ਪਾਠ 59
ਤੁਸੀਂ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹੋ!
ਅੱਜ ਨਹੀਂ ਤਾਂ ਕੱਲ੍ਹ ਸਾਰੇ ਮਸੀਹੀਆਂ ਦਾ ਵਿਰੋਧ ਹੋਵੇਗਾ ਅਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਣਗੇ। ਕੀ ਇਸ ਗੱਲ ਕਰਕੇ ਸਾਨੂੰ ਡਰ ਜਾਣਾ ਚਾਹੀਦਾ? ਆਓ ਜਾਣੀਏ।
1. ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਤਾਂ ਸਾਨੂੰ ਹੈਰਾਨੀ ਕਿਉਂ ਨਹੀਂ ਹੁੰਦੀ?
ਬਾਈਬਲ ਸਾਫ਼ ਦੱਸਦੀ ਹੈ: “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋਥਿਉਸ 3:12) ਯਿਸੂ ʼਤੇ ਅਤਿਆਚਾਰ ਕੀਤੇ ਗਏ ਕਿਉਂਕਿ ਉਹ ਸ਼ੈਤਾਨ ਦੀ ਦੁਨੀਆਂ ਦਾ ਨਹੀਂ ਸੀ। ਅਸੀਂ ਵੀ ਇਸ ਦੁਨੀਆਂ ਦੇ ਨਹੀਂ ਹਾਂ। ਇਸ ਲਈ ਜਦੋਂ ਸਰਕਾਰਾਂ ਅਤੇ ਧਾਰਮਿਕ ਸੰਗਠਨ ਸਾਡੇ ʼਤੇ ਅਤਿਆਚਾਰ ਕਰਦੇ ਹਨ, ਤਾਂ ਸਾਨੂੰ ਹੈਰਾਨੀ ਨਹੀਂ ਹੁੰਦੀ।—ਯੂਹੰਨਾ 15:18, 19.
2. ਅਤਿਆਚਾਰ ਸਹਿਣ ਲਈ ਅਸੀਂ ਹੁਣ ਤੋਂ ਹੀ ਕੀ ਕਰ ਸਕਦੇ ਹਾਂ?
ਸਾਨੂੰ ਹੁਣ ਤੋਂ ਹੀ ਯਹੋਵਾਹ ʼਤੇ ਆਪਣਾ ਭਰੋਸਾ ਵਧਾਉਣ ਦੀ ਲੋੜ ਹੈ। ਸਾਨੂੰ ਹਰ ਰੋਜ਼ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਚਾਹੀਦਾ ਹੈ। ਨਾਲੇ ਸਾਨੂੰ ਲਗਾਤਾਰ ਸਭਾਵਾਂ ʼਤੇ ਜਾਣਾ ਚਾਹੀਦਾ ਹੈ। ਇਹ ਸਾਰਾ ਕੁਝ ਕਰਨ ਨਾਲ ਅਸੀਂ ਕਿਸੇ ਵੀ ਅਤਿਆਚਾਰ ਨੂੰ ਦਲੇਰੀ ਨਾਲ ਸਹਿ ਸਕਾਂਗੇ, ਫਿਰ ਚਾਹੇ ਅਤਿਆਚਾਰ ਕਰਨ ਵਾਲੇ ਸਾਡੇ ਘਰਦੇ ਹੀ ਕਿਉਂ ਨਾ ਹੋਣ। ਪੌਲੁਸ ਰਸੂਲ ʼਤੇ ਵੀ ਕਈ ਵਾਰ ਅਤਿਆਚਾਰ ਕੀਤੇ ਗਏ ਸਨ। ਪਰ ਉਸ ਨੇ ਲਿਖਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”—ਇਬਰਾਨੀਆਂ 13:6.
ਬਾਕਾਇਦਾ ਪ੍ਰਚਾਰ ਕਰਨ ਨਾਲ ਵੀ ਸਾਡੀ ਹਿੰਮਤ ਵਧੇਗੀ। ਪ੍ਰਚਾਰ ਕਰਨ ਨਾਲ ਅਸੀਂ ਯਹੋਵਾਹ ʼਤੇ ਭਰੋਸਾ ਕਰਨਾ ਸਿੱਖਦੇ ਹਾਂ ਅਤੇ ਸਾਡੇ ਮਨ ਵਿੱਚੋਂ ਇਨਸਾਨਾਂ ਦਾ ਡਰ ਨਿਕਲ ਜਾਂਦਾ ਹੈ। (ਕਹਾਉਤਾਂ 29:25) ਜੇ ਅਸੀਂ ਅੱਜ ਹਿੰਮਤ ਕਰ ਕੇ ਪ੍ਰਚਾਰ ਕਰਾਂਗੇ, ਤਾਂ ਅਸੀਂ ਉਦੋਂ ਵੀ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਜਦੋਂ ਸਰਕਾਰ ਸਾਡੇ ਕੰਮ ʼਤੇ ਪਾਬੰਦੀ ਲਾ ਦੇਵੇਗੀ।—1 ਥੱਸਲੁਨੀਕੀਆਂ 2:2.
3. ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿਣ ਦੇ ਕੀ ਫ਼ਾਇਦੇ ਹੁੰਦੇ ਹਨ?
ਅਸੀਂ ਨਹੀਂ ਚਾਹੁੰਦੇ ਕਿ ਸਾਡੇ ʼਤੇ ਅਤਿਆਚਾਰ ਹੋਣ। ਪਰ ਜਦੋਂ ਅਸੀਂ ਅਤਿਆਚਾਰ ਸਹਿ ਕੇ ਵੀ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ। ਅਤਿਆਚਾਰ ਸਹਿੰਦੇ ਸਮੇਂ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਹੁਣ ਹੋਰ ਨਹੀਂ ਸਹਿ ਸਕਾਂਗੇ, ਉਦੋਂ ਯਹੋਵਾਹ ਸਾਨੂੰ ਸੰਭਾਲਦਾ ਹੈ। ਇਸ ਕਰਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਾਂ। (ਯਾਕੂਬ 1:2-4 ਪੜ੍ਹੋ।) ਸਾਨੂੰ ਦੁਖੀ ਦੇਖ ਕੇ ਯਹੋਵਾਹ ਵੀ ਦੁਖੀ ਹੁੰਦਾ ਹੈ। ਪਰ ਦੁੱਖਾਂ ਦੇ ਬਾਵਜੂਦ ਜਦੋਂ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਾਈਬਲ ਵਿਚ ਲਿਖਿਆ ਹੈ: “ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ।” (1 ਪਤਰਸ 2:20) ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਉਦੋਂ ਅਸੀਂ ਬਿਨਾਂ ਰੋਕ-ਟੋਕ ਦੇ ਉਸ ਦੀ ਭਗਤੀ ਕਰ ਸਕਾਂਗੇ।—ਮੱਤੀ 24:13.
ਹੋਰ ਸਿੱਖੋ
ਜਦੋਂ ਸਾਡਾ ਵਿਰੋਧ ਕੀਤਾ ਜਾਂਦਾ ਹੈ ਜਾਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਉਦੋਂ ਵੀ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ ਅਤੇ ਉਹ ਸਾਨੂੰ ਇਸ ਦਾ ਇਨਾਮ ਵੀ ਦੇਵੇਗਾ। ਆਓ ਜਾਣੀਏ ਕਿਵੇਂ।
4. ਤੁਸੀਂ ਪਰਿਵਾਰ ਦਾ ਵਿਰੋਧ ਸਹਿ ਸਕਦੇ ਹੋ
ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਡਾ ਪਰਿਵਾਰ ਸ਼ਾਇਦ ਸਾਡੇ ਇਸ ਫ਼ੈਸਲੇ ਤੋਂ ਖ਼ੁਸ਼ ਨਾ ਹੋਵੇ। ਯਿਸੂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੱਤੀ 10:34-36 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਇਕ ਵਿਅਕਤੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਸ਼ਾਇਦ ਉਸ ਦਾ ਪਰਿਵਾਰ ਕੀ ਕਰੇ?
ਇਸ ਗੱਲ ਨੂੰ ਸਮਝਣ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜੇ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕੇ, ਤਾਂ ਤੁਸੀਂ ਕੀ ਕਰੋਗੇ?
ਜ਼ਬੂਰ 27:10 ਅਤੇ ਮਰਕੁਸ 10:29, 30 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਤੁਹਾਡਾ ਪਰਿਵਾਰ ਜਾਂ ਦੋਸਤ ਤੁਹਾਡਾ ਵਿਰੋਧ ਕਰਨ, ਤਾਂ ਇਹ ਵਾਅਦਾ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹੈ?
5. ਅਤਿਆਚਾਰਾਂ ਦੇ ਬਾਵਜੂਦ ਯਹੋਵਾਹ ਦੀ ਭਗਤੀ ਕਰਦੇ ਰਹੋ
ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਉਦੋਂ ਯਹੋਵਾਹ ਦੀ ਭਗਤੀ ਕਰਦੇ ਰਹਿਣ ਲਈ ਸਾਨੂੰ ਹਿੰਮਤ ਦੀ ਲੋੜ ਹੁੰਦੀ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਇਨ੍ਹਾਂ ਤਜਰਬਿਆਂ ਵਿਚ ਦੱਸੀਆਂ ਕਿਨ੍ਹਾਂ ਗੱਲਾਂ ਤੋਂ ਤੁਹਾਨੂੰ ਹਿੰਮਤ ਮਿਲੀ?
ਰਸੂਲਾਂ ਦੇ ਕੰਮ 5:27-29 ਅਤੇ ਇਬਰਾਨੀਆਂ 10:24, 25 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਸਾਡੇ ਪ੍ਰਚਾਰ ਦੇ ਕੰਮ ਜਾਂ ਸਭਾਵਾਂ ʼਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਉਦੋਂ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਕਿਉਂ ਜ਼ਰੂਰੀ ਹੈ?
6. ਯਹੋਵਾਹ ਤੁਹਾਨੂੰ ਸਹਿਣ ਦੀ ਤਾਕਤ ਦੇਵੇਗਾ
ਦੁਨੀਆਂ ਭਰ ਵਿਚ ਅਲੱਗ-ਅਲੱਗ ਉਮਰ ਅਤੇ ਪਿਛੋਕੜ ਦੇ ਭੈਣ-ਭਰਾ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਵੀਡੀਓ ਵਿਚ ਦਿਖਾਏ ਭੈਣ-ਭਰਾ ਅਤਿਆਚਾਰ ਕਿੱਦਾਂ ਸਹਿ ਸਕੇ?
ਰੋਮੀਆਂ 8:35, 37-39 ਅਤੇ ਫ਼ਿਲਿੱਪੀਆਂ 4:13 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਇਹ ਆਇਤ ਪੜ੍ਹ ਕੇ ਤੁਹਾਡਾ ਭਰੋਸਾ ਕਿੱਦਾਂ ਵਧਦਾ ਹੈ ਕਿ ਤੁਸੀਂ ਕਿਸੇ ਵੀ ਅਜ਼ਮਾਇਸ਼ ਨੂੰ ਝੱਲ ਸਕਦੇ ਹੋ?
ਮੱਤੀ 5:10-12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਸੀਂ ਅਤਿਆਚਾਰਾਂ ਦੇ ਬਾਵਜੂਦ ਖ਼ੁਸ਼ ਕਿਉਂ ਰਹਿ ਸਕਦੇ ਹੋ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਨਹੀਂ ਲੱਗਦਾ ਕਿ ਮੈਂ ਅਤਿਆਚਾਰ ਸਹਿ ਸਕਾਂਗਾ।”
ਤੁਸੀਂ ਕਿਹੜੀਆਂ ਆਇਤਾਂ ਦਿਖਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹੋ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਅਤਿਆਚਾਰਾਂ ਦੇ ਬਾਵਜੂਦ ਉਸ ਦੇ ਵਫ਼ਾਦਾਰ ਰਹਿੰਦੇ ਹਾਂ। ਉਸ ਦੀ ਮਦਦ ਨਾਲ ਅਸੀਂ ਅਤਿਆਚਾਰ ਸਹਿ ਸਕਦੇ ਹਾਂ!
ਤੁਸੀਂ ਕੀ ਕਹੋਗੇ?
ਅਤਿਆਚਾਰ ਹੋਣ ਤੇ ਮਸੀਹੀਆਂ ਨੂੰ ਹੈਰਾਨੀ ਕਿਉਂ ਨਹੀਂ ਹੁੰਦੀ?
ਅਤਿਆਚਾਰ ਸਹਿਣ ਲਈ ਤੁਸੀਂ ਹੁਣ ਤੋਂ ਹੀ ਕੀ ਕਰ ਸਕਦੇ ਹੋ?
ਤੁਹਾਨੂੰ ਕਿਉਂ ਯਕੀਨ ਹੈ ਕਿ ਤੁਸੀਂ ਕਿਸੇ ਵੀ ਅਜ਼ਮਾਇਸ਼ ਵਿਚ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹੋ?
ਇਹ ਵੀ ਦੇਖੋ
ਇਕ ਜਵਾਨ ਭਰਾ ਨੂੰ ਨਿਰਪੱਖ ਰਹਿਣ ਕਰਕੇ ਜੇਲ੍ਹ ਦੀ ਸਜ਼ਾ ਹੋਈ। ਵੀਡੀਓ ਵਿਚ ਦੇਖੋ ਕਿ ਇਸ ਔਖੀ ਘੜੀ ਵਿਚ ਯਹੋਵਾਹ ਨੇ ਉਸ ਦੀ ਕਿੱਦਾਂ ਮਦਦ ਕੀਤੀ।
ਦੇਖੋ ਕਿ ਕਈ ਸਾਲਾਂ ਤਕ ਵਿਰੋਧ ਦੇ ਬਾਵਜੂਦ ਪਤੀ-ਪਤਨੀ ਯਹੋਵਾਹ ਦੀ ਸੇਵਾ ਕਿੱਦਾਂ ਕਰਦੇ ਰਹਿ ਸਕੇ।
ਜਾਣੋ ਕਿ ਅਸੀਂ ਦਲੇਰੀ ਨਾਲ ਅਤਿਆਚਾਰ ਕਿਵੇਂ ਸਹਿ ਸਕਦੇ ਹਾਂ।
“ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ” (ਪਹਿਰਾਬੁਰਜ, ਜੁਲਾਈ 2019)
ਜਦੋਂ ਸਾਡਾ ਪਰਿਵਾਰ ਵਿਰੋਧ ਕਰਦਾ ਹੈ, ਤਾਂ ਸਾਡੇ ਲਈ ਕਿਹੜੀ ਗੱਲ ਸਮਝਣੀ ਜ਼ਰੂਰੀ ਹੈ? ਇਨ੍ਹਾਂ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ?