ਦੁਆ-ਸਲਾਮ ਦੇ ਚੰਦ ਸ਼ਬਦਾਂ ਦੀ ਤਾਕਤ
“ਨਮਸਤੇ! ਤੁਹਾਡਾ ਕੀ ਹਾਲ ਹੈ?”
ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਵੀ ਸ਼ਾਇਦ ਇੱਦਾਂ ਹੀ ਦੂਜਿਆਂ ਦਾ ਹਾਲ-ਚਾਲ ਪੁੱਛਦੇ ਹੋਣੇ। ਤੁਸੀਂ ਸ਼ਾਇਦ ਹੱਥ ਮਿਲਾਉਂਦੇ ਹੋ ਜਾਂ ਫਿਰ ਗਲੇ ਮਿਲਦੇ ਹੋ। ਇਲਾਕੇ ਦੇ ਹਿਸਾਬ ਨਾਲ ਹਾਲ-ਚਾਲ ਪੁੱਛਣ ਦੇ ਤਰੀਕੇ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਦੁਆ-ਸਲਾਮ ਕਰਨ ਵਿਚ ਜ਼ਿਆਦਾ ਫ਼ਰਕ ਨਹੀਂ ਹੁੰਦਾ। ਪਰ ਜੇ ਤੁਸੀਂ ਹਾਲ-ਚਾਲ ਨਹੀਂ ਪੁੱਛਦੇ ਤਾਂ ਲੋਕ ਸ਼ਾਇਦ ਇਹ ਸਮਝਣ ਕਿ ਤੁਹਾਨੂੰ ਤਮੀਜ਼ ਨਹੀਂ ਜਾਂ ਤੁਸੀਂ ਦੂਜਿਆਂ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ।
ਕੁਝ ਲੋਕਾਂ ਦਾ ਸੁਭਾਅ ਇੱਦਾਂ ਦਾ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਦੁਆ-ਸਲਾਮ ਕਰਨ ਵਿਚ ਪਹਿਲ ਨਹੀਂ ਕਰਦੇ। ਕੁਝ ਲੋਕ ਸ਼ਰਮੀਲੇ ਸੁਭਾਅ ਜਾਂ ਆਪਣੇ ਆਪ ਵਿਚ ਘਟੀਆ ਮਹਿਸੂਸ ਕਰਨ ਕਰਕੇ ਦੂਜਿਆਂ ਨੂੰ ਬੁਲਾਉਣ ਤੋਂ ਝਿਜਕਦੇ ਹਨ। ਕੁਝ ਲੋਕਾਂ ਨੂੰ ਕਿਸੇ ਹੋਰ ਕੌਮ, ਸਭਿਆਚਾਰ ਜਾਂ ਪਿਛੋਕੜ ਦੇ ਲੋਕਾਂ ਨੂੰ ਨਮਸਤੇ ਕਹਿਣਾ ਜਾਂ ਹਾਲ-ਚਾਲ ਪੁੱਛਣਾ ਔਖਾ ਲੱਗਦਾ ਹੈ। ਕਾਰਨ ਚਾਹੇ ਜੋ ਮਰਜ਼ੀ ਹੋਵੇ, ਪਰ ਕਿਸੇ ਨੂੰ ਦੁਆ-ਸਲਾਮ ਕਰਨ ਜਾਂ ਕਿਸੇ ਦਾ ਹਾਲ-ਚਾਲ ਪੁੱਛਣ ਦੇ ਬਹੁਤ ਫ਼ਾਇਦੇ ਹੋ ਸਕਦੇ ਹਨ।
ਆਪਣੇ ਆਪ ਤੋਂ ਪੁੱਛੋ: ‘ਹਾਲ-ਚਾਲ ਪੁੱਛਣ ਜਾਂ ਨਮਸਤੇ ਕਹਿਣ ਦੇ ਕੀ ਫ਼ਾਇਦੇ ਹੋ ਸਕਦੇ ਹਨ? ਨਾਲੇ ਪਰਮੇਸ਼ੁਰ ਦੇ ਬਚਨ ਤੋਂ ਮੈਨੂੰ ਇਸ ਬਾਰੇ ਕੀ ਪਤਾ ਲੱਗਦਾ ਹੈ?’
“ਸਾਰਿਆਂ” ਨੂੰ ਨਮਸਤੇ ਬੁਲਾਓ
ਜਦੋਂ ਪਤਰਸ ਰਸੂਲ ਨੇ ਮਸੀਹੀ ਮੰਡਲੀ ਵਿਚ ਪਹਿਲੇ ਗ਼ੈਰ-ਯਹੂਦੀ ਯਾਨੀ ਕੁਰਨੇਲੀਅਸ ਦਾ ਸੁਆਗਤ ਕੀਤਾ, ਤਾਂ ਉਸ ਨੇ ਕਿਹਾ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰਸੂ. 10:34) ਬਾਅਦ ਵਿਚ ਪਤਰਸ ਨੇ ਲਿਖਿਆ ਕਿ ਪਰਮੇਸ਼ੁਰ “ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਇਹ ਆਇਤ ਪੜ੍ਹ ਕੇ ਸ਼ਾਇਦ ਅਸੀਂ ਸੋਚੀਏ ਕਿ ਇਹ ਸ਼ਬਦ ਉਨ੍ਹਾਂ ਲੋਕਾਂ ਲਈ ਹਨ ਜੋ ਸੱਚਾਈ ਸਿੱਖ ਰਹੇ ਹਨ। ਪਰ ਪਤਰਸ ਨੇ ਮਸੀਹੀਆਂ ਨੂੰ ਵੀ ਤਾਕੀਦ ਕੀਤੀ: “ਸਾਰਿਆਂ ਦਾ ਆਦਰ ਕਰੋ, ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ।” (1 ਪਤ. 2:17) ਤਾਂ ਫਿਰ, ਵਧੀਆ ਨਹੀਂ ਹੋਵੇਗਾ ਕਿ ਅਸੀਂ ਦੂਜਿਆਂ ਦੀ ਕੌਮ, ਸਭਿਆਚਾਰ ਜਾਂ ਪਿਛੋਕੜ ਦੇਖੇ ਬਿਨਾਂ ਨਮਸਤੇ ਬੁਲਾਈਏ? ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਨੂੰ ਆਦਰ ਅਤੇ ਪਿਆਰ ਦਿਖਾਵਾਂਗੇ।
ਪੌਲੁਸ ਰਸੂਲ ਨੇ ਮੰਡਲੀ ਨੂੰ ਕਿਹਾ: “ਇਕ-ਦੂਜੇ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਸਾਨੂੰ ਕਬੂਲ ਕੀਤਾ ਹੈ।” (ਰੋਮੀ. 15:7) ਪੌਲੁਸ ਨੇ ਖ਼ਾਸ ਕਰਕੇ ਉਨ੍ਹਾਂ ਭਰਾਵਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਤੋਂ ਉਸ ਨੂੰ “ਬਹੁਤ ਹੌਸਲਾ ਮਿਲਿਆ” ਸੀ। ਪਰ ਉਨ੍ਹਾਂ ਭਰਾਵਾਂ ਤੋਂ ਵੀ ਵੱਧ ਅੱਜ ਸਾਡੇ ਭੈਣਾਂ-ਭਰਾਵਾਂ ਨੂੰ ਸ਼ੈਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਕਿੰਨੇ ਹੌਸਲੇ ਦੀ ਲੋੜ ਹੈ!—ਕੁਲੁ. 4:11; ਪ੍ਰਕਾ. 12:12, 17.
ਬਾਈਬਲ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਹਾਲ-ਚਾਲ ਪੁੱਛ ਕੇ ਅਸੀਂ ਦੂਜਿਆਂ ਦਾ ਸੁਆਗਤ ਹੀ ਨਹੀਂ ਕਰਦੇ, ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ।
ਦੁਆ-ਸਲਾਮ ਦੇ ਫ਼ਾਇਦੇ
ਜਦੋਂ ਆਪਣੇ ਪੁੱਤਰ ਦੀ ਜਾਨ ਨੂੰ ਮਰੀਅਮ ਦੀ ਕੁੱਖ ਵਿਚ ਪਾਉਣ ਦਾ ਸਮਾਂ ਆਇਆ, ਤਾਂ ਯਹੋਵਾਹ ਨੇ ਇਕ ਦੂਤ ਨੂੰ ਮਰੀਅਮ ਨਾਲ ਗੱਲ ਕਰਨ ਲਈ ਭੇਜਿਆ। ਦੂਤ ਨੇ ਮਰੀਅਮ ਨੂੰ ਕਿਹਾ: “ਵਧਾਈ ਹੋਵੇ, ਯਹੋਵਾਹ ਤੇਰੇ ਉੱਤੇ ਮਿਹਰਬਾਨ ਹੈ ਅਤੇ ਤੇਰੇ ਨਾਲ ਹੈ।” ਮਰੀਅਮ “ਬਹੁਤ ਘਬਰਾ ਗਈ” ਕਿ ਦੂਤ ਉਸ ਨਾਲ ਗੱਲ ਕਿਉਂ ਕਰ ਰਿਹਾ ਸੀ। ਇਹ ਦੇਖ ਕੇ ਦੂਤ ਨੇ ਕਿਹਾ: “ਮਰੀਅਮ ਨਾ ਡਰ। ਤੇਰੇ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ।” ਦੂਤ ਨੇ ਸਮਝਾਇਆ ਕਿ ਇਹ ਪਰਮੇਸ਼ੁਰ ਦਾ ਮਕਸਦ ਸੀ ਕਿ ਉਹ ਮਸੀਹ ਨੂੰ ਜਨਮ ਦੇਵੇ। ਮਰੀਅਮ ਘਬਰਾਈ ਨਹੀਂ ਰਹੀ, ਸਗੋਂ ਉਸ ਨੇ ਆਗਿਆ ਮੰਨਦਿਆਂ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।”—ਲੂਕਾ 1:26-38.
ਦੂਤ ਲਈ ਪਰਮੇਸ਼ੁਰ ਦਾ ਸੰਦੇਸ਼ ਦੇਣਾ ਸਨਮਾਨ ਦੀ ਗੱਲ ਸੀ। ਪਰ ਉਸ ਨੇ ਇੱਦਾਂ ਨਹੀਂ ਸੋਚਿਆ ਕਿ ਨਾਮੁਕੰਮਲ ਔਰਤ ਨਾਲ ਗੱਲ ਕਰਨੀ ਉਸ ਦੀ ਸ਼ਾਨ ਦੇ ਖ਼ਿਲਾਫ਼ ਸੀ। ਉਸ ਨੇ ਆਪਣੀ ਗੱਲਬਾਤ “ਵਧਾਈ ਹੋਵੇ” ਕਹਿ ਕੇ ਸ਼ੁਰੂ ਕੀਤੀ। ਇਸ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਦੂਜਿਆਂ ਦਾ ਹਾਲ-ਚਾਲ ਪੁੱਛਣ ਅਤੇ ਹੌਸਲਾ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਚੰਦ ਸ਼ਬਦ ਕਹਿ ਕੇ ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਅਤੇ ਉਨ੍ਹਾਂ ਦਾ ਇਸ ਗੱਲ ਲਈ ਹੌਸਲਾ ਵਧਾ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੇ ਲੋਕਾਂ ਦਾ ਹਿੱਸਾ ਹਨ।
ਪੌਲੁਸ ਨੇ ਏਸ਼ੀਆ ਮਾਈਨਰ ਅਤੇ ਯੂਰਪ ਦੀਆਂ ਮੰਡਲੀਆਂ ਵਿੱਚੋਂ ਕਈ ਭੈਣਾਂ-ਭਰਾਵਾਂ ਨੂੰ ਜਾਣਿਆ। ਉਸ ਨੇ ਆਪਣੀਆਂ ਚਿੱਠੀਆਂ ਵਿਚ ਕਈ ਭੈਣਾਂ-ਭਰਾਵਾਂ ਨੂੰ ਨਮਸਕਾਰ ਕਿਹਾ। ਇਸ ਬਾਰੇ ਅਸੀਂ ਰੋਮੀਆਂ ਅਧਿਆਇ 16 ਵਿਚ ਪੜ੍ਹ ਸਕਦੇ ਹਾਂ। ਉਸ ਨੇ ਫ਼ੀਬੀ ਨੂੰ “ਸਾਡੀ ਭੈਣ” ਕਿਹਾ ਅਤੇ ਉਸ ਬਾਰੇ ਭਰਾਵਾਂ ਨੂੰ ਕਿਹਾ ਕਿ “ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਉਸ ਦੀ ਲੋੜ ਮੁਤਾਬਕ ਉਸ ਦੀ ਮਦਦ ਕਰਨੀ।” ਪੌਲੁਸ ਨੇ ਪਰਿਸਕਾ ਤੇ ਅਕੂਲਾ ਨੂੰ ਨਮਸਕਾਰ ਕਹਿੰਦੇ ਹੋਏ ਕਿਹਾ, “ਸਿਰਫ਼ ਮੈਂ ਹੀ ਉਨ੍ਹਾਂ ਦਾ ਧੰਨਵਾਦ ਨਹੀਂ ਕਰਦਾ, ਸਗੋਂ ਗ਼ੈਰ-ਯਹੂਦੀ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ ਵੀ ਕਰਦੀਆਂ ਹਨ।” ਉਸ ਨੇ ਕੁਝ ਅਜਿਹੇ ਭੈਣਾਂ-ਭਰਾਵਾਂ ਨੂੰ ਵੀ ਨਮਸਕਾਰ ਕਿਹਾ ਜਿਨ੍ਹਾਂ ਦੇ ਨਾਂ ਤੋਂ ਇਲਾਵਾ ਅਸੀਂ ਕੁਝ ਵੀ ਨਹੀਂ ਜਾਣਦੇ, ਜਿਵੇਂ “ਮੇਰੇ ਪਿਆਰੇ ਭਰਾ ਇਪੈਨੇਤੁਸ।” ਨਾਲੇ ਉਸ ਨੇ “ਤਰੁਫ਼ੈਨਾ ਤੇ ਤਰੁਫ਼ੋਸਾ” ਬਾਰੇ ਲਿਖਿਆ “ਇਹ ਭੈਣਾਂ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕਰਦੀਆਂ ਹਨ।” ਜੀ ਹਾਂ, ਪੌਲੁਸ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਨਮਸਕਾਰ ਕਹਿਣ ਤੋਂ ਝਿਜਕਦਾ ਨਹੀਂ ਸੀ।—ਰੋਮੀ. 16:1-16.
ਜ਼ਰਾ ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਓ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੌਲੁਸ ਨੇ ਉਨ੍ਹਾਂ ਨੂੰ ਪਿਆਰ ਨਾਲ ਯਾਦ ਕੀਤਾ। ਉਨ੍ਹਾਂ ਦਾ ਪੌਲੁਸ ਅਤੇ ਇਕ-ਦੂਜੇ ਲਈ ਪਿਆਰ ਕਿੰਨਾ ਮਜ਼ਬੂਤ ਹੋਇਆ ਹੋਣਾ। ਪੌਲੁਸ ਦੀਆਂ ਚਿੱਠੀਆਂ ਤੋਂ ਬਾਕੀ ਮਸੀਹੀਆਂ ਦਾ ਵੀ ਕਿੰਨਾ ਹੌਸਲਾ ਵਧਿਆ ਹੋਣਾ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਬਣੀ ਰਹੀ। ਜੀ ਹਾਂ, ਦੂਜਿਆਂ ਨੂੰ ਦੁਆ-ਸਲਾਮ ਕਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਪਰਵਾਹ ਅਤੇ ਕਦਰ ਕਰਦੇ ਹਾਂ। ਦੁਆ-ਸਲਾਮ ਕਰ ਕੇ ਅਸੀਂ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਹਾਂ ਅਤੇ ਸਾਡੀ ਏਕਤਾ ਵਧਦੀ ਹੈ।
ਪਤਿਉਲੇ ਨਾਂ ਬੰਦਰਗਾਹ ʼਤੇ ਪਹੁੰਚ ਕੇ ਪੌਲੁਸ ਰੋਮ ਲਈ ਰਵਾਨਾ ਹੋਇਆ। ਪਰ ਰਾਹ ਵਿਚ ਉੱਥੋਂ ਦੇ ਮਸੀਹੀ ਉਸ ਨੂੰ ਮਿਲਣ ਆਏ। ਭੈਣਾਂ-ਭਰਾਵਾਂ ਨੂੰ ਦੂਰੋਂ ਦੇਖ ਕੇ “ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।” (ਰਸੂ. 28:13-15) ਕਦੀ-ਕਦੀ ਅਸੀਂ ਸਿਰਫ਼ ਮੁਸਕਰਾ ਕੇ ਜਾਂ ਹੱਥ ਹਿਲਾ ਕੇ ਹੀ ਕਿਸੇ ਦਾ ਸੁਆਗਤ ਕਰ ਪਾਉਂਦੇ ਹਾਂ। ਇੰਨਾ ਕਰ ਕੇ ਵੀ ਅਸੀਂ ਕਿਸੇ ਨਿਰਾਸ਼ ਜਾਂ ਉਦਾਸ ਵਿਅਕਤੀ ਦਾ ਹੌਸਲਾ ਬੁਲੰਦ ਕਰ ਸਕਦੇ ਹਾਂ।
ਆਮ ਗੱਲਬਾਤ
ਕੁਝ ਮਸੀਹੀ ਦੁਨੀਆਂ ਨਾਲ ਦੋਸਤੀ ਕਰ ਕੇ ਪਰਮੇਸ਼ੁਰ ਨਾਲ ਬੇਵਫ਼ਾਈ ਕਰ ਰਹੇ ਸਨ, ਜਿਸ ਕਰਕੇ ਚੇਲੇ ਯਾਕੂਬ ਨੇ ਉਨ੍ਹਾਂ ਨੂੰ ਸਖ਼ਤ ਤਾੜਨਾ ਦਿੱਤੀ। (ਯਾਕੂ. 4:4) ਪਰ ਧਿਆਨ ਦਿਓ ਕਿ ਯਾਕੂਬ ਨੇ ਆਪਣੀ ਚਿੱਠੀ ਦੀ ਸ਼ੁਰੂਆਤ ਵਿਚ ਕੀ ਲਿਖਿਆ:
“ਮੈਂ ਯਾਕੂਬ, ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ, ਬਾਰਾਂ ਗੋਤਾਂ ਨੂੰ ਲਿਖ ਰਿਹਾ ਹਾਂ ਜਿਹੜੇ ਥਾਂ-ਥਾਂ ਖਿੰਡੇ ਹੋਏ ਹਨ: ਸਾਰਿਆਂ ਨੂੰ ਨਮਸਕਾਰ!” (ਯਾਕੂ. 1:1) ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਵੀ ਯਾਕੂਬ ਵਾਂਗ ਪਰਮੇਸ਼ੁਰ ਦੇ ਦਾਸ ਸਨ, ਤਾਂ ਬਿਨਾਂ ਸ਼ੱਕ ਉਨ੍ਹਾਂ ਲਈ ਯਾਕੂਬ ਦੀ ਤਾੜਨਾ ਕਬੂਲ ਕਰਨੀ ਸੌਖੀ ਹੋਈ ਹੋਣੀ। ਜੀ ਹਾਂ, ਨਿਮਰਤਾ ਨਾਲ ਹਾਲ-ਚਾਲ ਪੁੱਛ ਕੇ ਗੰਭੀਰ ਮਾਮਲਿਆਂ ʼਤੇ ਵੀ ਆਸਾਨੀ ਨਾਲ ਗੱਲ ਕੀਤੀ ਜਾ ਸਕਦੀ ਹੈ।
ਚਾਹੇ ਅਸੀਂ ਚੰਦ ਸ਼ਬਦ ਕਹਿ ਕੇ ਹੀ ਕਿਸੇ ਦਾ ਸੁਆਗਤ ਕਿਉਂ ਨਾ ਕਰੀਏ, ਪਰ ਇਹ ਸ਼ਬਦ ਦਿਲੋਂ ਅਤੇ ਪਿਆਰ ਭਰੇ ਹੋਣੇ ਚਾਹੀਦੇ ਹਨ। ਸਾਨੂੰ ਉਦੋਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਜਦੋਂ ਸਾਨੂੰ ਲੱਗੇ ਕਿ ਸਾਡੇ ਚੰਦ ਸ਼ਬਦਾਂ ਦਾ ਕਿਸੇ ʼਤੇ ਕੋਈ ਅਸਰ ਨਹੀਂ ਪੈਣਾ। (ਮੱਤੀ 22:39) ਆਇਰਲੈਂਡ ਦੇਸ਼ ਵਿਚ ਰਹਿਣ ਵਾਲੀ ਇਕ ਭੈਣ ਸਭਾ ਸ਼ੁਰੂ ਹੋਣ ʼਤੇ ਹੀ ਕਿੰਗਡਮ ਹਾਲ ਪਹੁੰਚੀ। ਜਦੋਂ ਉਹ ਛੇਤੀ-ਛੇਤੀ ਬੈਠਣ ਲਈ ਸੀਟ ਲੱਭ ਰਹੀ ਸੀ, ਤਾਂ ਇਕ ਭਰਾ ਨੇ ਉਸ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ: “ਨਮਸਤੇ, ਤੁਹਾਨੂੰ ਦੇਖ ਕੇ ਬਹੁਤ ਖ਼ੁਸ਼ੀ ਹੋਈ।” ਭੈਣ ਬਿਨਾਂ ਕੁਝ ਕਹੇ ਜਾ ਕੇ ਬੈਠ ਗਈ।
ਕੁਝ ਹਫ਼ਤਿਆਂ ਬਾਅਦ ਉਹ ਭਰਾ ਕੋਲ ਗਈ ਅਤੇ ਉਸ ਨੂੰ ਦੱਸਿਆ ਕਿ ਕੁਝ ਸਮੇਂ ਤੋਂ ਉਸ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ। ਭੈਣ ਨੇ ਕਿਹਾ: “ਉਸ ਸ਼ਾਮ ਮੈਂ ਇੰਨੀ ਪਰੇਸ਼ਾਨ ਸੀ ਕਿ ਪਤਾ ਨਹੀਂ ਮੈਂ ਕਿੰਗਡਮ ਹਾਲ ਕਿੱਦਾਂ ਪਹੁੰਚੀ। ਸਭਾ ਵਿਚ ਕੀ ਦੱਸਿਆ ਗਿਆ ਮੈਨੂੰ ਬਹੁਤਾ ਕੁਝ ਯਾਦ ਨਹੀਂ, ਪਰ ਮੈਨੂੰ ਤੁਹਾਡੀ ਨਮਸਤੇ ਜ਼ਰੂਰ ਯਾਦ ਹੈ। ਸੱਚੀ ਤੁਹਾਡੇ ਚੰਦ ਸ਼ਬਦਾਂ ਨੇ ਮੇਰੇ ਦਿਲ ਨੂੰ ਟੁੰਬ ਲਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ।”
ਉਸ ਭਰਾ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੇ ਚੰਦ ਸ਼ਬਦਾਂ ਦਾ ਉਸ ਭੈਣ ਉੱਤੇ ਇੰਨਾ ਜ਼ਬਰਦਸਤ ਅਸਰ ਪਵੇਗਾ। ਭਰਾ ਦੱਸਦਾ ਹੈ: “ਜਦੋਂ ਭੈਣ ਨੇ ਮੈਨੂੰ ਦੱਸਿਆ ਕਿ ਮੇਰੇ ਉਹ ਚੰਦ ਸ਼ਬਦ ਉਸ ਲਈ ਕਿੰਨੇ ਮਾਅਨੇ ਰੱਖਦੇ ਸਨ, ਤਾਂ ਮੈਨੂੰ ਬਹੁਤ ਖ਼ੁਸ਼ ਹੋਈ ਕਿ ਮੈਂ ਘੱਟੋ-ਘੱਟ ਇੰਨੀ ਕੁ ਤਾਂ ਕੋਸ਼ਿਸ਼ ਕੀਤੀ।”
ਸੁਲੇਮਾਨ ਨੇ ਲਿਖਿਆ: “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।” (ਉਪ. 11:1) ਜਦੋਂ ਅਸੀਂ ਸਾਰਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਖ਼ਾਸ ਕਰ ਕੇ ਆਪਣੇ ਭੈਣਾਂ-ਭਰਾਵਾਂ ਨੂੰ, ਤਾਂ ਨਾ ਸਿਰਫ਼ ਦੂਸਰਿਆਂ ਨੂੰ ਖ਼ੁਸ਼ੀ ਹੁੰਦੀ ਹੈ, ਸਗੋਂ ਸਾਡੀ ਖ਼ੁਸ਼ੀ ਵਿਚ ਵੀ ਵਾਧਾ ਹੁੰਦਾ ਹੈ। ਸੋ ਆਓ ਆਪਾਂ ਕਿਸੇ ਦੇ ਸੁਆਗਤ ਲਈ ਕਹੇ ਚੰਦ ਸ਼ਬਦਾਂ ਦੀ ਅਹਿਮੀਅਤ ਨੂੰ ਕਦੀ ਵੀ ਘੱਟ ਨਾ ਸਮਝੀਏ ਕਿਉਂਕਿ ਸਾਡੇ ਚੰਦ ਸ਼ਬਦਾਂ ਤੋਂ ਕਿਸੇ ਨੂੰ ਬਹੁਤ ਹੌਸਲਾ ਮਿਲ ਸਕਦਾ ਹੈ!