ ਕਰਦੇ ਸਮੇਂ ਖ਼ਾਸ ਤੌਰ ਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜਦੋਂ ਉਹ ਇਕ ਭੈਣ ਨਾਲ ਮੁਲਾਕਾਤ ਕਰਨ ਜਾਂਦੇ ਹਨ ਜਿਸ ਨੂੰ ਸਲਾਹ ਅਤੇ ਦਿਲਾਸਾ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਇਕੱਲੇ ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਹ ਇਕ ਹੋਰ ਬਜ਼ੁਰਗ, ਸਹਾਇਕ ਸੇਵਕ, ਜਾਂ ਜੇਕਰ ਮਾਮਲਾ ਕੇਵਲ ਇਕ ਉਤਸ਼ਾਹਜਨਕ ਮੁਲਾਕਾਤ ਦਾ ਹੈ, ਆਪਣੀ ਪਤਨੀ ਨੂੰ ਹੀ ਨਾਲ ਲੈ ਜਾ ਕੇ ਚੰਗਾ ਕਰਨਗੇ।—1 ਤਿਮੋਥਿਉਸ 5:1, 2.
12. ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੀਆਂ ਪਤਨੀਆਂ ਨੂੰ ਕਿਹੜੇ ਵਰਣਨ ਉੱਤੇ ਪੂਰਾ ਉਤਰਨ ਦਾ ਜਤਨ ਕਰਨਾ ਚਾਹੀਦਾ ਹੈ?
12 ਪ੍ਰਸੰਗਕ ਰੂਪ ਵਿਚ, ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਤੋਂ ਮੰਗ ਕੀਤੀਆਂ ਗਈਆਂ ਗੱਲਾਂ ਨੂੰ ਸੂਚੀਬੱਧ ਕਰਦੇ ਸਮੇਂ, ਰਸੂਲ ਪੌਲੁਸ ਨੇ ਅਜਿਹੇ ਵਿਸ਼ੇਸ਼-ਸਨਮਾਨਾਂ ਦੇ ਲਈ ਵਿਚਾਰੇ ਜਾਂਦੇ ਵਿਅਕਤੀਆਂ ਦੀਆਂ ਪਤਨੀਆਂ ਨੂੰ ਵੀ ਕੁਝ ਸਲਾਹ ਦਿੱਤੀ। ਉਸ ਨੇ ਲਿਖਿਆ: “ਇਸੇ ਤਰਾਂ ਤੀਵੀਆਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਉਂਗਲ ਕਰਨ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਮਾਤਬਰ ਹੋਣ।” (1 ਤਿਮੋਥਿਉਸ 3:11) ਇਕ ਮਸੀਹੀ ਪਤੀ ਆਪਣੀ ਪਤਨੀ ਨੂੰ ਇਸ ਵਰਣਨ ਉੱਤੇ ਪੂਰਾ ਉਤਰਨ ਵਿਚ ਕਾਫ਼ੀ ਮਦਦ ਦੇ ਸਕਦਾ ਹੈ।
ਇਕ ਪਤਨੀ ਦੇ ਪ੍ਰਤੀ ਸ਼ਾਸਤਰ ਸੰਬੰਧੀ ਫ਼ਰਜ਼
13, 14. ਜੇਕਰ ਇਕ ਬਜ਼ੁਰਗ ਦੀ ਪਤਨੀ ਇਕ ਸੰਗੀ ਗਵਾਹ ਨਹੀਂ ਹੈ, ਤਾਂ ਵੀ ਉਸ ਨੂੰ ਕਿਉਂ ਉਸ ਦੇ ਨਾਲ ਰਹਿਣਾ ਚਾਹੀਦਾ ਹੈ ਅਤੇ ਇਕ ਚੰਗਾ ਪਤੀ ਹੋਣਾ ਚਾਹੀਦਾ ਹੈ?
13 ਨਿਰਸੰਦੇਹ, ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਦੀਆਂ ਪਤਨੀਆਂ ਨੂੰ ਦਿੱਤੀ ਗਈ ਇਹ ਸਲਾਹ ਪੂਰਵ-ਅਨੁਮਾਨ ਲਾਉਂਦੀ ਹੈ ਕਿ ਅਜਿਹੀਆਂ ਪਤਨੀਆਂ ਖ਼ੁਦ ਸਮਰਪਿਤ ਮਸੀਹੀ ਹਨ। ਆਮ ਤੌਰ ਤੇ, ਇਹੋ ਹੀ ਪਰਿਸਥਿਤੀ ਹੁੰਦੀ ਹੈ ਕਿਉਂਕਿ ਮਸੀਹੀਆਂ ਤੋਂ “ਕੇਵਲ ਪ੍ਰਭੁ ਵਿੱਚ” ਵਿਆਹ ਕਰਨ ਦੀ ਮੰਗ ਕੀਤੀ ਜਾਂਦੀ ਹੈ। (1 ਕੁਰਿੰਥੀਆਂ 7:39) ਪਰੰਤੂ ਅਜਿਹੇ ਭਰਾ ਦੇ ਬਾਰੇ ਕੀ ਜੋ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਵੇਲੇ ਪਹਿਲਾਂ ਤੋਂ ਹੀ ਇਕ ਅਵਿਸ਼ਵਾਸੀ ਦੇ ਨਾਲ ਵਿਆਹਿਆ ਹੋਇਆ ਸੀ, ਜਾਂ ਜਿਸ ਦੀ ਪਤਨੀ, ਬਿਨਾਂ ਪਤੀ ਵੱਲੋਂ ਕਿਸੇ ਦੋਸ਼ ਦੇ ਕਾਰਨ, ਸੱਚਾਈ ਤੋਂ ਹੱਟ ਜਾਂਦੀ ਹੈ?
14 ਇਹ, ਆਪਣੇ ਆਪ ਵਿਚ, ਉਸ ਨੂੰ ਇਕ ਬਜ਼ੁਰਗ ਬਣਨ ਤੋਂ ਨਹੀਂ ਰੋਕਦਾ। ਪਰੰਤੂ, ਨਾ ਹੀ ਇਹ ਉਸ ਦਾ ਆਪਣੀ ਪਤਨੀ ਤੋਂ ਅਲੱਗ ਹੋਣਾ ਉਚਿਤ ਠਹਿਰਾਉਂਦਾ, ਕੇਵਲ ਇਸ ਲਈ ਕਿਉਂਕਿ ਉਹ ਉਸ ਦੇ ਵਿਸ਼ਵਾਸਾਂ ਨੂੰ ਨਹੀਂ ਮੰਨਦੀ ਹੈ। ਪੌਲੁਸ ਨੇ ਸਲਾਹ ਦਿੱਤੀ: “ਕੀ ਤੂੰ ਪਤਨੀ ਨਾਲ ਬੱਝਾ ਹੋਇਆ ਹੈਂ? ਤਾਂ ਛੁਟਕਾਰਾ ਨਾ ਢੂੰਡ।” (1 ਕੁਰਿੰਥੀਆਂ 7:27) ਉਸ ਨੇ ਅੱਗੇ ਕਿਹਾ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ। ਪਰ ਜੇ ਉਹ ਬੇਪਰਤੀਤ ਅੱਡ ਹੋਵੇ ਤਾਂ ਅੱਡ ਹੋਣ ਦੇਹ ਅਜਿਹੇ ਹਾਲ ਵਿੱਚ ਕੋਈ ਭਰਾ ਯਾ ਭੈਣ ਬੰਧਨ ਵਿੱਚ ਨਹੀਂ ਹੈ ਪਰ ਪਰਮੇਸ਼ੁਰ ਨੇ ਸਾਨੂੰ ਸੁਲ੍ਹਾ ਦੇ ਲਈ ਸੱਦਿਆ ਹੈ। ਹੇ ਪਤਨੀਏ, ਤੂੰ ਕਿੱਕੁਰ ਜਾਣਦੀ ਹੈਂ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਅਥਵਾ ਹੇ ਪਤੀ, ਤੂੰ ਕਿੱਕੁਰ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?” (1 ਕੁਰਿੰਥੀਆਂ 7:12, 15, 16) ਜੇਕਰ ਉਸ ਦੀ ਪਤਨੀ ਇਕ ਗਵਾਹ ਨਹੀਂ ਹੈ, ਤਾਂ ਵੀ ਇਕ ਬਜ਼ੁਰਗ ਨੂੰ ਇਕ ਚੰਗਾ ਪਤੀ ਹੋਣਾ ਚਾਹੀਦਾ ਹੈ।
15. ਰਸੂਲ ਪਤਰਸ ਮਸੀਹੀ ਪਤੀਆਂ ਨੂੰ ਕੀ ਸਲਾਹ ਦਿੰਦਾ ਹੈ, ਅਤੇ ਜੇਕਰ ਇਕ ਬਜ਼ੁਰਗ ਇਕ ਲਾਪਰਵਾਹ ਪਤੀ ਸਾਬਤ ਹੁੰਦਾ ਹੈ, ਤਾਂ ਕੀ ਨਤੀਜੇ ਹੋ ਸਕਦੇ ਹਨ?
15 ਚਾਹੇ ਉਸ ਦੀ ਪਤਨੀ ਇਕ ਸੰਗੀ ਵਿਸ਼ਵਾਸੀ ਹੈ ਜਾਂ ਨਹੀਂ, ਮਸੀਹੀ ਬਜ਼ੁਰਗ ਨੂੰ ਇਹ ਪਛਾਣਨਾ ਚਾਹੀਦਾ ਹੈ ਕਿ ਉਸ ਦੀ ਪਤਨੀ ਨੂੰ ਉਸ ਦੇ ਪ੍ਰੇਮਮਈ ਧਿਆਨ ਦੀ ਲੋੜ ਹੈ। ਰਸੂਲ ਪਤਰਸ ਨੇ ਲਿਖਿਆ: “ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” (1 ਪਤਰਸ 3:7) ਇਕ ਪਤੀ ਜੋਂ ਜਾਣ-ਬੁੱਝ ਕੇ ਆਪਣੀ ਪਤਨੀ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਤੋਂ ਚੂਕ ਜਾਂਦਾ ਹੈ ਯਹੋਵਾਹ ਦੇ ਨਾਲ ਆਪਣੇ ਖ਼ੁਦ ਦੇ ਸੰਬੰਧ ਨੂੰ ਖ਼ਤਰੇ ਵਿਚ ਪਾ ਦਿੰਦਾ ਹੈ; ਇਹ ਯਹੋਵਾਹ ਤਕ ਉਸ ਦੀ ਪਹੁੰਚ ਨੂੰ ਰੋਕ ਸਕਦਾ ਹੈ ਜਿਵੇਂ ਕਿ “ਬੱਦਲ ਨਾਲ,” ਤਾਂ ਜੋ “ਕੋਈ ਪ੍ਰਾਰਥਨਾ [ਉਸ] ਕੋਲ ਨਹੀਂ ਅੱਪੜ ਸੱਕਦੀ।” (ਵਿਰਲਾਪ 3:44) ਇਹ ਉਸ ਨੂੰ ਇਕ ਮਸੀਹੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੇ ਲਈ ਅਯੋਗ ਠਹਿਰਾ ਸਕਦਾ ਹੈ।
16. ਪੌਲੁਸ ਕਿਹੜਾ ਮੁੱਖ ਨੁਕਤਾ ਬਿਆਨ ਕਰਦਾ ਹੈ, ਅਤੇ ਇਸ ਬਾਰੇ ਬਜ਼ੁਰਗਾਂ ਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
16 ਜਿਵੇਂ ਕਿ ਦੱਸਿਆ ਗਿਆ ਹੈ, ਪੌਲੁਸ ਦੀ ਦਲੀਲ ਦਾ ਮੁੱਖ ਨੁਕਤਾ ਇਹ ਹੈ ਕਿ ਜਦੋਂ ਇਕ ਪੁਰਸ਼ ਵਿਆਹ ਕਰਦਾ ਹੈ, ਤਾਂ ਉਹ ਉਸ ਆਜ਼ਾਦੀ ਦੀ ਇਕ ਹੱਦ ਨੂੰ ਖੋਹ ਦਿੰਦਾ ਹੈ ਜੋ ਇਕ ਅਵਿਵਾਹਿਤ ਪੁਰਸ਼ ਦੇ ਤੌਰ ਤੇ ਉਸ ਦੇ ਕੋਲ ਹੁੰਦੀ ਸੀ, ਜਿਸ ਨੇ ਉਸ ਨੂੰ “ਬਿਨਾਂ ਘਾਬਰੇ [“ਧਿਆਨ-ਭੰਗ,” ਨਿ ਵ] ਪ੍ਰਭੁ ਦੀ ਸੇਵਾ ਵਿੱਚ ਲੱਗੇ” ਰਹਿਣ ਦੀ ਇਜਾਜ਼ਤ ਦਿੱਤੀ। (1 ਕੁਰਿੰਥੀਆਂ 7:35) ਰਿਪੋਰਟਾਂ ਦਿਖਾਉਂਦੀਆਂ ਹਨ ਕਿ ਪੌਲੁਸ ਦੇ ਪ੍ਰੇਰਿਤ ਸ਼ਬਦਾਂ ਉੱਤੇ ਤਰਕ ਕਰਦੇ ਸਮੇਂ ਕੁਝ ਵਿਵਾਹਿਤ ਬਜ਼ੁਰਗ ਹਮੇਸ਼ਾ ਸੰਤੁਲਿਤ ਨਹੀਂ ਰਹੇ ਹਨ। ਉਸ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਇੱਛਾ ਵਿਚ, ਜੋਂ ਉਹ ਮਹਿਸੂਸ ਕਰਦੇ ਹਨ ਅੱਛੇ ਬਜ਼ੁਰਗਾਂ ਨੂੰ ਕਰਨਾ ਚਾਹੀਦਾ ਹੈ, ਉਹ ਸ਼ਾਇਦ ਆਪਣੇ ਕੁਝ ਪਤੀ-ਯੋਗ ਫ਼ਰਜ਼ਾਂ ਨੂੰ ਨਜ਼ਰਅੰਦਾਜ਼ ਕਰਨ। ਕੁਝ ਤਾਂ ਕਿਸੇ ਕਲੀਸਿਯਾ ਵਿਸ਼ੇਸ਼-ਸਨਮਾਨ ਤੋਂ ਇਨਕਾਰ ਕਰਨਾ ਔਖਾ ਪਾਉਣ, ਭਾਵੇਂ ਕਿ ਇਸ ਨੂੰ ਸਵੀਕਾਰ ਕਰਨਾ ਸਪੱਸ਼ਟ ਤੌਰ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਅਧਿਆਤਮਿਕ ਹਾਨੀ ਵੱਲ ਲੈ ਜਾਵੇ। ਉਹ ਵਿਆਹ ਨਾਲ ਆਉਣ ਵਾਲੇ ਵਿਸ਼ੇਸ਼-ਸਨਮਾਨਾਂ ਦਾ ਆਨੰਦ ਮਾਣਦੇ ਹਨ, ਪਰੰਤੂ ਕੀ ਉਹ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਰਜ਼ਾਮੰਦ ਹਨ ਜੋ ਇਸ ਨਾਲ ਆਉਂਦੀਆਂ ਹਨ?
17. ਕੁਝ ਪਤਨੀਆਂ ਨਾਲ ਕੀ ਹੋਇਆ ਹੈ, ਅਤੇ ਇਹ ਸ਼ਾਇਦ ਕਿਵੇਂ ਟਾਲਿਆ ਜਾ ਸਕਦਾ ਸੀ?
17 ਨਿਸ਼ਚੇ ਹੀ, ਇਕ ਬਜ਼ੁਰਗ ਦੇ ਤੌਰ ਤੇ ਜੋਸ਼ ਪ੍ਰਸ਼ੰਸਾਯੋਗ ਹੈ। ਫਿਰ ਵੀ, ਕੀ ਇਕ ਮਸੀਹੀ ਸੰਤੁਲਿਤ ਹੈ ਜੇਕਰ, ਕਲੀਸਿਯਾ ਵਿਚ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਿਚ, ਉਹ ਆਪਣੀ ਪਤਨੀ ਦੇ ਪ੍ਰਤੀ ਆਪਣੀਆਂ ਸ਼ਾਸਤਰ ਸੰਬੰਧੀ ਜ਼ਿੰਮੇਵਾਰੀਆਂ ਦੀ ਅਣਗਹਿਲੀ ਕਰਦਾ ਹੈ? ਜਦ ਕਿ ਉਨ੍ਹਾਂ ਨੂੰ ਸਮਰਥਨ ਦੇਣ ਲਈ ਇਛੁੱਕ ਹੁੰਦਿਆਂ ਜੋ ਕਲੀਸਿਯਾ ਵਿਚ ਹਨ, ਇਕ ਸੰਤੁਲਿਤ ਬਜ਼ੁਰਗ ਆਪਣੀ ਪਤਨੀ ਦੀ ਅਧਿਆਤਮਿਕਤਾ ਬਾਰੇ ਵੀ ਚਿੰਤਿਤ ਹੋਵੇਗਾ। ਕੁਝ ਬਜ਼ੁਰਗਾਂ ਦੀਆਂ ਪਤਨੀਆਂ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਈਆਂ ਹਨ, ਅਤੇ ਕੁਝ ਨੇ ਅਧਿਆਤਮਿਕ ਤੌਰ ਤੇ ‘ਬੇੜੀ ਡੁੱਬ’ ਜਾਣ ਨੂੰ ਅਨੁਭਵ ਕੀਤਾ ਹੈ। (1 ਤਿਮੋਥਿਉਸ 1:19) ਜਦ ਕਿ ਇਕ ਪਤਨੀ ਆਪਣੀ ਮੁਕਤੀ ਦੇ ਪ੍ਰਤੀ ਮਿਹਨਤ ਲਈ ਖ਼ੁਦ ਜ਼ਿੰਮੇਵਾਰ ਹੈ, ਕੁਝ ਮਾਮਲਿਆਂ ਵਿਚ ਅਧਿਆਤਮਿਕ ਸਮੱਸਿਆ ਟਾਲੀ ਜਾ ਸਕਦੀ ਸੀ ਜੇਕਰ ਬਜ਼ੁਰਗ ਨੇ ਆਪਣੀ ਪਤਨੀ ਨੂੰ ‘ਪਾਲਿਆ ਪਲੋਸਿਆ’ ਹੁੰਦਾ, “ਜਿਵੇਂ ਮਸੀਹ ਵੀ ਕਲੀਸਿਯਾ ਨੂੰ” ਕਰਦਾ ਹੈ। (ਅਫ਼ਸੀਆਂ 5:28, 29) ਨਿਰਸੰਦੇਹ, ਬਜ਼ੁਰਗਾਂ ਨੂੰ ‘ਆਪਣੀ, ਨਾਲੇ ਆਪਣੇ ਸਾਰੇ ਇੱਜੜ ਦੀ ਖਬਰਦਾਰੀ ਕਰਨੀ’ ਚਾਹੀਦੀ ਹੈ। (ਰਸੂਲਾਂ ਦੇ ਕਰਤੱਬ 20:28) ਜੇਕਰ ਉਹ ਵਿਵਾਹਿਤ ਹਨ ਤਾਂ ਇਸ ਵਿਚ ਉਨ੍ਹਾਂ ਦੀਆਂ ਪਤਨੀਆਂ ਵੀ ਸ਼ਾਮਲ ਹਨ।
“ਸਰੀਰ ਵਿੱਚ ਦੁਖ”
18. “ਦੁਖ” ਦੇ ਕੁਝ ਪਹਿਲੂ ਕੀ ਹਨ ਜੋ ਵਿਵਾਹਿਤ ਮਸੀਹੀ ਅਨੁਭਵ ਕਰਦੇ ਹਨ, ਅਤੇ ਇਹ ਇਕ ਬਜ਼ੁਰਗ ਦੀਆਂ ਸਰਗਰਮੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ?
18 ਰਸੂਲ ਨੇ ਇਹ ਵੀ ਲਿਖਿਆ: “ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ ਪਰ ਏਹੋ ਜੇਹੇ ਲੋਕ ਸਰੀਰ ਵਿੱਚ ਦੁਖ ਭੋਗਣਗੇ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।” (1 ਕੁਰਿੰਥੀਆਂ 7:28) ਜਿਹੜੇ ਵਿਅਕਤੀ ਉਸ ਦੀ ਅਵਿਵਾਹਿਤ ਸਥਿਤੀ ਦੀ ਮਿਸਾਲ ਦੀ ਪੈਰਵੀ ਕਰ ਸਕਦੇ ਸਨ, ਪੌਲੁਸ ਉਨ੍ਹਾਂ ਨੂੰ ਵਿਆਹ ਦੇ ਨਾਲ ਆਵੱਸ਼ ਆਉਣ ਵਾਲੀਆਂ ਚਿੰਤਾਵਾਂ ਤੋਂ ਬਚਾਉਣਾ ਚਾਹੁੰਦਾ ਸੀ। ਬੇਔਲਾਦ ਜੋੜਿਆਂ ਲਈ ਵੀ, ਇਨ੍ਹਾਂ ਚਿੰਤਾਵਾਂ ਵਿਚ ਸਿਹਤ ਦੀਆਂ ਸਮੱਸਿਆਵਾਂ ਜਾਂ ਮਾਲੀ ਮੁਸ਼ਕਲਾਂ ਅਤੇ ਆਪਣੇ ਜੀਵਨ ਸਾਥੀ ਦਿਆਂ ਬਿਰਧ ਮਾਪਿਆਂ ਦੇ ਪ੍ਰਤੀ ਸ਼ਾਸਤਰ ਸੰਬੰਧੀ ਜ਼ਿੰਮੇਵਾਰੀਆਂ ਸ਼ਾਮਲ ਹੋ ਸਕਦੀਆਂ ਹਨ। (1 ਤਿਮੋਥਿਉਸ 5:4, 8) ਇਕ ਬਜ਼ੁਰਗ ਨੂੰ, ਅਨੁਕਰਣਯੋਗ ਤਰੀਕੇ ਵਿਚ, ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਵੀਕਾਰਨਾ ਚਾਹੀਦਾ ਹੈ, ਅਤੇ ਇਹ ਇਕ ਮਸੀਹੀ ਨਿਗਾਹਬਾਨ ਦੇ ਤੌਰ ਤੇ ਉਸ ਦੀਆਂ ਸਰਗਰਮੀਆਂ ਉੱਤੇ ਸ਼ਾਇਦ ਸਮੇਂ-ਸਮੇਂ ਤੇ ਪ੍ਰਭਾਵ ਪਾਉਣ। ਖ਼ੁਸ਼ੀ ਦੀ ਗੱਲ ਹੈ ਕਿ ਅਧਿਕਤਰ ਬਜ਼ੁਰਗ ਪਰਿਵਾਰਕ ਅਤੇ ਕਲੀਸਿਯਾ ਜ਼ਿੰਮੇਵਾਰੀਆਂ ਦੋਹਾਂ ਨੂੰ ਕਾਫ਼ੀ ਚੰਗੀ ਤਰ੍ਹਾਂ ਨਾਲ ਨਿਭਾ ਰਹੇ ਹਨ।
19. ਪੌਲੁਸ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ: “ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ”?
19 ਪੌਲੁਸ ਨੇ ਅੱਗੇ ਕਿਹਾ: “ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ।” (1 ਕੁਰਿੰਥੀਆਂ 7:29) ਨਿਰਸੰਦੇਹ, ਜੋ ਉਹ ਕੁਰਿੰਥੀਆਂ ਨੂੰ ਇਸ ਅਧਿਆਇ ਵਿਚ ਪਹਿਲਾਂ ਹੀ ਲਿਖ ਚੁੱਕਾ ਸੀ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਪੱਸ਼ਟ ਹੈ ਕਿ ਉਸ ਦਾ ਅਰਥ ਇਹ ਨਹੀਂ ਸੀ ਕਿ ਵਿਵਾਹਿਤ ਮਸੀਹੀਆਂ ਨੂੰ ਕਿਸੇ ਤਰੀਕੇ ਵਿਚ ਪਤਨੀਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 7:2, 3, 33) ਉਸ ਨੇ ਪ੍ਰਗਟ ਕੀਤਾ ਕਿ ਉਸ ਦਾ ਕੀ ਅਰਥ ਸੀ, ਜਦੋਂ ਉਸ ਨੇ ਲਿਖਿਆ: “ਸੰਸਾਰ ਨੂੰ ਵਰਤਣ ਵਾਲੇ [ਅਜਿਹੇ ਹੋਣ] ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰਥੀਆਂ 7:31) ਪੌਲੁਸ ਦੇ ਦਿਨ ਜਾਂ ਰਸੂਲ ਯੂਹੰਨਾ ਦੇ ਦਿਨ ਨਾਲੋਂ ਕਿਤੇ ਵੱਧ ਹੁਣ ‘ਸੰਸਾਰ ਬੀਤਦਾ ਜਾ ਰਿਹਾ ਹੈ।’ (1 ਯੂਹੰਨਾ 2:15-17) ਇਸ ਲਈ ਵਿਵਾਹਿਤ ਮਸੀਹੀ ਜੋ ਯਿਸੂ ਦੀ ਪੈਰਵੀ ਕਰਨ ਵਿਚ ਕੁਝ ਬਲੀਦਾਨ ਕਰਨ ਦੀ ਜ਼ਰੂਰਤ ਨੂੰ ਭਾਂਪਦੇ ਹਨ, ਵਿਆਹ ਦੇ ਆਨੰਦ ਅਤੇ ਵਿਸ਼ੇਸ਼-ਸਨਮਾਨਾਂ ਵਿਚ ਨਵੇਕਲੇ ਤੌਰ ਤੇ ਰੁੱਝੇ ਨਹੀਂ ਰਹਿ ਸਕਦੇ।—1 ਕੁਰਿੰਥੀਆਂ 7:5.
ਆਤਮ-ਬਲੀਦਾਨੀ ਪਤਨੀਆਂ
20, 21. (ੳ) ਅਨੇਕ ਮਸੀਹੀ ਪਤਨੀਆਂ ਕਿਹੜੇ ਬਲੀਦਾਨ ਕਰਨ ਲਈ ਤਿਆਰ ਹੁੰਦੀਆਂ ਹਨ? (ਅ) ਭਾਵੇਂ ਕਿ ਇਕ ਪਤੀ ਇਕ ਬਜ਼ੁਰਗ ਹੈ, ਤਾਂ ਵੀ ਪਤਨੀ ਜਾਇਜ਼ ਤੌਰ ਤੇ ਉਸ ਤੋਂ ਕਿਸ ਚੀਜ਼ ਦੀ ਆਸ ਰੱਖ ਸਕਦੀ ਹੈ?
20 ਜਿਸ ਤਰ੍ਹਾਂ ਬਜ਼ੁਰਗ ਦੂਜਿਆਂ ਨੂੰ ਲਾਭ ਪਹੁੰਚਾਉਣ ਲਈ ਬਲੀਦਾਨ ਕਰਦੇ ਹਨ, ਬਜ਼ੁਰਗਾਂ ਦੀਆਂ ਅਨੇਕ ਪਤਨੀਆਂ ਨੇ ਵਿਆਹ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਤਿ ਆਵੱਸ਼ਕ ਰਾਜ ਹਿਤਾਂ ਦੇ ਨਾਲ ਸੰਤੁਲਿਤ ਕਰਨ ਦਾ ਜਤਨ ਕੀਤਾ ਹੈ। ਹਜ਼ਾਰਾਂ ਮਸੀਹੀ ਔਰਤਾਂ ਆਪਣੇ ਪਤੀਆਂ ਨੂੰ ਨਿਗਾਹਬਾਨਾਂ ਦੇ ਤੌਰ ਤੇ ਆਪਣੇ ਫ਼ਰਜ਼ ਨਿਭਾਉਣ ਦੇ ਯੋਗ ਕਰਨ ਦੇ ਲਈ ਸਹਿਯੋਗ ਦੇਣ ਵਿਚ ਖ਼ੁਸ਼ ਹਨ। ਯਹੋਵਾਹ ਉਨ੍ਹਾਂ ਨੂੰ ਇਸ ਦੇ ਲਈ ਪ੍ਰੇਮ ਕਰਦਾ ਹੈ, ਅਤੇ ਉਹ ਉਨ੍ਹਾਂ ਵੱਲੋਂ ਦਿਖਾਈ ਗਈ ਉੱਤਮ ਮਨੋਬਿਰਤੀ ਉੱਤੇ ਬਰਕਤ ਦਿੰਦਾ ਹੈ। (ਫਿਲੇਮੋਨ 25) ਫਿਰ ਵੀ, ਪੌਲੁਸ ਦੀ ਸੰਤੁਲਿਤ ਸਲਾਹ ਦਿਖਾਉਂਦੀ ਹੈ ਕਿ ਨਿਗਾਹਬਾਨਾਂ ਦੀਆਂ ਪਤਨੀਆਂ ਜਾਇਜ਼ ਤੌਰ ਤੇ ਆਪਣੇ ਪਤੀਆਂ ਤੋਂ ਇਕ ਮੁਨਾਸਬ ਮਾਤਰਾ ਵਿਚ ਸਮੇਂ ਅਤੇ ਧਿਆਨ ਦੀ ਆਸ ਰੱਖ ਸਕਦੀਆਂ ਹਨ। ਇਹ ਵਿਵਾਹਿਤ ਬਜ਼ੁਰਗਾਂ ਦਾ ਸ਼ਾਸਤਰ ਸੰਬੰਧੀ ਫ਼ਰਜ਼ ਹੈ ਕਿ ਉਹ ਆਪਣੀਆਂ ਪਤਨੀਆਂ ਨੂੰ ਚੋਖਾ ਸਮਾਂ ਦੇਣ ਤਾਂਕਿ ਪਤੀ ਅਤੇ ਬਜ਼ੁਰਗ ਦੇ ਤੌਰ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਰੱਖਣ।
21 ਪਰੰਤੂ ਜੇਕਰ ਇਕ ਪਤੀ ਹੋਣ ਦੇ ਨਾਲ-ਨਾਲ, ਇਕ ਮਸੀਹੀ ਬਜ਼ੁਰਗ ਇਕ ਪਿਤਾ ਵੀ ਹੈ, ਤਦ ਕੀ? ਇਹ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਵਧਾ ਦਿੰਦਾ ਹੈ ਅਤੇ ਨਿਗਾਹਬਾਨੀ ਦਾ ਇਕ ਅਤਿਰਿਕਤ ਖੇਤਰ ਖੋਲ੍ਹ ਦਿੰਦਾ ਹੈ, ਜਿਵੇਂ ਕਿ ਅਸੀਂ ਅਗਲੇ ਲੇਖ ਵਿਚ ਦੇਖਾਂਗੇ। (w96 10/15)
ਪੁਨਰ-ਵਿਚਾਰ ਵਜੋਂ
◻ ਕਿਹੜੇ ਸ਼ਾਸਤਰ ਸੰਬੰਧੀ ਤੱਥ ਦਿਖਾਉਂਦੇ ਹਨ ਕਿ ਇਕ ਮਸੀਹੀ ਨਿਗਾਹਬਾਨ ਇਕ ਵਿਵਾਹਿਤ ਪੁਰਸ਼ ਹੋ ਸਕਦਾ ਹੈ?
◻ ਜੇਕਰ ਇਕ ਅਵਿਵਾਹਿਤ ਬਜ਼ੁਰਗ ਵਿਆਹ ਕਰ ਲੈਂਦਾ ਹੈ, ਤਾਂ ਉਸ ਨੂੰ ਕਿਸ ਦੇ ਬਾਰੇ ਸਚੇਤ ਰਹਿਣਾ ਚਾਹੀਦਾ ਹੈ?
◻ ਕਿਹੜੇ ਤਰੀਕਿਆਂ ਵਿਚ ਇਕ ਵਿਵਾਹਿਤ ਮਸੀਹੀ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਰਦਾ ਹੈ?
◻ ਅਨੇਕ ਨਿਗਾਹਬਾਨਾਂ ਦੀਆਂ ਪਤਨੀਆਂ ਆਤਮ-ਬਲੀਦਾਨ ਦੀ ਇਕ ਉੱਤਮ ਮਨੋਬਿਰਤੀ ਕਿਵੇਂ ਦਿਖਾਉਂਦੀਆਂ ਹਨ?