ਪਰਮੇਸ਼ੁਰ ਦੇ ਬਾਲਕਾਂ ਲਈ ਜਲਦੀ ਹੀ ਵਡਿਆਈ ਦੀ ਆਜ਼ਾਦੀ
“ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, . . . ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।”—ਰੋਮੀਆਂ 8:20, 21.
1. ਪ੍ਰਾਸਚਿਤ ਦੇ ਦਿਨ ਤੇ ਯਿਸੂ ਦਾ ਬਲੀਦਾਨ ਕਿਵੇਂ ਦਰਸਾਇਆ ਗਿਆ ਸੀ?
ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਕ ਰਿਹਾਈ-ਕੀਮਤ ਬਲੀਦਾਨ ਵਜੋਂ ਦਿੱਤਾ ਜਿਸ ਨੇ 1,44,000 ਇਨਸਾਨਾਂ ਲਈ ਸਵਰਗੀ ਜੀਵਨ ਅਤੇ ਬਾਕੀ ਮਨੁੱਖਜਾਤੀ ਲਈ ਸਦੀਪਕ ਪਾਰਥਿਵ ਸੰਭਾਵਨਾਵਾਂ ਦਾ ਰਾਹ ਖੋਲ੍ਹ ਦਿੱਤਾ। (1 ਯੂਹੰਨਾ 2:1, 2) ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਆਤਮਾ ਤੋਂ ਜੰਮੇ ਮਸੀਹੀਆਂ ਲਈ ਯਿਸੂ ਦਾ ਬਲੀਦਾਨ ਉਦੋਂ ਦਰਸਾਇਆ ਗਿਆ ਜਦੋਂ ਪ੍ਰਾਸਚਿਤ ਦੇ ਦਿਨ ਤੇ ਇਸਰਾਏਲ ਦੇ ਪ੍ਰਧਾਨ ਜਾਜਕ ਨੇ ਆਪਣੇ ਆਪ ਲਈ, ਆਪਣੇ ਘਰਾਣੇ ਲਈ, ਅਤੇ ਲੇਵੀ ਦੇ ਗੋਤ ਲਈ ਪਾਪ ਦੀ ਭੇਟ ਵਜੋਂ ਇਕ ਬਲਦ ਦਾ ਬਲੀਦਾਨ ਚੜ੍ਹਾਇਆ। ਉਸੇ ਦਿਨ ਤੇ, ਉਸ ਨੇ ਬਾਕੀ ਸਾਰੇ ਇਸਰਾਏਲੀਆਂ ਲਈ ਪਾਪ ਦੀ ਭੇਟ ਵਜੋਂ, ਇਕ ਬੱਕਰੇ ਦਾ ਬਲੀਦਾਨ ਚੜ੍ਹਾਇਆ, ਅਤੇ ਇਸੇ ਤਰ੍ਹਾਂ ਮਸੀਹ ਦੇ ਬਲੀਦਾਨ ਤੋਂ ਆਮ ਮਨੁੱਖਜਾਤੀ ਨੂੰ ਲਾਭ ਮਿਲੇਗਾ। ਇਕ ਜੀਉਂਦਾ ਬੱਕਰਾ ਲੋਕਾਂ ਦੇ ਪਿਛਲੇ ਸਾਲ ਦੇ ਸਾਂਝੇ ਪਾਪਾਂ ਨੂੰ ਪ੍ਰਤੀਕਾਤਮਕ ਤੌਰ ਤੇ ਲੈ ਜਾਂਦਾ ਸੀ, ਅਤੇ ਉਜਾੜ ਵਿਚ ਅਲੋਪ ਹੋ ਜਾਂਦਾ ਸੀ।a—ਲੇਵੀਆਂ 16:7-15, 20-22, 26.
2, 3. ਰੋਮੀਆਂ 8:20, 21 ਵਿਚ ਪੌਲੁਸ ਦੇ ਕਥਨ ਦਾ ਅਰਥ ਕੀ ਹੈ?
2 ਉਨ੍ਹਾਂ ਇਨਸਾਨਾਂ ਦੀ ਉਮੀਦ ਬਿਆਨ ਕਰਨ ਤੋਂ ਬਾਅਦ ਜੋ “ਪਰਮੇਸ਼ੁਰ ਦੇ [ਸਵਰਗੀ] ਪੁੱਤ੍ਰ” ਬਣਨਗੇ, ਪੌਲੁਸ ਰਸੂਲ ਨੇ ਕਿਹਾ: “ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।” (ਰੋਮੀਆਂ 8:14, 17, 19-21) ਇਸ ਕਥਨ ਦਾ ਕੀ ਅਰਥ ਹੈ?
3 ਜਦੋਂ ਸਾਡਾ ਪੂਰਵਜ ਆਦਮ ਇਕ ਸੰਪੂਰਣ ਮਾਨਵ ਵਜੋਂ ਰਚਿਆ ਗਿਆ ਸੀ, ਤਾਂ ਉਹ “ਪਰਮੇਸ਼ੁਰ ਦਾ ਪੁੱਤ੍ਰ [ਜਾਂ, ਬਾਲਕ] ਸੀ।” (ਲੂਕਾ 3:38) ਪਾਪ ਕਰਨ ਦੇ ਕਾਰਨ, ਉਹ “ਬਿਨਾਸ ਦੀ ਗੁਲਾਮੀ” ਵਿਚ ਆਇਆ ਅਤੇ ਇਹ ਹਾਲਤ ਵਿਰਸੇ ਵਿਚ ਮਨੁੱਖਜਾਤੀ ਨੂੰ ਦੇ ਦਿੱਤੀ। (ਰੋਮੀਆਂ 5:12) ਪਰਮੇਸ਼ੁਰ ਨੇ ਇਨਸਾਨਾਂ ਨੂੰ ਵਿਰਸੇ ਵਿਚ ਮਿਲੀ ਆਪਣੀ ਅਪੂਰਣਤਾ ਦੇ ਕਾਰਨ “ਅਨਰਥ” ਦੀ ਸੰਭਾਵਨਾ ਨਾਲ ਪੈਦਾ ਹੋਣ ਦਿੱਤਾ, ਪਰ ਉਸ ਨੇ ਉਨ੍ਹਾਂ ਨੂੰ “ਸੰਤਾਨ,” ਅਰਥਾਤ, ਯਿਸੂ ਮਸੀਹ ਰਾਹੀਂ ਉਮੀਦ ਦਿੱਤੀ। (ਉਤਪਤ 3:15; 22:18; ਗਲਾਤੀਆਂ 3:16) ਪਰਕਾਸ਼ ਦੀ ਪੋਥੀ 21:1-4 ਉਸ ਸਮੇਂ ਵੱਲ ਧਿਆਨ ਖਿੱਚਦੀ ਹੈ ਜਦੋਂ ‘ਮੌਤ, ਸੋਗ, ਰੋਣਾ, ਅਤੇ ਦੁਖ ਨਹੀਂ ਹੋਵੇਗਾ।’ ਕਿਉਂਕਿ ਇਹ ਵਾਅਦਾ “ਮਨੁੱਖਾਂ” ਨਾਲ ਕੀਤਾ ਗਿਆ ਹੈ, ਇਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਰਾਜ ਸ਼ਾਸਨ ਦੇ ਅਧੀਨ ਮਨੁੱਖਾਂ ਦਾ ਇਕ ਨਵਾਂ ਪਾਰਥਿਵ ਸਮਾਜ ਹੋਵੇਗਾ, ਜੋ “ਪਰਮੇਸ਼ੁਰ ਦੇ ਬਾਲਕਾਂ” ਵਜੋਂ ਮਨ ਅਤੇ ਸਰੀਰ ਦੀ ਪੂਰੀ ਸਿਹਤ ਬਹਾਲੀ ਅਤੇ ਸਦੀਪਕ ਜੀਵਨ ਨੂੰ ਅਨੁਭਵ ਕਰੇਗਾ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਆਗਿਆਕਾਰੀ ਮਨੁੱਖ ‘ਬਿਨਾਸ ਦੀ ਗੁਲਾਮੀ ਤੋਂ ਛੁੱਟ ਜਾਣਗੇ।’ ਇਕ ਅੰਤਿਮ ਪਰੀਖਿਆ ਦੌਰਾਨ ਯਹੋਵਾਹ ਪ੍ਰਤੀ ਨਿਸ਼ਠਾਵਾਨ ਸਾਬਤ ਹੋਣ ਤੋਂ ਬਾਅਦ, ਉਹ ਸਦਾ ਲਈ ਵਿਰਸੇ ਵਿਚ ਮਿਲੇ ਪਾਪ ਅਤੇ ਮੌਤ ਤੋਂ ਆਜ਼ਾਦ ਹੋ ਜਾਣਗੇ। (ਪਰਕਾਸ਼ ਦੀ ਪੋਥੀ 20:7-10) ਉਸ ਸਮੇਂ ਧਰਤੀ ਉੱਤੇ ਵੱਸਦੇ ਲੋਕ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਪ੍ਰਾਪਤ ਕਰਨਗੇ।
ਉਹ ਆਖ ਰਹੇ ਹਨ “ਆਓ!”
4. ‘ਅੰਮ੍ਰਿਤ ਜਲ ਮੁਖਤ ਲੈਣ’ ਦਾ ਅਰਥ ਕੀ ਹੈ?
4 ਮਨੁੱਖਜਾਤੀ ਦੇ ਅੱਗੇ ਕਿੰਨੀ ਉੱਤਮ ਉਮੀਦ ਰੱਖੀ ਗਈ ਹੈ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਤਮਾ ਤੋਂ ਜੰਮੇ ਮਸੀਹੀ ਜੋ ਅਜੇ ਧਰਤੀ ਉੱਤੇ ਜੀ ਰਹੇ ਹਨ, ਦੂਸਰਿਆਂ ਨੂੰ ਇਸ ਬਾਰੇ ਜੋਸ਼ ਨਾਲ ਦੱਸਣ ਵਿਚ ਅਗਵਾਈ ਕਰ ਰਹੇ ਹਨ! ਮਹਿਮਾਯੁਕਤ ਲੇਲੇ, ਯਿਸੂ ਮਸੀਹ, ਦੀ “ਲਾੜੀ” ਬਣਨ ਵਾਲਿਆਂ ਵਜੋਂ, ਮਸਹ ਕੀਤਾ ਹੋਇਆ ਬਕੀਆ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਦੀ ਪੂਰਤੀ ਵਿਚ ਸ਼ਾਮਲ ਹੈ: “ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰਕਾਸ਼ ਦੀ ਪੋਥੀ 21:2, 9; 22:1, 2, 17) ਖ਼ੈਰ, ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ 1,44,000 ਮਸਹ ਕੀਤੇ ਹੋਏ ਵਿਅਕਤੀਆਂ ਤਕ ਹੀ ਸੀਮਿਤ ਨਹੀਂ ਹਨ। ਪਰਮੇਸ਼ੁਰ ਦੀ ਆਤਮਾ ਧਰਤੀ ਉੱਤੇ ਲਾੜੀ ਵਰਗ ਦੇ ਬਾਕੀ ਵਿਅਕਤੀਆਂ ਰਾਹੀਂ “ਆਓ” ਆਖਣ ਦਾ ਕੰਮ ਕਰਦੀ ਰਹਿੰਦੀ ਹੈ। ਧਾਰਮਿਕਤਾ ਲਈ ਤਿਹਾਇਆ ਕੋਈ ਵੀ ਵਿਅਕਤੀ ਜੋ ਸੁਣ ਰਿਹਾ ਹੋਵੇ, ਨੂੰ “ਆਓ” ਕਹਿਣ ਲਈ ਸੱਦਾ ਦਿੱਤਾ ਜਾਂਦਾ ਹੈ, ਅਤੇ ਉਹ ਮੁਕਤੀ ਲਈ ਯਹੋਵਾਹ ਦੇ ਭਰਪੂਰ ਪ੍ਰਬੰਧ ਤੋਂ ਲਾਭ ਉਠਾ ਸਕਦਾ ਹੈ।
5. ਯਹੋਵਾਹ ਦੇ ਗਵਾਹ ਆਪਣੇ ਸੰਗ ਕਿਨ੍ਹਾਂ ਨੂੰ ਦੇਖ ਕੇ ਖ਼ੁਸ਼ ਹਨ?
5 ਯਹੋਵਾਹ ਦੇ ਗਵਾਹ ਪਰਮੇਸ਼ੁਰ ਵੱਲੋਂ ਯਿਸੂ ਮਸੀਹ ਰਾਹੀਂ ਕੀਤੇ ਗਏ ਜੀਵਨ ਦੇ ਪ੍ਰਬੰਧ ਵਿਚ ਨਿਹਚਾ ਰੱਖਦੇ ਹਨ। (ਰਸੂਲਾਂ ਦੇ ਕਰਤੱਬ 4:12) ਉਹ ਆਪਣੇ ਸੰਗ ਉਨ੍ਹਾਂ ਨੇਕਦਿਲ ਵਿਅਕਤੀਆਂ ਨੂੰ ਦੇਖ ਕੇ ਖ਼ੁਸ਼ ਹਨ ਜੋ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖਣ ਦੀ ਇੱਛਾ ਰੱਖਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ। ਇਸ “ਓੜਕ ਦੇ ਸਮੇਂ” ਵਿਚ ਉਨ੍ਹਾਂ ਦੇ ਰਾਜ ਗ੍ਰਹਿ ਉਨ੍ਹਾਂ ਲੋਕਾਂ ਲਈ ਖੁੱਲ੍ਹੇ ਹਨ ਜੋ ‘ਅੰਮ੍ਰਿਤ ਜਲ ਮੁਖਤ ਲੈਣਾ’ ਚਾਹੁੰਦੇ ਹਨ।—ਦਾਨੀਏਲ 12:4.
ਸਮਾਂ ਬੀਤਣ ਨਾਲ ਤਬਦੀਲੀਆਂ
6. ਪਰਮੇਸ਼ੁਰ ਦੀ ਆਤਮਾ ਨੇ ਵੱਖੋ-ਵੱਖਰੇ ਸਮਿਆਂ ਦੌਰਾਨ ਯਹੋਵਾਹ ਦੇ ਸੇਵਕਾਂ ਉੱਤੇ ਕਿਵੇਂ ਪ੍ਰਭਾਵ ਪਾਇਆ ਹੈ?
6 ਆਪਣੇ ਮਕਸਦਾਂ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਦਾ ਇਕ ਨਿਯੁਕਤ ਸਮਾਂ ਹੈ, ਅਤੇ ਇਨਸਾਨਾਂ ਨਾਲ ਇਹ ਉਸ ਦੇ ਵਿਹਾਰ ਉੱਤੇ ਪ੍ਰਭਾਵ ਪਾਉਂਦਾ ਹੈ। (ਉਪਦੇਸ਼ਕ ਦੀ ਪੋਥੀ 3:1; ਰਸੂਲਾਂ ਦੇ ਕਰਤੱਬ 1:7) ਭਾਵੇਂ ਕਿ ਪਰਮੇਸ਼ੁਰ ਦੇ ਮਸੀਹ-ਪੂਰਵ ਸਮਿਆਂ ਦੇ ਸੇਵਕਾਂ ਉੱਤੇ ਉਸ ਦੀ ਆਤਮਾ ਆਈ, ਉਹ ਸੇਵਕ ਉਸ ਦੇ ਅਧਿਆਤਮਿਕ ਪੁੱਤਰਾਂ ਵਜੋਂ ਨਹੀਂ ਉਤਪੰਨ ਕੀਤੇ ਗਏ ਸਨ। ਪਰ, ਯਿਸੂ ਤੋਂ ਸ਼ੁਰੂ ਕਰਦੇ ਹੋਏ, ਸਮਰਪਿਤ ਆਦਮੀਆਂ ਅਤੇ ਔਰਤਾਂ ਨੂੰ ਇਕ ਸਵਰਗੀ ਵਿਰਾਸਤ ਲਈ ਪਵਿੱਤਰ ਆਤਮਾ ਰਾਹੀਂ ਉਤਪੰਨ ਕਰਨ ਦਾ ਯਹੋਵਾਹ ਦਾ ਸਮਾਂ ਆ ਗਿਆ ਸੀ। ਅਤੇ ਸਾਡੇ ਸਮੇਂ ਬਾਰੇ ਕੀ? ਉਹੀ ਆਤਮਾ ਯਿਸੂ ਦੀਆਂ ‘ਹੋਰ ਭੇਡਾਂ’ ਉੱਤੇ ਪ੍ਰਭਾਵ ਪਾ ਰਹੀ ਹੈ, ਲੇਕਿਨ ਉਹ ਉਨ੍ਹਾਂ ਵਿਚ ਸਵਰਗੀ ਜੀਵਨ ਦੀ ਉਮੀਦ ਅਤੇ ਇੱਛਾ ਉਤੇਜਿਤ ਨਹੀਂ ਕਰ ਰਹੀ ਹੈ। (ਯੂਹੰਨਾ 10:16) ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਪਰਮੇਸ਼ੁਰ-ਦਿੱਤ ਉਮੀਦ ਰੱਖਦੇ ਹੋਏ, ਉਹ ਇਸ ਸਮੇਂ ਦੌਰਾਨ ਜਦੋਂ ਕਿ ਪੁਰਾਣੇ ਸੰਸਾਰ ਦੀ ਥਾਂ ਤੇ ਪਰਮੇਸ਼ੁਰ ਦਾ ਧਰਮੀ ਨਵਾਂ ਸੰਸਾਰ ਆਉਣ ਵਾਲਾ ਹੈ, ਗਵਾਹੀ ਦੇਣ ਵਿਚ ਮਸਹ ਕੀਤੇ ਹੋਏ ਬਕੀਏ ਦਾ ਖ਼ੁਸ਼ੀ-ਖ਼ੁਸ਼ੀ ਸਮਰਥਨ ਕਰਦੇ ਹਨ।—2 ਪਤਰਸ 3:5-13.
7. ਬਾਈਬਲ ਸਟੂਡੈਂਟਸ ਕਿਸ ਵਾਢੀ ਦੇ ਕੰਮ ਵਿਚ ਰੁੱਝੇ ਹੋਏ ਸਨ, ਪਰ ਉਹ ਪਰਾਦੀਸ ਬਾਰੇ ਕੀ ਜਾਣਦੇ ਸਨ?
7 ਪੰਤੇਕੁਸਤ 33 ਸਾ.ਯੁ. ਤੇ, ਪਵਿੱਤਰ ਆਤਮਾ ਦੇ ਵਹਾਉ ਨਾਲ ਪਰਮੇਸ਼ੁਰ ‘ਬਹੁਤਿਆਂ ਪੁੱਤ੍ਰਾਂ ਨੂੰ ਤੇਜ ਵਿੱਚ ਲਿਆਉਣ’ ਲੱਗਾ, ਅਤੇ ਜ਼ਾਹਰਾ ਤੌਰ ਤੇ ਉਸ ਨੇ “ਪਰਮੇਸ਼ੁਰ ਦੇ” ਅਧਿਆਤਮਿਕ “ਇਸਰਾਏਲ” ਦੀ ਕੁੱਲ ਗਿਣਤੀ 1,44,000 ਪੂਰੀ ਹੋਣ ਦਾ ਸਮਾਂ ਨਿਸ਼ਚਿਤ ਕੀਤਾ। (ਇਬਰਾਨੀਆਂ 2:10; ਗਲਾਤੀਆਂ 6:16; ਪਰਕਾਸ਼ ਦੀ ਪੋਥੀ 7:1-8) 1879 ਤੋਂ, ਇਸ ਰਸਾਲੇ ਵਿਚ ਇਕ ਵਾਢੀ ਦੇ ਕੰਮ ਦਾ ਅਕਸਰ ਜ਼ਿਕਰ ਕੀਤਾ ਗਿਆ ਸੀ ਜਿਸ ਵਿਚ ਮਸਹ ਕੀਤੇ ਹੋਏ ਮਸੀਹੀ ਸ਼ਾਮਲ ਸਨ। ਪਰ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ ਕਹਾਉਂਦੇ ਹਨ) ਇਹ ਵੀ ਜਾਣਦੇ ਸਨ ਕਿ ਸ਼ਾਸਤਰ ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਪੇਸ਼ ਕਰਦਾ ਹੈ। ਉਦਾਹਰਣ ਲਈ, ਜੁਲਾਈ 1883 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਅੰਕ ਨੇ ਕਿਹਾ: “ਜਦੋਂ ਯਿਸੂ ਆਪਣਾ ਰਾਜ ਸਥਾਪਿਤ ਕਰ ਚੁੱਕਾ ਹੋਵੇਗਾ, ਦੁਸ਼ਟਤਾ ਨੂੰ ਖ਼ਤਮ ਕਰ ਚੁੱਕਾ ਹੋਵੇਗਾ, ਅਤੇ ਇਸ ਤਰ੍ਹਾਂ ਦੇ ਹੋਰ ਕੰਮ ਕਰ ਚੁੱਕਾ ਹੋਵੇਗਾ, ਤਾਂ ਇਹ ਧਰਤੀ ਇਕ ਪਰਾਦੀਸ ਬਣ ਜਾਵੇਗੀ, . . . ਅਤੇ ਉਹ ਸਾਰੇ ਲੋਕ ਜੋ ਆਪਣੀਆਂ ਕਬਰਾਂ ਵਿਚ ਹਨ ਪਰਾਦੀਸ ਧਰਤੀ ਤੇ ਵਾਪਸ ਆਉਣਗੇ। ਅਤੇ ਉਸ ਦੇ ਨਿਯਮਾਂ ਦੀ ਪਾਲਣਾ ਕਰਨ ਦੁਆਰਾ ਉਹ ਸਦਾ ਲਈ ਉਸ ਤੇ ਜੀ ਸਕਣਗੇ।” ਜਿਉਂ-ਜਿਉਂ ਸਮਾਂ ਬੀਤਦਾ ਗਿਆ, ਮਸਹ ਕੀਤੇ ਹੋਏ ਵਿਅਕਤੀਆਂ ਦੀ ਵਾਢੀ ਘੱਟਦੀ ਗਈ, ਅਤੇ ਸਹਿਜੇ-ਸਹਿਜੇ ਜਿਨ੍ਹਾਂ ਵਿਅਕਤੀਆਂ ਦੀ ਸਵਰਗੀ ਉਮੀਦ ਨਹੀਂ ਸੀ, ਉਹ ਯਹੋਵਾਹ ਦੇ ਸੰਗਠਨ ਵਿਚ ਇਕੱਠੇ ਕੀਤੇ ਗਏ। ਇਸ ਸਮੇਂ ਦੇ ਦੌਰਾਨ, ਪਰਮੇਸ਼ੁਰ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ, ਅਰਥਾਤ, ਨਵੇਂ ਸਿਰਿਓਂ ਜੰਮੇ ਮਸੀਹੀਆਂ ਨੂੰ ਵਿਸ਼ੇਸ਼ ਬੁੱਧੀ ਬਖ਼ਸ਼ੀ।—ਦਾਨੀਏਲ 12:3; ਫ਼ਿਲਿੱਪੀਆਂ 2:15; ਪਰਕਾਸ਼ ਦੀ ਪੋਥੀ 14:15, 16.
8. ਉੱਨੀ ਸੌ ਤੀਹ ਦੇ ਦਹਾਕੇ ਦੇ ਮੁਢਲੇ ਹਿੱਸੇ ਵਿਚ ਪਾਰਥਿਵ ਉਮੀਦ ਬਾਰੇ ਸਮਝ ਕਿਵੇਂ ਵਧੀ?
8 ਖ਼ਾਸ ਕਰਕੇ 1931 ਤੋਂ ਪਾਰਥਿਵ ਉਮੀਦ ਵਾਲੇ ਵਿਅਕਤੀ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਦੇ ਆਏ ਹਨ। ਉਸ ਸਾਲ ਵਿਚ, ਯਹੋਵਾਹ ਨੇ ਆਤਮਾ ਤੋਂ ਜੰਮੇ ਮਸੀਹੀਆਂ ਦੇ ਬਕੀਏ ਨੂੰ ਇਹ ਸਮਝਣ ਲਈ ਗਿਆਨ ਦਿੱਤਾ ਕਿ ਹਿਜ਼ਕੀਏਲ ਅਧਿਆਇ 9 ਇਸ ਪਾਰਥਿਵ ਵਰਗ ਦੀ ਗੱਲ ਕਰਦਾ ਹੈ, ਜਿਨ੍ਹਾਂ ਉੱਤੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਮੁਕਤੀ ਲਈ ਨਿਸ਼ਾਨ ਲਗਾਇਆ ਜਾ ਰਿਹਾ ਹੈ। 1932 ਵਿਚ ਇਹ ਸਿੱਟਾ ਕੱਢਿਆ ਗਿਆ ਕਿ ਵਰਤਮਾਨ ਦਿਨ ਦੇ ਅਜਿਹੇ ਭੇਡ-ਸਮਾਨ ਵਿਅਕਤੀ ਯੇਹੂ ਦੇ ਸਾਥੀ ਯੋਨਾਦਾਬ (ਯਹੋਨਾਦਾਬ) ਦੁਆਰਾ ਦਰਸਾਏ ਗਏ ਸਨ। (2 ਰਾਜਿਆਂ 10:10-17) 1934 ਵਿਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ‘ਯੋਨਾਦਾਬ-ਸਮਾਨ ਲੋਕਾਂ’ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ “ਅਰਪਿਤ,” ਜਾਂ ਸਮਰਪਿਤ ਕਰਨਾ ਚਾਹੀਦਾ ਹੈ। 1935 ਵਿਚ “ਵੱਡੇ ਇਕੱਠ” ਜਾਂ “ਵੱਡੀ ਭੀੜ” ਦੀ ਪਛਾਣ ਪਾਰਥਿਵ ਉਮੀਦ ਰੱਖਣ ਵਾਲੀਆਂ ਹੋਰ ਭੇਡਾਂ ਵਜੋਂ ਕੀਤੀ ਗਈ; ਪਹਿਲਾਂ ਇਨ੍ਹਾਂ ਨੂੰ ਦੂਜੇ ਦਰਜੇ ਦਾ ਅਧਿਆਤਮਿਕ ਵਰਗ ਸਮਝਿਆ ਜਾਂਦਾ ਸੀ ਜੋ ਕਿ ਸਵਰਗ ਵਿਚ ਮਸੀਹ ਦੀ ਲਾੜੀ ਦੀਆਂ “ਸਹੇਲੀਆਂ” ਹੋਣਗੀਆਂ। (ਪਰਕਾਸ਼ ਦੀ ਪੋਥੀ 7:4-15; 21:2, 9; ਜ਼ਬੂਰ 45:14, 15) ਅਤੇ ਖ਼ਾਸ ਕਰਕੇ 1935 ਤੋਂ ਮਸਹ ਕੀਤੇ ਹੋਏ ਵਿਅਕਤੀ ਉਨ੍ਹਾਂ ਨੇਕ ਲੋਕਾਂ ਦੀ ਖੋਜ ਵਿਚ ਪਹਿਲ ਕਰਦੇ ਆਏ ਹਨ ਜੋ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਉਣ ਵਾਸਤੇ ਤਾਂਘਦੇ ਹਨ।
9. ਸੰਨ 1935 ਤੋਂ ਬਾਅਦ, ਕੁਝ ਮਸੀਹੀਆਂ ਨੇ ਪ੍ਰਭੂ ਦੇ ਸੰਧਿਆ ਭੋਜਨ ਦੇ ਪ੍ਰਤੀਕ ਲੈਣੇ ਕਿਉਂ ਬੰਦ ਕਰ ਦਿੱਤੇ?
9 ਸੰਨ 1935 ਤੋਂ ਬਾਅਦ ਕੁਝ ਮਸੀਹੀ ਜੋ ਪ੍ਰਭੂ ਦੇ ਸੰਧਿਆ ਭੋਜਨ ਦੀ ਰੋਟੀ ਅਤੇ ਦਾਖ-ਰਸ ਲੈ ਰਹੇ ਸਨ, ਉਨ੍ਹਾਂ ਨੇ ਇਹ ਲੈਣੇ ਬੰਦ ਕਰ ਦਿੱਤੇ। ਕਿਉਂ? ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਉਮੀਦ ਸਵਰਗੀ ਨਹੀਂ, ਬਲਕਿ ਪਾਰਥਿਵ ਸੀ। ਇਕ ਔਰਤ ਜਿਸ ਨੇ 1930 ਵਿਚ ਬਪਤਿਸਮਾ ਲਿਆ ਸੀ, ਨੇ ਕਿਹਾ: “ਭਾਵੇਂ ਕਿ [ਰੋਟੀ ਅਤੇ ਦਾਖ-ਰਸ ਲੈਣਾ] ਉਚਿਤ ਸਮਝਿਆ ਜਾਂਦਾ ਸੀ, ਖ਼ਾਸ ਕਰਕੇ ਜੋਸ਼ੀਲੇ ਪੂਰਣ-ਕਾਲੀ ਸੇਵਕਾਂ ਲਈ, ਮੈਨੂੰ ਕਦੇ ਵੀ ਯਕੀਨ ਨਹੀਂ ਸੀ ਕਿ ਮੇਰੀ ਉਮੀਦ ਸਵਰਗੀ ਹੈ। ਫਿਰ, 1935 ਵਿਚ, ਇਹ ਸਪੱਸ਼ਟ ਕੀਤਾ ਗਿਆ ਕਿ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਣ ਵਾਲੀ ਇਕ ਵੱਡੀ ਭੀੜ ਇਕੱਠੀ ਕੀਤੀ ਜਾ ਰਹੀ ਸੀ। ਸਾਡੇ ਵਿੱਚੋਂ ਕਈ ਇਹ ਸਮਝ ਕੇ ਬਹੁਤ ਖ਼ੁਸ਼ ਹੋਏ ਕਿ ਅਸੀਂ ਵੱਡੀ ਭੀੜ ਦਾ ਭਾਗ ਸੀ, ਅਤੇ ਅਸੀਂ ਇਹ ਪ੍ਰਤੀਕ ਲੈਣੇ ਬੰਦ ਕਰ ਦਿੱਤੇ।” ਮਸੀਹੀ ਪ੍ਰਕਾਸ਼ਨਾਂ ਦਾ ਵਿਸ਼ਾ ਵੀ ਬਦਲ ਗਿਆ। ਜਦ ਕਿ ਮੁਢਲੇ ਸਾਲਾਂ ਦੇ ਪ੍ਰਕਾਸ਼ਨ ਪ੍ਰਾਥਮਿਕ ਤੌਰ ਤੇ ਆਤਮਾ ਤੋਂ ਜੰਮੇ ਯਿਸੂ ਦੇ ਪੈਰੋਕਾਰਾਂ ਲਈ ਤਿਆਰ ਕੀਤੇ ਗਏ ਸਨ, 1935 ਤੋਂ ‘ਮਾਤਬਰ ਨੌਕਰ’ ਵੱਲੋਂ ਪਹਿਰਾਬੁਰਜ ਅਤੇ ਦੂਜੇ ਸਾਹਿੱਤ ਨੇ ਅਜਿਹਾ ਅਧਿਆਤਮਿਕ ਭੋਜਨ ਦਿੱਤਾ ਜਿਸ ਨੇ ਦੋਵੇਂ ਮਸਹ ਕੀਤੇ ਹੋਏ ਵਿਅਕਤੀਆਂ ਅਤੇ ਪਾਰਥਿਵ ਉਮੀਦ ਰੱਖਣ ਵਾਲੇ ਉਨ੍ਹਾਂ ਦੇ ਸਾਥੀਆਂ ਦੀਆਂ ਲੋੜਾਂ ਨੂੰ ਪੂਰਾ ਕੀਤਾ।—ਮੱਤੀ 24:45-47.
10. ਮਸਹ ਕੀਤੇ ਹੋਏ ਇਕ ਬੇਵਫ਼ਾ ਵਿਅਕਤੀ ਦੀ ਥਾਂ ਸ਼ਾਇਦ ਕਿਸ ਤਰ੍ਹਾਂ ਭਰੀ ਜਾ ਸਕਦੀ ਹੈ?
10 ਫ਼ਰਜ਼ ਕਰੋ ਕਿ ਮਸਹ ਕੀਤਾ ਹੋਇਆ ਇਕ ਵਿਅਕਤੀ ਬੇਵਫ਼ਾ ਹੋ ਜਾਂਦਾ ਹੈ। ਕੀ ਕੋਈ ਹੋਰ ਵਿਅਕਤੀ ਉਸ ਦੀ ਥਾਂ ਲਵੇਗਾ? ਇਸੇ ਗੱਲ ਦਾ ਸੰਕੇਤ ਪੌਲੁਸ ਨੇ ਪ੍ਰਤੀਕਾਤਮਕ ਜ਼ੈਤੂਨ ਦੇ ਰੁੱਖ ਬਾਰੇ ਆਪਣੀ ਚਰਚਾ ਵਿਚ ਦਿੱਤਾ। (ਰੋਮੀਆਂ 11:11-32) ਜੇਕਰ ਆਤਮਾ ਤੋਂ ਜੰਮੇ ਇਕ ਵਿਅਕਤੀ ਦੀ ਥਾਂ ਭਰਨ ਦੀ ਜ਼ਰੂਰਤ ਪਵੇ, ਤਾਂ ਇਹ ਸੰਭਵ ਹੈ ਕਿ ਪਰਮੇਸ਼ੁਰ ਅਜਿਹੇ ਵਿਅਕਤੀ ਨੂੰ ਸਵਰਗੀ ਸੱਦਾ ਦੇਵੇਗਾ ਜਿਸ ਨੇ ਕਈ ਸਾਲਾਂ ਤੋਂ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨ ਵਿਚ ਮਿਸਾਲੀ ਨਿਹਚਾ ਦਿਖਾਈ ਹੈ।—ਤੁਲਨਾ ਕਰੋ ਲੂਕਾ 22:28, 29; 1 ਪਤਰਸ 1:6, 7.
ਸ਼ੁਕਰਗੁਜ਼ਾਰ ਹੋਣ ਦੇ ਕਈ ਕਾਰਨ
11. ਸਾਡੀ ਉਮੀਦ ਭਾਵੇਂ ਜੋ ਵੀ ਹੋਵੇ, ਯਾਕੂਬ 1:17 ਸਾਨੂੰ ਕਿਸ ਗੱਲ ਦਾ ਭਰੋਸਾ ਦਿਵਾਉਂਦਾ ਹੈ?
11 ਜਿੱਥੇ ਕਿਤੇ ਵੀ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਉਹ ਸਾਡੀਆਂ ਲੋੜਾਂ ਅਤੇ ਨੇਕ ਇੱਛਾਵਾਂ ਨੂੰ ਪੂਰਾ ਕਰੇਗਾ। (ਜ਼ਬੂਰ 145:16; ਲੂਕਾ 1:67-74) ਚਾਹੇ ਸਾਡੀ ਇਕ ਅਸਲੀ ਸਵਰਗੀ ਉਮੀਦ ਹੈ ਜਾਂ ਸਾਡੀ ਸੰਭਾਵਨਾ ਪਾਰਥਿਵ ਹੈ, ਸਾਡੇ ਕੋਲ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦੇ ਕਈ ਠੋਸ ਕਾਰਨ ਹਨ। ਉਹ ਹਮੇਸ਼ਾ ਉਨ੍ਹਾਂ ਦੀ ਭਲਾਈ ਲਈ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਚੇਲੇ ਯਾਕੂਬ ਨੇ ਕਿਹਾ ਕਿ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ,” ਯਹੋਵਾਹ ਪਰਮੇਸ਼ੁਰ “ਵੱਲੋਂ ਉਤਰ ਆਉਂਦੀ ਹੈ।” (ਯਾਕੂਬ 1:17) ਆਓ ਅਸੀਂ ਇਨ੍ਹਾਂ ਕੁਝ ਦਾਨਾਂ ਅਤੇ ਬਰਕਤਾਂ ਵੱਲ ਧਿਆਨ ਦੇਈਏ।
12. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਹਰੇਕ ਵਫ਼ਾਦਾਰ ਸੇਵਕ ਨੂੰ ਇਕ ਵਧੀਆ ਉਮੀਦ ਦਿੱਤੀ ਹੈ?
12 ਯਹੋਵਾਹ ਨੇ ਆਪਣੇ ਹਰੇਕ ਸੇਵਕ ਨੂੰ ਇਕ ਵਧੀਆ ਉਮੀਦ ਦਿੱਤੀ ਹੈ। ਉਸ ਨੇ ਕਈਆਂ ਨੂੰ ਸਵਰਗੀ ਜੀਵਨ ਲਈ ਸੱਦਿਆ ਹੈ। ਆਪਣੇ ਮਸੀਹ-ਪੂਰਵ ਗਵਾਹਾਂ ਨੂੰ ਯਹੋਵਾਹ ਨੇ ਧਰਤੀ ਉੱਤੇ ਸਦੀਪਕ ਜੀਵਨ ਲਈ ਜੀ ਉਠਾਏ ਜਾਣ ਦੀ ਸ਼ਾਨਦਾਰ ਉਮੀਦ ਦਿੱਤੀ ਸੀ। ਉਦਾਹਰਣ ਲਈ, ਅਬਰਾਹਾਮ ਦੀ ਪੁਨਰ-ਉਥਾਨ ਵਿਚ ਨਿਹਚਾ ਸੀ ਅਤੇ ਉਸ ਨੇ “ਉਸ ਨਗਰ” ਦੀ ਉਡੀਕ ਕੀਤੀ “ਜਿਹ ਦੀਆਂ [“ਅਸਲੀ,” ਨਿ ਵ] ਨੀਹਾਂ ਹਨ”—ਉਹ ਸਵਰਗੀ ਰਾਜ ਜਿਸ ਦੇ ਅਧੀਨ ਉਹ ਪਾਰਥਿਵ ਜੀਵਨ ਲਈ ਜੀ ਉਠਾਇਆ ਜਾਵੇਗਾ। (ਇਬਰਾਨੀਆਂ 11:10, 17-19) ਇਕ ਵਾਰੀ ਫਿਰ, ਇਸ ਅੰਤ ਦੇ ਸਮੇਂ ਵਿਚ, ਪਰਮੇਸ਼ੁਰ ਲੱਖਾਂ ਹੀ ਲੋਕਾਂ ਨੂੰ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਦੇ ਰਿਹਾ ਹੈ। (ਲੂਕਾ 23:43; ਯੂਹੰਨਾ 17:3) ਯਕੀਨਨ, ਜਿਨ੍ਹਾਂ ਨੂੰ ਯਹੋਵਾਹ ਨੇ ਅਜਿਹੀ ਉੱਤਮ ਉਮੀਦ ਦਿੱਤੀ ਹੈ, ਉਨ੍ਹਾਂ ਨੂੰ ਦਿਲੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
13. ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਉਸ ਦੇ ਲੋਕਾਂ ਉੱਤੇ ਕਿਵੇਂ ਪ੍ਰਭਾਵ ਪਾਇਆ ਹੈ?
13 ਯਹੋਵਾਹ ਆਪਣੀ ਪਵਿੱਤਰ ਆਤਮਾ ਇਕ ਦਾਨ ਵਜੋਂ ਆਪਣੇ ਲੋਕਾਂ ਨੂੰ ਬਖ਼ਸ਼ਦਾ ਹੈ। ਸਵਰਗੀ ਉਮੀਦ ਵਾਲੇ ਮਸੀਹੀਆਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਜਾਂਦਾ ਹੈ। (1 ਯੂਹੰਨਾ 2:20; 5:1-4, 18) ਫਿਰ ਵੀ, ਪਾਰਥਿਵ ਸੰਭਾਵਨਾਵਾਂ ਰੱਖਣ ਵਾਲੇ ਪਰਮੇਸ਼ੁਰ ਦੇ ਸੇਵਕਾਂ ਕੋਲ ਵੀ ਆਤਮਾ ਦੀ ਮਦਦ ਅਤੇ ਅਗਵਾਈ ਹੈ। ਇਨ੍ਹਾਂ ਵਿਚ ਮੂਸਾ ਸ਼ਾਮਲ ਸੀ, ਜਿਸ ਕੋਲ ਯਹੋਵਾਹ ਦੀ ਆਤਮਾ ਸੀ, ਠੀਕ ਜਿਵੇਂ ਉਨ੍ਹਾਂ 70 ਮਨੁੱਖਾਂ ਕੋਲ ਵੀ ਸੀ ਜੋ ਉਸ ਦੀ ਸਹਾਇਤਾ ਕਰਨ ਲਈ ਨਿਯੁਕਤ ਕੀਤੇ ਗਏ ਸਨ। (ਗਿਣਤੀ 11:24, 25) ਪਵਿੱਤਰ ਆਤਮਾ ਦੇ ਪ੍ਰਭਾਵ ਅਧੀਨ, ਇਸਰਾਏਲ ਦੇ ਡੇਹਰੇ ਦੇ ਸੰਬੰਧ ਵਿਚ ਬਸਲਏਲ ਨੇ ਇਕ ਮਾਹਰ ਕਾਰੀਗਰ ਵਜੋਂ ਕੰਮ ਕੀਤਾ। (ਕੂਚ 31:1-11) ਪਰਮੇਸ਼ੁਰ ਦੀ ਆਤਮਾ ਗਿਦਾਊਨ, ਯਿਫ਼ਤਾਹ, ਸਮਸੂਨ, ਦਾਊਦ, ਏਲੀਯਾਹ, ਅਲੀਸ਼ਾ, ਅਤੇ ਹੋਰਨਾਂ ਉੱਤੇ ਆਈ। ਭਾਵੇਂ ਕਿ ਪ੍ਰਾਚੀਨ ਸਮੇਂ ਦੇ ਇਹ ਵਿਅਕਤੀ ਸਵਰਗੀ ਤੇਜ ਵਿਚ ਕਦੇ ਵੀ ਨਹੀਂ ਲਿਆਏ ਜਾਣਗੇ, ਪਰ ਉਨ੍ਹਾਂ ਨੂੰ ਪਵਿੱਤਰ ਆਤਮਾ ਰਾਹੀਂ ਮਾਰਗ-ਦਰਸ਼ਨ ਅਤੇ ਮਦਦ ਦਿੱਤੀ ਗਈ ਸੀ, ਜਿਵੇਂ ਕਿ ਅੱਜ ਯਿਸੂ ਦੀਆਂ ਹੋਰ ਭੇਡਾਂ ਨੂੰ ਵੀ ਦਿੱਤੀ ਜਾਂਦੀ ਹੈ। ਤਾਂ ਫਿਰ, ਪਰਮੇਸ਼ੁਰ ਦੀ ਆਤਮਾ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਹੈ ਕਿ ਸਾਡਾ ਸੱਦਾ ਸਵਰਗੀ ਹੈ। ਫਿਰ ਵੀ, ਯਹੋਵਾਹ ਦੀ ਆਤਮਾ ਅਗਵਾਈ ਕਰਦੀ ਹੈ, ਪ੍ਰਚਾਰ ਅਤੇ ਹੋਰ ਪਰਮੇਸ਼ੁਰ-ਦਿੱਤ ਕਾਰਜ-ਨਿਯੁਕਤੀਆਂ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰਦੀ ਹੈ, ਸਾਨੂੰ ਸਮਰੱਥਾ ਦਾ ਅੱਤ ਵੱਡਾ ਮਹਾਤਮ ਦਿੰਦੀ ਹੈ, ਅਤੇ ਸਾਡੇ ਵਿਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਦੇ ਆਪਣੇ ਫਲ ਉਤਪੰਨ ਕਰਦੀ ਹੈ। (ਯੂਹੰਨਾ 16:13; ਰਸੂਲਾਂ ਦੇ ਕਰਤੱਬ 1:8; 2 ਕੁਰਿੰਥੀਆਂ 4:7-10; ਗਲਾਤੀਆਂ 5:22, 23) ਕੀ ਸਾਨੂੰ ਪਰਮੇਸ਼ੁਰ ਦੇ ਇਸ ਵਧੀਆ ਦਾਨ ਲਈ ਧੰਨਵਾਦੀ ਨਹੀਂ ਹੋਣਾ ਚਾਹੀਦਾ?
14. ਅਸੀਂ ਪਰਮੇਸ਼ੁਰ ਵੱਲੋਂ ਗਿਆਨ ਅਤੇ ਬੁੱਧ ਦੇ ਦਾਨਾਂ ਤੋਂ ਕਿਵੇਂ ਲਾਭ ਉਠਾਉਂਦੇ ਹਾਂ?
14 ਗਿਆਨ ਅਤੇ ਬੁੱਧ ਪਰਮੇਸ਼ੁਰ ਵੱਲੋਂ ਦਾਨ ਹਨ ਜਿਨ੍ਹਾਂ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਚਾਹੇ ਸਾਡੀ ਉਮੀਦ ਸਵਰਗੀ ਹੈ ਜਾਂ ਪਾਰਥਿਵ। ਯਹੋਵਾਹ ਦਾ ਸਹੀ ਗਿਆਨ ਸਾਨੂੰ ‘ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰਨ’ ਲਈ ਅਤੇ ‘ਅਜਿਹੀ ਜੋਗ ਚਾਲ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ,’ ਚੱਲਣ ਵਿਚ ਮਦਦ ਦਿੰਦਾ ਹੈ। (ਫ਼ਿਲਿੱਪੀਆਂ 1:9-11, ਨਿ ਵ; ਕੁਲੁੱਸੀਆਂ 1:9, 10) ਈਸ਼ਵਰੀ ਬੁੱਧ ਜੀਵਨ ਵਿਚ ਰੱਖਿਆ ਅਤੇ ਅਗਵਾਈ ਵਜੋਂ ਕੰਮ ਆਉਂਦੀ ਹੈ। (ਕਹਾਉਤਾਂ 4:5-7; ਉਪਦੇਸ਼ਕ ਦੀ ਪੋਥੀ 7:12) ਸੱਚਾ ਗਿਆਨ ਅਤੇ ਬੁੱਧ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹਨ, ਅਤੇ ਮਸਹ ਕੀਤੇ ਹੋਇਆਂ ਵਿੱਚੋਂ ਬਾਕੀ ਬਚੇ ਥੋੜ੍ਹੇ ਵਿਅਕਤੀ ਖ਼ਾਸ ਕਰਕੇ ਉਨ੍ਹਾਂ ਦੀ ਸਵਰਗੀ ਉਮੀਦ ਬਾਰੇ ਉਸ ਵਿਚ ਦਿੱਤੇ ਗਏ ਕਥਨਾਂ ਵੱਲ ਖਿੱਚੇ ਜਾਂਦੇ ਹਨ। ਲੇਕਿਨ, ਪਰਮੇਸ਼ੁਰ ਦੇ ਬਚਨ ਲਈ ਪ੍ਰੇਮ ਅਤੇ ਉਸ ਦੀ ਚੰਗੀ ਸਮਝ ਹੋਣਾ, ਪਰਮੇਸ਼ੁਰ ਦਾ ਇਹ ਸੰਕੇਤ ਕਰਨ ਦਾ ਤਰੀਕਾ ਨਹੀਂ ਹੈ ਕਿ ਅਸੀਂ ਸਵਰਗੀ ਜੀਵਨ ਲਈ ਸੱਦੇ ਗਏ ਹਾਂ। ਮੂਸਾ ਅਤੇ ਦਾਨੀਏਲ ਵਰਗੇ ਮਨੁੱਖਾਂ ਨੇ ਬਾਈਬਲ ਦੇ ਕੁਝ ਹਿੱਸੇ ਵੀ ਲਿਖੇ, ਪਰ ਉਹ ਫਿਰ ਵੀ ਧਰਤੀ ਉੱਤੇ ਜੀਵਨ ਲਈ ਜੀ ਉਠਾਏ ਜਾਣਗੇ। ਚਾਹੇ ਸਾਡੀ ਉਮੀਦ ਸਵਰਗੀ ਹੈ ਜਾਂ ਪਾਰਥਿਵ, ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਪ੍ਰਵਾਨਿਤ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਅਧਿਆਤਮਿਕ ਭੋਜਨ ਮਿਲਦਾ ਹੈ। (ਮੱਤੀ 24:45-47) ਇਸ ਤਰ੍ਹਾਂ ਪ੍ਰਾਪਤ ਕੀਤੇ ਗਏ ਗਿਆਨ ਲਈ ਅਸੀਂ ਸਾਰੇ ਕਿੰਨੇ ਸ਼ੁਕਰਗੁਜ਼ਾਰ ਹਾਂ!
15. ਪਰਮੇਸ਼ੁਰ ਦਾ ਇਕ ਸਭ ਤੋਂ ਵੱਡਾ ਦਾਨ ਕੀ ਹੈ, ਅਤੇ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?
15 ਪਰਮੇਸ਼ੁਰ ਦਾ ਇਕ ਸਭ ਤੋਂ ਵੱਡਾ ਦਾਨ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦਾ ਪ੍ਰੇਮਮਈ ਪ੍ਰਬੰਧ ਹੈ, ਜੋ ਸਾਨੂੰ ਲਾਭ ਪਹੁੰਚਾਉਂਦਾ ਹੈ ਚਾਹੇ ਸਾਡੀ ਸਵਰਗੀ ਜਾਂ ਪਾਰਥਿਵ ਉਮੀਦ ਹੈ। ਪਰਮੇਸ਼ੁਰ ਨੇ ਮਨੁੱਖਜਾਤੀ ਦੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ “ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਅਤੇ ਯਿਸੂ ਦੇ ਪਿਆਰ ਨੇ ਉਸ ਨੂੰ “ਬਹੁਤਿਆਂ ਦੇ ਥਾਂ ਨਿਸਤਾਰੇ [“ਰਿਹਾਈ-ਕੀਮਤ,” ਨਿ ਵ] ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਲਈ ਪ੍ਰੇਰਿਤ ਕੀਤਾ। (ਮੱਤੀ 20:28) ਜਿਵੇਂ ਯੂਹੰਨਾ ਰਸੂਲ ਨੇ ਵਿਆਖਿਆ ਕੀਤੀ, ਯਿਸੂ ਮਸੀਹ “ਸਾਡਿਆਂ [ਮਸਹ ਕੀਤੇ ਹੋਏ ਵਿਅਕਤੀਆਂ ਦੇ] ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:1, 2) ਇਸ ਲਈ, ਸਦੀਪਕ ਜੀਵਨ ਦੀ ਮੁਕਤੀ ਲਈ ਇਸ ਪ੍ਰੇਮਮਈ ਪ੍ਰਬੰਧ ਵਾਸਤੇ ਸਾਨੂੰ ਸਾਰਿਆਂ ਨੂੰ ਦਿਲੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।b
ਕੀ ਤੁਸੀਂ ਹਾਜ਼ਰ ਹੋਵੋਗੇ?
16. ਅਪ੍ਰੈਲ 11, 1998, ਦੇ ਸੰਝ ਵੇਲੇ ਕਿਹੜੀ ਮਹੱਤਵਪੂਰਣ ਘਟਨਾ ਦੀ ਯਾਦਗਾਰ ਮਨਾਈ ਜਾਵੇਗੀ, ਅਤੇ ਕਿਨ੍ਹਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ?
16 ਪਰਮੇਸ਼ੁਰ ਵੱਲੋਂ ਆਪਣੇ ਪੁੱਤਰ ਰਾਹੀਂ ਰਿਹਾਈ-ਕੀਮਤ ਦੇ ਕੀਤੇ ਪ੍ਰਬੰਧ ਲਈ ਸ਼ੁਕਰਗੁਜ਼ਾਰੀ ਕਾਰਨ ਸਾਨੂੰ ਰਾਜ ਗ੍ਰਹਿਆਂ ਜਾਂ ਹੋਰ ਥਾਵਾਂ ਤੇ ਹਾਜ਼ਰ ਹੋਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ, ਜਿੱਥੇ ਅਪ੍ਰੈਲ 11, 1998 ਨੂੰ, ਯਹੋਵਾਹ ਦੇ ਗਵਾਹ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਸੰਝ ਵੇਲੇ ਇਕੱਠੇ ਹੋਣਗੇ। ਜਦੋਂ ਯਿਸੂ ਨੇ ਆਪਣੇ ਪਾਰਥਿਵ ਜੀਵਨ ਦੀ ਆਖ਼ਰੀ ਰਾਤ ਨੂੰ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਸ ਸਮਾਰੋਹ ਨੂੰ ਸਥਾਪਿਤ ਕੀਤਾ, ਤਾਂ ਉਸ ਨੇ ਕਿਹਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19, 20; ਮੱਤੀ 26:26-30) ਮਸਹ ਕੀਤੇ ਹੋਇਆਂ ਵਿੱਚੋਂ ਬਾਕੀ ਬਚੇ ਥੋੜ੍ਹੇ ਵਿਅਕਤੀ ਪਤੀਰੀ ਰੋਟੀ ਅਤੇ ਮਿਲਾਵਟ-ਰਹਿਤ ਲਾਲ ਦਾਖ-ਰਸ ਲੈਣਗੇ। ਪਤੀਰੀ ਰੋਟੀ ਯਿਸੂ ਦੇ ਪਾਪ-ਰਹਿਤ ਮਾਨਵੀ ਸਰੀਰ ਨੂੰ ਦਰਸਾਉਂਦੀ ਹੈ ਅਤੇ ਦਾਖ-ਰਸ ਉਸ ਦੇ ਬਲੀਦਾਨ ਵਿਚ ਵਹਾਏ ਗਏ ਲਹੂ ਨੂੰ ਦਰਸਾਉਂਦਾ ਹੈ। ਸਿਰਫ਼ ਆਤਮਾ ਤੋਂ ਜੰਮੇ ਮਸੀਹੀਆਂ ਨੂੰ ਹੀ ਇਹ ਲੈਣੇ ਚਾਹੀਦੇ ਹਨ ਕਿਉਂਕਿ ਕੇਵਲ ਉਹੀ ਨਵੇਂ ਨੇਮ ਅਤੇ ਰਾਜ ਨੇਮ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਕੋਲ ਹੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਨਿਸ਼ਚਿਤ ਸਬੂਤ ਹੈ ਕਿ ਉਨ੍ਹਾਂ ਦੀ ਉਮੀਦ ਸਵਰਗੀ ਹੈ। ਲੱਖਾਂ ਹੀ ਹੋਰ ਲੋਕ ਆਦਰਪੂਰਣ ਦਰਸ਼ਕਾਂ ਵਜੋਂ ਹਾਜ਼ਰ ਹੋਣਗੇ, ਜੋ ਸਦੀਪਕ ਜੀਵਨ ਨੂੰ ਸੰਭਵ ਬਣਾਉਣ ਵਾਲੇ, ਯਿਸੂ ਦੇ ਬਲੀਦਾਨ ਦੁਆਰਾ ਦਿਖਾਏ ਗਏ ਪਰਮੇਸ਼ੁਰ ਅਤੇ ਮਸੀਹ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਨ।—ਰੋਮੀਆਂ 6:23.
17. ਆਤਮਾ ਦੁਆਰਾ ਮਸਹ ਕੀਤੇ ਜਾਣ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
17 ਪਿਛਲੇ ਧਾਰਮਿਕ ਵਿਚਾਰਾਂ, ਇਕ ਪਿਆਰੇ ਦੀ ਮੌਤ ਤੋਂ ਪੈਦਾ ਹੋਣ ਵਾਲੇ ਜ਼ੋਰਦਾਰ ਜਜ਼ਬਾਤ, ਇਸ ਸਮੇਂ ਪਾਰਥਿਵ ਜੀਵਨ ਨਾਲ ਸੰਬੰਧਿਤ ਕਠਿਨਾਈਆਂ, ਜਾਂ ਯਹੋਵਾਹ ਵੱਲੋਂ ਕੋਈ ਵਿਸ਼ੇਸ਼ ਬਰਕਤ ਮਿਲਣ ਦੀ ਭਾਵਨਾ ਕਾਰਨ ਸ਼ਾਇਦ ਕੁਝ ਵਿਅਕਤੀ ਗ਼ਲਤੀ ਨਾਲ ਇਹ ਸਮਝ ਲੈਣ ਕਿ ਉਹ ਸਵਰਗੀ ਜੀਵਨ ਲਈ ਸੱਦੇ ਗਏ ਹਨ। ਪਰ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਲਈ ਆਪਣਾ ਧੰਨਵਾਦ ਦਿਖਾਉਣ ਵਾਸਤੇ ਸ਼ਾਸਤਰ ਸਾਨੂੰ ਸਮਾਰਕ ਪ੍ਰਤੀਕ ਲੈਣ ਦਾ ਹੁਕਮ ਨਹੀਂ ਦਿੰਦਾ ਹੈ। ਇਸ ਤੋਂ ਇਲਾਵਾ, ਆਤਮਾ ਦੁਆਰਾ ਮਸਹ ਕਰਨਾ “ਨਾ ਚਾਹੁਣ ਵਾਲੇ ਦਾ, ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਪਰਮੇਸ਼ੁਰ ਦਾ ਕੰਮ ਹੈ,” ਜਿਸ ਨੇ ਯਿਸੂ ਨੂੰ ਇਕ ਅਧਿਆਤਮਿਕ ਪੁੱਤਰ ਵਜੋਂ ਉਤਪੰਨ ਕੀਤਾ ਅਤੇ ਸਿਰਫ਼ 1,44,000 ਹੋਰ ਪੁੱਤਰਾਂ ਨੂੰ ਤੇਜ ਵਿਚ ਲਿਆਉਂਦਾ ਹੈ।—ਰੋਮੀਆਂ 9:16; ਯਸਾਯਾਹ 64:8.
18. ਅੱਜ ਯਹੋਵਾਹ ਦੀ ਸੇਵਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਲਈ ਭਵਿੱਖ ਵਿਚ ਕਿਹੜੀਆਂ ਬਰਕਤਾਂ ਰੱਖੀਆਂ ਹੋਈਆਂ ਹਨ?
18 ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਦੀ ਸੇਵਾ ਕਰ ਰਹੇ ਇਨਸਾਨਾਂ ਦੀ ਵੱਡੀ ਗਿਣਤੀ ਦੀ ਪਰਮੇਸ਼ੁਰ-ਦਿੱਤ ਉਮੀਦ ਹੈ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ। (2 ਤਿਮੋਥਿਉਸ 3:1-5) ਜਲਦੀ ਹੀ, ਉਹ ਇਸ ਵਧੀਆ ਪਰਾਦੀਸ ਦਾ ਆਨੰਦ ਮਾਣਨਗੇ। ਉਸ ਸਮੇਂ ਰਾਜਕੁਮਾਰ ਸਵਰਗੀ ਸ਼ਾਸਨ ਦੇ ਅਧੀਨ ਪਾਰਥਿਵ ਕੰਮਾਂ ਦੀ ਦੇਖ-ਭਾਲ ਕਰਨਗੇ। (ਜ਼ਬੂਰ 45:16, ਨਿ ਵ) ਹਾਲਾਤ ਸ਼ਾਂਤਮਈ ਹੋਣਗੇ ਜਿਉਂ-ਜਿਉਂ ਧਰਤੀ ਦੇ ਵਾਸੀ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਯਹੋਵਾਹ ਦੇ ਤਰੀਕਿਆਂ ਬਾਰੇ ਹੋਰ ਸਿੱਖਣਗੇ। (ਯਸਾਯਾਹ 9:6, 7; ਪਰਕਾਸ਼ ਦੀ ਪੋਥੀ 20:12) ਘਰ ਬਣਾਉਣ ਅਤੇ ਧਰਤੀ ਨੂੰ ਵੱਸ ਵਿਚ ਕਰਨ ਦਾ ਬਹੁਤੇਰਾ ਕੰਮ ਹੋਵੇਗਾ। (ਯਸਾਯਾਹ 65:17-25) ਅਤੇ ਉਨ੍ਹਾਂ ਖ਼ੁਸ਼ ਪਰਿਵਾਰਕ ਪੁਨਰ-ਮਿਲਨੀਆਂ ਬਾਰੇ ਕਲਪਨਾ ਕਰੋ ਜਿਉਂ ਹੀ ਮੁਰਦੇ ਦੁਬਾਰਾ ਜੀਉਂਦੇ ਕੀਤੇ ਜਾਂਦੇ ਹਨ! (ਯੂਹੰਨਾ 5:28, 29) ਇਕ ਅੰਤਿਮ ਪਰੀਖਿਆ ਤੋਂ ਬਾਅਦ, ਸਾਰੀ ਦੁਸ਼ਟਤਾ ਖ਼ਤਮ ਕੀਤੀ ਜਾਵੇਗੀ। (ਪਰਕਾਸ਼ ਦੀ ਪੋਥੀ 20:7-10) ਬਾਅਦ ਵਿਚ ਸਦਾ ਲਈ, ਧਰਤੀ ਉਨ੍ਹਾਂ ਸੰਪੂਰਣ ਇਨਸਾਨਾਂ ਨਾਲ ਭਰੀ ਜਾਵੇਗੀ ਜਿਨ੍ਹਾਂ ਨੇ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕੀਤਾ ਹੈ।
[ਫੁਟਨੋਟ]
a ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ੇ 225-6 ਦੇਖੋ।
b ਪਹਿਰਾਬੁਰਜ (ਅੰਗ੍ਰੇਜ਼ੀ), ਮਾਰਚ 15, 1991, ਸਫ਼ੇ 19-22 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ‘ਅੰਮ੍ਰਿਤ ਜਲ ਮੁਖਤ ਲੈਣ’ ਦਾ ਅਰਥ ਕੀ ਹੈ?
◻ ਚਾਹੇ ਸਾਡੀ ਉਮੀਦ ਸਵਰਗੀ ਹੈ ਜਾਂ ਪਾਰਥਿਵ ਹੈ, ਸਾਡੇ ਕੋਲ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦੇ ਕਿਹੜੇ ਕਾਰਨ ਹਨ?
◻ ਸਾਨੂੰ ਸਾਰਿਆਂ ਨੂੰ ਕਿਹੜੇ ਸਾਲਾਨਾ ਸਮਾਰੋਹ ਵਿਚ ਹਾਜ਼ਰ ਹੋਣਾ ਚਾਹੀਦਾ ਹੈ?
◻ ਯਹੋਵਾਹ ਦੇ ਜ਼ਿਆਦਾਤਰ ਲੋਕਾਂ ਲਈ ਭਵਿੱਖ ਵਿਚ ਕੀ ਰੱਖਿਆ ਹੋਇਆ ਹੈ?
[ਸਫ਼ੇ 31 ਉੱਤੇ ਤਸਵੀਰ]
ਲੱਖਾਂ ਹੀ ਲੋਕ ‘ਅੰਮ੍ਰਿਤ ਜਲ ਮੁਖਤ ਲੈਣ’ ਲੱਗ ਪਏ ਹਨ। ਕੀ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋ?