ਸਾਡਾ ਭਰੋਸਾ ਯਹੋਵਾਹ ਉੱਤੇ ਹੋਣਾ ਚਾਹੀਦਾ ਹੈ
“ਯਹੋਵਾਹ ਤੇਰੀ ਆਸ ਹੋਵੇਗਾ।”—ਕਹਾਉਤਾਂ 3:26.
1. ਭਾਵੇਂ ਕਿ ਅਨੇਕ ਲੋਕ ਪਰਮੇਸ਼ੁਰ ਵਿਚ ਭਰੋਸਾ ਰੱਖਣ ਦਾ ਦਾਅਵਾ ਕਰਦੇ ਹਨ, ਕੀ ਸੰਕੇਤ ਕਰਦਾ ਹੈ ਕਿ ਉਹ ਹਮੇਸ਼ਾ ਭਰੋਸਾ ਨਹੀਂ ਰੱਖਦੇ ਹਨ?
ਇਹ ਵਾਕ “ਰੱਬ ਵਿਚ ਸਾਡਾ ਭਰੋਸਾ ਹੈ” ਸੰਯੁਕਤ ਰਾਜ ਅਮਰੀਕਾ ਦੇ ਪੈਸਿਆਂ ਉੱਤੇ ਦਿਖਾਈ ਦਿੰਦਾ ਹੈ। ਪਰ ਕੀ ਉਸ ਦੇਸ਼ ਦੇ ਜਾਂ ਹੋਰ ਦੇਸ਼ਾਂ ਦੇ ਲੋਕ, ਜੋ ਇਸ ਪੈਸੇ ਨੂੰ ਇਸਤੇਮਾਲ ਕਰਦੇ ਹਨ, ਸੱਚ-ਮੁੱਚ ਆਪਣਾ ਭਰੋਸਾ ਰੱਬ ਵਿਚ ਰੱਖਦੇ ਹਨ? ਜਾਂ ਕੀ ਉਹ ਪੈਸੇ ਵਿਚ ਜ਼ਿਆਦਾ ਭਰੋਸਾ ਰੱਖਦੇ ਹਨ? ਉਸ ਦੇਸ਼ ਦੇ ਜਾਂ ਹੋਰ ਕਿਸੇ ਵੀ ਦੇਸ਼ ਦੇ ਪੈਸੇ ਵਿਚ ਭਰੋਸੇ ਦਾ, ਪ੍ਰੇਮ ਦੇ ਅਜਿਹੇ ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਭਰੋਸੇ ਨਾਲ ਕੋਈ ਮੇਲ ਨਹੀਂ, ਜੋ ਕਦੀ ਵੀ ਆਪਣੀ ਸ਼ਕਤੀ ਦਾ ਗ਼ਲਤ ਇਸਤੇਮਾਲ ਨਹੀਂ ਕਰਦਾ ਹੈ ਅਤੇ ਜੋ ਹਰਗਿਜ਼ ਲੋਭੀ ਨਹੀਂ ਹੈ। ਦਰਅਸਲ, ਪਰਮੇਸ਼ੁਰ ਲੋਭ ਨੂੰ ਸਾਫ਼ ਸ਼ਬਦਾਂ ਵਿਚ ਰੱਦ ਕਰਦਾ ਹੈ।—ਅਫ਼ਸੀਆਂ 5:5.
2. ਧਨ ਦੀ ਸ਼ਕਤੀ ਬਾਰੇ ਸੱਚੇ ਮਸੀਹੀਆਂ ਦਾ ਕੀ ਰਵੱਈਆ ਹੈ?
2 ਸੱਚੇ ਮਸੀਹੀ ਆਪਣਾ ਭਰੋਸਾ ਪਰਮੇਸ਼ੁਰ ਵਿਚ ਰੱਖਦੇ ਹਨ, ਨਾ ਕਿ ‘ਧੋਖੇ’ ਵਾਲੇ ਧਨ ਵਿਚ। (ਮੱਤੀ 13:22) ਉਹ ਪਛਾਣਦੇ ਹਨ ਕਿ ਪੈਸਿਆਂ ਵਿਚ, ਖ਼ੁਸ਼ੀ ਵਧਾਉਣ ਅਤੇ ਜੀਵਨ ਕਾਇਮ ਰੱਖਣ ਦੀ ਸ਼ਕਤੀ ਬਹੁਤ ਹੀ ਸੀਮਿਤ ਹੈ। ਇਹ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਸ਼ਕਤੀ ਬਾਰੇ ਸੱਚ ਨਹੀਂ ਹੈ। (ਸਫ਼ਨਯਾਹ 1:18) ਇਸ ਲਈ, ਇਹ ਕਿੰਨੀ ਬੁੱਧੀ ਭਰੀ ਚੇਤਾਵਨੀ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ”!—ਇਬਰਾਨੀਆਂ 13:5.
3. ਬਿਵਸਥਾ ਸਾਰ 31:6 ਦਾ ਪ੍ਰਸੰਗ, ਪੌਲੁਸ ਦੁਆਰਾ ਦਿੱਤੇ ਗਏ ਇਸ ਆਇਤ ਦੇ ਹਵਾਲੇ ਉੱਤੇ ਕਿਵੇਂ ਚਾਨਣ ਪਾਉਂਦਾ ਹੈ?
3 ਇਬਰਾਨੀ ਮਸੀਹੀਆਂ ਨੂੰ ਉਪਰਲੇ ਸ਼ਬਦ ਲਿਖਦੇ ਸਮੇਂ, ਪੌਲੁਸ ਰਸੂਲ ਨੇ ਉਹ ਹਿਦਾਇਤਾਂ ਦੁਹਰਾਈਆਂ ਜੋ ਮੂਸਾ ਨੇ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਇਸਰਾਏਲੀਆਂ ਨੂੰ ਦਿੱਤੀਆਂ ਸਨ: “ਤਕੜੇ ਹੋਵੋ, ਹੌਸਲਾ ਰੱਖੋ, ਡਰੋ ਨਾ ਅਤੇ ਨਾ ਹੀ ਓਹਨਾਂ ਤੋਂ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ।” (ਬਿਵਸਥਾ ਸਾਰ 31:6) ਇਸ ਦਾ ਪ੍ਰਸੰਗ ਦਿਖਾਉਂਦਾ ਹੈ ਕਿ ਮੂਸਾ ਯਹੋਵਾਹ ਵਿਚ ਅਜਿਹਾ ਭਰੋਸਾ ਰੱਖਣ ਦਾ ਉਤਸ਼ਾਹ ਦੇ ਰਿਹਾ ਸੀ ਜੋ ਇਸ ਯਕੀਨ ਨਾਲੋਂ ਜ਼ਿਆਦਾ ਸੀ ਕਿ ਯਹੋਵਾਹ ਉਨ੍ਹਾਂ ਦੀਆਂ ਭੌਤਿਕ ਜ਼ਰੂਰਤਾਂ ਪੂਰੀਆਂ ਕਰੇਗਾ। ਉਹ ਕਿਵੇਂ?
4. ਯਹੋਵਾਹ ਨੇ ਇਸਰਾਏਲੀਆਂ ਨੂੰ ਕਿਵੇਂ ਸਾਬਤ ਕੀਤਾ ਕਿ ਉਹ ਉਸ ਉੱਤੇ ਭਰੋਸਾ ਰੱਖ ਸਕਦੇ ਸਨ?
4 ਉਨ੍ਹਾਂ 40 ਸਾਲਾਂ ਦੇ ਦੌਰਾਨ, ਜਦੋਂ ਇਸਰਾਏਲ ਨੂੰ ਉਜਾੜ ਵਿਚ ਤੁਰਨਾ ਫਿਰਨਾ ਪਿਆ ਸੀ, ਪਰਮੇਸ਼ੁਰ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵਫ਼ਾਦਾਰ ਰਿਹਾ। (ਬਿਵਸਥਾ ਸਾਰ 2:7; 29:5) ਉਸ ਨੇ ਅਗਵਾਈ ਦਾ ਵੀ ਪ੍ਰਬੰਧ ਕੀਤਾ। ਇਸ ਦੇ ਇਕ ਪ੍ਰਗਟਾਵੇ ਵਜੋਂ ਉਸ ਨੇ ਦਿਨ ਵੇਲੇ ਇਕ ਬੱਦਲ ਅਤੇ ਰਾਤ ਵੇਲੇ ਅੱਗ ਦਾ ਪ੍ਰਬੰਧ ਕੀਤਾ, ਜਿਸ ਨੇ ਇਸਰਾਏਲੀਆਂ ਦੀ ਉਸ “ਧਰਤੀ” ਤਕ ਅਗਵਾਈ ਕੀਤੀ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ। (ਕੂਚ 3:8; 40:36-38) ਜਿਉਂ-ਜਿਉਂ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਦਾ ਸਮਾਂ ਨੇੜੇ ਆਇਆ, ਯਹੋਵਾਹ ਨੇ ਮੂਸਾ ਤੋਂ ਬਾਅਦ ਯਹੋਸ਼ੁਆ ਨੂੰ ਆਗੂ ਚੁਣਿਆ। ਦੇਸ਼ ਦੇ ਵਾਸੀਆਂ ਵੱਲੋਂ ਵਿਰੋਧਤਾ ਦੀ ਆਸ ਰੱਖੀ ਜਾ ਸਕਦੀ ਸੀ। ਲੇਕਿਨ ਡਰਨ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਯਹੋਵਾਹ ਕਈ ਦਹਾਕਿਆਂ ਤਕ ਆਪਣੇ ਲੋਕਾਂ ਦੇ ਨਾਲ-ਨਾਲ ਚੱਲਦਾ ਰਿਹਾ ਸੀ। ਇਸਰਾਏਲੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜਿਸ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ!
5. ਅੱਜ ਮਸੀਹੀਆਂ ਦੀ ਸਥਿਤੀ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਇਸਰਾਏਲੀਆਂ ਦੀ ਸਥਿਤੀ ਵਰਗੀ ਕਿਵੇਂ ਹੈ?
5 ਪਰਮੇਸ਼ੁਰ ਦੇ ਨਵੇਂ ਸੰਸਾਰ ਨੂੰ ਜਾਂਦੇ ਰਾਹ ਤੇ ਚੱਲਦੇ ਹੋਏ, ਅੱਜ ਮਸੀਹੀ ਵਰਤਮਾਨ ਦੁਸ਼ਟ ਸੰਸਾਰ ਦੇ ਉਜਾੜ ਵਿੱਚੋਂ ਲੰਘ ਰਹੇ ਹਨ। ਇਨ੍ਹਾਂ ਵਿੱਚੋਂ ਕਈ ਤਾਂ ਇਸ ਰਸਤੇ ਤੇ 40 ਤੋਂ ਜ਼ਿਆਦਾ ਸਾਲਾਂ ਤਕ ਚੱਲਦੇ ਰਹੇ ਹਨ। ਹੁਣ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਬੰਨੇ ਤੇ ਖੜ੍ਹੇ ਹਨ। ਫਿਰ ਵੀ, ਦੁਸ਼ਮਣ ਅਜੇ ਵੀ ਰਾਹ ਵਿਚ ਅੜਿੱਕਾ ਪਾਉਣਗੇ। ਉਹ ਕਿਸੇ ਨੂੰ ਵੀ ਉਸ ਸੰਸਾਰ ਵਿਚ ਵੜਨ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ ਜੋ ਸੰਸਾਰ ਵਾਅਦਾ ਕੀਤੇ ਹੋਏ ਦੇਸ਼ ਵਾਂਗ ਬਣ ਜਾਵੇਗਾ, ਅਤੇ ਜੋ ਉਸ ਪ੍ਰਾਚੀਨ ਦੇਸ਼ ਨਾਲੋਂ ਜ਼ਿਆਦਾ ਸ਼ਾਨਦਾਰ ਹੋਵੇਗਾ ਜਿੱਥੇ ਦੁੱਧ ਅਰ ਸ਼ਹਿਦ ਵੱਗਦਾ ਸੀ। ਇਸ ਲਈ, ਪੌਲੁਸ ਦੁਆਰਾ ਦੁਹਰਾਏ ਗਏ ਮੂਸਾ ਦੇ ਸ਼ਬਦ, ਅੱਜ ਮਸੀਹੀਆਂ ਲਈ ਕਿੰਨੇ ਉਚਿਤ ਹਨ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ”! ਉਹ ਸਾਰੇ ਜਣੇ ਜੋ ਯਹੋਵਾਹ ਵਿਚ ਭਰੋਸਾ ਰੱਖਣ ਕਰਕੇ ਸਾਹਸੀ ਅਤੇ ਤਕੜੇ ਰਹਿੰਦੇ ਹਨ, ਅਤੇ ਨਿਹਚਾ ਨਾਲ ਭਰਪੂਰ ਰਹਿੰਦੇ ਹਨ, ਜ਼ਰੂਰ ਬਰਕਤ ਪਾਉਣਗੇ।
ਗਿਆਨ ਅਤੇ ਮਿੱਤਰਤਾ ਉੱਤੇ ਆਧਾਰਿਤ ਭਰੋਸਾ
6, 7. (ੳ) ਕਿਸ ਚੀਜ਼ ਨੇ ਯਹੋਵਾਹ ਵਿਚ ਅਬਰਾਹਾਮ ਦੇ ਭਰੋਸੇ ਨੂੰ ਅਜ਼ਮਾਇਆ? (ਅ) ਅਬਰਾਹਾਮ ਨੇ ਸ਼ਾਇਦ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ ਜਦੋਂ ਉਹ ਉਸ ਥਾਂ ਨੂੰ ਸਫ਼ਰ ਕਰ ਰਿਹਾ ਸੀ ਜਿੱਥੇ ਇਸਹਾਕ ਦੀ ਬਲੀ ਚੜ੍ਹਾਉਣੀ ਸੀ?
6 ਇਕ ਮੌਕੇ ਤੇ ਇਸਰਾਏਲੀਆਂ ਦੇ ਪੂਰਵਜ ਅਬਰਾਹਾਮ ਨੂੰ ਆਪਣੇ ਪੁੱਤਰ ਇਸਹਾਕ ਨੂੰ ਹੋਮ ਬਲੀ ਵਜੋਂ ਚੜ੍ਹਾਉਣ ਦਾ ਹੁਕਮ ਦਿੱਤਾ ਗਿਆ ਸੀ। (ਉਤਪਤ 22:2) ਕੀ ਕਾਰਨ ਸੀ ਕਿ ਇਸ ਪ੍ਰੇਮਪੂਰਣ ਪਿਤਾ ਨੇ ਯਹੋਵਾਹ ਵਿਚ ਇੰਨਾ ਪੱਕਾ ਭਰੋਸਾ ਰੱਖਿਆ ਕਿ ਉਹ ਇਕਦਮ ਆਖੇ ਲੱਗਣ ਲਈ ਰਾਜ਼ੀ ਹੋ ਗਿਆ? ਇਬਰਾਨੀਆਂ 11:17-19 ਜਵਾਬ ਦਿੰਦਾ ਹੈ: “ਨਿਹਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ। ਹਾਂ, ਆਪਣੇ ਇਕਲੌਤੇ ਨੂੰ ਉਹ ਜਿਹ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ। ਅਤੇ ਜਿਹ ਨੂੰ ਇਹ ਆਖਿਆ ਗਿਆ ਭਈ ਇਸਹਾਕ ਤੋਂ ਤੇਰੀ ਅੰਸ ਅਖਵਾਏਗੀ। ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹ ਨੇ ਮਾਨੋ ਉਹ ਨੂੰ ਪਰਾਪਤ ਵੀ ਕਰ ਲਿਆ।”
7 ਯਾਦ ਰੱਖੋ ਕਿ ਅਬਰਾਹਾਮ ਅਤੇ ਇਸਹਾਕ ਨੂੰ ਉਸ ਥਾਂ ਤਕ ਪਹੁੰਚਣ ਲਈ, ਜਿੱਥੇ ਭੇਟ ਚੜ੍ਹਾਉਣੀ ਸੀ, ਤਿੰਨ ਦਿਨ ਲੱਗੇ ਸਨ। (ਉਤਪਤ 22:4) ਅਬਰਾਹਾਮ ਕੋਲ ਉਸ ਕੰਮ ਬਾਰੇ ਦੁਬਾਰਾ ਸੋਚਣ ਲਈ ਕਾਫ਼ੀ ਸਮਾਂ ਸੀ, ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। ਕੀ ਅਸੀਂ ਕਲਪਨਾ ਕਰ ਸਕਦੇ ਹਾਂ, ਕਿ ਉਸ ਉੱਤੇ ਕੀ ਬੀਤੀ ਹੋਵੇਗੀ ਅਤੇ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ? ਇਸਹਾਕ ਦਾ ਜਨਮ ਅਕਲਪਿਤ ਵੱਡੀ ਖ਼ੁਸ਼ੀ ਦਾ ਕਾਰਨ ਬਣਿਆ। ਈਸ਼ਵਰੀ ਬਰਕਤ ਦੇ ਇਸ ਸਬੂਤ ਨੇ ਪਰਮੇਸ਼ੁਰ ਨਾਲ ਅਬਰਾਹਾਮ ਅਤੇ ਉਸ ਦੀ ਪਹਿਲਾਂ ਬਾਂਝ ਪਤਨੀ, ਸਾਰਾਹ, ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਉਡੀਕ ਵਿਚ ਜ਼ਿੰਦਗੀ ਗੁਜ਼ਾਰੀ ਕਿ ਇਸਹਾਕ ਅਤੇ ਉਸ ਦੀ ਸੰਤਾਨ ਦੇ ਭਵਿੱਖ ਵਿਚ ਕੀ ਕੀ ਹੋਣਾ ਸੀ। ਕੀ ਉਨ੍ਹਾਂ ਦੇ ਸੁਪਨੇ ਅਧੂਰੇ ਹੀ ਰਹਿ ਜਾਣੇ ਸਨ, ਜਿਵੇਂ ਕਿ ਪਰਮੇਸ਼ੁਰ ਦੀ ਮੰਗ ਤੋਂ ਸ਼ਾਇਦ ਲੱਗਦਾ ਸੀ?
8. ਪਰਮੇਸ਼ੁਰ ਵਿਚ ਅਬਰਾਹਾਮ ਦਾ ਭਰੋਸਾ ਸਿਰਫ਼ ਇਹ ਵਿਸ਼ਵਾਸ ਕਰਨ ਨਾਲੋਂ ਕਿਵੇਂ ਵੱਧ ਸੀ ਕਿ ਉਹ ਇਸਹਾਕ ਨੂੰ ਜੀ ਉਠਾ ਸਕਦਾ ਸੀ?
8 ਫਿਰ ਵੀ, ਅਬਰਾਹਾਮ ਨੂੰ ਉਸ ਨਿੱਜੀ ਜਾਣਕਾਰੀ ਦੇ ਆਧਾਰ ਤੇ ਭਰੋਸਾ ਸੀ, ਜੋ ਜਾਣਕਾਰੀ ਜਿਗਰੀ ਦੋਸਤ ਇਕ ਦੂਜੇ ਬਾਰੇ ਰੱਖਦੇ ਹਨ। ‘ਪਰਮੇਸ਼ੁਰ ਦੇ ਮਿੱਤਰ’ ਵਜੋਂ ਅਬਰਾਹਾਮ “ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।” (ਯਾਕੂਬ 2:23) ਯਹੋਵਾਹ ਵਿਚ ਅਬਰਾਹਾਮ ਦਾ ਭਰੋਸਾ, ਸਿਰਫ਼ ਇਹ ਵਿਸ਼ਵਾਸ ਕਰਨ ਨਾਲੋਂ ਕਿਤੇ ਵੱਧ ਸੀ ਕਿ ਉਹ ਇਸਹਾਕ ਨੂੰ ਜੀ ਉਠਾ ਸਕਦਾ ਸੀ। ਅਬਰਾਹਾਮ ਨੂੰ ਇਸ ਦਾ ਵੀ ਪੂਰਾ ਭਰੋਸਾ ਸੀ ਕਿ ਜੋ ਯਹੋਵਾਹ ਉਸ ਨੂੰ ਕਰਨ ਲਈ ਕਹਿ ਰਿਹਾ ਸੀ ਉਹ ਠੀਕ ਸੀ, ਭਾਵੇਂ ਕਿ ਅਬਰਾਹਾਮ ਸਾਰੀ ਅਸਲੀਅਤ ਨਹੀਂ ਸੀ ਜਾਣਦਾ। ਯਹੋਵਾਹ ਦੀ ਮੰਗ ਕਰਕੇ ਅਬਰਾਹਾਮ ਕੋਲ ਯਹੋਵਾਹ ਦੀ ਧਾਰਮਿਕਤਾ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ। ਫਿਰ, ਅਬਰਾਹਾਮ ਦਾ ਭਰੋਸਾ ਹੋਰ ਪੱਕਾ ਕੀਤਾ ਗਿਆ ਜਦੋਂ ਯਹੋਵਾਹ ਦੇ ਦੂਤ ਨੇ ਦਖ਼ਲ ਦੇ ਕੇ ਇਸਹਾਕ ਨੂੰ ਸੱਚ-ਮੁੱਚ ਬਲੀ ਚੜ੍ਹਨ ਤੋਂ ਬਚਾਇਆ।—ਉਤਪਤ 22:9-14.
9, 10. (ੳ) ਅਬਰਾਹਾਮ ਨੇ ਯਹੋਵਾਹ ਵਿਚ ਪਹਿਲਾਂ ਕਦੋਂ ਭਰੋਸਾ ਪ੍ਰਗਟ ਕੀਤਾ ਸੀ? (ਅ) ਅਸੀਂ ਅਬਰਾਹਾਮ ਤੋਂ ਕਿਹੜਾ ਮਹੱਤਵਪੂਰਣ ਸਬਕ ਸਿੱਖ ਸਕਦੇ ਹਾਂ?
9 ਅਬਰਾਹਾਮ ਨੇ ਕੁਝ 25 ਸਾਲ ਪਹਿਲਾਂ ਵੀ ਯਹੋਵਾਹ ਦੀ ਧਾਰਮਿਕਤਾ ਵਿਚ ਅਜਿਹਾ ਹੀ ਭਰੋਸਾ ਦਿਖਾਇਆ ਸੀ। ਇਹ ਚੇਤਾਵਨੀ ਦਿੱਤੀ ਜਾਣ ਤੇ ਕਿ ਸਦੂਮ ਅਤੇ ਅਮੂਰਾਹ ਨਾਸ ਕੀਤੇ ਜਾਣਗੇ, ਉਹ ਸੁਭਾਵਕ ਤੌਰ ਤੇ ਉੱਥੇ ਰਹਿਣ ਵਾਲੇ ਧਰਮੀ ਲੋਕਾਂ ਦੇ ਕਲਿਆਣ ਬਾਰੇ ਚਿੰਤਾਤੁਰ ਸੀ, ਜਿਨ੍ਹਾਂ ਵਿਚ ਉਸ ਦਾ ਭਤੀਜਾ ਲੂਤ ਵੀ ਸੀ। ਅਬਰਾਹਾਮ ਨੇ ਇਨ੍ਹਾਂ ਸ਼ਬਦਾਂ ਨਾਲ ਯਹੋਵਾਹ ਨੂੰ ਬੇਨਤੀ ਕੀਤੀ: “ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?”—ਉਤਪਤ 18:25, 26.
10 ਕੁਲ-ਪਿਤਾ ਅਬਰਾਹਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਕਦੀ ਵੀ ਅਨਿਆਉਂ ਨਹੀਂ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਬਾਅਦ ਵਿਚ ਇਹ ਸ਼ਬਦ ਗਾਏ: “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।” (ਜ਼ਬੂਰ 145:17) ਅਸੀਂ ਆਪਣੇ ਆਪ ਤੋਂ ਇਹ ਪੁੱਛ ਕੇ ਚੰਗਾ ਕਰਾਂਗੇ: ‘ਕੀ ਮੈਂ ਯਹੋਵਾਹ ਦੀ ਧਾਰਮਿਕਤਾ ਉੱਤੇ ਸ਼ੱਕ ਕੀਤੇ ਬਿਨਾਂ ਉਨ੍ਹਾਂ ਚੀਜ਼ਾਂ ਨੂੰ ਸਵੀਕਾਰ ਕਰਦਾ ਹਾਂ, ਜੋ ਉਹ ਮੈਨੂੰ ਭੁਗਤਣ ਦਿੰਦਾ ਹੈ? ਕੀ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਿਸ ਚੀਜ਼ ਦੀ ਵੀ ਉਹ ਇਜਾਜ਼ਤ ਦਿੰਦਾ ਹੈ ਉਹ ਮੇਰੇ ਭਲੇ ਵਾਸਤੇ ਅਤੇ ਦੂਜਿਆਂ ਦੇ ਭਲੇ ਵਾਸਤੇ ਵੀ ਹੋਵੇਗੀ?’ ਜੇਕਰ ਅਸੀਂ ਹਾਂ ਵਿਚ ਜਵਾਬ ਦੇ ਸਕਦੇ ਹਾਂ, ਤਾਂ ਅਸੀਂ ਅਬਰਾਹਾਮ ਤੋਂ ਇਕ ਮਹੱਤਵਪੂਰਣ ਸਬਕ ਸਿੱਖ ਲਿਆ ਹੈ।
ਯਹੋਵਾਹ ਦੀਆਂ ਚੋਣਾਂ ਉੱਤੇ ਭਰੋਸਾ ਰੱਖਣਾ
11, 12. (ੳ) ਪਰਮੇਸ਼ੁਰ ਦੇ ਸੇਵਕਾਂ ਲਈ ਭਰੋਸੇ ਦਾ ਕਿਹੜਾ ਪਹਿਲੂ ਆਵੱਸ਼ਕ ਰਿਹਾ ਹੈ? (ਅ) ਸਾਡੇ ਲਈ ਕਦੀ-ਕਦੀ ਸਮੱਸਿਆ ਸ਼ਾਇਦ ਕੀ ਹੋ ਸਕਦੀ ਹੈ?
11 ਜਿਹੜੇ ਯਹੋਵਾਹ ਵਿਚ ਆਪਣਾ ਭਰੋਸਾ ਰੱਖਦੇ ਹਨ, ਉਹ ਉਨ੍ਹਾਂ ਮਨੁੱਖਾਂ ਵਿਚ ਵੀ ਭਰੋਸਾ ਰੱਖਦੇ ਹਨ ਜਿਨ੍ਹਾਂ ਨੂੰ ਯਹੋਵਾਹ ਆਪਣੇ ਮਕਸਦ ਦੀ ਪੂਰਤੀ ਲਈ ਇਸਤੇਮਾਲ ਕਰਨ ਲਈ ਚੁਣਦਾ ਹੈ। ਇਸਰਾਏਲੀਆਂ ਲਈ ਇਸ ਦਾ ਮਤਲਬ ਸੀ ਮੂਸਾ ਵਿਚ ਅਤੇ ਉਸ ਤੋਂ ਬਾਅਦ ਯਹੋਸ਼ੁਆ ਵਿਚ ਭਰੋਸਾ ਰੱਖਣਾ। ਮੁਢਲੇ ਮਸੀਹੀਆਂ ਲਈ ਇਸ ਦਾ ਮਤਲਬ ਸੀ ਯਰੂਸ਼ਲਮ ਦੀ ਕਲੀਸਿਯਾ ਦੇ ਰਸੂਲਾਂ ਅਤੇ ਬਜ਼ੁਰਗਾਂ ਵਿਚ ਭਰੋਸਾ ਰੱਖਣਾ। ਅੱਜ ਸਾਡੇ ਲਈ ਇਸ ਦਾ ਮਤਲਬ ਹੈ “ਮਾਤਬਰ ਅਤੇ ਬੁੱਧਵਾਨ ਨੌਕਰ” ਵਿਚ ਭਰੋਸਾ ਰੱਖਣਾ, ਜੋ ਸਾਨੂੰ ‘ਵੇਲੇ ਸਿਰ [ਸਾਡੀ ਅਧਿਆਤਮਿਕ] ਰਸਤ ਦੇਣ’ ਲਈ ਨਿਯੁਕਤ ਕੀਤਾ ਗਿਆ ਹੈ, ਅਤੇ ਨਾਲ ਹੀ ਉਸ ਵਿੱਚੋਂ ਬਣੀ ਹੋਈ ਪ੍ਰਬੰਧਕ ਸਭਾ ਵਿਚ ਭਰੋਸਾ ਰੱਖਣਾ।—ਮੱਤੀ 24:45.
12 ਦਰਅਸਲ, ਉਨ੍ਹਾਂ ਵਿਚ ਭਰੋਸਾ ਰੱਖਣਾ ਜੋ ਮਸੀਹੀ ਕਲੀਸਿਯਾ ਵਿਚ ਅਗਵਾਈ ਕਰਦੇ ਹਨ, ਸਾਡੇ ਹੀ ਫ਼ਾਇਦੇ ਲਈ ਹੈ। ਸਾਨੂੰ ਦੱਸਿਆ ਜਾਂਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬਰਾਨੀਆਂ 13:17.
ਯਹੋਵਾਹ ਦੀਆਂ ਚੋਣਾਂ ਵਿਚ ਨੁਕਸ ਨਾ ਕੱਢੋ
13. ਅਗਵਾਈ ਕਰਨ ਲਈ ਨਿਯੁਕਤ ਕੀਤੇ ਗਏ ਬਜ਼ੁਰਗਾਂ ਵਿਚ ਭਰੋਸਾ ਰੱਖਣ ਦਾ ਸਾਡੇ ਕੋਲ ਕਿਹੜਾ ਕਾਰਨ ਹੈ?
13 ਯਹੋਵਾਹ ਦੇ ਲੋਕਾਂ ਵਿਚ ਅਗਵਾਈ ਕਰਨ ਵਾਲਿਆਂ ਉੱਤੇ ਭਰੋਸਾ ਰੱਖਣ ਦੇ ਮਾਮਲੇ ਵਿਚ ਸੰਤੁਲਿਤ ਹੋਣ ਵਿਚ ਬਾਈਬਲ ਸਾਡੀ ਮਦਦ ਕਰਦੀ ਹੈ। ਅਸੀਂ ਸ਼ਾਇਦ ਆਪਣੇ ਆਪ ਨੂੰ ਪੁੱਛੀਏ: ‘ਕੀ ਮੂਸਾ ਨੇ ਕਦੀ ਗ਼ਲਤੀਆਂ ਕੀਤੀਆਂ ਸਨ? ਕੀ ਰਸੂਲਾਂ ਨੇ ਹਮੇਸ਼ਾ ਉਹੋ ਮਸੀਹ-ਸਮਾਨ ਰਵੱਈਆ ਦਿਖਾਇਆ ਸੀ ਜੋ ਯਿਸੂ ਚਾਹੁੰਦਾ ਸੀ ਕਿ ਉਹ ਦਿਖਾਉਣ?’ ਜਵਾਬ ਸਪੱਸ਼ਟ ਹਨ। ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਵਫ਼ਾਦਾਰ ਅਤੇ ਅਰਪਿਤ ਮਨੁੱਖਾਂ ਨੂੰ ਇਸਤੇਮਾਲ ਕਰਨ ਦੀ ਚੋਣ ਕੀਤੀ ਹੈ, ਭਾਵੇਂ ਕਿ ਉਹ ਅਪੂਰਣ ਹਨ। ਇਸ ਲਈ, ਜਦ ਕਿ ਅੱਜ ਬਜ਼ੁਰਗ ਅਪੂਰਣ ਹਨ, ਸਾਨੂੰ ਫਿਰ ਵੀ ਉਨ੍ਹਾਂ ਨੂੰ ‘ਪਵਿੱਤ੍ਰ ਆਤਮਾ ਦੁਆਰਾ ਠਹਿਰਾਏ ਗਏ ਨਿਗਾਹਬਾਨਾਂ’ ਵਜੋਂ ਪਛਾਣਨਾ ਚਾਹੀਦਾ ਹੈ ‘ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰਦੇ ਹਨ।’ ਉਹ ਸਾਡੇ ਸਮਰਥਨ ਅਤੇ ਆਦਰ ਦੇ ਯੋਗ ਹਨ।—ਰਸੂਲਾਂ ਦੇ ਕਰਤੱਬ 20:28.
14. ਇਸ ਵਿਚ ਕਿਹੜੀ ਗੱਲ ਧਿਆਨਯੋਗ ਹੈ ਕਿ ਯਹੋਵਾਹ ਨੇ ਹਾਰੂਨ ਜਾਂ ਮਿਰਯਮ ਨੂੰ ਆਗੂ ਵਜੋਂ ਚੁਣਨ ਦੀ ਬਜਾਇ ਮੂਸਾ ਨੂੰ ਚੁਣਿਆ ਸੀ?
14 ਹਾਰੂਨ ਮੂਸਾ ਨਾਲੋਂ ਤਿੰਨ ਸਾਲ ਵੱਡਾ ਸੀ, ਪਰ ਦੋਨੋਂ ਆਪਣੀ ਭੈਣ, ਮਿਰਯਮ, ਤੋਂ ਛੋਟੇ ਸਨ। (ਕੂਚ 2:3, 4; 7:7) ਅਤੇ ਕਿਉਂਕਿ ਹਾਰੂਨ ਮੂਸਾ ਨਾਲੋਂ ਜ਼ਿਆਦਾ ਸਾਫ਼ ਬੋਲਦਾ ਸੀ, ਉਸ ਨੂੰ ਆਪਣੇ ਭਰਾ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ। (ਕੂਚ 6:29–7:2) ਫਿਰ ਵੀ, ਇਸਰਾਏਲੀਆਂ ਦੀ ਅਗਵਾਈ ਕਰਨ ਲਈ ਯਹੋਵਾਹ ਨੇ ਉਮਰ ਵਿਚ ਵੱਡੀ, ਮਿਰਯਮ, ਜਾਂ ਬਹੁਤ ਸਾਫ਼ ਬੋਲਣ ਵਾਲੇ, ਹਾਰੂਨ, ਨੂੰ ਨਹੀਂ ਸੀ ਚੁਣਿਆ। ਉਸ ਨੇ ਸਾਰੀਆਂ ਹਕੀਕਤਾਂ ਨੂੰ ਅਤੇ ਉਸ ਸਮੇਂ ਦੀਆਂ ਜ਼ਰੂਰਤਾਂ ਨੂੰ ਪਛਾਣਦੇ ਹੋਏ ਮੂਸਾ ਨੂੰ ਚੁਣਿਆ ਸੀ। ਜਦੋਂ ਕੁਝ ਸਮੇਂ ਲਈ ਹਾਰੂਨ ਅਤੇ ਮਿਰਯਮ ਨੇ ਇਸ ਗੱਲ ਨੂੰ ਸਪੱਸ਼ਟ ਤਰੀਕੇ ਨਾਲ ਨਹੀਂ ਸਮਝਿਆ ਸੀ, ਤਾਂ ਉਨ੍ਹਾਂ ਨੇ ਸ਼ਿਕਾਇਤ ਕੀਤੀ: “ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” ਮਿਰਯਮ, ਜੋ ਸ਼ਾਇਦ ਇਸ ਮਸੀਬਤ ਦੀ ਜੜ੍ਹ ਸੀ, ਨੂੰ ਯਹੋਵਾਹ ਦੀ ਚੋਣ ਪ੍ਰਤੀ ਇਹ ਗੁਸਤਾਖ਼ ਰਵੱਈਆ ਦਿਖਾਉਣ ਲਈ ਸਜ਼ਾ ਮਿਲੀ। ਉਸ ਨੂੰ ਅਤੇ ਹਾਰੂਨ ਨੂੰ ਇਹ ਪਛਾਣਨਾ ਚਾਹੀਦਾ ਸੀ ਕਿ ਮੂਸਾ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ” ਸੀ।—ਗਿਣਤੀ 12:1-3, 9-15.
15, 16. ਕਾਲੇਬ ਨੇ ਕਿਵੇਂ ਸਾਬਤ ਕੀਤਾ ਕਿ ਉਸ ਦਾ ਭਰੋਸਾ ਯਹੋਵਾਹ ਉੱਤੇ ਸੀ?
15 ਜਦੋਂ ਵਾਅਦਾ ਕੀਤੇ ਹੋਏ ਦੇਸ਼ ਦੀ ਖੋਜ ਕੱਢਣ ਲਈ 12 ਜਾਸੂਸ ਭੇਜੇ ਗਏ ਸਨ ਤਾਂ ਦਸ ਜਾਸੂਸਾਂ ਨੇ ਬੁਰੀ ਖ਼ਬਰ ਲਿਆਂਦੀ ਸੀ। ਉਨ੍ਹਾਂ ਨੇ ਕਨਾਨ ਦੇ ‘ਵੱਡੇ ਵੱਡੇ ਕੱਦਾਂ ਵਾਲੇ ਮਨੁੱਖਾਂ’ ਬਾਰੇ ਗੱਲ ਕਰ ਕੇ ਇਸਰਾਏਲੀਆਂ ਦੇ ਦਿਲਾਂ ਵਿਚ ਡਰ ਪਾ ਦਿੱਤਾ ਸੀ। ਅਤੇ, ਇਸ ਕਾਰਨ, ਇਸਰਾਏਲੀ ‘ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਉਣ’ ਲੱਗ ਪਏ। ਲੇਕਿਨ ਸਾਰੇ ਜਾਸੂਸਾਂ ਨੇ ਮੂਸਾ ਅਤੇ ਯਹੋਵਾਹ ਵਿਚ ਭਰੋਸੇ ਦੀ ਕਮੀ ਨਹੀਂ ਦਿਖਾਈ। ਅਸੀਂ ਪੜ੍ਹਦੇ ਹਾਂ: “ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ। ਅਸੀਂ ਜਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ!” (ਗਿਣਤੀ 13:2, 25-33; 14:2) ਕਾਲੇਬ ਨਾਲ ਉਸ ਦਾ ਸੰਗੀ ਜਾਸੂਸ ਯਹੋਸ਼ੁਆ ਵੀ ਦ੍ਰਿੜ੍ਹ ਰਿਹਾ। ਦੋਹਾਂ ਨੇ ਦਿਖਾਇਆ ਕਿ ਉਨ੍ਹਾਂ ਦਾ ਭਰੋਸਾ ਯਹੋਵਾਹ ਉੱਤੇ ਸੀ ਜਦੋਂ ਉਨ੍ਹਾਂ ਨੇ ਕਿਹਾ: “ਜੇ ਯਹੋਵਾਹ ਸਾਡੇ ਨਾਲ ਪਰਸੰਨ ਹੈ ਤਾਂ ਉਹ ਸਾਨੂੰ ਏਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ। ਕੇਵਲ . . . ਤੁਸੀਂ ਉਹ ਦੇਸ ਦੇ ਲੋਕਾਂ ਤੋਂ [ਨਾ] ਡਰੋ . . . ਯਹੋਵਾਹ ਸਾਡੇ ਨਾਲ ਹੈ। ਓਹਨਾਂ ਤੋਂ ਤੁਸੀਂ ਨਾ ਡਰੋ!” (ਗਿਣਤੀ 14:6-9) ਯਹੋਵਾਹ ਵਿਚ ਇਹ ਭਰੋਸਾ ਰੱਖਣ ਲਈ ਉਨ੍ਹਾਂ ਨੂੰ ਬਰਕਤ ਮਿਲੀ। ਉਸ ਸਮੇਂ ਤੇ ਜੀ ਰਹੀ ਬਾਲਗ ਪੀੜ੍ਹੀ ਵਿੱਚੋਂ ਸਿਰਫ਼ ਕਾਲੇਬ, ਯਹੋਸ਼ੁਆ, ਅਤੇ ਕੁਝ ਲੇਵੀਆਂ ਨੂੰ ਹੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਦਾ ਵਿਸ਼ੇਸ਼-ਸਨਮਾਨ ਮਿਲਿਆ।
16 ਕੁਝ ਸਾਲ ਬਾਅਦ ਕਾਲੇਬ ਨੇ ਕਿਹਾ: “ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ। . . . ਹੁਣ ਵੇਖੋ ਯਹੋਵਾਹ ਨੇ ਮੈਨੂੰ ਏਹ ਪੰਤਾਲੀ ਵਰਹੇ ਜੀਉਂਦਾ ਰੱਖਿਆ ਹੈ ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਏਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਵਰਿਹਾਂ ਦਾ ਹਾਂ। ਮੈਂ ਅੱਜੇ ਤੀਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸਾਂ ਜਦ ਮੂਸਾ ਨੇ ਮੈਨੂੰ ਘੱਲਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਓਵੇਂ ਮੇਰਾ ਬਲ . . . ਹੁਣ ਵੀ ਹੈ।” (ਯਹੋਸ਼ੁਆ 14:6-11) ਕਾਲੇਬ ਦੇ ਚੰਗੇ ਰਵੱਈਏ, ਉਸ ਦੀ ਵਫ਼ਾਦਾਰੀ, ਅਤੇ ਉਸ ਦੀਆਂ ਸਰੀਰਕ ਯੋਗਤਾਵਾਂ ਉੱਤੇ ਧਿਆਨ ਦਿਓ। ਲੇਕਿਨ, ਯਹੋਵਾਹ ਨੇ ਕਾਲੇਬ ਨੂੰ ਮੂਸਾ ਦੀ ਜਗ੍ਹਾ ਲੈਣ ਲਈ ਨਹੀਂ ਚੁਣਿਆ। ਇਹ ਵਿਸ਼ੇਸ਼-ਸਨਮਾਨ ਯਹੋਸ਼ੁਆ ਨੂੰ ਦਿੱਤਾ ਗਿਆ ਸੀ। ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਨੇ ਖ਼ਾਸ ਕਾਰਨਾਂ ਕਰਕੇ ਇਹ ਚੋਣ ਕੀਤੀ ਸੀ, ਅਤੇ ਇਹ ਇਕ ਉੱਤਮ ਚੋਣ ਸੀ।
17. ਦੇਖਣ ਨੂੰ ਤਾਂ ਸ਼ਾਇਦ ਕਿਹੜੀ ਚੀਜ਼ ਪਤਰਸ ਨੂੰ ਜ਼ਿੰਮੇਵਾਰੀ ਸੰਭਾਲਣ ਦੇ ਅਯੋਗ ਠਹਿਰਾਉਂਦੀ ਸੀ?
17 ਪਤਰਸ ਰਸੂਲ ਨੇ ਆਪਣੇ ਮਾਲਕ ਦਾ ਤਿੰਨ ਵਾਰ ਇਨਕਾਰ ਕੀਤਾ ਸੀ। ਉਸ ਨੇ ਕਾਹਲੀ ਨਾਲ ਮਾਮਲਾ ਆਪਣੇ ਹੱਥਾਂ ਵਿਚ ਵੀ ਲਿਆ ਸੀ, ਜਦੋਂ ਉਸ ਨੇ ਸਰਦਾਰ ਜਾਜਕ ਦੇ ਚਾਕਰ ਦਾ ਕੰਨ ਉਡਾਇਆ ਸੀ। (ਮੱਤੀ 26:47-55, 69-75; ਯੂਹੰਨਾ 18:10, 11) ਕੁਝ ਲੋਕ ਸ਼ਾਇਦ ਕਹਿਣ ਕਿ ਪਤਰਸ ਇਕ ਡਰਪੋਕ, ਅਸੰਤੁਲਿਤ ਵਿਅਕਤੀ ਸੀ ਜੋ ਖ਼ਾਸ ਵਿਸ਼ੇਸ਼-ਸਨਮਾਨ ਪ੍ਰਾਪਤ ਕਰਨ ਦੇ ਅਯੋਗ ਸੀ। ਲੇਕਿਨ, ਤਿੰਨ ਸਮੂਹਾਂ ਲਈ ਸਵਰਗੀ ਸੱਦੇ ਦਾ ਰਾਹ ਖੋਲ੍ਹਣ ਦਾ ਵਿਸ਼ੇਸ਼-ਸਨਮਾਨ, ਅਰਥਾਤ ਰਾਜ ਦੀਆਂ ਕੁੰਜੀਆਂ ਕਿਸ ਨੂੰ ਦਿੱਤੀਆਂ ਗਈਆਂ ਸਨ? ਪਤਰਸ ਨੂੰ ਹੀ।—ਰਸੂਲਾਂ ਦੇ ਕਰਤੱਬ 2:1-41; 8:14-17; 10:1-48.
18. ਜਿਵੇਂ ਯਹੂਦਾਹ ਦੁਆਰਾ ਜ਼ਿਕਰ ਕੀਤਾ ਗਿਆ ਸੀ, ਸਾਨੂੰ ਕਿਹੜੀ ਗ਼ਲਤੀ ਕਰਨ ਤੋਂ ਬਚਣਾ ਚਾਹੀਦਾ ਹੈ?
18 ਇਹ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਸਾਨੂੰ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਕਰਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਯਹੋਵਾਹ ਵਿਚ ਆਪਣਾ ਭਰੋਸਾ ਰੱਖੀਏ, ਤਾਂ ਅਸੀਂ ਉਸ ਦੀਆਂ ਚੋਣਾਂ ਉੱਤੇ ਸ਼ੱਕ ਨਹੀਂ ਕਰਾਂਗੇ। ਭਾਵੇਂ ਕਿ ਧਰਤੀ ਉੱਤੇ ਉਸ ਦੀ ਕਲੀਸਿਯਾ ਅਜਿਹੇ ਅਪੂਰਣ ਮਨੁੱਖਾਂ ਦੀ ਬਣੀ ਹੋਈ ਹੈ, ਜੋ ਆਪਣੇ ਆਪ ਨੂੰ ਨਾ ਭੁੱਲਣਹਾਰ ਨਹੀਂ ਸਮਝਦੇ ਹਨ, ਉਹ ਉਨ੍ਹਾਂ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਹੈ। ਯਿਸੂ ਦੇ ਭਰਾ, ਯਹੂਦਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਅਜਿਹੇ ਵਿਅਕਤੀਆਂ ਬਾਰੇ ਚੇਤਾਵਨੀ ਦਿੱਤੀ ਸੀ, ਜੋ “ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ।” (ਯਹੂਦਾਹ 8-10) ਸਾਨੂੰ ਕਦੀ ਵੀ ਉਨ੍ਹਾਂ ਵਾਂਗ ਨਹੀਂ ਹੋਣਾ ਚਾਹੀਦਾ।
19. ਯਹੋਵਾਹ ਦੀਆਂ ਚੋਣਾਂ ਵਿਚ ਨੁਕਸ ਕੱਢਣ ਦਾ ਸਾਡੇ ਕੋਲ ਕੋਈ ਕਾਰਨ ਕਿਉਂ ਨਹੀਂ ਹੈ?
19 ਜ਼ਾਹਰਾ ਤੌਰ ਤੇ, ਯਹੋਵਾਹ ਖ਼ਾਸ ਜ਼ਿੰਮੇਵਾਰੀਆਂ ਲਈ ਅਜਿਹੇ ਵਿਅਕਤੀਆਂ ਨੂੰ ਚੁਣਦਾ ਹੈ ਜਿਨ੍ਹਾਂ ਵਿਚ ਉਸ ਦੇ ਲੋਕਾਂ ਨੂੰ ਅਜਿਹੇ ਰਾਹ ਤੇ ਚਲਾਉਣ ਲਈ ਲੋੜੀਂਦੇ ਗੁਣ ਹਨ, ਜਿਸ ਰਾਹ ਤੇ ਯਹੋਵਾਹ ਉਸ ਖ਼ਾਸ ਸਮੇਂ ਤੇ ਉਨ੍ਹਾਂ ਨੂੰ ਚਲਾਉਣਾ ਚਾਹੁੰਦਾ ਹੈ। ਸਾਨੂੰ ਇਸ ਗੱਲ ਨੂੰ ਪਛਾਣਨ ਦੀ ਸਖ਼ਤ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਸਾਨੂੰ ਯਹੋਵਾਹ ਦੀਆਂ ਚੋਣਾਂ ਵਿਚ ਨੁਕਸ ਨਹੀਂ ਕੱਢਣਾ ਚਾਹੀਦਾ, ਬਲਕਿ ਸਾਨੂੰ ਜਿਸ ਪਦਵੀ ਤੇ ਯਹੋਵਾਹ ਨੇ ਰੱਖਿਆ ਹੈ, ਉੱਥੇ ਨਿਮਰਤਾ ਨਾਲ ਉਸ ਦੀ ਸੇਵਾ ਕਰਨ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਵਿਚ ਆਪਣਾ ਭਰੋਸਾ ਰੱਖਦੇ ਹਾਂ।—ਅਫ਼ਸੀਆਂ 4:11-16; ਫ਼ਿਲਿੱਪੀਆਂ 2:3.
ਯਹੋਵਾਹ ਦੀ ਧਾਰਮਿਕਤਾ ਵਿਚ ਭਰੋਸਾ ਰੱਖਣਾ
20, 21. ਮੂਸਾ ਨਾਲ ਯਹੋਵਾਹ ਦੇ ਸਲੂਕ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
20 ਜੇਕਰ ਅਸੀਂ ਕਦੀ-ਕਦੀ ਆਪਣੇ ਆਪ ਉੱਤੇ ਜ਼ਿਆਦਾ ਅਤੇ ਯਹੋਵਾਹ ਉੱਤੇ ਘੱਟ ਭਰੋਸਾ ਰੱਖਣ ਦਾ ਝੁਕਾਅ ਰੱਖਦੇ ਹਾਂ, ਤਾਂ ਆਓ ਅਸੀਂ ਮੂਸਾ ਤੋਂ ਸਿੱਖੀਏ। ਜਦੋਂ ਉਹ 40 ਸਾਲਾਂ ਦਾ ਸੀ, ਤਾਂ ਇਸਰਾਏਲੀਆਂ ਨੂੰ ਮਿਸਰੀ ਗ਼ੁਲਾਮੀ ਤੋਂ ਆਜ਼ਾਦ ਕਰਨ ਲਈ ਉਹ ਇਕੱਲਾ ਚੱਲ ਪਿਆ। ਬਿਨਾਂ ਸ਼ੱਕ, ਉਸ ਦੇ ਇਰਾਦੇ ਚੰਗੇ ਸਨ, ਪਰ ਨਤੀਜੇ ਵਜੋਂ ਨਾ ਤਾਂ ਇਸਰਾਏਲ ਨੂੰ ਫ਼ੌਰਨ ਮੁਕਤੀ ਮਿਲੀ, ਅਤੇ ਨਾ ਹੀ ਉਸ ਦੀ ਖ਼ੁਦ ਦੀ ਸਥਿਤੀ ਬਿਹਤਰ ਹੋਈ। ਇਸ ਦੀ ਬਜਾਇ, ਉਸ ਨੂੰ ਮਜਬੂਰਨ ਉੱਥੋਂ ਭੱਜਣਾ ਪਿਆ। ਇਕ ਓਪਰੇ ਦੇਸ਼ ਵਿਚ 40 ਸਾਲਾਂ ਦੀ ਕਠਿਨ ਸਿਖਲਾਈ ਤੋਂ ਬਾਅਦ ਹੀ ਉਹ ਉਹ ਕੰਮ ਕਰਨ ਲਈ ਚੁਣੇ ਜਾਣ ਦੇ ਯੋਗ ਬਣਿਆ ਜੋ ਉਹ ਪਹਿਲਾਂ ਕਰਨਾ ਚਾਹੁੰਦਾ ਸੀ। ਇਸ ਵਾਰ ਉਹ ਯਹੋਵਾਹ ਦੇ ਸਮਰਥਨ ਉੱਤੇ ਭਰੋਸਾ ਰੱਖ ਸਕਦਾ ਸੀ ਕਿਉਂਕਿ ਹੁਣ ਉਹ ਕੰਮ ਯਹੋਵਾਹ ਦੇ ਤਰੀਕੇ ਅਤੇ ਸਮੇਂ ਅਨੁਸਾਰ ਹੋ ਰਿਹਾ ਸੀ।—ਕੂਚ 2:11–3:10.
21 ਅਸੀਂ ਸਾਰੇ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਕਦੀ-ਕਦੀ ਮਾਮਲਿਆਂ ਨੂੰ ਜਲਦੀ ਨਿਪਟਾਉਣ ਜਾਂ ਆਪਣੇ ਹੀ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨ ਦੁਆਰਾ ਯਹੋਵਾਹ ਅਤੇ ਕਲੀਸਿਯਾ ਵਿਚ ਨਿਯੁਕਤ ਕੀਤੇ ਬਜ਼ੁਰਗਾਂ ਤੋਂ ਅੱਗੇ ਦੌੜ ਜਾਂਦਾ ਹਾਂ? ਖ਼ਾਸ ਵਿਸ਼ੇਸ਼-ਸਨਮਾਨਾਂ ਦੇ ਸੰਬੰਧ ਵਿਚ ਅਣਡਿੱਠ ਕੀਤੇ ਗਏ ਮਹਿਸੂਸ ਕਰਨ ਦੀ ਬਜਾਇ, ਕੀ ਮੈਂ ਆਪਣੀ ਜਾਰੀ ਸਿਖਲਾਈ ਨੂੰ ਰਜ਼ਾਮੰਦੀ ਨਾਲ ਸਵੀਕਾਰ ਕਰਦਾ ਹਾਂ?’ ਬੁਨਿਆਦੀ ਤੌਰ ਤੇ, ਕੀ ਅਸੀਂ ਮੂਸਾ ਤੋਂ ਇਕ ਮਹੱਤਵਪੂਰਣ ਸਬਕ ਸਿੱਖਿਆ ਹੈ?
22. ਵਿਸ਼ੇਸ਼-ਸਨਮਾਨ ਗੁਆਉਣ ਦੇ ਬਾਵਜੂਦ, ਮੂਸਾ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਸੀ?
22 ਇਸ ਤੋਂ ਇਲਾਵਾ, ਅਸੀਂ ਮੂਸਾ ਤੋਂ ਇਕ ਹੋਰ ਸਬਕ ਸਿੱਖ ਸਕਦੇ ਹਾਂ। ਗਿਣਤੀ 20:7-13 ਵਿਚ ਸਾਨੂੰ ਉਸ ਦੀ ਇਕ ਗ਼ਲਤੀ ਬਾਰੇ ਦੱਸਿਆ ਗਿਆ ਹੈ, ਜੋ ਉਸ ਨੂੰ ਬਹੁਤ ਮਹਿੰਗੀ ਪਈ। ਉਹ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਣ ਦੇ ਵਿਸ਼ੇਸ਼-ਸਨਮਾਨ ਨੂੰ ਗੁਆ ਬੈਠਾ। ਕੀ ਉਸ ਨੇ ਇਹ ਮਹਿਸੂਸ ਕੀਤਾ ਕਿ ਇਸ ਮਾਮਲੇ ਵਿਚ ਯਹੋਵਾਹ ਦਾ ਫ਼ੈਸਲਾ ਅਨਿਆਉਂ ਸੀ? ਕੀ ਉਹ ਮੂੰਹ ਸੁਜਾ ਕੇ ਖੂੰਜੇ ਵਿਚ ਬੈਠ ਗਿਆ ਕਿਉਂਕਿ ਪਰਮੇਸ਼ੁਰ ਉਸ ਨਾਲ ਬਹੁਤ ਬੁਰਾ ਸਲੂਕ ਕਰ ਰਿਹਾ ਸੀ? ਕੀ ਯਹੋਵਾਹ ਦੀ ਧਾਰਮਿਕਤਾ ਵਿਚ ਮੂਸਾ ਦਾ ਭਰੋਸਾ ਘੱਟ ਗਿਆ ਸੀ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਉਨ੍ਹਾਂ ਸ਼ਬਦਾਂ ਵਿਚ ਪਾ ਸਕਦੇ ਹਾਂ ਜੋ ਮੂਸਾ ਨੇ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਖ਼ੁਦ ਇਸਰਾਏਲ ਨੂੰ ਕਹੇ ਸਨ। ਮੂਸਾ ਨੇ ਯਹੋਵਾਹ ਬਾਰੇ ਕਿਹਾ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਯਕੀਨਨ ਮੂਸਾ ਨੇ ਯਹੋਵਾਹ ਵਿਚ ਆਪਣਾ ਭਰੋਸਾ ਅੰਤ ਤਕ ਕਾਇਮ ਰੱਖਿਆ। ਸਾਡੇ ਬਾਰੇ ਕੀ? ਕੀ ਅਸੀਂ ਜ਼ਾਤੀ ਤੌਰ ਤੇ ਯਹੋਵਾਹ ਵਿਚ ਅਤੇ ਉਸ ਦੀ ਧਾਰਮਿਕਤਾ ਵਿਚ ਆਪਣਾ ਭਰੋਸਾ ਪੱਕਾ ਕਰਨ ਲਈ ਕਦਮ ਚੁੱਕ ਰਹੇ ਹਾਂ? ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਓ ਅਸੀਂ ਦੇਖੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਇਸਰਾਏਲੀਆਂ ਕੋਲ ਯਹੋਵਾਹ ਵਿਚ ਭਰੋਸਾ ਰੱਖਣ ਦੇ ਕਿਹੜੇ ਕਾਰਨ ਸਨ?
◻ ਭਰੋਸੇ ਦੇ ਸੰਬੰਧ ਵਿਚ, ਅਬਰਾਹਾਮ ਤੋਂ ਕੀ ਸਿੱਖਿਆ ਜਾ ਸਕਦਾ ਹੈ?
◻ ਸਾਨੂੰ ਯਹੋਵਾਹ ਦੀਆਂ ਚੋਣਾਂ ਵਿਚ ਨੁਕਸ ਕੱਢਣ ਤੋਂ ਕਿਉਂ ਬਚਣਾ ਚਾਹੀਦਾ ਹੈ?
[ਸਫ਼ੇ 22 ਉੱਤੇ ਤਸਵੀਰ]
ਯਹੋਵਾਹ ਉਤੇ ਭਰੋਸਾ ਰੱਖਣ ਵਿਚ ਕਲੀਸਿਯਾ ਵਿਚ ਅਗਵਾਈ ਕਰਨ ਵਾਲਿਆਂ ਨੂੰ ਆਦਰ ਦਿਖਾਉਣਾ ਵੀ ਸ਼ਾਮਲ ਹੈ