ਤੀਹਵਾਂ ਅਧਿਆਇ
“ਪ੍ਰੇਮ ਨਾਲ ਚੱਲੋ”
1-3. ਜਦ ਅਸੀਂ ਪਿਆਰ ਕਰਨ ਵਿਚ ਯਹੋਵਾਹ ਦੀ ਨਕਲ ਕਰਦੇ ਹਾਂ, ਤਾਂ ਨਤੀਜਾ ਕੀ ਨਿਕਲਦਾ ਹੈ?
“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਯਿਸੂ ਦੇ ਇਹ ਸ਼ਬਦ ਇਸ ਜ਼ਰੂਰੀ ਸੱਚਾਈ ਉੱਤੇ ਜ਼ੋਰ ਦਿੰਦੇ ਹਨ ਕਿ ਪਿਆਰ ਤੋਂ ਲਾਭ ਹੁੰਦੇ ਹਨ। ਭਾਵੇਂ ਪਿਆਰ ਪਾਉਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਕਿਸੇ ਨਾਲ ਪਿਆਰ ਕਰਨ ਤੋਂ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ।
2 ਸਾਡੇ ਸਵਰਗੀ ਪਿਤਾ ਤੋਂ ਜ਼ਿਆਦਾ ਹੋਰ ਕੋਈ ਇਸ ਅਸਲੀਅਤ ਬਾਰੇ ਨਹੀਂ ਜਾਣਦਾ। ਇਸ ਕਿਤਾਬ ਦੇ ਇਸ ਹਿੱਸੇ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਪਿਆਰ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਉਸ ਤੋਂ ਜ਼ਿਆਦਾ ਸਮੇਂ ਲਈ ਜਾਂ ਜ਼ਿਆਦਾ ਤਰੀਕਿਆਂ ਨਾਲ ਹੋਰ ਕਿਸੇ ਨੇ ਪਿਆਰ ਨਹੀਂ ਕੀਤਾ। ਇਸੇ ਕਰਕੇ ਬਾਈਬਲ ਵਿਚ ਉਸ ਨੂੰ “ਪਰਮਧੰਨ” ਜਾਂ ਖ਼ੁਸ਼ਦਿਲ ਪਰਮੇਸ਼ੁਰ ਸੱਦਿਆ ਗਿਆ ਹੈ।—1 ਤਿਮੋਥਿਉਸ 1:11.
3 ਸਾਡਾ ਪਿਆਰਾ ਪਿਤਾ ਚਾਹੁੰਦਾ ਹੈ ਕਿ ਅਸੀਂ ਖ਼ਾਸ ਕਰਕੇ ਪਿਆਰ ਕਰਨ ਦੇ ਮਾਮਲੇ ਵਿਚ ਉਸ ਵਰਗੇ ਬਣੀਏ। ਅਫ਼ਸੀਆਂ 5:1, 2 ਵਿਚ ਸਾਨੂੰ ਦੱਸਿਆ ਗਿਆ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ। ਅਤੇ ਪ੍ਰੇਮ ਨਾਲ ਚੱਲੋ।” ਜਦ ਅਸੀਂ ਪਿਆਰ ਕਰਨ ਵਿਚ ਯਹੋਵਾਹ ਦੀ ਨਕਲ ਕਰਦੇ ਹਾਂ, ਤਾਂ ਸਾਨੂੰ ਉਹ ਖ਼ੁਸ਼ੀ ਹਾਸਲ ਹੁੰਦੀ ਹੈ ਜੋ ਦੇਣ ਨਾਲ ਮਿਲਦੀ ਹੈ। ਇਹ ਜਾਣ ਕੇ ਵੀ ਸਾਨੂੰ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਸੰਨ ਕਰ ਰਹੇ ਹਾਂ ਕਿਉਂਕਿ ਉਸ ਦੇ ਬਚਨ ਵਿਚ ਸਾਨੂੰ ਕਿਹਾ ਗਿਆ ਹੈ ਕਿ ‘ਇੱਕ ਦੂਏ ਨਾਲ ਪਿਆਰ ਕਰੋ।’ (ਰੋਮੀਆਂ 13:8) ਪਰ ਸਾਡੇ ਕੋਲ ‘ਪ੍ਰੇਮ ਨਾਲ ਚੱਲਣ’ ਦੇ ਹੋਰ ਕਈ ਕਾਰਨ ਹਨ।
ਪਿਆਰ ਕਰਨਾ ਜ਼ਰੂਰੀ ਕਿਉਂ ਹੈ
4, 5. ਇਹ ਇੰਨਾ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਭਾਈ-ਭੈਣਾਂ ਨਾਲ ਪਿਆਰ ਕਰੀਏ?
4 ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰੀਏ? ਸਿੱਧੀ ਤਰ੍ਹਾਂ ਕਿਹਾ ਜਾਵੇ ਤਾਂ ਪਿਆਰ ਮਸੀਹੀਅਤ ਦੀ ਖ਼ਾਸੀਅਤ ਹੈ। ਪਿਆਰ ਤੋਂ ਬਿਨਾਂ ਮਸੀਹੀਆਂ ਵਿਚ ਚੰਗਾ ਰਿਸ਼ਤਾ ਨਹੀਂ ਹੋ ਸਕਦਾ ਅਤੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਪਿਆਰ ਤੋਂ ਬਿਨਾਂ ਅਸੀਂ ਯਹੋਵਾਹ ਦੀ ਨਜ਼ਰ ਵਿਚ ਕੁਝ ਵੀ ਨਹੀਂ ਹਾਂ। ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਇਨ੍ਹਾਂ ਸੱਚਾਈਆਂ ਉੱਤੇ ਕਿਸ ਤਰ੍ਹਾਂ ਜ਼ੋਰ ਦਿੱਤਾ ਜਾਂਦਾ ਹੈ।
5 ਧਰਤੀ ਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਸ਼ਾਮ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) “ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ”—ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਸਾਨੂੰ ਉਸ ਤਰ੍ਹਾਂ ਪਿਆਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ। ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨੂੰ ਆਪਣੇ ਤੋਂ ਜ਼ਿਆਦਾ ਦੂਜਿਆਂ ਦੀ ਚਿੰਤਾ ਹੁੰਦੀ ਸੀ। ਉਸ ਨੇ ਆਪਾ ਵਾਰਨ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਸਾਨੂੰ ਵੀ ਉਸ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਇਹ ਪਿਆਰ ਦੁਨੀਆਂ ਦੇ ਲੋਕਾਂ ਨੂੰ ਵੀ ਨਜ਼ਰ ਆਉਣਾ ਚਾਹੀਦਾ ਹੈ। ਯਕੀਨਨ, ਅਜਿਹਾ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਨਿਸ਼ਾਨੀ ਹੈ।
6, 7. (ੳ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਦੇ ਬਚਨ ਵਿਚ ਪਿਆਰ ਕਰਨ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ? (ਅ) ਪੌਲੁਸ ਦੇ 1 ਕੁਰਿੰਥੀਆਂ 13:4-8 ਵਿਚ ਦਰਜ ਕੀਤੇ ਹੋਏ ਸ਼ਬਦ ਪਿਆਰ ਦੇ ਕਿਹੜੇ ਪਹਿਲੂ ਵੱਲ ਧਿਆਨ ਦਿੰਦੇ ਹਨ?
6 ਪਰ ਜੇ ਸਾਡੇ ਵਿਚ ਪਿਆਰ ਨਾ ਹੋਵੇ, ਫਿਰ ਕੀ ਹੋ ਸਕਦਾ ਹੈ? ਪੌਲੁਸ ਰਸੂਲ ਨੇ ਜਵਾਬ ਦਿੱਤਾ: “ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ [ਮੈਂ ] ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ।” (1 ਕੁਰਿੰਥੀਆਂ 13:1) ਇਕ ਛੈਣਾ ਬਹੁਤ ਉੱਚੀ ਆਵਾਜ਼ ਕਰਦਾ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ। ਪਰ ਠਣ-ਠਣ ਕਰਨ ਵਾਲੇ ਪਿੱਤਲ ਬਾਰੇ ਕੀ? ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ ‘ਟਣ-ਟਣ ਕਰਦਾ ਹੋਇਆ ਟਲ’ ਅਤੇ “ਖੜਕਾ ਕਰਨ ਵਾਲਾ ਪਿੱਤਲ।” ਇਹ ਉਦਾਹਰਣਾਂ ਕਿੰਨੀਆਂ ਸਹੀ ਹਨ! ਜਿਸ ਇਨਸਾਨ ਵਿਚ ਪਿਆਰ ਨਹੀਂ, ਉਹ ਸੰਗੀਤ ਦੇ ਅਜਿਹੇ ਸਾਜ਼ ਵਰਗਾ ਹੁੰਦਾ ਹੈ ਜਿਸ ਤੋਂ ਉੱਚੀ ਤੇ ਬੇਸੁਰੀ ਆਵਾਜ਼ ਆਉਂਦੀ ਹੈ। ਕੋਈ ਵੀ ਬੇਸੁਰੀ ਆਵਾਜ਼ ਸੁਣਨੀ ਪਸੰਦ ਨਹੀਂ ਕਰਦਾ। ਅਜਿਹਾ ਇਨਸਾਨ ਹੋਰਨਾਂ ਨਾਲ ਦੋਸਤੀ ਨਹੀਂ ਕਰ ਸਕਦਾ ਤੇ ਦੂਸਰੇ ਉਸ ਤੋਂ ਦੂਰ-ਦੂਰ ਰਹਿਣਗੇ। ਪੌਲੁਸ ਰਸੂਲ ਨੇ ਅੱਗੇ ਇਹ ਵੀ ਕਿਹਾ: “ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ।” (1 ਕੁਰਿੰਥੀਆਂ 13:2) ਜ਼ਰਾ ਸੋਚੋ ਕਿ ਜੋ ਇਨਸਾਨ ਪਿਆਰ ਨਹੀਂ ਕਰਦਾ, ਉਹ ਭਾਵੇਂ ਜਿੰਨੇ ਮਰਜ਼ੀ ਵੱਡੇ-ਵੱਡੇ ਕੰਮ ਕਰੇ, ਫਿਰ ਵੀ ਉਹ “ਕੁਝ ਵੀ ਨਹੀਂ” ਹੈ! ਕੀ ਇਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਯਹੋਵਾਹ ਦੇ ਬਚਨ ਵਿਚ ਪਿਆਰ ਕਰਨ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ?
7 ਪਰ ਦੂਸਰਿਆਂ ਨਾਲ ਪੇਸ਼ ਆਉਂਦੇ ਹੋਏ ਅਸੀਂ ਇਸ ਗੁਣ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ? ਇਸ ਸਵਾਲ ਦਾ ਜਵਾਬ ਦੇਣ ਲਈ ਆਓ ਆਪਾਂ 1 ਕੁਰਿੰਥੀਆਂ 13:4-8 ਵਿਚ ਦਰਜ ਕੀਤੇ ਹੋਏ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ। ਇਨ੍ਹਾਂ ਆਇਤਾਂ ਵਿਚ ਨਾ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਤੇ ਨਾ ਹੀ ਪਰਮੇਸ਼ੁਰ ਲਈ ਸਾਡੇ ਪਿਆਰ ਦੀ ਗੱਲ। ਇਸ ਦੀ ਬਜਾਇ ਪੌਲੁਸ ਨੇ ਦਿਖਾਇਆ ਕਿ ਸਾਨੂੰ ਆਪਸ ਵਿਚ ਇਕ-ਦੂਜੇ ਨਾਲ ਕਿਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਸ ਨੇ ਸਮਝਾਇਆ ਕਿ ਪਿਆਰ ਕੀ ਹੈ ਤੇ ਕੀ ਨਹੀਂ ਹੈ।
ਪਿਆਰ ਕੀ ਹੈ?
8. ਧੀਰਜਵਾਨ ਹੋਣ ਨਾਲ ਸਾਨੂੰ ਆਪਣੇ ਆਪਸੀ ਰਿਸ਼ਤਿਆਂ ਨੂੰ ਬਣਾਈ ਰੱਖਣ ਵਿਚ ਮਦਦ ਕਿਸ ਤਰ੍ਹਾਂ ਮਿਲੇਗੀ?
8 ‘ਪ੍ਰੇਮ ਧੀਰਜਵਾਨ ਹੈ।’ ਧੀਰਜਵਾਨ ਹੋਣ ਦਾ ਮਤਲਬ ਹੈ ਕਿ ਸਬਰ ਨਾਲ ਇਕ-ਦੂਜੇ ਦੀ ਗੱਲ ਸਹਿੰਦੇ ਰਹਿਣਾ। (ਕੁਲੁੱਸੀਆਂ 3:13) ਕੀ ਸਾਨੂੰ ਧੀਰਜ ਦੀ ਜ਼ਰੂਰਤ ਨਹੀਂ? ਅਸੀਂ ਮੁਕੰਮਲ ਇਨਸਾਨ ਨਹੀਂ ਹਾਂ ਇਸ ਲਈ ਇਹ ਤਾਂ ਹੋਣਾ ਹੀ ਹੈ ਕਿ ਕਦੇ-ਨ-ਕਦੇ ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਖਿੱਝ ਜਾਂਦੇ ਹਾਂ ਜਾਂ ਉਹ ਸਾਡੇ ਤੋਂ ਖਿੱਝ ਜਾਂਦੇ ਹਨ। ਪਰ ਜੇ ਕੋਈ ਸਾਡੇ ਨਾਲ ਕਿਸੇ ਛੋਟੀ-ਮੋਟੀ ਗੱਲ ਤੇ ਝਗੜ ਪੈਂਦਾ ਹੈ, ਤਾਂ ਅਸੀਂ ਧੀਰਜ ਰੱਖ ਕੇ ਗੁੱਸਾ ਪੀਹ ਸਕਦੇ ਹਾਂ ਅਤੇ ਇਸ ਤਰ੍ਹਾਂ ਕਲੀਸਿਯਾ ਦੀ ਸ਼ਾਂਤੀ ਨੂੰ ਖੇਰੂੰ-ਖੇਰੂੰ ਨਹੀਂ ਹੋਣ ਦੇਵਾਂਗੇ।
9. ਅਸੀਂ ਹੋਰਨਾਂ ਤੇ ਕਿਰਪਾ ਕਿਸ ਤਰ੍ਹਾਂ ਕਰ ਸਕਦੇ ਹਾਂ?
9 ‘ਪ੍ਰੇਮ ਕਿਰਪਾਲੂ ਹੈ।’ ਕਿਸੇ ਨਾਲ ਪਿਆਰ ਦੇ ਦੋ ਬੋਲ ਬੋਲ ਕੇ ਅਤੇ ਉਸ ਦੀ ਮਦਦ ਕਰ ਕੇ ਅਸੀਂ ਉਸ ਉੱਤੇ ਕਿਰਪਾ ਕਰ ਸਕਦੇ ਹਾਂ। ਪਿਆਰ ਕਰਨ ਵਾਲਾ ਇਨਸਾਨ ਖ਼ਾਸ ਕਰਕੇ ਲੋੜਵੰਦਾਂ ਉੱਤੇ ਇਸ ਤਰ੍ਹਾਂ ਕਿਰਪਾ ਕਰਨ ਦੇ ਮੌਕੇ ਲੱਭਦਾ ਹੈ। ਮਿਸਾਲ ਲਈ ਕਲੀਸਿਯਾ ਵਿਚ ਕੋਈ ਸਿਆਣਾ ਭਾਈ-ਭੈਣ ਇਕੱਲਾ ਮਹਿਸੂਸ ਕਰ ਰਿਹਾ ਹੋਵੇ ਅਤੇ ਉਹ ਚਾਹੇ ਕਿ ਕੋਈ ਆ ਕੇ ਉਸ ਨਾਲ ਗੱਲਬਾਤ ਕਰੇ। ਸਾਡੀ ਕਿਸੇ ਇਕੱਲੀ ਰਹਿੰਦੀ ਭੈਣ ਨੂੰ ਸ਼ਾਇਦ ਮਦਦ ਦੀ ਲੋੜ ਹੋਵੇ। ਜੇ ਕੋਈ ਕਿਸੇ ਬੀਮਾਰੀ ਜਾਂ ਤੰਗੀ ਦਾ ਸਾਮ੍ਹਣਾ ਕਰ ਰਿਹਾ ਹੋਵੇ, ਉਸ ਨੂੰ ਸ਼ਾਇਦ ਇਕ ਵਫ਼ਾਦਾਰ ਮਿੱਤਰ ਦੀ ਸਲਾਹ ਦੀ ਲੋੜ ਹੋ ਸਕਦੀ ਹੈ। (ਕਹਾਉਤਾਂ 12:25; 17:17) ਜਦ ਅਸੀਂ ਇਸ ਤਰ੍ਹਾਂ ਕਿਰਪਾ ਕਰਨ ਵਿਚ ਪਹਿਲ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਡਾ ਪਿਆਰ ਸੱਚਾ ਹੈ।—2 ਕੁਰਿੰਥੀਆਂ 8:8.
10. ਭਾਵੇਂ ਸੱਚ ਬੋਲਣਾ ਮੁਸ਼ਕਲ ਹੁੰਦਾ ਹੈ, ਫਿਰ ਵੀ ਪਿਆਰ ਸਾਨੂੰ ਸੱਚ ਬੋਲਣ ਦੀ ਪ੍ਰੇਰਣਾ ਕਿਸ ਤਰ੍ਹਾਂ ਦਿੰਦਾ ਹੈ?
10 ‘ਪ੍ਰੇਮ ਸਚਿਆਈ ਨਾਲ ਅਨੰਦ ਹੁੰਦਾ ਹੈ।’ ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ ਕਿ ‘ਪਿਆਰ ਸਚਾਈ ਤੋਂ ਪ੍ਰਸੰਨ ਹੁੰਦਾ ਹੈ।’ ਅਸੀਂ ਸੱਚ ਨੂੰ ਸੱਚ ਕਹਾਂਗੇ ਅਤੇ ‘ਇਕ ਦੂਜੇ ਨਾਲ ਸੱਚ ਬੋਲਾਂਗੇ।’ (ਜ਼ਕਰਯਾਹ 8:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ ਜੇ ਸਾਡੇ ਘਰ ਦੇ ਜੀਆਂ ਵਿੱਚੋਂ ਕਿਸੇ ਨੇ ਕੋਈ ਗੰਭੀਰ ਪਾਪ ਕੀਤਾ ਹੋਵੇ, ਤਾਂ ਉਸ ਲਈ ਅਤੇ ਯਹੋਵਾਹ ਲਈ ਸਾਡਾ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ? ਅਸੀਂ ਗੱਲ ਨੂੰ ਲੁਕਾਉਣ ਜਾਂ ਪਾਪ ਕਰਨ ਵਾਲੇ ਲਈ ਬਹਾਨੇ ਬਣਾਉਣ ਦੀ ਬਜਾਇ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲ ਕੇ ਸੱਚ ਬੋਲਾਂਗੇ। ਇਹ ਗੱਲ ਸੱਚ ਹੈ ਕਿ ਸਾਡੇ ਵਾਸਤੇ ਸੱਚਾਈ ਕਬੂਲ ਕਰਨੀ ਸ਼ਾਇਦ ਔਖੀ ਹੋਵੇ। ਪਰ ਜੇ ਅਸੀਂ ਆਪਣੇ ਘਰ ਦੇ ਜੀਅ ਦੀ ਭਲਾਈ ਨੂੰ ਮਨ ਵਿਚ ਰੱਖੀਏ, ਤਾਂ ਅਸੀਂ ਚਾਹਾਂਗੇ ਕਿ ਉਸ ਨੂੰ ਬਾਈਬਲ ਰਾਹੀਂ ਪਰਮੇਸ਼ੁਰ ਦੀ ਤਾੜਨਾ ਦੁਆਰਾ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲੇ। ਇਸ ਤਰ੍ਹਾਂ ਉਸ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਵੀ ਮਿਲੇਗਾ। (ਕਹਾਉਤਾਂ 3:11, 12) ਪਿਆਰ ਕਰਨ ਵਾਲੇ ਮਸੀਹੀਆਂ ਵਜੋਂ “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬਰਾਨੀਆਂ 13:18.
11. ਇਸ ਲਈ ਕਿ ‘ਪ੍ਰੇਮ ਸਭ ਕੁਝ ਝੱਲ ਲੈਂਦਾ ਹੈ,’ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਨਾਲ ਕੀ ਕਰਨਾ ਚਾਹੀਦਾ ਹੈ?
11 ‘ਪ੍ਰੇਮ ਸਭ ਕੁਝ ਝੱਲ ਲੈਂਦਾ ਹੈ।’ ਇਸ ਦਾ ਅਸਲੀ ਮਤਲਬ ਹੈ ‘ਸਾਰੀਆਂ ਗੱਲਾਂ ਨੂੰ ਢੱਕ ਦੇਣਾ।’ ਪਹਿਲਾ ਪਤਰਸ 4:8 ਵਿਚ ਲਿਖਿਆ ਹੈ: “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” ਪਿਆਰ ਕਰਨ ਵਾਲਾ ਮਸੀਹੀ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਦਾ ਢਿੰਡੋਰਾ ਪਿੱਟ ਕੇ ਖ਼ੁਸ਼ ਨਹੀਂ ਹੁੰਦਾ। ਕਈ ਵਾਰ ਸਾਡੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਦੇ ਪਰਦੇ ਨਾਲ ਢੱਕ ਸਕਦੇ ਹਾਂ।—ਕਹਾਉਤਾਂ 10:12; 17:9.
12. ਪੌਲੁਸ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਨੂੰ ਫਿਲੇਮੋਨ ਉੱਤੇ ਭਰੋਸਾ ਸੀ ਅਤੇ ਅਸੀਂ ਪੌਲੁਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?
12 ‘ਪ੍ਰੇਮ ਸਭਨਾਂ ਗੱਲਾਂ ਦੀ ਪਰਤੀਤ ਕਰਦਾ ਹੈ।’ ਇਕ ਹੋਰ ਤਰਜਮਾ ਕਹਿੰਦਾ ਹੈ ਕਿ ‘ਪਿਆਰ ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ।’ ਅਸੀਂ ਬਿਨਾਂ ਵਜ੍ਹਾ ਆਪਣੇ ਭੈਣਾਂ-ਭਰਾਵਾਂ ਜਾਂ ਉਨ੍ਹਾਂ ਦੇ ਇਰਾਦਿਆਂ ਤੇ ਸ਼ੱਕ ਨਹੀਂ ਕਰਾਂਗੇ। ਪਿਆਰ ਸਾਡੀ ਮਦਦ ਕਰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਉੱਤੇ ‘ਵਿਸ਼ਵਾਸ ਕਰੀਏ’ ਅਤੇ ਉਨ੍ਹਾਂ ਬਾਰੇ ਚੰਗਾ ਸੋਚੀਏ।a ਫਿਲੇਮੋਨ ਨੂੰ ਲਿਖੀ ਪੌਲੁਸ ਦੀ ਚਿੱਠੀ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਇਸ ਤਰ੍ਹਾਂ ਕੀਤਾ ਸੀ। ਉਨੇਸਿਮੁਸ ਫਿਲੇਮੋਨ ਦੇ ਘਰੋਂ ਭੱਜਿਆ ਹੋਇਆ ਇਕ ਨੌਕਰ ਸੀ ਪਰ ਹੁਣ ਉਹ ਮਸੀਹੀ ਬਣ ਗਿਆ ਸੀ। ਪੌਲੁਸ ਨੇ ਫਿਲੇਮੋਨ ਨੂੰ ਲਿਖਿਆ ਕਿ ਉਹ ਉਨੇਸਿਮੁਸ ਨੂੰ ਦੁਬਾਰਾ ਕੰਮ ਤੇ ਰੱਖ ਲਵੇ। ਪੌਲੁਸ ਨੇ ਫਿਲੇਮੋਨ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਪਰ ਉਸ ਨੇ ਪਿਆਰ ਨਾਲ ਉਸ ਨੂੰ ਬੇਨਤੀ ਕੀਤੀ ਸੀ। ਉਸ ਨੂੰ ਫਿਲੇਮੋਨ ਉੱਤੇ ਵਿਸ਼ਵਾਸ ਸੀ ਕਿ ਉਹ ਸਹੀ ਕਦਮ ਚੁੱਕੇਗਾ, ਇਸ ਲਈ ਉਸ ਨੇ ਕਿਹਾ: “ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ।” (21ਵੀਂ ਆਇਤ) ਜਦ ਅਸੀਂ ਪਿਆਰ ਨਾਲ ਆਪਣੇ ਭੈਣਾਂ-ਭਰਾਵਾਂ ਉੱਤੇ ਇਸ ਤਰ੍ਹਾਂ ਵਿਸ਼ਵਾਸ ਕਰਦੇ ਹਾਂ, ਤਾਂ ਉਹ ਨੇਕ ਇਨਸਾਨ ਬਣਨ ਲਈ ਪ੍ਰੇਰਿਤ ਹੁੰਦੇ ਹਨ।
13. ਅਸੀਂ ਆਪਣੀ ਇਸ ਆਸ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਲਾ ਚਾਹੁੰਦੇ ਹਾਂ?
13 ‘ਪ੍ਰੇਮ ਸਭਨਾਂ ਗੱਲਾਂ ਦੀ ਆਸ ਰੱਖਦਾ ਹੈ।’ ਪਿਆਰ ਕਰਨ ਵਾਲਾ ਇਨਸਾਨ ਭਰੋਸਾ ਰੱਖਣ ਦੇ ਨਾਲ-ਨਾਲ ਆਸ ਵੀ ਰੱਖਦਾ ਹੈ। ਪਿਆਰ ਤੋਂ ਪ੍ਰੇਰਿਤ ਹੋ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਲਾ ਚਾਹੁੰਦੇ ਹਾਂ। ਮਿਸਾਲ ਲਈ ਜੇ ਸਾਡਾ ਕੋਈ ਭਰਾ ਅਣਜਾਣੇ ਵਿਚ ਗ਼ਲਤੀ ਕਰ ਬੈਠਦਾ ਹੈ, ਤਾਂ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਜਦ ਪਿਆਰ ਨਾਲ ਉਸ ਦੀ ਮਦਦ ਕੀਤੀ ਜਾਵੇਗੀ, ਤਾਂ ਉਹ ਸੁਧਰ ਜਾਵੇਗਾ। (ਗਲਾਤੀਆਂ 6:1) ਅਸੀਂ ਇਹ ਆਸ ਵੀ ਰੱਖਾਂਗੇ ਕਿ ਸਾਡੇ ਜੋ ਭੈਣ-ਭਰਾ ਸੱਚਾਈ ਵਿਚ ਕਮਜ਼ੋਰ ਹੋ ਗਏ ਹਨ, ਉਹ ਹੋਸ਼ ਵਿਚ ਆ ਜਾਣਗੇ। ਅਸੀਂ ਅਜਿਹੇ ਭੈਣਾਂ-ਭਰਾਵਾਂ ਨਾਲ ਧੀਰਜ ਨਾਲ ਪੇਸ਼ ਆਵਾਂਗੇ ਅਤੇ ਨਿਹਚਾ ਵਿਚ ਫਿਰ ਤੋਂ ਮਜ਼ਬੂਤ ਹੋਣ ਲਈ ਉਨ੍ਹਾਂ ਦੀ ਮਦਦ ਕਰਾਂਗੇ। (ਰੋਮੀਆਂ 15:1; 1 ਥੱਸਲੁਨੀਕੀਆਂ 5:14) ਜੇ ਸਾਡੇ ਘਰ ਦਾ ਕੋਈ ਜੀਅ ਗ਼ਲਤ ਰਾਹ ਪੈ ਵੀ ਜਾਵੇ, ਤਾਂ ਅਸੀਂ ਆਸ ਰੱਖਾਂਗੇ ਕਿ ਉਹ ਕਿਸੇ ਦਿਨ ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਵਾਂਗ ਸੁਰਤ ਸੰਭਾਲ ਕੇ ਯਹੋਵਾਹ ਕੋਲ ਵਾਪਸ ਆ ਜਾਵੇਗਾ।—ਲੂਕਾ 15:17, 18.
14. ਕਲੀਸਿਯਾ ਵਿਚ ਅਸੀਂ ਕਿਸ ਤਰ੍ਹਾਂ ਅਜ਼ਮਾਏ ਜਾ ਸਕਦੇ ਹਾਂ ਅਤੇ ਪਿਆਰ ਕਰਨ ਕਰਕੇ ਅਸੀਂ ਕੀ ਕਰਾਂਗੇ?
14 ‘ਪ੍ਰੇਮ ਸਭ ਕੁਝ ਸਹਿ ਲੈਂਦਾ ਹੈ।’ ਸਹਿਣਸ਼ੀਲਤਾ ਰੱਖਣ ਨਾਲ ਅਸੀਂ ਨਿਰਾਸ਼ਾ ਜਾਂ ਮੁਸੀਬਤਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦੇ ਹਾਂ। ਅਜ਼ਮਾਇਸ਼ਾਂ ਸਿਰਫ਼ ਕਲੀਸਿਯਾ ਦੇ ਬਾਹਰੋਂ ਹੀ ਨਹੀਂ ਆਉਂਦੀਆਂ। ਕਈ ਵਾਰ ਕਲੀਸਿਯਾ ਵਿਚ ਹੋਈ ਕਿਸੇ ਗੱਲ ਕਰਕੇ ਵੀ ਅਸੀਂ ਸ਼ਾਇਦ ਅਜ਼ਮਾਏ ਜਾਈਏ। ਅਪੂਰਣ ਹੋਣ ਕਰਕੇ ਕਈ ਵਾਰ ਸਾਡੇ ਭੈਣ-ਭਰਾ ਸਾਨੂੰ ਸ਼ਾਇਦ ਨਿਰਾਸ਼ ਕਰਨ। ਬਿਨਾਂ ਸੋਚੇ-ਸਮਝੇ ਕੋਈ ਕੁਝ ਕਹਿ ਕੇ ਸਾਡੇ ਦਿਲ ਨੂੰ ਠੇਸ ਪਹੁੰਚਾ ਸਕਦਾ ਹੈ। (ਕਹਾਉਤਾਂ 12:18) ਸ਼ਾਇਦ ਕਲੀਸਿਯਾ ਵਿਚ ਕਿਸੇ ਮਾਮਲੇ ਦਾ ਫ਼ੈਸਲਾ ਸਾਡੀ ਪਸੰਦ ਮੁਤਾਬਕ ਨਾ ਕੀਤਾ ਗਿਆ ਹੋਵੇ। ਕਿਸੇ ਜ਼ਿੰਮੇਵਾਰ ਭਰਾ ਦੇ ਚਾਲ-ਚਲਣ ਤੋਂ ਅਸੀਂ ਸ਼ਾਇਦ ਪਰੇਸ਼ਾਨ ਹੋ ਕੇ ਸੋਚੀਏ, ‘ਇਕ ਮਸੀਹੀ ਇਹ ਕਿੱਦਾਂ ਕਰ ਸਕਦਾ?’ ਜਦੋਂ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਕੀ ਅਸੀਂ ਕਲੀਸਿਯਾ ਨੂੰ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂਗੇ? ਜੇ ਸਾਡੇ ਵਿਚ ਪਿਆਰ ਹੈ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ! ਜੀ ਹਾਂ, ਅਸੀਂ ਆਪਣੇ ਭੈਣਾਂ-ਭਰਾਵਾਂ ਅਤੇ ਕਲੀਸਿਯਾ ਵਿਚ ਨੁਕਸ ਕੱਢਣ ਦੀ ਬਜਾਇ ਚੰਗੀਆਂ ਗੱਲਾਂ ਦੇਖਾਂਗੇ। ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗੇ ਅਤੇ ਕਲੀਸਿਯਾ ਨੂੰ ਨਹੀਂ ਛੱਡਾਂਗੇ ਭਾਵੇਂ ਕੋਈ ਜੋ ਮਰਜ਼ੀ ਕਹੇ ਜਾਂ ਕਰੇ।—ਜ਼ਬੂਰਾਂ ਦੀ ਪੋਥੀ 119:165.
ਪਿਆਰ ਕੀ ਨਹੀਂ ਹੈ?
15. ਖੁਣਸੀ ਬਣਨ ਦਾ ਕੀ ਮਤਲਬ ਹੈ ਅਤੇ ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਇਸ ਮਾਰੂ ਭਾਵਨਾ ਤੋਂ ਦੂਰ ਕਿਸ ਤਰ੍ਹਾਂ ਰਹਿ ਸਕਦੇ ਹਾਂ?
15 “ਪ੍ਰੇਮ ਖੁਣਸ ਨਹੀਂ ਕਰਦਾ।” ਦੂਸਰਿਆਂ ਦੀਆਂ ਚੀਜ਼ਾਂ, ਜ਼ਿੰਮੇਵਾਰੀਆਂ ਜਾਂ ਕਾਮਯਾਬੀਆਂ ਦੇਖ ਕੇ ਸਾਡੇ ਮਨ ਵਿਚ ਉਨ੍ਹਾਂ ਲਈ ਖੁਣਸ ਪੈਦਾ ਹੋ ਸਕਦੀ ਹੈ। ਖੁਣਸ ਸਾਨੂੰ ਸੁਆਰਥੀ ਬਣਾਉਂਦੀ ਹੈ। ਇਹ ਇੰਨੀ ਮਾਰੂ ਭਾਵਨਾ ਹੈ ਕਿ ਜੇ ਇਸ ਨੂੰ ਰੋਕਿਆ ਨਾ ਜਾਵੇ, ਤਾਂ ਇਹ ਕਲੀਸਿਯਾ ਦੀ ਸ਼ਾਂਤੀ ਭੰਗ ਕਰ ਸਕਦੀ ਹੈ। ਅਸੀਂ ਖੁਣਸੀ ਬਣਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਦੂਸਰਿਆਂ ਨਾਲ ਪਿਆਰ ਕਰ ਕੇ। ਸਾਡੇ ਕੋਲ ਸ਼ਾਇਦ ਉਹ ਨਾ ਹੋਵੇ ਜੋ ਦੂਜਿਆਂ ਕੋਲ ਹੈ। ਪਰ ਸਾਡੇ ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਦੂਸਰਿਆਂ ਦੀ ਤਰੱਕੀ ਦੇਖ ਕੇ ਖ਼ੁਸ਼ ਹੋਵਾਂਗੇ। (ਰੋਮੀਆਂ 12:15) ਜੇ ਕਿਸੇ ਦੀ ਕਿਸੇ ਗੱਲ ਕਰਕੇ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਉਸ ਦੀ ਤਾਰੀਫ਼ ਹੋਣ ਕਰਕੇ ਸਾਡੀ ਬੇਇੱਜ਼ਤੀ ਹੋ ਰਹੀ ਹੈ। ਪਿਆਰ ਸਾਨੂੰ ਇਸ ਤਰ੍ਹਾਂ ਸੋਚਣ ਤੋਂ ਰੋਕੇਗਾ।
16. ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਕਿਸੇ ਕਾਮਯਾਬੀ ਕਰਕੇ ਸ਼ੇਖ਼ੀ ਕਿਉਂ ਨਹੀਂ ਮਾਰਾਂਗੇ?
16 “ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।” ਜੇ ਸਾਡੇ ਦਿਲ ਵਿਚ ਪਿਆਰ ਹੈ, ਤਾਂ ਅਸੀਂ ਆਪਣੀ ਹੁਸ਼ਿਆਰੀ ਜਾਂ ਕਾਮਯਾਬੀਆਂ ਦੀ ਸ਼ੇਖੀ ਨਹੀਂ ਮਾਰਾਂਗੇ। ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਸੇਵਕਾਈ ਵਿਚ ਆਪਣੀ ਕਿਸੇ ਕਾਮਯਾਬੀ ਦੀਆਂ ਜਾਂ ਕਲੀਸਿਯਾ ਵਿਚ ਕਿਸੇ ਜ਼ਿੰਮੇਵਾਰੀ ਦੀਆਂ ਫੜ੍ਹਾਂ ਕਿਸ ਤਰ੍ਹਾਂ ਮਾਰ ਸਕਦੇ ਹਾਂ? ਇਸ ਤਰ੍ਹਾਂ ਸ਼ੇਖ਼ੀ ਮਾਰਦੇ ਰਹਿਣ ਨਾਲ ਸਾਡੇ ਭੈਣ-ਭਰਾ ਆਪਣਾ ਹੌਸਲਾ ਹਾਰ ਦੇਣਗੇ ਅਤੇ ਉਹ ਆਪਣੀ ਤੁਲਨਾ ਸਾਡੇ ਨਾਲ ਕਰ ਕੇ ਆਪਣੇ ਆਪ ਨੂੰ ਨੀਵੇਂ ਮਹਿਸੂਸ ਕਰਨਗੇ। ਪਰਮੇਸ਼ੁਰ ਦੀ ਸੇਵਾ ਵਿਚ ਅਸੀਂ ਜੋ ਕਰਦੇ ਹਾਂ, ਪਿਆਰ ਸਾਨੂੰ ਉਸ ਬਾਰੇ ਸ਼ੇਖ਼ੀ ਨਹੀਂ ਮਾਰਨ ਦਿੰਦਾ। (1 ਕੁਰਿੰਥੀਆਂ 3:5-9) ਬਾਈਬਲ ਸਾਨੂੰ ਦੱਸਦੀ ਹੈ ਕਿ “ਪ੍ਰੇਮ ਫੂੰ ਫੂੰ ਨਹੀਂ ਕਰਦਾ” ਜਾਂ ਜਿਵੇਂ ਇਕ ਹੋਰ ਤਰਜਮਾ ਕਹਿੰਦਾ ਹੈ ‘ਪਿਆਰ ਆਪਣੀ ਹੀ ਨਹੀਂ ਮਾਰਦਾ ਰਹਿੰਦਾ।’ ਪਿਆਰ ਕਰਨ ਨਾਲ ਅਸੀਂ ਆਪਣੇ ਆਪ ਨੂੰ ਬਹੁਤੇ ਵੱਡੇ ਨਹੀਂ ਸਮਝਾਂਗੇ।—ਰੋਮੀਆਂ 12:3.
17. ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਦਾ ਲਿਹਾਜ਼ ਕਿਸ ਤਰ੍ਹਾਂ ਕਰਦਾ ਹੈ ਅਤੇ ਇਸ ਕਰਕੇ ਅਸੀਂ ਕੀ ਨਹੀਂ ਕਰਾਂਗੇ?
17 ‘ਪ੍ਰੇਮ ਕੁਚੱਜਿਆਂ ਨਹੀਂ ਕਰਦਾ।’ ਕੁਚੱਜਾ ਇਨਸਾਨ ਬਦਤਮੀਜ਼ ਹੁੰਦਾ ਹੈ। ਇਸ ਤਰ੍ਹਾਂ ਦੇ ਇਨਸਾਨ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਦੂਸਰੇ ਉਸ ਬਾਰੇ ਕੀ ਸੋਚਦੇ ਹਨ ਜਾਂ ਉਸ ਦੀ ਬਦਤਮੀਜ਼ੀ ਦਾ ਉਨ੍ਹਾਂ ਤੇ ਕੀ ਅਸਰ ਪੈਂਦਾ ਹੈ। ਇਸ ਤੋਂ ਉਲਟ ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਦਾ ਲਿਹਾਜ਼ ਕਰਦਾ ਹੈ। ਪਿਆਰ ਸਾਨੂੰ ਤਮੀਜ਼ ਨਾਲ ਪੇਸ਼ ਆਉਣਾ, ਆਪਣੇ ਭੈਣਾਂ-ਭਰਾਵਾਂ ਦੀ ਇੱਜ਼ਤ ਕਰਨੀ ਅਤੇ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣਾ ਸਿਖਾਉਂਦਾ ਹੈ। ਇਸ ਕਰਕੇ ਪਿਆਰ ਸਾਨੂੰ ‘ਬੇਸ਼ਰਮ’ ਨਹੀਂ ਬਣਨ ਦੇਵੇਗਾ ਅਤੇ ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗੇ ਜਿਸ ਤੋਂ ਸਾਡੇ ਭੈਣਾਂ-ਭਰਾਵਾਂ ਨੂੰ ਠੇਸ ਪਹੁੰਚੇਗੀ ਜਾਂ ਜਿਸ ਨੂੰ ਉਹ ਬੁਰਾ ਮੰਨਣਗੇ।—ਅਫ਼ਸੀਆਂ 5:3, 4.
18. ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਨੂੰ ਆਪਣੇ ਹੀ ਖ਼ਿਆਲਾਂ ਅਨੁਸਾਰ ਚੱਲਣ ਲਈ ਮਜਬੂਰ ਕਿਉਂ ਨਹੀਂ ਕਰਦਾ?
18 ‘ਪ੍ਰੇਮ ਆਪ ਸੁਆਰਥੀ ਨਹੀਂ।’ ਇਕ ਹੋਰ ਤਰਜਮਾ ਕਹਿੰਦਾ ਹੈ: ‘ਪਿਆਰ ਆਪਣੀ ਮਰਜ਼ੀ ਪੂਰੀ ਕਰਨ ਤੇ ਅੜਿਆ ਨਹੀਂ ਰਹਿੰਦਾ।’ ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਉਸ ਦੇ ਖ਼ਿਆਲਾਂ ਅਨੁਸਾਰ ਚੱਲਣ ਜਿਵੇਂ ਕਿਤੇ ਸਿਰਫ਼ ਉਸ ਦੇ ਖ਼ਿਆਲ ਹੀ ਸਹੀ ਹੋਣ। ਉਹ ਚਤੁਰਾਈ ਨਾਲ ਦੂਸਰਿਆਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਹ ਆਪਣਾ ਮਨ ਬਦਲ ਲੈਣ। ਅਜਿਹੀ ਜ਼ਿੱਦ ਹੰਕਾਰ ਦਾ ਸਬੂਤ ਹੈ ਅਤੇ ਬਾਈਬਲ ਕਹਿੰਦੀ ਹੈ ਕਿ ‘ਨਾਸ ਤੋਂ ਪਹਿਲਾਂ ਹੰਕਾਰ ਹੁੰਦਾ ਹੈ।’ (ਕਹਾਉਤਾਂ 16:18) ਜੇ ਅਸੀਂ ਸੱਚ-ਮੁੱਚ ਆਪਣੇ ਭਾਈ-ਭੈਣ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਾਂਗੇ ਅਤੇ ਜਦ ਵੀ ਹੋ ਸਕੇ ਜ਼ਿੱਦ ਕਰਨ ਦੀ ਬਜਾਇ ਉਨ੍ਹਾਂ ਦੀ ਰਾਇ ਮੰਨਾਂਗੇ। ਇਸ ਤਰ੍ਹਾਂ ਕਰਨਾ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਹੈ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”—1 ਕੁਰਿੰਥੀਆਂ 10:24.
19. ਜਦ ਦੂਸਰੇ ਸਾਨੂੰ ਨਾਰਾਜ਼ ਕਰਦੇ ਹਨ, ਤਾਂ ਪਿਆਰ ਸਾਡੀ ਮਦਦ ਕਿਸ ਤਰ੍ਹਾਂ ਕਰਦਾ ਹੈ?
19 ‘ਪ੍ਰੇਮ ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ।’ ਪਿਆਰ ਦੂਸਰਿਆਂ ਦੀ ਗੱਲ ਤੋਂ ਜਲਦੀ ਦੇਣੀ ਚਿੜ੍ਹਦਾ ਨਹੀਂ ਹੈ। ਹਾਂ, ਇਹ ਤਾਂ ਕੁਦਰਤੀ ਹੈ ਕਿ ਜੇ ਕੋਈ ਸਾਨੂੰ ਨਾਰਾਜ਼ ਕਰਦਾ ਹੈ, ਤਾਂ ਅਸੀਂ ਦੁਖੀ ਹੁੰਦੇ ਹਾਂ। ਪਰ ਜੇ ਸਾਡੇ ਕੋਲ ਗੁੱਸੇ ਹੋਣ ਦਾ ਕਾਰਨ ਵੀ ਹੈ, ਫਿਰ ਵੀ ਸਾਨੂੰ ਬਹੁਤੀ ਦੇਰ ਗੁੱਸੇ ਨਹੀਂ ਰਹਿਣਾ ਚਾਹੀਦਾ। (ਅਫ਼ਸੀਆਂ 4:26, 27) ਸਾਨੂੰ ਕਿਸੇ ਦੀ ਗੱਲ ਦਾ ਬੁਰਾ ਮੰਨ ਕੇ ਉਸ ਦਾ ਲੇਖਾ ਇਸ ਤਰ੍ਹਾਂ ਨਹੀਂ ਰੱਖਣਾ ਚਾਹੀਦਾ ਜਿਵੇਂ ਕਿਤੇ ਉਹ ਗੱਲ ਪੱਥਰ ਉੱਤੇ ਹਮੇਸ਼ਾ ਲਈ ਲਿਖ ਦਿੱਤੀ ਗਈ ਹੋਵੇ। ਇਸ ਦੀ ਬਜਾਇ ਪਿਆਰ ਕਰ ਕੇ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਦੀ ਨਕਲ ਕਰਦੇ ਹਾਂ। ਅਸੀਂ ਇਸ ਕਿਤਾਬ ਦੇ 26ਵੇਂ ਅਧਿਆਇ ਵਿਚ ਦੇਖਿਆ ਸੀ ਕਿ ਜਦ ਸਹੀ ਕਾਰਨ ਹੁੰਦਾ ਹੈ, ਤਾਂ ਯਹੋਵਾਹ ਮਾਫ਼ ਕਰ ਦਿੰਦਾ ਹੈ। ਅਤੇ ਜਦ ਉਹ ਮਾਫ਼ ਕਰਦਾ ਹੈ, ਤਾਂ ਉਹ ਭੁੱਲ ਜਾਂਦਾ ਹੈ ਯਾਨੀ ਉਹ ਉਸ ਮਾਫ਼ ਕੀਤੇ ਪਾਪ ਨੂੰ ਭਵਿੱਖ ਵਿਚ ਸਾਡੇ ਖ਼ਿਲਾਫ਼ ਵਰਤਣ ਲਈ ਯਾਦ ਨਹੀਂ ਰੱਖਦਾ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਬੁਰਾ ਮਨਾ ਕੇ ਸਾਡੀ ਗ਼ਲਤੀ ਦਾ ਲੇਖਾ ਨਹੀਂ ਰੱਖਦਾ?
20. ਜਦ ਸਾਡਾ ਕੋਈ ਭੈਣ-ਭਾਈ ਪਾਪ ਦੇ ਫੰਦੇ ਵਿਚ ਪੈ ਕੇ ਦੁੱਖ ਭੋਗਦਾ ਹੈ, ਤਾਂ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?
20 ‘ਪ੍ਰੇਮ ਕੁਧਰਮ ਤੋਂ ਅਨੰਦ ਨਹੀਂ ਹੁੰਦਾ।’ ਹੋਰ ਤਰਜਮੇ ਕਹਿੰਦੇ ਹਨ: ‘ਪਿਆਰ ਕਿਸੇ ਦੇ ਦੁੱਖ ਤੇ ਖ਼ੁਸ਼ੀਆਂ ਨਹੀਂ ਮਨਾਉਂਦਾ’ ਅਤੇ ‘ਪਿਆਰ ਕਿਸੇ ਦੇ ਗ਼ਲਤ ਰਾਹ ਪੈਣ ਤੇ ਖ਼ੁਸ਼ੀ ਨਾਲ ਕੱਛਾਂ ਨਹੀਂ ਵਜਾਉਂਦਾ ਫਿਰਦਾ।’ ਪਿਆਰ ਕਰਨ ਵਾਲੇ ਇਨਸਾਨ ਨੂੰ ਕੁਧਰਮ ਤੋਂ ਆਨੰਦ ਨਹੀਂ ਮਿਲਦਾ, ਇਸ ਲਈ ਅਸੀਂ ਕਿਸੇ ਕਿਸਮ ਦੀ ਅਨੈਤਿਕਤਾ ਨੂੰ ਕੋਈ ਮਾਮੂਲੀ ਗੱਲ ਨਹੀਂ ਸਮਝਦੇ। ਜੇ ਸਾਡਾ ਕੋਈ ਭੈਣ-ਭਾਈ ਪਾਪ ਦੇ ਫੰਦੇ ਵਿਚ ਪੈ ਕੇ ਦੁੱਖ ਭੋਗ ਰਿਹਾ ਹੈ, ਤਾਂ ਅਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ? ਜੇ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਹਾਂਗੇ, ‘ਚੰਗਾ ਹੋਇਆ! ਉਸ ਨਾਲ ਇੱਦਾਂ ਹੀ ਹੋਣਾ ਚਾਹੀਦਾ ਸੀ!’ (ਕਹਾਉਤਾਂ 17:5) ਪਰ ਜਦ ਸਾਡਾ ਕੋਈ ਭੈਣ-ਭਾਈ ਗ਼ਲਤੀ ਕਰਨ ਤੋਂ ਬਾਅਦ ਸਹੀ ਰਾਹ ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਜ਼ਰੂਰ ਖ਼ੁਸ਼ ਹੁੰਦੇ ਹਾਂ।
“ਇੱਕ ਬਹੁਤ ਹੀ ਸਰੇਸ਼ਟ ਮਾਰਗ”
21-23. (ੳ) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਪ੍ਰੇਮ ਕਦੇ ਟਲਦਾ ਨਹੀਂ”? (ਅ) ਇਸ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਅਸੀਂ ਕਿਸ ਸਵਾਲ ਉੱਤੇ ਚਰਚਾ ਕਰਾਂਗੇ?
21 “ਪ੍ਰੇਮ ਕਦੇ ਟਲਦਾ ਨਹੀਂ।” ਇਨ੍ਹਾਂ ਸ਼ਬਦਾਂ ਦੁਆਰਾ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦੀ ਪੂਰੀ ਚਿੱਠੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਪਹਿਲੀ ਸਦੀ ਦੇ ਮਸੀਹੀਆਂ ਨੂੰ ਮਿਲੀਆਂ ਕਰਾਮਾਤੀ ਦਾਤਾਂ ਦੀ ਗੱਲ ਕਰ ਰਿਹਾ ਸੀ। ਉਹ ਦਾਤਾਂ ਨਵੀਂ ਬਣੀ ਕਲੀਸਿਯਾ ਉੱਤੇ ਪਰਮੇਸ਼ੁਰ ਦੀ ਮਿਹਰ ਦੀਆਂ ਨਿਸ਼ਾਨੀਆਂ ਸਨ। ਪਰ ਸਾਰੇ ਮਸੀਹੀ ਬੀਮਾਰਾਂ ਨੂੰ ਚੰਗਾ ਨਹੀਂ ਕਰ ਸਕਦੇ ਸਨ, ਨਾ ਹੀ ਸਾਰੇ ਭਵਿੱਖਬਾਣੀ ਕਰ ਸਕਦੇ ਸਨ ਜਾਂ ਹੋਰ ਬੋਲੀਆਂ ਬੋਲ ਸਕਦੇ ਸਨ। ਪਰ ਉਨ੍ਹਾਂ ਲਈ ਇਹ ਬਹੁਤੀ ਵੱਡੀ ਗੱਲ ਨਹੀਂ ਸੀ ਕਿਉਂਕਿ ਇਨ੍ਹਾਂ ਕਰਾਮਾਤੀ ਦਾਤਾਂ ਨੇ ਹਮੇਸ਼ਾ ਨਹੀਂ ਰਹਿਣਾ ਸੀ। ਪਰ ਇਕ ਦਾਤ ਨੇ ਹਮੇਸ਼ਾ ਰਹਿਣਾ ਸੀ ਅਤੇ ਉਹ ਸਾਰਿਆਂ ਮਸੀਹੀਆਂ ਨੂੰ ਮਿਲ ਸਕਦੀ ਸੀ। ਉਹ ਹੋਰ ਕਿਸੇ ਵੀ ਕਰਾਮਾਤੀ ਦਾਤ ਨਾਲੋਂ ਵਧੀਆ ਤੇ ਜ਼ਿਆਦਾ ਦੇਰ ਰਹਿਣ ਵਾਲੀ ਚੀਜ਼ ਸੀ। ਦਰਅਸਲ ਪੌਲੁਸ ਨੇ ਉਸ ਨੂੰ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਸੱਦਿਆ ਸੀ। (1 ਕੁਰਿੰਥੀਆਂ 12:31) ਇਹ “ਸਰੇਸ਼ਟ ਮਾਰਗ” ਕੀ ਹੈ? ਇਹ ਪਿਆਰ ਦਾ ਮਾਰਗ ਹੈ।
ਯਹੋਵਾਹ ਦੇ ਲੋਕਾਂ ਦੀ ਨਿਸ਼ਾਨੀ ਹੈ ਕਿ ਉਹ ਆਪਸ ਵਿਚ ਇਕ-ਦੂਜੇ ਨਾਲ ਪਿਆਰ ਕਰਦੇ ਹਨ
22 ਜੀ ਹਾਂ, ਜਿਸ ਪ੍ਰੇਮ ਦੀ ਪੌਲੁਸ ਗੱਲ ਕਰ ਰਿਹਾ ਸੀ ਉਹ “ਕਦੇ ਟਲਦਾ ਨਹੀਂ” ਯਾਨੀ ਉਹ ਹਮੇਸ਼ਾ ਲਈ ਰਹੇਗਾ। ਅੱਜ ਵੀ ਇਹ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਨਿਸ਼ਾਨੀ ਹੈ। ਕੀ ਅਸੀਂ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਅਜਿਹੇ ਪਿਆਰ ਦਾ ਸਬੂਤ ਨਹੀਂ ਦੇਖ ਸਕਦੇ? ਇਹ ਪਿਆਰ ਹਮੇਸ਼ਾ ਰਹੇਗਾ ਕਿਉਂਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। (ਜ਼ਬੂਰਾਂ ਦੀ ਪੋਥੀ 37:9-11, 29) ਆਓ ਆਪਾਂ ਆਪਣੀ ਪੂਰੀ ਵਾਹ ਲਾ ਕੇ ‘ਪ੍ਰੇਮ ਨਾਲ ਚੱਲੀਏ।’ ਇਸ ਤਰ੍ਹਾਂ ਅਸੀਂ ਉਹ ਖ਼ੁਸ਼ੀ ਹਾਸਲ ਕਰਾਂਗੇ ਜੋ ਦੇਣ ਨਾਲ ਮਿਲਦੀ ਹੈ। ਇਸ ਤੋਂ ਵੀ ਵੱਧ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਪਰਮੇਸ਼ੁਰ ਦੀ ਨਕਲ ਕਰ ਕੇ ਹਮੇਸ਼ਾ ਲਈ ਜੀ ਕੇ ਦੂਜਿਆਂ ਨਾਲ ਹਮੇਸ਼ਾ ਲਈ ਪਿਆਰ ਕਰ ਸਕਾਂਗੇ।
23 ਪਿਆਰ ਦੀ ਚਰਚਾ ਬਾਰੇ ਇਹ ਆਖ਼ਰੀ ਅਧਿਆਇ ਹੈ। ਇਸ ਵਿਚ ਅਸੀਂ ਦੇਖਿਆ ਹੈ ਕਿ ਅਸੀਂ ਇਕ-ਦੂਜੇ ਨਾਲ ਪਿਆਰ ਕਿਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਯਹੋਵਾਹ ਦੀ ਸ਼ਕਤੀ, ਉਸ ਦੇ ਇਨਸਾਫ਼, ਉਸ ਦੀ ਬੁੱਧ ਅਤੇ ਖ਼ਾਸ ਕਰਕੇ ਉਸ ਦੇ ਪਿਆਰ ਤੋਂ ਇੰਨਾ ਲਾਭ ਹਾਸਲ ਕਰਦੇ ਹਾਂ ਕਿ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਮੈਂ ਯਹੋਵਾਹ ਨੂੰ ਕਿਸ ਤਰ੍ਹਾਂ ਦਿਖਾ ਸਕਦਾ ਹਾਂ ਕਿ ਮੈਂ ਉਸ ਨਾਲ ਪਿਆਰ ਕਰਦਾ ਹਾਂ?” ਇਸ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਅਸੀਂ ਇਸ ਸਵਾਲ ਉੱਤੇ ਚਰਚਾ ਕਰਾਂਗੇ।
a ਮਸੀਹੀ ਪਿਆਰ ਦਾ ਇਹ ਮਤਲਬ ਨਹੀਂ ਕਿ ਮਸੀਹੀ ਭੋਲ਼ੇ ਬਣ ਜਾਣ। ਬਾਈਬਲ ਸਾਨੂੰ ਸਾਵਧਾਨ ਕਰਦੀ ਹੈ: “ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ . . . ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ।”—ਰੋਮੀਆਂ 16:17.