ਅਧਿਐਨ ਲੇਖ 41
ਪਤਰਸ ਦੀਆਂ ਦੋ ਚਿੱਠੀਆਂ ਤੋਂ ਅਹਿਮ ਸਬਕ
“ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ।” —2 ਪਤ. 1:12.
ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
ਖ਼ਾਸ ਗੱਲਾਂa
1. ਪਤਰਸ ਰਸੂਲ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਹੋਵਾਹ ਨੇ ਉਸ ਨੂੰ ਕੀ ਕਰਨ ਲਈ ਪ੍ਰੇਰਿਆ?
ਪਤਰਸ ਰਸੂਲ ਨੇ ਬਹੁਤ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਉਹ ਯਿਸੂ ਨਾਲ ਅਲੱਗ-ਅਲੱਗ ਥਾਵਾਂ ʼਤੇ ਪ੍ਰਚਾਰ ਕਰਨ ਗਿਆ। ਉਸ ਨੇ ਹੀ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਬਾਅਦ ਵਿਚ ਉਹ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਫਿਰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਜਦੋਂ ਉਸ ਨੂੰ ਲੱਗਾ ਕਿ ਉਹ ਜ਼ਿਆਦਾ ਸਮਾਂ ਜੀਉਂਦਾ ਨਹੀਂ ਰਹੇਗਾ, ਤਾਂ ਯਹੋਵਾਹ ਨੇ ਉਸ ਨੂੰ ਇਕ ਹੋਰ ਕੰਮ ਕਰਨ ਨੂੰ ਦਿੱਤਾ। ਉਸ ਨੇ ਲਗਭਗ 62-64 ਈਸਵੀ ਵਿਚ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪਹਿਲਾ ਪਤਰਸ ਤੇ ਦੂਜਾ ਪਤਰਸ ਨਾਂ ਦੀਆਂ ਦੋ ਚਿੱਠੀਆਂ ਲਿਖੀਆਂ। ਉਸ ਨੂੰ ਉਮੀਦ ਸੀ ਕਿ ਉਸ ਦੀ ਮੌਤ ਤੋਂ ਬਾਅਦ ਵੀ ਇਹ ਚਿੱਠੀਆਂ ਮਸੀਹੀਆਂ ਦੀ ਮਦਦ ਕਰਨਗੀਆਂ।—2 ਪਤ. 1:12-15.
2. ਪਤਰਸ ਦੀਆਂ ਚਿੱਠੀਆਂ ਉਸ ਵੇਲੇ ਦੇ ਮਸੀਹੀਆਂ ਲਈ ਇੰਨੀਆਂ ਢੁਕਵੀਆਂ ਕਿਉਂ ਸਨ?
2 ਪਤਰਸ ਨੇ ਇਹ ਚਿੱਠੀਆਂ ਉਸ ਸਮੇਂ ਲਿਖੀਆਂ ਸਨ ਜਦੋਂ ਸੱਚੇ ਮਸੀਹੀ ‘ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲ’ ਰਹੇ ਸਨ। (1 ਪਤ. 1:6) ਦੁਸ਼ਟ ਆਦਮੀ ਮਸੀਹੀ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਦੂਜਿਆਂ ਨੂੰ ਵੀ ਗੰਦੇ-ਮੰਦੇ ਕੰਮ ਕਰਨ ਲਈ ਉਕਸਾ ਰਹੇ ਸਨ। (2 ਪਤ. 2:1, 2, 14) ਯਰੂਸ਼ਲਮ ਵਿਚ ਰਹਿਣ ਵਾਲੇ ਮਸੀਹੀਆਂ ਨੇ ਜਲਦੀ ਹੀ “ਸਾਰੀਆਂ ਚੀਜ਼ਾਂ ਦਾ ਅੰਤ” ਦੇਖਣਾ ਸੀ ਯਾਨੀ ਰੋਮੀ ਫ਼ੌਜਾਂ ਨੇ ਜਲਦ ਹੀ ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼ ਕਰ ਦੇਣਾ ਸੀ। (1 ਪਤ. 4:7) ਬਿਨਾਂ ਸ਼ੱਕ, ਪਤਰਸ ਦੀਆਂ ਇਨ੍ਹਾਂ ਚਿੱਠੀਆਂ ਤੋਂ ਮਸੀਹੀ ਸਮਝ ਗਏ ਹੋਣੇ ਕਿ ਉਹ ਜਿਹੜੀਆਂ ਅਜ਼ਮਾਇਸ਼ਾਂ ਝੱਲ ਰਹੇ ਹਨ, ਉਹ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ ਅਤੇ ਆਉਣ ਵਾਲੀਆਂ ਅਜ਼ਮਾਇਸ਼ਾਂ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਨ।b
3. ਸਾਨੂੰ ਪਤਰਸ ਦੀਆਂ ਚਿੱਠੀਆਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
3 ਚਾਹੇ ਕਿ ਪਤਰਸ ਨੇ ਇਹ ਚਿੱਠੀਆਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖੀਆਂ ਸਨ, ਫਿਰ ਵੀ ਯਹੋਵਾਹ ਨੇ ਇਨ੍ਹਾਂ ਨੂੰ ਆਪਣੇ ਬਚਨ ਵਿਚ ਦਰਜ ਕਰਵਾਇਆ। ਇਸ ਲਈ ਅੱਜ ਸਾਨੂੰ ਵੀ ਇਨ੍ਹਾਂ ਚਿੱਠੀਆਂ ਤੋਂ ਫ਼ਾਇਦਾ ਹੋ ਸਕਦਾ ਹੈ। (ਰੋਮੀ. 15:4) ਉਨ੍ਹਾਂ ਮਸੀਹੀਆਂ ਵਾਂਗ ਅੱਜ ਅਸੀਂ ਵੀ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ ਜਿੱਥੇ ਗੰਦੇ-ਮੰਦੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਨਾਲੇ ਸਾਡੇ ʼਤੇ ਵੀ ਅਜਿਹੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ ਜਿਨ੍ਹਾਂ ਕਰਕੇ ਸਾਡੇ ਲਈ ਯਹੋਵਾਹ ਦੀ ਸੇਵਾ ਕਰਨੀ ਔਖੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਬਹੁਤ ਜਲਦ ਅਸੀਂ ਅਜਿਹਾ ਕਸ਼ਟ ਦੇਖਾਂਗੇ ਜੋ ਯਰੂਸ਼ਲਮ ਅਤੇ ਉਸ ਦੇ ਮੰਦਰ ਦੇ ਨਾਸ਼ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ। ਪਤਰਸ ਦੀਆਂ ਦੋ ਚਿੱਠੀਆਂ ਤੋਂ ਅਸੀਂ ਕਈ ਜ਼ਰੂਰੀ ਗੱਲਾਂ ਸਿੱਖਦੇ ਹਾਂ: (1) ਅਸੀਂ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਰਹਿ ਸਕਾਂਗੇ, (2) ਇਨਸਾਨਾਂ ਦੇ ਡਰ ʼਤੇ ਕਾਬੂ ਪਾ ਸਕਾਂਗੇ ਅਤੇ (3) ਅਸੀਂ ਇਕ-ਦੂਜੇ ਲਈ ਗੂੜ੍ਹਾ ਪਿਆਰ ਪੈਦਾ ਕਰ ਸਕਾਂਗੇ। ਇਨ੍ਹਾਂ ਚਿੱਠੀਆਂ ਦੀ ਮਦਦ ਨਾਲ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਣਗੇ।
ਉਡੀਕ ਕਰਦੇ ਰਹੋ
4. ਦੂਜਾ ਪਤਰਸ 3:3, 4 ਮੁਤਾਬਕ ਕਿਹੜੀ ਗੱਲ ਕਰਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ?
4 ਅਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਜ਼ਰਾ ਵੀ ਵਿਸ਼ਵਾਸ ਨਹੀਂ ਕਰਦੇ। ਵਿਰੋਧੀ ਸ਼ਾਇਦ ਸਾਡਾ ਇਸ ਲਈ ਮਜ਼ਾਕ ਉਡਾਉਣ ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਅੰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਕੁਝ ਲੋਕ ਦਾਅਵਾ ਕਰਦੇ ਹਨ ਕਿ ਅੰਤ ਕਦੇ ਨਹੀਂ ਆਵੇਗਾ। (2 ਪਤਰਸ 3:3, 4 ਪੜ੍ਹੋ।) ਜੇ ਪ੍ਰਚਾਰ ਵਿਚ, ਕੰਮ ʼਤੇ ਜਾਂ ਪਰਿਵਾਰ ਦਾ ਕੋਈ ਮੈਂਬਰ ਸਾਨੂੰ ਅਜਿਹੀਆਂ ਗੱਲਾਂ ਕਹਿੰਦਾ ਹੈ, ਤਾਂ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਪਤਰਸ ਨੇ ਸਮਝਾਇਆ ਕਿ ਉਸ ਸਮੇਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ।
5. ਕਿਹੜੀ ਗੱਲ ਇਸ ਦੁਨੀਆਂ ਦੇ ਅੰਤ ਬਾਰੇ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ? (2 ਪਤਰਸ 3:8, 9)
5 ਕਈਆਂ ਨੂੰ ਸ਼ਾਇਦ ਲੱਗੇ ਕਿ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਅੰਤ ਕਰਨ ਵਿਚ ਦੇਰ ਕਰ ਰਿਹਾ ਹੈ। ਪਤਰਸ ਦੇ ਸ਼ਬਦਾਂ ਤੋਂ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਹੋ ਸਕਦੀ ਹੈ। ਉਸ ਨੇ ਸਾਨੂੰ ਯਾਦ ਕਰਾਇਆ ਕਿ ਸਮੇਂ ਬਾਰੇ ਯਹੋਵਾਹ ਦੇ ਨਜ਼ਰੀਏ ਤੇ ਇਨਸਾਨਾਂ ਦੇ ਨਜ਼ਰੀਏ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। (2 ਪਤਰਸ 3:8, 9 ਪੜ੍ਹੋ।) ਯਹੋਵਾਹ ਲਈ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਹੈ। ਯਹੋਵਾਹ ਧੀਰਜ ਰੱਖਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ। ਪਰ ਜਦੋਂ ਇਹ ਦਿਨ ਆਵੇਗਾ, ਤਾਂ ਇਸ ਦੁਸ਼ਟ ਦੁਨੀਆਂ ਦਾ ਨਾਸ਼ ਹੋ ਜਾਵੇਗਾ। ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਉਦੋਂ ਤਕ ਦੁਨੀਆਂ ਭਰ ਦੇ ਲੋਕਾਂ ਨੂੰ ਗਵਾਹੀ ਦਿੰਦੇ ਰਹੀਏ!
6. ਅਸੀਂ ਯਹੋਵਾਹ ਦੇ ਦਿਨ ਨੂੰ ਕਿਵੇਂ ‘ਯਾਦ ਰੱਖ’ ਸਕਦੇ ਹਾਂ? (2 ਪਤਰਸ 3:11, 12)
6 ਪਤਰਸ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਦਿਨ ਨੂੰ ‘ਯਾਦ ਰੱਖੀਏ।’ (2 ਪਤਰਸ 3:11, 12 ਪੜ੍ਹੋ।) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਸੀਂ ਹਰ ਰੋਜ਼ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਸਾਡੀ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ। ਜ਼ਰਾ ਕਲਪਨਾ ਕਰੋ ਕਿ ਤੁਸੀਂ ਸਾਫ਼-ਸੁਥਰੀ ਹਵਾ ਵਿਚ ਸਾਹ ਲੈ ਰਹੇ ਹੋ, ਪੌਸ਼ਟਿਕ ਖਾਣਾ ਖਾ ਰਹੇ ਹੋ ਅਤੇ ਦੁਬਾਰਾ ਜੀਉਂਦੇ ਹੋਏ ਅਜ਼ੀਜ਼ਾਂ ਦਾ ਸੁਆਗਤ ਕਰ ਰਹੇ ਹੋ। ਨਾਲੇ ਜਿਹੜੇ ਲੋਕ ਸਦੀਆਂ ਪਹਿਲਾਂ ਧਰਤੀ ʼਤੇ ਜੀਉਂਦੇ ਸਨ, ਤੁਸੀਂ ਉਨ੍ਹਾਂ ਨੂੰ ਸਿਖਾ ਰਹੇ ਹੋ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ। ਇਸ ਤਰ੍ਹਾਂ ਸੋਚ-ਵਿਚਾਰ ਕਰਨ ਕਰਕੇ ਤੁਸੀਂ ਪਰਮੇਸ਼ੁਰ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਸਕੋਗੇ ਅਤੇ ਯਕੀਨ ਰੱਖ ਸਕੋਗੇ ਕਿ ਅੰਤ ਬਹੁਤ ਨੇੜੇ ਹੈ। ਨਾਲੇ ਭਵਿੱਖ ਬਾਰੇ ‘ਪਹਿਲਾਂ ਤੋਂ ਹੀ ਇਹ ਗੱਲਾਂ ਜਾਣਨ’ ਕਰਕੇ ਅਸੀਂ ਝੂਠੇ ਸਿੱਖਿਅਕਾਂ ਦੀਆਂ ਗੱਲਾਂ ਕਰਕੇ ‘ਗੁਮਰਾਹ ਨਹੀਂ ਹੋਵਾਂਗੇ।’—2 ਪਤ. 3:17.
ਇਨਸਾਨਾਂ ਦੇ ਡਰ ʼਤੇ ਕਾਬੂ ਪਾਓ
7. ਇਨਸਾਨਾਂ ਦੇ ਡਰ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
7 ਯਹੋਵਾਹ ਦੇ ਦਿਨ ਨੂੰ ਯਾਦ ਰੱਖਣ ਨਾਲ ਅਸੀਂ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰੇਰਿਤ ਹੁੰਦੇ ਹਾਂ। ਫਿਰ ਵੀ ਕਦੀ-ਕਦਾਈਂ ਸ਼ਾਇਦ ਅਸੀਂ ਗੱਲ ਕਰਨ ਤੋਂ ਝਿਜਕੀਏ। ਕਿਉਂ? ਕਿਉਂਕਿ ਸ਼ਾਇਦ ਅਸੀਂ ਡਰ ਜਾਈਏ ਕਿ ਲੋਕ ਸਾਡੇ ਬਾਰੇ ਕੀ ਸੋਚਣਗੇ ਅਤੇ ਸਾਡੇ ਨਾਲ ਕੀ ਕਰਨਗੇ। ਪਤਰਸ ਨਾਲ ਵੀ ਇੱਦਾਂ ਹੀ ਹੋਇਆ ਸੀ। ਯਿਸੂ ਦੇ ਮੁਕੱਦਮੇ ਵਾਲੀ ਰਾਤ ਪਤਰਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਯਿਸੂ ਦਾ ਚੇਲਾ ਹੈ। ਯਿਸੂ ਨੂੰ ਜਾਣਨ ਦੇ ਬਾਵਜੂਦ ਵੀ ਉਸ ਨੇ ਵਾਰ-ਵਾਰ ਇਨਕਾਰ ਕੀਤਾ। (ਮੱਤੀ 26:69-75) ਪਰ ਬਾਅਦ ਵਿਚ ਪਤਰਸ ਆਪਣੇ ਡਰ ʼਤੇ ਕਾਬੂ ਪਾ ਸਕਿਆ ਅਤੇ ਉਸ ਨੇ ਪੂਰੇ ਯਕੀਨ ਨਾਲ ਕਿਹਾ: “ਤੁਸੀਂ ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਲੋਕ ਡਰਦੇ ਹਨ ਤੇ ਨਾ ਹੀ ਉਨ੍ਹਾਂ ਕਰਕੇ ਪਰੇਸ਼ਾਨ ਹੋਵੋ।” (1 ਪਤ. 3:14) ਪਤਰਸ ਦੇ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਅਸੀਂ ਵੀ ਇਨਸਾਨਾਂ ਦੇ ਡਰ ʼਤੇ ਕਾਬੂ ਪਾ ਸਕਦੇ ਹਾਂ।
8. ਅਸੀਂ ਇਨਸਾਨਾਂ ਦੇ ਡਰ ʼਤੇ ਕਿਵੇਂ ਕਾਬੂ ਪਾ ਸਕਦੇ ਹਾਂ? (1 ਪਤਰਸ 3:15)
8 ਕਿਹੜੀ ਗੱਲ ਇਨਸਾਨਾਂ ਦੇ ਡਰ ʼਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ? ਪਤਰਸ ਦੱਸਦਾ ਹੈ: “ਆਪਣੇ ਦਿਲਾਂ ਵਿਚ ਸਵੀਕਾਰ ਕਰੋ ਕਿ ਮਸੀਹ ਹੀ ਪ੍ਰਭੂ ਹੈ ਅਤੇ ਉਹ ਪਵਿੱਤਰ ਹੈ।” (1 ਪਤਰਸ 3:15 ਪੜ੍ਹੋ।) ਅਸੀਂ ਆਪਣੇ ਆਪ ਨੂੰ ਯਾਦ ਕਰਵਾ ਸਕਦੇ ਹਾਂ ਕਿ ਸਾਡਾ ਪ੍ਰਭੂ ਤੇ ਰਾਜਾ ਯਿਸੂ ਮਸੀਹ ਕਿਸ ਅਹੁਦੇ ʼਤੇ ਹੈ ਅਤੇ ਉਸ ਕੋਲ ਕਿੰਨੀ ਤਾਕਤ ਹੈ। ਜੇ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਣ ʼਤੇ ਘਬਰਾਹਟ ਹੁੰਦੀ ਹੈ ਜਾਂ ਡਰ ਲੱਗਦਾ ਹੈ, ਤਾਂ ਸਾਡੇ ਰਾਜੇ ਬਾਰੇ ਸੋਚੋ। ਕਲਪਨਾ ਕਰੋ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਉਸ ਦੇ ਚਾਰੇ ਪਾਸੇ ਅਣਗਿਣਤ ਦੂਤ ਹਨ। ਜ਼ਰਾ ਯਾਦ ਕਰੋ ਕਿ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਉਸ ਨੂੰ ਦਿੱਤਾ ਗਿਆ ਹੈ” ਅਤੇ ਉਹ ‘ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹੇਗਾ।’ (ਮੱਤੀ 28:18-20) ਪਤਰਸ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ਆਪਣੀ ਨਿਹਚਾ ਦੇ ਪੱਖ ਵਿਚ ਬੋਲਣ ਲਈ ‘ਹਮੇਸ਼ਾ ਤਿਆਰ ਰਹੀਏ।’ ਕੀ ਤੁਸੀਂ ਕੰਮ ਦੀ ਥਾਂ ʼਤੇ, ਸਕੂਲ ਵਿਚ ਜਾਂ ਕਿਸੇ ਹੋਰ ਮੌਕੇ ʼਤੇ ਗਵਾਹੀ ਦੇਣੀ ਚਾਹੋਗੇ? ਪਹਿਲਾਂ ਤੋ ਹੀ ਸੋਚੋ ਕਿ ਤੁਹਾਨੂੰ ਇੱਦਾਂ ਕਰਨ ਦਾ ਮੌਕਾ ਕਦੋਂ ਮਿਲ ਸਕਦਾ ਹੈ, ਫਿਰ ਤਿਆਰੀ ਕਰੋ ਕਿ ਤੁਸੀਂ ਉਦੋਂ ਕੀ ਕਹੋਗੇ। ਦਲੇਰੀ ਲਈ ਪ੍ਰਾਰਥਨਾ ਕਰੋ ਅਤੇ ਭਰੋਸਾ ਰੱਖੋ ਕਿ ਯਹੋਵਾਹ ਇਨਸਾਨਾਂ ਦੇ ਡਰ ʼਤੇ ਕਾਬੂ ਪਾਉਣ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ।—ਰਸੂ. 4:29.
“ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ”
9. ਇਕ ਮੌਕੇ ʼਤੇ ਪਤਰਸ ਨੇ ਕਿਵੇਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਜ਼ਾਹਰ ਨਹੀਂ ਕੀਤਾ? (ਤਸਵੀਰ ਵੀ ਦੇਖੋ।)
9 ਪਤਰਸ ਨੇ ਸਿੱਖਿਆ ਕਿ ਉਹ ਦੂਜਿਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦਾ ਹੈ। ਉਹ ਉਦੋਂ ਉੱਥੇ ਹੀ ਮੌਜੂਦ ਸੀ ਜਦੋਂ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।” (ਯੂਹੰ. 13:34) ਇਸ ਦੇ ਬਾਵਜੂਦ, ਇਕ ਮੌਕੇ ʼਤੇ ਪਤਰਸ ਯਹੂਦੀ ਮਸੀਹੀਆਂ ਤੋਂ ਡਰ ਗਿਆ ਅਤੇ ਉਸ ਨੇ ਆਪਣੇ ਗ਼ੈਰ-ਯਹੂਦੀ ਭੈਣਾਂ-ਭਰਾਵਾਂ ਨਾਲ ਮਿਲ ਕੇ ਖਾਣਾ-ਪੀਣਾ ਛੱਡ ਦਿੱਤਾ। ਪਤਰਸ ਨੇ ਜੋ ਕੀਤਾ, ਉਸ ਬਾਰੇ ਪੌਲੁਸ ਰਸੂਲ ਨੇ ਕਿਹਾ ਕਿ ਉਹ “ਪਖੰਡ ਕਰਨ ਲੱਗ ਪਿਆ” ਸੀ। (ਗਲਾ. 2:11-14) ਪਤਰਸ ਨੇ ਪੌਲੁਸ ਦੀ ਸਲਾਹ ਨੂੰ ਮੰਨਿਆ ਅਤੇ ਇਸ ਤੋਂ ਸਬਕ ਸਿੱਖਿਆ। ਬਾਅਦ ਵਿਚ ਪਤਰਸ ਨੇ ਆਪਣੀਆਂ ਦੋਹਾਂ ਚਿੱਠੀਆਂ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਮਹਿਸੂਸ ਹੀ ਨਹੀਂ ਕਰਨਾ ਚਾਹੀਦਾ, ਸਗੋਂ ਆਪਣੇ ਕੰਮਾਂ ਰਾਹੀਂ ਇਸ ਨੂੰ ਜ਼ਾਹਰ ਵੀ ਕਰਨਾ ਚਾਹੀਦਾ ਹੈ।
10. “ਭਰਾਵਾਂ ਨਾਲ ਬਿਨਾਂ ਕਿਸੇ ਕਪਟ ਦੇ ਮੋਹ” ਕਿਵੇਂ ਪੈਦਾ ਹੁੰਦਾ ਹੈ? ਸਮਝਾਓ। (1 ਪਤਰਸ 1:22)
10 ਪਤਰਸ ਨੇ ਕਿਹਾ ਸੀ ਕਿ ਸਾਨੂੰ ਆਪਣੇ “ਭਰਾਵਾਂ ਨਾਲ ਬਿਨਾਂ ਕਿਸੇ ਕਪਟ ਦੇ ਮੋਹ” ਰੱਖਣਾ ਚਾਹੀਦਾ ਹੈ। (1 ਪਤਰਸ 1:22 ਪੜ੍ਹੋ।) ਅਜਿਹਾ ਮੋਹ “ਸੱਚਾਈ ਉੱਤੇ ਚੱਲ ਕੇ” ਪੈਦਾ ਹੁੰਦਾ ਹੈ। ਇਸ ਸੱਚਾਈ ਵਿਚ ਇਹ ਸਿੱਖਿਆ ਵੀ ਸ਼ਾਮਲ ਹੈ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰਸੂ. 10:34, 35) ਜੇ ਅਸੀਂ ਮੰਡਲੀ ਵਿਚ ਕੁਝ ਜਣਿਆਂ ਨੂੰ ਪਿਆਰ ਕਰਦੇ ਹਾਂ ਅਤੇ ਬਾਕੀਆਂ ਨੂੰ ਨਹੀਂ ਕਰਦੇ, ਤਾਂ ਅਸੀਂ ਪਿਆਰ ਬਾਰੇ ਦਿੱਤੇ ਯਿਸੂ ਦੇ ਹੁਕਮ ਨੂੰ ਨਹੀਂ ਮੰਨ ਰਹੇ ਹੋਵਾਂਗੇ। ਇਹ ਸੱਚ ਹੈ ਕਿ ਯਿਸੂ ਵਾਂਗ ਸ਼ਾਇਦ ਸਾਡਾ ਵੀ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨਾਲ ਜ਼ਿਆਦਾ ਮੋਹ ਹੋਵੇ। (ਯੂਹੰ. 13:23; 20:2) ਪਰ ਪਤਰਸ ਨੇ ਸਾਨੂੰ ਯਾਦ ਕਰਾਇਆ ਕਿ ਸਾਨੂੰ ਸਾਰੇ ਮਸੀਹੀਆਂ ਨਾਲ ਭਰਾਵਾਂ ਵਰਗਾ “ਮੋਹ” ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ।—1 ਪਤ. 2:17.
11. “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ” ਕਰਨ ਦਾ ਕੀ ਮਤਲਬ ਹੈ?
11 ਪਤਰਸ ਨੇ ਸਾਨੂੰ ਗੁਜ਼ਾਰਸ਼ ਕੀਤੀ ਕਿ ਅਸੀਂ “ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ” ਕਰੀਏ। ਪਤਰਸ ਦੇ ਕਹਿਣ ਦਾ ਮਤਲਬ ਸੀ ਕਿ ਜੇ ਸਾਡਾ ਕਿਸੇ ਵਿਅਕਤੀ ਨੂੰ ਪਿਆਰ ਕਰਨ ਦਾ ਮਨ ਨਾ ਵੀ ਕਰੇ, ਤਾਂ ਵੀ ਅਸੀਂ ਉਸ ਨੂੰ ਪਿਆਰ ਕਰੀਏ। ਉਦਾਹਰਣ ਲਈ, ਹੋ ਸਕਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਨੂੰ ਠੇਸ ਪਹੁੰਚਾਈ ਹੋਵੇ। ਇੱਦਾਂ ਹੋਣ ਤੇ ਸ਼ਾਇਦ ਸਾਡਾ ਜੀਅ ਕਰੇ ਕਿ ਅਸੀਂ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਈਏ। ਪਰ ਪਤਰਸ ਨੇ ਯਿਸੂ ਤੋਂ ਸਿੱਖਿਆ ਕਿ ਜਦੋਂ ਅਸੀਂ ਬਦਲਾ ਲੈਂਦੇ ਹਾਂ, ਤਾਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। (ਯੂਹੰ. 18:10, 11) ਪਤਰਸ ਨੇ ਲਿਖਿਆ: “ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ। ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ।” (1 ਪਤ. 3:9) ਗੂੜ੍ਹਾ ਪਿਆਰ ਹੋਣ ਕਰਕੇ ਤੁਸੀਂ ਉਨ੍ਹਾਂ ਪ੍ਰਤੀ ਵੀ ਹਮਦਰਦੀ ਤੇ ਲਿਹਾਜ਼ ਦਿਖਾਓਗੇ ਜਿਨ੍ਹਾਂ ਨੇ ਸ਼ਾਇਦ ਤੁਹਾਨੂੰ ਠੇਸ ਪਹੁੰਚਾਈ ਹੋਵੇ।
12. (ੳ) ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਹੋਰ ਕੀ ਕਰਨ ਲਈ ਪ੍ਰੇਰਿਤ ਹੋਵਾਂਗੇ? (ਅ) ਏਕਤਾ ਦਾ ਬੰਧਨ ਟੁੱਟਣ ਨਾ ਦਿਓ ਨਾਂ ਦੀ ਵੀਡੀਓ ਦੇਖ ਕੇ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
12 ਪਤਰਸ ਨੇ ਆਪਣੀ ਪਹਿਲੀ ਚਿੱਠੀ ਵਿਚ ਇਸ ਦੇ ਨਾਲ ਮਿਲਦੀ-ਜੁਲਦੀ ਗੱਲ ਕਹੀ। ਉਸ ਨੇ ਲਿਖਿਆ, “ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ।” ਇਸ ਤਰ੍ਹਾਂ ਦਾ ਪਿਆਰ ਨਾ ਸਿਰਫ਼ ਕੁਝ ਪਾਪ, ਸਗੋਂ “ਇਕ-ਦੂਜੇ ਦੇ ਬਹੁਤ ਸਾਰੇ ਪਾਪ ਢਕ” ਲੈਂਦਾ ਹੈ। (1 ਪਤ. 4:8, ਫੁਟਨੋਟ) ਪਤਰਸ ਸ਼ਾਇਦ ਮਾਫ਼ ਕਰਨ ਬਾਰੇ ਯਿਸੂ ਤੋਂ ਸਿੱਖੇ ਉਸ ਸਬਕ ਨੂੰ ਯਾਦ ਕਰ ਰਿਹਾ ਸੀ ਜੋ ਉਸ ਨੇ ਕਈ ਸਾਲ ਪਹਿਲਾਂ ਸਿੱਖਿਆ ਸੀ। ਉਸ ਵੇਲੇ ਪਤਰਸ ਨੂੰ ਲੱਗਦਾ ਸੀ ਕਿ ਉਹ ਆਪਣੇ ਭਰਾ ਨੂੰ “ਸੱਤ ਵਾਰ” ਮਾਫ਼ ਕਰ ਕੇ ਖੁੱਲ੍ਹ-ਦਿਲੀ ਦਿਖਾ ਰਿਹਾ ਸੀ। ਪਰ ਯਿਸੂ ਨੇ ਉਸ ਨੂੰ ਅਤੇ ਸਾਨੂੰ ਸਿਖਾਇਆ ਕਿ ਆਪਣੇ ਭਰਾ ਨੂੰ “77 ਵਾਰ” ਮਾਫ਼ ਕਰਨਾ ਚਾਹੀਦਾ ਹੈ ਯਾਨੀ ਮਾਫ਼ ਕਰਨ ਦੀ ਕੋਈ ਹੱਦ ਨਹੀਂ ਹੋਣੀ ਚਾਹੀਦੀ। (ਮੱਤੀ 18:21, 22) ਜੇ ਤੁਹਾਨੂੰ ਇਹ ਸਲਾਹ ਮੰਨਣੀ ਔਖੀ ਲੱਗਦੀ ਹੈ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਦੇ ਸਾਰੇ ਨਾਮੁਕੰਮਲ ਸੇਵਕਾਂ ਨੂੰ ਕਦੇ-ਕਦਾਈਂ ਇਕ-ਦੂਜੇ ਨੂੰ ਮਾਫ਼ ਕਰਨਾ ਔਖਾ ਲੱਗਾ ਹੈ। ਪਰ ਅਹਿਮ ਗੱਲ ਹੈ ਕਿ ਜੇ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਹੈ, ਤਾਂ ਉਸ ਨੂੰ ਮਾਫ਼ ਕਰਨ ਲਈ ਜ਼ਰੂਰੀ ਕਦਮ ਚੁੱਕੋ ਅਤੇ ਉਸ ਨਾਲ ਸ਼ਾਂਤੀ ਕਾਇਮ ਕਰੋ।c
ਬਜ਼ੁਰਗੋ, ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰੋ
13. ਕਿਹੜੀਆਂ ਗੱਲਾਂ ਕਰਕੇ ਬਜ਼ੁਰਗਾਂ ਲਈ ਭੈਣਾਂ-ਭਰਾਵਾਂ ਦੀ ਦੇਖ-ਭਾਲ ਔਖੀ ਹੋ ਸਕਦੀ ਹੈ?
13 ਬਿਨਾਂ ਸ਼ੱਕ, ਪਤਰਸ ਇਹ ਕਦੇ ਨਹੀਂ ਭੁੱਲਿਆ ਹੋਣਾ ਕਿ ਯਿਸੂ ਨੇ ਦੁਬਾਰਾ ਜੀ ਉੱਠਣ ਤੋਂ ਬਾਅਦ ਉਸ ਨੂੰ ਕਿਹਾ ਸੀ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।” (ਯੂਹੰ. 21:16) ਜੇ ਤੁਸੀਂ ਇਕ ਬਜ਼ੁਰਗ ਹੋ, ਤਾਂ ਤੁਸੀਂ ਜਾਣਦੇ ਹੋਣੇ ਕਿ ਇਹ ਸਲਾਹ ਤੁਹਾਨੂੰ ਵੀ ਮੰਨਣੀ ਚਾਹੀਦੀ ਹੈ। ਪਰ ਹੋ ਸਕਦਾ ਹੈ ਕਿ ਇਕ ਬਜ਼ੁਰਗ ਨੂੰ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਮਾਂ ਕੱਢਣਾ ਔਖਾ ਲੱਗੇ। ਬਜ਼ੁਰਗਾਂ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ, ਉਨ੍ਹਾਂ ਨਾਲ ਸਮਾਂ ਬਿਤਾਉਣ, ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਣ ਅਤੇ ਯਹੋਵਾਹ ਦੇ ਨੇੜੇ ਜਾਣ ਵਿਚ ਉਨ੍ਹਾਂ ਦੀ ਮਦਦ ਕਰਨ। ਨਾਲੇ ਬਜ਼ੁਰਗ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਮੀਟਿੰਗਾਂ ਅਤੇ ਸੰਮੇਲਨਾਂ ਵਿਚ ਜੋ ਭਾਗ ਮਿਲਦੇ ਹਨ, ਉਹ ਉਨ੍ਹਾਂ ਦੀ ਤਿਆਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਪੇਸ਼ ਕਰਦੇ ਹਨ। ਕੁਝ ਬਜ਼ੁਰਗ ਹਸਪਤਾਲ ਸੰਪਰਕ ਕਮੇਟੀ ਦੇ ਮੈਂਬਰ ਹੁੰਦੇ ਹਨ ਅਤੇ ਕੁਝ ਬਜ਼ੁਰਗ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਵਿਚ ਮਦਦ ਕਰਦੇ ਹਨ। ਸੱਚ-ਮੁੱਚ, ਬਜ਼ੁਰਗਾਂ ਕੋਲ ਬਹੁਤ ਸਾਰੇ ਕੰਮ ਹਨ!
14. ਕਿਹੜੀ ਗੱਲ ਬਜ਼ੁਰਗਾਂ ਨੂੰ ਭੇਡਾਂ ਦੀ ਦੇਖ-ਭਾਲ ਕਰਨ ਲਈ ਪ੍ਰੇਰ ਸਕਦੀ ਹਨ? (1 ਪਤਰਸ 5:1-4)
14 ਪਤਰਸ ਵੀ ਇਕ ਬਜ਼ੁਰਗ ਸੀ ਅਤੇ ਉਸ ਨੇ ਹੋਰ ਬਜ਼ੁਰਗਾਂ ਨੂੰ ਗੁਜ਼ਾਰਸ਼ ਕੀਤੀ: “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ।” (1 ਪਤਰਸ 5:1-4 ਪੜ੍ਹੋ।) ਜੇ ਤੁਸੀਂ ਇਕ ਬਜ਼ੁਰਗ ਹੋ, ਤਾਂ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਆਪਣੇ ਭੈਣਾ-ਭਰਾਵਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੁੰਦੇ ਹੋ। ਪਰ ਸ਼ਾਇਦ ਕਦੇ-ਕਦਾਈਂ ਤੁਹਾਨੂੰ ਲੱਗੇ ਕਿ ਤੁਹਾਡੇ ਕੋਲ ਬਹੁਤ ਸਾਰੇ ਕੰਮ ਹਨ ਜਾਂ ਤੁਸੀਂ ਇੰਨੇ ਥੱਕ ਗਏ ਹੋ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕੋਗੇ। ਫਿਰ ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ। ਪਤਰਸ ਨੇ ਲਿਖਿਆ: “ਜੇ ਕੋਈ ਸੇਵਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਤਾਕਤ ਦਾ ਸਹਾਰਾ ਲੈ ਕੇ ਸੇਵਾ ਕਰੇ।” (1 ਪਤ. 4:11) ਤੁਹਾਡੇ ਭੈਣ-ਭਰਾ ਸ਼ਾਇਦ ਅਜਿਹੀਆਂ ਮੁਸ਼ਕਲਾਂ ਝੱਲ ਰਹੇ ਹਨ ਜਿਨ੍ਹਾਂ ਨੂੰ ਇਸ ਦੁਨੀਆਂ ਵਿਚ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਪਰ ਯਾਦ ਰੱਖੋ ਕਿ ਤੁਸੀਂ ਜਿੰਨਾ ਆਪਣੇ ਭੈਣਾਂ-ਭਰਾਵਾਂ ਲਈ ਕਰ ਸਕਦੇ ਹੋ, ਉਸ ਤੋਂ ਕਿਤੇ ਜ਼ਿਆਦਾ “ਮੁੱਖ ਚਰਵਾਹਾ” ਯਿਸੂ ਮਸੀਹ ਉਨ੍ਹਾਂ ਲਈ ਕਰ ਸਕਦਾ ਹੈ। ਉਹ ਅੱਜ ਤੇ ਨਵੀਂ ਦੁਨੀਆਂ ਵਿਚ ਇੱਦਾਂ ਜ਼ਰੂਰ ਕਰੇਗਾ। ਨਾਲੇ ਇਹੀ ਵੀ ਯਾਦ ਰੱਖੋ ਕਿ ਪਰਮੇਸ਼ੁਰ ਬਜ਼ੁਰਗਾਂ ਤੋਂ ਸਿਰਫ਼ ਇਹੀ ਚਾਹੁੰਦਾ ਹੈ ਕਿ ਉਹ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ, ਉਨ੍ਹਾਂ ਦੀ ਦੇਖ-ਭਾਲ ਕਰਨ ਅਤੇ ‘ਭੇਡਾਂ ਲਈ ਮਿਸਾਲ ਬਣਨ।’
15. ਇਕ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਿਵੇਂ ਕਰਦਾ ਹੈ? (ਤਸਵੀਰ ਵੀ ਦੇਖੋ।)
15 ਭਰਾ ਵਿਲੀਅਮ ਕਾਫ਼ੀ ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਦੀ ਅਹਿਮੀਅਤ ਸਮਝਦਾ ਹੈ। ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ, ਤਾਂ ਉਸ ਨੇ ਅਤੇ ਉਸ ਦੇ ਨਾਲ ਦੇ ਬਜ਼ੁਰਗਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਹ ਹਰ ਹਫ਼ਤੇ ਆਪਣੇ ਗਰੁੱਪ ਦੇ ਭੈਣਾਂ-ਭਰਾਵਾਂ ਨਾਲ ਸੰਪਰਕ ਕਰਨ। ਉਹ ਦੱਸਦਾ ਹੈ ਕਿ ਉਨ੍ਹਾਂ ਨੇ ਇੱਦਾਂ ਕਿਉਂ ਕੀਤਾ: “ਬਹੁਤ ਸਾਰੇ ਭੈਣ-ਭਰਾ ਘਰਾਂ ਵਿਚ ਇਕੱਲੇ ਸਨ ਤੇ ਉਹ ਛੇਤੀ ਹੀ ਨਿਰਾਸ਼ ਹੋ ਸਕਦੇ ਸਨ।” ਜਦੋਂ ਕੋਈ ਭੈਣ-ਭਰਾ ਵਿਲੀਅਮ ਨੂੰ ਆਪਣੀ ਮੁਸ਼ਕਲ ਦੱਸਦਾ ਹੈ, ਤਾਂ ਉਹ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਦਾ ਹੈ ਤਾਂਕਿ ਉਹ ਜਾਣ ਸਕੇ ਕਿ ਉਹ ਕਿਹੜੀਆਂ ਗੱਲਾਂ ਕਰਕੇ ਪਰੇਸ਼ਾਨ ਹਨ ਤੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਫਿਰ ਉਹ ਸਾਡੀ ਵੈੱਬਸਾਈਟ ਤੋਂ ਕੋਈ ਪ੍ਰਕਾਸ਼ਨ ਜਾਂ ਵੀਡੀਓ ਲੱਭਦਾ ਹੈ ਤਾਂਕਿ ਉਹ ਭੈਣ ਜਾਂ ਭਰਾ ਨੂੰ ਹੌਸਲਾ ਦੇ ਸਕੇ। ਉਹ ਦੱਸਦਾ ਹੈ: “ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਲੋੜ ਹੈ। ਅਸੀਂ ਯਹੋਵਾਹ ਬਾਰੇ ਲੋਕਾਂ ਨੂੰ ਸਿਖਾਉਣ ਲਈ ਬਹੁਤ ਮਿਹਨਤ ਕਰਦੇ ਹਾਂ। ਇਸੇ ਤਰ੍ਹਾਂ ਸਾਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਵਿਚ ਵੀ ਉੱਨੀ ਹੀ ਮਿਹਨਤ ਕਰਨੀ ਚਾਹੀਦੀ ਹੈ ਤਾਂਕਿ ਯਹੋਵਾਹ ਦੀ ਹਰ ਭੇਡ ਸੱਚਾਈ ਵਿਚ ਬਣੀ ਰਹੇ।”
ਯਹੋਵਾਹ ਨੂੰ ਤੁਹਾਡੀ ਸਿਖਲਾਈ ਪੂਰੀ ਕਰਨ ਦਿਓ
16. ਅਸੀਂ ਪਤਰਸ ਦੀਆਂ ਦੋ ਚਿੱਠੀਆਂ ਵਿੱਚੋਂ ਸਿੱਖੇ ਸਬਕ ਕਿਵੇਂ ਲਾਗੂ ਕਰ ਸਕਦੇ ਹਾਂ?
16 ਅਸੀਂ ਪਤਰਸ ਦੀਆਂ ਦੋ ਚਿੱਠੀਆਂ ਵਿੱਚੋਂ ਸਿਰਫ਼ ਕੁਝ ਹੀ ਗੱਲਾਂ ʼਤੇ ਚਰਚਾ ਕੀਤੀ ਹੈ। ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਤੁਹਾਨੂੰ ਆਪਣੇ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਉਦਾਹਰਣ ਲਈ, ਕੀ ਤੁਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਹੋਰ ਜ਼ਿਆਦਾ ਸੋਚ-ਵਿਚਾਰ ਕਰਨਾ ਚਾਹੁੰਦੇ ਹੋ? ਕੀ ਤੁਸੀਂ ਕੰਮ ਦੀ ਥਾਂ ʼਤੇ, ਸਕੂਲ ਵਿਚ ਜਾਂ ਕਿਸੇ ਹੋਰ ਮੌਕੇ ʼਤੇ ਗਵਾਹੀ ਦੇਣ ਦਾ ਟੀਚਾ ਰੱਖਿਆ ਹੈ? ਕੀ ਤੁਸੀਂ ਦੇਖਿਆ ਹੈ ਕਿ ਤੁਸੀਂ ਹੋਰ ਕਿਹੜੇ ਤਰੀਕਿਆਂ ਨਾਲ ਆਪਣੇ ਭੈਣਾਂ-ਭਰਾਵਾਂ ਲਈ ਗੂੜ੍ਹਾ ਪਿਆਰ ਦਿਖਾ ਸਕਦੇ ਹੋ? ਬਜ਼ੁਰਗੋ, ਕੀ ਤੁਸੀਂ ਖ਼ੁਸ਼ੀ-ਖ਼ੁਸ਼ੀ ਭੇਡਾਂ ਦੀ ਦੇਖ-ਭਾਲ ਕਰਨ ਲਈ ਉਤਾਵਲੇ ਹੋ? ਇਸ ਤਰ੍ਹਾਂ ਖ਼ੁਦ ਦੀ ਜਾਂਚ ਕਰ ਕੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਆਪਣੇ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ। ਪਰ ਹਾਰ ਨਾ ਮੰਨੋ। ਕਿਉਂ? ਕਿਉਂਕਿ “ਪ੍ਰਭੂ ਦਿਆਲੂ ਹੈ” ਅਤੇ ਉਹ ਸੁਧਾਰ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। (1 ਪਤ. 2:3) ਪਤਰਸ ਨੇ ਸਾਨੂੰ ਭਰੋਸਾ ਦਿਵਾਇਆ: “ਪਰਮੇਸ਼ੁਰ . . . ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।”—1 ਪਤ. 5:10.
17. ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ ਅਤੇ ਉਸ ਤੋਂ ਸਿਖਲਾਈ ਲੈਂਦੇ ਰਹੀਏ, ਤਾਂ ਸਾਨੂੰ ਕਿਹੜੀ ਬਰਕਤ ਮਿਲੇਗੀ?
17 ਇਕ ਮੌਕੇ ʼਤੇ ਪਤਰਸ ਨੂੰ ਲੱਗਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਕੋਲ ਖੜ੍ਹੇ ਰਹਿਣ ਦੇ ਵੀ ਲਾਇਕ ਨਹੀਂ ਹੈ। (ਲੂਕਾ 5:8) ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੀ ਬਜਾਇ, ਯਹੋਵਾਹ ਅਤੇ ਯਿਸੂ ਦੀ ਮਦਦ ਨਾਲ ਉਹ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਇਸ ਕਰਕੇ ਯਹੋਵਾਹ ਨੇ ਪਤਰਸ ਨੂੰ ‘ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ।’ (2 ਪਤ. 1:11) ਯਹੋਵਾਹ ਨੇ ਉਸ ਨੂੰ ਕਿੰਨਾ ਹੀ ਵੱਡਾ ਸਨਮਾਨ ਦਿੱਤਾ! ਜੇ ਤੁਸੀਂ ਵੀ ਪਤਰਸ ਵਾਂਗ ਹਾਰ ਨਾ ਮੰਨੋ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ ਅਤੇ ਉਸ ਤੋਂ ਸਿਖਲਾਈ ਲੈਂਦੇ ਰਹੋ, ਤਾਂ ਉਹ ਤੁਹਾਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। “ਤੁਹਾਨੂੰ ਆਪਣੀ ਨਿਹਚਾ ਕਰਕੇ ਮੁਕਤੀ ਮਿਲੇਗੀ।”—1 ਪਤ. 1:9.
ਗੀਤ 109 ਦਿਲੋਂ ਗੂੜ੍ਹਾ ਪਿਆਰ ਕਰੋ
a ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਤਰਸ ਦੀਆਂ ਚਿੱਠੀਆਂ ਤੋਂ ਅਸੀਂ ਜੋ ਗੱਲਾਂ ਸਿੱਖੀਆਂ, ਉਸ ਕਰਕੇ ਅਜ਼ਮਾਇਸ਼ਾਂ ਸਹਿਣ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ। ਨਾਲੇ ਇਹ ਵੀ ਦੇਖਾਂਗੇ ਕਿ ਬਜ਼ੁਰਗ ਚਰਵਾਹਿਆਂ ਵਜੋਂ ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦੇ ਹਨ।
b ਲੱਗਦਾ ਹੈ ਕਿ ਫਲਸਤੀਨ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਪਤਰਸ ਦੀਆਂ ਦੋਵੇਂ ਚਿੱਠੀਆਂ ਉਸ ਹਮਲੇ ਤੋਂ ਪਹਿਲਾਂ ਹੀ ਮਿਲ ਗਈਆਂ ਸਨ ਜੋ ਰੋਮੀ ਫ਼ੌਜਾਂ ਨੇ 66 ਈਸਵੀ ਵਿਚ ਯਰੂਸ਼ਲਮ ʼਤੇ ਪਹਿਲੀ ਵਾਰ ਕੀਤਾ ਸੀ।
c jw.org/pa ਵੈੱਬਸਾਈਟ ʼਤੇ ਏਕਤਾ ਦਾ ਬੰਧਨ ਟੁੱਟਣ ਨਾ ਦਿਓ ਨਾਂ ਦੀ ਵੀਡੀਓ ਦੇਖੋ।