ਜਗਤ ਵਿਚ ਪਰੰਤੂ ਜਗਤ ਦੇ ਨਹੀਂ
“ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ . . . ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”—ਯੂਹੰਨਾ 15:19.
1. ਮਸੀਹੀਆਂ ਦਾ ਜਗਤ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ, ਤਾਂ ਵੀ ਜਗਤ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?
ਆਪਣੇ ਚੇਲਿਆਂ ਨਾਲ ਆਪਣੀ ਆਖ਼ਰੀ ਰਾਤ ਤੇ, ਯਿਸੂ ਨੇ ਉਨ੍ਹਾਂ ਨੂੰ ਦੱਸਿਆ: “ਤੁਸੀਂ ਜਗਤ ਦੇ ਨਹੀਂ ਹੋ।” ਉਹ ਕਿਸ ਜਗਤ ਦੀ ਗੱਲ ਕਰ ਰਿਹਾ ਸੀ? ਕੀ ਉਸ ਨੇ ਪਹਿਲਾਂ ਇਕ ਮੌਕੇ ਤੇ ਨਹੀਂ ਕਿਹਾ ਸੀ: “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ”? (ਯੂਹੰਨਾ 3:16) ਸਪੱਸ਼ਟ ਰੂਪ ਵਿਚ ਚੇਲੇ ਉਸ ਜਗਤ ਦਾ ਭਾਗ ਸਨ ਕਿਉਂਕਿ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਸਦੀਪਕ ਜੀਵਨ ਲਈ ਯਿਸੂ ਵਿਚ ਨਿਹਚਾ ਕੀਤੀ ਸੀ। ਫਿਰ ਕਿਉਂ ਯਿਸੂ ਨੇ ਹੁਣ ਕਿਹਾ ਕਿ ਉਸ ਦੇ ਚੇਲੇ ਜਗਤ ਤੋਂ ਵੱਖਰੇ ਸਨ? ਅਤੇ ਉਸ ਨੇ ਇਹ ਵੀ ਕਿਉਂ ਕਿਹਾ: “ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ . . . ਜਗਤ ਤੁਹਾਡੇ ਨਾਲ ਵੈਰ ਕਰਦਾ ਹੈ”?—ਯੂਹੰਨਾ 15:19.
2, 3. (ੳ) ਮਸੀਹੀਆਂ ਨੂੰ ਕਿਸ “ਜਗਤ” ਦਾ ਭਾਗ ਨਹੀਂ ਹੋਣਾ ਸੀ? (ਅ) ਬਾਈਬਲ ਉਸ “ਜਗਤ” ਬਾਰੇ ਕੀ ਕਹਿੰਦੀ ਹੈ ਜਿਸ ਦਾ ਮਸੀਹੀ ਭਾਗ ਨਹੀਂ ਹਨ?
2 ਇਸ ਦਾ ਜਵਾਬ ਹੈ ਕਿ ਬਾਈਬਲ ਸ਼ਬਦ “ਜਗਤ” (ਯੂਨਾਨੀ, ਕੌਸਮੌਸ) ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਪ੍ਰਯੋਗ ਕਰਦੀ ਹੈ। ਜਿਵੇਂ ਕਿ ਪਿਛਲੇ ਲੇਖ ਵਿਚ ਵਿਆਖਿਆ ਕੀਤੀ ਗਈ ਸੀ, ਕਦੇ-ਕਦੇ ਬਾਈਬਲ ਵਿਚ “ਜਗਤ” ਸਾਧਾਰਣ ਰੂਪ ਵਿਚ ਮਨੁੱਖਜਾਤੀ ਵੱਲ ਸੰਕੇਤ ਕਰਦਾ ਹੈ। ਇਹੀ ਜਗਤ ਹੈ ਜਿਸ ਨੂੰ ਪਰਮੇਸ਼ੁਰ ਨੇ ਪ੍ਰੇਮ ਕੀਤਾ ਅਤੇ ਜਿਸ ਲਈ ਯਿਸੂ ਮਰਿਆ। ਪਰੰਤੂ, ਦ ਆਕਸਫ਼ੋਰਡ ਹਿਸਟਰੀ ਆਫ਼ ਕ੍ਰਿਸਚਿਏਨਿਟੀ ਬਿਆਨ ਕਰਦਾ ਹੈ: “ਮਸੀਹੀ ਸ਼ਬਦਾਵਲੀ ਵਿਚ ‘ਜਗਤ’ ਪਰਮੇਸ਼ੁਰ ਤੋਂ ਵੱਖ ਹੋਏ ਲੋਕਾਂ ਨੂੰ ਅਤੇ ਉਸ ਦੇ ਵਿਰੋਧੀਆਂ ਨੂੰ ਸੰਕੇਤ ਕਰਦਾ ਹੈ।” ਇਹ ਕਿਸ ਤਰ੍ਹਾਂ ਸੱਚ ਹੈ? ਕੈਥੋਲਿਕ ਲੇਖਕ ਰੋਲਨ ਮਿਨਾਰਾਟ, ਆਪਣੀ ਕਿਤਾਬ ਲੇ ਕ੍ਰੇਟੀਆਨ ਏ ਲ ਮੌਂਡ (ਮਸੀਹੀ ਅਤੇ ਜਗਤ), ਵਿਚ ਵਿਆਖਿਆ ਕਰਦਾ ਹੈ: “ਅਯੋਗ ਅਰਥ ਵਿਚ, ਜਗਤ ਅਜਿਹੇ ਖੇਤਰ ਵਜੋਂ ਦੇਖਿਆ ਜਾਂਦਾ ਹੈ . . . ਜਿੱਥੇ ਸਰਕਾਰਾਂ ਪਰਮੇਸ਼ੁਰ ਦੇ ਵਿਰੋਧ ਵਿਚ ਆਪਣਾ ਕੰਮ ਕਰਦੀਆਂ ਹਨ ਅਤੇ ਜੋ ਮਸੀਹ ਦੇ ਜੇਤੂ ਸ਼ਾਸਨ ਦੀ ਵਿਰੋਧਤਾ ਕਰਨ ਦੁਆਰਾ ਸ਼ਤਾਨ ਦੇ ਨਿਯੰਤ੍ਰਣ ਅਧੀਨ ਇਕ ਵੈਰੀ ਸਾਮਰਾਜ ਬਣ ਜਾਂਦੀਆਂ ਹਨ।” ਇਹ “ਜਗਤ” ਮਨੁੱਖਾਂ ਦਾ ਸਮੂਹ ਹੈ ਜੋ ਪਰਮੇਸ਼ੁਰ ਤੋਂ ਵੱਖਰਾ ਹੋ ਗਿਆ ਹੈ। ਸੱਚੇ ਮਸੀਹੀ ਇਸ ਜਗਤ ਦੇ ਭਾਗ ਨਹੀਂ ਹਨ, ਅਤੇ ਇਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
3 ਪਹਿਲੀ ਸਦੀ ਦੇ ਅੰਤ ਦੇ ਨੇੜੇ, ਯੂਹੰਨਾ ਦੇ ਮਨ ਵਿਚ ਇਹੀ ਜਗਤ ਸੀ ਜਦੋਂ ਉਸ ਨੇ ਲਿਖਿਆ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” (1 ਯੂਹੰਨਾ 2:15, 16) ਉਸ ਨੇ ਇਹ ਵੀ ਲਿਖਿਆ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਯਿਸੂ ਨੇ ਖ਼ੁਦ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਸੱਦਿਆ।—ਯੂਹੰਨਾ 12:31; 16:11.
ਵਿਸ਼ਵ ਸ਼ਕਤੀਆਂ ਦਾ ਵਿਕਾਸ
4. ਵਿਸ਼ਵ ਸ਼ਕਤੀਆਂ ਕਿਵੇਂ ਹੋਂਦ ਵਿਚ ਆਈਆਂ?
4 ਹੁਣ ਹੋਂਦ ਵਿਚ ਪਰਮੇਸ਼ੁਰ ਤੋਂ ਵੱਖ ਹੋਈ ਮਨੁੱਖਜਾਤੀ ਦਾ ਜਗਤ ਨੂਹ ਦੇ ਦਿਨ ਦੀ ਜਲ-ਪਰਲੋ ਤੋਂ ਥੋੜ੍ਹੀ ਦੇਰ ਬਾਅਦ ਵਿਕਸਿਤ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਨੂਹ ਦੇ ਵੰਸ ਵਿੱਚੋਂ ਬਹੁਤ ਸਾਰੇ ਵਿਅਕਤੀਆਂ ਨੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨੀ ਛੱਡ ਦਿੱਤੀ ਸੀ। ਮੁਢਲਿਆਂ ਦਿਨਾਂ ਵਿਚ ਉੱਘਾ ਵਿਅਕਤੀ ਨਿਮਰੋਦ ਸੀ, ਜੋ ਸ਼ਹਿਰ ਉਸਰਈਆ ਅਤੇ “ਯਹੋਵਾਹ ਦੇ ਅੱਗੇ [“ਵਿਰੁੱਧ,” ਨਿ ਵ] ਬਲਵੰਤ ਸ਼ਿਕਾਰੀ” ਸੀ। (ਉਤਪਤ 10:8-12) ਉਨ੍ਹਾਂ ਸਮਿਆਂ ਵਿਚ ਇਸ ਜਗਤ ਦਾ ਜ਼ਿਆਦਾਤਰ ਹਿੱਸਾ ਛੋਟੇ ਸ਼ਹਿਰੀ-ਰਾਜਾਂ ਵਿਚ ਸੰਗਠਿਤ ਸੀ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਗਠਜੋੜ ਕਰਕੇ ਇਕ ਦੂਸਰੇ ਨਾਲ ਯੁੱਧ ਕੀਤੇ। (ਉਤਪਤ 14:1-9) ਕੁਝ ਸ਼ਹਿਰੀ-ਰਾਜਾਂ ਨੇ ਦੂਸਰੇ ਸ਼ਹਿਰੀ-ਰਾਜਾਂ ਉੱਤੇ ਮਾਲਕੀ ਪ੍ਰਾਪਤ ਕੀਤੀ ਅਤੇ ਪ੍ਰਾਦੇਸ਼ਕ ਸ਼ਕਤੀਆਂ ਬਣ ਗਏ। ਕੁਝ ਪ੍ਰਾਦੇਸ਼ਕ ਸ਼ਕਤੀਆਂ ਵਿਕਸਿਤ ਹੋ ਕੇ ਆਖ਼ਰਕਾਰ ਵਿਸ਼ਵ ਸ਼ਕਤੀਆਂ ਬਣ ਗਈਆਂ।
5, 6. (ੳ) ਬਾਈਬਲ ਇਤਿਹਾਸ ਵਿਚ ਸੱਤ ਵਿਸ਼ਵ ਸ਼ਕਤੀਆਂ ਕਿਹੜੀਆਂ ਹਨ? (ਅ) ਇਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਕਿਵੇਂ ਦਰਸਾਇਆ ਗਿਆ ਹੈ, ਅਤੇ ਇਨ੍ਹਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ?
5 ਨਿਮਰੋਦ ਦੇ ਨਮੂਨੇ ਉੱਤੇ ਚੱਲਦੇ ਹੋਏ, ਵਿਸ਼ਵ ਸ਼ਕਤੀਆਂ ਦੇ ਸ਼ਾਸਕਾਂ ਨੇ ਯਹੋਵਾਹ ਦੀ ਉਪਾਸਨਾ ਨਹੀਂ ਕੀਤੀ, ਜਿਹੜੀ ਹਕੀਕਤ ਉਨ੍ਹਾਂ ਦੇ ਨਿਰਦਈ, ਹਿੰਸਕ ਕੰਮਾਂ ਤੋਂ ਪ੍ਰਤਿਬਿੰਬਤ ਹੁੰਦੀ ਸੀ। ਸ਼ਾਸਤਰ ਵਿਚ ਇਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਜੰਗਲੀ ਜਾਨਵਰਾਂ ਵਜੋਂ ਦਰਸਾਇਆ ਗਿਆ ਹੈ, ਅਤੇ ਸਦੀਆਂ ਦੇ ਸਮੇਂ ਦੌਰਾਨ, ਬਾਈਬਲ ਇਨ੍ਹਾਂ ਵਿੱਚੋਂ ਛੇ ਦੀ ਸ਼ਨਾਖਤ ਕਰਦੀ ਹੈ ਜਿਨ੍ਹਾਂ ਦਾ ਯਹੋਵਾਹ ਦੇ ਲੋਕਾਂ ਉੱਤੇ ਸ਼ਕਤੀਸ਼ਾਲੀ ਪ੍ਰਭਾਵ ਪਿਆ ਹੈ। ਇਹ ਸਨ ਮਿਸਰ, ਸੁਰਿਯਾ, ਬਾਬਲ, ਮਾਦੀ-ਫਾਰਸ, ਯੂਨਾਨ, ਅਤੇ ਰੋਮ। ਰੋਮ ਤੋਂ ਬਾਅਦ, ਇਕ ਸੱਤਵੀਂ ਵਿਸ਼ਵ ਸ਼ਕਤੀ ਦੇ ਉੱਠ ਖੜ੍ਹੇ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। (ਦਾਨੀਏਲ 7:3-7; 8:3-7, 20, 21; ਪਰਕਾਸ਼ ਦੀ ਪੋਥੀ 17:9, 10) ਇਹ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਸਾਬਤ ਹੋਈ, ਜੋ ਬਰਤਾਨਵੀ ਸਾਮਰਾਜ ਅਤੇ ਉਸ ਦੇ ਸਹਿਯੋਗੀ ਸੰਯੁਕਤ ਰਾਜ ਅਮਰੀਕਾ, ਜਿਸ ਨੇ ਬਾਅਦ ਵਿਚ ਬਰਤਾਨੀਆਂ ਨੂੰ ਸ਼ਕਤੀ ਵਿਚ ਪਛਾੜ ਦਿੱਤਾ, ਨਾਲ ਬਣੀ ਹੋਈ ਹੈ। ਬਰਤਾਨਵੀ ਸਾਮਰਾਜ ਰੋਮੀ ਸਾਮਰਾਜ ਦਾ ਬਿਲਕੁਲ ਨਾਮੋ-ਨਿਸ਼ਾਨ ਮਿੱਟ ਜਾਣ ਤੋਂ ਬਾਅਦ ਵਿਕਸਿਤ ਹੋਣਾ ਸ਼ੁਰੂ ਹੋਇਆ।a
6 ਪਰਕਾਸ਼ ਦੀ ਪੋਥੀ ਵਿਚ ਕ੍ਰਮ ਅਨੁਸਾਰ ਆਈਆਂ ਇਹ ਸੱਤ ਵਿਸ਼ਵ ਸ਼ਕਤੀਆਂ ਇਕ ਸੱਤ-ਸਿਰਾ ਜੰਗਲੀ ਦਰਿੰਦੇ ਦੇ ਸਿਰਾਂ ਦੁਆਰਾ ਦਰਸਾਈਆਂ ਗਈਆਂ ਹਨ ਜੋ ਅਸ਼ਾਂਤ ਮਨੁੱਖਜਾਤੀ ਦੇ ਸਮੁੰਦਰ ਵਿੱਚੋਂ ਨਿਕਲਦਾ ਹੈ। (ਯਸਾਯਾਹ 17:12, 13; 57:20, 21; ਪਰਕਾਸ਼ ਦੀ ਪੋਥੀ 13:1) ਇਸ ਸੱਤਾਧਾਰੀ ਦਰਿੰਦੇ ਨੂੰ ਸ਼ਕਤੀ ਕੌਣ ਦਿੰਦਾ ਹੈ? ਬਾਈਬਲ ਜਵਾਬ ਦਿੰਦੀ ਹੈ: “ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖ਼ਤਿਆਰ [ਦਰਿੰਦੇ] ਨੂੰ ਦੇ ਦਿੱਤਾ।” (ਪਰਕਾਸ਼ ਦੀ ਪੋਥੀ 13:2) ਇਹ ਅਜਗਰ ਸ਼ਤਾਨ ਅਰਥਾਤ ਇਬਲੀਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ।—ਲੂਕਾ 4:5, 6; ਪਰਕਾਸ਼ ਦੀ ਪੋਥੀ 12:9.
ਪਰਮੇਸ਼ੁਰ ਦੇ ਰਾਜ ਦਾ ਆਗਾਮੀ ਸ਼ਾਸਨ
7. ਮਸੀਹੀ ਕਿਸ ਵਿਚ ਆਸ਼ਾ ਰੱਖਦੇ ਹਨ, ਅਤੇ ਇਹ ਜਗਤ ਦੀਆਂ ਸਰਕਾਰਾਂ ਨਾਲ ਉਨ੍ਹਾਂ ਦੇ ਸੰਬੰਧ ਉੱਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ?
7 ਤਕਰੀਬਨ 2,000 ਸਾਲਾਂ ਲਈ, ਮਸੀਹੀਆਂ ਨੇ ਪ੍ਰਾਰਥਨਾ ਕੀਤੀ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਧਰਤੀ ਉੱਤੇ ਸੱਚੀ ਸ਼ਾਂਤੀ ਲਿਆ ਸਕਦਾ ਹੈ। ਬਾਈਬਲ ਭਵਿੱਖਬਾਣੀ ਦੇ ਨਜ਼ਦੀਕੀ ਨਿਰੀਖਿਅਕਾਂ ਵਜੋਂ, ਉਨ੍ਹਾਂ ਨੂੰ ਯਕੀਨ ਹੈ ਕਿ ਇਸ ਪ੍ਰਾਰਥਨਾ ਦਾ ਜਲਦੀ ਹੀ ਜਵਾਬ ਦਿੱਤਾ ਜਾਵੇਗਾ ਅਤੇ ਕਿ ਇਹ ਰਾਜ ਜਲਦੀ ਧਰਤੀ ਦੇ ਮਾਮਲਿਆਂ ਉੱਤੇ ਕਾਬੂ ਕਰ ਲਵੇਗਾ। (ਦਾਨੀਏਲ 2:44) ਇਸ ਰਾਜ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਉਨ੍ਹਾਂ ਨੂੰ ਇਸ ਜਗਤ ਦੀਆਂ ਸਰਕਾਰਾਂ ਦੇ ਮਾਮਲਿਆਂ ਵਿਚ ਨਿਰਪੱਖ ਬਣਾਉਂਦੀ ਹੈ।
8. ਜਿਵੇਂ ਜ਼ਬੂਰ 2 ਵਿਚ ਪਹਿਲਾਂ ਹੀ ਦੱਸਿਆ ਗਿਆ ਹੈ, ਸਰਕਾਰਾਂ ਪਰਮੇਸ਼ੁਰ ਦੇ ਰਾਜ ਸ਼ਾਸਨ ਪ੍ਰਤੀ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਂਦੀਆਂ ਹਨ?
8 ਕੁਝ ਕੌਮਾਂ ਧਾਰਮਿਕ ਸਿਧਾਂਤਾਂ ਉੱਤੇ ਚੱਲਣ ਦਾ ਦਾਅਵਾ ਕਰਦੀਆਂ ਹਨ। ਫਿਰ ਵੀ, ਉਹ ਕੰਮਾਂ ਦੁਆਰਾ ਇਸ ਤੱਥ ਨੂੰ ਅਣਡਿੱਠ ਕਰਦੀਆਂ ਹਨ ਕਿ ਯਹੋਵਾਹ ਵਿਸ਼ਵ ਸਰਬਸੱਤਾਵਾਨ ਹੈ ਅਤੇ ਕਿ ਉਸ ਨੇ ਯਿਸੂ ਨੂੰ ਧਰਤੀ ਉੱਤੇ ਅਧਿਕਾਰ ਦੇ ਕੇ ਸਵਰਗੀ ਰਾਜੇ ਵਜੋਂ ਸਿੰਘਾਸਣ ਉੱਤੇ ਬਿਠਾਇਆ ਹੈ। (ਦਾਨੀਏਲ 4:17; ਪਰਕਾਸ਼ ਦੀ ਪੋਥੀ 11:15) ਇਕ ਭਵਿੱਖ-ਸੂਚਕ ਜ਼ਬੂਰ ਕਹਿੰਦਾ ਹੈ: “ਯਹੋਵਾਹ ਅਰ ਉਹ ਦੇ ਮਸੀਹ [ਯਿਸੂ] ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ। ਭਈ ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।” (ਜ਼ਬੂਰ 2:2, 3) ਸਰਕਾਰਾਂ ਈਸ਼ਵਰੀ “ਬੰਧਨਾਂ” ਜਾਂ “ਰੱਸੀਆਂ” ਨੂੰ ਸਵੀਕਾਰ ਨਹੀਂ ਕਰਦੀਆਂ ਹਨ ਜੋ ਉਨ੍ਹਾਂ ਦੀ ਕੌਮਾਂਤਰੀ ਪ੍ਰਭੂਤਾ ਨੂੰ ਸੀਮਿਤ ਕਰਦੇ ਹਨ। ਇਸ ਲਈ ਯਹੋਵਾਹ, ਆਪਣੇ ਚੁਣੇ ਹੋਏ ਰਾਜੇ ਯਿਸੂ ਨੂੰ ਕਹਿੰਦਾ ਹੈ: “ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ। ਤੂੰ ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਙੁ ਤੂੰ ਓਹਨਾਂ ਨੂੰ ਚਕਨਾਚੂਰ ਕਰ ਦੇਵੇਂਗਾ।” (ਜ਼ਬੂਰ 2:8, 9) ਫਿਰ ਵੀ, ਮਨੁੱਖਜਾਤੀ ਦਾ ਜਗਤ ਜਿਸ ਲਈ ਯਿਸੂ ਮਰਿਆ ਸੀ ਪੂਰੀ ਤਰ੍ਹਾਂ ‘ਭੰਨਿਆ’ ਨਹੀਂ ਜਾਵੇਗਾ।—ਯੂਹੰਨਾ 3:17.
“ਦਰਿੰਦੇ” ਦੇ “ਦਾਗ” ਤੋਂ ਬਚਣਾ
9, 10. (ੳ) ਪਰਕਾਸ਼ ਦੀ ਪੋਥੀ ਵਿਚ ਸਾਨੂੰ ਕਿਸ ਗੱਲ ਬਾਰੇ ਚੇਤਾਵਨੀ ਦਿੱਤੀ ਗਈ ਹੈ? (ਅ) ‘ਦਰਿੰਦੇ ਦਾ ਦਾਗ’ ਲਗਵਾਉਣ ਤੋਂ ਕੀ ਦਰਸਾਇਆ ਗਿਆ ਹੈ? (ੲ) ਪਰਮੇਸ਼ੁਰ ਦੇ ਸੇਵਕ ਕਿਹੜੇ ਨਿਸ਼ਾਨਾਂ ਨੂੰ ਸਵੀਕਾਰ ਕਰਦੇ ਹਨ?
9 ਰਸੂਲ ਯੂਹੰਨਾ ਨੂੰ ਮਿਲੇ ਪ੍ਰਗਟੀਕਰਨ ਨੇ ਚੇਤਾਵਨੀ ਦਿੱਤੀ ਕਿ ਮਨੁੱਖਜਾਤੀ ਦਾ ਜਗਤ ਜੋ ਪਰਮੇਸ਼ੁਰ ਤੋਂ ਵੱਖ ਹੋ ਗਿਆ ਹੈ, ਆਪਣੇ ਅੰਤ ਤੋਂ ਥੋੜ੍ਹੀ ਦੇਰ ਪਹਿਲਾਂ ਅਧਿਕ ਮੰਗਾਂ ਕਰੇਗਾ ਅਤੇ “ਉਹ ਸਭਨਾਂ ਛੋਟਿਆਂ, ਵੱਡਿਆਂ, ਧਨੀਆਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਓਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਓਹਨਾਂ ਦੇ ਮੱਥੇ ਉੱਤੇ ਦਾਗ ਦੁਆ ਦਿੰਦਾ ਹੈ। ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ . . . ਲੱਗਾ ਹੋਵੇ।” (ਪਰਕਾਸ਼ ਦੀ ਪੋਥੀ 13:16, 17) ਇਸ ਦਾ ਕੀ ਅਰਥ ਹੈ? ਸੱਜੇ ਹੱਥ ਉੱਤੇ ਦਾਗ ਸਰਗਰਮ ਹਿਮਾਇਤ ਦਾ ਢੁਕਵਾਂ ਪ੍ਰਤੀਕ ਹੈ। ਮੱਥੇ ਉੱਤੇ ਲੱਗੇ ਦਾਗ ਦੇ ਬਾਰੇ ਕੀ? ਦੀ ਐਕਸਪੌਜ਼ੀਟਰਜ਼ ਗ੍ਰੀਕ ਟੈਸਟਾਮੈਂਟ ਬਿਆਨ ਕਰਦਾ ਹੈ: “ਇਹ ਬਹੁਤ ਹੀ ਜ਼ਿਆਦਾ ਪ੍ਰਤੀਕਾਤਮਕ ਵਰਣਨ, ਫ਼ੌਜੀਆਂ ਅਤੇ ਗ਼ੁਲਾਮਾਂ ਉੱਤੇ ਸਪੱਸ਼ਟ ਗੋਦਨਾ ਗੁੰਦਵਾਉਣ ਜਾਂ ਮੋਹਰ ਲਗਾਉਣ ਦੀ ਆਦਤ ਵੱਲ ਇਸ਼ਾਰਾ ਕਰਦਾ ਹੈ . . . ; ਜਾਂ, ਵਧੇਰੇ ਯੋਗ ਢੰਗ ਨਾਲ, ਪਰਮੇਸ਼ੁਰ ਦੇ ਨਾਂ ਨੂੰ ਤਵੀਤ ਵਜੋਂ ਪਾਉਣ ਦੇ ਧਾਰਮਿਕ ਰਿਵਾਜ ਵੱਲ ਇਸ਼ਾਰਾ ਕਰਦਾ ਹੈ।” ਬਹੁਤ ਸਾਰੇ ਵਿਅਕਤੀ ਆਪਣੇ ਕੰਮਾਂ ਅਤੇ ਸ਼ਬਦਾਂ ਦੁਆਰਾ ਇਸ ਦਾਗ ਨੂੰ ਪ੍ਰਤੀਕਾਤਮਕ ਤੌਰ ਤੇ ਲਾਉਂਦੇ ਹਨ, ਅਤੇ “ਦਰਿੰਦੇ” ਦੇ “ਗ਼ੁਲਾਮਾਂ” ਜਾਂ “ਫ਼ੌਜੀਆਂ” ਵਜੋਂ ਆਪਣੀ ਸ਼ਨਾਖ਼ਤ ਕਰਾਉਂਦੇ ਹਨ। (ਪਰਕਾਸ਼ ਦੀ ਪੋਥੀ 13:3, 4) ਉਨ੍ਹਾਂ ਦੇ ਭਵਿੱਖ ਸੰਬੰਧੀ, ਥੀਓਲਾਜੀਕਲ ਡਿਕਸ਼ਨਰੀ ਆਫ਼ ਦੀ ਨਿਊ ਟੈਸਟਾਮੈਂਟ ਕਹਿੰਦਾ ਹੈ: “ਪਰਮੇਸ਼ੁਰ ਦੇ ਵੈਰੀ ਦਰਿੰਦੇ ਦਾ ਦਾਗ, ਅਰਥਾਤ ਉਹ ਰਹੱਸਮਈ ਅੰਕ ਜਿਸ ਵਿਚ ਉਸ ਦਾ ਨਾਂ ਹੈ, ਨੂੰ ਆਪਣੇ ਮੱਥੇ ਅਤੇ ਇਕ ਹੱਥ ਉੱਤੇ ਲਾਉਣ ਦੀ ਇਜਾਜ਼ਤ ਦਿੰਦੇ ਹਨ। ਇਹ ਉਨ੍ਹਾਂ ਨੂੰ ਆਰਥਿਕ ਅਤੇ ਵਪਾਰਕ ਤੌਰ ਤੇ ਅੱਗੇ ਵਧਣ ਦੇ ਵੱਡੇ ਮੌਕੇ ਦਿੰਦਾ ਹੈ, ਪਰੰਤੂ ਉਨ੍ਹਾਂ ਨੂੰ ਪਰਮੇਸ਼ੁਰ ਦੇ ਕ੍ਰੋਧ ਅਧੀਨ ਲਿਆਉਂਦਾ ਹੈ ਅਤੇ ਉਸ ਹਜ਼ਾਰ ਸਾਲ ਦੇ ਰਾਜ ਵਿਚ ਦਾਖ਼ਲ ਹੋਣ ਤੋਂ ਰੋਕਦਾ ਹੈ, ਪਰ. 13:16; 14:9; 20:4.”
10 “ਦਾਗ” ਲਗਵਾਉਣ ਦੇ ਦਬਾਅ ਦਾ ਵਿਰੋਧ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਹੌਸਲੇ ਅਤੇ ਸਹਿਣਸ਼ੀਲਤਾ ਦੀ ਲੋੜ ਪੈਂਦੀ ਹੈ। (ਪਰਕਾਸ਼ ਦੀ ਪੋਥੀ 14:9-12) ਫਿਰ ਵੀ, ਪਰਮੇਸ਼ੁਰ ਦੇ ਸੇਵਕਾਂ ਕੋਲ ਅਜਿਹਾ ਬਲ ਹੈ, ਅਤੇ ਇਸ ਬਲ ਕਰਕੇ ਉਨ੍ਹਾਂ ਨੂੰ ਅਕਸਰ ਨਫ਼ਰਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ। (ਯੂਹੰਨਾ 15:18-20; 17:14, 15) ਦਰਿੰਦੇ ਦਾ ਦਾਗ ਲਗਵਾਉਣ ਦੀ ਬਜਾਇ, ਯਸਾਯਾਹ ਨੇ ਕਿਹਾ ਕਿ ਉਹ ਪ੍ਰਤੀਕਾਤਮਕ ਤੌਰ ਤੇ ਆਪਣੇ ਹੱਥ ਉੱਤੇ ਲਿਖਦੇ ਹਨ, “ਯਹੋਵਾਹ ਦਾ।” (ਯਸਾਯਾਹ 44:5) ਇਸ ਤੋਂ ਇਲਾਵਾ, ਕਿਉਂਕਿ ਉਹ ਪਤਿਤ ਧਰਮ ਦੁਆਰਾ ਕੀਤੇ ਜਾਂਦੇ ਘਿਣਾਉਣੇ ਕੰਮਾਂ ਕਰਕੇ “ਆਹਾਂ ਭਰਦੇ, ਅਤੇ ਰੋਂਦੇ ਹਨ,” ਉਹ ਆਪਣੇ ਮੱਥੇ ਉੱਤੇ ਪ੍ਰਤੀਕਾਤਮਕ ਨਿਸ਼ਾਨ ਲਗਵਾਉਂਦੇ ਹਨ ਜੋ ਦਿਖਾਉਂਦਾ ਹੈ ਕਿ ਉਹ ਬਚਣ ਦੇ ਯੋਗ ਹਨ।—ਹਿਜ਼ਕੀਏਲ 9:1-7.
11. ਜਦੋਂ ਤਕ ਪਰਮੇਸ਼ੁਰ ਦਾ ਰਾਜ ਧਰਤੀ ਦੀ ਹਕੂਮਤ ਨੂੰ ਆਪਣੇ ਹੱਥ ਵਿਚ ਨਹੀਂ ਲੈ ਲੈਂਦਾ, ਉਦੋਂ ਤਕ ਮਨੁੱਖੀ ਸਰਕਾਰਾਂ ਨੂੰ ਸ਼ਾਸਨ ਕਰਨ ਲਈ ਕੌਣ ਇਜਾਜ਼ਤ ਦਿੰਦਾ ਹੈ?
11 ਪਰਮੇਸ਼ੁਰ ਮਨੁੱਖੀ ਸਰਕਾਰਾਂ ਨੂੰ ਉਦੋਂ ਤਕ ਸ਼ਾਸਨ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਤਕ ਮਸੀਹ ਦੇ ਸਵਰਗੀ ਰਾਜ ਦੁਆਰਾ ਇਸ ਧਰਤੀ ਦੀ ਪੂਰੀ ਹਕੂਮਤ ਨੂੰ ਆਪਣੇ ਹੱਥ ਵਿਚ ਲੈਣ ਦਾ ਸਮਾਂ ਨਹੀਂ ਆਉਂਦਾ ਹੈ। ਪ੍ਰੋਫ਼ੈਸਰ ਔਸਕਰ ਕਲਮਨ ਨੇ ਆਪਣੀ ਕਿਤਾਬ ਨਵੇਂ ਨੇਮ ਦੇ ਵਿਚ ਸਰਕਾਰ (ਅੰਗ੍ਰੇਜ਼ੀ) ਵਿਚ ਰਾਜਨੀਤਿਕ ਸਰਕਾਰਾਂ ਪ੍ਰਤੀ ਇਸ ਈਸ਼ਵਰੀ ਸਹਿਣਸ਼ੀਲਤਾ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ: “ਸਰਕਾਰਾਂ ਦੇ ‘ਅਸਥਾਈ’ ਅਧਿਕਾਰ ਦੀ ਗੁੰਝਲਦਾਰ ਧਾਰਣਾ ਕਾਰਨ ਹੀ ਮੁਢਲੇ ਮਸੀਹੀਆਂ ਦਾ ਸਰਕਾਰ ਪ੍ਰਤੀ ਰਵੱਈਆ ਅਡੋਲ ਨਹੀਂ ਹੈ, ਪਰੰਤੂ ਇਸ ਦੀ ਬਜਾਇ ਇਹ ਵਿਰੋਧੀ ਜਾਪਦਾ ਹੈ। ਮੈਂ ਜ਼ੋਰ ਦਿੰਦਾ ਹੈ ਕਿ ਇਹ ਇਸ ਤਰ੍ਹਾਂ ਜਾਪਦਾ ਹੈ। ਸਾਨੂੰ ਕੇਵਲ ਰੋਮੀਆਂ 13:1 ਦਾ ਜ਼ਿਕਰ ਕਰਨ ਦੀ ਲੋੜ ਹੈ, ‘ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ . . . ,’ ਅਤੇ ਇਸ ਦੇ ਨਾਲ ਪਰਕਾਸ਼ ਦੀ ਪੋਥੀ 13: ਅਥਾਹ ਕੁੰਡ ਵਿੱਚੋਂ ਨਿਕਲੇ ਹੋਏ ਦਰਿੰਦੇ ਵਜੋਂ ਸਰਕਾਰ।”
“ਦਰਿੰਦਾ” ਅਤੇ “ਕੈਸਰ”
12. ਮਨੁੱਖੀ ਸਰਕਾਰਾਂ ਪ੍ਰਤੀ ਯਹੋਵਾਹ ਦੇ ਗਵਾਹਾਂ ਦਾ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਹੈ?
12 ਇਹ ਸਿੱਟਾ ਕੱਢਣਾ ਗ਼ਲਤ ਹੋਵੇਗਾ ਕਿ ਸਰਕਾਰੀ-ਅਧਿਕਾਰ ਪ੍ਰਾਪਤ ਸਾਰੇ ਵਿਅਕਤੀ ਸ਼ਤਾਨ ਦੇ ਹਥਿਆਰ ਹਨ। ਬਹੁਤ ਸਾਰਿਆਂ ਨੇ ਆਪਣੇ ਆਪ ਨੂੰ ਸਿਧਾਂਤਾਂ ਉੱਤੇ ਚੱਲਣ ਵਾਲਿਆਂ ਵਜੋਂ ਸਾਬਤ ਕੀਤਾ ਹੈ, ਜਿਵੇਂ ਕਿ ਸਰਗੀਉਸ ਪੌਲੁਸ ਡਿਪਟੀ ਜਿਸ ਦਾ ਵਰਣਨ ਬਾਈਬਲ ਵਿਚ “ਬੁੱਧਵਾਨ ਮਨੁੱਖ” ਵਜੋਂ ਕੀਤਾ ਗਿਆ ਹੈ। (ਰਸੂਲਾਂ ਦੇ ਕਰਤੱਬ 13:7) ਭਾਵੇਂ ਕੁਝ ਸ਼ਾਸਕ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਨਹੀਂ ਜਾਣਦੇ ਸਨ, ਪਰ ਉਨ੍ਹਾਂ ਨੇ ਪਰਮੇਸ਼ੁਰ-ਦਿੱਤ ਅੰਤਹਕਰਣ ਦੁਆਰਾ ਮਾਰਗ-ਦਰਸ਼ਿਤ ਹੋ ਕੇ ਬਹਾਦਰੀ ਨਾਲ ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਹੈ। (ਰੋਮੀਆਂ 2:14, 15) ਯਾਦ ਰੱਖੋ, ਬਾਈਬਲ “ਜਗਤ” ਸ਼ਬਦ ਦਾ ਪ੍ਰਯੋਗ ਦੋ ਵਿਰੋਧੀ ਤਰੀਕਿਆਂ ਨਾਲ ਕਰਦੀ ਹੈ: ਮਨੁੱਖਜਾਤੀ ਦਾ ਜਗਤ, ਜਿਸ ਨੂੰ ਪਰਮੇਸ਼ੁਰ ਪ੍ਰੇਮ ਕਰਦਾ ਹੈ ਅਤੇ ਜਿਸ ਨਾਲ ਸਾਨੂੰ ਵੀ ਪ੍ਰੇਮ ਕਰਨਾ ਚਾਹੀਦਾ ਹੈ, ਅਤੇ ਮਾਨਵਜਾਤੀ ਦਾ ਜਗਤ ਜੋ ਯਹੋਵਾਹ ਤੋਂ ਵੱਖ ਹੋਇਆ ਹੈ, ਜਿਸ ਦਾ ਈਸ਼ਵਰ ਸ਼ਤਾਨ ਹੈ ਅਤੇ ਜਿਸ ਤੋਂ ਸਾਨੂੰ ਵੱਖਰੇ ਰਹਿਣਾ ਚਾਹੀਦਾ ਹੈ। (ਯੂਹੰਨਾ 1:9, 10; 17:14; 2 ਕੁਰਿੰਥੀਆਂ 4:4; ਯਾਕੂਬ 4:4) ਇਸ ਤਰ੍ਹਾਂ, ਯਹੋਵਾਹ ਦੇ ਸੇਵਕਾਂ ਦਾ ਮਨੁੱਖੀ ਹਕੂਮਤ ਪ੍ਰਤੀ ਸੰਤੁਲਿਤ ਰਵੱਈਆ ਹੈ। ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਰਾਜਦੂਤਾਂ ਜਾਂ ਏਲਚੀਆਂ ਵਜੋਂ ਸੇਵਾ ਕਰਦੇ ਹਾਂ ਅਤੇ ਸਾਡੇ ਜੀਵਨ ਪਰਮੇਸ਼ੁਰ ਨੂੰ ਸਮਰਪਿਤ ਹਨ। (2 ਕੁਰਿੰਥੀਆਂ 5:20) ਦੂਸਰੇ ਪਾਸੇ ਨੇਕਨੀਅਤ ਨਾਲ, ਅਸੀਂ ਅਧਿਕਾਰੀਆਂ ਦੇ ਅਧੀਨ ਰਹਿੰਦੇ ਹਾਂ।
13. (ੳ) ਯਹੋਵਾਹ ਮਨੁੱਖੀ ਸਰਕਾਰਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ? (ਅ) ਮਸੀਹੀਆਂ ਨੂੰ ਕਿਸ ਹੱਦ ਤਕ ਮਨੁੱਖੀ ਸਰਕਾਰਾਂ ਦੇ ਅਧੀਨ ਹੋਣਾ ਹੈ?
13 ਇਹ ਸੰਤੁਲਿਤ ਰਵੱਈਆ ਯਹੋਵਾਹ ਪਰਮੇਸ਼ੁਰ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਤਿਬਿੰਬਤ ਕਰਦਾ ਹੈ। ਜਦੋਂ ਵਿਸ਼ਵ ਸ਼ਕਤੀਆਂ, ਜਾਂ ਛੋਟੇ ਰਾਜ, ਆਪਣੇ ਅਧਿਕਾਰ ਦਾ ਗ਼ਲਤ ਪ੍ਰਯੋਗ ਕਰਦੇ ਹਨ, ਆਪਣੇ ਲੋਕਾਂ ਨੂੰ ਦਬਾਉਂਦੇ ਹਨ, ਜਾਂ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਲੋਕਾਂ ਨੂੰ ਸਤਾਉਂਦੇ ਹਨ, ਤਾਂ ਨਿਸ਼ਚਿਤ ਰੂਪ ਵਿਚ ਉਹ ਭਵਿੱਖ-ਸੂਚਕ ਵਰਣਨ ਵਿਚ ਵਹਿਸ਼ੀ ਜਾਨਵਰ ਕਹਾਏ ਜਾਣ ਦੇ ਯੋਗ ਹਨ। (ਦਾਨੀਏਲ 7:19-21; ਪਰਕਾਸ਼ ਦੀ ਪੋਥੀ 11:7) ਫਿਰ ਵੀ, ਜਦੋਂ ਕੌਮੀ ਸਰਕਾਰਾਂ ਨਿਆਉਂ ਨਾਲ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਵਿਚ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਦੀਆਂ ਹਨ, ਤਾਂ ਉਹ ਉਨ੍ਹਾਂ ਨੂੰ ਆਪਣੇ “ਖਾਦਮ” ਸਮਝਦਾ ਹੈ। (ਰੋਮੀਆਂ 13:6) ਯਹੋਵਾਹ ਆਪਣੇ ਲੋਕਾਂ ਤੋਂ ਮਨੁੱਖੀ ਸਰਕਾਰਾਂ ਦਾ ਆਦਰ ਕਰਨ ਅਤੇ ਉਨ੍ਹਾਂ ਦੇ ਅਧੀਨ ਰਹਿਣ ਦੀ ਆਸ ਰੱਖਦਾ ਹੈ, ਪਰੰਤੂ ਉਨ੍ਹਾਂ ਦੀ ਅਧੀਨਗੀ ਅਸੀਮਤ ਨਹੀਂ ਹੈ। ਜਦੋਂ ਆਦਮੀ ਪਰਮੇਸ਼ੁਰ ਦੇ ਸੇਵਕਾਂ ਤੋਂ ਉਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹਨ ਜੋ ਕਿ ਪਰਮੇਸ਼ੁਰ ਦੇ ਕਾਨੂੰਨ ਦੁਆਰਾ ਵਰਜਿਤ ਹਨ ਜਾਂ ਉਹ ਉਨ੍ਹਾਂ ਚੀਜ਼ਾਂ ਉੱਤੇ ਰੋਕ ਲਾਉਂਦੇ ਹਨ ਜੋ ਪਰਮੇਸ਼ੁਰ ਆਪਣੇ ਸੇਵਕਾਂ ਤੋਂ ਮੰਗ ਕਰਦਾ ਹੈ, ਤਾਂ ਪਰਮੇਸ਼ੁਰ ਦੇ ਸੇਵਕ ਰਸੂਲਾਂ ਦੁਆਰਾ ਅਪਣਾਈ ਗਈ ਸਥਿਤੀ ਅਪਣਾਉਂਦੇ ਹਨ, ਅਰਥਾਤ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.
14. ਯਿਸੂ ਨੇ ਅਤੇ ਪੌਲੁਸ ਨੇ ਮਨੁੱਖੀ ਸਰਕਾਰਾਂ ਪ੍ਰਤੀ ਮਸੀਹੀ ਅਧੀਨਗੀ ਦੀ ਵਿਆਖਿਆ ਕਿਵੇਂ ਕੀਤੀ?
14 ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰਾਂ ਦਾ ਸਰਕਾਰਾਂ ਅਤੇ ਪਰਮੇਸ਼ੁਰ ਦੋਵਾਂ ਪ੍ਰਤੀ ਫ਼ਰਜ਼ ਹੈ ਜਦੋਂ ਉਸ ਨੇ ਐਲਾਨ ਕੀਤਾ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਪੌਲੁਸ ਰਸੂਲ ਨੇ ਪ੍ਰੇਰਣਾ ਅਧੀਨ ਲਿਖਿਆ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ . . . ਪਰ ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ ਭਈ ਕੁਕਰਮੀ ਨੂੰ ਸਜ਼ਾ ਦੇਵੇ। ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ। ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ।” (ਰੋਮੀਆਂ 13:1, 4-6) ਪਹਿਲੀ ਸਦੀ ਸਾ. ਯੁ. ਤੋਂ ਲੈ ਕੇ ਅੱਜ ਤਕ, ਮਸੀਹੀਆਂ ਨੂੰ ਰਾਜ ਦੁਆਰਾ ਕੀਤੀਆਂ ਗਈਆਂ ਮੰਗਾਂ ਉੱਤੇ ਵਿਚਾਰ ਕਰਨਾ ਪਿਆ ਹੈ। ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਪਈ ਹੈ ਕਿ ਕੀ ਉਨ੍ਹਾਂ ਮੰਗਾਂ ਦੀ ਪੂਰਤੀ ਉਨ੍ਹਾਂ ਨੂੰ ਆਪਣੀ ਉਪਾਸਨਾ ਦਾ ਸਮਝੌਤਾ ਕਰਨ ਵੱਲ ਤਾਂ ਨਹੀਂ ਲੈ ਜਾਵੇਗੀ ਜਾਂ ਕੀ ਅਜਿਹੀਆਂ ਮੰਗਾਂ ਜਾਇਜ਼ ਹਨ ਅਤੇ ਈਮਾਨਦਾਰੀ ਨਾਲ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ।
ਈਮਾਨਦਾਰ ਨਾਗਰਿਕ
15. ਯਹੋਵਾਹ ਦੇ ਗਵਾਹ ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਕਿਸ ਤਰ੍ਹਾਂ ਈਮਾਨਦਾਰੀ ਨਾਲ ਵਾਪਸ ਦਿੰਦੇ ਹਨ?
15 ਰਾਜਨੀਤਿਕ “ਹਕੂਮਤਾਂ” ਪਰਮੇਸ਼ੁਰ ਦੇ “ਸੇਵਕ” ਹਨ ਜਦੋਂ ਉਹ ਪਰਮੇਸ਼ੁਰ ਦੁਆਰਾ ਪ੍ਰਵਾਨਿਤ ਆਪਣੀ ਭੂਮਿਕਾ ਅਦਾ ਕਰਦੀਆਂ ਹਨ, ਜਿਸ ਵਿਚ “ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ” ਦਾ ਅਧਿਕਾਰ ਸ਼ਾਮਲ ਹੈ। (1 ਪਤਰਸ 2:13, 14) ਯਹੋਵਾਹ ਦੇ ਸੇਵਕ ਈਮਾਨਦਾਰੀ ਨਾਲ ਕੈਸਰ ਵੱਲੋਂ ਟੈਕਸਾਂ ਦੇ ਸੰਬੰਧ ਵਿਚ ਕੀਤੀਆਂ ਗਈਆਂ ਜਾਇਜ਼ ਮੰਗਾਂ ਪੂਰੀਆਂ ਕਰਦੇ ਹਨ, ਅਤੇ ਜਿਸ ਹੱਦ ਤਕ ਉਨ੍ਹਾਂ ਦਾ ਬਾਈਬਲ-ਸਿੱਖਿਅਤ ਅੰਤਹਕਰਣ ਉਨ੍ਹਾਂ ਨੂੰ ਇਜਾਜ਼ਤ ਦਿੰਦਾ ਹੈ ਉਹ ਉਸ ਹੱਦ ਤਕ “ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ . . . ਆਗਿਆਕਾਰ” ਰਹਿੰਦੇ ਹਨ ਅਤੇ ‘ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਦੇ ਹਨ।’ (ਤੀਤੁਸ 3:1) “ਸ਼ੁਭ ਕਰਮ” ਵਿਚ ਦੂਸਰਿਆਂ ਦੀ ਮਦਦ ਕਰਨੀ ਸ਼ਾਮਲ ਹੈ, ਜਿਵੇਂ ਜਦੋਂ ਕੋਈ ਆਫ਼ਤ ਆਉਂਦੀ ਹੈ। ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਪਰਿਸਥਿਤੀਆਂ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਆਪਣੇ ਸੰਗੀ ਮਾਨਵ ਪ੍ਰਤੀ ਦਿਖਾਈ ਗਈ ਦਿਆਲਗੀ ਦੀ ਪੁਸ਼ਟੀ ਕੀਤੀ ਹੈ।—ਗਲਾਤੀਆਂ 6:10.
16. ਸਰਕਾਰਾਂ ਅਤੇ ਸੰਗੀ ਮਾਨਵ ਲਈ ਯਹੋਵਾਹ ਦੇ ਗਵਾਹ ਈਮਾਨਦਾਰੀ ਨਾਲ ਕਿਹੜੇ ਚੰਗੇ ਕੰਮ ਕਰਦੇ ਹਨ?
16 ਯਹੋਵਾਹ ਦੇ ਗਵਾਹ ਆਪਣੇ ਸੰਗੀ ਮਾਨਵ ਨਾਲ ਪ੍ਰੇਮ ਕਰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ‘ਨਵਾਂ ਅਕਾਸ਼ ਅਤੇ ਨਵੀਂ ਧਰਤੀ’ ਲਿਆਉਣ ਸੰਬੰਧੀ ਪਰਮੇਸ਼ੁਰ ਦੇ ਮਕਸਦ ਦਾ ਯਥਾਰਥ ਗਿਆਨ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਦੁਆਰਾ ਅਸੀਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਭ ਪਹੁੰਚਾ ਸਕਦੇ ਹਾਂ। (2 ਪਤਰਸ 3:13) ਬਾਈਬਲ ਦੇ ਉੱਚ ਨੈਤਿਕ ਸਿਧਾਂਤਾਂ ਨੂੰ ਸਿਖਾਉਣ ਅਤੇ ਉਨ੍ਹਾਂ ਉੱਤੇ ਚੱਲਣ ਦੁਆਰਾ, ਉਹ ਮਨੁੱਖੀ ਸਮਾਜ ਲਈ ਇਕ ਬਰਕਤ ਹਨ, ਅਤੇ ਬਹੁਤ ਸਾਰੇ ਵਿਅਕਤੀਆਂ ਨੂੰ ਕੁਤਾਹੀ ਤੋਂ ਬਚਾਉਂਦੇ ਹਨ। ਯਹੋਵਾਹ ਦੇ ਸੇਵਕ ਕਾਨੂੰਨ-ਪਾਲਕ ਹਨ ਅਤੇ ਸਰਕਾਰੀ ਮਨਿਸਟਰਾਂ, ਅਧਿਕਾਰੀਆਂ, ਜੱਜਾਂ, ਅਤੇ ਸ਼ਹਿਰੀ ਪ੍ਰਬੰਧਕਾਂ ਨਾਲ ਸਤਿਕਾਰ ਨਾਲ ਪੇਸ਼ ਆਉਂਦੇ ਹਨ, ‘ਜਿਹ ਦਾ ਆਦਰ ਕਰਨਾ ਚਾਹੀਦਾ ਹੈ’ ਉਸ ਦਾ ਆਦਰ ਕਰਦੇ ਹਨ। (ਰੋਮੀਆਂ 13:7) ਗਵਾਹ ਮਾਪੇ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਖ਼ੁਸ਼ੀ ਨਾਲ ਸਹਿਯੋਗ ਦਿੰਦੇ ਹਨ ਅਤੇ ਚੰਗੀ ਤਰ੍ਹਾਂ ਪੜ੍ਹਾਈ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰਦੇ ਹਨ, ਤਾਂਕਿ ਬਾਅਦ ਵਿਚ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋਣਗੇ ਅਤੇ ਸਮਾਜ ਉੱਤੇ ਬੋਝ ਨਹੀਂ ਬਣਨਗੇ। (1 ਥੱਸਲੁਨੀਕੀਆਂ 4:11, 12) ਆਪਣੀਆਂ ਕਲੀਸਿਯਾਵਾਂ ਵਿਚ, ਯਹੋਵਾਹ ਦੇ ਗਵਾਹ ਜਾਤੀਗਤ ਪੱਖਪਾਤ ਅਤੇ ਵਰਗ ਭਿੰਨ-ਭੇਦ ਦਾ ਵਿਰੋਧ ਕਰਦੇ ਹਨ, ਅਤੇ ਉਹ ਪਰਿਵਾਰਕ ਜੀਵਨ ਨੂੰ ਤਕੜਾ ਕਰਨ ਨੂੰ ਵੱਡੀ ਮਹੱਤਤਾ ਦਿੰਦੇ ਹਨ। (ਰਸੂਲਾਂ ਦੇ ਕਰਤੱਬ 10:34, 35; ਕੁਲੁੱਸੀਆਂ 3:18-21) ਇਸ ਲਈ, ਆਪਣੇ ਕੰਮਾਂ ਦੁਆਰਾ, ਉਹ ਦਿਖਾਉਂਦੇ ਹਨ ਕਿ ਉਨ੍ਹਾਂ ਉੱਤੇ ਪਰਿਵਾਰ-ਵਿਰੋਧੀ ਹੋਣ ਅਤੇ ਸਮਾਜ ਲਈ ਮਦਦਗਾਰ ਨਾ ਹੋਣ ਦੇ ਲਗਾਏ ਗਏ ਦੋਸ਼ ਝੂਠੇ ਹਨ। ਇਸ ਤਰ੍ਹਾਂ, ਰਸੂਲ ਪਤਰਸ ਦੇ ਸ਼ਬਦ ਸਹੀ ਸਾਬਤ ਹੁੰਦੇ ਹਨ: “ਪਰਮੇਸ਼ੁਰ ਦੀ ਇੱਛਿਆ ਇਉਂ ਹੈ ਭਈ ਤੁਸੀਂ ਸੁਕਰਮ ਕਰ ਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ।”—1 ਪਤਰਸ 2:15.
17. ਮਸੀਹੀ ਕਿਸ ਤਰ੍ਹਾਂ ‘ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲ’ ਸਕਦੇ ਹਨ?
17 ਇਸ ਲਈ ਜਦ ਕਿ ਮਸੀਹ ਦੇ ਸੱਚੇ ਪੈਰੋਕਾਰ “ਜਗਤ ਦੇ ਨਹੀਂ ਹਨ,” ਉਹ ਅਜੇ ਵੀ ਮਨੁੱਖੀ ਸਮਾਜ ਦੇ ਜਗਤ ਵਿਚ ਹਨ ਅਤੇ ਉਨ੍ਹਾਂ ਨੂੰ ‘ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲਣਾ’ ਚਾਹੀਦਾ ਹੈ। (ਯੂਹੰਨਾ 17:16; ਕੁਲੁੱਸੀਆਂ 4:5) ਜਿੰਨੇ ਸਮੇਂ ਤਕ ਯਹੋਵਾਹ ਉੱਚ ਹਕੂਮਤਾਂ ਨੂੰ ਆਪਣੇ ਸੇਵਕਾਂ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਅਸੀਂ ਉਨ੍ਹਾਂ ਲਈ ਢੁਕਵਾਂ ਆਦਰ ਦਿਖਾਵਾਂਗੇ। (ਰੋਮੀਆਂ 13:1-4) ਹਾਲਾਂਕਿ ਅਸੀਂ ਰਾਜਨੀਤੀ ਪ੍ਰਤੀ ਨਿਰਪੱਖ ਰਹਿੰਦੇ ਹਾਂ, ਅਸੀਂ “ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ” ਦੇ ਸੰਬੰਧ ਵਿਚ ਪ੍ਰਾਰਥਨਾ ਕਰਦੇ ਹਾਂ, ਖ਼ਾਸ ਕਰਕੇ ਜਦੋਂ ਉਨ੍ਹਾਂ ਨੂੰ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ ਜੋ ਉਪਾਸਨਾ ਕਰਨ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ‘ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗਣ’ ਲਈ ਅਜਿਹਾ ਕਰਦੇ ਰਹਾਂਗੇ, ਤਾਂਕਿ ‘ਸਾਰੇ ਮਨੁੱਖ ਬਚਾਏ ਜਾਣਗੇ।’—1 ਤਿਮੋਥਿਉਸ 2:1-4.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ!, ਅਧਿਆਏ 35 ਦੇਖੋ।
ਪੁਨਰ-ਵਿਚਾਰ ਦੇ ਸਵਾਲ
◻ ਮਸੀਹੀ ਕਿਸ “ਜਗਤ” ਦਾ ਭਾਗ ਹਨ, ਪਰੰਤੂ ਉਹ ਕਿਸ “ਜਗਤ” ਦਾ ਭਾਗ ਨਹੀਂ ਹੋ ਸਕਦੇ ਹਨ?
◻ ਇਕ ਵਿਅਕਤੀ ਦੇ ਹੱਥ ਜਾਂ ਮੱਥੇ ਉੱਤੇ “ਦਰਿੰਦੇ” ਦਾ “ਦਾਗ” ਕੀ ਦਰਸਾਉਂਦਾ ਹੈ, ਅਤੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਕਿਹੜੇ ਨਿਸ਼ਾਨ ਲਗਵਾਏ ਹਨ?
◻ ਮਨੁੱਖੀ ਸਰਕਾਰਾਂ ਪ੍ਰਤੀ ਸੱਚੇ ਮਸੀਹੀਆਂ ਦਾ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਹੈ?
◻ ਯਹੋਵਾਹ ਦੇ ਗਵਾਹ ਕਿਹੜੇ ਕੁਝ ਤਰੀਕਿਆਂ ਨਾਲ ਮਨੁੱਖੀ ਸਮਾਜ ਦੇ ਕਲਿਆਣ ਵਿਚ ਹਿੱਸਾ ਪਾਉਂਦੇ ਹਨ?
[ਸਫ਼ੇ 9 ਉੱਤੇ ਤਸਵੀਰਾਂ]
ਬਾਈਬਲ ਮਨੁੱਖੀ ਸਰਕਾਰਾਂ ਦੀ ਪਰਮੇਸ਼ੁਰ ਦੇ ਸੇਵਕ ਵਜੋਂ ਅਤੇ ਦਰਿੰਦੇ ਵਜੋਂ ਸ਼ਨਾਖਤ ਕਰਦੀ ਹੈ
[ਸਫ਼ੇ 10 ਉੱਤੇ ਤਸਵੀਰ]
ਕਿਉਕਿ ਯਹੋਵਾਹ ਦੇ ਗਵਾਹ ਦੂਸਰਿਆਂ ਲਈ ਪ੍ਰੇਮਮਈ ਪਰਵਾਹ ਦਿਖਾਉਦੇ ਹਨ, ਉਹ ਸਮਾਜ ਲਈ ਇਕ ਬਰਕਤ ਹਨ