ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ ਹੈ
“ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:20.
1, 2. (ੳ) ਜਦੋਂ ਯਿਸੂ ਨੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ ਤਾਂ ਉਸ ਨੇ ਆਪਣੇ ਚੇਲਿਆਂ ਨਾਲ ਕਿਹੜਾ ਵਾਅਦਾ ਕੀਤਾ ਸੀ? (ਅ) ਯਿਸੂ ਨੇ ਮੁੱਢਲੀ ਮਸੀਹੀ ਕਲੀਸਿਯਾ ਦੀ ਅਗਵਾਈ ਕਿਸ ਤਰ੍ਹਾਂ ਕੀਤੀ ਸੀ?
ਸਾਡਾ ਜੀ ਉਠਾਇਆ ਗਿਆ ਆਗੂ ਯਿਸੂ ਮਸੀਹ ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਪ੍ਰਗਟ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 23:10; 28:18-20.
2 ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਚੇਲੇ ਬਣਾਉਣ ਦਾ ਕੰਮ ਸੌਂਪਿਆ ਸੀ ਜਿਸ ਦੁਆਰਾ ਲੋਕਾਂ ਦੀਆਂ ਜਾਨਾਂ ਬੱਚ ਸਕਦੀਆਂ ਹਨ। ਪਰ ਇਸ ਕੰਮ ਦੇ ਨਾਲ-ਨਾਲ ਉਸ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਉਨ੍ਹਾਂ ਦੇ ਨਾਲ ਹੋਵੇਗਾ। ਬਾਈਬਲ ਵਿਚ ਰਸੂਲਾਂ ਦੇ ਕਰਤੱਬ ਦੀ ਪੋਥੀ ਵਿਚ ਮੁੱਢਲੀ ਮਸੀਹੀਅਤ ਦੇ ਇਤਿਹਾਸ ਦਾ ਰਿਕਾਰਡ ਹੈ। ਉਸ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਯਿਸੂ ਨੇ ਨਵੀਂ-ਨਵੀਂ ਸਥਾਪਿਤ ਕੀਤੀ ਗਈ ਕਲੀਸਿਯਾ ਦੀ ਅਗਵਾਈ ਕਰਨ ਲਈ ਆਪਣਾ ਇਖ਼ਤਿਆਰ ਵਰਤਿਆ ਸੀ। ਉਸ ਨੇ ਵਾਅਦਾ ਕੀਤਾ ਹੋਇਆ “ਸਹਾਇਕ,” ਯਾਨੀ ਪਵਿੱਤਰ ਆਤਮਾ ਭੇਜ ਕੇ ਆਪਣੇ ਚੇਲਿਆਂ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਦੇ ਕੰਮਾਂ ਦੀ ਅਗਵਾਈ ਕੀਤੀ। (ਯੂਹੰਨਾ 16:7; ਰਸੂਲਾਂ ਦੇ ਕਰਤੱਬ 2:4, 33; 13:2-4; 16:6-10) ਜੀ ਉੱਠੇ ਯਿਸੂ ਨੇ ਦੂਤਾਂ ਦੇ ਜ਼ਰੀਏ ਵੀ ਆਪਣੇ ਚੇਲਿਆਂ ਦੀ ਮਦਦ ਕੀਤੀ ਸੀ। (ਰਸੂਲਾਂ ਦੇ ਕਰਤੱਬ 5:19; 8:26; 10:3-8, 22; 12:7-11; 27:23, 24; 1 ਪਤਰਸ 3:22) ਇਸ ਤੋਂ ਇਲਾਵਾ ਸਾਡੇ ਆਗੂ ਨੇ ਕਾਬਲ ਆਦਮੀਆਂ ਦਾ ਇੰਤਜ਼ਾਮ ਕੀਤਾ ਕਿ ਉਹ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਕੇ ਕਲੀਸਿਯਾ ਦੀ ਅਗਵਾਈ ਕਰਨ।—ਰਸੂਲਾਂ ਦੇ ਕਰਤੱਬ 1:20, 24-26; 6:1-6; 8:5, 14-17.
3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?
3 ਪਰ ਸਾਡੇ ਸਮੇਂ, ਯਾਨੀ “ਜੁਗ ਦੇ ਅੰਤ” ਬਾਰੇ ਕੀ? ਯਿਸੂ ਮਸੀਹ ਅੱਜ ਮਸੀਹੀ ਕਲੀਸਿਯਾ ਦੀ ਅਗਵਾਈ ਕਿਸ ਤਰ੍ਹਾਂ ਕਰ ਰਿਹਾ ਹੈ? ਅਤੇ ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਦੀ ਅਗਵਾਈ ਕਬੂਲ ਕਰਦੇ ਹਾਂ?
ਮਾਲਕ ਦਾ ਵਫ਼ਾਦਾਰ ਨੌਕਰ
4. (ੳ) “ਮਾਤਬਰ ਅਤੇ ਬੁੱਧਵਾਨ ਨੌਕਰ” ਕਿਨ੍ਹਾਂ ਮਸੀਹੀਆਂ ਦਾ ਬਣਿਆ ਹੋਇਆ ਹੈ? (ਅ) ਮਾਲਕ ਨੇ ਆਪਣੇ ਨੌਕਰ ਨੂੰ ਕਿਹੜਾ ਇਖ਼ਤਿਆਰ ਸੌਂਪਿਆ ਹੈ?
4 ਯਿਸੂ ਨੇ ਆਪਣੀ ਮੌਜੂਦਗੀ ਦੀ ਨਿਸ਼ਾਨੀ ਦੀ ਭਵਿੱਖਬਾਣੀ ਦਿੰਦੇ ਹੋਏ ਕਿਹਾ: “ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।” (ਮੱਤੀ 24:45-47) “ਮਾਲਕ” ਸਾਡਾ ਆਗੂ ਯਿਸੂ ਮਸੀਹ ਹੈ, ਅਤੇ ਉਸ ਨੇ “ਮਾਤਬਰ ਅਤੇ ਬੁੱਧਵਾਨ ਨੌਕਰ,” ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਧਰਤੀ ਉੱਤੇ ਆਪਣੇ ਸਾਰੇ ਕੰਮਾਂ ਦਾ ਇਖ਼ਤਿਆਰ ਦਿੱਤਾ ਹੈ।
5, 6. (ੳ) ਯੂਹੰਨਾ ਰਸੂਲ ਨੇ ਦਰਸ਼ਣ ਵਿਚ ਜੋ “ਸੋਨੇ ਦੇ ਸੱਤ ਸ਼ਮਾਦਾਨ” ਅਤੇ “ਸੱਤ ਤਾਰੇ” ਦੇਖੇ ਸਨ, ਉਹ ਕਿਸ ਨੂੰ ਦਰਸਾਉਂਦੇ ਹਨ? (ਅ) ਇਸ ਦਾ ਕੀ ਮਤਲਬ ਹੈ ਕਿ ਯਿਸੂ ਦੇ ਸੱਜੇ ਹੱਥ ਵਿਚ “ਸੱਤ ਤਾਰੇ” ਹਨ?
5 ਬਾਈਬਲ ਵਿਚ ਪਰਕਾਸ਼ ਦੀ ਪੋਥੀ ਤੋਂ ਦੇਖਿਆ ਜਾਂਦਾ ਹੈ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਸਿੱਧੀ ਤੌਰ ਤੇ ਯਿਸੂ ਮਸੀਹ ਦੇ ਵੱਸ ਵਿਚ ਹੈ। “ਪ੍ਰਭੁ ਦੇ ਦਿਨ” ਦੇ ਦਰਸ਼ਣ ਵਿਚ ਯੂਹੰਨਾ ਰਸੂਲ ਨੇ “ਸੋਨੇ ਦੇ ਸੱਤ ਸ਼ਮਾਦਾਨ ਵੇਖੇ। ਅਤੇ ਓਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤ੍ਰ” ਵਰਗਾ ਕੋਈ ਸੀ ਜਿਸ ਨੇ “ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ।” ਯੂਹੰਨਾ ਨੂੰ ਦਰਸ਼ਣ ਬਾਰੇ ਸਮਝਾਉਂਦੇ ਹੋਏ ਯਿਸੂ ਨੇ ਕਿਹਾ: “ਓਹਨਾਂ ਸੱਤਾਂ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਓਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ। ਓਹ ਸੱਤ ਤਾਰੇ ਸੱਤਾਂ ਕਲੀਸਿਯਾਂ ਦੇ ਦੂਤ ਹਨ ਅਤੇ ਓਹ ਸੱਤ ਸ਼ਮਾਦਾਨ ਸੱਤ ਕਲੀਸਿਯਾਂ ਹਨ।”—ਪਰਕਾਸ਼ ਦੀ ਪੋਥੀ 1:1, 10-20.
6 ‘ਪ੍ਰਭੁ ਦਾ ਦਿਨ’ 1914 ਵਿਚ ਸ਼ੁਰੂ ਹੋਇਆ ਸੀ। “ਸੋਨੇ ਦੇ ਸੱਤ ਸ਼ਮਾਦਾਨ” ਇਸ ਸਮੇਂ ਦੀਆਂ ਸਾਰੀਆਂ ਮਸੀਹੀ ਕਲੀਸਿਯਾਵਾਂ ਨੂੰ ਦਰਸਾਉਂਦੇ ਹਨ। ਪਰ “ਸੱਤ ਤਾਰੇ” ਕਿਨ੍ਹਾਂ ਨੂੰ ਦਰਸਾਉਂਦੇ ਹਨ? ਸ਼ੁਰੂ ਵਿਚ ਇਹ ਤਾਰੇ ਪਹਿਲੀ ਸਦੀ ਦੀਆਂ ਕਲੀਸਿਯਾਵਾਂ ਦੀ ਦੇਖ-ਭਾਲ ਕਰ ਰਹੇ ਮਸਹ ਕੀਤੇ ਹੋਏ ਸਾਰੇ ਨਿਗਾਹਬਾਨਾਂ ਨੂੰ ਦਰਸਾਉਂਦੇ ਸਨ।a ਇਹ ਨਿਗਾਹਬਾਨ ਯਿਸੂ ਦੇ ਸੱਜੇ ਹੱਥ ਵਿਚ ਸਨ, ਯਾਨੀ ਉਸ ਦੇ ਵੱਸ ਵਿਚ ਅਤੇ ਨਿਰਦੇਸ਼ਨ ਅਧੀਨ ਸਨ। ਜੀ ਹਾਂ, ਯਿਸੂ ਮਸੀਹ ਨੌਕਰ ਵਰਗ ਦੀ ਅਗਵਾਈ ਕਰਦਾ ਆਇਆ ਹੈ। ਪਰ ਅੱਜ-ਕੱਲ੍ਹ ਬਹੁਤ ਥੋੜ੍ਹੇ ਮਸਹ ਕੀਤੇ ਹੋਏ ਨਿਗਾਹਬਾਨ ਹਨ। ਤਾਂ ਫਿਰ ਮਸੀਹ ਦੀ ਅਗਵਾਈ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 93,000 ਕਲੀਸਿਯਾਵਾਂ ਤਕ ਕਿਸ ਤਰ੍ਹਾਂ ਪਹੁੰਚਦੀ ਹੈ?
7. (ੳ) ਯਿਸੂ ਪ੍ਰਬੰਧਕ ਸਭਾ ਦੇ ਜ਼ਰੀਏ ਸੰਸਾਰ ਭਰ ਦੀਆਂ ਕਲੀਸਿਯਾਵਾਂ ਦੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਸੀਹੀ ਨਿਗਾਹਬਾਨ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਹਨ?
7 ਪਹਿਲੀ ਸਦੀ ਵਾਂਗ ਅੱਜ ਵੀ ਮਸਹ ਕੀਤੇ ਹੋਏ ਨਿਗਾਹਬਾਨਾਂ ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਿਹਾ ਹੈ। ਇਹ ਸਮੂਹ ਪੂਰੇ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਦਰਸਾਉਂਦਾ ਹੈ। ਸਾਡਾ ਆਗੂ ਇਸ ਪ੍ਰਬੰਧਕ ਸਭਾ ਦੇ ਜ਼ਰੀਏ ਕਾਬਲ ਆਦਮੀਆਂ ਨੂੰ ਕਲੀਸਿਯਾਵਾਂ ਵਿਚ ਬਜ਼ੁਰਗਾਂ ਵਜੋਂ ਥਾਪਦਾ ਹੈ ਭਾਵੇਂ ਉਹ ਮਸਹ ਕੀਤੇ ਹੋਣ ਜਾਂ ਨਾ। ਯਿਸੂ ਯਹੋਵਾਹ ਤੋਂ ਮਿਲੀ ਪਵਿੱਤਰ ਆਤਮਾ ਵਰਤ ਕੇ ਇਹ ਜ਼ਰੂਰੀ ਕੰਮ ਕਰਦਾ ਹੈ। (ਰਸੂਲਾਂ ਦੇ ਕਰਤੱਬ 2:32, 33) ਸਭ ਤੋਂ ਪਹਿਲਾਂ ਇਨ੍ਹਾਂ ਨਿਗਾਹਬਾਨਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਗਈਆਂ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਜੋ ਪਵਿੱਤਰ ਆਤਮਾ ਦੁਆਰਾ ਲਿਖਵਾਇਆ ਗਿਆ ਸੀ। (1 ਤਿਮੋਥਿਉਸ 3:1-7; ਤੀਤੁਸ 1:5-9; 2 ਪਤਰਸ 1:20, 21) ਪ੍ਰਾਰਥਨਾ ਅਤੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਸਿਫਾਰਸ਼ਾਂ ਅਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਥਾਪੇ ਗਏ ਭਰਾ ਆਤਮਾ ਦੇ ਫਲ ਵੀ ਜ਼ਾਹਰ ਕਰ ਰਹੇ ਹੁੰਦੇ ਹਨ। (ਗਲਾਤੀਆਂ 5:22, 23) ਸਾਰੇ ਬਜ਼ੁਰਗਾਂ ਉੱਤੇ ਪੌਲੁਸ ਦੀ ਅਗਲੀ ਸਲਾਹ ਲਾਗੂ ਹੁੰਦੀ ਹੈ ਭਾਵੇਂ ਉਹ ਮਸਹ ਕੀਤੇ ਹੋਏ ਹੋਣ ਜਾਂ ਨਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ।” (ਰਸੂਲਾਂ ਦੇ ਕਰਤੱਬ 20:28) ਇਹ ਥਾਪੇ ਗਏ ਆਦਮੀ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਕਲੀਸਿਯਾਵਾਂ ਦੀ ਦੇਖ-ਭਾਲ ਖਿੜੇ-ਮੱਥੇ ਕਰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਸੀਹ ਹੁਣ ਸਾਡੇ ਨਾਲ ਹੈ ਅਤੇ ਕਲੀਸਿਯਾ ਦੀ ਅਗਵਾਈ ਕਰਦਾ ਹੈ।
8. ਯਿਸੂ ਦੂਤਾਂ ਰਾਹੀਂ ਆਪਣੇ ਚੇਲਿਆਂ ਦੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ?
8 ਅੱਜ ਆਪਣੇ ਚੇਲਿਆਂ ਦੀ ਅਗਵਾਈ ਕਰਨ ਵਾਸਤੇ ਯਿਸੂ ਸਵਰਗੀ ਦੂਤਾਂ ਨੂੰ ਵੀ ਇਸਤੇਮਾਲ ਕਰਦਾ ਹੈ। ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਮੁਤਾਬਕ ਵਾਢੀ ਦਾ ਵੇਲਾ “ਜੁਗ ਦੇ ਅੰਤ ਦੇ ਸਮੇ” ਆਵੇਗਾ। ਵਾਢੀ ਕਰਨ ਵਾਸਤੇ ਮਾਲਕ ਕਿਸ ਨੂੰ ਇਸਤੇਮਾਲ ਕਰੇਗਾ? ਯਿਸੂ ਨੇ ਦੱਸਿਆ ਕਿ “ਵੱਢਣ ਵਾਲੇ ਦੂਤ ਹਨ।” ਉਸ ਨੇ ਅੱਗੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਓਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਿਆਂ ਕਰਨਗੇ।” (ਮੱਤੀ 13:37-41) ਇਸ ਤੋਂ ਇਲਾਵਾ ਠੀਕ ਜਿਵੇਂ ਇਕ ਦੂਤ ਨੇ ਫ਼ਿਲਿੱਪੁਸ ਨੂੰ ਈਥੋਪੀਆਈ ਖੋਜੇ ਤਕ ਪਹੁੰਚਣ ਵਿਚ ਮਦਦ ਦਿੱਤੀ ਸੀ, ਉਸੇ ਤਰ੍ਹਾਂ ਅੱਜ-ਕੱਲ੍ਹ ਕਾਫ਼ੀ ਸਬੂਤ ਹੈ ਕਿ ਮਸੀਹ, ਦੂਤਾਂ ਰਾਹੀਂ ਸੱਚੇ ਮਸੀਹੀਆਂ ਦੀ ਅਗਵਾਈ ਕਰਦਾ ਹੈ ਤਾਂਕਿ ਉਹ ਨੇਕਦਿਲ ਲੋਕਾਂ ਨੂੰ ਲੱਭ ਸਕਣ।—ਰਸੂਲਾਂ ਦੇ ਕਰਤੱਬ 8:26, 27; ਪਰਕਾਸ਼ ਦੀ ਪੋਥੀ 14:6.
9. (ੳ) ਅੱਜ ਮਸੀਹ ਕਿਨ੍ਹਾਂ ਤਰੀਕਿਆਂ ਵਿਚ ਮਸੀਹੀ ਕਲੀਸਿਯਾ ਦੀ ਅਗਵਾਈ ਕਰਦਾ ਹੈ? (ਅ) ਜੇਕਰ ਅਸੀਂ ਮਸੀਹ ਦੀ ਅਗਵਾਈ ਤੋਂ ਫ਼ਾਇਦਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਸ ਸਵਾਲ ਉੱਤੇ ਗੌਰ ਕਰਨਾ ਚਾਹੀਦਾ ਹੈ?
9 ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਿਸੂ ਪ੍ਰਬੰਧਕ ਸਭਾ, ਪਵਿੱਤਰ ਆਤਮਾ, ਅਤੇ ਦੂਤਾਂ ਰਾਹੀਂ ਆਪਣੇ ਚੇਲਿਆਂ ਦੀ ਅਗਵਾਈ ਕਰਦਾ ਹੈ। ਭਾਵੇਂ ਯਹੋਵਾਹ ਦੇ ਕੁਝ ਗਵਾਹ ਸਿਤਮ ਜਾਂ ਹੋਰ ਮੁਸ਼ਕਲਾਂ ਕਰਕੇ ਥੋੜ੍ਹੇ ਚਿਰ ਲਈ ਪ੍ਰਬੰਧਕ ਸਭਾ ਤੋਂ ਅਲੱਗ ਹੋ ਜਾਣ, ਪਰ ਪਵਿੱਤਰ ਆਤਮਾ ਅਤੇ ਦੂਤਾਂ ਰਾਹੀਂ ਮਸੀਹ ਫਿਰ ਵੀ ਉਨ੍ਹਾਂ ਦੀ ਅਗਵਾਈ ਕਰਦਾ ਰਹੇਗਾ। ਪਰ ਸਾਨੂੰ ਉਸ ਦੀ ਅਗਵਾਈ ਦਾ ਸਿਰਫ਼ ਉਦੋਂ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਉਸ ਨੂੰ ਕਬੂਲ ਕਰਦੇ ਹਾਂ। ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਦੀ ਅਗਵਾਈ ਸਵੀਕਾਰ ਕਰਦੇ ਹਾਂ?
“ਆਗਿਆਕਾਰੀ ਕਰੋ . . . ਅਧੀਨ ਰਹੋ”
10. ਅਸੀਂ ਕਲੀਸਿਯਾ ਵਿਚ ਥਾਪੇ ਗਏ ਬਜ਼ੁਰਗਾਂ ਦਾ ਆਦਰ-ਸਤਕਾਰ ਕਿਸ ਤਰ੍ਹਾਂ ਕਰ ਸਕਦੇ ਹਾਂ?
10 ਸਾਡੇ ਆਗੂ ਨੇ ਕਲੀਸਿਯਾਵਾਂ ਨੂੰ ਦਾਨ ਵਜੋਂ ਮਨੁੱਖ ਦਿੱਤੇ ਹਨ, ‘ਕੁਝ ਪਰਚਾਰਕਾਂ ਵਜੋਂ, ਕੁਝ ਪਾਸਬਾਨਾਂ ਅਤੇ ਉਸਤਾਦਾਂ ਵਜੋਂ ਦਿੱਤੇ ਗਏ।’ (ਅਫ਼ਸੀਆਂ 4:8, 11, 12) ਅਸੀਂ ਉਨ੍ਹਾਂ ਬਾਰੇ ਜੋ ਸੋਚਦੇ, ਕਹਿੰਦੇ, ਜਾਂ ਕਰਦੇ ਹਾਂ ਉਸ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਅਸੀਂ ਮਸੀਹ ਦੀ ਅਗਵਾਈ ਕਬੂਲ ਕਰਦੇ ਹਾਂ ਕਿ ਨਹੀਂ। ਤਾਂ ਫਿਰ ਉਚਿਤ ਹੈ ਕਿ ਮਸੀਹ ਰਾਹੀਂ ਦਿੱਤੇ ਗਏ ਇਨ੍ਹਾਂ ਆਦਮੀਆਂ ਲਈ ‘ਅਸੀਂ ਧੰਨਵਾਦ ਕਰਿਆ ਕਰੀਏ’ ਜੋ ਰੂਹਾਨੀ ਤੌਰ ਤੇ ਕਾਬਲ ਹਨ। (ਕੁਲੁੱਸੀਆਂ 3:15) ਇਹ ਆਦਮੀ ਆਦਰ-ਸਤਕਾਰ ਦੇ ਵੀ ਲਾਇਕ ਹਨ। ਪੌਲੁਸ ਨੇ ਲਿਖਿਆ: “ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ।” (1 ਤਿਮੋਥਿਉਸ 5:17) ਅਸੀਂ ਕਲੀਸਿਯਾ ਵਿਚ ਬਜ਼ੁਰਗਾਂ ਅਤੇ ਨਿਗਾਹਬਾਨਾਂ ਦਾ ਆਦਰ-ਸਤਕਾਰ ਕਿਸ ਤਰ੍ਹਾਂ ਕਰ ਸਕਦੇ ਹਾਂ? ਪੌਲੁਸ ਜਵਾਬ ਦਿੰਦਾ ਹੈ: “ਤੁਸੀਂ ਆਪਣੇ ਆਗੂਆਂ [ਬਜ਼ੁਰਗਾਂ] ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬਰਾਨੀਆਂ 13:17) ਜੀ ਹਾਂ ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ।
11. ਨਿਗਰਾਨੀ ਦੇ ਇੰਤਜ਼ਾਮ ਦੇ ਨਾਲ-ਨਾਲ ਕੰਮ ਕਰ ਕੇ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਬਪਤਿਸਮੇ ਮੁਤਾਬਕ ਜੀਉਂਦੇ ਹਾਂ?
11 ਸਾਡਾ ਆਗੂ ਸੰਪੂਰਣ ਹੈ। ਪਰ ਜੋ ਆਦਮੀ ਉਸ ਨੇ ਦਾਨ ਵਜੋਂ ਦਿੱਤੇ ਹਨ ਉਹ ਸੰਪੂਰਣ ਨਹੀਂ ਹਨ। ਇਸ ਕਰਕੇ ਕਦੇ-ਕਦੇ ਉਹ ਗ਼ਲਤੀਆਂ ਕਰ ਸਕਦੇ ਹਨ। ਇਸ ਦੇ ਬਾਵਜੂਦ ਸਾਡੇ ਲਈ ਮਸੀਹ ਦੇ ਇੰਤਜ਼ਾਮ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰੀ ਹੈ। ਦਰਅਸਲ ਸਾਡੇ ਸਮਰਪਣ ਅਤੇ ਬਪਤਿਸਮੇ ਮੁਤਾਬਕ ਜੀਉਣ ਦਾ ਮਤਲਬ ਹੈ ਕਿ ਅਸੀਂ ਕਲੀਸਿਯਾ ਵਿਚ ਪਵਿੱਤਰ ਆਤਮਾ ਦੁਆਰਾ ਥਾਪੇ ਗਏ ਭਰਾਵਾਂ ਦੇ ਇਖ਼ਤਿਆਰ ਨੂੰ ਕਬੂਲ ਕਰੀਏ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੇ ਅਧੀਨ ਰਹੀਏ। “ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲੈ ਕੇ ਅਸੀਂ ਸਾਰਿਆਂ ਦੇ ਸਾਮ੍ਹਣੇ ਕਬੂਲ ਕੀਤਾ ਸੀ ਕਿ ਅਸੀਂ ਸਮਝਦੇ ਹਾਂ ਕਿ ਪਵਿੱਤਰ ਆਤਮਾ ਕੀ ਹੈ ਅਤੇ ਉਸ ਦਾ ਯਹੋਵਾਹ ਦੇ ਮਕਸਦਾਂ ਨਾਲ ਕੀ ਸੰਬੰਧ ਹੈ। (ਮੱਤੀ 28:19) ਅਜਿਹੇ ਬਪਤਿਸਮੇ ਦਾ ਮਤਲਬ ਹੈ ਕਿ ਅਸੀਂ ਆਤਮਾ ਦਾ ਸਾਥ ਦੇਈਏ ਅਤੇ ਮਸੀਹ ਦੇ ਚੇਲਿਆਂ ਵਿਚ ਉਸ ਨੂੰ ਆਪਣਾ ਕੰਮ ਪੂਰਾ ਕਰਨ ਦੇਈਏ। ਅਸੀਂ ਜਾਣਦੇ ਹਾਂ ਕਿ ਬਜ਼ੁਰਗਾਂ ਦੀ ਸਿਫਾਰਸ਼ ਅਤੇ ਨਿਯੁਕਤੀ ਵਿਚ ਪਵਿੱਤਰ ਆਤਮਾ ਦਾ ਹੱਥ ਹੈ, ਤਾਂ ਫਿਰ ਅਸੀਂ ਆਪਣੇ ਸਮਰਪਣ ਪ੍ਰਤੀ ਵਫ਼ਾਦਾਰ ਕਿੱਦਾਂ ਹੋ ਸਕਦੇ ਹਾਂ ਜੇ ਅਸੀਂ ਕਲੀਸਿਯਾ ਵਿਚ ਨਿਗਰਾਨੀ ਦੇ ਇੰਤਜ਼ਾਮ ਦੇ ਨਾਲ-ਨਾਲ ਕੰਮ ਨਾ ਕਰੀਏ?
12. ਯਹੂਦਾਹ ਨੇ ਨਿਰਾਦਰ ਕਰਨ ਵਾਲਿਆਂ ਦੀਆਂ ਕਿਹੜੀਆਂ ਉਦਾਹਰਣਾਂ ਦਿੱਤੀਆਂ ਸਨ, ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖਦੇ ਹਾਂ?
12 ਬਾਈਬਲ ਵਿਚ ਅਜਿਹੀਆਂ ਉਦਾਹਰਣਾਂ ਹਨ ਜਿਨ੍ਹਾਂ ਤੋਂ ਅਸੀਂ ਆਗਿਆਕਾਰ ਅਤੇ ਅਧੀਨ ਹੋਣ ਦੀ ਜ਼ਰੂਰਤ ਸਿੱਖ ਸਕਦੇ ਹਾਂ। ਕਲੀਸਿਯਾ ਵਿਚ ਨਿਯੁਕਤ ਕੀਤੇ ਹੋਏ ਆਦਮੀਆਂ ਵਿਰੁੱਧ ਬੁਰਾ-ਭਲਾ ਕਹਿਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਯਹੂਦਾਹ ਨੇ ਤਿੰਨ ਉਦਾਹਰਣਾਂ ਦਿੱਤੀਆਂ ਸਨ। ਉਸ ਨੇ ਕਿਹਾ: “ਹਾਇ ਉਨ੍ਹਾਂ ਨੂੰ! ਕਿਉਂ ਜੋ ਓਹ ਕਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ।” (ਯਹੂਦਾਹ 11) ਕਇਨ ਨੇ ਜਾਣ-ਬੁੱਝ ਕੇ ਯਹੋਵਾਹ ਦੀ ਚੰਗੀ ਸਲਾਹ ਨੂੰ ਰੱਦ ਕੀਤਾ ਸੀ ਅਤੇ ਨਫ਼ਰਤ ਦੇ ਰਾਹ ਤੇ ਤੁਰ ਕੇ ਉਸ ਨੇ ਕਤਲ ਕੀਤਾ ਸੀ। (ਉਤਪਤ 4:4-8) ਪਰਮੇਸ਼ੁਰ ਤੋਂ ਵਾਰ-ਵਾਰ ਖ਼ਬਰਦਾਰ ਕੀਤੇ ਜਾਣ ਦੇ ਬਾਵਜੂਦ ਬਿਲਆਮ ਨੇ ਪੈਸੇ ਦੇ ਲਾਲਚ ਕਰਕੇ ਪਰਮੇਸ਼ੁਰ ਦੇ ਲੋਕਾਂ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। (ਗਿਣਤੀ 22:5-28, 32-34; ਬਿਵਸਥਾ ਸਾਰ 23:5) ਇਸਰਾਏਲ ਵਿਚ ਕੋਰਾਹ ਕੋਲ ਕਾਫ਼ੀ ਸੋਹਣੀ ਜ਼ਿੰਮੇਵਾਰੀ ਸੀ ਪਰ ਉਹ ਇਸ ਤੋਂ ਵੱਧ ਚਾਹੁੰਦਾ ਸੀ। ਉਸ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦੇ ਵਿਰੁੱਧ ਬਗਾਵਤ ਉਕਸਾਈ ਸੀ। ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਧਰਤੀ ਉੱਤੇ ਸਨ ਬਹੁਤ ਅਧੀਨ ਸੀ। (ਗਿਣਤੀ 12:3; 16:1-3, 32, 33) ਕਇਨ, ਬਿਲਆਮ, ਅਤੇ ਕੋਰਾਹ ਦੀ ਸ਼ਾਮਤ ਆਈ। ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਕਿੰਨੀ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਸੁਣਨੀ ਚਾਹੀਦੀ ਹੈ ਜਿਨ੍ਹਾਂ ਨੂੰ ਯਹੋਵਾਹ ਜ਼ਿੰਮੇਵਾਰੀ ਦੇ ਕੰਮ ਸੌਂਪਦਾ ਹੈ! ਅਤੇ ਸਾਨੂੰ ਉਨ੍ਹਾਂ ਦਾ ਆਦਰ ਵੀ ਕਰਨਾ ਚਾਹੀਦਾ ਹੈ।
13. ਯਸਾਯਾਹ ਨਬੀ ਨੇ ਕਲੀਸਿਯਾ ਦੀ ਨਿਗਰਾਨੀ ਕਰਨ ਦੇ ਇੰਤਜ਼ਾਮ ਅਧੀਨ ਰਹਿਣ ਵਾਲਿਆਂ ਲਈ ਕਿਹੜੀਆਂ ਬਰਕਤਾਂ ਬਾਰੇ ਭਵਿੱਖਬਾਣੀ ਕੀਤੀ ਸੀ?
13 ਸਾਡੇ ਆਗੂ ਨੇ ਮਸੀਹੀ ਕਲੀਸਿਯਾ ਦੀ ਨਿਗਰਾਨੀ ਕਰਨ ਦਾ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਹੈ। ਕੌਣ ਇਸ ਤੋਂ ਫ਼ਾਇਦਾ ਨਹੀਂ ਲੈਣਾ ਚਾਹੇਗਾ? ਯਸਾਯਾਹ ਨਬੀ ਨੇ ਇਸ ਦੀਆਂ ਬਰਕਤਾਂ ਬਾਰੇ ਭਵਿੱਖਬਾਣੀ ਵਿਚ ਕਿਹਾ ਸੀ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ। ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” (ਯਸਾਯਾਹ 32:1, 2) ਹਰੇਕ ਬਜ਼ੁਰਗ ਨੂੰ ਸੁਰੱਖਿਆ ਅਤੇ ਪਨਾਹ ਦੇ ਅਜਿਹੇ “ਥਾਂ” ਹੋਣਾ ਚਾਹੀਦਾ ਹੈ। ਭਾਵੇਂ ਸਾਡੇ ਲਈ ਕਿਸੇ ਦੀ ਗੱਲ ਸੁਣਨੀ ਔਖੀ ਹੋਵੇ, ਆਓ ਆਪਾਂ ਕਲੀਸਿਯਾ ਵਿਚ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਖ਼ਤਿਆਰ ਸੌਂਪਿਆ ਹੈ, ਪ੍ਰਾਰਥਨਾ ਕਰ ਕੇ ਉਨ੍ਹਾਂ ਦੇ ਆਗਿਆਕਾਰ ਹੋਈਏ ਅਤੇ ਅਧੀਨ ਰਹੀਏ।
ਬਜ਼ੁਰਗ ਮਸੀਹ ਦੀ ਅਗਵਾਈ ਅਧੀਨ ਹੁੰਦੇ ਹਨ
14, 15. ਕਲੀਸਿਯਾ ਦੀ ਅਗਵਾਈ ਕਰਨ ਵਾਲੇ ਕਿਸ ਤਰ੍ਹਾਂ ਜ਼ਾਹਰ ਕਰਦੇ ਹਨ ਕਿ ਉਹ ਖ਼ੁਦ ਯਿਸੂ ਦੀ ਅਗਵਾਈ ਸਵੀਕਾਰ ਕਰਦੇ ਹਨ?
14 ਹਰੇਕ ਮਸੀਹੀ ਨੂੰ ਅਤੇ ਖ਼ਾਸ ਕਰਕੇ ਬਜ਼ੁਰਗਾਂ ਨੂੰ ਮਸੀਹ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ। ਨਿਗਾਹਬਾਨਾਂ ਜਾਂ ਬਜ਼ੁਰਗਾਂ ਕੋਲ ਕਲੀਸਿਯਾ ਵਿਚ ਥੋੜ੍ਹਾ-ਬਹੁਤਾ ਇਖ਼ਤਿਆਰ ਹੁੰਦਾ ਹੈ। ਪਰ ਉਹ ਆਪਣੇ ਸੰਗੀ ਮਸੀਹੀਆਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੀ ‘ਨਿਹਚਾ ਉੱਤੇ ਹੁਕਮ ਚਲਾਉਣ’ ਦੀ ਕੋਸ਼ਿਸ਼ ਨਹੀਂ ਕਰਦੇ। (2 ਕੁਰਿੰਥੀਆਂ 1:24) ਬਜ਼ੁਰਗ, ਯਿਸੂ ਦੀ ਇਸ ਗੱਲ ਉੱਤੇ ਅਮਲ ਕਰਦੇ ਹਨ: “ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ।” (ਮੱਤੀ 20:25-27) ਜਿਉਂ-ਜਿਉਂ ਬਜ਼ੁਰਗ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਉਹ ਸੱਚੇ ਦਿਲੋਂ ਦੂਸਰਿਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਨ।
15 ਮਸੀਹੀਆਂ ਨੂੰ ਅਰਜ਼ ਕੀਤੀ ਜਾਂਦੀ ਹੈ ਕਿ “ਤੁਸੀਂ ਆਪਣੇ ਆਗੂਆਂ [ਬਜ਼ੁਰਗਾਂ] ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।” (ਇਬਰਾਨੀਆਂ 13:7) ਇਹ ਇਸ ਕਰਕੇ ਨਹੀਂ ਹੈ ਕਿ ਬਜ਼ੁਰਗ ਸਾਡੀ ਅਗਵਾਈ ਕਰਦੇ ਹਨ। ਬਲਕਿ ਬਜ਼ੁਰਗਾਂ ਦੀ ਨਿਹਚਾ ਦੀ ਰੀਸ ਇਸ ਲਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਆਗੂ, ਯਿਸੂ ਮਸੀਹ ਦੀ ਰੀਸ ਕਰਦੇ ਹਨ। (1 ਕੁਰਿੰਥੀਆਂ 10:33) ਯਿਸੂ ਨੇ ਕਿਹਾ ਸੀ ਕਿ “ਤੁਹਾਡਾ ਮਾਲਕ [“ਆਗੂ,” ਨਿ ਵ] ਇੱਕੋ ਹੈ ਅਰਥਾਤ ਮਸੀਹ।” (ਮੱਤੀ 23:10) ਯਿਸੂ ਦੇ ਕੁਝ ਸਦਗੁਣਾਂ ਉੱਤੇ ਗੌਰ ਕਰੋ ਜਿਨ੍ਹਾਂ ਦੀ ਨਕਲ ਕਰ ਕੇ ਬਜ਼ੁਰਗ ਕਲੀਸਿਯਾ ਦੇ ਮੈਂਬਰਾਂ ਨਾਲ ਆਪਣੇ ਰਿਸ਼ਤੇ ਵਿਚ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ।
16. ਭਾਵੇਂ ਯਿਸੂ ਕੋਲ ਵੱਡਾ ਇਖ਼ਤਿਆਰ ਸੀ, ਉਸ ਨੇ ਆਪਣੇ ਚੇਲਿਆਂ ਨਾਲ ਕਿਹੋ ਜਿਹਾ ਵਰਤਾਉ ਕੀਤਾ ਸੀ?
16 ਭਾਵੇਂ ਯਿਸੂ ਹਰ ਤਰ੍ਹਾਂ ਪਾਪੀ ਇਨਸਾਨਾਂ ਨਾਲੋਂ ਕਿਤੇ ਉੱਤਮ ਸੀ ਅਤੇ ਉਸ ਕੋਲ ਆਪਣੇ ਪਿਤਾ ਤੋਂ ਮਿਲਿਆ ਵੱਡਾ ਇਖ਼ਤਿਆਰ ਸੀ, ਉਹ ਆਪਣੇ ਚੇਲਿਆਂ ਦੇ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਨਹੀਂ ਕਰਦਾ ਸੀ। ਉਸ ਨੇ ਆਪਣੇ ਗਿਆਨ ਦਾ ਦਿਖਾਵਾ ਕਰ ਕੇ ਆਪਣੇ ਸੁਣਨ ਵਾਲਿਆਂ ਦੇ ਸਾਮ੍ਹਣੇ ਸ਼ੇਖੀ ਨਹੀਂ ਮਾਰੀ ਸੀ। ਯਿਸੂ ਨੇ ਆਪਣੇ ਚੇਲਿਆਂ ਨਾਲ ਹਮਦਰਦੀ ਕੀਤੀ ਅਤੇ ਉਨ੍ਹਾਂ ਉੱਤੇ ਤਰਸ ਖਾਧਾ ਅਤੇ ਉਨ੍ਹਾਂ ਦੀਆਂ ਜਿਸਮਾਨੀ ਜ਼ਰੂਰਤਾਂ ਦੀ ਪਰਵਾਹ ਕੀਤੀ। (ਮੱਤੀ 15:32; 26:40, 41; ਮਰਕੁਸ 6:31) ਯਿਸੂ ਨੇ ਆਪਣੇ ਚੇਲਿਆਂ ਤੋਂ ਸਿਰਫ਼ ਉਹ ਮੰਗਿਆ ਜੋ ਉਨ੍ਹਾਂ ਦੇ ਵੱਸ ਵਿਚ ਸੀ, ਅਤੇ ਉਨ੍ਹਾਂ ਉੱਤੇ ਅਜਿਹਾ ਕੋਈ ਬੋਝ ਨਹੀਂ ਪਾਇਆ ਜੋ ਉਹ ਸਹਾਰ ਨਹੀਂ ਸਕਦੇ ਸਨ। (ਯੂਹੰਨਾ 16:12) ਯਿਸੂ “ਕੋਮਲ ਅਤੇ ਮਨ ਦਾ ਗ਼ਰੀਬ” ਸੀ। ਇਸ ਕਰਕੇ ਬਹੁਤਿਆਂ ਨੇ ਉਸ ਤੋਂ ਆਰਾਮ ਪਾਇਆ।—ਮੱਤੀ 11:28-30.
17. ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੇ ਸੰਬੰਧ ਵਿਚ ਬਜ਼ੁਰਗ ਮਸੀਹ ਵਾਂਗ ਆਪਣੇ ਆਪ ਨੂੰ ਨੀਵਾਂ ਕਿਸ ਤਰ੍ਹਾਂ ਕਰ ਸਕਦੇ ਹਨ?
17 ਜੇਕਰ ਸਾਡਾ ਆਗੂ, ਯਿਸੂ ਆਪਣੇ ਆਪ ਨੂੰ ਨੀਵਾਂ ਕਰ ਸਕਦਾ ਸੀ, ਤਾਂ ਕੀ ਕਲੀਸਿਯਾ ਦੀ ਅਗਵਾਈ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ? ਜੀ ਹਾਂ, ਉਹ ਧਿਆਨ ਰੱਖਦੇ ਹਨ ਕਿਤੇ ਉਹ ਆਪਣੇ ਇਖ਼ਤਿਆਰ ਨੂੰ ਬੁਰੀ ਤਰ੍ਹਾਂ ਨਾ ਵਰਤਣ। ਅਤੇ ਉਹ ਆਪਣੇ “ਬਚਨ ਯਾ ਗਿਆਨ ਦੀ ਉੱਤਮਤਾਈ” ਬਾਰੇ ਸ਼ੇਖੀ ਨਹੀਂ ਮਾਰਦੇ ਹਨ। (1 ਕੁਰਿੰਥੀਆਂ 2:1, 2) ਇਸ ਦੀ ਬਜਾਇ ਉਹ ਬਾਈਬਲ ਦੀ ਸੱਚਾਈ ਨੇਕ ਦਿਲੋਂ ਸੌਖੀ ਤਰ੍ਹਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਬਜ਼ੁਰਗ ਸਾਰਿਆਂ ਨਾਲ ਨਿਮਰਤਾ ਵਾਲਾ ਵਰਤਾਉ ਕਰਦੇ ਹੋਏ ਦੂਸਰਿਆਂ ਤੋਂ ਬਹੁਤੀਆਂ ਮੰਗਾਂ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਪਛਾਣਦੇ ਹਨ। (ਫ਼ਿਲਿੱਪੀਆਂ 4:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਇਹ ਗੱਲ ਵੀ ਪਛਾਣਦੇ ਹਨ ਕਿ ਸਾਰਿਆਂ ਵਿਚ ਕਮੀਆਂ ਹਨ ਅਤੇ ਉਹ ਪਿਆਰ ਨਾਲ ਆਪਣੇ ਭੈਣਾਂ-ਭਰਾਵਾਂ ਨਾਲ ਵਰਤਾਉ ਕਰਦੇ ਹਨ। (1 ਪਤਰਸ 4:8) ਅਤੇ ਉਨ੍ਹਾਂ ਬਜ਼ੁਰਗਾਂ ਤੋਂ ਕਿੰਨੀ ਤਾਜ਼ਗੀ ਮਿਲਦੀ ਹੈ ਜੋ ਗੁੱਸਾ ਅਤੇ ਘਮੰਡ ਨਹੀਂ ਕਰਦੇ। ਉਹ ਸੱਚ-ਮੁੱਚ ਆਰਾਮ ਦਿੰਦੇ ਹਨ।
18. ਬੱਚਿਆਂ ਨਾਲ ਯਿਸੂ ਦੇ ਵਤੀਰੇ ਤੋਂ ਬਜ਼ੁਰਗ ਕੀ ਸਿੱਖ ਸਕਦੇ ਹਨ?
18 ਯਿਸੂ ਨਾਲ ਸਾਰੇ ਲੋਕ, ਕੀ ਛੋਟੇ ਕੀ ਵੱਡੇ, ਆਸਾਨੀ ਨਾਲ ਗੱਲ ਕਰ ਸਕਦੇ ਸਨ। ਗੌਰ ਨਾਲ ਪੜ੍ਹੋ ਕਿ ਯਿਸੂ ਨੇ ਕੀ ਕਿਹਾ ਸੀ ਜਦੋਂ ਉਸ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਝਿੜਕਿਆ ਸੀ ਜੋ “ਛੋਟੇ ਬਾਲਕਾਂ ਨੂੰ ਉਹ ਦੇ ਕੋਲ ਲਿਆਏ” ਸਨ। ਯਿਸੂ ਨੇ ਕਿਹਾ ਕਿ “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” ਫਿਰ “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:13-16) ਯਿਸੂ ਦਾ ਸੁਭਾਅ ਨਿੱਘਾ ਅਤੇ ਕੋਮਲ ਸੀ ਅਤੇ ਲੋਕ ਉਸ ਵੱਲ ਖਿੱਚੇ ਜਾਂਦੇ ਸਨ। ਲੋਕ ਉਸ ਤੋਂ ਡਰਦੇ ਨਹੀਂ ਸਨ। ਬੱਚੇ ਵੀ ਉਸ ਨਾਲ ਖੁੱਲ੍ਹ ਕੇ ਗੱਲ ਕਰਨ ਤੋਂ ਸੰਗਦੇ ਨਹੀਂ ਸਨ। ਯਿਸੂ ਵਾਂਗ ਬਜ਼ੁਰਗਾਂ ਨਾਲ ਵੀ ਸਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਸੁਭਾਅ ਵੀ ਨਿੱਘਾ ਅਤੇ ਕੋਮਲ ਹੈ। ਉਨ੍ਹਾਂ ਦੇ ਪਿਆਰ ਕਰਕੇ ਨਿਆਣੇ-ਸਿਆਣੇ ਸਾਰੇ ਉਨ੍ਹਾਂ ਨਾਲ ਗੱਲ ਕਰਨ ਤੋਂ ਡਰਦੇ ਨਹੀਂ ਹਨ।
19. ਸਾਡੇ ਵਿਚ “ਮਸੀਹ ਦੀ ਬੁੱਧੀ” ਹੋਣ ਦਾ ਕੀ ਮਤਲਬ ਹੈ, ਅਤੇ ਇਸ ਨੂੰ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ?
19 ਬਜ਼ੁਰਗ ਜਿੰਨੀ ਚੰਗੀ ਤਰ੍ਹਾਂ ਯਿਸੂ ਨੂੰ ਜਾਣਦੇ ਹਨ ਉਹ ਉੱਨੀ ਚੰਗੀ ਤਰ੍ਹਾਂ ਉਸ ਦੀ ਨਕਲ ਕਰ ਸਕਦੇ ਹਨ। ਪੌਲੁਸ ਨੇ ਪੁੱਛਿਆ ਕਿ “ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੂੰ ਸਮਝਾਵੇ?” ਫਿਰ ਉਸ ਨੇ ਜਵਾਬ ਵਿਚ ਕਿਹਾ: “ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।” (1 ਕੁਰਿੰਥੀਆਂ 2:16) ਸਾਡੇ ਵਿਚ ਮਸੀਹ ਦੀ ਬੁੱਧੀ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣੀਏ ਕਿ ਮਸੀਹ ਕਿਸ ਤਰ੍ਹਾਂ ਸੋਚਦਾ ਅਤੇ ਮਹਿਸੂਸ ਕਰਦਾ ਸੀ। ਇਸ ਦਾ ਮਤਲਬ ਹੈ ਕਿ ਸਾਨੂੰ ਉਸ ਦੀ ਸ਼ਖ਼ਸੀਅਤ ਜਾਣਨ ਦੀ ਲੋੜ ਹੈ ਤਾਂਕਿ ਅਸੀਂ ਜਾਣ ਸਕੀਏ ਕਿ ਜੇ ਉਹ ਸਾਡੇ ਥਾਂ ਹੁੰਦਾ ਤਾਂ ਉਹ ਕੀ ਕਰਦਾ। ਕੀ ਅਸੀਂ ਆਪਣੇ ਆਗੂ ਨੂੰ ਇੰਨੀ ਚੰਗੀ ਤਰ੍ਹਾਂ ਜਾਣ ਸਕਦੇ ਹਾਂ? ਜੀ ਹਾਂ ਇਸ ਤਰ੍ਹਾਂ ਕਰਨ ਲਈ ਸਾਨੂੰ ਬਾਈਬਲ ਤੋਂ ਇੰਜੀਲ ਦੇ ਬਿਰਤਾਂਤਾਂ ਵੱਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣਿਆਂ ਮਨਾਂ ਨੂੰ ਯਿਸੂ ਦੀ ਜ਼ਿੰਦਗੀ ਅਤੇ ਮਿਸਾਲ ਦੇ ਗਿਆਨ ਨਾਲ ਬਾਕਾਇਦਾ ਭਰਨਾ ਚਾਹੀਦਾ ਹੈ। ਜਦੋਂ ਬਜ਼ੁਰਗ ਇਸ ਹੱਦ ਤਕ ਯਿਸੂ ਦੀ ਅਗਵਾਈ ਦੀ ਪੈਰਵੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਲੀਸਿਯਾ ਵਿਚ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਨਕਲ ਕਰਨਗੇ। ਅਤੇ ਜਦ ਬਜ਼ੁਰਗ ਦੂਸਰਿਆਂ ਨੂੰ ਸਾਡੇ ਆਗੂ ਦੇ ਕਦਮਾਂ ਤੇ ਚੱਲਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ।
ਮਸੀਹ ਦੀ ਅਗਵਾਈ ਦੇ ਅਧੀਨ ਰਹੋ
20, 21. ਵਾਅਦਾ ਕੀਤੇ ਹੋਏ ਨਵੇਂ ਸੰਸਾਰ ਦੀ ਉਡੀਕ ਕਰਦੇ ਹੋਏ ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
20 ਸਾਡੇ ਸਾਰਿਆਂ ਲਈ ਮਸੀਹ ਦੀ ਅਗਵਾਈ ਹੇਠ ਰਹਿਣਾ ਬਹੁਤ ਜ਼ਰੂਰੀ ਹੈ। ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਸਾਡੀ ਹਾਲਤ ਦੀ ਤੁਲਨਾ 1473 ਸਾ.ਯੁ.ਪੂ. ਵਿਚ ਮੋਆਬ ਦੇ ਮਦਾਨ ਵਿਚ ਖੜ੍ਹੇ ਇਸਰਾਏਲੀਆਂ ਨਾਲ ਕੀਤੀ ਜਾ ਸਕਦੀ ਹੈ। ਉਹ ਵਾਅਦਾ ਕੀਤੇ ਹੋਏ ਦੇਸ਼ ਦੇ ਦਰ ਤੇ ਸਨ, ਅਤੇ ਮੂਸਾ ਨਬੀ ਰਾਹੀਂ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਤੂੰ ਏਸ ਪਰਜਾ ਨਾਲ ਉਸ ਦੇਸ ਵਿੱਚ ਜਾਵੇਂਗਾ ਜਿਹ ਦੇ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ।” (ਬਿਵਸਥਾ ਸਾਰ 31:7, 8) ਯਹੋਸ਼ੁਆ ਚੁਣਿਆ ਹੋਇਆ ਆਗੂ ਸੀ। ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਸਤੇ ਇਸਰਾਏਲੀਆਂ ਨੂੰ ਯਹੋਸ਼ੁਆ ਦੀ ਅਗਵਾਈ ਅਨੁਸਾਰ ਚੱਲਣਾ ਪਿਆ ਸੀ।
21 ਬਾਈਬਲ ਸਾਨੂੰ ਦੱਸਦੀ ਹੈ ਕਿ ‘ਤੁਹਾਡਾ ਆਗੂ ਇੱਕੋ ਹੈ ਅਰਥਾਤ ਮਸੀਹ।’ ਸਿਰਫ਼ ਮਸੀਹ ਹੀ ਸਾਨੂੰ ਉਸ ਨਵੀਂ ਧਰਤੀ ਵਿਚ ਲੈ ਜਾਵੇਗਾ ਜਿੱਥੇ ਧਰਮ ਵੱਸੇਗਾ। (2 ਪਤਰਸ 3:13) ਤਾਂ ਫਿਰ ਆਓ ਆਪਾਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਉਸ ਦੀ ਅਗਵਾਈ ਦੇ ਅਧੀਨ ਰਹਿਣ ਦਾ ਪੱਕਾ ਇਰਾਦਾ ਕਰੀਏ।
[ਫੁਟਨੋਟ]
a ਇੱਥੇ “ਤਾਰੇ” ਸਵਰਗੀ ਦੂਤਾਂ ਨੂੰ ਨਹੀਂ ਦਰਸਾਉਂਦੇ। ਯਿਸੂ ਨੇ ਦੂਤਾਂ ਵਾਸਤੇ ਕੁਝ ਲਿਖਵਾਉਣ ਲਈ ਕਿਸੇ ਇਨਸਾਨ ਨੂੰ ਨਹੀਂ ਵਰਤਣਾ ਸੀ। ਇਸ ਕਰਕੇ “ਤਾਰੇ” ਇਨਸਾਨੀ ਨਿਗਾਹਬਾਨਾਂ, ਯਾਨੀ ਕਲੀਸਿਯਾਵਾਂ ਦੇ ਬਜ਼ੁਰਗਾਂ ਨੂੰ ਦਰਸਾਉਂਦੇ ਹਨ ਜੋ ਯਿਸੂ ਦੇ ਏਲਚੀ ਹਨ। ਉਨ੍ਹਾਂ ਦੀ ਗਿਣਤੀ ਸੱਤ ਹੋਣ ਦਾ ਮਤਲਬ ਹੈ ਕਿ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਸੰਪੂਰਣ ਹਨ।
ਕੀ ਤੁਹਾਨੂੰ ਯਾਦ ਹੈ?
• ਮਸੀਹ ਨੇ ਪਹਿਲੀ ਸਦੀ ਦੀ ਕਲੀਸਿਯਾ ਦੀ ਅਗਵਾਈ ਕਿਸ ਤਰ੍ਹਾਂ ਕੀਤੀ ਸੀ?
• ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਅੱਜ ਕਿਸ ਤਰ੍ਹਾਂ ਕਰ ਰਿਹਾ ਹੈ?
• ਸਾਨੂੰ ਕਲੀਸਿਯਾ ਦੀ ਅਗਵਾਈ ਕਰਨ ਵਾਲਿਆਂ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?
• ਬਜ਼ੁਰਗ ਕਿਸ ਤਰ੍ਹਾਂ ਦਿਖਾ ਸਕਦੇ ਹਨ ਕਿ ਮਸੀਹ ਉਨ੍ਹਾਂ ਦਾ ਆਗੂ ਹੈ?
[ਸਫ਼ੇ 15 ਉੱਤੇ ਤਸਵੀਰ]
ਮਸੀਹ ਕਲੀਸਿਯਾ ਦੀ ਅਗਵਾਈ ਕਰਦਾ ਹੈ ਅਤੇ ਨਿਗਾਹਬਾਨਾਂ ਨੂੰ ਆਪਣੇ ਸੱਜੇ ਹੱਥ ਵਿਚ ਰੱਖਦਾ ਹੈ
[ਸਫ਼ੇ 16 ਉੱਤੇ ਤਸਵੀਰਾਂ]
“ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ”
[ਸਫ਼ੇ 18 ਉੱਤੇ ਤਸਵੀਰ]
ਯਿਸੂ ਦਾ ਸੁਭਾਅ ਨਿੱਘਾ ਅਤੇ ਕੋਮਲ ਸੀ। ਮਸੀਹੀ ਬਜ਼ੁਰਗ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ