ਯਹੋਵਾਹ ਦੇ ਦਿਨ ਨੂੰ ਲੋਚਦੇ ਰਹੋ
“ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ।”—2 ਪਤਰਸ 3:3.
1. ਆਧੁਨਿਕ ਸਮੇਂ ਦਾ ਇਕ ਮਸੀਹੀ ਕਿਹੜੀ ਤੀਬਰਤਾ ਦੀ ਭਾਵਨਾ ਰੱਖਦਾ ਸੀ?
ਛਿਆਹਟ ਸਾਲਾਂ ਤੋਂ ਜ਼ਿਆਦਾ ਸਮੇਂ ਲਈ ਸੇਵਾ ਕਰ ਰਹੇ ਇਕ ਪੂਰਣ-ਕਾਲੀ ਸੇਵਕ ਨੇ ਲਿਖਿਆ: “ਮੈਂ ਹਮੇਸ਼ਾ ਹੀ ਤੀਬਰਤਾ ਦੀ ਇਕ ਉਤਸੁਕ ਭਾਵਨਾ ਮਹਿਸੂਸ ਕੀਤੀ ਹੈ। ਮੇਰੀਆਂ ਸੋਚਾਂ ਵਿਚ ਆਰਮਾਗੇਡਨ ਭਲਕੇ ਹੀ ਆ ਰਿਹਾ ਹੈ। (ਪਰਕਾਸ਼ ਦੀ ਪੋਥੀ 16:14, 16) ਆਪਣੇ ਪਿਤਾ ਜੀ ਵਾਂਗ, ਅਤੇ ਉਸ ਤੋਂ ਪਹਿਲਾਂ ਆਪਣੇ ਦਾਦਾ ਜੀ ਵਾਂਗ, ਮੈਂ ‘ਯਹੋਵਾਹ ਦੇ ਦਿਨ ਦੇ ਆਉਣ ਨੂੰ ਲੋਚਦੇ ਹੋਏ,’ ਆਪਣਾ ਜੀਵਨ ਉਸੇ ਤਰ੍ਹਾਂ ਬਤੀਤ ਕੀਤਾ ਹੈ ਜਿਵੇਂ ਰਸੂਲ [ਪਤਰਸ] ਨੇ ਉਤੇਜਿਤ ਕੀਤਾ ਸੀ। ਮੈਂ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਨੂੰ ਹਮੇਸ਼ਾ ਇਕ ‘ਅਣਡਿੱਠ’ ਹਕੀਕਤ ਵਿਚਾਰਿਆ ਹੈ।”—2 ਪਤਰਸ 3:11, 12; ਇਬਰਾਨੀਆਂ 11:1; ਯਸਾਯਾਹ 11:6-9; ਪਰਕਾਸ਼ ਦੀ ਪੋਥੀ 21:3, 4.
2. ਯਹੋਵਾਹ ਦੇ ਦਿਨ ਨੂੰ ਲੋਚਦੇ ਰਹਿਣ ਦਾ ਕੀ ਅਰਥ ਹੈ?
2 ਯਹੋਵਾਹ ਦੇ ਦਿਨ ਦੇ ਸੰਬੰਧ ਵਿਚ ਪਤਰਸ ਦੇ ਸ਼ਬਦ “ਲੋਚਦੇ ਰਹੋ,” ਦਾ ਇਹ ਅਰਥ ਹੈ ਕਿ ਅਸੀਂ ਇਸ ਨੂੰ ਆਪਣੇ ਮਨਾਂ ਵਿੱਚੋਂ ਟਾਲ ਨਾ ਦੇਈਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਦਿਨ ਨਜ਼ਦੀਕ ਹੈ ਜਦੋਂ ਯਹੋਵਾਹ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਨੂੰ ਸਥਾਪਿਤ ਕਰਨ ਦੀ ਤਿਆਰੀ ਵਿਚ ਇਸ ਰੀਤੀ-ਵਿਵਸਥਾ ਨੂੰ ਨਸ਼ਟ ਕਰ ਦੇਵੇਗਾ। ਇਹ ਸਾਡੇ ਲਈ ਇੰਨਾ ਅਸਲੀ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਸਪੱਸ਼ਟ ਤੌਰ ਤੇ ਦੇਖਦੇ ਹਾਂ, ਜਿਵੇਂ ਕਿ ਇਹ ਐਨ ਸਾਡੇ ਸਾਮ੍ਹਣੇ ਹੀ ਹੈ। ਇਹ ਪਰਮੇਸ਼ੁਰ ਦੇ ਪ੍ਰਾਚੀਨ ਨਬੀਆਂ ਲਈ ਇੰਨਾ ਅਸਲੀ ਸੀ ਕਿ ਉਹ ਅਕਸਰ ਇਸ ਦੀ ਨੇੜਤਾ ਦਾ ਜ਼ਿਕਰ ਕਰਦੇ ਸਨ।—ਯਸਾਯਾਹ 13:6; ਯੋਏਲ 1:15; 2:1; ਓਬਦਯਾਹ 15; ਸਫ਼ਨਯਾਹ 1:7, 14.
3. ਯਹੋਵਾਹ ਦੇ ਦਿਨ ਦੇ ਸੰਬੰਧ ਵਿਚ ਪਤਰਸ ਦੀ ਸਲਾਹ ਨੂੰ ਜ਼ਾਹਰਾ ਤੌਰ ਤੇ ਕਿਹੜੀ ਗੱਲ ਨੇ ਪ੍ਰੇਰਿਆ ਸੀ?
3 ਪਤਰਸ ਨੇ ਸਾਨੂੰ ਯਹੋਵਾਹ ਦੇ ਦਿਨ ਨੂੰ ਇਉਂ ਵਿਚਾਰਨ ਲਈ ਕਿਉਂ ਉਤੇਜਿਤ ਕੀਤਾ ਸੀ ਕਿ ਮਾਨੋ ਇਹ “ਭਲਕੇ” ਹੀ ਆ ਸਕਦਾ ਹੈ? ਜ਼ਾਹਰਾ ਤੌਰ ਤੇ ਕਿਉਂਕਿ ਕੁਝ ਵਿਅਕਤੀ ਮਸੀਹ ਦੀ ਵਾਅਦਾ ਕੀਤੀ ਹੋਈ ਮੌਜੂਦਗੀ ਜਿਸ ਦੌਰਾਨ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਵੇਗੀ, ਦੇ ਵਿਚਾਰ ਨੂੰ ਠੱਠਿਆਂ ਵਿਚ ਉਡਾਉਣ ਲੱਗ ਪਏ ਸਨ। (2 ਪਤਰਸ 3:3, 4) ਇਸ ਲਈ ਆਪਣੀ ਦੂਜੀ ਪੱਤਰੀ ਦੇ ਅਧਿਆਇ 3 ਵਿਚ, ਜਿਸ ਦੀ ਅਸੀਂ ਹੁਣ ਚਰਚਾ ਕਰਾਂਗੇ, ਪਤਰਸ ਇਨ੍ਹਾਂ ਠੱਠਾ ਕਰਨ ਵਾਲਿਆਂ ਦੇ ਇਲਜ਼ਾਮਾਂ ਦਾ ਜਵਾਬ ਦਿੰਦਾ ਹੈ।
ਯਾਦ ਰੱਖਣ ਲਈ ਇਕ ਨਿੱਘੀ ਬੇਨਤੀ
4. ਪਤਰਸ ਕੀ ਚਾਹੁੰਦਾ ਹੈ ਕਿ ਅਸੀਂ ਯਾਦ ਰੱਖੀਏ?
4 ਪਤਰਸ ਦਾ ਆਪਣੇ ਭਰਾਵਾਂ ਦੇ ਲਈ ਸਨੇਹ, ਇਸ ਅਧਿਆਇ ਵਿਚ ਉਨ੍ਹਾਂ ਨੂੰ ਵਾਰ-ਵਾਰ “ਹੇ ਪਿਆਰਿਓ” ਕਹਿਣ ਤੋਂ ਪ੍ਰਦਰਸ਼ਿਤ ਹੁੰਦਾ ਹੈ। ਉਨ੍ਹਾਂ ਨੂੰ ਸਿਖਾਈਆਂ ਗਈਆਂ ਗੱਲਾਂ ਨਾ ਭੁੱਲਣ ਲਈ ਨਿੱਘ ਨਾਲ ਬੇਨਤੀ ਕਰਦੇ ਹੋਏ, ਪਤਰਸ ਆਰੰਭ ਕਰਦਾ ਹੈ: “ਹੇ ਪਿਆਰਿਓ, . . . ਮੈਂ ਤੁਹਾਨੂੰ . . . ਚੇਤੇ ਕਰਾ ਕੇ ਤੁਹਾਡੇ ਸਾਫ਼ ਚਿੱਤਾਂ ਨੂੰ ਪਰੇਰਦਾ ਹਾਂ। ਭਈ ਤੁਸੀਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ ਨਾਲੇ ਪ੍ਰਭੁ ਅਤੇ ਮੁਕਤੀ ਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਚੇਤੇ ਰੱਖੋ।”—2 ਪਤਰਸ 3:1, 2, 8, 14, 17; ਯਹੂਦਾਹ 17.
5. ਕੁਝ ਨਬੀਆਂ ਨੇ ਯਹੋਵਾਹ ਦੇ ਦਿਨ ਬਾਰੇ ਕੀ ਕਿਹਾ ਸੀ?
5 ਪਤਰਸ ਪਾਠਕਾਂ ਨੂੰ ਕਿਹੜੀਆਂ “ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ” ਸਨ, ਚੇਤੇ ਰੱਖਣ ਲਈ ਉਤੇਜਿਤ ਕਰਦਾ ਹੈ? ਉਹ ਗੱਲਾਂ ਜੋ ਰਾਜ ਸੱਤਾ ਵਿਚ ਮਸੀਹ ਦੀ ਮੌਜੂਦਗੀ ਅਤੇ ਅਧਰਮੀਆਂ ਦੇ ਨਿਆਉਂ ਬਾਰੇ ਸਨ। ਪਤਰਸ ਨੇ ਇਨ੍ਹਾਂ ਗੱਲਾਂ ਵੱਲ ਪਹਿਲਾਂ ਵੀ ਧਿਆਨ ਖਿੱਚਿਆ ਸੀ। (2 ਪਤਰਸ 1:16-19; 2:3-10) ਯਹੂਦਾਹ, ਹਨੋਕ ਦਾ ਜ਼ਿਕਰ ਕਰਦਾ ਹੈ, ਜੋ ਰਿਕਾਰਡ ਅਨੁਸਾਰ ਪਾਪੀਆਂ ਉੱਤੇ ਪਰਮੇਸ਼ੁਰ ਦੇ ਵਿਰੋਧੀ ਨਿਆਉਂ ਬਾਰੇ ਚੇਤਾਵਨੀ ਦੇਣ ਵਾਲਾ ਪਹਿਲਾ ਨਬੀ ਸੀ। (ਯਹੂਦਾਹ 14, 15) ਦੂਜੇ ਨਬੀਆਂ ਨੇ ਹਨੋਕ ਦੀ ਪੈਰਵੀ ਕੀਤੀ, ਅਤੇ ਪਤਰਸ ਨਹੀਂ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਦੁਆਰਾ ਲਿਖੀਆਂ ਗੱਲਾਂ ਨੂੰ ਭੁੱਲ ਜਾਈਏ।—ਯਸਾਯਾਹ 66:15, 16; ਸਫ਼ਨਯਾਹ 1:15-18; ਜ਼ਕਰਯਾਹ 14:6-9.
6. ਮਸੀਹ ਅਤੇ ਉਸ ਦੇ ਰਸੂਲਾਂ ਦੇ ਕਿਹੜੇ ਕਥਨ ਸਾਨੂੰ ਯਹੋਵਾਹ ਦੇ ਦਿਨ ਬਾਰੇ ਦੱਸਦੇ ਹਨ?
6 ਇਸ ਤੋਂ ਇਲਾਵਾ, ਪਤਰਸ ਆਪਣੇ ਪਾਠਕਾਂ ਨੂੰ “ਪ੍ਰਭੁ ਅਤੇ ਮੁਕਤੀ ਦਾਤੇ ਦੀ ਆਗਿਆ” ਨੂੰ ਯਾਦ ਰੱਖਣ ਲਈ ਕਹਿੰਦਾ ਹੈ। ਯਿਸੂ ਦੀ ਆਗਿਆ ਵਿਚ ਇਹ ਉਪਦੇਸ਼ ਸ਼ਾਮਲ ਹੈ: “ਖਬਰਦਾਰ ਰਹੋ ਭਈ . . . ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!” “ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ।” (ਲੂਕਾ 21:34-36; ਮਰਕੁਸ 13:33) ਪਤਰਸ ਸਾਨੂੰ ਰਸੂਲਾਂ ਦੇ ਕਥਨਾਂ ਉੱਤੇ ਵੀ ਧਿਆਨ ਦੇਣ ਲਈ ਉਤੇਜਿਤ ਕਰਦਾ ਹੈ। ਉਦਾਹਰਣ ਲਈ, ਰਸੂਲ ਪੌਲੁਸ ਨੇ ਲਿਖਿਆ: “[ਯਹੋਵਾਹ] ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਸੋ ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।”—1 ਥੱਸਲੁਨੀਕੀਆਂ 5:2, 6.
ਠੱਠਾ ਕਰਨ ਵਾਲਿਆਂ ਦੀਆਂ ਕਾਮਨਾਵਾਂ
7, 8. (ੳ) ਉਹ ਕਿਸ ਪ੍ਰਕਾਰ ਦੇ ਮਨੁੱਖ ਹਨ ਜੋ ਪਰਮੇਸ਼ੁਰ ਦੇ ਚੇਤਾਵਨੀ-ਸੂਚਕ ਸੰਦੇਸ਼ਾਂ ਨੂੰ ਠੱਠਿਆਂ ਵਿਚ ਉਡਾਉਂਦੇ ਹਨ? (ਅ) ਠੱਠਾ ਕਰਨ ਵਾਲੇ ਕੀ ਦਾਅਵਾ ਕਰਦੇ ਹਨ?
7 ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਪਤਰਸ ਦੀ ਨਸੀਹਤ ਦਾ ਕਾਰਨ ਇਹ ਹੈ ਕਿ ਕੁਝ ਵਿਅਕਤੀ ਅਜਿਹੀਆਂ ਚੇਤਾਵਨੀਆਂ ਨੂੰ ਠੱਠਿਆਂ ਵਿਚ ਉਡਾਉਣ ਲੱਗ ਪਏ ਸਨ, ਠੀਕ ਜਿਵੇਂ ਮੁਢਲੇ ਸਮੇਂ ਦੇ ਇਸਰਾਏਲੀਆਂ ਨੇ ਯਹੋਵਾਹ ਦੇ ਨਬੀਆਂ ਦਾ ਠੱਠਾ ਕੀਤਾ ਸੀ। (2 ਇਤਹਾਸ 36:16) ਪਤਰਸ ਵਿਆਖਿਆ ਕਰਦਾ ਹੈ: “ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।” (ਟੇਢੇ ਟਾਈਪ ਸਾਡੇ।) (2 ਪਤਰਸ 3:3) ਯਹੂਦਾਹ ਕਹਿੰਦਾ ਹੈ ਕਿ ਅਜਿਹੇ ਠੱਠਾ ਕਰਨ ਵਾਲਿਆਂ ਦੀਆਂ “ਸ਼ਤਾਨੀ ਕਾਮਨਾਂ” ਹਨ। ਉਹ ਉਨ੍ਹਾਂ ਨੂੰ “ਸਰੀਰਕ” ਸੱਦਦਾ ਹੈ “ਜਿਨ੍ਹਾਂ ਵਿੱਚ ਆਤਮਾ [“ਅਧਿਆਤਮਿਕਤਾ,” “ਨਿ ਵ”] ਨਹੀਂ” ਹੈ। (ਟੇਢੇ ਟਾਈਪ ਸਾਡੇ।)—ਯਹੂਦਾਹ 17-19.
8 ਉਹ ਝੂਠੇ ਗੁਰੂ ਜੋ ਪਤਰਸ ਕਹਿੰਦਾ ਹੈ “ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ,” ਸੰਭਵ ਹੈ ਕਿ ਇਨ੍ਹਾਂ ਠੱਠਾ ਕਰਨ ਵਾਲਿਆਂ ਵਿੱਚੋਂ ਹਨ ਜਿਨ੍ਹਾਂ ਵਿਚ ਅਧਿਆਤਮਿਕਤਾ ਨਹੀਂ ਹੈ। (2 ਪਤਰਸ 2:1, 10, 14) ਠੱਠਾ ਕਰਦੇ ਹੋਏ ਉਹ ਵਫ਼ਾਦਾਰ ਮਸੀਹੀਆਂ ਨੂੰ ਪੁੱਛਦੇ ਹਨ: “ਭਈ ਉਹ ਦੇ ਆਉਣ [“ਦੀ ਮੌਜੂਦਗੀ,” ਨਿ ਵ] ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।”—2 ਪਤਰਸ 3:4.
9. (ੳ) ਠੱਠਾ ਕਰਨ ਵਾਲੇ ਤੀਬਰਤਾ ਦੀ ਉਸ ਭਾਵਨਾ ਨੂੰ ਜੋ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਹੈ, ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਹਨ? (ਅ) ਯਹੋਵਾਹ ਦੇ ਦਿਨ ਨੂੰ ਲੋਚਦੇ ਰਹਿਣ ਨਾਲ ਸਾਡਾ ਬਚਾਉ ਕਿਵੇਂ ਹੋਵੇਗਾ?
9 ਇਹ ਠੱਠਾ ਕਿਉਂ? ਇਹ ਸੁਝਾਅ ਕਿਉਂ ਪੇਸ਼ ਹੈ ਕਿ ਮਸੀਹ ਦੀ ਮੌਜੂਦਗੀ ਸ਼ਾਇਦ ਕਦੇ ਵੀ ਨਾ ਹੋਵੇਗੀ, ਕਿ ਪਰਮੇਸ਼ੁਰ ਨੇ ਮਾਨਵੀ ਮਾਮਲਿਆਂ ਵਿਚ ਨਾ ਕਦੇ ਦਖ਼ਲ ਦਿੱਤੀ ਹੈ ਅਤੇ ਨਾ ਹੀ ਕਦੇ ਦੇਵੇਗਾ? ਉਸ ਤੀਬਰਤਾ ਦੀ ਭਾਵਨਾ, ਜੋ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਹੈ, ਨੂੰ ਕਮਜ਼ੋਰ ਕਰਨ ਦੁਆਰਾ, ਇਹ ਠੱਠਾ ਕਰਨ ਵਾਲੇ ਸਰੀਰਕ ਵਿਅਕਤੀ ਦੂਜੇ ਵਿਅਕਤੀਆਂ ਨੂੰ ਅਧਿਆਤਮਿਕ ਉਦਾਸੀਨਤਾ ਦੀ ਅਵਸਥਾ ਵਿਚ ਸੁਲਾ ਦੇਣਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸੁਆਰਥੀ ਵਰਗਲਾਹਟਾਂ ਲਈ ਸੌਖੇ ਸ਼ਿਕਾਰ ਬਣਾਉਂਦੇ ਹਨ। ਅੱਜ ਸਾਡੇ ਲਈ ਅਧਿਆਤਮਿਕ ਤੌਰ ਤੇ ਸਚੇਤ ਰਹਿਣ ਲਈ ਇਹ ਕਿੰਨਾ ਸ਼ਕਤੀਸ਼ਾਲੀ ਉਤਸ਼ਾਹ! ਅਸੀਂ ਯਹੋਵਾਹ ਦੇ ਦਿਨ ਨੂੰ ਲੋਚਦੇ ਰਹੀਏ ਅਤੇ ਹਮੇਸ਼ਾ ਯਾਦ ਰੱਖੀਏ ਕਿ ਉਸ ਦੀਆਂ ਨਜ਼ਰਾਂ ਸਾਡੇ ਉੱਤੇ ਹਨ! ਇੰਜ ਅਸੀਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਵਾਂਗੇ ਅਤੇ ਆਪਣੀ ਨੈਤਿਕ ਸ਼ੁੱਧਤਾ ਨੂੰ ਕਾਇਮ ਰੱਖਾਂਗੇ।—ਜ਼ਬੂਰ 11:4; ਯਸਾਯਾਹ 29:15; ਹਿਜ਼ਕੀਏਲ 8:12; 12:27; ਸਫ਼ਨਯਾਹ 1:12.
ਜਾਣ-ਬੁੱਝ ਕੇ ਕੀਤੇ ਗਏ ਘਿਰਣਾਯੋਗ ਕੰਮ
10. ਪਤਰਸ ਕਿਵੇਂ ਸਾਬਤ ਕਰਦਾ ਹੈ ਕਿ ਠੱਠਾ ਕਰਨ ਵਾਲੇ ਗ਼ਲਤ ਹਨ?
10 ਅਜਿਹੇ ਠੱਠਾ ਕਰਨ ਵਾਲੇ ਲੋਕ ਇਕ ਅਤਿ-ਮਹੱਤਵਪੂਰਣ ਹਕੀਕਤ ਨੂੰ ਅਣਡਿੱਠ ਕਰਦੇ ਹਨ। ਉਹ ਇਸ ਨੂੰ ਜਾਣ-ਬੁੱਝ ਕੇ ਅਣਡਿੱਠ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਇਹ ਹਕੀਕਤ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਉਂ? ਤਾਂਕਿ ਉਹ ਉਨ੍ਹਾਂ ਨੂੰ ਹੋਰ ਵੀ ਆਸਾਨੀ ਨਾਲ ਵਰਗਲਾ ਸਕਣ। ਪਤਰਸ ਲਿਖਦਾ ਹੈ ਕਿ “ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ।” (ਟੇਢੇ ਟਾਈਪ ਸਾਡੇ।) ਕਿਸ ਗੱਲ ਨੂੰ ਭੁਲਾ ਛੱਡਦੇ ਹਨ? “ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪਰਾਚੀਨਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਥਿਰ ਹੈ। ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।” (2 ਪਤਰਸ 3:5, 6) ਜੀ ਹਾਂ, ਨੂਹ ਦੇ ਸਮੇਂ ਦੀ ਜਲ-ਪਰਲੋ ਦੇ ਦੌਰਾਨ ਯਹੋਵਾਹ ਨੇ ਧਰਤੀ ਤੋਂ ਦੁਸ਼ਟਤਾਂ ਨੂੰ ਖ਼ਤਮ ਕੀਤਾ ਸੀ, ਇਕ ਅਜਿਹੀ ਹਕੀਕਤ ਜਿਸ ਉੱਤੇ ਯਿਸੂ ਨੇ ਵੀ ਜ਼ੋਰ ਦਿੱਤਾ ਸੀ। (ਮੱਤੀ 24:37-39; ਲੂਕਾ 17:26, 27; 2 ਪਤਰਸ 2:5) ਇਸ ਲਈ, ਠੱਠਾ ਕਰਨ ਵਾਲਿਆਂ ਦੇ ਕਹਿਣ ਦੇ ਉਲਟ, “ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ” ਜਾਰੀ ਨਹੀਂ ਰਿਹਾ ਹੈ।
11. ਮੁਢਲੇ ਮਸੀਹੀਆਂ ਦੀਆਂ ਕਿਹੜੀਆਂ ਅਗੇਤਰੀਆਂ ਆਸਾਂ ਕਾਰਨ ਕਈਆਂ ਨੇ ਉਨ੍ਹਾਂ ਦਾ ਠੱਠਾ ਕੀਤਾ?
11 ਸੰਭਵ ਹੈ ਕਿ ਠੱਠਾ ਕਰਨਾ ਵਾਲਿਆਂ ਨੇ ਵਫ਼ਾਦਾਰ ਮਸੀਹੀਆਂ ਦਾ ਠੱਠਾ ਕੀਤਾ ਹੋਵੇ ਕਿਉਂਕਿ ਇਨ੍ਹਾਂ ਦੀਆਂ ਉਮੀਦਾਂ ਅਜੇ ਅਧੂਰੀਆਂ ਸਨ। ਯਿਸੂ ਦੀ ਮੌਤ ਤੋਂ ਥੋੜ੍ਹਾ ਹੀ ਚਿਰ ਪਹਿਲਾਂ, ਉਸ ਦੇ ਚੇਲੇ “ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ।” ਫਿਰ, ਉਸ ਦੇ ਪੁਨਰ-ਉਥਾਨ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ ਕਿ ਕੀ ਉਸੇ ਵੇਲੇ ਹੀ ਰਾਜ ਬਹਾਲ ਕੀਤਾ ਜਾਵੇਗਾ। ਨਾਲੇ, ਪਤਰਸ ਵੱਲੋਂ ਆਪਣੀ ਦੂਜੀ ਪੱਤਰੀ ਲਿਖਣ ਤੋਂ ਕੁਝ ਦਸ ਸਾਲ ਪਹਿਲਾਂ, ਕੁਝ ਵਿਅਕਤੀ ਰਸੂਲ ਪੌਲੁਸ ਜਾਂ ਉਸ ਦੇ ਸਾਥੀਆਂ ਦੇ ਨਾਂ ਦੀ ਇਕ ਜਾਅਲੀ “ਬਾਣੀ” ਜਾਂ “ਪੱਤ੍ਰੀ” ਤੋਂ “ਘਾਬਰ” ਗਏ ਸੀ, “ਮਾਨੋ ਪ੍ਰਭੁ ਦਾ ਦਿਨ ਆਣ ਪੁੱਜਿਆ ਹੈ!” (ਲੂਕਾ 19:11; 2 ਥੱਸਲੁਨੀਕੀਆਂ 2:2; ਰਸੂਲਾਂ ਦੇ ਕਰਤੱਬ 1:6) ਪਰੰਤੂ, ਯਿਸੂ ਦੇ ਚੇਲਿਆਂ ਦੀਆਂ ਅਜਿਹੀਆਂ ਆਸਾਂ ਝੂਠੀਆਂ ਨਹੀਂ ਸਨ, ਕੇਵਲ ਅਗੇਤਰੀਆਂ ਹੀ ਸਨ। ਯਹੋਵਾਹ ਦਾ ਦਿਨ ਜ਼ਰੂਰ ਆਵੇਗਾ!
ਪਰਮੇਸ਼ੁਰ ਦਾ ਬਚਨ ਭਰੋਸੇਯੋਗ ਹੈ
12. ‘ਯਹੋਵਾਹ ਦੇ ਦਿਨ’ ਬਾਰੇ ਭਵਿੱਖਬਾਣੀਆਂ ਵਿਚ ਪਰਮੇਸ਼ੁਰ ਦਾ ਬਚਨ ਕਿਵੇਂ ਭਰੋਸੇਯੋਗ ਸਾਬਤ ਹੋਇਆ ਹੈ?
12 ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਮਸੀਹ-ਪੂਰਵ ਨਬੀਆਂ ਨੇ ਅਕਸਰ ਚੇਤਾਵਨੀ ਦਿੱਤੀ ਸੀ ਕਿ ਯਹੋਵਾਹ ਦੇ ਬਦਲੇ ਦਾ ਦਿਨ ਨੇੜੇ ਹੈ। ਛੋਟੇ ਪੈਮਾਨੇ ਤੇ, ‘ਯਹੋਵਾਹ ਦਾ ਦਿਨ’ 607 ਸਾ.ਯੁ.ਪੂ. ਵਿਚ ਆਇਆ ਸੀ ਜਦੋਂ ਯਹੋਵਾਹ ਨੇ ਆਪਣੇ ਜ਼ਿੱਦੀ ਲੋਕਾਂ ਤੋਂ ਬਦਲਾ ਲਿਆ ਸੀ। (ਸਫ਼ਨਯਾਹ 1:14-18) ਬਾਅਦ ਵਿਚ, ਦੂਜੀਆਂ ਕੌਮਾਂ ਨੇ ਵੀ, ਜਿਨ੍ਹਾਂ ਵਿਚ ਬਾਬਲ ਅਤੇ ਮਿਸਰ ਸ਼ਾਮਲ ਸਨ, ‘ਯਹੋਵਾਹ ਦੇ ਦਿਨ’ ਦਾ ਅਜਿਹਾ ਕਸ਼ਟ ਭੋਗਿਆ। (ਯਸਾਯਾਹ 13:6-9; ਯਿਰਮਿਯਾਹ 46:1-10; ਓਬਦਯਾਹ 15) ਪਹਿਲੀ ਸਦੀ ਦੀ ਯਹੂਦੀ ਰੀਤੀ-ਵਿਵਸਥਾ ਦਾ ਅੰਤ ਵੀ ਪੂਰਵ-ਸੂਚਿਤ ਕੀਤਾ ਗਿਆ ਸੀ, ਅਤੇ ਇਹ ਉਦੋਂ ਆਇਆ ਜਦੋਂ ਰੋਮੀ ਫ਼ੌਜਾਂ ਨੇ 70 ਸਾ.ਯੁ. ਵਿਚ ਯਹੂਦਿਯਾ ਨੂੰ ਉਜਾੜ ਦਿੱਤਾ ਸੀ। (ਲੂਕਾ 19:41-44; 1 ਪਤਰਸ 4:7) ਪਰੰਤੂ ਪਤਰਸ ਇਕ ਭਾਵੀ ‘ਯਹੋਵਾਹ ਦੇ ਦਿਨ’ ਵੱਲ ਸੰਕੇਤ ਕਰਦਾ ਹੈ, ਇਕ ਅਜਿਹਾ ਦਿਨ ਜਿਸ ਦੇ ਸਾਮ੍ਹਣੇ ਵਿਸ਼ਵ-ਵਿਆਪੀ ਜਲ-ਪਰਲੋ ਵੀ ਕੁਝ ਨਹੀਂ ਹੋਵੇਗੀ!
13. ਕਿਹੜੀ ਇਤਿਹਾਸਕ ਉਦਾਹਰਣ ਪ੍ਰਦਰਸ਼ਿਤ ਕਰਦੀ ਹੈ ਕਿ ਇਸ ਰੀਤੀ-ਵਿਵਸਥਾ ਦਾ ਅੰਤ ਨਿਸ਼ਚਿਤ ਹੈ?
13 ਪਤਰਸ ਉਸ ਆਉਣ ਵਾਲੇ ਵਿਨਾਸ਼ ਦਾ ਆਪਣਾ ਵਰਣਨ ਇਨ੍ਹਾਂ ਸ਼ਬਦਾਂ ਨਾਲ ਆਰੰਭ ਕਰਦਾ ਹੈ: “ਓਸੇ ਬਚਨ ਨਾਲ।” ਉਸ ਨੇ ਹੁਣੇ ਕਿਹਾ ਸੀ ਕਿ “ਪਰਮੇਸ਼ੁਰ ਦੇ ਬਚਨ ਨਾਲ,” ਜਲ-ਪਰਲੋ ਤੋਂ ਪਹਿਲਾਂ ਦੀ ਧਰਤੀ “ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ” ਸਥਿਰ ਸੀ। ਬਾਈਬਲ ਦੇ ਸ੍ਰਿਸ਼ਟੀ ਸੰਬੰਧੀ ਬਿਰਤਾਂਤ ਵਿਚ ਵਰਣਨ ਕੀਤੀ ਗਈ ਇਸ ਸਥਿਤੀ ਨੇ ਜਲ-ਪਰਲੋ ਨੂੰ ਮੁਮਕਿਨ ਬਣਾਇਆ ਜਦੋਂ ਪਰਮੇਸ਼ੁਰ ਦੁਆਰਾ ਨਿਰਦੇਸ਼ਨ, ਜਾਂ ਬਚਨ ਦੇਣ ਤੇ ਪਾਣੀ ਹੇਠਾਂ ਆ ਵਰ੍ਹੇ। ਪਤਰਸ ਅੱਗੇ ਕਹਿੰਦਾ ਹੈ: “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ [ਪਰਮੇਸ਼ੁਰ ਦੇ] ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” (2 ਪਤਰਸ 3:5-7; ਉਤਪਤ 1:6-8) ਇਸ ਬਾਰੇ ਸਾਡੇ ਕੋਲ ਯਹੋਵਾਹ ਦਾ ਭਰੋਸੇਯੋਗ ਬਚਨ ਹੈ! ਉਹ “ਅਕਾਸ਼ ਅਤੇ ਧਰਤੀ”—ਅਥਵਾ, ਇਸ ਰੀਤੀ-ਵਿਵਸਥਾ—ਨੂੰ ਆਪਣੇ ਮਹਾਨ ਦਿਨ ਦੇ ਤੱਤੇ ਕ੍ਰੋਧ ਵਿਚ ਭਸਮ ਕਰ ਦੇਵੇਗਾ! (ਸਫ਼ਨਯਾਹ 3:8) ਪਰੰਤੂ ਕਦੋਂ?
ਅੰਤ ਦੇ ਆਉਣ ਲਈ ਉਤਸੁਕਤਾ
14. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਹੁਣ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ?
14 ਯਿਸੂ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਅੰਤ ਕਦੋਂ ਆਵੇਗਾ, ਇਸ ਲਈ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” ਜ਼ਾਹਰਾ ਤੌਰ ਤੇ ਉਹ ਪੁੱਛ ਰਹੇ ਸਨ ਕਿ ਯਹੂਦੀ ਵਿਵਸਥਾ ਕਦੋਂ ਸਮਾਪਤ ਹੋਵੇਗੀ, ਪਰੰਤੂ ਯਿਸੂ ਦੇ ਜਵਾਬ ਨੇ ਮੁੱਖ ਤੌਰ ਤੇ ਇਸ ਵੱਲ ਧਿਆਨ ਖਿੱਚਿਆ ਕਿ ਮੌਜੂਦਾ ‘ਅਕਾਸ਼ ਅਤੇ ਧਰਤੀ’ ਕਦੋਂ ਨਸ਼ਟ ਕੀਤੇ ਜਾਣਗੇ। ਯਿਸੂ ਨੇ ਅਜਿਹੀਆਂ ਘਟਨਾਵਾਂ ਪੂਰਵ-ਸੂਚਿਤ ਕੀਤੀਆਂ ਜਿਵੇਂ ਕਿ ਵੱਡੀਆਂ ਲੜਾਈਆਂ, ਕਾਲ, ਭੁਚਾਲ, ਮਰੀਆਂ, ਅਤੇ ਅਪਰਾਧ। (ਮੱਤੀ 24:3-14, ਨਿ ਵ; ਲੂਕਾ 21:5-36) ਸਾਲ 1914 ਤੋਂ ਲੈ ਕੇ, ਅਸੀਂ ਉਸ ਲੱਛਣ ਨੂੰ ਪੂਰਾ ਹੁੰਦਾ ਦੇਖਿਆ ਹੈ ਜੋ ਯਿਸੂ ਨੇ “ਰੀਤੀ-ਵਿਵਸਥਾ ਦੀ ਸਮਾਪਤੀ” ਦੇ ਸੰਬੰਧ ਵਿਚ ਦਿੱਤਾ ਸੀ, ਨਾਲੇ ਰਸੂਲ ਪੌਲੁਸ ਦੁਆਰਾ ਜ਼ਿਕਰ ਕੀਤੀਆਂ ਘਟਨਾਵਾਂ ਵੀ ਜੋ “ਅੰਤ ਦਿਆਂ ਦਿਨਾਂ” ਦੀ ਸ਼ਨਾਖ਼ਤ ਕਰਨਗੀਆਂ। (2 ਤਿਮੋਥਿਉਸ 3:1-5) ਸੱਚ-ਮੁੱਚ, ਸਬੂਤ ਜ਼ੋਰਦਾਰ ਹੈ ਕਿ ਅਸੀਂ ਇਸ ਰੀਤੀ-ਵਿਵਸਥਾ ਦੇ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ!
15. ਯਿਸੂ ਦੀ ਚੇਤਾਵਨੀ ਦੇ ਬਾਵਜੂਦ ਮਸੀਹੀਆਂ ਦਾ ਕੀ ਕਰਨ ਵੱਲ ਝੁਕਾਉ ਰਿਹਾ ਹੈ?
15 ਯਹੋਵਾਹ ਦੇ ਗਵਾਹ ਇਹ ਜਾਣਨ ਲਈ ਉਤਸੁਕ ਰਹੇ ਹਨ ਕਿ ਯਹੋਵਾਹ ਦਾ ਦਿਨ ਕਦੋਂ ਆਵੇਗਾ। ਆਪਣੀ ਉਤਸੁਕਤਾ ਵਿਚ, ਉਨ੍ਹਾਂ ਨੇ ਸਮੇਂ-ਸਮੇਂ ਤੇ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਦੋਂ ਆਵੇਗਾ। ਪਰੰਤੂ ਇਵੇਂ ਕਰਨ ਦੁਆਰਾ, ਯਿਸੂ ਦੇ ਮੁਢਲੇ ਚੇਲਿਆਂ ਵਾਂਗ, ਉਹ ਆਪਣੇ ਸੁਆਮੀ ਦੀ ਚੇਤਾਵਨੀ ਵੱਲ ਧਿਆਨ ਦੇਣ ਵਿਚ ਅਸਫ਼ਲ ਹੋਏ ਹਨ ਕਿ ਅਸੀਂ ‘ਨਹੀਂ ਜਾਣਦੇ ਹਾਂ ਉਹ ਵੇਲਾ ਕਦ ਹੋਵੇਗਾ।’ (ਮਰਕੁਸ 13:32, 33) ਠੱਠਾ ਕਰਨ ਵਾਲਿਆਂ ਨੇ ਵਫ਼ਾਦਾਰ ਮਸੀਹੀਆਂ ਦੀਆਂ ਅਗੇਤਰੀਆਂ ਆਸਾਂ ਨੂੰ ਠੱਠਿਆਂ ਵਿਚ ਉਡਾਇਆ ਹੈ। (2 ਪਤਰਸ 3:3, 4) ਫਿਰ ਵੀ, ਪਤਰਸ ਦਾਅਵੇ ਨਾਲ ਕਹਿੰਦਾ ਹੈ ਕਿ ਯਹੋਵਾਹ ਦਾ ਦਿਨ, ਉਸ ਦੀ ਸਮਾਂ-ਸਾਰਣੀ ਅਨੁਸਾਰ ਜ਼ਰੂਰ ਆਵੇਗਾ।
ਯਹੋਵਾਹ ਦਾ ਦ੍ਰਿਸ਼ਟੀਕੋਣ ਰੱਖਣ ਦੀ ਲੋੜ
16. ਅਸੀਂ ਕਿਹੜੀ ਸਲਾਹ ਵੱਲ ਬੁੱਧੀਮਤਾ ਨਾਲ ਧਿਆਨ ਦਿੰਦੇ ਹਾਂ?
16 ਸਾਨੂੰ ਸਮੇਂ ਬਾਰੇ ਯਹੋਵਾਹ ਦਾ ਦ੍ਰਿਸ਼ਟੀਕੋਣ ਰੱਖਣ ਦੀ ਲੋੜ ਹੈ, ਜਿਵੇਂ ਸਾਨੂੰ ਹੁਣ ਪਤਰਸ ਯਾਦ ਦਿਲਾਉਂਦਾ ਹੈ: “ਹੇ ਪਿਆਰਿਓ, ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ।” ਇਸ ਦੀ ਤੁਲਨਾ ਵਿਚ, ਸਾਡਾ 70 ਜਾਂ 80 ਸਾਲਾਂ ਦਾ ਜੀਵਨ ਕਿੰਨਾ ਛੋਟਾ ਹੈ! (2 ਪਤਰਸ 3:8; ਜ਼ਬੂਰ 90:4, 10) ਸੋ ਜੇਕਰ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਵਿਚ ਦੇਰ ਹੁੰਦੀ ਜਾਪਦੀ ਹੈ, ਤਾਂ ਸਾਨੂੰ ਪਰਮੇਸ਼ੁਰ ਦੇ ਨਬੀ ਦੀ ਨਸੀਹਤ ਸਵੀਕਾਰ ਕਰਨੀ ਚਾਹੀਦੀ ਹੈ: “ਭਾਵੇਂ ਉਹ [ਨਿਯਤ ਸਮਾਂ] ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਟੇਢੇ ਟਾਈਪ ਸਾਡੇ।)—ਹਬੱਕੂਕ 2:3.
17. ਭਾਵੇਂ ਕਿ ਅੰਤਿਮ ਦਿਨ ਅਨੇਕਾਂ ਦੀ ਉਮੀਦ ਨਾਲੋਂ ਜ਼ਿਆਦਾ ਚਿਰ ਜਾਰੀ ਰਹੇ ਹਨ, ਅਸੀਂ ਕਿਸ ਚੀਜ਼ ਬਾਰੇ ਨਿਸ਼ਚਿਤ ਹੋ ਸਕਦੇ ਹਾਂ?
17 ਇਸ ਵਿਵਸਥਾ ਦੇ ਅੰਤਿਮ ਦਿਨ ਅਨੇਕਾਂ ਦੀ ਉਮੀਦ ਨਾਲੋਂ ਜ਼ਿਆਦਾ ਚਿਰ ਕਿਉਂ ਜਾਰੀ ਰਹੇ ਹਨ? ਇਕ ਵਧੀਆ ਕਾਰਨ ਲਈ, ਜਿਵੇਂ ਪਤਰਸ ਅੱਗੇ ਸਮਝਾਉਂਦਾ ਹੈ: “[ਯਹੋਵਾਹ] ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਯਹੋਵਾਹ ਹਰੇਕ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਰੀ ਮਨੁੱਖਜਾਤੀ ਦਾ ਭਲਾ ਸੋਚਦਾ ਹੈ। ਉਸ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਚਿੰਤਾ ਹੈ, ਜਿਵੇਂ ਉਹ ਕਹਿੰਦਾ ਹੈ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।” (ਹਿਜ਼ਕੀਏਲ 33:11) ਇਸ ਲਈ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਾਡੇ ਸਰਬ-ਬੁੱਧੀਮਾਨ, ਪ੍ਰੇਮਮਈ ਸ੍ਰਿਸ਼ਟੀਕਰਤਾ ਦੇ ਮਕਸਦ ਨੂੰ ਪੂਰਾ ਕਰਨ ਲਈ, ਅੰਤ ਬਿਲਕੁਲ ਠੀਕ ਸਮੇਂ ਤੇ ਆਵੇਗਾ!
ਕੀ ਜਾਂਦਾ ਰਹੇਗਾ?
18, 19. (ੳ) ਯਹੋਵਾਹ ਇਸ ਰੀਤੀ-ਵਿਵਸਥਾ ਨੂੰ ਨਸ਼ਟ ਕਰਨ ਲਈ ਕਿਉਂ ਦ੍ਰਿੜ੍ਹ ਹੈ? (ਅ) ਪਤਰਸ ਇਸ ਵਿਵਸਥਾ ਦੇ ਅੰਤ ਦਾ ਕਿਵੇਂ ਵਰਣਨ ਕਰਦਾ ਹੈ, ਅਤੇ ਅਸਲ ਵਿਚ ਕੀ ਨਸ਼ਟ ਕੀਤਾ ਜਾਵੇਗਾ?
18 ਕਿਉਂਕਿ ਯਹੋਵਾਹ ਉਨ੍ਹਾਂ ਨਾਲ ਸੱਚ-ਮੁੱਚ ਪ੍ਰੇਮ ਕਰਦਾ ਹੈ ਜੋ ਉਸ ਦੀ ਸੇਵਾ ਕਰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਨਸ਼ਟ ਕਰ ਦੇਵੇਗਾ ਜੋ ਇਨ੍ਹਾਂ ਨੂੰ ਦੁਖੀ ਕਰਦੇ ਹਨ। (ਜ਼ਬੂਰ 37:9-11, 29) ਇਸ ਗੱਲ ਦਾ ਧਿਆਨ ਰੱਖਦੇ ਹੋਏ ਜਿਵੇਂ ਪੌਲੁਸ ਨੇ ਵੀ ਪਹਿਲਾਂ ਧਿਆਨ ਰੱਖਿਆ ਸੀ, ਕਿ ਇਹ ਵਿਨਾਸ਼ ਅਚਾਨਕ ਹੀ ਆਵੇਗਾ, ਪਤਰਸ ਲਿਖਦਾ ਹੈ: “[ਯਹੋਵਾਹ] ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ [‘ਜ਼ਾਹਰ ਕੀਤੀ ਜਾਵੇਗੀ,’ ਨਿ ਵ]।” (2 ਪਤਰਸ 3:10; 1 ਥੱਸਲੁਨੀਕੀਆਂ 5:2) ਅਸਲੀ ਆਕਾਸ਼ ਅਤੇ ਧਰਤੀ ਜਲ-ਪਰਲੋ ਵਿਚ ਨਸ਼ਟ ਨਹੀਂ ਹੋਏ ਸਨ, ਨਾ ਹੀ ਉਹ ਯਹੋਵਾਹ ਦੇ ਦਿਨ ਵਿਚ ਹੋਣਗੇ। ਫਿਰ, ਕੀ ‘ਜਾਂਦਾ ਰਹੇਗਾ,’ ਜਾਂ ਨਸ਼ਟ ਹੋਵੇਗਾ?
19 ਮਾਨਵੀ ਸਰਕਾਰਾਂ ਜੋ ਮਨੁੱਖਜਾਤੀ ਉੱਤੇ “ਅਕਾਸ਼” ਵਾਂਗ ਹਾਵੀ ਹੋਈਆਂ ਹਨ ਸਮਾਪਤ ਹੋ ਜਾਣਗੀਆਂ, ਨਾਲੇ “ਧਰਤੀ” ਵੀ ਸਮਾਪਤ ਹੋ ਜਾਵੇਗੀ, ਅਥਵਾ ਮਾਨਵੀ ਕੁਧਰਮੀ ਸਮਾਜ। ‘ਸਰਨਾਟਾ’ ਸ਼ਾਇਦ ਆਕਾਸ਼ ਦੀ ਤੇਜ਼ ਸਮਾਪਤੀ ਨੂੰ ਸੰਕੇਤ ਕਰਦਾ ਹੈ। “ਮੂਲ ਵਸਤਾਂ” ਜਿਨ੍ਹਾਂ ਨਾਲ ਅੱਜ ਦਾ ਢਹਿ ਰਿਹਾ ਮਾਨਵੀ ਸਮਾਜ ਬਣਿਆ ਹੋਇਆ ਹੈ “ਢਲ ਜਾਣਗੀਆਂ,” ਜਾਂ ਨਸ਼ਟ ਕੀਤੀਆਂ ਜਾਣਗੀਆਂ। ਅਤੇ “ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ [‘ਜ਼ਾਹਰ ਕੀਤੀ ਜਾਵੇਗੀ,’ ਨਿ ਵ]।” ਯਹੋਵਾਹ ਪੂਰੀ ਤਰ੍ਹਾਂ ਮਨੁੱਖਾਂ ਦੀਆਂ ਦੁਸ਼ਟ ਕਾਰਾਗਰੀਆਂ ਦਾ ਭੇਤ ਖੋਲ੍ਹ ਦੇਵੇਗਾ ਜਿਉਂ ਹੀ ਉਹ ਪੂਰੀ ਸੰਸਾਰ ਵਿਵਸਥਾ ਦਾ ਜਾਇਜ਼ ਅੰਤ ਕਰੇਗਾ।
ਆਪਣੀ ਆਸ ਲਗਾਈ ਰੱਖੋ
20. ਆਉਣ ਵਾਲੀਆਂ ਘਟਨਾਵਾਂ ਬਾਰੇ ਸਾਡੇ ਗਿਆਨ ਦਾ ਸਾਡੇ ਜੀਵਨਾਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
20 ਇਹ ਦੇਖਦੇ ਹੋਏ ਕਿ ਇਹ ਨਾਟਕੀ ਘਟਨਾਵਾਂ ਨਜ਼ਦੀਕ ਹਨ, ਪਤਰਸ ਕਹਿੰਦਾ ਹੈ ਕਿ ਸਾਨੂੰ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ” ਲੱਗੇ ਰਹਿਣਾ “ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ” ਰਹਿਣਾ ਚਾਹੀਦਾ ਹੈ। ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ ਹੈ! “ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।” (2 ਪਤਰਸ 3:11, 12) ਕਿਉਂ ਜੋ ਇਹ ਘਟਨਾਵਾਂ ਭਲਕੇ ਹੀ ਆਰੰਭ ਹੋ ਸਕਦੀਆਂ ਹਨ, ਇਸ ਲਈ ਇਸ ਦਾ ਹਰ ਕੰਮ ਉੱਤੇ ਪ੍ਰਭਾਵ ਪੈਣਾ ਚਾਹੀਦਾ ਹੈ ਜੋ ਅਸੀਂ ਕਰਦੇ ਜਾਂ ਕਰਨ ਦੀ ਯੋਜਨਾ ਬਣਾਉਂਦੇ ਹਾਂ।
21. ਮੌਜੂਦਾ ਆਕਾਸ਼ ਅਤੇ ਧਰਤੀ ਦੀ ਥਾਂ ਤੇ ਕੀ ਹੋਵੇਗਾ?
21 ਪਤਰਸ ਹੁਣ ਇਹ ਕਹਿੰਦੇ ਹੋਏ ਸਾਨੂੰ ਦੱਸਦਾ ਹੈ ਕਿ ਪੁਰਾਣੀ ਵਿਵਸਥਾ ਦੀ ਥਾਂ ਤੇ ਕੀ ਆਵੇਗਾ: “ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13; ਯਸਾਯਾਹ 65:17) ਵਾਹ, ਕਿੰਨੀ ਵੱਡੀ ਰਾਹਤ! ਮਸੀਹ ਅਤੇ ਉਸ ਦੇ 1,44,000 ਸੰਗੀ ਸ਼ਾਸਕ ਇਕ ‘ਨਵਾਂ’ ਸਰਕਾਰੀ “ਅਕਾਸ਼” ਬਣਨਗੇ, ਅਤੇ “ਨਵੀਂ ਧਰਤੀ” ਉਨ੍ਹਾਂ ਲੋਕਾਂ ਦੀ ਬਣੀ ਹੋਵੇਗੀ ਜੋ ਇਸ ਸੰਸਾਰ ਦੇ ਅੰਤ ਤੋਂ ਬਚ ਜਾਣਗੇ।—1 ਯੂਹੰਨਾ 2:17; ਪਰਕਾਸ਼ ਦੀ ਪੋਥੀ 5:9, 10; 14:1, 3.
ਤੀਬਰਤਾ ਦੀ ਭਾਵਨਾ ਅਤੇ ਨੈਤਿਕ ਸ਼ੁੱਧਤਾ ਨੂੰ ਕਾਇਮ ਰੱਖੋ
22. (ੳ) ਕਿਸੇ ਵੀ ਅਧਿਆਤਮਿਕ ਦਾਗ਼ ਜਾਂ ਧੱਬਾ ਲੱਗਣ ਤੋਂ ਬਚ ਜਾਣ ਵਿਚ ਸਾਡੀ ਕੀ ਮਦਦ ਕਰੇਗਾ? (ਅ) ਪਤਰਸ ਕਿਹੜੇ ਖ਼ਤਰੇ ਬਾਰੇ ਚੇਤਾਵਨੀ ਦਿੰਦਾ ਹੈ?
22 ਪਤਰਸ ਅੱਗੇ ਕਹਿੰਦਾ ਹੈ: “ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ। ਅਤੇ ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” ਉਤਸੁਕਤਾ ਦੇ ਨਾਲ ਉਡੀਕ ਕਰਦੇ ਰਹਿਣਾ ਅਤੇ ਯਹੋਵਾਹ ਦੇ ਦਿਨ ਦੇ ਆਉਣ ਵਿਚ ਜਾਪਦੀ ਕੋਈ ਵੀ ਦੇਰੀ ਨੂੰ ਈਸ਼ਵਰੀ ਧੀਰਜ ਦਾ ਇਕ ਪ੍ਰਗਟਾਵਾ ਸਮਝਣਾ, ਕਿਸੇ ਵੀ ਅਧਿਆਤਮਿਕ ਦਾਗ਼ ਜਾਂ ਧੱਬਾ ਲੱਗਣ ਤੋਂ ਬਚ ਜਾਣ ਵਿਚ ਸਾਡੀ ਮਦਦ ਕਰੇਗਾ। ਫਿਰ ਵੀ, ਖ਼ਤਰਾ ਹੈ! ਪਤਰਸ ਚੇਤਾਵਨੀ ਦਿੰਦਾ ਹੈ ਕਿ “ਸਾਡੇ ਪਿਆਰੇ ਭਾਈ ਪੌਲੁਸ” ਦੀਆਂ ਲਿਖਤਾਂ ਵਿਚ “ਕਈਆਂ ਗੱਲਾਂ ਦਾ ਸਮਝਣਾ ਔਖਾ ਹੈ ਜਿਨ੍ਹਾਂ ਨੂੰ ਕਚਘਰੜ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ ਜਿਵੇਂ ਓਹ ਹੋਰਨਾਂ ਲਿਖਤਾਂ ਨੂੰ ਭੀ ਕਰਦੇ ਹਨ।”—2 ਪਤਰਸ 3:14-16.
23. ਪਤਰਸ ਦੀ ਸਮਾਪਤੀ ਨਸੀਹਤ ਕੀ ਹੈ?
23 ਜ਼ਾਹਰਾ ਤੌਰ ਤੇ ਝੂਠੇ ਗੁਰੂਆਂ ਨੇ ਅਯੋਗ ਦਿਆਲਗੀ ਬਾਰੇ ਪੌਲੁਸ ਦੀਆਂ ਲਿਖਤਾਂ ਨੂੰ ਤੋੜਿਆ ਮਰੋੜਿਆ ਸੀ, ਅਤੇ ਇਨ੍ਹਾਂ ਨੂੰ ਲੁੱਚਪੁਣੇ ਲਈ ਬਹਾਨੇ ਵਜੋਂ ਇਸਤੇਮਾਲ ਕੀਤਾ ਸੀ। ਸ਼ਾਇਦ ਪਤਰਸ ਦੇ ਮਨ ਵਿਚ ਇਹੀ ਗੱਲ ਹੈ ਜਦੋਂ ਉਹ ਆਪਣੀ ਵਿਦਾਇਗੀ ਨਸੀਹਤ ਲਿਖਦਾ ਹੈ: “ਸੋ ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।” ਫਿਰ ਉਹ ਆਪਣੀ ਪੱਤਰੀ ਇਸ ਉਤਸ਼ਾਹ ਨਾਲ ਸਮਾਪਤ ਕਰਦਾ ਹੈ: “ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ।”—2 ਪਤਰਸ 3:17, 18.
24. ਯਹੋਵਾਹ ਦੇ ਸਾਰੇ ਸੇਵਕਾਂ ਨੂੰ ਕਿਹੜਾ ਰਵੱਈਆ ਅਪਣਾਉਣਾ ਚਾਹੀਦਾ ਹੈ?
24 ਸਪੱਸ਼ਟ ਤੌਰ ਤੇ, ਪਤਰਸ ਆਪਣੇ ਭਰਾਵਾਂ ਨੂੰ ਤਕੜੇ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਾਰੇ ਉਹੀ ਰਵੱਈਆ ਅਪਣਾਉਣ ਜੋ ਆਰੰਭ ਵਿਚ ਜ਼ਿਕਰ ਕੀਤੇ ਗਏ 82-ਸਾਲਾ ਵਫ਼ਾਦਾਰ ਗਵਾਹ ਨੇ ਪ੍ਰਗਟ ਕੀਤਾ ਸੀ: “ਮੈਂ ਆਪਣਾ ਜੀਵਨ ਉਸੇ ਤਰ੍ਹਾਂ ਬਤੀਤ ਕੀਤਾ ਹੈ ਜਿਵੇਂ ਰਸੂਲ ਨੇ ਉਤੇਜਿਤ ਕੀਤਾ ਸੀ, ਅਰਥਾਤ ਮੈਂ ‘ਯਹੋਵਾਹ ਦੇ ਉਸ ਦਿਨ ਦੇ ਆਉਣ ਨੂੰ ਲੋਚਦਾ ਰਹਿੰਦਾ ਹਾਂ।’ ਮੈਂ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਨੂੰ ਹਮੇਸ਼ਾ ਇਕ ‘ਅਣਡਿੱਠ’ ਹਕੀਕਤ ਵਿਚਾਰਿਆ ਹੈ।” ਅਸੀਂ ਸਾਰੇ ਆਪਣਾ ਜੀਵਨ ਇਵੇਂ ਹੀ ਬਤੀਤ ਕਰੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਦੇ ਦਿਨ ਨੂੰ ‘ਲੋਚਦੇ ਰਹਿਣ’ ਦਾ ਕੀ ਅਰਥ ਹੈ?
◻ ਠੱਠਾ ਕਰਨ ਵਾਲੇ ਜਾਣ-ਬੁੱਝ ਕੇ ਕਿਹੜੀ ਗੱਲ ਨੂੰ ਅਣਡਿੱਠ ਕਰਦੇ ਹਨ, ਅਤੇ ਕਿਉਂ?
◻ ਠੱਠਾ ਕਰਨ ਵਾਲਿਆਂ ਨੇ ਕਿਸ ਕਾਰਨ ਵਫ਼ਾਦਾਰ ਮਸੀਹੀਆਂ ਦਾ ਠੱਠਾ ਕੀਤਾ ਹੈ?
◻ ਸਾਨੂੰ ਕਿਹੜਾ ਦ੍ਰਿਸ਼ਟੀਕੋਣ ਕਾਇਮ ਰੱਖਣਾ ਚਾਹੀਦਾ ਹੈ?
[ਸਫ਼ੇ 21 ਉੱਤੇ ਤਸਵੀਰ]
ਯਹੋਵਾਹ ਦੇ ਦਿਨ ਨੂੰ ਲੋਚਦੇ ਰਹੋ . . .
[ਸਫ਼ੇ 22 ਉੱਤੇ ਤਸਵੀਰ]
. . . ਅਤੇ ਉਸ ਮਗਰੋਂ ਆਉਣ ਵਾਲੇ ਨਵੇਂ ਸੰਸਾਰ ਨੂੰ ਲੋਚਦੇ ਰਹੋ