ਆਸ਼ਾ ਨਾਲ ਟਿਕੇ ਹੋਏ ਅਤੇ ਪ੍ਰੇਮ ਦੁਆਰਾ ਪ੍ਰੇਰਿਤ
“ਹੁਣ ਤਾਂ ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ।”—1 ਕੁਰਿੰਥੀਆਂ 13:13.
1. ਪੌਲੁਸ ਰਸੂਲ ਸਾਨੂੰ ਕਿਹੜੀ ਚੇਤਾਵਨੀ ਦਿੰਦਾ ਹੈ?
ਪੌਲੁਸ ਰਸੂਲ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਇਕ ਬੇੜੀ ਦੀ ਤਰ੍ਹਾਂ, ਸਾਡੀ ਨਿਹਚਾ ਡੁੱਬ ਸਕਦੀ ਹੈ। ਉਹ ‘ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ ਰੱਖਣ’ ਬਾਰੇ ਗੱਲ ਕਰਦਾ ਹੈ “ਜਿਹ ਨੂੰ ਕਈਆਂ ਨੇ ਛੱਡ ਕੇ ਨਿਹਚਾ ਦੀ ਬੇੜੀ ਡੋਬ ਦਿੱਤੀ।” (1 ਤਿਮੋਥਿਉਸ 1:19) ਪਹਿਲੀ ਸਦੀ ਵਿਚ, ਸਮੁੰਦਰ ਤੇ ਚੱਲਣ ਵਾਲੀਆਂ ਕਿਸ਼ਤੀਆਂ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ। ਕਿਸ਼ਤੀਆਂ ਦੀ ਯਾਤਰਾ ਕਰਨ ਦੀ ਯੋਗਤਾ ਵਧੀਆ ਕਿਸਮ ਦੀ ਲੱਕੜ, ਨਾਲੇ ਕਿਸ਼ਤੀ ਦੇ ਬਣਾਉਣ ਵਾਲੇ ਦੀ ਕਾਰਾਗਰੀ ਉੱਤੇ ਨਿਰਭਰ ਕਰਦੀ ਸੀ।
2. ਸਾਡੀ ਨਿਹਚਾ ਦੀ ਬੇੜੀ ਚੰਗੀ ਤਰ੍ਹਾਂ ਕਿਉਂ ਬਣੀ ਹੋਣੀ ਚਾਹੀਦੀ ਹੈ, ਅਤੇ ਇਸ ਵਿਚ ਸਾਡੀ ਆਪੋ-ਆਪਣੀ ਜ਼ਿੰਮੇਵਾਰੀ ਕੀ ਹੈ?
2 ਸਾਨੂੰ ਮਨੁੱਖਜਾਤੀ ਦੇ ਤੂਫ਼ਾਨੀ ਸਮੁੰਦਰ ਵਿਚ ਆਪਣੀ ਨਿਹਚਾ ਦੀ ਬੇੜੀ ਨੂੰ ਡੁੱਬਣ ਨਹੀਂ ਦੇਣਾ ਚਾਹੀਦਾ। (ਯਸਾਯਾਹ 57:20; ਪਰਕਾਸ਼ ਦੀ ਪੋਥੀ 17:15) ਇਸ ਲਈ ਇਹ ਚੰਗੀ ਤਰ੍ਹਾਂ ਬਣੀ ਹੋਣੀ ਚਾਹੀਦੀ ਹੈ, ਅਤੇ ਇਹ ਸਾਰਿਆਂ ਦੀ ਆਪੋ-ਆਪਣੀ ਜ਼ਿੰਮੇਵਾਰੀ ਹੈ। ਜਦੋਂ ਮੁਢਲੇ ਮਸੀਹੀਆਂ ਲਈ ਯਹੂਦੀ ਅਤੇ ਰੋਮੀ ਸੰਸਾਰ ਦੇ “ਸਮੁੰਦਰ” ਬਹੁਤ ਜ਼ਿਆਦਾ ਤੂਫ਼ਾਨੀ ਬਣ ਰਹੇ ਸਨ, ਯਹੂਦਾਹ ਨੇ ਲਿਖਿਆ: “ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।” (ਯਹੂਦਾਹ 20, 21) ਕਿਉਂਕਿ ਯਹੂਦਾਹ ਨੇ ‘ਸੰਤਾਂ ਨੂੰ ਸੌਂਪੀ ਗਈ ਨਿਹਚਾ’ ਲਈ ਜਤਨ ਕਰਨ ਬਾਰੇ ਵੀ ਗੱਲ ਕੀਤੀ ਸੀ, ਇਹ ਸ਼ਬਦ “ਅੱਤ ਪਵਿੱਤਰ ਨਿਹਚਾ,” ਸਾਰੀਆਂ ਮਸੀਹੀ ਸਿੱਖਿਆਵਾਂ ਦਾ ਜ਼ਿਕਰ ਹੋ ਸਕਦਾ ਹੈ, ਜਿਸ ਵਿਚ ਮੁਕਤੀ ਦੀ ਖ਼ੁਸ਼ ਖ਼ਬਰੀ ਵੀ ਸ਼ਾਮਲ ਹੈ। (ਯਹੂਦਾਹ 3) ਇਸ ਨਿਹਚਾ ਦੀ ਨੀਂਹ ਮਸੀਹ ਹੈ। ਜੇ ਅਸੀਂ ਸੱਚੀ ਮਸੀਹੀ ਨਿਹਚਾ ਨੂੰ ਫੜੀ ਰੱਖਣਾ ਹੈ, ਤਾਂ ਪੱਕੀ ਨਿਹਚਾ ਦੀ ਜ਼ਰੂਰਤ ਹੈ।
‘ਸੰਪ੍ਰਦਾਵਾਂ ਬਾਰੇ ਡਰਾਵਿਆਂ’ ਦਾ ਤੂਫ਼ਾਨ ਸਹਿਣਾ
3. ਕੁਝ ਲੋਕ ‘ਸੰਪ੍ਰਦਾਵਾਂ ਬਾਰੇ ਡਰਾਵੇ’ ਨੂੰ ਕਿਵੇਂ ਇਸਤੇਮਾਲ ਕਰ ਰਹੇ ਹਨ?
3 ਹਾਲ ਹੀ ਦਿਆਂ ਸਾਲਾਂ ਵਿਚ, ਗੁਪਤ ਸੰਪ੍ਰਦਾਵਾਂ ਦੁਆਰਾ ਆਤਮ-ਹੱਤਿਆ, ਖ਼ੂਨ, ਅਤੇ ਆਤੰਕਵਾਦੀ ਹਮਲਿਆਂ ਦੇ ਵੱਡੇ ਪੈਮਾਨੇ ਤੇ ਕਈ ਭਿਆਨਕ ਕੇਸ ਹੋਏ ਹਨ। ਅਸੀਂ ਸਮਝ ਸਕਦੇ ਹਾਂ ਕਿ ਅਜਿਹੇ ਖ਼ਤਰਨਾਕ ਸੰਪ੍ਰਦਾਵਾਂ ਤੋਂ ਬਚਾਉ ਕਰਨ ਬਾਰੇ ਈਮਾਨਦਾਰ ਰਾਜਨੀਤਿਕ ਆਗੂਆਂ ਸਮੇਤ, ਕਈ ਹੋਰ ਵਿਅਕਤੀ ਬੇਗੁਨਾਹ ਲੋਕਾਂ, ਖ਼ਾਸ ਕਰਕੇ ਮਾਸੂਮ ਬੱਚਿਆਂ ਦੀ ਚਿੰਤਾ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਘੋਰ ਅਪਰਾਧਾਂ ਦੇ ਪਿੱਛੇ “ਇਸ ਜੁੱਗ ਦੇ ਈਸ਼ੁਰ” ਦਾ ਹੱਥ ਹੈ। ਉਸ ਨੇ ਮਾਨੋ ਸੰਪ੍ਰਦਾਵਾਂ ਬਾਰੇ ਡਰਾਵਾ ਪੈਦਾ ਕੀਤਾ ਹੈ ਅਤੇ ਉਹ ਇਸ ਨੂੰ ਯਹੋਵਾਹ ਦੇ ਲੋਕਾਂ ਦੇ ਖ਼ਿਲਾਫ਼ ਇਸਤੇਮਾਲ ਕਰ ਰਿਹਾ ਹੈ। (2 ਕੁਰਿੰਥੀਆਂ 4:4; ਪਰਕਾਸ਼ ਦੀ ਪੋਥੀ 12:12) ਕੁਝ ਲੋਕਾਂ ਨੇ ਇਸ ਹਾਲਤ ਦਾ ਫ਼ਾਇਦਾ ਉਠਾ ਕੇ ਸਾਡੇ ਕੰਮ ਦੇ ਖ਼ਿਲਾਫ਼ ਵਿਰੋਧ ਪੈਦਾ ਕੀਤਾ ਹੈ। ਕੁਝ ਮੁਲਕਾਂ ਵਿਚ, ਉਨ੍ਹਾਂ ਨੇ ਦਿਖਾਵੇ ਲਈ ਲੋਕਾਂ ਨੂੰ “ਖ਼ਤਰਨਾਕ ਸੰਪ੍ਰਦਾਵਾਂ” ਤੋਂ ਬਚਾਉਣ ਲਈ ਕਾਰਵਾਈਆਂ ਕੀਤੀਆਂ ਹਨ, ਪਰ ਗ਼ਲਤੀ ਨਾਲ ਇਨ੍ਹਾਂ ਵਿਚ ਯਹੋਵਾਹ ਦਿਆਂ ਗਵਾਹਾਂ ਦਾ ਨਾਂ ਵੀ ਜੋੜਿਆ ਗਿਆ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਚਲਾਕੀ ਨਾਲ ਸਾਡੇ ਉੱਤੇ ਵੀ ਇਲਜ਼ਾਮ ਲਾਏ ਹਨ। ਇਸ ਨੇ ਕੁਝ ਯੂਰਪੀ ਦੇਸ਼ਾਂ ਵਿਚ ਘਰ-ਘਰ ਜਾਣ ਦੀ ਸੇਵਕਾਈ ਨੂੰ ਔਖਾ ਬਣਾ ਦਿੱਤਾ ਹੈ ਅਤੇ ਕੁਝ ਲੋਕਾਂ ਨੇ, ਜੋ ਸਾਡੇ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਸਨ, ਆਪਣੀ ਬਾਈਬਲ ਸਟੱਡੀ ਬੰਦ ਕਰ ਦਿੱਤੀ ਹੈ। ਨਤੀਜੇ ਵਜੋਂ, ਸਾਡੇ ਕੁਝ ਭਰਾ ਹੌਸਲਾ ਵੀ ਹਾਰ ਗਏ ਹਨ।
4. ਵਿਰੋਧਤਾ ਦੇ ਕਾਰਨ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?
4 ਪਰ, ਸਾਡਾ ਹੌਸਲਾ ਢਾਹੁਣ ਦੀ ਬਜਾਇ, ਵਿਰੋਧਤਾ ਨੂੰ ਸਾਡੇ ਯਕੀਨ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿ ਅਸੀਂ ਸੱਚੀ ਮਸੀਹੀਅਤ ਦਾ ਅਭਿਆਸ ਕਰ ਰਹੇ ਹਾਂ। (ਮੱਤੀ 5:11, 12) ਮੁਢਲੇ ਮਸੀਹੀਆਂ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਹ ਇਕ ਵਿਦਰੋਹੀ ਪੰਥ ਸਨ, ਅਤੇ ਉਨ੍ਹਾਂ ਬਾਰੇ ਹਰ ਥਾਂ ਲੋਕ “ਬੁਰਾ ਆਖਦੇ” ਸਨ। (ਰਸੂਲਾਂ ਦੇ ਕਰਤੱਬ 24:5; 28:22) ਪਰ ਪਤਰਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਇਹ ਲਿਖਿਆ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ। ਸਗੋਂ ਜਿੰਨੇਕੁ ਤੁਸੀਂ ਮਸੀਹ ਦੇ ਦੁਖਾਂ ਵਿੱਚ ਸਾਂਝੀ ਹੋ ਉੱਨਾਕੁ ਅਨੰਦ ਕਰੋ ਭਈ ਉਹ ਦੇ ਤੇਜ ਦੇ ਪਰਕਾਸ਼ ਹੋਣ ਦੇ ਵੇਲੇ ਭੀ ਤੁਸੀਂ ਡਾਢੇ ਅਨੰਦ ਨਾਲ ਨਿਹਾਲ ਹੋਵੋ।” (1 ਪਤਰਸ 4:12, 13) ਇਸੇ ਤਰ੍ਹਾਂ, ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਨੇ ਲਿਖਿਆ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ। ਅਤੇ ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:2-4) ਜਿਸ ਤਰ੍ਹਾਂ ਤੇਜ਼ ਤੂਫ਼ਾਨੀ ਹਵਾ ਕਿਸੇ ਕਿਸ਼ਤੀ ਦੀ ਯਾਤਰਾ ਕਰਨ ਦੀ ਯੋਗਤਾ ਨੂੰ ਅਜ਼ਮਾਉਂਦੀ ਹੈ, ਉਸੇ ਤਰ੍ਹਾਂ, ਵਿਰੋਧਤਾ ਦੇ ਤੂਫ਼ਾਨ ਸਾਡੀ ਨਿਹਚਾ ਦੀ ਬੇੜੀ ਵਿਚ ਕਿਸੇ ਵੀ ਕਮਜ਼ੋਰੀ ਨੂੰ ਪ੍ਰਗਟ ਕਰ ਦੇਣਗੇ।
ਬਿਪਤਾ ਧੀਰਜ ਪੈਦਾ ਕਰਦੀ ਹੈ
5. ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਬਿਪਤਾ ਅਧੀਨ ਸਾਡੀ ਨਿਹਚਾ ਦ੍ਰਿੜ੍ਹ ਰਹੇਗੀ?
5 ਮਸੀਹੀ, ਬਿਪਤਾ ਦੇ ਤੂਫ਼ਾਨ ਝੱਲਣ ਤੋਂ ਬਾਅਦ ਹੀ ਆਪਣੇ ਧੀਰਜ ਅਤੇ ਆਪਣੀ ਨਿਹਚਾ ਦੀ ਦ੍ਰਿੜ੍ਹਤਾ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਨ। ਤੂਫ਼ਾਨੀ ਸਮੁੰਦਰਾਂ ਵਿਚ ਸਾਡੇ ਧੀਰਜ ‘ਦਾ ਕੰਮ’ ਤਾਂ ਹੀ ‘ਪੂਰਾ ਹੋ’ ਸਕਦਾ ਹੈ ਜੇ ਅਸੀਂ ‘ਸੰਪੂਰਨ ਹੋਈਏ ਅਤੇ ਸਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ,’ ਜਿਸ ਵਿਚ ਪੱਕੀ ਨਿਹਚਾ ਵੀ ਸ਼ਾਮਲ ਹੈ। ਪੌਲੁਸ ਨੇ ਲਿਖਿਆ: “ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ [ਅਸੀਂ] ਆਪਣੇ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ।”—2 ਕੁਰਿੰਥੀਆਂ 6:4.
6. ਸਾਨੂੰ “ਬਿਪਤਾਂ ਵਿੱਚ ਵੀ ਅਭਮਾਨ” ਕਿਉਂ ਕਰਨਾ ਚਾਹੀਦਾ ਹੈ, ਅਤੇ ਇਹ ਸਾਡੀ ਆਸ਼ਾ ਨੂੰ ਕਿਵੇਂ ਮਜ਼ਬੂਤ ਕਰਦਾ ਹੈ?
6 ਸਾਨੂੰ ਬਿਪਤਾ ਦੀ ਤੇਜ਼ ਹਵਾ ਨੂੰ, ਜੋ ਅਸੀਂ ਕਦੀ-ਕਦੀ ਅਨੁਭਵ ਕਰਦੇ ਹਾਂ, ਇਹ ਸਾਬਤ ਕਰਨ ਦਾ ਮੌਕਾ ਸਮਝਣਾ ਚਾਹੀਦਾ ਹੈ ਕਿ ਸਾਡੀ ਨਿਹਚਾ ਦੀ ਬੇੜੀ ਮਜ਼ਬੂਤ ਅਤੇ ਅਡੋਲ ਹੈ। ਰੋਮ ਦੇ ਮਸੀਹੀਆਂ ਨੂੰ ਪੌਲੁਸ ਨੇ ਲਿਖਿਆ: “[ਆਓ ਅਸੀਂ] ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ [ਅਸੀਂ] ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ। ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ।” (ਰੋਮੀਆਂ 5:3-5) ਜਦੋਂ ਅਸੀਂ ਅਜ਼ਮਾਇਸ਼ਾਂ ਦੇ ਅਧੀਨ ਦ੍ਰਿੜ੍ਹ ਰਹਿੰਦੇ ਹਾਂ, ਸਾਨੂੰ ਯਹੋਵਾਹ ਦੀ ਪ੍ਰਵਾਨਗੀ ਮਿਲਦੀ ਹੈ। ਨਤੀਜੇ ਵਜੋਂ, ਸਾਡੀ ਆਸ਼ਾ ਮਜ਼ਬੂਤ ਹੁੰਦੀ ਹੈ।
ਕੁਝ ਮਸੀਹੀਆਂ ਦੀ ਬੇੜੀ ਕਿਉਂ ਡੁੱਬਦੀ ਹੈ
7. (ੳ) ਜਿਵੇਂ ਪੌਲੁਸ ਦੇ ਸ਼ਬਦ ਦਿਖਾਉਂਦੇ ਹਨ, ਕਈਆਂ ਦੀ ਬੇੜੀ ਰੂਹਾਨੀ ਤੌਰ ਤੇ ਕਿਵੇਂ ਡੁੱਬ ਗਈ ਸੀ? (ਅ) ਅੱਜ ਕੁਝ ਮਸੀਹੀ ਸੱਚਾਈ ਦੇ ਰਾਹੋਂ ਕਿਵੇਂ ਖੁੰਝ ਗਏ ਹਨ?
7 ਜਦੋਂ ਪੌਲੁਸ ਨੇ ‘ਬੇੜੀ ਡੁੱਬਣ’ ਬਾਰੇ ਚੇਤਾਵਨੀ ਦਿੱਤੀ ਸੀ, ਉਹ ਉਨ੍ਹਾਂ ਬਾਰੇ ਸੋਚ ਰਿਹਾ ਸੀ ਜੋ ਸ਼ੁੱਧ ਜ਼ਮੀਰ “ਛੱਡ ਕੇ” ਆਪਣੀ ਨਿਹਚਾ ਖੋਹ ਬੈਠੇ ਸਨ। (1 ਤਿਮੋਥਿਉਸ 1:19) ਉਨ੍ਹਾਂ ਵਿਚਕਾਰ ਹੁਮਿਨਾਯੁਸ ਅਤੇ ਸਿਕੰਦਰ ਸਨ ਜੋ ਧਰਮ-ਤਿਆਗੀ ਬਣ ਕੇ ਸੱਚਾਈ ਦੇ ਰਾਹੋਂ ਖੁੰਝ ਗਏ ਸਨ ਅਤੇ ਕੁਫ਼ਰ ਦੀਆਂ ਗੱਲਾਂ ਬਕਣ ਲੱਗ ਪਏ ਸਨ। (1 ਤਿਮੋਥਿਉਸ 1:20; 2 ਤਿਮੋਥਿਉਸ 2:17, 18) ਅੱਜ ਸੱਚਾਈ ਦੇ ਰਾਹੋਂ ਖੁੰਝਣ ਵਾਲੇ ਧਰਮ-ਤਿਆਗੀ ਸ਼ਬਦਾਂ ਰਾਹੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਬੁਰਾ-ਭਲਾ ਕਹਿੰਦੇ ਹਨ। ਇਸ ਤਰ੍ਹਾਂ ਉਹ ਨਮਕ ਹਰਾਮੀ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਤਾਂ “ਦੁਸ਼ਟ ਨੌਕਰ” ਵਰਗੇ ਹਨ, ਜੋ ਅਸਲ ਵਿਚ ਇਹੀ ਕਹਿੰਦੇ ਹਨ ਕਿ “ਮੇਰਾ ਮਾਲਕ ਚਿਰ ਲਾਉਂਦਾ ਹੈ।” (ਮੱਤੀ 24:44-49; 2 ਤਿਮੋਥਿਉਸ 4:14, 15) ਉਹ ਇਨਕਾਰ ਕਰਦੇ ਹਨ ਕਿ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ ਅਤੇ ਉਹ ਅਧਿਆਤਮਿਕ ਤੌਰ ਤੇ ਸਚੇਤ ਨੌਕਰ ਵਰਗ ਨੂੰ ਯਹੋਵਾਹ ਦਿਆਂ ਲੋਕਾਂ ਵਿਚਕਾਰ ਸਾਡੇ ਸਮਿਆਂ ਬਾਰੇ ਤੀਬਰਤਾ ਦੀ ਭਾਵਨਾ ਕਾਇਮ ਰੱਖਣ ਲਈ ਨਿੰਦਦੇ ਹਨ। (ਯਸਾਯਾਹ 1:3) ਅਜਿਹੇ ਧਰਮ-ਤਿਆਗੀ ‘ਕਈਆਂ ਦੀ ਨਿਹਚਾ ਨੂੰ ਵਿਗਾੜਨ’ ਵਿਚ ਸਫ਼ਲ ਹੁੰਦੇ ਹਨ, ਅਤੇ ਰੂਹਾਨੀ ਤੌਰ ਤੇ ਬੇੜੀ ਡਬੋ ਦਿੰਦੇ ਹਨ।—2 ਤਿਮੋਥਿਉਸ 2:18.
8. ਕਈਆਂ ਨੇ ਆਪਣੀ ਨਿਹਚਾ ਦੀ ਬੇੜੀ ਨੂੰ ਕਿਵੇਂ ਤਬਾਹ ਕਰ ਦਿੱਤਾ ਜਾਂ ਡਬੋ ਦਿੱਤਾ ਹੈ?
8 ਦੂਸਰਿਆਂ ਸਮਰਪਿਤ ਮਸੀਹੀਆਂ ਨੇ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣਨ ਦੁਆਰਾ ਆਪਣੀ ਨਿਹਚਾ ਦੀ ਬੇੜੀ ਡਬੋ ਦਿੱਤੀ ਹੈ। ਉਹ ਇਸ ਸੰਸਾਰ ਦੀਆਂ ਰੰਗ-ਰਲੀਆਂ ਵਿਚ ਮਸਤ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਦੀਆਂ ਬਦਚਲਣੀਆਂ ਨੂੰ ਅਪਣਾ ਲਿਆ ਹੈ। (2 ਪਤਰਸ 2:20-22) ਦੂਸਰੇ ਆਪਣੀ ਨਿਹਚਾ ਦੀ ਬੇੜੀ ਡਬੋ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਖ਼ਿਆਲ ਅਨੁਸਾਰ, ਨਵੀਂ ਰੀਤੀ-ਵਿਵਸਥਾ ਅਜੇ ਬਹੁਤ ਦੂਰ ਲੱਗਦੀ ਹੈ। ਉਹ ਖ਼ਾਸ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਸਮੇਂ ਦਾ ਅੰਦਾਜ਼ਾ ਨਹੀਂ ਲਾ ਸਕਦੇ, ਅਤੇ ਆਪਣੇ ਮਨ ਵਿਚ ‘ਯਹੋਵਾਹ ਦੇ ਦਿਨ’ ਨੂੰ ਬਹੁਤ ਦੂਰ ਰੱਖਦੇ ਹਨ, ਇਸ ਲਈ ਉਹ ਸੱਚੀ ਉਪਾਸਨਾ ਕਰਨੀ ਛੱਡ ਦਿੰਦੇ ਹਨ। (2 ਪਤਰਸ 3:10-13; 1 ਪਤਰਸ 1:9) ਬਹੁਤ ਜਲਦੀ ਉਹ ਫਿਰ ਤੋਂ ਇਸ ਰੀਤੀ-ਵਿਵਸਥਾ ਦੇ ਮੁਸੀਬਤਾਂ ਭਰੇ ਗੰਦੇ ਪਾਣੀਆਂ ਵਿਚ ਪੈ ਜਾਂਦੇ ਹਨ। (ਯਸਾਯਾਹ 17:12, 13; 57:20) ਕਈ ਜੋ ਮਸੀਹੀ ਕਲੀਸਿਯਾ ਨਾਲ ਸੰਗਤ ਕਰਨੀ ਛੱਡ ਦਿੰਦੇ ਹਨ ਅਜੇ ਵੀ ਮੰਨਦੇ ਹਨ ਕਿ ਕਲੀਸਿਯਾ ਸੱਚੇ ਧਰਮ ਦਾ ਅਭਿਆਸ ਕਰ ਰਹੀ ਹੈ। ਪਰ, ਸਪੱਸ਼ਟ ਹੈ ਕਿ ਉਹ ਧੀਰਜ ਅਤੇ ਸਬਰ ਨਾਲ ਨਵੇਂ ਸੰਸਾਰ ਦਾ ਇੰਤਜ਼ਾਰ ਨਹੀਂ ਕਰ ਸਕਦੇ ਜਿਸ ਦਾ ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ। ਉਨ੍ਹਾਂ ਲਈ ਫਿਰਦੌਸ ਵਿਚ ਜੀਵਨ ਬਹੁਤ ਦੇਰ ਕਰ ਰਿਹਾ ਹੈ।
9. ਕੁਝ ਸਮਰਪਿਤ ਮਸੀਹੀ ਕੀ ਕਰ ਰਹੇ ਹਨ, ਅਤੇ ਇਨ੍ਹਾਂ ਹਕੀਕਤਾਂ ਨੂੰ ਸਾਨੂੰ ਕਿਸ ਬਾਰੇ ਸੋਚਣ ਲਈ ਮਜਬੂਰ ਕਰਨਾ ਚਾਹੀਦਾ ਹੈ?
9 ਇਸ ਤਰ੍ਹਾਂ ਲੱਗਦਾ ਹੈ ਕਿ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਸਮਰਪਿਤ ਮਸੀਹੀਆਂ ਨੇ ਆਪਣੀ ਨਿਹਚਾ ਦੀ ਬੇੜੀ ਦੇ ਬਾਦਬਾਨ ਨੂੰ ਘਟਾ ਕੇ ਰਫ਼ਤਾਰ ਹੌਲੀ ਕਰ ਲਈ ਹੈ। ਭਾਵੇਂ ਬੇੜੀ ਅਜੇ ਡੁੱਬੀ ਨਹੀਂ, ਉਹ ਪੂਰੀ ਨਿਹਚਾ ਵਿਚ ਤੇਜ਼ੀ ਨਾਲ ਚੱਲਣ ਦੀ ਬਜਾਇ ਹੌਲੀ-ਹੌਲੀ ਚੱਲਦੇ ਹਨ। ਜਦੋਂ ਉਹ ਉਸ ਉਮੀਦ ਦੁਆਰਾ ਖਿੱਚੇ ਗਏ ਸਨ ਕਿ “ਫਿਰਦੌਸ ਜਲਦੀ” ਹੀ ਆਉਣ ਵਾਲਾ ਹੈ, ਉਹ ਉਸ ਨੂੰ ਹਾਸਲ ਕਰਨ ਲਈ ਪੂਰਾ ਜਤਨ ਕਰਨ ਲਈ ਤਿਆਰ ਸਨ—ਉਹ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਸਨ ਅਤੇ ਸਾਰੀਆਂ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਲਗਾਤਾਰ ਆਉਂਦੇ ਸਨ। ਹੁਣ ਇਹ ਸੋਚਦੇ ਹੋਏ ਕਿ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਉਨ੍ਹਾਂ ਦੇ ਲਾਏ ਅੰਦਾਜ਼ੇ ਤੋਂ ਬਹੁਤ ਦੂਰ ਹੈ, ਉਹ ਹੁਣ ਇੰਨੀ ਮਿਹਨਤ ਨਹੀਂ ਕਰਨੀ ਚਾਹੁੰਦੇ। ਇਸ ਦਾ ਸਬੂਤ ਉਨ੍ਹਾਂ ਦੇ ਪ੍ਰਚਾਰ ਦੇ ਘਟਦੇ ਕੰਮ, ਸਭਾਵਾਂ ਵਿਚ ਸਿਰਫ਼ ਕਦੀ-ਕਦੀ ਆਉਣ, ਅਤੇ ਸੰਮੇਲਨਾਂ ਜਾਂ ਮਹਾਂ-ਸੰਮੇਲਨਾਂ ਦੇ ਕੁਝ ਹੀ ਹਿੱਸਿਆਂ ਤੇ ਹਾਜ਼ਰ ਹੋਣ ਤੋਂ ਮਿਲਦਾ ਹੈ। ਦੂਸਰੇ ਮਸੀਹੀ ਮਨੋਰੰਜਨ ਲਈ ਅਤੇ ਸੁਖ-ਸਾਧਨ ਹਾਸਲ ਕਰਨ ਵਿਚ ਜ਼ਿਆਦਾ ਸਮਾਂ ਲਗਾ ਰਹੇ ਹਨ। ਇਹ ਹਕੀਕਤਾਂ ਸਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਯਹੋਵਾਹ ਨੂੰ ਸਾਡੇ ਸਮਰਪਣ ਦੇ ਅਨੁਸਾਰ, ਸਾਡੀਆਂ ਜ਼ਿੰਦਗੀਆਂ ਵਿਚ ਪ੍ਰੇਰਣਾ ਸ਼ਕਤੀ ਕੀ ਹੋਣੀ ਚਾਹੀਦੀ ਹੈ? ਕੀ ਉਸ ਦੀ ਸੇਵਾ ਵਿਚ ਸਾਡਾ ਜੋਸ਼ ਇਸ ਉਮੀਦ ਉੱਤੇ ਨਿਰਭਰ ਹੋਣਾ ਚਾਹੀਦਾ ਹੈ ਕਿ “ਫਿਰਦੌਸ ਜਲਦੀ” ਹੀ ਆਉਣ ਵਾਲਾ ਹੈ?
ਆਸ਼ਾ ਨੂੰ ਲੰਗਰ ਨਾਲ ਦਰਸਾਉਣਾ
10, 11. ਪੌਲੁਸ ਨੇ ਸਾਡੀ ਆਸ਼ਾ ਨੂੰ ਕਿਸ ਚੀਜ਼ ਨਾਲ ਦਰਸਾਇਆ, ਅਤੇ ਇਹ ਤੁਲਨਾ ਢੁੱਕਵੀਂ ਕਿਉਂ ਹੈ?
10 ਪੌਲੁਸ ਨੇ ਦੱਸਿਆ ਸੀ ਕਿ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਅਬਰਾਹਾਮ ਰਾਹੀਂ ਬਰਕਤਾਂ ਆਉਣਗੀਆਂ। ਫਿਰ ਰਸੂਲ ਨੇ ਸਮਝਾਇਆ: “ਪਰਮੇਸ਼ੁਰ ਨੇ . . . ਵਿਚਾਲੇ ਸੌਂਹ ਲਿਆਂਦੀ ਭਈ ਦੋ ਅਟੱਲ ਗੱਲਾਂ [ਉਸ ਦਾ ਬਚਨ ਅਤੇ ਉਸ ਦੀ ਸਹੁੰ] ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸਾ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਾਂ। ਅਤੇ ਉਹ ਆਸਾ ਮਾਨੋ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਅਚੱਲ ਅਤੇ ਇਸਥਿਰ ਹੈ।” (ਇਬਰਾਨੀਆਂ 6:17-19; ਉਤਪਤ 22:16-18) ਮਸਹ ਕੀਤੇ ਹੋਏ ਮਸੀਹੀਆਂ ਦੇ ਸਾਮ੍ਹਣੇ ਸਵਰਗ ਵਿਚ ਅਮਰ ਜੀਵਨ ਦੀ ਆਸ਼ਾ ਰੱਖੀ ਗਈ ਹੈ। ਅੱਜ, ਯਹੋਵਾਹ ਦੇ ਜ਼ਿਆਦਾਤਰ ਸੇਵਕ ਫਿਰਦੌਸ ਧਰਤੀ ਉੱਤੇ ਸਦਾ ਦੇ ਜੀਵਨ ਦੀ ਸ਼ਾਨਦਾਰ ਆਸ਼ਾ ਰੱਖਦੇ ਹਨ। (ਲੂਕਾ 23:43, ਨਿ ਵ) ਅਜਿਹੀ ਆਸ਼ਾ ਤੋਂ ਬਿਨਾਂ, ਕੋਈ ਵਿਅਕਤੀ ਨਿਹਚਾ ਨਹੀਂ ਰੱਖ ਸਕਦਾ।
11 ਲੰਗਰ ਇਕ ਤਾਕਤਵਰ ਸੁਰੱਖਿਆ ਦਾ ਸਾਧਨ ਹੈ, ਜੋ ਕਿਸ਼ਤੀ ਨੂੰ ਇਕ ਜਗ੍ਹਾ ਅਟਕਾਈ ਰੱਖਣ ਅਤੇ ਦੂਰ ਰੁੜ੍ਹਨ ਤੋਂ ਰੋਕਣ ਲਈ ਜ਼ਰੂਰੀ ਹੈ। ਕੋਈ ਵੀ ਮਲਾਹ ਲੰਗਰ ਬਿਨਾਂ ਬੰਦਰਗਾਹ ਨਹੀਂ ਛੱਡੇਗਾ। ਸਫ਼ਰ ਕਰਦੇ ਸਮੇਂ ਪੌਲੁਸ ਦੀ ਬੇੜੀ ਕਈ ਵਾਰ ਡੁੱਬ ਚੁੱਕੀ ਸੀ, ਅਤੇ ਇਸ ਲਈ ਉਹ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਸਮੁੰਦਰੀ ਯਾਤਰਾ ਕਰਨ ਵਾਲਿਆਂ ਦੀਆਂ ਜਾਨਾਂ ਅਕਸਰ ਜਹਾਜ਼ ਦੇ ਲੰਗਰ ਉੱਤੇ ਨਿਰਭਰ ਕਰਦੀਆਂ ਸਨ। (ਰਸੂਲਾਂ ਦੇ ਕਰਤੱਬ 27:29, 39, 40; 2 ਕੁਰਿੰਥੀਆਂ 11:25) ਪਹਿਲੀ ਸਦੀ ਦੀਆਂ ਕਿਸ਼ਤੀਆਂ ਵਿਚ ਇੰਜਣ ਨਹੀਂ ਹੁੰਦੇ ਸਨ, ਇਸ ਕਰਕੇ ਕਪਤਾਨ ਕਿਸ਼ਤੀ ਨੂੰ ਆਪਣੀ ਮਰਜ਼ੀ ਅਨੁਸਾਰ ਨਹੀਂ ਚਲਾ ਸਕਦਾ ਸੀ। ਪਤਵਾਰ ਨਾਲ ਚਲਾਏ ਗਏ ਜੰਗੀ ਜਹਾਜ਼ਾਂ ਤੋਂ ਇਲਾਵਾ, ਕਿਸ਼ਤੀਆਂ ਮੁੱਖ ਤੌਰ ਤੇ ਅੱਗੇ ਵਧਣ ਵਾਸਤੇ ਹਵਾ ਉੱਤੇ ਨਿਰਭਰ ਕਰਦੀਆਂ ਸਨ। ਜਦੋਂ ਕਪਤਾਨ ਦਾ ਜਹਾਜ਼ ਪੱਥਰਾਂ ਵਿਚ ਲੱਗਣ ਦੇ ਖ਼ਤਰੇ ਵਿਚ ਪੈ ਜਾਂਦਾ ਸੀ, ਤਾਂ ਉਸ ਲਈ ਤੂਫ਼ਾਨ ਵਿੱਚੋਂ ਬਚ ਕੇ ਲੰਘਣ ਦਾ ਇੱਕੋ ਚਾਰਾ ਹੁੰਦਾ ਸੀ ਕਿ ਉਹ ਲੰਗਰ ਨੂੰ ਪਾਣੀ ਵਿਚ ਸੁੱਟ ਦੇਵੇ, ਅਤੇ ਉਹ ਇਹੋ ਉਮੀਦ ਰੱਖਦਾ ਸੀ ਕਿ ਲੰਗਰ ਸਮੁੰਦਰ ਦਾ ਤਲ ਫੜੀ ਰੱਖੇਗਾ। ਇਸ ਲਈ ਪੌਲੁਸ ਨੇ ਇਕ ਮਸੀਹੀ ਦੀ ਆਸ਼ਾ ਨੂੰ ‘ਜਾਨ ਦੇ ਲੰਗਰ’ ਨਾਲ ਦਰਸਾਇਆ “ਜਿਹੜਾ ਅਚੱਲ ਅਤੇ ਇਸਥਿਰ ਹੈ।” (ਇਬਰਾਨੀਆਂ 6:19) ਜਦੋਂ ਅਸੀਂ ਵਿਰੋਧ ਜਾਂ ਹੋਰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ, ਸਾਡੀ ਸ਼ਾਨਦਾਰ ਆਸ਼ਾ ਇਕ ਲੰਗਰ ਵਾਂਗ ਹੁੰਦੀ ਹੈ ਜੋ ਸਾਡੀਆਂ ਜਾਨਾਂ ਨੂੰ ਸਥਿਰ ਬਣਾਉਂਦੀ ਹੈ, ਤਾਂਕਿ ਸਾਡੀ ਨਿਹਚਾ ਦੀ ਬੇੜੀ ਸ਼ੱਕ ਦੇ ਘੱਟ ਡੂੰਘੇ ਖ਼ਤਰਨਾਕ ਪਾਣੀਆਂ ਵਿਚ ਨਾ ਆ ਜਾਵੇ, ਜਾਂ ਧਰਮ-ਤਿਆਗ ਦੇ ਤਬਾਹੀ ਵਾਲੇ ਪੱਥਰਾਂ ਵਿਚ ਨਾ ਲੱਗ ਜਾਵੇ।—ਇਬਰਾਨੀਆਂ 2:1; ਯਹੂਦਾਹ 8-13.
12. ਅਸੀਂ ਯਹੋਵਾਹ ਤੋਂ ਬੇਮੁਖ ਹੋਣ ਤੋਂ ਕਿਵੇਂ ਬਚ ਸਕਦੇ ਹਾਂ?
12 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।” (ਇਬਰਾਨੀਆਂ 3:12) ਯੂਨਾਨੀ ਲਿਖਤਾਂ ਵਿਚ, “ਬੇਮੁਖ ਹੋਣ” ਦਾ ਮਤਲਬ ਹੈ “ਦੂਰ ਖੜ੍ਹਨਾ,” ਯਾਨੀ ਕਿ ਧਰਮ ਤਿਆਗਣਾ। ਪਰ ਅਸੀਂ ਬੇੜੀ ਦੇ ਅਜਿਹੇ ਡੁੱਬਣ ਤੋਂ ਬਚ ਸਕਦੇ ਹਾਂ। ਪਰੀਖਿਆ ਦੇ ਸਭ ਤੋਂ ਭੈੜੇ ਤੂਫ਼ਾਨ ਵਿਚ ਵੀ ਨਿਹਚਾ ਅਤੇ ਆਸ਼ਾ ਸਾਨੂੰ ਪਰਮੇਸ਼ੁਰ ਦੇ ਅੰਗ ਸੰਗ ਲੱਗੇ ਰਹਿਣ ਵਿਚ ਸਾਡੀ ਮਦਦ ਕਰਨਗੇ। (ਬਿਵਸਥਾ ਸਾਰ 4:4; 30:19, 20) ਸਾਡੀ ਨਿਹਚਾ ਅਜਿਹੀ ਬੇੜੀ ਵਾਂਗ ਨਹੀਂ ਹੋਵੇਗੀ ਜੋ ਧਰਮ-ਤਿਆਗੀ ਸਿੱਖਿਆ ਦੀ ਹਵਾ ਨਾਲ ਇੱਧਰ ਉੱਧਰ ਡੋਲਦੀ ਫਿਰਦੀ ਹੈ। (ਅਫ਼ਸੀਆਂ 4:13, 14) ਅਸੀਂ ਯਹੋਵਾਹ ਦੇ ਸੇਵਕਾਂ ਵਜੋਂ ਲੰਗਰ ਵਰਗੀ ਆਸ਼ਾ ਨਾਲ ਜ਼ਿੰਦਗੀ ਦੇ ਤੂਫ਼ਾਨ ਸਹਿ ਸਕਾਂਗੇ।
ਪ੍ਰੇਮ ਅਤੇ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ
13, 14. (ੳ) ਸਾਡੀ ਆਸ਼ਾ ਦਾ ਲੰਗਰ ਹੋਣਾ ਹੀ ਕਾਫ਼ੀ ਕਿਉਂ ਨਹੀਂ ਹੈ? (ਅ) ਯਹੋਵਾਹ ਦੀ ਪਵਿੱਤਰ ਸੇਵਾ ਕਰਨ ਲਈ ਪ੍ਰੇਰਣਾ ਸ਼ਕਤੀ ਕੀ ਹੋਣੀ ਚਾਹੀਦੀ ਹੈ, ਅਤੇ ਕਿਉਂ?
13 ਇਕ ਮਸੀਹੀ ਨਵੀਂ ਵਿਵਸਥਾ ਵੱਲ ਤਰੱਕੀ ਨਹੀਂ ਕਰੇਗਾ ਜੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਸਿਰਫ਼ ਇਸ ਗੱਲ ਤੋਂ ਹੀ ਪ੍ਰੇਰਿਤ ਹੁੰਦਾ ਹੈ ਕਿ ਉਸ ਨੂੰ ਫਿਰਦੌਸ ਧਰਤੀ ਉੱਤੇ ਸਦਾ ਦਾ ਜੀਵਨ ਮਿਲੇਗਾ। ਜਦ ਕਿ ਆਸ਼ਾ ਦਾ ਲੰਗਰ ਜੀਵਨ ਵਿਚ ਸਥਿਰ ਰਹਿਣ ਵਾਸਤੇ ਰੱਖਣਾ ਚਾਹੀਦਾ ਹੈ, ਮਸੀਹੀ ਨੂੰ ਆਸ਼ਾ ਅਤੇ ਨਿਹਚਾ ਦੇ ਨਾਲ-ਨਾਲ ਪ੍ਰੇਮ ਦੀ ਪ੍ਰੇਰਣਾ ਦੀ ਵੀ ਜ਼ਰੂਰਤ ਹੁੰਦੀ ਹੈ। ਪੌਲੁਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਜਦੋਂ ਉਸ ਨੇ ਲਿਖਿਆ: “ਹੁਣ ਤਾਂ ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ।”—1 ਕੁਰਿੰਥੀਆਂ 13:13.
14 ਯਹੋਵਾਹ ਦੀ ਪਵਿੱਤਰ ਸੇਵਾ ਕਰਨ ਲਈ ਸਾਡੇ ਦਿਲ ਵਿਚ ਉਸ ਲਈ ਪ੍ਰੇਮ ਹੋਣਾ ਚਾਹੀਦਾ ਹੈ, ਜਿਵੇਂ ਉਹ ਸਾਡੇ ਨਾਲ ਢੇਰ ਸਾਰਾ ਪ੍ਰੇਮ ਕਰਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ। ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ। ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:8, 9, 19) ਯਹੋਵਾਹ ਦੇ ਆਭਾਰੀ ਹੋ ਕੇ, ਸਾਡੀ ਮੁੱਖ ਇੱਛਾ ਆਪਣੀ ਹੀ ਮੁਕਤੀ ਹਾਸਲ ਕਰਨੀ ਨਹੀਂ, ਸਗੋਂ ਉਸ ਦੇ ਪਵਿੱਤਰ ਨਾਂ ਦਾ ਪਵਿੱਤਰੀਕਰਣ ਅਤੇ ਉਸ ਦੀ ਧਰਮੀ ਸਰਬਸੱਤਾ ਦਾ ਦੋਸ਼-ਨਿਵਾਰਣ ਦੇਖਣ ਦੀ ਇੱਛਾ ਹੋਣੀ ਚਾਹੀਦੀ ਹੈ।
15. ਯਹੋਵਾਹ ਲਈ ਸਾਡਾ ਪ੍ਰੇਮ ਉਸ ਦੀ ਸਰਬਸੱਤਾ ਦੇ ਸਵਾਲ ਨਾਲ ਕਿਵੇਂ ਸੰਬੰਧ ਰੱਖਦਾ ਹੈ?
15 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਇਸ ਲਈ ਕਰੀਏ ਕਿ ਅਸੀਂ ਉਸ ਨਾਲ, ਨਾ ਸਿਰਫ਼ ਫਿਰਦੌਸ ਨਾਲ ਹੀ ਪ੍ਰੇਮ ਰੱਖਦੇ ਹਾਂ। ਬਾਈਬਲ ਦਾ ਐਨਸਾਈਕਲੋਪੀਡੀਆ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀa (ਅੰਗ੍ਰੇਜ਼ੀ) ਕਹਿੰਦਾ ਹੈ: ‘ਯਹੋਵਾਹ ਇਸ ਗੱਲ ਤੋਂ ਫਖ਼ਰ ਕਰਦਾ ਹੈ ਕਿ ਉਸ ਦੇ ਸੇਵਕ ਉਸ ਲਈ ਪ੍ਰੇਮ ਕਾਰਨ ਉਸ ਦੀ ਸਰਬਸੱਤਾ ਨੂੰ ਸਮਰਥਨ ਦਿੰਦੇ ਹਨ। ਉਹ ਸਿਰਫ਼ ਉਨ੍ਹਾਂ ਨੂੰ ਹੀ ਚਾਹੁੰਦਾ ਹੈ ਜੋ ਉਸ ਦੇ ਅੱਛੇ ਗੁਣਾਂ ਕਰਕੇ ਉਸ ਦੀ ਸਰਬਸੱਤਾ ਲਈ ਪ੍ਰੇਮ ਦਿਖਾਉਂਦੇ ਹਨ ਅਤੇ ਹੋਰ ਕਿਸੇ ਨਾਲੋਂ ਉਸ ਦੀ ਸਰਬਸੱਤਾ ਪਸੰਦ ਕਰਦੇ ਹਨ। (1 ਕੁਰਿੰ 2:9) ਉਹ ਆਜ਼ਾਦ ਹੋਣ ਦੀ ਬਜਾਇ ਉਸ ਦੀ ਸਰਬਸੱਤਾ ਦੇ ਅਧੀਨ ਸੇਵਾ ਕਰਨੀ ਚੁਣਦੇ ਹਨ—ਇਹ ਯਹੋਵਾਹ ਬਾਰੇ ਉਨ੍ਹਾਂ ਦੇ ਗਿਆਨ ਕਰਕੇ ਹੈ ਅਤੇ ਉਸ ਦੇ ਪ੍ਰੇਮ, ਨਿਆਂ, ਅਤੇ ਬੁੱਧ ਕਰਕੇ, ਜੋ ਉਹ ਜਾਣਦੇ ਹਨ ਕਿ ਉਨ੍ਹਾਂ ਦਿਆਂ ਗੁਣਾਂ ਨਾਲੋਂ ਕਿਤੇ ਉੱਤਮ ਹਨ। (ਜ਼ਬੂ 84:10, 11)’—ਖੰਡ 2, ਸਫ਼ਾ 275.
16. ਯਿਸੂ ਲਈ ਪ੍ਰੇਮ ਸਾਡੇ ਜੀਵਨਾਂ ਵਿਚ ਇਕ ਪ੍ਰੇਰਣਾ ਸ਼ਕਤੀ ਕਿਵੇਂ ਹੈ?
16 ਮਸੀਹੀਆਂ ਵਜੋਂ, ਅਸੀਂ ਯਿਸੂ ਨਾਲ ਵੀ ਪ੍ਰੇਮ ਕਰਦੇ ਹਾਂ ਕਿਉਂਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਹੈ। ਪੌਲੁਸ ਨੇ ਤਰਕ ਕੀਤਾ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ ਇਸੇ ਕਰਕੇ ਸੱਭੇ ਮੋਏ। ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15) ਮਸੀਹ ਉਹੀ ਨੀਂਹ ਹੈ ਜਿਸ ਉੱਤੇ ਸਾਡਾ ਰੂਹਾਨੀ ਜੀਵਨ, ਸਾਡੀ ਨਿਹਚਾ, ਅਤੇ ਸਾਡੀ ਆਸ਼ਾ ਉਸਾਰੇ ਗਏ ਹਨ। ਮਸੀਹ ਯਿਸੂ ਲਈ ਸਾਡਾ ਪ੍ਰੇਮ ਸਾਡੀ ਆਸ਼ਾ ਨੂੰ ਮਜ਼ਬੂਤ ਅਤੇ ਸਾਡੀ ਨਿਹਚਾ ਨੂੰ ਦ੍ਰਿੜ੍ਹ ਕਰਦਾ ਹੈ, ਖ਼ਾਸ ਕਰਕੇ ਤੂਫ਼ਾਨੀ ਪਰੀਖਿਆਵਾਂ ਦੇ ਸਮਿਆਂ ਦੌਰਾਨ।—1 ਕੁਰਿੰਥੀਆਂ 3:11; ਕੁਲੁੱਸੀਆਂ 1:23; 2:6, 7.
17. ਯਹੋਵਾਹ ਸਾਨੂੰ ਕਿਹੜੀ ਜ਼ੋਰਦਾਰ ਸ਼ਕਤੀ ਦਿੰਦਾ ਹੈ, ਅਤੇ ਇਸ ਦੀ ਮਹੱਤਤਾ ਰਸੂਲਾਂ ਦੇ ਕਰਤੱਬ 1:8 ਅਤੇ ਅਫ਼ਸੀਆਂ 3:16 ਵਿਚ ਕਿਵੇਂ ਦਿਖਾਈ ਗਈ ਹੈ?
17 ਜਦ ਕਿ ਮਸੀਹੀਆਂ ਵਜੋਂ ਪਰਮੇਸ਼ੁਰ ਲਈ ਅਤੇ ਉਸ ਦੇ ਪੁੱਤਰ ਲਈ ਸਾਡਾ ਪ੍ਰੇਮ ਮੁੱਖ ਪ੍ਰੇਰਣਾ ਸ਼ਕਤੀ ਹੈ, ਯਹੋਵਾਹ ਸਾਨੂੰ ਕੁਝ ਹੋਰ ਵੀ ਦਿੰਦਾ ਹੈ ਜੋ ਸਾਨੂੰ ਪ੍ਰੇਰਿਤ ਕਰਦਾ, ਜੋਸ਼ ਨਾਲ ਭਰਦਾ, ਅਤੇ ਸ਼ਕਤੀ ਦਿੰਦਾ ਹੈ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਅੱਗੇ ਵੱਧ ਸਕੀਏ। ਇਹ ਉਸ ਦੀ ਕ੍ਰਿਆਸ਼ੀਲ ਸ਼ਕਤੀ, ਜਾਂ ਪਵਿੱਤਰ ਆਤਮਾ ਹੈ। “ਆਤਮਾ” ਲਈ ਇਬਰਾਨੀ ਅਤੇ ਯੂਨਾਨੀ ਸ਼ਬਦ ਮੂਲ ਰੂਪ ਵਿਚ ਵਾਯੂ, ਜਿਵੇਂ ਕਿ ਹਵਾ, ਦੀ ਜ਼ੋਰਦਾਰ ਸ਼ਕਤੀ ਨੂੰ ਸੰਕੇਤ ਕਰਦੇ ਹਨ। ਪੌਲੁਸ ਦੇ ਜ਼ਮਾਨੇ ਵਰਗੇ ਸਮੁੰਦਰੀ ਜਹਾਜ਼ ਮੰਜ਼ਲ ਤਕ ਪਹੁੰਚਣ ਲਈ ਹਵਾ ਦੀ ਅਦਿੱਖ ਸ਼ਕਤੀ ਉੱਤੇ ਨਿਰਭਰ ਕਰਦੇ ਸਨ। ਇਸੇ ਤਰ੍ਹਾਂ, ਸਾਨੂੰ ਪ੍ਰੇਮ ਅਤੇ ਪਰਮੇਸ਼ੁਰ ਦੀ ਅਦਿੱਖ ਪਵਿੱਤਰ ਸ਼ਕਤੀ ਦੀ ਲੋੜ ਹੈ ਜੇਕਰ ਸਾਡੀ ਨਿਹਚਾ ਦੀ ਬੇੜੀ ਨੇ ਯਹੋਵਾਹ ਦੀ ਸੇਵਾ ਵਿਚ ਸਾਨੂੰ ਅੱਗੇ ਵਧਾਉਣਾ ਹੈ।—ਰਸੂਲਾਂ ਦੇ ਕਰਤੱਬ 1:8; ਅਫ਼ਸੀਆਂ 3:16.
ਆਪਣੀ ਮੰਜ਼ਲ ਵੱਲ ਅੱਗੇ ਵਧਣਾ!
18. ਕਿਹੜੀ ਚੀਜ਼ ਸਾਡੀ ਨਿਹਚਾ ਉੱਤੇ ਆਉਣ ਵਾਲੀਆਂ ਪਰੀਖਿਆਵਾਂ ਨੂੰ ਸਹਿਣ ਲਈ ਮਦਦ ਦੇਵੇਗੀ?
18 ਇਸ ਤੋਂ ਪਹਿਲਾਂ ਕਿ ਅਸੀਂ ਨਵੀਂ ਰੀਤੀ-ਵਿਵਸਥਾ ਤਕ ਪਹੁੰਚੀਏ, ਸਾਡੀ ਨਿਹਚਾ ਅਤੇ ਸਾਡਾ ਪ੍ਰੇਮ ਸ਼ਾਇਦ ਸਖ਼ਤੀ ਨਾਲ ਪਰਖੇ ਜਾਣ। ਪਰ ਯਹੋਵਾਹ ਨੇ ਸਾਨੂੰ ਇਕ ਲੰਗਰ ਦਿੱਤਾ ਹੈ ਜੋ “ਅਚੱਲ ਅਤੇ ਇਸਥਿਰ ਹੈ”—ਸਾਡੀ ਸ਼ਾਨਦਾਰ ਆਸ਼ਾ। (ਇਬਰਾਨੀਆਂ 6:19; ਰੋਮੀਆਂ 15:4, 13) ਜਦੋਂ ਅਸੀਂ ਵਿਰੋਧਤਾ ਅਤੇ ਹੋਰ ਅਜ਼ਮਾਇਸ਼ਾਂ ਕਾਰਨ ਹਮਲੇ ਸਹਿੰਦੇ ਹਾਂ, ਅਸੀਂ ਧੀਰਜ ਰੱਖ ਸਕਦੇ ਹਾਂ ਜੇ ਅਸੀਂ ਆਪਣੀ ਆਸ਼ਾ ਰਾਹੀਂ ਮਜ਼ਬੂਤੀ ਨਾਲ ਟਿਕੇ ਹੋਏ ਹਾਂ। ਇਕ ਤੂਫ਼ਾਨ ਸ਼ਾਂਤ ਹੋਣ ਤੇ ਅਤੇ ਇਸ ਤੋਂ ਪਹਿਲਾਂ ਕਿ ਦੂਜਾ ਸ਼ੁਰੂ ਹੋਵੇ, ਆਓ ਅਸੀਂ ਆਪਣੀ ਆਸ਼ਾ ਅਤੇ ਆਪਣੀ ਨਿਹਚਾ ਮਜ਼ਬੂਤ ਬਣਾਉਣ ਲਈ ਦ੍ਰਿੜ੍ਹ ਇਰਾਦਾ ਕਰੀਏ।
19. ਅਸੀਂ ਆਪਣੀ ਨਿਹਚਾ ਦੀ ਬੇੜੀ ਨੂੰ ਸਹੀ ਰਸਤੇ ਤੇ ਰੱਖ ਕੇ ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਪਨਾਹ ਤਕ ਕਿਵੇਂ ਪਹੁੰਚ ਸਕਦੇ ਹਾਂ?
19 ‘ਜਾਨ ਦੇ ਲੰਗਰ’ ਦਾ ਜ਼ਿਕਰ ਕਰਨ ਤੋਂ ਪਹਿਲਾਂ, ਪੌਲੁਸ ਨੇ ਕਿਹਾ: “ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ [ਜਾਂ ਤੇਜ਼ੀ ਨਾਲ ਵਧੇ]। ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।” (ਇਬਰਾਨੀਆਂ 6:11, 12) ਯਹੋਵਾਹ ਅਤੇ ਉਸ ਦੇ ਪੁੱਤਰ ਲਈ ਪ੍ਰੇਮ ਦੁਆਰਾ ਪ੍ਰੇਰਿਤ ਹੋ ਕੇ ਅਤੇ ਪਵਿੱਤਰ ਆਤਮਾ ਤੋਂ ਸ਼ਕਤੀ ਪਾ ਕੇ, ਆਓ ਅਸੀਂ ਆਪਣੀ ਨਿਹਚਾ ਦੀ ਬੇੜੀ ਸਹੀ ਰਸਤੇ ਤੇ ਰੱਖੀਏ ਜਦ ਤਕ ਅਸੀਂ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਦੇ ਪਨਾਹ ਤਕ ਨਹੀਂ ਪਹੁੰਚਦੇ ਹਾਂ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
ਪੁਨਰ ਵਿਚਾਰ ਵਜੋਂ
◻ ਸਾਡੀ ਨਿਹਚਾ ਦੇ ਸੰਬੰਧ ਵਿਚ ਪੌਲੁਸ ਨੇ ਸਾਨੂੰ ਕਿਹੜੀ ਚੇਤਾਵਨੀ ਦਿੱਤੀ ਸੀ?
◻ ਕੁਝ ਮਸੀਹੀਆਂ ਦੀ ਬੇੜੀ ਰੂਹਾਨੀ ਤੌਰ ਤੇ ਕਿਵੇਂ ਡੁੱਬੀ ਹੈ, ਅਤੇ ਦੂਸਰੇ ਕਿਵੇਂ ਧੀਮੇ ਹੋ ਰਹੇ ਹਨ?
◻ ਸਾਡੀ ਨਿਹਚਾ ਦੇ ਨਾਲ-ਨਾਲ ਹੋਰ ਕਿਹੜਾ ਈਸ਼ਵਰੀ ਗੁਣ ਹੋਣਾ ਚਾਹੀਦਾ ਹੈ?
◻ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਦੇ ਪਨਾਹ ਤਕ ਪਹੁੰਚਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
[ਸਫ਼ੇ 16 ਉੱਤੇ ਤਸਵੀਰ]
ਜ਼ਿੰਦਗੀ ਦੇ ਤੂਫ਼ਾਨਾਂ ਨੂੰ ਸਹਿਣ ਲਈ ਸਾਡੀ ਨਿਹਚਾ ਦੀ ਬੇੜੀ ਚੰਗੀ ਤਰ੍ਹਾਂ ਬਣੀ ਹੋਣੀ ਚਾਹੀਦੀ ਹੈ
[ਸਫ਼ੇ 17 ਉੱਤੇ ਤਸਵੀਰ]
ਸਾਡੀ ਨਿਹਚਾ ਦੀ ਬੇੜੀ ਡੁੱਬ ਸਕਦੀ ਹੈ
[ਸਫ਼ੇ 18 ਉੱਤੇ ਤਸਵੀਰ]
ਮਸੀਹੀਆਂ ਵਜੋਂ ਸਾਡੇ ਜੀਵਨ ਲਈ ਆਸ਼ਾ ਇਕ ਲੰਗਰ ਹੈ