ਆਓ ਅਸੀਂ ਆਪਣੀ ਬਹੁਮੁੱਲੀ ਨਿਹਚਾ ਨੂੰ ਫੜੀ ਰੱਖੀਏ!
“ਉਨ੍ਹਾਂ ਨੂੰ ਜਿਹੜੇ . . . ਸਾਡੇ ਸਮਾਨ ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ।”—2 ਪਤਰਸ 1:1.
1. ਯਿਸੂ ਨੇ ਆਪਣੇ ਰਸੂਲਾਂ ਨੂੰ ਚੇਤਾਵਨੀ ਵਜੋਂ ਕੀ ਕਿਹਾ, ਪਰੰਤੂ ਪਤਰਸ ਨੇ ਕੀ ਸ਼ੇਖੀ ਮਾਰੀ ਸੀ?
ਯਿਸੂ ਦੀ ਮੌਤ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ, ਉਸ ਨੇ ਕਿਹਾ ਕਿ ਉਸ ਦੇ ਸਾਰੇ ਰਸੂਲ ਉਸ ਨੂੰ ਠੁਕਰਾ ਦੇਣਗੇ। ਉਨ੍ਹਾਂ ਵਿੱਚੋਂ ਇਕ ਰਸੂਲ, ਪਤਰਸ ਨੇ ਸ਼ੇਖੀ ਮਾਰੀ: “ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ।” (ਟੇਢੇ ਟਾਈਪ ਸਾਡੇ।) (ਮੱਤੀ 26:33) ਪਰੰਤੂ ਯਿਸੂ ਉਲਟ ਜਾਣਦਾ ਸੀ। ਇਸ ਕਾਰਨ ਉਸ ਨੇ ਪਤਰਸ ਨੂੰ ਉਸੇ ਮੌਕੇ ਤੇ ਦੱਸਿਆ: “ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।”—ਲੂਕਾ 22:32.
2. ਪਤਰਸ ਦੇ ਅਤਿ-ਵਿਸ਼ਵਾਸ ਦੇ ਬਾਵਜੂਦ, ਉਸ ਦੇ ਕਿਹੜੇ ਕੰਮਾਂ ਨੇ ਜ਼ਾਹਰ ਕੀਤਾ ਕਿ ਉਸ ਦੀ ਨਿਹਚਾ ਕਮਜ਼ੋਰ ਸੀ?
2 ਪਤਰਸ, ਜੋ ਆਪਣੀ ਨਿਹਚਾ ਦੇ ਸੰਬੰਧ ਵਿਚ ਅਤਿ-ਵਿਸ਼ਵਾਸੀ ਹੋ ਗਿਆ ਸੀ, ਨੇ ਯਿਸੂ ਦਾ ਉਸੇ ਰਾਤ ਇਨਕਾਰ ਕੀਤਾ। ਉਹ ਤਿੰਨ ਵਾਰੀ ਮੁੱਕਰ ਗਿਆ ਕਿ ਉਹ ਮਸੀਹ ਨੂੰ ਕਦੇ ਜਾਣਦਾ ਵੀ ਸੀ! (ਮੱਤੀ 26:69-75) ਜਦੋਂ ਉਹ ‘ਮੁੜਿਆ,’ ਤਾਂ ਉਸ ਦੇ ਸੁਆਮੀ ਦੇ ਲਫਜ਼ “ਆਪਣਿਆਂ ਭਾਈਆਂ ਨੂੰ ਤਕੜੇ ਕਰੀਂ,” ਉਸ ਦੇ ਕੰਨਾਂ ਵਿਚ ਉੱਚੀ-ਉੱਚੀ ਅਤੇ ਸਾਫ਼-ਸਾਫ਼ ਗੂੰਜੇ ਹੋਣਗੇ। ਪਤਰਸ ਦਾ ਬਾਕੀ ਜੀਵਨ ਉਸ ਨਸੀਹਤ ਤੋਂ ਗਹਿਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਵੇਂ ਉਸ ਦੁਆਰਾ ਲਿਖੀਆਂ ਗਈਆਂ ਦੋ ਪੱਤਰੀਆਂ ਤੋਂ ਸਪੱਸ਼ਟ ਹੁੰਦਾ ਹੈ, ਜਿਹੜੀਆਂ ਬਾਈਬਲ ਵਿਚ ਸੰਭਾਲ ਰੱਖੀਆਂ ਗਈਆਂ ਹਨ।
ਪਤਰਸ ਨੇ ਕਿਉਂ ਆਪਣੀਆਂ ਪੱਤਰੀਆਂ ਲਿਖੀਆਂ
3. ਪਤਰਸ ਨੇ ਆਪਣੀ ਪਹਿਲੀ ਪੱਤਰੀ ਕਿਉਂ ਲਿਖੀ ਸੀ?
3 ਯਿਸੂ ਦੀ ਮੌਤ ਤੋਂ ਕੁਝ 30 ਸਾਲ ਬਾਅਦ, ਪਤਰਸ ਨੇ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ, ਅਰਥਾਤ ਉਹ ਇਲਾਕੇ ਜੋ ਹੁਣ ਉੱਤਰੀ ਅਤੇ ਪੱਛਮੀ ਤੁਰਕੀ ਹਨ, ਵਿਚ ਵਸਦੇ ਆਪਣੇ ਭਾਈਆਂ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਪਹਿਲੀ ਪੱਤਰੀ ਲਿਖੀ। (1 ਪਤਰਸ 1:1) ਯਹੂਦੀ ਲੋਕ, ਜਿਨ੍ਹਾਂ ਵਿੱਚੋਂ ਕਈ ਸ਼ਾਇਦ 33 ਸਾ.ਯੁ. ਦੇ ਪੰਤੇਕੁਸਤ ਤੇ ਮਸੀਹੀ ਬਣੇ ਹੋਣਗੇ, ਬਿਨਾਂ ਸ਼ੱਕ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਪਤਰਸ ਨੇ ਸੰਬੋਧਨ ਕੀਤਾ ਸੀ। (ਰਸੂਲਾਂ ਦੇ ਕਰਤੱਬ 2:1, 7-9) ਅਨੇਕ ਗ਼ੈਰ-ਯਹੂਦੀ ਸਨ ਜੋ ਵਿਰੋਧੀਆਂ ਦੇ ਹੱਥੋਂ ਅਗਨਮਈ ਅਜ਼ਮਾਇਸ਼ਾਂ ਸਹਿਣ ਕਰ ਰਹੇ ਸਨ। (1 ਪਤਰਸ 1:6, 7; 2:12, 19, 20; 3:13-17; 4:12-14) ਇਸ ਲਈ ਪਤਰਸ ਨੇ ਇਨ੍ਹਾਂ ਭਰਾਵਾਂ ਨੂੰ ਹੌਸਲਾ ਦੇਣ ਲਈ ਲਿਖਿਆ ਸੀ। ਉਸ ਦਾ ਉਦੇਸ਼ ਉਨ੍ਹਾਂ ਨੂੰ “[ਆਪਣੀ] ਨਿਹਚਾ ਦਾ ਫਲ ਅਰਥਾਤ [ਆਪਣੀਆਂ] ਜਾਨਾਂ ਦੀ ਮੁਕਤੀ” ਪ੍ਰਾਪਤ ਕਰਨ ਵਿਚ ਮਦਦ ਦੇਣਾ ਸੀ। ਇਸ ਲਈ, ਆਪਣੀ ਵਿਦਾਇਗੀ ਨਸੀਹਤ ਵਿਚ, ਉਸ ਨੇ ਜ਼ੋਰ ਦਿੱਤਾ: “ਆਪਣੀ ਨਿਹਚਾ ਵਿੱਚ ਤਕੜੇ ਹੋ ਕੇ [ਇਬਲੀਸ] ਦਾ ਸਾਹਮਣਾ ਕਰੋ।”—1 ਪਤਰਸ 1:9; 5:8-10.
4. ਪਤਰਸ ਨੇ ਆਪਣੀ ਦੂਜੀ ਪੱਤਰੀ ਕਿਉਂ ਲਿਖੀ ਸੀ?
4 ਬਾਅਦ ਵਿਚ, ਪਤਰਸ ਨੇ ਇਨ੍ਹਾਂ ਮਸੀਹੀਆਂ ਨੂੰ ਇਕ ਦੂਜੀ ਪੱਤਰੀ ਲਿਖੀ। (2 ਪਤਰਸ 3:1) ਕਿਉਂ? ਕਿਉਂਕਿ ਹੁਣ ਪਹਿਲਾਂ ਨਾਲੋਂ ਵੀ ਇਕ ਵੱਡਾ ਖ਼ਤਰਾ ਪੇਸ਼ ਸੀ। ਅਨੈਤਿਕ ਵਿਅਕਤੀ ਆਪਣੇ ਭ੍ਰਿਸ਼ਟ ਕਰਨ ਵਾਲੇ ਆਚਰਣ ਨੂੰ ਨਿਹਚਾਵਾਨਾਂ ਦੇ ਵਿਚਕਾਰ ਵਧਾਉਣ ਦੀ ਕੋਸ਼ਿਸ਼ ਕਰਨਗੇ ਅਤੇ ਕਈਆਂ ਨੂੰ ਕੁਰਾਹੇ ਪਾਉਣਗੇ! (2 ਪਤਰਸ 2:1-3) ਇਸ ਤੋਂ ਇਲਾਵਾ, ਪਤਰਸ ਨੇ ਠੱਠਾ ਕਰਨ ਵਾਲਿਆਂ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਆਪਣੀ ਪਹਿਲੀ ਪੱਤਰੀ ਵਿਚ ਲਿਖਿਆ ਸੀ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ,” ਅਤੇ ਉਦੋਂ ਜ਼ਾਹਰਾ ਤੌਰ ਤੇ ਕੁਝ ਵਿਅਕਤੀ ਅਜਿਹੇ ਵਿਚਾਰ ਦਾ ਮਖੌਲ ਉਡਾ ਰਹੇ ਸਨ। (1 ਪਤਰਸ 4:7; 2 ਪਤਰਸ 3:3, 4) ਆਓ ਅਸੀਂ ਪਤਰਸ ਦੀ ਦੂਜੀ ਪੱਤਰੀ ਦੀ ਜਾਂਚ ਕਰੀਏ ਅਤੇ ਦੇਖੀਏ ਕਿ ਉਸ ਨੇ ਭਰਾਵਾਂ ਨੂੰ ਨਿਹਚਾ ਵਿਚ ਦ੍ਰਿੜ੍ਹ ਰਹਿਣ ਲਈ ਕਿਵੇਂ ਮਜ਼ਬੂਤ ਕੀਤਾ। ਇਸ ਪਹਿਲੇ ਲੇਖ ਵਿਚ, ਅਸੀਂ 2 ਪਤਰਸ ਅਧਿਆਇ 1 ਉੱਤੇ ਗੌਰ ਕਰਾਂਗੇ।
ਅਧਿਆਇ 1 ਦਾ ਉਦੇਸ਼
5. ਪਤਰਸ ਆਪਣੇ ਪਾਠਕਾਂ ਨੂੰ ਸਮੱਸਿਆਵਾਂ ਦੀ ਚਰਚਾ ਲਈ ਕਿਵੇਂ ਤਿਆਰ ਕਰਦਾ ਹੈ?
5 ਪਤਰਸ ਝਟਪਟ ਗੰਭੀਰ ਸਮੱਸਿਆਵਾਂ ਦੀ ਚਰਚਾ ਨਹੀਂ ਕਰਦਾ ਹੈ। ਇਸ ਦੀ ਬਜਾਇ, ਉਹ ਆਪਣੇ ਪਾਠਕਾਂ ਦੀ ਮਸੀਹੀ ਬਣਨ ਦੇ ਸਮੇਂ ਪ੍ਰਾਪਤ ਕੀਤੀਆਂ ਚੀਜ਼ਾਂ ਪ੍ਰਤੀ ਕਦਰਦਾਨੀ ਵਧਾਉਣ ਦੁਆਰਾ, ਇਨ੍ਹਾਂ ਸਮੱਸਿਆਵਾਂ ਦੀ ਚਰਚਾ ਲਈ ਰਾਹ ਤਿਆਰ ਕਰਦਾ ਹੈ। ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਅਦਭੁਤ ਵਾਅਦਿਆਂ ਅਤੇ ਬਾਈਬਲ ਭਵਿੱਖਬਾਣੀਆਂ ਦੀ ਭਰੋਸਗੀ ਦੀ ਯਾਦ ਦਿਲਾਉਂਦਾ ਹੈ। ਉਹ ਇੰਜ ਉਨ੍ਹਾਂ ਨੂੰ ਰੂਪਾਂਤਰਣ ਬਾਰੇ ਦੱਸ ਕੇ ਕਰਦਾ ਹੈ, ਜੋ ਕਿ ਉਸ ਨੂੰ ਵਿਅਕਤੀਗਤ ਤੌਰ ਤੇ ਮਿਲਿਆ ਇਕ ਦਰਸ਼ਣ ਸੀ ਜਿਸ ਵਿਚ ਉਹ ਮਸੀਹ ਨੂੰ ਰਾਜ ਸੱਤਾ ਵਿਚ ਦੇਖਦਾ ਹੈ।—ਮੱਤੀ 17:1-8; 2 ਪਤਰਸ 1:3, 4, 11, 16-21.
6, 7. (ੳ) ਅਸੀਂ ਪਤਰਸ ਦੀ ਪੱਤਰੀ ਦੀ ਪ੍ਰਸਤਾਵਨਾ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਅ) ਜੇਕਰ ਅਸੀਂ ਸਲਾਹ ਦਿੰਦੇ ਹਾਂ, ਤਾਂ ਕੀ ਕਬੂਲ ਕਰਨਾ ਕਦੇ-ਕਦਾਈਂ ਸਹਾਇਕ ਹੋ ਸਕਦਾ ਹੈ?
6 ਕੀ ਅਸੀਂ ਪਤਰਸ ਦੀ ਪ੍ਰਸਤਾਵਨਾ ਤੋਂ ਇਕ ਸਬਕ ਸਿੱਖ ਸਕਦੇ ਹਾਂ? ਕੀ ਸਲਾਹ ਉਦੋਂ ਜ਼ਿਆਦਾ ਸਵੀਕਾਰਯੋਗ ਨਹੀਂ ਹੁੰਦੀ ਹੈ ਜਦੋਂ ਅਸੀਂ ਸਰੋਤਿਆਂ ਦੇ ਨਾਲ ਪਹਿਲਾਂ ਰਾਜ ਦੀ ਉਸ ਉੱਤਮ ਉਮੀਦ ਦੀਆਂ ਵਿਸ਼ੇਸ਼ਤਾਵਾਂ ਦਾ ਪੁਨਰ-ਵਿਚਾਰ ਕਰਦੇ ਹਾਂ ਜਿਸ ਨੂੰ ਅਸੀਂ ਸਾਂਝੇ ਤੌਰ ਤੇ ਬਹੁਮੁੱਲੀ ਸਮਝਦੇ ਹਾਂ? ਅਤੇ ਇਕ ਵਿਅਕਤੀਗਤ ਅਨੁਭਵ ਇਸਤੇਮਾਲ ਕਰਨ ਬਾਰੇ ਕੀ? ਸੰਭਵ ਤੌਰ ਤੇ, ਯਿਸੂ ਦੀ ਮੌਤ ਤੋਂ ਬਾਅਦ, ਪਤਰਸ ਅਕਸਰ ਉਸ ਦਰਸ਼ਣ ਬਾਰੇ ਦੱਸਦਾ ਹੁੰਦਾ ਸੀ ਜਿਸ ਵਿਚ ਉਸ ਨੇ ਮਸੀਹ ਨੂੰ ਰਾਜ ਮਹਿਮਾ ਵਿਚ ਦੇਖਿਆ ਸੀ।—ਮੱਤੀ 17:9.
7 ਇਹ ਵੀ ਯਾਦ ਰੱਖੋ ਕਿ ਜਦੋਂ ਪਤਰਸ ਨੇ ਆਪਣੀ ਦੂਜੀ ਪੱਤਰੀ ਲਿਖੀ, ਉਦੋਂ ਇਹ ਕਾਫ਼ੀ ਮੁਮਕਿਨ ਹੈ ਕਿ ਮੱਤੀ ਦੀ ਇੰਜੀਲ ਅਤੇ ਗਲਾਤੀਆਂ ਨੂੰ ਲਿਖੀ ਰਸੂਲ ਪੌਲੁਸ ਦੀ ਪੱਤਰੀ ਦੋਵੇਂ ਵਿਆਪਕ ਤੌਰ ਤੇ ਵੰਡੀਆਂ ਜਾ ਚੁੱਕੀਆਂ ਸਨ। ਇਸ ਲਈ ਪਤਰਸ ਦੀਆਂ ਮਾਨਵੀ ਕਮਜ਼ੋਰੀਆਂ ਅਤੇ ਉਸ ਦੀ ਨਿਹਚਾ ਦਾ ਰਿਕਾਰਡ ਉਸ ਦੇ ਸਮਕਾਲੀਆਂ ਵਿਚਕਾਰ ਸ਼ਾਇਦ ਚੰਗੀ ਤਰ੍ਹਾਂ ਜਾਣਿਆ ਗਿਆ ਸੀ। (ਮੱਤੀ 16:21-23; ਗਲਾਤੀਆਂ 2:11-14) ਪਰੰਤੂ, ਇਸ ਨੇ ਉਸ ਦੀ ਬੋਲਣ ਦੀ ਆਜ਼ਾਦੀ ਨਹੀਂ ਖੋਹੀ। ਅਸਲ ਵਿਚ, ਇਸ ਨੇ ਉਸ ਦੀ ਪੱਤਰੀ ਨੂੰ ਉਨ੍ਹਾਂ ਲਈ ਸ਼ਾਇਦ ਜ਼ਿਆਦਾ ਆਕਰਸ਼ਕ ਬਣਾਇਆ ਜੋ ਖ਼ੁਦ ਦੀਆਂ ਕਮਜ਼ੋਰੀਆਂ ਬਾਰੇ ਸਚੇਤ ਸਨ। ਇਸ ਲਈ, ਸਮੱਸਿਆਵਾਂ ਨਾਲ ਘੇਰੇ ਵਿਅਕਤੀਆਂ ਦੀ ਮਦਦ ਕਰਦੇ ਸਮੇਂ, ਕੀ ਇਹ ਕਬੂਲ ਕਰਨਾ ਜ਼ਿਆਦਾ ਪ੍ਰਭਾਵਕਾਰੀ ਨਹੀਂ ਹੋਵੇਗਾ ਕਿ ਅਸੀਂ ਖ਼ੁਦ ਵੀ ਭੁੱਲਣਹਾਰ ਹਾਂ?—ਰੋਮੀਆਂ 3:23; ਗਲਾਤੀਆਂ 6:1.
ਇਕ ਸ਼ਕਤੀਦਾਇਕ ਨਮਸਕਾਰ
8. ਸੰਭਵ ਤੌਰ ਤੇ ਪਤਰਸ ਨੇ ਕਿਸ ਭਾਵ ਵਿਚ ਸ਼ਬਦ “ਨਿਹਚਾ” ਦਾ ਇਸਤੇਮਾਲ ਕੀਤਾ?
8 ਹੁਣ ਪਤਰਸ ਦੀ ਨਮਸਕਾਰ ਉੱਤੇ ਗੌਰ ਕਰੋ। ਆਪਣੇ ਪਾਠਕਾਂ ਨੂੰ “ਜਿਹੜੇ . . . ਸਾਡੇ ਸਮਾਨ ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ” ਸੰਬੋਧਿਤ ਕਰਦੇ ਹੋਏ, ਉਹ ਤੁਰੰਤ ਹੀ ਨਿਹਚਾ ਦੇ ਵਿਸ਼ੇ ਦਾ ਜ਼ਿਕਰ ਕਰਦਾ ਹੈ। (2 ਪਤਰਸ 1:1) ਇਹ ਸੰਭਵ ਹੈ ਕਿ ਇੱਥੇ ਸ਼ਬਦ “ਨਿਹਚਾ” ਦਾ ਭਾਵ “ਦ੍ਰਿੜ੍ਹ ਵਿਸ਼ਵਾਸ” ਹੈ ਅਤੇ ਉਨ੍ਹਾਂ ਮਸੀਹੀ ਵਿਸ਼ਵਾਸਾਂ ਜਾਂ ਸਿੱਖਿਆਵਾਂ ਦੇ ਸੰਗ੍ਰਹਿ ਨੂੰ ਸੰਕੇਤ ਕਰਦਾ ਹੈ, ਜਿਨ੍ਹਾਂ ਨੂੰ ਸ਼ਾਸਤਰ ਵਿਚ ਕਦੇ-ਕਦਾਈਂ “ਸਚਿਆਈ” ਸੱਦਿਆ ਜਾਂਦਾ ਹੈ। (ਗਲਾਤੀਆਂ 5:7; 2 ਪਤਰਸ 2:2; 2 ਯੂਹੰਨਾ 1) ਇਹ ਸ਼ਬਦ “ਨਿਹਚਾ” ਇਕ ਵਿਅਕਤੀ ਜਾਂ ਇਕ ਚੀਜ਼ ਉੱਤੇ ਰੱਖੇ ਜਾਂਦੇ ਯਕੀਨ ਜਾਂ ਵਿਸ਼ਵਾਸ ਦੇ ਆਮ ਭਾਵ ਦੀ ਬਜਾਇ, ਅਕਸਰ ਇਸੇ ਭਾਵ ਵਿਚ ਇਸਤੇਮਾਲ ਕੀਤਾ ਜਾਂਦਾ ਹੈ।—ਰਸੂਲਾਂ ਦੇ ਕਰਤੱਬ 6:7; 2 ਕੁਰਿੰਥੀਆਂ 13:5; ਗਲਾਤੀਆਂ 6:10; ਅਫ਼ਸੀਆਂ 4:5; ਯਹੂਦਾਹ 3.
9. ਪਤਰਸ ਦੀ ਨਮਸਕਾਰ ਖ਼ਾਸ ਕਰਕੇ ਗ਼ੈਰ-ਯਹੂਦੀਆਂ ਨੂੰ ਕਿਉਂ ਨਿੱਘੀ ਜਾਪੀ ਹੋਵੇਗੀ?
9 ਪਤਰਸ ਦੀ ਨਮਸਕਾਰ ਖ਼ਾਸ ਕਰਕੇ ਗ਼ੈਰ-ਯਹੂਦੀ ਪਾਠਕਾਂ ਨੂੰ ਨਿੱਘੀ ਜਾਪੀ ਹੋਵੇਗੀ। ਯਹੂਦੀ ਲੋਕ ਗ਼ੈਰ-ਯਹੂਦੀਆਂ ਦੇ ਨਾਲ ਕੋਈ ਵਾਸਤਾ ਨਹੀਂ ਰੱਖਦੇ ਸਨ, ਇੱਥੋਂ ਤਕ ਕਿ ਉਨ੍ਹਾਂ ਦੇ ਨਾਲ ਨਫ਼ਰਤ ਕਰਦੇ ਸਨ, ਅਤੇ ਉਨ੍ਹਾਂ ਯਹੂਦੀਆਂ ਦੇ ਵਿਚਕਾਰ ਜੋ ਮਸੀਹੀ ਬਣੇ ਸਨ, ਗ਼ੈਰ-ਯਹੂਦੀਆਂ ਦੇ ਪ੍ਰਤੀ ਪੱਖਪਾਤ ਜਾਰੀ ਰਿਹਾ। (ਲੂਕਾ 10:29-37; ਯੂਹੰਨਾ 4:9; ਰਸੂਲਾਂ ਦੇ ਕਰਤੱਬ 10:28) ਪਰੰਤੂ, ਪਤਰਸ, ਜੋ ਜਨਮ ਤੋਂ ਇਕ ਯਹੂਦੀ ਸੀ ਅਤੇ ਯਿਸੂ ਮਸੀਹ ਦਾ ਇਕ ਰਸੂਲ ਸੀ, ਨੇ ਕਿਹਾ ਕਿ ਉਸ ਦੇ ਪਾਠਕ—ਯਹੂਦੀ ਅਤੇ ਗ਼ੈਰ-ਯਹੂਦੀ—ਇੱਕੋ ਨਿਹਚਾ ਸਾਂਝੀ ਕਰਦੇ ਸਨ ਅਤੇ ਉਸ ਦੇ ਨਾਲ ਬਰਾਬਰ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣਦੇ ਸਨ।
10. ਪਤਰਸ ਦੀ ਨਮਸਕਾਰ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?
10 ਉਨ੍ਹਾਂ ਉੱਤਮ ਸਬਕਾਂ ਬਾਰੇ ਸੋਚੋ ਜੋ ਪਤਰਸ ਦੀ ਨਮਸਕਾਰ ਸਾਨੂੰ ਅੱਜ ਸਿਖਾਉਂਦੀ ਹੈ। ਪਰਮੇਸ਼ੁਰ ਪੱਖਪਾਤੀ ਨਹੀਂ ਹੈ; ਉਹ ਇਕ ਨਸਲ ਜਾਂ ਕੌਮ ਨੂੰ ਕਿਸੇ ਦੂਜੀ ਨਾਲੋਂ ਜ਼ਿਆਦਾ ਤਰਫ਼ਦਾਰੀ ਨਹੀਂ ਦਿਖਾਉਂਦਾ ਹੈ। (ਰਸੂਲਾਂ ਦੇ ਕਰਤੱਬ 10:34, 35; 11:1, 17; 15:3-9) ਜਿਵੇਂ ਯਿਸੂ ਨੇ ਖ਼ੁਦ ਸਿੱਖਿਆ ਦਿੱਤੀ ਸੀ, ਸਾਰੇ ਮਸੀਹੀ ਭਰਾ ਹਨ, ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਦੂਜਿਆਂ ਨਾਲੋਂ ਵੱਡਾ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਪਤਰਸ ਦੀ ਨਮਸਕਾਰ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਵਾਕਈ ਹੀ ਇਕ ਵਿਸ਼ਵ-ਵਿਆਪੀ ਭਾਈਚਾਰਾ ਹਾਂ, ਜੋ ਕਿ ਉਸ ਨਿਹਚਾ ਨੂੰ “ਸਾਡੇ ਸਮਾਨ” ਫੜੀ ਰੱਖਦਾ ਹੈ ਜਿਵੇਂ ਪਤਰਸ ਅਤੇ ਉਸ ਦੇ ਸਾਥੀ ਰਸੂਲ ਰੱਖਦੇ ਸਨ।—ਮੱਤੀ 23:8; 1 ਪਤਰਸ 5:9.
ਗਿਆਨ ਅਤੇ ਪਰਮੇਸ਼ੁਰ ਦੇ ਵਾਅਦੇ
11. ਆਪਣੀ ਨਮਸਕਾਰ ਤੋਂ ਬਾਅਦ, ਪਤਰਸ ਕਿਹੜੀਆਂ ਅਤਿ-ਆਵੱਸ਼ਕ ਚੀਜ਼ਾਂ ਉੱਤੇ ਜ਼ੋਰ ਦਿੰਦਾ ਹੈ?
11 ਆਪਣੀ ਨਮਸਕਾਰ ਤੋਂ ਬਾਅਦ, ਪਤਰਸ ਲਿਖਦਾ ਹੈ: “ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ।” ਸਾਡੇ ਲਈ ਕਿਰਪਾ ਅਤੇ ਸ਼ਾਂਤੀ ਕਿਵੇਂ ਵੱਧ ਤੋਂ ਵੱਧ ਹੁੰਦੀ ਜਾਵੇਗੀ? “ਪਰਮੇਸ਼ੁਰ ਅਤੇ ਯਿਸੂ ਸਾਡੇ ਪ੍ਰਭੁ ਦੇ ਗਿਆਨ [“ਯਥਾਰਥ ਗਿਆਨ,” ਨਿ ਵ] ਦੇ ਰਾਹੀਂ,” ਪਤਰਸ ਜਵਾਬ ਦਿੰਦਾ ਹੈ। ਫਿਰ ਉਹ ਕਹਿੰਦਾ ਹੈ: “ਈਸ਼ੁਰੀ ਸਮਰੱਥਾ ਨੇ ਸੱਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ . . . ਦਿੱਤਾ ਹੈ।” ਪਰੰਤੂ ਅਸੀਂ ਇਹ ਅਤਿ-ਆਵੱਸ਼ਕ ਚੀਜ਼ਾਂ ਕਿਵੇਂ ਹਾਸਲ ਕਰਦੇ ਹਾਂ? “ਓਸੇ ਦੇ [ਯਥਾਰਥ] ਗਿਆਨ ਦੇ ਦੁਆਰਾ . . . ਜਿਹ ਨੇ ਆਪਣੇ ਹੀ ਪਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ।” ਇਸ ਤਰ੍ਹਾਂ ਪਤਰਸ ਦੋ ਵਾਰ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਬਾਰੇ ਯਥਾਰਥ ਗਿਆਨ ਆਵੱਸ਼ਕ ਹੈ।—2 ਪਤਰਸ 1:2, 3; ਯੂਹੰਨਾ 17:3.
12. (ੳ) ਪਤਰਸ ਯਥਾਰਥ ਗਿਆਨ ਦੀ ਮਹੱਤਤਾ ਉੱਤੇ ਕਿਉਂ ਜ਼ੋਰ ਦਿੰਦਾ ਹੈ? (ਅ) ਪਰਮੇਸ਼ੁਰ ਦੇ ਵਾਅਦਿਆਂ ਦਾ ਆਨੰਦ ਮਾਣਨ ਦੇ ਲਈ, ਸਾਨੂੰ ਪਹਿਲਾਂ ਕੀ ਕਰ ਚੁੱਕੇ ਹੋਣਾ ਚਾਹੀਦਾ ਹੈ?
12 ਉਹ “ਝੂਠੇ ਗੁਰੂ” ਜਿਨ੍ਹਾਂ ਬਾਰੇ ਪਤਰਸ ਅਧਿਆਇ 2 ਵਿਚ ਚੇਤਾਵਨੀ ਦਿੰਦਾ ਹੈ, ਮਸੀਹੀਆਂ ਨੂੰ ਧੋਖਾ ਦੇਣ ਲਈ “ਬਣਾਉਟ ਦੀਆਂ ਗੱਲਾਂ” ਇਸਤੇਮਾਲ ਕਰਦੇ ਹਨ। ਇਸ ਤਰੀਕੇ ਨਾਲ ਉਹ ਉਨ੍ਹਾਂ ਨੂੰ ਬਹਿਕਾ ਕੇ ਅਨੈਤਿਕਤਾ ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਤੋਂ ਉਹ ਮੁਕਤ ਕੀਤੇ ਗਏ ਸਨ। ਕੋਈ ਵੀ ਜਿਹੜਾ “ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ” ਬਚਾਇਆ ਗਿਆ ਸੀ ਅਤੇ ਬਾਅਦ ਵਿਚ ਅਜਿਹੇ ਛਲ ਵਿਚ ਫੱਸ ਜਾਂਦਾ ਹੈ, ਉਸ ਲਈ ਨਤੀਜੇ ਬਿਪਤਾਜਨਕ ਹੋਣਗੇ। (2 ਪਤਰਸ 2:1-3, 20) ਜ਼ਾਹਰਾ ਤੌਰ ਤੇ ਇਸ ਸਮੱਸਿਆ ਦੀ ਚਰਚਾ ਬਾਅਦ ਵਿਚ ਕਰਨ ਦੀ ਉਮੀਦ ਨਾਲ ਹੀ, ਪਤਰਸ ਆਪਣੀ ਪੱਤਰੀ ਦੇ ਆਰੰਭ ਵਿਚ ਹੀ ਪਰਮੇਸ਼ੁਰ ਦੇ ਸਾਮ੍ਹਣੇ ਇਕ ਸ਼ੁੱਧ ਸਥਿਤੀ ਕਾਇਮ ਰੱਖਣ ਲਈ, ਯਥਾਰਥ ਗਿਆਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ। ਪਤਰਸ ਨੇ ਟਿੱਪਣੀ ਕੀਤੀ ਕਿ ਪਰਮੇਸ਼ੁਰ “ਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਇਦੇ ਦਿੱਤੇ ਹਨ ਭਈ ਤੁਸੀਂ . . . ਉਨ੍ਹਾਂ ਦੇ ਦੁਆਰਾ ਈਸ਼ੁਰੀ ਸੁਭਾਉ ਵਿੱਚ ਸਾਂਝੀ ਹੋ ਜਾਓ।” ਪਰੰਤੂ, ਇਨ੍ਹਾਂ ਵਾਅਦਿਆਂ ਦਾ ਆਨੰਦ ਮਾਣਨ ਲਈ, ਜੋ ਕਿ ਸਾਡੀ ਨਿਹਚਾ ਦਾ ਇਕ ਅਟੁੱਟ ਹਿੱਸਾ ਹਨ, ਪਤਰਸ ਕਹਿੰਦਾ ਹੈ ਕਿ ਸਾਨੂੰ ਪਹਿਲਾਂ “ਓਸ ਵਿਨਾਸ ਤੋਂ ਛੁੱਟ” ਚੁੱਕੇ ਹੋਣਾ ਚਾਹੀਦਾ ਹੈ “ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ।”—2 ਪਤਰਸ 1:4.
13. ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਦੋਵੇਂ ਕਿਸ ਚੀਜ਼ ਨੂੰ ਫੜੀ ਰੱਖਣ ਵਿਚ ਦ੍ਰਿੜ੍ਹ ਹਨ?
13 ਤੁਸੀਂ ਪਰਮੇਸ਼ੁਰ ਦੇ ਵਾਅਦਿਆਂ ਨੂੰ ਕਿਵੇਂ ਵਿਚਾਰਦੇ ਹੋ? ਕੀ ਉਸੇ ਤਰ੍ਹਾਂ ਜਿਵੇਂ ਮਸਹ ਕੀਤੇ ਹੋਏ ਮਸੀਹੀਆਂ ਦਾ ਬਕੀਆ ਵਿਚਾਰਦਾ ਹੈ? ਉਸ ਸਮੇਂ ਦੇ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ, ਫਰੈਡਰਿਕ ਫ਼੍ਰਾਂਜ਼, ਜਿਸ ਨੇ 75 ਸਾਲਾਂ ਤੋਂ ਜ਼ਿਆਦਾ ਸਮੇਂ ਲਈ ਪੂਰਣ-ਕਾਲੀ ਸੇਵਾ ਜਾਰੀ ਰੱਖੀ ਸੀ, ਨੇ 1991 ਵਿਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੰਖੇਪ ਵਿਚ ਦੱਸਿਆ ਜੋ ਮਸੀਹ ਦੇ ਨਾਲ ਸ਼ਾਸਨ ਕਰਨ ਦੀ ਉਮੀਦ ਰੱਖਦੇ ਹਨ: “ਅਸੀਂ ਇਸ ਘੜੀ ਤਕ ਦ੍ਰਿੜ੍ਹ ਰਹਿ ਰਹੇ ਹਾਂ, ਅਤੇ ਅਸੀਂ ਉਦੋਂ ਤਕ ਦ੍ਰਿੜ੍ਹ ਰਹਾਂਗੇ ਜਦ ਤਕ ਪਰਮੇਸ਼ੁਰ ਅਸਲ ਵਿਚ ਆਪਣੇ ‘ਅਮੋਲਕ ਅਤੇ ਵੱਡੇ ਵੱਡੇ ਵਾਇਦਿਆਂ’ ਦਾ ਪੱਕਾ ਸਾਬਤ ਨਹੀਂ ਹੁੰਦਾ ਹੈ।” ਭਰਾ ਫ਼੍ਰਾਂਜ਼ ਨੇ ਸਵਰਗੀ ਪੁਨਰ-ਉਥਾਨ ਦੇ ਪਰਮੇਸ਼ੁਰ ਦੇ ਵਾਅਦੇ ਉੱਤੇ ਪੂਰਾ ਭਰੋਸਾ ਰੱਖਿਆ, ਅਤੇ ਉਸ ਨੇ 99 ਸਾਲਾਂ ਦੀ ਉਮਰ ਤਕ ਆਪਣੀ ਨਿਹਚਾ ਨੂੰ ਦ੍ਰਿੜ੍ਹਤਾ ਦੇ ਨਾਲ ਫੜੀ ਰੱਖਿਆ। (1 ਕੁਰਿੰਥੀਆਂ 15:42-44; ਫ਼ਿਲਿੱਪੀਆਂ 3:13, 14; 2 ਤਿਮੋਥਿਉਸ 2:10-12) ਇਸੇ ਤਰ੍ਹਾਂ, ਲੱਖਾਂ ਹੀ ਵਿਅਕਤੀ ਨਿਹਚਾ ਨੂੰ ਦ੍ਰਿੜ੍ਹਤਾ ਦੇ ਨਾਲ ਫੜੀ ਰੱਖ ਰਹੇ ਹਨ, ਅਤੇ ਆਪਣਾ ਧਿਆਨ ਪਰਮੇਸ਼ੁਰ ਦੇ ਇਕ ਪਾਰਥਿਵ ਪਰਾਦੀਸ ਦੇ ਵਾਅਦੇ ਉੱਤੇ ਲਗਾ ਰਹੇ ਹਨ ਜਿਸ ਵਿਚ ਲੋਕ ਸਦਾ ਦੇ ਲਈ ਸੁਖ ਵਿਚ ਵਸਣਗੇ। ਕੀ ਤੁਸੀਂ ਇਨ੍ਹਾਂ ਵਿੱਚੋਂ ਇਕ ਹੋ?—ਲੂਕਾ 23:43; 2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4.
ਪਰਮੇਸ਼ੁਰ ਦੇ ਵਾਅਦਿਆਂ ਦੇ ਪ੍ਰਤੀ ਪ੍ਰਤਿਕ੍ਰਿਆ
14. ਪਤਰਸ ਨਿਹਚਾ ਨਾਲ ਵਧਾਏ ਜਾਣ ਵਾਲੇ ਗੁਣਾਂ ਵਿੱਚੋਂ ਨੇਕੀ ਨੂੰ ਸਭ ਤੋਂ ਪਹਿਲਾਂ ਕਿਉਂ ਸੂਚੀਬੱਧ ਕਰਦਾ ਹੈ?
14 ਕੀ ਅਸੀਂ ਉਸ ਲਈ ਪਰਮੇਸ਼ੁਰ ਦੇ ਧੰਨਵਾਦੀ ਹਾਂ ਜੋ ਉਸ ਨੇ ਵਾਅਦਾ ਕੀਤਾ ਹੈ? ਜੇਕਰ ਹਾਂ, ਤਾਂ ਪਤਰਸ ਦਲੀਲ ਦਿੰਦਾ ਹੈ ਕਿ ਸਾਨੂੰ ਇਹ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। “ਸਗੋਂ ਇਸੇ ਕਾਰਨ” (ਕਿਉਂਕਿ ਪਰਮੇਸ਼ੁਰ ਨੇ ਸਾਡੇ ਨਾਲ ਅਤਿਅੰਤ ਬਹੁਮੁੱਲੇ ਵਾਅਦੇ ਕੀਤੇ ਹਨ), ਸਾਨੂੰ ਨਿਹਚਾ ਦਿਖਾਉਣ ਲਈ ਸਖ਼ਤ ਜਤਨ ਕਰਨਾ ਚਾਹੀਦਾ ਹੈ। ਅਸੀਂ ਕੇਵਲ ਨਿਹਚਾ ਵਿਚ ਹੋਣ ਨਾਲ ਜਾਂ ਸਿਰਫ਼ ਬਾਈਬਲ ਸੱਚਾਈ ਨਾਲ ਵਾਕਫ਼ ਹੋਣ ਨਾਲ ਹੀ ਸੰਤੁਸ਼ਟ ਨਹੀਂ ਹੋ ਸਕਦੇ ਹਾਂ। ਇਹ ਕਾਫ਼ੀ ਨਹੀਂ ਹੈ! ਸ਼ਾਇਦ ਪਤਰਸ ਦੇ ਸਮੇਂ ਵਿਚ, ਕਲੀਸਿਯਾਵਾਂ ਵਿਚ ਕੁਝ ਵਿਅਕਤੀ ਨਿਹਚਾ ਦੇ ਬਾਰੇ ਕਾਫ਼ੀ ਗੱਲ-ਬਾਤ ਕਰਦੇ ਸਨ ਪਰੰਤੂ ਅਨੈਤਿਕ ਆਚਰਣ ਵਿਚ ਫੱਸ ਗਏ ਸਨ। ਉਨ੍ਹਾਂ ਦਾ ਆਚਰਣ ਨੇਕ ਹੋਣਾ ਚਾਹੀਦਾ ਸੀ, ਇਸ ਲਈ ਪਤਰਸ ਜ਼ੋਰ ਦਿੰਦਾ ਹੈ: ‘ਆਪਣੀ ਨਿਹਚਾ ਨਾਲ ਨੇਕੀ ਨੂੰ ਵਧਾਈ ਜਾਓ।’—2 ਪਤਰਸ 1:5, 7; ਯਾਕੂਬ 2:14-17.
15. (ੳ) ਨਿਹਚਾ ਨਾਲ ਵਧਾਏ ਜਾਣ ਵਾਲੇ ਗੁਣਾਂ ਵਿੱਚੋਂ, ਨੇਕੀ ਤੋਂ ਬਾਅਦ ਗਿਆਨ ਨੂੰ ਕਿਉਂ ਸੂਚੀਬੱਧ ਕੀਤਾ ਗਿਆ ਹੈ? (ਅ) ਕਿਹੜੇ ਹੋਰ ਗੁਣ ਨਿਹਚਾ ਨੂੰ ਦ੍ਰਿੜ੍ਹ ਫੜੀ ਰੱਖਣ ਲਈ ਸਾਨੂੰ ਲੈਸ ਕਰਨਗੇ?
15 ਨੇਕੀ ਦਾ ਜ਼ਿਕਰ ਕਰਨ ਤੋਂ ਬਾਅਦ, ਪਤਰਸ ਛੇ ਹੋਰ ਗੁਣਾਂ ਦੀ ਸੂਚੀ ਦਿੰਦਾ ਹੈ ਜਿਨ੍ਹਾਂ ਨੂੰ ਸਾਡੀ ਨਿਹਚਾ ਨਾਲ ਵਧਾਉਣਾ, ਜਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਹਰੇਕ ਦੀ ਜ਼ਰੂਰਤ ਹੈ ਜੇਕਰ ਅਸੀਂ ‘ਨਿਹਚਾ ਵਿੱਚ ਦ੍ਰਿੜ੍ਹ ਰਹਿਣਾ ਹੈ।’ (1 ਕੁਰਿੰਥੀਆਂ 16:13) ਕਿਉਂਕਿ ਧਰਮ-ਤਿਆਗੀ ‘ਲਿਖਤਾਂ ਨੂੰ ਮਰੋੜਦੇ’ ਅਤੇ “ਧੋਖੇ ਭਰੀਆਂ ਸਿੱਖਿਆਵਾਂ” ਦਾ ਪ੍ਰਚਾਰ ਕਰਦੇ ਸਨ, ਪਤਰਸ ਅੱਗੇ ਇਹ ਕਹਿ ਕੇ ਗਿਆਨ ਨੂੰ ਇਕ ਅਤਿ-ਮਹੱਤਵਪੂਰਣ ਗੁਣ ਵਜੋਂ ਸੂਚੀ ਵਿਚ ਦਰਜ ਕਰਦਾ ਹੈ: “ਨੇਕੀ ਨਾਲ ਗਿਆਨ [ਨੂੰ ਵਧਾਓ]।” ਫਿਰ ਉਹ ਅੱਗੇ ਕਹਿੰਦਾ ਹੈ: “ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ [ਨੂੰ ਵਧਾਓ]। ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ।”—2 ਪਤਰਸ 1:5-7; 2:12, 13, ਨਿ ਵ; 3:16.
16. ਕੀ ਨਤੀਜਾ ਹੋਵੇਗਾ ਜੇਕਰ ਪਤਰਸ ਦੁਆਰਾ ਸੂਚੀਬੱਧ ਗੁਣਾਂ ਨੂੰ ਸਾਡੀ ਨਿਹਚਾ ਨਾਲ ਵਧਾਇਆ ਜਾਂਦਾ ਹੈ, ਪਰੰਤੂ ਕੀ ਨਤੀਜਾ ਹੋਵੇਗਾ ਜੇਕਰ ਉਹ ਨਹੀਂ ਵਧਾਏ ਜਾਂਦੇ ਹਨ?
16 ਨਤੀਜਾ ਕੀ ਹੋਵੇਗਾ ਜੇਕਰ ਸਾਡੀ ਨਿਹਚਾ ਨਾਲ ਇਨ੍ਹਾਂ ਸੱਤ ਚੀਜ਼ਾਂ ਨੂੰ ਵਧਾਇਆ ਜਾਂਦਾ ਹੈ? “ਏਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ,” ਪਤਰਸ ਜਵਾਬ ਦਿੰਦਾ ਹੈ, “ਤਾਂ ਓਹ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਗਿਆਨ [“ਯਥਾਰਥ ਗਿਆਨ,” “ਨਿ ਵ”] ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ।” (2 ਪਤਰਸ 1:8) ਦੂਜੇ ਪਾਸੇ, ਪਤਰਸ ਕਹਿੰਦਾ ਹੈ: “ਜਿਹ ਦੇ ਵਿੱਚ ਏਹ ਗੁਣ ਨਹੀਂ ਉਹ ਅੰਨ੍ਹਾ ਹੈ ਅਤੇ ਉਹ ਨੂੰ ਮੋਟਾ ਵਿਖਾਈ ਦਿੰਦਾ ਹੈ ਅਤੇ ਭੁੱਲ ਗਿਆ ਹੈ ਭਈ ਮੈਂ ਆਪਣੇ ਅਗਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸਾਂ।” (2 ਪਤਰਸ 1:9) ਧਿਆਨ ਦਿਓ ਕਿ ਪਤਰਸ “ਤੁਹਾਡੇ” ਅਤੇ “ਸਾਡੇ” ਦਾ ਪ੍ਰਯੋਗ ਕਰਨ ਦੀ ਬਜਾਇ “ਜਿਹ ਦੇ,” “ਉਹ,” ਅਤੇ “ਉਹ ਨੂੰ” ਦਾ ਪ੍ਰਯੋਗ ਕਰਦਾ ਹੈ। ਭਾਵੇਂ ਅਫ਼ਸੋਸ ਦੀ ਗੱਲ ਹੈ ਕਿ ਕੁਝ ਵਿਅਕਤੀ ਅੰਨ੍ਹੇ, ਭੁੱਲਣਹਾਰ, ਅਤੇ ਅਸ਼ੁੱਧ ਹੁੰਦੇ ਹਨ, ਪਰੰਤੂ ਪਤਰਸ ਦਿਆਲਤਾ ਨਾਲ ਇਹ ਸੰਕੇਤ ਨਹੀਂ ਕਰਦਾ ਹੈ ਕਿ ਪਾਠਕ ਇਨ੍ਹਾਂ ਵਿੱਚੋਂ ਇਕ ਹੈ।—2 ਪਤਰਸ 2:2.
ਆਪਣੇ ਭਰਾਵਾਂ ਨੂੰ ਤਕੜੇ ਕਰਨਾ
17. ‘ਇਹ ਕੰਮ’ ਕਰਦੇ ਰਹਿਣ ਲਈ ਪਤਰਸ ਦੀ ਕੋਮਲ ਅਰਜ਼ ਨੂੰ ਸ਼ਾਇਦ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਹੋਵੇ?
17 ਸ਼ਾਇਦ ਇਸ ਗੱਲ ਨੂੰ ਸਮਝਦਿਆਂ ਕਿ ਖ਼ਾਸ ਕਰਕੇ ਨਵੇਂ ਭਰਾਵਾਂ ਨੂੰ ਸੁਖਾਲਿਆਂ ਹੀ ਬਹਿਕਾਇਆ ਜਾ ਸਕਦਾ ਹੈ, ਪਤਰਸ ਉਨ੍ਹਾਂ ਨੂੰ ਕੋਮਲਤਾ ਨਾਲ ਹੌਸਲਾ ਦਿੰਦਾ ਹੈ: “ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਭੀ ਜਤਨ ਕਰੋ ਕਿਉਂਕਿ ਜੇ ਤੁਸੀਂ ਏਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ।” (2 ਪਤਰਸ 1:10; 2:18) ਮਸਹ ਕੀਤੇ ਹੋਏ ਮਸੀਹੀ ਜੋ ਆਪਣੀ ਨਿਹਚਾ ਨਾਲ ਇਹ ਸੱਤ ਚੀਜ਼ਾਂ ਨੂੰ ਵਧਾਉਂਦੇ ਹਨ ਇਕ ਉੱਤਮ ਪ੍ਰਤਿਫਲ ਦਾ ਆਨੰਦ ਮਾਣਨਗੇ, ਜਿਵੇਂ ਪਤਰਸ ਕਹਿੰਦਾ ਹੈ: “ਤੁਹਾਨੂੰ ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁਲ੍ਹ ਨਾਲ ਪਰਵੇਸ਼ ਕਰਨਾ ਮਿਲੇਗਾ।” (2 ਪਤਰਸ 1:11) ‘ਹੋਰ ਭੇਡਾਂ’ ਨੂੰ ਪਰਮੇਸ਼ੁਰ ਦੇ ਰਾਜ ਦੇ ਪਾਰਥਿਵ ਖੇਤਰ ਵਿਚ ਇਕ ਸਦੀਪਕ ਵਿਰਾਸਤ ਮਿਲੇਗੀ।—ਯੂਹੰਨਾ 10:16; ਮੱਤੀ 25:33, 34.
18. ਪਤਰਸ ਆਪਣੇ ਭਰਾਵਾਂ ਨੂੰ ‘ਸਦਾ ਚੇਤੇ ਕਰਾਉਣ’ ਦਾ ਧਿਆਨ ਕਿਉਂ ਰੱਖਦਾ ਹੈ?
18 ਪਤਰਸ ਸੱਚੇ ਦਿੱਲੋਂ ਆਪਣੇ ਭਰਾਵਾਂ ਦੇ ਲਈ ਇਕ ਅਜਿਹਾ ਉੱਤਮ ਪ੍ਰਤਿਫਲ ਚਾਹੁੰਦਾ ਹੈ। “ਇਸ ਲਈ,” ਉਹ ਲਿਖਦਾ ਹੈ, “ਮੈਂ ਤੁਹਾਨੂੰ ਸਦਾ ਏਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ ਭਾਵੇਂ ਤੁਸੀਂ ਇਨ੍ਹਾਂ ਨੂੰ ਜਾਣਦੇ ਹੀ ਹੋ ਅਤੇ ਓਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ ਇਸਥਿਰ ਕੀਤੇ ਹੋਏ ਹੋ।” (2 ਪਤਰਸ 1:12) ਪਤਰਸ ਯੂਨਾਨੀ ਸ਼ਬਦ ਸਟੈਰੀਜ਼ੋ ਦਾ ਇਸਤੇਮਾਲ ਕਰਦਾ ਹੈ, ਜੋ ਇੱਥੇ “ਇਸਥਿਰ ਕੀਤੇ ਹੋਏ” ਤਰਜਮਾ ਕੀਤਾ ਗਿਆ ਹੈ, ਪਰੰਤੂ ਯਿਸੂ ਦੀ ਪਤਰਸ ਨੂੰ ਪਹਿਲਾਂ ਦਿੱਤੀ ਗਈ ਨਸੀਹਤ ਵਿਚ “ਤਕੜੇ ਕਰੀਂ” ਤਰਜਮਾ ਕੀਤਾ ਗਿਆ ਸੀ: “ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।” (ਲੂਕਾ 22:32) ਉਸ ਸ਼ਬਦ ਦਾ ਇਸਤੇਮਾਲ ਸ਼ਾਇਦ ਇਹ ਸੁਝਾਅ ਦਿੰਦਾ ਹੈ ਕਿ ਪਤਰਸ ਨੂੰ ਆਪਣੇ ਪ੍ਰਭੂ ਤੋਂ ਮਿਲੀ ਉਹ ਸ਼ਕਤੀਸ਼ਾਲੀ ਨਸੀਹਤ ਯਾਦ ਹੈ। ਪਤਰਸ ਹੁਣ ਕਹਿੰਦਾ ਹੈ: “ਮੈਂ ਇਹ ਜੋਗ ਸਮਝਦਾ ਹਾਂ ਭਈ ਜਿੰਨਾ ਚਿਰ ਮੈਂ ਇਸ ਤੰਬੂ [ਮਾਨਵ ਸਰੀਰ] ਵਿੱਚ ਹਾਂ ਮੈਂ ਤੁਹਾਨੂੰ ਚੇਤੇ ਕਰਾ ਕਰਾ ਕੇ ਪਰੇਰਦਾ ਰਹਾਂ। ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ।”—2 ਪਤਰਸ 1:13, 14.
19. ਅੱਜ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ?
19 ਭਾਵੇਂ ਕਿ ਪਤਰਸ ਦਇਆ ਨਾਲ ਇਹ ਕਹਿੰਦਾ ਹੈ ਕਿ ਉਸ ਦੇ ਪਾਠਕ “ਸਚਿਆਈ ਉੱਤੇ . . . ਇਸਥਿਰ” ਹਨ, ਉਹ ਅਹਿਸਾਸ ਕਰਦਾ ਹੈ ਕਿ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬ ਸਕਦੀ ਸੀ। (1 ਤਿਮੋਥਿਉਸ 1:19) ਕਿਉਂ ਜੋ ਉਸ ਨੂੰ ਇਹ ਪਤਾ ਹੈ ਕਿ ਉਹ ਹੁਣ ਛੇਤੀ ਹੀ ਮਰਨ ਵਾਲਾ ਹੈ, ਉਹ ਉਨ੍ਹਾਂ ਗੱਲਾਂ ਦਾ ਜ਼ਿਕਰ ਕਰ ਕੇ ਆਪਣੇ ਭਰਾਵਾਂ ਨੂੰ ਤਕੜੇ ਕਰਦਾ ਹੈ ਜੋ ਉਹ ਬਾਅਦ ਵਿਚ ਖ਼ੁਦ ਨੂੰ ਅਧਿਆਤਮਿਕ ਤੌਰ ਤੇ ਤਕੜੇ ਰੱਖਣ ਲਈ ਯਾਦ ਕਰ ਸਕਣਗੇ। (2 ਪਤਰਸ 1:15; 3:12, 13) ਇਸੇ ਤਰ੍ਹਾਂ, ਨਿਹਚਾ ਵਿਚ ਦ੍ਰਿੜ੍ਹ ਰਹਿਣ ਲਈ ਸਾਨੂੰ ਅੱਜ ਲਗਾਤਾਰ ਯਾਦ-ਦਹਾਨੀਆਂ ਦੀ ਲੋੜ ਹੈ। ਭਾਵੇਂ ਅਸੀਂ ਕੋਈ ਵੀ ਹੋਈਏ ਜਾਂ ਅਸੀਂ ਸੱਚਾਈ ਵਿਚ ਕਿੰਨੇ ਚਿਰ ਤੋਂ ਹੋਈਏ, ਅਸੀਂ ਨਿਯਮਿਤ ਬਾਈਬਲ ਪਠਨ, ਵਿਅਕਤੀਗਤ ਅਧਿਐਨ, ਅਤੇ ਕਲੀਸਿਯਾ ਸਭਾਵਾਂ ਵਿਚ ਹਾਜ਼ਰੀ ਦੀ ਅਣਗਹਿਲੀ ਨਹੀਂ ਕਰ ਸਕਦੇ ਹਾਂ। ਕੁਝ ਵਿਅਕਤੀ ਹਾਜ਼ਰ ਨਾ ਹੋਣ ਲਈ ਬਹਾਨੇ ਬਣਾਉਂਦੇ ਹਨ ਕਿ ਉਹ ਬਹੁਤ ਥੱਕੇ ਹੋਏ ਹਨ ਜਾਂ ਸਭਾਵਾਂ ਦੁਹਰਾਉ ਹਨ, ਜਾਂ ਉਹ ਦਿਲਚਸਪ ਢੰਗ ਨਾਲ ਪੇਸ਼ ਨਹੀਂ ਕੀਤੀਆਂ ਜਾਂਦੀਆਂ ਹਨ, ਪਰੰਤੂ ਪਤਰਸ ਨੂੰ ਪਤਾ ਸੀ ਕਿ ਕਿੰਨੀ ਛੇਤੀ ਸਾਡੇ ਵਿੱਚੋਂ ਕੋਈ ਵੀ ਨਿਹਚਾ ਗੁਆ ਸਕਦਾ ਹੈ ਜੇਕਰ ਅਸੀਂ ਅਤਿ-ਵਿਸ਼ਵਾਸੀ ਬਣ ਜਾਈਏ।—ਮਰਕੁਸ 14:66-72; 1 ਕੁਰਿੰਥੀਆਂ 10:12; ਇਬਰਾਨੀਆਂ 10:25.
ਸਾਡੀ ਨਿਹਚਾ ਦਾ ਠੋਸ ਆਧਾਰ
20, 21. ਰੂਪਾਂਤਰਣ ਨੇ ਪਤਰਸ ਅਤੇ ਉਸ ਦੀ ਪੱਤਰੀ ਦੇ ਪਾਠਕਾਂ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ, ਦੀ ਨਿਹਚਾ ਨੂੰ ਕਿਵੇਂ ਤਕੜੇ ਕੀਤਾ?
20 ਕੀ ਸਾਡੀ ਨਿਹਚਾ ਸਿਰਫ਼ ਚਤਰਾਈ ਨਾਲ ਘੜੀਆਂ ਕਲਪਿਤ ਕਥਾਵਾਂ ਉੱਤੇ ਹੀ ਆਧਾਰਿਤ ਹੈ? ਪਤਰਸ ਦ੍ਰਿੜ੍ਹਤਾ ਨਾਲ ਜਵਾਬ ਦਿੰਦਾ ਹੈ ਕਿ “ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ।” ਪਤਰਸ, ਯਾਕੂਬ, ਅਤੇ ਯੂਹੰਨਾ ਯਿਸੂ ਦੇ ਨਾਲ ਹਾਜ਼ਰ ਸਨ ਜਦੋਂ ਉਨ੍ਹਾਂ ਨੇ ਯਿਸੂ ਨੂੰ ਰਾਜ ਸੱਤਾ ਵਿਚ ਹੋਣ ਦਾ ਇਕ ਦਰਸ਼ਣ ਦੇਖਿਆ। ਪਤਰਸ ਵਿਆਖਿਆ ਕਰਦਾ ਹੈ: “ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਓਸ ਡਾਢੇ ਭੜਕ ਵਾਲੇ ਤੇਜ ਤੋਂ ਉਹ ਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸੰਨ ਹਾਂ। ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ।”—2 ਪਤਰਸ 1:16-18.
21 ਜਦੋਂ ਪਤਰਸ, ਯਾਕੂਬ, ਅਤੇ ਯੂਹੰਨਾ ਨੇ ਉਹ ਦਰਸ਼ਣ ਦੇਖਿਆ, ਤਾਂ ਯਕੀਨਨ ਰਾਜ ਉਨ੍ਹਾਂ ਦੇ ਲਈ ਇਕ ਹਕੀਕਤ ਬਣ ਗਿਆ! ਪਤਰਸ ਟਿੱਪਣੀ ਕਰਦਾ ਹੈ ਕਿ “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ।” ਜੀ ਹਾਂ, ਪਤਰਸ ਦੀ ਪੱਤਰੀ ਪੜ੍ਹਨ ਵਾਲੇ ਪਾਠਕਾਂ ਕੋਲ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ, ਪਰਮੇਸ਼ੁਰ ਦੇ ਰਾਜ ਸੰਬੰਧੀ ਅਗੰਮ ਵਾਕਾਂ ਉੱਤੇ ਧਿਆਨ ਦੇਣ ਲਈ ਸ਼ਕਤੀਸ਼ਾਲੀ ਕਾਰਨ ਹੈ। ਸਾਨੂੰ ਕਿਸ ਤਰੀਕੇ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ? ਪਤਰਸ ਜਵਾਬ ਦਿੰਦਾ ਹੈ: “ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ।”—2 ਪਤਰਸ 1:19; ਦਾਨੀਏਲ 7:13, 14; ਯਸਾਯਾਹ 9:6, 7.
22. (ੳ) ਸਾਨੂੰ ਆਪਣੇ ਹਿਰਦਿਆਂ ਨੂੰ ਕਿਸ ਗੱਲ ਪ੍ਰਤੀ ਸਚੇਤ ਰੱਖਣ ਦੀ ਜ਼ਰੂਰਤ ਹੈ? (ਅ) ਅਸੀਂ ਅਗੰਮ ਵਾਕ ਉੱਤੇ ਕਿਵੇਂ ਧਿਆਨ ਦਿੰਦੇ ਹਾਂ?
22 ਅਗੰਮ ਵਾਕ ਦੇ ਚਾਨਣ ਤੋਂ ਬਿਨਾਂ ਸਾਡੇ ਹਿਰਦੇ ਹਨੇਰੇ ਰਹਿਣਗੇ। ਪਰੰਤੂ ਇਸ ਉੱਤੇ ਧਿਆਨ ਦੇਣ ਦੁਆਰਾ, ਮਸੀਹੀਆਂ ਦੇ ਹਿਰਦੇ ਪੌਹ ਫੁੱਟਣ ਦੇ ਪ੍ਰਤੀ ਸਚੇਤ ਰਹੇ ਹਨ ਜਦੋਂ ਉਹ “ਦਿਨ ਦਾ ਤਾਰਾ,” ਅਰਥਾਤ ਯਿਸੂ ਮਸੀਹ, ਰਾਜ ਮਹਿਮਾ ਵਿਚ ਚੜ੍ਹੇਗਾ। (ਪਰਕਾਸ਼ ਦੀ ਪੋਥੀ 22:16) ਅਸੀਂ ਅਗੰਮ ਵਾਕ ਉੱਤੇ ਕਿਵੇਂ ਧਿਆਨ ਦਿੰਦੇ ਹਾਂ? ਬਾਈਬਲ ਅਧਿਐਨ ਦੁਆਰਾ, ਸਭਾਵਾਂ ਲਈ ਤਿਆਰੀ ਕਰਨ ਅਤੇ ਇਨ੍ਹਾਂ ਵਿਚ ਭਾਗ ਲੈਣ ਦੁਆਰਾ, ਅਤੇ ‘ਇਨ੍ਹਾਂ ਗੱਲਾਂ ਦਾ ਉੱਦਮ ਕਰਨ, ਅਤੇ ਇਨ੍ਹਾਂ ਵਿੱਚ ਲੱਗੇ ਰਹਿਣ’ ਦੁਆਰਾ। (1 ਤਿਮੋਥਿਉਸ 4:15) ਜੇਕਰ ਅਗੰਮ ਵਾਕ ਨੇ ਇਕ “ਅਨ੍ਹੇਰੇ ਥਾਂ” (ਸਾਡੇ ਹਿਰਦਿਆਂ) ਵਿਚ ਚਮਕਣਾ ਹੈ, ਤਾਂ ਸਾਨੂੰ ਇਸ ਨੂੰ—ਸਾਡੀਆਂ ਇੱਛਾਵਾਂ, ਭਾਵਨਾਵਾਂ, ਮਨੋਰਥਾਂ, ਅਤੇ ਟੀਚਿਆਂ ਉੱਤੇ ਗਹਿਰੀ ਤਰ੍ਹਾਂ ਪ੍ਰਭਾਵ ਪਾਉਣ ਦੇਣਾ ਚਾਹੀਦਾ ਹੈ। ਸਾਨੂੰ ਬਾਈਬਲ ਸਿੱਖਿਆਰਥੀ ਹੋਣਾ ਚਾਹੀਦਾ ਹੈ, ਕਿਉਂਕਿ ਪਤਰਸ ਇਸ ਤਰ੍ਹਾਂ ਅਧਿਆਇ 1 ਸਮਾਪਤ ਕਰਦਾ ਹੈ: “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”—2 ਪਤਰਸ 1:20, 21.
23. ਦੂਜੇ ਪਤਰਸ ਦੇ ਪਹਿਲੇ ਅਧਿਆਇ ਨੇ ਪਾਠਕਾਂ ਨੂੰ ਕਿਨ੍ਹਾਂ ਗੱਲਾਂ ਦੇ ਲਈ ਤਿਆਰ ਕੀਤਾ ਹੈ?
23 ਆਪਣੀ ਦੂਜੀ ਪੱਤਰੀ ਦੇ ਪਹਿਲੇ ਅਧਿਆਇ ਵਿਚ, ਪਤਰਸ ਨੇ ਸਾਨੂੰ ਆਪਣੀ ਬਹੁਮੁੱਲੀ ਨਿਹਚਾ ਨੂੰ ਫੜੀ ਰੱਖਣ ਦੇ ਲਈ ਸ਼ਕਤੀਸ਼ਾਲੀ ਪ੍ਰੇਰਣਾ ਦਿੱਤੀ ਹੈ। ਅਸੀਂ ਹੁਣ ਇਸ ਤੋਂ ਮਗਰਲੇ ਗੰਭੀਰ ਮਾਮਲਿਆਂ ਬਾਰੇ ਚਰਚਾ ਕਰਨ ਲਈ ਤਿਆਰ ਹਾਂ। ਅਗਲਾ ਲੇਖ 2 ਪਤਰਸ ਦੇ ਅਧਿਆਇ 2 ਉੱਤੇ ਚਰਚਾ ਕਰੇਗਾ, ਜਿੱਥੇ ਪਤਰਸ ਕਲੀਸਿਯਾਵਾਂ ਦੇ ਵਿਚ ਅਨੈਤਿਕ ਪ੍ਰਭਾਵਾਂ ਦੀ ਚੁਣੌਤੀ ਨਾਲ ਨਿਪਟਦਾ ਹੈ।
ਕੀ ਤੁਹਾਨੂੰ ਯਾਦ ਹੈ?
◻ ਪਤਰਸ ਯਥਾਰਥ ਗਿਆਨ ਦੀ ਮਹੱਤਤਾ ਉੱਤੇ ਕਿਉਂ ਜ਼ੋਰ ਦਿੰਦਾ ਹੈ?
◻ ਕੀ ਕਾਰਨ ਹੋ ਸਕਦਾ ਹੈ ਕਿ ਨਿਹਚਾ ਨਾਲ ਵਧਾਏ ਜਾਣ ਵਾਲੇ ਗੁਣਾਂ ਵਿਚ ਨੇਕੀ ਨੂੰ ਸਭ ਤੋਂ ਪਹਿਲਾਂ ਸੂਚੀਬੱਧ ਕੀਤਾ ਗਿਆ ਹੈ?
◻ ਪਤਰਸ ਆਪਣੇ ਭਰਾਵਾਂ ਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਕਿਉਂ ਰੱਖਦਾ ਹੈ?
◻ ਪਤਰਸ ਸਾਡੀ ਨਿਹਚਾ ਲਈ ਕਿਹੜਾ ਦ੍ਰਿੜ੍ਹ ਆਧਾਰ ਮੁਹੱਈਆ ਕਰਦਾ ਹੈ?
[ਸਫ਼ੇ 8 ਉੱਤੇ ਤਸਵੀਰ]
ਪਤਰਸ ਨੇ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਆਪਣੀ ਨਿਹਚਾ ਨਹੀਂ ਛੱਡ ਦਿੱਤੀ