ਤੁਸੀਂ ਨਿਆਉਂ-ਗੱਦੀ ਦੇ ਅੱਗੇ ਕਿਵੇਂ ਖੜ੍ਹੇ ਹੋਵੋਗੇ?
“ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।”—ਮੱਤੀ 25:31.
1-3. ਸਾਡੇ ਕੋਲ ਨਿਆਉਂ ਦੇ ਸੰਬੰਧ ਵਿਚ ਆਸ਼ਾਵਾਦੀ ਹੋਣ ਦਾ ਕਿਹੜਾ ਕਾਰਨ ਹੈ?
‘ਦੋਸ਼ੀ ਜਾਂ ਨਿਰਦੋਸ਼?’ ਅਨੇਕ ਲੋਕ ਇਸ ਬਾਰੇ ਵਿਚਾਰ ਕਰਦੇ ਹਨ ਜਦੋਂ ਉਹ ਕਿਸੇ ਮੁਕੱਦਮੇ ਦੇ ਬਾਰੇ ਰਿਪੋਰਟ ਸੁਣਦੇ ਹਨ। ਨਿਆਂਕਾਰ ਅਤੇ ਜਿਊਰੀ ਦੇ ਸਦੱਸ ਸ਼ਾਇਦ ਈਮਾਨਦਾਰ ਹੋਣ ਦੀ ਕੋਸ਼ਿਸ਼ ਕਰਨ, ਪਰੰਤੂ ਕੀ ਨਿਆਉਂ ਆਮ ਤੌਰ ਤੇ ਹਾਵੀ ਹੁੰਦਾ ਹੈ? ਕੀ ਤੁਸੀਂ ਨਿਆਇਕ ਕਾਰਵਾਈ ਵਿਚ ਅਨਿਆਉਂ ਅਤੇ ਪੱਖਪਾਤ ਦੇ ਬਾਰੇ ਨਹੀਂ ਸੁਣਿਆ ਹੈ? ਅਜਿਹਾ ਅਨਿਆਉਂ ਕੋਈ ਨਵੀਂ ਗੱਲ ਨਹੀਂ ਹੈ, ਜਿਵੇਂ ਕਿ ਅਸੀਂ ਲੂਕਾ 18:1-8 ਵਿਚ ਦਿੱਤੇ ਗਏ ਯਿਸੂ ਦੇ ਦ੍ਰਿਸ਼ਟਾਂਤ ਵਿਚ ਦੇਖਦੇ ਹਾਂ।
2 ਮਾਨਵੀ ਨਿਆਉਂ ਦੇ ਨਾਲ ਤੁਹਾਡਾ ਜੋ ਕੁਝ ਵੀ ਅਨੁਭਵ ਰਿਹਾ ਹੋਵੇ, ਯਿਸੂ ਦੀ ਸਮਾਪਤੀ ਉੱਤੇ ਧਿਆਨ ਦਿਓ: “ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ . . . ? ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”
3 ਜੀ ਹਾਂ, ਯਹੋਵਾਹ ਨਿਸ਼ਚਿਤ ਕਰੇਗਾ ਕਿ ਉਸ ਦੇ ਸੇਵਕਾਂ ਨੂੰ ਆਖ਼ਰਕਾਰ ਨਿਆਉਂ ਮਿਲੇ। ਇਸ ਵਿਚ ਯਿਸੂ ਵੀ ਸ਼ਾਮਲ ਹੈ, ਖ਼ਾਸ ਕਰਕੇ ਇਸ ਸਮੇਂ ਕਿਉਂਕਿ ਅਸੀਂ ਵਰਤਮਾਨ ਦੁਸ਼ਟ ਵਿਵਸਥਾ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਯਹੋਵਾਹ ਜਲਦੀ ਹੀ ਧਰਤੀ ਤੋਂ ਦੁਸ਼ਟਤਾ ਮਿਟਾਉਣ ਦੇ ਲਈ ਆਪਣੇ ਸ਼ਕਤੀਸ਼ਾਲੀ ਪੁੱਤਰ ਨੂੰ ਇਸਤੇਮਾਲ ਕਰੇਗਾ। (2 ਤਿਮੋਥਿਉਸ 3:1; 2 ਥੱਸਲੁਨੀਕੀਆਂ 1:7, 8; ਪਰਕਾਸ਼ ਦੀ ਪੋਥੀ 19:11-16) ਅਸੀਂ ਯਿਸੂ ਦੇ ਦਿੱਤੇ ਗਏ ਇਕ ਆਖ਼ਰੀ ਦ੍ਰਿਸ਼ਟਾਂਤ, ਜਿਸ ਨੂੰ ਅਕਸਰ ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਕਿਹਾ ਜਾਂਦਾ ਹੈ, ਤੋਂ ਉਸ ਦੀ ਭੂਮਿਕਾ ਵਿਚ ਅੰਤਰਦ੍ਰਿਸ਼ਟੀ ਪ੍ਰਾਪਤ ਕਰ ਸਕਦੇ ਹਾਂ।
4. ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੇ ਸਮੇਂ ਬਾਰੇ ਸਾਡੀ ਕੀ ਸਮਝ ਰਹੀ ਹੈ, ਪਰੰਤੂ ਹੁਣ ਅਸੀਂ ਇਸ ਦ੍ਰਿਸ਼ਟਾਂਤ ਨੂੰ ਕਿਉਂ ਧਿਆਨ ਦੇਵਾਂਗੇ? (ਕਹਾਉਤਾਂ 4:18)
4 ਕਾਫ਼ੀ ਸਮੇਂ ਤੋਂ ਸਾਡੀ ਇਹ ਸਮਝ ਰਹੀ ਹੈ ਕਿ ਇਹ ਦ੍ਰਿਸ਼ਟਾਂਤ ਚਿਤ੍ਰਿਤ ਕਰਦਾ ਹੈ ਕਿ 1914 ਵਿਚ ਯਿਸੂ ਰਾਜਾ ਦੇ ਤੌਰ ਤੇ ਬੈਠਿਆ ਅਤੇ ਉਹ ਉਸ ਸਮੇਂ ਤੋਂ ਨਿਆਉਂ ਕਰ ਰਿਹਾ ਹੈ—ਭੇਡ-ਸਮਾਨ ਸਾਬਤ ਹੋਣ ਵਾਲੇ ਲੋਕਾਂ ਦੇ ਲਈ ਸਦੀਪਕ ਜੀਵਨ, ਬੱਕਰੀਆਂ ਦੇ ਲਈ ਸਥਾਈ ਮੌਤ। ਪਰੰਤੂ ਇਸ ਦ੍ਰਿਸ਼ਟਾਂਤ ਦਾ ਪੁਨਰ-ਵਿਚਾਰ, ਇਸ ਦੇ ਸਮੇਂ ਦੇ ਬਾਰੇ ਅਤੇ ਇਹ ਕਿਸ ਚੀਜ਼ ਨੂੰ ਦਰਸਾਉਂਦਾ ਹੈ ਦੇ ਬਾਰੇ ਇਕ ਸਮਾਯੋਜਿਤ ਸਮਝ ਦੇ ਵੱਲ ਸੰਕੇਤ ਕਰਦਾ ਹੈ। ਇਹ ਸੋਧ ਸਾਡੇ ਪ੍ਰਚਾਰ ਕੰਮ ਦੇ ਮਹੱਤਵ ਅਤੇ ਲੋਕਾਂ ਦੀ ਪ੍ਰਤਿਕ੍ਰਿਆ ਦੀ ਮਹੱਤਤਾ ਦੀ ਪੁਸ਼ਟੀ ਕਰਦੀ ਹੈ। ਦ੍ਰਿਸ਼ਟਾਂਤ ਦੀ ਇਸ ਅਧਿਕ ਗਹਿਰੀ ਸਮਝ ਦੇ ਆਧਾਰ ਨੂੰ ਜਾਣਨ ਦੇ ਲਈ, ਆਓ ਅਸੀਂ ਵਿਚਾਰ ਕਰੀਏ ਕਿ ਬਾਈਬਲ, ਦੋਵੇਂ ਰਾਜਿਆਂ ਅਤੇ ਨਿਆਂਕਾਰਾਂ ਦੇ ਤੌਰ ਤੇ, ਯਹੋਵਾਹ ਅਤੇ ਯਿਸੂ ਦੇ ਬਾਰੇ ਕੀ ਦਿਖਾਉਂਦੀ ਹੈ।
ਯਹੋਵਾਹ ਉੱਚਤਮ ਨਿਆਂਕਾਰ ਦੇ ਤੌਰ ਤੇ
5, 6. ਯਹੋਵਾਹ ਨੂੰ ਰਾਜਾ ਅਤੇ ਨਿਆਂਕਾਰ ਦੇ ਤੌਰ ਤੇ ਸਮਝਣਾ ਕਿਉਂ ਢੁਕਵਾਂ ਹੈ?
5 ਯਹੋਵਾਹ ਵਿਸ਼ਵ ਉੱਤੇ ਸ਼ਾਸਨ ਕਰਦਾ ਹੈ ਅਤੇ ਸਾਰਿਆਂ ਉੱਤੇ ਉਸ ਦਾ ਅਧਿਕਾਰ ਹੈ। ਕਿਉਂਜੋ ਉਸ ਦਾ ਕੋਈ ਆਰੰਭ ਅਤੇ ਕੋਈ ਅੰਤ ਨਹੀਂ ਹੈ, ਉਹ ‘ਜੁੱਗਾਂ ਦਾ ਮਹਾਰਾਜ’ ਹੈ। (1 ਤਿਮੋਥਿਉਸ 1:17; ਜ਼ਬੂਰ 90:2, 4; ਪਰਕਾਸ਼ ਦੀ ਪੋਥੀ 15:3) ਉਸ ਦੇ ਕੋਲ ਸੰਵਿਧੀ, ਜਾਂ ਨਿਯਮ ਬਣਾਉਣ ਦਾ ਅਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਦਾ ਅਧਿਕਾਰ ਹੈ। ਪਰੰਤੂ ਉਸ ਦੇ ਅਧਿਕਾਰ ਵਿਚ ਇਕ ਨਿਆਂਕਾਰ ਹੋਣਾ ਸ਼ਾਮਲ ਹੈ। ਯਸਾਯਾਹ 33:22 ਕਹਿੰਦਾ ਹੈ: “ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ।”
6 ਪਰਮੇਸ਼ੁਰ ਦੇ ਸੇਵਕਾਂ ਨੇ ਕਾਫ਼ੀ ਸਮੇਂ ਤੋਂ ਯਹੋਵਾਹ ਨੂੰ ਮਾਮਲਿਆਂ ਅਤੇ ਵਾਦਵਿਸ਼ਿਆਂ ਦਾ ਨਿਆਂਕਾਰ ਦੇ ਤੌਰ ਤੇ ਪਛਾਣਿਆ ਹੈ। ਮਿਸਾਲ ਲਈ, ‘ਸਾਰੀ ਧਰਤੀ ਦੇ ਨਿਆਈ’ ਨੇ ਸਦੂਮ ਅਤੇ ਅਮੂਰਾਹ ਦੀ ਦੁਸ਼ਟਤਾ ਦੇ ਬਾਰੇ ਸਬੂਤ ਨੂੰ ਜਾਂਚਣ ਤੋਂ ਬਾਅਦ, ਨਿਆਉਂ ਕੀਤਾ ਕਿ ਨਿਵਾਸੀ ਵਿਨਾਸ਼ ਦੇ ਯੋਗ ਸਨ ਅਤੇ ਨਾਲ ਹੀ ਇਸ ਧਾਰਮਿਕ ਨਿਆਉਂ ਨੂੰ ਪੂਰਾ ਵੀ ਕੀਤਾ। (ਉਤਪਤ 18:20-33; ਅੱਯੂਬ 34:10-12) ਇਹ ਜਾਣ ਕੇ ਕਿ ਯਹੋਵਾਹ ਇਕ ਧਰਮੀ ਨਿਆਂਕਾਰ ਹੈ ਜੋ ਆਪਣੇ ਨਿਆਉਂ ਨੂੰ ਹਮੇਸ਼ਾ ਪੂਰਾ ਕਰ ਸਕਦਾ ਹੈ, ਸਾਡਾ ਭਰੋਸਾ ਕਿੰਨਾ ਵਧਣਾ ਚਾਹੀਦਾ ਹੈ!
7. ਇਸਰਾਏਲ ਦੇ ਨਾਲ ਵਰਤਾਉ ਕਰਦੇ ਸਮੇਂ ਯਹੋਵਾਹ ਨੇ ਕਿਵੇਂ ਨਿਆਂਕਾਰ ਦੇ ਤੌਰ ਤੇ ਕੰਮ ਕੀਤਾ?
7 ਪ੍ਰਾਚੀਨ ਇਸਰਾਏਲ ਵਿਚ, ਯਹੋਵਾਹ ਕਦੇ-ਕਦੇ ਸਿੱਧੇ ਤੌਰ ਤੇ ਨਿਆਉਂ ਕਰਦਾ ਸੀ। ਕੀ ਤੁਹਾਨੂੰ ਉਸ ਸਮੇਂ ਇਹ ਜਾਣ ਕੇ ਤਸੱਲੀ ਨਹੀਂ ਮਿਲਦੀ ਕਿ ਇਕ ਸੰਪੂਰਣ ਨਿਆਂਕਾਰ ਮਾਮਲਿਆਂ ਦਾ ਫ਼ੈਸਲਾ ਕਰ ਰਿਹਾ ਹੈ? (ਲੇਵੀਆਂ 24:10-16; ਗਿਣਤੀ 15:32-36; 27:1-11) ਪਰਮੇਸ਼ੁਰ ਨੇ “ਨਿਆਇਕ ਫ਼ੈਸਲੇ” ਵੀ ਪ੍ਰਦਾਨ ਕੀਤੇ ਜੋ ਨਿਆਉਂ ਕਰਨ ਦੇ ਲਈ ਮਿਆਰਾਂ ਦੇ ਤੌਰ ਤੇ ਪੂਰੀ ਤਰ੍ਹਾਂ ਉੱਤਮ ਸਨ। (ਲੇਵੀਆਂ 25:18, 19, ਨਿ ਵ; ਨਹਮਯਾਹ 9:13; ਜ਼ਬੂਰ 19:9, 10; 119:7, 75, 164; 147:19, 20) ਉਹ “ਸਾਰੀ ਧਰਤੀ ਦਾ ਨਿਆਈ” ਹੈ, ਇਸ ਲਈ ਅਸੀਂ ਸਾਰੇ ਪ੍ਰਭਾਵਿਤ ਹੁੰਦੇ ਹਾਂ।—ਇਬਰਾਨੀਆਂ 12:23.
8. ਦਾਨੀਏਲ ਨੇ ਕਿਹੜਾ ਪ੍ਰਾਸੰਗਿਕ ਦਰਸ਼ਣ ਦੇਖਿਆ?
8 ਸਾਡੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਇਕ “ਚਸ਼ਮਦੀਦ ਗਵਾਹ” ਦੀ ਸਾਖੀ ਹੈ। ਦਾਨੀਏਲ ਨਬੀ ਨੂੰ ਵਹਿਸ਼ੀ ਦਰਿੰਦਿਆਂ ਦਾ ਇਕ ਦਰਸ਼ਣ ਦਿੱਤਾ ਗਿਆ ਸੀ ਜੋ ਸਰਕਾਰਾਂ ਜਾਂ ਸਾਮਰਾਜਾਂ ਨੂੰ ਦਰਸਾਉਂਦਾ ਸੀ। (ਦਾਨੀਏਲ 7:1-8, 17) ਉਸ ਨੇ ਅੱਗੇ ਕਿਹਾ: “ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ। ਉਹ ਦਾ ਬਸਤ੍ਰ ਬਰਫ਼ ਵਰਗਾ ਚਿੱਟਾ ਸੀ।” (ਦਾਨੀਏਲ 7:9) ਧਿਆਨ ਦਿਓ ਕਿ ਦਾਨੀਏਲ ਨੇ ਸਿੰਘਾਸਣ ਦੇਖੇ “ਅਤੇ ਅੱਤ ਪਰਾਚੀਨ [ਯਹੋਵਾਹ] ਬੈਠ ਗਿਆ।” ਆਪਣੇ ਆਪ ਤੋਂ ਪੁੱਛੋ, ‘ਕੀ ਦਾਨੀਏਲ ਇੱਥੇ ਪਰਮੇਸ਼ੁਰ ਨੂੰ ਰਾਜਾ ਬਣਦੇ ਹੋਏ ਦੇਖ ਰਿਹਾ ਸੀ?’
9. ਸਿੰਘਾਸਣ ਉੱਤੇ ‘ਬੈਠਣ’ ਦਾ ਇਕ ਮਤਲਬ ਕੀ ਹੈ? ਮਿਸਾਲ ਦਿਓ।
9 ਖ਼ੈਰ, ਜਦੋਂ ਅਸੀਂ ਪੜ੍ਹਦੇ ਹਾਂ ਕਿ ਕੋਈ ਸਿੰਘਾਸਣ ਉੱਤੇ “ਬੈਠ ਗਿਆ,” ਤਾਂ ਅਸੀਂ ਸ਼ਾਇਦ ਉਸ ਦੇ ਰਾਜਾ ਬਣਨ ਦੇ ਬਾਰੇ ਸੋਚੀਏ, ਕਿਉਂਕਿ ਬਾਈਬਲ ਕਦੇ-ਕਦੇ ਅਜਿਹੀ ਭਾਸ਼ਾ ਵਰਤਦੀ ਹੈ। ਮਿਸਾਲ ਲਈ: “ਜਦ [ਜ਼ਿਮਰੀ] ਰਾਜ ਕਰਨ ਲੱਗਾ ਤਾਂ ਰਾਜ ਗੱਦੀ ਉੱਤੇ ਬਹਿੰਦਿਆਂ ਸਾਰ ਉਸ ਨੇ . . . ” (1 ਰਾਜਿਆਂ 16:11; 2 ਰਾਜਿਆਂ 10:30; 15:12; ਯਿਰਮਿਯਾਹ 33:17) ਇਕ ਮਸੀਹਾਈ ਭਵਿੱਖਬਾਣੀ ਨੇ ਕਿਹਾ: “ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ।” ਇਸ ਲਈ, ‘ਸਿੰਘਾਸਣ ਉੱਤੇ ਬੈਠਣ’ ਦਾ ਮਤਲਬ ਰਾਜਾ ਬਣਨਾ ਹੋ ਸਕਦਾ ਹੈ। (ਜ਼ਕਰਯਾਹ 6:12, 13, ਟੇਢੇ ਟਾਈਪ ਸਾਡੇ।) ਯਹੋਵਾਹ ਦਾ ਵਰਣਨ ਇਕ ਰਾਜਾ ਦੇ ਤੌਰ ਤੇ ਕੀਤਾ ਗਿਆ ਹੈ ਜੋ ਸਿੰਘਾਸਣ ਉੱਤੇ ਬੈਠਦਾ ਹੈ। (1 ਰਾਜਿਆਂ 22:19; ਯਸਾਯਾਹ 6:1; ਪਰਕਾਸ਼ ਦੀ ਪੋਥੀ 4:1-3) ਉਹ “ਜੁੱਗਾਂ ਦਾ ਮਹਾਰਾਜ” ਹੈ। ਫਿਰ ਵੀ, ਜਿਉਂ ਹੀ ਉਸ ਨੇ ਸਰਬਸੱਤਾ ਦਾ ਇਕ ਨਵਾਂ ਪਹਿਲੂ ਸਥਾਪਿਤ ਕੀਤਾ, ਤਾਂ ਇਹ ਕਿਹਾ ਜਾ ਸਕਦਾ ਸੀ ਕਿ ਉਹ ਰਾਜਾ ਬਣਿਆ, ਮਾਨੋ ਆਪਣੇ ਸਿੰਘਾਸਣ ਉੱਤੇ ਦੁਬਾਰਾ ਬੈਠਿਆ।—1 ਇਤਹਾਸ 16:1, 31; ਯਸਾਯਾਹ 52:7; ਪਰਕਾਸ਼ ਦੀ ਪੋਥੀ 11:15-17; 15:3, ਨਿ ਵ; 19:1, 2, 6.
10. ਇਸਰਾਏਲੀ ਰਾਜਿਆਂ ਦਾ ਇਕ ਪ੍ਰਮੁੱਖ ਕੰਮ ਕੀ ਸੀ? ਉਦਾਹਰਣ ਦੇ ਕੇ ਸਮਝਾਓ।
10 ਪਰੰਤੂ ਇੱਥੇ ਇਕ ਮੁੱਖ ਨੁਕਤਾ ਹੈ: ਪ੍ਰਾਚੀਨ ਰਾਜਿਆਂ ਦਾ ਇਕ ਪ੍ਰਮੁੱਖ ਕੰਮ ਸੀ ਮੁਕੱਦਮੇ ਦੀ ਸੁਣਵਾਈ ਕਰਨੀ ਅਤੇ ਨਿਆਉਂ ਕਰਨਾ। (ਕਹਾਉਤਾਂ 20:8; 29:14) ਸੁਲੇਮਾਨ ਦੇ ਬੁੱਧੀਮਾਨ ਨਿਆਉਂ ਨੂੰ ਯਾਦ ਕਰੋ ਜਦੋਂ ਦੋ ਔਰਤਾਂ ਨੇ ਇੱਕੋ ਹੀ ਬੱਚੇ ਲਈ ਹੱਕ ਜਤਾਇਆ। (1 ਰਾਜਿਆਂ 3:16-28; 2 ਇਤਹਾਸ 9:8) ਉਸ ਦਾ ਇਕ ਸਰਕਾਰੀ ਭਵਨ ‘ਰਾਜ ਗੱਦੀ ਦਾ ਇੱਕ ਦਲਾਨ ਸੀ ਜਿੱਥੇ ਉਹ ਨਿਆਉਂ ਕਰਦਾ ਸੀ,’ ਜਿਸ ਨੂੰ “ਨਿਆਉਂ ਦਾ ਦਲਾਨ” ਵੀ ਕਿਹਾ ਜਾਂਦਾ ਸੀ। (1 ਰਾਜਿਆਂ 7:7) ਯਰੂਸ਼ਲਮ ਦਾ ਵਰਣਨ ਅਜਿਹੀ ਥਾਂ ਦੇ ਰੂਪ ਵਿਚ ਕੀਤਾ ਜਾਂਦਾ ਸੀ ਜਿੱਥੇ “ਨਿਆਉਂ ਲਈ ਸਿੰਘਾਸਣ, . . . ਧਰੇ ਹੋਏ ਹਨ।” (ਜ਼ਬੂਰ 122:5) ਸਪੱਸ਼ਟ ਤੌਰ ਤੇ, ‘ਸਿੰਘਾਸਣ ਉੱਤੇ ਬੈਠਣ’ ਦਾ ਮਤਲਬ ਨਿਆਇਕ ਅਧਿਕਾਰ ਚਲਾਉਣਾ ਵੀ ਹੋ ਸਕਦਾ ਹੈ।—ਕੂਚ 18:13; ਕਹਾਉਤਾਂ 20:8.
11, 12. (ੳ) ਦਾਨੀਏਲ ਅਧਿਆਇ 7 ਵਿਚ ਜ਼ਿਕਰ ਕੀਤਾ ਗਿਆ ਯਹੋਵਾਹ ਦੇ ਬੈਠਣ ਦਾ ਕੀ ਅਰਥ ਸੀ? (ਅ) ਦੂਜੇ ਹਵਾਲੇ ਕਿਵੇਂ ਪੁਸ਼ਟੀ ਕਰਦੇ ਹਨ ਕਿ ਯਹੋਵਾਹ ਨਿਆਉਂ ਕਰਨ ਦੇ ਲਈ ਬੈਠਦਾ ਹੈ?
11 ਆਓ ਹੁਣ ਅਸੀਂ ਉਸ ਦ੍ਰਿਸ਼ ਵੱਲ ਵਾਪਸ ਮੁੜੀਏ ਜਿੱਥੇ ਦਾਨੀਏਲ ਨੇ ‘ਅੱਤ ਪਰਾਚੀਨ ਨੂੰ ਬੈਠਦਿਆਂ’ ਦੇਖਿਆ ਸੀ। ਦਾਨੀਏਲ 7:10 ਅੱਗੇ ਕਹਿੰਦਾ ਹੈ: “ਨਿਆਉਂ ਸਭਾ ਬੈਠੀ, ਅਤੇ ਉੱਥੇ ਖੋਲ੍ਹੀਆਂ ਹੋਈਆਂ ਪੋਥੀਆਂ ਸਨ।” (ਨਿ ਵ) ਜੀ ਹਾਂ, ਅੱਤ ਪਰਾਚੀਨ, ਵਿਸ਼ਵ ਦੀ ਪ੍ਰਬਲਤਾ ਦੇ ਬਾਰੇ ਨਿਆਉਂ ਕਰਨ ਲਈ ਅਤੇ ਮਨੁੱਖ ਦੇ ਪੁੱਤਰ ਨੂੰ ਸ਼ਾਸਨ ਕਰਨ ਦੇ ਯੋਗ ਠਹਿਰਾਉਣ ਲਈ ਬੈਠਾ ਸੀ। (ਦਾਨੀਏਲ 7:13, 14) ਫਿਰ ਅਸੀਂ ਪੜ੍ਹਦੇ ਹਾਂ ਕਿ ‘ਅੱਤ ਪਰਾਚੀਨ ਆਇਆ ਅਤੇ ਸੰਤਾਂ ਦੇ ਪੱਖ ਵਿਚ ਨਿਆਉਂ ਦਿੱਤਾ ਗਿਆ,’ ਉਹ ਜਿਨ੍ਹਾਂ ਨੂੰ ਮਨੁੱਖ ਦੇ ਪੁੱਤਰ ਦੇ ਨਾਲ ਰਾਜ ਕਰਨ ਲਈ ਯੋਗ ਠਹਿਰਾਇਆ ਗਿਆ ਸੀ। (ਦਾਨੀਏਲ 7:22, ਨਿ ਵ) ਅਖ਼ੀਰ ਵਿਚ ‘ਨਿਆਉਂ ਸਭਾ ਬੈਠਦੀ’ ਹੈ ਅਤੇ ਅੰਤਿਮ ਵਿਸ਼ਵ ਸ਼ਕਤੀ ਉੱਤੇ ਪ੍ਰਤਿਕੂਲ ਨਿਆਉਂ ਸੁਣਾਉਂਦੀ ਹੈ।—ਦਾਨੀਏਲ 7:26.a
12 ਸਿੱਟੇ ਵਜੋਂ, ਦਾਨੀਏਲ ਦਾ ਪਰਮੇਸ਼ੁਰ ਨੂੰ ‘ਸਿੰਘਾਸਣ ਉੱਤੇ ਬੈਠਦੇ ਹੋਏ’ ਦੇਖਣ ਦਾ ਮਤਲਬ ਸੀ, ਨਿਆਉਂ ਕਰਨ ਲਈ ਉਸ ਦਾ ਆਉਣਾ। ਇਸ ਤੋਂ ਪਹਿਲਾਂ ਦਾਊਦ ਨੇ ਗੀਤ ਗਾਇਆ: “ਤੈਂ [ਯਹੋਵਾਹ] ਮੇਰਾ ਨਿਆਉਂ ਅਰ ਮੇਰਾ ਫ਼ੈਸਲਾ ਕੀਤਾ ਹੈ, ਤੈਂ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਉਂ ਕੀਤਾ ਹੈ।” (ਜ਼ਬੂਰ 9:4, 7) ਅਤੇ ਯੋਏਲ ਨੇ ਲਿਖਿਆ: “ਕੌਮਾਂ ਆਪਣੇ ਆਪ ਨੂੰ ਉਕਸਾਉਣ, ਅਤੇ ਯਹੋਸ਼ਾਫਾਟ ਦੀ ਖੱਡ ਵਿੱਚ ਜਾਣ, ਕਿਉਂ ਜੋ ਮੈਂ [ਯਹੋਵਾਹ] ਉੱਥੇ ਬੈਠ ਕੇ . . . ਸਾਰੀਆਂ ਕੌਮਾਂ ਦਾ ਨਿਆਉਂ ਕਰਾਂਗਾ।” (ਯੋਏਲ 3:12; ਤੁਲਨਾ ਕਰੋ ਯਸਾਯਾਹ 16:5.) ਯਿਸੂ ਅਤੇ ਪੌਲੁਸ ਦੋਵੇਂ ਅਜਿਹੀਆਂ ਨਿਆਇਕ ਸਥਿਤੀਆਂ ਵਿਚ ਰਹਿ ਚੁੱਕੇ ਸਨ ਜਿਨ੍ਹਾਂ ਵਿਚ ਇਕ ਮਨੁੱਖ ਮੁਕੱਦਮਾ ਸੁਣਨ ਅਤੇ ਨਿਆਉਂ ਕਰਨ ਲਈ ਬੈਠਾ।b—ਯੂਹੰਨਾ 19:12-16; ਰਸੂਲਾਂ ਦੇ ਕਰਤੱਬ 23:3; 25:6.
ਯਿਸੂ ਦੀ ਪਦਵੀ
13, 14. (ੳ) ਪਰਮੇਸ਼ੁਰ ਦੇ ਲੋਕਾਂ ਕੋਲ ਕੀ ਭਰੋਸਾ ਸੀ ਕਿ ਯਿਸੂ ਰਾਜਾ ਬਣੇਗਾ? (ਅ) ਯਿਸੂ ਕਦੋਂ ਆਪਣੇ ਸਿੰਘਾਸਣ ਉੱਤੇ ਬੈਠਾ, ਅਤੇ ਉਸ ਨੇ ਕਿਸ ਅਰਥ ਵਿਚ 33 ਸਾ.ਯੁ. ਤੋਂ ਸ਼ਾਸਨ ਕੀਤਾ?
13 ਯਹੋਵਾਹ ਦੋਵੇਂ ਰਾਜਾ ਅਤੇ ਨਿਆਂਕਾਰ ਹੈ। ਯਿਸੂ ਦੇ ਬਾਰੇ ਕੀ? ਉਸ ਦੇ ਜਨਮ ਦੀ ਘੋਸ਼ਣਾ ਕਰਨ ਵਾਲੇ ਦੂਤ ਨੇ ਕਿਹਾ: “ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। . . . ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਯਿਸੂ ਦਾਊਦ ਦੇ ਰਾਜਤਵ ਦਾ ਸਥਾਈ ਵਾਰਸ ਹੁੰਦਾ। (2 ਸਮੂਏਲ 7:12-16) ਉਹ ਸਵਰਗ ਤੋਂ ਸ਼ਾਸਨ ਕਰੇਗਾ, ਕਿਉਂਕਿ ਦਾਊਦ ਨੇ ਕਿਹਾ: “ਯਹੋਵਾਹ ਦਾ ਮੇਰੇ ਪ੍ਰਭੁ [ਯਿਸੂ] ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।”—ਜ਼ਬੂਰ 110:1-4.
14 ਇਹ ਕਦੋਂ ਹੋਵੇਗਾ? ਮਨੁੱਖ ਹੁੰਦੇ ਹੋਇਆਂ, ਯਿਸੂ ਨੇ ਰਾਜਾ ਦੇ ਤੌਰ ਤੇ ਸ਼ਾਸਨ ਨਹੀਂ ਕੀਤਾ। (ਯੂਹੰਨਾ 18:33-37) ਸੰਨ 33 ਸਾ.ਯੁ. ਵਿਚ, ਉਹ ਮਰਿਆ, ਪੁਨਰ-ਉਥਿਤ ਕੀਤਾ ਗਿਆ, ਅਤੇ ਸਵਰਗ ਨੂੰ ਚੜ੍ਹਿਆ। ਇਬਰਾਨੀਆਂ 10:12 ਕਹਿੰਦਾ ਹੈ: “ਏਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” ਯਿਸੂ ਦੇ ਕੋਲ ਕੀ ਅਧਿਕਾਰ ਸੀ? ‘[ਪਰਮੇਸ਼ੁਰ] ਨੇ ਉਸ ਨੂੰ ਸੁਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਹਾਲਿਆ। ਉਹ ਹਰੇਕ ਹਕੂਮਤ, ਇਖ਼ਤਿਆਰ, ਕੁਦਰਤ, ਰਿਆਸਤ ਦੇ ਉਤਾਹਾਂ ਹੈ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ।’ (ਅਫ਼ਸੀਆਂ 1:20-22) ਕਿਉਂਜੋ ਯਿਸੂ ਦਾ ਉਦੋਂ ਮਸੀਹੀਆਂ ਉੱਤੇ ਰਾਜਕੀ ਅਧਿਕਾਰ ਸੀ, ਪੌਲੁਸ ਲਿਖ ਸਕਿਆ ਕਿ ਯਹੋਵਾਹ ਨੇ “ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤ੍ਰ ਦੇ ਰਾਜ ਵਿੱਚ ਪੁਚਾ ਦਿੱਤਾ।”—ਕੁਲੁੱਸੀਆਂ 1:13; 3:1.
15, 16. (ੳ) ਅਸੀਂ ਕਿਉਂ ਕਹਿੰਦੇ ਹਾਂ ਕਿ ਯਿਸੂ 33 ਸਾ.ਯੁ. ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਨਹੀਂ ਬਣਿਆ? (ਅ) ਯਿਸੂ ਨੇ ਕਦੋਂ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਨ ਕਰਨਾ ਸ਼ੁਰੂ ਕੀਤਾ?
15 ਪਰੰਤੂ, ਉਸ ਸਮੇਂ ਯਿਸੂ ਨੇ ਕੌਮਾਂ ਦੇ ਉੱਤੇ ਰਾਜਾ ਅਤੇ ਨਿਆਂਕਾਰ ਦੇ ਤੌਰ ਤੇ ਕੰਮ ਨਹੀਂ ਕੀਤਾ। ਉਹ ਪਰਮੇਸ਼ੁਰ ਦੇ ਕੋਲ ਬੈਠਾ ਸੀ, ਅਤੇ ਉਸ ਸਮੇਂ ਦੀ ਉਡੀਕ ਕਰ ਰਿਹਾ ਸੀ ਜਦੋਂ ਉਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਦੀ ਹੈਸੀਅਤ ਵਿਚ ਕੰਮ ਕਰੇਗਾ। ਉਸ ਦੇ ਬਾਰੇ ਪੌਲੁਸ ਨੇ ਲਿਖਿਆ: “ਦੂਤਾਂ ਵਿੱਚੋਂ ਕਿਹ ਦੇ ਵਿਖੇ ਉਹ ਨੇ ਕਦੇ ਆਖਿਆ ਹੈ,—ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ?”—ਇਬਰਾਨੀਆਂ 1:13.
16 ਯਹੋਵਾਹ ਦੇ ਗਵਾਹਾਂ ਨੇ ਕਾਫ਼ੀ ਸਬੂਤ ਪ੍ਰਕਾਸ਼ਿਤ ਕੀਤਾ ਹੈ ਕਿ ਯਿਸੂ ਦੀ ਉਡੀਕ ਕਰਨ ਦਾ ਸਮਾਂ 1914 ਵਿਚ ਖ਼ਤਮ ਹੋਇਆ, ਜਦੋਂ ਉਹ ਅਦ੍ਰਿਸ਼ਟ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਸ਼ਾਸਕ ਬਣਿਆ। ਪਰਕਾਸ਼ ਦੀ ਪੋਥੀ 11:15, 18 ਕਹਿੰਦਾ ਹੈ: “ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ!” ਪਰੰਤੂ “ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ।” ਜੀ ਹਾਂ, ਕੌਮਾਂ ਨੇ ਵਿਸ਼ਵ ਯੁੱਧ I ਦੇ ਦੌਰਾਨ ਇਕ ਦੂਜੇ ਦੇ ਪ੍ਰਤੀ ਆਪਣਾ ਕ੍ਰੋਧ ਪ੍ਰਗਟ ਕੀਤਾ। (ਲੂਕਾ 21:24) ਯੁੱਧ, ਭੁਚਾਲ, ਮਹਾਂਮਾਰੀ, ਖੁਰਾਕ ਦੀ ਕਮੀ, ਇਤਿਆਦਿ ਜੋ ਅਸੀਂ 1914 ਤੋਂ ਦੇਖਿਆ ਹੈ, ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਯਿਸੂ ਹੁਣ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਨ ਕਰ ਰਿਹਾ ਹੈ, ਅਤੇ ਸੰਸਾਰ ਦਾ ਸਮਾਪਕ ਅੰਤ ਨੇੜੇ ਹੈ।—ਮੱਤੀ 24:3-14.
17. ਇੱਥੋਂ ਤਕ ਅਸੀਂ ਕਿਹੜੇ ਮੁੱਖ ਨੁਕਤੇ ਸਥਾਪਿਤ ਕੀਤੇ ਹਨ?
17 ਇਕ ਸੰਖੇਪ ਪੁਨਰ-ਵਿਚਾਰ ਵਜੋਂ: ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਰਾਜਾ ਦੇ ਰੂਪ ਵਿਚ ਸਿੰਘਾਸਣ ਉੱਤੇ ਬੈਠਾ ਹੈ, ਪਰੰਤੂ ਇਕ ਹੋਰ ਅਰਥ ਵਿਚ ਨਿਆਉਂ ਕਰਨ ਦੇ ਲਈ ਉਹ ਆਪਣੇ ਸਿੰਘਾਸਣ ਉੱਤੇ ਬੈਠ ਸਕਦਾ ਹੈ। ਸੰਨ 33 ਸਾ.ਯੁ. ਵਿਚ, ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਬੈਠਿਆ, ਅਤੇ ਉਹ ਹੁਣ ਉਸ ਰਾਜ ਦਾ ਰਾਜਾ ਹੈ। ਪਰੰਤੂ ਕੀ ਯਿਸੂ, ਜੋ ਹੁਣ ਰਾਜਾ ਦੇ ਰੂਪ ਵਿਚ ਸ਼ਾਸਨ ਕਰ ਰਿਹਾ ਹੈ, ਨਿਆਂਕਾਰ ਦੇ ਰੂਪ ਵਿਚ ਵੀ ਕੰਮ ਕਰਦਾ ਹੈ? ਅਤੇ ਇਸ ਤੋਂ ਸਾਨੂੰ, ਖ਼ਾਸ ਤੌਰ ਤੇ ਇਸ ਸਮੇਂ, ਕਿਉਂ ਚਿੰਤਿਤ ਹੋਣਾ ਚਾਹੀਦਾ ਹੈ?
18. ਕੀ ਸਬੂਤ ਹੈ ਕਿ ਯਿਸੂ ਨਿਆਂਕਾਰ ਵੀ ਹੋਵੇਗਾ?
18 ਯਹੋਵਾਹ, ਜੋ ਨਿਆਂਕਾਰਾਂ ਨੂੰ ਚੁਣਨ ਦਾ ਹੱਕ ਰੱਖਦਾ ਹੈ, ਨੇ ਯਿਸੂ ਨੂੰ ਇਕ ਅਜਿਹੇ ਨਿਆਂਕਾਰ ਦੇ ਤੌਰ ਤੇ ਚੁਣਿਆ ਹੈ ਜੋ ਉਸ ਦੇ ਮਿਆਰਾਂ ਤੇ ਪੂਰਾ ਉੱਤਰਦਾ ਹੈ। ਯਿਸੂ ਨੇ ਲੋਕਾਂ ਦੇ ਅਧਿਆਤਮਿਕ ਤੌਰ ਤੇ ਜੀਵਿਤ ਹੋਣ ਦੇ ਬਾਰੇ ਗੱਲ ਕਰਦੇ ਸਮੇਂ ਇਹ ਪ੍ਰਗਟ ਕੀਤਾ: “ਪਿਤਾ ਕਿਸੇ ਦਾ ਨਿਆਉਂ ਨਹੀਂ ਕਰਦਾ ਪਰ ਉਸ ਨੇ ਸਾਰਾ ਨਿਆਉਂ ਪੁੱਤ੍ਰ ਨੂੰ ਸੌਂਪ ਦਿੱਤਾ ਹੈ।” (ਯੂਹੰਨਾ 5:22) ਫਿਰ ਵੀ, ਯਿਸੂ ਦੀ ਨਿਆਇਕ ਭੂਮਿਕਾ ਉਸ ਤਰ੍ਹਾਂ ਦੇ ਨਿਆਉਂ ਕਰਨ ਤੋਂ ਕੁਝ ਵੱਧ ਹੈ, ਕਿਉਂਕਿ ਉਹ ਜਿਉਂਦਿਆਂ ਦਾ ਅਤੇ ਮੁਰਦਿਆਂ ਦਾ ਨਿਆਂਕਾਰ ਹੈ। (ਰਸੂਲਾਂ ਦੇ ਕਰਤੱਬ 10:42; 2 ਤਿਮੋਥਿਉਸ 4:1) ਪੌਲੁਸ ਨੇ ਇਕ ਵਾਰੀ ਐਲਾਨ ਕੀਤਾ ਸੀ: “[ਪਰਮੇਸ਼ੁਰ] ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ [ਯਿਸੂ] ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ . . . ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”—ਰਸੂਲਾਂ ਦੇ ਕਰਤੱਬ 17:31; ਜ਼ਬੂਰ 72:2-7.
19. ਇਹ ਕਹਿਣਾ ਕਿਉਂ ਉਚਿਤ ਹੈ ਕਿ ਯਿਸੂ ਨਿਆਂਕਾਰ ਦੇ ਰੂਪ ਵਿਚ ਬੈਠਦਾ ਹੈ?
19 ਤਾਂ ਫਿਰ, ਕੀ ਸਾਡੇ ਲਈ ਇਹ ਸਿੱਟਾ ਕੱਢਣਾ ਉਚਿਤ ਹੈ ਕਿ ਯਿਸੂ ਨਿਆਂਕਾਰ ਦੀ ਵਿਸ਼ੇਸ਼ ਭੂਮਿਕਾ ਵਿਚ ਤੇਜੱਸਵੀ ਸਿੰਘਾਸਣ ਉੱਤੇ ਬੈਠਦਾ ਹੈ? ਜੀ ਹਾਂ। ਯਿਸੂ ਨੇ ਰਸੂਲਾਂ ਨੂੰ ਦੱਸਿਆ: “ਜਦ ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” (ਮੱਤੀ 19:28, ਟੇਢੇ ਟਾਈਪ ਸਾਡੇ।) ਭਾਵੇਂ ਕਿ ਯਿਸੂ ਹੁਣ ਰਾਜ ਦਾ ਰਾਜਾ ਹੈ, ਮੱਤੀ 19:28 ਵਿਚ ਜ਼ਿਕਰ ਕੀਤੇ ਗਏ ਉਸ ਦੇ ਹੋਰ ਕਾਰਜਾਂ ਵਿਚ ਹਜ਼ਾਰ ਵਰ੍ਹਿਆਂ ਦੇ ਦੌਰਾਨ ਨਿਆਉਂ ਕਰਨ ਦੇ ਲਈ ਸਿੰਘਾਸਣ ਉੱਤੇ ਬੈਠਣਾ ਵੀ ਸ਼ਾਮਲ ਹੋਵੇਗਾ। ਉਸ ਸਮੇਂ ਉਹ ਸਾਰੀ ਮਨੁੱਖਜਾਤੀ, ਧਰਮੀ ਅਤੇ ਕੁਧਰਮੀ, ਦਾ ਨਿਆਉਂ ਕਰੇਗਾ। (ਰਸੂਲਾਂ ਦੇ ਕਰਤੱਬ 24:15) ਇਸ ਗੱਲ ਨੂੰ ਮਨ ਵਿਚ ਰੱਖਣਾ ਸਹਾਇਕ ਹੋਵੇਗਾ, ਜਿਉਂ ਹੀ ਅਸੀਂ ਯਿਸੂ ਦੇ ਇਕ ਦ੍ਰਿਸ਼ਟਾਂਤ ਦੇ ਵੱਲ ਆਪਣਾ ਧਿਆਨ ਦਿੰਦੇ ਹਾਂ ਜੋ ਸਾਡੇ ਸਮੇਂ ਅਤੇ ਸਾਡੇ ਜੀਵਨਾਂ ਦੇ ਨਾਲ ਸੰਬੰਧ ਰੱਖਦਾ ਹੈ।
ਦ੍ਰਿਸ਼ਟਾਂਤ ਕੀ ਕਹਿੰਦਾ ਹੈ?
20, 21. ਯਿਸੂ ਦੇ ਰਸੂਲਾਂ ਨੇ ਕੀ ਪੁੱਛਿਆ ਸੀ ਜੋ ਸਾਡੇ ਸਮੇਂ ਦੇ ਨਾਲ ਸੰਬੰਧ ਰੱਖਦਾ ਹੈ, ਅਤੇ ਇਸ ਤੋਂ ਕਿਹੜਾ ਸਵਾਲ ਪੈਦਾ ਹੁੰਦਾ ਹੈ?
20 ਯਿਸੂ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਉਸ ਦੇ ਰਸੂਲਾਂ ਨੇ ਉਸ ਨੂੰ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਯਿਸੂ ਨੇ ‘ਅੰਤ ਆਉਣ’ ਤੋਂ ਪਹਿਲਾਂ ਧਰਤੀ ਉੱਤੇ ਮਹੱਤਵਪੂਰਣ ਘਟਨਾਵਾਂ ਬਾਰੇ ਭਵਿੱਖ-ਸੂਚਨਾ ਦਿੱਤੀ। ਉਸ ਅੰਤ ਤੋਂ ਥੋੜ੍ਹੀ ਦੇਰ ਪਹਿਲਾਂ, ਕੌਮਾਂ “ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।”—ਮੱਤੀ 24:14, 29, 30.
21 ਪਰੰਤੂ, ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਵਿਚ ਆਉਂਦਾ ਹੈ, ਤਾਂ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਨਿਭਣਗੇ? ਆਓ ਅਸੀਂ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਤੋਂ ਪਤਾ ਲਗਾਈਏ, ਜੋ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ।”—ਮੱਤੀ 25:31, 32.
22, 23. ਕਿਹੜੇ ਨੁਕਤੇ ਸੰਕੇਤ ਕਰਦੇ ਹਨ ਕਿ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੀ ਪੂਰਤੀ 1914 ਵਿਚ ਸ਼ੁਰੂ ਨਹੀਂ ਹੋਈ?
22 ਕੀ ਇਹ ਦ੍ਰਿਸ਼ਟਾਂਤ ਉਦੋਂ ਲਾਗੂ ਹੁੰਦਾ ਹੈ ਜਦੋਂ 1914 ਵਿਚ ਯਿਸੂ ਰਾਜਕੀ ਸ਼ਕਤੀ ਵਿਚ ਬੈਠਿਆ, ਜਿਵੇਂ ਕਿ ਅਸੀਂ ਕਾਫ਼ੀ ਚਿਰ ਤੋਂ ਸਮਝਦੇ ਆਏ ਹਾਂ? ਖ਼ੈਰ, ਮੱਤੀ 25:34 ਉਸ ਦਾ ਜ਼ਿਕਰ ਰਾਜਾ ਦੇ ਤੌਰ ਤੇ ਜ਼ਰੂਰ ਕਰਦਾ ਹੈ, ਇਸ ਲਈ ਤਾਰਕਿਕ ਢੰਗ ਨਾਲ ਇਹ ਦ੍ਰਿਸ਼ਟਾਂਤ ਉਦੋਂ ਤੋਂ ਲਾਗੂ ਹੁੰਦਾ ਹੈ ਜਦੋਂ ਯਿਸੂ 1914 ਵਿਚ ਰਾਜਾ ਬਣਿਆ। ਪਰੰਤੂ ਉਸ ਦੇ ਤੁਰੰਤ ਮਗਰੋਂ ਉਸ ਨੇ ਕਿਹੜਾ ਨਿਆਉਂ ਕਾਰਜ ਕੀਤਾ? ਇਹ “ਸਭ ਕੌਮਾਂ” ਦਾ ਨਿਆਉਂ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਆਪਣਾ ਧਿਆਨ ਉਨ੍ਹਾਂ ਵੱਲ ਮੋੜਿਆ ਜੋ ‘ਪਰਮੇਸ਼ੁਰ ਦੇ ਘਰ’ ਬਣਨ ਦਾ ਦਾਅਵਾ ਕਰਦੇ ਸਨ। (1 ਪਤਰਸ 4:17) ਮਲਾਕੀ 3:1-3 ਦੀ ਅਨੁਕੂਲਤਾ ਵਿਚ, ਯਿਸੂ ਨੇ ਯਹੋਵਾਹ ਦੇ ਦੂਤ ਦੇ ਰੂਪ ਵਿਚ, ਧਰਤੀ ਉੱਤੇ ਬਚੇ ਹੋਇਆਂ ਮਸਹ ਕੀਤੇ ਮਸੀਹੀਆਂ ਨੂੰ ਨਿਆਇਕ ਤੌਰ ਤੇ ਜਾਂਚਿਆ। ਨਾਲੇ ਮਸੀਹੀ-ਜਗਤ, ਜਿਸ ਨੇ ‘ਪਰਮੇਸ਼ੁਰ ਦਾ ਘਰ’c ਹੋਣ ਦਾ ਝੂਠਾ-ਮੂਠਾ ਦਾਅਵਾ ਕੀਤਾ, ਉੱਤੇ ਨਿਆਇਕ ਸਜ਼ਾ ਸੁਣਾਉਣ ਦਾ ਵੀ ਸਮਾਂ ਆ ਪਹੁੰਚਿਆ ਸੀ। (ਪਰਕਾਸ਼ ਦੀ ਪੋਥੀ 17:1, 2; 18:4-8) ਫਿਰ ਵੀ ਕੋਈ ਵੀ ਸੰਕੇਤ ਨਹੀਂ ਮਿਲਦਾ ਹੈ ਕਿ ਯਿਸੂ ਉਸ ਸਮੇਂ, ਜਾਂ ਉਸ ਸਮੇਂ ਦੇ ਬਾਅਦ ਤੋਂ ਸਭ ਕੌਮਾਂ ਦੇ ਲੋਕਾਂ ਦਾ ਭੇਡਾਂ ਜਾਂ ਬੱਕਰੀਆਂ ਦੇ ਤੌਰ ਤੇ ਆਖ਼ਰਕਾਰ ਨਿਆਉਂ ਕਰਨ ਲਈ ਬੈਠਿਆ।
23 ਜੇਕਰ ਅਸੀਂ ਇਸ ਦ੍ਰਿਸ਼ਟਾਂਤ ਵਿਚ ਯਿਸੂ ਦੇ ਕੰਮ ਦਾ ਵਿਸ਼ਲੇਸ਼ਣ ਕਰੀਏ, ਤਾਂ ਅਸੀਂ ਉਸ ਨੂੰ ਆਖ਼ਰਕਾਰ ਸਭ ਕੌਮਾਂ ਦਾ ਨਿਆਉਂ ਕਰਦੇ ਹੋਏ ਦੇਖਦੇ ਹਾਂ। ਦ੍ਰਿਸ਼ਟਾਂਤ ਇਹ ਨਹੀਂ ਦਿਖਾਉਂਦਾ ਹੈ ਕਿ ਅਜਿਹਾ ਨਿਆਉਂ ਕਈ ਸਾਲਾਂ ਦੀ ਵਿਸਤ੍ਰਿਤ ਅਵਧੀ ਦੇ ਲਈ ਜਾਰੀ ਰਹੇਗਾ, ਮਾਨੋ ਇਨ੍ਹਾਂ ਬੀਤੇ ਦਸ਼ਕਾਂ ਦੇ ਦੌਰਾਨ ਮਰਨ ਵਾਲੇ ਹਰੇਕ ਵਿਅਕਤੀ ਦਾ ਸਦੀਪਕ ਮੌਤ ਜਾਂ ਸਦੀਪਕ ਜੀਵਨ ਦੇ ਯੋਗ ਨਿਆਉਂ ਕੀਤਾ ਗਿਆ ਸੀ। ਇੰਜ ਜਾਪਦਾ ਹੈ ਕਿ ਹਾਲ ਹੀ ਦੇ ਦਸ਼ਕਾਂ ਵਿਚ ਮਰੇ ਅਧਿਕਤਰ ਲੋਕ ਮਨੁੱਖਜਾਤੀ ਦੀ ਆਮ ਕਬਰ ਵਿਚ ਗਏ ਹਨ। (ਪਰਕਾਸ਼ ਦੀ ਪੋਥੀ 6:8; 20:13) ਪਰੰਤੂ, ਦ੍ਰਿਸ਼ਟਾਂਤ ਉਸ ਸਮੇਂ ਨੂੰ ਚਿਤ੍ਰਿਤ ਕਰਦਾ ਹੈ ਜਦੋਂ ਯਿਸੂ “ਸਭ ਕੌਮਾਂ” ਦੇ ਉਨ੍ਹਾਂ ਲੋਕਾਂ ਦਾ ਨਿਆਉਂ ਕਰਦਾ ਹੈ ਜੋ ਉਦੋਂ ਜੀਵਿਤ ਹੋਣਗੇ ਅਤੇ ਉਸ ਦੀ ਨਿਆਇਕ ਸਜ਼ਾ ਦੀ ਪੂਰਤੀ ਦਾ ਸਾਮ੍ਹਣਾ ਕਰਦੇ ਹੋਣਗੇ।
24. ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੀ ਪੂਰਤੀ ਕਦੋਂ ਹੋਵੇਗੀ?
24 ਦੂਜੇ ਸ਼ਬਦਾਂ ਵਿਚ, ਇਹ ਦ੍ਰਿਸ਼ਟਾਂਤ ਭਵਿੱਖ ਦੇ ਵੱਲ ਸੰਕੇਤ ਕਰਦਾ ਹੈ ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਵਿਚ ਆਵੇਗਾ। ਉਹ ਉਸ ਸਮੇਂ ਜੀ ਰਹੇ ਲੋਕਾਂ ਦਾ ਨਿਆਉਂ ਕਰਨ ਦੇ ਲਈ ਬੈਠੇਗਾ। ਉਸ ਦਾ ਨਿਆਉਂ ਇਸ ਉੱਤੇ ਆਧਾਰਿਤ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਿਸ ਰੂਪ ਵਿਚ ਪ੍ਰਗਟ ਕੀਤਾ ਹੈ। ਉਸ ਸਮੇਂ “ਧਰਮੀ ਅਤੇ ਦੁਸ਼ਟ ਵਿਚ ਫ਼ਰਕ” ਸਪੱਸ਼ਟ ਤੌਰ ਤੇ ਸਥਾਪਿਤ ਕੀਤਾ ਗਿਆ ਹੋਵੇਗਾ। (ਮਲਾਕੀ 3:18, ਨਿ ਵ) ਨਿਆਉਂ ਦੀ ਅਸਲੀ ਫ਼ੈਸਲਾ-ਸੁਣਾਈ ਅਤੇ ਪੂਰਤੀ ਇਕ ਸੀਮਿਤ ਸਮੇਂ ਵਿਚ ਪੂਰੀ ਕੀਤੀ ਜਾਵੇਗੀ। ਯਿਸੂ ਇਸ ਆਧਾਰ ਉੱਤੇ ਕਿ ਵਿਅਕਤੀਆਂ ਦੇ ਬਾਰੇ ਕੀ ਪ੍ਰਗਟ ਹੋਇਆ ਹੈ, ਨਿਆਂਪੂਰਣ ਫ਼ੈਸਲੇ ਸੁਣਾਏਗਾ।—ਨਾਲੇ ਦੇਖੋ 2 ਕੁਰਿੰਥੀਆਂ 5:10.
25. ਮੱਤੀ 25:31 ਕੀ ਚਿਤ੍ਰਿਤ ਕਰ ਰਿਹਾ ਹੈ ਜਦੋਂ ਇਹ ਮਨੁੱਖ ਦੇ ਪੁੱਤਰ ਨੂੰ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠਣ ਦੇ ਬਾਰੇ ਗੱਲ ਕਰਦਾ ਹੈ?
25 ਫਿਰ, ਇਸ ਦਾ ਇਹ ਮਤਲਬ ਹੋਇਆ ਕਿ ਨਿਆਉਂ ਕਰਨ ਦੇ ਲਈ ਯਿਸੂ ਦਾ ‘ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠਣਾ,’ ਜਿਸ ਦਾ ਜ਼ਿਕਰ ਮੱਤੀ 25:31 ਵਿਚ ਕੀਤਾ ਗਿਆ ਹੈ, ਭਵਿੱਖ ਦੇ ਸਮੇਂ ਵਿਚ ਲਾਗੂ ਹੁੰਦਾ ਹੈ ਜਦੋਂ ਇਹ ਸ਼ਕਤੀਸ਼ਾਲੀ ਰਾਜਾ ਕੌਮਾਂ ਦੇ ਉੱਤੇ ਨਿਆਉਂ ਸੁਣਾਉਣ ਅਤੇ ਪੂਰਾ ਕਰਨ ਦੇ ਲਈ ਬੈਠੇਗਾ। ਜੀ ਹਾਂ, ਯਿਸੂ ਨੂੰ ਸ਼ਾਮਲ ਕਰਦਾ ਮੱਤੀ 25:31-33, 46 ਦੇ ਨਿਆਉਂ ਦਾ ਦ੍ਰਿਸ਼ ਦਾਨੀਏਲ ਅਧਿਆਇ 7 ਦੇ ਦ੍ਰਿਸ਼ ਨਾਲ ਮਿਲਦਾ-ਜੁਲਦਾ ਹੈ, ਜਿੱਥੇ ਰਾਜ ਕਰ ਰਿਹਾ ਰਾਜਾ, ਅੱਤ ਪਰਾਚੀਨ, ਨਿਆਂਕਾਰ ਦੇ ਤੌਰ ਤੇ ਆਪਣੀ ਭੂਮਿਕਾ ਨੂੰ ਪੂਰਾ ਕਰਨ ਲਈ ਬੈਠਿਆ ਹੈ।
26. ਦ੍ਰਿਸ਼ਟਾਂਤ ਦੀ ਕਿਹੜੀ ਨਵੀਂ ਵਿਆਖਿਆ ਸਪੱਸ਼ਟ ਹੁੰਦੀ ਹੈ?
26 ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਨੂੰ ਇਸ ਤਰੀਕੇ ਨਾਲ ਸਮਝਣਾ ਇਹ ਸੰਕੇਤ ਕਰਦਾ ਹੈ ਕਿ ਭੇਡਾਂ ਅਤੇ ਬੱਕਰੀਆਂ ਦਾ ਨਿਆਉਂ ਕੀਤਾ ਜਾਣਾ ਹਾਲੇ ਭਵਿੱਖ ਵਿਚ ਹੈ। ਇਹ ਮੱਤੀ 24:29, 30 ਵਿਚ ਜ਼ਿਕਰ ਕੀਤੇ ਗਏ “ਕਸ਼ਟ” ਦੇ ਸ਼ੁਰੂ ਹੋਣ ਮਗਰੋਂ ਅਤੇ ਮਨੁੱਖ ਦੇ ਪੁੱਤਰ ਦਾ ‘ਆਪਣੇ ਤੇਜ ਵਿਚ ਆਉਣ’ ਮਗਰੋਂ ਵਾਪਰੇਗਾ। (ਤੁਲਨਾ ਕਰੋ ਮਰਕੁਸ 13:24-26.) ਫਿਰ, ਜਦੋਂ ਸਾਰੀ ਦੁਸ਼ਟ ਵਿਵਸਥਾ ਆਪਣੀ ਸਮਾਪਤੀ ਤੇ ਹੋਵੇਗੀ, ਉਦੋਂ ਯਿਸੂ ਨਿਆਉਂ ਸਭਾ ਨੂੰ ਬਿਠਾ ਕੇ ਨਿਆਉਂ ਕਰੇਗਾ ਅਤੇ ਉਸ ਨੂੰ ਅਮਲ ਵਿਚ ਲਿਆਵੇਗਾ।—ਯੂਹੰਨਾ 5:30; 2 ਥੱਸਲੁਨੀਕੀਆਂ 1:7-10.
27. ਸਾਨੂੰ ਯਿਸੂ ਦੇ ਆਖ਼ਰੀ ਦ੍ਰਿਸ਼ਟਾਂਤ ਦੇ ਬਾਰੇ ਕਿਹੜੀ ਗੱਲ ਜਾਣਨ ਲਈ ਦਿਲਚਸਪੀ ਹੋਣੀ ਚਾਹੀਦੀ ਹੈ?
27 ਇਹ ਯਿਸੂ ਦੇ ਦ੍ਰਿਸ਼ਟਾਂਤ ਦੇ ਸਮੇਂ ਬਾਰੇ ਸਾਡੀ ਸਮਝ ਨੂੰ ਸਪੱਸ਼ਟ ਕਰਦੀ ਹੈ, ਜੋ ਦਿਖਾਉਂਦਾ ਹੈ ਕਿ ਭੇਡਾਂ ਅਤੇ ਬੱਕਰੀਆਂ ਦਾ ਨਿਆਉਂ ਕਦੋਂ ਹੋਵੇਗਾ। ਪਰੰਤੂ ਸਾਡੇ ਉੱਤੇ ਇਹ ਕਿਵੇਂ ਅਸਰ ਪਾਉਂਦਾ ਹੈ, ਜੋ ਸਰਗਰਮੀ ਦੇ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ? (ਮੱਤੀ 24:14) ਕੀ ਇਹ ਸਾਡੇ ਕੰਮ ਦੀ ਮਹੱਤਤਾ ਨੂੰ ਘਟਾ ਦਿੰਦਾ ਹੈ, ਜਾਂ ਸਾਡੇ ਤੇ ਹੋਰ ਵੱਡੀ ਜ਼ਿੰਮੇਵਾਰੀ ਲਿਆਉਂਦਾ ਹੈ? ਆਓ ਅਸੀਂ ਅਗਲੇ ਲੇਖ ਵਿਚ ਦੇਖੀਏ ਕਿ ਅਸੀਂ ਕਿਵੇਂ ਪ੍ਰਭਾਵਿਤ ਹੁੰਦੇ ਹਾਂ। (w95 10/15)
[ਫੁਟਨੋਟ]
a ਜਿਹੜਾ ਸ਼ਬਦ ਦਾਨੀਏਲ 7:10, 26 ਵਿਚ “ਨਿਆਉਂ ਸਭਾ” ਅਨੁਵਾਦ ਕੀਤਾ ਗਿਆ ਹੈ, ਉਹ ਅਜ਼ਰਾ 7:26 ਅਤੇ ਦਾਨੀਏਲ 4:37; 7:22 ਵਿਚ ਵੀ ਪਾਇਆ ਜਾਂਦਾ ਹੈ।
b ਮਸੀਹੀਆਂ ਦਾ ਇਕ ਦੂਜਿਆਂ ਨੂੰ ਅਦਾਲਤ ਵਿਚ ਲੈ ਜਾਣ ਦੇ ਸੰਬੰਧ ਵਿਚ, ਪੌਲੁਸ ਨੇ ਪੁੱਛਿਆ: “ਜਿਹੜੇ ਕਲੀਸਿਯਾ ਵਿੱਚ ਤੁੱਛ ਗਿਣੇ ਜਾਂਦੇ ਹਨ ਭਲਾ, ਤੁਸੀਂ ਓਹਨਾਂ ਨੂੰ ਠਹਿਰਾਉਂਦੇ ਹੋ [ਸ਼ਾਬਦਿਕ ਰੂਪ ਵਿਚ, “ਤੁਸੀਂ ਓਹਨਾਂ ਨੂੰ ਬਿਠਾਉਂਦੇ ਹੋ”]?”—1 ਕੁਰਿੰਥੀਆਂ 6:4.
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ., ਦੁਆਰਾ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਰੈਵੱਲੇਸ਼ਨ—ਇਟਸ ਗ੍ਰੈਂਡ ਕਲਾਈਮੈਕਸ ਐਟ ਹੈਂਡ! (ਅੰਗ੍ਰੇਜ਼ੀ), ਸਫ਼ੇ 56, 73, 235-45, 260 ਨੂੰ ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਯਹੋਵਾਹ ਦੋਵੇਂ ਰਾਜਾ ਅਤੇ ਨਿਆਂਕਾਰ ਦੇ ਤੌਰ ਤੇ ਕਿਵੇਂ ਕੰਮ ਕਰਦਾ ਹੈ?
◻ ‘ਸਿੰਘਾਸਣ ਉੱਤੇ ਬੈਠਣ’ ਦੇ ਕਿਹੜੇ ਦੋ ਮਤਲਬ ਹੋ ਸਕਦੇ ਹਨ?
◻ ਮੱਤੀ 25:31 ਦੇ ਸਮੇਂ ਦੇ ਬਾਰੇ ਅਸੀਂ ਪਹਿਲਾਂ ਕੀ ਕਹਿੰਦੇ ਸੀ, ਪਰੰਤੂ ਇਕ ਸਮਾਯੋਜਿਤ ਦ੍ਰਿਸ਼ਟੀਕੋਣ ਦੇ ਲਈ ਕੀ ਆਧਾਰ ਹੈ?
◻ ਮਨੁੱਖ ਦਾ ਪੁੱਤਰ ਆਪਣੇ ਸਿੰਘਾਸਣ ਉੱਤੇ ਕਦੋਂ ਬੈਠਦਾ ਹੈ, ਜਿਵੇਂ ਕਿ ਮੱਤੀ 25:31 ਵਿਚ ਸੰਕੇਤ ਕੀਤਾ ਗਿਆ ਹੈ?