ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ
“ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ।”—ਯਸਾਯਾਹ 33:22.
1. ਕਿਹੜੀਆਂ ਗੱਲਾਂ ਕਾਰਨ ਪੁਰਾਣਾ ਇਸਰਾਏਲ ਦੂਜੀਆਂ ਕੌਮਾਂ ਨਾਲੋਂ ਖ਼ਾਸ ਸੀ?
ਸੰਨ 1513 ਸਾ.ਯੁ.ਪੂ. ਵਿਚ ਇਸਰਾਏਲ ਦੀ ਕੌਮ ਹੋਂਦ ਵਿਚ ਆਈ। ਉਸ ਸਮੇਂ ਇਸ ਦੀ ਨਾ ਕੋਈ ਰਾਜਧਾਨੀ ਸੀ, ਨਾ ਕੋਈ ਦੇਸ਼ ਤੇ ਨਾ ਹੀ ਕੋਈ ਰਾਜਾ ਸੀ। ਇਸ ਦੀ ਪਰਜਾ ਪਹਿਲਾਂ ਗ਼ੁਲਾਮ ਹੁੰਦੀ ਸੀ। ਪਰ ਇਸ ਨਵੀਂ ਕੌਮ ਦੀ ਇਕ ਖ਼ਾਸੀਅਤ ਸੀ। ਇਸ ਕੌਮ ਦਾ ਅਦਿੱਖ ਨਿਆਈ, ਬਿਧੀਆਂ ਦੇਣ ਵਾਲਾ ਅਤੇ ਪਾਤਸ਼ਾਹ, ਯਹੋਵਾਹ ਪਰਮੇਸ਼ੁਰ ਸੀ। (ਕੂਚ 19:5, 6; ਯਸਾਯਾਹ 33:22) ਹੋਰ ਕੋਈ ਵੀ ਕੌਮ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰ ਸਕਦੀ ਸੀ!
2. ਇਸਰਾਏਲੀ ਕੌਮ ਨੂੰ ਚਲਾਉਣ ਸੰਬੰਧੀ ਕਿਹੜਾ ਸਵਾਲ ਉੱਠਦਾ ਹੈ ਅਤੇ ਇਸ ਦਾ ਜਵਾਬ ਸਾਡੇ ਲਈ ਕਿਉਂ ਮਹੱਤਵਪੂਰਣ ਹੈ?
2 ਕਿਉਂਕਿ ਯਹੋਵਾਹ ਚੰਗਾ ਇੰਤਜ਼ਾਮ ਕਰਨ ਵਾਲਾ ਅਤੇ ਸ਼ਾਂਤੀ ਦਾ ਪਰਮੇਸ਼ੁਰ ਹੈ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੀ ਕੌਮ ਉੱਤੇ ਉਹ ਸ਼ਾਸਨ ਕਰਦਾ ਹੈ, ਉਸ ਕੌਮ ਦੇ ਹਾਲਾਤ ਜ਼ਰੂਰ ਵਧੀਆ ਹੋਣਗੇ। (1 ਕੁਰਿੰਥੀਆਂ 14:33) ਇਸਰਾਏਲ ਇਸੇ ਤਰ੍ਹਾਂ ਦੀ ਕੌਮ ਸੀ। ਪਰ ਜਿਸ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ ਉਹ ਇਕ ਜ਼ਮੀਨੀ ਸੰਗਠਨ ਨੂੰ ਕਿਵੇਂ ਚਲਾ ਸਕਦਾ ਹੈ? ਚੰਗਾ ਹੋਵੇਗਾ ਜੇ ਅਸੀਂ ਉਸ ਤਰੀਕੇ ਉੱਤੇ ਗੌਰ ਕਰੀਏ ਜਿਸ ਤਰੀਕੇ ਦੁਆਰਾ ਯਹੋਵਾਹ ਨੇ ਇਸਰਾਏਲ ਦੀ ਕੌਮ ਉੱਤੇ ਸ਼ਾਸਨ ਕੀਤਾ ਸੀ। ਖ਼ਾਸ ਕਰਕੇ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਇਸਰਾਏਲ ਨਾਲ ਵਰਤਾਉ ਕਰਨ ਦਾ ਉਸ ਦਾ ਤਰੀਕਾ ਕਿਵੇਂ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਵਫ਼ਾਦਾਰੀ ਨਾਲ ਰਹਿਣ ਦੀ ਮਹੱਤਤਾ ਨੂੰ ਜ਼ਾਹਰ ਕਰਦਾ ਹੈ।
ਪੁਰਾਣੇ ਇਸਰਾਏਲ ਉੱਤੇ ਕਿਵੇਂ ਸ਼ਾਸਨ ਕੀਤਾ ਗਿਆ ਸੀ
3. ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਲਈ ਕਿਹੜੇ ਫ਼ਾਇਦੇਮੰਦ ਪ੍ਰਬੰਧ ਕੀਤੇ ਸਨ?
3 ਭਾਵੇਂ ਕਿ ਯਹੋਵਾਹ ਇਸਰਾਏਲ ਦਾ ਅਦਿੱਖ ਰਾਜਾ ਸੀ, ਫਿਰ ਵੀ ਉਸ ਨੇ ਵਫ਼ਾਦਾਰ ਆਦਮੀਆਂ ਨੂੰ ਆਪਣੇ ਪ੍ਰਤਿਨਿਧਾਂ ਵਜੋਂ ਨਿਯੁਕਤ ਕੀਤਾ ਸੀ। ਇਨ੍ਹਾਂ ਵਿਚ ਸਰਦਾਰਾਂ, ਪਿੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਅਤੇ ਸਲਾਹਕਾਰਾਂ ਤੇ ਨਿਆਈਆਂ ਵਜੋਂ ਲੋਕਾਂ ਦੀ ਸੇਵਾ ਕਰਨ ਵਾਲੇ ਬਜ਼ੁਰਗ ਸ਼ਾਮਲ ਸਨ। (ਕੂਚ 18:25, 26; ਬਿਵਸਥਾ ਸਾਰ 1:15) ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਜ਼ਿੰਮੇਵਾਰ ਆਦਮੀ ਪਰਮੇਸ਼ੁਰ ਦੀ ਅਗਵਾਈ ਤੋਂ ਬਿਨਾਂ ਆਪਣੀ ਹੀ ਸੂਝ-ਬੂਝ ਨਾਲ ਮਾਮਲਿਆਂ ਨੂੰ ਨਜਿੱਠ ਸਕਦੇ ਸਨ। ਉਹ ਨਾ ਤਾਂ ਸੰਪੂਰਣ ਸਨ ਤੇ ਨਾ ਹੀ ਉਹ ਆਪਣੇ ਸੰਗੀ ਉਪਾਸਕਾਂ ਦੇ ਦਿਲਾਂ ਨੂੰ ਜਾਣ ਸਕਦੇ ਸਨ। ਫਿਰ ਵੀ ਪਰਮੇਸ਼ੁਰ ਤੋਂ ਡਰਨ ਵਾਲੇ ਉਹ ਨਿਆਈ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਫ਼ਾਇਦੇਮੰਦ ਸਲਾਹ ਦੇ ਸਕਦੇ ਸਨ ਕਿਉਂਕਿ ਇਹ ਸਲਾਹ ਯਹੋਵਾਹ ਦੀ ਬਿਵਸਥਾ ਉੱਤੇ ਆਧਾਰਿਤ ਹੁੰਦੀ ਸੀ।—ਬਿਵਸਥਾ ਸਾਰ 19:15; ਜ਼ਬੂਰ 119:97-100.
4. ਇਸਰਾਏਲ ਦੇ ਵਫ਼ਾਦਾਰ ਨਿਆਈਆਂ ਨੇ ਕਿਹੜੇ ਝੁਕਾਵਾਂ ਤੋਂ ਬਚਣਾ ਸੀ ਅਤੇ ਕਿਉਂ?
4 ਪਰ ਇਕ ਨਿਆਈ ਨੂੰ ਬਿਵਸਥਾ ਦਾ ਗਿਆਨ ਹਾਸਲ ਕਰਨ ਨਾਲੋਂ ਜ਼ਿਆਦਾ ਕੁਝ ਕਰਨ ਦੀ ਲੋੜ ਸੀ। ਨਾਮੁਕੰਮਲ ਹੋਣ ਕਰਕੇ ਬਜ਼ੁਰਗਾਂ ਨੂੰ ਇੱਦਾਂ ਦਾ ਕੋਈ ਵੀ ਬੁਰਾ ਝੁਕਾਅ ਤੋਂ ਬਚਣਾ ਚਾਹੀਦਾ ਸੀ ਜਿਸ ਕਾਰਨ ਉਹ ਸ਼ਾਇਦ ਗ਼ਲਤ ਨਿਆਂ ਕਰ ਸਕਦੇ ਸਨ ਜਿਵੇਂ ਸੁਆਰਥ, ਪੱਖਪਾਤ ਤੇ ਲਾਲਚ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਨਿਆਉਂ ਕਰਨ ਦੇ ਵੇਲੇ ਕਿਸੇ ਦੀ ਪੱਖ ਪਾਤ ਨਾ ਕਰਿਓ। ਤੁਸੀਂ ਵੱਡੇ ਛੋਟੇ ਦੀ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ ਕਿਉਂ ਜੋ ਨਿਆਉਂ ਪਰਮੇਸ਼ੁਰ ਦਾ ਹੈ।” (ਟੇਢੇ ਟਾਈਪ ਸਾਡੇ।) ਜੀ ਹਾਂ, ਇਸਰਾਏਲ ਦੇ ਨਿਆਈ ਪਰਮੇਸ਼ੁਰ ਵੱਲੋਂ ਨਿਆਂ ਕਰਦੇ ਸਨ। ਉਨ੍ਹਾਂ ਲਈ ਇਹ ਕਿੰਨਾ ਵਧੀਆ ਸਨਮਾਨ ਸੀ!—ਬਿਵਸਥਾ ਸਾਰ 1:16, 17.
5. ਨਿਆਈਆਂ ਤੋਂ ਇਲਾਵਾ, ਆਪਣੇ ਲੋਕਾਂ ਦੀ ਦੇਖ-ਭਾਲ ਲਈ ਯਹੋਵਾਹ ਨੇ ਹੋਰ ਕਿਹੜੇ ਪ੍ਰਬੰਧ ਕੀਤੇ ਸਨ?
5 ਆਪਣੇ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਯਹੋਵਾਹ ਨੇ ਹੋਰ ਪ੍ਰਬੰਧ ਵੀ ਕੀਤੇ ਸਨ। ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਨਿਆਈਆਂ ਨੂੰ ਡੇਹਰਾ ਬਣਾਉਣ ਦਾ ਹੁਕਮ ਦਿੱਤਾ ਸੀ ਜੋ ਸੱਚੀ ਭਗਤੀ ਦਾ ਕੇਂਦਰ ਸੀ। ਉਸ ਨੇ ਬਿਵਸਥਾ ਸਿਖਾਉਣ, ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਅਤੇ ਸਵੇਰ ਤੇ ਸ਼ਾਮ ਨੂੰ ਧੂਪ ਧੁਖਾਉਣ ਲਈ ਜਾਜਕਾਂ ਨੂੰ ਵੀ ਠਹਿਰਾਇਆ ਸੀ। ਪਰਮੇਸ਼ੁਰ ਨੇ ਮੂਸਾ ਦੇ ਵੱਡੇ ਭਰਾ ਹਾਰੂਨ ਨੂੰ ਇਸਰਾਏਲ ਦਾ ਪਹਿਲਾ ਪ੍ਰਧਾਨ ਜਾਜਕ ਥਾਪਿਆ ਅਤੇ ਹਾਰੂਨ ਦੇ ਪੁੱਤਰਾਂ ਨੂੰ ਆਪਣੇ ਪਿਤਾ ਦੇ ਕੰਮਾਂ ਵਿਚ ਮਦਦ ਕਰਨ ਲਈ ਨਿਯੁਕਤ ਕੀਤਾ।—ਕੂਚ 28:1; ਗਿਣਤੀ 3:10; 2 ਇਤਹਾਸ 13:10, 11.
6, 7. (ਉ) ਜਾਜਕਾਂ ਅਤੇ ਗ਼ੈਰ-ਜਾਜਕੀ ਲੇਵੀਆਂ ਵਿਚਕਾਰ ਕੀ ਸੰਬੰਧ ਸੀ? (ਅ) ਲੇਵੀਆਂ ਦੁਆਰਾ ਕੀਤੇ ਵੱਖੋ-ਵੱਖਰੇ ਕੰਮਾਂ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਕੁਲੁੱਸੀਆਂ 3:23)
6 ਲੱਖਾਂ ਹੀ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਦੀ ਦੇਖ-ਭਾਲ ਕਰਨੀ ਇਕ ਬਹੁਤ ਵੱਡਾ ਕੰਮ ਸੀ ਅਤੇ ਜਾਜਕ ਘੱਟ ਸਨ। ਇਸ ਲਈ ਉਨ੍ਹਾਂ ਦੀ ਮਦਦ ਕਰਨ ਲਈ ਲੇਵੀ ਗੋਤ ਦੇ ਹੋਰ ਮੈਂਬਰਾਂ ਨੂੰ ਕੰਮ ਸੌਂਪੇ ਗਏ ਸਨ। ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਲੇਵੀਆਂ ਨੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਦੇਈਂ। ਏਹ ਪੂਰੀ ਤੌਰ ਨਾਲ ਇਸਰਾਏਲੀਆਂ ਵਿੱਚੋਂ ਉਨ੍ਹਾਂ ਨੂੰ ਦਿੱਤੇ ਗਏ ਹਨ।”—ਗਿਣਤੀ 3:9, 39.
7 ਲੇਵੀ ਬਹੁਤ ਹੀ ਵਧੀਆ ਤਰੀਕੇ ਨਾਲ ਤਿੰਨਾਂ ਪਰਿਵਾਰਾਂ ਅਨੁਸਾਰ ਵੰਡੇ ਹੋਏ ਸਨ—ਗੇਰਸ਼ੋਨ, ਕਹਾਥ ਅਤੇ ਮਰਾਰੀ ਅਤੇ ਸਾਰਿਆਂ ਨੂੰ ਕੋਈ ਨਾ ਕੋਈ ਕੰਮ ਸੌਂਪਿਆ ਹੋਇਆ ਸੀ। (ਗਿਣਤੀ 3:14-17, 23-37) ਕੁਝ ਕੰਮ ਸ਼ਾਇਦ ਦੂਜਿਆਂ ਕੰਮਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਲੱਗਦੇ ਸਨ, ਪਰ ਸਾਰੇ ਕੰਮ ਕਰਨੇ ਜ਼ਰੂਰੀ ਸਨ। ਕਹਾਥੀ ਲੇਵੀ ਪਵਿੱਤਰ ਨੇਮ ਦੇ ਸੰਦੂਕ ਅਤੇ ਡੇਹਰੇ ਦੇ ਸਮਾਨ ਦੇ ਨੇੜੇ-ਤੇੜੇ ਕੰਮ ਕਰਦੇ ਸਨ। ਪਰ ਹਰ ਲੇਵੀ ਨੇ ਸ਼ਾਨਦਾਰ ਸਨਮਾਨਾਂ ਦਾ ਆਨੰਦ ਮਾਣਿਆ ਸੀ, ਭਾਵੇਂ ਉਹ ਕਹਾਥੀ ਸੀ ਜਾਂ ਨਹੀਂ। (ਗਿਣਤੀ 1:51, 53) ਦੁੱਖ ਦੀ ਗੱਲ ਹੈ ਕਿ ਕੁਝ ਲੇਵੀਆਂ ਨੇ ਆਪਣੇ ਸਨਮਾਨਾਂ ਦੀ ਕਦਰ ਨਹੀਂ ਕੀਤੀ। ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਰਹਿਣ ਦੀ ਬਜਾਇ, ਉਹ ਅਸੰਤੁਸ਼ਟ ਹੋ ਗਏ ਅਤੇ ਘਮੰਡੀ, ਅਭਿਲਾਸ਼ੀ ਤੇ ਈਰਖਾਲੂ ਬਣ ਗਏ। ਕੋਰਹ ਨਾਮਕ ਲੇਵੀ ਉਨ੍ਹਾਂ ਵਿੱਚੋਂ ਇਕ ਸੀ।
“ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ?”
8. (ੳ) ਕੋਰਹ ਕੌਣ ਸੀ? (ਅ) ਜਾਜਕਾਂ ਨੂੰ ਕੋਰਹ ਕਿਹੜੀ ਗੱਲ ਕਾਰਨ ਇਨਸਾਨੀ ਨਜ਼ਰੀਏ ਤੋਂ ਦੇਖਣ ਲੱਗ ਪਿਆ ਸੀ?
8 ਕੋਰਹ ਨਾ ਤਾਂ ਲੇਵੀ ਘਰਾਣੇ ਦਾ ਸਰਦਾਰ ਸੀ ਤੇ ਨਾ ਹੀ ਉਹ ਕਹਾਥੀਆਂ ਦੇ ਟੱਬਰਾਂ ਦਾ ਮੁਖੀ ਸੀ। (ਗਿਣਤੀ 3:30, 32) ਪਰ ਉਹ ਇਸਰਾਏਲ ਵਿਚ ਮੰਨਿਆ-ਪ੍ਰਮੰਨਿਆ ਪ੍ਰਧਾਨ ਸੀ। ਕੋਰਹ ਸ਼ਾਇਦ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਨੇੜੇ-ਤੇੜੇ ਕੰਮ ਕਰਦਾ ਸੀ। (ਗਿਣਤੀ 4:18, 19) ਇਨ੍ਹਾਂ ਆਦਮੀਆਂ ਦੀਆਂ ਕਮਜ਼ੋਰੀਆਂ ਨੂੰ ਦੇਖ ਕੇ ਕੋਰਹ ਨੇ ਸੋਚਿਆ ਹੋਣਾ: ‘ਇਹ ਜਾਜਕ ਨਾਮੁਕੰਮਲ ਹੀ ਤਾਂ ਹਨ, ਮੈਂ ਇਨ੍ਹਾਂ ਦੇ ਅਧੀਨ ਰਹਾਂ? ਥੋੜ੍ਹੇ ਹੀ ਚਿਰ ਪਹਿਲਾਂ ਹਾਰੂਨ ਨੇ ਸੋਨੇ ਦਾ ਵੱਛਾ ਬਣਾਇਆ ਸੀ। ਉਸ ਵੱਛੇ ਦੀ ਪੂਜਾ ਕਾਰਨ ਹੀ ਤਾਂ ਸਾਡੇ ਲੋਕ ਮੂਰਤੀ-ਪੂਜਾ ਕਰਨ ਲੱਗ ਪਏ ਸਨ। ਹੁਣ ਉਹੀ ਮੂਸਾ ਦਾ ਭਰਾ ਹਾਰੂਨ ਪ੍ਰਧਾਨ ਜਾਜਕ ਬਣ ਗਿਆ! ਮੂਸਾ ਨੇ ਉਹ ਦੀ ਤਰਫ਼ਦਾਰੀ ਕਿਉਂ ਕੀਤੀ? ਹਾਰੂਨ ਦੇ ਮੁੰਡਿਆਂ, ਨਾਦਾਬ ਤੇ ਅਬੀਹੂ ਬਾਰੇ ਕੀ? ਉਨ੍ਹਾਂ ਨੇ ਸੇਵਾ ਕਰਨ ਦੇ ਆਪਣੇ ਸਨਮਾਨਾਂ ਦਾ ਘੋਰ ਅਨਾਦਰ ਕੀਤਾ ਸੀ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ!’a (ਕੂਚ 32:1-5; ਲੇਵੀਆਂ 10:1, 2) ਕੋਰਹ ਨੇ ਭਾਵੇਂ ਜਿਵੇਂ ਮਰਜ਼ੀ ਸੋਚਿਆ ਹੋਵੇ, ਪਰ ਇਹ ਗੱਲ ਸਾਫ਼ ਜ਼ਾਹਰ ਹੈ ਕਿ ਉਹ ਜਾਜਕਾਈ ਦੇ ਪ੍ਰਬੰਧ ਨੂੰ ਇਨਸਾਨੀ ਨਜ਼ਰੀਏ ਤੋਂ ਦੇਖਣ ਲੱਗ ਪਿਆ ਸੀ। ਇਸ ਕਰਕੇ ਉਸ ਨੇ ਮੂਸਾ, ਹਾਰੂਨ ਤੇ ਅਖ਼ੀਰ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ।—1 ਸਮੂਏਲ 15:23; ਯਾਕੂਬ 1:14, 15.
9, 10. ਕੋਰਹ ਤੇ ਉਸ ਦੇ ਸਾਥੀਆਂ ਨੇ ਮੂਸਾ ਉੱਤੇ ਕਿਹੜਾ ਦੋਸ਼ ਲਾਇਆ ਤੇ ਬਗਾਵਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਹੜੀ ਘਟਨਾ ਚੇਤੇ ਰੱਖਣੀ ਚਾਹੀਦੀ ਸੀ?
9 ਕੋਰਹ ਪ੍ਰਧਾਨਾਂ ਵਿੱਚੋਂ ਮੰਨਿਆ-ਪ੍ਰਮੰਨਿਆ ਸ਼ਖ਼ਸ ਸੀ। ਇਸ ਲਈ ਆਪਣੇ ਵਰਗੇ ਲੋਕਾਂ ਨੂੰ ਇਕੱਠਾ ਕਰਨਾ ਉਸ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ। ਉਸ ਨੇ ਦਾਥਾਨ ਤੇ ਅਬੀਰਾਮ ਸਮੇਤ ਆਪਣੇ ਵਰਗੇ ਮੰਡਲੀ ਦੇ 250 ਪ੍ਰਧਾਨਾਂ ਨੂੰ ਇਕੱਠੇ ਕਰ ਲਿਆ। ਉਹ ਇਕੱਠੇ ਹੋ ਕੇ ਮੂਸਾ ਤੇ ਹਾਰੂਨ ਕੋਲ ਜਾ ਕੇ ਕਹਿਣ ਲੱਗੇ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?”—ਗਿਣਤੀ 16:1-3.
10 ਮੂਸਾ ਦੇ ਅਧਿਕਾਰ ਨੂੰ ਲਲਕਾਰਨ ਤੋਂ ਪਹਿਲਾਂ, ਇਨ੍ਹਾਂ ਬਾਗ਼ੀਆਂ ਨੂੰ ਪਹਿਲਾਂ ਵਾਪਰੀ ਇਕ ਘਟਨਾ ਚੇਤੇ ਰੱਖਣੀ ਚਾਹੀਦੀ ਸੀ। ਕੁਝ ਚਿਰ ਪਹਿਲਾਂ ਹਾਰੂਨ ਤੇ ਮਿਰਯਮ ਨੇ ਵੀ ਮੂਸਾ ਦੇ ਅਧਿਕਾਰ ਨੂੰ ਲਲਕਾਰਿਆ ਸੀ। ਉਹ ਵੀ ਕੋਰਹ ਵਾਂਗ ਸੋਚਦੇ ਸਨ। ਗਿਣਤੀ 12:1, 2 ਮੁਤਾਬਕ ਉਨ੍ਹਾਂ ਨੇ ਪੁੱਛਿਆ: “ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” ਯਹੋਵਾਹ ਉਨ੍ਹਾਂ ਨੂੰ ਸੁਣ ਰਿਹਾ ਸੀ। ਉਸ ਨੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੇ ਹੋਣ ਦਾ ਹੁਕਮ ਦਿੱਤਾ ਤਾਂਕਿ ਉਹ ਉਨ੍ਹਾਂ ਨੂੰ ਦੱਸ ਸਕੇ ਕਿ ਉਸ ਨੇ ਕਿਸ ਨੂੰ ਆਗੂ ਚੁਣਿਆ ਸੀ। ਫਿਰ ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ: “ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉੱਤੇ ਪਰਗਟ ਕਰਾਂਗਾ ਅਤੇ ਸੁਫ਼ਨੇ ਵਿੱਚ ਮੈਂ ਉਹ ਦੇ ਨਾਲ ਬੋਲਾਂਗਾ। ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਉਹ ਮੇਰੇ ਸਾਰੇ ਘਰ ਵਿੱਚ ਅਤਬਾਰ ਵਾਲਾ ਹੈ।” ਉਸ ਤੋਂ ਬਾਅਦ ਯਹੋਵਾਹ ਨੇ ਮਿਰਯਮ ਨੂੰ ਥੋੜ੍ਹੇ ਸਮੇਂ ਲਈ ਕੋੜ੍ਹ ਦੀ ਬੀਮਾਰੀ ਲਾ ਦਿੱਤੀ।—ਗਿਣਤੀ 12:4-7, 10.
11. ਕੋਰਹ ਕਾਰਨ ਪੈਦਾ ਹੋਏ ਹਾਲਾਤਾਂ ਦਾ ਮੂਸਾ ਨੇ ਕਿਵੇਂ ਸਾਮ੍ਹਣਾ ਕੀਤਾ?
11 ਕੋਰਹ ਅਤੇ ਉਸ ਦੇ ਸਾਥੀ ਉਸ ਘਟਨਾ ਨੂੰ ਜ਼ਰੂਰ ਜਾਣਦੇ ਸਨ। ਇਸ ਲਈ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ। ਫਿਰ ਵੀ ਮੂਸਾ ਨੇ ਉਨ੍ਹਾਂ ਨਾਲ ਧੀਰਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਨਮਾਨਾਂ ਦੀ ਜ਼ਿਆਦਾ ਕਦਰ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ: “ਕੀ ਏਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਸਰਾਏਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ?” ਨਹੀਂ, ਇਹ ਕੋਈ “ਛੋਟੀ” ਜਿਹੀ ਗੱਲ ਨਹੀਂ ਸੀ! ਲੇਵੀਆਂ ਨੂੰ ਪਹਿਲਾਂ ਹੀ ਵੱਡੇ ਸਨਮਾਨ ਮਿਲੇ ਹੋਏ ਸਨ। ਹੋਰ ਉਨ੍ਹਾਂ ਨੂੰ ਕੀ ਚਾਹੀਦਾ ਸੀ? ਮੂਸਾ ਦੇ ਅਗਲੇ ਸ਼ਬਦ ਉਨ੍ਹਾਂ ਦੇ ਦਿਲਾਂ ਦੇ ਪੋਲ ਖੋਲ੍ਹਦੇ ਹਨ: “ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ?”b (ਗਿਣਤੀ 12:3; 16:9, 10) ਪਰਮੇਸ਼ੁਰੀ ਅਧਿਕਾਰ ਵਿਰੁੱਧ ਬਗਾਵਤ ਹੋਣ ਤੇ ਯਹੋਵਾਹ ਨੇ ਕਿਵੇਂ ਮਹਿਸੂਸ ਕੀਤਾ?
ਇਸਰਾਏਲ ਦਾ ਨਿਆਈ ਦਖ਼ਲ ਦਿੰਦਾ ਹੈ
12. ਪਰਮੇਸ਼ੁਰ ਨਾਲ ਇਸਰਾਏਲੀਆਂ ਦਾ ਚੰਗਾ ਰਿਸ਼ਤਾ ਕਿਸ ਗੱਲ ਉੱਤੇ ਨਿਰਭਰ ਕਰਦਾ ਸੀ?
12 ਜਦੋਂ ਯਹੋਵਾਹ ਨੇ ਇਸਰਾਏਲ ਨੂੰ ਬਿਵਸਥਾ ਦਿੱਤੀ ਸੀ, ਤਾਂ ਉਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇ ਉਹ ਵਫ਼ਾਦਾਰੀ ਨਾਲ ਉਸ ਦੇ ਇੰਤਜ਼ਾਮਾਂ ਨੂੰ ਸਵੀਕਾਰ ਕਰਦੇ ਰਹਿੰਦੇ, ਤਾਂ ਉਨ੍ਹਾਂ ਨੇ ਉਸ ਦੀ “ਪਵਿੱਤ੍ਰ ਕੌਮ” ਰਹਿਣਾ ਸੀ। (ਕੂਚ 19:5, 6) ਇਸ ਸ਼ਰੇਆਮ ਕੀਤੀ ਗਈ ਬਗਾਵਤ ਕਾਰਨ ਇਸਰਾਏਲ ਦੇ ਨਿਆਈ ਅਤੇ ਬਿਧੀਆਂ ਦੇਣ ਵਾਲੇ ਨੂੰ ਦਖ਼ਲ ਦੇਣਾ ਹੀ ਪਿਆ! ਮੂਸਾ ਨੇ ਕੋਰਹ ਨੂੰ ਕਿਹਾ: “ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੋ, ਤੂੰ ਅਤੇ ਓਹ ਅਤੇ ਹਾਰੂਨ। ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੌ ਧੂਪਦਾਨ,—ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ।”—ਗਿਣਤੀ 16:16, 17.
13. (ੳ) ਬਾਗ਼ੀਆਂ ਲਈ ਯਹੋਵਾਹ ਅੱਗੇ ਧੂਪ ਧੁਖਾਉਣਾ ਇਕ ਗੁਸਤਾਖ਼ੀ ਕਿਉਂ ਸੀ? (ਅ) ਯਹੋਵਾਹ ਨੇ ਬਾਗ਼ੀਆਂ ਨੂੰ ਕੀ ਕੀਤਾ?
13 ਪਰਮੇਸ਼ੁਰ ਦੀ ਬਿਵਸਥਾ ਮੁਤਾਬਕ ਸਿਰਫ਼ ਜਾਜਕ ਹੀ ਧੂਪ ਧੁਖਾ ਸਕਦੇ ਸਨ। ਇਸ ਲਈ ਜਦੋਂ ਮੂਸਾ ਨੇ ਧੂਪ ਧੁਖਾਉਣ ਦੀ ਗੱਲ ਕਹੀ ਸੀ, ਤਾਂ ਉਨ੍ਹਾਂ ਬਾਗ਼ੀਆਂ ਦੇ ਹੋਸ਼ ਠਿਕਾਣੇ ਆ ਜਾਣੇ ਚਾਹੀਦੇ ਸਨ ਕਿਉਂਕਿ ਗ਼ੈਰ-ਜਾਜਕੀ ਲੇਵੀਆਂ ਲਈ ਯਹੋਵਾਹ ਅੱਗੇ ਧੂਪ ਧੁਖਾਉਣਾ ਮਨ੍ਹਾ ਸੀ। (ਕੂਚ 30:7; ਗਿਣਤੀ 4:16) ਪਰ ਕੋਰਹ ਤੇ ਉਸ ਦੇ ਸਾਥੀਆਂ ਦੇ ਹੋਸ਼ ਠਿਕਾਣੇ ਨਹੀਂ ਆਏ! ਅਗਲੇ ਦਿਨ ਉਸ ਨੇ “ਸਾਰੀ ਟੋਲੀ ਨੂੰ ਉਨ੍ਹਾਂ [ਮੂਸਾ ਤੇ ਹਾਰੂਨ] ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵੱਜੇ ਉੱਤੇ ਇਕੱਠਾ ਕੀਤਾ।” ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ, ਏਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੋਰ ਵਿੱਚ ਭੱਖ ਲਵਾਂ।” ਪਰ ਮੂਸਾ ਅਤੇ ਹਾਰੂਨ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਯਹੋਵਾਹ ਨੂੰ ਬੇਨਤੀ ਕੀਤੀ। ਯਹੋਵਾਹ ਨੇ ਉਨ੍ਹਾਂ ਦੀਆਂ ਬੇਨਤੀਆਂ ਮੁਤਾਬਕ ਕੀਤਾ। ਪਰ ਕੋਰਹ ਅਤੇ ਉਸ ਦੇ ਸਾਥੀਆਂ ਉੱਤੇ “ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਨ੍ਹਾਂ ਢਾਈ ਸੌ ਮਨੁੱਖਾਂ ਨੂੰ ਜਿਹੜੇ ਧੂਪ ਧੁਖਾਉਂਦੇ ਸਨ ਭਸਮ ਕਰ ਗਈ।”—ਗਿਣਤੀ 16:19-22, 35.c
14. ਯਹੋਵਾਹ ਨੇ ਇਸਰਾਏਲ ਦੀ ਮੰਡਲੀ ਵਿਰੁੱਧ ਸਖ਼ਤ ਕਦਮ ਕਿਉਂ ਉਠਾਇਆ ਸੀ?
14 ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਇਸਰਾਏਲੀਆਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਬਾਗ਼ੀਆਂ ਨਾਲ ਕੀ ਕੀਤਾ, ਉਨ੍ਹਾਂ ਨੇ ਅਜੇ ਵੀ ਸਬਕ ਨਹੀਂ ਸਿੱਖਿਆ ਸੀ। “ਅਗਲੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਏਹ ਆਖ ਕੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਉਣ ਲੱਗੀ ਕਿ ਤੁਸਾਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ!” ਇਸਰਾਏਲੀਆਂ ਨੇ ਸਾਜ਼ਸ਼ੀਆਂ ਦਾ ਪੱਖ ਲਿਆ! ਅਖ਼ੀਰ ਯਹੋਵਾਹ ਦਾ ਧੀਰਜ ਖ਼ਤਮ ਹੋ ਗਿਆ। ਹੁਣ ਕੋਈ ਵੀ ਲੋਕਾਂ ਦੀ ਮਦਦ ਨਹੀਂ ਕਰ ਸਕਦਾ ਸੀ, ਮੂਸਾ ਤੇ ਹਾਰੂਨ ਵੀ ਨਹੀਂ। ਯਹੋਵਾਹ ਨੇ ਅਣਆਗਿਆਕਾਰੀ ਲੋਕਾਂ ਨੂੰ ਬਵਾ ਨਾਲ ਮਾਰਿਆ ਅਤੇ “ਜਿਹੜੇ ਬਵਾ ਨਾਲ ਮਰੇ ਓਹ ਚੌਦਾਂ ਹਜ਼ਾਰ ਸੱਤ ਸੌ ਸਨ ਉਨ੍ਹਾਂ ਨੂੰ ਛੱਡ ਕੇ ਜਿਹੜੇ ਕੋਰਹ ਦੀ ਗੱਲ ਦੇ ਕਾਰਨ ਮਰੇ।”—ਗਿਣਤੀ 16:41-49.
15. (ੳ) ਕਿਨ੍ਹਾਂ ਕਾਰਨਾਂ ਕਰਕੇ ਇਸਰਾਏਲੀਆਂ ਨੂੰ ਬੇਝਿਜਕ ਹੋ ਕੇ ਮੂਸਾ ਅਤੇ ਹਾਰੂਨ ਦੇ ਅਧਿਕਾਰ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ? (ਅ) ਇਸ ਬਿਰਤਾਂਤ ਨੇ ਯਹੋਵਾਹ ਬਾਰੇ ਤੁਹਾਨੂੰ ਕੀ ਸਿਖਾਇਆ ਹੈ?
15 ਜੇ ਲੋਕ ਚਾਹੁੰਦੇ ਤਾਂ ਉਹ ਆਪਣੀਆਂ ਜਾਨਾਂ ਬਚਾ ਸਕਦੇ ਸਨ। ਉਹ ਆਪਣੇ ਦਿਮਾਗ਼ ਵਰਤ ਕੇ ਆਪਣੇ ਆਪ ਕੋਲੋਂ ਅਜਿਹੇ ਸਵਾਲ ਪੁੱਛ ਸਕਦੇ ਸਨ: ‘ਫ਼ਿਰਾਊਨ ਸਾਮ੍ਹਣੇ ਜਾ ਕੇ ਕਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾਈਆਂ ਸਨ? ਕਿਨ੍ਹਾਂ ਨੇ ਇਸਰਾਏਲੀਆਂ ਨੂੰ ਆਜ਼ਾਦ ਕਰਨ ਦੀ ਮੰਗ ਕੀਤੀ ਸੀ? ਇਸਰਾਏਲੀਆਂ ਦੇ ਆਜ਼ਾਦ ਹੋਣ ਤੋਂ ਬਾਅਦ, ਪਰਮੇਸ਼ੁਰ ਦੇ ਦੂਤ ਨਾਲ ਗੱਲ ਕਰਨ ਲਈ ਕਿਸ ਨੂੰ ਹੋਰੇਬ ਪਹਾੜ ਉੱਤੇ ਚੜ੍ਹਨ ਦਾ ਸੱਦਾ ਦਿੱਤਾ ਗਿਆ ਸੀ?’ ਯਕੀਨਨ ਮੂਸਾ ਤੇ ਹਾਰੂਨ ਦਾ ਸ਼ਾਨਦਾਰ ਰਿਕਾਰਡ ਸਬੂਤ ਦਿੰਦਾ ਹੈ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸਨ ਤੇ ਲੋਕਾਂ ਨੂੰ ਪਿਆਰ ਕਰਦੇ ਸਨ। (ਕੂਚ 10:28; 19:24; 24:12-15) ਬਾਗ਼ੀਆਂ ਨੂੰ ਮੌਤ ਦੇ ਘਾਟ ਉਤਾਰਨ ਵਿਚ ਯਹੋਵਾਹ ਖ਼ੁਸ਼ ਨਹੀਂ ਸੀ। ਪਰ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਲੋਕ ਬਗਾਵਤ ਕਰਨ ਤੋਂ ਹਟਣ ਵਾਲੇ ਨਹੀਂ ਸਨ, ਤਾਂ ਉਸ ਨੇ ਸਹੀ ਕਦਮ ਚੁੱਕਿਆ। (ਹਿਜ਼ਕੀਏਲ 33:11) ਇਹ ਸਭ ਕੁਝ ਅੱਜ ਸਾਡੇ ਲਈ ਬੜੀ ਮਹੱਤਤਾ ਰੱਖਦਾ ਹੈ। ਕਿਉਂ?
ਅੱਜ ਯਹੋਵਾਹ ਨੇ ਕਿਹੜਾ ਇੰਤਜ਼ਾਮ ਕੀਤਾ ਹੈ?
16. (ੳ) ਪਹਿਲੀ ਸਦੀ ਦੇ ਯਹੂਦੀਆਂ ਨੂੰ ਕਿਹੜੇ ਸਬੂਤ ਤੋਂ ਯਕੀਨ ਹੋ ਜਾਣਾ ਚਾਹੀਦਾ ਸੀ ਕਿ ਯਿਸੂ ਯਹੋਵਾਹ ਦਾ ਪ੍ਰਤਿਨਿਧ ਸੀ? (ਅ) ਯਹੋਵਾਹ ਨੇ ਕਿਸ ਨੂੰ ਲੇਵੀ ਜਾਜਕਾਂ ਦੀ ਜਗ੍ਹਾ ਚੁਣਿਆ ਅਤੇ ਕਿਉਂ?
16 ਅੱਜ ਵੀ ਇਕ ਨਵੀਂ “ਕੌਮ” ਹੈ ਜਿਸ ਦਾ ਅਦਿੱਖ ਨਿਆਈ, ਬਿਧੀਆਂ ਦੇਣ ਵਾਲਾ ਤੇ ਪਾਤਸ਼ਾਹ ਯਹੋਵਾਹ ਹੈ। (ਮੱਤੀ 21:43) ਇਸ “ਕੌਮ” ਦਾ ਪਹਿਲੀ ਸਦੀ ਸਾ.ਯੁ. ਵਿਚ ਜਨਮ ਹੋਇਆ। ਉਸ ਵੇਲੇ ਮੂਸਾ ਦੇ ਸਮੇਂ ਦੇ ਡੇਹਰੇ ਦੀ ਜਗ੍ਹਾ ਯਰੂਸ਼ਲਮ ਦੀ ਹੈਕਲ ਨੇ ਲੈ ਲਈ ਸੀ ਜਿੱਥੇ ਅਜੇ ਵੀ ਲੇਵੀ ਸੇਵਾ ਕਰ ਰਹੇ ਸਨ। (ਲੂਕਾ 1:5, 8, 9) ਪਰ 29 ਸਾ.ਯੁ. ਵਿਚ ਇਕ ਹੋਰ ਹੈਕਲ ਯਾਨੀ ਅਧਿਆਤਮਿਕ ਹੈਕਲ ਹੋਂਦ ਵਿਚ ਆਈ ਜਿਸ ਦਾ ਪ੍ਰਧਾਨ ਜਾਜਕ ਯਿਸੂ ਮਸੀਹ ਹੈ। (ਇਬਰਾਨੀਆਂ 9:9, 11) ਪਰਮੇਸ਼ੁਰੀ ਅਧਿਕਾਰ ਉੱਤੇ ਇਕ ਵਾਰ ਫਿਰ ਸਵਾਲ ਉਠਾਇਆ ਗਿਆ ਸੀ। ਇਸ ਨਵੀਂ “ਕੌਮ” ਦੀ ਅਗਵਾਈ ਕਰਨ ਲਈ ਯਹੋਵਾਹ ਕਿਸ ਨੂੰ ਵਰਤੇਗਾ? ਯਿਸੂ ਨੇ ਬਿਨਾਂ ਕਿਸੇ ਸ਼ਰਤ ਦੇ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਦਿਖਾਈ। ਉਹ ਲੋਕਾਂ ਨੂੰ ਪਿਆਰ ਕਰਦਾ ਸੀ। ਉਸ ਨੇ ਬਹੁਤ ਸਾਰੇ ਚਮਤਕਾਰੀ ਨਿਸ਼ਾਨ ਦਿਖਾਏ। ਪਰ ਆਪਣੇ ਘਮੰਡੀ ਪੂਰਵਜਾਂ ਦੀ ਤਰ੍ਹਾਂ ਬਹੁਤ ਸਾਰੇ ਲੇਵੀਆਂ ਨੇ ਯਿਸੂ ਨੂੰ ਰੱਦ ਕਰ ਦਿੱਤਾ। (ਮੱਤੀ 26:63-68; ਰਸੂਲਾਂ ਦੇ ਕਰਤੱਬ 4:5, 6, 18; 5:17) ਅਖ਼ੀਰ ਯਹੋਵਾਹ ਨੇ ਲੇਵੀ ਜਾਜਕਾਂ ਦੀ ਜਗ੍ਹਾ ਇਕ ਵੱਖਰੀ ਹੀ ਸ਼ਾਹੀ ਮੰਡਲੀ ਨੂੰ ਚੁਣ ਲਿਆ। ਇਹ ਸ਼ਾਹੀ ਮੰਡਲੀ ਅੱਜ ਤਕ ਕੰਮ ਕਰ ਰਹੀ ਹੈ।
17. (ੳ) ਅੱਜ ਸ਼ਾਹੀ ਮੰਡਲੀ ਵਿਚ ਕੌਣ ਹਨ? (ਅ) ਯਹੋਵਾਹ ਸ਼ਾਹੀ ਮੰਡਲੀ ਨੂੰ ਕਿਵੇਂ ਵਰਤਦਾ ਹੈ?
17 ਅੱਜ ਇਸ ਸ਼ਾਹੀ ਮੰਡਲੀ ਵਿਚ ਕੌਣ ਹਨ? ਪਤਰਸ ਰਸੂਲ ਆਪਣੀ ਪਹਿਲੀ ਪ੍ਰੇਰਿਤ ਚਿੱਠੀ ਵਿਚ ਇਸ ਸਵਾਲ ਦਾ ਜਵਾਬ ਦਿੰਦਾ ਹੈ। ਮਸੀਹ ਦੀ ਦੇਹ ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ ਪਤਰਸ ਨੇ ਲਿਖਿਆ: “ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।” (1 ਪਤਰਸ 2:9) ਇਨ੍ਹਾਂ ਸ਼ਬਦਾਂ ਤੋਂ ਜ਼ਾਹਰ ਹੈ ਕਿ “ਸ਼ਾਹੀ ਮੰਡਲੀ” ਵਿਚ ਮਸੀਹ ਦੀ ਪੈੜ ਤੇ ਚੱਲਣ ਵਾਲੇ ਮਸਹ ਕੀਤੇ ਹੋਏ ਚੇਲਿਆਂ ਦਾ ਸਮੂਹ ਹੈ ਜਿਸ ਨੂੰ ਪਤਰਸ ਨੇ “ਪਵਿੱਤਰ ਕੌਮ” ਵੀ ਕਿਹਾ ਸੀ। ਯਹੋਵਾਹ ਇਨ੍ਹਾਂ ਦੁਆਰਾ ਆਪਣੇ ਲੋਕਾਂ ਨੂੰ ਸਿੱਖਿਆ ਤੇ ਅਧਿਆਤਮਿਕ ਅਗਵਾਈ ਦਿੰਦਾ ਹੈ।—ਮੱਤੀ 24:45-47.
18. ਸ਼ਾਹੀ ਮੰਡਲੀ ਦੀ ਪ੍ਰਤਿਨਿਧਤਾ ਕੌਣ ਕਰਦੇ ਹਨ?
18 ਸ਼ਾਹੀ ਮੰਡਲੀ ਦੀ ਪ੍ਰਤਿਨਿਧਤਾ ਕਰਨ ਲਈ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ ਜ਼ਿੰਮੇਵਾਰੀਆਂ ਸੰਭਾਲਦੇ ਹਨ। ਸਾਨੂੰ ਇਨ੍ਹਾਂ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪੂਰਾ-ਪੂਰਾ ਸਹਿਯੋਗ ਦੇਣਾ ਚਾਹੀਦਾ ਹੈ, ਭਾਵੇਂ ਉਹ ਮਸਹ ਕੀਤੇ ਹੋਏ ਹਨ ਜਾਂ ਨਹੀਂ। ਕਿਉਂ? ਕਿਉਂਕਿ ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਇਨ੍ਹਾਂ ਬਜ਼ੁਰਗਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। (ਇਬਰਾਨੀਆਂ 13:7, 17) ਇਹ ਕਿਵੇਂ ਹੋ ਸਕਦਾ ਹੈ?
19. ਬਜ਼ੁਰਗ ਪਵਿੱਤਰ ਆਤਮਾ ਦੁਆਰਾ ਕਿਵੇਂ ਨਿਯੁਕਤ ਕੀਤੇ ਗਏ ਹਨ?
19 ਇਹ ਬਜ਼ੁਰਗ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਮੰਗਾਂ ਨੂੰ ਪੂਰਾ ਕਰਦੇ ਹਨ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ। (1 ਤਿਮੋਥਿਉਸ 3:1-7; ਤੀਤੁਸ 1:5-9) ਇਸ ਲਈ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕਰਤੱਬ 20:28) ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸਭ ਤੋਂ ਮਹਾਨ ਨਿਆਈ ਵਾਂਗ, ਜਿਸ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਹੈ, ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਕਰਨ ਤੋਂ ਨਫ਼ਰਤ ਕਰਨੀ ਚਾਹੀਦੀ ਹੈ।—ਬਿਵਸਥਾ ਸਾਰ 10:17, 18.
20. ਤੁਸੀਂ ਮਿਹਨਤੀ ਬਜ਼ੁਰਗਾਂ ਦੀ ਕਿਨ੍ਹਾਂ ਗੱਲਾਂ ਕਾਰਨ ਕਦਰ ਕਰਦੇ ਹੋ?
20 ਉਨ੍ਹਾਂ ਦੇ ਅਧਿਕਾਰ ਨੂੰ ਲਲਕਾਰਨ ਦੀ ਬਜਾਇ, ਅਸੀਂ ਸੱਚ-ਮੁੱਚ ਆਪਣੇ ਮਿਹਨਤੀ ਬਜ਼ੁਰਗਾਂ ਦੀ ਕਦਰ ਕਰਦੇ ਹਾਂ! ਕਈ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਕੀਤੀ ਸੇਵਾ ਦਾ ਉਨ੍ਹਾਂ ਦਾ ਰਿਕਾਰਡ ਸਾਡੇ ਭਰੋਸੇ ਨੂੰ ਪੱਕਾ ਕਰਦਾ ਹੈ। ਉਹ ਵਫ਼ਾਦਾਰੀ ਨਾਲ ਕਲੀਸਿਯਾ ਸਭਾਵਾਂ ਦੀ ਤਿਆਰੀ ਕਰ ਕੇ ਉਨ੍ਹਾਂ ਨੂੰ ਚਲਾਉਂਦੇ ਹਨ। ਉਹ ਸਾਡੇ ਨਾਲ ਮਿਲ ਕੇ “ਖ਼ੁਸ਼ ਖ਼ਬਰੀ ਦਾ ਪਰਚਾਰ” ਕਰਦੇ ਹਨ ਅਤੇ ਲੋੜ ਪੈਣ ਤੇ ਸਾਨੂੰ ਬਾਈਬਲ ਤੋਂ ਸਲਾਹ ਦਿੰਦੇ ਹਨ। (ਮੱਤੀ 24:14; ਇਬਰਾਨੀਆਂ 10:23, 25; 1 ਪਤਰਸ 5:2) ਜਦੋਂ ਅਸੀਂ ਬੀਮਾਰ ਅਤੇ ਉਦਾਸ ਹੁੰਦੇ ਹਾਂ, ਤਾਂ ਉਹ ਸਾਨੂੰ ਆ ਕੇ ਹੌਸਲਾ ਦਿੰਦੇ ਹਨ। ਉਹ ਵਫ਼ਾਦਾਰੀ ਨਾਲ ਬਿਨਾਂ ਕਿਸੇ ਸੁਆਰਥ ਦੇ ਰਾਜ ਦੇ ਕੰਮਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਉੱਤੇ ਯਹੋਵਾਹ ਦੀ ਆਤਮਾ ਹੈ; ਯਹੋਵਾਹ ਉਨ੍ਹਾਂ ਉੱਤੇ ਮਿਹਰ ਕਰਦਾ ਹੈ।—ਗਲਾਤੀਆਂ 5:22, 23.
21. ਬਜ਼ੁਰਗਾਂ ਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਤੇ ਕਿਉਂ?
21 ਇਹ ਸੱਚ ਹੈ ਕਿ ਬਜ਼ੁਰਗ ਸੰਪੂਰਣ ਨਹੀਂ ਹਨ। ਆਪਣੀਆਂ ਸੀਮਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਇੱਜੜ ਉੱਤੇ ‘ਜਿਹੜਾ ਓਹਨਾਂ ਦੇ ਸਪੁਰਦ ਹੈ’ ਹੁਕਮ ਨਹੀਂ ਚਲਾਉਂਦੇ। ਇਸ ਦੀ ਬਜਾਇ, ਉਹ ਆਪਣੇ ਆਪ ਨੂੰ ‘ਆਪਣੇ ਭਰਾਵਾਂ ਨਾਲ ਕੇਵਲ ਉਨ੍ਹਾਂ ਦੀ ਖੁਸ਼ੀ ਦੇ ਲਈ ਕੰਮ ਕਰਨ’ ਵਾਲੇ ਸਮਝਦੇ ਹਨ। (1 ਪਤਰਸ 5:3; 2 ਕੁਰਿੰਥੀਆਂ 1:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਿਮਰ ਤੇ ਮਿਹਨਤੀ ਬਜ਼ੁਰਗ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਉਹ ਜਿੰਨੀ ਜ਼ਿਆਦਾ ਯਹੋਵਾਹ ਦੀ ਨਕਲ ਕਰਦੇ ਹਨ, ਕਲੀਸਿਯਾ ਵਿਚ ਉਹ ਉੱਨੀ ਹੀ ਚੰਗੀ ਤਰ੍ਹਾਂ ਜ਼ਿੰਮੇਵਾਰੀਆਂ ਨਿਭਾ ਸਕਣਗੇ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਉਹ ਲਗਾਤਾਰ ਆਪਣੇ ਵਿਚ ਪਿਆਰ, ਦਇਆ ਅਤੇ ਧੀਰਜ ਵਰਗੇ ਪਰਮੇਸ਼ੁਰੀ ਗੁਣਾਂ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।
22. ਕੋਰਹ ਦੇ ਬਿਰਤਾਂਤ ਉੱਤੇ ਗੌਰ ਕਰਨ ਨਾਲ ਯਹੋਵਾਹ ਦੇ ਸੰਗਠਨ ਵਿਚ ਤੁਹਾਡੀ ਨਿਹਚਾ ਕਿਵੇਂ ਵਧੀ ਹੈ?
22 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਸਾਡਾ ਅਦਿੱਖ ਰਾਜਾ, ਯਿਸੂ ਸਾਡਾ ਪ੍ਰਧਾਨ ਜਾਜਕ, ਮਸਹ ਕੀਤੀ ਸ਼ਾਹੀ ਮੰਡਲੀ ਦੇ ਮੈਂਬਰ ਸਾਡੇ ਸਿੱਖਿਅਕ ਅਤੇ ਵਫ਼ਾਦਾਰ ਮਸੀਹੀ ਬਜ਼ੁਰਗ ਸਾਡੇ ਸਲਾਹਕਾਰ ਹਨ! ਹਾਲਾਂਕਿ ਇਨਸਾਨਾਂ ਦੁਆਰਾ ਚਲਾਈ ਜਾਂਦੀ ਕੋਈ ਵੀ ਸੰਸਥਾ ਸੰਪੂਰਣ ਨਹੀਂ ਹੋ ਸਕਦੀ, ਪਰ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਉਨ੍ਹਾਂ ਵਫ਼ਾਦਾਰ ਭੈਣ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ ਜਿਹੜੇ ਖ਼ੁਸ਼ੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੁੰਦੇ ਹਨ!
[ਫੁਟਨੋਟ]
a ਹਾਰੂਨ ਦੇ ਦੂਜੇ ਦੋ ਮੁੰਡਿਆਂ, ਅਲਆਜਾਰ ਤੇ ਈਥਾਮਾਰ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਚੰਗੀ ਮਿਸਾਲ ਕਾਇਮ ਕੀਤੀ ਸੀ।—ਲੇਵੀਆਂ 10:6.
b ਕੋਰਹ ਦੇ ਸਾਥੀ ਦਾਥਾਨ ਤੇ ਅਬੀਰਾਮ ਰਊਬੇਨੀ ਗੋਤ ਵਿੱਚੋਂ ਸਨ। ਇਸ ਲਈ ਉਨ੍ਹਾਂ ਨੇ ਜਾਜਕਾਈ ਦਾ ਲਾਲਚ ਨਹੀਂ ਕੀਤਾ। ਪਰ ਉਹ ਮੂਸਾ ਦੇ ਅਧਿਕਾਰ ਤੋਂ ਚਿੜਦੇ ਸਨ ਅਤੇ ਇਸ ਗੱਲ ਤੋਂ ਵੀ ਚਿੜਦੇ ਸਨ ਕਿ ਹਾਲੇ ਉਨ੍ਹਾਂ ਦੀ ਵਾਅਦਾ ਕੀਤੇ ਗਏ ਦੇਸ਼ ਵਿਚ ਜਾਣ ਦੀ ਇੱਛਾ ਪੂਰੀ ਨਹੀਂ ਹੋਈ।—ਗਿਣਤੀ 16:12-14.
c ਪੁਰਾਣੇ ਸਮਿਆਂ ਵਿਚ ਪਰਿਵਾਰ ਦਾ ਹਰ ਮੁਖੀ ਪਰਮੇਸ਼ੁਰ ਅੱਗੇ ਆਪਣੀ ਪਤਨੀ ਤੇ ਬੱਚਿਆਂ ਦੀ ਪ੍ਰਤੀਨਿਧਤਾ ਕਰਦਾ ਸੀ ਤੇ ਉਨ੍ਹਾਂ ਦੇ ਬਦਲੇ ਬਲੀਦਾਨ ਵੀ ਚੜ੍ਹਾਉਂਦਾ ਸੀ। (ਉਤਪਤ 8:20; 46:1; ਅੱਯੂਬ 1:5) ਪਰ ਜਦੋਂ ਯਹੋਵਾਹ ਨੇ ਬਿਵਸਥਾ ਦਾ ਇੰਤਜ਼ਾਮ ਕੀਤਾ, ਤਾਂ ਉਸ ਨੇ ਬਲੀਦਾਨ ਚੜ੍ਹਾਉਣ ਲਈ ਹਾਰੂਨ ਦੇ ਘਰਾਣੇ ਦੇ ਆਦਮੀਆਂ ਨੂੰ ਜਾਜਕਾਂ ਦੇ ਤੌਰ ਤੇ ਨਿਯੁਕਤ ਕੀਤਾ। ਪਰ 250 ਬਾਗ਼ੀ ਇਸ ਇੰਤਜ਼ਾਮ ਅਨੁਸਾਰ ਚੱਲਣ ਲਈ ਬਿਲਕੁਲ ਤਿਆਰ ਨਹੀਂ ਸਨ।
ਤੁਸੀਂ ਕੀ ਸਿੱਖਿਆ ਹੈ?
• ਇਸਰਾਏਲੀਆਂ ਦੀ ਦੇਖ-ਭਾਲ ਲਈ ਯਹੋਵਾਹ ਨੇ ਕਿਹੜੇ ਪਿਆਰ-ਭਰੇ ਪ੍ਰਬੰਧ ਕੀਤੇ ਸਨ?
• ਮੂਸਾ ਤੇ ਹਾਰੂਨ ਖ਼ਿਲਾਫ਼ ਕੀਤੀ ਬਗਾਵਤ ਕਾਰਨ ਕੋਰਹ ਨੂੰ ਮਾਫ਼ ਕਿਉਂ ਨਹੀਂ ਸੀ ਕੀਤਾ ਜਾ ਸਕਦਾ?
• ਬਾਗ਼ੀਆਂ ਨਾਲ ਕੀਤੇ ਯਹੋਵਾਹ ਦੇ ਸਲੂਕ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?
• ਅਸੀਂ ਅੱਜ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਦੇ ਹਾਂ?
[ਸਫ਼ੇ 9 ਉੱਤੇ ਤਸਵੀਰ]
ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਮਿਲੀ ਹਰ ਨਿਯੁਕਤੀ ਨੂੰ ਸਨਮਾਨ ਸਮਝਦੇ ਹੋ?
[ਸਫ਼ੇ 10 ਉੱਤੇ ਤਸਵੀਰ]
“ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?”
[ਸਫ਼ੇ 13 ਉੱਤੇ ਤਸਵੀਰ]
ਨਿਯੁਕਤ ਕੀਤੇ ਬਜ਼ੁਰਗ ਸ਼ਾਹੀ ਮੰਡਲੀ ਦੇ ਪ੍ਰਤਿਨਿਧ ਹਨ