ਯਹੋਵਾਹ ਦਾ ਬਚਨ ਜੀਉਂਦਾ ਹੈ
ਯੂਹੰਨਾ ਤੇ ਯਹੂਦਾਹ ਦੀਆਂ ਪੋਥੀਆਂ ਦੇ ਖ਼ਾਸ ਨੁਕਤੇ
ਯੂਹੰਨਾ ਨੇ ਆਪਣੀਆਂ ਤਿੰਨ ਚਿੱਠੀਆਂ ਅਫ਼ਸੁਸ ਤੋਂ ਸ਼ਾਇਦ 98 ਈਸਵੀ ਵਿਚ ਲਿਖੀਆਂ ਸਨ। ਇਹ ਤਿੰਨੇ ਪੋਥੀਆਂ ਬਾਈਬਲ ਦੇ ਅਖ਼ੀਰ ਵਿਚ ਆਉਂਦੀਆਂ ਹਨ। ਪਹਿਲੀਆਂ ਦੋ ਚਿੱਠੀਆਂ ਵਿਚ ਮਸੀਹੀਆਂ ਨੂੰ ਚਾਨਣ ਵਿਚ ਚੱਲਦੇ ਰਹਿਣ ਅਤੇ ਝੂਠੀਆਂ ਸਿੱਖਿਆਵਾਂ ਤੋਂ ਦੂਰ ਰਹਿਣ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਤੀਜੀ ਚਿੱਠੀ ਵਿਚ ਯੂਹੰਨਾ ਨੇ ਨਾ ਸਿਰਫ਼ ਸੱਚਾਈ ʼਤੇ ਚੱਲਦੇ ਰਹਿਣ, ਬਲਕਿ ਮਸੀਹੀਆਂ ਨੂੰ ਆਪਸ ਵਿਚ ਇਕ-ਦੂਜੇ ਨਾਲ ਬਣਾਈ ਰੱਖਣ ਲਈ ਵੀ ਕਿਹਾ।
ਯਿਸੂ ਦੇ ਭਰਾ ਯਹੂਦਾਹ ਨੇ ਸ਼ਾਇਦ 65 ਈਸਵੀ ਵਿਚ ਪੈਲਸਟਾਈਨ ਵਿਚ ਚਿੱਠੀ ਲਿਖੀ ਸੀ। ਉਸ ਵਿਚ ਉਸ ਨੇ ਸੱਚੇ ਮਸੀਹੀਆਂ ਨੂੰ ਉਨ੍ਹਾਂ ਮਸੀਹੀਆਂ ਦੇ ਮਾੜੇ ਅਸਰਾਂ ਤੋਂ ਬਚਣ ਦੀ ਚੇਤਾਵਨੀ ਦਿੱਤੀ ਸੀ ਜੋ ਚਤੁਰਾਈ ਨਾਲ ਕਲੀਸਿਯਾ ਵਿਚ ਆ ਵੜੇ ਸਨ। ਜੇ ਅਸੀਂ ਯੂਹੰਨਾ ਦੀਆਂ ਤਿੰਨ ਚਿੱਠੀਆਂ ਅਤੇ ਯਹੂਦਾਹ ਦੀ ਚਿੱਠੀ ਵਿਚ ਦਿੱਤੇ ਸੰਦੇਸ਼ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਨਿਹਚਾ ਵਿਚ ਤਕੜੇ ਰਹਾਂਗੇ।—ਇਬ. 4:12.
ਚਾਨਣ, ਪਿਆਰ ਅਤੇ ਨਿਹਚਾ ਵਿਚ ਚੱਲਦੇ ਰਹੋ
ਯੂਹੰਨਾ ਨੇ ਪਹਿਲੀ ਚਿੱਠੀ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਲਿਖੀ ਸੀ ਜਿਸ ਵਿਚ ਉਸ ਨੇ ਮਸੀਹੀਆਂ ਨੂੰ ਗ਼ਲਤ ਸਿੱਖਿਆਵਾਂ ਦੇਣ ਵਾਲਿਆਂ ਤੋਂ ਦੂਰ ਰਹਿਣ, ਸੱਚਾਈ ਨੂੰ ਫੜੀ ਰੱਖਣ ਅਤੇ ਧਰਮੀ ਰਾਹ ʼਤੇ ਚੱਲਦੇ ਰਹਿਣ ਦੀ ਸਲਾਹ ਦਿੱਤੀ ਸੀ। ਉਸ ਨੇ ਚਾਨਣ, ਪਿਆਰ ਅਤੇ ਨਿਹਚਾ ਨਾਲ ਚੱਲਦੇ ਰਹਿਣ ʼਤੇ ਜ਼ੋਰ ਦਿੱਤਾ।
ਯੂਹੰਨਾ ਨੇ ਲਿਖਿਆ: “ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ [ਪਰਮੇਸ਼ੁਰ] ਚਾਨਣ ਵਿੱਚ ਹੈ ਤਾਂ ਸਾਡੀ ਆਪੋ ਵਿੱਚੀਂ ਸੰਗਤ ਹੈ।” ਪਰਮੇਸ਼ੁਰ ਪ੍ਰੇਮ ਦਾ ਸਾਗਰ ਹੈ, ਇਸ ਲਈ ਯੂਹੰਨਾ ਨੇ ਕਿਹਾ: “ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ।” ਜਦੋਂ “ਪਰਮੇਸ਼ੁਰ ਦਾ ਪ੍ਰੇਮ” ਸਾਨੂੰ ‘ਉਹ ਦੇ ਹੁਕਮਾਂ ਦੀ ਪਾਲਨਾ ਕਰਨ’ ਲਈ ਪ੍ਰੇਰਦਾ ਹੈ, ਤਾਂ ਅਸੀਂ ਯਹੋਵਾਹ ਪਰਮੇਸ਼ੁਰ, ਉਸ ਦੇ ਬਚਨ ਅਤੇ ਉਸ ਦੇ ਪੁੱਤਰ ਵਿਚ “ਨਿਹਚਾ” ਕਰ ਕੇ ਦੁਨੀਆਂ ਉੱਤੇ ਫਤਿਹ ਪਾਉਂਦੇ ਹਾਂ।—1 ਯੂਹੰ. 1:7; 4:7; 5:3, 4.
ਕੁਝ ਸਵਾਲਾਂ ਦੇ ਜਵਾਬ:
2:2; 4:10—ਯਿਸੂ ਸਾਡੇ ਪਾਪਾਂ ਦਾ “ਪਰਾਸਚਿੱਤ” ਕਿਵੇਂ ਹੈ? ਯਿਸੂ ਨੇ ਇਨਸਾਨਾਂ ਦੇ ਪਾਪਾਂ ਦਾ ਪਰਾਸਚਿੱਤ ਕਰ ਕੇ ਇਨਸਾਫ਼ ਦੀਆਂ ਮੰਗਾਂ ਪੂਰੀਆਂ ਕੀਤੀਆਂ। ਉਸ ਦੀ ਕੁਰਬਾਨੀ ਦੇ ਆਧਾਰ ʼਤੇ ਯਹੋਵਾਹ ਇਨਸਾਨਾਂ ਉੱਤੇ ਦਇਆ ਕਰ ਸਕਦਾ ਹੈ ਅਤੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲਿਆਂ ਦੇ ਪਾਪਾਂ ਨੂੰ ਮਾਫ਼ ਕਰ ਸਕਦਾ ਹੈ।—ਯੂਹੰ. 3:16; ਰੋਮੀ. 6:23.
2:7, 8—ਯੂਹੰਨਾ ਕਿਹੜੇ ‘ਪੁਰਾਣੇ’ ਅਤੇ ‘ਨਵੇਂ’ ਹੁਕਮ ਦੀ ਗੱਲ ਕਰ ਰਿਹਾ ਹੈ? ਯੂਹੰਨਾ ਇੱਥੇ ਕਹਿ ਰਿਹਾ ਸੀ ਕਿ ਭੈਣਾਂ-ਭਰਾਵਾਂ ਨੂੰ ਆਪਣੀ ਜਾਨ ਨਾਲੋਂ ਵੱਧ ਦੂਸਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। (ਯੂਹੰ. 13:34) ਇਹ ਹੁਕਮ ਇਸ ਭਾਵ ਵਿਚ “ਪੁਰਾਣਾ” ਹੈ ਕਿਉਂਕਿ ਯਿਸੂ ਨੇ ਯੂਹੰਨਾ ਦੁਆਰਾ ਪਹਿਲੀ ਚਿੱਠੀ ਲਿਖਣ ਤੋਂ 60 ਸਾਲ ਪਹਿਲਾਂ ਇਹ ਹੁਕਮ ਦਿੱਤਾ ਸੀ। ਭੈਣਾਂ-ਭਰਾਵਾਂ ਨੂੰ “ਮੁੱਢੋਂ” ਯਾਨੀ ਮਸੀਹੀ ਬਣਨ ਵੇਲੇ ਇਹ ਹੁਕਮ ਮਿਲਿਆ ਸੀ। ਇਹ ਹੁਕਮ ਇਸ ਅਰਥ ਵਿਚ “ਨਵਾਂ” ਹੈ ਕਿਉਂਕਿ ਭੈਣਾਂ-ਭਰਾਵਾਂ ਲਈ ‘ਇਕ ਦੂਸਰੇ ਨੂੰ ਆਪਣੇ ਜੇਹਾ ਪਿਆਰ ਕਰਨਾ’ ਹੀ ਕਾਫ਼ੀ ਨਹੀਂ ਹੈ, ਸਗੋਂ ਪਿਆਰ ਦੀ ਖ਼ਾਤਰ ਉਨ੍ਹਾਂ ਨੇ ਇਕ-ਦੂਜੇ ਲਈ ਜਾਨ ਦੇਣ ਲਈ ਵੀ ਤਿਆਰ ਰਹਿਣਾ ਹੈ।—ਲੇਵੀ. 19:18; ਯੂਹੰ. 15:12, 13.
3:2—ਮਸਹ ਕੀਤੇ ਹੋਏ ਮਸੀਹੀਆਂ ਨੂੰ ਕੀ “ਪਰਗਟ ਨਹੀਂ ਹੋਇਆ” ਸੀ ਤੇ ਉਹ ਕੌਣ ਹੈ ਜਿਸ ਨੂੰ ਉਹ ‘ਜਿਹਾ ਹੈ ਤਿਹਾ ਹੀ ਵੇਖਣਗੇ?’ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਹ ਨਹੀਂ ਸੀ ਪ੍ਰਗਟ ਕੀਤਾ ਗਿਆ ਕਿ ਜਦੋਂ ਉਹ ਮੁੜ ਜ਼ਿੰਦਾ ਹੋ ਕੇ ਸਵਰਗ ਜਾਣਗੇ, ਤਾਂ ਉਨ੍ਹਾਂ ਦੇ ਸਰੀਰ ਕਿਹੋ ਜਿਹੇ ਦਿਸਣਗੇ। (ਫ਼ਿਲਿ. 3:20, 21) ਪਰ ਉਹ ਇਹ ਜਾਣਦੇ ਹਨ ਕਿ ‘ਜਦ ਪਰਮੇਸ਼ੁਰ ਪਰਗਟ ਹੋਵੇਗਾ ਤਾਂ ਉਹ ਉਹ ਦੇ ਵਰਗੇ ਹੋਣਗੇ ਕਿਉਂ ਜੋ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਣਗੇ।’—2 ਕੁਰਿੰ. 3:17, 18.
5:5-8—ਪਾਣੀ, ਲਹੂ ਅਤੇ ਪਵਿੱਤਰ ਸ਼ਕਤੀ ਕਿਵੇਂ ਸਾਖੀ ਦਿੰਦੇ ਹਨ ਕਿ “ਯਿਸੂ ਪਰਮੇਸ਼ੁਰ ਦਾ ਪੁੱਤ੍ਰ ਹੈ?” ਪਾਣੀ ਨੇ ਉਸ ਵੇਲੇ ਸਾਖੀ ਭਰੀ ਜਦੋਂ ਯਿਸੂ ਨੇ ਪਾਣੀ ਵਿਚ ਬਪਤਿਸਮਾ ਲਿਆ ਤੇ ਯਹੋਵਾਹ ਨੇ ਖ਼ੁਦ ਕਿਹਾ ਕਿ ਯਿਸੂ ਮੇਰਾ ਪੁੱਤਰ ਹੈ। (ਮੱਤੀ 3:17) ਯਿਸੂ ਨੇ ਆਪਣੀ ਕੁਰਬਾਨੀ ਜਾਂ ਲਹੂ “ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ” ਸੀ ਜੋ ਇਸ ਗੱਲ ਦੀ ਗਵਾਹੀ ਹੈ ਕਿ ਮਸੀਹ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ। (1 ਤਿਮੋ. 2:5, 6) ਯਿਸੂ ਦੇ ਬਪਤਿਸਮੇ ਵੇਲੇ ਪਵਿੱਤਰ ਸ਼ਕਤੀ ਉਸ ਉੱਤੇ ਆਈ ਸੀ ਜਿਸ ਨੇ ਸਾਖੀ ਭਰੀ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। ਇਸ ਸ਼ਕਤੀ ਦੀ ਮਦਦ ਨਾਲ ਯਿਸੂ “ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ।”—ਯੂਹੰ. 1:29-34; ਰਸੂ. 10:38.
ਸਾਡੇ ਲਈ ਸਬਕ:
2:9-11; 3:15. ਜੇ ਕੋਈ ਮਸੀਹੀ ਕਿਸੇ ਚੀਜ਼ ਜਾਂ ਕਿਸੇ ਦੇ ਕਾਰਨ ਆਪਣੇ ਭਰਾ ਨੂੰ ਪਿਆਰ ਕਰਨਾ ਛੱਡ ਦਿੰਦਾ ਹੈ, ਤਾਂ ਉਹ ਹਨੇਰੇ ਵਿਚ ਚੱਲ ਰਿਹਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਉਹ ਕਿੱਧਰ ਨੂੰ ਜਾ ਰਿਹਾ ਹੈ।
“ਸਚਿਆਈ ਵਿਚ ਚੱਲਦੇ” ਰਹੋ
ਯੂਹੰਨਾ ਨੇ ਆਪਣੀ ਦੂਜੀ ਚਿੱਠੀ ਲਿਖਣੀ ਇਸ ਤਰ੍ਹਾਂ ਸ਼ੁਰੂ ਕੀਤੀ: “ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਚੁਣੀ ਹੋਈ ਸੁਆਣੀ ਨੂੰ ਅਤੇ ਉਹ ਦੇ ਬਾਲਕਾਂ ਨੂੰ।” ਉਸ ਨੂੰ ਖ਼ੁਸ਼ੀ ਹੋਈ ਜਦੋਂ ਉਸ ਨੇ ‘ਸੁਆਣੀ ਦੇ ਬਾਲਕਾਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚੱਲਦੇ ਵੇਖਿਆ।’—2 ਯੂਹੰ. 1, 4.
ਪਿਆਰ ਪੈਦਾ ਕਰਨ ਦੀ ਹੱਲਾਸ਼ੇਰੀ ਦੇਣ ਤੋਂ ਬਾਅਦ ਯੂਹੰਨਾ ਨੇ ਲਿਖਿਆ: “ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ।” ਯੂਹੰਨਾ ਨੇ ਮਸੀਹੀਆਂ ਨੂੰ ‘ਛਲੇਡੇ ਅਤੇ ਮਸੀਹ ਦੇ ਵਿਰੋਧੀ’ ਬਾਰੇ ਵੀ ਚੇਤਾਵਨੀ ਦਿੱਤੀ।—2 ਯੂਹੰ. 5-7.
ਕੁਝ ਸਵਾਲਾਂ ਦੇ ਜਵਾਬ:
1, 13—“ਚੁਣੀ ਹੋਈ ਸੁਆਣੀ” ਕੌਣ ਹੈ? ਯੂਹੰਨਾ ਨੇ ਸ਼ਾਇਦ ਇੱਥੇ ਕਿਸੇ ਔਰਤ ਨੂੰ ਕਾਈਰੀਯਾ ਕਿਹਾ ਜਿਸ ਦਾ ਮਤਲਬ ਯੂਨਾਨੀ ਭਾਸ਼ਾ ਵਿਚ “ਸੁਆਣੀ” ਹੈ। ਜਾਂ ਉਸ ਨੇ ਸਤਾਉਣ ਵਾਲਿਆਂ ਨੂੰ ਭੰਬਲ-ਭੂਸੇ ਵਿਚ ਪਾਉਣ ਲਈ ਕਿਸੇ ਖ਼ਾਸ ਕਲੀਸਿਯਾ ਨੂੰ ਸੁਆਣੀ ਕਿਹਾ ਸੀ। ਜੇ ਇਹ ਗੱਲ ਸੱਚ ਹੈ, ਤਾਂ ਉਸ ਦੇ ਬਾਲਕ ਉਸ ਖ਼ਾਸ ਕਲੀਸਿਯਾ ਦੇ ਮੈਂਬਰ ਹੋਣਗੇ ਅਤੇ ‘ਉਸ ਦੀ ਭੈਣ ਦੇ ਬਾਲਕ’ ਦੂਸਰੀ ਕਲੀਸਿਯਾ ਦੇ ਮੈਂਬਰ ਹੋਣਗੇ।
7—ਯੂਹੰਨਾ ਯਿਸੂ ਦੇ ਕਿਸ ਵੇਲੇ “ਆਉਣ” ਦੀ ਗੱਲ ਕਰ ਰਿਹਾ ਸੀ ਅਤੇ ਛਲੀਏ ਇਸ ਗੱਲ ਨੂੰ ਕਿਉਂ “ਨਹੀਂ ਮੰਨਦੇ” ਸਨ? ਯੂਹੰਨਾ ਭਵਿੱਖ ਵਿਚ ਯਿਸੂ ਦੇ ਅਦਿੱਖ ਰੂਪ ਵਿਚ ਆਉਣ ਦੀ ਗੱਲ ਨਹੀਂ ਸੀ ਕਰ ਰਿਹਾ। ਪਰ ਉਹ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦੋਂ ਯਿਸੂ ਦੇਹਧਾਰੀ ਹੋ ਕੇ ਆਇਆ ਸੀ ਤੇ ਉਸ ਨੂੰ ਮਸੀਹ ਵਜੋਂ ਮਸਹ ਕੀਤਾ ਗਿਆ ਸੀ। (1 ਯੂਹੰ. 4:2) ਛਲੀਏ ਇਸ ਗੱਲ ʼਤੇ ਵਿਸ਼ਵਾਸ ਨਹੀਂ ਕਰਦੇ। ਸ਼ਾਇਦ ਉਹ ਇਸ ਗੱਲ ਦਾ ਵੀ ਇਨਕਾਰ ਕਰਦੇ ਹਨ ਕਿ ਯਿਸੂ ਕਦੇ ਧਰਤੀ ʼਤੇ ਆਇਆ ਸੀ ਅਤੇ ਉਸ ਨੂੰ ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਗਿਆ ਸੀ।
ਸਾਡੇ ਲਈ ਸਬਕ:
2, 4. ਮੁਕਤੀ ਪਾਉਣ ਵਾਸਤੇ ਸਾਡੇ ਲਈ “ਸਚਿਆਈ” ਯਾਨੀ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਜਾਣਨਾ ਅਤੇ ਉਨ੍ਹਾਂ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ।—3 ਯੂਹੰ. 3, 4.
8-11. ਜੇ ਅਸੀਂ ‘ਪਰਮੇਸ਼ੁਰ ਪਿਤਾ ਅਤੇ ਪੁੱਤ੍ਰ ਯਿਸੂ ਮਸੀਹ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ’ ਅਤੇ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਤੋਂ ਵਾਂਝੇ ਨਹੀਂ ਹੋਣਾ ਚਾਹੁੰਦੇ, ਤਾਂ ਸਾਨੂੰ ਉਨ੍ਹਾਂ ਲੋਕਾਂ ਤੋਂ “ਚੌਕਸ” ਰਹਿਣਾ ਚਾਹੀਦਾ ਹੈ ਜੋ ‘ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦੇ।’—2 ਯੂਹੰ. 3.
‘ਸਚਿਆਈ ਵਿੱਚ ਨਾਲ ਦੇ ਕੰਮ ਕਰਨ ਵਾਲੇ ਹੋਵੋ’
ਯੂਹੰਨਾ ਨੇ ਆਪਣੀ ਤੀਸਰੀ ਚਿੱਠੀ ਆਪਣੇ ਦੋਸਤ ਗਾਯੁਸ ਨੂੰ ਲਿਖੀ ਸੀ। ਉਸ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।”—3 ਯੂਹੰ. 4.
ਯੂਹੰਨਾ ਨੇ ਗਾਯੁਸ ਦੀ ਤਾਰੀਫ਼ ਕੀਤੀ ਕਿ ਉਹ ਮਿਲਣ ਆਉਂਦੇ ਭਰਾਵਾਂ ਲਈ “ਵਫ਼ਾਦਾਰੀ ਦਾ ਕੰਮ ਕਰਦਾ” ਸੀ। ਯੂਹੰਨਾ ਨੇ ਕਿਹਾ: “ਸਾਨੂੰ ਚਾਹੀਦਾ ਹੈ ਜੋ ਏਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।”—3 ਯੂਹੰ. 5-8.
ਕੁਝ ਸਵਾਲਾਂ ਦੇ ਜਵਾਬ:
11—ਕੁਝ ਲੋਕ ਕਿਉਂ ਬੁਰੇ ਕੰਮ ਕਰਦੇ ਹਨ? ਨਿਹਚਾ ਦੀ ਕਮੀ ਕਰਕੇ ਉਹ ਸਮਝ ਦੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ। ਉਹ ਸੋਚਦੇ ਹਨ ਕਿ ਜਿਵੇਂ ਉਹ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ, ਉਵੇਂ ਮਾਨੋ ਪਰਮੇਸ਼ੁਰ ਵੀ ਉਨ੍ਹਾਂ ਨੂੰ ਨਹੀਂ ਦੇਖਦਾ ਜਿਸ ਕਰਕੇ ਉਹ ਬੁਰੇ ਕੰਮ ਕਰਦੇ ਹਨ।—ਹਿਜ਼. 9:9.
14—“ਮਿੱਤ੍ਰ” ਕੌਣ ਹਨ? ਇੱਥੇ “ਮਿੱਤ੍ਰ” ਦਾ ਭਾਵ ਸਿਰਫ਼ ਉਹੀ ਲੋਕ ਨਹੀਂ ਹਨ ਜਿਨ੍ਹਾਂ ਦਾ ਇਕ-ਦੂਜੇ ਨਾਲ ਗੂੜਾਾ ਰਿਸ਼ਤਾ ਹੁੰਦਾ ਹੈ, ਸਗੋਂ ਯੂਹੰਨਾ ਇੱਥੇ ਕਹਿ ਰਿਹਾ ਸੀ ਕਿ ਸਾਰੇ ਮਸੀਹੀ ਆਪਸ ਵਿਚ ਮਿੱਤਰ ਹਨ।
ਸਾਡੇ ਲਈ ਸਬਕ:
4. ਨਿਹਚਾ ਵਿਚ ਪੱਕੇ ਭੈਣ-ਭਰਾ ਬਹੁਤ ਖ਼ੁਸ਼ ਹੁੰਦੇ ਹਨ ਜਦੋਂ ਉਹ ਕਲੀਸਿਯਾ ਵਿਚ ਨਿਆਣਿਆਂ ਨੂੰ ‘ਸਚਿਆਈ ਉੱਤੇ ਚੱਲਦਿਆਂ’ ਦੇਖਦੇ ਹਨ। ਮਾਪਿਆਂ ਨੂੰ ਹੋਰ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਮਦਦ ਨਾਲ ਯਹੋਵਾਹ ਦੇ ਸੇਵਕ ਬਣ ਜਾਂਦੇ ਹਨ।
5-8. ਪਿਆਰ ਦੀ ਖ਼ਾਤਰ ਯਹੋਵਾਹ ਅਤੇ ਆਪਣੇ ਭੈਣ-ਭਰਾਵਾਂ ਲਈ ਸਖ਼ਤ ਮਿਹਨਤ ਕਰਨ ਵਾਲਿਆਂ ਵਿਚ ਸਫ਼ਰੀ ਨਿਗਾਹਬਾਨ, ਮਿਸ਼ਨਰੀ, ਬੈਥਲ ਘਰਾਂ ਜਾਂ ਬ੍ਰਾਂਚ ਆਫ਼ਿਸਾਂ ਵਿਚ ਸੇਵਾ ਕਰਨ ਵਾਲੇ ਅਤੇ ਪਾਇਨੀਅਰ ਸ਼ਾਮਲ ਹਨ। ਸਾਨੂੰ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
9-12. ਸਾਨੂੰ ਵਫ਼ਾਦਾਰ ਦੇਮੇਤ੍ਰਿਯੁਸ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ ਨਾ ਕਿ ਬਕ-ਬਕ ਕਰਨ ਵਾਲੇ ਦਿਯੁਤ੍ਰਿਫੇਸ ਦੀ ਜੋ ਦੂਜਿਆਂ ਨੂੰ ਬਦਨਾਮ ਕਰਦਾ ਸੀ।
“ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ”
ਯਹੂਦਾਹ ਨੇ ਕਿਹਾ ਸੀ ਕਿ ਕਲੀਸਿਯਾ ਵਿਚ ਕੁਝ ਅਜਿਹੇ ਲੋਕ ਆ ਵੜ ਆਏ ਸਨ ‘ਜੋ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਸਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਸਨ ਅਤੇ ਮੂੰਹੋਂ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰਦੇ ਅਤੇ ਲਾਹੇ ਪਿੱਛੇ ਮੂੰਹ ਉੱਤੇ ਵਡਿਆਈ ਕਰਦੇ ਸਨ।’—ਯਹੂ. 4, 16.
ਮਸੀਹੀ ਬੁਰੇ ਅਸਰਾਂ ਤੋਂ ਕਿਵੇਂ ਬਚ ਸਕਦੇ ਹਨ? ਯਹੂਦਾਹ ਨੇ ਲਿਖਿਆ: “ਹੇ ਪਿਆਰਿਓ, ਇਨ੍ਹਾਂ ਗੱਲਾਂ ਨੂੰ ਚੇਤੇ ਰੱਖੋ ਜੋ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਸੂਲਾਂ ਨੇ ਅੱਗੋਂ ਆਖੀਆਂ” ਅਤੇ “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ।”—ਯਹੂ. 17-21.
ਕੁਝ ਸਵਾਲਾਂ ਦੇ ਜਵਾਬ:
3, 4—ਯਹੂਦਾਹ ਨੇ ਮਸੀਹੀਆਂ ਨੂੰ ‘ਨਿਹਚਾ ਲਈ ਜਤਨ’ ਕਰਨ ਲਈ ਕਿਉਂ ਕਿਹਾ ਸੀ? ਕਿਉਂਕਿ ਕਲੀਸਿਯਾ ਵਿਚ ‘ਕਈ ਮਨੁੱਖ ਚੋਰੀਂ ਆ ਵੜੇ ਸਨ।’ ਇਹ ਬੰਦੇ ‘ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਸਨ।’
20, 21—ਅਸੀਂ “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ” ਕਿਵੇਂ ਰੱਖ ਸਕਦੇ ਹਾਂ? ਅਸੀਂ ਇਨ੍ਹਾਂ ਤਿੰਨਾਂ ਤਰੀਕਿਆਂ ਨਾਲ ਕਰ ਸਕਦੇ ਹਾਂ: (1) ਬਾਈਬਲ ਦੀ ਸਟੱਡੀ ਕਰਨ ਅਤੇ ਜੋਸ਼ ਨਾਲ ਪ੍ਰਚਾਰ ਵਿਚ ਹਿੱਸਾ ਲੈਣ ਦੁਆਰਾ ਆਪਣੀ “ਅੱਤ ਪਵਿੱਤਰ ਨਿਹਚਾ” ਤਕੜੀ ਕਰ ਕੇ (2) ਪ੍ਰਾਰਥਨਾ ਰਾਹੀਂ ਪਵਿੱਤਰ ਸ਼ਕਤੀ ਦੀ ਮਦਦ ਮੰਗਣ ਅਤੇ ਉਸ ਦੀ ਸੇਧ ਅਨੁਸਾਰ ਚੱਲ ਕੇ (3) ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਜਿਸ ਨਾਲ ਸਾਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਯੂਹੰ. 3:16, 36.
ਸਾਡੇ ਲਈ ਸਬਕ:
5-7. ਕੀ ਦੁਸ਼ਟ ਲੋਕ ਯਹੋਵਾਹ ਦੇ ਨਿਆਂ ਤੋਂ ਬਚ ਸਕਦੇ ਹਨ? ਯਹੂਦਾਹ ਦੁਆਰਾ ਦਿੱਤੀਆਂ ਤਿੰਨ ਮਿਸਾਲਾਂ ਅਨੁਸਾਰ ਨਹੀਂ।
8-10. ਸਾਨੂੰ ਮਹਾਂ ਦੂਤ ਮੀਕਾਏਲ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਦੂਜਿਆਂ ʼਤੇ ਅਧਿਕਾਰ ਦਿੱਤਾ ਹੈ।
12. ਸੱਚਾਈ ਦੇ ਖ਼ਿਲਾਫ਼ ਲੋਕਾਂ ਦਾ ਪਿਆਰ ਸਾਡੀ ਨਿਹਚਾ ਲਈ ਉੱਨਾ ਹੀ ਖ਼ਤਰਨਾਕ ਹੈ ਜਿੰਨਾ ਪਾਣੀ ਵਿਚ ਲੁਕੀਆਂ ਚਟਾਨਾਂ ਜਹਾਜ਼ਾਂ ਜਾਂ ਤੈਰਾਕਾਂ ਲਈ ਖ਼ਤਰਨਾਕ ਹਨ। ਭਾਵੇਂ ਝੂਠੀਆਂ ਸਿੱਖਿਆਵਾਂ ਦੇਣ ਵਾਲੇ ਖੁੱਲ੍ਹੇ ਦਿਲ ਵਾਲੇ ਜਾਪਦੇ ਹਨ, ਪਰ ਉਹ ਸੁੱਕੇ ਬੱਦਲਾਂ ਵਾਂਗ ਹਨ ਜਿਨ੍ਹਾਂ ਵਿਚ ਸੱਚਾਈ ਦੀ ਇਕ ਬੂੰਦ ਵੀ ਨਹੀਂ ਹੈ। ਉਹ ਪਤਝੜ ਵਿਚ ਉਨ੍ਹਾਂ ਰੁੱਖਾਂ ਦੀ ਤਰ੍ਹਾਂ ਹਨ ਜੋ ਫਲਾਂ ਤੋਂ ਸੱਖਣੇ ਹੁੰਦੇ ਹਨ। ਉਹ ਜੜ੍ਹੋਂ ਪੁੱਟੇ ਹੋਏ ਦਰਖ਼ਤਾਂ ਦੀ ਤਰ੍ਹਾਂ ਹਨ ਜੋ ਨਾਸ਼ ਹੋ ਜਾਣਗੇ। ਅਜਿਹੇ ਲੋਕਾਂ ਤੋਂ ਦੂਰ ਰਹਿਣਾ ਕਿੰਨੀ ਅਕਲਮੰਦੀ ਦੀ ਗੱਲ ਹੋਵੇਗੀ!
22, 23. ਸੱਚੇ ਮਸੀਹੀ ਬੁਰੇ ਕੰਮਾਂ ਤੋਂ ਨਫ਼ਰਤ ਕਰਦੇ ਹਨ। ਖ਼ਾਸ ਕਰਕੇ ਬਜ਼ੁਰਗ ਉਨ੍ਹਾਂ ਲੋਕਾਂ ਨੂੰ ਸਦਾ ਦੇ ਨਾਸ ਦੀ ਅੱਗ ਵਿੱਚੋਂ ਬਚਾਉਂਦੇ ਹਨ ਜਿਹੜੇ “ਦੁਬਧਾ ਵਿੱਚ ਪਏ ਹੋਏ ਹਨ” ਅਤੇ ਉਨ੍ਹਾਂ ਦੀ ਨਿਹਚਾ ਤਕੜੀ ਕਰਨ ਵਿਚ ਮਦਦ ਕਰਦੇ ਹਨ।
[ਸਫ਼ਾ 28 ਉੱਤੇ ਤਸਵੀਰਾਂ]
ਪਾਣੀ, ਪਵਿੱਤਰ ਸ਼ਕਤੀ ਅਤੇ ਲਹੂ ਨੇ ਸਾਖੀ ਦਿੱਤੀ ਕਿ “ਯਿਸੂ ਪਰਮੇਸ਼ੁਰ ਦਾ ਪੁੱਤ੍ਰ ਹੈ”