ਯਹੋਵਾਹ ਵਿਚ ਆਪਣਾ ਭਰੋਸਾ ਮਜ਼ਬੂਤ ਬਣਾਓ
ਕਿਸੇ ਦਾ ਕਤਲ ਕਰਨ ਦੀ ਸਾਜ਼ਸ਼ ਘੜੀ ਜਾ ਰਹੀ ਹੈ। ਉਸ ਦੇਸ਼ ਦੇ ਸਾਰੇ ਉੱਚ ਅਧਿਕਾਰੀਆਂ ਨੇ ਆਪਸ ਵਿਚ ਰਲ ਕੇ ਸਲਾਹ-ਮਸ਼ਵਰਾ ਕੀਤਾ ਹੈ ਤੇ ਇਕ ਨਵਾਂ ਕਾਨੂੰਨ ਬਣਾਉਣ ਦਾ ਮਤਾ ਪਕਾਇਆ ਹੈ। ਉਹ ਉਸ ਹਰੇਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿਵਾਉਣੀ ਚਾਹੁੰਦੇ ਹਨ ਜੋ ਸਰਕਾਰ ਵੱਲੋਂ ਵਰਜੀ ਗਈ ਪੂਜਾ ਵਿਚ ਹਿੱਸਾ ਲੈਂਦਾ ਹੈ।
ਕੀ ਇਹ ਕਹਾਣੀ ਤੁਹਾਨੂੰ ਜਾਣੀ-ਪਛਾਣੀ ਨਹੀਂ ਲੱਗਦੀ? ਇਤਿਹਾਸ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਕਾਨੂੰਨ ਦੀ ਮਦਦ ਨਾਲ ਫ਼ਸਾਦ ਪਾਏ ਸਨ। ਉੱਪਰ ਜ਼ਿਕਰ ਕੀਤੀ ਘਟਨਾ ਦਾਨੀਏਲ ਨਬੀ ਦੇ ਦਿਨਾਂ ਵਿਚ ਫਾਰਸੀ ਸਾਮਰਾਜ ਵਿਚ ਵਾਪਰੀ ਸੀ। ਰਾਜਾ ਦਾਰਾ ਦੁਆਰਾ ਪਾਸ ਕੀਤੇ ਕਾਨੂੰਨ ਵਿਚ ਇਹ ਸਜ਼ਾ ਰੱਖੀ ਗਈ ਸੀ: “ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ [ਰਾਜੇ ਤੋਂ] ਬਾਝ ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ।”—ਦਾਨੀਏਲ 6:7-9.
ਕੀ ਮੌਤ ਦੇ ਡਰ ਕਾਰਨ ਦਾਨੀਏਲ ਨੇ ਪਿੱਛੇ ਹਟ ਜਾਣਾ ਸੀ? ਕੀ ਉਸ ਨੇ ਯਹੋਵਾਹ ਪਰਮੇਸ਼ੁਰ ਵਿਚ ਆਪਣਾ ਭਰੋਸਾ ਬਣਾਈ ਰੱਖਣਾ ਸੀ ਜਾਂ ਕੀ ਉਸ ਨੇ ਸਮਝੌਤਾ ਕਰ ਲੈਣਾ ਸੀ ਤੇ ਉਸੇ ਤਰ੍ਹਾਂ ਕਰਨਾ ਸੀ ਜਿੱਦਾਂ ਰਾਜੇ ਨੇ ਕਿਹਾ ਸੀ? ਰਿਕਾਰਡ ਸਾਨੂੰ ਦੱਸਦਾ ਹੈ: “ਜਦ ਦਾਨੀਏਲ ਨੂੰ ਮਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ।” (ਦਾਨੀਏਲ 6:10) ਉਸ ਤੋਂ ਬਾਅਦ ਜੋ ਹੋਇਆ, ਅਸੀਂ ਸਾਰੇ ਜਾਣਦੇ ਹਾਂ। ਦਾਨੀਏਲ ਦੀ ਨਿਹਚਾ ਕਰਕੇ ਉਸ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿੱਤਾ ਗਿਆ, ਪਰ ਯਹੋਵਾਹ ਨੇ “ਬਬਰ ਸ਼ੇਰਾਂ ਦੇ ਮੂੰਹ ਬੰਦ” ਕਰ ਦਿੱਤੇ ਤੇ ਆਪਣੇ ਵਫ਼ਾਦਾਰ ਸੇਵਕ ਨੂੰ ਬਚਾ ਲਿਆ।—ਇਬਰਾਨੀਆਂ 11:33; ਦਾਨੀਏਲ 6:16-22.
ਆਪਣੇ ਆਪ ਦੀ ਜਾਂਚ ਕਰਨ ਦਾ ਸਮਾਂ
ਅੱਜ ਯਹੋਵਾਹ ਦੇ ਸੇਵਕ ਵਿਰੋਧੀ ਦੁਨੀਆਂ ਵਿਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਕਈ ਸਰੀਰਕ ਤੇ ਅਧਿਆਤਮਿਕ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਵਜੋਂ, ਕੁਝ ਦੇਸ਼ਾਂ ਵਿਚ ਨਸਲੀ ਨਫ਼ਰਤ ਦੀ ਵਹਿਸ਼ੀ ਫੁੱਟ ਕਾਰਨ ਬਹੁਤ ਸਾਰੇ ਗਵਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਈ ਥਾਵਾਂ ਤੇ ਯਹੋਵਾਹ ਦੇ ਗਵਾਹਾਂ ਨੇ ਕਾਲ, ਆਰਥਿਕ ਤੰਗੀ, ਕੁਦਰਤੀ ਆਫ਼ਤਾਂ, ਗੰਭੀਰ ਬੀਮਾਰੀਆਂ ਤੇ ਹੋਰ ਜਾਨ-ਲੇਵਾ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸਤਾਹਟਾਂ, ਕੰਮ-ਕਾਰ ਦੀਆਂ ਥਾਵਾਂ ਤੇ ਆਏ ਦਬਾਵਾਂ ਅਤੇ ਗ਼ਲਤ ਕੰਮ ਕਰਨ ਦੇ ਵੱਖ-ਵੱਖ ਪਰਤਾਵਿਆਂ ਨੂੰ ਸਹਿਣਾ ਪਿਆ ਹੈ ਜੋ ਉਨ੍ਹਾਂ ਦੀ ਅਧਿਆਤਮਿਕਤਾ ਲਈ ਖ਼ਤਰਾ ਬਣ ਸਕਦੇ ਸਨ। ਦਰਅਸਲ ਸਾਡਾ ਵੱਡਾ ਵਿਰੋਧੀ ਯਾਨੀ ਸ਼ਤਾਨ, ਯਹੋਵਾਹ ਦੇ ਸੇਵਕਾਂ ਨੂੰ ਹਰ ਸੰਭਵ ਤਰੀਕੇ ਦੁਆਰਾ ਨਾਸ਼ ਕਰਨ ਤੇ ਤੁਲਿਆ ਹੋਇਆ ਹੈ।—1 ਪਤਰਸ 5:8.
ਅਜਿਹੇ ਹਾਲਾਤ ਵਿਚ ਅਸੀਂ ਕੀ ਕਰ ਸਕਦੇ ਹਾਂ? ਇਹ ਤਾਂ ਠੀਕ ਹੈ ਕਿ ਜਦੋਂ ਕਿਸੇ ਦੀ ਜਾਨ ਖ਼ਤਰੇ ਵਿਚ ਹੁੰਦੀ ਹੈ, ਤਾਂ ਡਰਨਾ ਸੁਭਾਵਕ ਹੀ ਹੈ, ਪਰ ਅਸੀਂ ਪੌਲੁਸ ਰਸੂਲ ਦੇ ਇਨ੍ਹਾਂ ਭਰੋਸਾ ਦਿਵਾਉਣ ਵਾਲੇ ਸ਼ਬਦਾਂ ਨੂੰ ਮਨ ਵਿਚ ਰੱਖ ਸਕਦੇ ਹਾਂ: “[ਯਹੋਵਾਹ] ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ,—ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?” (ਇਬਰਾਨੀਆਂ 13:5, 6) ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਅੱਜ ਵੀ ਆਪਣੇ ਸੇਵਕਾਂ ਬਾਰੇ ਇੱਦਾਂ ਹੀ ਮਹਿਸੂਸ ਕਰਦਾ ਹੈ। ਪਰ ਸਾਡੇ ਲਈ ਸਿਰਫ਼ ਯਹੋਵਾਹ ਦੇ ਵਾਅਦੇ ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਇਹ ਵੀ ਯਕੀਨ ਕਰਨਾ ਚਾਹੀਦਾ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ। ਇਸ ਲਈ ਇਹ ਬੜਾ ਲਾਜ਼ਮੀ ਹੈ ਕਿ ਅਸੀਂ ਉਸ ਆਧਾਰ ਦੀ ਜਾਂਚ ਕਰੀਏ ਜਿਸ ਉੱਤੇ ਯਹੋਵਾਹ ਵਿਚ ਸਾਡਾ ਭਰੋਸਾ ਟਿਕਿਆ ਹੋਇਆ ਹੈ। ਸਾਨੂੰ ਉਸ ਭਰੋਸੇ ਨੂੰ ਮਜ਼ਬੂਤ ਕਰਨ ਅਤੇ ਬਣਾਈ ਰੱਖਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ [ਸਾਡਿਆਂ] ਮਨਾਂ ਅਤੇ [ਸਾਡੀਆਂ] ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:7) ਫਿਰ ਜਦੋਂ ਮੁਸ਼ਕਲਾਂ ਆਉਣਗੀਆਂ, ਤਾਂ ਅਸੀਂ ਚੰਗੀ ਤਰ੍ਹਾਂ ਸੋਚਣ ਦੇ ਕਾਬਲ ਹੋਵਾਂਗੇ ਤੇ ਸਮਝਦਾਰੀ ਨਾਲ ਉਨ੍ਹਾਂ ਦਾ ਸਾਮ੍ਹਣਾ ਕਰ ਸਕਾਂਗੇ।
ਯਹੋਵਾਹ ਵਿਚ ਸਾਡੇ ਭਰੋਸੇ ਦਾ ਆਧਾਰ
ਯਕੀਨਨ, ਆਪਣੇ ਸਿਰਜਣਹਾਰ ਯਹੋਵਾਹ ਵਿਚ ਭਰੋਸਾ ਕਰਨ ਦੇ ਸਾਡੇ ਕੋਲ ਕਈ ਕਾਰਨ ਹਨ। ਉਨ੍ਹਾਂ ਵਿੱਚੋਂ ਪਹਿਲਾਂ ਕਾਰਨ ਤਾਂ ਇਹ ਹੈ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਜਿਹੜਾ ਸੱਚੇ ਦਿਲੋਂ ਆਪਣੇ ਸੇਵਕਾਂ ਦੀ ਪਰਵਾਹ ਕਰਦਾ ਹੈ। ਬਾਈਬਲ ਵਿਚ ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਰਜ ਕੀਤੀਆਂ ਗਈਆਂ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਯਹੋਵਾਹ ਨੇ ਕਿੱਦਾਂ ਆਪਣੇ ਸੇਵਕਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਆਪਣੇ ਚੁਣੇ ਹੋਏ ਇਸਰਾਏਲੀ ਲੋਕਾਂ ਨਾਲ ਯਹੋਵਾਹ ਦੇ ਵਰਤਾਉ ਬਾਰੇ ਦੱਸਦੇ ਹੋਏ ਮੂਸਾ ਨੇ ਲਿਖਿਆ: “ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ ਲੱਭਿਆ, ਅਤੇ ਸੁੰਨਸਾਨ ਬਣ ਵਿੱਚੋਂ। ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖਬਰ ਲਈ, ਅੱਖ ਦੀ ਕਾਕੀ ਵਾਂਙੁ ਉਸ ਨੇ ਉਹ ਦੀ ਰਾਖੀ ਕੀਤੀ।” (ਬਿਵਸਥਾ ਸਾਰ 32:10) ਯਹੋਵਾਹ ਅੱਜ ਵੀ ਆਪਣੇ ਸੇਵਕਾਂ ਦੇ ਸਮੂਹ ਦੀ ਅਤੇ ਇਸ ਵਿਚ ਇਕ-ਇਕ ਜਣੇ ਦੀ ਚੰਗੀ ਦੇਖ-ਭਾਲ ਕਰਦਾ ਹੈ। ਮਿਸਾਲ ਵਜੋਂ, ਬੋਸਨੀਆ ਵਿਚ ਘਰੇਲੂ ਯੁੱਧ ਦੌਰਾਨ ਜਦੋਂ ਕੁਝ ਗਵਾਹਾਂ ਨੂੰ ਭਿਆਨਕ ਕਾਲ ਦਾ ਸਾਮ੍ਹਣਾ ਕਰਨਾ ਪਿਆ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕ੍ਰੋਸ਼ੀਆ ਅਤੇ ਆਸਟ੍ਰੀਆ ਦੇ ਭਰਾਵਾਂ ਦੁਆਰਾ ਲੋੜੀਂਦੀ ਸਾਮੱਗਰੀ ਪਹੁੰਚਾਈ ਜਿਨ੍ਹਾਂ ਨੇ ਆਪਣੇ ਭਰਾਵਾਂ ਤਕ ਰਾਹਤ-ਸਾਮੱਗਰੀ ਲਿਆਉਣ ਲਈ ਬੜੇ ਹੀ ਖ਼ਤਰੇ ਭਰੇ ਇਲਾਕੇ ਵਿੱਚੋਂ ਦੀ ਲੰਘ ਕੇ ਆਪਣੀਆਂ ਜ਼ਿੰਦਗੀਆਂ ਜੋਖਮ ਵਿਚ ਪਾਈਆਂ।a
ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਤੇ ਉਹ ਆਪਣੇ ਸੇਵਕਾਂ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਬਚਾ ਸਕਦਾ ਹੈ। (ਯਸਾਯਾਹ 33:22; ਪਰਕਾਸ਼ ਦੀ ਪੋਥੀ 4:8) ਪਰ ਉਦੋਂ ਵੀ ਯਹੋਵਾਹ ਆਪਣੇ ਸੇਵਕਾਂ ਨੂੰ ਤਾਕਤ ਬਖ਼ਸ਼ਦਾ ਹੈ ਜਦੋਂ ਉਹ ਉਨ੍ਹਾਂ ਨੂੰ ਮੌਤ ਤਕ ਆਪਣੀ ਵਫ਼ਾਦਾਰੀ ਸਾਬਤ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੀ ਖਰਿਆਈ ਬਣਾਈ ਰੱਖਣ ਵਿਚ ਮਦਦ ਦਿੰਦਾ ਹੈ ਤਾਂਕਿ ਉਹ ਅੰਤ ਤਕ ਦ੍ਰਿੜ੍ਹ ਰਹਿਣ ਅਤੇ ਆਪਣੀ ਖ਼ੁਸ਼ੀ ਤੇ ਸ਼ਾਂਤੀ ਨੂੰ ਬਣਾਈ ਰੱਖਣ। ਇਸ ਲਈ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਭਰੋਸਾ ਰੱਖ ਸਕਦੇ ਹਾਂ: “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ, ਏਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ।”—ਜ਼ਬੂਰ 46:1, 2.
ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ। ਇਸ ਦਾ ਮਤਲਬ ਹੈ ਕਿ ਉਹ ਹਮੇਸ਼ਾ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ। ਦਰਅਸਲ ਬਾਈਬਲ ਯਹੋਵਾਹ ਦਾ ਵਰਣਨ ਇਕ ਅਜਿਹੇ ਪਰਮੇਸ਼ੁਰ ਦੇ ਤੌਰ ਤੇ ਕਰਦੀ ਹੈ “ਜੋ ਝੂਠ ਬੋਲ ਨਹੀਂ ਸੱਕਦਾ।” (ਤੀਤੁਸ 1:2) ਯਹੋਵਾਹ ਨੇ ਕਈ ਵਾਰ ਇਹ ਕਿਹਾ ਹੈ ਕਿ ਉਹ ਆਪਣੇ ਸੇਵਕਾਂ ਦੀ ਰੱਖਿਆ ਕਰਨ ਤੇ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਰਹਿੰਦਾ ਹੈ, ਇਸ ਲਈ ਅਸੀਂ ਇਹ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਉਹ ਨਾ ਸਿਰਫ਼ ਆਪਣੇ ਵਾਅਦਿਆਂ ਨੂੰ ਪੂਰਾ ਕਰ ਸਕਦਾ ਹੈ, ਸਗੋਂ ਉਹ ਇਨ੍ਹਾਂ ਨੂੰ ਪੂਰਾ ਕਰਨ ਲਈ ਤਿਆਰ ਵੀ ਰਹਿੰਦਾ ਹੈ।—ਅੱਯੂਬ 42:2.
ਆਪਣੇ ਭਰੋਸੇ ਨੂੰ ਮਜ਼ਬੂਤ ਕਰਨ ਦੇ ਤਰੀਕੇ
ਭਾਵੇਂ ਕਿ ਸਾਡੇ ਕੋਲ ਯਹੋਵਾਹ ਵਿਚ ਭਰੋਸਾ ਰੱਖਣ ਦਾ ਹਰ ਜਾਇਜ਼ ਕਾਰਨ ਹੈ, ਪਰ ਸਾਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਸਾਡਾ ਇਹ ਭਰੋਸਾ ਹਮੇਸ਼ਾ ਬਰਕਰਾਰ ਰਹੇਗਾ। ਅੱਜ ਦੁਨੀਆਂ ਪਰਮੇਸ਼ੁਰ ਵਿਚ ਬਹੁਤ ਘੱਟ ਭਰੋਸਾ ਰੱਖਦੀ ਹੈ ਤੇ ਇਸ ਕਰਕੇ ਅਜਿਹਾ ਰਵੱਈਆ ਯਹੋਵਾਹ ਵਿਚ ਸਾਡੇ ਭਰੋਸੇ ਨੂੰ ਆਸਾਨੀ ਨਾਲ ਕਮਜ਼ੋਰ ਕਰ ਸਕਦਾ ਹੈ। ਇਸ ਲਈ, ਆਪਣੇ ਭਰੋਸੇ ਨੂੰ ਮਜ਼ਬੂਤ ਕਰਨ ਤੇ ਉਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਜੀ-ਤੋੜ ਮਿਹਨਤ ਕਰਨ ਦੀ ਲੋੜ ਹੈ। ਯਹੋਵਾਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਇਸੇ ਲਈ ਉਸ ਨੇ ਸਾਨੂੰ ਅਜਿਹੇ ਜ਼ਰੀਏ ਮੁਹੱਈਆ ਕੀਤੇ ਹਨ ਜਿਨ੍ਹਾਂ ਦੁਆਰਾ ਅਸੀਂ ਆਪਣੇ ਭਰੋਸੇ ਨੂੰ ਮਜ਼ਬੂਤ ਕਰ ਸਕਦੇ ਹਾਂ।
ਸਭ ਤੋਂ ਪਹਿਲਾਂ ਉਸ ਨੇ ਸਾਨੂੰ ਆਪਣਾ ਲਿਖਤੀ ਬਚਨ, ਬਾਈਬਲ ਦਿੱਤਾ ਹੈ ਜਿਸ ਵਿਚ ਉਸ ਦੇ ਬਹੁਤ ਸਾਰੇ ਉਹ ਸ਼ਕਤੀਸ਼ਾਲੀ ਕੰਮ ਦਰਜ ਹਨ ਜੋ ਉਸ ਨੇ ਆਪਣੇ ਸੇਵਕਾਂ ਲਈ ਕੀਤੇ ਸਨ। ਜ਼ਰਾ ਸੋਚੋ, ਤੁਸੀਂ ਉਸ ਵਿਅਕਤੀ ਵਿਚ ਕਿੰਨਾ ਕੁ ਭਰੋਸਾ ਰੱਖੋਗੇ ਜੇ ਤੁਹਾਨੂੰ ਸਿਰਫ਼ ਉਸ ਦਾ ਨਾਂ ਹੀ ਪਤਾ ਹੈ? ਸ਼ਾਇਦ ਬਹੁਤ ਘੱਟ। ਤੁਹਾਨੂੰ ਉਸ ਵਿਚ ਭਰੋਸਾ ਕਰਨ ਲਈ ਪਹਿਲਾਂ ਉਸ ਦੇ ਤੌਰ-ਤਰੀਕਿਆਂ ਤੇ ਉਸ ਦੇ ਕੰਮਾਂ ਬਾਰੇ ਜਾਣਨ ਦੀ ਲੋੜ ਹੈ, ਹੈ ਨਾ? ਜਦੋਂ ਅਸੀਂ ਬਾਈਬਲ ਵਿਚ ਬਿਰਤਾਂਤਾਂ ਨੂੰ ਪੜ੍ਹਦੇ ਹਾਂ ਅਤੇ ਉਨ੍ਹਾਂ ਉੱਤੇ ਮਨਨ ਕਰਦੇ ਹਾਂ, ਤਾਂ ਯਹੋਵਾਹ ਬਾਰੇ ਤੇ ਉਸ ਦੇ ਅਨੋਖੇ ਕੰਮਾਂ ਬਾਰੇ ਸਾਡਾ ਗਿਆਨ ਵਧਦਾ ਹੈ ਅਤੇ ਸਾਨੂੰ ਹੋਰ ਜ਼ਿਆਦਾ ਯਕੀਨ ਹੁੰਦਾ ਜਾਂਦਾ ਹੈ ਕਿ ਉਹ ਭਰੋਸੇਯੋਗ ਹੈ। ਇਸ ਤਰ੍ਹਾਂ, ਉਸ ਵਿਚ ਸਾਡਾ ਭਰੋਸਾ ਮਜ਼ਬੂਤ ਹੁੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਕ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ ਜਦੋਂ ਉਸ ਨੇ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਹੋਏ ਕਿਹਾ: “ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂਰ 77:11, 12.
ਬਾਈਬਲ ਤੋਂ ਇਲਾਵਾ, ਯਹੋਵਾਹ ਦੇ ਸੰਗਠਨ ਨੇ ਸਾਨੂੰ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨਾਂ ਦੁਆਰਾ ਭਰਪੂਰ ਮਾਤਰਾ ਵਿਚ ਅਧਿਆਤਮਿਕ ਭੋਜਨ ਵੀ ਦਿੱਤਾ ਹੈ। ਇਨ੍ਹਾਂ ਪ੍ਰਕਾਸ਼ਨਾਂ ਵਿਚ ਹੋਰਨਾਂ ਗੱਲਾਂ ਦੇ ਨਾਲ-ਨਾਲ ਪਰਮੇਸ਼ੁਰ ਦੇ ਮੌਜੂਦਾ ਸਮੇਂ ਦੇ ਸੇਵਕਾਂ ਦੀਆਂ ਉਤਸ਼ਾਹਜਨਕ ਜੀਵਨੀਆਂ ਵੀ ਪਾਈਆਂ ਜਾਂਦੀਆਂ ਹਨ ਜੋ ਇਹ ਦਿਖਾਉਂਦੀਆਂ ਹਨ ਕਿ ਯਹੋਵਾਹ ਨੇ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਕਿੱਦਾਂ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਰਾਹਤ ਪਹੁੰਚਾਈ। ਮਿਸਾਲ ਵਜੋਂ, ਮਾਰਟਿਨ ਪੋਇਟਸਿੰਗਰ, ਜੋ ਬਾਅਦ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ, ਆਪਣੇ ਜੱਦੀ ਦੇਸ਼ ਤੋਂ ਦੂਰ ਯੂਰਪੀ ਖੇਤਰਾਂ ਵਿਚ ਇਕ ਪਾਇਨੀਅਰ ਵਜੋਂ ਸੇਵਾ ਕਰਦੇ ਸਮੇਂ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ ਸੀ। ਉਸ ਕੋਲ ਕੋਈ ਪੈਸਾ ਨਹੀਂ ਸੀ ਤੇ ਕੋਈ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ। ਪਰ ਯਹੋਵਾਹ ਨੇ ਉਸ ਨੂੰ ਨਹੀਂ ਛੱਡਿਆ। ਅਖ਼ੀਰ ਇਕ ਸਥਾਨਕ ਹਸਪਤਾਲ ਦੇ ਸੀਨੀਅਰ ਡਾਕਟਰ ਨਾਲ ਸੰਪਰਕ ਕੀਤਾ ਗਿਆ। ਬਾਈਬਲ ਵਿਚ ਪੱਕਾ ਵਿਸ਼ਵਾਸ ਕਰਨ ਵਾਲੇ ਇਸ ਦਿਆਲੂ ਡਾਕਟਰ ਨੇ ਭਰਾ ਪੋਇਟਸਿੰਗਰ ਦਾ ਆਪਣੇ ਪੁੱਤਰ ਵਾਂਗ ਮੁਫ਼ਤ ਵਿਚ ਹੀ ਇਲਾਜ ਕੀਤਾ। ਅਜਿਹੀਆਂ ਜੀਵਨੀਆਂ ਪੜ੍ਹਨ ਨਾਲ ਯਕੀਨਨ ਅਸੀਂ ਆਪਣੇ ਸਵਰਗੀ ਪਿਤਾ ਵਿਚ ਆਪਣਾ ਭਰੋਸਾ ਮਜ਼ਬੂਤ ਬਣਾ ਸਕਦੇ ਹਾਂ।
ਯਹੋਵਾਹ ਵਿਚ ਸਾਡਾ ਭਰੋਸਾ ਮਜ਼ਬੂਤ ਬਣਾਉਣ ਲਈ ਉਸ ਨੇ ਸਾਨੂੰ ਇਕ ਹੋਰ ਬਹੁਮੁੱਲੀ ਮਦਦ ਦਿੱਤੀ ਹੈ, ਯਾਨੀ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ। ਪੌਲੁਸ ਰਸੂਲ ਪਿਆਰ ਨਾਲ ਸਾਨੂੰ ਕਹਿੰਦਾ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” (ਫ਼ਿਲਿੱਪੀਆਂ 4:6) “ਹਰ ਗੱਲ” ਵਿਚ ਸਾਡੇ ਜਜ਼ਬਾਤ, ਲੋੜਾਂ, ਡਰ ਅਤੇ ਚਿੰਤਾਵਾਂ ਸ਼ਾਮਲ ਕੀਤੇ ਜਾ ਸਕਦੇ ਹਨ। ਅਸੀਂ ਜਿੰਨਾ ਅਕਸਰ ਤੇ ਜਿੰਨਾ ਜ਼ਿਆਦਾ ਦਿਲੋਂ ਪ੍ਰਾਰਥਨਾ ਕਰਾਂਗੇ, ਯਹੋਵਾਹ ਵਿਚ ਸਾਡਾ ਭਰੋਸਾ ਉੱਨਾ ਹੀ ਜ਼ਿਆਦਾ ਮਜ਼ਬੂਤ ਹੁੰਦਾ ਜਾਵੇਗਾ।
ਯਿਸੂ ਮਸੀਹ ਜਦੋਂ ਧਰਤੀ ਉੱਤੇ ਸੀ, ਤਾਂ ਉਹ ਕਈ ਵਾਰੀ ਕਿਸੇ ਏਕਾਂਤ ਥਾਂ ਤੇ ਜਾਂਦਾ ਹੁੰਦਾ ਸੀ ਤਾਂਕਿ ਉਹ ਸ਼ਾਂਤੀ ਨਾਲ ਪ੍ਰਾਰਥਨਾ ਕਰ ਸਕੇ। (ਮੱਤੀ 14:23; ਮਰਕੁਸ 1:35) ਇੱਥੋਂ ਤਕ ਕਿ ਜਦੋਂ ਉਸ ਨੇ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਸੀ, ਤਾਂ ਉਹ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਨ ਵਿਚ ਪੂਰੀ ਰਾਤ ਹੀ ਬਿਤਾ ਦਿੰਦਾ ਸੀ। (ਲੂਕਾ 6:12, 13) ਤਾਂ ਫਿਰ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਯਹੋਵਾਹ ਵਿਚ ਯਿਸੂ ਦਾ ਭਰੋਸਾ ਐਨਾ ਜ਼ਿਆਦਾ ਮਜ਼ਬੂਤ ਸੀ ਕਿ ਉਹ ਸਭ ਤੋਂ ਖੌਫ਼ਨਾਕ ਅਜ਼ਮਾਇਸ਼ ਨੂੰ ਵੀ ਸਹਿ ਸਕਿਆ। ਤਸੀਹੇ ਦੀ ਸੂਲੀ ਉੱਤੇ ਉਸ ਦੇ ਆਖ਼ਰੀ ਸ਼ਬਦ ਸਨ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।” ਵਿਸ਼ਵਾਸ ਦੇ ਇਸ ਪ੍ਰਗਟਾਵੇ ਨੇ ਦਿਖਾਇਆ ਕਿ ਉਸ ਨੇ ਆਖ਼ਰੀ ਦਮ ਤਕ ਆਪਣੇ ਪਿਤਾ ਵਿਚ ਅਟੱਲ ਭਰੋਸਾ ਰੱਖਿਆ, ਭਾਵੇਂ ਕਿ ਯਹੋਵਾਹ ਨੇ ਉਸ ਨੂੰ ਬਚਾਉਣ ਲਈ ਕੋਈ ਦਖ਼ਲ ਨਹੀਂ ਦਿੱਤਾ।—ਲੂਕਾ 23:46.
ਇਕ ਹੋਰ ਜ਼ਰੀਆ ਹੈ ਜਿਸ ਦੁਆਰਾ ਅਸੀਂ ਯਹੋਵਾਹ ਵਿਚ ਆਪਣਾ ਭਰੋਸਾ ਮਜ਼ਬੂਤ ਬਣਾ ਸਕਦੇ ਹਾਂ। ਉਹ ਹੈ ਉਨ੍ਹਾਂ ਲੋਕਾਂ ਨਾਲ ਬਾਕਾਇਦਾ ਸੰਗਤੀ ਕਰਨੀ ਜਿਹੜੇ ਯਹੋਵਾਹ ਵਿਚ ਦਿਲੋਂ ਭਰੋਸਾ ਰੱਖਦੇ ਹਨ। ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਕਾਇਦਾ ਇਕੱਠਾ ਹੋਣ ਦਾ ਹੁਕਮ ਦਿੱਤਾ ਤਾਂਕਿ ਉਹ ਉਸ ਬਾਰੇ ਹੋਰ ਜ਼ਿਆਦਾ ਸਿੱਖਣ ਤੇ ਇਕ-ਦੂਜੇ ਨੂੰ ਉਤਸ਼ਾਹਿਤ ਕਰਨ। (ਬਿਵਸਥਾ ਸਾਰ 31:12; ਇਬਰਾਨੀਆਂ 10:24, 25) ਭੈਣ-ਭਰਾਵਾਂ ਦੀ ਸੰਗਤੀ ਕਰਨ ਨਾਲ ਉਨ੍ਹਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ ਜੋ ਉਨ੍ਹਾਂ ਨੂੰ ਨਿਹਚਾ ਦੀਆਂ ਸਖ਼ਤ ਅਜ਼ਮਾਇਸ਼ਾਂ ਸਹਿਣ ਦੇ ਕਾਬਲ ਬਣਾਉਂਦਾ ਹੈ। ਇਕ ਅਫ਼ਰੀਕੀ ਦੇਸ਼ ਵਿਚ ਪ੍ਰਚਾਰ ਦੇ ਕੰਮ ਤੇ ਪਾਬੰਦੀ ਲਾ ਦਿੱਤੀ ਗਈ ਤੇ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਪੁਲਸ ਸੁਰੱਖਿਆ, ਸਫ਼ਰੀ ਕਾਗਜ਼ਾਤ, ਵਿਆਹ ਦੇ ਸਰਟੀਫਿਕੇਟ ਤੇ ਨੌਕਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਸਪਤਾਲ ਦੀਆਂ ਸਹੂਲਤਾਂ ਤੋਂ ਵਾਂਝਿਆ ਰੱਖਿਆ। ਉੱਥੇ ਇਕ ਇਲਾਕੇ ਵਿਚ ਜਦੋਂ ਘਰੇਲੂ ਯੁੱਧ ਸ਼ੁਰੂ ਹੋ ਗਿਆ, ਤਾਂ ਨੇੜੇ ਦੀ ਕਲੀਸਿਯਾ ਦੇ 39 ਭੈਣ-ਭਰਾ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਸਨ, ਆਪਣੇ ਸ਼ਹਿਰ ਵਿਚ ਬੰਬਾਰੀ ਤੋਂ ਬਚਣ ਲਈ ਚਾਰ ਮਹੀਨਿਆਂ ਤਕ ਰੇਗਿਸਤਾਨ ਵਿਚ ਇਕ ਨੀਵੇਂ ਜਿਹੇ ਪੁਲ ਥੱਲੇ ਲੁਕੇ ਰਹੇ। ਇਸ ਮੁਸ਼ਕਲ ਘੜੀ ਵਿਚ ਵੀ ਬਾਈਬਲ ਦੇ ਹਵਾਲਿਆਂ ਦੀ ਹਰ ਰੋਜ਼ ਚਰਚਾ ਤੇ ਦੂਜੀਆਂ ਸਭਾਵਾਂ ਨੇ ਉਨ੍ਹਾਂ ਨੂੰ ਵੱਡੀ ਤਾਕਤ ਦਿੱਤੀ। ਇਸ ਤਰ੍ਹਾਂ ਉਹ ਇਸ ਸਖ਼ਤ ਅਜ਼ਮਾਇਸ਼ ਦੇ ਬਾਵਜੂਦ ਵੀ ਆਪਣੀ ਅਧਿਆਤਮਿਕਤਾ ਨੂੰ ਬਣਾਈ ਰੱਖ ਸਕੇ। ਇਸ ਤਜਰਬੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕਾਂ ਨਾਲ ਬਾਕਾਇਦਾ ਸਭਾਵਾਂ ਵਿਚ ਇਕੱਠੇ ਹੋਣ ਦੀ ਕਿੰਨੀ ਅਹਿਮੀਅਤ ਹੈ।
ਆਖ਼ਰ ਵਿਚ, ਯਹੋਵਾਹ ਵਿਚ ਆਪਣਾ ਭਰੋਸਾ ਮਜ਼ਬੂਤ ਕਰਨ ਲਈ ਸਾਨੂੰ ਰਾਜ ਦੇ ਪ੍ਰਚਾਰ ਵਿਚ ਲੱਗੇ ਰਹਿਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਕੈਨੇਡਾ ਦੀ ਇਕ ਜੋਸ਼ੀਲੀ ਜਵਾਨ ਪ੍ਰਕਾਸ਼ਕ, ਜਿਸ ਨੂੰ ਲਿਉਕੀਮੀਆ ਦੀ ਗੰਭੀਰ ਬੀਮਾਰੀ ਸੀ, ਦੀ ਦਿਲ-ਟੁੰਬਵੀਂ ਕਹਾਣੀ ਇਸ ਗੱਲ ਦਾ ਸਬੂਤ ਹੈ। ਆਪਣੀ ਇਸ ਗੰਭੀਰ ਬੀਮਾਰੀ ਦੇ ਬਾਵਜੂਦ ਵੀ ਉਹ ਪਾਇਨੀਅਰ ਯਾਨੀ ਪੂਰੇ ਸਮੇਂ ਦੀ ਸੇਵਕਾ ਬਣਨਾ ਚਾਹੁੰਦੀ ਸੀ। ਬੀਮਾਰੀ ਵਿਚ ਥੋੜ੍ਹਾ ਜਿਹਾ ਸੁਧਾਰ ਹੋਣ ਤੇ ਉਸ ਨੇ ਸਹਿਯੋਗੀ ਪਾਇਨੀਅਰ ਵਜੋਂ ਇਕ ਮਹੀਨਾ ਪ੍ਰਚਾਰ ਵਿਚ ਬਿਤਾਇਆ। ਫਿਰ ਉਸ ਦੀ ਸਿਹਤ ਦੁਬਾਰਾ ਵਿਗੜ ਗਈ ਤੇ ਕੁਝ ਮਹੀਨਿਆਂ ਬਾਅਦ ਉਸ ਦੀ ਮੌਤ ਹੋ ਗਈ। ਪਰ ਉਹ ਅੰਤ ਤਕ ਅਧਿਆਤਮਿਕ ਤੌਰ ਤੇ ਮਜ਼ਬੂਤ ਰਹੀ ਤੇ ਇਕ ਪਲ ਲਈ ਵੀ ਯਹੋਵਾਹ ਵਿਚ ਉਸ ਦਾ ਭਰੋਸਾ ਡਾਵਾਂ-ਡੋਲ ਨਹੀਂ ਹੋਇਆ। ਉਸ ਦੀ ਮਾਂ ਨੇ ਦੱਸਿਆ: “ਅਖ਼ੀਰ ਤਕ ਉਹ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਚਿੰਤਾ ਕਰਦੀ ਸੀ। ਉਹ ਉਨ੍ਹਾਂ ਨੂੰ ਇਹ ਕਹਿੰਦੀ ਹੋਈ ਬਾਈਬਲ ਸਟੱਡੀ ਕਰਨ ਦੀ ਹੱਲਾਸ਼ੇਰੀ ਦਿੰਦੀ ਸੀ ਕਿ ‘ਆਪਾਂ ਫਿਰਦੌਸ ਵਿਚ ਮਿਲਾਂਗੇ।’”
ਯਹੋਵਾਹ ਵਿਚ ਆਪਣਾ ਭਰੋਸਾ ਸਾਬਤ ਕਰਨਾ
“ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” (ਯਾਕੂਬ 2:26) ਯਾਕੂਬ ਨੇ ਪਰਮੇਸ਼ੁਰ ਵਿਚ ਨਿਹਚਾ ਬਾਰੇ ਜੋ ਕਿਹਾ, ਉਹੀ ਪਰਮੇਸ਼ੁਰ ਵਿਚ ਸਾਡੇ ਭਰੋਸੇ ਬਾਰੇ ਵੀ ਕਿਹਾ ਜਾ ਸਕਦਾ ਹੈ। ਅਸੀਂ ਭਾਵੇਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਅਸੀਂ ਪਰਮੇਸ਼ੁਰ ਵਿਚ ਭਰੋਸਾ ਕਰਦੇ ਹਾਂ, ਪਰ ਉਦੋਂ ਤਕ ਉਸ ਭਰੋਸੇ ਦੀ ਕੋਈ ਅਹਿਮੀਅਤ ਨਹੀਂ ਹੈ ਜਦ ਤਕ ਅਸੀਂ ਆਪਣੇ ਉਸ ਭਰੋਸੇ ਨੂੰ ਆਪਣੇ ਕੰਮਾਂ ਦੁਆਰਾ ਸਾਬਤ ਨਹੀਂ ਕਰਦੇ। ਅਬਰਾਹਾਮ ਨੇ ਪਰਮੇਸ਼ੁਰ ਵਿਚ ਪੂਰਾ ਭਰੋਸਾ ਕੀਤਾ ਤੇ ਉਸ ਦੇ ਹੁਕਮ ਨੂੰ ਮੰਨ ਕੇ ਉਸ ਨੇ ਆਪਣੇ ਭਰੋਸੇ ਨੂੰ ਸਾਬਤ ਕਰ ਕੇ ਦਿਖਾਇਆ, ਇੱਥੋਂ ਤਕ ਕਿ ਉਹ ਆਪਣੇ ਪੁੱਤਰ ਇਸਹਾਕ ਦਾ ਬਲੀਦਾਨ ਦੇਣ ਲਈ ਵੀ ਤਿਆਰ ਹੋ ਗਿਆ ਸੀ। ਅਜਿਹੇ ਬੇਮਿਸਾਲ ਭਰੋਸੇ ਤੇ ਆਗਿਆਕਾਰੀ ਦੇ ਕਾਰਨ, ਅਬਰਾਹਾਮ ਯਹੋਵਾਹ ਦਾ ਮਿੱਤਰ ਕਹਿਲਾਇਆ।—ਇਬਰਾਨੀਆਂ 11:8-10, 17-19; ਯਾਕੂਬ 2:23.
ਯਹੋਵਾਹ ਵਿਚ ਆਪਣਾ ਭਰੋਸਾ ਸਾਬਤ ਕਰਨ ਲਈ ਸਾਨੂੰ ਕਿਸੇ ਵੱਡੀ ਅਜ਼ਮਾਇਸ਼ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।” (ਲੂਕਾ 16:10) ਸਾਨੂੰ ਆਪਣੇ ਰੋਜ਼-ਮੱਰਾ ਦੇ ਕੰਮ ਕਰਨ ਵੇਲੇ ਵੀ ਯਹੋਵਾਹ ਵਿਚ ਭਰੋਸਾ ਰੱਖਣਾ ਸਿੱਖਣਾ ਚਾਹੀਦਾ ਹੈ ਤੇ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਸਾਨੂੰ ਆਗਿਆਕਾਰ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਅਜਿਹੀ ਆਗਿਆਕਾਰੀ ਦੇ ਫ਼ਾਇਦਿਆਂ ਨੂੰ ਦੇਖਦੇ ਹਾਂ, ਤਾਂ ਸਾਡਾ ਆਪਣੇ ਸਵਰਗੀ ਪਿਤਾ ਵਿਚ ਭਰੋਸਾ ਮਜ਼ਬੂਤ ਹੁੰਦਾ ਹੈ ਤੇ ਅਸੀਂ ਵੱਡੀਆਂ-ਵੱਡੀਆਂ ਜਾਂ ਹੋਰ ਖੌਫ਼ਨਾਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਕਾਬਲ ਹੋ ਜਾਂਦੇ ਹਾਂ।
ਦੁਨੀਆਂ ਭਿਆਨਕ ਤਬਾਹੀ ਵੱਲ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਯਹੋਵਾਹ ਦੇ ਲੋਕਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਤੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਣਾ ਹੈ। (ਰਸੂਲਾਂ ਦੇ ਕਰਤੱਬ 14:22; 2 ਤਿਮੋਥਿਉਸ 3:12) ਹੁਣ ਤੋਂ ਹੀ ਯਹੋਵਾਹ ਵਿਚ ਆਪਣੇ ਭਰੋਸੇ ਨੂੰ ਮਜ਼ਬੂਤ ਤੇ ਪੱਕਾ ਬਣਾਉਣ ਦੁਆਰਾ ਅਸੀਂ ਉਸ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਾਂ—ਭਾਵੇਂ ਵੱਡੀ ਬਿਪਤਾ ਵਿੱਚੋਂ ਬਚ ਕੇ ਨਵੀਂ ਦੁਨੀਆਂ ਵਿਚ ਜਾਣ ਦੁਆਰਾ ਜਾਂ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦੇ ਕੀਤੇ ਜਾਣ ਦੁਆਰਾ। (2 ਪਤਰਸ 3:13) ਆਓ ਆਪਾਂ ਕਦੀ ਵੀ ਯਹੋਵਾਹ ਉੱਤੇ ਸ਼ੱਕ ਕਰ ਕੇ ਉਸ ਨਾਲ ਆਪਣੇ ਬਹੁਮੁੱਲੇ ਰਿਸ਼ਤੇ ਨੂੰ ਖ਼ਰਾਬ ਨਾ ਕਰੀਏ। ਫਿਰ ਜਿੱਦਾਂ ਸ਼ੇਰਾਂ ਦੇ ਘੁਰੇ ਵਿੱਚੋਂ ਬਚਾਏ ਜਾਣ ਤੋਂ ਬਾਅਦ ਦਾਨੀਏਲ ਬਾਰੇ ਕਿਹਾ ਗਿਆ ਸੀ, ਉਹ ਸਾਡੇ ਬਾਰੇ ਵੀ ਕਿਹਾ ਜਾ ਸਕਦਾ ਹੈ: “ਉਸ ਦੇ ਉੱਤੋਂ ਰਤੀ ਵੀ ਔਖ ਨਾ ਲੱਭਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ।”—ਦਾਨੀਏਲ 6:23.
[ਫੁਟਨੋਟ]
a ਜ਼ਿਆਦਾ ਜਾਣਕਾਰੀ ਲਈ 1 ਨਵੰਬਰ 1994 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 23-7 ਦੇਖੋ।
[ਸਫ਼ੇ 9 ਉੱਤੇ ਤਸਵੀਰ]
ਮਾਰਟਿਨ ਪੋਇਟਸਿੰਗਰ ਵਰਗੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਜੀਵਨੀਆਂ ਪੜ੍ਹਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ