ਇਕ ਵਿਭਾਜਿਤ ਸੰਸਾਰ ਵਿਚ ਮਸੀਹੀ ਪਰਾਹੁਣਚਾਰੀ
“ਇਸ ਲਈ ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।”—3 ਯੂਹੰਨਾ 8.
1. ਸ੍ਰਿਸ਼ਟੀਕਰਤਾ ਨੇ ਮਨੁੱਖਜਾਤੀ ਨੂੰ ਕਿਹੜੀਆਂ ਸਭ ਤੋਂ ਮਨਭਾਉਂਦੀਆਂ ਸੁਗਾਤਾਂ ਦਿੱਤੀਆਂ ਹਨ?
“ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਹ ਦੇ ਧੰਦੇ ਦੇ ਵਿੱਚ ਉਹ ਦੇ ਜੀਉਣ ਦੇ ਸਾਰਿਆਂ ਦਿਨਾਂ ਤੋੜੀ ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤਾ ਹੈ ਉਹ ਦੇ ਨਾਲ ਏਹ ਰਹੇਗਾ।” (ਉਪਦੇਸ਼ਕ ਦੀ ਪੋਥੀ 8:15) ਇਨ੍ਹਾਂ ਸ਼ਬਦਾਂ ਦੇ ਨਾਲ ਪ੍ਰਾਚੀਨ ਇਬਰਾਨੀ ਸਭਾਕਾਰ ਸਾਨੂੰ ਦੱਸਦਾ ਹੈ ਕਿ ਯਹੋਵਾਹ ਪਰਮੇਸ਼ੁਰ ਨਾ ਕੇਵਲ ਚਾਹੁੰਦਾ ਹੈ ਕਿ ਉਸ ਦੀ ਮਾਨਵ ਸ੍ਰਿਸ਼ਟੀ ਆਨੰਦਿਤ ਅਤੇ ਖ਼ੁਸ਼ ਹੋਵੇ ਬਲਕਿ ਉਹ ਉਨ੍ਹਾਂ ਦੇ ਇੰਜ ਹੋਣ ਦੇ ਲਈ ਜ਼ਰੀਏ ਵੀ ਪ੍ਰਦਾਨ ਕਰਦਾ ਹੈ। ਸਮੁੱਚੇ ਮਾਨਵ ਇਤਿਹਾਸ ਦੇ ਦੌਰਾਨ ਹਰ ਥਾਂ ਤੇ ਲੋਕਾਂ ਦੇ ਵਿਚ ਇਕ ਆਮ ਇੱਛਾ ਆਨੰਦ ਮਾਣਨਾ ਅਤੇ ਮੌਜਾਂ ਕਰਨੀਆਂ ਜਾਪਦੀ ਹੈ।
2. (ੳ) ਯਹੋਵਾਹ ਨੇ ਮਨੁੱਖਜਾਤੀ ਦੇ ਲਈ ਜੋ ਮਕਸਦ ਰੱਖਿਆ ਸੀ, ਉਸ ਦੀ ਉਨ੍ਹਾਂ ਨੇ ਕਿਵੇਂ ਕੁਵਰਤੋਂ ਕੀਤੀ ਹੈ? (ਅ) ਨਤੀਜਾ ਕੀ ਹੋਇਆ ਹੈ?
2 ਅੱਜ ਅਸੀਂ ਇਕ ਸੁਖਵਾਦੀ ਸਮਾਜ ਵਿਚ ਜੀ ਰਹੇ ਹਾਂ ਜਿਸ ਵਿਚ ਲੋਕੀ ਵਿਲਾਸ ਅਤੇ ਮੌਜਾਂ ਦੀ ਭਾਲ ਵਿਚ ਰੁੱਝੇ ਹੋਏ ਹਨ। ਅਧਿਕਤਰ ਲੋਕ “ਆਪ ਸੁਆਰਥੀ, . . . ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਬਣ ਗਏ ਹਨ, ਜਿਵੇਂ ਕਿ ਬਾਈਬਲ ਨੇ ਪੂਰਵ-ਸੂਚਿਤ ਕੀਤਾ ਸੀ। (2 ਤਿਮੋਥਿਉਸ 3:1-4) ਨਿਸ਼ਚੇ ਹੀ, ਇਹ ਯਹੋਵਾਹ ਪਰਮੇਸ਼ੁਰ ਨੇ ਜੋ ਮਕਸਦ ਰੱਖਿਆ ਸੀ, ਉਸ ਦਾ ਇਕ ਘੋਰ ਵਿਗਾੜ ਹੈ। ਜਦੋਂ ਮੌਜਾਂ ਦੀ ਭਾਲ ਖ਼ੁਦ ਵਿਚ ਹੀ ਇਕ ਟੀਚਾ ਬਣ ਜਾਂਦਾ ਹੈ, ਜਾਂ ਜਦੋਂ ਆਤਮ-ਸੰਤੋਖ ਹੀ ਇਕਮਾਤਰ ਉਦੇਸ਼ ਬਣ ਜਾਂਦਾ ਹੈ, ਤਾਂ ਕੋਈ ਅਸਲੀ ਸੰਤੁਸ਼ਟਤਾ ਨਹੀਂ ਹੁੰਦੀ ਹੈ, ਅਤੇ ‘ਸਾਰਿਆਂ ਦਾ ਸਾਰਾ ਵਿਅਰਥ ਅਤੇ ਹਵਾ ਦਾ ਫੱਕਣਾ ਬਣ ਜਾਂਦਾ ਹੈ।’ (ਉਪਦੇਸ਼ਕ ਦੀ ਪੋਥੀ 1:14; 2:11) ਇਸ ਦੇ ਫਲਸਰੂਪ, ਸੰਸਾਰ ਤਨਹਾ ਅਤੇ ਨਿਰਾਸ਼ ਲੋਕਾਂ ਨਾਲ ਭਰਿਆ ਹੋਇਆ ਹੈ, ਜੋ, ਕ੍ਰਮ ਅਨੁਸਾਰ, ਸਮਾਜ ਵਿਚ ਦੀਆਂ ਅਨੇਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ। (ਕਹਾਉਤਾਂ 18:1) ਲੋਕੀ ਇਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗਦੇ ਹਨ ਅਤੇ ਨਸਲੀ, ਜਾਤੀਗਤ, ਸਮਾਜਕ, ਅਤੇ ਆਰਥਿਕ ਤੌਰ ਤੇ ਵਿਭਾਜਿਤ ਹੋ ਜਾਂਦੇ ਹਨ।
3. ਅਸੀਂ ਅਸਲੀ ਆਨੰਦ ਅਤੇ ਸੰਤੁਸ਼ਟਤਾ ਕਿਵੇਂ ਪਾ ਸਕਦੇ ਹਾਂ?
3 ਹਾਲਾਤ ਕਿੰਨੇ ਹੀ ਭਿੰਨ ਹੋਣ ਜੇਕਰ ਲੋਕੀ ਦੂਜਿਆਂ ਦੇ ਨਾਲ ਵਰਤਾਉ ਕਰਨ ਦੇ ਯਹੋਵਾਹ ਦੇ ਤਰੀਕੇ—ਦਿਆਲੂ, ਉਦਾਰ, ਪਰਾਹੁਣਚਾਰੀ ਹੋਣ—ਦੀ ਰੀਸ ਕਰਨ! ਉਸ ਨੇ ਸਪੱਸ਼ਟ ਕੀਤਾ ਕਿ ਅਸਲੀ ਖ਼ੁਸ਼ੀ ਦਾ ਰਾਜ਼ ਆਪਣੀਆਂ ਖ਼ੁਦ ਦੀਆਂ ਇੱਛਾਵਾਂ ਨੂੰ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਨ ਵਿਚ ਨਹੀਂ ਹੈ। ਇਸ ਦੀ ਬਜਾਇ, ਕੁੰਜੀ ਇਹ ਹੈ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਅਸਲੀ ਆਨੰਦ ਅਤੇ ਸੰਤੁਸ਼ਟਤਾ ਪਾਉਣ ਦੇ ਲਈ, ਸਾਨੂੰ ਉਨ੍ਹਾਂ ਰੁਕਾਵਟਾਂ ਅਤੇ ਵਿਭਾਜਨਾਂ ਉੱਤੇ ਪ੍ਰਬਲ ਹੋਣਾ ਚਾਹੀਦਾ ਹੈ ਜੋ ਸ਼ਾਇਦ ਸਾਨੂੰ ਸੀਮਿਤ ਕਰ ਦੇਣ। ਅਤੇ ਸਾਨੂੰ ਉਨ੍ਹਾਂ ਵੱਲ ਹੱਥ ਵਟਾਉਣਾ ਚਾਹੀਦਾ ਹੈ ਜੋ ਸਾਡੇ ਨਾਲ-ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਹ ਜ਼ਰੂਰੀ ਹੈ ਕਿ ਅਸੀਂ ਇਸ ਸਲਾਹ ਵੱਲ ਧਿਆਨ ਦੇਈਏ: “ਇਸ ਲਈ ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।” (3 ਯੂਹੰਨਾ 8) ਸੁਯੋਗ ਵਿਅਕਤੀਆਂ ਨੂੰ ਪਰਾਹੁਣਚਾਰੀ ਦਿਖਾਉਣਾ, ਜਿਸ ਹੱਦ ਤਕ ਸਾਡੇ ਹਾਲਾਤ ਅਨੁਮਤੀ ਦੇਣ, ਦੋ ਤਰੀਕਿਆਂ ਵਿਚ ਲਾਹੇਵੰਦ ਹੁੰਦਾ ਹੈ—ਇਹ ਦੇਣਹਾਰਾਂ ਅਤੇ ਲੈਣਹਾਰਾਂ ਦੋਹਾਂ ਨੂੰ ਲਾਭ ਪਹੁੰਚਾਉਂਦਾ ਹੈ। ਤਾਂ ਫਿਰ, ਸੁਯੋਗ ਵਿਅਕਤੀਆਂ ਵਿਚ ਕੌਣ ਸ਼ਾਮਲ ਹਨ ਜਿਨ੍ਹਾਂ ਦੀ ਸਾਨੂੰ ‘ਆਗਤ ਭਾਗਤ ਕਰਨੀ’ ਚਾਹੀਦੀ ਹੈ?
‘ਅਨਾਥਾਂ ਅਤੇ ਵਿਧਵਾਂ ਦੀ ਸੁੱਧ ਲਵੋ’
4. ਯਹੋਵਾਹ ਦੇ ਕੁਝ ਲੋਕਾਂ ਦੇ ਦਰਮਿਆਨ ਵੀ ਪਰਿਵਾਰਕ ਸੰਬੰਧਾਂ ਵਿਚ ਕਿਹੜੀ ਤਬਦੀਲੀ ਦੇਖੀ ਜਾਂਦੀ ਹੈ?
4 ਸਥਿਰ ਪਰਿਵਾਰ ਅਤੇ ਸੁਖੀ ਵਿਆਹ ਅੱਜਕਲ੍ਹ ਇਕ ਦੁਰਲੱਭਤਾ ਹਨ। ਸੰਸਾਰ ਭਰ ਵਿਚ ਵਧਦੇ ਤਲਾਕ ਦਰ ਅਤੇ ਅਣਵਿਵਾਹਿਤ ਮਾਵਾਂ ਦੀ ਵਧਦੀ ਗਿਣਤੀ ਨੇ ਰਿਵਾਜੀ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਸਿੱਟੇ ਵਜੋਂ, ਅਨੇਕ ਜੋ ਹਾਲ ਹੀ ਦੇ ਸਾਲਾਂ ਵਿਚ ਯਹੋਵਾਹ ਦੇ ਗਵਾਹ ਬਣੇ ਹਨ, ਟੁੱਟੇ ਪਰਿਵਾਰਾਂ ਤੋਂ ਹਨ। ਉਹ ਜਾਂ ਤਾਂ ਤਲਾਕ-ਸ਼ੁਦਾ ਹਨ ਜਾਂ ਆਪਣੇ ਵਿਆਹੁਤਾ ਸਾਥੀਆਂ ਤੋਂ ਅੱਡ ਹੋਏ ਹਨ, ਜਾਂ ਉਹ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਰਹਿੰਦੇ ਹਨ। ਇਸ ਦੇ ਇਲਾਵਾ, ਜਿਵੇਂ ਕਿ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ, ਉਸ ਦੀ ਸਿਖਾਈ ਹੋਈ ਸੱਚਾਈ ਦੇ ਕਾਰਨ ਅਨੇਕ ਪਰਿਵਾਰਾਂ ਵਿਚ ਵਿਭਾਜਨ ਪੈਦਾ ਹੋਏ ਹਨ।—ਮੱਤੀ 10:34-37; ਲੂਕਾ 12:51-53.
5. ਯਿਸੂ ਨੇ ਕੀ ਕਿਹਾ ਸੀ ਜੋ ਵਿਭਾਜਿਤ ਪਰਿਵਾਰਾਂ ਦੇ ਜੀਆਂ ਲਈ ਉਤਸ਼ਾਹ ਦਾ ਸ੍ਰੋਤ ਹੋ ਸਕਦਾ ਹੈ?
5 ਨਵੇਂ ਵਿਅਕਤੀਆਂ ਨੂੰ ਸੱਚਾਈ ਦੇ ਲਈ ਇਕ ਦ੍ਰਿੜ੍ਹ ਸਥਿਤੀ ਅਪਣਾਉਂਦੇ ਹੋਏ ਦੇਖ ਕੇ ਸਾਨੂੰ ਹਾਰਦਿਕ ਖ਼ੁਸ਼ੀ ਹੁੰਦੀ ਹੈ, ਅਤੇ ਅਸੀਂ ਅਕਸਰ ਉਨ੍ਹਾਂ ਨੂੰ ਯਿਸੂ ਦੇ ਉਤਸ਼ਾਹਜਨਕ ਵਾਅਦੇ ਦੇ ਨਾਲ ਦਿਲਾਸਾ ਦਿੰਦੇ ਹਾਂ: “ਮੈਂ ਤੁਹਾਨੂੰ ਸਤ ਆਖਦਾ ਹਾਂ, ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ ਜਿਹੜਾ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ ਪਰ ਦੁਖਾਂ ਨਾਲ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।”—ਮਰਕੁਸ 10:29, 30.
6. ਅਸੀਂ ਆਪਣੇ ਦਰਮਿਆਨ “ਅਨਾਥਾਂ ਅਤੇ ਵਿਧਵਾਂ” ਦੇ ਲਈ ‘ਭਾਈ, ਭੈਣ, ਮਾਂ ਅਤੇ ਬਾਲ ਬੱਚੇ’ ਕਿਵੇਂ ਬਣ ਸਕਦੇ ਹਾਂ?
6 ਲੇਕਨ, ਇਹ “ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ” ਕੌਣ ਹਨ? ਇਕ ਰਾਜ ਗ੍ਰਹਿ ਵਿਖੇ ਵੱਡੀ ਗਿਣਤੀ ਵਿਚ, ਅਕਸਰ ਸੌ ਜਾਂ ਅਧਿਕ ਲੋਕਾਂ ਨੂੰ ਕੇਵਲ ਦੇਖਣਾ ਜੋ ਆਪਣੇ ਆਪ ਨੂੰ ਭਾਈ-ਭੈਣ ਆਖਦੇ ਹਨ, ਖ਼ੁਦਬਖ਼ੁਦ ਇਕ ਵਿਅਕਤੀ ਨੂੰ ਇਹ ਮਹਿਸੂਸ ਨਹੀਂ ਕਰਾਉਂਦਾ ਹੈ ਕਿ ਇਹ ਉਸ ਦੇ ਭਾਈ, ਭੈਣ, ਮਾਵਾਂ, ਅਤੇ ਬਾਲ ਬੱਚੇ ਹਨ। ਇਸ ਨੁਕਤੇ ਉੱਤੇ ਧਿਆਨ ਦਿਓ: ਚੇਲਾ ਯਾਕੂਬ ਸਾਨੂੰ ਚੇਤੇ ਕਰਾਉਂਦਾ ਹੈ ਕਿ ਸਾਡੀ ਉਪਾਸਨਾ ਨੂੰ ਯਹੋਵਾਹ ਨੂੰ ਪ੍ਰਵਾਨਣਯੋਗ ਹੋਣ ਦੇ ਲਈ, ਸਾਨੂੰ “ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ” ਚਾਹੀਦਾ ਹੈ। (ਯਾਕੂਬ 1:27) ਇਸ ਦਾ ਇਹ ਅਰਥ ਹੈ ਕਿ ਆਰਥਿਕ ਘਮੰਡ ਅਤੇ ਜਾਤ ਉੱਚਤਾ ਵਾਲੇ ਸੰਸਾਰਕ ਰਵੱਈਏ ਦੇ ਕਾਰਨ ਸਾਨੂੰ ਅਜਿਹੇ “ਅਨਾਥਾਂ ਅਤੇ ਵਿਧਵਾਂ” ਦੇ ਪ੍ਰਤੀ ਆਪਣੀ ਦਇਆ ਦਾ ਦੁਆਰ ਬੰਦ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਬਜਾਇ ਸਾਨੂੰ ਉਨ੍ਹਾਂ ਨਾਲ ਸੰਗਤ ਕਰਨ ਅਤੇ ਪਰਾਹੁਣਚਾਰੀ ਦਿਖਾਉਣ ਵਿਚ ਪਹਿਲ ਕਰਨੀ ਚਾਹੀਦੀ ਹੈ।
7. (ੳ) “ਅਨਾਥਾਂ ਅਤੇ ਵਿਧਵਾਂ” ਦੇ ਪ੍ਰਤੀ ਪਰਾਹੁਣਾਚਾਰ ਹੋਣ ਦਾ ਅਸਲੀ ਮਕਸਦ ਕੀ ਹੈ? (ਅ) ਮਸੀਹੀ ਪਰਾਹੁਣਚਾਰੀ ਦਿਖਾਉਣ ਵਿਚ ਹੋਰ ਕੌਣ ਵੀ ਹਿੱਸਾ ਲੈ ਸਕਦੇ ਹਨ?
7 “ਅਨਾਥਾਂ ਅਤੇ ਵਿਧਵਾਂ” ਨੂੰ ਪਰਾਹੁਣਚਾਰੀ ਦਿਖਾਉਣ ਦੇ ਵਿਚ ਹਮੇਸ਼ਾ ਉਨ੍ਹਾਂ ਚੀਜ਼ਾਂ ਦੀ ਪੂਰਤੀ ਕਰਨੀ ਸ਼ਾਮਲ ਨਹੀਂ ਹੁੰਦੀ ਹੈ, ਜਿਨ੍ਹਾਂ ਦੀ ਸ਼ਾਇਦ ਉਨ੍ਹਾਂ ਨੂੰ ਭੌਤਿਕ ਤੌਰ ਤੇ ਕਮੀ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਜਾਂ ਧਾਰਮਿਕ ਰੂਪ ਵਿਚ ਵਿਭਾਜਿਤ ਘਰਾਣੇ ਮਾਲੀ ਤੌਰ ਤੇ ਤੰਗੀ ਵਿਚ ਹੋਣ। ਪਰੰਤੂ, ਸੁਅਸਥਕਾਰੀ ਸੰਗਤ, ਪਰਿਵਾਰਕ ਮਾਹੌਲ, ਵਿਭਿੰਨ ਉਮਰਾਂ ਦੇ ਵਿਅਕਤੀਆਂ ਨਾਲ ਮੇਲ, ਅਤੇ ਅਧਿਆਤਮਿਕ ਚੰਗੀਆਂ ਚੀਜ਼ਾਂ ਨੂੰ ਸਾਂਝਿਆਂ ਕਰਨਾ—ਇਹ ਜੀਵਨ ਦੇ ਉਹ ਪਹਿਲੂ ਹਨ ਜੋ ਬਹੁਮੁੱਲੇ ਹਨ। ਇਸ ਤਰ੍ਹਾਂ, ਇਹ ਯਾਦ ਰੱਖਦੇ ਹੋਏ ਕਿ ਮੌਕੇ ਦਾ ਵਿਸਤਾਰ ਨਹੀਂ, ਬਲਕਿ ਪ੍ਰੇਮ ਅਤੇ ਏਕਤਾ ਦੀ ਆਤਮਾ ਮਹੱਤਵਪੂਰਣ ਹੈ, ਇਹ ਕਿੰਨਾ ਵਧੀਆ ਹੈ ਕਿ, ਕਦੇ-ਕਦੇ, ‘ਅਨਾਥ ਅਤੇ ਵਿਧਵਾਂ’ ਵੀ ਸੰਗੀ ਮਸੀਹੀਆਂ ਨੂੰ ਪਰਾਹੁਣਚਾਰੀ ਦਿਖਾਉਣ ਵਿਚ ਹਿੱਸਾ ਲੈ ਸਕਦੇ ਹਨ!—ਤੁਲਨਾ ਕਰੋ 1 ਰਾਜਿਆਂ 17:8-16.
ਕੀ ਸਾਡੇ ਦਰਮਿਆਨ ਵਿਦੇਸ਼ੀ ਹਨ?
8. ਯਹੋਵਾਹ ਦੇ ਗਵਾਹਾਂ ਦੀਆਂ ਅਨੇਕ ਕਲੀਸਿਯਾਵਾਂ ਵਿਚ ਕਿਹੜੀ ਤਬਦੀਲੀ ਦੇਖੀ ਜਾਂਦੀ ਹੈ?
8 ਅਸੀਂ ਅਜਿਹੇ ਸਮੇਂ ਵਿਚ ਜੀਉਂਦੇ ਹਾਂ ਜਦੋਂ ਵੱਡੀ ਸੰਖਿਆ ਵਿਚ ਲੋਕ ਪਰਵਾਸ ਕਰ ਰਹੇ ਹਨ। “ਪੂਰੇ ਸੰਸਾਰ ਵਿਚ ਦਸ ਕਰੋੜ ਤੋਂ ਵੱਧ ਲੋਕ ਅਜਿਹੇ ਦੇਸ਼ਾਂ ਵਿਚ ਰਹਿ ਰਹੇ ਹਨ ਜਿਨ੍ਹਾਂ ਦੇ ਉਹ ਵਸਨੀਕ ਨਹੀਂ ਹਨ, ਅਤੇ ਦੋ ਕਰੋੜ ਤੀਹ ਲੱਖ ਆਪਣੇ ਹੀ ਦੇਸ਼ ਵਿਚ ਨਿਥਾਵੇਂ ਕੀਤੇ ਗਏ ਹਨ,” ਵਰਲਡ ਪ੍ਰੈੱਸ ਰਿਵਿਊ ਕਹਿੰਦਾ ਹੈ। ਇਸ ਦਾ ਇਕ ਸਿੱਧਾ ਨਤੀਜਾ ਇਹ ਹੋਇਆ ਹੈ ਕਿ ਅਨੇਕ ਥਾਵਾਂ ਵਿਚ, ਖ਼ਾਸ ਕਰਕੇ ਵੱਡੇ ਸ਼ਹਿਰਾਂ ਵਿਚ, ਯਹੋਵਾਹ ਦੇ ਲੋਕਾਂ ਦੀਆਂ ਕਲੀਸਿਯਾਵਾਂ ਜੋ ਇਕ ਸਮੇਂ ਅਧਿਕਤਰ ਇੱਕੋ ਹੀ ਜਾਤੀ ਜਾਂ ਕੌਮੀਅਤ ਦੇ ਲੋਕਾਂ ਨਾਲ ਬਣੀਆਂ ਹੁੰਦੀਆਂ ਸਨ, ਹੁਣ ਉਨ੍ਹਾਂ ਵਿਚ ਦੁਨੀਆਂ ਦੇ ਵਿਭਿੰਨ ਭਾਗਾਂ ਤੋਂ ਆਏ ਲੋਕ ਸ਼ਾਮਲ ਹਨ। ਸ਼ਾਇਦ ਜਿੱਥੇ ਤੁਸੀਂ ਹੋ, ਉੱਥੇ ਵੀ ਇਹ ਸੱਚ ਹੈ। ਪਰੰਤੂ, ਸਾਨੂੰ ਇਨ੍ਹਾਂ “ਪਰਾਇਆਂ” ਅਤੇ “ਵਿਦੇਸ਼ੀਆਂ” ਨੂੰ, ਜਿਵੇਂ ਕਿ ਦੁਨੀਆਂ ਸ਼ਾਇਦ ਉਨ੍ਹਾਂ ਨੂੰ ਆਖੇ, ਕਿਵੇਂ ਵਿਚਾਰਨਾ ਚਾਹੀਦਾ ਹੈ, ਜਿਨ੍ਹਾਂ ਦੀ ਭਾਸ਼ਾ, ਰਿਵਾਜ, ਅਤੇ ਜੀਵਨ-ਢੰਗ ਸਾਡੇ ਨਾਲੋਂ ਭਿੰਨ ਹਨ?
9. ਮਸੀਹੀ ਕਲੀਸਿਯਾ ਵਿਚ “ਪਰਾਇਆਂ” ਅਤੇ “ਵਿਦੇਸ਼ੀਆਂ” ਦੇ ਪ੍ਰਵੇਸ਼ ਬਾਰੇ ਸਾਡੇ ਦ੍ਰਿਸ਼ਟੀਕੋਣ ਦੇ ਸੰਬੰਧ ਵਿਚ, ਅਸੀਂ ਕਿਹੜੇ ਗੰਭੀਰ ਖ਼ਤਰੇ ਵਿਚ ਫਸ ਸਕਦੇ ਹਾਂ?
9 ਸਰਲ ਸ਼ਬਦਾਂ ਵਿਚ, ਸਾਨੂੰ ਕਿਸੇ ਵੀ ਵਿਦੇਸ਼-ਦਵੈਖੀ ਝੁਕਾਉ ਦੇ ਕਾਰਨ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ ਕਿ ਅਸੀਂ ਇਕ ਓਪਰੇ ਜਾਂ ਅਖਾਉਤੀ ਗ਼ੈਰ-ਮਸੀਹੀ ਦੇਸ਼ ਤੋਂ ਆਏ ਲੋਕਾਂ ਨਾਲੋਂ ਕਿਸੇ ਵੀ ਤਰੀਕੇ ਤੋਂ ਸੱਚਾਈ ਨੂੰ ਜਾਣਨ ਦੇ ਵਿਸ਼ੇਸ਼-ਸਨਮਾਨ ਦੇ ਜ਼ਿਆਦਾ ਯੋਗ ਹਾਂ; ਨਾ ਹੀ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਨਵ-ਆਗਤ ਵਿਅਕਤੀ ਰਾਜ ਗ੍ਰਹਿ ਜਾਂ ਹੋਰ ਥਾਵਾਂ ਦੀ ਵਰਤੋਂ ਉੱਤੇ ਨਾਜਾਇਜ਼ ਹੱਕ ਜਮਾ ਰਹੇ ਹਨ। ਰਸੂਲ ਪੌਲੁਸ ਨੂੰ ਅਜਿਹੇ ਦ੍ਰਿਸ਼ਟੀਕੋਣ ਰੱਖਣ ਵਾਲੇ ਪਹਿਲੀ-ਸਦੀ ਦੇ ਕੁਝ ਯਹੂਦੀ ਮਸੀਹੀਆਂ ਨੂੰ ਚੇਤੇ ਕਰਾਉਣਾ ਪਿਆ ਕਿ ਅਸਲ ਵਿਚ ਕੋਈ ਵੀ ਯੋਗ ਨਹੀਂ ਸਨ; ਇਹ ਤਾਂ ਪਰਮੇਸ਼ੁਰ ਦੀ ਅਯੋਗ ਦਿਆਲਗੀ ਸੀ ਜਿਸ ਦੇ ਕਾਰਨ ਕਿਸੇ ਦੇ ਲਈ ਵੀ ਮੁਕਤੀ ਹਾਸਲ ਕਰਨਾ ਸੰਭਵ ਹੋਇਆ। (ਰੋਮੀਆਂ 3:9-12, 23, 24) ਸਾਨੂੰ ਆਨੰਦ ਮਨਾਉਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਅਯੋਗ ਦਿਆਲਗੀ ਹੁਣ ਇੰਨੇ ਸਾਰੇ ਲੋਕਾਂ ਤਕ ਪਹੁੰਚ ਰਹੀ ਹੈ ਜੋ, ਕਿਸੇ-ਨ-ਕਿਸੇ ਤਰੀਕੇ ਵਿਚ, ਖ਼ੁਸ਼ ਖ਼ਬਰੀ ਨੂੰ ਸੁਣਨ ਦੇ ਮੌਕੇ ਤੋਂ ਵਾਂਝੇ ਰਹੇ ਸਨ। (1 ਤਿਮੋਥਿਉਸ 2:4) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਉਨ੍ਹਾਂ ਦੇ ਲਈ ਸਾਡਾ ਸਨੇਹ ਅਸਲੀ ਹੈ?
10. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਦਰਮਿਆਨ “ਵਿਦੇਸ਼ੀਆਂ” ਦੇ ਪ੍ਰਤੀ ਸੱਚੇ ਦਿਲੋਂ ਪਰਾਹੁਣਾਚਾਰ ਹਾਂ?
10 ਅਸੀਂ ਪੌਲੁਸ ਦੀ ਨਸੀਹਤ ਦੀ ਪੈਰਵੀ ਕਰ ਸਕਦੇ ਹਾਂ: “ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ।” (ਰੋਮੀਆਂ 15:7) ਇਸ ਗੱਲ ਨੂੰ ਸਮਝਦੇ ਹੋਏ ਕਿ ਦੂਜੇ ਦੇਸ਼ਾਂ ਜਾਂ ਪਿਛੋਕੜਾਂ ਤੋਂ ਆਏ ਲੋਕ ਅਕਸਰ ਪ੍ਰਤਿਕੂਲ ਅਵਸਥਾ ਵਿਚ ਹੁੰਦੇ ਹਨ, ਸਾਨੂੰ ਉਨ੍ਹਾਂ ਦੇ ਪ੍ਰਤੀ ਦਿਆਲਗੀ ਅਤੇ ਚਿੰਤਾ ਦਿਖਾਉਣੀ ਚਾਹੀਦੀ ਹੈ ਜਦੋਂ ਸਾਡੇ ਵਿਚ ਇੰਜ ਕਰਨ ਦੀ ਸਮਰਥਾ ਹੈ। ਸਾਨੂੰ ਆਪਣੇ ਦਰਮਿਆਨ ਉਨ੍ਹਾਂ ਦਾ ਸੁਆਗਤ ਕਰਨਾ, ਉਨ੍ਹਾਂ ਵਿੱਚੋਂ ਹਰ ਇਕ ਦੇ ਨਾਲ “ਆਪਣੇ ਵਿੱਚ ਜੰਮਿਆ” ਵਰਗਾ ਵਰਤਾਉ ਕਰਨਾ, ਅਤੇ “ਉਸ ਦੇ ਨਾਲ ਆਪਣੇ ਜਿਹਾ ਪਿਆਰ” ਕਰਨਾ ਚਾਹੀਦਾ ਹੈ। (ਲੇਵੀਆਂ 19:34) ਇਹ ਕਰਨਾ ਸ਼ਾਇਦ ਸੌਖਾ ਨਾ ਹੋਵੇ, ਲੇਕਨ ਅਸੀਂ ਸਫ਼ਲ ਹੋਵਾਂਗੇ ਜੇਕਰ ਅਸੀਂ ਇਹ ਸਲਾਹ ਯਾਦ ਰੱਖਦੇ ਹਾਂ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:2.
ਪਵਿੱਤਰ ਜਣਿਆਂ ਦੇ ਨਾਲ ਸਾਂਝਿਆਂ ਕਰੋ
11, 12. ਯਹੋਵਾਹ ਦੇ ਕੁਝ ਸੇਵਕਾਂ ਨੂੰ (ੳ) ਪ੍ਰਾਚੀਨ ਇਸਰਾਏਲ (ਅ) ਪਹਿਲੀ ਸਦੀ ਵਿਚ ਕਿਹੜਾ ਖ਼ਾਸ ਧਿਆਨ ਦਿੱਤਾ ਜਾਂਦਾ ਸੀ?
11 ਸਾਡੇ ਧਿਆਨ ਅਤੇ ਪਰਾਹੁਣਚਾਰੀ ਦੇ ਸੱਚ-ਮੁੱਚ ਹੀ ਯੋਗ ਵਿਅਕਤੀਆਂ ਵਿਚ ਉਹ ਪ੍ਰੌੜ੍ਹ ਮਸੀਹੀ ਸ਼ਾਮਲ ਹਨ ਜੋ ਸਾਡੀ ਅਧਿਆਤਮਿਕ ਕਲਿਆਣ ਦੇ ਲਈ ਸਖ਼ਤ ਮਿਹਨਤ ਕਰਦੇ ਹਨ। ਯਹੋਵਾਹ ਨੇ ਪ੍ਰਾਚੀਨ ਇਸਰਾਏਲ ਵਿਚ ਜਾਜਕਾਂ ਅਤੇ ਲੇਵੀਆਂ ਦੇ ਲਈ ਖ਼ਾਸ ਪ੍ਰਬੰਧ ਕੀਤੇ ਸਨ। (ਗਿਣਤੀ 18:25-29) ਪਹਿਲੀ ਸਦੀ ਵਿਚ, ਮਸੀਹੀਆਂ ਨੂੰ ਵੀ ਉਨ੍ਹਾਂ ਵਿਅਕਤੀਆਂ ਦੀ ਪਰਵਾਹ ਕਰਨ ਲਈ ਜ਼ੋਰ ਦਿੱਤਾ ਗਿਆ ਸੀ ਜੋ ਖ਼ਾਸ ਹੈਸੀਅਤ ਵਿਚ ਉਨ੍ਹਾਂ ਦੀ ਸੇਵਾ ਕਰਦੇ ਸਨ। ਤੀਜਾ ਯੂਹੰਨਾ 5-8 ਦਾ ਬਿਰਤਾਂਤ ਸਾਨੂੰ ਮੁਢਲੇ ਮਸੀਹੀਆਂ ਦੇ ਵਿਚਕਾਰ ਮੌਜੂਦ ਪ੍ਰੇਮ ਦੇ ਗੂੜ੍ਹੇ ਬੰਧਨ ਦੀ ਇਕ ਝਲਕ ਦਿੰਦਾ ਹੈ।
12 ਬਿਰਧ ਰਸੂਲ ਯੂਹੰਨਾ ਨੇ ਉਸ ਦਿਆਲਗੀ ਅਤੇ ਪਰਾਹੁਣਚਾਰੀ ਦੀ ਅਤਿ ਕਦਰ ਕੀਤੀ ਜੋ ਗਾਯੁਸ ਨੇ ਕਲੀਸਿਯਾ ਨਾਲ ਮੁਲਾਕਾਤ ਕਰਨ ਲਈ ਭੇਜੇ ਗਏ ਕੁਝ ਸਫ਼ਰੀ ਭਰਾਵਾਂ ਦੇ ਪ੍ਰਤੀ ਦਿਖਾਈ ਸੀ। ਇਹ ਭਰਾਂ—ਜਿਨ੍ਹਾਂ ਵਿਚ ਦੇਮੇਤ੍ਰਿਯੁਸ ਪ੍ਰਤੱਖ ਤੌਰ ਤੇ ਉਸ ਪੱਤਰੀ ਦਾ ਵਾਹਕ, ਵੀ ਸ਼ਾਮਲ ਸੀ—ਸਾਰੇ ਪਹਿਲਾਂ ਗਾਯੁਸ ਲਈ ਓਪਰੇ ਜਾਂ ਨਾਲ ਅਪਰਿਚਿਤ ਸਨ। ਪਰੰਤੂ ਉਨ੍ਹਾਂ ਦਾ ਪਰਾਹੁਣਾਚਾਰ ਤਰੀਕੇ ਨਾਲ ਸੁਆਗਤ ਕੀਤਾ ਗਿਆ ਕਿਉਂਕਿ “ਓਹ [ਪਰਮੇਸ਼ੁਰ ਦੇ] ਨਾਮ ਦੇ ਨਮਿੱਤ ਨਿੱਕਲ ਤੁਰੇ” ਸਨ। ਯੂਹੰਨਾ ਇਸ ਨੂੰ ਇੰਜ ਅਭਿਵਿਅਕਤ ਕਰਦਾ ਹੈ: “ਇਸ ਲਈ ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।”—3 ਯੂਹੰਨਾ 1, 7, 8.
13. ਅੱਜ ਸਾਡੇ ਵਿੱਚੋਂ ਖ਼ਾਸ ਕਰਕੇ ਕੌਣ ‘ਆਗਤ ਭਾਗਤ’ ਕੀਤੇ ਜਾਣ ਦੇ ਲਾਇਕ ਹਨ?
13 ਅੱਜ, ਯਹੋਵਾਹ ਦੇ ਸੰਗਠਨ ਵਿਚ ਅਨੇਕ ਵਿਅਕਤੀ ਹਨ ਜੋ ਭਰਾਵਾਂ ਦੀ ਪੂਰੀ ਸੰਗਤ ਦੇ ਨਿਮਿੱਤ ਆਪਣੀ ਪੂਰੀ ਵਾਹ ਲਗਾ ਰਹੇ ਹਨ। ਇਨ੍ਹਾਂ ਵਿਚ ਸਫ਼ਰੀ ਨਿਗਾਹਬਾਨ ਸ਼ਾਮਲ ਹਨ, ਜੋ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਵਿਚ ਹਫ਼ਤੇ-ਬ-ਹਫ਼ਤੇ ਆਪਣਾ ਸਮਾਂ ਅਤੇ ਸ਼ਕਤੀ ਲਗਾਉਂਦੇ ਹਨ; ਮਿਸ਼ਨਰੀ, ਜੋ ਵਿਦੇਸ਼ਾਂ ਵਿਚ ਪ੍ਰਚਾਰ ਕਰਨ ਦੇ ਲਈ ਪਰਿਵਾਰਾਂ ਅਤੇ ਮਿੱਤਰਾਂ ਨੂੰ ਪਿੱਛੇ ਛੱਡ ਆਉਂਦੇ ਹਨ; ਬੈਥਲ ਘਰਾਂ ਜਾਂ ਸ਼ਾਖਾ ਦਫ਼ਤਰਾਂ ਵਿਚ ਸੇਵਾ ਕਰਨ ਵਾਲੇ ਵਿਅਕਤੀ, ਜੋ ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਨੂੰ ਸਮਰਥਨ ਦੇਣ ਦੇ ਲਈ ਸਵੈ-ਇੱਛੁਕ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਨ; ਅਤੇ ਪਾਇਨੀਅਰ ਸੇਵਾ ਵਿਚ ਲੱਗੇ ਹੋਏ ਵਿਅਕਤੀ, ਜੋ ਆਪਣੇ ਸਮੇਂ ਅਤੇ ਸ਼ਕਤੀ ਦਾ ਵੱਡਾ ਭਾਗ ਖੇਤਰ ਸੇਵਕਾਈ ਵਿਚ ਲਗਾਉਂਦੇ ਹਨ। ਬੁਨਿਆਦੀ ਤੌਰ ਤੇ, ਇਹ ਸਾਰੇ ਵਿਅਕਤੀ ਕਿਸੇ ਨਿੱਜੀ ਮਹਿਮਾ ਜਾਂ ਲਾਭ ਦੇ ਲਈ ਨਹੀਂ, ਬਲਕਿ ਮਸੀਹੀ ਭਾਈਚਾਰੇ ਦੇ ਲਈ ਅਤੇ ਯਹੋਵਾਹ ਦੇ ਲਈ ਪ੍ਰੇਮ ਦੇ ਕਾਰਨ ਸਖ਼ਤ ਮਿਹਨਤ ਕਰਦੇ ਹਨ। ਉਹ ਆਪਣੀ ਪੂਰਣ-ਪ੍ਰਾਣ ਭਗਤੀ ਦੇ ਕਾਰਨ ਸਾਡੇ ਲਈ ਰੀਸ ਕਰਨ ਦੇ ਯੋਗ ਹਨ ਅਤੇ ‘ਆਗਤ ਭਾਗਤ’ ਕੀਤੇ ਜਾਣ ਦੇ ਲਾਇਕ ਹਨ।
14. (ੳ) ਇਹ ਕਿਵੇਂ ਹੈ ਕਿ ਅਸੀਂ ਬਿਹਤਰ ਮਸੀਹੀ ਬਣਦੇ ਹਾਂ ਜਦੋਂ ਅਸੀਂ ਨਿਹਚਾਵਾਨਾਂ ਨੂੰ ਪਰਾਹੁਣਚਾਰੀ ਦਿਖਾਉਂਦੇ ਹਾਂ? (ਅ) ਯਿਸੂ ਨੇ ਕਿਉਂ ਕਿਹਾ ਕਿ ਮਰਿਯਮ ਨੇ “ਚੰਗਾ ਹਿੱਸਾ” ਚੁਣਿਆ ਸੀ?
14 ਰਸੂਲ ਯੂਹੰਨਾ ਨੇ ਦੱਸਿਆ ਕਿ ਜਦੋਂ ਅਸੀਂ ‘ਏਹੋ ਜੇਹਿਆਂ ਦੀ ਆਗਤ ਭਾਗਤ ਕਰਦੇ ਹਾਂ,’ ਤਾਂ ਅਸੀਂ ‘ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋ ਜਾਂਦੇ ਹਾਂ।’ ਇਕ ਅਰਥ ਵਿਚ, ਅਸੀਂ ਸਿੱਟੇ ਵਜੋਂ ਬਿਹਤਰ ਮਸੀਹੀ ਬਣ ਜਾਂਦੇ ਹਾਂ। ਇਹ ਇਸ ਲਈ ਹੈ ਕਿਉਂਕਿ ਮਸੀਹੀ ਕੰਮਾਂ ਵਿਚ ਸੰਗੀ ਵਿਸ਼ਵਾਸੀਆਂ ਦੇ ਪ੍ਰਤੀ ਭਲਿਆਈ ਕਰਨੀ ਵੀ ਸ਼ਾਮਲ ਹੈ। (ਕਹਾਉਤਾਂ 3:27, 28; 1 ਯੂਹੰਨਾ 3:18) ਇਕ ਹੋਰ ਵੀ ਤਰੀਕੇ ਵਿਚ ਪ੍ਰਤਿਫਲ ਮਿਲਦੇ ਹਨ। ਜਦੋਂ ਮਰਿਯਮ ਅਤੇ ਮਾਰਥਾ ਨੇ ਯਿਸੂ ਦਾ ਆਪਣੇ ਘਰ ਵਿਚ ਸੁਆਗਤ ਕੀਤਾ, ਤਾਂ ਮਾਰਥਾ ਯਿਸੂ ਦੇ ਲਈ “ਬਹੁਤੀਆਂ ਵਸਤਾਂ” ਤਿਆਰ ਕਰਨ ਦੇ ਦੁਆਰਾ ਇਕ ਚੰਗੀ ਮੀਜ਼ਬਾਨ ਹੋਣਾ ਚਾਹੁੰਦੀ ਸੀ। ਮਰਿਯਮ ਨੇ ਇਕ ਵੱਖਰੇ ਤਰੀਕੇ ਵਿਚ ਪਰਾਹੁਣਚਾਰੀ ਦਿਖਾਈ। ਉਹ “ਪ੍ਰਭੁ ਦੇ ਚਰਨਾਂ ਕੋਲ ਬੈਠ ਕੇ ਉਹ ਦਾ ਬਚਨ ਸੁਣਦੀ ਸੀ,” ਅਤੇ ਯਿਸੂ ਨੇ “ਚੰਗਾ ਹਿੱਸਾ” ਚੁਣਨ ਦੇ ਲਈ ਉਸ ਦੀ ਸ਼ਲਾਘਾ ਕੀਤੀ। (ਲੂਕਾ 10:38-42) ਕਾਫ਼ੀ ਵਰ੍ਹਿਆਂ ਦਾ ਅਨੁਭਵ ਰੱਖਣ ਵਾਲੇ ਵਿਅਕਤੀਆਂ ਦੇ ਨਾਲ ਕੀਤੀਆਂ ਗੱਲਾਂ ਬਾਤਾਂ ਅਤੇ ਚਰਚੇ ਅਕਸਰ ਉਨ੍ਹਾਂ ਦੀ ਸੰਗਤ ਵਿਚ ਬਿਤਾਏ ਗਏ ਇਕ ਸ਼ਾਮ ਦੀ ਖ਼ਾਸੀਅਤ ਹੁੰਦੇ ਹਨ।—ਰੋਮੀਆਂ 1:11, 12.
ਖ਼ਾਸ ਮੌਕਿਆਂ ਤੇ
15. ਕਿਹੜੇ ਖ਼ਾਸ ਮੌਕੇ ਯਹੋਵਾਹ ਦੇ ਲੋਕਾਂ ਲਈ ਖ਼ੁਸ਼ੀ ਦੇ ਸਮੇਂ ਸਾਬਤ ਹੋ ਸਕਦੇ ਹਨ?
15 ਹਾਲਾਂਕਿ ਸੱਚੇ ਮਸੀਹੀ ਪ੍ਰਚਲਿਤ ਰੀਤਾਂ ਦੀ ਪੈਰਵੀ ਨਹੀਂ ਕਰਦੇ ਹਨ ਅਤੇ ਨਾ ਹੀ ਸੰਸਾਰਕ ਛੁੱਟੀਆਂ ਅਤੇ ਤਿਉਹਾਰਾਂ ਨੂੰ ਮਨਾਉਂਦੇ ਹਨ, ਤਾਂ ਵੀ ਅਜਿਹੇ ਮੌਕੇ ਹੁੰਦੇ ਹਨ ਜਦੋਂ ਉਹ ਇਕ ਦੂਜੇ ਦੀ ਸੰਗਤ ਦਾ ਆਨੰਦ ਮਾਣਨ ਦੇ ਲਈ ਇਕੱਠੇ ਹੁੰਦੇ ਹਨ। ਮਿਸਾਲ ਵਜੋਂ, ਯਿਸੂ ਕਾਨਾ ਵਿਖੇ ਇਕ ਵਿਆਹ ਦੀ ਦਾਅਵਤ ਵਿਚ ਹਾਜ਼ਰ ਹੋਇਆ ਅਤੇ ਉਸ ਨੇ ਉੱਥੇ ਆਪਣਾ ਪਹਿਲਾ ਚਮਤਕਾਰ ਕਰਨ ਦੇ ਦੁਆਰਾ ਉਸ ਮੌਕੇ ਦੇ ਆਨੰਦ ਨੂੰ ਹੋਰ ਵਧਾਇਆ। (ਯੂਹੰਨਾ 2:1-11) ਉਵੇਂ ਅੱਜ ਵੀ, ਯਹੋਵਾਹ ਦੇ ਲੋਕ ਇਸੇ ਤਰ੍ਹਾਂ ਦੇ ਖ਼ਾਸ ਮੌਕਿਆਂ ਤੇ ਇਕੱਠੇ ਮਿਲ ਕੇ ਖ਼ੁਸ਼ੀ ਦਾ ਸਮਾਂ ਬਿਤਾਉਂਦੇ ਹਨ, ਅਤੇ ਉਪਯੁਕਤ ਜਸ਼ਨ ਤੇ ਰੌਣਕ-ਮੇਲਾ ਅਜਿਹੀਆਂ ਘਟਨਾਵਾਂ ਨੂੰ ਚਾਰ ਚੰਨ ਲਗਾ ਦਿੰਦੇ ਹਨ। ਲੇਕਨ, ਕਿਹੜੀਆਂ ਗੱਲਾਂ ਉਪਯੁਕਤ ਹਨ?
16. ਖ਼ਾਸ ਮੌਕਿਆਂ ਲਈ ਵੀ ਸਾਡੇ ਕੋਲ ਉਚਿਤ ਆਚਰਣ ਦੇ ਸੰਬੰਧ ਵਿਚ ਕਿਹੜੇ ਮਾਰਗ-ਦਰਸ਼ਨ ਹਨ?
16 ਬਾਈਬਲ ਦੇ ਆਪਣੇ ਅਧਿਐਨ ਤੋਂ, ਅਸੀਂ ਸਿੱਖਦੇ ਹਾਂ ਕਿ ਮਸੀਹੀਆਂ ਦੇ ਲਈ ਉਪਯੁਕਤ ਆਚਰਣ ਕੀ ਹੈ, ਅਤੇ ਇਸ ਦੀ ਪੈਰਵੀ ਅਸੀਂ ਹਰ ਵੇਲੇ ਕਰਦੇ ਹਾਂ। (ਰੋਮੀਆਂ 13:12-14; ਗਲਾਤੀਆਂ 5:19-21; ਅਫ਼ਸੀਆਂ 5:3-5) ਸਮਾਜਕ ਇਕੱਠ, ਭਾਵੇਂ ਵਿਆਹ-ਉਤਸਵ ਦੇ ਸੰਬੰਧ ਵਿਚ ਹੋਵੇ ਜਾਂ ਕਿਸੇ ਹੋਰ ਕਾਰਨ ਹੋਵੇ, ਸਾਨੂੰ ਆਪਣੇ ਮਸੀਹੀ ਮਿਆਰਾਂ ਨੂੰ ਤਿਆਗਣ ਜਾਂ ਅਜਿਹਾ ਕੁਝ ਕਰਨ ਦੀ ਖੁੱਲ੍ਹ ਨਹੀਂ ਦਿੰਦੇ ਹਨ, ਜੋ ਅਸੀਂ ਆਮ ਤੌਰ ਤੇ ਨਾ ਕਰਦੇ; ਨਾ ਹੀ ਅਸੀਂ ਜਿਸ ਦੇਸ਼ ਵਿਚ ਰਹਿੰਦੇ ਹਾਂ ਉੱਥੇ ਦੀਆਂ ਸਾਰੀਆਂ ਰੀਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ। ਇਨ੍ਹਾਂ ਵਿੱਚੋਂ ਅਨੇਕ ਰੀਤਾਂ ਝੂਠੇ ਧਾਰਮਿਕ ਅਭਿਆਸਾਂ ਜਾਂ ਅੰਧਵਿਸ਼ਵਾਸਾਂ ਉੱਤੇ ਆਧਾਰਿਤ ਹਨ, ਅਤੇ ਹੋਰ ਰੀਤਾਂ ਵਿਚ ਅਜਿਹਾ ਆਚਰਣ ਅੰਤਰਗ੍ਰਸਤ ਹੁੰਦਾ ਹੈ ਜੋ ਮਸੀਹੀਆਂ ਦੇ ਲਈ ਸਪੱਸ਼ਟ ਤੌਰ ਤੇ ਪ੍ਰਵਾਨਣਯੋਗ ਨਹੀਂ ਹੈ।—1 ਪਤਰਸ 4:3, 4.
17. (ੳ) ਕਿਹੜੇ ਤੱਥ ਦਿਖਾਉਂਦੇ ਹਨ ਕਿ ਕਾਨਾ ਵਿਖੇ ਵਿਆਹ ਦੀ ਦਾਅਵਤ ਸੁਵਿਵਸਥਿਤ ਅਤੇ ਉਚਿਤ ਨਿਗਰਾਨੀ ਹੇਠ ਸੀ? (ਅ) ਕਿਹੜੀ ਗੱਲ ਸੰਕੇਤ ਕਰਦੀ ਹੈ ਕਿ ਯਿਸੂ ਨੇ ਉਸ ਅਵਸਰ ਨੂੰ ਪ੍ਰਵਾਨ ਕੀਤਾ?
17 ਯੂਹੰਨਾ 2:1-11 ਨੂੰ ਪੜ੍ਹਨ ਤੇ, ਸਾਡੇ ਲਈ ਇਹ ਦੇਖਣਾ ਕਠਿਨ ਨਹੀਂ ਹੈ ਕਿ ਉਹ ਮੌਕਾ ਕਾਫ਼ੀ ਵਿਸਤ੍ਰਿਤ ਸੀ ਅਤੇ ਕਿ ਉੱਥੇ ਕਾਫ਼ੀ ਵੱਡੀ ਗਿਣਤੀ ਵਿਚ ਮਹਿਮਾਨ ਹਾਜ਼ਰ ਸਨ। ਪਰੰਤੂ, ਯਿਸੂ ਅਤੇ ਉਸ ਦੇ ਚੇਲੇ “ਬੁਲਾਏ ਗਏ” ਮਹਿਮਾਨ ਸਨ; ਉਹ ਉੱਥੇ ਅਚਾਨਕ ਹੀ ਨਹੀਂ ਆ ਗਏ ਸਨ, ਹਾਲਾਂਕਿ ਉਨ੍ਹਾਂ ਵਿੱਚੋਂ ਘਟੋ-ਘੱਟ ਕੁਝ ਤਾਂ ਸੰਭਵ ਹੈ ਮੀਜ਼ਬਾਨ ਦੇ ਸੰਬੰਧੀ ਸਨ। ਅਸੀਂ ਇਹ ਵੀ ਦੇਖਦੇ ਹਾਂ ਕਿ ਉੱਥੇ “ਟਹਿਲੂਏ” ਸਨ ਅਤੇ ਇਕ “ਪਰਧਾਨ” ਸੀ, ਜੋ ਨਿਰਦੇਸ਼ਨ ਦਿੰਦਾ ਕਿ ਕੀ ਪਰੋਸਿਆ ਜਾਣਾ ਸੀ ਜਾਂ ਕੀਤਾ ਜਾਣਾ ਸੀ। ਇਹ ਸਭ ਕੁਝ ਸੰਕੇਤ ਕਰਦਾ ਹੈ ਕਿ ਉਹ ਅਵਸਰ ਸੁਵਿਵਸਥਿਤ ਅਤੇ ਉਚਿਤ ਨਿਗਰਾਨੀ ਹੇਠ ਸੀ। ਬਿਰਤਾਂਤ ਇਸ ਕਥਨ ਦੇ ਨਾਲ ਸਮਾਪਤ ਹੁੰਦਾ ਹੈ ਕਿ ਉਸ ਦਾਅਵਤ ਵਿਚ ਯਿਸੂ ਨੇ ਜੋ ਕੀਤਾ, ਉਸ ਦੁਆਰਾ ਉਸ ਨੇ “ਆਪਣਾ ਤੇਜ ਪਰਗਟ ਕੀਤਾ।” ਕੀ ਉਹ ਇੰਜ ਕਰਨ ਦੇ ਲਈ ਉਸ ਮੌਕੇ ਨੂੰ ਚੁਣਦਾ ਜੇਕਰ ਉਹ ਇਕ ਹੁੱਲੜਬਾਜ਼ ਅਤੇ ਜੰਗਲੀ ਪਾਰਟੀ ਹੁੰਦੀ? ਨਿਸ਼ਚੇ ਹੀ ਨਹੀਂ।
18. ਕਿਸੇ ਵੀ ਸਮਾਜਕ ਘਟਨਾ ਦੇ ਬਾਰੇ ਕਿਸ ਗੱਲ ਉੱਤੇ ਗੰਭੀਰਤਾ ਸਹਿਤ ਵਿਚਾਰ ਕੀਤਾ ਜਾਣਾ ਚਾਹੀਦਾ ਹੈ?
18 ਤਾਂ ਫਿਰ, ਉਨ੍ਹਾਂ ਕਿਸੇ ਵੀ ਖ਼ਾਸ ਮੌਕਿਆਂ ਦੇ ਬਾਰੇ ਕੀ ਜਿਨ੍ਹਾਂ ਦੀ ਸ਼ਾਇਦ ਅਸੀਂ ਮੀਜ਼ਬਾਨੀ ਕਰੀਏ? ਅਸੀਂ ਯਾਦ ਰੱਖਣਾ ਚਾਹੁੰਦੇ ਹਾਂ ਕਿ ਦੂਜਿਆਂ ਦਾ ਪਰਾਹੁਣਚਾਰੀ ਸਹਿਤ ਸੁਆਗਤ ਕਰਨ ਦਾ ਮਕਸਦ ਹੈ ਕਿ ਅਸੀਂ ਸਾਰੇ ਹੀ “ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ” ਹੋ ਸਕੀਏ। ਇਸ ਲਈ, ਇਕ ਅਵਸਰ ਨੂੰ ਕੇਵਲ “ਗਵਾਹ” ਇਕੱਠ ਦਾ ਨਾਂ ਦੇਣਾ ਹੀ ਕਾਫ਼ੀ ਨਹੀਂ ਹੈ। ਇਹ ਸਵਾਲ ਪੁੱਛਿਆ ਜਾ ਸਕਦਾ ਹੈ, ਕੀ ਇਹ ਇਸ ਗੱਲ ਦੀ ਵਾਕਈ ਇਕ ਗਵਾਹੀ ਹੈ ਕਿ ਅਸੀਂ ਕੌਣ ਹਾਂ ਅਤੇ ਕੀ ਵਿਸ਼ਵਾਸ ਕਰਦੇ ਹਾਂ? ਸਾਨੂੰ ਇਨ੍ਹਾਂ ਅਵਸਰਾਂ ਨੂੰ ਕਦੇ ਵੀ ਇਹ ਪਰਖਣ ਦੇ ਮੌਕਿਆਂ ਵਜੋਂ ਵਿਚਾਰਨਾ ਨਹੀਂ ਚਾਹੀਦਾ ਹੈ ਕਿ ਅਸੀਂ ਸੰਸਾਰ ਦੇ ਤੌਰ-ਤਰੀਕਿਆਂ ਦੀ ਰੀਸ ਕਰਨ, ‘ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ’ ਦਾ ਸੁਆਦ ਲੈਣ ਵਿਚ ਕਿੰਨੀ ਦੂਰ ਤਕ ਜਾ ਸਕਦੇ ਹਾਂ। (1 ਯੂਹੰਨਾ 2:15, 16) ਇਸ ਦੀ ਬਜਾਇ, ਇਨ੍ਹਾਂ ਅਵਸਰਾਂ ਨੂੰ ਯਹੋਵਾਹ ਦੇ ਗਵਾਹ ਵਜੋਂ ਸਾਡੀ ਭੂਮਿਕਾ ਨੂੰ ਉਚਿਤ ਤੌਰ ਤੇ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ, ਅਤੇ ਸਾਨੂੰ ਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਕਰਦੇ ਹਾਂ, ਉਹ ਯਹੋਵਾਹ ਨੂੰ ਮਹਿਮਾ ਅਤੇ ਸਨਮਾਨ ਪਹੁੰਚਾਉਂਦਾ ਹੈ।—ਮੱਤੀ 5:16; 1 ਕੁਰਿੰਥੀਆਂ 10:31-33.
‘ਮੱਥੇ ਵੱਟ ਪਾਇਆਂ ਬਿਨਾਂ ਪਰਾਹੁਣਚਾਰੀ ਕਰੋ’
19. ਸਾਨੂੰ ਕਿਉਂ ‘ਮੱਥੇ ਵੱਟ ਪਾਇਆਂ ਬਿਨਾਂ ਇੱਕ ਦੂਏ ਦੀ ਪਰਾਹੁਣਚਾਰੀ ਕਰਨ’ ਦੀ ਲੋੜ ਹੈ?
19 ਜਿਉਂ ਹੀ ਸੰਸਾਰ ਦੇ ਹਾਲਾਤ ਵਿਗੜਦੇ ਜਾਂਦੇ ਹਨ ਅਤੇ ਲੋਕ ਹੋਰ ਵੀ ਵਿਭਾਜਿਤ ਹੁੰਦੇ ਜਾਂਦੇ ਹਨ, ਸਾਨੂੰ ਸੱਚੇ ਮਸੀਹੀਆਂ ਦੇ ਦਰਮਿਆਨ ਮੌਜੂਦ ਨਜ਼ਦੀਕੀ ਬੰਧਨ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। (ਕੁਲੁੱਸੀਆਂ 3:14) ਇਸ ਉਦੇਸ਼ ਦੇ ਨਾਲ, ਸਾਨੂੰ “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ” ਰੱਖਣਾ ਚਾਹੀਦਾ ਹੈ, ਜਿਵੇਂ ਕਿ ਪਤਰਸ ਨੇ ਸਾਨੂੰ ਅਨੁਰੋਧ ਕੀਤਾ। ਫਿਰ, ਵਿਵਹਾਰਕ ਸ਼ਬਦਾਂ ਵਿਚ, ਉਸ ਨੇ ਅੱਗੇ ਕਿਹਾ: “ਮੱਥੇ ਵੱਟ ਪਾਇਆਂ ਬਿਨਾਂ ਇੱਕ ਦੂਏ ਦੀ ਪਰਾਹੁਣਚਾਰੀ ਕਰੋ।” (1 ਪਤਰਸ 4:7-9) ਕੀ ਅਸੀਂ ਆਪਣੇ ਭਰਾਵਾਂ ਦੇ ਪ੍ਰਤੀ ਪਰਾਹੁਣਾਚਾਰ ਹੋਣ ਦੇ ਵਿਚ ਪਹਿਲ ਕਰਨ, ਦਿਆਲੂ ਅਤੇ ਸਹਾਇਕ ਹੋਣ ਦੇ ਵਾਸਤੇ ਜਤਨ ਕਰਨ ਦੇ ਲਈ ਤਿਆਰ ਹਾਂ? ਜਾਂ ਕੀ ਅਸੀਂ ਮੱਥੇ ਵੱਟ ਪਾਉਂਦੇ ਹਾਂ ਜਦੋਂ ਅਜਿਹਾ ਕੋਈ ਮੌਕਾ ਆਉਂਦਾ ਹੈ? ਜੇਕਰ ਹਾਂ, ਤਾਂ ਅਸੀਂ ਉਸ ਆਨੰਦ ਨੂੰ ਮਨਸੂਖ ਕਰ ਦਿੰਦੇ ਹਾਂ ਜੋ ਸਾਨੂੰ ਹਾਸਲ ਹੋ ਸਕਦਾ ਸੀ ਅਤੇ ਭਲਿਆਈ ਕਰਨ ਦੇ ਲਈ ਮਿਲਣ ਵਾਲੇ ਖ਼ੁਸ਼ੀ ਦੇ ਪ੍ਰਤਿਫਲ ਨੂੰ ਵੀ ਖੋਹ ਬੈਠਦੇ ਹਾਂ।—ਕਹਾਉਤਾਂ 3:27; ਰਸੂਲਾਂ ਦੇ ਕਰਤੱਬ 20:35.
20. ਸਾਨੂੰ ਕਿਹੜੀਆਂ ਬਰਕਤਾਂ ਹਾਸਲ ਹੋਣਗੀਆਂ ਜੇਕਰ ਅਸੀਂ ਅੱਜ ਦੇ ਵਿਭਾਜਿਤ ਸੰਸਾਰ ਵਿਚ ਪਰਾਹੁਣਾਚਾਰ ਹੋਣ ਦਾ ਅਭਿਆਸ ਕਰਦੇ ਹਾਂ?
20 ਆਪਣੇ ਸੰਗੀ ਮਸੀਹੀਆਂ ਦੇ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨਾ, ਇਕ ਦੂਜੇ ਦੇ ਪ੍ਰਤੀ ਦਿਆਲੂ ਅਤੇ ਪਰਾਹੁਣਾਚਾਰ ਹੋਣਾ, ਅਸੀਮ ਬਰਕਤਾਂ ਲਿਆਵੇਗਾ। (ਮੱਤੀ 10:40-42) ਅਜਿਹਿਆਂ ਨੂੰ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ “ਆਪਣਾ ਡੇਰਾ ਓਹਨਾਂ ਦੇ ਉੱਤੇ [ਤਾਣਦਾ]। ਓਹ ਫੇਰ ਭੁੱਖੇ ਨਾ [ਹੁੰਦੇ], ਨਾ ਫੇਰ ਤਿਹਾਏ [ਹੁੰਦੇ]।” ਯਹੋਵਾਹ ਦੇ ਡੇਰੇ ਵਿਚ ਹੋਣ ਦਾ ਅਰਥ ਹੈ ਉਸ ਦੀ ਸੁਰੱਖਿਆ ਅਤੇ ਪਰਾਹੁਣਚਾਰੀ ਦਾ ਆਨੰਦ ਮਾਣਨਾ। (ਪਰਕਾਸ਼ ਦੀ ਪੋਥੀ 7:15, 16; ਯਸਾਯਾਹ 25:6) ਜੀ ਹਾਂ, ਠੀਕ ਅਗਾਹਾਂ ਨੂੰ ਸਦਾ ਦੇ ਲਈ ਯਹੋਵਾਹ ਦੀ ਪਰਾਹੁਣਚਾਰੀ ਦਾ ਆਨੰਦ ਮਾਣਨ ਦੀ ਸੰਭਾਵਨਾ ਹੈ।—ਜ਼ਬੂਰ 27:4; 61:3, 4. (w96 10/1)
ਕੀ ਤੁਸੀਂ ਸਮਝਾ ਸਕਦੇ ਹੋ?
◻ ਜੇਕਰ ਅਸੀਂ ਅਸਲੀ ਆਨੰਦ ਅਤੇ ਸੰਤੁਸ਼ਟਤਾ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਕਿਸ ਗੱਲ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ?
◻ ‘ਅਨਾਥ ਅਤੇ ਵਿਧਵਾਂ’ ਕੌਣ ਹਨ, ਅਤੇ ਸਾਨੂੰ ਉਨ੍ਹਾਂ ਦੀ ਕਿਵੇਂ “ਸੁੱਧ ਲੈਣੀ” ਚਾਹੀਦੀ ਹੈ?
◻ ਸਾਨੂੰ ਆਪਣੇ ਦਰਮਿਆਨ ਮੌਜੂਦ “ਪਰਾਇਆਂ” ਅਤੇ “ਵਿਦੇਸ਼ੀਆਂ” ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
◻ ਅੱਜ ਕੌਣ ਖ਼ਾਸ ਧਿਆਨ ਦੇ ਯੋਗ ਹਨ?
◻ ਖ਼ਾਸ ਮੌਕਿਆਂ ਨੂੰ ਪਰਾਹੁਣਚਾਰੀ ਦੀ ਅਸਲੀ ਆਤਮਾ ਨੂੰ ਕਿਵੇਂ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ?
[ਸਫ਼ੇ 16, 17 ਉੱਤੇ ਤਸਵੀਰਾਂ]
ਜਸ਼ਨੀ ਮੌਕਿਆਂ ਤੇ ਅਸੀਂ ਵਿਦੇਸ਼ੀਆਂ, ਯਤੀਮ ਬੱਚਿਆਂ, ਪੂਰਣ-ਕਾਲੀ ਸੇਵਾ ਵਿਚ ਲੱਗੇ ਹੋਏ ਵਿਅਕਤੀਆਂ, ਅਤੇ ਦੂਜੇ ਮਹਿਮਾਨਾਂ ਦੇ ਪ੍ਰਤੀ ਪਰਾਹੁਣਾਚਾਰ ਹੋ ਸਕਦੇ ਹਾਂ