ਨਿਹਚਾ ਸਾਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਬਣਾਉਂਦੀ ਹੈ
“ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ [“ਦੀ ਮੌਜੂਦਗੀ,” “ਨਿ ਵ”] ਨੇੜੇ ਹੀ ਹੈ।”—ਯਾਕੂਬ 5:8.
1. ਸਾਨੂੰ ਯਾਕੂਬ 5:7, 8 ਉੱਤੇ ਕਿਉਂ ਗੌਰ ਕਰਨਾ ਚਾਹੀਦਾ ਹੈ?
ਬਹੁਤ ਚਿਰ ਤੋਂ ਉਡੀਕੀ ਗਈ ਯਿਸੂ ਮਸੀਹ ਦੀ “ਮੌਜੂਦਗੀ” ਹੁਣ ਇਕ ਹਕੀਕਤ ਹੈ। (ਮੱਤੀ 24:3-14) ਪਰਮੇਸ਼ੁਰ ਅਤੇ ਮਸੀਹ ਵਿਚ ਨਿਹਚਾ ਰੱਖਣ ਦਾ ਦਾਅਵਾ ਕਰਨ ਵਾਲਿਆਂ ਨੂੰ ਚੇਲੇ ਯਾਕੂਬ ਦੇ ਇਨ੍ਹਾਂ ਸ਼ਬਦਾਂ ਉੱਤੇ ਹੁਣ ਗੌਰ ਕਰਨ ਦਾ ਅੱਗੇ ਨਾਲੋਂ ਕਿਤੇ ਜ਼ਿਆਦਾ ਕਾਰਨ ਹੈ: “ਹੇ ਭਰਾਵੋ, ਪ੍ਰਭੁ ਦੇ ਆਉਣ [“ਦੀ ਮੌਜੂਦਗੀ,” ਨਿ ਵ] ਤੀਕ ਧੀਰਜ ਕਰੋ। ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ [“ਦੀ ਮੌਜੂਦਗੀ,” ਨਿ ਵ] ਨੇੜੇ ਹੀ ਹੈ।”—ਯਾਕੂਬ 5:7, 8.
2. ਜਿਨ੍ਹਾਂ ਨੂੰ ਯਾਕੂਬ ਨੇ ਲਿਖਿਆ ਸੀ, ਉਹ ਕਿਹੜੀਆਂ ਕੁਝ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਸਨ?
2 ਜਿਨ੍ਹਾਂ ਨੂੰ ਯਾਕੂਬ ਨੇ ਆਪਣੀ ਪ੍ਰੇਰਿਤ ਪੱਤਰੀ ਲਿਖੀ ਸੀ ਉਨ੍ਹਾਂ ਨੂੰ ਧੀਰਜ ਕਰਨ ਅਤੇ ਵਿਭਿੰਨ ਸਮੱਸਿਆਵਾਂ ਨੂੰ ਸੁਲਝਾਉਣ ਦੀ ਲੋੜ ਸੀ। ਅਨੇਕ ਵਿਅਕਤੀ ਪਰਮੇਸ਼ੁਰ ਵਿਚ ਨਿਹਚਾ ਰੱਖਣ ਦਾ ਦਾਅਵਾ ਕਰਨ ਵਾਲਿਆਂ ਤੋਂ ਆਸ ਕੀਤੇ ਜਾਂਦੇ ਕੰਮਾਂ ਦੇ ਉਲਟ ਕੰਮ ਕਰ ਰਹੇ ਸਨ। ਉਦਾਹਰਣ ਲਈ, ਕਈ ਦਿਲਾਂ ਵਿਚ ਵਿਕਸਿਤ ਹੋਈਆਂ ਖ਼ਾਸ ਇੱਛਾਵਾਂ ਬਾਰੇ ਕੁਝ ਕਰਨ ਦੀ ਲੋੜ ਸੀ। ਉਨ੍ਹਾਂ ਮੁਢਲੇ ਮਸੀਹੀਆਂ ਵਿਚਕਾਰ ਸ਼ਾਂਤੀ ਮੁੜ ਕਾਇਮ ਕਰਨ ਦੀ ਜ਼ਰੂਰਤ ਸੀ। ਉਨ੍ਹਾਂ ਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਹੋਣ ਬਾਰੇ ਵੀ ਸਲਾਹ ਦੇਣ ਦੀ ਜ਼ਰੂਰਤ ਸੀ। ਜਿਉਂ-ਜਿਉਂ ਅਸੀਂ ਉਨ੍ਹਾਂ ਗੱਲਾਂ ਉੱਤੇ ਵਿਚਾਰ ਕਰਦੇ ਹਾਂ ਜੋ ਯਾਕੂਬ ਨੇ ਉਨ੍ਹਾਂ ਨੂੰ ਦੱਸੀਆਂ ਸਨ, ਆਓ ਅਸੀਂ ਦੇਖੀਏ ਕਿ ਅਸੀਂ ਆਪਣੇ ਜੀਵਨਾਂ ਵਿਚ ਉਸ ਦੇ ਸ਼ਬਦ ਕਿਵੇਂ ਲਾਗੂ ਕਰ ਸਕਦੇ ਹਾਂ।
ਗ਼ਲਤ ਇੱਛਾਵਾਂ ਨਾਸ਼ਕਾਰੀ ਹਨ
3. ਕਲੀਸਿਯਾ ਵਿਚ ਲੜਾਈ-ਝਗੜੇ ਦੇ ਕੀ ਕਾਰਨ ਸਨ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
3 ਕੁਝ ਅਖਾਉਤੀ ਮਸੀਹੀਆਂ ਵਿਚਕਾਰ ਸ਼ਾਂਤੀ ਦੀ ਕਮੀ ਸੀ, ਅਤੇ ਇਸ ਸਥਿਤੀ ਦਾ ਮੂਲ ਕਾਰਨ ਸੀ, ਗ਼ਲਤ ਇੱਛਾਵਾਂ। (ਯਾਕੂਬ 4:1-3) ਝਗੜੇ ਫੁੱਟ ਪਾ ਰਹੇ ਸਨ, ਅਤੇ ਕਈ ਕਠੋਰਤਾ ਨਾਲ ਆਪਣੇ ਭਰਾਵਾਂ ਉੱਤੇ ਦੋਸ਼ ਲਗਾ ਰਹੇ ਸਨ। ਇਹ ਇਸ ਲਈ ਹੋ ਰਿਹਾ ਸੀ ਕਿਉਂਕਿ ਭੋਗ ਬਿਲਾਸ ਲਈ ਲਾਲਸਾਵਾਂ ਉਨ੍ਹਾਂ ਦੇ ਸਰੀਰ ਦੀਆਂ ਇੰਦਰੀਆਂ ਵਿਚ ਸੰਘਰਸ਼ ਕਰ ਰਹੀਆਂ ਸਨ। ਸ਼ਾਇਦ ਸਾਨੂੰ ਵੀ ਮਾਣ, ਅਧਿਕਾਰ, ਅਤੇ ਦੌਲਤ ਦੀਆਂ ਸੰਸਾਰਕ ਲਾਲਸਾਵਾਂ ਦਾ ਵਿਰੋਧ ਕਰਨ ਵਾਸਤੇ ਮਦਦ ਲਈ ਪ੍ਰਾਰਥਨਾ ਕਰਨ ਦੀ ਲੋੜ ਹੋਵੇ, ਤਾਂਕਿ ਅਸੀਂ ਅਜਿਹਾ ਕੁਝ ਨਾ ਕਰੀਏ ਜੋ ਕਲੀਸਿਯਾ ਦੀ ਸ਼ਾਂਤੀ ਵਿਚ ਫੁੱਟ ਪਾਵੇ। (ਰੋਮੀਆਂ 7:21-25; 1 ਪਤਰਸ 2:11) ਕੁਝ ਪਹਿਲੀ-ਸਦੀ ਮਸੀਹੀਆਂ ਵਿਚਕਾਰ, ਲੋਭ ਵਧਦਾ-ਵਧਦਾ ਇਕ ਨਫ਼ਰਤ-ਭਰੀ, ਖ਼ੂਨੀ ਪ੍ਰਵਿਰਤੀ ਬਣ ਗਿਆ ਸੀ। ਕਿਉਂਕਿ ਪਰਮੇਸ਼ੁਰ ਉਨ੍ਹਾਂ ਦੀਆਂ ਗ਼ਲਤ ਇੱਛਾਵਾਂ ਨੂੰ ਪੂਰਿਆਂ ਨਹੀਂ ਕਰਦਾ ਸੀ, ਉਹ ਆਪਣੇ ਟੀਚੇ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਰਹੇ ਸਨ। ਜੇਕਰ ਸਾਡੇ ਕੋਲ ਸਮਾਨ ਗ਼ਲਤ ਇੱਛਾਵਾਂ ਹਨ, ਤਾਂ ਅਸੀਂ ਮੰਗ ਸਕਦੇ ਹਾਂ ਪਰ ਕੁਝ ਹਾਸਲ ਨਹੀਂ ਕਰਾਂਗੇ, ਕਿਉਂਕਿ ਸਾਡਾ ਪਵਿੱਤਰ ਪਰਮੇਸ਼ੁਰ ਅਜਿਹੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੰਦਾ।—ਵਿਰਲਾਪ 3:44; 3 ਯੂਹੰਨਾ 9, 10.
4. ਯਾਕੂਬ ਕੁਝ ਮਸੀਹੀਆਂ ਨੂੰ “ਵਿਭਚਾਰਣੋ” ਕਿਉਂ ਸੱਦਦਾ ਹੈ, ਅਤੇ ਉਸ ਦੇ ਕਥਨ ਨੂੰ ਸਾਡੇ ਉੱਤੇ ਕਿਵੇਂ ਅਸਰ ਪਾਉਣਾ ਚਾਹੀਦਾ ਹੈ?
4 ਕੁਝ ਮੁਢਲੇ ਮਸੀਹੀਆਂ ਵਿਚ ਸੰਸਾਰਕਤਾ, ਖੁਣਸ, ਅਤੇ ਘਮੰਡ ਸੀ। (ਯਾਕੂਬ 4:4-6) ਯਾਕੂਬ ਕੁਝ ਮਸੀਹੀਆਂ ਨੂੰ “ਵਿਭਚਾਰਣੋ” ਸੱਦਦਾ ਹੈ ਕਿਉਂਕਿ ਉਹ ਸੰਸਾਰ ਦੇ ਮਿੱਤਰ ਸਨ ਅਤੇ ਇਸ ਲਈ ਅਧਿਆਤਮਿਕ ਜ਼ਨਾਹ ਦੇ ਦੋਸ਼ੀ ਸਨ। (ਹਿਜ਼ਕੀਏਲ 16:15-19, 25-45) ਯਕੀਨਨ, ਅਸੀਂ ਰਵੱਈਏ, ਬੋਲੀ, ਅਤੇ ਕਾਰਜਾਂ ਵਿਚ ਸੰਸਾਰਕ ਨਹੀਂ ਬਣਨਾ ਚਾਹੁੰਦੇ ਹਾਂ, ਕਿਉਂਕਿ ਇਹ ਸਾਨੂੰ ਪਰਮੇਸ਼ੁਰ ਦੇ ਵੈਰੀ ਬਣਾ ਦੇਵੇਗਾ। ਉਸ ਦਾ ਬਚਨ ਸਾਨੂੰ ਦਿਖਾਉਂਦਾ ਹੈ ਕਿ ‘ਖੁਣਸ ਰੱਖਣ ਦਾ ਝੁਕਾਅ’ (ਨਿ ਵ) ਪਾਪੀ ਮਨੁੱਖਾਂ ਵਿਚ ਬੁਰੀ ਭਾਵਨਾ, ਜਾਂ “ਆਤਮਾ” ਦਾ ਹਿੱਸਾ ਹੈ। (ਉਤਪਤ 8:21; ਗਿਣਤੀ 16:1-3; ਜ਼ਬੂਰ 106;16, 17; ਉਪਦੇਸ਼ਕ ਦੀ ਪੋਥੀ 4:4) ਇਸ ਲਈ ਜੇਕਰ ਅਸੀਂ ਅਹਿਸਾਸ ਕਰਦੇ ਹਾਂ ਕਿ ਸਾਨੂੰ ਖੁਣਸ, ਘਮੰਡ, ਜਾਂ ਮਨ ਦੀ ਹੋਰ ਕੋਈ ਬੁਰੀ ਭਾਵਨਾ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ, ਤਾਂ ਆਓ ਅਸੀਂ ਪਵਿੱਤਰ ਆਤਮਾ ਰਾਹੀਂ ਪਰਮੇਸ਼ੁਰ ਦੀ ਮਦਦ ਭਾਲੀਏ। ਉਹ ਸ਼ਕਤੀ, ਜੋ ਪਰਮੇਸ਼ੁਰ ਦੀ ਅਯੋਗ ਦਿਆਲਗੀ ਕਾਰਨ ਮੁਹੱਈਆ ਕੀਤੀ ਜਾਂਦੀ ਹੈ, ‘ਖੁਣਸ ਰੱਖਣ ਦੇ ਝੁਕਾਅ’ ਨਾਲੋਂ ਕਿਤੇ ਜ਼ਿਆਦਾ ਜ਼ੋਰਦਾਰ ਹੈ। ਅਤੇ ਜਦ ਕਿ ਯਹੋਵਾਹ ਘਮੰਡੀ ਲੋਕਾਂ ਦਾ ਵਿਰੋਧ ਕਰਦਾ ਹੈ, ਉਹ ਸਾਨੂੰ ਅਯੋਗ ਦਿਆਲਗੀ ਦਿਖਾਵੇਗਾ ਜੇਕਰ ਅਸੀਂ ਪਾਪੀ ਝੁਕਾਵਾਂ ਵਿਰੁੱਧ ਸੰਘਰਸ਼ ਕਰਦੇ ਹਾਂ।
5. ਪਰਮੇਸ਼ੁਰ ਦੀ ਅਯੋਗ ਦਿਆਲਗੀ ਦਾ ਆਨੰਦ ਮਾਣਨ ਲਈ, ਸਾਨੂੰ ਕਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ?
5 ਅਸੀਂ ਪਰਮੇਸ਼ੁਰ ਦੀ ਅਯੋਗ ਦਿਆਲਗੀ ਕਿਵੇਂ ਹਾਸਲ ਕਰ ਸਕਦੇ ਹਾਂ? (ਯਾਕੂਬ 4:7-10) ਯਹੋਵਾਹ ਵੱਲੋਂ ਅਯੋਗ ਦਿਆਲਗੀ ਦਾ ਆਨੰਦ ਮਾਣਨ ਲਈ, ਸਾਨੂੰ ਉਸ ਦਾ ਆਗਿਆ-ਪਾਲਣ ਕਰਨਾ, ਉਸ ਦੇ ਪ੍ਰਬੰਧਾਂ ਨੂੰ ਸਵੀਕਾਰ ਕਰਨਾ, ਅਤੇ ਉਸ ਦੀ ਜੋ ਵੀ ਇੱਛਾ ਹੈ, ਉਸ ਦੇ ਅਧੀਨ ਹੋਣਾ ਚਾਹੀਦਾ ਹੈ। (ਰੋਮੀਆਂ 8:28) ਸਾਨੂੰ ਸ਼ਤਾਨ ਦਾ “ਸਾਹਮਣਾ” ਕਰਨਾ, ਜਾਂ ਉਸ ਦੇ ‘ਵਿਰੁੱਧ ਵੀ ਖੜ੍ਹਨਾ’ ਚਾਹੀਦਾ ਹੈ। ਉਹ ‘ਸਾਡੇ ਕੋਲੋਂ ਭੱਜ’ ਜਾਵੇਗਾ ਜੇਕਰ ਅਸੀਂ ਯਹੋਵਾਹ ਦੀ ਵਿਸ਼ਵ ਸਰਬਸੱਤਾ ਦੇ ਸਮਰਥਕਾਂ ਵਜੋਂ ਦ੍ਰਿੜ੍ਹ ਰਹਿੰਦੇ ਹਾਂ। ਯਿਸੂ ਜੋ ਸੰਸਾਰ ਦੇ ਦੁਸ਼ਟ ਮਾਧਿਅਮਾਂ ਨੂੰ ਰੋਕਦਾ ਹੈ ਸਾਡੀ ਮਦਦ ਕਰਦਾ ਹੈ ਤਾਂਕਿ ਕੋਈ ਵੀ ਚੀਜ਼ ਸਾਡਾ ਸਥਾਈ ਤੌਰ ਤੇ ਨੁਕਸਾਨ ਨਹੀਂ ਕਰ ਸਕਦੀ ਹੈ। ਅਤੇ ਇਹ ਗੱਲ ਕਦੇ ਵੀ ਨਾ ਭੁੱਲੋ: ਪ੍ਰਾਰਥਨਾ, ਆਗਿਆਕਾਰਤਾ, ਅਤੇ ਨਿਹਚਾ ਰਾਹੀਂ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਆਉਂਦੇ ਹਾਂ, ਅਤੇ ਉਹ ਸਾਡੇ ਨੇੜੇ ਹੁੰਦਾ ਹੈ।—2 ਇਤਹਾਸ 15:2.
6. ਯਾਕੂਬ ਕੁਝ ਮਸੀਹੀਆਂ ਨੂੰ ‘ਪਾਪੀ’ ਕਿਉਂ ਸੱਦਦਾ ਹੈ?
6 ਯਾਕੂਬ ਪਰਮੇਸ਼ੁਰ ਵਿਚ ਨਿਹਚਾ ਰੱਖਣ ਦਾ ਦਾਅਵਾ ਕਰ ਰਹੇ ਕੁਝ ਵਿਅਕਤੀਆਂ ਲਈ ‘ਪਾਪੀ’ ਸ਼ਬਦ ਕਿਉਂ ਇਸਤੇਮਾਲ ਕਰਦਾ ਹੈ? ਕਿਉਂਕਿ ਉਹ “ਲੜਾਈਆਂ” ਅਤੇ ਖ਼ੂਨੀ ਨਫ਼ਰਤ ਦੇ ਦੋਸ਼ੀ ਸਨ—ਰਵੱਈਏ ਜੋ ਮਸੀਹੀਆਂ ਲਈ ਉਚਿਤ ਨਹੀਂ ਹਨ। (ਤੀਤੁਸ 3:3) ਉਨ੍ਹਾਂ ਦੇ ਬੁਰੇ ਕੰਮਾਂ ਨਾਲ ਭਰੇ ਹੋਏ ‘ਹੱਥਾਂ’ ਨੂੰ ਸ਼ੁੱਧ ਕੀਤੇ ਜਾਣ ਦੀ ਲੋੜ ਸੀ। ਉਨ੍ਹਾਂ ਨੂੰ ਆਪਣੇ “ਦਿਲਾਂ,” ਅਥਵਾ ਪ੍ਰੇਰਣਾ ਦੇ ਕੇਂਦਰ ਨੂੰ ਪਵਿੱਤਰ ਕਰਨ ਦੀ ਲੋੜ ਵੀ ਸੀ। (ਮੱਤੀ 15:18, 19) ਉਹ ‘ਦੁਚਿੱਤੇ ਮਨੁੱਖ’ ਪਰਮੇਸ਼ੁਰ ਨਾਲ ਮਿੱਤਰਤਾ ਅਤੇ ਸੰਸਾਰ ਨਾਲ ਮਿੱਤਰਤਾ ਦੇ ਦਰਮਿਆਨ ਲੜਖੜਾਉਂਦੇ ਸਨ। ਉਨ੍ਹਾਂ ਦੀ ਬੁਰੀ ਮਿਸਾਲ ਤੋਂ ਚਿਤਾਏ ਜਾਣ ਤੇ, ਆਓ ਅਸੀਂ ਲਗਾਤਾਰ ਚੌਕਸ ਰਹੀਏ ਤਾਂਕਿ ਅਜਿਹੀਆਂ ਚੀਜ਼ਾਂ ਸਾਡੀ ਨਿਹਚਾ ਨੂੰ ਨਸ਼ਟ ਨਾ ਕਰ ਦੇਣ।—ਰੋਮੀਆਂ 7:18-20.
7. ਯਾਕੂਬ ਕੁਝ ਮਸੀਹੀਆਂ ਨੂੰ ‘ਸੋਗ ਕਰਨ ਅਤੇ ਰੋਣ’ ਲਈ ਕਿਉਂ ਕਹਿੰਦਾ ਹੈ?
7 ਯਾਕੂਬ ਆਪਣੇ ਪਾਠਕਾਂ ਨੂੰ ਦੱਸਦਾ ਹੈ, “ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ।” ਜੇਕਰ ਉਹ ਪਰਮੇਸ਼ੁਰ ਜੋਗ ਉਦਾਸੀ ਪ੍ਰਗਟ ਕਰਦੇ, ਤਾਂ ਇਹ ਪਛਤਾਵੇ ਦਾ ਸਬੂਤ ਹੁੰਦਾ। (2 ਕੁਰਿੰਥੀਆਂ 7:10, 11) ਅੱਜ, ਕੁਝ ਵਿਅਕਤੀ ਜੋ ਕਹਿੰਦੇ ਹਨ ਕਿ ਉਨ੍ਹਾਂ ਕੋਲ ਨਿਹਚਾ ਹੈ, ਸੰਸਾਰ ਨਾਲ ਮਿੱਤਰਤਾ ਭਾਲ ਰਹੇ ਹਨ। ਜੇਕਰ ਸਾਡੇ ਵਿੱਚੋਂ ਕੋਈ ਵੀ ਅਜਿਹੇ ਰਾਹ ਤੇ ਚੱਲ ਰਿਹਾ ਹੈ, ਕੀ ਸਾਨੂੰ ਆਪਣੀ ਕਮਜ਼ੋਰ ਅਧਿਆਤਮਿਕ ਸਥਿਤੀ ਉੱਤੇ ਸੋਗ ਨਹੀਂ ਕਰਨਾ ਚਾਹੀਦਾ ਹੈ ਅਤੇ ਹਾਲਾਤ ਠੀਕ ਕਰਨ ਲਈ ਫ਼ੌਰੀ ਕਦਮ ਨਹੀਂ ਚੁੱਕਣੇ ਚਾਹੀਦੇ ਹਨ? ਲੋੜੀਂਦੀਆਂ ਤਬਦੀਲੀਆਂ ਕਰਨ ਅਤੇ ਪਰਮੇਸ਼ੁਰ ਦੀ ਮਾਫ਼ੀ ਹਾਸਲ ਕਰਨ ਦੁਆਰਾ ਮਿਲੇ ਇਕ ਸ਼ੁੱਧ ਅੰਤਹਕਰਣ ਅਤੇ ਸਦੀਪਕ ਜੀਵਨ ਦੀ ਆਨੰਦਿਤ ਉਮੀਦ ਦੇ ਕਾਰਨ ਅਸੀਂ ਵੱਡੀ ਖ਼ੁਸ਼ੀ ਅਨੁਭਵ ਕਰਾਂਗੇ।—ਜ਼ਬੂਰ 51:10-17; 1 ਯੂਹੰਨਾ 2:15-17.
ਇਕ ਦੂਜੇ ਉੱਤੇ ਦੋਸ਼ ਨਾ ਲਾਓ
8, 9. ਸਾਨੂੰ ਇਕ ਦੂਜੇ ਦੇ ਵਿਰੁੱਧ ਬੋਲਣਾ ਜਾਂ ਇਕ ਦੂਜੇ ਉੱਤੇ ਦੋਸ਼ ਕਿਉਂ ਨਹੀਂ ਲਾਉਣਾ ਚਾਹੀਦਾ ਹੈ?
8 ਇਕ ਸੰਗੀ ਵਿਸ਼ਵਾਸੀ ਦੇ ਵਿਰੁੱਧ ਬੋਲਣਾ ਪਾਪ ਹੈ। (ਯਾਕੂਬ 4:11, 12) ਪਰੰਤੂ ਕਈ ਸੰਗੀ ਮਸੀਹੀਆਂ ਦੀ ਨੁਕਤਾਚੀਨੀ ਕਰਦੇ ਹਨ, ਸ਼ਾਇਦ ਆਪਣੇ ਸਵੈ-ਸਤਵਾਦੀ ਰਵੱਈਏ ਦੇ ਕਾਰਨ ਜਾਂ ਕਿਉਂਕਿ ਉਹ ਦੂਸਰਿਆਂ ਨੂੰ ਨੀਵੇਂ ਕਰ ਕੇ ਆਪਣੇ ਆਪ ਨੂੰ ਉੱਚਾ ਦਿਖਾਉਣਾ ਚਾਹੁੰਦੇ ਹਨ। (ਜ਼ਬੂਰ 50:20; ਕਹਾਉਤਾਂ 3:29) ‘ਵਿਰੁੱਧ ਬੋਲਣਾ’ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਵੈਰ ਨੂੰ ਸੰਕੇਤ ਕਰਦਾ ਹੈ ਅਤੇ ਇਕ ਝੂਠਾ ਇਲਜ਼ਾਮ ਲਾਉਣ ਜਾਂ ਵਧਾਅ-ਚੜ੍ਹਾਅ ਕੇ ਇਲਜ਼ਾਮ ਲਾਉਣ ਦਾ ਭਾਵ ਰੱਖਦਾ ਹੈ। ਇਸ ਦਾ ਅਰਥ ਹੈ ਕਿਸੇ ਭਰਾ ਉੱਤੇ ਬੁਰੀ ਤਰ੍ਹਾਂ ਦੋਸ਼ ਲਾਉਣਾ। ਇਸ ਤਰ੍ਹਾਂ ਕਰਨਾ ‘ਪਰਮੇਸ਼ੁਰ ਦੀ ਸ਼ਰਾ ਦੇ ਵਿਰੁੱਧ ਬੋਲਣ ਅਤੇ ਉਸ ਉੱਤੇ ਦੋਸ਼ ਲਾਉਣ’ ਦੇ ਬਰਾਬਰ ਕਿਵੇਂ ਹੁੰਦਾ ਹੈ? ਉਦਾਹਰਣ ਲਈ, ਗ੍ਰੰਥੀ ਅਤੇ ਫ਼ਰੀਸੀ “ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰਾਂ ਟਾਲ ਦਿੰਦੇ” ਸਨ ਅਤੇ ਆਪਣੇ ਹੀ ਮਿਆਰਾਂ ਦੇ ਅਨੁਸਾਰ ਨਿਆਂ ਕਰਦੇ ਸਨ। (ਮਰਕੁਸ 7:1-13) ਇਸੇ ਤਰ੍ਹਾਂ, ਜੇਕਰ ਅਸੀਂ ਇਕ ਅਜਿਹੇ ਭਰਾ ਦੀ ਨਿੰਦਿਆ ਕਰਦੇ ਹਾਂ ਜਿਸ ਨੂੰ ਪਰਮੇਸ਼ੁਰ ਨਹੀਂ ਨਿੰਦਦਾ, ਤਾਂ ਕੀ ਅਸੀਂ ‘ਪਰਮੇਸ਼ੁਰ ਦੀ ਸ਼ਰਾ ਉੱਤੇ ਦੋਸ਼’ ਨਹੀਂ ਲਾਉਂਦੇ ਹਾਂ ਅਤੇ ਅਨੁਚਿਤ ਤੌਰ ਤੇ ਇਹ ਨਹੀਂ ਸੰਕੇਤ ਕਰਦੇ ਹਾਂ ਕਿ ਇਸ ਵਿਚ ਕੋਈ ਕਮੀ ਹੈ? ਅਤੇ ਅਨੁਚਿਤ ਢੰਗ ਨਾਲ ਆਪਣੇ ਭਰਾ ਦੀ ਨੁਕਤਾਚੀਨੀ ਕਰਨ ਦੁਆਰਾ, ਅਸੀਂ ਪ੍ਰੇਮ ਦੀ ਸ਼ਰਾ ਨੂੰ ਪੂਰਾ ਨਹੀਂ ਕਰ ਰਹੇ ਹਾਂ।—ਰੋਮੀਆਂ 13:8-10.
9 ਆਓ ਅਸੀਂ ਇਹ ਯਾਦ ਰੱਖੀਏ: “ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ”—ਯਹੋਵਾਹ। ਉਸ ਦੀ “ਬਿਵਸਥਾ ਪੂਰੀ ਪੂਰੀ ਹੈ,” ਅਪੂਰਣ ਨਹੀਂ। (ਜ਼ਬੂਰ 19:7; ਯਸਾਯਾਹ 33:22) ਸਿਰਫ਼ ਪਰਮੇਸ਼ੁਰ ਕੋਲ ਹੀ ਮੁਕਤੀ ਲਈ ਮਿਆਰ ਅਤੇ ਅਸੂਲ ਬਣਾਉਣ ਦਾ ਹੱਕ ਹੈ। (ਲੂਕਾ 12:5) ਇਸ ਲਈ ਯਾਕੂਬ ਪੁੱਛਦਾ ਹੈ: “ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੋਣ ਹੁੰਦਾ ਹੈਂ?” ਦੂਸਰਿਆਂ ਦਾ ਨਿਆਂ ਕਰਨਾ ਅਤੇ ਉਨ੍ਹਾਂ ਨੂੰ ਨਿੰਦਣਾ ਸਾਡਾ ਵਿਸ਼ੇਸ਼ ਅਧਿਕਾਰ ਨਹੀਂ ਹੈ। (ਮੱਤੀ 7:1-5; ਰੋਮੀਆਂ 14:4, 10) ਜੇਕਰ ਅਸੀਂ ਪਰਮੇਸ਼ੁਰ ਦੀ ਸਰਬਸੱਤਾ ਅਤੇ ਨਿਰਪੱਖਤਾ ਅਤੇ ਆਪਣੀ ਪਾਪੀ ਅਵਸਥਾ ਉੱਤੇ ਗੌਰ ਕਰੀਏ ਤਾਂ ਇਹ ਸਾਨੂੰ ਦੂਸਰਿਆਂ ਦਾ ਸਵੈ-ਸਤਵਾਦੀ ਢੰਗ ਨਾਲ ਨਿਆਂ ਕਰਨ ਤੋਂ ਰੋਕਣ ਵਿਚ ਸਾਡੀ ਮਦਦ ਕਰੇਗਾ।
ਸ਼ੇਖ਼ੀ-ਭਰੇ ਆਤਮ-ਵਿਸ਼ਵਾਸ ਤੋਂ ਪਰਹੇਜ਼ ਕਰੋ
10. ਆਪਣੇ ਰੋਜ਼ਾਨਾ ਦੇ ਜੀਵਨਾਂ ਵਿਚ ਸਾਨੂੰ ਯਹੋਵਾਹ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?
10 ਸਾਨੂੰ ਹਮੇਸ਼ਾ ਯਹੋਵਾਹ ਅਤੇ ਉਸ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। (ਯਾਕੂਬ 4:13-17) ਆਤਮ-ਵਿਸ਼ਵਾਸੀ ਲੋਕ ਪਰਮੇਸ਼ੁਰ ਵੱਲ ਧਿਆਨ ਨਹੀਂ ਦਿੰਦੇ ਹਨ ਅਤੇ ਕਹਿੰਦੇ ਹਨ: ‘ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ, ਉੱਥੇ ਇੱਕ ਵਰਹਾ ਕੱਟਾਂਗੇ, ਵਣਜ ਬੁਪਾਰ ਕਰਾਂਗੇ, ਅਤੇ ਕੁਝ ਖੱਟਾਂਗੇ।’ ਜੇਕਰ ਅਸੀਂ ‘ਆਪਣੇ ਲਈ ਧਨ ਜੋੜਦੇ ਹਾਂ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹਾਂ,’ ਸਾਡਾ ਜੀਵਨ ਭਲਕੇ ਖ਼ਤਮ ਹੋ ਸਕਦਾ ਹੈ ਅਤੇ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਮੌਕਾ ਨਾ ਹੋਵੇਗਾ। (ਲੂਕਾ 12:16-21) ਜਿਵੇਂ ਯਾਕੂਬ ਕਹਿੰਦਾ ਹੈ, ਅਸੀਂ ਸਵੇਰ ਦੀ ਧੁੰਦ ਵਰਗੇ ਹਾਂ “ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।” (1 ਇਤਹਾਸ 29:15) ਕੇਵਲ ਯਹੋਵਾਹ ਵਿਚ ਨਿਹਚਾ ਕਰਨ ਦੁਆਰਾ ਹੀ ਅਸੀਂ ਸਥਾਈ ਆਨੰਦ ਅਤੇ ਸਦੀਪਕ ਜੀਵਨ ਦੀ ਉਮੀਦ ਰੱਖ ਸਕਦੇ ਹਾਂ।
11. ‘ਯਹੋਵਾਹ ਚਾਹੇ ਤਾਂ’ ਕਹਿਣ ਦਾ ਕੀ ਅਰਥ ਹੈ?
11 ਸ਼ੇਖ਼ੀ-ਭਰੇ ਢੰਗ ਨਾਲ ਪਰਮੇਸ਼ੁਰ ਨੂੰ ਅਣਡਿੱਠ ਕਰਨ ਦੀ ਬਜਾਇ, ਸਾਨੂੰ ਇਹ ਨਜ਼ਰੀਆ ਅਪਣਾਉਣਾ ਚਾਹੀਦਾ ਹੈ: “ਪ੍ਰਭੁ [ਯਹੋਵਾਹ] ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਯਾ ਉਹ ਕੰਮ ਕਰਾਂਗੇ।” ‘ਯਹੋਵਾਹ ਚਾਹੇ ਤਾਂ’ ਕਹਿਣਾ ਇਹ ਸੰਕੇਤ ਕਰਦਾ ਹੈ ਕਿ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵਪਾਰ ਕਰਨਾ, ਰਾਜ ਸੇਵਕਾਈ ਦੇ ਸੰਬੰਧ ਵਿਚ ਸਫ਼ਰ ਕਰਨਾ, ਆਦਿ, ਸ਼ਾਇਦ ਜ਼ਰੂਰੀ ਹੋਵੇ। ਪਰ ਆਓ ਆਪਾ ਸ਼ੇਖ਼ੀ ਮਾਰਣੀ ਛੱਡ ਦਈਏ। ‘ਇਹੋ ਜਿਹਾ ਘੁਮੰਡ ਬੁਰਾ ਹੁੰਦਾ ਹੈ’ ਕਿਉਂਕਿ ਇਹ ਪਰਮੇਸ਼ੁਰ ਉੱਤੇ ਨਿਰਭਰਤਾ ਨੂੰ ਧਿਆਨ ਵਿਚ ਨਹੀਂ ਰੱਖਦਾ।—ਜ਼ਬੂਰ 37:5; ਕਹਾਉਤਾਂ 21:4; ਯਿਰਮਿਯਾਹ 9:23, 24.
12. ਯਾਕੂਬ 4:17 ਦੇ ਸ਼ਬਦਾਂ ਦਾ ਕੀ ਅਰਥ ਹੈ?
12 ਜ਼ਾਹਰਾ ਤੌਰ ਤੇ ਆਤਮ-ਵਿਸ਼ਵਾਸ ਅਤੇ ਸ਼ੇਖ਼ੀ ਮਾਰਨ ਬਾਰੇ ਆਪਣੇ ਕਥਨਾਂ ਨੂੰ ਸਮਾਪਤ ਕਰਨ ਲਈ, ਯਾਕੂਬ ਕਹਿੰਦਾ ਹੈ: “ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।” ਹਰੇਕ ਮਸੀਹੀ ਨੂੰ ਨਿਮਰਤਾ ਨਾਲ ਪਰਮੇਸ਼ੁਰ ਉੱਤੇ ਆਪਣੀ ਨਿਰਭਰਤਾ ਕਬੂਲ ਕਰਨੀ ਚਾਹੀਦੀ ਹੈ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦਾ, ਤਾਂ “ਏਹ ਉਹ ਦੇ ਲਈ ਪਾਪ ਹੈ।” ਨਿਰਸੰਦੇਹ, ਇਹੋ ਸਿਧਾਂਤ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਅਸੀਂ ਅਜਿਹਾ ਕੁਝ ਕਰਨ ਤੋਂ ਅਸਫ਼ਲ ਹੋ ਜਾਂਦੇ ਹਾਂ ਜੋ ਪਰਮੇਸ਼ੁਰ ਵਿਚ ਨਿਹਚਾ ਸਾਡੇ ਤੋਂ ਮੰਗ ਕਰਦੀ ਹੈ।—ਲੂਕਾ 12:47, 48.
ਧਨੀ ਲੋਕਾਂ ਦੇ ਸੰਬੰਧ ਵਿਚ ਚੇਤਾਵਨੀ
13. ਯਾਕੂਬ ਉਨ੍ਹਾਂ ਬਾਰੇ ਕੀ ਕਹਿੰਦਾ ਹੈ ਜੋ ਆਪਣੇ ਧਨ ਦੀ ਕੁਵਰਤੋਂ ਕਰਦੇ ਹਨ?
13 ਕਿਉਂਕਿ ਕੁਝ ਮੁਢਲੇ ਮਸੀਹੀ ਭੌਤਿਕਵਾਦੀ ਬਣ ਚੁੱਕੇ ਸਨ ਜਾਂ ਅਮੀਰਾਂ ਦੀ ਤਾਰੀਫ਼ ਕਰ ਰਹੇ ਸਨ, ਯਾਕੂਬ ਕੁਝ ਖ਼ਾਸ ਧਨੀ ਮਨੁੱਖਾਂ ਬਾਰੇ ਸਖ਼ਤ ਕਥਨ ਬੋਲਦਾ ਹੈ। (ਯਾਕੂਬ 5:1-6) ਆਪਣੇ ਧਨ ਦਾ ਗ਼ਲਤ ਪ੍ਰਯੋਗ ਕਰਨ ਵਾਲੇ ਦੁਨਿਆਵੀ ਮਨੁੱਖ ‘ਉਨ੍ਹਾਂ ਬਿਪਤਾਂ ਲਈ ਚੀਕਾਂ ਮਾਰ ਮਾਰ ਕੇ ਰੋਣਗੇ, ਜਿਹੜੀਆਂ ਉਨ੍ਹਾਂ ਉੱਤੇ ਆਉਣ ਵਾਲੀਆਂ ਹਨ’ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਨੀਆਂ ਅਨੁਸਾਰ ਜਵਾਬ ਦੇਵੇਗਾ। ਉਨ੍ਹਾਂ ਦਿਨਾਂ ਵਿਚ, ਅਨੇਕ ਲੋਕਾਂ ਦੇ ਧਨ ਵਿਚ ਮੁੱਖ ਤੌਰ ਤੇ ਵਸਤਰ, ਅੰਨ, ਅਤੇ ਮੈ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਸਨ। (ਯੋਏਲ 2:19; ਮੱਤੀ 11:8) ਇਨ੍ਹਾਂ ਵਿੱਚੋਂ ਕਈ ਚੀਜ਼ਾਂ ਗਲ ਸਕਦੀਆਂ ਜਾਂ ‘ਕੀੜਿਆਂ’ ਦੁਆਰਾ ਖਾਧੀਆਂ ਜਾ ਸਕਦੀਆਂ ਸਨ, ਪਰ ਯਾਕੂਬ ਧਨ ਦੀ ਨਾਸ਼ਵਾਨਤਾ ਉੱਤੇ ਨਹੀਂ, ਬਲਕਿ ਉਸ ਦੀ ਵਿਅਰਥਤਾ ਉੱਤੇ ਜ਼ੋਰ ਦੇ ਰਿਹਾ ਹੈ। ਭਾਵੇਂ ਸੋਨਾ ਅਤੇ ਚਾਂਦੀ ਨੂੰ ਜੰਗਾਲ ਨਹੀਂ ਲੱਗਦਾ, ਪਰ ਜੇਕਰ ਅਸੀਂ ਉਨ੍ਹਾਂ ਨੂੰ ਜਮ੍ਹਾ ਕਰਦੇ ਹਾਂ, ਤਾਂ ਇਹ ਉਨ੍ਹਾਂ ਚੀਜ਼ਾਂ ਵਾਂਗ ਵਿਅਰਥ ਹੋਣਗੇ ਜਿਨ੍ਹਾਂ ਨੂੰ ਜੰਗਾਲ ਲੱਗ ਜਾਂਦਾ ਹੈ। “ਜੰਗਾਲ” ਸੰਕੇਤ ਕਰਦਾ ਹੈ ਕਿ ਭੌਤਿਕ ਧਨ ਦਾ ਸਹੀ ਪ੍ਰਯੋਗ ਨਹੀਂ ਕੀਤਾ ਗਿਆ। ਇਸ ਲਈ, ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਆਪਣੀ ਭੌਤਿਕ ਸੰਪਤੀ ਉੱਤੇ ਭਰੋਸਾ ਰੱਖਦੇ ਹਨ, ਉਨ੍ਹਾਂ ਲਈ ਇਨ੍ਹਾਂ ‘ਅੰਤ ਦਿਆਂ ਦਿਨਾਂ ਵਿੱਚ’ ‘ਅੱਗ ਵਾਂਙੁ ਕੁਝ’ ਰੱਖਿਆ ਗਿਆ ਹੈ ਜਦੋਂ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਆਵੇਗਾ। ਕਿਉਂਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ, ਅਜਿਹੇ ਸ਼ਬਦ ਸਾਡੇ ਲਈ ਖ਼ਾਸ ਅਰਥ ਰੱਖਦੇ ਹਨ।—ਦਾਨੀਏਲ 12:4; ਰੋਮੀਆਂ 2:5.
14. ਧਨੀ ਲੋਕਾਂ ਦਾ ਅਕਸਰ ਕੀ ਵਿਹਾਰ ਹੁੰਦਾ ਹੈ, ਅਤੇ ਸਾਨੂੰ ਉਸ ਬਾਰੇ ਕੀ ਕਰਨਾ ਚਾਹੀਦਾ ਹੈ?
14 ਅਮੀਰ ਲੋਕ ਅਕਸਰ ਆਪਣੇ ਵਾਢਿਆਂ ਨੂੰ ਠੱਗਦੇ ਹਨ, ਜਿਨ੍ਹਾਂ ਦੀ ਦੱਬੀ ਗਈ ਤਨਖ਼ਾਹ ਬਦਲੇ ਲਈ ‘ਦੁਹਾਈ’ ਦਿੰਦੀ ਹੈ। (ਤੁਲਨਾ ਕਰੋ ਉਤਪਤ 4:9, 10.) ਦੁਨਿਆਵੀ ਧਨੀ ਮਨੁੱਖਾਂ ਨੇ “ਮੌਜਾਂ ਮਾਣੀਆਂ” ਹਨ। ਭੋਗ ਬਿਲਾਸ ਵਿਚ ਬਹੁਤ ਜ਼ਿਆਦਾ ਮੌਜਾਂ ਮਨਾਉਣ ਕਰਕੇ, ਉਨ੍ਹਾਂ ਨੇ ਚਰਬੀਦਾਰ, ਅਸੰਵੇਦਨਸ਼ੀਲ ਦਿਲ ਵਿਕਸਿਤ ਕੀਤੇ ਹਨ ਅਤੇ ਉਨ੍ਹਾਂ ਦੇ ਕਤਲ ਲਈ ਠਹਿਰਾਏ ਗਏ “ਦਿਨ” ਤੇ ਵੀ ਉਹ ਇਹੋ ਹੀ ਕਰ ਰਹੇ ਹੋਣਗੇ। ਉਹ ‘ਧਰਮੀ ਨੂੰ ਦੋਸ਼ੀ ਠਹਿਰਾਉਂਦੇ ਅਤੇ ਉਹ ਨੂੰ ਵੱਢ ਸੁੱਟਦੇ ਹਨ।’ ਯਾਕੂਬ ਪੁੱਛਦਾ ਹੈ: “ਕੀ ਉਹ ਤੁਹਾਡਾ ਵਿਰੋਧ ਨਹੀਂ ਕਰਦਾ?” (ਨਿ ਵ), ਪਰ ਇਕ ਹੋਰ ਅਨੁਵਾਦ ਕਹਿੰਦਾ ਹੈ, “ਧਰਮੀ . . . ਉਹ ਤੁਹਾਡਾ ਸਾਹਮਣਾ ਨਹੀਂ ਕਰਦਾ।” ਕੁਝ ਵੀ ਹੋਵੇ, ਸਾਨੂੰ ਧਨੀ ਲੋਕਾਂ ਪ੍ਰਤੀ ਪੱਖਪਾਤੀ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਜੀਵਨ ਵਿਚ ਅਧਿਆਤਮਿਕ ਹਿਤਾਂ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ।—ਮੱਤੀ 6:25-33.
ਨਿਹਚਾ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ
15, 16. ਧੀਰਜ ਰੱਖਣਾ ਇੰਨਾ ਮਹੱਤਵਪੂਰਣ ਕਿਉਂ ਹੈ?
15 ਸੰਸਾਰ ਦੇ ਦਮਨਕਾਰੀ ਧਨੀ ਲੋਕਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ, ਯਾਕੂਬ ਅੱਗੇ ਦੱਬੇ ਹੋਏ ਮਸੀਹੀਆਂ ਨੂੰ ਧੀਰਜ ਰੱਖਣ ਦਾ ਹੌਸਲਾ ਦਿੰਦਾ ਹੈ। (ਯਾਕੂਬ 5:7, 8) ਜੇਕਰ ਵਿਸ਼ਵਾਸੀ ਧੀਰਜ ਨਾਲ ਆਪਣੀਆਂ ਕਠਿਨਾਈਆਂ ਝੱਲਦੇ ਹਨ, ਤਾਂ ਉਨ੍ਹਾਂ ਨੂੰ ਮਸੀਹ ਦੀ ਮੌਜੂਦਗੀ ਦੌਰਾਨ ਆਪਣੀ ਵਫ਼ਾਦਾਰੀ ਦਾ ਪ੍ਰਤਿਫਲ ਮਿਲੇਗਾ, ਜਿਸ ਸਮੇਂ ਉਨ੍ਹਾਂ ਦੇ ਦਮਨਕਾਰੀਆਂ ਦਾ ਨਿਆਂ ਕੀਤਾ ਜਾਵੇਗਾ। (ਮੱਤੀ 24:37-41) ਉਨ੍ਹਾਂ ਮੁਢਲੇ ਮਸੀਹੀਆਂ ਨੂੰ ਉਸ ਕਿਸਾਨ ਵਰਗੇ ਹੋਣ ਦੀ ਲੋੜ ਸੀ ਜੋ ਧੀਰਜ ਨਾਲ ਪਤਝੜ ਦੀ ਪਹਿਲੀ ਵਰਖਾ, ਜਦੋਂ ਉਹ ਬੀ ਬੀਜ ਸਕਦਾ ਸੀ, ਅਤੇ ਬਸੰਤ ਰੁੱਤ ਦੀ ਪਿੱਛਲੀ ਵਰਖਾ ਜੋ ਫਲ ਦਿੰਦੀ ਸੀ, ਦੀ ਉਡੀਕ ਕਰਦਾ ਹੈ। (ਯੋਏਲ 2:23) ਸਾਨੂੰ ਵੀ ਧੀਰਜ ਰੱਖਣ ਅਤੇ ਆਪਣੇ ਦਿਲਾਂ ਨੂੰ ਦ੍ਰਿੜ੍ਹ ਕਰਨ ਦੀ ਲੋੜ ਹੈ, ਖ਼ਾਸ ਕਰਕੇ ਇਸ ਲਈ ਕਿ ‘ਪ੍ਰਭੁ ਯਿਸੂ ਮਸੀਹ ਦੀ ਮੌਜੂਦਗੀ’ ਆਰੰਭ ਹੋ ਚੁੱਕੀ ਹੈ!
16 ਸਾਨੂੰ ਧੀਰਜਵਾਨ ਕਿਉਂ ਹੋਣਾ ਚਾਹੀਦਾ ਹੈ? (ਯਾਕੂਬ 5:9-12) ਜਦੋਂ ਸੰਗੀ ਵਿਸ਼ਵਾਸੀ ਸਾਨੂੰ ਖਿਝਾਉਂਦੇ ਹਨ, ਤਾਂ ਧੀਰਜ ਸਾਨੂੰ ਹੂੰਗਣ ਜਾਂ ਹਉਕੇ ਭਰਨ ਤੋਂ ਰੋਕਣ ਵਿਚ ਮਦਦ ਕਰੇਗਾ। ਜੇਕਰ ਅਸੀਂ ਬੁਰੀ ਭਾਵਨਾ ਨਾਲ ‘ਇੱਕ ਦੂਏ ਦੇ ਵਿਰੁੱਧ ਬੁੜ ਬੁੜ ਕਰਦੇ ਹਾਂ,’ ਤਾਂ ਅਸੀਂ ਨਿਆਂਕਾਰ ਯਿਸੂ ਮਸੀਹ ਦੁਆਰਾ ਦੋਸ਼ੀ ਠਹਿਰਾਏ ਜਾਵਾਂਗੇ। (ਯੂਹੰਨਾ 5:22) ਕਿਉਂਕਿ ਹੁਣ ਉਸ ਦੀ “ਮੌਜੂਦਗੀ” ਸ਼ੁਰੂ ਹੋ ਚੁੱਕੀ ਹੈ ਅਤੇ ਉਹ “ਬੂਹੇ ਉੱਤੇ ਖਲੋਤਾ ਹੈ,” ਆਓ ਅਸੀਂ ਆਪਣੇ ਭਰਾਵਾਂ ਨਾਲ, ਜੋ ਨਿਹਚਾ ਦੀਆਂ ਅਨੇਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ, ਧੀਰਜਵਾਨ ਹੋਣ ਦੁਆਰਾ ਸ਼ਾਂਤੀ ਵਧਾਈਏ। ਸਾਡੀ ਆਪਣੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ ਜਦੋਂ ਅਸੀਂ ਯਾਦ ਰੱਖਦੇ ਹਾਂ ਕਿ ਪਰਮੇਸ਼ੁਰ ਨੇ ਅੱਯੂਬ ਨੂੰ ਅਜ਼ਮਾਇਸ਼ਾਂ ਧੀਰਜ ਨਾਲ ਸਹਿਣ ਲਈ ਪ੍ਰਤਿਫਲ ਦਿੱਤਾ ਸੀ। (ਅੱਯੂਬ 42:10-17) ਜੇਕਰ ਅਸੀਂ ਨਿਹਚਾ ਅਤੇ ਧੀਰਜ ਰੱਖਦੇ ਹਾਂ, ਤਾਂ ਅਸੀਂ ਦੇਖਾਂਗੇ ਕਿ “[ਯਹੋਵਾਹ] ਵੱਡਾ ਦਰਦੀ ਅਤੇ ਦਿਆਲੂ ਹੈ।”—ਮੀਕਾਹ 7:18, 19.
17. ਯਾਕੂਬ ਕਿਉਂ ਕਹਿੰਦਾ ਹੈ ‘ਸੌਂਹ ਨਾ ਖਾਓ’?
17 ਜੇਕਰ ਅਸੀਂ ਧੀਰਜਵਾਨ ਨਹੀਂ ਹੁੰਦੇ ਹਾਂ, ਤਾਂ ਅਸੀਂ ਦਬਾਅ ਹੇਠ ਆ ਕੇ ਆਪਣੀ ਜ਼ਬਾਨ ਦੀ ਕੁਵਰਤੋਂ ਕਰ ਸਕਦੇ ਹਾਂ। ਉਦਾਹਰਣ ਲਈ, ਅਸੀਂ ਸ਼ਾਇਦ ਜਲਦਬਾਜ਼ੀ ਨਾਲ ਸਹੁੰ ਖਾਈਏ। ‘ਸੌਂਹ ਨਾ ਖਾਓ,’ ਯਾਕੂਬ ਜਲਦਬਾਜ਼ੀ ਵਿਚ ਸਹੁੰ ਖਾਣ ਬਾਰੇ ਚੇਤਾਵਨੀ ਦਿੰਦੇ ਹੋਏ ਕਹਿੰਦਾ ਹੈ। ਹਮੇਸ਼ਾ ਸਹੁੰ ਖਾ ਕੇ ਕਥਨਾਂ ਦੀ ਪੁਸ਼ਟੀ ਕਰਨਾ ਪਖੰਡ ਵੀ ਜਾਪਦਾ ਹੈ। ਇਸ ਲਈ, ਸਾਨੂੰ ਸਿਰਫ਼ ਸੱਚਾਈ ਬੋਲਣੀ ਚਾਹੀਦੀ ਹੈ, ਸਾਡੀ ਹਾਂ ਦਾ ਅਰਥ ਹਾਂ, ਅਤੇ ਸਾਡੀ ਨਾ ਦਾ ਅਰਥ ਨਾ ਹੋਣਾ ਚਾਹੀਦਾ ਹੈ। (ਮੱਤੀ 5:33-37) ਨਿਰਸੰਦੇਹ, ਯਾਕੂਬ ਇਹ ਨਹੀਂ ਕਹਿ ਰਿਹਾ ਕਿ ਅਦਾਲਤ ਵਿਚ ਸੱਚਾਈ ਬੋਲਣ ਲਈ ਸਹੁੰ ਖਾਣੀ ਗ਼ਲਤ ਹੈ।
ਨਿਹਚਾ ਅਤੇ ਸਾਡੀਆਂ ਪ੍ਰਾਰਥਨਾਵਾਂ
18. ਸਾਨੂੰ ਕਿਹੜੀਆਂ ਹਾਲਤਾਂ ਅਧੀਨ ‘ਪ੍ਰਾਰਥਨਾ ਕਰਨੀ’ ਅਤੇ ‘ਭਜਨ ਗਾਉਣੇ’ ਚਾਹੀਦੇ ਹਨ?
18 ਜੇਕਰ ਅਸੀਂ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣਾ ਹੈ, ਧੀਰਜ ਰੱਖਣਾ ਹੈ, ਅਤੇ ਪਰਮੇਸ਼ੁਰ ਵਿਚ ਮਜ਼ਬੂਤ ਨਿਹਚਾ ਬਣਾਈ ਰੱਖਣੀ ਹੈ, ਤਾਂ ਪ੍ਰਾਰਥਨਾ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਹੋਣਾ ਚਾਹੀਦਾ ਹੈ। (ਯਾਕੂਬ 5:13-20) ਖ਼ਾਸ ਕਰਕੇ ਅਜ਼ਮਾਇਸ਼ ਅਧੀਨ ਸਾਨੂੰ ‘ਪ੍ਰਾਰਥਨਾ ਕਰਨੀ’ ਜਾਰੀ ਰੱਖਣੀ ਚਾਹੀਦੀ ਹੈ। ਜੇਕਰ ਅਸੀਂ ਖ਼ੁਸ਼ ਹਾਂ, ਤਾਂ ਆਓ ਅਸੀਂ ‘ਭਜਨ ਗਾਈਏ,’ ਜਿਵੇਂ ਯਿਸੂ ਅਤੇ ਉਸ ਦੇ ਰਸੂਲਾਂ ਨੇ ਗਾਏ ਸਨ ਜਦੋਂ ਉਸ ਨੇ ਆਪਣੀ ਮੌਤ ਦਾ ਸਮਾਰਕ ਸਥਾਪਿਤ ਕੀਤਾ ਸੀ। (ਮਰਕੁਸ 14:26) ਸਮੇਂ-ਸਮੇਂ ਤੇ, ਅਸੀਂ ਸ਼ਾਇਦ ਪਰਮੇਸ਼ੁਰ ਪ੍ਰਤੀ ਇੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਅਸੀਂ ਆਪਣੇ ਦਿਲ ਵਿਚ ਉਸ ਦੀ ਉਸਤਤ ਦੇ ਗੀਤ ਗਾਉਂਦੇ ਹਾਂ। (1 ਕੁਰਿੰਥੀਆਂ 14:15; ਅਫ਼ਸੀਆਂ 5:19) ਅਤੇ ਮਸੀਹੀ ਸਭਾਵਾਂ ਵਿਚ ਗੀਤ ਨਾਲ ਯਹੋਵਾਹ ਦਾ ਜਸ ਗਾਉਣਾ ਕਿੰਨੀ ਆਨੰਦ ਦੀ ਗੱਲ ਹੈ!
19. ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਅਸੀਂ ਅਧਿਆਤਮਿਕ ਤੌਰ ਤੇ ਬੀਮਾਰ ਹੋ ਜਾਂਦੇ ਹਾਂ, ਅਤੇ ਅਜਿਹਾ ਕਦਮ ਕਿਉਂ ਚੁੱਕਣਾ ਚਾਹੀਦਾ ਹੈ?
19 ਜੇਕਰ ਅਸੀਂ ਅਧਿਆਤਮਿਕ ਤੌਰ ਤੇ ਰੋਗੀ ਹਾਂ, ਸ਼ਾਇਦ ਗ਼ਲਤ ਆਚਰਣ ਜਾਂ ਯਹੋਵਾਹ ਦੀ ਮੇਜ਼ ਤੋਂ ਬਾਕਾਇਦਾ ਭੋਜਨ ਲੈਣ ਵਿਚ ਅਸਫ਼ਲਤਾ ਦੇ ਕਾਰਨ, ਤਾਂ ਸ਼ਾਇਦ ਸਾਡਾ ਦਿਲ ਗੀਤ ਨਾ ਗਾਉਣਾ ਚਾਹੇ। ਜੇਕਰ ਅਸੀਂ ਇਸ ਦਸ਼ਾ ਵਿਚ ਹਾਂ, ਤਾਂ ਆਓ ਅਸੀਂ ਨਿਮਰਤਾ ਨਾਲ ਬਜ਼ੁਰਗਾਂ ਨੂੰ ਸੱਦੀਏ ਤਾਂਕਿ ਉਹ ‘ਸਾਡੇ ਲਈ ਪ੍ਰਾਰਥਨਾ ਕਰਨ।’ (ਕਹਾਉਤਾਂ 15:29) ਉਹ ‘ਪ੍ਰਭੁ ਦਾ ਨਾਮ ਲੈ ਕੇ ਸਾਨੂੰ ਤੇਲ ਵੀ ਝੱਸਣਗੇ।’ ਕਿਸੇ ਜ਼ਖ਼ਮ ਉੱਤੇ ਆਰਾਮਦਾਇਕ ਤੇਲ ਦੀ ਤਰ੍ਹਾਂ, ਉਨ੍ਹਾਂ ਦੇ ਦਿਲਾਸਾ-ਭਰੇ ਸ਼ਬਦ ਅਤੇ ਉਨ੍ਹਾਂ ਦੀ ਸ਼ਾਸਤਰ-ਸੰਬੰਧੀ ਸਲਾਹ ਹਤਾਸ਼ਾ, ਸ਼ੱਕ, ਅਤੇ ਡਰ ਨੂੰ ਦੂਰ ਕਰਨ ਵਿਚ ਮਦਦ ਕਰਨਗੇ। ‘ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਸਾਨੂੰ ਬਚਾ ਲਵੇਗੀ’ ਜੇਕਰ ਅਸੀਂ ਵੀ ਨਿਹਚਾ ਰੱਖੀਏ। ਜੇਕਰ ਬਜ਼ੁਰਗ ਪਾਉਂਦੇ ਹਨ ਕਿ ਸਾਡੀ ਅਧਿਆਤਮਿਕ ਬੀਮਾਰੀ ਦਾ ਕਾਰਨ ਗੰਭੀਰ ਪਾਪ ਹੈ, ਤਾਂ ਉਹ ਕਿਰਪਾ ਨਾਲ ਸਾਡੀ ਗ਼ਲਤੀ ਸਪੱਸ਼ਟ ਕਰਨਗੇ ਅਤੇ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। (ਜ਼ਬੂਰ 141:5) ਅਤੇ ਜੇਕਰ ਅਸੀਂ ਪਸ਼ਚਾਤਾਪੀ ਹਾਂ, ਤਾਂ ਅਸੀਂ ਨਿਹਚਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਸਾਨੂੰ ਮਾਫ਼ ਕਰ ਦੇਵੇਗਾ।
20. ਸਾਨੂੰ ਆਪਣੇ ਪਾਪਾਂ ਦਾ ਇਕਰਾਰ ਅਤੇ ਇਕ ਦੂਜੇ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
20 ‘ਆਪੋ ਵਿੱਚੀਂ ਆਪਣਿਆਂ ਪਾਪਾਂ ਦਾ ਇਕਰਾਰ ਕਰਨ’ ਨੂੰ ਹੋਰ ਪਾਪ ਕਰਨ ਤੋਂ ਸਾਨੂੰ ਰੋਕਣਾ ਚਾਹੀਦਾ ਹੈ। ਇਸ ਨੂੰ ਆਪਸੀ ਦਇਆ ਵਿਕਸਿਤ ਕਰਨੀ ਚਾਹੀਦੀ ਹੈ, ਅਰਥਾਤ ਅਜਿਹਾ ਇਕ ਗੁਣ ਜੋ ਸਾਨੂੰ ‘ਇੱਕ ਦੂਏ ਲਈ ਪ੍ਰਾਰਥਨਾ ਕਰਨ’ ਲਈ ਪ੍ਰੇਰਿਤ ਕਰੇਗਾ। ਅਸੀਂ ਨਿਹਚਾ ਰੱਖ ਸਕਦੇ ਹਾਂ ਕਿ ਇਹ ਲਾਭਦਾਇਕ ਹੋਵੇਗਾ ਕਿਉਂਕਿ ਇਕ “ਧਰਮੀ ਪੁਰਖ”—ਨਿਹਚਾ ਕਰਨ ਵਾਲਾ ਇਕ ਵਿਅਕਤੀ ਜਿਸ ਨੂੰ ਪਰਮੇਸ਼ੁਰ ਨੇਕ ਸਮਝਦਾ ਹੈ—ਦੀ ਪ੍ਰਾਰਥਨਾ ਯਹੋਵਾਹ ਸਾਮ੍ਹਣੇ ਬਹੁਤ ਅਸਰਦਾਰ ਹੁੰਦੀ ਹੈ। (1 ਪਤਰਸ 3:12) ਏਲੀਯਾਹ ਨਬੀ ਵਿਚ ਵੀ ਸਾਡੇ ਵਰਗੀਆਂ ਕਮਜ਼ੋਰੀਆਂ ਸਨ, ਪਰ ਉਸ ਦੀਆਂ ਪ੍ਰਾਰਥਨਾਵਾਂ ਪ੍ਰਭਾਵਕਾਰੀ ਸਨ। ਉਸ ਨੇ ਪ੍ਰਾਰਥਨਾ ਕੀਤੀ, ਅਤੇ ਸਾਢੇ ਤਿੰਨ ਸਾਲ ਲਈ ਵਰਖਾ ਨਹੀਂ ਹੋਈ ਸੀ। ਜਦੋਂ ਉਸ ਨੇ ਦੁਬਾਰਾ ਪ੍ਰਾਰਥਨਾ ਕੀਤੀ, ਤਾਂ ਫਿਰ ਵਰਖਾ ਹੋਈ ਸੀ।—1 ਰਾਜਿਆਂ 17:1; 18:1, 42-45; ਲੂਕਾ 4:25.
21. ਅਸੀਂ ਸ਼ਾਇਦ ਕੀ ਕਰ ਸਕੀਏ ਜੇਕਰ ਇਕ ਸੰਗੀ ਮਸੀਹੀ “ਸਚਿਆਈ ਦੇ ਰਾਹੋਂ ਭੁੱਲ ਜਾਵੇ”?
21 ਪਰ ਉਦੋਂ ਕੀ ਜੇਕਰ ਕਲੀਸਿਯਾ ਦਾ ਇਕ ਮੈਂਬਰ “ਸਚਿਆਈ ਦੇ ਰਾਹੋਂ ਭੁੱਲ ਜਾਵੇ,” ਅਤੇ ਸਹੀ ਸਿੱਖਿਆ ਅਤੇ ਆਚਰਣ ਤੋਂ ਭਟਕ ਜਾਵੇ? ਅਸੀਂ ਬਾਈਬਲ ਦੀ ਸਲਾਹ, ਪ੍ਰਾਰਥਨਾ, ਅਤੇ ਹੋਰ ਸਹਾਇਤਾ ਨਾਲ ਸ਼ਾਇਦ ਉਸ ਨੂੰ ਉਹ ਦੀ ਭੁੱਲ ਤੋਂ ਮੋੜ ਸਕੀਏ। ਜੇਕਰ ਅਸੀਂ ਸਫ਼ਲ ਹੁੰਦੇ ਹਾਂ, ਤਾਂ ਇਹ ਉਸ ਨੂੰ ਮਸੀਹ ਦੀ ਰਿਹਾਈ-ਕੀਮਤ ਦੇ ਅਧੀਨ ਰੱਖਦਾ ਹੈ ਅਤੇ ਉਸ ਨੂੰ ਅਧਿਆਤਮਿਕ ਮੌਤ ਅਤੇ ਵਿਨਾਸ਼ ਦੀ ਸਜ਼ਾ ਤੋਂ ਬਚਾਉਂਦਾ ਹੈ। ਭੁੱਲਣਹਾਰ ਵਿਅਕਤੀ ਦੀ ਮਦਦ ਕਰਨ ਰਾਹੀਂ, ਅਸੀਂ ਉਸ ਦੇ ਬਾਹਲਿਆਂ ਪਾਪਾਂ ਨੂੰ ਢੱਕਦੇ ਹਾਂ। ਜਦੋਂ ਤਾੜਿਆ ਗਿਆ ਪਾਪੀ ਵਿਅਕਤੀ ਆਪਣੇ ਗ਼ਲਤ ਰਸਤੇ ਤੋਂ ਮੁੜ ਆਉਂਦਾ ਹੈ, ਪਛਤਾਵਾ ਕਰਦਾ ਹੈ, ਅਤੇ ਮਾਫ਼ੀ ਭਾਲਦਾ ਹੈ, ਤਾਂ ਅਸੀਂ ਬਹੁਤ ਖ਼ੁਸ਼ ਹੋਵਾਂਗੇ ਕਿ ਅਸੀਂ ਉਸ ਦੇ ਪਾਪਾਂ ਨੂੰ ਢੱਕਣ ਵਿਚ ਸਹਿਯੋਗ ਦਿੱਤਾ ਸੀ।—ਜ਼ਬੂਰ 32:1, 2; ਯਹੂਦਾਹ 22, 23.
ਸਾਡੇ ਸਾਰਿਆਂ ਲਈ ਕੁਝ-ਨ-ਕੁਝ ਹੈ
22, 23. ਯਾਕੂਬ ਦੇ ਸ਼ਬਦਾਂ ਨੂੰ ਸਾਡੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਉਣਾ ਚਾਹੀਦਾ ਹੈ?
22 ਸਪੱਸ਼ਟ ਤੌਰ ਤੇ, ਯਾਕੂਬ ਦੀ ਪੱਤਰੀ ਤੋਂ ਅਸੀਂ ਸਾਰੇ ਹੀ ਕੁਝ-ਨ-ਕੁਝ ਲਾਭ ਉਠਾ ਸਕਦੇ ਹਾਂ। ਇਹ ਸਾਨੂੰ ਦਿਖਾਉਂਦੀ ਹੈ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ, ਸਾਨੂੰ ਪੱਖਪਾਤ ਕਰਨ ਦੇ ਵਿਰੁੱਧ ਸਲਾਹ ਦਿੰਦੀ ਹੈ, ਅਤੇ ਨੇਕ ਕੰਮਾਂ ਵਿਚ ਹਿੱਸਾ ਲੈਣ ਲਈ ਸਾਨੂੰ ਉਤੇਜਿਤ ਕਰਦੀ ਹੈ। ਯਾਕੂਬ ਸਾਨੂੰ ਜ਼ਬਾਨ ਉੱਤੇ ਕਾਬੂ ਰੱਖਣ, ਦੁਨਿਆਵੀ ਪ੍ਰਭਾਵ ਦਾ ਵਿਰੋਧ ਕਰਨ, ਅਤੇ ਸ਼ਾਂਤੀ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਉਸ ਦੇ ਸ਼ਬਦਾਂ ਨੂੰ ਸਾਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਬਣਾਉਣਾ ਚਾਹੀਦਾ ਹੈ।
23 ਇਹ ਸੱਚ ਹੈ ਕਿ ਯਾਕੂਬ ਦੀ ਪੱਤਰੀ ਪਹਿਲਾਂ-ਪਹਿਲ ਮਸਹ ਕੀਤੇ ਹੋਏ ਮੁਢਲੇ ਮਸੀਹੀਆਂ ਨੂੰ ਭੇਜੀ ਗਈ ਸੀ। ਫਿਰ ਵੀ, ਇਸ ਦੀ ਸਲਾਹ ਨੂੰ ਸਾਨੂੰ ਸਾਰਿਆਂ ਨੂੰ ਆਪਣੀ ਨਿਹਚਾ ਫੜੀ ਰੱਖਣ ਵਿਚ ਮਦਦ ਦੇਣੀ ਚਾਹੀਦੀ ਹੈ। ਯਾਕੂਬ ਦੇ ਸ਼ਬਦ ਅਜਿਹੀ ਨਿਹਚਾ ਨੂੰ ਵਧਾ ਸਕਦੇ ਹਨ ਜੋ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਨਿਰਣਾਕਾਰੀ ਕਦਮ ਚੁੱਕਣ ਲਈ ਪ੍ਰੇਰਿਤ ਕਰਦੀ ਹੈ। ਅਤੇ ਇਹ ਈਸ਼ਵਰੀ ਤੌਰ ਤੇ ਪ੍ਰੇਰਿਤ ਪੱਤਰੀ ਇਕ ਸਥਾਈ ਨਿਹਚਾ ਉਤਪੰਨ ਕਰਦੀ ਹੈ ਜੋ ਅੱਜ ‘ਪ੍ਰਭੁ ਯਿਸੂ ਮਸੀਹ ਦੀ ਮੌਜੂਦਗੀ’ ਦੌਰਾਨ, ਸਾਨੂੰ ਯਹੋਵਾਹ ਦੇ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਗਵਾਹ ਬਣਾਉਂਦੀ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਕੁਝ ਮੁਢਲੇ ਮਸੀਹੀਆਂ ਨੂੰ ਆਪਣੇ ਰਵੱਈਏ ਅਤੇ ਆਚਰਣ ਨੂੰ ਬਦਲਣ ਦੀ ਕਿਉਂ ਲੋੜ ਸੀ?
◻ ਯਾਕੂਬ ਧਨੀ ਲੋਕਾਂ ਨੂੰ ਕੀ ਚੇਤਾਵਨੀ ਦਿੰਦਾ ਹੈ?
◻ ਸਾਨੂੰ ਧੀਰਜ ਕਿਉਂ ਰੱਖਣਾ ਚਾਹੀਦਾ ਹੈ?
◻ ਸਾਨੂੰ ਬਾਕਾਇਦਾ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Pictorial Archive (Near Eastern History) Est.
[ਸਫ਼ੇ 29 ਉੱਤੇ ਤਸਵੀਰ]
ਕੁਝ ਮੁਢਲੇ ਮਸੀਹੀਆਂ ਨੂੰ ਸੰਗੀ ਵਿਸ਼ਵਾਸੀਆਂ ਪ੍ਰਤੀ ਹੋਰ ਜ਼ਿਆਦਾ ਧੀਰਜਵਾਨ ਹੋਣ ਦੀ ਲੋੜ ਸੀ
[ਸਫ਼ੇ 31 ਉੱਤੇ ਤਸਵੀਰ]
ਮਸੀਹੀਆਂ ਨੂੰ ਧੀਰਜਵਾਨ, ਪ੍ਰੇਮਮਈ, ਅਤੇ ਪ੍ਰਾਰਥਨਾਪੂਰਣ ਹੋਣ ਦੀ ਲੋੜ ਹੈ