ਯਹੋਵਾਹ ਵਾਂਗ ਧੀਰਜ ਵਾਲੇ ਬਣੋ
“ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ . . . ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ।”—2 ਪਤਰਸ 3:9.
1. ਯਹੋਵਾਹ ਨੇ ਸਾਨੂੰ ਕਿਹੜਾ ਬੇਸ਼ਕੀਮਤੀ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਹੈ?
ਯਹੋਵਾਹ ਨੇ ਸਾਨੂੰ ਇਕ ਸ਼ਾਨਦਾਰ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਹੈ ਜਿਸ ਦਾ ਨਾ ਅਸੀਂ ਮੁੱਲ ਪਾ ਸਕਦੇ ਹਾਂ ਤੇ ਨਾ ਹੀ ਇਸ ਨੂੰ ਖੱਟ ਸਕਦੇ ਹਾਂ। ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ। ਸਾਡੇ ਵਿੱਚੋਂ ਬਹੁਤ ਜਣੇ ਧਰਤੀ ਉੱਤੇ ਵਧੀਆ ਹਾਲਾਤਾਂ ਅਧੀਨ ਹਮੇਸ਼ਾ-ਹਮੇਸ਼ਾ ਲਈ ਰਹਿਣਗੇ। (ਯੂਹੰਨਾ 3:16) ਉਹ ਕਿੰਨਾ ਵਧੀਆ ਸਮਾਂ ਹੋਵੇਗਾ! ਉਸ ਸਮੇਂ ਹਰ ਉਹ ਚੀਜ਼ ਖ਼ਤਮ ਕਰ ਦਿੱਤੀ ਜਾਵੇਗੀ ਜੋ ਅੱਜ ਸਾਨੂੰ ਦੁੱਖ ਦਿੰਦੀ ਹੈ ਜਿਵੇਂ ਲੜਾਈ-ਝਗੜਾ, ਹਿੰਸਾ, ਗ਼ਰੀਬੀ, ਅਪਰਾਧ, ਬੀਮਾਰੀ ਤੇ ਮੌਤ। ਪਰਮੇਸ਼ੁਰ ਦੇ ਰਾਜ ਅਧੀਨ ਅਸੀਂ ਸੁਖ-ਸ਼ਾਂਤੀ ਅਤੇ ਏਕਤਾ ਦਾ ਆਨੰਦ ਮਾਣਾਂਗੇ। ਅਸੀਂ ਉਸ ਸਮੇਂ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰਦੇ ਹਾਂ!—ਯਸਾਯਾਹ 9:6, 7; ਪਰਕਾਸ਼ ਦੀ ਪੋਥੀ 21:4, 5.
2. ਯਹੋਵਾਹ ਨੇ ਅਜੇ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕਿਉਂ ਨਹੀਂ ਕੀਤਾ?
2 ਯਹੋਵਾਹ ਵੀ ਬੇਸਬਰੀ ਨਾਲ ਉਸ ਦਿਨ ਦੇ ਇੰਤਜ਼ਾਰ ਵਿਚ ਹੈ ਜਦ ਉਹ ਧਰਤੀ ਦੇ ਹਾਲਾਤ ਸੁਧਾਰੇਗਾ। ਉਹ ਇਹ ਸਭ ਕੁਝ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਧਰਮ ਅਤੇ ਨਿਆਂ ਦਾ ਪਰਮੇਸ਼ੁਰ ਹੈ। (ਜ਼ਬੂਰਾਂ ਦੀ ਪੋਥੀ 33:5) ਯਹੋਵਾਹ ਨੂੰ ਦੁਨੀਆਂ ਦੇ ਬੁਰੇ ਹਾਲਾਤ ਦੇਖ ਕੇ ਕੋਈ ਖ਼ੁਸ਼ੀ ਨਹੀਂ ਹੁੰਦੀ। ਉਸ ਦੇ ਦਿਲ ਤੇ ਸੱਟ ਵੱਜਦੀ ਹੈ ਜਦ ਲੋਕ ਉਸ ਦੇ ਧਰਮੀ ਅਸੂਲਾਂ ਤੇ ਨਹੀਂ ਚੱਲਦੇ ਅਤੇ ਉਸ ਦੇ ਅਧਿਕਾਰ ਨੂੰ ਠੁਕਰਾਉਂਦੇ ਹਨ ਤੇ ਉਸ ਦੇ ਸੇਵਕਾਂ ਨੂੰ ਸਤਾਉਂਦੇ ਹਨ। ਪਰ ਉਸ ਨੇ ਚੰਗੇ ਕਾਰਨ ਕਰਕੇ ਹੀ ਸ਼ਤਾਨ ਦੀ ਦੁਨੀਆਂ ਦਾ ਅਜੇ ਤਕ ਨਾਸ਼ ਨਹੀਂ ਕੀਤਾ। ਇਹ ਕਾਰਨ ਉਸ ਦੇ ਰਾਜ ਕਰਨ ਦੇ ਹੱਕ ਉੱਤੇ ਉਠਾਏ ਗਏ ਸਵਾਲਾਂ ਨਾਲ ਜੁੜੇ ਹਨ। ਯਹੋਵਾਹ ਨੇ ਜਿਸ ਤਰ੍ਹਾਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚੁਣਿਆ ਹੈ, ਉਹ ਉਸ ਦੇ ਇਕ ਬਹੁਤ ਹੀ ਚੰਗੇ ਗੁਣ ਨੂੰ ਜ਼ਾਹਰ ਕਰਦਾ ਹੈ। ਇਹ ਗੁਣ ਹੈ ਧੀਰਜ ਜੋ ਅੱਜ ਇਨਸਾਨਾਂ ਵਿਚ ਬਹੁਤ ਘੱਟ ਨਜ਼ਰ ਆਉਂਦਾ ਹੈ।
3. (ੳ) ਬਾਈਬਲ ਵਿਚ “ਧੀਰਜ” ਅਨੁਵਾਦ ਕੀਤੇ ਗਏ ਯੂਨਾਨੀ ਅਤੇ ਇਬਰਾਨੀ ਸ਼ਬਦਾਂ ਦਾ ਕੀ ਮਤਲਬ ਹੈ? (ਅ) ਅਸੀਂ ਹੁਣ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
3 ਬਾਈਬਲ ਵਿਚ “ਧੀਰਜ” ਅਨੁਵਾਦ ਕੀਤੇ ਗਏ ਯੂਨਾਨੀ ਅਤੇ ਇਬਰਾਨੀ ਸ਼ਬਦਾਂ ਦਾ ਅਰਥ ਹੈ ਲੰਬੇ ਸਮੇਂ ਲਈ ਕੁਝ ਜਰਨਾ, ਸਬਰ ਕਰਨਾ ਜਾਂ ਛੇਤੀ ਗੁੱਸੇ ਨਾ ਹੋਣਾ। ਸਾਨੂੰ ਯਹੋਵਾਹ ਦੇ ਧੀਰਜ ਦਾ ਕਿਵੇਂ ਲਾਭ ਹੁੰਦਾ ਹੈ? ਅਸੀਂ ਯਹੋਵਾਹ ਤੇ ਉਸ ਦੇ ਵਫ਼ਾਦਾਰ ਸੇਵਕਾਂ ਦੇ ਧੀਰਜ ਅਤੇ ਸਬਰ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਦੇ ਧੀਰਜ ਦੀ ਵੀ ਇਕ ਹੱਦ ਹੈ? ਆਓ ਆਪਾਂ ਦੇਖੀਏ।
ਯਹੋਵਾਹ ਦਾ ਧੀਰਜ
4. ਪਤਰਸ ਰਸੂਲ ਨੇ ਯਹੋਵਾਹ ਦੇ ਧੀਰਜ ਬਾਰੇ ਕੀ ਲਿਖਿਆ ਸੀ?
4 ਪਤਰਸ ਰਸੂਲ ਨੇ ਯਹੋਵਾਹ ਦੇ ਧੀਰਜ ਬਾਰੇ ਲਿਖਿਆ: “ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ। ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:8, 9) ਯਹੋਵਾਹ ਦੇ ਧੀਰਜ ਨੂੰ ਸਮਝਣ ਲਈ ਇੱਥੇ ਦੋ ਗੱਲਾਂ ਵੱਲ ਧਿਆਨ ਦਿਓ।
5. ਸਮੇਂ ਬਾਰੇ ਯਹੋਵਾਹ ਦੇ ਨਜ਼ਰੀਏ ਦਾ ਉਸ ਦੇ ਕੰਮਾਂ ਤੇ ਕੀ ਅਸਰ ਪੈਂਦਾ ਹੈ?
5 ਪਹਿਲੀ ਗੱਲ ਇਹ ਹੈ ਕਿ ਸਮੇਂ ਬਾਰੇ ਯਹੋਵਾਹ ਦਾ ਨਜ਼ਰੀਆ ਸਾਡੇ ਨਾਲੋਂ ਵੱਖਰਾ ਹੈ। ਯਹੋਵਾਹ ਜੋ ਜੁੱਗੋ-ਜੁੱਗ ਤੋਂ ਹੈ, ਉਸ ਲਈ ਹਜ਼ਾਰ ਵਰ੍ਹੇ ਇਕ ਦਿਨ ਦੇ ਬਰਾਬਰ ਹਨ। ਅਮਰ ਹੋਣ ਦੇ ਨਾਤੇ ਸਾਲ, ਮਹੀਨੇ, ਦਿਨ ਉਸ ਲਈ ਕੋਈ ਮਾਅਨੇ ਨਹੀਂ ਰੱਖਦੇ। ਫਿਰ ਵੀ ਉਹ ਕਿਸੇ ਕੰਮ ਵਿਚ ਦੇਰ ਨਹੀਂ ਕਰਦਾ। ਅਸੀਮ ਬੁੱਧੀ ਦਾ ਮਾਲਕ ਹੋਣ ਕਰਕੇ ਯਹੋਵਾਹ ਜਾਣਦਾ ਹੈ ਕਿ ਕੋਈ ਕੰਮ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ ਜਦੋਂ ਸਾਰਿਆਂ ਨੂੰ ਇਸ ਤੋਂ ਫ਼ਾਇਦਾ ਹੋਵੇਗਾ। ਫਿਰ ਉਹ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰਦਾ ਹੈ। ਪਰ ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਉਹ ਸਾਡੇ ਦੁੱਖ ਨਹੀਂ ਸਮਝਦਾ। ਉਹ “ਵੱਡੇ ਰਹਮ” ਵਾਲਾ ਤੇ ਪਿਆਰ ਦੀ ਮੂਰਤ ਹੈ। (ਲੂਕਾ 1:78; 1 ਯੂਹੰਨਾ 4:8) ਇਸ ਬੁਰੀ ਦੁਨੀਆਂ ਨੂੰ ਅਜੇ ਤਕ ਨਾਸ਼ ਨਾ ਕਰਨ ਕਰਕੇ ਭਾਵੇਂ ਇਨਸਾਨਾਂ ਨੂੰ ਬਹੁਤ ਦੁੱਖ ਝੱਲਣੇ ਪਏ ਹਨ, ਪਰ ਯਹੋਵਾਹ ਹਰ ਜ਼ਖ਼ਮ ਨੂੰ ਭਰ ਸਕਦਾ ਹੈ।—ਜ਼ਬੂਰਾਂ ਦੀ ਪੋਥੀ 37:10.
6. ਸਾਨੂੰ ਪਰਮੇਸ਼ੁਰ ਬਾਰੇ ਕੀ ਨਹੀਂ ਸੋਚਣਾ ਚਾਹੀਦਾ ਅਤੇ ਕਿਉਂ?
6 ਜਦੋਂ ਅਸੀਂ ਕਿਸੇ ਚੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੁੰਦੇ ਹਾਂ, ਤਾਂ ਇੰਤਜ਼ਾਰ ਦੀਆਂ ਘੜੀਆਂ ਬੜੀ ਮੁਸ਼ਕਲ ਨਾਲ ਲੰਘਦੀਆਂ ਹਨ। (ਕਹਾਉਤਾਂ 13:12) ਇਸੇ ਲਈ ਜਦ ਕੋਈ ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ ਕਰਦਾ ਹੈ, ਤਾਂ ਸਾਨੂੰ ਲੱਗਦਾ ਹੈ ਕਿ ਉਹ ਵਾਅਦਾ ਪੂਰਾ ਕਰਨਾ ਹੀ ਨਹੀਂ ਚਾਹੁੰਦਾ। ਪਰ ਪਰਮੇਸ਼ੁਰ ਬਾਰੇ ਇਸ ਤਰ੍ਹਾਂ ਸੋਚਣਾ ਗ਼ਲਤ ਹੋਵੇਗਾ। ਜੇ ਅਸੀਂ ਪਰਮੇਸ਼ੁਰ ਦੇ ਧੀਰਜ ਨੂੰ ਉਸ ਦੀ ਢਿੱਲ-ਮੱਠ ਸਮਝ ਬੈਠੀਏ, ਤਾਂ ਹੌਲੀ-ਹੌਲੀ ਅਸੀਂ ਉਸ ਦੇ ਵਾਅਦਿਆਂ ਉੱਤੇ ਸ਼ੱਕ ਕਰਨ ਲੱਗ ਪਵਾਂਗੇ ਅਤੇ ਨਿਰਾਸ਼ ਹੋ ਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਜਾਵਾਂਗੇ। ਅਸੀਂ ਸ਼ਾਇਦ ਉਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਆ ਜਾਈਏ ਜੋ ਮਖੌਲ ਕਰਦੇ ਹੋਏ ਕਹਿੰਦੇ ਹਨ: “ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।”—2 ਪਤਰਸ 3:4.
7. ਯਹੋਵਾਹ ਕਿਉਂ ਧੀਰਜ ਕਰ ਰਿਹਾ ਹੈ?
7 ਅਸੀਂ ਪਤਰਸ ਦੇ ਸ਼ਬਦਾਂ ਤੋਂ ਹੋਰ ਕੀ ਸਿੱਖਦੇ ਹਾਂ? ਯਹੋਵਾਹ ਧੀਰਜ ਕਰ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰਨ। ਜੋ ਲੋਕ ਜ਼ਿੱਦੀ ਹਨ ਤੇ ਆਪਣੇ ਬੁਰੇ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਯਹੋਵਾਹ ਸਜ਼ਾ ਜ਼ਰੂਰ ਦੇਵੇਗਾ। ਪਰ ਪਰਮੇਸ਼ੁਰ ਨੂੰ ਕਿਸੇ ਦੁਸ਼ਟ ਦੀ ਮੌਤ ਤੇ ਖ਼ੁਸ਼ੀ ਨਹੀਂ ਹੁੰਦੀ। ਉਹ ਦੀ ਖ਼ੁਸ਼ੀ ਇਸ ਵਿਚ ਹੈ ਕਿ ਲੋਕ ਤੋਬਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜਨ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ। (ਹਿਜ਼ਕੀਏਲ 33:11) ਇਸੇ ਲਈ ਉਹ ਧੀਰਜ ਵਰਤਦੇ ਹੋਏ ਦੁਨੀਆਂ ਭਰ ਵਿਚ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਵਾ ਰਿਹਾ ਹੈ ਤਾਂਕਿ ਸਾਰਿਆਂ ਨੂੰ ਜੀਉਣ ਦਾ ਮੌਕਾ ਮਿਲੇ।
8. ਪਰਮੇਸ਼ੁਰ ਜਿਵੇਂ ਆਪਣੀ ਕੌਮ ਇਸਰਾਏਲ ਨਾਲ ਪੇਸ਼ ਆਇਆ, ਉਸ ਤੋਂ ਉਸ ਦਾ ਧੀਰਜ ਕਿਵੇਂ ਦੇਖਿਆ ਜਾ ਸਕਦਾ ਹੈ?
8 ਪਰਮੇਸ਼ੁਰ ਜਿਵੇਂ ਆਪਣੀ ਕੌਮ ਇਸਰਾਏਲ ਨਾਲ ਪੇਸ਼ ਆਇਆ ਸੀ, ਉਸ ਤੋਂ ਵੀ ਉਸ ਦਾ ਧੀਰਜ ਦੇਖਿਆ ਜਾ ਸਕਦਾ ਹੈ। ਉਹ ਲੋਕ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਹੇ ਤੇ ਉਸ ਨੇ ਸਦੀਆਂ ਤਕ ਉਨ੍ਹਾਂ ਨੂੰ ਬਰਦਾਸ਼ਤ ਕੀਤਾ। ਵਾਰ-ਵਾਰ ਉਸ ਨੇ ਆਪਣੇ ਨਬੀਆਂ ਰਾਹੀਂ ਤਾਕੀਦ ਕੀਤੀ: “ਆਪਣਿਆਂ ਭੈੜਿਆਂ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਦਿੱਤੀ ਅਰ ਜਿਹ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਘੱਲਿਆ ਮੇਰਿਆਂ ਹੁਕਮਾਂ ਤੇ ਬਿਧੀਆਂ ਨੂੰ ਮੰਨੋ।” ਇਸ ਦਾ ਨਤੀਜਾ ਕੀ ਨਿਕਲਿਆ? ਦੁੱਖ ਦੀ ਗੱਲ ਹੈ ਕਿ ਲੋਕਾਂ ਨੇ ਉਸ ਦੀ ਨਸੀਹਤ ਵੱਲ “ਕੰਨ ਨਾ ਲਾਇਆ।”—2 ਰਾਜਿਆਂ 17:13, 14.
9. ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਧੀਰਜਵਾਨ ਕਿਵੇਂ ਹੈ?
9 ਆਖ਼ਰ ਵਿਚ ਯਹੋਵਾਹ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਸ ਨੇ ਆਪਣੀ ਪੂਰੀ ਵਾਹ ਲਾ ਕੇ ਯਹੂਦੀਆਂ ਨੂੰ ਇਕ ਵਾਰ ਫਿਰ ਪਰਮੇਸ਼ੁਰ ਦੇ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਕੀਤੀ। ਯਿਸੂ ਵੀ ਆਪਣੇ ਪਿਤਾ ਵਾਂਗ ਧੀਰਜਵਾਨ ਸੀ। ਉਸ ਨੂੰ ਇਸ ਗੱਲ ਦੀ ਪੂਰੀ ਖ਼ਬਰ ਸੀ ਕਿ ਜਲਦ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਫਿਰ ਵੀ ਉਸ ਨੇ ਦੁਹਾਈ ਦਿੱਤੀ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ।” (ਮੱਤੀ 23:37) ਇਹ ਸ਼ਬਦ ਦੂਸਰਿਆਂ ਨੂੰ ਸਜ਼ਾ ਦੇਣ ਲਈ ਉਤਾਵਲੇ ਕਿਸੇ ਕਠੋਰ ਨਿਆਂਕਾਰ ਦੇ ਨਹੀਂ ਸਨ, ਬਲਕਿ ਇਹ ਅਜਿਹੇ ਮਿੱਤਰ ਦੇ ਮੂੰਹੋਂ ਨਿਕਲੇ ਸ਼ਬਦ ਸਨ ਜੋ ਲੋਕਾਂ ਨਾਲ ਧੀਰਜ ਨਾਲ ਪੇਸ਼ ਆ ਰਿਹਾ ਸੀ। ਆਪਣੇ ਪਿਤਾ ਯਹੋਵਾਹ ਵਾਂਗ ਯਿਸੂ ਵੀ ਇਹੀ ਚਾਹੁੰਦਾ ਸੀ ਕਿ ਲੋਕ ਤੋਬਾ ਕਰਨ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਕਹਿਰ ਤੋਂ ਬਚਾਉਣ। ਕੁਝ ਲੋਕਾਂ ਨੇ ਯਿਸੂ ਦੀ ਗੱਲ ਸੁਣੀ ਅਤੇ 70 ਈਸਵੀ ਵਿਚ ਯਰੂਸ਼ਲਮ ਉੱਤੇ ਆਈ ਤਬਾਹੀ ਤੋਂ ਬਚ ਨਿਕਲੇ।—ਲੂਕਾ 21:20-22.
10. ਪਰਮੇਸ਼ੁਰ ਦੇ ਧੀਰਜ ਦਾ ਸਾਨੂੰ ਕੀ ਲਾਭ ਹੋਇਆ ਹੈ?
10 ਸੱਚ-ਮੁੱਚ ਯਹੋਵਾਹ ਦਾ ਧੀਰਜ ਕਮਾਲ ਦਾ ਹੈ। ਭਾਵੇਂ ਇਨਸਾਨਾਂ ਨੇ ਸਦੀਆਂ ਤੋਂ ਉਸ ਦੀ ਅਣਆਗਿਆਕਾਰੀ ਕੀਤੀ ਹੈ, ਫਿਰ ਵੀ ਯਹੋਵਾਹ ਲੋਕਾਂ ਨੂੰ ਉਸ ਨੂੰ ਜਾਣਨ ਅਤੇ ਆਪਣੀਆਂ ਜਾਨਾਂ ਬਚਾਉਣ ਦਾ ਮੌਕਾ ਦੇ ਰਿਹਾ ਹੈ। ਪਤਰਸ ਰਸੂਲ ਨੇ ਮਸੀਹੀਆਂ ਨੂੰ ਲਿਖਿਆ: “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” (2 ਪਤਰਸ 3:15) ਕੀ ਸਾਨੂੰ ਖ਼ੁਸ਼ੀ ਨਹੀਂ ਹੁੰਦੀ ਕਿ ਯਹੋਵਾਹ ਦੇ ਧੀਰਜ ਨੇ ਸਾਡੇ ਲਈ ਮੁਕਤੀ ਦਾ ਰਾਹ ਖੋਲ੍ਹਿਆ ਹੈ? ਕੀ ਅਸੀਂ ਇਹੋ ਪ੍ਰਾਰਥਨਾ ਨਹੀਂ ਕਰਦੇ ਕਿ ਯਹੋਵਾਹ ਧੀਰਜ ਵਰਤਦੇ ਹੋਏ ਸਾਡੇ ਰੋਜ਼ ਦੇ ਪਾਪ ਮਾਫ਼ ਕਰੇ?—ਮੱਤੀ 6:12.
11. ਯਹੋਵਾਹ ਦੇ ਧੀਰਜ ਬਾਰੇ ਸਿੱਖ ਕੇ ਅਸੀਂ ਕੀ ਕਰਨਾ ਚਾਹਾਂਗੇ?
11 ਜਦ ਅਸੀਂ ਸਮਝ ਜਾਂਦੇ ਹਾਂ ਕਿ ਯਹੋਵਾਹ ਧੀਰਜ ਕਿਉਂ ਕਰਦਾ ਹੈ, ਤਾਂ ਅਸੀਂ ਕਦੀ ਨਾ ਕਹਾਂਗੇ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਵਿਚ ਢਿੱਲ-ਮੱਠ ਕਰ ਰਿਹਾ ਹੈ, ਸਗੋਂ ਧੀਰਜ ਰੱਖਦੇ ਹੋਏ ਆਪਣੀ ਮੁਕਤੀ ਦੀ ਉਡੀਕ ਕਰਾਂਗੇ। (ਵਿਰਲਾਪ 3:26) ਭਾਵੇਂ ਅਸੀਂ ਪਰਮੇਸ਼ੁਰ ਦੇ ਰਾਜ ਦੇ ਛੇਤੀ ਆਉਣ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ, ਪਰ ਸਾਨੂੰ ਪੱਕਾ ਯਕੀਨ ਹੋਵੇਗਾ ਕਿ ਯਹੋਵਾਹ ਸਹੀ ਵਕਤ ਤੇ ਸਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ। ਯਹੋਵਾਹ ਵਾਂਗ ਅਸੀਂ ਵੀ ਧੀਰਜਵਾਨ ਬਣਨਾ ਚਾਹਾਂਗੇ। ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਅਤੇ ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਨਾਲ ਧੀਰਜ ਰੱਖਾਂਗੇ। ਯਹੋਵਾਹ ਵਾਂਗ ਅਸੀਂ ਵੀ ਇਹੋ ਚਾਹੁੰਦੇ ਹਾਂ ਕਿ ਲੋਕ ਨਾਸ਼ ਨਾ ਹੋਣ, ਸਗੋਂ ਤੋਬਾ ਕਰ ਕੇ ਸਦਾ ਦੀ ਜ਼ਿੰਦਗੀ ਪਾਉਣ।—1 ਤਿਮੋਥਿਉਸ 2:3, 4.
ਨਬੀਆਂ ਦੇ ਧੀਰਜ ਉੱਤੇ ਗੌਰ ਕਰੋ
12, 13. ਯਾਕੂਬ 5:10 ਧਿਆਨ ਵਿਚ ਰੱਖਦੇ ਹੋਏ ਯਸਾਯਾਹ ਨਬੀ ਨੇ ਧੀਰਜ ਕਿਵੇਂ ਰੱਖਿਆ ਸੀ?
12 ਯਹੋਵਾਹ ਦੇ ਧੀਰਜ ਬਾਰੇ ਸਿੱਖ ਕੇ ਅਸੀਂ ਸਮਝ ਸਕਦੇ ਹਾਂ ਕਿ ਇਹ ਗੁਣ ਪੈਦਾ ਕਰਨਾ ਕਿਉਂ ਜ਼ਰੂਰੀ ਹੈ। ਭਾਵੇਂ ਪਾਪੀ ਇਨਸਾਨਾਂ ਲਈ ਆਪਣੇ ਅੰਦਰ ਧੀਰਜ ਪੈਦਾ ਕਰਨਾ ਸੌਖਾ ਨਹੀਂ ਹੈ, ਪਰ ਇਹ ਸਾਡੀ ਹੱਦੋਂ ਬਾਹਰ ਵੀ ਨਹੀਂ ਹੈ। ਅਸੀਂ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕਾਂ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਜਿਨ੍ਹਾਂ ਬਾਰੇ ਯਾਕੂਬ ਨੇ ਲਿਖਿਆ ਸੀ: “ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ।” (ਯਾਕੂਬ 5:10) ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਜਿਨ੍ਹਾਂ ਮੁਸ਼ਕਲਾਂ ਵਿੱਚੋਂ ਅਸੀਂ ਲੰਘ ਰਹੇ ਹਾਂ, ਪਹਿਲਾਂ ਵੀ ਕਈ ਹੋਰਨਾਂ ਨੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕੀਤਾ ਹੈ।
13 ਯਸਾਯਾਹ ਨਬੀ ਦੀ ਉਦਾਹਰਣ ਲੈ ਲਓ। ਯਹੋਵਾਹ ਦਾ ਕੰਮ ਪੂਰਾ ਕਰਨ ਲਈ ਉਸ ਨੂੰ ਧੀਰਜ ਦੀ ਜ਼ਰੂਰਤ ਸੀ। ਯਹੋਵਾਹ ਨੇ ਯਸਾਯਾਹ ਨੂੰ ਕਿਹਾ: “ਜਾਹ ਤੇ ਇਸ ਪਰਜਾ ਨੂੰ ਆਖ,—ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਤੇ ਵੇਖਦੇ ਰਹੋ ਪਰ ਬੁੱਝੋ ਨਾ, ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ, ਅਤੇ ਏਸ ਦੀਆਂ ਅੱਖਾਂ ਬੰਦ ਕਰ, ਮਤੇ ਓਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਤੇ ਚੰਗੇ ਹੋ ਜਾਣ।” (ਯਸਾਯਾਹ 6:9, 10) ਭਾਵੇਂ ਲੋਕਾਂ ਨੇ ਯਸਾਯਾਹ ਦੀ ਇਕ ਨਾ ਸੁਣੀ, ਫਿਰ ਵੀ ਉਸ ਨੇ ਘੱਟੋ-ਘੱਟ 46 ਸਾਲਾਂ ਤਕ ਧੀਰਜ ਨਾਲ ਯਹੋਵਾਹ ਦੇ ਸੰਦੇਸ਼ ਦਾ ਐਲਾਨ ਕੀਤਾ! ਇਸੇ ਤਰ੍ਹਾਂ ਅੱਜ ਅਸੀਂ ਵੀ ਧੀਰਜ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਭਾਵੇਂ ਲੋਕ ਸੁਣਨ ਜਾਂ ਨਾ।
14, 15. ਯਿਰਮਿਯਾਹ ਨੂੰ ਜ਼ੁਲਮ ਅਤੇ ਨਿਰਾਸ਼ਾ ਸਹਿਣ ਦੀ ਤਾਕਤ ਕਿਵੇਂ ਮਿਲੀ ਸੀ?
14 ਲੋਕਾਂ ਨੇ ਨਬੀਆਂ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਸਤਾਇਆ ਵੀ। ਮਿਸਾਲ ਲਈ, ਲੋਕਾਂ ਨੇ ਯਿਰਮਿਯਾਹ ਦੇ ਹੱਥ-ਪੈਰ ਕਾਠ ਦੇ ਸ਼ਿਕੰਜੇ ਵਿਚ ਜਕੜ ਦਿੱਤੇ, ਉਸ ਨੂੰ “ਕੈਦ ਵਿੱਚ ਪਾ ਦਿੱਤਾ” ਤੇ ਇਕ ਵਾਰ ਤਾਂ ਉਸ ਨੂੰ ਡੂੰਘੇ ਟੋਏ ਵਿਚ ਵੀ ਸੁੱਟ ਦਿੱਤਾ ਸੀ। (ਯਿਰਮਿਯਾਹ 20:2; 37:15; 38:6) ਜਿਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਸਤਾਇਆ ਸੀ, ਉਹ ਉਹੀ ਲੋਕ ਸਨ ਜਿਨ੍ਹਾਂ ਦੀ ਯਿਰਮਿਯਾਹ ਮਦਦ ਕਰਨੀ ਚਾਹੁੰਦਾ ਸੀ। ਇਸ ਦੇ ਬਾਵਜੂਦ ਯਿਰਮਿਯਾਹ ਦੇ ਦਿਲ ਵਿਚ ਲੋਕਾਂ ਲਈ ਨਫ਼ਰਤ ਪੈਦਾ ਨਹੀਂ ਹੋਈ ਤੇ ਨਾ ਹੀ ਉਸ ਨੇ ਉਨ੍ਹਾਂ ਤੋਂ ਬਦਲਾ ਲੈਣ ਦੀ ਸੋਚੀ। ਕਈ ਸਾਲਾਂ ਤਕ ਉਹ ਧੀਰਜ ਨਾਲ ਇਹ ਸਭ ਕੁਝ ਸਹਿੰਦਾ ਰਿਹਾ।
15 ਲੋਕਾਂ ਦੇ ਜ਼ੁਲਮ ਅਤੇ ਟਿੱਚਰਾਂ ਯਿਰਮਿਯਾਹ ਨੂੰ ਚੁੱਪ ਨਹੀਂ ਕਰਾ ਸਕੀਆਂ ਤੇ ਨਾ ਹੀ ਇਹ ਅੱਜ ਸਾਨੂੰ ਚੁੱਪ ਕਰਾ ਸਕਦੀਆਂ ਹਨ। ਇਹ ਸੱਚ ਹੈ ਕਿ ਕਈ ਵਾਰ ਨਿਰਾਸ਼ਾ ਸਾਨੂੰ ਘੇਰ ਲੈਂਦੀ ਹੈ। ਪਰ ਯਾਦ ਰੱਖੋ ਕਿ ਯਿਰਮਿਯਾਹ ਵੀ ਨਿਰਾਸ਼ ਹੋਇਆ ਸੀ। ਉਸ ਨੇ ਕਿਹਾ: “ਯਹੋਵਾਹ ਦਾ ਬਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮੇਹਣਾ ਅਤੇ ਠੱਠਾ ਬਣ ਗਿਆ ਹੈ। . . . ਮੈਂ ਉਹ ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।” ਪਰ ਕੀ ਯਿਰਮਿਯਾਹ ਨੇ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ? ਉਸ ਨੇ ਅੱਗੇ ਕਿਹਾ ਕਿ ਪਰਮੇਸ਼ੁਰ ਦਾ ਬਚਨ “ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸੱਕਦਾ!” (ਯਿਰਮਿਯਾਹ 20:8, 9) ਧਿਆਨ ਦਿਓ ਕਿ ਜਦ ਯਿਰਮਿਯਾਹ ਨੇ ਲੋਕਾਂ ਦੀਆਂ ਟਿੱਚਰਾਂ ਵੱਲ ਬਹੁਤਾ ਧਿਆਨ ਦਿੱਤਾ, ਤਾਂ ਉਹ ਨਿਰਾਸ਼ ਹੋ ਗਿਆ। ਪਰ ਜਦ ਉਸ ਨੇ ਯਹੋਵਾਹ ਦੇ ਸੰਦੇਸ਼ ਦੀ ਅਹਿਮੀਅਤ ਉੱਤੇ ਗੌਰ ਕੀਤਾ, ਤਾਂ ਉਹ ਖ਼ੁਸ਼ ਹੋ ਉੱਠਿਆ। ਇਸ ਤੋਂ ਇਲਾਵਾ ਯਹੋਵਾਹ ਹਰ ਕਦਮ ਤੇ “ਇੱਕ ਡਰਾਉਣੇ ਜੋਧੇ ਵਾਂਙੁ” ਯਿਰਮਿਯਾਹ ਦੇ ਨਾਲ ਸੀ। ਯਹੋਵਾਹ ਨੇ ਉਸ ਨੂੰ ਹਿੰਮਤ ਅਤੇ ਜੋਸ਼ ਨਾਲ ਆਪਣੇ ਬਚਨ ਦਾ ਪ੍ਰਚਾਰ ਕਰਨ ਦੀ ਤਾਕਤ ਦਿੱਤੀ।—ਯਿਰਮਿਯਾਹ 20:11.
16. ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹਾਂ?
16 ਕੀ ਯਿਰਮਿਯਾਹ ਨੇ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਪਾਈ ਸੀ? ਜੀ ਹਾਂ! ਉਸ ਨੇ ਯਹੋਵਾਹ ਨੂੰ ਕਿਹਾ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ।” (ਯਿਰਮਿਯਾਹ 15:16) ਸੱਚੇ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਰੇ ਪ੍ਰਚਾਰ ਕਰਨ ਦਾ ਸਨਮਾਨ ਪਾ ਕੇ ਯਿਰਮਿਯਾਹ ਬਹੁਤ ਖ਼ੁਸ਼ ਹੋਇਆ। ਉਸ ਵਾਂਗ ਅਸੀਂ ਵੀ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਪਾ ਸਕਦੇ ਹਾਂ। ਇਸ ਦੇ ਨਾਲ-ਨਾਲ ਦੂਤਾਂ ਵਾਂਗ ਸਾਨੂੰ ਵੀ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦ ਲੋਕ ਯਹੋਵਾਹ ਦੇ ਸੰਦੇਸ਼ ਨੂੰ ਸੁਣਦੇ, ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰਦੇ ਅਤੇ ਜ਼ਿੰਦਗੀ ਦੇ ਰਾਹ ਉੱਤੇ ਚੱਲਣਾ ਸ਼ੁਰੂ ਕਰਦੇ ਹਨ।—ਲੂਕਾ 15:10.
“ਅੱਯੂਬ ਦਾ ਸਬਰ”
17, 18. ਅੱਯੂਬ ਨੇ ਸਬਰ ਕਿਵੇਂ ਕੀਤਾ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?
17 ਨਬੀਆਂ ਬਾਰੇ ਗੱਲ ਕਰਨ ਤੋਂ ਬਾਅਦ ਯਾਕੂਬ ਨੇ ਲਿਖਿਆ: “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਇਸ ਆਇਤ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸਬਰ” ਕੀਤਾ ਗਿਆ ਹੈ ਉਹ ਪਿੱਛਲੀ ਆਇਤ ਵਿਚ ਵਰਤੇ ਗਏ “ਧੀਰਜ” ਸ਼ਬਦ ਨਾਲ ਮਿਲਦਾ-ਜੁਲਦਾ ਹੈ। ਇਨ੍ਹਾਂ ਦੋ ਸ਼ਬਦਾਂ ਵਿਚ ਫ਼ਰਕ ਦਿਖਾਉਂਦੇ ਹੋਏ ਇਕ ਵਿਦਵਾਨ ਨੇ ਕਿਹਾ: “ਅਸੀਂ ਉਦੋਂ ਧੀਰਜ ਰੱਖਦੇ ਹਾਂ ਜਦੋਂ ਅਸੀਂ ਦੂਸਰਿਆਂ ਦੀ ਬਦਸਲੂਕੀ ਨੂੰ ਚੁੱਪ-ਚਾਪ ਸਹਾਰ ਲੈਂਦੇ ਹਾਂ। ਪਰ ਸਬਰ ਵਾਲਾ ਵਿਅਕਤੀ ਉਹ ਹੁੰਦਾ ਹੈ ਜੋ ਦੁੱਖਾਂ ਦੇ ਬਾਵਜੂਦ ਹਿੰਮਤ ਨਾਲ ਆਪਣੇ ਕੰਮ ਵਿਚ ਡੱਟਿਆ ਰਹਿੰਦਾ ਹੈ।”
18 ਅੱਯੂਬ ਨੂੰ ਬਹੁਤ ਦੁੱਖ ਸਹਿਣੇ ਪਏ। ਉਸ ਨੂੰ ਮਾਲੀ ਨੁਕਸਾਨ, ਬੱਚਿਆਂ ਦੀ ਮੌਤ ਅਤੇ ਭਿਆਨਕ ਬੀਮਾਰੀ ਦਾ ਦੁੱਖ ਸਹਿਣਾ ਪਿਆ। ਉਸ ਉੱਤੇ ਝੂਠਾ ਦੋਸ਼ ਵੀ ਲਾਇਆ ਗਿਆ ਕਿ ਉਸ ਦੇ ਪਾਪਾਂ ਕਰਕੇ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ। ਅੱਯੂਬ ਚੁੱਪ-ਚਾਪ ਨਹੀਂ ਬੈਠਾ ਰਿਹਾ। ਉਸ ਨੇ ਤਾਂ ਆਪਣੀ ਹਾਲਤ ਉੱਤੇ ਦੁਹਾਈ ਦਿੰਦੇ ਹੋਏ ਆਪਣੇ ਆਪ ਨੂੰ ਪਰਮੇਸ਼ੁਰ ਨਾਲੋਂ ਵੀ ਜ਼ਿਆਦਾ ਧਰਮੀ ਠਹਿਰਾਇਆ। (ਅੱਯੂਬ 35:2) ਪਰ ਇਸ ਦੇ ਬਾਵਜੂਦ ਉਸ ਦਾ ਭਰੋਸਾ ਪਰਮੇਸ਼ੁਰ ਤੋਂ ਨਹੀਂ ਉੱਠਿਆ ਤੇ ਨਾ ਹੀ ਉਸ ਨੇ ਪਰਮੇਸ਼ੁਰ ਤੋਂ ਮੂੰਹ ਮੋੜਿਆ। ਉਸ ਨੇ ਪਰਮੇਸ਼ੁਰ ਨੂੰ ਨਹੀਂ ਫਿਟਕਾਰਿਆ ਜਿਵੇਂ ਸ਼ਤਾਨ ਨੇ ਕਿਹਾ ਸੀ ਕਿ ਉਹ ਫਿਟਕਾਰੇਗਾ। (ਅੱਯੂਬ 1:11, 21) ਇਸ ਦਾ ਨਤੀਜਾ ਕੀ ਨਿਕਲਿਆ? “ਯਹੋਵਾਹ ਨੇ ਅੱਯੂਬ ਦੀ ਆਖ਼ਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ।” (ਅੱਯੂਬ 42:12) ਇਕ ਵਾਰ ਫਿਰ ਅੱਯੂਬ ਤੰਦਰੁਸਤ ਹੋ ਗਿਆ, ਉਸ ਦੀ ਧਨ-ਦੌਲਤ ਦੁਗਣੀ ਹੋ ਗਈ ਤੇ ਉਹ ਆਪਣੇ ਪਰਿਵਾਰ ਨਾਲ ਰਾਜ਼ੀ-ਖ਼ੁਸ਼ੀ ਰਹਿਣ ਲੱਗ ਪਿਆ। ਅੱਯੂਬ ਦੀ ਵਫ਼ਾਦਾਰੀ ਤੇ ਸਬਰ ਕਰਕੇ ਉਹ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਿਆ।
19. ਅਸੀਂ ਅੱਯੂਬ ਦੇ ਸਬਰ ਤੋਂ ਕੀ ਸਿੱਖਦੇ ਹਾਂ?
19 ਅਸੀਂ ਅੱਯੂਬ ਦੇ ਸਬਰ ਤੋਂ ਕੀ ਸਿੱਖਦੇ ਹਾਂ? ਅੱਯੂਬ ਵਾਂਗ ਸਾਨੂੰ ਵੀ ਸ਼ਾਇਦ ਬੀਮਾਰੀ ਜਾਂ ਹੋਰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇ। ਸ਼ਾਇਦ ਅਸੀਂ ਵੀ ਇਹ ਨਾ ਸਮਝ ਸਕੀਏ ਕਿ ਯਹੋਵਾਹ ਨੇ ਸਾਡੇ ਉੱਤੇ ਮੁਸ਼ਕਲ ਕਿਉਂ ਆਉਣ ਦਿੱਤੀ। ਪਰ ਫਿਰ ਵੀ ਇਕ ਗੱਲ ਦਾ ਸਾਨੂੰ ਪੱਕਾ ਵਿਸ਼ਵਾਸ ਹੈ ਕਿ ਜੇ ਅਸੀਂ ਵਫ਼ਾਦਾਰ ਰਹੀਏ, ਤਾਂ ਉਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ। ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਤੇ ਬਰਕਤਾਂ ਵਰਸਾਉਂਦਾ ਹੈ। (ਇਬਰਾਨੀਆਂ 11:6) ਯਿਸੂ ਨੇ ਕਿਹਾ ਸੀ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮੱਤੀ 10:22; 24:13.
ਯਹੋਵਾਹ ਦਾ ਦਿਨ ਜ਼ਰੂਰ ਆਵੇਗਾ
20. ਅਸੀਂ ਪੱਕੇ ਵਿਸ਼ਵਾਸ ਨਾਲ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਦਿਨ ਆਵੇਗਾ?
20 ਭਾਵੇਂ ਯਹੋਵਾਹ ਧੀਰਜਵਾਨ ਹੈ, ਪਰ ਉਹ ਨਿਆਂ ਦਾ ਪਰਮੇਸ਼ੁਰ ਵੀ ਹੈ, ਇਸ ਲਈ ਉਹ ਹਮੇਸ਼ਾ ਦੁਸ਼ਟਤਾ ਨੂੰ ਬਰਦਾਸ਼ਤ ਨਹੀਂ ਕਰਦਾ ਰਹੇਗਾ। ਉਸ ਦੇ ਧੀਰਜ ਦੀ ਵੀ ਇਕ ਹੱਦ ਹੈ। ਪਤਰਸ ਨੇ ਲਿਖਿਆ ਕਿ ‘ਪਰਮੇਸ਼ੁਰ ਨੇ ਪੁਰਾਣੇ ਸੰਸਾਰ ਨੂੰ ਨਹੀਂ ਛੱਡਿਆ।’ ਨੂਹ ਦੇ ਦਿਨਾਂ ਵਿਚ ਯਹੋਵਾਹ ਨੇ ਜਲ-ਪਰਲੋ ਲਿਆ ਕੇ ਸਾਰੇ ਸੰਸਾਰ ਨੂੰ ਤਬਾਹ ਕਰ ਦਿੱਤਾ, ਪਰ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾ ਲਿਆ। ਇਸੇ ਤਰ੍ਹਾਂ ਯਹੋਵਾਹ ਨੇ ਸਦੂਮ ਤੇ ਅਮੂਰਾਹ ਨੂੰ ਸਜ਼ਾ ਦਿੱਤੀ ਤੇ ਉਹ ਸ਼ਹਿਰ ਰਾਖ ਕਰ ਦਿੱਤੇ। ਇਨ੍ਹਾਂ ਵਿਨਾਸ਼ਾਂ ਨੇ “ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ ਹੈ।” ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਦਾ ਦਿਨ ਜ਼ਰੂਰ ਆਵੇਗਾ।—2 ਪਤਰਸ 2:5, 6; 3:10.
21. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਧੀਰਜਵਾਨ ਅਤੇ ਸਬਰ ਵਾਲੇ ਇਨਸਾਨ ਹਾਂ ਅਤੇ ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
21 ਆਓ ਆਪਾਂ ਯਹੋਵਾਹ ਵਾਂਗ ਧੀਰਜਵਾਨ ਬਣ ਕੇ ਲੋਕਾਂ ਦੀ ਤੋਬਾ ਕਰਨ ਵਿਚ ਮਦਦ ਕਰਦੇ ਰਹੀਏ ਤਾਂਕਿ ਉਹ ਵੀ ਆਉਣ ਵਾਲੇ ਨਾਸ਼ ਵਿੱਚੋਂ ਬਚ ਸਕਣ। ਆਓ ਆਪਾਂ ਨਬੀਆਂ ਦੀ ਵੀ ਰੀਸ ਕਰ ਕੇ ਧੀਰਜ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ, ਚਾਹੇ ਲੋਕ ਸੁਣਨ ਜਾਂ ਨਾ। ਜੇ ਅਸੀਂ ਅੱਯੂਬ ਦੀ ਤਰ੍ਹਾਂ ਦੁੱਖ ਸਹਿੰਦੇ ਹੋਏ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। ਆਓ ਆਪਾਂ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਰਹੀਏ ਕਿਉਂਕਿ ਯਹੋਵਾਹ ਆਪਣੇ ਸੇਵਕਾਂ ਦੀ ਮਿਹਨਤ ਉੱਤੇ ਬਰਕਤਾਂ ਪਾ ਰਿਹਾ ਹੈ। ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਸੰਸਾਰ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਨੇ ਕਿਵੇਂ ਬਰਕਤ ਪਾਈ ਹੈ।
ਕੀ ਤੁਹਾਨੂੰ ਯਾਦ ਹੈ?
• ਯਹੋਵਾਹ ਨੇ ਹੁਣ ਤਕ ਧੀਰਜ ਕਿਉਂ ਰੱਖਿਆ ਹੈ?
• ਅਸੀਂ ਨਬੀਆਂ ਦੇ ਧੀਰਜ ਤੋਂ ਕੀ ਸਿੱਖਦੇ ਹਾਂ?
• ਅੱਯੂਬ ਨੇ ਸਬਰ ਕਿਵੇਂ ਕੀਤਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ?
• ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਦੇ ਧੀਰਜ ਦੀ ਵੀ ਇਕ ਹੱਦ ਹੈ?
[ਸਫ਼ਾ 18 ਉੱਤੇ ਤਸਵੀਰ]
ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਧੀਰਜਵਾਨ ਸੀ
[ਸਫ਼ਾ 20 ਉੱਤੇ ਤਸਵੀਰਾਂ]
ਯਿਰਮਿਯਾਹ ਦੇ ਧੀਰਜ ਕਰਕੇ ਯਹੋਵਾਹ ਨੇ ਉਸ ਨੂੰ ਕਿਹੜੀ ਬਰਕਤ ਦਿੱਤੀ?
[ਸਫ਼ਾ 21 ਉੱਤੇ ਤਸਵੀਰਾਂ]
ਅੱਯੂਬ ਦੇ ਸਬਰ ਕਰਕੇ ਯਹੋਵਾਹ ਨੇ ਉਸ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?