ਮੁੜ ਜ਼ਿੰਦਾ ਕੀਤੇ ਜਾਣ ਦੀ ਸ਼ਾਨਦਾਰ ਉਮੀਦ!
ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮੌਤ ਤੋਂ ਬਾਅਦ ਜੀਵਨ ਹੈ। ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਵਿਚ ਇਕ ਪੂਰਾ ਅਧਿਆਇ ਇਨਸਾਨ ਦੇ ਦੁਬਾਰਾ ਜੀ ਉੱਠਣ ਬਾਰੇ ਦੱਸਦਾ ਹੈ। ਉਸ ਦੇ 75ਵੇਂ ਅਧਿਆਇ ਦੀਆਂ ਕੁਝ ਆਇਤਾਂ ਕਹਿੰਦੀਆਂ ਹਨ: ‘ਮੈਨੂੰ ਉਸ ਦਿਨ ਦੀ ਕਸਮ ਜਦ ਸਭ ਲੋਕਾਂ ਨੂੰ ਉਠਾ ਕੇ ਖੜ੍ਹਾ ਕੀਤਾ ਜਾਵੇਗਾ। ਕੀ ਇਨਸਾਨ ਇਹ ਖ਼ਿਆਲ ਰੱਖਦਾ ਹੈ ਕਿ ਅਸੀਂ ਉਸ ਦੀਆਂ ਖਿੱਲਰੀਆਂ ਹੱਡੀਆਂ ਨੂੰ ਇਕੱਠੀਆਂ ਨਹੀਂ ਕਰਾਂਗੇ? ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦ ਹੋਵੇਗਾ? ਕੀ ਉਸ ਨੂੰ ਇਸ ਗੱਲ ਤੇ ਭਰੋਸਾ ਨਹੀਂ ਕਿ ਮੁਰਦਿਆਂ ਨੂੰ ਜੀ ਉਠਾਏ?’—75:1-6; 40.
ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਮੁਤਾਬਕ ਜ਼ੋਰੋਐਸਟਰੀ ਧਰਮ ਦੇ ਲੋਕ ਮੰਨਦੇ ਹਨ ਕਿ ‘ਭੈੜੀ ਰੂਹ ਉੱਤੇ ਅੰਤਿਮ ਜਿੱਤ ਪ੍ਰਾਪਤ ਹੋਵੇਗੀ, ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ, ਅੰਤਿਮ ਨਿਆਂ ਕੀਤਾ ਜਾਵੇਗਾ ਅਤੇ ਧਰਮੀਆਂ ਲਈ ਇਕ ਸ਼ੁੱਧ ਬ੍ਰਹਿਮੰਡ ਤਿਆਰ ਕੀਤਾ ਜਾਵੇਗਾ।’
ਯਹੂਦੀ ਧਰਮ ਮੌਤ ਤੋਂ ਬਾਅਦ ਜ਼ਿੰਦਗੀ ਬਾਰੇ ਕੀ ਕਹਿੰਦਾ ਹੈ? ਐਨਸਾਈਕਲੋਪੀਡੀਆ ਜੁਡੇਈਕਾ ਦੇ ਮੁਤਾਬਕ ‘ਅੰਤ ਵਿਚ ਮੁਰਦੇ ਸਰੀਰ ਵਿਚ ਜ਼ਿੰਦਾ ਕੀਤੇ ਜਾਣਗੇ ਅਤੇ ਉਹ ਧਰਤੀ ਉੱਤੇ ਫਿਰ ਤੋਂ ਜੀਉਣਗੇ।’ ਇਸ ਹੀ ਐਨਸਾਈਕਲੋਪੀਡੀਆ ਵਿਚ ਲਿਖਿਆ ਗਿਆ ਹੈ ਕਿ ਯਹੂਦੀ ਧਰਮ ਵਿਚ ਅਪਣਾਈ ਅਮਰ ਆਤਮਾ ਦੀ ਸਿੱਖਿਆ ਲੋਕਾਂ ਨੂੰ ਉਲਝਣ ਵਿਚ ਪਾਉਂਦੀ ਹੈ। ਐਨਸਾਈਕਲੋਪੀਡੀਆ ਵਿਚ ਇਹ ਗੱਲ ਮੰਨੀ ਗਈ ਹੈ ਕਿ ‘ਮੁੜ ਜ਼ਿੰਦਾ ਕੀਤੇ ਜਾਣ ਅਤੇ ਆਤਮਾ ਦੀ ਅਮਰਤਾ ਦੀਆਂ ਸਿੱਖਿਆਵਾਂ ਦੋਵੇਂ ਇਕ-ਦੂਜੇ ਦਾ ਖੰਡਨ ਕਰਦੀਆਂ ਹਨ।’
ਹਿੰਦੂ ਧਰਮ ਦੇ ਮੁਤਾਬਕ ਇਨਸਾਨ ਕਈ ਜੂਨਾਂ ਭੋਗਦਾ ਹੈ ਜਾਂ ਉਸ ਦਾ ਪੁਨਰ-ਜਨਮ ਹੁੰਦਾ ਹੈ। ਇਹ ਗੱਲ ਸੱਚ ਹੋਣ ਵਾਸਤੇ ਇਹ ਵੀ ਮੰਨਣਾ ਜ਼ਰੂਰੀ ਹੈ ਕਿ ਇਨਸਾਨ ਵਿਚ ਅਮਰ ਆਤਮਾ ਹੈ। ਹਿੰਦੂਆਂ ਦਾ ਪਵਿੱਤਰ ਗ੍ਰੰਥ, ਭਾਗਵਤ ਗੀਤਾ ਕਹਿੰਦੀ ਹੈ: ‘ਸਮੁੱਚੀ ਦੇਹੀ ਵਿਚ ਫੈਲੀ ਆਤਮਾ ਅਵਿਨਾਸ਼ੀ ਹੈ। ਕੋਈ ਵੀ ਅਵਿਨਾਸ਼ੀ ਆਤਮਾ ਨੂੰ ਨਾਸ਼ ਨਹੀਂ ਕਰ ਸਕਦਾ।’
ਬੁੱਧ ਧਰਮ ਹਿੰਦੂ ਧਰਮ ਤੋਂ ਇਸ ਗੱਲ ਵਿਚ ਵੱਖਰਾ ਹੈ ਕਿ ਉਹ ਅਮਰ ਆਤਮਾ ਦੀ ਸਿੱਖਿਆ ਨੂੰ ਨਹੀਂ ਮੰਨਦਾ। ਪਰ ਇਹ ਕਹਿੰਦੇ ਹੋਏ ਵੀ ਅੱਜ ਪੂਰਬੀ ਦੇਸ਼ਾਂ ਦੇ ਬਹੁਤ ਸਾਰੇ ਬੋਧੀ ਲੋਕ ਮੰਨਣ ਲੱਗ ਪਏ ਹਨ ਕਿ ਅਮਰ ਆਤਮਾ ਹੈ ਅਤੇ ਇਹ ਕਿਸੇ ਹੋਰ ਜੀਵ ਵਿਚ ਜਾ ਕੇ ਜਨਮ ਲੈ ਲੈਂਦੀ ਹੈ।a
ਮੁੜ ਜੀ ਉੱਠਣ ਦੀ ਸਿੱਖਿਆ ਬਾਰੇ ਉਲਝਣ
ਦਾਹ-ਸੰਸਕਾਰ ਦੀਆਂ ਰਸਮਾਂ ਨਿਭਾਉਂਦੇ ਸਮੇਂ ਈਸਾਈ-ਜਗਤ ਦੇ ਪਾਦਰੀ ਆਮ ਤੌਰ ਤੇ ਅਮਰ ਆਤਮਾ ਦੇ ਨਾਲ-ਨਾਲ ਦੁਬਾਰਾ ਜੀ ਉੱਠਣ ਬਾਰੇ ਵੀ ਗੱਲ ਕਰ ਜਾਂਦੇ ਹਨ। ਮਿਸਾਲ ਵਜੋਂ, ਚਰਚ ਆਫ਼ ਇੰਗਲੈਂਡ ਦੇ ਪਾਦਰੀ ਇਕ ਪ੍ਰਾਰਥਨਾ ਦੀ ਕਿਤਾਬ ਵਿੱਚੋਂ ਅਕਸਰ ਇਹ ਸ਼ਬਦ ਦੁਹਰਾਉਂਦੇ ਹਨ: ‘ਸਰਬਸ਼ਕਤੀਮਾਨ ਪਰਮੇਸ਼ੁਰ ਨੇ ਸਾਡੇ ਇਸ ਭਰਾ ਨੂੰ, ਜੋ ਸਾਡੇ ਤੋਂ ਵਿਛੜ ਗਿਆ ਹੈ, ਦਇਆ ਦੇ ਜੋਗ ਸਮਝ ਕੇ ਉਸ ਦੀ ਆਤਮਾ ਨੂੰ ਆਪਣੇ ਕੋਲ ਬੁਲਾ ਲਿਆ ਹੈ। ਇਸ ਲਈ ਭਾਵੇਂ ਅਸੀਂ ਹੁਣ ਇਸ ਦੀ ਦੇਹੀ ਨੂੰ ਜ਼ਮੀਨ ਦੇ ਹਵਾਲੇ ਕਰ ਰਹੇ ਹਾਂ ਜੋ ਮਿੱਟੀ, ਰਾਖ ਅਤੇ ਧੂੜ ਬਣ ਜਾਵੇਗੀ, ਪਰ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਰਾਹੀਂ ਇਹ ਸਦਾ ਦੀ ਜ਼ਿੰਦਗੀ ਲਈ ਦੁਬਾਰਾ ਜ਼ਿੰਦਾ ਹੋ ਜਾਵੇਗਾ।’
ਇਹ ਸੁਣ ਕੇ ਇਕ ਵਿਅਕਤੀ ਸ਼ਾਇਦ ਪੁੱਛੇ ਕਿ ਬਾਈਬਲ ਅਸਲ ਵਿਚ ਕਿਹੜੀ ਸਿੱਖਿਆ ਦਿੰਦੀ ਹੈ, ਕੀ ਮੁਰਦੇ ਦੁਬਾਰਾ ਜ਼ਿੰਦੇ ਕੀਤੇ ਜਾਣਗੇ ਜਾਂ ਕੀ ਸਾਡੇ ਵਿਚ ਅਮਰ ਆਤਮਾ ਹੈ? ਧਿਆਨ ਦਿਓ ਕਿ ਔਸਕਰ ਕਲਮਨ ਨਾਂ ਦਾ ਇਕ ਪ੍ਰੋਫ਼ੈਸਰ, ਜੋ ਈਸਾਈ ਵੀ ਹੈ, ਆਪਣੀ ਕਿਤਾਬ ਆਤਮਾ ਦੀ ਅਮਰਤਾ ਜਾਂ ਮੁਰਦਿਆਂ ਦਾ ਜੀ ਉੱਠਣਾ (ਅੰਗ੍ਰੇਜ਼ੀ) ਵਿਚ ਕੀ ਲਿਖਦਾ ਹੈ: ‘ਮੁੜ ਜੀ ਉੱਠਣ ਬਾਰੇ ਮਸੀਹੀਆਂ ਦੀ ਉਮੀਦ ਅਤੇ ਅਮਰ-ਆਤਮਾ ਬਾਰੇ ਯੂਨਾਨੀ ਵਿਸ਼ਵਾਸਾਂ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਇਹ ਸੱਚ ਹੈ ਕਿ ਸਮੇਂ ਦੇ ਬੀਤਣ ਨਾਲ ਈਸਾਈਆਂ ਨੇ ਇਨ੍ਹਾਂ ਇਕ-ਦੂਜੇ ਤੋਂ ਵੱਖਰੀਆਂ ਸਿੱਖਿਆਵਾਂ ਵਿਚਕਾਰ ਛੋਟੇ-ਮੋਟੇ ਸੰਬੰਧ ਜੋੜੇ ਸਨ, ਪਰ ਅੱਜ ਈਸਾਈਆਂ ਨੂੰ ਇਨ੍ਹਾਂ ਸਿੱਖਿਆਵਾਂ ਵਿਚ ਫ਼ਰਕ ਹੀ ਨਜ਼ਰ ਨਹੀਂ ਆਉਂਦਾ। ਮੈਂ ਅਤੇ ਜ਼ਿਆਦਾਤਰ ਵਿਦਵਾਨ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਬਾਈਬਲ ਦੀ ਸਭ ਤੋਂ ਮੂਲ ਸਿੱਖਿਆ ਇਹ ਹੈ ਕਿ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਣਾ ਹੈ। ਜੀ ਹਾਂ, ਪਰਮੇਸ਼ੁਰ ਉਸ ਆਦਮੀ ਨੂੰ ਜੋ ਪੂਰੀ ਤਰ੍ਹਾਂ ਮਰ ਚੁੱਕਾ ਹੈ, ਦੁਬਾਰਾ ਜ਼ਿੰਦਾ ਕਰੇਗਾ।’
ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਮੌਤ ਅਤੇ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਬਾਰੇ ਉਲਝਣ ਵਿਚ ਪਏ ਹੋਏ ਹਨ। ਇਨ੍ਹਾਂ ਗੱਲਾਂ ਨੂੰ ਸਪੱਸ਼ਟ ਕਰਨ ਲਈ ਸਾਨੂੰ ਬਾਈਬਲ ਵਿਚ ਦੇਖਣਾ ਪਵੇਗਾ। ਇਸ ਵਿਚ ਸਾਡੇ ਸ੍ਰਿਸ਼ਟੀਕਰਤਾ ਯਹੋਵਾਹ ਨੇ ਇਨ੍ਹਾਂ ਮਾਮਲਿਆਂ ਬਾਰੇ ਸੱਚਾਈ ਪ੍ਰਗਟ ਕੀਤੀ ਹੈ। ਬਾਈਬਲ ਵਿਚ ਕਈ ਵਿਅਕਤੀਆਂ ਬਾਰੇ ਬਿਰਤਾਂਤ ਹਨ ਜਿਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਆਓ ਆਪਾਂ ਇਨ੍ਹਾਂ ਵਿੱਚੋਂ ਚਾਰ ਬਿਰਤਾਂਤਾਂ ਵੱਲ ਧਿਆਨ ਦੇਈਏ ਤੇ ਪਤਾ ਕਰੀਏ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖਦੇ ਹਾਂ।
“ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆਂ ਹੋਇਆਂ ਨੂੰ ਲੱਭਿਆ”
ਯਹੂਦੀ ਧਰਮ ਛੱਡ ਕੇ ਮਸੀਹੀ ਬਣੇ ਲੋਕਾਂ ਨੂੰ ਚਿੱਠੀ ਵਿਚ ਪੌਲੁਸ ਰਸੂਲ ਨੇ ਨਿਹਚਾਵਾਨ ਔਰਤਾਂ ਬਾਰੇ ਕਿਹਾ: “ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆਂ ਹੋਇਆਂ ਨੂੰ ਲੱਭਿਆ।” (ਇਬਰਾਨੀਆਂ 11:35) ਇਨ੍ਹਾਂ ਵਿੱਚੋਂ ਇਕ ਔਰਤ ਭੂਮੱਧ ਸਾਗਰ ਦੇ ਨੇੜੇ ਇਕ ਕਨਾਨੀ ਨਗਰ ਸਾਰਫਥ ਦੀ ਰਹਿਣ ਵਾਲੀ ਸੀ। ਇਸ ਵਿਧਵਾ ਨੇ ਗੰਭੀਰ ਕਾਲ ਦੇ ਦੌਰਾਨ ਵੀ ਯਹੋਵਾਹ ਦੇ ਨਬੀ ਏਲੀਯਾਹ ਦੀ ਪਰਾਹੁਣਚਾਰੀ ਕੀਤੀ ਸੀ। ਅਫ਼ਸੋਸ ਦੀ ਗੱਲ ਹੈ ਕਿ ਇਸ ਬੇਚਾਰੀ ਵਿਧਵਾ ਦਾ ਬੇਟਾ ਬੀਮਾਰ ਹੋ ਕੇ ਮਰ ਗਿਆ। ਉਸੇ ਵੇਲੇ ਏਲੀਯਾਹ ਮੁੰਡੇ ਨੂੰ ਚੁੱਕ ਕੇ ਉੱਪਰ ਚੁਬਾਰੇ ਵਿਚ ਲੈ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ। ਉਸ ਨੇ ਯਹੋਵਾਹ ਅੱਗੇ ਉਸ ਮੁੰਡੇ ਨੂੰ ਵਾਪਸ ਜ਼ਿੰਦਾ ਕਰਨ ਲਈ ਬੇਨਤੀ ਕੀਤੀ। ਫਿਰ ਇਕ ਚਮਤਕਾਰ ਹੋਇਆ ਅਤੇ ਉਹ ਮੁੰਡਾ “ਜੀ ਉੱਠਿਆ।” ਇਸ ਤੋਂ ਬਾਅਦ ਏਲੀਯਾਹ ਨੇ ਮੁੰਡੇ ਨੂੰ ਉਸ ਦੀ ਮਾਂ ਨੂੰ ਦੇ ਕੇ ਕਿਹਾ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!” ਉਸ ਵਿਧਵਾ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਸ ਨੇ ਕਿਹਾ: “ਹੁਣ ਮੈਂ ਜਾਤਾ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ।”—1 ਰਾਜਿਆਂ 17:22-24.
ਏਲੀਯਾਹ ਤੋਂ ਬਾਅਦ ਅਲੀਸ਼ਾ ਉਸ ਦੇ ਥਾਂ ਨਬੀ ਬਣਿਆ ਸੀ। ਸਾਰਫਥ ਤੋਂ 100 ਕਿਲੋਮੀਟਰ ਦੱਖਣ ਵੱਲ ਰਹਿੰਦੇ ਇਕ ਪਤੀ-ਪਤਨੀ ਨੇ ਉਸ ਦੀ ਬਹੁਤ ਦੇਖ-ਭਾਲ ਕੀਤੀ। ਪਤਨੀ ਸ਼ੂਨੇਮ ਨਗਰ ਵਿਚ ਮੰਨੀ-ਪ੍ਰਮੰਨੀ ਇਸਤਰੀ ਸੀ। ਇਨ੍ਹਾਂ ਪਤੀ-ਪਤਨੀ ਨੇ ਅਲੀਸ਼ਾ ਨੂੰ ਆਪਣੇ ਘਰ ਦੇ ਚੁਬਾਰੇ ਵਿਚ ਰਹਿਣ ਦਾ ਬੰਦੋਬਸਤ ਕੀਤਾ ਹੋਇਆ ਸੀ। ਇਹ ਪਤੀ-ਪਤਨੀ ਬੇਔਲਾਦ ਹੋਣ ਕਰਕੇ ਕੁਝ ਸਮੇਂ ਤੋਂ ਉਦਾਸ ਸਨ। ਪਰ ਫਿਰ ਉਨ੍ਹਾਂ ਦੀ ਉਦਾਸੀ ਖ਼ੁਸ਼ੀ ਵਿਚ ਬਦਲ ਗਈ ਜਦ ਉਨ੍ਹਾਂ ਦੇ ਇਕ ਮੁੰਡਾ ਜੰਮਿਆ। ਜਦ ਮੁੰਡਾ ਥੋੜ੍ਹਾ ਵੱਡਾ ਹੋਇਆ, ਤਾਂ ਉਹ ਵਾਢਿਆਂ ਅਤੇ ਆਪਣੇ ਪਿਤਾ ਨਾਲ ਖੇਤਾਂ ਵਿਚ ਜਾਣ ਲੱਗਾ। ਇਕ ਦਿਨ ਇਸ ਪਰਿਵਾਰ ਤੇ ਬਿਪਤਾ ਢਹਿ ਪਈ। ਮੁੰਡੇ ਨੇ ਚੀਕਾਂ ਮਾਰਦਿਆਂ ਕਿਹਾ ਕਿ ਉਸ ਦਾ ਸਿਰ ਬਹੁਤ ਦੁਖਦਾ ਸੀ। ਇਕ ਟਹਿਲੂਏ ਨੇ ਝੱਟ ਉਸ ਨੂੰ ਘਰ ਲੈ ਜਾ ਕਿ ਉਸ ਦੀ ਮਾਂ ਨੂੰ ਫੜਾ ਦਿੱਤਾ। ਮੁੰਡਾ ਆਪਣੀ ਮਾਂ ਦੀ ਗੋਦੀ ਵਿਚ ਬੈਠਾ ਹੀ ਦਮ ਤੋੜ ਗਿਆ। ਦੁਖੀ ਮਾਂ ਨੇ ਅਲੀਸ਼ਾ ਨਬੀ ਤੋਂ ਮਦਦ ਮੰਗਣ ਦਾ ਫ਼ੈਸਲਾ ਕੀਤਾ। ਇਕ ਨੌਕਰ ਨਾਲ ਉਹ ਕਰਮਲ ਪਰਬਤ ਵੱਲ ਨਿਕਲ ਤੁਰੀ ਜਿੱਥੇ ਅਲੀਸ਼ਾ ਉਸ ਵੇਲੇ ਰਹਿੰਦਾ ਸੀ।
ਅਲੀਸ਼ਾ ਨਬੀ ਮੁੰਡੇ ਦੀ ਹਾਲਾਤ ਦੇਖਣ ਲਈ ਸ਼ੂਨੇਮ ਤੁਰ ਪਿਆ ਅਤੇ ਅੱਗੇ-ਅੱਗੇ ਆਪਣੇ ਇਕ ਸੇਵਾਦਾਰ ਗੇਹਾਜੀ ਨੂੰ ਘੱਲ ਦਿੱਤਾ। ਗੇਹਾਜੀ ਨੇ ਉੱਥੇ ਪਹੁੰਚ ਕੇ ਦੇਖਿਆ ਕਿ ਮੁੰਡਾ ਸੱਚ-ਮੁੱਚ ਮਰ ਗਿਆ ਸੀ। ਬਾਈਬਲ 2 ਰਾਜਿਆਂ 4:32-37 ਵਿਚ ਸਾਨੂੰ ਦੱਸਦੀ ਹੈ ਕਿ ਉਨ੍ਹਾਂ ਸਾਰਿਆਂ ਦੇ ਘਰ ਪਹੁੰਚਣ ਤੇ ਕੀ ਹੋਇਆ: “ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਵੇਖੋ ਮੁੰਡਾ ਮੋਇਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ। ਸੋ ਉਹ ਅੰਦਰ ਗਿਆ ਅਰ ਉਨ੍ਹਾਂ ਦੋਹਾਂ ਲਈ ਬੂਹਾ ਭੇੜ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ। ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ ਅਤੇ ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ ਅਤੇ ਆਪਣੀਆਂ ਅੱਖੀਆਂ ਉਹ ਦੀਆਂ ਅੱਖੀਆਂ ਉੱਤੇ ਅਤੇ ਆਪਣੇ ਹੱਥ ਉਹ ਦਿਆਂ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ। ਫੇਰ ਉਹ ਪਰਤ ਪਿਆ ਅਰ ਇੱਕ ਵਾਰੀ ਘਰ ਵਿੱਚ ਐਧਰ ਔਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਮੁੰਡਾ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ। ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, ਏਸ ਸ਼ੂਨੰਮੀ ਨੂੰ ਸੱਦ ਲੈ। ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, ਆਪਣੇ ਪੁੱਤ੍ਰ ਨੂੰ ਚੁੱਕ ਲੈ। ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ ਅਤੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤ੍ਰ ਨੂੰ ਚੁੱਕ ਕੇ ਬਾਹਰ ਚੱਲੀ ਗਈ।”
ਸਾਰਫਥ ਦੀ ਵਿਧਵਾ ਵਾਂਗ ਇਸ ਸ਼ੂਨੰਮੀ ਔਰਤ ਨੂੰ ਪਤਾ ਸੀ ਕਿ ਜੋ ਵੀ ਹੋਇਆ ਸੀ ਇਹ ਰੱਬ ਦੇ ਹੱਥਾਂ ਦਾ ਕ੍ਰਿਸ਼ਮਾ ਸੀ। ਦੋਵੇਂ ਔਰਤਾਂ ਬੇਅੰਤ ਖ਼ੁਸ਼ ਹੋਈਆਂ ਜਦ ਪਰਮੇਸ਼ੁਰ ਨੇ ਉਨ੍ਹਾਂ ਦੇ ਇਕਲੌਤੇ ਬੱਚਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ।
ਯਿਸੂ ਨੇ ਵੀ ਲੋਕਾਂ ਨੂੰ ਜੀ ਉਠਾਇਆ ਸੀ
ਕੁਝ 900 ਸਾਲ ਬਾਅਦ ਇਕ ਹੋਰ ਵਿਅਕਤੀ ਨੂੰ ਜ਼ਿੰਦਾ ਕੀਤਾ ਗਿਆ ਸੀ। ਇਹ ਗੱਲ ਸ਼ੂਨੇਮ ਦੇ ਉੱਤਰ ਵੱਲ ਨਾਇਨ ਨਾਂ ਦੇ ਇਕ ਨਗਰ ਦੀ ਹੈ। ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਤੋਂ ਨਾਇਨ ਨੂੰ ਆ ਰਹੇ ਸਨ। ਜਦ ਉਹ ਨਗਰ ਦੇ ਫਾਟਕ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇਕ ਜਨਾਜ਼ਾ ਨਿਕਲਦਾ ਦੇਖਿਆ। ਯਿਸੂ ਦੀ ਨਜ਼ਰ ਇਕ ਵਿਧਵਾ ਤੇ ਪਈ ਜਿਸ ਦਾ ਇੱਕੋ-ਇਕ ਪੁੱਤਰ ਮਰ ਚੁੱਕਾ ਸੀ। ਯਿਸੂ ਨੇ ਉਸ ਵਿਧਵਾ ਨੂੰ ਕਿਹਾ ਕਿ ਉਹ ਨਾ ਰੋਵੇ। ਯਿਸੂ ਦਾ ਇਕ ਚੇਲਾ ਲੂਕਾ ਜੋ ਇਕ ਡਾਕਟਰ ਵੀ ਸੀ ਦੱਸਦਾ ਹੈ ਕਿ ਅੱਗੇ ਕੀ ਹੋਇਆ: ‘ਯਿਸੂ ਨੇ ਨੇੜੇ ਆਣ ਕੇ ਸਿੜ੍ਹੀ ਨੂੰ ਛੋਹਿਆ ਅਰ ਚੁੱਕਣ ਵਾਲੇ ਖਲੋ ਗਏ। ਤਦ ਉਹ ਨੇ ਕਿਹਾ, ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ! ਤਾਂ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।’ (ਲੂਕਾ 7:14, 15) ਜਿਨ੍ਹਾਂ ਨੇ ਇਹ ਚਮਤਕਾਰ ਦੇਖਿਆ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ਇਸ ਘਟਨਾ ਦੀ ਖ਼ਬਰ ਦੱਖਣ ਵੱਲ ਯਹੂਦਿਯਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੈਲਰ ਗਈ। ਦਿਲਚਸਪੀ ਦੀ ਗੱਲ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਇਸ ਚਮਤਕਾਰ ਬਾਰੇ ਸੁਣ ਕੇ ਇਸ ਦੀ ਖ਼ਬਰ ਯੂਹੰਨਾ ਨੂੰ ਪਹੁੰਚਾਈ। ਯੂਹੰਨਾ ਨੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਭੇਜਿਆਂ ਕਿ ਉਹ ਯਿਸੂ ਨੂੰ ਲੱਭ ਕੇ ਉਸ ਤੋਂ ਇਹ ਪਤਾ ਕਰਨ ਕਿ ਕੀ ਉਹ ਵਾਅਦਾ ਕੀਤਾ ਹੋਇਆ ਮਸੀਹਾ ਹੈ ਜਾਂ ਨਹੀਂ। ਯਿਸੂ ਨੇ ਉਨ੍ਹਾਂ ਨੂੰ ਜਵਾਬ ਵਿਚ ਕਿਹਾ: “ਜੋ ਕੁਝ ਤੁਸਾਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ।”—ਲੂਕਾ 7:22.
ਯਿਸੂ ਦਾ ਸਭ ਤੋਂ ਮਸ਼ਹੂਰ ਚਮਤਕਾਰ ਉਹ ਸੀ ਜਦ ਉਸ ਨੇ ਆਪਣੇ ਜਿਗਰੀ ਦੋਸਤ ਲਾਜ਼ਰ ਨੂੰ ਜੀ ਉਠਾਇਆ ਸੀ। ਯਿਸੂ ਜਦੋਂ ਲਾਜ਼ਰ ਦੇ ਘਰ ਪਹੁੰਚਿਆ ਸੀ, ਤਾਂ ਲਾਜ਼ਰ ਨੂੰ ਮਰੇ ਹੋਏ ਚਾਰ ਦਿਨ ਹੋ ਚੁੱਕੇ ਸਨ। ਜਦ ਯਿਸੂ ਨੇ ਕਿਹਾ ਕਿ ਲਾਜ਼ਰ ਦੀ ਕਬਰ ਤੋਂ ਪੱਥਰ ਹਟਾਇਆ ਜਾਵੇ, ਤਾਂ ਲਾਜ਼ਰ ਦੀ ਭੈਣ ਮਾਰਥਾ ਨੇ ਇਤਰਾਜ਼ ਕਰਦੇ ਹੋਏ ਉਸ ਨੂੰ ਆਖਿਆ: “ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ।” (ਯੂਹੰਨਾ 11:39) ਫਿਰ ਵੀ, ਲਾਜ਼ਰ ਦਾ ਸਰੀਰ ਭਾਵੇਂ ਜਿੰਨਾ ਮਰਜ਼ੀ ਗਲ-ਸੜ ਗਿਆ ਸੀ, ਪਰ ਇਸ ਨਾਲ ਯਿਸੂ ਨੂੰ ਲਾਜ਼ਰ ਨੂੰ ਜ਼ਿੰਦਾ ਕਰਨ ਵਿਚ ਕੋਈ ਦਿੱਕਤ ਨਹੀਂ ਹੋਈ। ਯਿਸੂ ਦੇ ਹੁਕਮ ਤੇ “ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ।” ਬਾਅਦ ਵਿਚ ਜਿਸ ਤਰ੍ਹਾਂ ਯਿਸੂ ਦੇ ਵਿਰੋਧੀ ਉਸ ਨਾਲ ਪੇਸ਼ ਆਏ ਸਨ ਉਸ ਤੋਂ ਪਤਾ ਲੱਗਦਾ ਹੈ ਕਿ ਲਾਜ਼ਰ ਨੂੰ ਸੱਚ-ਮੁੱਚ ਜ਼ਿੰਦਾ ਕੀਤਾ ਗਿਆ ਸੀ।—ਯੂਹੰਨਾ 11:43, 44; 12:1, 9-11.
ਅਸੀਂ ਜੀ ਉਠਾਏ ਗਏ ਇਨ੍ਹਾਂ ਚਾਰ ਵਿਅਕਤੀਆਂ ਦੇ ਬਿਰਤਾਂਤਾਂ ਤੋਂ ਕੀ ਸਿੱਖ ਸਕਦੇ ਹਾਂ? ਇਹ ਕਿ ਜਿਸ ਨੂੰ ਵੀ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ ਉਹ ਬਿਲਕੁਲ ਉਹੀ ਵਿਅਕਤੀ ਸੀ ਜੋ ਮਰਿਆ ਸੀ। ਜੀ ਉਠਾਏ ਵਿਅਕਤੀਆਂ ਦੇ ਸਭ ਤੋਂ ਨੇੜਲੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸੌਖਿਆਂ ਹੀ ਪਛਾਣ ਲਿਆ ਸੀ। ਜੀ ਉਠਾਏ ਵਿਅਕਤੀਆਂ ਨੇ ਇਸ ਤਰ੍ਹਾਂ ਦੀ ਕਿਸੇ ਵੀ ਦੁਨੀਆਂ ਬਾਰੇ ਗੱਲ ਨਹੀਂ ਕੀਤੀ ਸੀ ਜਿੱਥੇ ਉਹ ਮਰਨ ਵੇਲੇ ਸਨ। ਦੁਬਾਰਾ ਜ਼ਿੰਦੇ ਕੀਤੇ ਜਾਣ ਤੇ ਉਨ੍ਹਾਂ ਦੀਆਂ ਸਿਹਤਾਂ ਠੀਕ-ਠਾਕ ਸਨ। ਉਨ੍ਹਾਂ ਦੇ ਭਾਣੇ ਉਹ ਤਾਂ ਥੋੜ੍ਹੀ ਦੇਰ ਲਈ ਸੁੱਤੇ ਹੋਏ ਸੀ ਤੇ ਜਾਗ ਪਏ ਜਿਵੇਂ ਯਿਸੂ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ। (ਯੂਹੰਨਾ 11:11) ਪਰ ਬਾਅਦ ਵਿਚ ਇਹ ਸਾਰੇ ਜੀ ਉਠਾਏ ਲੋਕ ਫਿਰ ਤੋਂ ਕੁਦਰਤੀ ਮੌਤ ਮਰ ਗਏ ਸਨ।
ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਣ ਦੀ ਸ਼ਾਨਦਾਰ ਉਮੀਦ
ਓਅਨ ਦਾ ਪਿਤਾ, ਜਿਸ ਦੀ ਅਸੀਂ ਪਹਿਲੇ ਲੇਖ ਵਿਚ ਗੱਲ ਕੀਤੀ ਸੀ, ਆਪਣੇ ਇਕ ਗੁਆਂਢੀ ਨੂੰ ਮਿਲਣ ਗਿਆ। ਉੱਥੇ ਮੇਜ਼ ਤੇ ਪਈ ਪਰਚੀ ਉੱਤੇ ਉਸ ਦੀ ਨਜ਼ਰ ਪਈ ਜਿਸ ਤੇ ਯਹੋਵਾਹ ਦੇ ਗਵਾਹਾਂ ਨੇ ਇਕ ਪਬਲਿਕ ਭਾਸ਼ਣ ਦੀ ਘੋਸ਼ਣਾ ਕੀਤੀ ਸੀ। ਇਸ ਭਾਸ਼ਣ ਦਾ ਵਿਸ਼ਾ ਸੀ “ਮਰੇ ਹੋਏ ਕਿੱਥੇ ਹਨ?” ਇਹੀ ਸਵਾਲ ਤਾਂ ਉਸ ਦੇ ਮਨ ਵਿਚ ਸੀ। ਉਹ ਭਾਸ਼ਣ ਸੁਣਨ ਲਈ ਗਿਆ ਅਤੇ ਬਾਈਬਲ ਵਿੱਚੋਂ ਦੱਸੀਆਂ ਗੱਲਾਂ ਤੋਂ ਉਸ ਨੂੰ ਬੜਾ ਦਿਲਾਸਾ ਮਿਲਿਆ। ਉਸ ਨੇ ਸਿੱਖਿਆ ਕਿ ਮਰੇ ਹੋਏ ਨਾ ਤਾਂ ਕਿਸੇ ਜਗ੍ਹਾ ਜਾ ਕੇ ਤਸੀਹੇ ਝੱਲ ਰਹੇ ਹਨ ਅਤੇ ਨਾ ਹੀ ਪਰਮੇਸ਼ੁਰ ਉਨ੍ਹਾਂ ਨੂੰ ਸਵਰਗ ਵਿਚ ਫ਼ਰਿਸ਼ਤੇ ਬਣਾਉਣ ਲਈ ਲੈ ਕੇ ਜਾਂਦਾ ਹੈ। ਓਅਨ ਸਮੇਤ ਮਰੇ ਹੋਏ ਵਿਅਕਤੀ ਮਾਨੋ ਉਸ ਵੇਲੇ ਤਕ ਸੁੱਤੇ ਹੋਏ ਹਨ ਜਿੰਨਾ ਚਿਰ ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਨਹੀਂ ਕਰ ਦਿੰਦਾ।—ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4.
ਜੇ ਤੁਹਾਡਾ ਕੋਈ ਅਜ਼ੀਜ਼ ਮਰ ਚੁੱਕਾ ਹੈ, ਤਾਂ ਓਅਨ ਦੇ ਪਿਤਾ ਵਾਂਗ ਤੁਸੀਂ ਵੀ ਸ਼ਾਇਦ ਸੋਚਿਆ ਹੋਵੇ ਕਿ ਤੁਹਾਡਾ ਅਜ਼ੀਜ਼ ਕਿੱਥੇ ਹੈ ਅਤੇ ਕੀ ਤੁਸੀਂ ਉਸ ਨੂੰ ਫਿਰ ਕਦੀ ਮਿਲੋਗੇ? ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਪਤਾ ਕਰੋ ਕਿ ਮਰੇ ਹੋਏ ਲੋਕਾਂ ਦੇ ਮੁੜ ਜ਼ਿੰਦਾ ਹੋਣ ਬਾਰੇ ਬਾਈਬਲ ਹੋਰ ਕੀ ਕਹਿੰਦੀ ਹੈ। ਸ਼ਾਇਦ ਤੁਸੀਂ ਸੋਚੋ: ‘ਮਰਿਆਂ ਨੂੰ ਕਦੋਂ ਜ਼ਿੰਦਾ ਕੀਤਾ ਜਾਣਾ ਹੈ? ਇਸ ਉਮੀਦ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?’ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬਾਂ ਦਾ ਪਤਾ ਕਰਨ ਲਈ ਕਿਰਪਾ ਕਰ ਕੇ ਅਗਲੇ ਲੇਖ ਪੜ੍ਹੋ।
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਪੁਸਤਕ ਵਿਚ ਸਫ਼ੇ 150-4 ਦੇਖੋ।
[ਸਫ਼ੇ 5 ਉੱਤੇ ਤਸਵੀਰ]
ਏਲੀਯਾਹ ਨੇ ਮੁੰਡੇ ਨੂੰ ਜ਼ਿੰਦਾ ਕਰਨ ਲਈ ਯਹੋਵਾਹ ਅੱਗੇ ਬੇਨਤੀ ਕੀਤੀ
[ਸਫ਼ੇ 5 ਉੱਤੇ ਤਸਵੀਰ]
ਯਹੋਵਾਹ ਨੇ ਸ਼ੂਨੰਮੀ ਔਰਤ ਦੇ ਪੁੱਤਰ ਨੂੰ ਜ਼ਿੰਦਾ ਕਰਨ ਲਈ ਅਲੀਸ਼ਾ ਨੂੰ ਇਸਤੇਮਾਲ ਕੀਤਾ
[ਸਫ਼ੇ 6 ਉੱਤੇ ਤਸਵੀਰ]
ਯਿਸੂ ਨੇ ਨਾਇਨ ਦੀ ਇਕ ਵਿਧਵਾ ਦੇ ਪੁੱਤਰ ਨੂੰ ਦੁਬਾਰਾ ਜ਼ਿੰਦਾ ਕੀਤਾ
[ਸਫ਼ੇ 7 ਉੱਤੇ ਤਸਵੀਰ]
ਲੋਕ ਆਪਣੇ ਅਜ਼ੀਜ਼ਾਂ ਨੂੰ ਫਿਰ ਮਿਲ ਸਕਣਗੇ ਜਦੋਂ ਉਨ੍ਹਾਂ ਨੂੰ ਮੁੜ ਜੀ ਉਠਾਇਆ ਜਾਵੇਗਾ