ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?
“ਜਿਹੜਾ [ਪਰਮੇਸ਼ੁਰ] ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ।”—ਇਬਰਾਨੀਆਂ 4:10.
1. ਆਰਾਮ ਇਨ੍ਹਾਂ ਮਨਭਾਉਂਦਾ ਕਿਉਂ ਹੈ?
ਆਰਾਮ। ਕਿੰਨਾ ਮਨਭਾਉਂਦਾ ਅਤੇ ਸੋਹਣਾ ਸ਼ਬਦ! ਅੱਜ ਦੇ ਤੇਜ਼ ਰਫ਼ਤਾਰ ਵਾਲੇ ਅਤੇ ਰੁੱਝੇ ਹੋਏ ਸੰਸਾਰ ਵਿਚ ਜੀਉਣ ਕਾਰਨ, ਸਾਡੇ ਵਿੱਚੋਂ ਅਨੇਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਕੁਝ ਆਰਾਮ ਕਰਨਾ ਚੰਗਾ ਹੈ। ਚਾਹੇ ਜਵਾਨ ਜਾਂ ਬਿਰਧ, ਵਿਆਹੇ ਜਾਂ ਕੁਆਰੇ, ਅਸੀਂ ਸ਼ਾਇਦ ਦਿਨ-ਪ੍ਰਤਿ-ਦਿਨ ਦੇ ਜੀਵਨ ਦੇ ਦਬਾਉ ਹੇਠ ਦੱਬੇ ਹੋਏ ਅਤੇ ਥੱਕੇ ਹੋਏ ਮਹਿਸੂਸ ਕਰੀਏ। ਜਿਨ੍ਹਾਂ ਨੂੰ ਸਰੀਰਕ ਮਜਬੂਰੀਆਂ ਜਾਂ ਬੀਮਾਰੀਆਂ ਹਨ, ਉਨ੍ਹਾਂ ਲਈ ਤਾਂ ਹਰ ਦਿਨ ਇਕ ਚੁਣੌਤੀ ਹੈ। ਜਿਵੇਂ ਸ਼ਾਸਤਰ ਕਹਿੰਦਾ ਹੈ, “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਇਹ ਜ਼ਰੂਰੀ ਨਹੀਂ ਕਿ ਜੋ ਵਿਅਕਤੀ ਆਰਾਮ ਕਰ ਰਿਹਾ ਹੋਵੇ ਉਹ ਆਲਸੀ ਹੈ। ਆਰਾਮ ਕਰਨਾ ਇਕ ਮਾਨਵੀ ਜ਼ਰੂਰਤ ਹੈ ਜਿਸ ਨੂੰ ਪੂਰਾ ਕਰਨਾ ਚਾਹੀਦਾ ਹੈ।
2. ਯਹੋਵਾਹ ਕਦੋਂ ਤੋਂ ਆਰਾਮ ਕਰਦਾ ਆਇਆ ਹੈ?
2 ਯਹੋਵਾਹ ਪਰਮੇਸ਼ੁਰ ਖ਼ੁਦ ਆਰਾਮ ਕਰਦਾ ਆਇਆ ਹੈ। ਉਤਪਤ ਦੀ ਕਿਤਾਬ ਵਿਚ, ਅਸੀਂ ਪੜ੍ਹਦੇ ਹਾਂ: “ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ। ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।” ਯਹੋਵਾਹ ਨੇ “ਸੱਤਵੇਂ ਦਿਨ” ਨੂੰ ਖ਼ਾਸ ਮਹੱਤਤਾ ਦਿੱਤੀ ਕਿਉਂਕਿ ਪ੍ਰੇਰਿਤ ਰਿਕਾਰਡ ਅੱਗੇ ਕਹਿੰਦਾ ਹੈ: “ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ . . . ਪਵਿੱਤ੍ਰ ਠਹਿਰਾਇਆ।”—ਉਤਪਤ 2:1-3.
ਪਰਮੇਸ਼ੁਰ ਨੇ ਆਪਣੇ ਕੰਮ ਤੋਂ ਆਰਾਮ ਕੀਤਾ
3. ਪਰਮੇਸ਼ੁਰ ਦੇ ਆਰਾਮ ਕਰਨ ਦੇ ਕਿਹੜੇ ਕਾਰਨ ਨਹੀਂ ਹੋ ਸਕਦੇ ਹਨ?
3 ਪਰਮੇਸ਼ੁਰ ਨੇ “ਸੱਤਵੇਂ ਦਿਨ” ਤੇ ਕਿਉਂ ਆਰਾਮ ਕੀਤਾ? ਨਿਸ਼ਚੇ, ਇਸ ਲਈ ਨਹੀਂ ਕਿ ਉਹ ਥੱਕ ਗਿਆ ਸੀ। ਯਹੋਵਾਹ “ਵੱਡੀ ਸ਼ਕਤੀ” ਦਾ ਆਨੰਦ ਮਾਣਦਾ ਹੈ ਅਤੇ ਉਹ “ਨਾ ਹੁੱਸਦਾ ਹੈ, ਨਾ ਥੱਕਦਾ ਹੈ।” (ਯਸਾਯਾਹ 40:26, 28) ਅਤੇ ਨਾ ਹੀ ਯਹੋਵਾਹ ਨੇ ਇਸ ਲਈ ਆਰਾਮ ਕੀਤਾ ਕਿਉਂਕਿ ਉਸ ਨੂੰ ਛੁੱਟੀ ਜਾਂ ਤਬਦੀਲੀ ਦੀ ਲੋੜ ਸੀ, ਕਿਉਂ ਜੋ ਯਿਸੂ ਨੇ ਸਾਨੂੰ ਦੱਸਿਆ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।” (ਯੂਹੰਨਾ 5:17) “ਪਰਮੇਸ਼ੁਰ ਆਤਮਾ ਹੈ” ਅਤੇ ਇਸ ਲਈ ਸਰੀਰਕ ਚੱਕਰਾਂ ਅਤੇ ਭੌਤਿਕ ਜੀਵਾਂ ਦੀਆਂ ਲੋੜਾਂ ਦੁਆਰਾ ਸੀਮਿਤ ਨਹੀਂ ਹੈ।—ਯੂਹੰਨਾ 4:24.
4. ‘ਸੱਤਵਾਂ ਦਿਨ’ ਪਹਿਲੇ ਛੇ ‘ਦਿਨਾਂ’ ਤੋਂ ਕਿਸ ਤਰ੍ਹਾਂ ਵੱਖਰਾ ਸੀ?
4 ਅਸੀਂ ਇਸ ਬਾਰੇ ਕਿਵੇਂ ਸਮਝ ਹਾਸਲ ਕਰ ਸਕਦੇ ਹਾਂ ਕਿ ਪਰਮੇਸ਼ੁਰ ਨੇ “ਸੱਤਵੇਂ ਦਿਨ” ਤੇ ਕਿਉਂ ਆਰਾਮ ਕੀਤਾ ਸੀ? ਇਸ ਉੱਤੇ ਧਿਆਨ ਦੇਣ ਦੁਆਰਾ ਕਿ ਭਾਵੇਂ ਪਰਮੇਸ਼ੁਰ ਪਹਿਲੇ ਛੇ ਸਿਰਜਣਾਤਮਕ ‘ਦਿਨਾਂ’ ਵਿੱਚੋਂ ਹਰੇਕ ਦਿਨ ਦੇ ਲੰਮੇ ਸਮੇਂ ਦੌਰਾਨ ਕੀਤੇ ਕੰਮ ਨਾਲ ਬਹੁਤ ਪ੍ਰਸੰਨ ਸੀ, ਫਿਰ ਵੀ ਉਸ ਨੇ ਖ਼ਾਸ ਕਰਕੇ “ਸੱਤਵੇਂ ਦਿਨ” ਨੂੰ ਅਸੀਸ ਦਿੱਤੀ ਅਤੇ ਉਸ ਨੂੰ “ਪਵਿੱਤ੍ਰ” ਠਹਿਰਾਇਆ। ਕਨਸਾਇਸ ਆਕਸਫ਼ੋਰਡ ਡਿਕਸ਼ਨਰੀ “ਪਵਿੱਤ੍ਰ” ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦੀ ਹੈ “(ਕਿਸੇ ਦੇਵਤੇ ਨੂੰ ਜਾਂ ਧਾਰਮਿਕ ਮਕਸਦ ਲਈ) ਵਿਸ਼ੇਸ਼ ਤੌਰ ਤੇ ਸਮਰਪਿਤ ਜਾਂ ਅਲੱਗ ਰੱਖਿਆ ਗਿਆ।” ਇਸ ਲਈ, ਯਹੋਵਾਹ ਵੱਲੋਂ “ਸੱਤਵੇਂ ਦਿਨ” ਨੂੰ ਅਸੀਸ ਦੇਣਾ ਅਤੇ ਉਸ ਨੂੰ ਪਵਿੱਤਰ ਠਹਿਰਾਉਣਾ ਸੰਕੇਤ ਕਰਦਾ ਹੈ ਕਿ ਉਸ ਦਿਨ ਦਾ ਅਤੇ ਯਹੋਵਾਹ ਦੇ “ਆਰਾਮ” ਦਾ ਜ਼ਰੂਰ ਉਸ ਦੀ ਪਵਿੱਤਰ ਇੱਛਾ ਅਤੇ ਮਕਸਦ ਨਾਲ ਕੋਈ ਸੰਬੰਧ ਹੋਵੇਗਾ, ਨਾ ਕਿ ਉਸ ਦੀ ਕਿਸੇ ਜ਼ਰੂਰਤ ਨਾਲ। ਇਹ ਸੰਬੰਧ ਕੀ ਹੈ?
5. ਪਰਮੇਸ਼ੁਰ ਨੇ ਪਹਿਲੇ ਛੇ ਸਿਰਜਣਾਤਮਕ ‘ਦਿਨਾਂ’ ਦੇ ਦੌਰਾਨ ਕੀ ਚਾਲੂ ਕੀਤਾ ਸੀ?
5 ਪਹਿਲੇ ਛੇ ਸਿਰਜਣਾਤਮਕ ‘ਦਿਨਾਂ’ ਦੇ ਦੌਰਾਨ, ਪਰਮੇਸ਼ੁਰ ਨੇ ਧਰਤੀ ਅਤੇ ਉਸ ਦੇ ਆਲੇ-ਦੁਆਲੇ ਦੀਆਂ ਸਭ ਚੀਜ਼ਾਂ ਨੂੰ ਚਲਾਉਣ ਵਾਲੇ ਚੱਕਰਾਂ ਅਤੇ ਨਿਯਮਾਂ ਨੂੰ ਬਣਾਇਆ ਅਤੇ ਚਾਲੂ ਕੀਤਾ। ਵਿਗਿਆਨੀ ਹੁਣ ਸਿੱਖ ਰਹੇ ਹਨ ਕਿ ਇਹ ਕਿੰਨੇ ਅਦਭੁਤ ਰੂਪ ਵਿਚ ਡੀਜ਼ਾਈਨ ਕੀਤੇ ਗਏ ਹਨ। ‘ਛੇਵੇਂ ਦਿਨ’ ਦੀ ਸਮਾਪਤੀ ਦੇ ਨੇੜੇ, ਪਰਮੇਸ਼ੁਰ ਨੇ ਪਹਿਲੇ ਮਾਨਵੀ ਜੋੜੇ ਨੂੰ ਰਚਿਆ ਅਤੇ ਉਨ੍ਹਾਂ ਨੂੰ “ਇੱਕ ਬਾਗ” ਵਿਚ ਰੱਖਿਆ ਜੋ “ਅਦਨ ਵਿੱਚ ਪੂਰਬ ਵੱਲ” ਸੀ। ਆਖ਼ਰਕਾਰ, ਪਰਮੇਸ਼ੁਰ ਨੇ ਮਾਨਵੀ ਪਰਿਵਾਰ ਅਤੇ ਧਰਤੀ ਲਈ ਆਪਣਾ ਮਕਸਦ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਵਿਚ ਦੱਸਿਆ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28, 31; 2:8.
6. (ੳ) ‘ਛੇਵੇਂ ਦਿਨ’ ਦੀ ਸਮਾਪਤੀ ਤੇ ਪਰਮੇਸ਼ੁਰ ਨੇ, ਆਪਣੀ ਪੂਰੀ ਸ੍ਰਿਸ਼ਟੀ ਬਾਰੇ ਕਿਵੇਂ ਮਹਿਸੂਸ ਕੀਤਾ? (ਅ) ‘ਸੱਤਵਾਂ ਦਿਨ’ ਕਿਸ ਅਰਥ ਵਿਚ ਪਵਿੱਤਰ ਹੈ?
6 ਜਿਉਂ-ਜਿਉਂ “ਛੇਵਾਂ ਦਿਨ” ਸਮਾਪਤ ਹੋਣ ਨੂੰ ਆਇਆ, ਬਿਰਤਾਂਤ ਦੱਸਦਾ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਪਰਮੇਸ਼ੁਰ ਨੇ ਜੋ ਕੁਝ ਵੀ ਬਣਾਇਆ ਸੀ ਉਸ ਨਾਲ ਉਹ ਖ਼ੁਸ਼ ਸੀ। ਇਸ ਲਈ ਉਸ ਨੇ ਧਰਤੀ ਦੇ ਸੰਬੰਧ ਵਿਚ ਹੋਰ ਸਿਰਜਣਾਤਮਕ ਕੰਮ ਕਰਨ ਤੋਂ ਆਰਾਮ ਕੀਤਾ, ਜਾਂ ਰੁਕ ਗਿਆ। ਪਰੰਤੂ, ਭਾਵੇਂ ਪਰਾਦੀਸ ਬਾਗ਼ ਉਦੋਂ ਸੰਪੂਰਣ ਅਤੇ ਸੁੰਦਰ ਸੀ, ਫਿਰ ਵੀ ਉਹ ਸਿਰਫ਼ ਥੋੜ੍ਹੀ ਜਗ੍ਹਾ ਉੱਤੇ ਸੀ ਅਤੇ ਧਰਤੀ ਉੱਤੇ ਸਿਰਫ਼ ਦੋ ਮਾਨਵੀ ਜੀਵ ਸਨ। ਧਰਤੀ ਅਤੇ ਮਾਨਵੀ ਪਰਿਵਾਰ ਨੂੰ ਉਸ ਸਥਿਤੀ ਤਕ ਜੋ ਪਰਮੇਸ਼ੁਰ ਦਾ ਮਕਸਦ ਸੀ, ਪਹੁੰਚਣ ਲਈ ਸਮਾਂ ਲੱਗਣਾ ਸੀ। ਇਸੇ ਕਾਰਨ, ਉਸ ਨੇ ‘ਸੱਤਵਾਂ ਦਿਨ’ ਨਿਯੁਕਤ ਕੀਤਾ, ਜੋ ਪਹਿਲੇ ਛੇ ‘ਦਿਨਾਂ’ ਵਿਚ ਉਸ ਦੀਆਂ ਰਚੀਆਂ ਚੀਜ਼ਾਂ ਨੂੰ ਉਸ ਦੀ ਪਵਿੱਤਰ ਇੱਛਾ ਦੀ ਇਕਸੁਰਤਾ ਵਿਚ ਵਿਕਸਿਤ ਹੋਣ ਦੇਵੇਗਾ। (ਤੁਲਨਾ ਕਰੋ ਅਫ਼ਸੀਆਂ 1:11.) ਜਿਉਂ-ਜਿਉਂ ‘ਸੱਤਵਾਂ ਦਿਨ’ ਆਪਣੀ ਸਮਾਪਤੀ ਨੇੜੇ ਆਉਂਦਾ ਹੈ, ਸਾਰੀ ਧਰਤੀ ਇਕ ਪਰਾਦੀਸ ਬਣ ਗਈ ਹੋਵੇਗੀ ਜਿਸ ਵਿਚ ਸੰਪੂਰਣ ਮਾਨਵਾਂ ਦਾ ਪਰਿਵਾਰ ਹਮੇਸ਼ਾ ਲਈ ਵੱਸੇਗਾ। (ਯਸਾਯਾਹ 45:18) ‘ਸੱਤਵਾਂ ਦਿਨ’ ਧਰਤੀ ਅਤੇ ਮਾਨਵਜਾਤੀ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਇੱਛਾ ਦੀ ਪੂਰਤੀ ਲਈ ਅਲੱਗ ਰੱਖਿਆ, ਜਾਂ ਸਮਰਪਿਤ ਕੀਤਾ ਗਿਆ ਹੈ। ਇਸ ਅਰਥ ਵਿਚ ਇਹ “ਪਵਿੱਤ੍ਰ” ਹੈ।
7. (ੳ) ਪਰਮੇਸ਼ੁਰ ਨੇ ਕਿਸ ਅਰਥ ਵਿਚ “ਸੱਤਵੇਂ ਦਿਨ” ਆਰਾਮ ਕੀਤਾ? (ਅ) ਜਦੋਂ ‘ਸੱਤਵਾਂ ਦਿਨ’ ਸਮਾਪਤ ਹੋਵੇਗਾ ਉਦੋਂ ਸਭ ਕੁਝ ਕਿਸ ਤਰ੍ਹਾਂ ਦਾ ਹੋਵੇਗਾ?
7 ਇਸ ਲਈ “ਸੱਤਵੇਂ ਦਿਨ” ਪਰਮੇਸ਼ੁਰ ਨੇ ਆਪਣੇ ਸਿਰਜਣਾਤਮਕ ਕੰਮਾਂ ਤੋਂ ਆਰਾਮ ਕੀਤਾ। ਇਹ ਇਸ ਤਰ੍ਹਾਂ ਹੈ ਮਾਨੋ ਉਸ ਨੇ ਸਿਰਜਣਾਤਮਕ ਕੰਮ ਕਰਨਾ ਛੱਡ ਦਿੱਤਾ ਅਤੇ ਉਸ ਨੇ ਜੋ ਚਾਲੂ ਕੀਤਾ ਸੀ ਉਸ ਨੂੰ ਆਪਣਾ ਕੰਮ ਪੂਰਾ ਕਰਨ ਦਿੱਤਾ। ਉਸ ਨੂੰ ਪੂਰਾ ਯਕੀਨ ਹੈ ਕਿ “ਸੱਤਵੇਂ ਦਿਨ” ਦੀ ਸਮਾਪਤੀ ਤਕ ਸਭ ਕੁਝ ਐਨ ਉਸੇ ਤਰ੍ਹਾਂ ਹੋ ਗਿਆ ਹੋਵੇਗਾ ਜਿਵੇਂ ਉਸ ਦਾ ਮਕਸਦ ਸੀ। ਜੇ ਰੁਕਾਵਟਾਂ ਵੀ ਆਈਆਂ ਹਨ, ਤਾਂ ਇਨ੍ਹਾਂ ਉੱਤੇ ਜਿੱਤ ਹਾਸਲ ਕੀਤੀ ਗਈ ਹੋਵੇਗੀ। ਜਦੋਂ ਪਰਮੇਸ਼ੁਰ ਦੀ ਇੱਛਾ ਹਕੀਕਤ ਬਣ ਜਾਵੇਗੀ ਤਾਂ ਸਾਰੀ ਆਗਿਆਕਾਰ ਮਨੁੱਖਜਾਤੀ ਲਾਭ ਉਠਾਏਗੀ। ਇਸ ਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕੇਗੀ ਕਿਉਂਕਿ ਪਰਮੇਸ਼ੁਰ ਦੀ ਅਸੀਸ “ਸੱਤਵੇਂ ਦਿਨ” ਉੱਤੇ ਹੈ, ਅਤੇ ਉਸ ਨੇ ਇਸ ਨੂੰ “ਪਵਿੱਤ੍ਰ” ਠਹਿਰਾਇਆ ਹੈ। ਆਗਿਆਕਾਰ ਮਨੁੱਖਜਾਤੀ ਲਈ ਕਿੰਨੀ ਸ਼ਾਨਦਾਰ ਸੰਭਾਵਨਾ!
ਇਸਰਾਏਲ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜ ਸਕਿਆ
8. ਇਸਰਾਏਲੀ ਸਬਤ ਕਦੋਂ ਅਤੇ ਕਿਵੇਂ ਮਨਾਉਣ ਲੱਗੇ?
8 ਇਸਰਾਏਲ ਦੀ ਕੌਮ ਨੇ ਕੰਮ ਅਤੇ ਆਰਾਮ ਲਈ ਯਹੋਵਾਹ ਵੱਲੋਂ ਕੀਤੇ ਗਏ ਪ੍ਰਬੰਧ ਤੋਂ ਲਾਭ ਉਠਾਇਆ। ਇਸਰਾਏਲੀਆਂ ਨੂੰ ਸੀਨਈ ਪਹਾੜ ਵਿਖੇ ਬਿਵਸਥਾ ਦੇਣ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਮੂਸਾ ਰਾਹੀਂ ਉਨ੍ਹਾਂ ਨੂੰ ਦੱਸਿਆ: “ਵੇਖੋ ਯਹੋਵਾਹ ਨੇ ਤੁਹਾਨੂੰ ਸਬਤ ਦਿੱਤਾ ਹੈ, ਏਸੇ ਲਈ ਉਹ ਤੁਹਾਨੂੰ ਛੇਵੇਂ ਦਿਨ ਦੋਹੁੰ ਦਿਨਾਂ ਦੀ ਰੋਟੀ ਦਿੰਦਾ ਹੈ। ਤੁਸੀਂ ਹਰ ਇੱਕ ਆਪਣੀ ਥਾਂ ਵਿੱਚ ਰਹੋ। ਕੋਈ ਆਪਣੇ ਵਾਸ ਤੋਂ ਸਬਤ ਉੱਤੇ ਬਾਹਰ ਨਾ ਜਾਵੇ।” ਨਤੀਜਾ ਇਹ ਸੀ ਕਿ “ਪਰਜਾ ਨੇ ਸੱਤਵੇਂ ਦਿਨ ਵਿਸਰਾਮ ਕੀਤਾ।”—ਕੂਚ 16:22-30.
9. ਸਬਤ ਦਾ ਨਿਯਮ ਇਸਰਾਏਲੀਆਂ ਲਈ ਇਕ ਸੁਆਗਤ ਕੀਤੀ ਗਈ ਤਬਦੀਲੀ ਕਿਉਂ ਸੀ?
9 ਇਹ ਪ੍ਰਬੰਧ ਇਸਰਾਏਲੀਆਂ ਲਈ ਨਵਾਂ ਸੀ, ਜਿਨ੍ਹਾਂ ਨੂੰ ਹੁਣੇ ਹੀ ਮਿਸਰ ਦੀ ਗ਼ੁਲਾਮੀ ਤੋਂ ਮੁਕਤ ਕੀਤਾ ਗਿਆ ਸੀ। ਭਾਵੇਂ ਮਿਸਰੀ ਅਤੇ ਹੋਰ ਕੌਮਾਂ ਸਮੇਂ ਨੂੰ ਪੰਜ ਤੋਂ ਦਸ ਦਿਨਾਂ ਦੀ ਅਵਧੀ ਵਿਚ ਗਿਣਦੇ ਸਨ, ਸੰਭਵ ਹੈ ਕਿ ਇਸਰਾਏਲੀ ਗ਼ੁਲਾਮਾਂ ਨੂੰ ਇਕ ਦਿਨ ਵੀ ਆਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। (ਤੁਲਨਾ ਕਰੋ ਕੂਚ 5:1-9.) ਇਸ ਲਈ, ਇਹ ਸਿੱਟਾ ਕੱਢਣਾ ਜਾਇਜ਼ ਹੈ ਕਿ ਇਸਰਾਏਲ ਦੇ ਲੋਕਾਂ ਨੇ ਇਸ ਤਬਦੀਲੀ ਦਾ ਸੁਆਗਤ ਕੀਤਾ ਹੋਵੇਗਾ। ਸਬਤ ਦੀ ਮੰਗ ਨੂੰ ਇਕ ਬੋਝ ਜਾਂ ਬੰਦਸ਼ ਵਿਚਾਰਨ ਦੀ ਬਜਾਇ, ਉਨ੍ਹਾਂ ਨੂੰ ਇਸ ਨੂੰ ਪੂਰਾ ਕਰਨ ਵਿਚ ਖ਼ੁਸ਼ ਹੋਣਾ ਚਾਹੀਦਾ ਸੀ। ਦਰਅਸਲ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬਾਅਦ ਵਿਚ ਦੱਸਿਆ ਕਿ ਸਬਤ ਉਨ੍ਹਾਂ ਨੂੰ, ਮਿਸਰ ਵਿਚ ਉਨ੍ਹਾਂ ਦੀ ਗ਼ੁਲਾਮੀ ਅਤੇ ਉਸ ਵੱਲੋਂ ਉਨ੍ਹਾਂ ਦੀ ਮੁਕਤੀ ਦੀ ਯਾਦ ਦਿਲਾਵੇਗਾ।—ਬਿਵਸਥਾ ਸਾਰ 5:15.
10, 11. (ੳ) ਆਗਿਆਕਾਰ ਰਹਿਣ ਦੁਆਰਾ ਇਸਰਾਏਲੀ ਕਿਸ ਚੀਜ਼ ਦਾ ਆਨੰਦ ਮਾਣ ਸਕਦੇ ਸਨ? (ਅ) ਇਸਰਾਏਲੀ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜ ਸਕੇ?
10 ਜੇਕਰ ਮਿਸਰ ਵਿੱਚੋਂ ਮੂਸਾ ਨਾਲ ਨਿਕਲਣ ਵਾਲੇ ਇਸਰਾਏਲੀ ਆਗਿਆਕਾਰ ਰਹੇ ਹੁੰਦੇ, ਤਾਂ ਉਨ੍ਹਾਂ ਨੂੰ ਵਾਅਦਾ ਕੀਤੀ ਹੋਈ “ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ” ਵੜਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੁੰਦਾ। (ਕੂਚ 3:8) ਉੱਥੇ ਉਹ ਸਿਰਫ਼ ਸਬਤ ਤੇ ਹੀ ਨਹੀਂ, ਬਲਕਿ ਜੀਵਨ-ਭਰ ਅਸਲੀ ਆਰਾਮ ਦਾ ਆਨੰਦ ਮਾਣਦੇ। (ਬਿਵਸਥਾ ਸਾਰ 12:9, 10) ਲੇਕਿਨ, ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਬਾਰੇ, ਰਸੂਲ ਪੌਲੁਸ ਨੇ ਲਿਖਿਆ: “ਓਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ? ਭਲਾ, ਉਨ੍ਹਾਂ ਸਭਨਾਂ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ? ਅਤੇ ਉਹ ਕਿਨ੍ਹਾਂ ਨਾਲ ਚਾਲੀ ਵਰਹੇ ਗਰੰਜ ਰਿਹਾ? ਭਲਾ, ਉਨ੍ਹਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ? ਅਤੇ ਕਿਨ੍ਹਾਂ ਨੂੰ ਉਸ ਨੇ ਸੌਂਹ ਖਾ ਕੇ ਆਖਿਆ ਭਈ ਓਹ ਮੇਰੇ ਅਰਾਮ ਵਿੱਚ ਨਾ ਵੜਨਗੇ ਪਰ ਉਨ੍ਹਾਂ ਨੂੰ ਜਿਹੜੇ ਅਣਆਗਿਆਕਾਰ ਸਨ? ਅਸੀਂ ਇਹ ਵੇਖਦੇ ਹਾਂ ਜੋ ਓਹ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸੱਕੇ।”—ਇਬਰਾਨੀਆਂ 3:16-19.
11 ਸਾਡੇ ਲਈ ਕਿੰਨਾ ਸ਼ਕਤੀਸ਼ਾਲੀ ਸਬਕ! ਯਹੋਵਾਹ ਵਿਚ ਬੇਪਰਤੀਤੀ ਕਾਰਨ, ਉਹ ਪੀੜ੍ਹੀ ਉਸ ਆਰਾਮ ਨੂੰ ਹਾਸਲ ਨਹੀਂ ਕਰ ਸਕੀ ਜਿਸ ਦਾ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ। ਇਸ ਦੀ ਬਜਾਇ, ਉਹ ਉਜਾੜ ਵਿਚ ਮਰ ਗਏ। ਉਹ ਇਹ ਸਮਝਣ ਵਿਚ ਅਸਫ਼ਲ ਹੋਏ ਕਿ ਅਬਰਾਹਾਮ ਦੀ ਸੰਤਾਨ ਹੋਣ ਦੇ ਨਾਤੇ, ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਦੇਣ ਦੀ ਪਰਮੇਸ਼ੁਰ ਦੀ ਇੱਛਾ ਨਾਲ ਉਨ੍ਹਾਂ ਦਾ ਗੂੜ੍ਹਾ ਸੰਬੰਧ ਸੀ। (ਉਤਪਤ 17:7, 8; 22:18) ਈਸ਼ਵਰੀ ਇੱਛਾ ਦੇ ਅਨੁਸਾਰ ਕੰਮ ਕਰਨ ਦੀ ਬਜਾਇ, ਉਨ੍ਹਾਂ ਦਾ ਧਿਆਨ ਪੂਰੀ ਤਰ੍ਹਾਂ ਨਾਲ ਸੰਸਾਰਕ ਅਤੇ ਸੁਆਰਥੀ ਇੱਛਾਵਾਂ ਵਿਚ ਲੱਗਾ ਹੋਇਆ ਸੀ। ਆਓ ਅਸੀਂ ਅਜਿਹੇ ਰਾਹ ਵਿਚ ਕਦੀ ਨਾ ਪਈਏ!—1 ਕੁਰਿੰਥੀਆਂ 10:6, 10.
ਇਕ ਆਰਾਮ ਬਾਕੀ ਰਹਿੰਦਾ ਹੈ
12. ਪਹਿਲੀ ਸਦੀ ਦੇ ਮਸੀਹੀਆਂ ਲਈ ਕਿਹੜੀ ਸੰਭਾਵਨਾ ਹਾਲੇ ਵੀ ਮੌਜੂਦ ਸੀ, ਅਤੇ ਉਹ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਸਨ?
12 ਬੇਪਰਤੀਤੀ ਕਾਰਨ ਪਰਮੇਸ਼ੁਰ ਦੇ ਆਰਾਮ ਵਿਚ ਇਸਰਾਏਲ ਦੇ ਨਾ ਵੜ ਸਕਣ ਬਾਰੇ ਗੱਲ ਕਰਨ ਤੋਂ ਬਾਅਦ, ਪੌਲੁਸ ਆਪਣਾ ਧਿਆਨ ਆਪਣੇ ਸੰਗੀ ਵਿਸ਼ਵਾਸੀਆਂ ਵੱਲ ਮੋੜਦਾ ਹੈ। ਜਿਵੇਂ ਇਬਰਾਨੀਆਂ 4:1-5 ਵਿਚ ਦੱਸਿਆ ਗਿਆ ਹੈ, ਉਹ ਉਨ੍ਹਾਂ ਨੂੰ ਮੁੜ ਭਰੋਸਾ ਦਿਵਾਉਂਦਾ ਹੈ ਕਿ “[ਪਰਮੇਸ਼ੁਰ] ਦੇ ਅਰਾਮ ਵਿੱਚ ਵੜਨ ਦਾ ਵਾਇਦਾ” ਬਾਕੀ ਰਹਿੰਦਾ ਹੈ। ਪੌਲੁਸ ਨੇ ਉਨ੍ਹਾਂ ਨੂੰ “ਖੁਸ਼ ਖਬਰੀ” ਵਿਚ ਨਿਹਚਾ ਕਰਨ ਲਈ ਤਾਕੀਦ ਕੀਤਾ ਕਿਉਂ ਜੋ “ਅਸੀਂ ਜਿਨ੍ਹਾਂ ਨਿਹਚਾ ਕੀਤੀ ਹੈ ਓਸ ਅਰਾਮ ਵਿੱਚ ਵੜਦੇ ਹਾਂ।” ਕਿਉਂਕਿ ਬਿਵਸਥਾ ਪਹਿਲਾਂ ਹੀ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੁਆਰਾ ਖ਼ਤਮ ਕੀਤੀ ਜਾ ਚੁੱਕੀ ਸੀ, ਪੌਲੁਸ ਇੱਥੇ ਸਬਤ ਤੋਂ ਮਿਲਦੇ ਸਰੀਰਕ ਆਰਾਮ ਬਾਰੇ ਗੱਲ ਨਹੀਂ ਕਰ ਰਿਹਾ ਸੀ। (ਕੁਲੁੱਸੀਆਂ 2:13, 14) ਉਤਪਤ 2:2 ਅਤੇ ਜ਼ਬੂਰ 95:11 ਦੇ ਹਵਾਲੇ ਦੇ ਕੇ, ਪੌਲੁਸ ਇਬਰਾਨੀ ਮਸੀਹੀਆਂ ਨੂੰ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਦੀ ਤਾਕੀਦ ਕਰ ਰਿਹਾ ਸੀ।
13. ਜ਼ਬੂਰ 95 ਦਾ ਹਵਾਲਾ ਦਿੰਦੇ ਹੋਏ, ਪੌਲੁਸ ਨੇ ਸ਼ਬਦ “ਅੱਜ” ਵੱਲ ਧਿਆਨ ਕਿਉਂ ਖਿੱਚਿਆ?
13 ਪਰਮੇਸ਼ੁਰ ਦੇ ਆਰਾਮ ਵਿਚ ਵੜਨ ਦੀ ਸੰਭਾਵਨਾ ਇਬਰਾਨੀ ਮਸੀਹੀਆਂ ਲਈ “ਖੁਸ਼ ਖਬਰੀ” ਹੋਣੀ ਚਾਹੀਦੀ ਸੀ, ਠੀਕ ਜਿਵੇਂ ਉਨ੍ਹਾਂ ਤੋਂ ਪਹਿਲਾਂ ਸਬਤ ਦਾ ਆਰਾਮ ਇਸਰਾਏਲੀਆਂ ਲਈ “ਖੁਸ਼ ਖਬਰੀ” ਹੋਣੀ ਚਾਹੀਦੀ ਸੀ। ਇਸ ਲਈ, ਪੌਲੁਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਉਹੀ ਗ਼ਲਤੀ ਨਾ ਕਰਨ ਜੋ ਇਸਰਾਏਲ ਨੇ ਉਜਾੜ ਵਿਚ ਕੀਤੀ ਸੀ। ਉਸ ਦਾ ਹਵਾਲਾ ਦਿੰਦੇ ਹੋਏ ਜੋ ਹੁਣ ਜ਼ਬੂਰ 95:7, 8 ਹੈ, ਉਸ ਨੇ ਸ਼ਬਦ “ਅੱਜ” ਵੱਲ ਧਿਆਨ ਖਿੱਚਿਆ, ਭਾਵੇਂ ਕਿ ਪਰਮੇਸ਼ੁਰ ਨੂੰ ਸ੍ਰਿਸ਼ਟੀ ਦੇ ਕੰਮਾਂ ਤੋਂ ਆਰਾਮ ਕੀਤਿਆਂ ਬਹੁਤ ਲੰਮਾ ਸਮਾਂ ਹੋ ਗਿਆ ਸੀ। (ਇਬਰਾਨੀਆਂ 4:6, 7) ਪੌਲੁਸ ਕੀ ਕਹਿ ਰਿਹਾ ਸੀ? ਇਹੋ ਕਿ ‘ਸੱਤਵਾਂ ਦਿਨ’ ਜੋ ਪਰਮੇਸ਼ੁਰ ਨੇ ਧਰਤੀ ਅਤੇ ਮਨੁੱਖਜਾਤੀ ਦੇ ਸੰਬੰਧ ਵਿਚ ਆਪਣੇ ਮਕਸਦ ਨੂੰ ਪੂਰਾ ਹੋਣ ਲਈ ਅਲੱਗ ਰੱਖਿਆ ਸੀ, ਹਾਲੇ ਚਾਲੂ ਸੀ। ਇਸ ਲਈ, ਉਸ ਦੇ ਸੰਗੀ ਮਸੀਹੀਆਂ ਲਈ ਅਤਿ-ਆਵੱਸ਼ਕ ਸੀ ਕਿ ਸੁਆਰਥੀ ਕੰਮ-ਧੰਦਿਆਂ ਉੱਤੇ ਧਿਆਨ ਲਾਉਣ ਦੀ ਬਜਾਇ ਉਹ ਉਸ ਮਕਸਦ ਦੇ ਅਨੁਸਾਰ ਕੰਮ ਕਰਨ। ਉਸ ਨੇ ਇਕ ਵਾਰ ਫਿਰ ਚੇਤਾਵਨੀ ਦਿੱਤੀ: “ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”
14. ਪੌਲੁਸ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਦਾ “ਅਰਾਮ” ਅਜੇ ਵੀ ਬਾਕੀ ਰਹਿੰਦਾ ਸੀ?
14 ਇਸ ਦੇ ਨਾਲ-ਨਾਲ, ਪੌਲੁਸ ਨੇ ਦਿਖਾਇਆ ਕਿ ਵਾਅਦਾ ਕੀਤਾ ਹੋਇਆ “ਸੁਖ” ਸਿਰਫ਼ ਯਹੋਸ਼ੁਆ ਦੀ ਅਗਵਾਈ ਅਧੀਨ ਵਾਅਦਾ ਕੀਤੇ ਹੋਏ ਦੇਸ਼ ਵਿਚ ਵੱਸਣ ਦੀ ਗੱਲ ਨਹੀਂ ਸੀ। (ਯਹੋਸ਼ੁਆ 21:44) ਪੌਲੁਸ ਤਰਕ ਕਰਦਾ ਹੈ ਕਿ “ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ।” ਇਸ ਨੂੰ ਨਜ਼ਰ ਵਿਚ ਰੱਖਦੇ ਹੋਏ, ਪੌਲੁਸ ਅੱਗੇ ਕਹਿੰਦਾ ਹੈ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।” (ਇਬਰਾਨੀਆਂ 4:8, 9) ਇਹ “ਸਬਤ ਦਾ ਅਰਾਮ” ਕੀ ਹੈ?
ਪਰਮੇਸ਼ੁਰ ਦੇ ਆਰਾਮ ਵਿਚ ਵੜੋ
15, 16. (ੳ) ਲਫ਼ਜ਼ “ਸਬਤ ਦਾ ਅਰਾਮ” ਦਾ ਕੀ ਅਰਥ ਹੈ? (ਅ) ‘ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕਰਨ’ ਦਾ ਕੀ ਅਰਥ ਹੈ?
15 ਇਹ ਲਫ਼ਜ਼ “ਸਬਤ ਦਾ ਅਰਾਮ” ਯੂਨਾਨੀ ਸ਼ਬਦ ਜਿਸ ਦਾ ਅਰਥ “ਸਬਤ ਮਨਾਉਣਾ” (ਕਿੰਗਡਮ ਇੰਟਰਲਿਨੀਅਰ) ਤੋਂ ਅਨੁਵਾਦ ਕੀਤਾ ਗਿਆ ਹੈ। ਪ੍ਰੋਫ਼ੈਸਰ ਵਿਲੀਅਮ ਲੇਨ ਬਿਆਨ ਕਰਦਾ ਹੈ: “ਇਨ੍ਹਾਂ ਲਫ਼ਜ਼ਾਂ ਨੂੰ ਆਪਣਾ ਖ਼ਾਸ ਅਰਥ ਸਬਤ ਦੀ ਉਸ ਹਿਦਾਇਤ ਤੋਂ ਮਿਲਿਆ ਹੈ ਜੋ ਕੂਚ 20:8-10 ਦੇ ਆਧਾਰ ਤੇ ਯਹੂਦੀ ਧਰਮ ਵਿਚ ਵਿਕਸਿਤ ਹੋਈ ਸੀ, ਜਿੱਥੇ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਆਰਾਮ ਅਤੇ ਉਸਤਤ ਦਾ ਆਪਸ ਵਿਚ ਅਟੁੱਟ ਸੰਬੰਧ ਸੀ . . . [ਇਹ] ਪਰਮੇਸ਼ੁਰ ਦੀ ਭਗਤੀ ਅਤੇ ਉਸਤਤ ਵਿਚ ਪ੍ਰਗਟ ਕੀਤੇ ਗਏ ਜਸ਼ਨ ਅਤੇ ਆਨੰਦ ਦੇ ਵਿਸ਼ੇਸ਼ ਪਹਿਲੂ ਉੱਤੇ ਜ਼ੋਰ ਦਿੰਦੀ ਹੈ।” ਤਾਂ ਫਿਰ, ਵਾਅਦਾ ਕੀਤਾ ਹੋਇਆ ਆਰਾਮ ਸਿਰਫ਼ ਕੰਮ ਤੋਂ ਛੁਟਕਾਰਾ ਹੀ ਨਹੀਂ ਹੈ। ਇਹ ਥਕਾਊ, ਵਿਅਰਥ ਕੰਮ ਨੂੰ ਛੱਡ ਕੇ ਪਰਮੇਸ਼ੁਰ ਨੂੰ ਸਨਮਾਨ ਦੇਣ ਵਾਲੀ ਆਨੰਦਮਈ ਸੇਵਾ ਕਰਨਾ ਹੈ।
16 ਇਸ ਗੱਲ ਦੀ ਪੁਸ਼ਟੀ ਪੌਲੁਸ ਦੇ ਅਗਲੇ ਸ਼ਬਦਾਂ ਦੁਆਰਾ ਕੀਤੀ ਜਾਂਦੀ ਹੈ: “ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ।” (ਇਬਰਾਨੀਆਂ 4:10) ਪਰਮੇਸ਼ੁਰ ਨੇ ਸੱਤਵੇਂ ਸਿਰਜਣਾਤਮਕ ਦਿਨ ਤੇ ਆਰਾਮ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਥੱਕ ਗਿਆ ਸੀ। ਬਲਕਿ, ਉਹ ਜ਼ਮੀਨੀ ਸਿਰਜਣਾਤਮਕ ਕੰਮਾਂ ਤੋਂ ਇਸ ਲਈ ਰੁਕ ਗਿਆ ਤਾਂਕਿ ਉਸ ਦੀ ਉਸਤਤ ਅਤੇ ਸਨਮਾਨ ਲਈ, ਉਸ ਦੀ ਕਾਰੀਗਰੀ ਵਿਕਸਿਤ ਹੋ ਸਕੇ ਅਤੇ ਪੂਰਣ ਮਹਿਮਾ ਤਕ ਪਹੁੰਚ ਸਕੇ। ਪਰਮੇਸ਼ੁਰ ਦੀ ਇਕ ਸ੍ਰਿਸ਼ਟੀ ਹੋਣ ਦੇ ਨਾਤੇ, ਸਾਨੂੰ ਵੀ ਉਸ ਪ੍ਰਬੰਧ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਸਾਨੂੰ ‘ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕਰਨਾ’ ਚਾਹੀਦਾ ਹੈ, ਯਾਨੀ ਕਿ, ਸਾਨੂੰ ਮੁਕਤੀ ਹਾਸਲ ਕਰਨ ਦੇ ਜਤਨ ਵਿਚ, ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦੀ ਕੋਸ਼ਿਸ਼ ਤੋਂ ਰੁਕਣਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਮੁਕਤੀ ਲਈ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਨੀ ਚਾਹੀਦੀ ਹੈ, ਜਿਸ ਰਾਹੀਂ ਸਭ ਚੀਜ਼ਾਂ ਪਰਮੇਸ਼ੁਰ ਦੇ ਮਕਸਦ ਦੀ ਇਕਸੁਰਤਾ ਵਿਚ ਫਿਰ ਲਿਆਈਆਂ ਜਾਣਗੀਆਂ।—ਅਫ਼ਸੀਆਂ 1:8-14; ਕੁਲੁੱਸੀਆਂ 1:19, 20.
ਪਰਮੇਸ਼ੁਰ ਦਾ ਬਚਨ ਗੁਣਕਾਰ ਹੈ
17. ਪੈਦਾਇਸ਼ੀ ਇਸਰਾਏਲ ਦੇ ਕਿਸ ਮਾਰਗ ਉੱਤੇ ਚੱਲਣ ਤੋਂ ਸਾਨੂੰ ਪਰਹੇਜ਼ ਕਰਨ ਚਾਹੀਦਾ ਹੈ?
17 ਇਸਰਾਏਲੀ ਆਪਣੀ ਅਣਆਗਿਆਕਾਰੀ ਅਤੇ ਬੇਪਰਤੀਤੀ ਕਾਰਨ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਆਰਾਮ ਵਿਚ ਨਹੀਂ ਵੜ ਸਕੇ। ਨਤੀਜੇ ਵਜੋਂ, ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਤਾਕੀਦ ਕੀਤੀ: “ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ ਭਈ ਕੋਈ ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ।” (ਇਬਰਾਨੀਆਂ 4:11) ਪਹਿਲੀ ਸਦੀ ਦੇ ਕਈ ਯਹੂਦੀਆਂ ਨੇ ਯਿਸੂ ਵਿਚ ਨਿਹਚਾ ਨਹੀਂ ਕੀਤੀ ਸੀ, ਅਤੇ ਉਨ੍ਹਾਂ ਵਿੱਚੋਂ ਅਨੇਕਾਂ ਨੇ ਬਹੁਤ ਕਸ਼ਟ ਸਹੇ ਜਦੋਂ 70 ਸਾ.ਯੁ. ਵਿਚ ਯਹੂਦੀ ਰੀਤੀ-ਵਿਵਸਥਾ ਖ਼ਤਮ ਹੋ ਗਈ। ਕਿੰਨਾ ਜ਼ਰੂਰੀ ਹੈ ਕਿ ਅਸੀਂ ਅੱਜ ਪਰਮੇਸ਼ੁਰ ਦੇ ਵਾਅਦੇ ਦੇ ਬਚਨ ਵਿਚ ਨਿਹਚਾ ਰੱਖੀਏ!
18. (ੳ) ਪੌਲੁਸ ਨੇ ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਰੱਖਣ ਦੇ ਕਿਹੜੇ ਕਾਰਨ ਦਿੱਤੇ? (ਅ) ਪਰਮੇਸ਼ੁਰ ਦਾ ਬਚਨ ਕਿਵੇਂ “ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ” ਹੈ?
18 ਯਹੋਵਾਹ ਦੇ ਬਚਨ ਵਿਚ ਨਿਹਚਾ ਰੱਖਣ ਲਈ ਸਾਡੇ ਕੋਲ ਠੋਸ ਕਾਰਨ ਹਨ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਹਾਂ, ਪਰਮੇਸ਼ੁਰ ਦਾ ਬਚਨ, ਜਾਂ ਸੰਦੇਸ਼, “ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ” ਹੈ। ਇਬਰਾਨੀ ਮਸੀਹੀਆਂ ਨੂੰ ਯਾਦ ਰੱਖਣ ਦੀ ਲੋੜ ਸੀ ਕਿ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਕੀ ਹੋਇਆ ਸੀ। ਯਹੋਵਾਹ ਦੇ ਨਿਆਉਂ, ਕਿ ਉਹ ਉਜਾੜ ਵਿਚ ਮਰ ਜਾਣਗੇ, ਨੂੰ ਅਣਡਿੱਠ ਕਰਕੇ ਉਨ੍ਹਾਂ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਕੋਸ਼ਿਸ਼ ਕੀਤੀ। ਲੇਕਿਨ ਮੂਸਾ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਅਮਾਲੇਕੀ ਅਰ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤੇਗ ਨਾਲ ਡਿੱਗ ਪਓਗੇ।” ਜਦੋਂ ਇਸਰਾਏਲੀ ਜ਼ਿੱਦ ਕਰ ਕੇ ਅੱਗੇ ਵਧੇ, “ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੀਕ ਵੱਢਦੇ ਗਏ।” (ਗਿਣਤੀ 14:39-45) ਯਹੋਵਾਹ ਦਾ ਬਚਨ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਅਤੇ ਜੋ ਵੀ ਵਿਅਕਤੀ ਇਸ ਨੂੰ ਜਾਣ-ਬੁੱਝ ਕੇ ਅਣਡਿੱਠ ਕਰਦਾ ਹੈ ਉਹ ਉਸ ਦਾ ਨਤੀਜਾ ਜ਼ਰੂਰ ਭੋਗੇਗਾ।—ਗਲਾਤੀਆਂ 6:7-9.
19. ਪਰਮੇਸ਼ੁਰ ਦਾ ਬਚਨ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਨਾਲ ‘ਵਿੰਨ੍ਹਦਾ’ ਹੈ, ਅਤੇ ਸਾਨੂੰ ਪਰਮੇਸ਼ੁਰ ਪ੍ਰਤੀ ਆਪਣੀ ਜਵਾਬਦੇਹੀ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ?
19 ਪਰਮੇਸ਼ੁਰ ਦਾ ਬਚਨ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ “ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ”! ਇਹ ਵਿਅਕਤੀਆਂ ਦੇ ਵਿਚਾਰਾਂ ਅਤੇ ਮਨੋਰਥਾਂ ਨੂੰ ਜ਼ਾਹਰ ਕਰਦਾ ਹੈ, ਲਾਖਣਿਕ ਤੌਰ ਤੇ ਹੱਡੀਆਂ ਦੇ ਅੰਦਰਲੇ ਹਿੱਸਿਆਂ ਦੇ ਗੁੱਦੇ ਤਕ ਵਿੰਨ੍ਹਦਾ ਹੈ! ਭਾਵੇਂ ਕਿ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕੀਤੇ ਗਏ ਇਸਰਾਏਲੀ ਬਿਵਸਥਾ ਅਨੁਸਾਰ ਚੱਲਣ ਲਈ ਰਾਜ਼ੀ ਹੋਏ ਸਨ, ਯਹੋਵਾਹ ਜਾਣਦਾ ਸੀ ਕਿ ਉਹ ਆਪਣੇ ਦਿਲਾਂ ਵਿਚ ਉਸ ਦੇ ਪ੍ਰਬੰਧਾਂ ਅਤੇ ਮੰਗਾਂ ਦੀ ਕਦਰ ਨਹੀਂ ਕਰਦੇ ਸਨ। (ਜ਼ਬੂਰ 95:7-11) ਉਸ ਦੀ ਇੱਛਾ ਪੂਰੀ ਕਰਨ ਦੀ ਬਜਾਇ, ਉਹ ਆਪਣੀਆਂ ਸਰੀਰਕ ਕਾਮਨਾਵਾਂ ਨੂੰ ਪੂਰਾ ਕਰਨ ਬਾਰੇ ਚਿੰਤਾਤੁਰ ਸਨ। ਇਸ ਲਈ, ਉਹ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਆਰਾਮ ਵਿਚ ਨਹੀਂ ਵੜ ਸਕੇ, ਪਰ ਉਜਾੜ ਵਿਚ ਮਰ ਗਏ। ਸਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂ ਜੋ “ਸਰਿਸ਼ਟੀ ਦੀ ਕੋਈ ਵਸਤ [ਪਰਮੇਸ਼ੁਰ] ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਇਸ ਲਈ ਆਓ ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਉੱਤੇ ਪੂਰੇ ਉੱਤਰੀਏ ਅਤੇ “ਪਿਛਾਹਾਂ ਹਟ ਕੇ ਨਸ਼ਟ” ਨਾ ਹੋ ਜਾਈਏ।—ਇਬਰਾਨੀਆਂ 10:39.
20. ਅੱਗੇ ਕੀ ਹੋਵੇਗਾ, ਅਤੇ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਸਾਨੂੰ ਹੁਣ ਕਿ ਕਰਨਾ ਚਾਹੀਦਾ ਹੈ?
20 ਭਾਵੇਂ ਕਿ ‘ਸੱਤਵਾਂ ਦਿਨ’—ਪਰਮੇਸ਼ੁਰ ਦੇ ਆਰਾਮ ਦਾ ਦਿਨ—ਹਾਲੇ ਵੀ ਜਾਰੀ ਹੈ, ਉਹ ਧਰਤੀ ਅਤੇ ਮਨੁੱਖਜਾਤੀ ਲਈ ਆਪਣੇ ਮਕਸਦ ਦੀ ਪੂਰਤੀ ਪ੍ਰਤੀ ਚੌਕਸ ਹੈ। ਬਹੁਤ ਜਲਦ, ਮਸੀਹਾਈ ਰਾਜਾ, ਯਿਸੂ ਮਸੀਹ, ਪਰਮੇਸ਼ੁਰ ਦੀ ਇੱਛਾ ਦੇ ਸਾਰੇ ਵਿਰੋਧੀਆਂ ਨੂੰ, ਜਿਨ੍ਹਾਂ ਵਿਚ ਸ਼ਤਾਨ ਅਰਥਾਤ ਇਬਲੀਸ ਵੀ ਸ਼ਾਮਲ ਹੈ, ਧਰਤੀ ਤੋਂ ਖ਼ਤਮ ਕਰਨ ਲਈ ਕਾਰਵਾਈ ਕਰੇਗਾ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਯਿਸੂ ਅਤੇ ਉਸ ਦੇ 1,44,000 ਸੰਗੀ ਰਾਜੇ ਧਰਤੀ ਅਤੇ ਮਨੁੱਖਜਾਤੀ ਨੂੰ ਉਸ ਹਾਲਤ ਵਿਚ ਲਿਆਉਣਗੇ ਜੋ ਪਰਮੇਸ਼ੁਰ ਦਾ ਮਕਸਦ ਸੀ। (ਪਰਕਾਸ਼ ਦੀ ਪੋਥੀ 14:1; 20:1-6) ਹੁਣ ਸਮਾਂ ਹੈ ਕਿ ਅਸੀਂ ਸਾਬਤ ਕਰੀਏ ਕਿ ਸਾਡਾ ਜੀਵਨ ਯਹੋਵਾਹ ਪਰਮੇਸ਼ੁਰ ਦੀ ਇੱਛਾ ਉੱਤੇ ਕੇਂਦ੍ਰਿਤ ਹੈ। ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਆਪ ਨੂੰ ਧਰਮੀ ਠਹਿਰਾਉਣ ਅਤੇ ਆਪਣੀਆਂ ਦਿਲਚਸਪੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਇ, ਹੁਣ ਸਮਾਂ ਹੈ ਕਿ ਅਸੀਂ ‘ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕਰੀਏ’ ਅਤੇ ਪੂਰੇ ਦਿਲ ਨਾਲ ਰਾਜ ਹਿਤਾਂ ਨੂੰ ਅੱਗੇ ਵਧਾਈਏ। ਇਸ ਤਰ੍ਹਾਂ ਕਰਨ ਨਾਲ ਅਤੇ ਆਪਣੇ ਸਵਰਗੀ ਪਿਤਾ, ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਨਾਲ, ਸਾਨੂੰ ਹੁਣ ਅਤੇ ਹਮੇਸ਼ਾ ਲਈ ਪਰਮੇਸ਼ੁਰ ਦੇ ਆਰਾਮ ਦੇ ਲਾਭਾਂ ਦਾ ਆਨੰਦ ਮਾਣਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੋਵੇਗਾ।
ਕੀ ਤੁਸੀਂ ਸਮਝਾ ਸਕਦੇ ਹੋ?
◻ ਪਰਮੇਸ਼ੁਰ ਨੇ ਕਿਸ ਕਾਰਨ “ਸੱਤਵੇਂ ਦਿਨ” ਤੇ ਆਰਾਮ ਕੀਤਾ ਸੀ?
◻ ਇਸਰਾਏਲੀ ਕਿਸ ਆਰਾਮ ਦਾ ਆਨੰਦ ਮਾਣ ਸਕਦੇ ਸਨ, ਲੇਕਿਨ ਉਹ ਉਸ ਵਿਚ ਕਿਉਂ ਨਹੀਂ ਵੜ ਸਕੇ?
◻ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
◻ ਪਰਮੇਸ਼ੁਰ ਦਾ ਬਚਨ ਜੀਉਂਦਾ, ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਕਿਵੇਂ ਤਿੱਖਾ ਹੈ?