ਅਧਿਐਨ ਕਰਨ ਨਾਲ ਖ਼ੁਸ਼ੀ ਮਿਲਦੀ ਹੈ ਅਤੇ ਫ਼ਾਇਦਾ ਹੁੰਦਾ ਹੈ
‘ਜੇ ਤੂੰ ਉਹ ਦੀ ਭਾਲ ਕਰੇਂ . . . ਤਾਂ ਤੂੰ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।’—ਕਹਾਉਤਾਂ 2:4, 5.
1. ਵਿਹਲੇ ਸਮੇਂ ਵਿਚ ਕੋਈ ਕਿਤਾਬ ਵਗੈਰਾ ਪੜ੍ਹਨ ਤੋਂ ਸਾਨੂੰ ਕਿਵੇਂ ਆਨੰਦ ਮਿਲਦਾ ਹੈ?
ਬਹੁਤ ਸਾਰੇ ਲੋਕ ਸਿਰਫ਼ ਮਜ਼ਾ ਲੈਣ ਲਈ ਹੀ ਕਿਤਾਬਾਂ ਪੜ੍ਹਦੇ ਹਨ। ਜੇ ਕਿਤਾਬ ਚੰਗੇ ਵਿਸ਼ੇ ਤੇ ਹੋਵੇ, ਤਾਂ ਸਾਡੇ ਮਨ ਤੇ ਸਰੀਰ ਦੋਵਾਂ ਨੂੰ ਆਰਾਮ ਮਿਲਦਾ ਹੈ। ਮਸੀਹੀਆਂ ਦਾ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਹੁੰਦਾ ਹੈ। ਪਰ ਇਸ ਤੋਂ ਇਲਾਵਾ, ਕੁਝ ਮਸੀਹੀ ਜ਼ਬੂਰਾਂ ਦੀ ਪੋਥੀ, ਕਹਾਉਤਾਂ, ਇੰਜੀਲ ਦੀਆਂ ਕਿਤਾਬਾਂ ਜਾਂ ਵਿੱਚੋਂ-ਵਿੱਚੋਂ ਬਾਈਬਲ ਪੜ੍ਹਨ ਦਾ ਵੀ ਆਨੰਦ ਮਾਣਦੇ ਹਨ। ਇਨ੍ਹਾਂ ਕਿਤਾਬਾਂ ਵਿਚ ਭਾਸ਼ਾ ਅਤੇ ਵਿਚਾਰਾਂ ਦੀ ਖ਼ੁਬਸੂਰਤੀ ਤੋਂ ਉਨ੍ਹਾਂ ਨੂੰ ਬੇਹੱਦ ਆਨੰਦ ਮਿਲਦਾ ਹੈ। ਕਈ ਆਪਣੇ ਵਿਹਲੇ ਸਮੇਂ ਦੌਰਾਨ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਜਾਂ ਜਾਗਰੂਕ ਬਣੋ! ਰਸਾਲਾ ਪੜ੍ਹਦੇ ਹਨ ਜਿਸ ਵਿਚ ਜੀਵਨੀਆਂ ਜਾਂ ਇਤਿਹਾਸ, ਭੂਗੋਲ ਜਾਂ ਕੁਦਰਤ ਬਾਰੇ ਲੇਖ ਛਪੇ ਹੁੰਦੇ ਹਨ।
2, 3. (ੳ) ਸੱਚਾਈ ਦੀਆਂ ਡੂੰਘੀਆਂ ਗੱਲਾਂ ਦੀ ਤੁਲਨਾ ਅੰਨ ਨਾਲ ਕਿਵੇਂ ਕੀਤੀ ਜਾ ਸਕਦੀ ਹੈ? (ਅ) ਅਧਿਐਨ ਕਰਨ ਦਾ ਕੀ ਮਤਲਬ ਹੈ?
2 ਪੜ੍ਹਨਾ ਇਕ ਤਰ੍ਹਾਂ ਦਾ ਆਰਾਮ ਹੋ ਸਕਦਾ ਹੈ ਪਰ ਅਧਿਐਨ ਕਰਨ ਲਈ ਦਿਮਾਗ਼ ਲਗਾਉਣਾ ਪੈਂਦਾ ਹੈ। ਅੰਗ੍ਰੇਜ਼ ਫ਼ਿਲਾਸਫ਼ਰ ਫਰਾਂਸਿਸ ਬੇਕਨ ਨੇ ਲਿਖਿਆ ਸੀ: “ਕੁਝ ਕਿਤਾਬਾਂ ਸਿਰਫ਼ ਚੱਖਣ ਲਈ ਹੁੰਦੀਆਂ ਹਨ, ਕੁਝ ਨਿਗਲਣ ਵਾਸਤੇ ਹੁੰਦੀਆਂ ਹਨ ਤੇ ਕੁਝ ਕਿਤਾਬਾਂ ਚਬਾਉਣ ਤੇ ਹਜ਼ਮ ਕਰਨ ਲਈ ਹੁੰਦੀਆਂ ਹਨ।” ਬਾਈਬਲ ਵੀ ਚਬਾਉਣ ਅਤੇ ਹਜ਼ਮ ਕਰਨ ਲਈ ਹੈ। ਪੌਲੁਸ ਰਸੂਲ ਨੇ ਲਿਖਿਆ ਸੀ: “ਉਹ [ਮਸੀਹ, ਜਿਸ ਨੂੰ ਰਾਜਾ ਤੇ ਜਾਜਕ ਮਲਕਿਸਿਦਕ ਦੁਆਰਾ ਦਰਸਾਇਆ ਗਿਆ ਸੀ] ਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਜਿਹ ਦਾ ਅਰਥ ਕਰਨਾ ਔਖਾ ਹੈ ਇਸ ਲਈ ਜੋ ਤੁਸੀਂ ਕੰਨਾ ਤੋਂ ਬੋਲੇ ਹੋ ਗਏ ਹੋ। . . . ਪਰ ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:11, 14) ਅੰਨ ਨੂੰ ਨਿਗਲਣ ਤੇ ਹਜ਼ਮ ਕਰਨ ਤੋਂ ਪਹਿਲਾਂ ਚਿੱਥਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਸੱਚਾਈ ਦੀਆਂ ਡੂੰਘੀਆਂ ਗੱਲਾਂ ਨੂੰ ਸਮਝਣ ਤੇ ਯਾਦ ਰੱਖਣ ਲਈ ਉਨ੍ਹਾਂ ਉੱਤੇ ਮਨਨ ਕਰਨਾ ਜ਼ਰੂਰੀ ਹੁੰਦਾ ਹੈ।
3 ਇਕ ਡਿਕਸ਼ਨਰੀ ਮੁਤਾਬਕ ਅਧਿਐਨ “ਪੜ੍ਹਨ ਜਾਂ ਜਾਂਚ-ਪੜਤਾਲ ਆਦਿ ਕਰਨ ਦੁਆਰਾ ਗਿਆਨ ਜਾਂ ਸਮਝ ਪ੍ਰਾਪਤ ਕਰਨ ਲਈ ਦਿਮਾਗ਼ ਨੂੰ ਵਰਤਣ ਦਾ ਤਰੀਕਾ” ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਧਿਐਨ ਕਰਨ ਵੇਲੇ ਕਿਸੇ ਲੇਖ ਨੂੰ ਸਰਸਰੀ ਤੌਰ ਤੇ ਪੜ੍ਹਨ ਜਾਂ ਸ਼ਾਇਦ ਪੜ੍ਹਦੇ-ਪੜ੍ਹਦੇ ਕੁਝ ਸ਼ਬਦਾਂ ਹੇਠਾਂ ਲਕੀਰ ਲਾਉਣੀ ਹੀ ਕਾਫ਼ੀ ਨਹੀਂ ਹੈ। ਅਧਿਐਨ ਕਰਨ ਦਾ ਮਤਲਬ ਹੈ ਮਿਹਨਤ ਕਰਨੀ, ਆਪਣਾ ਦਿਮਾਗ਼ ਲਾਉਣਾ ਅਤੇ ਆਪਣੀਆਂ ਗਿਆਨ ਇੰਦਰੀਆਂ ਨੂੰ ਇਸਤੇਮਾਲ ਕਰਨਾ। ਭਾਵੇਂ ਕਿ ਅਧਿਐਨ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਇਸ ਤੋਂ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਹਾਂ।
ਅਧਿਐਨ ਕਰਨ ਤੋਂ ਆਨੰਦ ਪ੍ਰਾਪਤ ਕਰਨਾ
4. ਜ਼ਬੂਰਾਂ ਦੇ ਲਿਖਾਰੀ ਦੇ ਮੁਤਾਬਕ, ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਨਾਲ ਸਾਨੂੰ ਤਾਜ਼ਗੀ ਅਤੇ ਸ਼ਕਤੀ ਕਿਵੇਂ ਮਿਲਦੀ ਹੈ?
4 ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਅਧਿਐਨ ਕਰਨ ਨਾਲ ਸਾਨੂੰ ਤਾਜ਼ਗੀ ਮਿਲਦੀ ਹੈ ਤੇ ਸ਼ਕਤੀ ਪ੍ਰਾਪਤ ਹੁੰਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।” (ਜ਼ਬੂਰ 19:7, 8) ਯਹੋਵਾਹ ਦੀ ਬਿਵਸਥਾ ਅਤੇ ਸਾਖੀਆਂ ਸਾਡੇ ਵਿਚ ਨਵੀਂ ਜਾਨ ਪਾਉਂਦੀਆਂ ਹਨ, ਸਾਡੀ ਅਧਿਆਤਮਿਕ ਸਿਹਤ ਨੂੰ ਨਰੋਆ ਕਰਦੀਆਂ ਹਨ, ਸਾਨੂੰ ਆਨੰਦ ਦਿੰਦੀਆਂ ਹਨ, ਅਤੇ ਯਹੋਵਾਹ ਦੇ ਸ਼ਾਨਦਾਰ ਮਕਸਦ ਨੂੰ ਸਪੱਸ਼ਟ ਦੇਖਣ ਲਈ ਸਾਡੀਆਂ ਅੱਖਾਂ ਨੂੰ ਚਾਨਣ ਦਿੰਦੀਆਂ ਹਨ। ਬਾਈਬਲ ਪੜ੍ਹਨ ਤੋਂ ਕਿੰਨਾ ਮਜ਼ਾ ਮਿਲਦਾ ਹੈ!
5. ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਅਧਿਐਨ ਕਰਨ ਤੋਂ ਬਹੁਤ ਖ਼ੁਸ਼ੀ ਮਿਲ ਸਕਦੀ ਹੈ?
5 ਜਦੋਂ ਸਾਨੂੰ ਆਪਣੇ ਕੰਮ ਦੇ ਚੰਗੇ ਨਤੀਜੇ ਨਜ਼ਰ ਆਉਂਦੇ ਹਨ, ਤਾਂ ਅਸੀਂ ਉਸ ਕੰਮ ਨੂੰ ਖ਼ੁਸ਼ੀ-ਖ਼ੁਸ਼ੀ ਕਰਦੇ ਹਾਂ। ਇਸੇ ਤਰ੍ਹਾਂ ਅਧਿਐਨ ਤੋਂ ਆਨੰਦ ਪ੍ਰਾਪਤ ਕਰਨ ਲਈ ਸਾਨੂੰ ਨਵੀਆਂ ਸਿੱਖੀਆਂ ਗਈਆਂ ਗੱਲਾਂ ਨੂੰ ਛੇਤੀ ਤੋਂ ਛੇਤੀ ਇਸਤੇਮਾਲ ਕਰਨਾ ਚਾਹੀਦਾ ਹੈ। ਯਾਕੂਬ ਨੇ ਲਿਖਿਆ ਸੀ: “ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।” (ਯਾਕੂਬ 1:25) ਸਿੱਖੀਆਂ ਗਈਆਂ ਗੱਲਾਂ ਨੂੰ ਜਲਦੀ ਆਪਣੇ ਉੱਤੇ ਲਾਗੂ ਕਰਨ ਨਾਲ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਜੇ ਕੋਈ ਸਾਨੂੰ ਪ੍ਰਚਾਰ ਦੌਰਾਨ ਜਾਂ ਬਾਈਬਲ ਸਟੱਡੀ ਦੌਰਾਨ ਸਵਾਲ ਪੁੱਛੇ ਤਾਂ ਉਸ ਵਾਸਤੇ ਜਵਾਬ ਲੱਭਣ ਲਈ ਰਿਸਰਚ ਕਰਨ ਤੇ ਬਹੁਤ ਖ਼ੁਸ਼ੀ ਹੁੰਦੀ ਹੈ।
ਪਰਮੇਸ਼ੁਰ ਦੇ ਬਚਨ ਤੋਂ ਖ਼ੁਸ਼ ਹੋਣਾ
6. ਜ਼ਬੂਰ 119 ਦੇ ਲਿਖਾਰੀ ਨੇ ਯਹੋਵਾਹ ਦੇ ਬਚਨ ਲਈ ਆਪਣੀ ਖ਼ੁਸ਼ੀ ਕਿਵੇਂ ਜ਼ਾਹਰ ਕੀਤੀ ਸੀ?
6 ਨੌਜਵਾਨ ਰਾਜਕੁਮਾਰ ਹਿਜ਼ਕੀਯਾਹ ਨੇ ਸ਼ਾਇਦ
119ਵਾਂ ਜ਼ਬੂਰ ਲਿਖਿਆ ਸੀ। ਉਸ ਨੇ ਇਹ ਕਵਿਤਾ ਲਿਖ ਕੇ ਯਹੋਵਾਹ ਦੇ ਬਚਨ ਲਈ ਆਪਣੀ ਖ਼ੁਸ਼ੀ ਜ਼ਾਹਰ ਕੀਤੀ ਸੀ: “ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ (“ਖੁਸ਼ ਹੋਵਾਂਗਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ), ਮੈਂ ਤੇਰੇ ਬਚਨ ਨੂੰ ਨਹੀਂ ਵਿਸਾਰਾਂਗਾ। ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ . . . ਹਨ। ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ। ਤੇਰੀਆਂ ਦਿਆਲਗੀਆਂ ਮੈਨੂੰ ਮਿਲ ਜਾਣ ਭਈ ਮੈਂ ਜੀਉਂਦਾ ਰਹਾਂ, ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ! ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ!”—ਜ਼ਬੂਰ 119:16, 24, 47, 77, 174.
7, 8. (ੳ) ਇਕ ਡਿਕਸ਼ਨਰੀ ਮੁਤਾਬਕ ਪਰਮੇਸ਼ੁਰ ਦੇ ਬਚਨ ਤੋਂ ‘ਖੁਸ਼ ਹੋਣ’ ਦਾ ਕੀ ਮਤਲਬ ਹੈ? (ਅ) ਅਸੀਂ ਯਹੋਵਾਹ ਦੇ ਬਚਨ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ? (ੲ) ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਪੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ ਸੀ?
7 ਇਬਰਾਨੀ ਸ਼ਾਸਤਰ ਦੇ ਸ਼ਬਦਾਂ ਦੀ ਇਕ ਡਿਕਸ਼ਨਰੀ ਜ਼ਬੂਰ 119 ਵਿਚ “ਖੁਸ਼ ਹੋਵਾਂਗਾ” ਸ਼ਬਦਾਂ ਨੂੰ ਸਮਝਾਉਂਦੇ ਹੋਏ ਦੱਸਦੀ ਹੈ: “
16ਵੀਂ ਆਇਤ ਵਿਚ ਇਨ੍ਹਾਂ ਸ਼ਬਦਾਂ ਦਾ ਉਹੀ ਮਤਲਬ ਹੈ ਜੋ ਆਨੰਦਿਤ . . . ਅਤੇ ਮਨਨ ਸ਼ਬਦਾਂ ਦੀ [ਕ੍ਰਿਆ] ਦਾ ਮਤਲਬ ਹੈ . . । ਇਸ ਦਾ ਮਤਲਬ ਹੈ: ਖ਼ੁਸ਼ ਹੋਣਾ, ਮਨਨ ਕਰਨਾ, ਆਨੰਦਿਤ ਹੋਣਾ . . । ਇਸ ਲਈ ਇਕ ਇਨਸਾਨ ਕਿਸੇ ਮਕਸਦ ਨਾਲ ਮਨਨ ਕਰ ਕੇ ਹੀ ਯਾਹਵੇਹ ਦੇ ਬਚਨ ਤੋਂ ਖ਼ੁਸ਼ ਹੁੰਦਾ ਹੈ। . . . ਇਸ ਦੇ ਅਰਥ ਵਿਚ ਜਜ਼ਬਾਤ ਵੀ ਸ਼ਾਮਲ ਹਨ।”a
8 ਜੀ ਹਾਂ, ਸਾਨੂੰ ਯਹੋਵਾਹ ਦੇ ਬਚਨ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ ਜਿੱਥੇ ਸਾਡੇ ਸਾਰੇ ਜਜ਼ਬਾਤ ਪੈਦਾ ਹੁੰਦੇ ਹਨ। ਜਿਹੜੀਆਂ ਵੀ ਆਇਤਾਂ ਅਸੀਂ ਪੜ੍ਹਦੇ ਹਾਂ, ਉਨ੍ਹਾਂ ਉੱਤੇ ਮਨਨ ਕਰਨ ਵਿਚ ਸਾਨੂੰ ਆਨੰਦ ਹੋਣਾ ਚਾਹੀਦਾ ਹੈ। ਸਾਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ, ਉਨ੍ਹਾਂ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਸ਼ਾਂਤੀ ਨਾਲ ਮਨਨ ਕਰਨ ਅਤੇ ਪ੍ਰਾਰਥਨਾ ਕਰਨ ਦੀ ਲੋੜ ਹੈ। ਅਜ਼ਰਾ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਆਪਣੇ ਮਨ ਨੂੰ ਤਿਆਰ ਕਰਨਾ ਚਾਹੀਦਾ ਹੈ। ਉਸ ਬਾਰੇ ਬਾਈਬਲ ਕਹਿੰਦੀ ਹੈ: “ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਤੇ ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ ਉੱਤੇ ਮਨ ਲਾਇਆ [“ਆਪਣੇ ਦਿਲ ਨੂੰ ਤਿਆਰ ਕੀਤਾ,” ਨਿ ਵ] ਸੀ।” (ਅਜ਼ਰਾ 7:10) ਧਿਆਨ ਦਿਓ ਕਿ ਅਜ਼ਰਾ ਦੇ ਆਪਣੇ ਦਿਲ ਨੂੰ ਤਿਆਰ ਕਰਨ ਦੇ ਤਿੰਨ ਕਾਰਨ ਕੀ ਸਨ: ਅਧਿਐਨ ਕਰਨ, ਆਪਣੇ ਉੱਤੇ ਲਾਗੂ ਕਰਨ ਅਤੇ ਸਿਖਾਉਣ ਲਈ। ਸਾਨੂੰ ਉਸ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ।
ਅਧਿਐਨ ਕਰਨਾ ਵੀ ਭਗਤੀ ਹੈ
9, 10. (ੳ) ਜ਼ਬੂਰਾਂ ਦਾ ਲਿਖਾਰੀ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੇ ਬਚਨ ਵਿਚ ਲੀਨ ਰਿਹਾ? (ਅ) ਇਬਰਾਨੀ ਕ੍ਰਿਆ ‘ਲੀਨ ਰਹਿਣ’ ਦਾ ਕੀ ਮਤਲਬ ਹੈ? (ੲ) ਸਾਨੂੰ ਬਾਈਬਲ ਦਾ ਅਧਿਐਨ ਕਰਨ ਨੂੰ “ਭਗਤੀ ਦਾ ਇਕ ਹਿੱਸਾ” ਕਿਉਂ ਸਮਝਣਾ ਚਾਹੀਦਾ ਹੈ?
9 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਉਹ ਯਹੋਵਾਹ ਦੀ ਬਿਵਸਥਾ, ਹੁਕਮਾਂ ਤੇ ਸਾਖੀਆਂ ਵਿਚ ਲੀਨ ਰਿਹਾ। ਉਸ ਨੇ ਇਹ ਗੀਤ ਗਾਇਆ: “ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਹ ਕਰਾਂਗਾ। ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ। ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ! ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ।” (ਜ਼ਬੂਰ 119:15, 48, 97, 99) ਯਹੋਵਾਹ ਦੇ ਬਚਨ ਵਿਚ ‘ਲੀਨ ਰਹਿਣ’ ਦਾ ਕੀ ਮਤਲਬ ਹੈ?
10 ਇੱਥੇ ਅਨੁਵਾਦ ਕੀਤੀ ਗਈ ਇਬਰਾਨੀ ਕ੍ਰਿਆ ‘ਲੀਨ ਰਹਿਣ’ ਦਾ ਮਤਲਬ “ਮਨਨ ਕਰਨਾ, ਵਿਚਾਰ ਕਰਨਾ,” “ਕਿਸੇ ਗੱਲ ਬਾਰੇ ਆਪਣੇ ਮਨ ਵਿਚ ਸੋਚਣਾ” ਵੀ ਹੁੰਦਾ ਹੈ। ‘ਇਹ ਸ਼ਬਦ ਪਰਮੇਸ਼ੁਰ ਦੇ ਕੰਮਾਂ ਅਤੇ ਉਸ ਦੇ ਬਚਨ ਉੱਤੇ ਸ਼ਾਂਤ ਮਨ ਨਾਲ ਵਿਚਾਰ ਕਰਨ ਲਈ ਇਸਤੇਮਾਲ ਕੀਤੇ ਗਏ ਹਨ।’ (ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ) “ਲੀਨਤਾ” ਨਾਂਵ ਰੂਪ ਦਾ ਮਤਲਬ ਹੈ ਕਿ “ਜ਼ਬੂਰਾਂ ਦੇ ਲਿਖਾਰੀ ਦੁਆਰਾ ਮਨਨ ਕਰਨਾ” ਤੇ ਪਰਮੇਸ਼ੁਰ ਦੀ ਬਿਵਸਥਾ ਦਾ “ਰੀਝ ਨਾਲ ਅਧਿਐਨ ਕਰਨਾ” ਉਸ ਦੀ “ਭਗਤੀ ਦਾ ਹਿੱਸਾ” ਸੀ। ਜੇ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨੂੰ ਆਪਣੀ ਭਗਤੀ ਦਾ ਹਿੱਸਾ ਸਮਝਾਂਗੇ, ਤਾਂ ਅਸੀਂ ਅਧਿਐਨ ਗੰਭੀਰਤਾ ਨਾਲ ਕਰਾਂਗੇ। ਇਸ ਲਈ ਇਸ ਨੂੰ ਧਿਆਨ ਨਾਲ ਅਤੇ ਪ੍ਰਾਰਥਨਾਪੂਰਵਕ ਕੀਤਾ ਜਾਣਾ ਚਾਹੀਦਾ ਹੈ। ਅਧਿਐਨ ਸਾਡੀ ਭਗਤੀ ਦਾ ਇਕ ਹਿੱਸਾ ਹੈ ਅਤੇ ਭਗਤੀ ਵਿਚ ਸੁਧਾਰ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ।
ਪਰਮੇਸ਼ੁਰ ਦੇ ਬਚਨ ਦੀ ਖੋਜ ਕਰਨੀ
11. ਯਹੋਵਾਹ ਆਪਣੇ ਲੋਕਾਂ ਨੂੰ ਡੂੰਘੇ ਅਧਿਆਤਮਿਕ ਵਿਚਾਰ ਕਿਵੇਂ ਦੱਸਦਾ ਹੈ?
11 ਜ਼ਬੂਰਾਂ ਦੇ ਲਿਖਾਰੀ ਨੇ ਸ਼ਰਧਾ ਦਿਖਾਉਂਦੇ ਹੋਏ ਪਰਮੇਸ਼ੁਰ ਦੀ ਪ੍ਰਸ਼ੰਸਾ ਕੀਤੀ: “ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ! ਤੇਰੇ ਖਿਆਲ ਬਹੁਤ ਹੀ ਡੂੰਘੇ ਹਨ!” (ਜ਼ਬੂਰ 92:5) ਪੌਲੁਸ ਰਸੂਲ ਨੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਗੱਲ ਕੀਤੀ ਜੋ ਕਿ ਯਹੋਵਾਹ ਦੇ ਡੂੰਘੇ ਵਿਚਾਰ ਹਨ ਜਿਨ੍ਹਾਂ ਨੂੰ ਉਹ ਆਪਣੀ “ਆਤਮਾ” ਦੁਆਰਾ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਰਾਹੀਂ ਆਪਣੇ ਲੋਕਾਂ ਨੂੰ ਦੱਸਦਾ ਹੈ। (1 ਕੁਰਿੰਥੀਆਂ 2:10; ਮੱਤੀ 24:45) ਇਹ ਨੌਕਰ ਵਰਗ ਸਾਰਿਆਂ ਨੂੰ ਅਧਿਆਤਮਿਕ ਭੋਜਨ ਦੇਣ ਵਿਚ ਬਹੁਤ ਮਿਹਨਤ ਕਰਦਾ ਹੈ। ਜਿਹੜੇ ਨਵੇਂ ਹਨ ਉਨ੍ਹਾਂ ਨੂੰ “ਦੁੱਧ” ਅਤੇ ਜਿਹੜੇ ‘ਸਿਆਣੇ’ ਹਨ, ਉਨ੍ਹਾਂ ਨੂੰ “ਅੰਨ।”—ਇਬਰਾਨੀਆਂ 5:11-14.
12. “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿੱਚੋਂ ਕਿਸੇ ਇਕ ਬਾਰੇ ਦੱਸੋ ਜਿਸ ਨੂੰ ਨੌਕਰ ਵਰਗ ਨੇ ਸਮਝਾਇਆ ਹੈ?
12 “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਸਮਝਣ ਲਈ ਉਸ ਦੇ ਬਚਨ ਦਾ ਪ੍ਰਾਰਥਨਾਪੂਰਵਕ ਅਧਿਐਨ ਕਰਨਾ ਅਤੇ ਉਸ ਉੱਤੇ ਮਨਨ ਕਰਨਾ ਬਹੁਤ ਜ਼ਰੂਰੀ ਹੈ। ਉਦਾਹਰਣ ਲਈ, ਯਹੋਵਾਹ ਇੱਕੋ ਸਮੇਂ ਤੇ ਨਿਆਈ ਅਤੇ ਦਇਆਵਾਨ ਹੋ ਸਕਦਾ ਹੈ। ਇਸ ਵਿਸ਼ੇ ਬਾਰੇ ਬਹੁਤ ਵਧੀਆ ਜਾਣਕਾਰੀ ਛਾਪੀ ਗਈ ਹੈ। ਦਇਆ ਦਿਖਾਉਣ ਦੁਆਰਾ ਉਹ ਆਪਣੇ ਨਿਆਂ ਨੂੰ ਨਰਮ ਨਹੀਂ ਕਰਦਾ ਹੈ, ਸਗੋਂ ਉਹ ਦਇਆ ਦਿਖਾ ਕੇ ਆਪਣੇ ਨਿਆਂ ਅਤੇ ਪਿਆਰ ਨੂੰ ਪ੍ਰਗਟ ਕਰਦਾ ਹੈ। ਜਦੋਂ ਯਹੋਵਾਹ ਇਕ ਪਾਪੀ ਬੰਦੇ ਦਾ ਨਿਆਂ ਕਰਦਾ ਹੈ, ਤਾਂ ਉਹ ਪਹਿਲਾਂ ਇਹ ਦੇਖਦਾ ਹੈ ਕਿ ਆਪਣੇ ਪੁੱਤਰ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਉਸ ਪਾਪੀ ਉੱਤੇ ਦਇਆ ਕੀਤੀ ਜਾ ਸਕਦੀ ਹੈ। ਜੇ ਪਾਪੀ ਤੋਬਾ ਨਹੀਂ ਕਰਦਾ ਜਾਂ ਬਾਗ਼ੀ ਹੈ, ਤਾਂ ਯਹੋਵਾਹ ਦਇਆ ਦਿਖਾਉਣ ਦੀ ਬਜਾਇ ਨਿਆਂ ਕਰਦਾ ਹੈ। ਹਰ ਤਰੀਕੇ ਨਾਲ ਉਹ ਆਪਣੇ ਉੱਚੇ ਸਿਧਾਂਤਾਂ ਅਨੁਸਾਰ ਚੱਲਦਾ ਹੈ।b (ਰੋਮੀਆਂ 3:21-26) “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!”—ਰੋਮੀਆਂ 11:33.
13. ਸਾਨੂੰ ਹੁਣ ਤਕ ਜਿੰਨੀਆਂ ਵੀ ਅਨਮੋਲ ਅਧਿਆਤਮਿਕ ਸੱਚਾਈਆਂ ਦੱਸੀਆਂ ਗਈਆਂ ਹਨ, ਸਾਨੂੰ ਉਨ੍ਹਾਂ ਦੀ ਕਿਵੇਂ ਕਦਰ ਕਰਨੀ ਚਾਹੀਦੀ ਹੈ?
13 ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ ਇਸ ਗੱਲ ਤੇ ਬਹੁਤ ਖ਼ੁਸ਼ ਹਾਂ ਕਿ ਯਹੋਵਾਹ ਆਪਣੇ ਬਹੁਤ ਸਾਰੇ ਵਿਚਾਰ ਸਾਡੇ ਨਾਲ ਸਾਂਝੇ ਕਰਦਾ ਹੈ। ਦਾਊਦ ਨੇ ਲਿਖਿਆ ਸੀ: “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” (ਜ਼ਬੂਰ 139:17, 18) ਭਾਵੇਂ ਕਿ ਅੱਜ ਸਾਨੂੰ ਯਹੋਵਾਹ ਦੇ ਅਣਗਿਣਤ ਵਿਚਾਰਾਂ ਵਿੱਚੋਂ ਬਹੁਤ ਘੱਟ ਵਿਚਾਰ ਪਤਾ ਹਨ, ਪਰ ਯਹੋਵਾਹ ਭਵਿੱਖ ਵਿਚ ਆਪਣੇ ਹੋਰ ਅਣਗਿਣਤ ਵਿਚਾਰ ਸਾਡੇ ਵਾਸਤੇ ਪ੍ਰਗਟ ਕਰੇਗਾ। ਪਰ ਹੁਣ ਤਕ ਸਾਨੂੰ ਜਿੰਨੀਆਂ ਵੀ ਅਨਮੋਲ ਅਧਿਆਤਮਿਕ ਸੱਚਾਈਆਂ ਦੱਸੀਆਂ ਗਈਆਂ ਹਨ, ਅਸੀਂ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਾਂ। ਇਸ ਕਰਕੇ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਇਨ੍ਹਾਂ ਦੀ ਹੋਰ ਜ਼ਿਆਦਾ ਖੋਜ ਕਰਦੇ ਹਾਂ।—ਜ਼ਬੂਰ 119:160.
ਜਤਨ ਕਰਨ ਅਤੇ ਚੰਗੇ ਔਜ਼ਾਰਾਂ ਦੀ ਲੋੜ ਹੈ
14. ਕਹਾਉਤਾਂ 2:1-6 ਵਿਚ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਜਤਨ ਕਰਨ ਉੱਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ?
14 ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨ ਲਈ ਜਤਨ ਕਰਨ ਦੀ ਲੋੜ ਹੈ। ਇਸ ਬਾਰੇ ਕਹਾਉਤਾਂ 2:1-6 ਨੂੰ ਧਿਆਨ ਨਾਲ ਪੜ੍ਹਨ ਤੇ ਪਤਾ ਚੱਲਦਾ ਹੈ। ਧਿਆਨ ਦਿਓ ਕਿ ਬੁੱਧੀਮਾਨ ਰਾਜਾ ਸੁਲੇਮਾਨ ਨੇ ਪਰਮੇਸ਼ੁਰੀ ਗਿਆਨ, ਬੁੱਧੀ ਅਤੇ ਸਮਝ ਪ੍ਰਾਪਤ ਕਰਨ ਲਈ ਜਤਨ ਕਰਨ ਵਾਸਤੇ ਕਿਹੜੇ ਸ਼ਬਦਾਂ ਨੂੰ ਇਸਤੇਮਾਲ ਕੀਤਾ। ਉਸ ਨੇ ਲਿਖਿਆ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।” (ਟੇਢੇ ਟਾਈਪ ਸਾਡੇ) ਜੀ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਅਧਿਐਨ ਕਰਨ ਤੋਂ ਫ਼ਾਇਦਾ ਹੋਵੇ, ਤਾਂ ਸਾਨੂੰ ਰਿਸਰਚ ਅਤੇ ਖੁਦਾਈ ਕਰਨ ਦੀ ਉਸ ਤਰ੍ਹਾਂ ਲੋੜ ਹੈ ਜਿਵੇਂ ਗੁਪਤ ਧੰਨ ਨੂੰ ਲੱਭਣ ਲਈ ਕੀਤੀ ਜਾਂਦੀ ਹੈ।
15. ਅਧਿਐਨ ਕਰਨ ਦੇ ਚੰਗੇ ਤਰੀਕੇ ਅਪਣਾਉਣ ਸੰਬੰਧੀ ਬਾਈਬਲ ਵਿਚ ਕਿਹੜੀ ਵਧੀਆ ਉਦਾਹਰਣ ਦਿੱਤੀ ਗਈ ਹੈ?
15 ਆਪਣੀ ਅਧਿਆਤਮਿਕਤਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਅਧਿਐਨ ਕਰਨ ਦੇ ਚੰਗੇ ਤਰੀਕੇ ਅਪਣਾਉਣੇ ਚਾਹੀਦੇ ਹਨ। ਸੁਲੇਮਾਨ ਨੇ ਲਿਖਿਆ ਸੀ: “ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ।” (ਉਪਦੇਸ਼ਕ ਦੀ ਪੋਥੀ 10:10) ਜੇ ਇਕ ਕਾਰੀਗਰ ਖੁੰਢੀ ਆਰੀ ਵਰਤਦਾ ਹੈ ਜਾਂ ਉਹ ਸਹੀ ਤਰੀਕੇ ਨਾਲ ਆਰੀ ਚਲਾਉਣੀ ਨਹੀਂ ਜਾਣਦਾ, ਤਾਂ ਉਹ ਆਪਣੀ ਤਾਕਤ ਨੂੰ ਵਿਅਰਥ ਗੁਆਏਗਾ ਅਤੇ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਹੋਵੇਗਾ। ਇਸੇ ਤਰ੍ਹਾਂ, ਅਧਿਐਨ ਕਰਨ ਦੇ ਅਲੱਗ-ਅਲੱਗ ਫ਼ਾਇਦੇ ਹੁੰਦੇ ਹਨ ਪਰ ਇਹ ਸਾਡੇ ਤਰੀਕੇ ਅਨੁਸਾਰ ਹੀ ਸਾਨੂੰ ਪ੍ਰਾਪਤ ਹੋਣਗੇ। ਆਪਣੇ ਅਧਿਐਨ ਕਰਨ ਦੇ ਤਰੀਕੇ ਨੂੰ ਸੁਧਾਰਨ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਦੇ 7ਵੇਂ ਅਧਿਆਇ ਵਿਚ ਕਈ ਵਧੀਆ ਅਤੇ ਵਿਵਹਾਰਕ ਸੁਝਾਅ ਦਿੱਤੇ ਗਏ ਹਨ।c
16. ਗਹਿਰਾਈ ਨਾਲ ਅਧਿਐਨ ਕਰਨ ਲਈ ਕਿਹੜੇ ਵਿਵਹਾਰਕ ਸੁਝਾਅ ਦਿੱਤੇ ਗਏ ਹਨ?
16 ਜਦੋਂ ਇਕ ਕਾਰੀਗਰ ਕੰਮ ਕਰਨ ਲਈ ਬੈਠਦਾ ਹੈ, ਤਾਂ ਉਹ ਲੋੜੀਂਦੇ ਔਜ਼ਾਰ ਆਪਣੇ ਕੋਲ ਢੰਗ ਸਿਰ ਰੱਖਦਾ ਹੈ। ਇਸੇ ਤਰ੍ਹਾਂ, ਜਦੋਂ ਅਸੀਂ ਅਧਿਐਨ ਕਰਨਾ ਸ਼ੁਰੂ ਕਰਦੇ ਹਾਂ, ਤਾਂ ਸਾਨੂੰ ਉਹ ਕਿਤਾਬਾਂ ਆਪਣੇ ਕੋਲ ਰੱਖ ਲੈਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਸਾਨੂੰ ਅਧਿਐਨ ਦੌਰਾਨ ਲੋੜ ਪਵੇਗੀ। ਇਹ ਯਾਦ ਰੱਖੋ ਕਿ ਅਧਿਐਨ ਇਕ ਕੰਮ ਹੈ ਤੇ ਇਸ ਵਿਚ ਦਿਮਾਗ਼ ਵਰਤਣ ਦੀ ਲੋੜ ਪੈਂਦੀ ਹੈ, ਇਸ ਲਈ ਠੀਕ ਢੰਗ ਨਾਲ ਬੈਠਣਾ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਦਿਮਾਗ਼ੀ ਤੌਰ ਤੇ ਚੁਸਤ ਰਹਿਣਾ ਚਾਹੁੰਦੇ ਹਾਂ, ਤਾਂ ਲੰਮੇ ਪੈ ਕੇ ਜਾਂ ਆਰਾਮ ਕਰਨ ਵਾਲੀ ਕੁਰਸੀ ਤੇ ਬੈਠਣ ਦੀ ਬਜਾਇ ਮੇਜ਼-ਕੁਰਸੀ ਤੇ ਬਹਿਣ ਨਾਲ ਜ਼ਿਆਦਾ ਫ਼ਾਇਦਾ ਹੋਵੇਗਾ। ਕੁਝ ਦੇਰ ਤਕ ਅਧਿਐਨ ਕਰਨ ਤੋਂ ਬਾਅਦ ਕੁਝ ਕਸਰਤ ਕਰਨੀ ਜਾਂ ਤਾਜ਼ੀ ਹਵਾ ਖਾਣ ਬਾਹਰ ਜਾਣਾ ਚੰਗਾ ਹੋਵੇਗਾ।
17, 18. ਸਾਡੇ ਕੋਲ ਜੋ ਵੀ ਔਜ਼ਾਰ ਹਨ, ਉਨ੍ਹਾਂ ਨੂੰ ਅਧਿਐਨ ਦੌਰਾਨ ਵਰਤਣ ਲਈ ਕੁਝ ਉਦਾਹਰਣ ਦਿਓ।
17 ਅਧਿਐਨ ਕਰਨ ਲਈ ਸਾਨੂੰ ਬਹੁਤ ਸਾਰੇ ਵਧੀਆ ਔਜ਼ਾਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵਧੀਆ ਹੈ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਜੋ ਹੁਣ ਪੂਰੇ ਜਾਂ ਹਿੱਸਿਆਂ ਵਿਚ 37 ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਦੇ ਮੁੱਖ ਅੰਕ ਵਿਚ ਕ੍ਰਾਸ ਰੈਫਰੈਂਸ ਅਤੇ “ਬਾਈਬਲ ਦੀਆਂ ਕਿਤਾਬਾਂ ਦੀ ਸੂਚੀ” ਦਿੱਤੀ ਗਈ ਹੈ ਜਿਸ ਵਿਚ ਲੇਖਕ ਦਾ ਨਾਂ, ਲਿਖੇ ਜਾਣ ਦੀ ਥਾਂ, ਅਤੇ ਕਿਹੜੇ ਸਮੇਂ ਬਾਰੇ ਲਿੱਖੀ ਗਈ ਸੀ, ਇਹ ਸਭ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਬਾਈਬਲ ਦੇ ਸ਼ਬਦਾਂ ਦਾ ਇੰਡੈਕਸ, ਅੰਤਿਕਾ (ਅਪੈਂਡਿਕਸ), ਅਤੇ ਨਕਸ਼ੇ ਦਿੱਤੇ ਗਏ ਹਨ। ਕੁਝ ਭਾਸ਼ਾਵਾਂ ਵਿਚ ਇਹ ਬਾਈਬਲ ਵੱਡੇ ਸੰਸਕਰਣ ਵਿਚ ਛਾਪੀ ਗਈ ਹੈ ਜਿਸ ਨੂੰ ਰੈਫਰੈਂਸ ਬਾਈਬਲ ਕਿਹਾ ਜਾਂਦਾ ਹੈ। ਇਸ ਵਿਚ ਉੱਪਰ ਦੱਸੀਆਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਵੀ ਹਨ ਜਿਵੇਂ ਕਿ ਬਹੁਤ ਸਾਰੇ ਫੁਟਨੋਟ। ਇਨ੍ਹਾਂ ਦਾ ਇਕ ਵੱਖਰਾ ਇੰਡੈਕਸ ਦਿੱਤਾ ਗਿਆ ਹੈ। ਜੋ ਵੀ ਸਾਹਿੱਤ ਤੁਹਾਡੀ ਭਾਸ਼ਾ ਵਿਚ ਮਿਲਦਾ ਹੈ, ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਡੂੰਘੀ ਖੁਦਾਈ ਕਰਨ ਲਈ ਇਸ ਨੂੰ ਇਸਤੇਮਾਲ ਕਰਦੇ ਹੋ?
18 ਅਧਿਐਨ ਕਰਨ ਲਈ ਇਕ ਹੋਰ ਬੇਸ਼ਕੀਮਤੀ ਔਜ਼ਾਰ ਹੈ ਦੋ ਖੰਡਾਂ ਵਾਲਾ ਬਾਈਬਲ ਐਨਸਾਈਕਲੋਪੀਡੀਆ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ)। ਜੇ ਤੁਹਾਡੇ ਕੋਲ ਉਸ ਭਾਸ਼ਾ ਵਿਚ ਹੈ ਜਿਸ ਨੂੰ ਤੁਸੀਂ ਸਮਝ ਸਕਦੇ ਹੋ, ਤਾਂ ਅਧਿਐਨ ਕਰਨ ਦੌਰਾਨ ਤੁਹਾਨੂੰ ਹਮੇਸ਼ਾ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਵਿਚ ਬਾਈਬਲ ਦੇ ਬਹੁਤ ਸਾਰੇ ਵਿਸ਼ਿਆਂ ਉੱਤੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਦਾ ਇਕ ਹੋਰ ਔਜ਼ਾਰ ਹੈ ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ)। ਜਦੋਂ ਤੁਸੀਂ ਬਾਈਬਲ ਦੀ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰਦੇ ਹੋ, ਤਾਂ ਭੂਗੋਲਿਕ ਅਤੇ ਇਤਿਹਾਸਕ ਜਾਣਕਾਰੀ ਲੈਣ ਲਈ ਅਤੇ ਉਸ ਕਿਤਾਬ ਦਾ ਸਾਰ ਅਤੇ ਉਸ ਦੀ ਅਹਿਮੀਅਤ ਜਾਣਨ ਲਈ ਤੁਹਾਨੂੰ “ਸਾਰਾ ਸ਼ਾਸਤਰ” ਕਿਤਾਬ ਵੀ ਪੜ੍ਹਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸੀ. ਡੀ. ਉੱਤੇ ਵੀ ਵਾਚਟਾਵਰ ਲਾਇਬ੍ਰੇਰੀ ਮਿਲਦੀ ਹੈ ਜੋ ਨੌਂ ਭਾਸ਼ਾਵਾਂ ਵਿਚ ਤਿਆਰ ਕੀਤੀ ਗਈ ਹੈ।
19. (ੳ) ਬਾਈਬਲ ਦਾ ਅਧਿਐਨ ਕਰਨ ਲਈ ਯਹੋਵਾਹ ਨੇ ਸਾਨੂੰ ਵਧੀਆ ਔਜ਼ਾਰ ਕਿਉਂ ਦਿੱਤੇ ਹਨ? (ਅ) ਧਿਆਨ ਨਾਲ ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਲਈ ਕਿਸ ਚੀਜ਼ ਦੀ ਲੋੜ ਹੈ?
19 ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਇਹ ਸਾਰੇ ਔਜ਼ਾਰ ਦਿੱਤੇ ਹਨ ਤਾਂਕਿ ਧਰਤੀ ਉੱਤੇ ਉਸ ਦੇ ਸੇਵਕ ‘ਪਰਮੇਸ਼ੁਰ ਦੇ ਗਿਆਨ ਨੂੰ ਭਾਲ ਸਕਣ ਅਤੇ ਲੱਭ ਸਕਣ।’ (ਕਹਾਉਤਾਂ 2:4, 5) ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪਾਉਣ ਨਾਲ ਅਸੀਂ ਯਹੋਵਾਹ ਬਾਰੇ ਜ਼ਿਆਦਾ ਗਿਆਨ ਲੈਂਦੇ ਹਾਂ ਤੇ ਉਸ ਨਾਲ ਹੋਰ ਜ਼ਿਆਦਾ ਨਜ਼ਦੀਕੀ ਰਿਸ਼ਤਾ ਕਾਇਮ ਕਰਦੇ ਹਾਂ। (ਜ਼ਬੂਰ 63:1-8) ਜੀ ਹਾਂ, ਅਧਿਐਨ ਕਰਨ ਦਾ ਮਤਲਬ ਹੈ ਕੰਮ ਕਰਨਾ, ਪਰ ਇਸ ਕੰਮ ਤੋਂ ਸਾਨੂੰ ਆਨੰਦ ਮਿਲਦਾ ਹੈ ਤੇ ਫ਼ਾਇਦਾ ਵੀ ਹੁੰਦਾ ਹੈ। ਪਰ ਇਸ ਨੂੰ ਕਰਨ ਲਈ ਸਮਾਂ ਲੱਗਦਾ ਹੈ। ਤੁਸੀਂ ਸ਼ਾਇਦ ਸੋਚੋ, ‘ਮੈਂ ਧਿਆਨ ਨਾਲ ਬਾਈਬਲ ਪੜ੍ਹਨ ਤੇ ਅਧਿਐਨ ਕਰਨ ਲਈ ਸਮਾਂ ਕਿੱਥੋਂ ਕੱਢਾਂ?’ ਆਖ਼ਰੀ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ ਓਲਡ ਟੈਸਟਾਮੈਂਟ ਥੀਓਲਾਜੀ ਐਂਡ ਐਕਸਾਜੀਸਸ, ਸੰਸਕਰਣ 4, ਸਫ਼ੇ 205-7.
b ਪਹਿਰਾਬੁਰਜ, 1 ਅਗਸਤ 1998, ਸਫ਼ਾ 10, ਪੈਰਾ 7 ਦੇਖੋ। ਬਾਈਬਲ ਦੇ ਅਧਿਐਨ ਦੌਰਾਨ ਤੁਸੀਂ ਇਸ ਅੰਕ ਦੇ ਦੋਵੇਂ ਅਧਿਐਨ ਲੇਖ ਪੜ੍ਹ ਸਕਦੇ ਹੋ। ਨਾਲ ਹੀ ਨਾਲ, ਤੁਸੀਂ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੇ ਗਏ ਬਾਈਬਲ ਐਨਸਾਈਕਲੋਪੀਡੀਆ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿਚ “ਨਿਆਂ,” “ਦਇਆ” ਅਤੇ “ਧਾਰਮਿਕਤਾ” ਨਾਮਕ ਲੇਖ ਪੜ੍ਹ ਸਕਦੇ ਹੋ।
c ਇਹ ਕਿਤਾਬ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਹੈ। ਜੇ ਇਹ ਕਿਤਾਬ ਤੁਹਾਨੂੰ ਨਹੀਂ ਮਿਲ ਸਕਦੀ, ਤਾਂ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਇਨ੍ਹਾਂ ਅੰਕਾਂ ਵਿਚ ਅਧਿਐਨ ਕਰਨ ਸੰਬੰਧੀ ਵਧੀਆ ਸਲਾਹ ਮਿਲ ਸਕਦੀ ਹੈ: 15 ਅਗਸਤ 1993, ਸਫ਼ੇ 13-17; 15 ਮਈ 1986, ਸਫ਼ੇ 19-20.
ਵਿਚਾਰ ਕਰਨ ਲਈ ਸਵਾਲ
• ਅਸੀਂ ਅਧਿਐਨ ਕਰਨ ਦਾ ਆਨੰਦ ਕਿਵੇਂ ਮਾਣ ਸਕਦੇ ਹਾਂ ਤੇ ਇਸ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ?
• ਜ਼ਬੂਰਾਂ ਦੇ ਲਿਖਾਰੀ ਵਾਂਗ, ਅਸੀਂ ਯਹੋਵਾਹ ਦੇ ਬਚਨ ਤੋਂ “ਖੁਸ਼” ਕਿਵੇਂ ਹੋ ਸਕਦੇ ਹਾਂ ਤੇ ਉਸ ਵਿਚ “ਲੀਨ” ਕਿਵੇਂ ਰਹਿ ਸਕਦੇ ਹਾਂ?
• ਕਹਾਉਤਾਂ 2:1-6 ਕਿਵੇਂ ਦਿਖਾਉਂਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਜਤਨ ਕਰਨ ਦੀ ਲੋੜ ਹੈ?
• ਯਹੋਵਾਹ ਨੇ ਸਾਨੂੰ ਕਿਹੜੇ ਵਧੀਆ ਔਜ਼ਾਰ ਦਿੱਤੇ ਹਨ?
[ਸਫ਼ੇ 14 ਉੱਤੇ ਤਸਵੀਰ]
ਸ਼ਾਂਤ ਮਨ ਨਾਲ ਮਨਨ ਕਰਨ ਅਤੇ ਪ੍ਰਾਰਥਨਾ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਲਈ ਪਿਆਰ ਪੈਦਾ ਕਰ ਸਕਦੇ ਹਾਂ
[ਸਫ਼ੇ 17 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਬਚਨ ਦੀ ਡੂੰਘੀ ਖੁਦਾਈ ਕਰਨ ਲਈ ਕੀ ਤੁਸੀਂ ਅਧਿਐਨ ਕਰਨ ਦੇ ਸਾਰਿਆਂ ਔਜ਼ਾਰਾਂ ਨੂੰ ਪੂਰੀ ਤਰ੍ਹਾਂ ਵਰਤਦੇ ਹੋ?