ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ
ਯਰੀਹੋ ਦੇ ਮੈਦਾਨ ʼਤੇ ਪਹੁ ਫੁਟਦਿਆਂ ਹੀ ਰਾਹਾਬ ਨੇ ਖਿੜਕੀ ਵਿੱਚੋਂ ਦੀ ਬਾਹਰ ਝਾਕਿਆ। ਉਸ ਨੇ ਦੇਖਿਆ ਕਿ ਉੱਥੇ ਇਜ਼ਰਾਈਲੀ ਫ਼ੌਜ ਇਕੱਠੀ ਹੋਈ ਸੀ। ਜਿਉਂ ਹੀ ਉਨ੍ਹਾਂ ਨੇ ਪਹਿਲੇ ਦਿਨਾਂ ਵਾਂਗ ਸ਼ਹਿਰ ਦੇ ਦੁਆਲੇ ਚੱਕਰ ਲਾਉਣਾ ਸ਼ੁਰੂ ਕੀਤਾ, ਉਨ੍ਹਾਂ ਦੇ ਪਿੱਛੇ-ਪਿੱਛੇ ਧੂੜ ਉੱਡਣ ਲੱਗੀ ਤੇ ਤੁਰ੍ਹੀਆਂ ਦੀ ਉੱਚੀ ਆਵਾਜ਼ ਇਕ ਵਾਰ ਫਿਰ ਹਵਾ ਨੂੰ ਚੀਰਦੀ ਹੋਈ ਸੁਣਾਈ ਦੇਣ ਲੱਗੀ।
ਰਾਹਾਬ ਯਰੀਹੋ ਸ਼ਹਿਰ ਵਿਚ ਰਹਿੰਦੀ ਸੀ। ਇਸ ਲਈ ਉਹ ਇਸ ਦੀਆਂ ਗਲੀਆਂ, ਘਰਾਂ, ਬਾਜ਼ਾਰਾਂ ਅਤੇ ਦੁਕਾਨਾਂ ਤੋਂ ਭਲੀ-ਭਾਂਤ ਜਾਣੂ ਸੀ। ਲੋਕਾਂ ਨੂੰ ਤਾਂ ਉਹ ਹੋਰ ਵੀ ਚੰਗੀ ਤਰ੍ਹਾਂ ਜਾਣਦੀ ਸੀ। ਜਿਉਂ-ਜਿਉਂ ਦਿਨ ਲੰਘਦੇ ਗਏ ਅਤੇ ਇਜ਼ਰਾਈਲੀ ਰੋਜ਼ ਸ਼ਹਿਰ ਦੁਆਲੇ ਚੱਕਰ ਲਗਾਉਣ ਦੀ ਅਜੀਬ ਰੀਤ ਨਿਭਾਉਂਦੇ ਰਹੇ, ਤਿਉਂ-ਤਿਉਂ ਰਾਹਾਬ ਦੇਖ ਸਕਦੀ ਸੀ ਕਿ ਲੋਕਾਂ ਵਿਚ ਖ਼ੌਫ਼ ਛਾ ਰਿਹਾ ਸੀ। ਜਦੋਂ ਯਰੀਹੋ ਦੀਆਂ ਗਲੀਆਂ ਅਤੇ ਚੌਂਕਾਂ ਵਿਚ ਤੁਰ੍ਹੀਆਂ ਦੀ ਆਵਾਜ਼ ਗੂੰਜ ਰਹੀ ਸੀ, ਉਸ ਵੇਲੇ ਰਾਹਾਬ ਨੇ ਦੂਸਰੇ ਲੋਕਾਂ ਵਾਂਗ ਨਾ ਤਾਂ ਖ਼ੌਫ਼ ਖਾਧਾ ਤੇ ਨਾ ਹੀ ਉਹ ਨਿਰਾਸ਼ ਹੋਈ।
ਰਾਹਾਬ ਖਿੜਕੀ ਵਿੱਚੋਂ ਦੀ ਦੇਖ ਰਹੀ ਸੀ ਜਿਉਂ ਹੀ ਇਸ ਸੱਤਵੇਂ ਦਿਨ ਨੂੰ ਸਵੇਰੇ-ਸਵੇਰੇ ਫ਼ੌਜ ਨੇ ਚੱਕਰ ਲਾਉਣਾ ਸ਼ੁਰੂ ਕੀਤਾ। ਉਸ ਨੇ ਦੇਖਿਆ ਕਿ ਇਜ਼ਰਾਈਲੀ ਫ਼ੌਜੀਆਂ ਵਿਚਕਾਰ ਉਨ੍ਹਾਂ ਦੇ ਪੁਜਾਰੀ ਤੁਰ੍ਹੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਨੇ ਪਵਿੱਤਰ ਸੰਦੂਕ ਚੁੱਕਿਆ ਹੋਇਆ ਸੀ ਜੋ ਯਹੋਵਾਹ ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਅਸੀਂ ਮਨ ਦੀਆਂ ਅੱਖਾਂ ਨਾਲ ਰਾਹਾਬ ਨੂੰ ਕਿਰਮਚੀ ਰੰਗ ਦੀ ਰੱਸੀ ਉੱਤੇ ਹੱਥ ਰੱਖਿਆਂ ਦੇਖ ਸਕਦੇ ਹਾਂ। ਇਹ ਰੱਸੀ ਉਸ ਨੇ ਯਰੀਹੋ ਦੀ ਵੱਡੀ ਕੰਧ ਦੇ ਬਾਹਰਲੇ ਪਾਸੇ ਆਪਣੀ ਖਿੜਕੀ ਨਾਲ ਲਟਕਾਈ ਸੀ। ਇਸ ਰੱਸੀ ਨੇ ਰਾਹਾਬ ਨੂੰ ਯਾਦ ਕਰਾਇਆ ਕਿ ਉਹ ਅਤੇ ਉਸ ਦਾ ਪਰਿਵਾਰ ਸ਼ਹਿਰ ਦੇ ਨਾਸ਼ ਵਿੱਚੋਂ ਬਚ ਨਿਕਲਣਗੇ। ਕੀ ਰਾਹਾਬ ਗੱਦਾਰ ਸੀ? ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਗੱਦਾਰ ਨਹੀਂ ਸੀ, ਸਗੋਂ ਉਸ ਨੇ ਰਾਹਾਬ ਦੀ ਕਮਾਲ ਦੀ ਨਿਹਚਾ ਦੇਖੀ ਸੀ। ਆਓ ਆਪਾਂ ਸ਼ੁਰੂ ਤੋਂ ਰਾਹਾਬ ਦੀ ਕਹਾਣੀ ਦੇਖੀਏ ਅਤੇ ਜਾਣੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।
ਵੇਸਵਾ ਰਾਹਾਬ
ਰਾਹਾਬ ਇਕ ਵੇਸਵਾ ਸੀ। ਇਸ ਕੌੜੇ ਸੱਚ ਨੇ ਬਾਈਬਲ ਦੇ ਕੁਝ ਟਿੱਪਣੀਕਾਰਾਂ ਨੂੰ ਅਤੀਤ ਵਿਚ ਇੰਨਾ ਚੌਂਕਾ ਦਿੱਤਾ ਸੀ ਕਿ ਉਹ ਦਾਅਵਾ ਕਰਨ ਲੱਗੇ ਕਿ ਉਹ ਤਾਂ ਬਸ ਸਰਾਂ ਦੀ ਮਾਲਕਣ ਸੀ। ਪਰ ਬਾਈਬਲ ਕਿਸੇ ਗੱਲ ਨੂੰ ਲੁਕਾਉਂਦੀ ਨਹੀਂ, ਸਗੋਂ ਸਾਫ਼-ਸਾਫ਼ ਉਹੀ ਦੱਸਦੀ ਹੈ ਜੋ ਸੱਚ ਹੈ। (ਯਹੋਸ਼ੁਆ 2:1; ਇਬਰਾਨੀਆਂ 11:31; ਯਾਕੂਬ 2:25) ਕਨਾਨੀ ਸਮਾਜ ਵਿਚ ਰਾਹਾਬ ਦੇ ਧੰਦੇ ਨੂੰ ਚੰਗਾ ਸਮਝਿਆ ਜਾਂਦਾ ਸੀ। ਪਰ ਸਭਿਆਚਾਰ ਜੋ ਮਰਜ਼ੀ ਸੋਚੇ, ਉਹ ਇਨਸਾਨ ਦੀ ਜ਼ਮੀਰ ਨੂੰ ਨਹੀਂ ਮਾਰ ਸਕਦਾ ਜੋ ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਸਹੀ-ਗ਼ਲਤ ਵਿਚ ਫ਼ਰਕ ਦੇਖਣ ਲਈ ਦਿੱਤਾ ਹੈ। (ਰੋਮੀਆਂ 2:14, 15) ਰਾਹਾਬ ਸ਼ਾਇਦ ਆਪਣੇ ਜੀਉਣ ਦੇ ਘਟੀਆ ਤੌਰ-ਤਰੀਕੇ ਕਰਕੇ ਬਹੁਤ ਸ਼ਰਮਿੰਦਾ ਸੀ। ਅੱਜ ਇਸ ਧੰਦੇ ਵਿਚ ਫਸੇ ਕਈ ਲੋਕਾਂ ਵਾਂਗ ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਪਰਿਵਾਰ ਦੀ ਰੋਜ਼ੀ-ਰੋਟੀ ਲਈ ਇਹ ਧੰਦਾ ਕਰਨ ਤੋਂ ਸਿਵਾਇ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ।
ਕੋਈ ਸ਼ੱਕ ਨਹੀਂ ਕਿ ਉਹ ਬਿਹਤਰ ਜ਼ਿੰਦਗੀ ਜੀਉਣੀ ਚਾਹੁੰਦੀ ਸੀ। ਉਸ ਦੇ ਸ਼ਹਿਰ ਵਿਚ ਹਿੰਸਾ ਤੇ ਘਟੀਆ ਕੰਮਾਂ ਦੀ ਭਰਮਾਰ ਸੀ। ਲੋਕ ਆਪਣੇ ਨਜ਼ਦੀਕੀ ਸਾਕ-ਸੰਬੰਧੀਆਂ ਨਾਲ ਜਿਨਸੀ ਸੰਬੰਧ ਰੱਖਦੇ ਸਨ ਤੇ ਪਸ਼ੂਆਂ ਨਾਲ ਸੰਭੋਗ ਕਰਦੇ ਸਨ। (ਲੇਵੀਆਂ 18:3, 6, 21-24) ਕਨਾਨ ਵਿਚ ਇਹੋ ਜਿਹੇ ਬੁਰੇ ਕੰਮਾਂ ਦੀ ਭਰਮਾਰ ਧਰਮ ਕਰਕੇ ਸੀ। ਮੰਦਰਾਂ ਵਿਚ ਵੇਸਵਾਪੁਣੇ ਦਾ ਰਿਵਾਜ ਸੀ ਅਤੇ ਬਆਲ ਤੇ ਮੋਲਕ ਦੇਵਤਿਆਂ ਦੀ ਪੂਜਾ ਕਰਨ ਲਈ ਜੀਉਂਦੇ ਬੱਚਿਆਂ ਦੀ ਅੱਗ ਵਿਚ ਬਲ਼ੀ ਚੜ੍ਹਾਈ ਜਾਂਦੀ ਸੀ।
ਕਨਾਨ ਵਿਚ ਜੋ ਕੁਝ ਹੋ ਰਿਹਾ ਸੀ, ਉਸ ਤੋਂ ਯਹੋਵਾਹ ਨੇ ਅੱਖਾਂ ਨਹੀਂ ਮੀਟੀਆਂ ਹੋਈਆਂ ਸਨ। ਅਸਲ ਵਿਚ ਕਨਾਨੀਆਂ ਦੇ ਬਹੁਤ ਸਾਰੇ ਬੁਰੇ ਕੰਮਾਂ ਕਰਕੇ ਯਹੋਵਾਹ ਨੇ ਕਿਹਾ ਸੀ: “ਉਹਨਾਂ ਦੇ ਇਹਨਾਂ ਕੰਮਾਂ ਨਾਲ ਹੀ ਉਹਨਾਂ ਦੀ ਧਰਤੀ ਅਪਵਿੱਤਰ ਹੋ ਗਈ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਦੀ ਸਜ਼ਾ ਦਿੱਤੀ। ਇਸ ਲਈ ਉਹਨਾਂ ਨੂੰ ਉਸ ਧਰਤੀ ਨੇ ਆਪਣੇ ਤੋਂ ਬਾਹਰ ਸੁੱਟ ਦਿੱਤਾ।” (ਲੇਵੀਆਂ 18:25, CL) “ਉਹਨਾਂ ਦੇ ਅਪਰਾਧਾਂ ਦੀ ਸਜ਼ਾ” ਵਿਚ ਕੀ ਕੁਝ ਸ਼ਾਮਲ ਸੀ? ਇਜ਼ਰਾਈਲੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ: “ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗੋਂ ਹੌਲੀ ਹੌਲੀ ਕੱਢੇਗਾ।” (ਬਿਵਸਥਾ ਸਾਰ 7:22) ਸਦੀਆਂ ਪਹਿਲਾਂ ਯਹੋਵਾਹ ਨੇ ਅਬਰਾਹਾਮ ਦੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਦੇਵੇਗਾ ਤੇ ‘ਪਰਮੇਸ਼ੁਰ ਕਦੀ ਝੂਠ ਨਹੀਂ ਬੋਲ ਸਕਦਾ।’—ਤੀਤੁਸ 1:2; ਉਤਪਤ 12:7.
ਪਰ ਯਹੋਵਾਹ ਨੇ ਉਸ ਦੇਸ਼ ਵਿਚ ਕੁਝ ਕੌਮਾਂ ਦਾ ਖੁਰਾ-ਖੋਜ ਮਿਟਾਉਣ ਦਾ ਵੀ ਐਲਾਨ ਕੀਤਾ ਸੀ। (ਬਿਵਸਥਾ ਸਾਰ 7:1, 2) “ਸਾਰੀ ਧਰਤੀ ਦਾ [ਧਰਮੀ] ਨਿਆਈ” ਹੋਣ ਕਰਕੇ ਉਹ ਹਰ ਕਿਸੇ ਦੇ ਦਿਲ ਨੂੰ ਬਾਖੂਬੀ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਲੋਕ ਬੁਰਾਈ ਤੇ ਬਦਚਲਣੀ ਕਰਨ ਵਿਚ ਕਿੰਨੇ ਰੁੱਝੇ ਹੋਏ ਸਨ। (ਉਤਪਤ 18:26; 1 ਇਤਹਾਸ 28:9) ਸਜ਼ਾ ਦੇ ਲਾਇਕ ਇਸ ਸ਼ਹਿਰ ਵਿਚ ਰਹਿਣਾ ਰਾਹਾਬ ਨੂੰ ਕਿਵੇਂ ਲੱਗਦਾ ਸੀ? ਅਸੀਂ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਕਿ ਇਜ਼ਰਾਈਲ ਬਾਰੇ ਖ਼ਬਰਾਂ ਸੁਣ ਕੇ ਉਸ ਨੂੰ ਕਿਵੇਂ ਲੱਗਾ ਹੋਣਾ। ਉਸ ਨੇ ਸੁਣਿਆ ਸੀ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਆਪਣੇ ਲੋਕਾਂ, ਜੋ ਉਸ ਵੇਲੇ ਗ਼ੁਲਾਮ ਕੌਮ ਸੀ, ਦੀ ਅਗਵਾਈ ਕਰ ਕੇ ਉਨ੍ਹਾਂ ਨੂੰ ਮਿਸਰ ਫ਼ੌਜ ਉੱਤੇ ਵੱਡੀ ਜਿੱਤ ਦਿਵਾਈ ਸੀ। ਮਿਸਰੀ ਫ਼ੌਜ ਉਸ ਜ਼ਮਾਨੇ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਸੀ। ਅਤੇ ਹੁਣ ਇਜ਼ਰਾਈਲੀ ਲੋਕ ਯਰੀਹੋ ਉੱਤੇ ਹਮਲਾ ਕਰਨ ਵਾਲੇ ਸਨ! ਫਿਰ ਵੀ ਉਸ ਸ਼ਹਿਰ ਦੇ ਲੋਕ ਬੁਰਾਈ ਕਰਨ ਵਿਚ ਲੱਗੇ ਰਹੇ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਰਾਹਾਬ ਦੇ ਦੇਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਕਿਉਂ ‘ਅਣਆਗਿਆਕਾਰ ਲੋਕ’ ਕਹਿੰਦੀ ਹੈ।—ਇਬਰਾਨੀਆਂ 11:31.
ਰਾਹਾਬ ਉਨ੍ਹਾਂ ਤੋਂ ਬਿਲਕੁਲ ਵੱਖਰੀ ਸੀ। ਉਸ ਨੇ ਕਈ ਸਾਲਾਂ ਤਕ ਉਨ੍ਹਾਂ ਖ਼ਬਰਾਂ ਉੱਤੇ ਸੋਚ-ਵਿਚਾਰ ਕੀਤਾ ਹੋਣਾ ਜੋ ਉਸ ਨੇ ਇਜ਼ਰਾਈਲ ਅਤੇ ਯਹੋਵਾਹ ਪਰਮੇਸ਼ੁਰ ਬਾਰੇ ਸੁਣੀਆਂ ਸਨ। ਯਹੋਵਾਹ ਤੇ ਕਨਾਨੀ ਦੇਵਤਿਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ! ਯਹੋਵਾਹ ਅਜਿਹਾ ਪਰਮੇਸ਼ੁਰ ਸੀ ਜੋ ਆਪਣੇ ਲੋਕਾਂ ਉੱਤੇ ਜ਼ੁਲਮ ਕਰਨ ਦੀ ਬਜਾਇ ਉਨ੍ਹਾਂ ਲਈ ਲੜਿਆ ਅਤੇ ਆਪਣੇ ਭਗਤਾਂ ਦੇ ਮਿਆਰਾਂ ਨੂੰ ਡੇਗਣ ਦੀ ਬਜਾਇ ਉਨ੍ਹਾਂ ਨੂੰ ਉੱਚਾ ਕੀਤਾ। ਇਹ ਪਰਮੇਸ਼ੁਰ ਔਰਤਾਂ ਨੂੰ ਅਨਮੋਲ ਸਮਝਦਾ ਸੀ, ਨਾ ਕਿ ਜਿਸਮ ਦੀ ਭੁੱਖ ਮਿਟਾਉਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਖ਼ਰੀਦਿਆ, ਵੇਚਿਆ ਅਤੇ ਘਿਣਾਉਣੀ ਪੂਜਾ ਵਿਚ ਵਰਤ ਕੇ ਨੀਵਾਂ ਦਿਖਾਇਆ ਜਾਂਦਾ ਸੀ। ਜਦੋਂ ਰਾਹਾਬ ਨੂੰ ਪਤਾ ਲੱਗਾ ਕਿ ਇਜ਼ਰਾਈਲੀ ਯਰਦਨ ਦਰਿਆ ਦੇ ਪਾਰ ਡੇਰਾ ਲਾਈ ਬੈਠੇ ਸਨ ਤੇ ਹਮਲਾ ਕਰਨ ਲਈ ਤਿਆਰ ਸਨ, ਤਾਂ ਉਹ ਦੁਖੀ ਹੋਈ ਹੋਣੀ ਕਿ ਉਸ ਦੇ ਦੇਸ਼ ਦੇ ਲੋਕਾਂ ਦਾ ਬੁਰਾ ਹਸ਼ਰ ਹੋਣ ਵਾਲਾ ਸੀ। ਕੀ ਯਹੋਵਾਹ ਨੇ ਰਾਹਾਬ ਵੱਲ ਧਿਆਨ ਦਿੱਤਾ ਤੇ ਉਸ ਦੀ ਚੰਗਿਆਈ ਦੀ ਕਦਰ ਕੀਤੀ?
ਅੱਜ ਦੁਨੀਆਂ ਵਿਚ ਰਾਹਾਬ ਵਰਗੇ ਕਈ ਲੋਕ ਹਨ। ਉਹ ਅਜਿਹੀ ਜ਼ਿੰਦਗੀ ਜੀਉਣ ਦੇ ਫੰਦੇ ਵਿਚ ਫਸੇ ਮਹਿਸੂਸ ਕਰਦੇ ਹਨ ਜਿਸ ਕਰਕੇ ਉਹ ਆਪਣਾ ਇੱਜ਼ਤ-ਮਾਣ ਤੇ ਖ਼ੁਸ਼ੀ ਗੁਆ ਬੈਠੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਉਨ੍ਹਾਂ ਦੀ ਪਰਵਾਹ ਤੇ ਕਦਰ ਨਹੀਂ ਕਰਦਾ। ਰਾਹਾਬ ਦੀ ਮਿਸਾਲ ਨੂੰ ਯਾਦ ਰੱਖ ਕੇ ਸਾਨੂੰ ਦਿਲਾਸਾ ਮਿਲਦਾ ਹੈ ਕਿ ਪਰਮੇਸ਼ੁਰ ਹਰੇਕ ਇਨਸਾਨ ਵੱਲ ਧਿਆਨ ਦਿੰਦਾ ਹੈ। ਭਾਵੇਂ ਅਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਨੀਵੇਂ ਸਮਝੀਏ, “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਪਰਮੇਸ਼ੁਰ ਆਪਣੇ ʼਤੇ ਨਿਹਚਾ ਕਰਨ ਵਾਲੇ ਸਾਰੇ ਲੋਕਾਂ ਦੇ ਨੇੜੇ ਹੈ ਅਤੇ ਉਨ੍ਹਾਂ ਨੂੰ ਉਮੀਦ ਦੇਣ ਲਈ ਤਿਆਰ ਤੇ ਉਤਾਵਲਾ ਹੈ। ਕੀ ਰਾਹਾਬ ਨੇ ਉਸ ʼਤੇ ਨਿਹਚਾ ਕੀਤੀ?
ਉਸ ਨੇ ਜਾਸੂਸਾਂ ਦੀ ਪਰਾਹੁਣਚਾਰੀ ਕੀਤੀ
ਇਜ਼ਰਾਈਲੀਆਂ ਦੁਆਰਾ ਯਰੀਹੋ ਦੁਆਲੇ ਚੱਕਰ ਲਾਉਣ ਤੋਂ ਕੁਝ ਸਮਾਂ ਪਹਿਲਾਂ, ਇਕ ਦਿਨ ਦੋ ਅਜਨਬੀ ਰਾਹਾਬ ਦੇ ਘਰ ਗਏ। ਇਹ ਦੋ ਆਦਮੀ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਚਲੇ ਜਾਣਾ ਚਾਹੁੰਦੇ ਸਨ। ਪਰ ਸ਼ਹਿਰ ਦੇ ਤਣਾਅ ਭਰੇ ਮਾਹੌਲ ਵਿਚ ਕਈ ਲੋਕ ਚੁਕੰਨੇ ਸਨ ਤਾਂਕਿ ਇਜ਼ਰਾਈਲ ਤੋਂ ਕਿਸੇ ਜਾਸੂਸ ਦੇ ਆਉਣ ਦਾ ਪਤਾ ਲੱਗਣ ਤੇ ਉਸ ਨੂੰ ਫੜਿਆ ਜਾ ਸਕੇ। ਰਾਹਾਬ ਦੀਆਂ ਤੇਜ਼ ਨਜ਼ਰਾਂ ਨੇ ਸ਼ਾਇਦ ਪਛਾਣ ਲਿਆ ਹੋਣਾ ਕਿ ਉਹ ਦੋ ਅਜਨਬੀ ਕੌਣ ਸਨ। ਉਸ ਦੇ ਘਰ ਆਦਮੀਆਂ ਦਾ ਆਉਣਾ ਕੋਈ ਅਨੋਖੀ ਗੱਲ ਨਹੀਂ ਸੀ, ਪਰ ਇਹ ਦੋ ਅਜਨਬੀ ਉਸ ਵੇਸਵਾ ਤੋਂ ਸਿਰਫ਼ ਰਹਿਣ ਲਈ ਜਗ੍ਹਾ ਚਾਹੁੰਦੇ ਸਨ, ਹੋਰ ਕੁਝ ਨਹੀਂ।
ਇਹ ਆਦਮੀ ਅਸਲ ਵਿਚ ਇਜ਼ਰਾਈਲੀ ਡੇਰੇ ਤੋਂ ਆਏ ਜਾਸੂਸ ਸਨ। ਉਨ੍ਹਾਂ ਦੇ ਕਮਾਂਡਰ ਯਹੋਸ਼ੁਆ ਨੇ ਉਨ੍ਹਾਂ ਨੂੰ ਯਰੀਹੋ ਸ਼ਹਿਰ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਪਤਾ ਲਾਉਣ ਲਈ ਭੇਜਿਆ ਸੀ। ਕਨਾਨ ਦੇਸ਼ ਦਾ ਇਹ ਪਹਿਲਾ ਸ਼ਹਿਰ ਸੀ ਜਿਸ ਉੱਤੇ ਇਜ਼ਰਾਈਲੀਆਂ ਨੇ ਹਮਲਾ ਕਰਨਾ ਸੀ ਤੇ ਸ਼ਾਇਦ ਹੋਰਨਾਂ ਸ਼ਹਿਰਾਂ ਨਾਲੋਂ ਇਹ ਸਭ ਤੋਂ ਸ਼ਕਤੀਸ਼ਾਲੀ ਸੀ। ਯਹੋਸ਼ੁਆ ਬਸ ਇਹੀ ਜਾਣਨਾ ਚਾਹੁੰਦਾ ਸੀ ਕਿ ਉੱਥੇ ਉਸ ਨੂੰ ਤੇ ਉਸ ਦੇ ਆਦਮੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਇਸ ਲਈ ਜਾਸੂਸ ਜਾਣ-ਬੁੱਝ ਕੇ ਰਾਹਾਬ ਦੇ ਘਰ ਗਏ। ਹੋਰ ਥਾਵਾਂ ਦੀ ਬਜਾਇ ਕਿਸੇ ਵੇਸਵਾ ਦੇ ਘਰ ਆਉਣ ਵਾਲੇ ਅਜਨਬੀਆਂ ਵੱਲ ਕੋਈ ਇੰਨਾ ਧਿਆਨ ਨਹੀਂ ਦਿੰਦਾ ਸੀ। ਜਾਸੂਸਾਂ ਨੂੰ ਸ਼ਾਇਦ ਇਹ ਵੀ ਉਮੀਦ ਸੀ ਕਿ ਇੱਧਰੋਂ-ਉੱਧਰੋਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੂੰ ਫ਼ਾਇਦੇਮੰਦ ਜਾਣਕਾਰੀ ਮਿਲ ਸਕਦੀ ਸੀ।
ਬਾਈਬਲ ਦੱਸਦੀ ਹੈ ਕਿ ਰਾਹਾਬ ਨੇ “ਜਾਸੂਸਾਂ ਦੀ ਪਰਾਹੁਣਚਾਰੀ ਕੀਤੀ।” (ਯਾਕੂਬ 2:25) ਉਹ ਉਨ੍ਹਾਂ ਨੂੰ ਆਪਣੇ ਘਰ ਅੰਦਰ ਲੈ ਗਈ। ਜੇ ਉਸ ਨੂੰ ਕੋਈ ਸ਼ੱਕ ਹੈ ਵੀ ਸੀ ਕਿ ਉਹ ਕੌਣ ਸਨ ਤੇ ਉਹ ਉੱਥੇ ਕਿਉਂ ਆਏ ਸਨ, ਫਿਰ ਵੀ ਉਸ ਨੇ ਉਨ੍ਹਾਂ ਨੂੰ ਆਪਣੇ ਘਰ ਠਹਿਰਾਇਆ। ਸ਼ਾਇਦ ਉਹ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦੀ ਸੀ।
ਪਰ ਅਚਾਨਕ ਯਰੀਹੋ ਦੇ ਰਾਜੇ ਦੇ ਭੇਜੇ ਬੰਦੇ ਆ ਗਏ! ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਇਜ਼ਰਾਈਲ ਤੋਂ ਜਾਸੂਸ ਰਾਹਾਬ ਦੇ ਘਰ ਆਏ ਸਨ। ਰਾਹਾਬ ਕੀ ਕਰੇਗੀ? ਜੇ ਉਸ ਨੇ ਉਨ੍ਹਾਂ ਦੋ ਜਾਸੂਸਾਂ ਨੂੰ ਬਚਾਇਆ, ਤਾਂ ਕੀ ਉਹ ਆਪਣੀ ਤੇ ਆਪਣੇ ਘਰਦਿਆਂ ਦੀ ਜਾਨ ਖ਼ਤਰੇ ਵਿਚ ਨਹੀਂ ਪਾਵੇਗੀ? ਕੀ ਯਰੀਹੋ ਦੇ ਲੋਕ ਉਨ੍ਹਾਂ ਸਾਰਿਆਂ ਦਾ ਕਤਲ ਨਹੀਂ ਕਰ ਦੇਣਗੇ ਜੇ ਰਾਹਾਬ ਨੇ ਦੁਸ਼ਮਣਾਂ ਨੂੰ ਪਨਾਹ ਦਿੱਤੀ? ਦੂਜੇ ਪਾਸੇ, ਰਾਹਾਬ ਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਉਹ ਆਦਮੀ ਕੌਣ ਸਨ। ਜੇ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਯਹੋਵਾਹ ਉਸ ਦੇ ਦੇਵਤੇ ਨਾਲੋਂ ਬਿਹਤਰ ਹੈ, ਤਾਂ ਇਹ ਉਸ ਲਈ ਯਹੋਵਾਹ ਦਾ ਪੱਖ ਲੈਣ ਦਾ ਮੌਕਾ ਸੀ।
ਰਾਹਾਬ ਕੋਲ ਸੋਚਣ ਲਈ ਇੰਨਾ ਵਕਤ ਨਹੀਂ ਸੀ, ਫਿਰ ਵੀ ਉਸ ਨੇ ਅਕਲ ਤੋਂ ਕੰਮ ਲੈਂਦਿਆਂ ਤੁਰੰਤ ਕਦਮ ਉਠਾਇਆ। ਉਸ ਨੇ ਜਾਸੂਸਾਂ ਨੂੰ ਸਣ ਦੇ ਟਾਂਡਿਆਂ ਵਿਚ ਲੁਕੋ ਦਿੱਤਾ ਜੋ ਕੋਠੇ ਉੱਤੇ ਸੁੱਕਣੇ ਪਾਏ ਹੋਏ ਸਨ। ਫਿਰ ਉਸ ਨੇ ਰਾਜੇ ਦੇ ਭੇਜੇ ਬੰਦਿਆਂ ਨੂੰ ਕਿਹਾ: “ਓਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਓਹ ਕਿੱਥੋਂ ਦੇ ਸਨ। ਅਤੇ ਐਉਂ ਹੋਇਆ ਕਿ ਜਦ ਫਾਟਕਾਂ ਦੇ ਬੰਦ ਕਰਨ ਦੇ ਵੇਲੇ ਅਨ੍ਹੇਰਾ ਸੀ ਤਾਂ ਓਹ ਮਨੁੱਖ ਕਿੱਧਰੇ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਓਹ ਮਨੁੱਖ ਕਿੱਥੇ ਚੱਲੇ ਗਏ ਹਨ। ਛੇਤੀ ਨਾਲ ਓਹਨਾਂ ਦਾ ਪਿੱਛਾ ਕਰੋ ਕਿਉਂ ਜੋ ਤੁਸੀਂ ਓਹਨਾਂ ਨੂੰ ਜਾ ਟੱਕਰੋਗੇ।” (ਯਹੋਸ਼ੁਆ 2:4, 5) ਜ਼ਰਾ ਕਲਪਨਾ ਕਰੋ ਜਦੋਂ ਰਾਹਾਬ ਰਾਜੇ ਦੇ ਬੰਦਿਆਂ ਦੇ ਚਿਹਰਿਆਂ ਵੱਲ ਤੱਕ ਰਹੀ ਸੀ। ਕੀ ਉਸ ਨੇ ਇਹ ਸੋਚਿਆ ਸੀ ਕਿ ‘ਕਿਤੇ ਉਨ੍ਹਾਂ ਨੂੰ ਪਤਾ ਨਾ ਲੱਗ ਜਾਵੇ ਕਿ ਮੇਰਾ ਦਿਲ ਕਿੰਨੀ ਤੇਜ਼ੀ ਨਾਲ ਧੜਕ ਰਿਹਾ ਹੈ?’
ਉਸ ਦਾ ਹੱਥਕੰਡਾ ਕੰਮ ਕਰ ਗਿਆ ਸੀ! ਰਾਜੇ ਦੇ ਆਦਮੀ ਯਰਦਨ ਦਰਿਆ ਨੂੰ ਪਾਰ ਕਰਨ ਵਾਲੇ ਰਸਤਿਆਂ ਵੱਲ ਨੂੰ ਭੱਜ ਗਏ। (ਯਹੋਸ਼ੁਆ 2:7) ਰਾਹਾਬ ਨੇ ਸੁੱਖ ਦਾ ਸਾਹ ਲਿਆ ਹੋਣਾ। ਉਸ ਨੇ ਸੌਖਾ ਜਿਹਾ ਹੱਥਕੰਡਾ ਵਰਤ ਕੇ ਖ਼ੂੰਖਾਰ ਬੰਦਿਆਂ ਨੂੰ ਗ਼ਲਤ ਪਾਸੇ ਭੇਜ ਦਿੱਤਾ ਜਿਨ੍ਹਾਂ ਨੂੰ ਸੱਚ ਜਾਣਨ ਦਾ ਕੋਈ ਹੱਕ ਨਹੀਂ ਸੀ। ਇਸ ਤਰ੍ਹਾਂ ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਸੇਵਕਾਂ ਨੂੰ ਬਚਾ ਲਿਆ।
ਰਾਹਾਬ ਭੱਜ ਕੇ ਕੋਠੇ ʼਤੇ ਗਈ ਅਤੇ ਜਾਸੂਸਾਂ ਨੂੰ ਦੱਸਿਆ ਕਿ ਉਸ ਨੇ ਕੀ ਕੀਤਾ। ਉਸ ਨੇ ਇਹ ਵੀ ਜ਼ਰੂਰੀ ਗੱਲ ਦੱਸੀ: ਸ਼ਹਿਰ ਦੇ ਲੋਕ ਹਿੰਮਤ ਹਾਰ ਚੁੱਕੇ ਸਨ ਅਤੇ ਹਮਲਾਵਰਾਂ ਦਾ ਖ਼ੌਫ਼ ਖਾ ਰਹੇ ਸਨ। ਇਹ ਖ਼ਬਰ ਸੁਣ ਕੇ ਜਾਸੂਸ ਖ਼ੁਸ਼ ਹੋ ਗਏ ਹੋਣੇ। ਦੁਸ਼ਟ ਕਨਾਨੀ ਲੋਕਾਂ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਤਾਕਤ ਕਰਕੇ ਦਹਿਸ਼ਤ ਫੈਲ ਰਹੀ ਸੀ। ਫਿਰ ਰਾਹਾਬ ਨੇ ਆਪਣੇ ਬਾਰੇ ਜੋ ਜ਼ਾਹਰ ਕੀਤਾ, ਉਹ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ। ਉਸ ਨੇ ਕਿਹਾ: “ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ।” (ਯਹੋਸ਼ੁਆ 2:11) ਯਹੋਵਾਹ ਬਾਰੇ ਉਸ ਨੇ ਜੋ ਖ਼ਬਰਾਂ ਸੁਣੀਆਂ ਸਨ, ਉਹ ਉਸ ਨੂੰ ਇਹ ਸਿਖਾਉਣ ਲਈ ਕਾਫ਼ੀ ਸਨ: ਇਜ਼ਰਾਈਲ ਦਾ ਪਰਮੇਸ਼ੁਰ ਉਸ ਦੇ ਭਰੋਸੇ ਦੇ ਲਾਇਕ ਸੀ। ਇਸ ਲਈ ਉਸ ਨੇ ਯਹੋਵਾਹ ʼਤੇ ਨਿਹਚਾ ਕੀਤੀ।
ਰਾਹਾਬ ਨੂੰ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਜਿੱਤ ਦਿਵਾਏਗਾ। ਇਸ ਲਈ ਉਸ ਨੇ ਦਇਆ ਦੀ ਭੀਖ ਮੰਗਦੇ ਹੋਏ ਬੇਨਤੀ ਕੀਤੀ ਕਿ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਬਖ਼ਸ਼ ਦਿੱਤੀ ਜਾਵੇ। ਜਾਸੂਸ ਇਸ ਸ਼ਰਤ ʼਤੇ ਉਸ ਦੀ ਗੱਲ ਮੰਨ ਗਏ ਕਿ ਉਹ ਉਨ੍ਹਾਂ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਅਤੇ ਸ਼ਹਿਰ ਦੀ ਕੰਧ ਦੇ ਬਾਹਰਲੇ ਪਾਸੇ ਆਪਣੀ ਖਿੜਕੀ ਨਾਲ ਕਿਰਮਚੀ ਰੱਸੀ ਲਟਕਾ ਦੇਵੇ ਤਾਂਕਿ ਫ਼ੌਜੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਚਾ ਸਕਣ।—ਯਹੋਸ਼ੁਆ 2:12-14, 18.
ਰਾਹਾਬ ਤੋਂ ਅਸੀਂ ਨਿਹਚਾ ਬਾਰੇ ਅਹਿਮ ਸੱਚਾਈ ਸਿੱਖ ਸਕਦੇ ਹਾਂ। ਬਾਈਬਲ ਦੱਸਦੀ ਹੈ ਕਿ “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ।” (ਰੋਮੀਆਂ 10:17) ਉਸ ਨੇ ਯਹੋਵਾਹ ਪਰਮੇਸ਼ੁਰ ਦੀ ਤਾਕਤ ਅਤੇ ਇਨਸਾਫ਼ ਬਾਰੇ ਜੋ ਖ਼ਬਰਾਂ ਸੁਣੀਆਂ ਸਨ, ਉਹ ਭਰੋਸੇ ਦੇ ਲਾਇਕ ਸਨ। ਇਸ ਲਈ ਉਸ ਨੇ ਯਹੋਵਾਹ ʼਤੇ ਨਿਹਚਾ ਅਤੇ ਭਰੋਸਾ ਕੀਤਾ। ਅੱਜ ਸਾਡੇ ਕੋਲ ਯਹੋਵਾਹ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਅੱਜ ਅਸੀਂ ਉਸ ਦੇ ਬਚਨ ਬਾਈਬਲ ਵਿੱਚੋਂ ਜੋ ਕੁਝ ਸਿੱਖਦੇ ਹਾਂ, ਉਸ ਕਾਰਨ ਕੀ ਅਸੀਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਉਸ ʼਤੇ ਨਿਹਚਾ ਕਰਾਂਗੇ?
ਮਜ਼ਬੂਤ ਸ਼ਹਿਰ ਢਹਿ ਗਿਆ
ਰਾਹਾਬ ਦੀ ਸਲਾਹ ਮੰਨ ਕੇ ਦੋਵੇਂ ਜਾਸੂਸ ਖਿੜਕੀ ਨਾਲ ਲਟਕਦੀ ਰੱਸੀ ਦੇ ਸਹਾਰੇ ਕੰਧ ਤੋਂ ਥੱਲੇ ਉੱਤਰ ਆਏ ਤੇ ਪਹਾੜਾਂ ਵੱਲ ਨੂੰ ਚਲੇ ਗਏ। ਯਰੀਹੋ ਦੇ ਉੱਤਰ ਵੱਲ ਸਿੱਧੀਆਂ ਢਲਾਣਾਂ ਦੇ ਨਾਲ ਕਈ ਗੁਫ਼ਾਵਾਂ ਸਨ ਜਿੱਥੇ ਜਾਸੂਸ ਉਦੋਂ ਤਕ ਲੁਕੇ ਰਹੇ ਜਦ ਤਕ ਉਨ੍ਹਾਂ ਨੂੰ ਫੜੇ ਜਾਣ ਦਾ ਖ਼ਤਰਾ ਟਲ ਨਹੀਂ ਗਿਆ। ਸਹੀ-ਸਲਾਮਤ ਵਾਪਸ ਜਾਣ ਤੋਂ ਬਾਅਦ ਉਨ੍ਹਾਂ ਨੇ ਇਜ਼ਰਾਈਲੀ ਡੇਰੇ ਨੂੰ ਰਾਹਾਬ ਤੋਂ ਮਿਲੀ ਖ਼ਬਰ ਦਿੱਤੀ।
ਬਾਅਦ ਵਿਚ ਯਰੀਹੋ ਦੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗ ਪਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਯਰਦਨ ਦਰਿਆ ਦੇ ਪਾਣੀ ਨੂੰ ਰੋਕ ਦਿੱਤਾ ਤਾਂਕਿ ਇਜ਼ਰਾਈਲੀ ਸੁੱਕੀ ਜ਼ਮੀਨ ਉੱਤੋਂ ਦੀ ਦਰਿਆ ਪਾਰ ਕਰ ਸਕਣ। (ਯਹੋਸ਼ੁਆ 3:14-17) ਪਰ ਰਾਹਾਬ ਲਈ ਇਹ ਸਬੂਤ ਹੋਰ ਵੀ ਪੱਕਾ ਹੋ ਗਿਆ ਕਿ ਉਸ ਨੇ ਯਹੋਵਾਹ ʼਤੇ ਨਿਹਚਾ ਕਰ ਕੇ ਸਹੀ ਕੰਮ ਕੀਤਾ ਸੀ।
ਫਿਰ ਉਹ ਸਮਾਂ ਆ ਗਿਆ ਜਦੋਂ ਇਜ਼ਰਾਈਲੀਆਂ ਨੇ ਯਰੀਹੋ ਦੁਆਲੇ ਚੱਕਰ ਲਾਉਣੇ ਸਨ। ਉਹ ਛੇ ਦਿਨਾਂ ਤਕ ਹਰ ਰੋਜ਼ ਇਕ ਚੱਕਰ ਲਾਉਂਦੇ ਸਨ। ਹੁਣ ਸੱਤਵਾਂ ਦਿਨ ਸੀ ਜੋ ਪਹਿਲੇ ਦਿਨਾਂ ਤੋਂ ਵੱਖਰਾ ਸੀ। ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਹੈ, ਫ਼ੌਜ ਨੇ ਸੂਰਜ ਚੜ੍ਹਦਿਆਂ ਹੀ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ ਤੇ ਇਕ ਚੱਕਰ ਪੂਰਾ ਹੋਣ ਤੋਂ ਬਾਅਦ ਉਹ ਵਾਰ-ਵਾਰ ਸ਼ਹਿਰ ਦੇ ਦੁਆਲੇ ਚੱਕਰ ਲਾਉਣ ਲੱਗੇ। (ਯਹੋਸ਼ੁਆ 6:15) ਇਜ਼ਰਾਈਲੀ ਕੀ ਕਰ ਰਹੇ ਸਨ?
ਅਖ਼ੀਰ ਸੱਤਵੇਂ ਦਿਨ ਸੱਤਵਾਂ ਚੱਕਰ ਪੂਰਾ ਹੋਣ ਤੇ ਫ਼ੌਜ ਰੁਕ ਗਈ। ਤੁਰ੍ਹੀਆਂ ਵੱਜਣੀਆਂ ਬੰਦ ਹੋ ਗਈਆਂ। ਸੰਨਾਟਾ ਛਾ ਗਿਆ। ਸ਼ਹਿਰ ਵਿਚ ਕਾਫ਼ੀ ਤਣਾਅ ਭਰਿਆ ਮਾਹੌਲ ਸੀ। ਫਿਰ ਯਹੋਸ਼ੁਆ ਦੇ ਇਸ਼ਾਰਾ ਕਰਨ ਤੇ ਫ਼ੌਜ ਨੇ ਪਹਿਲੀ ਵਾਰ ਉੱਚੀ ਆਵਾਜ਼ ਵਿਚ ਜੈਕਾਰਾ ਲਾਇਆ। ਕੀ ਯਰੀਹੋ ਦੀ ਕੰਧ ਉੱਤੇ ਪਹਿਰੇਦਾਰਾਂ ਨੇ ਇਹ ਸੋਚਿਆ ਸੀ ਕਿ ਇਜ਼ਰਾਈਲੀ ਬਸ ਜੈਕਾਰਾ ਮਾਰ ਕੇ ਹਮਲਾ ਕਰ ਰਹੇ ਸਨ ਜੋ ਕਿ ਇਕ ਅਜੀਬ ਗੱਲ ਸੀ? ਜੇ ਹਾਂ, ਤਾਂ ਉਨ੍ਹਾਂ ਨੇ ਬਹੁਤਾ ਚਿਰ ਇਸ ਤਰ੍ਹਾਂ ਨਹੀਂ ਸੋਚਿਆ। ਉਨ੍ਹਾਂ ਦੇ ਪੈਰਾਂ ਥੱਲੇ ਵੱਡੀ ਸਾਰੀ ਕੰਧ ਕੰਬਣ ਲੱਗ ਪਈ। ਫਿਰ ਇਹ ਹਿੱਲਣ ਲੱਗ ਪਈ ਤੇ ਇਸ ਵਿਚ ਦਰਾੜ ਪੈ ਗਈ ਤੇ ਅਖ਼ੀਰ ਇਹ ਜ਼ਮੀਨ ʼਤੇ ਢਹਿ-ਢੇਰੀ ਹੋ ਗਈ! ਪਰ ਜਦੋਂ ਮਿੱਟੀ-ਘੱਟਾ ਉੱਡਣੋਂ ਹਟ ਗਿਆ, ਤਾਂ ਕੰਧ ਦਾ ਇਕ ਹਿੱਸਾ ਹਾਲੇ ਵੀ ਖੜ੍ਹਾ ਨਜ਼ਰ ਆ ਰਿਹਾ ਸੀ। ਰਾਹਾਬ ਦਾ ਘਰ ਜਿਉਂ ਦਾ ਤਿਉਂ ਖੜ੍ਹਾ ਸੀ ਜੋ ਕਿ ਇਕ ਔਰਤ ਦੀ ਨਿਹਚਾ ਦਾ ਸਬੂਤ ਸੀ। ਉਸ ਦੀਆਂ ਭਾਵਨਾਵਾਂ ਬਾਰੇ ਸੋਚੋ ਜਦੋਂ ਉਸ ਨੇ ਦੇਖਿਆ ਸੀ ਕਿ ਯਹੋਵਾਹ ਨੇ ਢਾਲ਼ ਬਣ ਕੇ ਉਸ ਨੂੰ ਕਿਵੇਂ ਬਚਾਇਆ ਸੀ!a ਉਸ ਦਾ ਪਰਿਵਾਰ ਸਹੀ-ਸਲਾਮਤ ਸੀ!—ਯਹੋਸ਼ੁਆ 6:10, 16, 20, 21.
ਯਹੋਵਾਹ ਦੇ ਲੋਕਾਂ ਨੇ ਵੀ ਰਾਹਾਬ ਦੀ ਨਿਹਚਾ ਕਰਕੇ ਉਸ ਦੀ ਇੱਜ਼ਤ ਕੀਤੀ। ਜਦੋਂ ਉਨ੍ਹਾਂ ਨੇ ਦੇਖਿਆ ਸੀ ਕਿ ਢਹਿ-ਢੇਰੀ ਹੋਈ ਕੰਧ ਦੇ ਮਲਬੇ ਵਿਚ ਰਾਹਾਬ ਦਾ ਘਰ ਜਿਉਂ ਦਾ ਤਿਉਂ ਖੜ੍ਹਾ ਨਜ਼ਰ ਆ ਰਿਹਾ ਸੀ, ਤਾਂ ਉਹ ਜਾਣ ਗਏ ਸਨ ਕਿ ਯਹੋਵਾਹ ਇਸ ਔਰਤ ਦੇ ਨਾਲ ਸੀ। ਉਹ ਅਤੇ ਉਸ ਦਾ ਪਰਿਵਾਰ ਬੁਰੇ ਸ਼ਹਿਰ ਨੂੰ ਮਿਲੀ ਮੌਤ ਦੀ ਸਜ਼ਾ ਤੋਂ ਬਚ ਗਏ ਸਨ। ਰਾਹਾਬ ਨੂੰ ਇਜ਼ਰਾਈਲ ਦੇ ਡੇਰੇ ਦੇ ਨੇੜੇ ਰਹਿਣ ਦੀ ਇਜਾਜ਼ਤ ਮਿਲ ਗਈ ਸੀ। ਸਮੇਂ ਦੇ ਬੀਤਣ ਨਾਲ ਉਹ ਯਹੂਦੀ ਲੋਕਾਂ ਦਾ ਹਿੱਸਾ ਬਣ ਗਈ। ਉਸ ਦਾ ਵਿਆਹ ਸਲਮੋਨ ਨਾਂ ਦੇ ਆਦਮੀ ਨਾਲ ਹੋ ਗਿਆ। ਉਨ੍ਹਾਂ ਦੇ ਇਕ ਪੁੱਤਰ ਹੋਇਆ ਜਿਸ ਦਾ ਨਾਂ ਬੋਅਜ਼ ਸੀ ਤੇ ਉਹ ਵੱਡਾ ਹੋ ਕੇ ਇਕ ਨਿਹਚਾਵਾਨ ਇਨਸਾਨ ਬਣਿਆ। ਉਸ ਦਾ ਵਿਆਹ ਮੋਆਬ ਦੀ ਰੂਥ ਨਾਲ ਹੋਇਆ। (ਰੂਥ 4:13, 22) ਪਹਿਲਾਂ ਰਾਜਾ ਦਾਊਦ ਅਤੇ ਬਾਅਦ ਵਿਚ ਯਿਸੂ ਮਸੀਹ ਇਸ ਚੰਗੇ ਖ਼ਾਨਦਾਨ ਵਿਚ ਪੈਦਾ ਹੋਏ ਸਨ।—ਯਹੋਸ਼ੁਆ 6:22-25; ਮੱਤੀ 1:5, 6, 16.
ਰਾਹਾਬ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਕਿਸੇ ਨੂੰ ਵੀ ਐਵੇਂ ਨਹੀਂ ਸਮਝਦਾ। ਉਹ ਸਾਨੂੰ ਸਾਰਿਆਂ ਨੂੰ ਦੇਖਦਾ ਹੈ, ਉਹ ਜਾਣਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ ਅਤੇ ਉਹ ਖ਼ੁਸ਼ ਹੁੰਦਾ ਹੈ ਜਦੋਂ ਉਹ ਸਾਡੇ ਵਿਚ ਰਾਹਾਬ ਵਰਗੀ ਥੋੜ੍ਹੀ ਜਿਹੀ ਵੀ ਨਿਹਚਾ ਦੇਖਦਾ ਹੈ। ਰਾਹਾਬ ਨੇ ਆਪਣੀ ਨਿਹਚਾ ਤੋਂ ਪ੍ਰੇਰਿਤ ਹੋ ਕੇ ਢੁਕਵਾਂ ਕਦਮ ਉਠਾਇਆ ਸੀ। ਬਾਈਬਲ ਦੱਸਦੀ ਹੈ ਕਿ ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ ਸੀ।’ (ਯਾਕੂਬ 2:25) ਉਸ ਦੀ ਨਿਹਚਾ ਦੀ ਰੀਸ ਕਰਨੀ ਸਾਡੇ ਲਈ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ! ▪ (w13-E 11/01)
a ਦਿਲਚਸਪੀ ਦੀ ਗੱਲ ਹੈ ਕਿ ਰਾਹਾਬ ਨਾਲ ਜਾਸੂਸਾਂ ਦੇ ਇਕਰਾਰ ਨੂੰ ਯਹੋਵਾਹ ਨੇ ਸਵੀਕਾਰ ਕੀਤਾ ਸੀ।