ਛੱਬ੍ਹੀਵਾਂ ਅਧਿਆਇ
“ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ”
1. ਪਤਰਸ ਰਸੂਲ ਨੇ ਦਿਲਾਸਾ ਦੇਣ ਵਾਲੇ ਕਿਹੜੇ ਸ਼ਬਦ ਲਿਖੇ ਸਨ, ਅਤੇ ਕਿਹੜਾ ਸਵਾਲ ਪੈਦਾ ਹੁੰਦਾ ਹੈ?
ਕੀ ਅਸੀਂ ਬੇਇਨਸਾਫ਼ੀ ਅਤੇ ਦੁੱਖ-ਤਕਲੀਫ਼ ਦਾ ਅੰਤ ਕਦੀ ਦੇਖਾਂਗੇ? ਅੱਜ ਤੋਂ ਕੁਝ 1,900 ਸਾਲ ਪਹਿਲਾਂ ਪਤਰਸ ਰਸੂਲ ਨੇ ਦਿਲਾਸਾ ਦੇਣ ਵਾਲੇ ਇਹ ਸ਼ਬਦ ਲਿਖੇ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਸਦੀਆਂ ਦੌਰਾਨ ਪਰਮੇਸ਼ੁਰ ਦੇ ਹੋਰਨਾਂ ਵਫ਼ਾਦਾਰ ਸੇਵਕਾਂ ਵਾਂਗ ਪਤਰਸ ਨੇ ਉਸ ਵੱਡੇ ਦਿਨ ਦੀ ਉਡੀਕ ਕੀਤੀ ਸੀ ਜਦੋਂ ਕੁਧਰਮ, ਜ਼ੁਲਮ, ਅਤੇ ਹਿੰਸਾ ਦਾ ਅੰਤ ਹੋਵੇਗਾ ਅਤੇ ਧਾਰਮਿਕਤਾ ਰਾਜ ਕਰੇਗੀ। ਕੀ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਵਾਅਦਾ ਪੂਰਾ ਹੋਵੇਗਾ?
2. ਕਿਸ ਨਬੀ ਨੇ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਬਾਰੇ ਗੱਲ ਕੀਤੀ ਸੀ, ਅਤੇ ਉਸ ਪੁਰਾਣੀ ਭਵਿੱਖਬਾਣੀ ਦੀਆਂ ਕਿਹੜੀਆਂ ਪੂਰਤੀਆਂ ਹਨ?
2 ਜੀ ਹਾਂ, ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਇਹ ਵਾਅਦਾ ਪੂਰਾ ਹੋਵੇਗਾ! “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਬਾਰੇ ਪਤਰਸ ਦੀ ਗੱਲ ਕੋਈ ਨਵਾਂ ਵਿਚਾਰ ਨਹੀਂ ਸੀ। ਕੁਝ 800 ਸਾਲ ਪਹਿਲਾਂ ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਅਜਿਹੇ ਸ਼ਬਦ ਕਹੇ ਸਨ। ਇਸ ਵਾਅਦੇ ਦੀ ਪਹਿਲੀ ਪੂਰਤੀ 537 ਸਾ.ਯੁ.ਪੂ. ਵਿਚ ਹੋਈ ਸੀ ਜਦੋਂ ਯਹੂਦੀ ਆਪਣੇ ਵਤਨ ਵਾਪਸ ਮੁੜਨ ਵਾਸਤੇ ਬਾਬਲ ਦੀ ਗ਼ੁਲਾਮੀ ਤੋਂ ਛੁਡਾਏ ਗਏ ਸਨ। ਪਰ ਯਸਾਯਾਹ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਅੱਜ ਹੋ ਰਹੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਇਸ ਦੀ ਹੋਰ ਵੀ ਸ਼ਾਨਦਾਰ ਪੂਰਤੀ ਦੀ ਉਡੀਕ ਕਰਦੇ ਹਾਂ। ਯਸਾਯਾਹ ਦੀ ਇਹ ਭਵਿੱਖਬਾਣੀ ਸਾਡੇ ਦਿਲਾਂ ਨੂੰ ਖ਼ੁਸ਼ ਕਰਦੀ ਹੈ। ਇਸ ਵਿਚ ਉਨ੍ਹਾਂ ਬਰਕਤਾਂ ਬਾਰੇ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਮਿਲਣਗੀਆਂ।
ਯਹੋਵਾਹ ਨੇ “ਇੱਕ ਆਕੀ ਪਰਜਾ” ਦੀ ਬੇਨਤੀ ਕੀਤੀ
3. ਯਸਾਯਾਹ ਦੇ 65ਵੇਂ ਅਧਿਆਇ ਵਿਚ ਸਾਨੂੰ ਕਿਹੜੇ ਸਵਾਲ ਦਾ ਜਵਾਬ ਮਿਲਦਾ ਹੈ?
3 ਯਾਦ ਕਰੋ ਕਿ ਯਸਾਯਾਹ 63:15–64:12 ਦੀ ਭਵਿੱਖਬਾਣੀ ਵਿਚ ਯਸਾਯਾਹ ਦੀ ਉਹ ਪ੍ਰਾਰਥਨਾ ਹੈ ਜੋ ਉਸ ਨੇ ਬਾਬਲ ਵਿਚ ਯਹੂਦੀ ਗ਼ੁਲਾਮਾਂ ਦੇ ਲਈ ਕੀਤੀ ਸੀ। ਯਸਾਯਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਈ ਯਹੂਦੀ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਨਹੀਂ ਕਰ ਰਹੇ ਸਨ, ਪਰ ਕਈ ਤੋਬਾ ਕਰ ਕੇ ਉਸ ਵੱਲ ਮੁੜੇ ਸਨ। ਕੀ ਉਸ ਪਛਤਾਵਾ ਕਰਨ ਵਾਲੇ ਬਕੀਏ ਦੀ ਖ਼ਾਤਰ ਯਹੋਵਾਹ ਨੇ ਕੌਮ ਨੂੰ ਮੁੜ ਬਹਾਲ ਕਰਨਾ ਸੀ? ਸਾਨੂੰ ਇਸ ਦਾ ਜਵਾਬ ਯਸਾਯਾਹ ਦੇ 65ਵੇਂ ਅਧਿਆਇ ਵਿਚ ਮਿਲਦਾ ਹੈ। ਪਰ ਉਨ੍ਹਾਂ ਥੋੜ੍ਹੇ ਜਿਹੇ ਵਫ਼ਾਦਾਰ ਯਹੂਦੀਆਂ ਨੂੰ ਬਚਾਉਣ ਦਾ ਵਾਅਦਾ ਕਰਨ ਤੋਂ ਪਹਿਲਾਂ, ਯਹੋਵਾਹ ਨੇ ਉਨ੍ਹਾਂ ਲੋਕਾਂ ਦੀ ਸਜ਼ਾ ਬਾਰੇ ਦੱਸਿਆ ਜਿਨ੍ਹਾਂ ਨੇ ਨਿਹਚਾ ਨਹੀਂ ਕੀਤੀ ਸੀ।
4. (ੳ) ਯਹੋਵਾਹ ਦੇ ਬਾਗ਼ੀ ਲੋਕਾਂ ਦੇ ਉਲਟ ਯਹੋਵਾਹ ਨੂੰ ਕੌਣ ਭਾਲਣਗੇ? (ਅ) ਪੌਲੁਸ ਰਸੂਲ ਨੇ ਯਸਾਯਾਹ 65:1, 2 ਨੂੰ ਕਿਵੇਂ ਲਾਗੂ ਕੀਤਾ ਸੀ?
4 ਯਹੋਵਾਹ ਨੇ ਆਪਣੇ ਬਾਗ਼ੀ ਲੋਕਾਂ ਨੂੰ ਬਹੁਤ ਚਿਰ ਤੋਂ ਬਰਦਾਸ਼ਤ ਕੀਤਾ ਸੀ। ਲੇਕਿਨ ਉਹ ਸਮਾਂ ਆਇਆ ਜਦੋਂ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਹੋਰਨਾਂ ਉੱਤੇ ਕਿਰਪਾ ਕੀਤੀ ਸੀ। ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਓਹਨਾਂ ਤੋਂ ਜੋ ਮੈਥੋਂ ਪੁੱਛਦੇ ਨਹੀਂ, ਮੈਂ ਆਪ ਨੂੰ ਭਾਲਣ ਦਿੱਤਾ, ਓਹਨਾਂ ਤੋਂ ਜੋ ਮੈਨੂੰ ਢੂੰਡਦੇ ਨਹੀਂ ਮੈਂ ਆਪ ਨੂੰ ਲੱਭਣ ਦਿੱਤਾ, ਮੈਂ ਆਖਿਆ, ‘ਮੈਂ ਹੈਗਾ, ਮੈਂ ਹੈਗਾ ਹਾਂ’, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ।” (ਯਸਾਯਾਹ 65:1) ਯਹੋਵਾਹ ਦੇ ਨੇਮ-ਬੱਧ ਲੋਕਾਂ ਬਾਰੇ ਇਹ ਕਿੰਨੀ ਬੁਰੀ ਗੱਲ ਸੀ ਕਿ ਹੋਰਨਾਂ ਕੌਮਾਂ ਦੇ ਲੋਕ ਯਹੋਵਾਹ ਕੋਲ ਆਉਣਗੇ ਪਰ ਯਹੂਦਾਹ ਦੀ ਜ਼ਿੱਦੀ ਕੌਮ ਨਹੀਂ ਆਵੇਗੀ। ਯਸਾਯਾਹ ਤੋਂ ਇਲਾਵਾ ਹੋਰਨਾਂ ਨਬੀਆਂ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ ਅਖ਼ੀਰ ਵਿਚ ਪਰਮੇਸ਼ੁਰ ਅਜਿਹੇ ਲੋਕ ਚੁਣੇਗਾ ਜੋ ਪਹਿਲਾਂ ਉਸ ਨੂੰ ਜਾਣਦੇ ਨਹੀਂ ਸਨ। (ਹੋਸ਼ੇਆ 1:10; 2:23) ਪੌਲੁਸ ਰਸੂਲ ਨੇ ਬਾਈਬਲ ਦੇ ਸੈਪਟੁਜਿੰਟ ਤਰਜਮੇ ਤੋਂ ਯਸਾਯਾਹ 65:1, 2 ਦਾ ਹਵਾਲਾ ਦੇ ਕੇ ਸਾਬਤ ਕੀਤਾ ਸੀ ਕਿ ਪਰਾਈਆਂ ਕੌਮਾਂ ਦੇ ਲੋਕ “ਉਸ ਧਰਮ ਨੂੰ ਜਿਹੜਾ ਨਿਹਚਾ ਤੋਂ ਹੁੰਦਾ ਹੈ” ਪ੍ਰਾਪਤ ਕਰਨਗੇ ਭਾਵੇਂ ਕਿ ਪੈਦਾਇਸ਼ੀ ਯਹੂਦੀਆਂ ਨੇ ਧਰਮ ਦਾ ਪਿੱਛਾ ਨਹੀਂ ਕੀਤਾ ਸੀ।—ਰੋਮੀਆਂ 9:30; 10:20, 21.
5, 6. (ੳ) ਯਹੋਵਾਹ ਕੀ ਚਾਹੁੰਦਾ ਸੀ, ਪਰ ਉਸ ਦੇ ਲੋਕਾਂ ਨੇ ਕੀ ਕੀਤਾ ਸੀ? (ਅ) ਅਸੀਂ ਯਹੂਦਾਹ ਨਾਲ ਯਹੋਵਾਹ ਦੇ ਵਰਤਾਉ ਤੋਂ ਕੀ ਸਿੱਖ ਸਕਦੇ ਹਾਂ?
5 ਯਹੋਵਾਹ ਨੇ ਆਪਣੇ ਹੀ ਲੋਕਾਂ ਨੂੰ ਦੁੱਖ ਕਿਉਂ ਝੱਲਣ ਦਿੱਤੇ ਸਨ? ਉਹ ਦੱਸਦਾ ਹੈ: “ਮੈਂ ਸਾਰਾ ਦਿਨ ਆਪਣੇ ਹੱਥਾਂ ਨੂੰ ਇੱਕ ਆਕੀ ਪਰਜਾ ਲਈ ਪਸਾਰਿਆ ਹੈ, ਜਿਹ ਦੇ ਲੋਕ ਬੁਰੇ ਰਾਹ ਵਿੱਚ ਆਪਣੇ ਹੀ ਖਿਆਲਾਂ ਦੇ ਪਿੱਛੇ ਚੱਲਦੇ ਹਨ।” (ਯਸਾਯਾਹ 65:2) ਹੱਥ ਪਸਾਰਨ ਦਾ ਮਤਲਬ ਬੇਨਤੀ ਜਾਂ ਅਰਜ਼ ਕਰਨੀ ਹੋ ਸਕਦਾ ਹੈ। ਯਹੋਵਾਹ ਨੇ ਆਪਣੇ ਹੱਥ ਥੋੜ੍ਹੇ ਹੀ ਚਿਰ ਲਈ ਨਹੀਂ ਸਗੋਂ ਸਾਰਾ ਦਿਨ ਪਸਾਰੇ ਸਨ। ਉਹ ਦਿਲੋਂ ਚਾਹੁੰਦਾ ਸੀ ਕਿ ਯਹੂਦਾਹ ਉਸ ਵੱਲ ਮੁੜੇ। ਪਰ ਉਸ ਦੀ ਆਕੀ ਪਰਜਾ ਮੁੜੀ ਨਹੀਂ।
6 ਅਸੀਂ ਯਹੋਵਾਹ ਦੇ ਸ਼ਬਦਾਂ ਤੋਂ ਕਿੰਨਾ ਵਧੀਆ ਸਬਕ ਸਿੱਖ ਸਕਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ ਕਿਉਂਕਿ ਉਹ ਅਜਿਹਾ ਪਰਮੇਸ਼ੁਰ ਹੈ ਜਿਸ ਵੱਲ ਲੋਕ ਖਿੱਚੇ ਜਾਂਦੇ ਹਨ। (ਯਾਕੂਬ 4:8) ਇਹ ਸ਼ਬਦ ਇਹ ਵੀ ਦਿਖਾਉਂਦੇ ਹਨ ਕਿ ਯਹੋਵਾਹ ਆਪਣੇ ਆਪ ਨੂੰ ਨੀਵਾਂ ਕਰਦਾ ਹੈ। (ਜ਼ਬੂਰ 113:5, 6) ਉਸ ਨੇ ਆਪਣੇ ਹੱਥ ਪਸਾਰ ਕੇ ਆਪਣੇ ਲੋਕਾਂ ਦੀ ਬੇਨਤੀ ਕੀਤੀ ਸੀ ਕਿ ਉਹ ਉਸ ਵੱਲ ਮੁੜਨ ਭਾਵੇਂ ਕਿ ਉਨ੍ਹਾਂ ਦੀ ਜ਼ਿੱਦ ਨੇ ਉਸ ਨੂੰ “ਉਦਾਸ” ਕੀਤਾ ਸੀ। (ਜ਼ਬੂਰ 78:40, 41) ਸਦੀਆਂ ਲਈ ਉਨ੍ਹਾਂ ਅੱਗੇ ਬੇਨਤੀ ਕਰਨ ਤੋਂ ਬਾਅਦ ਹੀ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਸੌਂਪਿਆ ਸੀ। ਫਿਰ ਵੀ ਉਸ ਨੇ ਉਨ੍ਹਾਂ ਵਿੱਚੋਂ ਨਿਮਰ ਲੋਕਾਂ ਨੂੰ ਠੁਕਰਾਇਆ ਨਹੀਂ ਸੀ।
7, 8. ਯਹੋਵਾਹ ਦੇ ਆਕੀ ਲੋਕਾਂ ਨੇ ਉਸ ਦਾ ਗੁੱਸਾ ਕਿਵੇਂ ਭੜਕਾਇਆ ਸੀ?
7 ਜ਼ਿੱਦੀ ਯਹੂਦੀਆਂ ਨੇ ਆਪਣੇ ਭੈੜੇ ਚਾਲ-ਚਲਣ ਨਾਲ ਯਹੋਵਾਹ ਦਾ ਗੁੱਸਾ ਵਾਰ-ਵਾਰ ਭੜਕਾਇਆ ਸੀ। ਉਸ ਨੇ ਉਨ੍ਹਾਂ ਦੇ ਭੈੜੇ ਕੰਮਾਂ ਬਾਰੇ ਦੱਸਿਆ: “ਇੱਕ ਪਰਜਾ ਜਿਹ ਦੇ ਲੋਕ ਮੈਨੂੰ ਨਿੱਤ ਆਹਮੋ ਸਾਹਮਣੇ ਅਕਾਉਂਦੇ ਰਹਿੰਦੇ ਹਨ, ਜਿਹੜੇ ਬਾਗਾਂ ਵਿੱਚ ਬਲੀਆਂ ਚੜ੍ਹਾਉਂਦੇ ਹਨ, ਅਤੇ ਇੱਟਾਂ ਉੱਤੇ ਧੂਪ ਧੁਖਾਉਂਦੇ ਹਨ, ਜਿਹੜੇ ਕਬਰਾਂ ਵਿੱਚ ਬਹਿੰਦੇ ਹਨ, ਅਤੇ ਗੁੱਝਿਆਂ ਥਾਵਾਂ ਵਿੱਚ ਰਾਤ ਕੱਟਦੇ ਹਨ, ਜਿਹੜੇ ਸੂਰ ਦਾ ਮਾਸ ਖਾਂਦੇ ਹਨ, ਅਤੇ ਗੰਦੀਆਂ ਚੀਜ਼ਾਂ ਦਾ ਸ਼ੋਰਾ ਓਹਨਾਂ ਦੇ ਭਾਂਡਿਆਂ ਵਿੱਚ ਹੈ, ਜਿਹੜੇ ਆਖਦੇ ਹਨ, ਤੂੰ ਇਕੱਲਾ ਰਹੁ, ਮੇਰੇ ਨੇੜੇ ਨਾ ਆ, ਕਿਉਂ ਜੋ ਮੈਂ ਤੈਥੋਂ ਪਵਿੱਤ੍ਰ ਹਾਂ। ਏਹ ਮੇਰੇ ਨੱਕ ਵਿੱਚ ਧੂੰਆਂ ਹਨ, ਇੱਕ ਅੱਗ ਜੋ ਸਾਰਾ ਦਿਨ ਬਲਦੀ ਹੈ!” (ਯਸਾਯਾਹ 65:3-5) ਇਹ ਲੋਕ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਸਨ ਬੇਸ਼ਰਮੀ ਅਤੇ ਨਿਰਾਦਰ ਨਾਲ ਯਹੋਵਾਹ ਨੂੰ “ਆਹਮੋ ਸਾਹਮਣੇ” ਅਕਾਉਂਦੇ ਸਨ। ਉਹ ਆਪਣੇ ਘਿਣਾਉਣੇ ਕੰਮ ਲੁਕ-ਛਿਪ ਕੇ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਸਨ। ਉਨ੍ਹਾਂ ਨੂੰ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਸੀ ਅਤੇ ਉਸ ਦੀ ਗੱਲ ਸੁਣਨੀ ਚਾਹੀਦੀ ਸੀ, ਪਰ ਉਹ ਉਸ ਦੇ ਹੀ ਸਾਮ੍ਹਣੇ ਪਾਪ ਕਰਦੇ ਸਨ। ਉਹ ਕਿੰਨੇ ਦੋਸ਼ੀ ਸਨ!
8 ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਲੋਕ ਦਰਅਸਲ ਦੂਸਰੇ ਯਹੂਦੀਆਂ ਨੂੰ ਕਹਿ ਰਹੇ ਸਨ ਕਿ ‘ਮੇਰੇ ਨੇੜੇ ਨਾ ਆ, ਕਿਉਂਕਿ ਮੈਂ ਤੇਰੇ ਨਾਲੋਂ ਪਵਿੱਤਰ ਹਾਂ।’ ਉਹ ਕਿੰਨੇ ਪਖੰਡੀ ਸਨ! ਅਜਿਹੇ ਪਖੰਡੀ ਲੋਕ ਝੂਠੇ ਦੇਵਤਿਆਂ ਨੂੰ ਬਲੀਦਾਨ ਚੜ੍ਹਾ ਰਹੇ ਸਨ ਅਤੇ ਉਨ੍ਹਾਂ ਅੱਗੇ ਧੂਪ ਧੁਖਾ ਰਹੇ ਸਨ, ਜੋ ਗੱਲਾਂ ਪਰਮੇਸ਼ੁਰ ਦੀ ਬਿਵਸਥਾ ਵਿਚ ਮਨ੍ਹਾ ਸਨ। (ਕੂਚ 20:2-6) ਉਹ ਕਬਰਸਤਾਨ ਵਿਚ ਬੈਠਦੇ ਸਨ ਅਤੇ ਇਸ ਕਰਕੇ ਉਹ ਬਿਵਸਥਾ ਅਨੁਸਾਰ ਅਸ਼ੁੱਧ ਸਨ। (ਗਿਣਤੀ 19:14-16) ਉਹ ਸੂਰ ਦਾ ਮਾਸ ਖਾ ਰਹੇ ਸਨ ਜੋ ਉਨ੍ਹਾਂ ਲਈ ਅਸ਼ੁੱਧ ਸੀ।a (ਲੇਵੀਆਂ 11:7) ਫਿਰ ਵੀ ਉਨ੍ਹਾਂ ਦੇ ਅਜਿਹੇ ਕੰਮਾਂ ਕਰਕੇ ਉਹ ਆਪਣੇ ਆਪ ਨੂੰ ਹੋਰਨਾਂ ਯਹੂਦੀਆਂ ਨਾਲੋਂ ਪਵਿੱਤਰ ਸਮਝਦੇ ਸਨ। ਉਹ ਚਾਹੁੰਦੇ ਸਨ ਕਿ ਦੂਸਰੇ ਲੋਕ ਉਨ੍ਹਾਂ ਤੋਂ ਦੂਰ ਰਹਿਣ ਤਾਂਕਿ ਉਹ ਲੋਕ ਉਨ੍ਹਾਂ ਨਾਲ ਸੰਗਤ ਕਰ ਕੇ ਪਵਿੱਤਰ ਨਾ ਬਣ ਜਾਣ। ਪਰ ਯਹੋਵਾਹ “ਅਣਖ ਵਾਲਾ ਪਰਮੇਸ਼ੁਰ ਹੈ” ਅਤੇ ਉਸ ਦੀਆਂ ਨਜ਼ਰਾਂ ਵਿਚ ਝੂਠੇ ਦੇਵਤਿਆਂ ਦੀ ਭਗਤੀ ਕਰਨੀ ਬਿਲਕੁਲ ਗ਼ਲਤ ਸੀ!—ਬਿਵਸਥਾ ਸਾਰ 4:24.
9. ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਲੋਕਾਂ ਬਾਰੇ ਯਹੋਵਾਹ ਦਾ ਕੀ ਖ਼ਿਆਲ ਸੀ?
9 ਯਹੋਵਾਹ ਉਨ੍ਹਾਂ ਲੋਕਾਂ ਨੂੰ ਪਵਿੱਤਰ ਨਹੀਂ ਸਮਝਦਾ ਸੀ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਸਨ। ਇਸ ਦੀ ਬਜਾਇ ਉਸ ਨੇ ਕਿਹਾ ਕਿ “ਏਹ ਮੇਰੇ ਨੱਕ ਵਿੱਚ ਧੂੰਆਂ ਹਨ।” ਇਬਰਾਨੀ ਭਾਸ਼ਾ ਵਿਚ “ਨੱਕ” ਜਾਂ “ਨਾਸਾਂ” ਲਈ ਸ਼ਬਦ ਅਕਸਰ ਗੁੱਸੇ ਲਈ ਵਰਤਿਆ ਜਾਂਦਾ ਹੈ। ਧੂੰਆਂ ਵੀ ਯਹੋਵਾਹ ਦੇ ਭੜਕਦੇ ਗੁੱਸੇ ਨਾਲ ਸੰਬੰਧ ਰੱਖਦਾ ਹੈ। (ਬਿਵਸਥਾ ਸਾਰ 29:20) ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਦੀ ਘਿਣਾਉਣੀ ਮੂਰਤੀ ਪੂਜਾ ਕਰਕੇ ਭੜਕਿਆ ਸੀ।
10. ਭਵਿੱਖਬਾਣੀ ਅਨੁਸਾਰ ਯਹੋਵਾਹ ਨੇ ਯਹੂਦੀਆਂ ਨੂੰ ਸਜ਼ਾ ਕਿਵੇਂ ਦੇਣੀ ਸੀ?
10 ਯਹੋਵਾਹ ਦੇ ਇਨਸਾਫ਼ ਕਰਕੇ ਇਨ੍ਹਾਂ ਜਾਣ-ਬੁੱਝ ਕੇ ਪਾਪ ਕਰਨ ਵਾਲੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਸੀ। ਯਸਾਯਾਹ ਨੇ ਲਿਖਿਆ: “ਵੇਖੋ, ਮੇਰੇ ਸਾਹਮਣੇ ਏਹ ਲਿਖਿਆ ਹੈ, ਕਿ ਮੈਂ ਚੁੱਪ ਨਾ ਰਹਾਂਗਾ ਪਰ ਮੈਂ ਬਦਲਾ ਦਿਆਂਗਾ, ਹਾਂ, ਮੈਂ ਓਹਨਾਂ ਦੇ ਪੱਲੇ ਵਿੱਚ ਬਦਲਾ ਪਾਵਾਂਗਾ, ਤੁਹਾਡੀਆਂ ਬਦੀਆਂ ਦੀ ਵੀ, ਯਹੋਵਾਹ ਆਖਦਾ ਹੈ, ਅਤੇ ਤੁਹਾਡਿਆਂ ਪਿਉ ਦਾਦਿਆਂ ਦੀਆਂ ਬਦੀਆਂ ਦਾ ਵੀ, ਜਿਨ੍ਹਾਂ ਨੇ ਪਹਾੜਾਂ ਉੱਤੇ ਧੂਪ ਧੁਖਾਇਆ ਹੈ, ਅਤੇ ਟਿੱਬਿਆਂ ਦੇ ਉੱਤੇ ਮੈਨੂੰ ਕੁਫਰ ਬਕਿਆ, ਤਦ ਮੈਂ ਓਹਨਾਂ ਦਾ ਪਹਿਲਾ ਕਰਮ ਓਹਨਾਂ ਦੇ ਪੱਲੇ ਵਿੱਚ ਮਿਣ ਕੇ ਪਾਵਾਂਗਾ।” (ਯਸਾਯਾਹ 65:6, 7) ਇਨ੍ਹਾਂ ਯਹੂਦੀਆਂ ਨੇ ਝੂਠੀ ਪੂਜਾ ਕਰ ਕੇ ਯਹੋਵਾਹ ਨੂੰ ਬਦਨਾਮ ਕੀਤਾ ਸੀ। ਉਨ੍ਹਾਂ ਦੀ ਪੂਜਾ ਤੋਂ ਇਸ ਤਰ੍ਹਾਂ ਲੱਗਾ ਕਿ ਸੱਚੇ ਪਰਮੇਸ਼ੁਰ ਦੀ ਭਗਤੀ ਆਲੇ-ਦੁਆਲੇ ਦੀਆਂ ਕੌਮਾਂ ਦੀ ਘਿਣਾਉਣੀ ਭਗਤੀ ਵਰਗੀ ਸੀ। ਉਨ੍ਹਾਂ ਦੀਆਂ “ਬਦੀਆਂ” ਵਿਚ ਮੂਰਤੀ ਪੂਜਾ ਅਤੇ ਜਾਦੂ-ਟੂਣਾ ਵੀ ਸ਼ਾਮਲ ਸੀ, ਇਸ ਲਈ ਯਹੋਵਾਹ ਨੇ “ਓਹਨਾਂ ਦੇ ਪੱਲੇ ਵਿੱਚ” ਬਦਲਾ ਪਾਉਣਾ ਸੀ। ਵਪਾਰੀ ਕੋਈ ਚੀਜ਼ ਮਿਣ ਕੇ “ਪੱਲੇ ਵਿੱਚ” ਹੀ ਪਾਉਂਦੇ ਸਨ। (ਲੂਕਾ 6:38) ਧਰਮ-ਤਿਆਗੀ ਯਹੂਦੀਆਂ ਲਈ ਇਸ ਦਾ ਮਤਲਬ ਸਾਫ਼ ਸੀ, ਇਨਸਾਫ਼ ਦੇ ਪਰਮੇਸ਼ੁਰ ਯਹੋਵਾਹ ਨੇ “ਬਦਲਾ” ਲੈ ਕੇ ਹੀ ਰਹਿਣਾ ਸੀ! (ਜ਼ਬੂਰ 79:12; ਯਿਰਮਿਯਾਹ 32:18) ਯਹੋਵਾਹ ਅਟੱਲ ਹੈ, ਯਾਨੀ ਉਹ ਬਦਲਦਾ ਨਹੀਂ ਹੈ, ਇਸ ਲਈ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਆਪਣੇ ਠਹਿਰਾਏ ਗਏ ਸਮੇਂ ਤੇ ਉਹ ਇਸ ਦੁਸ਼ਟ ਦੁਨੀਆਂ ਨੂੰ ਵੀ ਮਿਣ ਕੇ ਸਜ਼ਾ ਦੇਵੇਗਾ।—ਮਲਾਕੀ 3:6.
“ਮੈਂ ਆਪਣੇ ਦਾਸਾਂ ਦੀ ਖਾਤਰ ਵਰਤਾਂਗਾ”
11. ਯਹੋਵਾਹ ਨੇ ਕਿਵੇਂ ਸੰਕੇਤ ਕੀਤਾ ਸੀ ਕਿ ਉਹ ਇਕ ਵਫ਼ਾਦਾਰ ਬਕੀਏ ਨੂੰ ਬਚਾਵੇਗਾ?
11 ਕੀ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਉੱਤੇ ਦਇਆ ਕੀਤੀ ਸੀ? ਯਸਾਯਾਹ ਨੇ ਸਮਝਾਇਆ: “ਯਹੋਵਾਹ ਇਉਂ ਆਖਦਾ ਹੈ, ਜਿਵੇਂ ਨਵੀਂ ਮੈ ਗੁੱਛੇ ਵਿੱਚ ਪਾਈ ਜਾਂਦੀ ਹੈ, ਅਤੇ ਕੋਈ ਆਖੇ, ਇਹ ਦਾ ਨਾਸ ਨਾ ਕਰ, ਉਹ ਦੇ ਵਿੱਚ ਬਰਕਤ ਜੋ ਹੈ, ਤਿਵੇਂ ਮੈਂ ਆਪਣੇ ਦਾਸਾਂ ਦੀ ਖਾਤਰ ਵਰਤਾਂਗਾ, ਭਈ ਮੈਂ ਸੱਭਨਾਂ ਦਾ ਨਾਸ ਨਾ ਕਰਾਂ। ਮੈਂ ਯਾਕੂਬ ਵਿੱਚੋਂ ਇੱਕ ਅੰਸ ਕੱਢਾਂਗਾ, ਅਤੇ ਯਹੂਦਾਹ ਤੋਂ ਆਪਣੇ ਪਹਾੜ ਦਾ ਅਧਿਕਾਰੀ, ਮੇਰੇ ਚੁਣੇ ਹੋਏ ਉਸ ਨੂੰ ਅਧਿਕਾਰ ਵਿੱਚ ਲੈਣਗੇ, ਅਤੇ ਮੇਰੇ ਦਾਸ ਉੱਥੇ ਵੱਸਣਗੇ।” (ਯਸਾਯਾਹ 65:8, 9) ਯਹੋਵਾਹ ਨੇ ਆਪਣੇ ਲੋਕਾਂ ਨੂੰ ਅੰਗੂਰਾਂ ਦੇ ਗੁੱਛੇ ਨਾਲ ਦਰਸਾਇਆ ਸੀ ਅਤੇ ਉਹ ਇਹ ਉਦਾਹਰਣ ਚੰਗੀ ਤਰ੍ਹਾਂ ਸਮਝ ਸਕਦੇ ਸਨ। ਉਨ੍ਹਾਂ ਦੇ ਦੇਸ਼ ਵਿਚ ਬਹੁਤ ਸਾਰੇ ਅੰਗੂਰ ਲੱਗਦੇ ਸਨ, ਅਤੇ ਅੰਗੂਰਾਂ ਤੋਂ ਬਣੀ ਮੈ ਇਨਸਾਨਾਂ ਲਈ ਇਕ ਬਰਕਤ ਸੀ। (ਜ਼ਬੂਰ 104:15) ਇੱਥੇ ਸ਼ਾਇਦ ਉਸ ਗੁੱਛੇ ਦੀ ਗੱਲ ਕੀਤੀ ਗਈ ਹੋਵੇ ਜਿਸ ਦੇ ਕੁਝ ਅੰਗੂਰ ਚੰਗੇ ਨਾ ਹੋਣ। ਜਾਂ ਹੋ ਸਕਦਾ ਹੈ ਕਿ ਅੰਗੂਰਾਂ ਦਾ ਇਕ ਗੁੱਛਾ ਚੰਗਾ ਹੋਵੇ ਅਤੇ ਬਾਕੀ ਕੱਚੇ ਜਾਂ ਗਲ਼ੇ ਹੋਏ ਹੋਣ। ਜੋ ਵੀ ਸੀ, ਅੰਗੂਰਾਂ ਦੇ ਬਾਗ਼ ਦੇ ਮਾਲੀ ਨੇ ਚੰਗੇ ਅੰਗੂਰਾਂ ਨੂੰ ਪਰੇ ਨਹੀਂ ਸੁੱਟਿਆ ਸੀ। ਇਸ ਤਰ੍ਹਾਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੀ ਕੌਮ ਨੂੰ ਖ਼ਤਮ ਨਹੀਂ ਕਰੇਗਾ ਪਰ ਇਕ ਵਫ਼ਾਦਾਰ ਬਕੀਏ ਨੂੰ ਬਚਾਵੇਗਾ। ਉਸ ਨੇ ਕਿਹਾ ਕਿ ਇਹ ਬਕੀਆ ਉਸ ਦੇ “ਪਹਾੜ” ਦਾ ਅਧਿਕਾਰੀ ਹੋਵੇਗਾ, ਯਾਨੀ ਯਰੂਸ਼ਲਮ ਅਤੇ ਯਹੂਦਾਹ ਦੇ ਪਹਾੜੀ ਦੇਸ਼ ਦਾ ਅਧਿਕਾਰੀ, ਜੋ ਦੇਸ਼ ਯਹੋਵਾਹ ਦਾ ਸੀ।
12. ਵਫ਼ਾਦਾਰ ਬਕੀਏ ਨੂੰ ਕਿਹੜੀਆਂ ਬਰਕਤਾਂ ਮਿਲਣੀਆਂ ਸਨ?
12 ਇਸ ਵਫ਼ਾਦਾਰ ਬਕੀਏ ਨੂੰ ਕਿਹੜੀਆਂ ਬਰਕਤਾਂ ਮਿਲਣੀਆਂ ਸਨ? ਯਹੋਵਾਹ ਨੇ ਦੱਸਿਆ: “ਸ਼ਾਰੋਨ ਇੱਜੜਾਂ ਦਾ ਵਾੜਾ ਹੋਵੇਗਾ, ਅਤੇ ਆਕੋਰ ਦੀ ਦੂਣ ਚੌਣੇ ਦੇ ਬੈਠਣ ਦਾ ਥਾਂ, ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ।” (ਯਸਾਯਾਹ 65:10) ਕਈਆਂ ਯਹੂਦੀ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਇੱਜੜ ਬਹੁਤ ਅਹਿਮ ਸਨ ਅਤੇ ਚਰਨ ਲਈ ਵੱਡੀ ਜਗ੍ਹਾ ਸ਼ਾਂਤੀ ਦੇ ਸਮੇਂ ਵਿਚ ਖ਼ੁਸ਼ਹਾਲੀ ਪੈਦਾ ਕਰਦੀ ਸੀ। ਯਹੋਵਾਹ ਨੇ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਤਸਵੀਰ ਖਿੱਚਣ ਲਈ ਦੋ ਥਾਵਾਂ ਦੇ ਨਾਂ ਦੱਸੇ ਸਨ। ਪੱਛਮ ਵੱਲ ਸ਼ਾਰੋਨ ਦੀ ਹਰੀ-ਭਰੀ ਅਤੇ ਸੁੰਦਰ ਜ਼ਮੀਨ ਭੂਮੱਧ ਸਾਗਰ ਦੇ ਕਿਨਾਰੇ ਲੱਗਦੀ ਸੀ। ਅਤੇ ਆਕੋਰ ਦੀ ਦੂਣ ਜਾਂ ਵਾਦੀ ਦੇਸ਼ ਦੀ ਉੱਤਰ-ਪੂਰਬੀ ਸਰਹੱਦ ਤੇ ਸੀ। (ਯਹੋਸ਼ੁਆ 15:7) ਗ਼ੁਲਾਮੀ ਦੌਰਾਨ ਇਹ ਇਲਾਕੇ ਬਾਕੀ ਦੇ ਦੇਸ਼ ਵਾਂਗ ਵਿਰਾਨ ਪਏ ਰਹੇ ਸਨ। ਪਰ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਗ਼ੁਲਾਮੀ ਤੋਂ ਬਾਅਦ ਵਾਪਸ ਮੁੜ ਰਹੇ ਬਕੀਏ ਦੇ ਪਸ਼ੂਆਂ ਦੇ ਚਰਨ ਲਈ ਇਹ ਥਾਂ ਸੁੰਦਰ ਹੋਣਗੇ।—ਯਸਾਯਾਹ 35:2; ਹੋਸ਼ੇਆ 2:15.
“ਲਛਮੀ ਦੇਵੀ” ਉੱਤੇ ਭਰੋਸਾ ਰੱਖਣਾ
13, 14. ਪਰਮੇਸ਼ੁਰ ਦੇ ਲੋਕਾਂ ਨੇ ਕਿਹੜੇ ਕੰਮ ਕਰ ਕੇ ਦਿਖਾਇਆ ਕਿ ਉਹ ਉਸ ਨੂੰ ਛੱਡ ਚੁੱਕੇ ਸਨ, ਅਤੇ ਨਤੀਜੇ ਵਜੋਂ ਉਨ੍ਹਾਂ ਨਾਲ ਕੀ ਹੋਇਆ ਸੀ?
13 ਅੱਗੇ ਯਸਾਯਾਹ ਦੀ ਭਵਿੱਖਬਾਣੀ ਵਿਚ ਉਨ੍ਹਾਂ ਬਾਰੇ ਗੱਲ ਕੀਤੀ ਜਾਂਦੀ ਹੈ ਜੋ ਯਹੋਵਾਹ ਨੂੰ ਛੱਡ ਕੇ ਮੂਰਤੀ ਪੂਜਾ ਕਰ ਰਹੇ ਸਨ। ਉਸ ਵਿਚ ਲਿਖਿਆ ਹੈ: “ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤ੍ਰ ਪਰਬਤ ਨੂੰ ਭੁਲਾਉਂਦੇ ਹੋ, ਜੋ ਲਛਮੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਪਰਾਲਭਦ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ।” (ਯਸਾਯਾਹ 65:11) “ਲਛਮੀ ਦੇਵੀ” ਅਤੇ “ਪਰਾਲਭਦ” ਯਾਨੀ ਕਿਸਮਤ ਦੀ ਦੇਵੀ ਲਈ ਖਾਣ-ਪੀਣ ਦਾ ਮੇਜ਼ ਲਾ ਕੇ ਇਹ ਵਿਗੜੇ ਹੋਏ ਯਹੂਦੀ ਮੂਰਤੀ ਪੂਜਾ ਕਰਨ ਵਾਲੀਆਂ ਕੌਮਾਂ ਦੇ ਕੰਮਾਂ ਵਿਚ ਪੈ ਗਏ ਸਨ।b ਮੂਰਖਤਾ ਨਾਲ ਇਨ੍ਹਾਂ ਦੇਵੀਆਂ ਉੱਤੇ ਭਰੋਸਾ ਰੱਖਣ ਵਾਲਿਆਂ ਦਾ ਕੀ ਬਣਨਾ ਸੀ?
14 ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਚੇਤਾਵਨੀ ਦਿੱਤੀ: “ਮੈਂ ਤਲਵਾਰ ਨਾਲ ਤੁਹਾਡੀ ਪਰਾਲਭਦ ਬਣਾਵਾਂਗਾ, ਤੁਸੀਂ ਸੱਭੇ ਵੱਢੇ ਜਾਣ ਲਈ ਝੁੱਕ ਜਾਓਗੇ, ਕਿਉਂ ਜੋ ਮੈਂ ਬੁਲਾਇਆ ਪਰ ਤੁਸਾਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸਾਂ ਸੁਣੀ ਨਾ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਤੁਸਾਂ ਚੁਣਿਆ।” (ਯਸਾਯਾਹ 65:12) ਪਰਾਲਭਦ ਜਾਂ ਕਿਸਮਤ ਦੀ ਦੇਵੀ ਦੀ ਪੂਜਾ ਕਰਨ ਵਾਲਿਆਂ ਨੂੰ ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਦੀ ‘ਕਿਸਮਤ ਤਲਵਾਰ ਨਾਲ ਬਣਾਵੇਗਾ,’ ਯਾਨੀ ਉਨ੍ਹਾਂ ਦਾ ਨਾਸ਼ ਕੀਤਾ ਜਾਣਾ ਸੀ। ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਇਨ੍ਹਾਂ ਬੰਦਿਆਂ ਨੂੰ ਤੋਬਾ ਕਰਨ ਦੇ ਕਈ ਮੌਕੇ ਦਿੱਤੇ ਸਨ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਜ਼ਿੱਦ ਨਾਲ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿਚ ਬੁਰੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਕਿੰਨਾ ਵੱਡਾ ਅਪਮਾਨ ਕੀਤਾ! ਪਰਮੇਸ਼ੁਰ ਦੀ ਚੇਤਾਵਨੀ ਪੂਰੀ ਹੋਈ ਅਤੇ 607 ਸਾ.ਯੁ.ਪੂ. ਵਿਚ ਯਹੋਵਾਹ ਨੇ ਬਾਬਲੀਆਂ ਨੂੰ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕਰਨ ਦਿੱਤਾ। ਕੌਮ ਲਈ ਇਹ ਕਿੰਨੀ ਵੱਡੀ ਬਿਪਤਾ ਸੀ! ਉਸ ਸਮੇਂ “ਲਛਮੀ ਦੇਵੀ” ਨੇ ਯਹੂਦਾਹ ਅਤੇ ਯਰੂਸ਼ਲਮ ਵਿਚ ਆਪਣੇ ਪੁਜਾਰੀਆਂ ਨੂੰ ਨਹੀਂ ਬਚਾਇਆ ਸੀ।—2 ਇਤਹਾਸ 36:17.
15. ਅੱਜ ਸੱਚੇ ਮਸੀਹੀ ਯਸਾਯਾਹ 65:11, 12 ਦੀ ਚੇਤਾਵਨੀ ਬਾਰੇ ਕੀ ਕਰਦੇ ਹਨ?
15 ਅੱਜ ਸੱਚੇ ਮਸੀਹੀ ਯਸਾਯਾਹ 65:11, 12 ਦੀ ਚੇਤਾਵਨੀ ਵੱਲ ਧਿਆਨ ਦਿੰਦੇ ਹਨ। ਉਹ “ਲਛਮੀ ਦੇਵੀ” ਨੂੰ ਨਹੀਂ ਮੰਨਦੇ ਕਿਉਂਕਿ ਉਹ ਜਾਣਦੇ ਹਨ ਕਿ ਉਹ ਉਨ੍ਹਾਂ ਨੂੰ ਬਰਕਤਾਂ ਨਹੀਂ ਦੇ ਸਕਦੀ। ਉਹ ਆਪਣੇ ਪੈਸੇ “ਲਛਮੀ ਦੇਵੀ” ਨੂੰ ਖ਼ੁਸ਼ ਕਰਨ ਲਈ ਬਰਬਾਦ ਨਹੀਂ ਕਰਦੇ ਹਨ, ਇਸ ਲਈ ਉਹ ਹਰ ਪ੍ਰਕਾਰ ਦੇ ਜੂਏ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਖ਼ੀਰ ਵਿਚ ਇਸ ਦੇਵੀ ਦੀ ਪੂਜਾ ਕਰਨ ਵਾਲੇ ਸਭ ਕੁਝ ਖੋਹ ਬੈਠਣਗੇ ਕਿਉਂਕਿ ਯਹੋਵਾਹ ਨੇ ਕਿਹਾ ਹੈ ਕਿ “ਮੈਂ ਤਲਵਾਰ ਨਾਲ ਤੁਹਾਡੀ ਪਰਾਲਭਦ ਬਣਾਵਾਂਗਾ।”
“ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ”
16. ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ, ਪਰ ਉਸ ਨੂੰ ਛੱਡਣ ਵਾਲਿਆਂ ਨਾਲ ਕੀ ਹੁੰਦਾ ਹੈ?
16 ਯਹੋਵਾਹ ਨੂੰ ਛੱਡਣ ਵਾਲਿਆਂ ਦੀ ਨਿੰਦਿਆ ਕਰਦੇ ਹੋਏ ਭਵਿੱਖਬਾਣੀ ਵਿਚ ਸੱਚੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਨੂੰ ਅਤੇ ਪਖੰਡ ਨਾਲ ਭਗਤੀ ਕਰਨ ਵਾਲਿਆਂ ਨੂੰ ਆਪੋ-ਆਪਣੀ ਕਰਨੀ ਦਾ ਫਲ ਦੱਸਿਆ ਗਿਆ ਹੈ: “ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ, ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਦੁਖ ਦਿਲੀ ਨਾਲ ਦਿੱਲਾਓਗੇ, ਅਤੇ ਟੁੱਟੇ ਹੋਏ ਆਤਮਾ ਨਾਲ ਚੀਕਾਂ ਮਾਰੋਗੇ!” (ਯਸਾਯਾਹ 65:13, 14) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ। ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਜੈਕਾਰੇ ਗਜਾਉਂਦੇ ਹਨ। ਖਾਣ, ਪੀਣ, ਅਤੇ ਖ਼ੁਸ਼ੀ ਮਨਾਉਣ ਦਾ ਮਤਲਬ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਖੁੱਲ੍ਹੇ-ਹੱਥੀਂ ਪੂਰੀਆਂ ਕਰਦਾ ਹੈ। ਇਸ ਦੇ ਉਲਟ ਯਹੋਵਾਹ ਨੂੰ ਛੱਡਣ ਵਾਲੇ ਰੂਹਾਨੀ ਤੌਰ ਤੇ ਭੁੱਖੇ ਅਤੇ ਪਿਆਸੇ ਹਨ। ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਉਨ੍ਹਾਂ ਦੀਆਂ ਪੀੜਾਂ ਕਰਕੇ ਉਹ ਦੁਖੀ ਹੁੰਦੇ ਅਤੇ ਚੀਕਾਂ ਮਾਰਦੇ ਹਨ।
17. ਅੱਜ ਪਰਮੇਸ਼ੁਰ ਦੇ ਲੋਕਾਂ ਕੋਲ ਜੈਕਾਰਾ ਗਜਾਉਣ ਦਾ ਕਿਹੜਾ ਚੰਗਾ ਕਾਰਨ ਹੈ?
17 ਯਹੋਵਾਹ ਦੇ ਸ਼ਬਦ ਚੰਗੀ ਤਰ੍ਹਾਂ ਦੱਸਦੇ ਹਨ ਕਿ ਅੱਜ ਉਨ੍ਹਾਂ ਦੀ ਰੂਹਾਨੀ ਹਾਲਤ ਕੀ ਹੈ ਜੋ ਉਸ ਦੀ ਸੇਵਾ ਕਰਨ ਦਾ ਦਾਅਵਾ ਹੀ ਕਰਦੇ ਹਨ। ਈਸਾਈ-ਜਗਤ ਦੇ ਲੱਖਾਂ ਹੀ ਲੋਕ ਦੁਖੀ ਹਨ, ਪਰ ਯਹੋਵਾਹ ਦੇ ਸੇਵਕਾਂ ਕੋਲ ਜੈਕਾਰਾ ਗਜਾਉਣ ਦਾ ਚੰਗਾ ਕਾਰਨ ਹੈ। ਉਨ੍ਹਾਂ ਨੂੰ ਬਹੁਤ ਸਾਰਾ ਰੂਹਾਨੀ ਭੋਜਨ ਮਿਲਦਾ ਹੈ। ਯਹੋਵਾਹ ਉਨ੍ਹਾਂ ਨੂੰ ਖੁੱਲ੍ਹੇ-ਹੱਥੀਂ ਇਹ ਭੋਜਨ ਬਾਈਬਲੀ ਪ੍ਰਕਾਸ਼ਨਾਂ ਅਤੇ ਸਭਾਵਾਂ ਰਾਹੀਂ ਦਿੰਦਾ ਹੈ। ਵਾਕਈ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਉਤਸ਼ਾਹ ਦਿੰਦੀ ਹੈ ਅਤੇ ਉਸ ਦੇ ਵਾਅਦੇ ਦਿਲਾਸਾ ਦਿੰਦੇ ਹਨ ਜਿਸ ਕਾਰਨ ਸਾਡੇ ‘ਦਿਲ ਖੁਸ਼’ ਹਨ!
18. ਯਹੋਵਾਹ ਨੂੰ ਛੱਡਣ ਵਾਲਿਆਂ ਦਾ ਕੀ ਬਚਿਆ ਸੀ, ਅਤੇ ਉਨ੍ਹਾਂ ਦਾ ਨਾਂ ਫਿਟਕਾਰਨ ਲਈ ਸ਼ਾਇਦ ਕਿਵੇਂ ਵਰਤਿਆ ਗਿਆ ਸੀ?
18 ਯਹੋਵਾਹ ਉਨ੍ਹਾਂ ਲੋਕਾਂ ਨਾਲ ਗੱਲ ਜਾਰੀ ਰੱਖਦਾ ਹੈ ਜੋ ਉਸ ਨੂੰ ਛੱਡ ਚੁੱਕੇ ਹਨ: “ਤੁਸੀਂ ਆਪਣਾ ਨਾਉਂ ਮੇਰੇ ਚੁਣਿਆਂ ਹੋਇਆਂ ਕੋਲ ਫਿਟਕਾਰ ਲਈ ਛੱਡ ਜਾਓਗੇ, ਅਤੇ ਪ੍ਰਭੁ ਯਹੋਵਾਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਜੇ ਨਾਉਂ ਤੋਂ ਬੁਲਾਵੇਗਾ। ਜੋ ਕੋਈ ਧਰਤੀ ਉੱਤੇ ਆਪਣੇ ਆਪ ਨੂੰ ਅਸੀਸ ਦੇਵੇ, ਉਹ ਸਚਿਆਈ ਦੇ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਅਸੀਸ ਦੇਵੇਗਾ, ਜੋ ਕੋਈ ਧਰਤੀ ਉੱਤੇ ਸੌਂਹ ਖਾਵੇ, ਉਹ ਸਚਿਆਈ ਦੇ ਪਰਮੇਸ਼ੁਰ ਦੀ ਸੌਂਹ ਖਾਵੇਗਾ, ਕਿਉਂ ਜੋ ਪਹਿਲੇ ਦੁਖ ਭੁਲਾਏ ਗਏ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਗਏ।” (ਯਸਾਯਾਹ 65:15, 16) ਉਨ੍ਹਾਂ ਦੇ ਨਾਂ ਤੋਂ ਇਲਾਵਾ, ਯਹੋਵਾਹ ਨੂੰ ਛੱਡਣ ਵਾਲਿਆਂ ਦਾ ਕੁਝ ਨਹੀਂ ਬਚਿਆ ਸੀ। ਇਹ ਨਾਂ ਸਿਰਫ਼ ਫਿਟਕਾਰਨ ਲਈ ਵਰਤਿਆ ਜਾਂਦਾ ਸੀ। ਇਸ ਦਾ ਮਤਲਬ ਸ਼ਾਇਦ ਇਹ ਸੀ ਕਿ ਸੁੱਖਣਾ ਸੁੱਖਣ ਵਾਲੇ ਲੋਕ ਕਹਿ ਰਹੇ ਸਨ ਕਿ ‘ਜੇ ਮੈਂ ਆਹ ਵਾਅਦਾ ਪੂਰਾ ਨਾ ਕਰਾਂ, ਤਾਂ ਮੈਨੂੰ ਉਹੀ ਸਜ਼ਾ ਮਿਲੇ ਜੋ ਸੱਚਾ ਧਰਮ ਛੱਡਣ ਵਾਲਿਆਂ ਨੂੰ ਮਿਲੀ ਸੀ।’ ਜਾਂ ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਉਨ੍ਹਾਂ ਦਾ ਨਾਂ ਸਦੂਮ ਅਤੇ ਅਮੂਰਾਹ ਦੀ ਤਰ੍ਹਾਂ ਦੁਸ਼ਟ ਲੋਕਾਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦੀ ਇਕ ਮਿਸਾਲ ਬਣ ਕੇ ਰਹਿ ਗਿਆ ਸੀ।
19. ਪਰਮੇਸ਼ੁਰ ਦੇ ਸੇਵਕਾਂ ਨੂੰ ਦੂਜੇ ਨਾਂ ਤੋਂ ਬੁਲਾਉਣ ਦਾ ਕੀ ਮਤਲਬ ਸੀ, ਅਤੇ ਉਹ ਸੱਚਾਈ ਦੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਸਨ? (ਫੁਟਨੋਟ ਵੀ ਦੇਖੋ।)
19 ਪਰਮੇਸ਼ੁਰ ਦੇ ਸੇਵਕਾਂ ਦੀ ਹਾਲਤ ਇਸ ਤੋਂ ਬਹੁਤ ਵੱਖਰੀ ਸੀ। ਉਨ੍ਹਾਂ ਨੂੰ ਦੂਜੇ ਨਾਂ ਤੋਂ ਬੁਲਾਇਆ ਗਿਆ ਸੀ। ਇਸ ਦਾ ਮਤਲਬ ਸੀ ਕਿ ਉਹ ਆਪਣੇ ਵਤਨ ਵਿਚ ਸੁਖੀ ਸਨ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ ਗਈ ਸੀ। ਉਨ੍ਹਾਂ ਨੇ ਕਿਸੇ ਝੂਠੇ ਦੇਵੀ-ਦੇਵਤੇ ਤੋਂ ਅਸੀਸ ਨਹੀਂ ਮੰਗੀ ਸੀ ਜਾਂ ਕਿਸੇ ਬੇਜਾਨ ਮੂਰਤੀ ਦੀ ਸੌਂਹ ਨਹੀਂ ਖਾਧੀ ਸੀ। ਇਸ ਦੀ ਬਜਾਇ ਉਹ ਸੱਚਾਈ ਦੇ ਪਰਮੇਸ਼ੁਰ ਤੋਂ ਬਰਕਤਾਂ ਮੰਗਦੇ ਸਨ ਅਤੇ ਉਸ ਦੀ ਸੌਂਹ ਖਾਂਦੇ ਸਨ। ਦੇਸ਼ ਦੇ ਵਾਸੀ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਸਕਦੇ ਸਨ ਕਿਉਂਕਿ ਉਸ ਨੇ ਸਾਬਤ ਕੀਤਾ ਸੀ ਕਿ ਉਹ ਆਪਣੇ ਵਾਅਦੇ ਹਮੇਸ਼ਾ ਪੂਰੇ ਕਰਦਾ ਹੈ।c ਯਹੂਦੀ ਲੋਕ ਆਪਣੇ ਵਤਨ ਵਿਚ ਸਹੀ-ਸਲਾਮਤ ਸਨ ਅਤੇ ਉਹ ਆਪਣੇ ਪਿਛਲੇ ਦੁੱਖ ਭੁੱਲ ਗਏ ਸਨ।
“ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ”
20. ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਯਹੋਵਾਹ ਦਾ ਵਾਅਦਾ 537 ਸਾ.ਯੁ.ਪੂ. ਵਿਚ ਕਿਵੇਂ ਪੂਰਾ ਹੋਇਆ ਸੀ?
20 ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਇਕ ਪਛਤਾਵਾ ਕਰਨ ਵਾਲੇ ਬਕੀਏ ਨੂੰ ਬਾਬਲ ਤੋਂ ਛੁਡਾ ਕੇ ਮੁੜ-ਬਹਾਲ ਕਰੇਗਾ। ਇਸ ਬਹਾਲੀ ਬਾਰੇ ਅੱਗੇ ਦੱਸਦੇ ਹੋਏ ਯਹੋਵਾਹ ਨੇ ਯਸਾਯਾਹ ਰਾਹੀਂ ਕਿਹਾ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17) ਯਹੋਵਾਹ ਦਾ ਇਹ ਵਾਅਦਾ ਪੂਰਾ ਹੋ ਕੇ ਰਹਿਣਾ ਸੀ, ਇਸ ਲਈ ਉਸ ਨੇ ਉਸ ਬਹਾਲੀ ਬਾਰੇ ਇਸ ਤਰ੍ਹਾਂ ਗੱਲ ਕੀਤੀ ਸੀ ਜਿਵੇਂ ਇਹ ਹੋ ਰਹੀ ਸੀ। ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ 537 ਸਾ.ਯੁ.ਪੂ. ਵਿਚ ਹੋਈ ਸੀ ਜਦੋਂ ਪਰਮੇਸ਼ੁਰ ਨੇ ਯਹੂਦੀ ਬਕੀਏ ਨੂੰ ਯਰੂਸ਼ਲਮ ਵਾਪਸ ਲਿਆਂਦਾ ਸੀ। ਉਸ ਸਮੇਂ “ਨਵਾਂ ਅਕਾਸ਼” ਕੀ ਸੀ? ਇਹ ਯਰੂਸ਼ਲਮ ਵਿਚ ਪ੍ਰਧਾਨ ਜਾਜਕ ਯਹੋਸ਼ੁਆ ਦੇ ਨਾਲ ਜ਼ਰੁੱਬਾਬਲ ਦੀ ਹਕੂਮਤ ਸੀ। ਵਾਪਸ ਮੁੜਿਆ ਹੋਇਆ ਯਹੂਦੀ ਬਕੀਆ “ਨਵੀਂ ਧਰਤੀ” ਬਣਿਆ, ਯਾਨੀ ਇਕ ਅਜਿਹਾ ਸ਼ੁੱਧ ਕੀਤਾ ਗਿਆ ਸਮਾਜ ਜੋ ਇਸ ਹਕੂਮਤ ਦੇ ਅਧੀਨ ਰਹਿੰਦਾ ਸੀ ਅਤੇ ਦੇਸ਼ ਵਿਚ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਸੀ। (ਅਜ਼ਰਾ 5:1, 2) ਇਸ ਵਾਪਸੀ ਦੀ ਖ਼ੁਸ਼ੀ ਵਿਚ ਉਨ੍ਹਾਂ ਨੇ ਆਪਣੀ ਪਹਿਲੀ ਦੁੱਖ-ਤਕਲੀਫ਼ ਨੂੰ ਚੇਤੇ ਨਹੀਂ ਕੀਤਾ।—ਜ਼ਬੂਰ 126:1, 2.
21. ਨਵਾਂ ਆਕਾਸ਼ ਕੀ ਹੈ ਜੋ 1914 ਵਿਚ ਪੈਦਾ ਹੋਇਆ ਸੀ?
21 ਪਰ ਯਾਦ ਰੱਖੋ ਕਿ ਪਤਰਸ ਨੇ ਯਸਾਯਾਹ ਦੀ ਭਵਿੱਖਬਾਣੀ ਦੁਹਰਾ ਕੇ ਦਿਖਾਇਆ ਸੀ ਕਿ ਇਸ ਦੀ ਪੂਰਤੀ ਅਗਾਹਾਂ ਨੂੰ ਵੀ ਹੋਣੀ ਸੀ। ਪਤਰਸ ਰਸੂਲ ਨੇ ਲਿਖਿਆ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਸੰਨ 1914 ਵਿਚ ਉਹ ਨਵਾਂ ਆਕਾਸ਼ ਉਤਪੰਨ ਹੋਇਆ ਜਿਸ ਦੀ ਉਡੀਕ ਬਹੁਤ ਚਿਰ ਤੋਂ ਕੀਤੀ ਗਈ ਸੀ। ਉਸ ਸਾਲ ਮਸੀਹਾਈ ਰਾਜ ਪੈਦਾ ਹੋਇਆ ਜੋ ਸਵਰਗ ਤੋਂ ਰਾਜ ਕਰਦਾ ਹੈ ਅਤੇ ਯਹੋਵਾਹ ਨੇ ਉਸ ਰਾਜ ਦੇ ਰਾਜੇ ਨੂੰ ਸਾਰੀ ਧਰਤੀ ਉੱਤੇ ਅਧਿਕਾਰ ਦਿੱਤਾ ਹੈ। (ਜ਼ਬੂਰ 2:6-8) ਮਸੀਹ ਅਤੇ ਉਸ ਦੇ 1,44,000 ਸੰਗੀ ਰਾਜਿਆਂ ਦੀ ਇਹ ਹਕੂਮਤ ਹੀ ਨਵਾਂ ਆਕਾਸ਼ ਹੈ।—ਪਰਕਾਸ਼ ਦੀ ਪੋਥੀ 14:1.
22. ਨਵੀਂ ਧਰਤੀ ਕਿਨ੍ਹਾਂ ਲੋਕਾਂ ਦੀ ਬਣੀ ਹੋਈ ਹੈ ਅਤੇ ਉਹ ਲੋਕ ਅੱਜ ਵੀ ਉਸ ਦਾ ਹਿੱਸਾ ਬਣਨ ਲਈ ਕਿਵੇਂ ਤਿਆਰ ਕੀਤੇ ਜਾ ਰਹੇ ਹਨ?
22 ਨਵੀਂ ਧਰਤੀ ਕੀ ਹੈ? ਪੁਰਾਣੇ ਜ਼ਮਾਨੇ ਦੇ ਨਮੂਨੇ ਅਨੁਸਾਰ ਨਵੀਂ ਧਰਤੀ ਉਨ੍ਹਾਂ ਲੋਕਾਂ ਦੀ ਬਣੀ ਹੋਈ ਹੈ ਜੋ ਖ਼ੁਸ਼ੀ ਨਾਲ ਨਵੀਂ ਸਵਰਗੀ ਹਕੂਮਤ ਦੇ ਅਧੀਨ ਰਹਿੰਦੇ ਹਨ। ਅੱਜ ਸਦੀਪਕ ਜੀਵਨ ਲਈ ਠਹਿਰਾਏ ਗਏ ਲੱਖਾਂ ਹੀ ਲੋਕ ਆਪਣੇ ਆਪ ਨੂੰ ਇਸ ਹਕੂਮਤ ਦੇ ਅਧੀਨ ਕਰਦੇ ਹਨ ਅਤੇ ਬਾਈਬਲ ਵਿਚ ਪਾਏ ਗਏ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਇਹ ਲੋਕ ਸਾਰੀਆਂ ਕੌਮਾਂ, ਬੋਲੀਆਂ, ਅਤੇ ਜਾਤਾਂ ਤੋਂ ਆਉਂਦੇ ਹਨ ਅਤੇ ਰਾਜਾ ਯਿਸੂ ਮਸੀਹ ਦੀ ਸੇਵਾ ਕਰਨ ਲਈ ਏਕਤਾ ਵਿਚ ਕੰਮ ਕਰਦੇ ਹਨ। (ਮੀਕਾਹ 4:1-4) ਇਸ ਬੁਰੀ ਦੁਨੀਆਂ ਦੇ ਖ਼ਤਮ ਹੋਣ ਤੋਂ ਬਾਅਦ, ਇਹ ਲੋਕ ਉਸ ਨਵੀਂ ਧਰਤੀ ਦਾ ਮੁੱਖ ਹਿੱਸਾ ਹੋਣਗੇ ਅਤੇ ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਧਰਤੀ ਦੇ ਵਾਰਸ ਹੋਣਗੇ।—ਮੱਤੀ 25:34.
23. ਸਾਨੂੰ ਪਰਕਾਸ਼ ਦੀ ਪੋਥੀ ਵਿਚ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਕੀ ਦੱਸਿਆ ਜਾਂਦਾ ਹੈ, ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ?
23 ਪਰਕਾਸ਼ ਦੀ ਪੋਥੀ ਵਿਚ ਯੂਹੰਨਾ ਰਸੂਲ ਦੇ ਉਸ ਦਰਸ਼ਣ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਉਸ ਨੇ ਯਹੋਵਾਹ ਦੇ ਆ ਰਹੇ ਦਿਨ ਵਿਚ ਇਸ ਦੁਨੀਆਂ ਨੂੰ ਖ਼ਤਮ ਕੀਤਾ ਜਾਂਦਾ ਦੇਖਿਆ। ਉਸ ਤੋਂ ਬਾਅਦ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। (ਪਰਕਾਸ਼ ਦੀ ਪੋਥੀ 19:11–20:3) ਇਨ੍ਹਾਂ ਗੱਲਾਂ ਬਾਰੇ ਦੱਸਣ ਤੋਂ ਬਾਅਦ ਯੂਹੰਨਾ ਨੇ ਯਸਾਯਾਹ ਦੀ ਭਵਿੱਖਬਾਣੀ ਦੇ ਸ਼ਬਦ ਦੁਹਰਾ ਕੇ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ।” ਇਸ ਸ਼ਾਨਦਾਰ ਦਰਸ਼ਣ ਦੇ ਬਿਰਤਾਂਤ ਦੀਆਂ ਅਗਲੀਆਂ ਆਇਤਾਂ ਵਿਚ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਯਹੋਵਾਹ ਪਰਮੇਸ਼ੁਰ ਇਸ ਧਰਤੀ ਦੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਸੁਧਾਰੇਗਾ। (ਪਰਕਾਸ਼ ਦੀ ਪੋਥੀ 21:1, 3-5) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਸਾਯਾਹ ਦੇ ਵਾਅਦੇ ਦੀ ਸ਼ਾਨਦਾਰ ਪੂਰਤੀ ਹੋਵੇਗੀ! ਸਵਰਗ ਦੀ ਨਵੀਂ ਹਕੂਮਤ ਅਧੀਨ ਇਕ ਨਵਾਂ ਸਮਾਜ ਹੋਵੇਗਾ ਜੋ ਰੂਹਾਨੀ ਅਤੇ ਅਸਲੀ ਤੌਰ ਤੇ ਫਿਰਦੌਸ ਵਰਗੀ ਧਰਤੀ ਦਾ ਆਨੰਦ ਮਾਣੇਗਾ। ਇਸ ਵਾਅਦੇ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ “ਪਹਿਲੀਆਂ ਚੀਜ਼ਾਂ [ਬਿਮਾਰੀ, ਦੁੱਖ, ਅਤੇ ਹਰ ਤਰ੍ਹਾਂ ਦੀਆਂ ਹੋਰ ਤਕਲੀਫ਼ਾਂ ਜਿਨ੍ਹਾਂ ਦਾ ਇਨਸਾਨ ਸਾਮ੍ਹਣਾ ਕਰਦੇ ਹਨ] ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” ਅਸੀਂ ਜੋ ਕੁਝ ਚੇਤੇ ਕਰਾਂਗੇ ਉਹ ਸਾਡੇ ਮਨਾਂ ਨੂੰ ਦੁਖੀ ਨਹੀਂ ਕਰੇਗਾ ਜਿਵੇਂ ਅੱਜ ਕਈਆਂ ਲੋਕਾਂ ਦੇ ਮਨ ਦੁਖੀ ਹਨ।
24. ਯਹੋਵਾਹ ਯਰੂਸ਼ਲਮ ਨਾਲ ਖ਼ੁਸ਼ ਕਿਉਂ ਹੋਇਆ ਸੀ, ਅਤੇ ਉਸ ਸ਼ਹਿਰ ਦੀਆਂ ਸੜਕਾਂ ਵਿਚ ਕਿਹੜੀ ਆਵਾਜ਼ ਫਿਰ ਤੋਂ ਸੁਣਾਈ ਨਹੀਂ ਦਿੱਤੀ ਗਈ ਸੀ?
24 ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਕਿਹਾ: “ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਫੇਰ ਉਸ ਵਿੱਚ ਨਾ ਰੋਣ ਦੀ ਅਵਾਜ਼, ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ।” (ਯਸਾਯਾਹ 65:18, 19) ਯਹੂਦੀ ਲੋਕ ਆਪਣੇ ਵਤਨ ਵਾਪਸ ਆ ਕੇ ਖ਼ੁਸ਼ ਹੋਏ ਸਨ ਅਤੇ ਉਨ੍ਹਾਂ ਦੇ ਨਾਲ-ਨਾਲ ਪਰਮੇਸ਼ੁਰ ਵੀ ਖ਼ੁਸ਼ ਹੋਇਆ ਸੀ ਕਿਉਂਕਿ ਉਸ ਨੇ ਯਰੂਸ਼ਲਮ ਨੂੰ ਸੁੰਦਰ ਬਣਾਉਣ ਤੋਂ ਇਲਾਵਾ, ਧਰਤੀ ਉੱਤੇ ਉਹ ਜਗ੍ਹਾ ਵੀ ਬਣਾਈ ਜਿੱਥੇ ਸੱਚੀ ਭਗਤੀ ਕੀਤੀ ਜਾਂਦੀ ਸੀ। ਕਈ ਸਾਲ ਪਹਿਲਾਂ ਉਸ ਸ਼ਹਿਰ ਦੀਆਂ ਸੜਕਾਂ ਵਿਚ ਜੋ ਤਬਾਹੀ ਕਰਕੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ ਫਿਰ ਤੋਂ ਸੁਣਾਈ ਨਹੀਂ ਦਿੱਤੀ ਗਈ ਸੀ।
25, 26. (ੳ) ਸਾਡੇ ਜ਼ਮਾਨੇ ਵਿਚ ਯਹੋਵਾਹ ਯਰੂਸ਼ਲਮ ਲਈ ਕਿਵੇਂ ‘ਅਨੰਦਤਾ ਉਤਪੰਨ ਕਰਦਾ’ ਹੈ? (ਅ) ਯਹੋਵਾਹ ਨਵੇਂ ਯਰੂਸ਼ਲਮ ਰਾਹੀਂ ਕੀ ਕਰੇਗਾ ਅਤੇ ਅਸੀਂ ਅੱਜ ਖ਼ੁਸ਼ ਕਿਉਂ ਹੋ ਸਕਦੇ ਹਾਂ?
25 ਅੱਜ ਯਹੋਵਾਹ ਯਰੂਸ਼ਲਮ ਲਈ ਕਿਵੇਂ ‘ਅਨੰਦਤਾ ਉਤਪੰਨ ਕਰਦਾ’ ਹੈ? ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਨਵਾਂ ਆਕਾਸ਼ 1914 ਵਿਚ ਉਤਪੰਨ ਕੀਤਾ ਗਿਆ ਸੀ ਅਤੇ ਅਖ਼ੀਰ ਵਿਚ ਇਸ ਵਿਚ 1,44,000 ਸੰਗੀ ਰਾਜੇ ਹੋਣਗੇ ਜੋ ਸਵਰਗ ਤੋਂ ਹਕੂਮਤ ਕਰਨਗੇ। ਭਵਿੱਖਬਾਣੀ ਵਿਚ ਇਨ੍ਹਾਂ ਨੂੰ ‘ਨਵਾਂ ਯਰੂਸ਼ਲਮ’ ਸੱਦਿਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 21:2) ਪਰਮੇਸ਼ੁਰ ਨੇ ਇਸ ਨਵੇਂ ਯਰੂਸ਼ਲਮ ਬਾਰੇ ਕਿਹਾ: “ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ।” ਨਵੇਂ ਯਰੂਸ਼ਲਮ ਰਾਹੀਂ ਪਰਮੇਸ਼ੁਰ ਆਗਿਆਕਾਰ ਮਨੁੱਖਜਾਤੀ ਉੱਤੇ ਬਹੁਤ ਸਾਰੀਆਂ ਬਰਕਤਾਂ ਬਰਸਾਏਗਾ। ਉਸ ਸਮੇਂ ਰੋਣ ਜਾਂ ਦੁਹਾਈ ਦੀ ਆਵਾਜ਼ ਸੁਣੀ ਨਹੀਂ ਜਾਵੇਗੀ ਕਿਉਂਕਿ ਯਹੋਵਾਹ ਸਾਡੇ “ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂਰ 37:3, 4.
26 ਅੱਜ ਸਾਡੇ ਕੋਲ ਖ਼ੁਸ਼ ਹੋਣ ਦੇ ਬਹੁਤ ਕਾਰਨ ਹਨ! ਬਹੁਤ ਜਲਦੀ ਯਹੋਵਾਹ ਸਾਰੇ ਵਿਰੋਧੀਆਂ ਦਾ ਨਾਸ਼ ਕਰ ਕੇ ਆਪਣੇ ਸ਼ਾਨਦਾਰ ਨਾਂ ਨੂੰ ਪਵਿੱਤਰ ਕਰੇਗਾ। (ਜ਼ਬੂਰ 83:17, 18) ਫਿਰ ਨਵਾਂ ਆਕਾਸ਼ ਧਰਤੀ ਉੱਤੇ ਪੂਰਾ ਅਧਿਕਾਰ ਰੱਖੇਗਾ। ਵਾਕਈ ਜੋ ਕੁਝ ਪਰਮੇਸ਼ੁਰ ਉਤਪੰਨ ਕਰਦਾ ਹੈ ਉਸ ਤੋਂ ਖ਼ੁਸ਼ੀ ਮਨਾਉਣ ਅਤੇ ਬਾਗ-ਬਾਗ ਹੋਣ ਦੇ ਇਹ ਕਿੰਨੇ ਵਧੀਆ ਕਾਰਨ ਹਨ!
ਸੁਖੀ ਭਵਿੱਖ ਦਾ ਵਾਅਦਾ
27. ਯਸਾਯਾਹ ਨੇ ਉਸ ਸੁਖ ਬਾਰੇ ਕੀ ਕਿਹਾ ਸੀ ਜੋ ਵਾਪਸ ਮੁੜਨ ਵਾਲੇ ਯਹੂਦੀਆਂ ਨੂੰ ਆਪਣੇ ਵਤਨ ਵਿਚ ਮਿਲਿਆ ਸੀ?
27 ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਨਵੇਂ ਆਕਾਸ਼ ਅਧੀਨ ਵਾਪਸ ਮੁੜੇ ਯਹੂਦੀਆਂ ਦੀ ਕਿਹੋ ਜਿਹੀ ਜ਼ਿੰਦਗੀ ਹੋਣੀ ਸੀ? ਯਹੋਵਾਹ ਨੇ ਕਿਹਾ: “ਉੱਥੋਂ ਫੇਰ ਕੋਈ ਥੋੜੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬੁੱਢਾ ਜਿਹ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂ ਜੋ ਬੱਚਾ ਸੌ ਵਰਹੇ ਦੀ ਉਮਰ ਵਿੱਚ ਮਰੇਗਾ, ਅਤੇ ਸੌ ਵਰਹੇ ਦਾ ਪਾਪੀ ਸਰਾਪੀ ਹੋਵੇਗਾ।” (ਯਸਾਯਾਹ 65:20) ਇਹ ਵਾਪਸ ਮੁੜੇ ਗ਼ੁਲਾਮਾਂ ਦੇ ਸੁਖ ਦੀ ਕਿੰਨੀ ਵਧੀਆ ਤਸਵੀਰ ਹੈ ਜੋ ਉਨ੍ਹਾਂ ਨੂੰ ਆਪਣੇ ਵਤਨ ਵਿਚ ਮਿਲਿਆ ਸੀ! ਕਿਸੇ ਥੋੜ੍ਹੇ ਦਿਨਾਂ ਦੇ ਬੱਚੇ ਦੀ ਮੌਤ ਕੁਵੇਲੇ ਨਹੀਂ ਹੋਈ ਸੀ। ਅਤੇ ਨਾ ਹੀ ਕੋਈ ਬੁੱਢਾ ਕੁਵੇਲੇ ਮਰਿਆ ਸੀ ਜਿਸ ਨੇ ਅਜੇ ਆਪਣੀ ਪੂਰੀ ਜ਼ਿੰਦਗੀ ਨਹੀਂ ਗੁਜ਼ਾਰੀ ਸੀ।d ਯਸਾਯਾਹ ਦੇ ਸ਼ਬਦਾਂ ਨੇ ਯਹੂਦਾਹ ਨੂੰ ਵਾਪਸ ਮੁੜਨ ਵਾਲੇ ਯਹੂਦੀਆਂ ਨੂੰ ਕਿੰਨੀ ਤਸੱਲੀ ਦਿੱਤੀ ਹੋਵੇਗੀ! ਉਹ ਆਪਣੇ ਦੇਸ਼ ਵਿਚ ਸਹੀ-ਸਲਾਮਤ ਸਨ ਅਤੇ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ ਕਿ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਬੱਚਿਆਂ ਨੂੰ ਉਠਾ ਕੇ ਲੈ ਜਾਣਗੇ ਜਾਂ ਉਨ੍ਹਾਂ ਦੇ ਬੰਦਿਆਂ ਨੂੰ ਮਾਰ ਸੁੱਟਣਗੇ।
28. ਅਸੀਂ ਯਹੋਵਾਹ ਦੇ ਸ਼ਬਦਾਂ ਤੋਂ ਉਸ ਦੇ ਰਾਜ ਅਧੀਨ ਨਵੇਂ ਸੰਸਾਰ ਵਿਚ ਜੀਉਣ ਬਾਰੇ ਕੀ ਸਿੱਖਦੇ ਹਾਂ?
28 ਯਹੋਵਾਹ ਦੇ ਸ਼ਬਦ ਸਾਨੂੰ ਆ ਰਹੇ ਨਵੇਂ ਸੰਸਾਰ ਬਾਰੇ ਕੀ ਦੱਸਦੇ ਹਨ? ਪਰਮੇਸ਼ੁਰ ਦੇ ਰਾਜ ਅਧੀਨ, ਹਰ ਬੱਚੇ ਕੋਲ ਸੁਖੀ ਭਵਿੱਖ ਦੀ ਉਮੀਦ ਹੋਵੇਗੀ। ਪਰਮੇਸ਼ੁਰ ਦਾ ਡਰ ਰੱਖਣ ਵਾਲੇ ਕਿਸੇ ਵੀ ਨੌਜਵਾਨ ਦੀ ਮੌਤ ਕਦੀ ਨਹੀਂ ਹੋਵੇਗੀ। ਜਵਾਨੀ ਵਿਚ ਮਰਨ ਦੀ ਬਜਾਇ ਆਗਿਆਕਾਰ ਲੋਕ ਸੁਖ-ਚੈਨ ਨਾਲ ਜ਼ਿੰਦਗੀ ਦਾ ਮਜ਼ਾ ਲੈਣਗੇ। ਪਰ ਪਰਮੇਸ਼ੁਰ ਦੇ ਵਿਰੁੱਧ ਚੱਲਣ ਵਾਲਿਆਂ ਨਾਲ ਕੀ ਹੋਵੇਗਾ? ਅਜਿਹੇ ਲੋਕ ਆਪਣੀਆਂ ਜਾਨਾਂ ਖੋਹ ਬੈਠਣਗੇ। ਭਾਵੇਂ ਕਿ ਬਗਾਵਤ ਕਰਨ ਵਾਲਾ “ਸੌ ਵਰਹੇ ਦੀ ਉਮਰ” ਦਾ ਹੈ, ਉਹ ਮਰੇਗਾ। ਇਸ ਤਰ੍ਹਾਂ ਮਰ ਕੇ ਉਹ “ਬੱਚਾ” ਹੀ ਹੋਵੇਗਾ ਕਿਉਂਕਿ ਉਹ ਸਦਾ ਲਈ ਜੀ ਸਕਦਾ ਸੀ।
29. (ੳ) ਪਰਮੇਸ਼ੁਰ ਦੇ ਆਗਿਆਕਾਰ ਲੋਕਾਂ ਨੂੰ ਯਹੂਦਾਹ ਦੇ ਬਹਾਲ ਕੀਤੇ ਗਏ ਦੇਸ਼ ਵਿਚ ਕਿਹੜੀਆਂ ਬਰਕਤਾਂ ਮਿਲੀਆਂ ਸਨ? (ਅ) ਰੁੱਖ ਲੰਬੀ ਜ਼ਿੰਦਗੀ ਦੀ ਇਕ ਚੰਗੀ ਉਦਾਹਰਣ ਕਿਉਂ ਹਨ? (ਫੁਟਨੋਟ ਦੇਖੋ।)
29 ਯਹੋਵਾਹ ਨੇ ਯਹੂਦਾਹ ਦੇ ਬਹਾਲ ਕੀਤੇ ਗਏ ਦੇਸ਼ ਦੀ ਹਾਲਤ ਬਾਰੇ ਹੋਰ ਦੱਸਿਆ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾਯਾਹ 65:21, 22) ਜਦੋਂ ਪਰਮੇਸ਼ੁਰ ਦੇ ਆਗਿਆਕਾਰ ਲੋਕ ਯਹੂਦਾਹ ਦੇ ਵਿਰਾਨ ਦੇਸ਼ ਨੂੰ ਵਾਪਸ ਮੁੜੇ ਸਨ, ਤਾਂ ਉਸ ਵਿਚ ਕੋਈ ਘਰ ਜਾਂ ਅੰਗੂਰੀ ਬਾਗ਼ ਨਹੀਂ ਸੀ। ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਵਿਚ ਵੱਸ ਕੇ ਅਤੇ ਆਪਣੇ ਅੰਗੂਰੀ ਬਾਗ਼ਾਂ ਦਾ ਫਲ ਖਾ ਕੇ ਬੜੀ ਖ਼ੁਸ਼ੀ ਮਿਲੀ ਸੀ। ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮ ਉੱਤੇ ਬਰਕਤ ਪਾਈ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਰੁੱਖ ਦੇ ਦਿਨਾਂ ਵਾਂਗ ਲੰਬੀਆਂ ਬਣਾਈਆਂ ਸਨ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਸੀ।e
30. ਯਹੋਵਾਹ ਦੇ ਸੇਵਕਾਂ ਨੂੰ ਅੱਜ ਕਿਹੜੀ ਗੱਲ ਖ਼ੁਸ਼ ਕਰਦੀ ਹੈ, ਅਤੇ ਨਵੇਂ ਸੰਸਾਰ ਵਿਚ ਉਹ ਕਿਨ੍ਹਾਂ ਚੀਜ਼ਾਂ ਦਾ ਆਨੰਦ ਮਾਣਨਗੇ?
30 ਸਾਡੇ ਜ਼ਮਾਨੇ ਵਿਚ ਵੀ ਇਸ ਭਵਿੱਖਬਾਣੀ ਦੀ ਪੂਰਤੀ ਹੋਈ ਹੈ। ਯਹੋਵਾਹ ਦੇ ਲੋਕ 1919 ਵਿਚ ਰੂਹਾਨੀ ਗ਼ੁਲਾਮੀ ਵਿੱਚੋਂ ਨਿਕਲ ਕੇ ਆਪਣੇ “ਦੇਸ” ਨੂੰ ਫਿਰ ਕਾਇਮ ਕਰਨ ਲੱਗੇ ਸਨ, ਯਾਨੀ ਉਹ ਆਪਣੇ ਰੂਹਾਨੀ ਕੰਮ ਅਤੇ ਭਗਤੀ ਦੁਬਾਰਾ ਕਰਨ ਲੱਗ ਪਏ ਸਨ। ਉਨ੍ਹਾਂ ਨੇ ਕਲੀਸਿਯਾਵਾਂ ਸ਼ੁਰੂ ਕੀਤੀਆਂ ਅਤੇ ਸੱਚਾਈ ਵਿਚ ਤਰੱਕੀ ਕੀਤੀ। ਨਤੀਜੇ ਵਜੋਂ ਪਰਮੇਸ਼ੁਰ ਦੇ ਲੋਕ ਹੁਣ ਵੀ ਰੂਹਾਨੀ ਫਿਰਦੌਸ ਅਤੇ ਪਰਮੇਸ਼ੁਰ ਦੀ ਸ਼ਾਂਤੀ ਦਾ ਮਜ਼ਾ ਲੈਂਦੇ ਹਨ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਅਜਿਹੀ ਸ਼ਾਂਤੀ ਅਸਲੀ ਫਿਰਦੌਸ ਵਿਚ ਵੀ ਹੋਵੇਗੀ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਨਵੇਂ ਸੰਸਾਰ ਵਿਚ ਯਹੋਵਾਹ ਆਪਣੇ ਸੇਵਕਾਂ ਦੇ ਰਜ਼ਾਮੰਦ ਦਿਲਾਂ ਅਤੇ ਹੱਥਾਂ ਰਾਹੀਂ ਕਿਹੋ ਜਿਹੇ ਕੰਮ ਕਰੇਗਾ। ਆਪਣਾ ਘਰ ਖ਼ੁਦ ਬਣਾ ਕੇ ਉਸ ਵਿਚ ਰਹਿਣ ਤੋਂ ਕਿੰਨੀ ਖ਼ੁਸ਼ੀ ਮਿਲੇਗੀ! ਪਰਮੇਸ਼ੁਰ ਦੇ ਰਾਜ ਅਧੀਨ ਤਸੱਲੀ ਦੇਣ ਵਾਲਾ ਬਹੁਤ ਕੰਮ ਹੋਵੇਗਾ। ਇਹ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਆਪਣੀ ਮਿਹਨਤ ਦੇ ਫਲ ਦਾ ‘ਲਾਭ ਭੋਗਾਂਗੇ!’ (ਉਪਦੇਸ਼ਕ ਦੀ ਪੋਥੀ 3:13) ਕੀ ਸਾਡੇ ਕੋਲ ਆਪਣੇ ਹੱਥਾਂ ਦੇ ਕੰਮ ਦਾ ਮਜ਼ਾ ਲੈਣ ਲਈ ਸਮਾਂ ਹੋਵੇਗਾ? ਬਿਲਕੁਲ! ਵਫ਼ਾਦਾਰ ਇਨਸਾਨਾਂ ਦੇ ਜੀਵਨ ਕਦੀ ਖ਼ਤਮ ਨਹੀਂ ਹੋਣਗੇ, ਉਹ “ਰੁੱਖ ਦੇ ਦਿਨਾਂ ਵਰਗੇ ਹੋਣਗੇ”—ਹਜ਼ਾਰਾਂ ਸਾਲਾਂ ਤੋਂ ਵੀ ਜ਼ਿਆਦਾ ਲੰਬੇ!
31, 32. (ੳ) ਮੁੜ ਰਹੇ ਗ਼ੁਲਾਮਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ? (ਅ) ਨਵੇਂ ਸੰਸਾਰ ਵਿਚ ਵਫ਼ਾਦਾਰ ਇਨਸਾਨਾਂ ਦੀ ਕੀ ਉਮੀਦ ਹੋਵੇਗੀ?
31 ਯਹੋਵਾਹ ਨੇ ਮੁੜ ਰਹੇ ਗ਼ੁਲਾਮਾਂ ਦੀਆਂ ਹੋਰ ਬਰਕਤਾਂ ਬਾਰੇ ਦੱਸਿਆ: “ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ।” (ਯਸਾਯਾਹ 65:23) ਉਨ੍ਹਾਂ ਵਾਪਸ ਮੁੜੇ ਯਹੂਦੀਆਂ ਨੂੰ ਯਹੋਵਾਹ ਦੀ ਬਰਕਤ ਮਿਲੀ, ਜਿਸ ਕਰਕੇ ਉਨ੍ਹਾਂ ਦੀ ਮਿਹਨਤ ਵਿਅਰਥ ਨਹੀਂ ਸੀ। ਬੱਚੇ ਸਿਰਫ਼ ਇਸ ਲਈ ਨਹੀਂ ਪੈਦਾ ਹੋਏ ਸਨ ਕਿ ਉਹ ਕੁਵੇਲੇ ਮਰ ਜਾਣ। ਇਨ੍ਹਾਂ ਸਾਬਕਾ ਗ਼ੁਲਾਮਾਂ ਨੇ ਸਿਰਫ਼ ਆਪ ਹੀ ਇਨ੍ਹਾਂ ਬਰਕਤਾਂ ਦਾ ਮਜ਼ਾ ਨਹੀਂ ਲਿਆ ਸੀ; ਉਨ੍ਹਾਂ ਦੀ ਸੰਤਾਨ ਵੀ ਉਨ੍ਹਾਂ ਦੇ ਨਾਲ ਸੀ। ਪਰਮੇਸ਼ੁਰ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੰਨਾ ਕਾਹਲਾ ਸੀ ਕਿ ਉਸ ਨੇ ਵਾਅਦਾ ਕੀਤਾ: “ਐਉਂ ਹੋਵੇਗਾ ਕਿ ਓਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਓਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।”—ਯਸਾਯਾਹ 65:24.
32 ਇਹ ਜਾਣਨ ਲਈ ਕਿ ਯਹੋਵਾਹ ਆਉਣ ਵਾਲੇ ਨਵੇਂ ਸੰਸਾਰ ਵਿਚ ਆਪਣੇ ਵਾਅਦੇ ਕਿਵੇਂ ਪੂਰੇ ਕਰੇਗਾ ਸਾਨੂੰ ਉਡੀਕ ਕਰਨੀ ਪਵੇਗੀ। ਯਹੋਵਾਹ ਨੇ ਸਾਨੂੰ ਸਾਰੀਆਂ ਗੱਲਾਂ ਨਹੀਂ ਦੱਸੀਆਂ ਹਨ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਵਫ਼ਾਦਾਰ ਇਨਸਾਨ ਫਿਰ ਕਦੀ ਵੀ “ਵਿਅਰਥ ਮਿਹਨਤ ਨਾ ਕਰਨਗੇ।” ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੀ ਵੱਡੀ ਭੀੜ ਅਤੇ ਉਨ੍ਹਾਂ ਦੇ ਜੋ ਬੱਚੇ ਪੈਦਾ ਹੋਣਗੇ ਲੰਬੀ ਅਤੇ ਸੁਖੀ ਜ਼ਿੰਦਗੀ ਦੀ ਉਮੀਦ ਰੱਖ ਸਕਣਗੇ, ਯਾਨੀ ਜ਼ਿੰਦਗੀ ਜੋ ਕਦੀ ਖ਼ਤਮ ਨਹੀਂ ਹੋਵੇਗੀ! ਜਿਹੜੇ ਲੋਕ ਜੀ ਉਠਾਏ ਜਾਣਗੇ ਅਤੇ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਉਣਾ ਚਾਹੁਣਗੇ ਉਹ ਵੀ ਨਵੇਂ ਸੰਸਾਰ ਵਿਚ ਖ਼ੁਸ਼ੀ ਪਾਉਣਗੇ। ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣੇਗਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਪਹਿਲਾਂ ਹੀ ਜਾਣ ਕੇ ਪੂਰੀਆਂ ਕਰੇਗਾ। ਜੀ ਹਾਂ, ਯਹੋਵਾਹ ਆਪਣਾ ਹੱਥ ਖੋਲ੍ਹ ਕੇ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।—ਜ਼ਬੂਰ 145:16.
33. ਜਦੋਂ ਯਹੂਦੀ ਆਪਣੇ ਵਤਨ ਮੁੜੇ ਸਨ ਤਾਂ ਜਾਨਵਰਾਂ ਵਿਚਕਾਰ ਸ਼ਾਂਤੀ ਕਿਵੇਂ ਸੀ?
33 ਸੁਖ ਅਤੇ ਸ਼ਾਂਤੀ ਕਿਸ ਹੱਦ ਤਕ ਹੋਵੇਗੀ? ਯਹੋਵਾਹ ਨੇ ਭਵਿੱਖਬਾਣੀ ਦੇ ਇਸ ਆਖ਼ਰੀ ਹਿੱਸੇ ਵਿਚ ਕਿਹਾ: “ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ ਸੱਪ ਦੀ ਰੋਟੀ ਖ਼ਾਕ ਹੋਵੇਗੀ, ਓਹ ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ।” (ਯਸਾਯਾਹ 65:25) ਜਦੋਂ ਵਫ਼ਾਦਾਰ ਯਹੂਦੀ ਆਪਣੇ ਵਤਨ ਮੁੜੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ। ਕਿਹਾ ਜਾ ਸਕਦਾ ਹੈ ਕਿ ਸ਼ੇਰ ਨੇ ਬਲਦ ਵਾਂਗ ਘਾਹ-ਫੂਸ ਖਾਧਾ ਸੀ ਕਿਉਂਕਿ ਉਸ ਨੇ ਯਹੂਦੀਆਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਹਾਨੀ ਨਹੀਂ ਪਹੁੰਚਾਈ ਸੀ। ਇਹ ਵਾਅਦਾ ਪੱਕਾ ਸੀ ਕਿਉਂਕਿ ਅੰਤ ਵਿਚ ਲਿਖਿਆ ਸੀ “ਯਹੋਵਾਹ ਫ਼ਰਮਾਉਂਦਾ ਹੈ।” ਅਤੇ ਉਸ ਦਾ ਬਚਨ ਹਮੇਸ਼ਾ ਪੂਰਾ ਹੁੰਦਾ ਹੈ!—ਯਸਾਯਾਹ 55:10, 11.
34. ਯਹੋਵਾਹ ਦੇ ਸ਼ਬਦ ਅੱਜ ਕਿਵੇਂ ਪੂਰੇ ਹੋ ਰਹੇ ਹਨ ਅਤੇ ਨਵੇਂ ਸੰਸਾਰ ਵਿਚ ਕਿਵੇਂ ਪੂਰੇ ਹੋਣਗੇ?
34 ਯਹੋਵਾਹ ਦੇ ਸ਼ਬਦ ਅੱਜ ਸੱਚੇ ਉਪਾਸਕਾਂ ਵਿਚਕਾਰ ਬੜੇ ਸ਼ਾਨਦਾਰ ਤਰੀਕੇ ਵਿਚ ਪੂਰੇ ਹੋ ਰਹੇ ਹਨ। ਸੰਨ 1919 ਤੋਂ ਲੈ ਕੇ ਪਰਮੇਸ਼ੁਰ ਆਪਣੇ ਲੋਕਾਂ ਦੇ ਰੂਹਾਨੀ ਦੇਸ਼ ਨੂੰ ਬਰਕਤ ਦੇ ਰਿਹਾ ਹੈ ਅਤੇ ਉਸ ਨੂੰ ਰੂਹਾਨੀ ਫਿਰਦੌਸ ਵਿਚ ਬਦਲ ਰਿਹਾ ਹੈ। ਇਸ ਰੂਹਾਨੀ ਫਿਰਦੌਸ ਵਿਚ ਆਉਣ ਵਾਲੇ ਲੋਕ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਰਹੇ ਹਨ। (ਅਫ਼ਸੀਆਂ 4:22-24) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਉਹ ਲੋਕ ਜਿਨ੍ਹਾਂ ਦੇ ਸੁਭਾਅ ਜਾਨਵਰਾਂ ਵਰਗੇ ਹੁੰਦੇ ਸਨ ਅਤੇ ਜੋ ਸ਼ਾਇਦ ਦੂਸਰਿਆਂ ਉੱਤੇ ਜ਼ੁਲਮ ਕਰਦੇ ਸਨ, ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਤੀਜੇ ਵਜੋਂ ਉਹ ਇਕ ਦੂਜੇ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ਰੂਹਾਨੀ ਫਿਰਦੌਸ ਵਿਚ ਯਹੋਵਾਹ ਦੇ ਲੋਕ ਜਿਨ੍ਹਾਂ ਬਰਕਤਾਂ ਦਾ ਆਨੰਦ ਹੁਣ ਮਾਣਦੇ ਹਨ, ਉਹ ਉਨ੍ਹਾਂ ਨੂੰ ਅਸਲੀ ਫਿਰਦੌਸ ਵਿਚ ਵੀ ਮਿਲਣਗੀਆਂ। ਰੂਹਾਨੀ ਫਿਰਦੌਸ ਵਿਚ ਜੋ ਸ਼ਾਂਤੀ ਹੁਣ ਦੇਖੀ ਜਾਂਦੀ ਹੈ ਉਹ ਉਸ ਸਮੇਂ ਵੀ ਹੋਵੇਗੀ ਅਤੇ ਇਸ ਦੇ ਨਾਲ-ਨਾਲ ਜਾਨਵਰਾਂ ਨਾਲ ਵੀ ਸ਼ਾਂਤੀ ਹੋਵੇਗੀ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਠਹਿਰਾਏ ਗਏ ਸਮੇਂ ਤੇ ਜੋ ਕੰਮ ਉਸ ਨੇ ਮਨੁੱਖਜਾਤੀ ਨੂੰ ਪਹਿਲਾਂ ਸੌਂਪਿਆ ਸੀ ਉਹ ਪੂਰਾ ਕੀਤਾ ਜਾਵੇਗਾ: “ਧਰਤੀ ਨੂੰ . . . ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28.
35. ਸਾਡੇ ਕੋਲ ‘ਜੁੱਗੋ ਜੁੱਗ ਖੁਸ਼ੀ ਮਨਾਉਣ’ ਦੇ ਕਿਹੜੇ ਕਾਰਨ ਹਨ?
35 ਅਸੀਂ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਉਤਪੰਨ ਕਰਨ ਬਾਰੇ ਯਹੋਵਾਹ ਦੇ ਵਾਅਦੇ ਲਈ ਕਿੰਨੇ ਧੰਨਵਾਦੀ ਹਾਂ! ਇਹ ਵਾਅਦਾ 537 ਸਾ.ਯੁ.ਪੂ. ਵਿਚ ਪੂਰਾ ਹੋਇਆ ਸੀ ਅਤੇ ਅੱਜ ਵੀ ਪੂਰਾ ਹੋ ਰਿਹਾ ਹੈ। ਇਹ ਦੋ ਪੂਰਤੀਆਂ ਦਿਖਾਉਂਦੀਆਂ ਹਨ ਕਿ ਆਗਿਆਕਾਰ ਮਨੁੱਖਜਾਤੀ ਦਾ ਭਵਿੱਖ ਬਹੁਤ ਸ਼ਾਨਦਾਰ ਹੋਵੇਗਾ। ਯਹੋਵਾਹ ਨੇ ਯਸਾਯਾਹ ਦੀ ਭਵਿੱਖਬਾਣੀ ਰਾਹੀਂ ਪਿਆਰ ਨਾਲ ਸਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਹੈ ਜੋ ਉਸ ਦੇ ਪ੍ਰੇਮੀਆਂ ਲਈ ਤਿਆਰ ਕੀਤੀਆਂ ਗਈਆਂ ਹਨ। ਸਾਡੇ ਕੋਲ ਯਹੋਵਾਹ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇਣ ਦੇ ਬਹੁਤ ਕਾਰਨ ਹਨ: “ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ।”—ਯਸਾਯਾਹ 65:18.
[ਫੁਟਨੋਟ]
a ਕਈ ਲੋਕ ਸਮਝਦੇ ਹਨ ਕਿ ਇਹ ਪਾਪੀ ਲੋਕ ਕਬਰਸਤਾਨਾਂ ਵਿਚ ਮੁਰਦਿਆਂ ਨਾਲ ਗੱਲ-ਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੂਰ ਦਾ ਮਾਸ ਖਾਣ ਦਾ ਸੰਬੰਧ ਸ਼ਾਇਦ ਮੂਰਤੀ ਪੂਜਾ ਨਾਲ ਸੀ।
b ਚੌਥੀ ਸਦੀ ਵਿਚ ਜਿਰੋਮ ਨਾਂ ਦੇ ਬਾਈਬਲ ਦੇ ਇਕ ਅਨੁਵਾਦਕ ਦਾ ਜਨਮ ਹੋਇਆ ਸੀ। ਉਸ ਨੇ ਇਸ ਆਇਤ ਉੱਤੇ ਟਿੱਪਣੀ ਕਰਦੇ ਹੋਏ ਇਕ ਪੁਰਾਣੀ ਰੀਤ ਬਾਰੇ ਦੱਸਿਆ ਜੋ ਉਨ੍ਹਾਂ ਦੇ ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਦਿਨ ਵਿਚ ਮਨਾਈ ਜਾਂਦੀ ਸੀ। ਉਸ ਨੇ ਲਿਖਿਆ: “ਉਹ ਇਕ ਮੇਜ਼ ਤਿਆਰ ਕਰਦੇ ਸਨ ਜਿਸ ਉੱਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਅਤੇ ਮਿੱਠੀ ਮੈ ਦਾ ਇਕ ਪਿਆਲਾ ਹੁੰਦਾ ਸੀ। ਇਹ ਪਿਛਲੇ ਜਾਂ ਆਉਣ ਵਾਲੇ ਸਾਲ ਦੀ ਚੰਗੀ ਫ਼ਸਲ ਹੋਣ ਦੀ ਬਰਕਤ ਲਈ ਕੀਤਾ ਜਾਂਦਾ ਸੀ।”
c ਮਸੌਰਾ ਦੇ ਇਬਰਾਨੀ ਮੂਲ-ਪਾਠ ਵਿਚ ਯਸਾਯਾਹ 65:16 ਵਿਚ ਲਿਖਿਆ ਹੈ ਕਿ ਯਹੋਵਾਹ “ਆਮੀਨ ਦਾ ਪਰਮੇਸ਼ੁਰ ਹੈ।” “ਆਮੀਨ” ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ” ਜਾਂ “ਸੱਚ-ਮੁੱਚ।” ਇਹ ਗਾਰੰਟੀ ਦਿੰਦਾ ਹੈ ਕਿ ਕੋਈ ਗੱਲ ਸੱਚ ਹੈ ਜਾਂ ਉਹ ਸੱਚ-ਮੁੱਚ ਪੂਰੀ ਹੋ ਕੇ ਹੀ ਰਹੇਗੀ। ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰ ਕੇ ਦਿਖਾਉਂਦਾ ਹੈ ਕਿ ਜੋ ਕੁਝ ਉਹ ਕਹਿੰਦਾ ਹੈ ਉਹ ਸੱਚ ਹੁੰਦਾ ਹੈ।
d ਪਵਿੱਤਰ ਬਾਈਬਲ ਨਵਾਂ ਅਨੁਵਾਦ ਦੇ ਅਨੁਸਾਰ ਯਸਾਯਾਹ 65:20 ਵਿਚ ਲਿਖਿਆ ਹੈ: “ਅੱਗੇ ਤੋਂ ਬੱਚੇ ਆਪਣੇ ਬਚਪਨ ਵਿਚ ਮਰਨਗੇ ਨਹੀਂ, ਅਤੇ ਹਰ ਕੋਈ ਆਪਣੀ ਪੂਰੀ ਉਮਰ ਭੋਗ ਕੇ ਮਰੇਗਾ।”
e ਰੁੱਖ ਲੰਬੀ ਜ਼ਿੰਦਗੀ ਦੀ ਚੰਗੀ ਉਦਾਹਰਣ ਇਸ ਲਈ ਹੈ ਕਿ ਉਹ ਜੀਉਂਦੀਆਂ ਚੀਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਸਮਾਂ ਜੀਉਂਦੇ ਰਹਿੰਦੇ ਹਨ। ਮਿਸਾਲ ਲਈ, ਜ਼ੈਤੂਨ ਦਾ ਦਰਖ਼ਤ ਸੈਂਕੜਿਆਂ ਸਾਲਾਂ ਲਈ ਫਲ ਦਿੰਦਾ ਰਹਿੰਦਾ ਹੈ ਅਤੇ ਹਜ਼ਾਰਾਂ ਸਾਲਾਂ ਤਕ ਜੀ ਸਕਦਾ ਹੈ।
[ਸਫ਼ਾ 389 ਉੱਤੇ ਤਸਵੀਰ]
ਸਾਡੇ ਕੋਲ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਆਪਣੇ ਹੱਥਾਂ ਦੇ ਕੰਮ ਦਾ ਮਜ਼ਾ ਲੈਣ ਲਈ ਬਹੁਤ ਸਮਾਂ ਹੋਵੇਗਾ