ਆਪਣੀਆਂ ਗਿਆਨ-ਇੰਦਰੀਆਂ ਵਰਤਦੇ ਰਹੋ
ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਕੋਈ ਵਧੀਆ ਜਿਮਨਾਸਟ ਆਸਾਨੀ ਨਾਲ ਕਮਾਲ ਦੀਆਂ ਕਲਾਬਾਜ਼ੀਆਂ ਲਾਉਂਦਾ ਹੈ! ਇਸ ਤਰ੍ਹਾਂ ਕਰਨ ਲਈ ਇਕ ਜਿਮਨਾਸਟ ਨੂੰ ਕਾਫ਼ੀ ਅਭਿਆਸ ਅਤੇ ਮਿਹਨਤ ਕਰਨੀ ਪੈਂਦੀ ਹੈ। ਬਾਈਬਲ ਮਸੀਹੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਵੀ ਆਪਣੀ ਸੋਚਣ-ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਮਿਹਨਤ ਕਰਨ।
ਇਬਰਾਨੀਆਂ ਨੂੰ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ [ਇਕ ਜਿਮਨਾਸਟ ਦੀ ਤਰ੍ਹਾਂ] ਸਾਧੀਆਂ ਹੋਈਆਂ ਹਨ।” (ਇਬ. 5:14) ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਆਪਣੀ ਸੋਚਣ-ਸ਼ਕਤੀ ਦਾ ਅਭਿਆਸ ਉਵੇਂ ਕਰਨ ਲਈ ਕਿਉਂ ਕਿਹਾ ਸੀ ਜਿਵੇਂ ਇਕ ਜਿਮਨਾਸਟ ਅਭਿਆਸ ਕਰਦਾ ਹੈ? ਅਸੀਂ ਆਪਣੀਆਂ ਗਿਆਨ-ਇੰਦਰੀਆਂ ਦੀ ਸਹੀ ਵਰਤੋਂ ਕਿਵੇਂ ਕਰਨੀ ਸਿੱਖ ਸਕਦੇ ਹਾਂ?
“ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ”
“ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਪਰਧਾਨ ਜਾਜਕ” ਵਜੋਂ ਯਿਸੂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “[ਯਿਸੂ] ਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਜਿਹ ਦਾ ਅਰਥ ਕਰਨਾ ਔਖਾ ਹੈ ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ। ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਭਈ ਕੋਈ ਤੁਹਾਨੂੰ ਪਰਮੇਸ਼ੁਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਫੇਰ ਸਿਖਾਵੇ ਅਤੇ ਤੁਸੀਂ ਅਜੇਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ!”—ਇਬ. 5:10-12.
ਪਹਿਲੀ ਸਦੀ ਵਿਚ ਮਸੀਹ ਦੇ ਚੇਲੇ ਬਣਨ ਵਾਲੇ ਕੁਝ ਯਹੂਦੀਆਂ ਨੇ ਨਵੀਂ ਸਮਝ ਨਹੀਂ ਅਪਣਾਈ ਸੀ ਜਿਸ ਕਰਕੇ ਉਹ ਸੱਚਾਈ ਵਿਚ ਤਰੱਕੀ ਨਹੀਂ ਕਰ ਸਕੇ। ਮਿਸਾਲ ਲਈ, ਉਨ੍ਹਾਂ ਲਈ ਸ਼ਰਾ ਅਤੇ ਸੁੰਨਤ ਬਾਰੇ ਨਵੀਂ ਸਮਝ ਸਵੀਕਾਰ ਕਰਨੀ ਮੁਸ਼ਕਲ ਸੀ। (ਰਸੂ. 15:1, 2, 27-29; ਗਲਾ. 2:11-14; 6:12, 13) ਕਈਆਂ ਲਈ ਉਨ੍ਹਾਂ ਰੀਤਾਂ-ਰਿਵਾਜਾਂ ਨੂੰ ਛੱਡਣਾ ਮੁਸ਼ਕਲ ਸੀ ਜੋ ਹਰ ਹਫ਼ਤੇ ਸਬਤ ਮਨਾਉਣ ਅਤੇ ਹਰ ਸਾਲ ਪ੍ਰਾਸਚਿਤ ਦਾ ਦਿਨ ਮਨਾਏ ਜਾਣ ਨਾਲ ਸੰਬੰਧਿਤ ਸਨ। (ਕੁਲੁ. 2:16, 17; ਇਬ. 9:1-14) ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਗਿਆਨ-ਇੰਦਰੀਆਂ ਨੂੰ ਭਲੇ-ਬੁਰੇ ਵਿਚ ਫ਼ਰਕ ਕਰਨਾ ਸਿਖਾਉਣ ਤੇ “ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ” ਜਾਣ। (ਇਬ. 6:1, 2) ਹੋ ਸਕਦਾ ਹੈ ਕਿ ਉਸ ਦੀ ਤਾੜਨਾ ਕਰਕੇ ਕਈਆਂ ਨੇ ਇਸ ਬਾਰੇ ਵਿਚਾਰ ਕੀਤਾ ਕਿ ਉਹ ਆਪਣੀ ਸੋਚਣ-ਸ਼ਕਤੀ ਕਿਵੇਂ ਵਰਤ ਰਹੇ ਸਨ ਤੇ ਫਿਰ ਉਹ ਸੱਚਾਈ ਵਿਚ ਤਰੱਕੀ ਕਰ ਸਕੇ। ਸਾਡੇ ਬਾਰੇ ਕੀ?
ਆਪਣੀਆਂ ਗਿਆਨ-ਇੰਦਰੀਆਂ ਨੂੰ ਵਰਤੋ
ਅਸੀਂ ਆਪਣੀ ਸੋਚਣ-ਸ਼ਕਤੀ ਕਿਵੇਂ ਵਰਤ ਸਕਦੇ ਹਾਂ ਤਾਂਕਿ ਅਸੀਂ ਸੱਚਾਈ ਵਿਚ ਪੱਕੇ ਹੋ ਸਕੀਏ? ਪੌਲੁਸ ਨੇ ਕਿਹਾ ਕਿ “ਅਭਿਆਸ ਨਾਲ।” ਇਕ ਜਿਮਨਾਸਟ ਹਰ ਰੋਜ਼ ਕਸਰਤ ਕਰ ਕੇ ਆਪਣੇ ਸਰੀਰ ਤੇ ਮਾਸ-ਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤਾਂਕਿ ਉਹ ਕਲਾਬਾਜ਼ੀਆਂ ਲਾਉਣੀਆਂ ਸਿੱਖ ਸਕੇ। ਇਸੇ ਤਰ੍ਹਾਂ ਸਾਨੂੰ ਵੀ ਸੋਚਣ-ਸ਼ਕਤੀ ਵਰਤਣੀ ਚਾਹੀਦੀ ਹੈ ਤਾਂਕਿ ਅਸੀਂ ਸਹੀ-ਗ਼ਲਤ ਵਿਚ ਫ਼ਰਕ ਦੇਖਣਾ ਸਿੱਖ ਸਕੀਏ।
ਹਾਵਰਡ ਮੈਡੀਕਲ ਸਕੂਲ ਦੇ ਇਕ ਪ੍ਰੋਫ਼ੈਸਰ ਨੇ ਕਿਹਾ ਕਿ “ਕਸਰਤ ਕਰਨੀ ਦਿਮਾਗ਼ ਲਈ ਸਭ ਤੋਂ ਵਧੀਆ ਹੈ।” ਜੋਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਬੁਢੇਪੇ, ਸਿਹਤ ਅਤੇ ਮਾਨਵਤਾ ਦੇ ਵਿਭਾਗ ਦੇ ਡਾਇਰੈਕਟਰ ਨੇ ਕਿਹਾ: “ਜਦ ਅਸੀਂ ਨਵੇਂ-ਨਵੇਂ ਤਰੀਕਿਆਂ ਨਾਲ ਆਪਣੇ ਦਿਮਾਗ਼ ਨੂੰ ਇਸਤੇਮਾਲ ਕਰਦੇ ਹਾਂ, ਤਾਂ ਦਿਮਾਗ਼ ਵਿਚ ਨਵੇਂ ਤੋਂ ਨਵੇਂ ਕਨੈਕਸ਼ਨ ਬਣਦੇ ਹਨ।”
ਤਾਂ ਫਿਰ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਆਪਣੀ ਸੋਚਣ-ਸ਼ਕਤੀ ਇਸਤੇਮਾਲ ਕਰੀਏ ਅਤੇ ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਲਈਏ। ਇਸ ਤਰ੍ਹਾਂ ਕਰ ਕੇ ਅਸੀਂ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੀ “ਪੂਰੀ ਇੱਛਿਆ” ਅਨੁਸਾਰ ਚੱਲ ਪਾਵਾਂਗੇ।—ਰੋਮੀ. 12:1, 2.
“ਅੰਨ” ਲਈ ਖ਼ਾਹਸ਼ ਪੈਦਾ ਕਰੋ
ਜੇ ਅਸੀਂ “ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ” ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ: ‘ਕੀ ਮੈਂ ਬਾਈਬਲ ਦੀ ਸੱਚਾਈ ਦੀ ਹੋਰ ਸਮਝ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਕੀ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੈਂ ਸੱਚਾਈ ਵਿਚ ਪੱਕਾ ਹਾਂ?’ ਜਦ ਬੱਚਾ ਛੋਟਾ ਹੁੰਦਾ ਹੈ, ਤਾਂ ਮਾਂ ਖ਼ੁਸ਼ੀ ਨਾਲ ਉਸ ਨੂੰ ਦੁੱਧ ਪਿਲਾਉਂਦੀ ਹੈ। ਪਰ ਜੇ ਉਹ ਕਈ ਸਾਲ ਦੁੱਧ ਹੀ ਪੀਂਦਾ ਹੈ ਤੇ ਕੁਝ ਖਾਂਦਾ ਨਹੀਂ, ਤਾਂ ਉਸ ਦੀ ਮਾਂ ਨੂੰ ਫ਼ਿਕਰ ਹੋਵੇਗਾ। ਇਸੇ ਤਰ੍ਹਾਂ, ਅਸੀਂ ਖ਼ੁਸ਼ ਹੁੰਦੇ ਹਾਂ ਜਦ ਕੋਈ ਬਾਈਬਲ ਸਟੱਡੀ ਕਰਦਾ ਹੈ ਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲੈਂਦਾ ਹੈ। ਪਰ ਜੇ ਇਸ ਤੋਂ ਬਾਅਦ ਉਹ ਸੱਚਾਈ ਵਿਚ ਤਰੱਕੀ ਨਾ ਕਰੇ, ਤਾਂ ਫਿਰ ਕੀ? ਕੀ ਅਸੀਂ ਨਿਰਾਸ਼ ਨਹੀਂ ਹੋਵਾਂਗੇ? (1 ਕੁਰਿੰ. 3:1-4) ਸਾਡੀ ਇਹੀ ਉਮੀਦ ਹੋਵੇਗੀ ਕਿ ਇਹ ਨਵਾਂ ਚੇਲਾ ਖ਼ੁਦ ਦੂਸਰਿਆਂ ਨੂੰ ਸੱਚਾਈ ਸਿਖਾਉਣ ਦੇ ਕਾਬਲ ਬਣੇ।
ਸੋਚ-ਸਮਝ ਕੇ ਫ਼ੈਸਲੇ ਕਰਨ ਲਈ ਸਾਨੂੰ ਮਨਨ ਕਰਨ ਦੀ ਲੋੜ ਹੈ ਜਿਸ ਕਰਕੇ ਸਾਨੂੰ ਸ਼ਾਇਦ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਪੈਣ। (ਜ਼ਬੂ. 1:1-3) ਮਿਸਾਲ ਲਈ, ਟੀ.ਵੀ. ਦੇਖਣ ਜਾਂ ਕੋਈ ਸ਼ੌਕ ਪੂਰਾ ਕਰਨ ਲਈ ਸਾਨੂੰ ਬਹੁਤਾ ਸੋਚਣਾ ਨਹੀਂ ਪੈਂਦਾ। ਪਰ ਇਹ ਕੰਮ ਸਾਡਾ ਸਮਾਂ ਬਰਬਾਦ ਕਰ ਸਕਦੇ ਹਨ ਤੇ ਅਸੀਂ ਮਨਨ ਕਰਨ ਦੇ ਮੌਕੇ ਗੁਆ ਸਕਦੇ ਹਾਂ। ਜੇ ਅਸੀਂ ਆਪਣੀ ਸੋਚਣ-ਸ਼ਕਤੀ ਵਧਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੇ ਨਾਲ-ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹੀਏ। (ਮੱਤੀ 24:45-47) ਬਾਈਬਲ ਪੜ੍ਹਨ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰਿਵਾਰਕ ਸਟੱਡੀ ਅਤੇ ਬਾਈਬਲ ਦੇ ਡੂੰਘੇ ਵਿਸ਼ਿਆਂ ਬਾਰੇ ਸਿੱਖਣ ਲਈ ਸਮਾਂ ਕੱਢੀਏ।
ਜਰੋਨੀਮੋ ਮੈਕਸੀਕੋ ਵਿਚ ਇਕ ਸਫ਼ਰੀ ਨਿਗਾਹਬਾਨ ਹੈ। ਉਹ ਕਹਿੰਦਾ ਹੈ ਕਿ ਨਵਾਂ ਪਹਿਰਾਬੁਰਜ ਮਿਲਣ ਸਾਰ ਹੀ ਉਹ ਉਸ ਨੂੰ ਪੜ੍ਹ ਲੈਂਦਾ ਹੈ। ਉਹ ਆਪਣੀ ਪਤਨੀ ਨਾਲ ਸਟੱਡੀ ਕਰਨ ਲਈ ਵੀ ਸਮਾਂ ਕੱਢਦਾ ਹੈ। ਜਰੋਨੀਮੋ ਕਹਿੰਦਾ ਹੈ, “ਅਸੀਂ ਹਰ ਰੋਜ਼ ਇਕੱਠੇ ਬੈਠ ਕੇ ਬਾਈਬਲ ਪੜ੍ਹਦੇ ਹਾਂ ਤੇ ਨਾਲ ਹੀ ਅਸੀਂ ‘ਚੰਗੀ ਧਰਤੀ’ ਵਰਗੇ ਪ੍ਰਕਾਸ਼ਨ ਵੀ ਵਰਤਦੇ ਹਾਂ।” ਰੋਨਲਡ ਨਾਂ ਦਾ ਭਰਾ ਦੱਸਦਾ ਹੈ ਕਿ ਉਹ ਹਰ ਹਫ਼ਤੇ ਲਈ ਦਿੱਤੇ ਬਾਈਬਲ ਦੇ ਅਧਿਆਇ ਜ਼ਰੂਰ ਪੜ੍ਹਦਾ ਹੈ। ਨਾਲ ਦੀ ਨਾਲ ਉਹ ਇਕ-ਦੋ ਸਟੱਡੀ ਪ੍ਰਾਜੈਕਟ ਵੀ ਕਰਦਾ ਹੈ। ਉਹ ਕਹਿੰਦਾ ਹੈ: “ਮੈਨੂੰ ਇਨ੍ਹਾਂ ਪ੍ਰਾਜੈਕਟਾਂ ਵਿਚ ਬਹੁਤ ਮਜ਼ਾ ਆਉਂਦਾ ਹੈ ਤੇ ਮੈਂ ਅਗਲੇ ਹਫ਼ਤੇ ਦੀ ਸਟੱਡੀ ਲਈ ਉਤਾਵਲਾ ਹੁੰਦਾ ਹਾਂ।”
ਸਾਡੇ ਬਾਰੇ ਕੀ? ਕੀ ਅਸੀਂ ਬਾਈਬਲ ਪੜ੍ਹਨ ਅਤੇ ਮਨਨ ਕਰਨ ਲਈ ਸਮਾਂ ਕੱਢ ਰਹੇ ਹਾਂ? ਕੀ ਅਸੀਂ ਆਪਣੀ ਸੋਚਣ-ਸ਼ਕਤੀ ਵਧਾ ਰਹੇ ਹਾਂ ਤੇ ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਨੇ ਸਿੱਖ ਰਹੇ ਹਾਂ? (ਕਹਾ. 2:1-7) ਆਓ ਆਪਾਂ ਸੱਚਾਈ ਵਿਚ ਪੱਕੇ ਬਣਨ ਦਾ ਟੀਚਾ ਰੱਖੀਏ ਅਤੇ ਭਲੇ-ਬੁਰੇ ਦੀ ਜਾਂਚ ਕਰਨ ਲਈ ਆਪਣੀਆਂ ਗਿਆਨ-ਇੰਦਰੀਆਂ ਵਰਤ ਕੇ ਗਿਆਨ ਅਤੇ ਬੁੱਧ ਪ੍ਰਾਪਤ ਕਰੀਏ।
[ਸਫ਼ਾ 23 ਉੱਤੇ ਤਸਵੀਰ]
ਅਸੀਂ “ਅਭਿਆਸ ਨਾਲ” ਆਪਣੀ ਸੋਚਣ-ਸ਼ਕਤੀ ਵਧਾਉਂਦੇ ਹਾਂ