ਪਾਠਕਾਂ ਵੱਲੋਂ ਸਵਾਲ
ਹਾਲਾਂਕਿ ਯਹੋਵਾਹ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਫਿਰ ਮਸੀਹੀਆਂ ਲਈ ਇਹ ਕਿਉਂ ਜ਼ਰੂਰੀ ਹੈ ਕਿ ਉਹ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾ ਕੇ ਆਪਣੇ ਪਾਪਾਂ ਦਾ ਇਕਬਾਲ ਕਰਨ?
ਦਾਊਦ ਤੇ ਬਥ-ਸ਼ਬਾ ਦੇ ਮਾਮਲੇ ਤੋਂ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਨੇ ਦਾਊਦ ਦੇ ਪਾਪ ਨੂੰ ਮਾਫ਼ ਕਰ ਦਿੱਤਾ ਸੀ। ਭਾਵੇਂ ਕਿ ਦਾਊਦ ਦਾ ਪਾਪ ਗੰਭੀਰ ਸੀ, ਪਰ ਉਸ ਨੇ ਸੱਚੇ ਦਿਲੋਂ ਪਛਤਾਵਾ ਕੀਤਾ ਸੀ। ਜਦੋਂ ਨਾਥਾਨ ਨਬੀ ਦਾਊਦ ਕੋਲ ਪਹੁੰਚਿਆ, ਤਾਂ ਦਾਊਦ ਨੇ ਸਾਫ਼-ਸਾਫ਼ ਆਪਣੇ ਪਾਪਾਂ ਦਾ ਇਕਬਾਲ ਕੀਤਾ: “ਮੈਂ ਯਹੋਵਾਹ ਦਾ ਪਾਪ ਕੀਤਾ।”—2 ਸਮੂਏਲ 12:13.
ਯਹੋਵਾਹ ਪਾਪੀ ਦੀ ਦਿਲੋਂ ਕੀਤੀ ਗਈ ਤੋਬਾ ਨੂੰ ਕਬੂਲ ਕਰ ਕੇ ਉਸ ਨੂੰ ਸਿਰਫ਼ ਮਾਫ਼ ਹੀ ਨਹੀਂ ਕਰਦਾ ਹੈ, ਸਗੋਂ ਉਹ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਮਦਦ ਕਰਨ ਵਾਸਤੇ ਪ੍ਰੇਮਮਈ ਪ੍ਰਬੰਧ ਵੀ ਕਰਦਾ ਹੈ ਤਾਂਕਿ ਉਹ ਅਧਿਆਤਮਿਕ ਤੌਰ ਤੇ ਮੁੜ ਤਰੱਕੀ ਕਰ ਸਕੇ। ਦਾਊਦ ਦੀ ਮਦਦ ਨਾਥਾਨ ਨਬੀ ਦੁਆਰਾ ਕੀਤੀ ਗਈ ਸੀ। ਅੱਜ ਮਸੀਹੀ ਕਲੀਸਿਯਾ ਵਿਚ ਅਧਿਆਤਮਿਕ ਤੌਰ ਤੇ ਸਿਆਣੇ ਆਦਮੀ ਜਾਂ ਬਜ਼ੁਰਗ ਨਿਯੁਕਤ ਕੀਤੇ ਗਏ ਹਨ। ਚੇਲੇ ਯਾਕੂਬ ਨੇ ਕਿਹਾ: “ਕੀ ਤੁਹਾਡੇ ਵਿੱਚ ਕੋਈ [ਅਧਿਆਤਮਿਕ ਤੌਰ ਤੇ] ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।”—ਯਾਕੂਬ 5:14, 15.
ਤਜਰਬੇਕਾਰ ਬਜ਼ੁਰਗ, ਪਸ਼ਚਾਤਾਪੀ ਪਾਪੀ ਦੇ ਦਿਲ ਦੇ ਦਰਦ ਨੂੰ ਹੌਲਾ ਕਰਨ ਵਿਚ ਕਾਫ਼ੀ ਕੁਝ ਕਰ ਸਕਦੇ ਹਨ। ਉਹ ਉਸ ਨਾਲ ਪੇਸ਼ ਆਉਣ ਵੇਲੇ ਯਹੋਵਾਹ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਦੇ ਵੀ ਸਖ਼ਤੀ ਨਾਲ ਪੇਸ਼ ਨਹੀਂ ਆਉਣਗੇ, ਭਾਵੇਂ ਸਖ਼ਤ ਤਾੜਨਾ ਹੀ ਕਿਉਂ ਨਾ ਦੇਣੀ ਪਵੇ। ਇਸ ਦੀ ਬਜਾਇ, ਉਹ ਦਇਆ ਨਾਲ ਉਸ ਭੈਣ ਜਾਂ ਭਰਾ ਦੀਆਂ ਫ਼ੌਰੀ ਲੋੜਾਂ ਤੇ ਗੌਰ ਕਰਨਗੇ। ਉਹ ਧੀਰਜ ਨਾਲ ਪਰਮੇਸ਼ੁਰ ਦੇ ਬਚਨ ਨੂੰ ਵਰਤਣ ਦੁਆਰਾ ਉਸ ਗ਼ਲਤੀ ਕਰਨ ਵਾਲੇ ਭੈਣ ਜਾਂ ਭਰਾ ਦੀ ਸੋਚਣੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। (ਗਲਾਤੀਆਂ 6:1) ਇੱਥੋਂ ਤਕ ਕਿ ਜੇ ਇਕ ਭੈਣ ਜਾਂ ਭਰਾ ਆਪਣੇ ਪਾਪ ਦਾ ਇਕਬਾਲ ਕਰਨ ਵਿਚ ਪਹਿਲ ਨਹੀਂ ਕਰਦਾ ਹੈ, ਤਾਂ ਵੀ ਹੋ ਸਕਦਾ ਹੈ ਕਿ ਬਜ਼ੁਰਗ ਉਸ ਨੂੰ ਆਪਣੇ ਪਾਪਾਂ ਦੀ ਤੋਬਾ ਕਰਨ ਵਿਚ ਮਦਦ ਦੇ ਸਕਣ, ਜਿਵੇਂ ਦਾਊਦ ਨੇ ਵੀ ਆਪਣਾ ਪਾਪ ਉਦੋਂ ਕਬੂਲ ਕੀਤਾ ਸੀ ਜਦੋਂ ਨਾਥਾਨ ਨਬੀ ਨੇ ਉਸ ਨਾਲ ਗੱਲ ਕੀਤੀ ਸੀ। ਇਸ ਤਰ੍ਹਾਂ, ਬਜ਼ੁਰਗਾਂ ਦੁਆਰਾ ਦਿੱਤੀ ਮਦਦ, ਗ਼ਲਤੀ ਕਰਨ ਵਾਲੇ ਭੈਣ ਜਾਂ ਭਰਾ ਨੂੰ ਆਪਣੇ ਪਾਪ ਨੂੰ ਨਾ ਦੁਹਰਾਉਣ ਅਤੇ ਪੱਕਾ ਪਾਪੀ ਬਣਨ ਦੇ ਗੰਭੀਰ ਨਤੀਜਿਆਂ ਤੋਂ ਬਚਣ ਵਿਚ ਮਦਦ ਕਰਦੀ ਹੈ।—ਇਬਰਾਨੀਆਂ 10:26-31.
ਇਹ ਸੱਚ ਹੈ ਕਿ ਇਕ ਭੈਣ ਜਾਂ ਭਰਾ ਜਿਨ੍ਹਾਂ ਕੰਮਾਂ ਕਰਕੇ ਆਪਣੇ ਆਪ ਨੂੰ ਬਹੁਤ ਸ਼ਰਮਿੰਦਾ ਮਹਿਸੂਸ ਕਰਦਾ ਹੈ, ਉਨ੍ਹਾਂ ਕੰਮਾਂ ਬਾਰੇ ਦੂਜਿਆਂ ਨੂੰ ਦੱਸਣਾ ਤੇ ਉਨ੍ਹਾਂ ਦੀ ਮਾਫ਼ੀ ਮੰਗਣੀ ਉਸ ਲਈ ਆਸਾਨ ਨਹੀਂ ਹੁੰਦੀ। ਇਸ ਦੇ ਲਈ ਅੰਦਰੋਂ ਹਿੰਮਤ ਜੁਟਾਉਣ ਦੀ ਲੋੜ ਪੈਂਦੀ ਹੈ। ਪਰ ਇਸ ਤਰ੍ਹਾਂ ਨਾ ਕਰਨ ਦੇ ਸਿੱਟਿਆਂ ਉੱਤੇ ਜ਼ਰਾ ਇਕ ਪਲ ਲਈ ਗੌਰ ਕਰੋ। ਇਕ ਆਦਮੀ ਨੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਆਪਣੇ ਗੰਭੀਰ ਪਾਪ ਬਾਰੇ ਨਹੀਂ ਦੱਸਿਆ ਸੀ। ਉਹ ਕਹਿੰਦਾ ਹੈ: “ਮੇਰੀ ਜ਼ਮੀਰ ਹਰ ਵੇਲੇ ਮੈਨੂੰ ਫਿਟਕਾਰਦੀ ਰਹਿੰਦੀ ਸੀ। ਭਾਵੇਂ ਕਿ ਮੈਂ ਪ੍ਰਚਾਰ ਕੰਮ ਵਿਚ ਹੋਰ ਜ਼ਿਆਦਾ ਘੰਟੇ ਬਿਤਾਉਣ ਲੱਗ ਪਿਆ, ਪਰ ਮੇਰੇ ਦਿਲ ਵਿੱਚੋਂ ਦੋਸ਼ੀ ਭਾਵਨਾਵਾਂ ਨਹੀਂ ਜਾਂਦੀਆਂ ਸਨ।” ਉਸ ਨੇ ਮਹਿਸੂਸ ਕੀਤਾ ਕਿ ਪ੍ਰਾਰਥਨਾ ਵਿਚ ਪਰਮੇਸ਼ੁਰ ਕੋਲੋਂ ਪਾਪਾਂ ਦੀ ਮਾਫ਼ੀ ਮੰਗਣੀ ਕਾਫ਼ੀ ਹੈ, ਪਰ ਜ਼ਾਹਰ ਹੈ ਕਿ ਐਨਾ ਕਾਫ਼ੀ ਨਹੀਂ ਸੀ ਕਿਉਂਕਿ ਉਹ ਵੀ ਰਾਜਾ ਦਾਊਦ ਵਾਂਗ ਦੁਖੀ ਮਹਿਸੂਸ ਕਰਦਾ ਰਿਹਾ। (ਜ਼ਬੂਰ 51:8, 11) ਇਸ ਲਈ ਉਸ ਪ੍ਰੇਮ ਭਰੀ ਮਦਦ ਨੂੰ ਸਵੀਕਾਰ ਕਰਨਾ ਕਿੰਨਾ ਬਿਹਤਰ ਹੈ ਜਿਹੜੀ ਯਹੋਵਾਹ ਬਜ਼ੁਰਗਾਂ ਦੁਆਰਾ ਮੁਹੱਈਆ ਕਰਦਾ ਹੈ!