ਪਰਮੇਸ਼ੁਰ ਦਾ ਆਰਾਮ ਕੀ ਹੈ?
“ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।”—ਇਬ 4:9.
1, 2. ਅਸੀਂ ਉਤਪਤ 2:3 ਤੋਂ ਕੀ ਸਿੱਖਦੇ ਹਾਂ? ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?
ਉਤਪਤ ਦੇ ਪਹਿਲੇ ਅਧਿਆਇ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਨੇ ਛੇ ਦਿਨਾਂ ਵਿਚ ਧਰਤੀ ਤਿਆਰ ਕੀਤੀ। ਇਹ 24 ਘੰਟਿਆਂ ਵਾਲੇ ਨਹੀਂ, ਸਗੋਂ ਕਾਫ਼ੀ ਲੰਬੀ ਮਿਆਦ ਵਾਲੇ ਦਿਨ ਸਨ। ਸਮੇਂ ਦੀ ਇਸ ਹਰ ਮਿਆਦ ਦੀ ਸਮਾਪਤੀ ਨੂੰ ਬਾਈਬਲ “ਸੰਝ ਤੇ ਸਵੇਰ” ਕਹਿੰਦੀ ਹੈ। (ਉਤ. 1:5, 8, 13, 19, 23, 31) ਪਰ ਸੱਤਵਾਂ ਦਿਨ ਵੱਖਰਾ ਸੀ ਜਿਸ ਬਾਰੇ ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸ ਨੇ ਉਨ੍ਹਾਂ ਸਾਰੇ ਕੰਮਾਂ ਤੋਂ ਆਰਾਮ ਲਿਆ ਜੋ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।’—ਉਤ. 2:3, ERV.
2 ਉਤਪਤ ਦੀ ਕਿਤਾਬ ਵਿਚ ਜਦੋਂ ਕਿਹਾ ਗਿਆ ਸੀ ਕਿ ਪਰਮੇਸ਼ੁਰ ਨੇ “ਆਰਾਮ ਲਿਆ,” ਤਾਂ ਇਸ ਦਾ ਮਤਲਬ ਹੈ ਕਿ ਉਹ ਉਦੋਂ ਵੀ ਆਰਾਮ ਕਰ ਰਿਹਾ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਮੂਸਾ ਨੇ 1513 ਈਸਵੀ ਪੂਰਵ ਵਿਚ ਉਤਪਤ ਦੀ ਕਿਤਾਬ ਲਿਖੀ, ਤਾਂ ਪਰਮੇਸ਼ੁਰ ਆਰਾਮ ਕਰ ਰਿਹਾ ਸੀ। ਨਾਲੇ ਪਰਮੇਸ਼ੁਰ ਨੇ ਬਾਅਦ ਵਿਚ ਬਾਈਬਲ ਵਿਚ ਕਿਹਾ ਕਿ ਲੋਕ ਉਸ ਦੇ ਆਰਾਮ ਵਿਚ ਵੜ ਸਕਦੇ ਸਨ, ਯਾਨੀ ਉਸ ਵਾਂਗ ਆਰਾਮ ਕਰ ਸਕਦੇ ਸਨ। ਕੀ ਪਰਮੇਸ਼ੁਰ ਹਾਲੇ ਵੀ ਆਰਾਮ ਕਰ ਰਿਹਾ ਹੈ? ਜੇ ਹਾਂ, ਅਸੀਂ ਉਸ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਬਹੁਤ ਜ਼ਰੂਰੀ ਹਨ।
ਕੀ ਯਹੋਵਾਹ ਹਾਲੇ ਵੀ ਆਰਾਮ ਕਰ ਰਿਹਾ ਹੈ?
3. ਯੂਹੰਨਾ 5:16, 17 ਵਿਚ ਦਰਜ ਯਿਸੂ ਦੇ ਸ਼ਬਦ ਕਿਵੇਂ ਸੰਕੇਤ ਕਰਦੇ ਹਨ ਕਿ ਸੱਤਵਾਂ ਦਿਨ ਪਹਿਲੀ ਸਦੀ ਵਿਚ ਵੀ ਚੱਲ ਰਿਹਾ ਸੀ?
3 ਅਸੀਂ ਦੋ ਕਾਰਨਾਂ ਕਰਕੇ ਕਹਿ ਸਕਦੇ ਹਾਂ ਕਿ ਯਿਸੂ ਅਤੇ ਮੁਢਲੇ ਮਸੀਹੀਆਂ ਦੇ ਜ਼ਮਾਨੇ ਵਿਚ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਸਾਨੂੰ ਯਿਸੂ ਦੀ ਆਪਣੇ ਕੁਝ ਦੁਸ਼ਮਣਾਂ ਨੂੰ ਕਹੀ ਗੱਲ ਤੋਂ ਇਹ ਪਤਾ ਲੱਗਦਾ ਹੈ। ਉਹ ਯਿਸੂ ਨਾਲ ਗੁੱਸੇ ਸਨ ਕਿਉਂਕਿ ਉਹ ਸਬਤ ਦੇ ਦਿਨ ਲੋਕਾਂ ਨੂੰ ਠੀਕ ਕਰਦਾ ਸੀ। ਉਹ ਸੋਚਦੇ ਸਨ ਕਿ ਇਵੇਂ ਕਰਨਾ ਗ਼ਲਤ ਸੀ ਕਿਉਂਕਿ ਮੂਸਾ ਦੀ ਬਿਵਸਥਾ ਮੁਤਾਬਕ ਇਹ ਕੰਮਾਂ ਤੋਂ ਆਰਾਮ ਕਰਨ ਦਾ ਦਿਨ ਸੀ। ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।’ (ਯੂਹੰ. 5:16, 17) ਉਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਤੇ ਮੇਰਾ ਪਿਤਾ ਇੱਕੋ ਜਿਹਾ ਕੰਮ ਕਰ ਰਹੇ ਹਾਂ। ਮੇਰੇ ਪਿਤਾ ਨੇ ਆਪਣੀ ਕਰੋੜਾਂ ਸਾਲਾਂ ਲੰਬੀ ਸਬਤ ਦੌਰਾਨ ਕੰਮ ਕੀਤਾ ਹੈ ਅਤੇ ਹਾਲੇ ਵੀ ਕਰ ਰਿਹਾ ਹੈ। ਇਸ ਲਈ ਮੈਂ ਵੀ ਸਬਤ ਦੇ ਦਿਨ ਕੰਮ ਕਰ ਸਕਦਾ ਹਾਂ।” ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਕਹਿਣ ਦਾ ਮਤਲਬ ਹੈ ਕਿ ਧਰਤੀ ਉਤਲੀਆਂ ਚੀਜ਼ਾਂ ਰਚਣ ਤੋਂ ਬਾਅਦ ਪਰਮੇਸ਼ੁਰ ਯਿਸੂ ਦੇ ਜ਼ਮਾਨੇ ਵਿਚ ਵੀ ਆਰਾਮ ਕਰ ਰਿਹਾ ਸੀ। ਪਰ ਉਹ ਹਾਲੇ ਵੀ ਇਨਸਾਨਾਂ ਅਤੇ ਧਰਤੀ ਲਈ ਰੱਖਿਆ ਆਪਣਾ ਮਕਸਦ ਪੂਰਾ ਕਰ ਰਿਹਾ ਸੀ।a
4. ਪੌਲੁਸ ਦੀਆਂ ਗੱਲਾਂ ਤੋਂ ਅਸੀਂ ਕਿਵੇਂ ਜਾਣਦੇ ਹਾਂ ਕਿ ਪਹਿਲੀ ਸਦੀ ਦੌਰਾਨ ਸੱਤਵਾਂ ਦਿਨ ਚੱਲ ਰਿਹਾ ਸੀ?
4 ਇਕ ਹੋਰ ਗੱਲ ਸਾਬਤ ਕਰਦੀ ਹੈ ਕਿ ਯਿਸੂ ਅਤੇ ਮੁਢਲੇ ਮਸੀਹੀਆਂ ਦੇ ਜ਼ਮਾਨੇ ਵਿਚ ਸੱਤਵਾਂ ਦਿਨ ਚੱਲ ਰਿਹਾ ਸੀ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪਰਮੇਸ਼ੁਰ ਦੇ ਆਰਾਮ ਬਾਰੇ ਲਿਖਿਆ ਸੀ। ਉਤਪਤ 2:2 ਦੇ ਸ਼ਬਦ ਦੁਹਰਾਉਣ ਤੋਂ ਪਹਿਲਾਂ ਆਪਣੀ ਚਿੱਠੀ ਦੇ ਚੌਥੇ ਅਧਿਆਇ ਵਿਚ ਪੌਲੁਸ ਨੇ ਲਿਖਿਆ: ‘ਅਸੀਂ ਜਿਨ੍ਹਾਂ ਨਿਹਚਾ ਕੀਤੀ ਹੈ ਓਸ ਅਰਾਮ ਵਿੱਚ ਵੜਦੇ ਹਾਂ।’ (ਇਬ. 4:3, 4, 6, 9) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਦੇ ਜ਼ਮਾਨੇ ਵਿਚ ਵੀ ਸੱਤਵਾਂ ਦਿਨ ਚੱਲ ਰਿਹਾ ਸੀ। ਇਹ ਦਿਨ ਕਦੋਂ ਬੀਤੇਗਾ?
5. ਸੱਤਵੇਂ ਦਿਨ ਯਹੋਵਾਹ ਕੀ ਕਰਨਾ ਚਾਹੁੰਦਾ ਸੀ? ਪਰਮੇਸ਼ੁਰ ਆਪਣਾ ਮਕਸਦ ਕਦੋਂ ਪੂਰਾ ਕਰੇਗਾ?
5 ਇਸ ਸਵਾਲ ਦੇ ਜਵਾਬ ਲਈ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਕਿਸੇ ਖ਼ਾਸ ਮਕਸਦ ਲਈ ਸੱਤਵਾਂ ਦਿਨ ਚੁਣਿਆ ਸੀ। ਉਤਪਤ 2:3 ਸਾਨੂੰ ਦੱਸਦਾ ਹੈ: ‘ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਪਵਿੱਤ੍ਰ ਠਹਿਰਾਇਆ।’ ਯਹੋਵਾਹ ਨੇ ਇਹ ਦਿਨ ਪਵਿੱਤਰ ਠਹਿਰਾਇਆ ਕਿਉਂਕਿ ਇਹ ਉਹ ਦਿਨ ਹੈ ਜਦੋਂ ਪਰਮੇਸ਼ੁਰ ਧਰਤੀ ਲਈ ਰੱਖਿਆ ਆਪਣਾ ਮਕਸਦ ਪੂਰਾ ਕਰੇਗਾ। ਉਸ ਦਾ ਮਕਸਦ ਹੈ ਕਿ ਆਗਿਆਕਾਰ ਆਦਮੀ ਅਤੇ ਔਰਤਾਂ ਧਰਤੀ ਉੱਤੇ ਰਹਿਣ ਅਤੇ ਇਸ ਦੀ ਦੇਖ-ਭਾਲ ਕਰਨ। (ਉਤ. 1:28) ਯਹੋਵਾਹ ਪਰਮੇਸ਼ੁਰ ਅਤੇ “ਸਬਤ ਦੇ ਦਿਨ ਦਾ ਮਾਲਕ” ਯਿਸੂ ਮਸੀਹ ਇਸ ਲਈ ‘ਹੁਣ ਤੀਕੁਰ ਕੰਮ ਕਰ ਰਹੇ’ ਹਨ ਤਾਂਕਿ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇ। (ਮੱਤੀ 12:8) ਜਦ ਤਕ ਇਹ ਮਕਸਦ ਪੂਰਾ ਨਹੀਂ ਹੁੰਦਾ, ਤਦ ਤਕ ਆਰਾਮ ਦਾ ਦਿਨ ਚੱਲਦਾ ਰਹੇਗਾ। ਇਹ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤੇ ਬੀਤੇਗਾ।
“ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ” ਨਾ ਪਈਓ
6. ਕਿਹੜੀਆਂ ਮਿਸਾਲਾਂ ਸਾਡੇ ਲਈ ਚੇਤਾਵਨੀ ਬਣ ਸਕਦੀਆਂ ਹਨ ਅਤੇ ਇਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ?
6 ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਸਾਫ਼ ਦੱਸਿਆ ਸੀ ਕਿ ਧਰਤੀ ਬਾਰੇ ਉਸ ਦਾ ਕੀ ਮਕਸਦ ਸੀ, ਪਰ ਉਹ ਉਸ ਦੇ ਖ਼ਿਲਾਫ਼ ਗਏ। ਉਨ੍ਹਾਂ ਤੋਂ ਬਾਅਦ ਲੱਖਾਂ-ਕਰੋੜਾਂ ਲੋਕਾਂ ਨੇ ਵੀ ਉਨ੍ਹਾਂ ਵਾਂਗ ਅਣਆਗਿਆਕਾਰੀ ਕੀਤੀ। ਪਰਮੇਸ਼ੁਰ ਦੇ ਲੋਕਾਂ ਯਾਨੀ ਇਸਰਾਏਲੀਆਂ ਨੇ ਵੀ ਵਾਰ-ਵਾਰ ਉਸ ਤੋਂ ਮੂੰਹ ਮੋੜਿਆ। ਪੌਲੁਸ ਨੇ ਆਪਣੇ ਜ਼ਮਾਨੇ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਵਿੱਚੋਂ ਕੁਝ ਇਸਰਾਏਲੀਆਂ ਵਾਂਗ ਅਣਆਗਿਆਕਾਰ ਬਣ ਸਕਦੇ ਸਨ। ਉਸ ਨੇ ਲਿਖਿਆ: “ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ ਭਈ ਕੋਈ ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ।” (ਇਬ. 4:11) ਪੌਲੁਸ ਦੀ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਣਆਗਿਆਕਾਰ ਲੋਕ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜ ਸਕਦੇ। ਇਸ ਦਾ ਸਾਡੇ ਲਈ ਕੀ ਮਤਲਬ ਹੈ? ਕੀ ਇਸ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜਾਂਗੇ ਜੇ ਅਸੀਂ ਉਸ ਦੇ ਮਕਸਦ ਖ਼ਿਲਾਫ਼ ਕੁਝ ਕੀਤਾ? ਇਸ ਸਵਾਲ ਦਾ ਜਵਾਬ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਬਾਰੇ ਅਸੀਂ ਇਸ ਲੇਖ ਵਿਚ ਹੋਰ ਜ਼ਿਆਦਾ ਗੱਲ ਕਰਾਂਗੇ। ਪਰ ਪਹਿਲਾਂ ਅਸੀਂ ਇਸਰਾਏਲੀਆਂ ਦੀ ਬੁਰੀ ਮਿਸਾਲ ਬਾਰੇ ਗੱਲ ਕਰਾਂਗੇ ਕਿ ਉਹ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜ ਸਕੇ।
“ਏਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ”
7. ਯਹੋਵਾਹ ਨੇ ਇਸਰਾਏਲੀਆਂ ਨੂੰ ਕਿਸ ਮਕਸਦ ਲਈ ਮਿਸਰ ਤੋਂ ਆਜ਼ਾਦ ਕਰਾਇਆ ਸੀ? ਇਸਰਾਏਲੀਆਂ ਨੂੰ ਕੀ ਕਰਨ ਦੀ ਲੋੜ ਸੀ?
7 ਯਹੋਵਾਹ ਨੇ 1513 ਈਸਵੀ ਪੂਰਵ ਵਿਚ ਆਪਣੇ ਸੇਵਕ ਮੂਸਾ ਨੂੰ ਇਸਰਾਏਲੀਆਂ ਵਾਸਤੇ ਰੱਖੇ ਮਕਸਦ ਬਾਰੇ ਦੱਸਿਆ। ਪਰਮੇਸ਼ੁਰ ਨੇ ਕਿਹਾ: ‘ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ ਉਤਾਹਾਂ ਲਿਆਵਾਂ।’ (ਕੂਚ 3:8) ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾਇਆ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਲੋਕ ਬਣਾਉਣੇ ਚਾਹੁੰਦਾ ਸੀ ਜਿਵੇਂ ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ। (ਉਤ. 22:17) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਾਇਦੇ-ਕਾਨੂੰਨ ਦਿੱਤੇ ਸਨ ਜਿਨ੍ਹਾਂ ਦੀ ਮਦਦ ਨਾਲ ਉਹ ਉਸ ਨਾਲ ਸ਼ਾਂਤੀ ਬਣਾ ਸਕਦੇ ਸਨ ਅਤੇ ਉਸ ਦੇ ਦੋਸਤ ਬਣ ਸਕਦੇ ਸਨ। (ਯਸਾ. 48:17, 18) ਉਸ ਨੇ ਇਸਰਾਏਲੀਆਂ ਨੂੰ ਕਿਹਾ: ‘ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ।’ (ਕੂਚ 19:5, 6) ਇਸਰਾਏਲੀ ਤਾਂ ਹੀ ਪਰਮੇਸ਼ੁਰ ਦੇ ਲੋਕ ਬਣ ਸਕਦੇ ਸਨ ਜੇ ਉਹ ਉਸ ਦੇ ਕਾਇਦੇ-ਕਾਨੂੰਨਾਂ ਨੂੰ ਮੰਨਦੇ।
8. ਜੇ ਇਸਰਾਏਲੀ ਪਰਮੇਸ਼ੁਰ ਦੀ ਆਗਿਆ ਮੰਨਦੇ, ਤਾਂ ਉਨ੍ਹਾਂ ਨੂੰ ਕਿਹੜੇ ਮੌਕੇ ਮਿਲਣੇ ਸਨ?
8 ਸੋਚੋ ਕਿ ਇਸਰਾਏਲੀਆਂ ਕੋਲ ਕਿੰਨੇ ਚੰਗੇ ਮੌਕੇ ਸਨ! ਯਹੋਵਾਹ ਨੇ ਵਾਅਦਾ ਕੀਤਾ ਕਿ ਜੇ ਉਹ ਉਸ ਦੀ ਆਗਿਆ ਮੰਨਦੇ, ਤਾਂ ਉਸ ਨੇ ਉਨ੍ਹਾਂ ਦੇ ਖੇਤਾਂ, ਅੰਗੂਰੀ ਬਾਗ਼ਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਬਰਕਤ ਦੇਣੀ ਸੀ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਦੁਸ਼ਮਣਾਂ ਤੋਂ ਉਨ੍ਹਾਂ ਨੂੰ ਬਚਾਵੇਗਾ। (1 ਰਾਜਿਆਂ 10:23-27 ਪੜ੍ਹੋ।) ਉਨ੍ਹਾਂ ਨੂੰ ਕਿਸੇ ਕੌਮ ਦੇ ਅਧੀਨ ਨਹੀਂ ਰਹਿਣਾ ਪੈਣਾ ਸੀ, ਭਾਵੇਂ ਕਿ ਯਿਸੂ ਦੇ ਵੇਲੇ ਰੋਮੀ ਹਕੂਮਤ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰਦੀ ਸੀ। ਯਹੋਵਾਹ ਚਾਹੁੰਦਾ ਸੀ ਕਿ ਇਸਰਾਏਲੀ ਦੂਜੀਆਂ ਕੌਮਾਂ ਲਈ ਚੰਗੀ ਮਿਸਾਲ ਬਣਨ। ਉਹ ਚਾਹੁੰਦਾ ਸੀ ਕਿ ਸਾਰੇ ਜਾਣ ਲੈਣ ਕਿ ਜਿਹੜਾ ਵੀ ਸੱਚੇ ਪਰਮੇਸ਼ੁਰ ਦੀ ਆਗਿਆ ਮੰਨਦਾ ਹੈ, ਉਹ ਪਰਮੇਸ਼ੁਰ ਤੋਂ ਬਰਕਤਾਂ ਪਾਵੇਗਾ।
9, 10. (ੳ) ਮਿਸਰ ਨੂੰ ਪਰਤਣ ਦੀ ਇਸਰਾਏਲ ਦੀ ਖ਼ਾਹਸ਼ ਕੋਈ ਮਾਮੂਲੀ ਗੱਲ ਕਿਉਂ ਨਹੀਂ ਸੀ? (ਅ) ਮਿਸਰ ਪਰਤ ਕੇ ਇਸਰਾਏਲੀਆਂ ਦੀ ਭਗਤੀ ਉੱਤੇ ਕੀ ਅਸਰ ਪੈ ਸਕਦਾ ਸੀ?
9 ਇਸਰਾਏਲੀਆਂ ਕੋਲ ਕਿੰਨਾ ਵਧੀਆ ਮੌਕਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤੇ। ਉਹ ਯਹੋਵਾਹ ਤੋਂ ਬਰਕਤਾਂ ਪਾ ਸਕਦੇ ਸਨ ਅਤੇ ਉਨ੍ਹਾਂ ਰਾਹੀਂ ਸਾਰਿਆਂ ਨੂੰ ਬਰਕਤਾਂ ਮਿਲ ਸਕਦੀਆਂ ਸਨ। (ਉਤ. 22:18) ਪਰ ਜ਼ਿਆਦਾਤਰ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਕੌਮ ਬਣਨ ਅਤੇ ਦੂਜੀਆਂ ਕੌਮਾਂ ਲਈ ਚੰਗੀ ਮਿਸਾਲ ਬਣਨ ਦੇ ਮੌਕੇ ਨੂੰ ਅਹਿਮ ਨਹੀਂ ਸਮਝਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮਿਸਰ ਵਾਪਸ ਜਾਣਾ ਚਾਹੁੰਦੇ ਸਨ! (ਗਿਣਤੀ 14:2-4 ਪੜ੍ਹੋ।) ਪਰ ਜੇ ਉਹ ਮਿਸਰ ਪਰਤ ਜਾਂਦੇ, ਤਾਂ ਉਹ ਯਹੋਵਾਹ ਦੀ ਮਰਜ਼ੀ ਮੁਤਾਬਕ ਭਗਤੀ ਨਹੀਂ ਕਰ ਸਕਦੇ ਸਨ ਤੇ ਨਾ ਹੀ ਦੂਜੀਆਂ ਕੌਮਾਂ ਲਈ ਚੰਗੀ ਮਿਸਾਲ ਬਣ ਸਕਦੇ ਸਨ। ਜੇ ਉਹ ਫਿਰ ਤੋਂ ਮਿਸਰ ਦੇ ਗ਼ੁਲਾਮ ਬਣ ਜਾਂਦੇ, ਤਾਂ ਉਹ ਆਜ਼ਾਦੀ ਨਾਲ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਣਾ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਪਾਪਾਂ ਦੀ ਮਾਫ਼ੀ ਪਾ ਸਕਦੇ ਸਨ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਮਿਸਰ ਨੂੰ ਮੁੜਨਾ ਚਾਹੁੰਦੇ ਸਨ, ਤਾਂ ਉਹ ਆਪਣੇ ਬਾਰੇ ਹੀ ਸੋਚ ਰਹੇ ਸਨ। ਉਨ੍ਹਾਂ ਨੇ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਨਹੀਂ ਸੋਚਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਬਾਰੇ ਕਿਹਾ: “ਮੈਂ ਉਸ ਪੀੜ੍ਹੀ ਤੋਂ ਗਰੰਜ [ਗੁੱਸੇ] ਹੋਇਆ, ਅਤੇ ਆਖਿਆ ਕਿ ਓਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਓਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ, ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂਹ ਖਾਧੀ, ਕਿ ਏਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!”—ਇਬ. 3:10, 11; ਜ਼ਬੂ. 95:10, 11.
10 ਉਨ੍ਹਾਂ ਦੀ ਇਸ ਗੱਲ ਤੋਂ ਜ਼ਾਹਰ ਹੋਇਆ ਕਿ ਉਨ੍ਹਾਂ ਨੂੰ ਯਹੋਵਾਹ ਤੋਂ ਮਿਲੀਆਂ ਬਰਕਤਾਂ ਲਈ ਕੋਈ ਕਦਰ ਨਹੀਂ ਸੀ। ਇਸ ਦੀ ਬਜਾਇ, ਇਸਰਾਏਲੀਆਂ ਨੇ ਮਿਸਰ ਵਿਚ ਮਿਲਦੀਆਂ ਭੂਕਾਂ, ਪਿਆਜ਼ ਅਤੇ ਲੱਸਣ ਨੂੰ ਜ਼ਿਆਦਾ ਪਸੰਦ ਕੀਤਾ। (ਗਿਣ. 11:5) ਉਹ ਏਸਾਓ ਵਰਗੇ ਸਨ ਜਿਸ ਨੇ ਆਪਣੇ ਜੇਠੇ ਹੋਣ ਦੇ ਹੱਕ ਦੀ ਕੋਈ ਕਦਰ ਨਹੀਂ ਕੀਤੀ ਤੇ ਇਸ ਨੂੰ ਇਕ ਡੰਗ ਦੀ ਰੋਟੀ ਲਈ ਵੇਚ ਦਿੱਤਾ।—ਉਤ. 25:30-32; ਇਬ. 12:16.
11. ਮਿਸਰ ਤੋਂ ਆਏ ਇਸਰਾਏਲੀਆਂ ਨੇ ਨਿਹਚਾ ਨਹੀਂ ਦਿਖਾਈ, ਪਰ ਕੀ ਇਸ ਨਾਲ ਯਹੋਵਾਹ ਦਾ ਮਕਸਦ ਬਦਲਿਆ?
11 ਭਾਵੇਂ ਮਿਸਰ ਤੋਂ ਆਏ ਇਸਰਾਏਲੀਆਂ ਨੇ ਯਹੋਵਾਹ ਉੱਤੇ ਨਿਹਚਾ ਨਹੀਂ ਰੱਖੀ, ਫਿਰ ਵੀ ਯਹੋਵਾਹ ਨੇ ਉਸ ਕੌਮ ਲਈ ਆਪਣਾ ਮਕਸਦ ਨਹੀਂ ਬਦਲਿਆ। ਉਨ੍ਹਾਂ ਦੇ ਨਿਆਣੇ ਆਪਣੇ ਮਾਪਿਆਂ ਤੋਂ ਜ਼ਿਆਦਾ ਆਗਿਆਕਾਰ ਸਨ। ਯਹੋਵਾਹ ਦੇ ਹੁਕਮ ਅਨੁਸਾਰ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜ ਗਏ ਅਤੇ ਇਸ ਨੂੰ ਜਿੱਤ ਲਿਆ। ਯਹੋਸ਼ੁਆ 24:31 ਕਹਿੰਦਾ ਹੈ: “ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਉਨ੍ਹਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਰਹੇ ਅਤੇ ਯਹੋਵਾਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸ ਨੇ ਇਸਰਾਏਲ ਲਈ ਕੀਤਾ।”
12. ਸਾਨੂੰ ਕਿਵੇਂ ਪਤਾ ਹੈ ਕਿ ਅੱਜ ਦੇ ਮਸੀਹੀ ਵੀ ਪਰਮੇਸ਼ੁਰ ਦੇ ਆਰਾਮ ਵਿਚ ਵੜ ਸਕਦੇ ਹਨ?
12 ਆਗਿਆਕਾਰ ਇਸਰਾਏਲੀ ਬੁੱਢੇ ਹੋ ਕੇ ਮਰ ਗਏ। ਉਨ੍ਹਾਂ ਤੋਂ ਬਾਅਦ ਦੀ ਪੀੜ੍ਹੀ ਨੇ “ਨਾ ਯਹੋਵਾਹ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ।” ਇਸ ਲਈ ਉਨ੍ਹਾਂ ਨੇ “ਯਹੋਵਾਹ ਦੇ ਅੱਗੇ ਬੁਰਿਆਈ ਕੀਤੀ” ਅਤੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। (ਨਿਆ. 2:10, 11) ਇਸ ਅਣਆਗਿਆਕਾਰੀ ਕਾਰਨ ਪਰਮੇਸ਼ੁਰ ਨਾਲ ਉਨ੍ਹਾਂ ਦੀ ਅਣਬਣ ਹੋ ਗਈ। ਇਸ ਲਈ ਵਾਅਦਾ ਕੀਤਾ ਹੋਇਆ ਦੇਸ਼ ਉਨ੍ਹਾਂ ਲਈ ਆਰਾਮ ਦੀ ਜਗ੍ਹਾ ਨਹੀਂ ਸੀ। ਪੌਲੁਸ ਨੇ ਇਨ੍ਹਾਂ ਇਸਰਾਏਲੀਆਂ ਬਾਰੇ ਲਿਖਿਆ: “ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ।” ਫਿਰ ਉਸ ਨੇ ਕਿਹਾ: “ਗੱਲ ਕਾਹਦੀ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।” (ਇਬ. 4:8, 9) ਪੌਲੁਸ ਮਸੀਹੀਆਂ ਨੂੰ ਪਰਮੇਸ਼ੁਰ ਦੀ “ਪਰਜਾ” ਕਹਿ ਰਿਹਾ ਸੀ। ਇਨ੍ਹਾਂ ਵਿਚ ਉਹ ਮਸੀਹੀ ਸ਼ਾਮਲ ਸਨ ਜਿਨ੍ਹਾਂ ਨੇ ਮਸੀਹੀ ਬਣਨ ਤੋਂ ਪਹਿਲਾਂ ਮੂਸਾ ਦੀ ਬਿਵਸਥਾ ਦੀ ਪਾਲਣਾ ਕੀਤੀ ਸੀ ਅਤੇ ਜਿਨ੍ਹਾਂ ਨੇ ਕਦੇ ਵੀ ਨਹੀਂ ਕੀਤੀ। ਪੌਲੁਸ ਦੀਆਂ ਗੱਲਾਂ ਦਾ ਮਤਲਬ ਸੀ ਕਿ ਅੱਜ ਦੇ ਮਸੀਹੀ ਵੀ ਪਰਮੇਸ਼ੁਰ ਦੇ ਆਰਾਮ ਵਿਚ ਵੜ ਸਕਦੇ ਹਨ।
ਕੁਝ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜੇ
13, 14. (ੳ) ਮੂਸਾ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਇਸਰਾਏਲੀਆਂ ਨੂੰ ਕੀ ਕਰਨ ਦੀ ਲੋੜ ਸੀ? (ਅ) ਪੌਲੁਸ ਦੇ ਜ਼ਮਾਨੇ ਵਿਚ ਮਸੀਹੀਆਂ ਨੂੰ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਲਈ ਕੀ ਕਰਨ ਦੀ ਲੋੜ ਸੀ?
13 ਪੌਲੁਸ ਦੇ ਸਮੇਂ ਵਿਚ ਕੁਝ ਮਸੀਹੀ ਪਰਮੇਸ਼ੁਰ ਦੇ ਮਕਸਦ ਖ਼ਿਲਾਫ਼ ਚੱਲ ਰਹੇ ਸਨ। (ਇਬਰਾਨੀਆਂ 4:1 ਪੜ੍ਹੋ।) ਉਹ ਕੀ ਕਰ ਰਹੇ ਸਨ? ਉਹ ਮੂਸਾ ਦੀ ਬਿਵਸਥਾ ਦੀਆਂ ਕੁਝ ਗੱਲਾਂ ਦੀ ਹਾਲੇ ਵੀ ਪਾਲਣਾ ਕਰ ਰਹੇ ਸਨ। ਇਹ ਸੱਚ ਹੈ ਕਿ ਤਕਰੀਬਨ 1,500 ਸਾਲਾਂ ਤਾਈਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਮੂਸਾ ਦੀ ਬਿਵਸਥਾ ਉੱਤੇ ਚੱਲਣਾ ਜ਼ਰੂਰੀ ਸੀ। ਪਰ ਯਿਸੂ ਦੀ ਮੌਤ ਤੋਂ ਬਾਅਦ, ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਦੀ ਲੋੜ ਨਹੀਂ ਸੀ। ਕੁਝ ਮਸੀਹੀ ਇਹ ਗੱਲ ਸਮਝ ਨਹੀਂ ਸਕੇ ਜਿਸ ਕਰਕੇ ਉਹ ਮੰਨਦੇ ਸਨ ਕਿ ਉਨ੍ਹਾਂ ਨੂੰ ਬਿਵਸਥਾ ਦੇ ਕੁਝ ਹਿੱਸਿਆਂ ਦੀ ਹਾਲੇ ਵੀ ਪਾਲਣਾ ਕਰਨ ਦੀ ਲੋੜ ਸੀ।b
14 ਪੌਲੁਸ ਨੇ ਇਨ੍ਹਾਂ ਇਬਰਾਨੀ ਮਸੀਹੀਆਂ ਨੂੰ ਸਮਝਾਇਆ ਸੀ ਕਿ ਯਿਸੂ ਕਿਸੇ ਵੀ ਨਾਮੁਕੰਮਲ ਪ੍ਰਧਾਨ ਜਾਜਕ ਨਾਲੋਂ ਵਧੀਆ ਪ੍ਰਧਾਨ ਜਾਜਕ ਸੀ। ਉਸ ਨੇ ਦਿਖਾਇਆ ਕਿ ਨਵਾਂ ਨੇਮ ਇਸਰਾਏਲੀਆਂ ਨਾਲ ਬੰਨ੍ਹੇ ਨੇਮ ਨਾਲੋਂ ਬਿਹਤਰ ਸੀ। ਉਸ ਨੇ ਇਹ ਵੀ ਕਿਹਾ ਕਿ ਯਹੋਵਾਹ ਦਾ ਮਹਾਨ ਮੰਦਰ ‘ਹੱਥਾਂ ਦੇ ਬਣਾਏ’ ਮੰਦਰ ਨਾਲੋਂ ਜ਼ਿਆਦਾ ‘ਵੱਡਾ ਅਤੇ ਪੂਰਨ’ ਸੀ। (ਇਬ. 7:26-28; 8:7-10; 9:11, 12) ਪੌਲੁਸ ਨੇ ਮੂਸਾ ਦੀ ਬਿਵਸਥਾ ਵਿੱਚੋਂ ਸਬਤ ਦੀ ਮਿਸਾਲ ਦੇ ਕੇ ਸਮਝਾਇਆ ਕਿ ਮਸੀਹੀ ਕਿਵੇਂ ਯਹੋਵਾਹ ਦੇ ਆਰਾਮ ਦੇ ਦਿਨ ਵਿਚ ਵੜ ਸਕਦੇ ਹਨ। ਉਸ ਨੇ ਲਿਖਿਆ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ। ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ।” (ਇਬ. 4:8-10) ਉਨ੍ਹਾਂ ਇਬਰਾਨੀ ਮਸੀਹੀਆਂ ਨੇ ਇਹ ਸੋਚ ਛੱਡਣੀ ਸੀ ਕਿ “ਆਪਣਿਆਂ ਕੰਮਾਂ” ਯਾਨੀ ਬਿਵਸਥਾ ਦੀ ਪਾਲਣਾ ਕਰ ਕੇ ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦੇ ਸਨ। ਪੰਤੇਕੁਸਤ 33 ਈਸਵੀ ਤੋਂ ਯਹੋਵਾਹ ਨੇ ਆਪਣੀ ਮਿਹਰ ਉਨ੍ਹਾਂ ʼਤੇ ਰੱਖੀ ਹੈ ਜੋ ਯਿਸੂ ਮਸੀਹ ʼਤੇ ਨਿਹਚਾ ਕਰਦੇ ਹਨ।
15. ਅਸੀਂ ਕਿਵੇਂ ਜਾਣਦੇ ਹਾਂ ਕਿ ਸਾਨੂੰ ਯਹੋਵਾਹ ਦੇ ਆਰਾਮ ਵਿਚ ਵੜਨ ਲਈ ਉਸ ਦੀ ਆਗਿਆ ਮੰਨਣ ਦੀ ਲੋੜ ਹੈ?
15 ਮੂਸਾ ਦੇ ਜ਼ਮਾਨੇ ਵਿਚ ਇਸਰਾਏਲੀ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜ ਸਕੇ? ਉਨ੍ਹਾਂ ਨੇ ਯਹੋਵਾਹ ਦੀ ਆਗਿਆ ਨਹੀਂ ਮੰਨੀ। ਪੌਲੁਸ ਦੇ ਜ਼ਮਾਨੇ ਵਿਚ ਕੁਝ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜ ਸਕੇ? ਉਨ੍ਹਾਂ ਨੇ ਵੀ ਆਗਿਆ ਨਹੀਂ ਮੰਨੀ। ਉਨ੍ਹਾਂ ਨੇ ਮੰਨਿਆ ਨਹੀਂ ਕਿ ਯਹੋਵਾਹ ਹੁਣ ਚਾਹੁੰਦਾ ਸੀ ਕਿ ਉਹ ਵੱਖਰੇ ਤਰੀਕੇ ਨਾਲ ਉਸ ਦੀ ਭਗਤੀ ਕਰਨ ਅਤੇ ਮੂਸਾ ਦੀ ਬਿਵਸਥਾ ਉੱਤੇ ਚੱਲਣਾ ਛੱਡ ਦੇਣ।
ਅਸੀਂ ਅੱਜ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਾਂ
16, 17. (ੳ) ਅੱਜ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਨ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
16 ਅੱਜ ਸਾਡੇ ਵਿੱਚੋਂ ਕੋਈ ਵੀ ਨਹੀਂ ਮੰਨਦਾ ਕਿ ਮਸੀਹੀਆਂ ਨੂੰ ਮੁਕਤੀ ਪਾਉਣ ਲਈ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਲੋੜ ਹੈ। ਅਫ਼ਸੁਸ ਦੇ ਮਸੀਹੀਆਂ ਨੂੰ ਕਹੇ ਪੌਲੁਸ ਦੇ ਸ਼ਬਦ ਸਾਫ਼ ਹਨ: “ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ। ਇਹ ਕਰਨੀਆਂ ਤੋਂ ਨਹੀਂ।” (ਅਫ਼. 2:8, 9) ਅੱਜ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਸਨ? ਯਾਦ ਰੱਖੋ ਕਿ ਯਹੋਵਾਹ ਨੇ ਧਰਤੀ ਅਤੇ ਆਗਿਆਕਾਰ ਇਨਸਾਨਾਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰਨ ਲਈ ਆਰਾਮ ਦਾ ਦਿਨ ਚੁਣਿਆ ਹੈ। ਯਹੋਵਾਹ ਆਪਣੇ ਸੰਗਠਨ ਰਾਹੀਂ ਦੱਸਦਾ ਹੈ ਕਿ ਉਸ ਦਾ ਮਕਸਦ ਕੀ ਹੈ ਅਤੇ ਉਹ ਸਾਥੋਂ ਕੀ ਚਾਹੁੰਦਾ ਹੈ। ਅਸੀਂ ਤਾਂ ਹੀ ਯਹੋਵਾਹ ਦੇ ਆਰਾਮ ਵਿਚ ਵੜ ਸਕਦੇ ਹਾਂ ਜੇ ਅਸੀਂ ਉਸ ਦੇ ਹੁਕਮ ਮੰਨਾਂਗੇ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਾਂਗੇ।
17 ਜੇ ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਗੱਲ ਨਹੀਂ ਮੰਨਦੇ ਜਾਂ ਅਸੀਂ ਸਿਰਫ਼ ਉਹੀ ਗੱਲ ਮੰਨਦੇ ਹਾਂ ਜੋ ਸਾਨੂੰ ਚੰਗੀ ਲੱਗਦੀ ਹੈ, ਤਾਂ ਅਸੀਂ ਯਹੋਵਾਹ ਦੇ ਮਕਸਦ ਦੇ ਉਲਟ ਕੰਮ ਕਰ ਰਹੇ ਹੋਵਾਂਗੇ। ਉਸ ਦੇ ਮਕਸਦ ਖ਼ਿਲਾਫ਼ ਕੰਮ ਕਰ ਕੇ ਅਸੀਂ ਉਸ ਦੇ ਦੋਸਤ ਨਹੀਂ ਬਣ ਸਕਦੇ। ਅਗਲੇ ਲੇਖ ਵਿਚ ਅਸੀਂ ਕੁਝ ਹਾਲਾਤਾਂ ਬਾਰੇ ਜਾਣਾਂਗੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਆਗਿਆਕਾਰ ਹਾਂ ਜਾਂ ਨਹੀਂ। ਉਨ੍ਹਾਂ ਹਾਲਾਤਾਂ ਵਿਚ ਕੀਤੇ ਫ਼ੈਸਲਿਆਂ ਤੋਂ ਪਤਾ ਲੱਗੇਗਾ ਕਿ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹਾਂ ਜਾਂ ਨਹੀਂ।
[ਫੁਟਨੋਟ]
a ਸਬਤ ਦੇ ਦਿਨ ਜਾਜਕ ਅਤੇ ਲੇਵੀ ਮੰਦਰ ਵਿਚ ਕੰਮ ਕਰਦੇ ਸਨ, ਪਰ ਇਹ ਮੂਸਾ ਦੀ ਬਿਵਸਥਾ ਦੇ ਖ਼ਿਲਾਫ਼ ਨਹੀਂ ਸੀ। ਪਰਮੇਸ਼ੁਰ ਨੇ ਯਿਸੂ ਨੂੰ ਸਾਡਾ ਪ੍ਰਧਾਨ ਜਾਜਕ ਚੁਣਿਆ ਹੈ। ਇਸ ਲਈ ਸਬਤ ਦੇ ਦਿਨ ਯਿਸੂ ਵਾਸਤੇ ਯਹੋਵਾਹ ਦਾ ਦਿੱਤਾ ਕੰਮ ਕਰਨਾ ਗ਼ਲਤ ਨਹੀਂ ਸੀ।—ਮੱਤੀ 12:5, 6.
b ਅਸੀਂ ਨਹੀਂ ਜਾਣਦੇ ਕਿ ਪੰਤੇਕੁਸਤ 33 ਈਸਵੀ ਤੋਂ ਬਾਅਦ ਇਬਰਾਨੀ ਮਸੀਹੀਆਂ ਨੇ ਪ੍ਰਾਸਚਿਤ ਦੇ ਦਿਨ ਤੇ ਬਲੀਆਂ ਚੜ੍ਹਾਈਆਂ ਸਨ ਜਾਂ ਨਹੀਂ। ਪਰ ਜੇ ਚੜ੍ਹਾਈਆਂ ਸਨ, ਤਾਂ ਉਨ੍ਹਾਂ ਨੇ ਯਿਸੂ ਦੀ ਕੁਰਬਾਨੀ ਦਾ ਨਿਰਾਦਰ ਕੀਤਾ ਸੀ। ਪਰ ਅਸੀਂ ਜਾਣਦੇ ਹਾਂ ਕਿ ਕੁਝ ਇਬਰਾਨੀ ਮਸੀਹੀ ਹਾਲੇ ਵੀ ਮੂਸਾ ਦੀ ਬਿਵਸਥਾ ਨਾਲ ਸੰਬੰਧਿਤ ਰੀਤੀ-ਰਿਵਾਜਾਂ ਦੀ ਪਾਲਣਾ ਕਰ ਰਹੇ ਸਨ।—ਗਲਾ. 4:9-11.
ਸੋਚ-ਵਿਚਾਰ ਲਈ ਸਵਾਲ
• ਯਹੋਵਾਹ ਸੱਤਵੇਂ ਦਿਨ ਕੀ ਕਰਨਾ ਚਾਹੁੰਦਾ ਸੀ?
• ਸਾਨੂੰ ਕਿਵੇਂ ਪਤਾ ਹੈ ਕਿ ਅੱਜ ਵੀ ਸੱਤਵਾਂ ਦਿਨ ਚੱਲ ਰਿਹਾ ਹੈ?
• ਮੂਸਾ ਦੇ ਜ਼ਮਾਨੇ ਦੇ ਇਸਰਾਏਲੀ ਅਤੇ ਪੌਲੁਸ ਦੇ ਜ਼ਮਾਨੇ ਦੇ ਕੁਝ ਮਸੀਹੀ ਪਰਮੇਸ਼ੁਰ ਦੇ ਆਰਾਮ ਵਿਚ ਕਿਉਂ ਨਹੀਂ ਵੜੇ?
• ਅੱਜ ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਾਂ?
[ਸਫ਼ਾ 27 ਉੱਤੇ ਸੁਰਖੀ]
ਅਸੀਂ ਤਾਂ ਹੀ ਯਹੋਵਾਹ ਦੇ ਆਰਾਮ ਵਿਚ ਵੜ ਸਕਦੇ ਹਾਂ ਜੇ ਅਸੀਂ ਉਸ ਦੀ ਆਗਿਆ ਮੰਨਾਂਗੇ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਾਂਗੇ
[ਸਫ਼ੇ 26, 27 ਉੱਤੇ ਤਸਵੀਰਾਂ]
ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਦੇ ਆਰਾਮ ਵਿਚ ਵੜਨ ਲਈ ਕੀ ਕਰਨ ਦੀ ਲੋੜ ਹੈ?