ਅਧਿਆਇ 2
ਬਾਈਬਲ ਪਰਮੇਸ਼ੁਰ ਦਾ ਬਚਨ ਹੈ
ਬਾਈਬਲ ਅਤੇ ਦੂਸਰੀਆਂ ਕਿਤਾਬਾਂ ਵਿਚ ਕੀ ਫ਼ਰਕ ਹੈ?
ਸਮੱਸਿਆਵਾਂ ਨਾਲ ਨਿਪਟਣ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?
ਅਸੀਂ ਭਵਿੱਖਬਾਣੀਆਂ ਉੱਤੇ ਭਰੋਸਾ ਕਿਉਂ ਕਰ ਸਕਦੇ ਹਾਂ?
1, 2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਇਕ ਅਨਮੋਲ ਤੋਹਫ਼ਾ ਹੈ?
ਜ਼ਰਾ ਸੋਚੋ ਕਿ ਜਦੋਂ ਤੁਹਾਡਾ ਕੋਈ ਦੋਸਤ ਤੁਹਾਨੂੰ ਤੋਹਫ਼ਾ ਦਿੰਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ। ਖ਼ੁਸ਼ੀ ਨਾਲ ਤੁਹਾਡਾ ਚਿਹਰਾ ਖਿੜ ਉੱਠਦਾ ਹੈ! ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡਾ ਦੋਸਤ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਤੁਹਾਡੇ ਲਈ ਇਹ ਤੋਹਫ਼ਾ ਅਨਮੋਲ ਹੈ।
2 ਸਾਡੇ ਪਿਤਾ ਯਹੋਵਾਹ ਨੇ ਵੀ ਸਾਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ। ਇਹ ਉਸ ਦਾ ਅਨਮੋਲ ਬਚਨ ਬਾਈਬਲ ਹੈ। ਇਸ ਦੇ ਪੰਨਿਆਂ ਤੋਂ ਯਹੋਵਾਹ ਦਾ ਪਿਆਰ ਝਲਕਦਾ ਹੈ। ਇਸ ਦਾ ਅਧਿਐਨ ਕਰ ਕੇ ਸਾਨੂੰ ਜ਼ਿੰਦਗੀ ਨਾਲ ਜੁੜੇ ਹਰੇਕ ਸਵਾਲ ਦਾ ਜਵਾਬ ਮਿਲਦਾ ਹੈ। ਮਿਸਾਲ ਲਈ, ਰੱਬ ਨੇ ਧਰਤੀ ਨੂੰ ਅਤੇ ਇਨਸਾਨਾਂ ਨੂੰ ਕਿਉਂ ਬਣਾਇਆ ਹੈ? ਦੁਨੀਆਂ ਦੁੱਖਾਂ-ਤਕਲੀਫ਼ਾਂ ਨਾਲ ਕਿਉਂ ਭਰੀ ਹੋਈ ਹੈ? ਅਸੀਂ ਇਨ੍ਹਾਂ ਦੁੱਖਾਂ ਨਾਲ ਕਿੱਦਾਂ ਨਿਪਟ ਸਕਦੇ ਹਾਂ? ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਯਹੋਵਾਹ ਕਹਿੰਦਾ ਹੈ ਕਿ ਉਹ ਸਾਡੇ ਦੁੱਖ ਮਿਟਾ ਕੇ ਧਰਤੀ ਉੱਤੇ ਸੁੱਖ-ਸ਼ਾਂਤੀ ਲਿਆਵੇਗਾ। ਇਹ ਥੋੜ੍ਹੇ ਸਮੇਂ ਲਈ ਨਹੀਂ, ਸਗੋਂ ਹਮੇਸ਼ਾ ਲਈ ਰਹੇਗੀ!
3. ਯਹੋਵਾਹ ਨੇ ਸਾਨੂੰ ਬਾਈਬਲ ਕਿਉਂ ਦਿੱਤੀ ਹੈ?
3 ਪਰਮੇਸ਼ੁਰ ਨੇ ਆਪਣੀ ਪਛਾਣ ਕਰਾਉਣ ਲਈ ਸਾਨੂੰ ਬਾਈਬਲ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਪੜ੍ਹ ਕੇ ਉਸ ਨੂੰ ਜਾਣੀਏ, ਉਸ ਦੀ ਭਗਤੀ ਕਰੀਏ ਅਤੇ ਉਸ ਦੇ ਸਾਥ-ਸਾਥ ਚੱਲੀਏ। ਜੀ ਹਾਂ, ਬਾਈਬਲ ਸੱਚ-ਮੁੱਚ ਹੀ ਇਕ ਅਨਮੋਲ ਤੋਹਫ਼ਾ ਹੈ!
4. ਬਾਈਬਲ ਹੋਰ ਕਿਹੜੀ ਗੱਲੋਂ ਅਨਮੋਲ ਹੈ?
4 ਬਾਈਬਲ ਇਕ ਹੋਰ ਗੱਲੋਂ ਵੀ ਅਨਮੋਲ ਹੈ ਕਿ ਇਹ ਕੁਝ 2,600 ਬੋਲੀਆਂ ਵਿਚ ਛਾਪੀ ਗਈ ਹੈ। ਤਕਰੀਬਨ ਹਰ ਇਨਸਾਨ ਇਸ ਨੂੰ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਦਾ ਹੈ। ਹਰ ਸਾਲ ਬਾਈਬਲ ਦੀਆਂ ਕਰੋੜਾਂ ਕਾਪੀਆਂ ਛਾਪੀਆਂ ਜਾਂਦੀਆਂ ਹਨ ਅਤੇ ਹਰ ਹਫ਼ਤੇ ਲੱਖਾਂ ਕਾਪੀਆਂ ਵੰਡੀਆਂ ਜਾਂਦੀਆਂ ਹਨ। ਕੋਈ ਹੋਰ ਪੁਸਤਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ!
5. ਬਾਈਬਲ ਨੂੰ “ਪਰਮੇਸ਼ੁਰ ਦਾ ਬਚਨ” ਕਿਉਂ ਕਿਹਾ ਜਾਂਦਾ ਹੈ?
5 ਤੁਸੀਂ ਸ਼ਾਇਦ ਹੈਰਾਨੀ ਨਾਲ ਕਹੋ, ‘ਵਾਹ, ਇੰਨੀਆਂ ਭਾਸ਼ਾਵਾਂ।’ ਪਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਹਰ ਇਨਸਾਨ ਇਸ ਨੂੰ ਪੜ੍ਹੇ। ਬਾਈਬਲ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ” ਲਿਖੀ ਗਈ ਹੈ। (2 ਤਿਮੋਥਿਉਸ 3:16 ਪੜ੍ਹੋ।) ਪਰ ਇਹ ਕਿੱਦਾਂ ਕਿਹਾ ਜਾ ਸਕਦਾ ਹੈ ਕਿ ਬਾਈਬਲ ਯਹੋਵਾਹ ਪਰਮੇਸ਼ੁਰ ਦਾ ਬਚਨ ਹੈ ਜਦ ਕਿ ਇਸ ਨੂੰ ਇਨਸਾਨਾਂ ਨੇ ਲਿਖਿਆ ਸੀ? ਇਕ ਮਿਸਾਲ ਵੱਲ ਧਿਆਨ ਦਿਓ। ਪਿੰਡ ਵਿਚ ਬੈਠਾ ਇਕ ਬਜ਼ੁਰਗ ਆਪਣੇ ਪੋਤੇ ਤੋਂ ਚਿੱਠੀ ਲਿਖਵਾਉਂਦਾ ਹੈ। ਉਹ ਦੱਸਦਾ ਹੈ ਕਿ ਚਿੱਠੀ ਵਿਚ ਕੀ-ਕੀ ਲਿਖਣਾ ਹੈ। ਭਾਵੇਂ ਪੋਤੇ ਨੇ ਚਿੱਠੀ ਲਿਖੀ ਹੈ, ਫਿਰ ਵੀ ਗੱਲਾਂ ਉਸ ਦੀਆਂ ਨਹੀਂ ਬਲਕਿ ਉਸ ਦੇ ਦਾਦਾ ਜੀ ਦੀਆਂ ਹਨ। ਇਸੇ ਤਰ੍ਹਾਂ ਬਾਈਬਲ ਵਿਚ ਇਨਸਾਨਾਂ ਦੇ ਨਹੀਂ, ਬਲਕਿ ਯਹੋਵਾਹ ਦੇ ਵਿਚਾਰ ਪਾਏ ਜਾਂਦੇ ਹਨ। (2 ਪਤਰਸ 1:21) ਬਾਈਬਲ ਯਹੋਵਾਹ ਦਾ ਪੈਗਾਮ ਹੈ, ਇਸੇ ਲਈ ਇਸ ਨੂੰ “ਪਰਮੇਸ਼ੁਰ ਦਾ ਬਚਨ” ਕਿਹਾ ਜਾਂਦਾ ਹੈ।—1 ਥੱਸਲੁਨੀਕੀਆਂ 2:13.
ਸ਼ੁਰੂ ਤੋਂ ਲੈ ਕੇ ਅੰਤ ਤਕ ਸੋਲਾਂ ਆਨੇ ਸੱਚ
6, 7. ਇਹ ਹੈਰਾਨੀ ਦੀ ਗੱਲ ਕਿਉਂ ਹੈ ਕਿ ਬਾਈਬਲ ਦੀਆਂ ਗੱਲਾਂ ਇਕ ਦੂਸਰੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ?
6 ਯਹੋਵਾਹ ਨੇ ਆਪਣੇ ਕੁਝ ਭਗਤਾਂ ਰਾਹੀਂ ਬਾਈਬਲ ਦੇ ਵੱਖੋ-ਵੱਖਰੇ ਹਿੱਸੇ ਲਿਖਵਾਏ ਸਨ। ਵੱਖੋ-ਵੱਖਰੇ ਜ਼ਮਾਨਿਆਂ ਵਿਚ ਰਹਿਣ ਵਾਲੇ ਇਹ ਆਦਮੀ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ। ਇਨ੍ਹਾਂ ਵਿੱਚੋਂ ਕੁਝ ਕਿਸਾਨ ਸਨ ਤੇ ਕੁਝ ਨਬੀ, ਕੁਝ ਚਰਵਾਹੇ ਤੇ ਕੁਝ ਰਾਜੇ, ਕੁਝ ਮਛੇਰੇ ਤੇ ਕੁਝ ਜੱਜ। ਇਕ ਤਾਂ ਡਾਕਟਰ ਵੀ ਸੀ। ਭਾਵੇਂ ਬਾਈਬਲ ਨੂੰ ਲਿਖਵਾਉਣ ਵਿਚ 1,600 ਸਾਲ ਲੱਗ ਗਏ, ਫਿਰ ਵੀ ਜੇ ਤੁਸੀਂ ਬਾਈਬਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹੋ, ਤਾਂ ਤੁਹਾਨੂੰ ਲੱਗੇਗਾ ਕਿ ਇਸ ਨੂੰ ਇੱਕੋ ਸ਼ਖ਼ਸ ਨੇ ਲਿਖਿਆ ਹੈ। ਇਸ ਤਰ੍ਹਾਂ ਲੱਗੇ ਵੀ ਕਿਉਂ ਨਾ? ਆਖ਼ਰ ਪੂਰੀ ਬਾਈਬਲ ਦਾ ਲੇਖਕ ਇੱਕੋ ਤਾਂ ਹੈ, ਯਹੋਵਾਹ ਪਰਮੇਸ਼ੁਰ।a
7 ਬਾਈਬਲ ਵਿਚ ਹਜ਼ਾਰਾਂ ਹੀ ਸਾਲਾਂ ਦਾ ਮਨੁੱਖੀ ਇਤਿਹਾਸ ਦਰਜ ਹੈ। ਇਸ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ ਕਿ ਇਨਸਾਨ ਉੱਤੇ ਦੁੱਖ-ਤਕਲੀਫ਼ਾਂ ਕਿੱਦਾਂ ਆਉਣੀਆਂ ਸ਼ੁਰੂ ਹੋਈਆਂ ਸਨ। ਅਖ਼ੀਰ ਵਿਚ ਸਮਝਾਇਆ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਹਮੇਸ਼ਾ-ਹਮੇਸ਼ਾ ਲਈ ਦੁੱਖਾਂ ਨੂੰ ਮਿਟਾ ਕੇ ਸਾਰੀ ਧਰਤੀ ਨੂੰ ਸੁੰਦਰ ਬਣਾ ਕੇ ਸੁੱਖ-ਸ਼ਾਂਤੀ ਲਿਆਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਕੀ ਕੀਤਾ ਸੀ, ਉਹ ਹੁਣ ਕੀ ਕਰ ਰਿਹਾ ਹੈ ਅਤੇ ਅਗਾਹਾਂ ਨੂੰ ਕੀ ਕਰੇਗਾ। ਯਹੋਵਾਹ ਹੀ ਪੂਰੇ ਮਨੁੱਖੀ ਇਤਿਹਾਸ ਦਾ ਚਸ਼ਮਦੀਦ ਗਵਾਹ ਹੈ ਅਤੇ ਉਹੀ ਅਜਿਹੀ ਪੁਸਤਕ ਲਿਖਵਾ ਸਕਦਾ ਸੀ!
8. ਮਿਸਾਲਾਂ ਦੇ ਕੇ ਸਮਝਾਓ ਕਿ ਬਾਈਬਲ ਕਿੱਦਾਂ ਵਿਗਿਆਨਕ ਤੌਰ ਤੇ ਸੱਚ ਸਾਬਤ ਹੋਈ ਹੈ।
8 ਬਾਈਬਲ ਵਿਚ ਅਜਿਹੀਆਂ ਗੱਲਾਂ ਵੀ ਦਰਜ ਹਨ ਜਿਨ੍ਹਾਂ ਬਾਰੇ ਵਿਗਿਆਨੀਆਂ ਨੂੰ ਹਾਲ ਹੀ ਦੀਆਂ ਸਦੀਆਂ ਵਿਚ ਪਤਾ ਲੱਗਾ ਹੈ। ਮਿਸਾਲ ਲਈ, ਅੱਜ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਬੀਮਾਰੀਆਂ ਤੋਂ ਬਚਣ ਲਈ ਸਫ਼ਾਈ ਰੱਖਣੀ ਬਹੁਤ ਹੀ ਜ਼ਰੂਰੀ ਹੈ ਅਤੇ ਛੂਤ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਬਾਕੀ ਲੋਕਾਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਭਾਵੇਂ ਕਿ ਪੁਰਾਣੇ ਸਮੇਂ ਵਿਚ ਇਜ਼ਰਾਈਲ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਇਨ੍ਹਾਂ ਮਾਮਲਿਆਂ ਬਾਰੇ ਕੋਈ ਗਿਆਨ ਨਹੀਂ ਸੀ, ਪਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਨ੍ਹਾਂ ਸੰਬੰਧੀ ਨਿਯਮ ਦਿੱਤੇ ਸਨ। ਆਓ ਕੁਝ ਹੋਰ ਮਿਸਾਲਾਂ ਉੱਤੇ ਗੌਰ ਕਰੀਏ। ਸਦੀਆਂ ਤੋਂ ਧਰਤੀ ਦੇ ਆਕਾਰ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਰਹੇ ਸਨ। ਪਰ ਬਾਈਬਲ ਵਿਚ ਪਹਿਲਾਂ ਹੀ ਸਾਫ਼-ਸਾਫ਼ ਲਿਖਿਆ ਗਿਆ ਸੀ ਕਿ ਧਰਤੀ ਗੋਲ ਹੈ। (ਯਸਾਯਾਹ 40:22) ਅੱਜ ਵਿਗਿਆਨਕ ਖੋਜਾਂ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਹ ਗੱਲ ਬਿਲਕੁਲ ਸੱਚ ਹੈ। ਭਾਰਤ ਦੀਆਂ ਪੁਰਾਣੀਆਂ ਕਥਾ-ਕਹਾਣੀਆਂ ਅਨੁਸਾਰ ਧਰਤੀ ਹਾਥੀਆਂ ਉੱਤੇ ਟਿਕੀ ਹੋਈ ਸੀ। ਪਰ ਬਾਈਬਲ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਧਰਤੀ ‘ਬਿਨਾਂ ਸਹਾਰੇ ਦੇ ਲਟਕਦੀ ਹੈ।’ (ਅੱਯੂਬ 26:7) ਇਹ ਗੱਲ ਵੀ ਸਾਬਤ ਹੋ ਚੁੱਕੀ ਹੈ। ਹਾਂ, ਵਿਗਿਆਨਕ ਗੱਲਾਂ ਵਿਚ ਬਾਈਬਲ ਬਿਲਕੁਲ ਸੱਚ ਹੈ।
9. (ੳ) ਬਾਈਬਲ ਇਤਿਹਾਸਕ ਤੌਰ ਤੇ ਕਿੱਦਾਂ ਸੱਚ ਸਾਬਤ ਹੋਈ ਹੈ? (ਅ) ਬਾਈਬਲ ਦੇ ਲੇਖਕਾਂ ਦੀ ਈਮਾਨਦਾਰੀ ਤੋਂ ਸਾਨੂੰ ਬਾਈਬਲ ਬਾਰੇ ਕੀ ਪਤਾ ਲੱਗਦਾ ਹੈ?
9 ਬਾਈਬਲ ਇਤਿਹਾਸਕ ਤੌਰ ਤੇ ਵੀ ਸੋਲਾਂ ਆਨੇ ਸੱਚ ਸਾਬਤ ਹੋਈ ਹੈ। ਇਸ ਵਿਚ ਨਾ ਕੇਵਲ ਲੋਕਾਂ ਦੇ ਨਾਂ ਦਿੱਤੇ ਗਏ ਹਨ, ਸਗੋਂ ਉਨ੍ਹਾਂ ਦੀ ਪੂਰੀ ਵੰਸ਼ਾਵਲੀ ਵੀ ਰਿਕਾਰਡ ਕੀਤੀ ਗਈ ਹੈ।b ਅਕਸਰ ਜਦ ਲੋਕ ਆਪਣੇ ਦੇਸ਼ ਦਾ ਇਤਿਹਾਸ ਲਿਖਦੇ ਹਨ, ਤਾਂ ਉਹ ਵਧਾ-ਚੜ੍ਹਾ ਕੇ ਆਪਣੇ ਲੋਕਾਂ ਦੀਆਂ ਸਿਰਫ਼ ਖੂਬੀਆਂ ਹੀ ਲਿਖਦੇ ਹਨ। ਪਰ ਜੇ ਉਨ੍ਹਾਂ ਦਾ ਦੇਸ਼ ਦੁਸ਼ਮਣਾਂ ਦੇ ਹੱਥੋਂ ਹਾਰ ਜਾਂਦਾ ਹੈ, ਤਾਂ ਉਹ ਅਕਸਰ ਇਸ ਦਾ ਜ਼ਿਕਰ ਨਹੀਂ ਕਰਦੇ। ਪਰ ਬਾਈਬਲ ਦੇ ਲੇਖਕਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਨ੍ਹਾਂ ਨੇ ਪੂਰੀ ਈਮਾਨਦਾਰੀ ਨਾਲ ਸਭ ਕੁਝ ਦਰਜ ਕੀਤਾ ਤੇ ਕੁਝ ਵੀ ਨਹੀਂ ਛੁਪਾਇਆ। ਮਿਸਾਲ ਲਈ, ਜਦ ਪਰਮੇਸ਼ੁਰ ਦੇ ਲੋਕ ਦੂਸਰੇ ਦੇਸ਼ ਦੇ ਕਬਜ਼ੇ ਵਿਚ ਆ ਜਾਂਦੇ ਸਨ, ਤਾਂ ਬਾਈਬਲ ਦੇ ਲੇਖਕ ਇਸ ਘਟਨਾ ਬਾਰੇ ਖੋਲ੍ਹ ਕੇ ਲਿਖਦੇ ਸਨ। ਲੇਖਕਾਂ ਨੇ ਆਪਣੀਆਂ ਖ਼ੁਦ ਦੀਆਂ ਗ਼ਲਤੀਆਂ-ਕਮਜ਼ੋਰੀਆਂ ਵੀ ਨਹੀਂ ਛੁਪਾਈਆਂ। ਮੂਸਾ ਨਬੀ ਦੀ ਮਿਸਾਲ ਲੈ ਲਓ। ਵੱਡੀ ਗ਼ਲਤੀ ਕਰਨ ਕਰਕੇ ਉਸ ਨੂੰ ਸਖ਼ਤ ਸਜ਼ਾ ਮਿਲੀ ਸੀ। ਪਰ ਉਸ ਨੇ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਬਜਾਇ ਇਸ ਬਾਰੇ ਸਾਫ਼-ਸਾਫ਼ ਲਿਖਿਆ। (ਗਿਣਤੀ 20:2-12) ਪਰ ਦੁਨਿਆਵੀ ਪੁਸਤਕਾਂ ਕਥਾ-ਕਹਾਣੀਆਂ ਨਾਲ ਭਰੀਆਂ ਹੋਈਆਂ ਹਨ। ਉਨ੍ਹਾਂ ਵਿਚ ਤੁਹਾਨੂੰ ਬਾਈਬਲ ਵਰਗੀ ਈਮਾਨਦਾਰੀ ਨਹੀਂ ਮਿਲੇਗੀ ਕਿਉਂਕਿ ਕੇਵਲ ਬਾਈਬਲ ਹੀ ਸੱਚਾਈ ਦੇ ਪਰਮੇਸ਼ੁਰ ਯਹੋਵਾਹ ਵੱਲੋਂ ਹੈ।
ਜੀਵਨ ਦਾ ਰਾਹ ਰੌਸ਼ਨ ਕਰਨ ਵਾਲੀ ਕਿਤਾਬ
10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸਾਡੀ ਭਲਾਈ ਲਈ ਹਨ?
10 ਇਸ ਹਨੇਰੀ ਦੁਨੀਆਂ ਵਿਚ ਪਰਮੇਸ਼ੁਰ ਦਾ ਬਚਨ ਸਾਡੇ ਲਈ ਇਕ ਮਸ਼ਾਲ ਹੈ ਅਤੇ ਜ਼ਿੰਦਗੀ ਦੇ ਸਫ਼ਰ ਵਿਚ ਸਾਡੇ ਰਾਹ ਨੂੰ ਰੌਸ਼ਨ ਕਰਦਾ ਹੈ। (2 ਤਿਮੋਥਿਉਸ 3:16) ਯਹੋਵਾਹ ਸਾਡੀ ਰਗ-ਰਗ ਤੋਂ ਵਾਕਫ਼ ਹੈ ਕਿਉਂਕਿ ਉਸ ਨੇ ਹੀ ਸਾਨੂੰ ਰਚਿਆ। ਉਹ ਸਾਡੇ ਜਜ਼ਬਾਤਾਂ, ਭਾਵਨਾਵਾਂ ਤੇ ਇੱਛਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਵੀ ਜਾਣਦਾ ਹੈ। ਉਹ ਜਾਣਦਾ ਹੈ ਕਿ ਸੁੱਖ ਪਾਉਣ ਲਈ ਸਾਨੂੰ ਕਿਸ ਰਾਹ ʼਤੇ ਚੱਲਣਾ ਚਾਹੀਦਾ ਹੈ ਅਤੇ ਮੁਸੀਬਤਾਂ ਤੋਂ ਬਚਣ ਲਈ ਸਾਨੂੰ ਕਿਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਈਬਲ ਵਿਚ ਲਿਖੀਆਂ ਗੱਲਾਂ ਸੱਚ-ਮੁੱਚ ਸਾਡੀ ਭਲਾਈ ਲਈ ਹਨ।
11, 12. (ੳ) ਯਿਸੂ ਨੇ ਆਪਣੇ ਇਕ ਉਪਦੇਸ਼ ਵਿਚ ਕਿਨ੍ਹਾਂ ਵਿਸ਼ਿਆਂ ਬਾਰੇ ਗੱਲ ਕੀਤੀ ਸੀ? (ਅ) ਬਾਈਬਲ ਵਿਚ ਹੋਰ ਕਿਨ੍ਹਾਂ ਗੱਲਾਂ ਬਾਰੇ ਸਲਾਹ ਦਿੱਤੀ ਗਈ ਹੈ ਜੋ ਅੱਜ ਵੀ ਫ਼ਾਇਦੇਮੰਦ ਹੈ?
11 ਆਓ ਆਪਾਂ ਮੱਤੀ ਦੀ ਕਿਤਾਬ ਦੇ ਅਧਿਆਇ 5-7 ਵਿਚ ਦਰਜ ਯਿਸੂ ਦੇ ਧਰਮ ਉਪਦੇਸ਼ ਵੱਲ ਧਿਆਨ ਦੇਈਏ ਜਿਸ ਵਿਚ ਉਸ ਨੇ ਅਜਿਹੀਆਂ ਗੱਲਾਂ ਸਿਖਾਈਆਂ ਜੋ ਸਾਡੀ ਜ਼ਿੰਦਗੀ ਵਿਚ ਸੁੱਖ ਲਿਆ ਸਕਦੀਆਂ ਹਨ। ਉਸ ਨੇ ਸਮਝਾਇਆ ਕਿ ਅਸੀਂ ਮਨ ਦੀ ਸ਼ਾਂਤੀ ਕਿੱਦਾਂ ਪਾ ਸਕਦੇ ਹਾਂ, ਝਗੜੇ ਕਿੱਦਾਂ ਸੁਲਝਾ ਸਕਦੇ ਹਾਂ, ਸਾਨੂੰ ਪ੍ਰਾਰਥਨਾ ਕਿੱਦਾਂ ਕਰਨੀ ਚਾਹੀਦੀ ਹੈ ਅਤੇ ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ। ਅੱਜ ਵੀ ਅਸੀਂ ਯਿਸੂ ਦੇ ਸ਼ਬਦਾਂ ਉੱਤੇ ਅਮਲ ਕਰ ਕੇ ਲਾਭ ਹਾਸਲ ਕਰ ਸਕਦੇ ਹਾਂ।
12 ਇਨ੍ਹਾਂ ਸਿੱਖਿਆਵਾਂ ਤੋਂ ਇਲਾਵਾ, ਬਾਈਬਲ ਸਾਨੂੰ ਪਰਿਵਾਰਕ ਜੀਵਨ ਨੂੰ ਸੁਖੀ ਬਣਾਉਣ, ਮਿਹਨਤ ਕਰਨ ਅਤੇ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਬਾਰੇ ਵੀ ਸਲਾਹ ਦਿੰਦੀ ਹੈ। ਇਹ ਸਲਾਹ ਸਿਰਫ਼ ਇਕ ਜਾਤੀ ਦੇ ਲੋਕਾਂ ਉੱਤੇ ਨਹੀਂ, ਸਗੋਂ ਹਰ ਇਨਸਾਨ ਉੱਤੇ ਲਾਗੂ ਹੁੰਦੀ ਹੈ ਅਤੇ ਅੱਜ ਵੀ ਬਹੁਤ ਹੀ ਫ਼ਾਇਦੇਮੰਦ ਹੈ। ਹਾਂ, ਯਹੋਵਾਹ ਪਰਮੇਸ਼ੁਰ ਸਾਨੂੰ “ਲਾਭ ਉਠਾਉਣ ਦੀ ਸਿੱਖਿਆ ਦਿੰਦਾ” ਹੈ।—ਯਸਾਯਾਹ 48:17.
ਭਵਿੱਖ ਬਾਰੇ ਜਾਣਕਾਰੀ ਦੇਣ ਵਾਲੀ ਕਿਤਾਬ
13. ਯਹੋਵਾਹ ਨੇ ਬਾਬਲ ਸ਼ਹਿਰ ਦੇ ਸੰਬੰਧ ਵਿਚ ਆਪਣੇ ਬਚਨ ਵਿਚ ਕੀ-ਕੀ ਲਿਖਵਾਇਆ ਸੀ?
13 ਸਿਰਫ਼ ਬਾਈਬਲ ਹੀ ਭਵਿੱਖ ਬਾਰੇ ਸਹੀ-ਸਹੀ ਜਾਣਕਾਰੀ ਦਿੰਦੀ ਹੈ। ਆਓ ਆਪਾਂ ਇਕ ਮਿਸਾਲ ਦੇਖੀਏ। ਬਾਈਬਲ ਵਿਚ ਸੈਂਕੜੇ ਸਾਲ ਪਹਿਲਾਂ ਲਿਖਿਆ ਗਿਆ ਸੀ ਕਿ ਬਾਬਲ ਸ਼ਹਿਰ ਦਾ ਨਾਸ਼ ਕੀਤਾ ਜਾਵੇਗਾ। (ਯਸਾਯਾਹ 13:19; 14:22, 23) ਪਰ ਇਹ ਕਿਸ ਤਰ੍ਹਾਂ ਹੋਣਾ ਸੀ? ਆਪਣੇ ਨਬੀ ਯਸਾਯਾਹ ਦੁਆਰਾ ਯਹੋਵਾਹ ਨੇ ਦੱਸਿਆ ਕਿ ਦੂਰ-ਦੁਰੇਡੇ ਦੇਸ਼ ਤੋਂ ਇਕ ਫ਼ੌਜ ਆ ਕੇ ਬਾਬਲ ਦੇ ਦਰਿਆ ਨੂੰ ਸੁਕਾ ਦੇਵੇਗੀ ਅਤੇ ਯੁੱਧ ਲੜੇ ਬਿਨਾਂ ਹੀ ਸ਼ਹਿਰ ਉੱਤੇ ਕਬਜ਼ਾ ਕਰ ਲਵੇਗੀ। ਇੰਨਾ ਹੀ ਨਹੀਂ, ਯਹੋਵਾਹ ਪਰਮੇਸ਼ੁਰ ਨੇ ਉਸ ਰਾਜੇ ਦਾ ਨਾਂ ਵੀ ਦੱਸਿਆ ਸੀ ਜਿਸ ਨੇ ਸ਼ਹਿਰ ਉੱਤੇ ਜਿੱਤ ਹਾਸਲ ਕਰਨੀ ਸੀ। ਉਸ ਰਾਜੇ ਦਾ ਨਾਂ ਖੋਰਸ ਸੀ।—ਯਸਾਯਾਹ 44:27–45:2 ਪੜ੍ਹੋ।
14, 15. ਬਾਬਲ ਬਾਰੇ ਯਹੋਵਾਹ ਦੀਆਂ ਕਹੀਆਂ ਗੱਲਾਂ ਕਿੱਦਾਂ ਪੂਰੀਆਂ ਹੋਈਆਂ ਸਨ?
14 ਕੀ ਯਹੋਵਾਹ ਦੀਆਂ ਕਹੀਆਂ ਗੱਲਾਂ ਪੂਰੀਆਂ ਹੋਈਆਂ ਸਨ? ਹਾਂ, ਤਕਰੀਬਨ 200 ਸਾਲ ਬਾਅਦ, 5 ਅਕਤੂਬਰ 539 ਈਸਵੀ ਪੂਰਵ ਦੀ ਰਾਤ ਨੂੰ ਬਿਲਕੁਲ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਯਹੋਵਾਹ ਨੇ ਕਿਹਾ ਸੀ। ਫ਼ਾਰਸ ਦੀ ਫ਼ੌਜ ਨੇ ਬਾਬਲ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਉਸ ਫ਼ੌਜ ਦਾ ਸੈਨਾਪਤੀ ਕੌਣ ਸੀ? ਠੀਕ ਜਿੱਦਾਂ ਯਹੋਵਾਹ ਨੇ ਕਿਹਾ ਸੀ, ਉਹ ਰਾਜਾ ਖੋਰਸ ਸੀ। ਆਓ ਆਪਾਂ ਦੇਖੀਏ ਉਸ ਰਾਤ ਕੀ ਹੋਇਆ ਸੀ।
15 ਉਸ ਰਾਤ ਬਾਬਲ ਦੇ ਲੋਕ ਜਸ਼ਨ ਮਨਾ ਰਹੇ ਸਨ ਤੇ ਸਾਰੇ ਸ਼ਹਿਰ ਵਿਚ ਰੌਣਕ ਲੱਗੀ ਹੋਈ ਸੀ। ਲੋਕਾਂ ਨੂੰ ਪੂਰਾ ਯਕੀਨ ਸੀ ਕਿ ਉਹ ਆਪਣੇ ਸ਼ਹਿਰ ਦੀਆਂ ਵੱਡੀਆਂ ਤੇ ਮਜ਼ਬੂਤ ਕੰਧਾਂ ਅੰਦਰ ਬਿਲਕੁਲ ਮਹਿਫੂਜ਼ ਸਨ। ਹੋਰ ਤਾਂ ਹੋਰ, ਸ਼ਹਿਰ ਦੇ ਆਲੇ-ਦੁਆਲੇ ਦਰਿਆ ਵਹਿੰਦਾ ਸੀ ਜਿਸ ਨੂੰ ਪਾਰ ਕਰਨ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ। ਇਸੇ ਕਰਕੇ ਬਾਬਲੀ ਲੋਕ ਬੇਫ਼ਿਕਰ ਹੋ ਕੇ ਮੌਜਾਂ ਮਾਣ ਰਹੇ ਸਨ। ਉਨ੍ਹਾਂ ਨੇ ਉਸ ਰਾਤ ਸ਼ਹਿਰ ਦੇ ਦਰਵਾਜ਼ੇ ਵੀ ਖੁੱਲ੍ਹੇ ਛੱਡ ਦਿੱਤੇ। ਰਾਜਾ ਖੋਰਸ ਨੇ ਬੜੀ ਹੁਸ਼ਿਆਰੀ ਨਾਲ ਸ਼ਹਿਰ ਵਿਚ ਦੀ ਲੰਘਦੇ ਦਰਿਆ ਦੇ ਪਾਣੀ ਨੂੰ ਹੋਰ ਪਾਸੇ ਨੂੰ ਮੋੜ ਦਿੱਤਾ। ਦੇਖਦੇ ਹੀ ਦੇਖਦੇ ਪਾਣੀ ਘੱਟ ਗਿਆ ਅਤੇ ਉਸ ਦੇ ਫ਼ੌਜੀ ਆਸਾਨੀ ਨਾਲ ਦਰਿਆ ਪਾਰ ਕਰ ਕੇ ਸ਼ਹਿਰ ਦੇ ਦਰਵਾਜ਼ਿਆਂ ਤਕ ਪਹੁੰਚ ਗਏ। ਖੁੱਲ੍ਹੇ ਦਰਵਾਜ਼ਿਆਂ ਰਾਹੀਂ ਫ਼ੌਜੀ ਸਿੱਧੇ ਅੰਦਰ ਗਏ ਅਤੇ ਯੁੱਧ ਲੜੇ ਬਿਨਾਂ ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
16. (ੳ) ਯਹੋਵਾਹ ਨੇ ਬਾਬਲ ਦੀ ਆਖ਼ਰੀ ਹਾਲਤ ਬਾਰੇ ਕੀ ਕਿਹਾ ਸੀ? (ਅ) ਬਾਬਲ ਦੇ ਸੰਬੰਧ ਵਿਚ ਯਹੋਵਾਹ ਦੀਆਂ ਕਹੀਆਂ ਗੱਲਾਂ ਕਿਸ ਹੱਦ ਤਕ ਪੂਰੀਆਂ ਹੋਈਆਂ ਸਨ?
16 ਪਰ ਇੰਨਾ ਹੀ ਨਹੀਂ, ਪਰਮੇਸ਼ੁਰ ਦੇ ਬਚਨ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਸ਼ਹਿਰ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ। ਯਹੋਵਾਹ ਨੇ ਕਿਹਾ ਕਿ “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।” (ਯਸਾਯਾਹ 13:20) ਯਹੋਵਾਹ ਨੇ ਅੱਗੇ ਇਹ ਵੀ ਕਿਹਾ ਸੀ: “ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ।”c (ਯਸਾਯਾਹ 14:22, 23) ਕੀ ਇਹ ਗੱਲ ਸੱਚ ਨਿਕਲੀ? ਜੀ ਹਾਂ, ਜੇ ਤੁਸੀਂ ਅੱਜ ਇਰਾਕ ਵਿਚ ਬਗਦਾਦ ਸ਼ਹਿਰ ਤੋਂ ਲਗਭਗ 80 ਕਿਲੋਮੀਟਰ ਦੱਖਣ ਵੱਲ ਜਾ ਕੇ ਦੇਖੋ, ਤਾਂ ਤੁਸੀਂ ਪੁਰਾਣੇ ਬਾਬਲ ਸ਼ਹਿਰ ਦੇ ਖੰਡਰ ਦੇਖੋਗੇ। ਉਹ ਜਗ੍ਹਾ ਅੱਜ ਵੀ ਇਕ ਉੱਜੜਿਆ ਮੈਦਾਨ ਹੈ, ਬਿਲਕੁਲ ਵਿਰਾਨ!
17. ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਪੜ੍ਹ ਕੇ ਸਾਡੀ ਨਿਹਚਾ ਕਿੱਦਾਂ ਮਜ਼ਬੂਤ ਹੁੰਦੀ ਹੈ?
17 ਬਾਈਬਲ ਦੀਆਂ ਭਵਿੱਖਬਾਣੀਆਂ ਬਿਲਕੁਲ ਸੱਚ ਸਾਬਤ ਹੋਈਆਂ ਹਨ। ਕੀ ਇਹ ਜਾਣ ਕੇ ਸਾਡੀ ਨਿਹਚਾ ਮਜ਼ਬੂਤ ਨਹੀਂ ਹੁੰਦੀ? ਬਿਲਕੁਲ! ਜਦ ਬੀਤੇ ਸਮਿਆਂ ਵਿਚ ਯਹੋਵਾਹ ਦੇ ਵਾਅਦੇ ਹਮੇਸ਼ਾ ਪੂਰੇ ਹੋਏ ਹਨ, ਤਾਂ ਸਾਡੇ ਕੋਲ ਭਵਿੱਖ ਬਾਰੇ ਕਹੀਆਂ ਗੱਲਾਂ ਉੱਤੇ ਸ਼ੱਕ ਕਰਨ ਦਾ ਵੀ ਕੋਈ ਕਾਰਨ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਸਾਡੇ ਸਾਰੇ ਦੁੱਖ-ਦਰਦ ਮਿਟਾ ਦੇਵੇਗਾ ਅਤੇ ਇਸ ਧਰਤੀ ਨੂੰ ਇਕ ਗੁਲਸ਼ਨ ਬਣਾ ਦੇਵੇਗਾ। ਅਸੀਂ ਇਸ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। (ਗਿਣਤੀ 23:19 ਪੜ੍ਹੋ।) ਜੀ ਹਾਂ, ਸਾਨੂੰ “ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ ਜਿਸ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।”—ਤੀਤੁਸ 1:2.d
ਪਰਮੇਸ਼ੁਰ ਦੇ ਬਚਨ ਦੀ ਸ਼ਕਤੀ
18. ਪੌਲੁਸ ਰਸੂਲ ਨੇ ‘ਪਰਮੇਸ਼ੁਰ ਦੇ ਬਚਨ’ ਬਾਰੇ ਕੀ ਕਿਹਾ ਸੀ?
18 ਉੱਪਰ ਦੱਸੀਆਂ ਗਈਆਂ ਗੱਲਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬਾਈਬਲ ਯਹੋਵਾਹ ਪਰਮੇਸ਼ੁਰ ਵੱਲੋਂ ਹੈ ਅਤੇ ਇਹ ਇਕ ਅਨੋਖੀ ਪੁਸਤਕ ਹੈ। ਪਰ ਇਸ ਦੀ ਇਕ ਹੋਰ ਵੀ ਖ਼ਾਸੀਅਤ ਹੈ। ਇਸ ਦੇ ਪੈਗਾਮ ਵਿਚ ਅਜਿਹੀ ਸ਼ਕਤੀ ਹੈ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ। ਪਰਮੇਸ਼ੁਰ ਦੇ ਭਗਤ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ ਅਤੇ ਜਿਵੇਂ ਤਿੱਖੀ ਤਲਵਾਰ ਹੱਡੀਆਂ ਨੂੰ ਗੁੱਦੇ ਤਕ ਆਰ-ਪਾਰ ਵੱਢਦੀ ਹੈ, ਉਸੇ ਤਰ੍ਹਾਂ ਇਹ ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ।”—ਇਬਰਾਨੀਆਂ 4:12.
19, 20. (ੳ) ਆਪਣੀ ਜਾਂਚ ਕਰਨ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰਦੀ ਹੈ? (ਅ) ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਅਹਿਸਾਨ ਮੰਨਦੇ ਹਾਂ?
19 ਜੇ ਅਸੀਂ ਹਰ ਰੋਜ਼ ਬਾਈਬਲ ਪੜ੍ਹਾਂਗੇ ਅਤੇ ਉਸ ਦੀਆਂ ਗੱਲਾਂ ਉੱਤੇ ਅਮਲ ਕਰਾਂਗੇ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਸੁਧਰ ਸਕਾਂਗੇ। ਜਿਸ ਤਰ੍ਹਾਂ ਅਸੀਂ ਸ਼ੀਸ਼ੇ ਵਿਚ ਆਪਣਾ ਚਿਹਰਾ ਅਤੇ ਰੰਗ-ਰੂਪ ਦੇਖਦੇ ਹਾਂ, ਉਸੇ ਤਰ੍ਹਾਂ ਅਸੀਂ ਬਾਈਬਲ ਵਿਚ ਦੇਖ ਕੇ ਆਪਣੇ ਦਿਲ ਅੰਦਰ ਝਾਤੀ ਮਾਰ ਸਕਦੇ ਹਾਂ। ਅਸੀਂ ਜਾਣ ਸਕਦੇ ਹਾਂ ਕਿ ਸਾਡੇ ਦਿਲ ਵਿਚ ਸੱਚ-ਮੁੱਚ ਕੀ ਹੈ, ਸਾਡੀ ਨੀਅਤ ਕੀ ਹੈ। ਬਾਈਬਲ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਅਸੀਂ ਦਿਖਾਵਾਂਗੇ ਕਿ ਸਾਡਾ ਦਿਲ ਸਾਫ਼ ਹੈ ਅਤੇ ਅਸੀਂ ਸੱਚ-ਮੁੱਚ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ।
20 ਯਹੋਵਾਹ ਨੇ ਆਪਣਾ ਬਚਨ ਦੇ ਕੇ ਸਾਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ। ਕੀ ਤੁਸੀਂ ਉਸ ਦਾ ਅਹਿਸਾਨ ਮੰਨਦੇ ਹੋ? ਜੇ ਮੰਨਦੇ ਹੋ, ਤਾਂ ਬਾਈਬਲ ਦਾ ਅਧਿਐਨ ਕਰਨਾ ਨਾ ਛੱਡੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਬਾਰੇ ਚੰਗੀ ਤਰ੍ਹਾਂ ਸਿੱਖ ਸਕੋਗੇ ਅਤੇ ਆਪਣੇ ਹਰ ਸਵਾਲ ਦਾ ਜਵਾਬ ਪਾ ਸਕੋਗੇ। ਅਗਲੇ ਅਧਿਆਇ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਕਿ ਯਹੋਵਾਹ ਨੇ ਇਨਸਾਨਾਂ ਨੂੰ ਕਿਉਂ ਬਣਾਇਆ ਹੈ?
a ਕਈ ਸ਼ਾਇਦ ਤੁਹਾਨੂੰ ਕਹਿਣ ਕਿ ਬਾਈਬਲ ਦੀਆਂ ਕੁਝ ਆਇਤਾਂ ਦੂਸਰੀਆਂ ਆਇਤਾਂ ਨਾਲ ਮੇਲ ਨਹੀਂ ਖਾਂਦੀਆਂ, ਪਰ ਇਹ ਗੱਲ ਸੱਚ ਨਹੀਂ ਹੈ। ਜੇ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ 7ਵੇਂ ਅਧਿਆਇ ਨੂੰ ਦੇਖੋ ਜਾਂ ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦਾ ਬਰੋਸ਼ਰ ਦੇਖੋ।
b ਮਿਸਾਲ ਲਈ, ਲੂਕਾ 3:23-38 ਵਿਚ ਯਿਸੂ ਦੇ ਪੂਰਵਜਾਂ ਦੀ ਵੰਸ਼ਾਵਲੀ ਦੇਖੋ।
c ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ ਬਰੋਸ਼ਰ ਦੇ ਸਫ਼ੇ 27-29 ਦੇਖੋ।
d ਬਾਬਲ ਸ਼ਹਿਰ ਦਾ ਨਾਸ਼ ਬਾਈਬਲ ਦੀਆਂ ਪੂਰੀਆਂ ਹੋ ਚੁੱਕੀਆਂ ਭਵਿੱਖਬਾਣੀਆਂ ਵਿੱਚੋਂ ਸਿਰਫ਼ ਇਕ ਮਿਸਾਲ ਹੈ। ਪਰਮੇਸ਼ੁਰ ਦੇ ਸ਼ਬਦ ਵਿਚ ਕਈ ਸ਼ਹਿਰਾਂ ਦੇ ਨਾਸ਼, ਸਾਮਰਾਜਾਂ ਤੇ ਬਾਦਸ਼ਾਹੀਆਂ ਦੇ ਉਤਾਰ-ਚੜ੍ਹਾਅ ਅਤੇ ਯਿਸੂ ਮਸੀਹ ਦੇ ਸੰਬੰਧ ਵਿਚ ਵੀ ਗੱਲਾਂ ਲਿਖੀਆਂ ਗਈਆਂ ਹਨ ਜੋ ਸੋਲਾਂ ਆਨੇ ਸੱਚ ਸਾਬਤ ਹੋਈਆਂ ਹਨ। (ਹਿਜ਼ਕੀਏਲ 26:1-5; ਦਾਨੀਏਲ 8:5-7, 20-22; ਸਫ਼ਨਯਾਹ 2:13-15)ਯਿਸੂ ਮਸੀਹ ਬਾਰੇ ਕੀਤੀਆਂ ਗਈਆਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਹੋਰ ਜਾਣਨ ਲਈ, ਦਿੱਤੀ ਗਈ ਵਧੇਰੇ ਜਾਣਕਾਰੀ “ਯਿਸੂ ਮਸੀਹ—ਵਾਅਦਾ ਕੀਤਾ ਹੋਇਆ ਮਸੀਹਾ” ਦੇਖੋ।