‘ਯਹੋਵਾਹ ਦੇ ਦਿਨ’ ਵਿੱਚੋਂ ਕੌਣ ਬਚ ਨਿਕਲੇਗਾ?
“ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ [ਯਹੋਵਾਹ] ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।”—2 ਪਤਰਸ 3:11, 12.
1. ਕਿਨ੍ਹਾਂ ਨੇ ਏਲੀਯਾਹ ਦੀ ਆਤਮਾ ਅਤੇ ਬਲ ਨਾਲ ਕੰਮ ਕੀਤਾ ਹੈ?
ਯਹੋਵਾਹ ਪਰਮੇਸ਼ੁਰ ਨੇ ਮਨੁੱਖਜਾਤੀ ਵਿੱਚੋਂ ਉਨ੍ਹਾਂ ਵਿਅਕਤੀਆਂ ਨੂੰ ਚੁਣਿਆ ਹੈ ਜੋ ਸਵਰਗੀ ਰਾਜ ਵਿਚ ਉਹ ਦੇ ਪੁੱਤਰ, ਯਿਸੂ ਮਸੀਹ, ਦੇ ਨਾਲ ਸਾਂਝੇ ਅਧਕਾਰੀ ਹੋਣਗੇ। (ਰੋਮੀਆਂ 8:16, 17) ਜਦ ਤਕ ਉਹ ਧਰਤੀ ਉੱਤੇ ਹਨ, ਮਸਹ ਕੀਤੇ ਹੋਏ ਮਸੀਹੀਆਂ ਨੇ ਏਲੀਯਾਹ ਦੀ ਆਤਮਾ ਅਤੇ ਬਲ ਨਾਲ ਕੰਮ ਕੀਤਾ ਹੈ। (ਲੂਕਾ 1:17) ਪਿਛਲੇ ਲੇਖ ਵਿਚ, ਅਸੀਂ ਉਨ੍ਹਾਂ ਦੀਆਂ ਅਤੇ ਏਲੀਯਾਹ ਨਬੀ ਦੀਆਂ ਸਰਗਰਮੀਆਂ ਵਿਚਕਾਰ ਖ਼ਾਸ ਸਮਾਨਤਾਵਾਂ ਵੱਲ ਧਿਆਨ ਦਿੱਤਾ ਸੀ। ਪਰ ਏਲੀਯਾਹ ਦੀ ਥਾਂ ਤੇ ਆਉਣ ਵਾਲੇ ਅਲੀਸ਼ਾ ਨਬੀ ਦੇ ਕੰਮ ਬਾਰੇ ਕੀ?—1 ਰਾਜਿਆਂ 19:15, 16.
2. (ਉ) ਏਲੀਯਾਹ ਦਾ ਆਖ਼ਰੀ, ਅਤੇ ਅਲੀਸ਼ਾ ਦਾ ਪਹਿਲਾ ਚਮਤਕਾਰ ਕੀ ਸੀ? (ਅ) ਕੀ ਸਬੂਤ ਹੈ ਕਿ ਏਲੀਯਾਹ ਸਵਰਗ ਨੂੰ ਨਹੀਂ ਗਿਆ ਸੀ?
2 ਏਲੀਯਾਹ ਦਾ ਆਖ਼ਰੀ ਚਮਤਕਾਰ ਇਹ ਸੀ ਕਿ ਉਸ ਨੇ ਆਪਣੀ ਚੱਦਰ ਲਈ ਅਤੇ ਉਹ ਨੂੰ ਵਲ੍ਹੇਟ ਕੇ ਯਰਦਨ ਨਦੀ ਦੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਟ ਕੇ ਐਧਰ ਔਧਰ ਹੋ ਗਿਆ। ਇਸ ਨੇ ਏਲੀਯਾਹ ਅਤੇ ਅਲੀਸ਼ਾ ਨੂੰ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਕਰ ਲੈਣ ਦਿੱਤਾ। ਜਿਉਂ ਹੀ ਉਹ ਨਦੀ ਦੇ ਪੂਰਬੀ ਪਾਸੇ ਤੁਰੇ ਜਾਂਦੇ ਸਨ, ਇਕ ਵਾਵਰੋਲਾ ਏਲੀਯਾਹ ਨੂੰ ਚੁੱਕ ਕੇ ਧਰਤੀ ਦੇ ਕਿਸੇ ਦੂਜੇ ਸਥਾਨ ਤੇ ਲੈ ਗਿਆ। (ਸਫ਼ਾ 27 ਉੱਤੇ ਡੱਬੀ ਨੂੰ ਦੇਖੋ ਜਿਸ ਦਾ ਸਿਰਲੇਖ ਹੈ “ਏਲੀਯਾਹ ਕਿਹੜੇ ਅਕਾਸ਼ ਨੂੰ ਚੜ੍ਹਿਆ ਸੀ?”) ਏਲੀਯਾਹ ਦੀ ਚੱਦਰ ਪਿੱਛੇ ਰਹਿ ਗਈ ਸੀ। ਜਦੋਂ ਅਲੀਸ਼ਾ ਨੇ ਇਸ ਨੂੰ ਯਰਦਨ ਉੱਤੇ ਮਾਰਨ ਲਈ ਇਸਤੇਮਾਲ ਕੀਤਾ, ਉਸ ਦੇ ਪਾਣੀ ਫਿਰ ਪਾਟ ਗਏ ਸਨ, ਤਾਂ ਕਿ ਉਹ ਸੁੱਕੀ ਜ਼ਮੀਨ ਉੱਤੋਂ ਦੀ ਵਾਪਸ ਜਾ ਸਕਿਆ। ਇਸ ਚਮਤਕਾਰ ਨੇ ਸਪੱਸ਼ਟ ਕੀਤਾ ਕਿ ਇਸਰਾਏਲ ਵਿਚ ਸੱਚੀ ਉਪਾਸਨਾ ਅੱਗੇ ਵਧਾਉਣ ਲਈ ਅਲੀਸ਼ਾ ਹੁਣ ਏਲੀਯਾਹ ਦੀ ਥਾਂ ਲੈ ਰਿਹਾ ਸੀ।—2 ਰਾਜਿਆਂ 2:6-15.
ਈਸ਼ਵਰੀ ਗੁਣ ਆਵੱਸ਼ਕ ਹਨ
3. ਪੌਲੁਸ ਅਤੇ ਪਤਰਸ ਨੇ ਯਿਸੂ ਦੀ ਮੌਜੂਦਗੀ ਅਤੇ ‘ਯਹੋਵਾਹ ਦੇ ਦਿਨ’ ਬਾਰੇ ਕੀ ਕਿਹਾ ਸੀ?
3 ਏਲੀਯਾਹ ਅਤੇ ਅਲੀਸ਼ਾ ਦੇ ਸਮੇਂ ਤੋਂ ਸਦੀਆਂ ਬਾਅਦ, ਪੌਲੁਸ ਅਤੇ ਪਤਰਸ ਦੋਹਾਂ ਰਸੂਲਾਂ ਨੇ ਇਕ ਆਉਣ ਵਾਲੇ ‘ਯਹੋਵਾਹ ਦੇ ਦਿਨ’ ਦਾ ਸੰਬੰਧ ਯਿਸੂ ਮਸੀਹ ਦੀ ਮੌਜੂਦਗੀ ਅਤੇ ਉਸ ਸਮੇਂ ਤੋਂ ਭਾਵੀ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਨਾਲ ਜੋੜਿਆ। (2 ਥੱਸਲੁਨੀਕੀਆਂ 2:1, 2; 2 ਪਤਰਸ 3:10-13) ਯਹੋਵਾਹ ਦੇ ਮਹਾਨ ਦਿਨ ਵਿੱਚੋਂ ਬਚ ਨਿਕਲਣ ਲਈ—ਜਦੋਂ ਪਰਮੇਸ਼ੁਰ ਆਪਣੇ ਵੈਰੀਆਂ ਨੂੰ ਨਸ਼ਟ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ—ਸਾਨੂੰ ਯਹੋਵਾਹ ਨੂੰ ਭਾਲਣਾ ਅਤੇ ਧਾਰਮਿਕਤਾ ਅਤੇ ਮਸਕੀਨੀ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। (ਸਫ਼ਨਯਾਹ 2:1-3) ਪਰ ਜਿਉਂ ਹੀ ਅਸੀਂ ਅਲੀਸ਼ਾ ਨਬੀ ਸੰਬੰਧੀ ਘਟਨਾਵਾਂ ਉੱਤੇ ਵਿਚਾਰ ਕਰਦੇ ਹਾਂ ਕੁਝ ਹੋਰ ਗੁਣ ਜ਼ਾਹਰ ਹੁੰਦੇ ਹਨ।
4. ਯਹੋਵਾਹ ਦੀ ਸੇਵਾ ਵਿਚ ਜੋਸ਼ ਦੀ ਕੀ ਭੂਮਿਕਾ ਹੈ?
4 ਜੇਕਰ ਅਸੀਂ ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣਾ ਹੈ ਤਾਂ ਪਰਮੇਸ਼ੁਰ ਦੀ ਸੇਵਾ ਲਈ ਜੋਸ਼ ਜ਼ਰੂਰੀ ਹੈ। ਏਲੀਯਾਹ ਅਤੇ ਅਲੀਸ਼ਾ ਯਹੋਵਾਹ ਦੀ ਸੇਵਾ ਵਿਚ ਜੋਸ਼ੀਲੇ ਸਨ। ਸਮਾਨ ਜੋਸ਼ ਨਾਲ, ਅੱਜ ਮਸਹ ਕੀਤੇ ਹੋਏ ਮਸੀਹੀਆਂ ਦਾ ਬਕੀਆ ਯਹੋਵਾਹ ਦੀ ਪਵਿੱਤਰ ਸੇਵਾ ਕਰਦਾ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਅਗਵਾਈ ਕਰਦਾ ਹੈ।a 1930 ਦੇ ਦਹਾਕੇ ਦੇ ਮੱਧ ਤੋਂ, ਇਨ੍ਹਾਂ ਨੇ ਸਾਰੇ ਰਾਜ ਸੰਦੇਸ਼ ਕਬੂਲ ਕਰ ਕੇ ਅਤੇ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ, ਯਹੋਵਾਹ ਪ੍ਰਤੀ ਆਪਣੇ ਆਪ ਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਉਤਸ਼ਾਹਿਤ ਕੀਤਾ ਹੈ। (ਮਰਕੁਸ 8:34; 1 ਪਤਰਸ 3:21) ਲੱਖਾਂ ਹੀ ਲੋਕਾਂ ਨੇ ਇਸ ਉਤਸ਼ਾਹ ਦੇ ਅਨੁਸਾਰ ਕਦਮ ਚੁੱਕੇ ਹਨ। ਇਕ ਸਮੇਂ ਉਹ ਅਧਿਆਤਮਿਕ ਹਨੇਰੇ ਵਿਚ ਸਨ ਅਤੇ ਪਾਪ ਦੇ ਕਾਰਨ ਮੁਰਦੇ ਸਨ, ਪਰ ਹੁਣ ਉਨ੍ਹਾਂ ਨੇ ਪਰਮੇਸ਼ੁਰ ਦੀ ਸੱਚਾਈ ਸਿੱਖੀ ਹੈ, ਇਕ ਪਾਰਥਿਵ ਪਰਾਦੀਸ ਵਿਚ ਸਦੀਪਕ ਜੀਵਨ ਦੀ ਉਮੀਦ ਸਵੀਕਾਰ ਕੀਤੀ ਹੈ, ਅਤੇ ਯਹੋਵਾਹ ਦੀ ਸੇਵਾ ਵਿਚ ਜੋਸ਼ੀਲੇ ਹਨ। (ਜ਼ਬੂਰ 37:29; ਪਰਕਾਸ਼ ਦੀ ਪੋਥੀ 21:3-5) ਆਪਣੇ ਜੋਸ਼, ਸਹਿਯੋਗ, ਪਰਾਹੁਣਚਾਰੀ, ਅਤੇ ਹੋਰ ਚੰਗੇ ਕੰਮਾਂ ਦੁਆਰਾ, ਉਹ ਮਸੀਹ ਦੇ ਭਰਾਵਾਂ ਨੂੰ ਜੋ ਅਜੇ ਧਰਤੀ ਉੱਤੇ ਹਨ, ਬਹੁਤ ਤਾਜ਼ਗੀ ਲਿਆਉਂਦੇ ਹਨ।—ਮੱਤੀ 25:31-46.
5. ਯਿਸੂ ਦੇ “ਭਰਾਵਾਂ” ਲਈ ਚੰਗੇ ਕੰਮ ਕਰਨੇ ਇੰਨਾ ਮਹੱਤਵਪੂਰਣ ਕਿਉਂ ਹੈ, ਅਤੇ ਸਾਡੇ ਕੋਲ ਅਲੀਸ਼ਾ ਦੇ ਸਮੇਂ ਤੋਂ ਕਿਹੜੀ ਉਦਾਹਰਣ ਹੈ?
5 ਉਹ ਜਿਨ੍ਹਾਂ ਦਾ ਯਿਸੂ ਦੇ “ਭਰਾਵਾਂ” ਦੇ ਪ੍ਰਤੀ ਚੰਗੇ ਕੰਮ ਕਰਨ ਦਾ ਕਾਰਨ ਇਹ ਹੈ ਕਿ ਇਹ ਮਸਹ ਕੀਤੇ ਹੋਏ ਵਿਅਕਤੀ ਯਿਸੂ ਦੇ ਪੈਰੋਕਾਰ ਹਨ, ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖਦੇ ਹਨ। ਅਲੀਸ਼ਾ ਅਤੇ ਉਸ ਦੇ ਸੇਵਾਦਾਰ ਪ੍ਰਤੀ ਦਿਆਲੂ ਅਤੇ ਪਰਾਹੁਣਾਚਾਰ ਹੋਣ ਲਈ ਸ਼ੂਨੇਮ ਦੇ ਪਿੰਡ ਵਿਚ ਇਕ ਵਿਆਹੁਤਾ ਜੋੜੇ ਨੂੰ ਬਹੁਤ ਵੱਡੀ ਬਰਕਤ ਮਿਲੀ। ਇਸ ਜੋੜੇ ਦਾ ਕੋਈ ਪੁੱਤਰ ਨਹੀਂ ਸੀ, ਅਤੇ ਪਤੀ ਬਿਰਧ ਸੀ। ਪਰ ਅਲੀਸ਼ਾ ਨੇ ਸ਼ੂਨੰਮੀ ਔਰਤ ਨੂੰ ਵਾਅਦਾ ਕੀਤਾ ਕਿ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ, ਅਤੇ ਠੀਕ ਇਹੋ ਹੋਇਆ ਸੀ। ਕੁਝ ਸਾਲ ਬਾਅਦ ਜਦੋਂ ਇਹ ਇਕਲੌਤਾ ਪੁੱਤਰ ਦਮ ਤੋੜ ਗਿਆ ਸੀ, ਤਾਂ ਅਲੀਸ਼ਾ ਨੇ ਸ਼ੂਨੇਮ ਨੂੰ ਜਾ ਕੇ ਉਸ ਨੂੰ ਜੀ ਉਠਾਇਆ ਸੀ। (2 ਰਾਜਿਆਂ 4:8-17, 32-37) ਅਲੀਸ਼ਾ ਨੂੰ ਪਰਾਹੁਣਚਾਰੀ ਦਿਖਾਉਣ ਲਈ ਕਿੰਨੇ ਬਹੁਮੁੱਲੇ ਪ੍ਰਤਿਫਲ!
6, 7. ਨਅਮਾਨ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ, ਅਤੇ ਇਹ ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਨਾਲ ਕੀ ਸੰਬੰਧ ਰੱਖਦੀ ਹੈ?
6 ਯਹੋਵਾਹ ਦੇ ਦਿਨ ਵਿੱਚੋਂ ਬਚ ਨਿਕਲਣ ਦੀ ਉਮੀਦ ਨਾਲ ਮਸੀਹ ਦੇ “ਭਰਾਵਾਂ” ਤੋਂ ਬਾਈਬਲ-ਆਧਾਰਿਤ ਨਿਰਦੇਸ਼ਨ ਸਵੀਕਾਰ ਕਰਨ ਲਈ ਨਿਮਰਤਾ ਦੀ ਲੋੜ ਹੈ। ਨਅਮਾਨ ਨਾਮਕ, ਇਕ ਕੋੜ੍ਹੀ ਸੁਰਿਯਾਨੀ ਸੈਨਾਪਤੀ ਨੂੰ ਇਕ ਕੈਦੀ ਇਸਰਾਏਲੀ ਕੁੜੀ ਦਾ ਸੁਝਾਉ ਸਵੀਕਾਰ ਕਰਨ ਅਤੇ ਇਲਾਜ ਭਾਲਣ ਲਈ ਇਸਰਾਏਲ ਜਾ ਕੇ ਅਲੀਸ਼ਾ ਨੂੰ ਲੱਭਣ ਲਈ ਨਿਮਰਤਾ ਦਿਖਾਉਣੀ ਪਈ। ਨਅਮਾਨ ਨੂੰ ਮਿਲਣ ਲਈ ਆਪਣੇ ਘਰ ਤੋਂ ਬਾਹਰ ਆਉਣ ਦੀ ਬਜਾਇ, ਅਲੀਸ਼ਾ ਨੇ ਉਸ ਨੂੰ ਇਹ ਸੰਦੇਸ਼ ਭੇਜਿਆ: “ਜਾਹ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ।” (2 ਰਾਜਿਆਂ 5:10) ਨਅਮਾਨ ਦੇ ਘਮੰਡ ਨੂੰ ਠੇਸ ਪਹੁੰਚੀ, ਅਤੇ ਉਸ ਨੂੰ ਗੁੱਸਾ ਆਇਆ, ਪਰ ਨਿਮਰਤਾ ਨਾਲ ਜਾ ਕੇ ਯਰਦਨ ਵਿਚ ਸੱਤ ਚੁੱਭੀਆਂ ਮਾਰਨ ਤੋਂ ਬਾਅਦ, “ਉਹ ਦੀ ਦੇਹ ਿਨੱਕੇ ਬਾਲਕ ਦੀ ਦੇਹ ਵਰਗੀ ਸਾਫ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ।” (2 ਰਾਜਿਆਂ 5:14) ਘਰ ਵਾਪਸ ਜਾਣ ਤੋਂ ਪਹਿਲਾਂ, ਨਅਮਾਨ ਯਹੋਵਾਹ ਦੇ ਨਬੀ ਦਾ ਧੰਨਵਾਦ ਕਰਨ ਲਈ ਸਾਰੀ ਵਾਟ ਸਾਮਰਿਯਾ ਨੂੰ ਵਾਪਸ ਮੁੜਿਆ। ਪਰਮੇਸ਼ੁਰ-ਦਿੱਤ ਸ਼ਕਤੀਆਂ ਤੋਂ ਭੌਤਿਕ ਤੌਰ ਤੇ ਫ਼ਾਇਦਾ ਨਾ ਉਠਾਉਣ ਦੀ ਦ੍ਰਿੜ੍ਹਤਾ ਨਾਲ, ਅਲੀਸ਼ਾ ਨਅਮਾਨ ਨੂੰ ਮਿਲਣ ਲਈ ਬਾਹਰ ਆਇਆ ਪਰ ਉਸ ਨੇ ਕੋਈ ਤੋਹਫ਼ੇ ਕਬੂਲ ਨਹੀਂ ਕੀਤੇ। ਨਿਮਰਤਾ ਨਾਲ ਨਅਮਾਨ ਨੇ ਅਲੀਸ਼ਾ ਨੂੰ ਦੱਸਿਆ: “ਤੇਰਾ ਚਾਕਰ ਹੁਣ ਤੋਂ ਲੈ ਕੇ ਯਹੋਵਾਹ ਤੋਂ ਬਿਨਾ ਹੋਰ ਕਿਸੇ ਦਿਓਤੇ ਦੇ ਅੱਗੇ ਨਾ ਤਾਂ ਹੋਮ ਦੀ ਬਲੀ ਤੇ ਨਾ ਭੇਟ ਚੜ੍ਹਾਵੇਗਾ।”—2 ਰਾਜਿਆਂ 5:17.
7 ਮਸਹ ਕੀਤੇ ਹੋਇਆਂ ਦੀ ਸ਼ਾਸਤਰ-ਸੰਬੰਧੀ ਸਲਾਹ ਨਿਮਰਤਾ ਨਾਲ ਲਾਗੂ ਕਰਨ ਦੁਆਰਾ, ਅੱਜ ਲੱਖਾਂ ਹੀ ਲੋਕਾਂ ਨੂੰ ਭਰਪੂਰ ਬਰਕਤਾਂ ਮਿਲਦੀਆਂ ਹਨ। ਇਸ ਦੇ ਇਲਾਵਾ, ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਨ ਦੁਆਰਾ, ਇਹ ਨੇਕਦਿਲ ਵਿਅਕਤੀ ਅਧਿਆਤਮਿਕ ਤੌਰ ਤੇ ਸ਼ੁੱਧ ਕੀਤੇ ਗਏ ਹਨ। ਉਹ ਹੁਣ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਮਿੱਤਰ ਬਣਨ ਦੇ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣਦੇ ਹਨ। (ਜ਼ਬੂਰ 15:1, 2; ਲੂਕਾ 16:9) ਅਤੇ ਪਰਮੇਸ਼ੁਰ ਅਤੇ ਉਸ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਭਗਤੀ ਇਵੇਂ ਫਲ ਪਾਵੇਗੀ ਕਿ ਉਹ ਉਸ ਸਦੀਪਕ ਨਾਸ਼ ਤੋਂ ਬਚ ਨਿਕਲਣਗੇ ਜੋ ਤੇਜ਼ੀ ਨਾਲ ਆ ਰਹੇ ‘ਯਹੋਵਾਹ ਦੇ ਦਿਨ’ ਵਿਚ ਘਮੰਡੀ, ਅਪਸ਼ਚਾਤਾਪੀ ਪਾਪੀਆਂ ਉੱਤੇ ਆਉਣ ਵਾਲਾ ਹੈ।—ਲੂਕਾ 13:24; 1 ਯੂਹੰਨਾ 1:7.
“ਮੇਰੇ ਵੱਲ ਕੌਣ ਹੈ? ਕੌਣ?”
8. (ਉ) ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਵਾਲਿਆਂ ਦਾ ਈਸ਼ਵਰੀ ਇੱਛਾ ਪੂਰੀ ਕਰਨ ਬਾਰੇ ਕੀ ਰਵੱਈਆ ਹੈ? (ਅ) ਯੇਹੂ ਨੂੰ ਕਿਹੜੀ ਕਾਰਜ-ਨਿਯੁਕਤੀ ਦਿੱਤੀ ਗਈ ਸੀ? (ੲ) ਈਜ਼ਬਲ ਨਾਲ ਕੀ ਹੋਣਾ ਸੀ?
8 ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖਣ ਵਾਲਿਆਂ ਨੂੰ ਈਸ਼ਵਰੀ ਇੱਛਾ ਪੂਰੀ ਕਰਨ ਵਿਚ ਵੀ ਦ੍ਰਿੜ੍ਹ ਹੋਣਾ ਚਾਹੀਦਾ ਹੈ। ਏਲੀਯਾਹ ਨੇ ਦਲੇਰੀ ਨਾਲ ਰਾਜਾ ਅਹਾਬ ਦੇ ਖ਼ੂਨੀ, ਬਆਲ ਉਪਾਸਨਾ ਕਰਨ ਵਾਲੇ ਪਰਿਵਾਰ ਦਾ ਨਾਸ਼ ਪੂਰਵ-ਸੂਚਿਤ ਕੀਤਾ ਸੀ। (1 ਰਾਜਿਆਂ 21:17-26) ਮਗਰ, ਇਸ ਦੰਡ ਦੀ ਪੂਰਤੀ ਤੋਂ ਪਹਿਲਾਂ, ਏਲੀਯਾਹ ਦੀ ਥਾਂ ਤੇ ਆਉਣ ਵਾਲੇ ਅਲੀਸ਼ਾ ਨੂੰ ਕੁਝ ਬਚਿਆ ਰਹਿੰਦਾ ਕੰਮ ਪੂਰਾ ਕਰਨਾ ਪਿਆ। (1 ਰਾਜਿਆਂ 19:15-17) ਜਦੋਂ ਯਹੋਵਾਹ ਦਾ ਨਿਸ਼ਚਿਤ ਸਮਾਂ ਆਇਆ, ਅਲੀਸ਼ਾ ਨੇ ਇਕ ਸੇਵਾਦਾਰ ਨੂੰ ਹਿਦਾਇਤ ਦਿੱਤੀ ਕਿ ਉਹ ਜਾ ਕੇ ਸੈਨਾਪਤੀ ਯੇਹੂ ਨੂੰ ਇਸਰਾਏਲ ਦੇ ਨਵੇਂ ਰਾਜੇ ਵਜੋਂ ਮਸਹ ਕਰੇ। ਯੇਹੂ ਦੇ ਸਿਰ ਉੱਤੇ ਤੇਲ ਡੋਲ੍ਹਣ ਤੋਂ ਬਾਅਦ, ਸੰਦੇਸ਼ਵਾਹਕ ਨੇ ਉਸ ਨੂੰ ਦੱਸਿਆ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ, ਮੈਂ ਤੈਨੂੰ ਯਹੋਵਾਹ ਦੀ ਪਰਜਾ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ ਭਈ ਮੈਂ ਆਪਣੇ ਦਾਸਾਂ ਨਬੀਆਂ ਦੇ ਲਹੂ ਦਾ ਅਰ ਯਹੋਵਾਹ ਦੇ ਸੱਭ ਦਾਸਾਂ ਦੇ ਲਹੂ ਦਾ ਵੱਟਾ ਈਜ਼ਬਲ ਦੇ ਹੱਥੋਂ ਲਵਾਂ। ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ।” ਦੁਸ਼ਟ ਰਾਣੀ ਈਜ਼ਬਲ ਕੁੱਤਿਆਂ ਅੱਗੇ ਸੁੱਟੀ ਜਾਵੇਗੀ ਅਤੇ ਉਸ ਦਾ ਆਦਰਯੋਗ ਦਫ਼ਨ ਨਹੀਂ ਕੀਤਾ ਜਾਵੇਗਾ।—2 ਰਾਜਿਆਂ 9:1-10.
9, 10. ਈਜ਼ਬਲ ਦੇ ਮਾਮਲੇ ਵਿਚ ਏਲੀਯਾਹ ਦੀ ਬਾਣੀ ਕਿਵੇਂ ਪੂਰੀ ਹੋਈ ਸੀ?
9 ਯੇਹੂ ਦੇ ਆਦਮੀਆਂ ਨੇ ਉਸ ਦੇ ਮਸਹ ਕੀਤੇ ਜਾਣ ਦੀ ਉਚਿਤਤਾ ਨੂੰ ਪਛਾਣਿਆ ਅਤੇ ਉਸ ਨੂੰ ਇਸਰਾਏਲ ਦੇ ਨਵੇਂ ਰਾਜੇ ਵਜੋਂ ਐਲਾਨ ਕੀਤਾ। ਨਿਸ਼ਚਿਤ ਕਦਮ ਚੁੱਕ ਕੇ, ਯੇਹੂ ਬਆਲ ਉਪਾਸਨਾ ਦੇ ਧਰਮ-ਤਿਆਗੀ ਮੋਹਰੀਆਂ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਕਰਨ ਲਈ ਯਿਜ਼ਰਏਲ ਨੂੰ ਦੌੜਿਆ। ਯੇਹੂ ਦੇ ਮਾਰੂ ਤੀਰ ਨੂੰ ਅਨੁਭਵ ਕਰਨ ਵਾਲਾ ਪਹਿਲਾ ਵਿਅਕਤੀ ਅਹਾਬ ਦਾ ਪੁੱਤਰ, ਰਾਜਾ ਯੋਰਾਮ ਸੀ। ਉਹ ਯੇਹੂ ਨੂੰ ਇਹ ਪੁੱਛਣ ਲਈ ਸਵਾਰ ਹੋ ਕੇ ਸ਼ਹਿਰ ਤੋਂ ਬਾਹਰ ਗਿਆ ਕਿ ਕੀ ਉਹ ਸ਼ਾਂਤੀ ਵਾਸਤੇ ਆਇਆ ਸੀ। “ਜਦ ਤਾਂਈ ਤੇਰੀ ਮਾਂ ਈਜ਼ਬਲ ਦੀਆਂ ਜ਼ਨਾਕਾਰੀਆਂ ਤੇ ਉਹ ਦੀਆਂ ਜਾਦੂਗਰੀਆਂ ਏਨੀਆਂ ਵਧੀਆਂ ਹੋਈਆਂ ਹੋਣ ਤਦ ਤਾਂਈ ਸ਼ਾਂਤ ਕੇਹੀ?” ਯੇਹੂ ਨੇ ਉੱਤਰ ਦਿੱਤਾ। ਇਹ ਕਹਿ ਕੇ ਯੇਹੂ ਦੇ ਤੀਰ ਨੇ ਯੋਰਾਮ ਦੇ ਦਿਲ ਨੂੰ ਵਿੰਨ੍ਹ ਦਿੱਤਾ।—2 ਰਾਜਿਆਂ 9:22-24.
10 ਈਸ਼ਵਰੀ ਔਰਤਾਂ ਈਜ਼ਬਲ ਵਰਗੀਆਂ ਹੋਣ ਤੋਂ ਜਾਂ ਉਸ ਦੇ ਸੁਭਾਉ ਵਰਗੀਆਂ ਔਰਤਾਂ ਤੋਂ ਪਰਹੇਜ਼ ਕਰਦੀਆਂ ਹਨ। (ਪਰਕਾਸ਼ ਦੀ ਪੋਥੀ 2:18-23) ਜਦ ਤਾਈਂ ਯੇਹੂ ਯਿਜ਼ਰਏਲ ਪੁੱਜਿਆ, ਈਜ਼ਬਲ ਨੇ ਆਪਣੇ ਆਪ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ। ਤਾਕੀ ਵਿੱਚੋਂ ਝਾਕਦੀ ਹੋਈ, ਉਹ ਨੇ ਮਿੱਠੇ-ਮਿੱਠੇ ਲਫ਼ਜ਼ਾਂ ਵਿਚ ਲਪੇਟੀ ਹੋਈ ਇਕ ਧਮਕੀ ਨਾਲ ਯੇਹੂ ਦਾ ਸੁਆਗਤ ਕੀਤਾ। ਯੇਹੂ ਨੇ ਉਹ ਦੇ ਸੇਵਾਦਾਰਾਂ ਨੂੰ ਪੁੱਛਿਆ: “ਮੇਰੇ ਵੱਲ ਕੌਣ ਹੈ? ਕੌਣ?” ਫ਼ੌਰਨ ਹੀ, ਦੋ ਜਾਂ ਤਿੰਨ ਦਰਬਾਰੀ ਅਫ਼ਸਰਾਂ ਨੇ ਹੇਠਾਂ ਝਾਤ ਮਾਰੀ। ਕੀ ਉਹ ਯੇਹੂ ਦੇ ਪੱਖ ਵਿਚ ਸਨ? “ਉਹ ਨੂੰ ਹੇਠਾਂ ਡੇਗ ਦਿਓ,” ਉਸ ਨੇ ਉਕਸਾਇਆ। ਇਸ ਤੇ, ਉਨ੍ਹਾਂ ਨੇ ਨਿਸ਼ਚਿਤ ਤਰ੍ਹਾਂ ਦੁਸ਼ਟ ਈਜ਼ਬਲ ਨੂੰ ਤਾਕੀ ਵਿੱਚੋਂ ਬਾਹਰ ਸੁੱਟ ਦਿੱਤਾ। ਸੰਭਵ ਹੈ ਕਿ ਉਹ ਘੋੜਿਆਂ ਦੇ ਖੁਰਾਂ ਹੇਠ ਮਧੋਲੀ ਗਈ। ਜਦੋਂ ਲੋਕ ਉਹ ਨੂੰ ਦੱਬਣ ਲਈ ਆਏ, ‘ਉਨ੍ਹਾਂ ਨੂੰ ਖੋਪੜੀ ਅਰ ਪੈਰਾਂ ਅਰ ਉਹ ਦੇ ਹੱਥਾਂ ਦੀਆਂ ਹਥੇਲੀਆਂ ਤੋਂ ਬਿਨਾ ਕੁਝ ਭੀ ਨਾ ਮਿਲਿਆ।’ ਏਲੀਯਾਹ ਦੀ ਬਾਣੀ ਦੀ ਕਿੰਨੀ ਪ੍ਰਭਾਵਸ਼ਾਲੀ ਪੂਰਤੀ: “ਕੁੱਤੇ ਈਜ਼ਬਲ ਦਾ ਮਾਸ ਖਾਣਗੇ”!—2 ਰਾਜਿਆਂ 9:30-37.
ਸੱਚੀ ਉਪਾਸਨਾ ਦਾ ਸੁਹਿਰਦ ਸਮਰਥਨ
11. ਯਹੋਨਾਦਾਬ ਕੌਣ ਸੀ, ਅਤੇ ਉਸ ਨੇ ਸੱਚੀ ਉਪਾਸਨਾ ਲਈ ਆਪਣਾ ਸਮਰਥਨ ਕਿਵੇਂ ਦਿਖਾਇਆ?
11 ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਵਾਲਿਆਂ ਅਤੇ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ ਪੂਰੇ ਦਿਲ ਨਾਲ ਸੱਚੀ ਉਪਾਸਨਾ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਯਹੋਨਾਦਾਬ, ਯਾਨੀ ਕਿ ਯੋਨਾਦਾਬ, ਯਹੋਵਾਹ ਦੇ ਇਕ ਗ਼ੈਰ-ਇਸਰਾਏਲੀ ਉਪਾਸਕ ਵਰਗੇ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਯੇਹੂ ਜੋਸ਼ ਨਾਲ ਆਪਣੀ ਕਾਰਜ-ਨਿਯੁਕਤੀ ਪੂਰੀ ਕਰਦਾ ਰਿਹਾ, ਯਹੋਨਾਦਾਬ ਆਪਣੀ ਪ੍ਰਵਾਨਗੀ ਅਤੇ ਸਮਰਥਨ ਦਿਖਾਉਣਾ ਚਾਹੁੰਦਾ ਸੀ। ਇਸ ਲਈ ਉਹ ਇਸਰਾਏਲ ਦੇ ਨਵੇਂ ਰਾਜੇ ਨੂੰ ਮਿਲਣ ਗਿਆ, ਜੋ ਅਹਾਬ ਦੇ ਘਰ ਦੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਖ਼ਤਮ ਕਰਨ ਲਈ ਸਾਮਰਿਯਾ ਜਾ ਰਿਹਾ ਸੀ। ਯਹੋਨਾਦਾਬ ਨੂੰ ਦੇਖ ਕੇ, ਯੇਹੂ ਨੇ ਪੁੱਛਿਆ: “ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ?” ਯਹੋਨਾਦਾਬ ਦੇ ਪ੍ਰਤੱਖ ਉੱਤਰ ਨੇ ਯੇਹੂ ਨੂੰ ਆਪਣਾ ਹੱਥ ਵਧਾ ਕੇ ਯਹੋਨਾਦਾਬ ਨੂੰ ਆਪਣੇ ਜੰਗੀ ਰਥ ਵਿਚ ਆਉਣ ਲਈ ਪ੍ਰੇਰਿਤ ਕੀਤਾ, ਇਹ ਕਹਿੰਦੇ ਹੋਏ: “ਮੇਰੇ ਨਾਲ ਚੱਲ ਤੇ ਯਹੋਵਾਹ ਦੇ ਨਮਿੱਤ ਮੇਰੇ ਜੋਸ਼ ਨੂੰ ਵੇਖ।” ਬਿਨਾਂ ਦੇਰ ਕੀਤੇ, ਯਹੋਨਾਦਾਬ ਨੇ ਯਹੋਵਾਹ ਦੇ ਮਸਹ ਕੀਤੇ ਹੋਏ ਦੰਡਕਾਰ ਲਈ ਆਪਣਾ ਸਮਰਥਨ ਦਿਖਾਉਣ ਦਾ ਵਿਸ਼ੇਸ਼-ਸਨਮਾਨ ਸਵੀਕਾਰ ਕੀਤਾ।—2 ਰਾਜਿਆਂ 10:15-17.
12. ਯਹੋਵਾਹ ਉਚਿਤ ਤੌਰ ਤੇ ਅਣਵੰਡੀ ਭਗਤੀ ਦੀ ਕਿਉਂ ਮੰਗ ਕਰਦਾ ਹੈ?
12 ਸੱਚੀ ਉਪਾਸਨਾ ਦਾ ਸੁਹਿਰਦ ਸਮਰਥਨ ਯਕੀਨਨ ਢੁਕਵਾਂ ਹੈ, ਕਿਉਂਕਿ ਯਹੋਵਾਹ ਸ੍ਰਿਸ਼ਟੀਕਰਤਾ ਅਤੇ ਵਿਸ਼ਵ ਸਰਬਸੱਤਾਵਾਨ ਹੈ, ਜੋ ਉਚਿਤ ਤੌਰ ਤੇ ਸਾਡੀ ਅਣਵੰਡੀ ਭਗਤੀ ਮੰਗਦਾ ਹੈ ਅਤੇ ਉਸ ਦੇ ਯੋਗ ਹੈ। ਉਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ: “ਤੁੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ [“ਅਣਵੰਡੀ ਭਗਤੀ ਦੀ ਮੰਗ ਕਰਨ,” ਨਿ ਵ] ਵਾਲਾ ਪਰਮੇਸ਼ੁਰ ਹਾਂ।” (ਕੂਚ 20:4, 5) ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖਣ ਵਾਲਿਆਂ ਨੂੰ ਸਿਰਫ਼ ਉਸ ਦੀ ਹੀ ਉਪਾਸਨਾ ਕਰਨੀ ਚਾਹੀਦੀ ਹੈ, ਅਤੇ ਇਹ “ਆਤਮਾ ਅਤੇ ਸਚਿਆਈ ਨਾਲ” ਕੀਤੀ ਜਾਣੀ ਚਾਹੀਦੀ ਹੈ। (ਯੂਹੰਨਾ 4:23, 24) ਉਨ੍ਹਾਂ ਨੂੰ ਏਲੀਯਾਹ, ਅਲੀਸ਼ਾ, ਅਤੇ ਯਹੋਨਾਦਾਬ ਵਾਂਗ, ਸੱਚੀ ਉਪਾਸਨਾ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ।
13. ਜਿਵੇਂ ਯਹੋਨਾਦਾਬ ਦਾ ਮਨ ਯੇਹੂ ਦੇ ਨਾਲ ਸੀ, ਕੌਣ ਮਸੀਹਾਈ ਰਾਜੇ ਨੂੰ ਸਵੀਕਾਰ ਕਰਦੇ ਹਨ, ਅਤੇ ਉਹ ਇਹ ਕਿਵੇਂ ਦਿਖਾਉਂਦੇ ਹਨ?
13 ਅਹਾਬ ਦੇ ਘਰਾਣੇ ਨੂੰ ਖ਼ਤਮ ਕਰਨ ਤੋਂ ਬਾਅਦ, ਯੇਹੂ ਨੇ ਬਆਲ ਦੇ ਉਪਾਸਕਾਂ ਦੀ ਸ਼ਨਾਖਤ ਕਰਨ ਲਈ ਅਤੇ ਇਸਰਾਏਲ ਵਿੱਚੋਂ ਇਸ ਝੂਠੇ ਧਰਮ ਨੂੰ ਮਿਟਾਉਣ ਲਈ ਹੋਰ ਕਦਮ ਚੁੱਕੇ। (2 ਰਾਜਿਆਂ 10:18-28) ਅੱਜ, ਸਵਰਗੀ ਰਾਜਾ ਯਿਸੂ ਮਸੀਹ, ਯਹੋਵਾਹ ਦੇ ਵੈਰੀਆਂ ਨੂੰ ਖ਼ਤਮ ਕਰਨ ਲਈ ਅਤੇ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਜਿਵੇਂ ਯਹੋਨਾਦਾਬ ਦਾ ਮਨ ਯੇਹੂ ਦੇ ਨਾਲ ਸੀ, ਅੱਜ ਯਿਸੂ ਦੀਆਂ ‘ਹੋਰ ਭੇਡਾਂ’ ਦੀ “ਵੱਡੀ ਭੀੜ” ਪੂਰੇ ਮਨ ਨਾਲ ਮਸੀਹ ਨੂੰ ਮਸੀਹਾਈ ਰਾਜੇ ਵਜੋਂ ਸਵੀਕਾਰ ਕਰਦੀ ਹੈ ਅਤੇ ਧਰਤੀ ਉੱਤੇ ਉਸ ਦੇ ਅਧਿਆਤਮਿਕ ਭਰਾਵਾਂ ਨੂੰ ਸਹਿਯੋਗ ਦਿੰਦੀ ਹੈ। (ਪਰਕਾਸ਼ ਦੀ ਪੋਥੀ 7:9, 10; ਯੂਹੰਨਾ 10:16) ਉਹ ਇਸ ਦਾ ਸਬੂਤ ਸੱਚੇ ਧਰਮ ਦੇ ਅਭਿਆਸ ਕਰਨ ਅਤੇ ਪਰਮੇਸ਼ੁਰ ਦੇ ਵੈਰੀਆਂ ਨੂੰ ਤੇਜ਼ੀ ਨਾਲ ਨੇੜੇ ਆ ਰਹੇ ‘ਯਹੋਵਾਹ ਦੇ ਦਿਨ’ ਬਾਰੇ ਚੇਤਾਵਨੀ ਦਿੰਦੇ ਹੋਏ, ਮਸੀਹੀ ਸੇਵਕਾਈ ਵਿਚ ਜੋਸ਼ੀਲਾ ਹਿੱਸਾ ਲੈਣ ਦੁਆਰਾ ਦਿੰਦੇ ਹਨ।—ਮੱਤੀ 10:32, 33; ਰੋਮੀਆਂ 10:9, 10.
ਪ੍ਰਭਾਵਸ਼ਾਲੀ ਘਟਨਾਵਾਂ ਬਹੁਤ ਨੇੜੇ ਹਨ!
14. ਝੂਠੇ ਧਰਮ ਲਈ ਕੀ ਨੇੜੇ ਹੈ?
14 ਯੇਹੂ ਨੇ ਇਸਰਾਏਲ ਵਿੱਚੋਂ ਬਆਲ ਉਪਾਸਨਾ ਖ਼ਤਮ ਕਰਨ ਲਈ ਕਾਰਵਾਈ ਕੀਤੀ ਸੀ। ਸਾਡੇ ਸਮੇਂ ਵਿਚ, ਵੱਡੇ ਯੇਹੂ, ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵੱਡੀ ਬਾਬੁਲ, ਅਥਵਾ ਝੂਠੇ ਧਰਮ ਦਾ ਵਿਸ਼ਵ ਸਾਮਰਾਜ, ਦਾ ਵਿਨਾਸ਼ ਲਿਆਵੇਗਾ। ਅਸੀਂ ਜਲਦੀ ਹੀ ਯੂਹੰਨਾ ਰਸੂਲ ਨੂੰ ਕਹੇ ਗਏ ਦੂਤ ਦੇ ਸ਼ਬਦਾਂ ਦੀ ਪੂਰਤੀ ਦੇਖਾਂਗੇ: “ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ [ਵੱਡੀ ਬਾਬੁਲ] ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ। ਕਿਉਂ ਜੋ ਪਰਮੇਸ਼ੁਰ ਨੇ ਓਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਓਸ ਦੀ ਮਨਸ਼ਾ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਓਸ ਦਰਿੰਦੇ ਨੂੰ ਦੇਣ ਜਿੰਨਾ ਚਿਰ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਲੈਣ।” (ਪਰਕਾਸ਼ ਦੀ ਪੋਥੀ 17:16, 17; 18:2-5) “ਦਸ ਸਿੰਙ,” ਧਰਤੀ ਉੱਤੇ ਰਾਜ ਕਰਨ ਵਾਲੀਆਂ ਸੈਨਕੀਕ੍ਰਿਤ ਰਾਜਨੀਤਿਕ ਸ਼ਕਤੀਆਂ ਨੂੰ ਚਿੱਤ੍ਰਿਤ ਕਰਦੇ ਹਨ। ਭਾਵੇਂ ਉਹ ਵੱਡੀ ਬਾਬੁਲ ਨਾਲ ਹੁਣ ਅਧਿਆਤਮਿਕ ਤੌਰ ਤੇ ਵਿਭਚਾਰੀ ਸੰਬੰਧ ਰੱਖਦੇ ਹਨ, ਉਹ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ। ਇਸ ਸੰਸਾਰ ਦੀਆਂ ਰਾਜਨੀਤਿਕ ਸ਼ਕਤੀਆਂ ਝੂਠੇ ਧਰਮ ਨੂੰ ਨਾਸ਼ ਕਰਨਗੀਆਂ, ਅਤੇ “ਦਰਿੰਦਾ”—ਸੰਯੁਕਤ ਰਾਸ਼ਟਰ-ਸੰਘ—ਉਸ ਨੂੰ ਤਬਾਹ ਕਰਨ ਵਿਚ ‘ਦਸਾਂ ਸਿੰਙਾਂ’ ਦੇ ਨਾਲ ਮੁੱਖ ਹਿੱਸਾ ਲਵੇਗਾ।b ਯਹੋਵਾਹ ਦੀ ਉਸਤਤ ਕਰਨ ਦਾ ਇਹ ਕਿੰਨਾ ਹੀ ਚੰਗਾ ਅਵਸਰ ਹੈ!—ਪਰਕਾਸ਼ ਦੀ ਪੋਥੀ 19:1-6.
15. ਜਦੋਂ ਪਰਮੇਸ਼ੁਰ ਦੇ ਪਾਰਥਿਵ ਸੰਗਠਨ ਨੂੰ ਤਬਾਹ ਕਰਨ ਦਾ ਜਤਨ ਕੀਤਾ ਜਾਵੇਗਾ ਉਦੋਂ ਕੀ ਹੋਵੇਗਾ?
15 ਬਆਲ ਉਪਾਸਨਾ ਵਿਰੁੱਧ ਰਾਜਾ ਯੇਹੂ ਦੇ ਡਾਢੇ ਹਮਲੇ ਤੋਂ ਬਾਅਦ, ਉਸ ਦੇ ਸ਼ਾਹੀ ਘਰਾਣੇ ਨੇ ਇਸਰਾਏਲ ਦੇ ਰਾਜਨੀਤਿਕ ਵੈਰੀਆਂ ਵੱਲ ਧਿਆਨ ਦਿੱਤਾ। ਰਾਜਾ ਯਿਸੂ ਮਸੀਹ ਇਸੇ ਸਮਾਨ ਕਾਰਵਾਈ ਕਰੇਗਾ। ਬਆਲ-ਸਮਾਨ ਝੂਠੇ ਧਰਮ ਦੇ ਵਿਨਾਸ਼ ਤੋਂ ਬਾਅਦ ਰਾਜਨੀਤਿਕ ਸ਼ਕਤੀਆਂ ਰਹਿ ਜਾਣਗੀਆਂ। ਯਹੋਵਾਹ ਦੀ ਸਰਬਸੱਤਾ ਦੇ ਇਹ ਵੈਰੀ, ਸ਼ਤਾਨ ਅਰਥਾਤ ਇਬਲੀਸ ਦੇ ਪ੍ਰਭਾਵ ਅਧੀਨ, ਪਰਮੇਸ਼ੁਰ ਦੇ ਪਾਰਥਿਵ ਸੰਗਠਨ ਨੂੰ ਨਸ਼ਟ ਕਰਨ ਦੇ ਜਤਨ ਵਿਚ ਸਿਰਤੋੜ ਹਮਲਾ ਕਰਨਗੇ। (ਹਿਜ਼ਕੀਏਲ 38:14-16) ਪਰ ਯਹੋਵਾਹ, ਰਾਜਾ ਯਿਸੂ ਮਸੀਹ ਰਾਹੀਂ ਹਰਮਗਿੱਦੋਨ, ਅਥਵਾ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ,” ਤੇ ਉਨ੍ਹਾਂ ਨੂੰ ਮਾਰ ਸੁੱਟ ਕੇ ਤਬਾਹ ਕਰੇਗਾ, ਇਸ ਤਰ੍ਹਾਂ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਪੂਰਾ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 16:14, 16; 19:11-21; ਹਿਜ਼ਕੀਏਲ 38:18-23.
ਅਲੀਸ਼ਾ ਵਰਗੇ ਜੋਸ਼ ਨਾਲ ਸੇਵਾ ਕਰਨੀ
16, 17. (ਉ) ਸਾਨੂੰ ਕਿਵੇਂ ਪਤਾ ਹੈ ਕਿ ਅਲੀਸ਼ਾ ਆਪਣੇ ਜੀਵਨ ਦੇ ਅੰਤ ਤਕ ਜੋਸ਼ੀਲਾ ਰਿਹਾ ਸੀ? (ਅ) ਸਾਨੂੰ ਸੱਚਾਈ ਦੇ ਤੀਰਾਂ ਨਾਲ ਕੀ ਕਰਨਾ ਚਾਹੀਦਾ ਹੈ?
16 ਜਦ ਤਕ ‘ਯਹੋਵਾਹ ਦਾ ਦਿਨ’ ਸ਼ਤਾਨ ਦੀ ਸਾਰੀ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਨਾ ਲਿਆਵੇਗਾ, ਪਰਮੇਸ਼ੁਰ ਦੇ ਸੇਵਕ ਅਲੀਸ਼ਾ ਜਿੰਨੇ ਦਲੇਰ ਅਤੇ ਜੋਸ਼ੀਲੇ ਹੋਣਗੇ। ਏਲੀਯਾਹ ਦੇ ਸੇਵਾਦਾਰ ਵਜੋਂ ਕੰਮ ਕਰਨ ਤੋਂ ਇਲਾਵਾ, ਅਲੀਸ਼ਾ ਨੇ ਯਹੋਵਾਹ ਦੇ ਨਬੀ ਦੇ ਤੌਰ ਤੇ ਇਕੱਲਿਆ ਹੀ 50 ਤੋਂ ਵੱਧ ਸਾਲ ਸੇਵਾ ਕੀਤੀ ਸੀ! ਅਤੇ ਅਲੀਸ਼ਾ ਆਪਣੇ ਲੰਬੇ ਜੀਵਨ ਦੇ ਅੰਤ ਤਕ ਜੋਸ਼ੀਲਾ ਰਿਹਾ ਸੀ। ਉਸ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਯੇਹੂ ਦਾ ਪੋਤਾ, ਰਾਜਾ ਯੋਆਸ਼ ਉਹ ਨੂੰ ਮਿਲਣ ਲਈ ਆਇਆ ਸੀ। ਅਲੀਸ਼ਾ ਨੇ ਉਸ ਨੂੰ ਤਾਕੀ ਰਾਹੀਂ ਇਕ ਤੀਰ ਮਾਰਨ ਲਈ ਆਖਿਆ। ਉਹ ਤੀਰ ਤੇਜ਼ੀ ਨਾਲ ਆਪਣੇ ਨਿਸ਼ਾਨੇ ਤੇ ਜਾ ਲੱਗਾ, ਅਤੇ ਅਲੀਸ਼ਾ ਬੋਲਿਆ: “ਯਹੋਵਾਹ ਵੱਲੋਂ ਫਤਹ ਦਾ ਬਾਣ ਸਗੋਂ ਅਰਾਮ ਉੱਤੇ ਫਤਹ ਦਾ ਬਾਣ ਹੈ ਕਿਉਂ ਜੋ ਤੂੰ ਅਫੇਕ ਵਿੱਚ ਅਰਾਮ ਨੂੰ ਐਥੋਂ ਤਾਈਂ ਮਾਰੇਂਗਾ ਭਈ ਉਹ ਦਾ ਨਾਸ ਹੋ ਜਾਵੇਗਾ।” ਫਿਰ ਅਲੀਸ਼ਾ ਦੀ ਫਰਮਾਇਸ਼ ਤੇ, ਯੋਆਸ਼ ਨੇ ਧਰਤੀ ਉੱਤੇ ਆਪਣੇ ਤੀਰ ਮਾਰੇ। ਪਰ ਉਸ ਨੇ ਇਹ ਤੀਰ ਬਿਨਾਂ ਜੋਸ਼ ਨਾਲੇ ਸਿਰਫ਼ ਤਿੰਨ ਵਾਰੀ ਹੀ ਮਾਰੇ। ਇਸ ਦੇ ਨਤੀਜੇ ਵਜੋਂ, ਫਿਰ ਅਲੀਸ਼ਾ ਨੇ ਕਿਹਾ ਕਿ ਯੋਆਸ਼ ਨੂੰ ਸੁਰਿਯਾ ਉੱਤੇ ਸਿਰਫ਼ ਤਿੰਨ ਜਿੱਤਾਂ ਦਿੱਤੀਆਂ ਜਾਣਗੀਆਂ, ਅਤੇ ਇਸੇ ਤਰ੍ਹਾਂ ਹੀ ਹੋਇਆ। (2 ਰਾਜਿਆਂ 13:14-19, 25) ਰਾਜਾ ਯੋਆਸ਼ ਨੇ ਸੁਰਿਯਾਨੀਆਂ ਨੂੰ ਪੂਰੀ ਤਰ੍ਹਾਂ ‘ਨਾਸ ਹੋ ਜਾਣ’ ਤਕ ਨਹੀਂ ਸੀ ਖ਼ਤਮ ਕੀਤਾ।
17 ਫਿਰ ਵੀ, ਮਸਹ ਕੀਤਾ ਹੋਇਆ ਬਕੀਆ, ਅਲੀਸ਼ਾ ਵਰਗੇ ਜੋਸ਼ ਨਾਲ ਝੂਠੀ ਉਪਾਸਨਾ ਦੇ ਵਿਰੁੱਧ ਹਮਲਾ ਜਾਰੀ ਰੱਖਦਾ ਹੈ। ਪਾਰਥਿਵ ਉਮੀਦਾਂ ਰੱਖਣ ਵਾਲੇ ਉਨ੍ਹਾਂ ਦੇ ਸਾਥੀ ਵੀ ਉਸੇ ਤਰ੍ਹਾਂ ਕਰਦੇ ਹਨ। ਇਸ ਦੇ ਇਲਾਵਾ, ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖਣ ਵਾਲਿਆਂ ਲਈ, ਧਰਤੀ ਉੱਤੇ ਤੀਰ ਮਾਰਨ ਬਾਰੇ ਜੋਸ਼ੀਲੇ ਅਲੀਸ਼ਾ ਦੇ ਸ਼ਬਦ ਯਾਦ ਰੱਖਣੇ ਵਧੀਆ ਹੋਣਗੇ। ਆਓ ਅਸੀਂ ਸੱਚਾਈ ਦੇ ਤੀਰ ਲਈਏ ਅਤੇ ਜੋਸ਼ ਨਾਲ ਉਨ੍ਹਾਂ ਨੂੰ—ਵਾਰ-ਵਾਰ—ਮਾਰੀਏ, ਜੀ ਹਾਂ, ਜਦ ਤਕ ਯਹੋਵਾਹ ਨਾ ਕਹੇ ਕਿ ਉਨ੍ਹਾਂ ਦੇ ਨਾਲ ਸਾਡਾ ਕੰਮ ਪੂਰਾ ਹੋ ਚੁੱਕਾ ਹੈ।
18. ਦੂਜੇ ਪਤਰਸ 3:11, 12 ਦੇ ਸ਼ਬਦਾਂ ਅਨੁਸਾਰ ਸਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?
18 ‘ਯਹੋਵਾਹ ਦਾ ਦਿਨ’ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਜਲਦੀ ਹੀ ਲਿਆਵੇਗਾ। ਇਸ ਲਈ, ਆਓ ਅਸੀਂ ਆਪਣੇ ਆਪ ਨੂੰ ਪਤਰਸ ਰਸੂਲ ਦੇ ਉਤਸ਼ਾਹਜਨਕ ਸ਼ਬਦਾਂ ਦੁਆਰਾ ਪ੍ਰੇਰਿਤ ਹੋਣ ਦੇਈਏ। “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ,” ਪਤਰਸ ਨੇ ਕਿਹਾ, “ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ [ਯਹੋਵਾਹ] ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤਰਸ 3:11, 12) ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀ ਗਈ ਪਰਮੇਸ਼ੁਰ ਦੇ ਕ੍ਰੋਧ ਦੀ ਅੱਗ ਦੁਆਰਾ, ਜਦੋਂ ਇਸ ਵਿਵਸਥਾ ਦੇ ਸਾਰੇ ਹਿੱਸੇ ਢਲ ਜਾਣਗੇ, ਉਦੋਂ ਕੇਵਲ ਨੇਕ ਆਚਰਣ ਅਤੇ ਈਸ਼ਵਰੀ ਭਗਤੀ ਵਾਲੇ ਬਚ ਨਿਕਲਣਗੇ। ਨੈਤਿਕ ਅਤੇ ਅਧਿਆਤਮਿਕ ਸ਼ੁੱਧਤਾ ਆਵੱਸ਼ਕ ਹੈ। ਅਤੇ ਸੰਗੀ ਮਾਨਵਾਂ ਲਈ ਪ੍ਰੇਮ ਵੀ ਆਵੱਸ਼ਕ ਹੈ, ਜੋ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੁਆਰਾ, ਖ਼ਾਸ ਕਰ ਕੇ ਅਧਿਆਤਮਿਕ ਤੌਰ ਤੇ ਸਾਡੀ ਮਸੀਹੀ ਸੇਵਕਾਈ ਪੂਰੀ ਕਰਨ ਰਾਹੀਂ ਦਿਖਾਇਆ ਜਾਂਦਾ ਹੈ।
19. ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਕੀ ਤੁਸੀਂ ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਪਰਮੇਸ਼ੁਰ ਦੇ ਇਕ ਵਫ਼ਾਦਾਰ ਅਤੇ ਜੋਸ਼ੀਲੇ ਸੇਵਕ ਵਜੋਂ ਪਛਾਣੇ ਜਾਂਦੇ ਹੋ? ਜੇਕਰ ਹਾਂ, ਤਾਂ ਤੁਸੀਂ ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਕੇ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਜਾਣ ਦੀ ਉਮੀਦ ਰੱਖ ਸਕਦੇ ਹੋ। ਜੀ ਹਾਂ, ਬਚਾਉ ਤੁਹਾਡਾ ਅਨੁਭਵ ਹੋ ਸਕਦਾ ਹੈ ਜੇਕਰ ਤੁਸੀਂ ਮਸੀਹ ਦੇ ਅਧਿਆਤਮਿਕ ਭਰਾਵਾਂ ਨਾਲ ਚੰਗਾ ਕਰੋ ਕਿਉਂਕਿ ਉਹ ਉਸ ਦੇ ਪੈਰੋਕਾਰ ਹਨ, ਜਿਵੇਂ ਸ਼ੂਨੰਮੀ ਜੋੜੇ ਨੇ ਅਲੀਸ਼ਾ ਪ੍ਰਤੀ ਪਰਾਹੁਣਚਾਰੀ ਦਿਖਾਈ ਸੀ। ਬਚਾਉ ਲਈ ਤੁਹਾਨੂੰ ਨਅਮਾਨ ਵਾਂਗ ਵੀ ਹੋਣਾ ਚਾਹੀਦਾ ਹੈ, ਜਿਸ ਨੇ ਨਿਮਰਤਾ ਨਾਲ ਈਸ਼ਵਰੀ ਹਿਦਾਇਤ ਸਵੀਕਾਰ ਕੀਤੀ ਅਤੇ ਯਹੋਵਾਹ ਦਾ ਇਕ ਉਪਾਸਕ ਬਣਿਆ। ਜੇਕਰ ਤੁਸੀਂ ਪਾਰਥਿਵ ਪਰਾਦੀਸ ਵਿਚ ਸਦਾ ਲਈ ਜੀਉਣ ਦੀ ਤਾਂਘ ਰੱਖਦੇ ਹੋ, ਤਾਂ ਤੁਹਾਨੂੰ ਸੱਚੀ ਉਪਾਸਨਾ ਲਈ ਸੁਹਿਰਦ ਸਮਰਥਨ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ, ਜਿਵੇਂ ਯਹੋਨਾਦਾਬ ਨੇ ਕੀਤਾ ਸੀ। ਫਿਰ ਤੁਸੀਂ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੇ ਸੰਗ ਹੋ ਸਕਦੇ ਹੋ, ਜੋ ਜਲਦੀ ਹੀ ਯਿਸੂ ਦੇ ਸ਼ਬਦਾਂ ਦੀ ਪੂਰਤੀ ਅਨੁਭਵ ਕਰਨਗੇ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।”—ਮੱਤੀ 25:34.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ “ਤੇਰਾ ਨਾਮ ਪਾਕ ਮੰਨਿਆ ਜਾਵੇ” (ਅੰਗ੍ਰੇਜ਼ੀ) ਦੇ ਅਧਿਆਇ 18 ਅਤੇ 19 ਦੇਖੋ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ ਸਫ਼ੇ 254-6 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ‘ਯਹੋਵਾਹ ਦੇ ਦਿਨ’ ਵਿੱਚੋਂ ਬਚ ਨਿਕਲਣ ਲਈ ਕਿਹੜੇ ਕੁਝ ਗੁਣ ਜ਼ਰੂਰੀ ਹਨ?
◻ ਅਲੀਸ਼ਾ ਦੇ ਸਮੇਂ ਵਿਚ ਸ਼ੂਨੰਮੀ ਜੋੜੇ ਨੇ ਕਿਹੜੀ ਉਦਾਹਰਣ ਕਾਇਮ ਕੀਤੀ ਸੀ?
◻ ਨਅਮਾਨ ਤੋਂ ਕਿਹੜਾ ਸਬਕ ਸਿੱਖਿਆ ਜਾ ਸਕਦਾ ਹੈ?
◻ ਅਸੀਂ ਯਹੋਨਾਦਾਬ ਦੀ ਉਦਾਹਰਣ ਦੀ ਪੈਰਵੀ ਕਿਵੇਂ ਕਰ ਸਕਦੇ ਹਾਂ?
◻ ਸਾਡੇ ਉੱਤੇ 2 ਪਤਰਸ 3:11, 12 ਨੂੰ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਣਾ ਚਾਹੀਦਾ ਹੈ?