ਪਾਠਕਾਂ ਵੱਲੋਂ ਸਵਾਲ
ਇਬਰਾਨੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਰਸੂਲ ਨੇ “ਹੱਥ ਰੱਖਣ” ਦਾ ਜ਼ਿਕਰ ਕੀਤਾ ਸੀ। ਕੀ ਉਹ ਬਜ਼ੁਰਗਾਂ ਦੀ ਨਿਯੁਕਤੀ ਦੀ ਗੱਲ ਕਰ ਰਿਹਾ ਸੀ ਜਾਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰ ਰਿਹਾ ਸੀ?—ਇਬ. 6:2.
ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ, ਲੇਕਿਨ ਲੱਗਦਾ ਹੈ ਕਿ ਪੌਲੁਸ ਉਨ੍ਹਾਂ ਦਾਤਾਂ ਦੀ ਗੱਲ ਕਰ ਰਿਹਾ ਸੀ ਜੋ ਨਵੇਂ ਚੇਲਿਆਂ ਨੂੰ ਪਰਮੇਸ਼ੁਰ ਵੱਲੋਂ ਮਿਲੀਆਂ ਸਨ।
ਬਾਈਬਲ ਵਿਚ ਪਰਮੇਸ਼ੁਰ ਦੀ ਕੋਈ ਖ਼ਾਸ ਸੇਵਾ ਕਰਨ ਦੇ ਸੰਬੰਧ ਵਿਚ ਵੀ ਹੱਥ ਰੱਖਣ ਬਾਰੇ ਗੱਲ ਕੀਤੀ ਗਈ ਹੈ। ਮੂਸਾ ਨੇ ਆਪਣੀ ਥਾਂ ਲੈਣ ਲਈ ਯਹੋਸ਼ੁਆ ਉੱਤੇ “ਆਪਣੇ ਹੱਥ” ਰੱਖੇ ਸਨ। (ਬਿਵ. 34:9) ਕਲੀਸਿਯਾ ਵਿਚ ਜ਼ਿੰਮੇਵਾਰੀ ਸੰਭਾਲਣ ਵਾਲੇ ਕੁਝ ਭਰਾਵਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ। (ਰਸੂ. 6:6; 1 ਤਿਮੋ. 4:14) ਪੌਲੁਸ ਰਸੂਲ ਨੇ ਕਿਹਾ ਸੀ ਕਿ ਕਿਸੇ ਉੱਤੇ ਹੱਥ ਛੇਤੀ ਨਾ ਧਰਿਆ ਜਾਵੇ।—1 ਤਿਮੋ. 5:22.
ਪੌਲੁਸ ਨੇ ਇਬਰਾਨੀਆਂ ਨੂੰ ਲਿਖਿਆ ਕਿ ਹੁਣ ਜਦ ਉਨ੍ਹਾਂ ਨੇ ‘ਸਿੱਖਿਆ ਦੀਆਂ ਆਦ ਗੱਲਾਂ’ ਛੱਡ ਦਿੱਤੀਆਂ ਹਨ, ਤਾਂ ਉਨ੍ਹਾਂ ਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ’ ਜਾਣ ਦੀ ਲੋੜ ਹੈ। ਫਿਰ ਉਸ ਨੇ ਦੱਸਿਆ ਕਿ ਆਦ ਗੱਲਾਂ ਕੀ ਹਨ: ‘ਮੁਰਦਿਆਂ ਕੰਮਾਂ ਤੋਂ ਤੋਬਾ ਕਰਨੀ, ਪਰਮੇਸ਼ੁਰ ਉੱਤੇ ਨਿਹਚਾ ਕਰਨੀ, ਅਸ਼ਨਾਨਾਂ ਦੀ ਅਤੇ ਹੱਥ ਰੱਖਣ ਦੀ ਸਿੱਖਿਆ।’ (ਇਬ. 6:1, 2) ਕੀ ਬਜ਼ੁਰਗਾਂ ਦੀ ਨਿਯੁਕਤੀ ਆਦ ਗੱਲਾਂ ਵਿੱਚੋਂ ਸੀ ਜਿਸ ਨੂੰ ਛੱਡ ਕੇ ਉਨ੍ਹਾਂ ਨੂੰ ਅਗਾਹਾਂ ਵਧਣ ਦੀ ਲੋੜ ਸੀ? ਨਹੀਂ। ਕਲੀਸਿਯਾ ਵਿਚ ਬਜ਼ੁਰਗ ਬਣਨ ਦੀ ਜ਼ਿੰਮੇਵਾਰੀ ਅਜਿਹਾ ਟੀਚਾ ਹੈ ਜਿਸ ਨੂੰ ਤਜਰਬੇਕਾਰ ਭਰਾਵਾਂ ਨੂੰ ਹਾਸਲ ਕਰਨਾ ਚਾਹੀਦਾ ਹੈ ਤੇ ਹਾਸਲ ਕਰਨ ਤੋਂ ਬਾਅਦ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ।—1 ਤਿਮੋ. 3:1.
ਬਾਈਬਲ ਵਿਚ ਇਕ ਹੋਰ ਮਕਸਦ ਲਈ ਵੀ ਹੱਥ ਰੱਖਣ ਦੀ ਗੱਲ ਕੀਤੀ ਗਈ ਹੈ। ਪਹਿਲੀ ਸਦੀ ਵਿਚ ਯਹੋਵਾਹ ਨੇ ਆਪਣੇ ਲੋਕਾਂ ਵਜੋਂ ਪੈਦਾਇਸ਼ੀ ਇਸਰਾਏਲੀਆਂ ਦੀ ਥਾਂ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਚੁਣਿਆ ਸੀ। (ਮੱਤੀ 21:43; ਰਸੂ. 15:14; ਗਲਾ. 6:16) ਇਸ ਗੱਲ ਦੇ ਸਬੂਤ ਵਜੋਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵੱਖ-ਵੱਖ ਬੋਲੀਆਂ ਵਰਗੀਆਂ ਚਮਤਕਾਰੀ ਦਾਤਾਂ ਦਿੱਤੀਆਂ ਸਨ। (1 ਕੁਰਿੰ. 12:4-11) ਜਦ ਕੁਰਨੇਲਿਯੁਸ ਤੇ ਉਸ ਦਾ ਟੱਬਰ ਯਿਸੂ ਦੇ ਚੇਲੇ ਬਣੇ, ਤਾਂ ਉਹ ਵੀ ਪਰਮੇਸ਼ੁਰ ਦੀ ਸ਼ਕਤੀ ਨਾਲ ਨਵੀਆਂ “ਬੋਲੀਆਂ” ਬੋਲਣ ਲੱਗੇ।—ਰਸੂ. 10:44-46.
ਕਈ ਵਾਰ ਇਹ ਚਮਤਕਾਰੀ ਦਾਤਾਂ ਹੱਥ ਰੱਖਣ ਨਾਲ ਮਿਲਦੀਆਂ ਸਨ। ਜਦ ਫ਼ਿਲਿੱਪੁਸ ਨੇ ਸਾਮਰਿਯਾ ਵਿਚ ਪ੍ਰਚਾਰ ਕੀਤਾ ਸੀ, ਤਾਂ ਕਈਆਂ ਨੇ ਬਪਤਿਸਮਾ ਲਿਆ ਸੀ। ਪ੍ਰਬੰਧਕ ਸਭਾ ਨੇ ਪਤਰਸ ਰਸੂਲ ਅਤੇ ਯੂਹੰਨਾ ਰਸੂਲ ਨੂੰ ਉੱਥੇ ਭੇਜਿਆ। ਕਿਉਂ? ਬਾਈਬਲ ਦੱਸਦੀ ਹੈ: “ਤਦ ਇਨ੍ਹਾਂ ਨੇ ਉਨ੍ਹਾਂ [ਨਵੇਂ ਚੇਲਿਆਂ] ਉੱਤੇ ਹੱਥ ਰੱਖੇ” ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮਿਲੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਚਮਤਕਾਰੀ ਦਾਤਾਂ ਮਿਲੀਆਂ ਜਿਨ੍ਹਾਂ ਦਾ ਸਬੂਤ ਸਭ ਦੇਖ ਸਕਦੇ ਸਨ। ਇਹ ਅਸੀਂ ਜਾਣਦੇ ਹਾਂ ਕਿਉਂਕਿ ਜਦ ਸ਼ਮਊਨ ਜੋ ਪਹਿਲਾ ਜਾਦੂਗਰ ਹੁੰਦਾ ਸੀ, ਨੇ ਦੇਖਿਆ ਕਿ ਹੱਥ ਰੱਖਣ ਨਾਲ ਚਮਤਕਾਰੀ ਦਾਤਾਂ ਮਿਲਦੀਆਂ ਹਨ, ਤਾਂ ਉਸ ਨੇ ਇਸ ਕਾਬਲੀਅਤ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਵੀ ਦਾਤਾਂ ਵੰਡ ਸਕੇ। (ਰਸੂ. 8:5-20) ਇਸ ਤੋਂ ਬਾਅਦ ਅਫ਼ਸੁਸ ਸ਼ਹਿਰ ਵਿਚ 12 ਜਣਿਆਂ ਨੇ ਬਪਤਿਸਮਾ ਲਿਆ। ਬਾਈਬਲ ਦੱਸਦੀ ਹੈ: “ਜਾਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਧਰੇ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਅਰ ਓਹ ਬੋਲੀਆਂ ਬੋਲਣ ਅਤੇ ਅਗੰਮ ਵਾਕ ਕਰਨ ਲੱਗੇ।”—ਰਸੂ. 19:1-7; ਹੋਰ ਜਾਣਕਾਰੀ ਲਈ 2 ਤਿਮੋਥਿਉਸ 1:6 ਦੇਖੋ।
ਇਸ ਲਈ ਲੱਗਦਾ ਹੈ ਕਿ ਜਦੋਂ ਇਬਰਾਨੀਆਂ 6:2 ਵਿਚ ਪੌਲੁਸ ਨੇ ਹੱਥ ਰੱਖਣ ਦੀ ਗੱਲ ਕੀਤੀ ਸੀ, ਤਾਂ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਚਮਤਕਾਰੀ ਦਾਤਾਂ ਮਿਲਣ ਦੀ ਗੱਲ ਕਰ ਰਿਹਾ ਸੀ।