ਅੰਤ ਦਿਆਂ ਦਿਨਾਂ ਵਿਚ ਮਸੀਹੀ ਨਿਰਪੱਖ ਰਹਿੰਦੇ ਹਨ
“ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।”—ਯੂਹੰਨਾ 17:16.
1, 2. ਯਿਸੂ ਨੇ ਇਸ ਜਗਤ ਨਾਲ ਆਪਣੇ ਚੇਲਿਆਂ ਦੇ ਸੰਬੰਧ ਬਾਰੇ ਕੀ ਕਿਹਾ ਸੀ ਅਤੇ ਉਸ ਦੇ ਸ਼ਬਦਾਂ ਕਾਰਨ ਕਿਹੜੇ ਸਵਾਲ ਉੱਠਦੇ ਹਨ?
ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਚੇਲਿਆਂ ਨਾਲ ਮਿਲ ਕੇ ਇਕ ਲੰਬੀ ਪ੍ਰਾਰਥਨਾ ਕੀਤੀ। ਇਸ ਪ੍ਰਾਰਥਨਾ ਵਿਚ ਉਸ ਨੇ ਹਰ ਸੱਚੇ ਮਸੀਹੀ ਦੇ ਜੀਵਨ ਦਾ ਵਰਣਨ ਕੀਤਾ। ਇਨ੍ਹਾਂ ਮਸੀਹੀਆਂ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: “ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।”—ਯੂਹੰਨਾ 17:14-16.
2 ਯਿਸੂ ਨੇ ਦੋ ਵਾਰ ਕਿਹਾ ਕਿ ਉਸ ਦੇ ਸਾਰੇ ਚੇਲੇ ਜਗਤ ਦਾ ਹਿੱਸਾ ਨਹੀਂ ਹਨ। ਪਰ ਇਸ ਜਗਤ ਤੋਂ ਅਲੱਗ ਰਹਿ ਕੇ ਉਨ੍ਹਾਂ ਤੇ ਤੰਗੀਆਂ ਜ਼ਰੂਰ ਆਉਣਗੀਆਂ। ਜਗਤ ਉਨ੍ਹਾਂ ਨਾਲ ਵੈਰ ਕਰੇਗਾ। ਫਿਰ ਵੀ, ਮਸੀਹੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਯਹੋਵਾਹ ਉਨ੍ਹਾਂ ਦਾ ਧਿਆਨ ਰੱਖੇਗਾ। (ਕਹਾਉਤਾਂ 18:10; ਮੱਤੀ 24:9, 13) ਯਿਸੂ ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਸੱਚੇ ਮਸੀਹੀ ਜਗਤ ਦਾ ਹਿੱਸਾ ਕਿਉਂ ਨਹੀਂ ਹਨ? ਜਗਤ ਦਾ ਹਿੱਸਾ ਨਾ ਹੋਣ ਦਾ ਕੀ ਮਤਲਬ ਹੈ? ਜੇ ਜਗਤ ਮਸੀਹੀਆਂ ਨਾਲ ਵੈਰ ਕਰਦਾ ਹੈ, ਤਾਂ ਮਸੀਹੀ ਜਗਤ ਨੂੰ ਕਿਵੇਂ ਵਿਚਾਰਦੇ ਹਨ? ਖ਼ਾਸ ਤੌਰ ਤੇ ਉਹ ਜਗਤ ਦੀਆਂ ਸਰਕਾਰਾਂ ਨੂੰ ਕਿਵੇਂ ਵਿਚਾਰਦੇ ਹਨ?’ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਦਾ ਸਾਡੇ ਸਾਰਿਆਂ ਉੱਤੇ ਅਸਰ ਪੈਂਦਾ ਹੈ।
“ਅਸੀਂ ਪਰਮੇਸ਼ੁਰ ਤੋਂ ਹਾਂ”
3. (ੳ) ਅਸੀਂ ਦੁਨੀਆਂ ਤੋਂ ਕਿਸ ਤਰ੍ਹਾਂ ਵੱਖਰੇ ਹਾਂ? (ਅ) ਇਸ ਦਾ ਕੀ ਸਬੂਤ ਹੈ ਕਿ ਸੰਸਾਰ ਵਿਚ ਸ਼ਤਾਨ ਦਾ ਰਾਜ ਚੱਲ ਰਿਹਾ ਹੈ?
3 ਇਸ ਜਗਤ ਦਾ ਹਿੱਸਾ ਨਾ ਹੋਣ ਦਾ ਇਕ ਕਾਰਨ ਇਹ ਹੈ ਕਿ ਸਾਡਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਯੂਹੰਨਾ ਦੇ ਸ਼ਬਦ ਕਿੰਨੇ ਸੱਚੇ ਹਨ! ਸਾਰੇ ਸੰਸਾਰ ਵਿਚ ਹੁੰਦੀਆਂ ਲੜਾਈਆਂ, ਅਪਰਾਧ, ਜ਼ੁਲਮ, ਅਤਿਆਚਾਰ, ਬੇਈਮਾਨੀ ਅਤੇ ਅਨੈਤਿਕਤਾ ਇਸ ਗੱਲ ਦਾ ਸਬੂਤ ਹਨ ਕਿ ਸੰਸਾਰ ਵਿਚ ਸ਼ਤਾਨ ਦਾ ਰਾਜ ਚੱਲ ਰਿਹਾ ਹੈ, ਪਰਮੇਸ਼ੁਰ ਦਾ ਨਹੀਂ। (ਯੂਹੰਨਾ 12:31; 2 ਕੁਰਿੰਥੀਆਂ 4:4; ਅਫ਼ਸੀਆਂ 6:12) ਜਦੋਂ ਵਿਅਕਤੀ ਯਹੋਵਾਹ ਦਾ ਗਵਾਹ ਬਣ ਜਾਂਦਾ ਹੈ, ਤਾਂ ਉਹ ਅਜਿਹੇ ਗ਼ਲਤ ਕੰਮਾਂ ਵਿਚ ਹਿੱਸਾ ਨਹੀਂ ਲੈਂਦਾ ਅਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਜਗਤ ਦਾ ਹਿੱਸਾ ਨਹੀਂ ਹੈ।—ਰੋਮੀਆਂ 12:2; 13:12-14; 1 ਕੁਰਿੰਥੀਆਂ 6:9-11; 1 ਯੂਹੰਨਾ 3:10-12.
4. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦੇ ਹਾਂ ਕਿ ਸਾਡੀ ਜ਼ਿੰਦਗੀ ਯਹੋਵਾਹ ਦੀ ਅਮਾਨਤ ਹੈ?
4 ਯੂਹੰਨਾ ਰਸੂਲ ਨੇ ਕਿਹਾ ਕਿ ਇਸ ਦੁਨੀਆਂ ਤੋਂ ਭਿੰਨ, ਮਸੀਹੀ “ਪਰਮੇਸ਼ੁਰ ਤੋਂ” ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਹੈ, ਉਨ੍ਹਾਂ ਦੀ ਜ਼ਿੰਦਗੀ ਉਸ ਦੀ ਅਮਾਨਤ ਹੈ। ਪੌਲੁਸ ਰਸੂਲ ਨੇ ਕਿਹਾ: “ਜੇ ਅਸੀਂ ਜੀਵੀਏ ਤਾਂ ਪ੍ਰਭੁ ਦੇ ਲਈ ਜੀਉਂਦੇ ਹਾਂ ਅਰ ਜੇ ਅਸੀਂ ਮਰੀਏ ਤਾਂ ਪ੍ਰਭੁ ਦੇ ਲਈ ਮਰਦੇ ਹਾਂ। ਗੱਲ ਕਾਹਦੀ ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਪ੍ਰਭੁ ਦੇ ਹੀ।” (ਰੋਮੀਆਂ 14:8; ਜ਼ਬੂਰਾਂ ਦੀ ਪੋਥੀ 116:15) ਅਸੀਂ ਯਹੋਵਾਹ ਦੇ ਹਾਂ, ਇਸ ਲਈ ਅਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰਦੇ ਹਾਂ। (ਕੂਚ 20:4-6) ਸੱਚੇ ਮਸੀਹੀ ਦੁਨਿਆਵੀ ਚੀਜ਼ਾਂ ਦਾ ਪਿੱਛਾ ਕਰਨ ਵਿਚ ਜਾਨ ਨਹੀਂ ਮਾਰਦੇ। ਜਦ ਕਿ ਉਹ ਕੌਮੀ ਝੰਡਿਆਂ ਦਾ ਆਦਰ ਕਰਦੇ ਹਨ, ਪਰ ਉਹ ਉਨ੍ਹਾਂ ਦੀ ਕਿਸੇ ਵੀ ਤਰੀਕੇ ਨਾਲ ਭਗਤੀ ਨਹੀਂ ਕਰਦੇ। ਉਹ ਖੇਡਾਂ ਦੇ ਸਿਤਾਰਿਆਂ ਜਾਂ ਹੋਰ ਆਧੁਨਿਕ ਹਸਤੀਆਂ ਦੀ ਭਗਤੀ ਵੀ ਨਹੀਂ ਕਰਦੇ। ਬੇਸ਼ੱਕ ਮਸੀਹੀ ਦੂਸਰੇ ਲੋਕਾਂ ਦੇ ਕੰਮਾਂ-ਕਾਰਾਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ, ਪਰ ਉਹ ਆਪ ਸਿਰਫ਼ ਆਪਣੇ ਸਿਰਜਣਹਾਰ ਦੀ ਹੀ ਭਗਤੀ ਕਰਦੇ ਹਨ। (ਮੱਤੀ 4:10; ਪਰਕਾਸ਼ ਦੀ ਪੋਥੀ 19:10) ਇਸ ਗੱਲ ਵਿਚ ਵੀ ਉਹ ਦੁਨੀਆਂ ਤੋਂ ਵੱਖਰੇ ਹਨ।
“ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ”
5, 6. ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋ ਕੇ ਅਸੀਂ ਇਸ ਜਗਤ ਤੋਂ ਵੱਖਰੇ ਕਿਵੇਂ ਹਾਂ?
5 ਯਿਸੂ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਤੇ ਪਰਮੇਸ਼ੁਰ ਦੇ ਰਾਜ ਦੀ ਪਰਜਾ ਹੋਣ ਕਰਕੇ ਵੀ ਮਸੀਹੀ ਜਗਤ ਦਾ ਹਿੱਸਾ ਨਹੀਂ ਹਨ। ਜਦੋਂ ਪੁੰਤਿਯੁਸ ਪਿਲਾਤੁਸ ਸਾਮ੍ਹਣੇ ਯਿਸੂ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ, ਤਾਂ ਉਸ ਨੇ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਯੂਹੰਨਾ 18:36) ਇਸ ਰਾਜ ਰਾਹੀਂ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇਗਾ, ਉਸ ਦਾ ਰਾਜ ਕਰਨ ਦਾ ਹੱਕ ਸਹੀ ਸਾਬਤ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਪੂਰੀ ਹੋਵੇਗੀ। (ਮੱਤੀ 6:9, 10) ਯਿਸੂ ਨੇ ਆਪਣੀ ਸੇਵਕਾਈ ਦੌਰਾਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਉਸ ਨੇ ਦੱਸਿਆ ਕਿ ਇਸ ਦੁਨੀਆਂ ਦੇ ਅੰਤ ਤਕ ਪ੍ਰਚਾਰ ਦਾ ਕੰਮ ਉਸ ਦੇ ਚੇਲੇ ਵੀ ਕਰਨਗੇ। (ਮੱਤੀ 4:23; 24:14) ਸੰਨ 1914 ਵਿਚ ਪਰਕਾਸ਼ ਦੀ ਪੋਥੀ 11:15 ਦੀ ਭਵਿੱਖਬਾਣੀ ਪੂਰੀ ਹੋਈ ਸੀ: “ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ!” ਬਹੁਤ ਜਲਦੀ ਸਿਰਫ਼ ਪਰਮੇਸ਼ੁਰ ਦਾ ਸਵਰਗੀ ਰਾਜ ਹੀ ਇਨਸਾਨਾਂ ਉੱਤੇ ਸ਼ਾਸਨ ਕਰੇਗਾ। (ਦਾਨੀਏਲ 2:44) ਉਹ ਸਮਾਂ ਵੀ ਆਵੇਗਾ ਜਦ ਸਰਕਾਰੀ ਹਾਕਮਾਂ ਨੂੰ ਵੀ ਇਸ ਸਵਰਗੀ ਰਾਜ ਦੇ ਅਧਿਕਾਰ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਵੇਗਾ।—ਜ਼ਬੂਰਾਂ ਦੀ ਪੋਥੀ 2:6-12.
6 ਇਨ੍ਹਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ, ਅੱਜ ਸੱਚੇ ਮਸੀਹੀ ਪਰਮੇਸ਼ੁਰ ਦੇ ਰਾਜ ਦੇ ਅਧੀਨ ਰਹਿੰਦੇ ਹਨ। ਉਹ ਯਿਸੂ ਦੀ ਸਲਾਹ ਉੱਤੇ ਵੀ ਚੱਲਦੇ ਹਨ: ‘ਤੁਸੀਂ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।’ (ਮੱਤੀ 6:33) ਇਸ ਦਾ ਇਹ ਮਤਲਬ ਨਹੀਂ ਕਿ ਉਹ ਦੇਸ਼ ਨਾਲ ਗੱਦਾਰੀ ਕਰ ਰਹੇ ਹਨ, ਪਰ ਇਸ ਦਾ ਇਹ ਮਤਲਬ ਹੈ ਕਿ ਉਹ ਰੂਹਾਨੀ ਤੌਰ ਤੇ ਜਗਤ ਤੋਂ ਵੱਖਰੇ ਹਨ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਵੀ ਸੱਚੇ ਮਸੀਹੀਆਂ ਲਈ ਸਭ ਤੋਂ ਜ਼ਰੂਰੀ ਕੰਮ ‘ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇਣਾ’ ਹੈ। (ਰਸੂਲਾਂ ਦੇ ਕਰਤੱਬ 28:23) ਪਰਮੇਸ਼ੁਰ ਵੱਲੋਂ ਦਿੱਤੇ ਗਏ ਇਸ ਕੰਮ ਨੂੰ ਰੋਕਣ ਦਾ ਹੱਕ ਕਿਸੇ ਵੀ ਮਨੁੱਖੀ ਸਰਕਾਰ ਕੋਲ ਨਹੀਂ ਹੈ।
7. ਸੱਚੇ ਮਸੀਹੀ ਨਿਰਪੱਖ ਕਿਉਂ ਹਨ ਅਤੇ ਉਨ੍ਹਾਂ ਨੇ ਇਹ ਕਿਵੇਂ ਦਿਖਾਇਆ ਹੈ?
7 ਯਹੋਵਾਹ ਦੀ ਅਮਾਨਤ ਅਤੇ ਯਿਸੂ ਦੇ ਚੇਲੇ ਹੋਣ ਦੇ ਨਾਤੇ ਯਹੋਵਾਹ ਦੇ ਗਵਾਹ ਇਸ 20ਵੀਂ ਅਤੇ 21ਵੀਂ ਸਦੀ ਵਿਚ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਨਿਰਪੱਖ ਰਹੇ ਹਨ। ਹਾਂ, ਉਨ੍ਹਾਂ ਨੇ ਨਾ ਹੀ ਕਿਸੇ ਦਾ ਪੱਖ ਲਿਆ, ਨਾ ਕਿਸੇ ਦੇ ਵਿਰੁੱਧ ਹਥਿਆਰ ਚੁੱਕੇ ਅਤੇ ਨਾ ਹੀ ਆਪਣੇ ਫ਼ਾਇਦੇ ਲਈ ਅਫ਼ਵਾਹਾਂ ਫੈਲਾਈਆਂ। ਸਖ਼ਤ ਵਿਰੋਧ ਦਾ ਸਾਮ੍ਹਣਾ ਕਰਦੇ ਹੋਏ ਵੀ ਉਨ੍ਹਾਂ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ। ਉਹ ਉਨ੍ਹਾਂ ਸਿਧਾਂਤਾਂ ਤੇ ਪੱਕੇ ਰਹੇ ਜਿਨ੍ਹਾਂ ਬਾਰੇ 1934 ਵਿਚ ਜਰਮਨ ਦੇ ਨਾਜ਼ੀ ਹਾਕਮਾਂ ਨੂੰ ਦੱਸਿਆ ਗਿਆ ਸੀ: “ਰਾਜਨੀਤਿਕ ਮਾਮਲਿਆਂ ਵਿਚ ਸਾਡੀ ਕੋਈ ਦਿਲਚਸਪੀ ਨਹੀਂ ਹੈ, ਸਗੋਂ ਅਸੀਂ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਰਾਜ ਪ੍ਰਤੀ ਵਫ਼ਾਦਾਰ ਹਾਂ। ਅਸੀਂ ਕਿਸੇ ਦਾ ਨੁਕਸਾਨ ਜਾਂ ਕਿਸੇ ਨਾਲ ਬੁਰਾਈ ਨਹੀਂ ਕਰਾਂਗੇ। ਅਸੀਂ ਸ਼ਾਂਤੀ ਨਾਲ ਰਹਿ ਕੇ ਹਰ ਮੌਕੇ ਤੇ ਦੂਜਿਆਂ ਦਾ ਭਲਾ ਕਰਨਾ ਚਾਹੁੰਦੇ ਹਾਂ।”
ਮਸੀਹ ਦੇ ਏਲਚੀ ਅਤੇ ਸੰਦੇਸ਼ਵਾਹਕ
8, 9. ਯਹੋਵਾਹ ਦੇ ਗਵਾਹ ਏਲਚੀ ਅਤੇ ਸੰਦੇਸ਼ਵਾਹਕ ਕਿਵੇਂ ਹਨ ਅਤੇ ਇਸ ਦਾ ਕੌਮਾਂ ਪ੍ਰਤੀ ਉਨ੍ਹਾਂ ਦੇ ਸੰਬੰਧ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?
8 ਪੌਲੁਸ ਰਸੂਲ ਨੇ ਆਪਣੇ ਬਾਰੇ ਅਤੇ ਦੂਜੇ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕਿਹਾ: “ਅਸੀਂ ਮਸੀਹ ਦੇ ਏਲਚੀ ਹਾਂ ਭਈ ਜਾਣੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ।” (2 ਕੁਰਿੰਥੀਆਂ 5:20; ਅਫ਼ਸੀਆਂ 6:20) ਸੰਨ 1914 ਤੋਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਜਾਇਜ਼ ਤੌਰ ਤੇ ਪਰਮੇਸ਼ੁਰ ਦੇ ਰਾਜ ਦੇ ਏਲਚੀ ਕਿਹਾ ਜਾ ਸਕਦਾ ਹੈ, ਜਿਸ ਰਾਜ ਦੇ ਉਹ “ਪੁੱਤ੍ਰ” ਹਨ। (ਮੱਤੀ 13:38; ਫ਼ਿਲਿੱਪੀਆਂ 3:20; ਪਰਕਾਸ਼ ਦੀ ਪੋਥੀ 5:9, 10) ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਪੁੱਤਰਾਂ ਦੇ ਕੰਮ ਵਿਚ ਹੱਥ ਵਟਾਉਣ ਲਈ ਸਾਰੀਆਂ ਕੌਮਾਂ ਵਿੱਚੋਂ ‘ਹੋਰ ਭੇਡਾਂ’ ਦੀ “ਇੱਕ ਵੱਡੀ ਭੀੜ” ਲਿਆਂਦੀ ਹੈ ਜੋ ਹਮੇਸ਼ਾ ਲਈ ਧਰਤੀ ਉੱਤੇ ਰਹੇਗੀ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਇਨ੍ਹਾਂ ‘ਹੋਰ ਭੇਡਾਂ’ ਨੂੰ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ਵਾਹਕ ਕਿਹਾ ਜਾ ਸਕਦਾ ਹੈ।
9 ਇਕ ਏਲਚੀ ਅਤੇ ਉਸ ਦੇ ਅਧੀਨ ਕੰਮ ਕਰਨ ਵਾਲੇ ਕਦੇ ਉਸ ਦੇਸ਼ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦੇ ਜਿਸ ਵਿਚ ਉਹ ਸੇਵਾ ਕਰਦੇ ਹਨ। ਇਸੇ ਤਰ੍ਹਾਂ ਮਸੀਹੀ ਵੀ ਦੁਨੀਆਂ ਦੀਆਂ ਕੌਮਾਂ ਦੇ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਨ। ਉਹ ਕਿਸੇ ਵੀ ਕੌਮ, ਨਸਲ ਜਾਂ ਸਮਾਜ ਦਾ ਪੱਖ ਨਹੀਂ ਲੈਂਦੇ। (ਰਸੂਲਾਂ ਦੇ ਕਰਤੱਬ 10:34, 35) ਇਸ ਦੀ ਬਜਾਇ ਉਹ ‘ਸਭਨਾਂ ਨਾਲ ਭਲਾ ਕਰਦੇ’ ਹਨ। (ਗਲਾਤੀਆਂ 6:10) ਇਸ ਲਈ ਕੋਈ ਉਨ੍ਹਾਂ ਤੇ ਇਹ ਦੋਸ਼ ਲਾ ਕੇ ਉਨ੍ਹਾਂ ਦੇ ਸੰਦੇਸ਼ ਨੂੰ ਠੁਕਰਾ ਨਹੀਂ ਸਕਦਾ ਕਿ ਉਹ ਕਿਸੇ ਵਿਰੋਧੀ ਨਸਲ, ਕੌਮ ਜਾਂ ਜਾਤ ਨਾਲ ਸੰਬੰਧ ਰੱਖਦੇ ਹਨ।
ਪਿਆਰ—ਉਨ੍ਹਾਂ ਦੀ ਪਛਾਣ
10. ਮਸੀਹੀਆਂ ਲਈ ਇਕ-ਦੂਜੇ ਨਾਲ ਪਿਆਰ ਕਰਨਾ ਕਿੰਨਾ ਕੁ ਜ਼ਰੂਰੀ ਹੈ?
10 ਦੁਨਿਆਵੀ ਮਾਮਲਿਆਂ ਵਿਚ ਮਸੀਹੀ ਇਕ ਹੋਰ ਕਾਰਨ ਕਰਕੇ ਵੀ ਨਿਰਪੱਖ ਰਹਿੰਦੇ ਹਨ। ਉਹ ਹੈ ਦੂਸਰਿਆਂ ਮਸੀਹੀਆਂ ਨਾਲ ਉਨ੍ਹਾਂ ਦਾ ਰਿਸ਼ਤਾ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਮਸੀਹੀ ਹੋਣ ਦੇ ਨਾਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਭਰਾਵਾਂ ਵਾਂਗ ਇਕ-ਦੂਜੇ ਨਾਲ ਪਿਆਰ ਕਰੀਏ। (1 ਯੂਹੰਨਾ 3:14) ਇਕ ਮਸੀਹੀ ਦਾ ਯਹੋਵਾਹ ਅਤੇ ਯਿਸੂ ਦੇ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਉਸ ਦਾ ਆਪਣੇ ਸੰਗੀ ਮਸੀਹੀਆਂ ਨਾਲ ਵੀ ਗੂੜ੍ਹਾ ਰਿਸ਼ਤਾ ਹੋਣਾ ਚਾਹੀਦਾ ਹੈ। ਉਹ ਸਿਰਫ਼ ਆਪਣੀ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਹੀ ਪਿਆਰ ਨਹੀਂ ਕਰਦਾ, ਸਗੋਂ ਜਗਤ ਵਿਚ ਆਪਣੇ ਸਾਰੇ ਮਸੀਹੀ ਭੈਣ-ਭਰਾਵਾਂ ਨਾਲ ਪਿਆਰ ਕਰਦਾ ਹੈ।—1 ਪਤਰਸ 5:9.
11. ਇਕ-ਦੂਜੇ ਨੂੰ ਪਿਆਰ ਕਰਨ ਕਰਕੇ ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਕਿਵੇਂ ਪੇਸ਼ ਆਉਂਦੇ ਹਨ?
11 ਅੱਜ ਯਹੋਵਾਹ ਦੇ ਗਵਾਹ ਯਸਾਯਾਹ 2:4 ਦੇ ਸ਼ਬਦ ਪੂਰੇ ਕਰ ਕੇ ਆਪਣੇ ਮਸੀਹੀ ਪਿਆਰ ਦਾ ਇਜ਼ਹਾਰ ਕਰਦੇ ਹਨ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” ਸੱਚੇ ਮਸੀਹੀ ਯਹੋਵਾਹ ਵੱਲੋਂ ਸਿਖਾਏ ਹੋਏ ਹਨ, ਇਸ ਲਈ ਉਨ੍ਹਾਂ ਦਾ ਪਰਮੇਸ਼ੁਰ ਨਾਲ ਅਤੇ ਇਕ-ਦੂਜੇ ਨਾਲ ਚੰਗਾ ਰਿਸ਼ਤਾ ਹੈ। (ਯਸਾਯਾਹ 54:13) ਉਹ ਪਰਮੇਸ਼ੁਰ ਅਤੇ ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰਦੇ ਹਨ, ਇਸ ਕਰਕੇ ਉਨ੍ਹਾਂ ਲਈ ਕਿਸੇ ਵੀ ਦੇਸ਼ ਦੇ ਆਪਣੇ ਸੰਗੀ ਮਸੀਹੀਆਂ ਜਾਂ ਹੋਰ ਕਿਸੇ ਵਿਰੁੱਧ ਹਥਿਆਰ ਚੁੱਕਣ ਬਾਰੇ ਸੋਚਣਾ ਵੀ ਪਾਪ ਹੈ। ਉਨ੍ਹਾਂ ਦੀ ਸ਼ਾਂਤੀ ਅਤੇ ਏਕਤਾ ਉਨ੍ਹਾਂ ਦੀ ਭਗਤੀ ਦਾ ਹਿੱਸਾ ਹੈ ਜਿਸ ਦੁਆਰਾ ਉਹ ਦਿਖਾਉਂਦੇ ਹਨ ਕਿ ਪਰਮੇਸ਼ੁਰ ਦੀ ਆਤਮਾ ਸੱਚ-ਮੁੱਚ ਉਨ੍ਹਾਂ ਤੇ ਅਸਰ ਪਾਉਂਦੀ ਹੈ। (ਜ਼ਬੂਰਾਂ ਦੀ ਪੋਥੀ 133:1; ਮੀਕਾਹ 2:12; ਮੱਤੀ 22:37-39; ਕੁਲੁੱਸੀਆਂ 3:14) ਉਹ ‘ਮੇਲ ਨੂੰ ਭਾਲਦੇ ਅਤੇ ਉਹ ਦਾ ਪਿੱਛਾ ਕਰਦੇ ਹਨ,’ ਇਹ ਜਾਣਦੇ ਹੋਏ ਕਿ “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ” ਹਨ।—ਜ਼ਬੂਰਾਂ ਦੀ ਪੋਥੀ 34:14, 15.
ਇਸ ਦੁਨੀਆਂ ਬਾਰੇ ਮਸੀਹੀਆਂ ਦਾ ਵਿਚਾਰ
12. ਯਹੋਵਾਹ ਦੇ ਗਵਾਹ ਲੋਕਾਂ ਪ੍ਰਤੀ ਯਹੋਵਾਹ ਦੇ ਕਿਸ ਰਵੱਈਏ ਦੀ ਰੀਸ ਕਰਦੇ ਹਨ ਅਤੇ ਕਿਵੇਂ?
12 ਭਾਵੇਂ ਕਿ ਯਹੋਵਾਹ ਨੇ ਇਸ ਸੰਸਾਰ ਨੂੰ ਸਖ਼ਤ ਸਜ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ, ਪਰ ਉਸ ਨੇ ਸੰਸਾਰ ਵਿਚ ਰਹਿੰਦੇ ਇਕੱਲੇ-ਇਕੱਲੇ ਵਿਅਕਤੀ ਦਾ ਹਾਲੇ ਨਿਆਂ ਨਹੀਂ ਕੀਤਾ। ਯਹੋਵਾਹ ਇਨ੍ਹਾਂ ਦਾ ਨਿਆਂ ਆਪਣੇ ਸਮੇਂ ਤੇ ਯਿਸੂ ਰਾਹੀਂ ਕਰੇਗਾ। (ਜ਼ਬੂਰਾਂ ਦੀ ਪੋਥੀ 67:3, 4; ਮੱਤੀ 25:31-46; 2 ਪਤਰਸ 3:10) ਉਸ ਦਿਨ ਦੇ ਆਉਣ ਤੋਂ ਪਹਿਲਾਂ ਯਹੋਵਾਹ ਦਿਖਾਉਂਦਾ ਹੈ ਕਿ ਉਹ ਇਨਸਾਨਾਂ ਨਾਲ ਕਿੰਨਾ ਪਿਆਰ ਕਰਦਾ ਹੈ। ਉਸ ਨੇ ਤਾਂ ਆਪਣੇ ਇਕਲੌਤੇ ਪੁੱਤਰ ਦੀ ਵੀ ਕੁਰਬਾਨੀ ਦਿੱਤੀ, ਤਾਂਕਿ ਸਾਰਿਆਂ ਨੂੰ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇ। (ਯੂਹੰਨਾ 3:16) ਮਸੀਹੀ ਹੋਣ ਕਰਕੇ ਅਸੀਂ ਲੋਕਾਂ ਨੂੰ ਮੁਕਤੀ ਪ੍ਰਾਪਤ ਕਰਨ ਲਈ ਪਰਮੇਸ਼ੁਰ ਵੱਲੋਂ ਕੀਤੇ ਇੰਤਜ਼ਾਮਾਂ ਬਾਰੇ ਦੱਸ ਕੇ ਪਰਮੇਸ਼ੁਰ ਦੇ ਪਿਆਰ ਦੀ ਰੀਸ ਕਰਦੇ ਹਾਂ, ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ।
13. ਸਰਕਾਰੀ ਹਾਕਮਾਂ ਪ੍ਰਤੀ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?
13 ਦੁਨੀਆਂ ਦੇ ਸਰਕਾਰੀ ਹਾਕਮਾਂ ਪ੍ਰਤੀ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ? ਪੌਲੁਸ ਰਸੂਲ ਨੇ ਇਸ ਸਵਾਲ ਦਾ ਜਵਾਬ ਇਹ ਕਹਿ ਕੇ ਦਿੱਤਾ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।” (ਰੋਮੀਆਂ 13:1, 2) ਯਹੋਵਾਹ ਨੇ ਇਨਸਾਨਾਂ ਨੂੰ ਇਕ ਹੱਦ ਤਕ ਅਧਿਕਾਰ ਦਿੱਤਾ ਹੈ (ਇਨਸਾਨਾਂ ਦਾ ਆਪਸ ਵਿਚ ਇਕ-ਦੂਜੇ ਨਾਲੋਂ ਘੱਟ-ਵੱਧ ਅਧਿਕਾਰ ਹੋ ਸਕਦਾ ਹੈ, ਪਰ ਉਨ੍ਹਾਂ ਦੀ ਪਦਵੀ ਹਮੇਸ਼ਾ ਯਹੋਵਾਹ ਤੋਂ ਨੀਵੀਂ ਹੁੰਦੀ ਹੈ)। ਮਸੀਹੀ ਇਸ ਲਈ ਦੁਨਿਆਵੀ ਅਧਿਕਾਰੀਆਂ ਦੀ ਇੱਜ਼ਤ ਕਰਦੇ ਹਨ ਕਿਉਂਕਿ ਉਹ ਯਹੋਵਾਹ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਨ। ਪਰ ਫਿਰ ਕੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਸਰਕਾਰ ਦੀਆਂ ਮੰਗਾਂ ਪਰਮੇਸ਼ੁਰ ਦੀਆਂ ਮੰਗਾਂ ਦੇ ਉਲਟ ਹੋਣ?
ਪਰਮੇਸ਼ੁਰ ਅਤੇ ਕੈਸਰ ਦਾ ਹੁਕਮ
14, 15. (ੳ) ਦਾਨੀਏਲ ਨੇ ਉਸ ਹਾਲਾਤ ਵਿਚ ਕੀ ਕੀਤਾ ਜਿਸ ਵਿਚ ਉਸ ਦੀ ਤੇ ਉਸ ਦੇ ਸਾਥੀਆਂ ਦੀ ਆਗਿਆਕਾਰੀ ਪਰਖੀ ਜਾ ਸਕਦੀ ਸੀ? (ਅ) ਉਨ੍ਹਾਂ ਤਿੰਨ ਇਬਰਾਨੀਆਂ ਨੇ ਇਕ ਹੋਰ ਮੌਕੇ ਤੇ ਪਰਮੇਸ਼ੁਰ ਪ੍ਰਤੀ ਆਪਣੀ ਆਗਿਆਕਾਰੀ ਦਾ ਕਿਵੇਂ ਸਬੂਤ ਦਿੱਤਾ ਸੀ?
14 ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਮਨੁੱਖੀ ਸਰਕਾਰਾਂ ਦੇ ਅਧੀਨ ਰਹਿੰਦੇ ਹੋਏ ਵੀ ਪਰਮੇਸ਼ੁਰ ਦੇ ਆਗਿਆਕਾਰ ਰਹੇ ਅਤੇ ਸਾਰਿਆਂ ਲਈ ਇਕ ਵਧੀਆ ਮਿਸਾਲ ਬਣੇ। ਜਦ ਇਨ੍ਹਾਂ ਚਾਰ ਇਬਰਾਨੀ ਨੌਜਵਾਨਾਂ ਨੂੰ ਬਾਬਲ ਦੀ ਕੈਦ ਵਿਚ ਲਿਜਾਇਆ ਗਿਆ, ਤਾਂ ਉਨ੍ਹਾਂ ਨੇ ਉਸ ਦੇਸ਼ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਖ਼ਾਸ ਸਿੱਖਿਆ ਪ੍ਰਾਪਤ ਕਰਨ ਲਈ ਚੁਣ ਲਿਆ ਗਿਆ। ਦਾਨੀਏਲ ਜਾਣਦਾ ਸੀ ਕਿ ਇਹ ਸਿੱਖਿਆ ਯਹੋਵਾਹ ਦੇ ਨਿਯਮਾਂ ਨਾਲ ਜ਼ਰੂਰ ਟਕਰਾਏਗੀ, ਇਸ ਲਈ ਉਸ ਨੇ ਪਹਿਲਾਂ ਹੀ ਖੁਸਰਿਆਂ ਦੇ ਸਰਦਾਰ ਨਾਲ ਇਸ ਬਾਰੇ ਗੱਲ ਕਰ ਲਈ। ਨਤੀਜੇ ਵਜੋਂ, ਇਨ੍ਹਾਂ ਚਾਰ ਇਬਰਾਨੀ ਨੌਜਵਾਨਾਂ ਦੀਆਂ ਜ਼ਮੀਰਾਂ ਦਾ ਆਦਰ ਕਰਦੇ ਹੋਏ ਇਨ੍ਹਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਸਨ। (ਦਾਨੀਏਲ 1:8-17) ਅਧਿਕਾਰੀਆਂ ਨੂੰ ਬੜੇ ਅਦਬ ਨਾਲ ਆਪਣੇ ਵਿਚਾਰ ਸਮਝਾ ਕੇ ਯਹੋਵਾਹ ਦੇ ਗਵਾਹ ਦਾਨੀਏਲ ਦੀ ਮਿਸਾਲ ਦੀ ਰੀਸ ਕਰਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਸਾਮ੍ਹਣੇ ਬੇਲੋੜੀਆਂ ਮੁਸ਼ਕਲਾਂ ਨਹੀਂ ਖੜ੍ਹੀਆਂ ਹੁੰਦੀਆਂ।
15 ਫਿਰ ਇਕ ਹੋਰ ਮੌਕੇ ਤੇ, ਉਨ੍ਹਾਂ ਦੇ ਸਾਮ੍ਹਣੇ ਇਹ ਸਵਾਲ ਖੜ੍ਹਾ ਹੋਇਆ ਕਿ ਉਹ ਬਾਬਲੀ ਰਾਜੇ ਦੇ ਅਧੀਨ ਰਹਿਣਗੇ ਜਾਂ ਨਹੀਂ। ਰਾਜੇ ਨੇ ਦੂਰਾ ਦੇ ਮੈਦਾਨ ਵਿਚ ਇਕ ਵੱਡੀ ਮੂਰਤ ਖੜ੍ਹੀ ਕੀਤੀ ਅਤੇ ਸਾਰੇ ਅਧਿਕਾਰੀਆਂ ਤੇ ਸੂਬਿਆਂ ਦੇ ਹਾਕਮਾਂ ਨੂੰ ਹੁਕਮ ਦਿੱਤਾ ਕਿ ਉਹ ਮੂਰਤ ਦੇ ਉਦਘਾਟਨ ਲਈ ਇਕੱਠੇ ਹੋਣ। ਦਾਨੀਏਲ ਦੇ ਤਿੰਨ ਸਾਥੀ ਵੀ ਬਾਬਲ ਦੇ ਸੂਬੇ ਵਿਚ ਹਾਕਮ ਥਾਪੇ ਗਏ ਸਨ, ਇਸ ਲਈ ਇਹ ਹੁਕਮ ਉਨ੍ਹਾਂ ਉੱਤੇ ਵੀ ਲਾਗੂ ਹੁੰਦਾ ਸੀ। ਉਦਘਾਟਨ ਦੀ ਰਸਮ ਦੌਰਾਨ ਸਾਰਿਆਂ ਨੂੰ ਮੂਰਤ ਦੇ ਅੱਗੇ ਡਿੱਗ ਕੇ ਮੱਥਾ ਟੇਕਣ ਲਈ ਕਿਹਾ ਗਿਆ। ਪਰ ਇਹ ਇਬਰਾਨੀ ਜਾਣਦੇ ਸਨ ਕਿ ਇਸ ਤਰ੍ਹਾਂ ਕਰਨਾ ਪਰਮੇਸ਼ੁਰ ਦੇ ਹੁਕਮ ਦੇ ਖ਼ਿਲਾਫ਼ ਸੀ। (ਬਿਵਸਥਾ ਸਾਰ 5:8-10) ਇਸ ਲਈ ਜਦੋਂ ਬਾਕੀ ਲੋਕਾਂ ਨੇ ਮੱਥਾ ਟੇਕਿਆ, ਤਾਂ ਉਹ ਖੜ੍ਹੇ ਰਹੇ। ਰਾਜੇ ਦਾ ਹੁਕਮ ਤੋੜ ਕੇ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾਈਆਂ ਅਤੇ ਉਨ੍ਹਾਂ ਦੀਆਂ ਜਾਨਾਂ ਸਿਰਫ਼ ਇਕ ਚਮਤਕਾਰ ਦੁਆਰਾ ਹੀ ਬਚੀਆਂ ਸਨ। ਪਰ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਆਪਣੀਆਂ ਜਾਨਾਂ ਬਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਸਮਝਿਆ।—ਦਾਨੀਏਲ 2:49–3:29.
16, 17. ਰਸੂਲਾਂ ਨੇ ਕੀ ਕੀਤਾ ਜਦ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਅਤੇ ਕਿਉਂ?
16 ਪਹਿਲੀ ਸਦੀ ਵਿਚ ਯਿਸੂ ਮਸੀਹ ਦੇ ਰਸੂਲਾਂ ਨੂੰ ਯਰੂਸ਼ਲਮ ਵਿਚ ਯਹੂਦੀ ਆਗੂਆਂ ਅੱਗੇ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਯਿਸੂ ਬਾਰੇ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੇ ਕੀ ਕੀਤਾ ਸੀ? ਯਿਸੂ ਨੇ ਉਨ੍ਹਾਂ ਨੂੰ ਸਾਰੀਆਂ ਕੌਮਾਂ ਵਿਚ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ, ਇਸ ਵਿਚ ਯਹੂਦਿਯਾ ਵੀ ਸ਼ਾਮਲ ਸੀ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਯਰੂਸ਼ਲਮ ਵਿਚ ਹੀ ਨਹੀਂ, ਸਗੋਂ ਧਰਤੀ ਦੇ ਬੰਨੇ ਤਕ ਉਸ ਬਾਰੇ ਗਵਾਹੀ ਦੇਣ। (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8) ਰਸੂਲ ਜਾਣਦੇ ਸਨ ਕਿ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੇ ਬਰਾਬਰ ਸੀ। (ਯੂਹੰਨਾ 5:30; 8:28) ਇਸ ਲਈ ਉਨ੍ਹਾਂ ਨੇ ਕਿਹਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 4:19, 20; 5:29.
17 ਰਸੂਲ ਬਾਗ਼ੀ ਨਹੀਂ ਸਨ। (ਕਹਾਉਤਾਂ 24:21) ਫਿਰ ਵੀ ਜਦ ਮਨੁੱਖੀ ਹਾਕਮਾਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੋਂ ਰੋਕਿਆ, ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਪਰਮੇਸ਼ੁਰ ਦਾ ਹੁਕਮ ਮੰਨਣ ਦਾ ਫ਼ੈਸਲਾ ਕੀਤਾ। ਯਿਸੂ ਨੇ ਸਾਨੂੰ ਕਿਹਾ ਸੀ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਜੇਕਰ ਅਸੀਂ ਮਨੁੱਖਾਂ ਦੇ ਕਹਿਣ ਤੇ ਪਰਮੇਸ਼ੁਰ ਦਾ ਹੁਕਮ ਤੋੜੀਏ, ਤਾਂ ਅਸੀਂ ਉਨ੍ਹਾਂ ਮਨੁੱਖਾਂ ਨੂੰ ਉਹ ਚੀਜ਼ਾਂ ਦੇ ਰਹੇ ਹਾਂ ਜਿਨ੍ਹਾਂ ਦਾ ਹੱਕਦਾਰ ਯਹੋਵਾਹ ਹੈ। ਇਸ ਦੀ ਬਜਾਇ, ਅਸੀਂ ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦਿੰਦੇ ਹੋਏ ਹਮੇਸ਼ਾ ਇਹ ਯਾਦ ਰੱਖਦੇ ਹਾਂ ਕਿ ਯਹੋਵਾਹ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ। ਉਹ ਵਿਸ਼ਵ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸਿਰਜਣਹਾਰ ਹੈ ਤੇ ਉਹੀ ਦੂਜਿਆਂ ਨੂੰ ਅਧਿਕਾਰ ਦਿੰਦਾ ਹੈ।—ਪਰਕਾਸ਼ ਦੀ ਪੋਥੀ 4:11.
ਅਸੀਂ ਦ੍ਰਿੜ੍ਹ ਰਹਾਂਗੇ
18, 19. ਸਾਡੇ ਕਈ ਭਰਾਵਾਂ ਨੇ ਦ੍ਰਿੜ੍ਹਤਾ ਕਿਵੇਂ ਦਿਖਾਈ ਹੈ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
18 ਅਸੀਂ ਇਸ ਗੱਲ ਦਾ ਸ਼ੁਕਰ ਕਰਦੇ ਹਾਂ ਕਿ ਇਸ ਸਮੇਂ ਜ਼ਿਆਦਾਤਰ ਦੁਨਿਆਵੀ ਸਰਕਾਰਾਂ ਜਾਣਦੀਆਂ ਹਨ ਕਿ ਯਹੋਵਾਹ ਦੇ ਗਵਾਹ ਨਿਰਪੱਖ ਹਨ। ਪਰ, ਕੁਝ ਦੇਸ਼ਾਂ ਵਿਚ ਗਵਾਹਾਂ ਨੂੰ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਹੈ। ਵੀਹਵੀਂ ਸਦੀ ਦੌਰਾਨ ਅਤੇ ਅੱਜ ਵੀ ਸਾਡੇ ਕੁਝ ਭੈਣ-ਭਰਾ ਰੂਹਾਨੀ ਤੌਰ ਤੇ “ਨਿਹਚਾ ਦੀ ਚੰਗੀ ਲੜਾਈ” ਲੜਨ ਵਿਚ ਬਹੁਤ ਹੀ ਸੰਘਰਸ਼ ਕਰ ਰਹੇ ਹਨ।—1 ਤਿਮੋਥਿਉਸ 6:12.
19 ਅਸੀਂ ਉਨ੍ਹਾਂ ਵਾਂਗ ਦ੍ਰਿੜ੍ਹ ਕਿਵੇਂ ਰਹਿ ਸਕਦੇ ਹਾਂ? ਪਹਿਲਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਵਿਰੋਧ ਜ਼ਰੂਰ ਕੀਤਾ ਜਾਵੇਗਾ। ਸਾਨੂੰ ਘਬਰਾਉਣਾ ਜਾਂ ਹੈਰਾਨ ਨਹੀਂ ਹੋਣਾ ਚਾਹੀਦਾ ਜਦ ਸਾਡਾ ਵਿਰੋਧ ਕੀਤਾ ਜਾਂਦਾ ਹੈ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਖ਼ਬਰਦਾਰ ਕੀਤਾ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12; 1 ਪਤਰਸ 4:12) ਜਿਸ ਸੰਸਾਰ ਤੇ ਸ਼ਤਾਨ ਦਾ ਰਾਜ ਚੱਲ ਰਿਹਾ ਹੈ, ਉਸ ਵਿਚ ਰਹਿ ਕੇ ਸਾਨੂੰ ਪਤਾ ਹੈ ਕਿ ਸਾਨੂੰ ਸਤਾਇਆ ਜਾਵੇਗਾ। (ਪਰਕਾਸ਼ ਦੀ ਪੋਥੀ 12:17) ਸਾਡੀ ਵਫ਼ਾਦਾਰੀ ਦੇਖ ਕੇ ਕੁਝ ਲੋਕ ਹਮੇਸ਼ਾ ‘ਅਚਰਜ ਹੋ ਕੇ ਸਾਡੀ ਨਿੰਦਿਆ ਕਰਦੇ ਰਹਿਣਗੇ।’—1 ਪਤਰਸ 4:4.
20. ਕਿਨ੍ਹਾਂ ਸੱਚਾਈਆਂ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ?
20 ਦੂਜੀ ਗੱਲ ਇਹ ਹੈ ਕਿ ਅਸੀਂ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਅਤੇ ਉਸ ਦੇ ਦੂਤ ਸਾਡੀ ਮਦਦ ਕਰਨਗੇ। ਜਿਵੇਂ ਅਲੀਸ਼ਾ ਨਬੀ ਨੇ ਕਿਹਾ: “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” (2 ਰਾਜਿਆਂ 6:16; ਜ਼ਬੂਰਾਂ ਦੀ ਪੋਥੀ 34:7) ਹੋ ਸਕਦਾ ਹੈ ਕਿ ਯਹੋਵਾਹ ਆਪਣਾ ਸ਼ਾਨਦਾਰ ਮਕਸਦ ਪੂਰਾ ਕਰਨ ਲਈ ਕੁਝ ਸਮੇਂ ਲਈ ਵਿਰੋਧੀਆਂ ਨੂੰ ਸਾਡੇ ਤੇ ਮੁਸ਼ਕਲਾਂ ਲਿਆਉਣ ਦੀ ਇਜਾਜ਼ਤ ਦੇਵੇ। ਫਿਰ ਵੀ ਉਹ ਹਮੇਸ਼ਾ ਸਾਨੂੰ ਅਜ਼ਮਾਇਸ਼ਾਂ ਸਹਿਣ ਵਾਸਤੇ ਸ਼ਕਤੀ ਦੇਵੇਗਾ। (ਯਸਾਯਾਹ 41:9, 10) ਕਈ ਭੈਣ-ਭਰਾ ਸ਼ਹੀਦ ਵੀ ਹੋਏ ਹਨ, ਪਰ ਇਸ ਕਰਕੇ ਅਸੀਂ ਹੌਸਲਾ ਨਹੀਂ ਹਾਰਦੇ। ਯਿਸੂ ਨੇ ਕਿਹਾ: “ਤੁਸੀਂ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ, ਪਰ ਪ੍ਰਾਣ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਹਨ। ਹਾਂ, ਪਰਮੇਸ਼ੁਰ ਤੋਂ ਜ਼ਰੂਰ ਡਰੋ, ਜੋ ਸਰੀਰ ਅਤੇ ਪ੍ਰਾਣ ਦੋਹਾਂ ਦਾ ਨਰਕ ਕੁੰਡ ਵਿਚ ਨਾਸ਼ ਕਰ ਸਕਦਾ ਹੈ।” (ਮੱਤੀ 10:16-23, 28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਇਸ ਸੰਸਾਰ ਵਿਚ ਸਿਰਫ਼ “ਮੁਸਾਫ਼ਰ” ਹੀ ਹਾਂ। ਇਸ ਲਈ ਅਸੀਂ ਆਪਣਾ ਸਮਾਂ ਉਸ ਜੀਵਨ ਨੂੰ ਪ੍ਰਾਪਤ ਕਰਨ ਵਿਚ ਲਾਉਂਦੇ ਹਾਂ “ਜਿਹੜਾ ਅਸਲ ਜੀਵਨ ਹੈ” ਯਾਨੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਦਾ ਦਾ ਜੀਵਨ। (1 ਪਤਰਸ 2:11; 1 ਤਿਮੋਥਿਉਸ 6:19) ਕੋਈ ਵੀ ਇਨਸਾਨ ਸਾਡੀ ਇਸ ਉਮੀਦ ਤੇ ਪਾਣੀ ਨਹੀਂ ਫੇਰ ਸਕਦਾ ਜੇਕਰ ਅਸੀਂ ਪਰਮੇਸ਼ੁਰ ਪ੍ਰਤੀ ਹਮੇਸ਼ਾ ਵਫ਼ਾਦਾਰ ਰਹੀਏ।
21. ਸਾਨੂੰ ਕਿਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ?
21 ਇਸ ਲਈ ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਕਿੰਨਾ ਵਧੀਆ ਰਿਸ਼ਤਾ ਹੈ। ਉਮੀਦ ਹੈ ਕਿ ਅਸੀਂ ਉਨ੍ਹਾਂ ਬਰਕਤਾਂ ਦੀ ਹਮੇਸ਼ਾ ਕਦਰ ਕਰਾਂਗੇ ਜੋ ਸਾਨੂੰ ਯਿਸੂ ਦੇ ਚੇਲੇ ਅਤੇ ਰਾਜ ਦੀ ਪਰਜਾ ਹੋਣ ਦੇ ਨਾਤੇ ਮਿਲੀਆਂ ਹਨ। ਆਓ ਆਪਾਂ ਦਿਲੋਂ ਆਪਣੇ ਭਰਾਵਾਂ ਨੂੰ ਪਿਆਰ ਕਰੀਏ ਅਤੇ ਹਮੇਸ਼ਾ ਉਨ੍ਹਾਂ ਦੇ ਪਿਆਰ ਦੀ ਕਦਰ ਕਰਦੇ ਰਹੀਏ। ਸਭ ਤੋਂ ਵੱਧ, ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਉੱਤੇ ਚੱਲੀਏ: “ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!” (ਜ਼ਬੂਰਾਂ ਦੀ ਪੋਥੀ 27:14; ਯਸਾਯਾਹ 54:17) ਫਿਰ ਅਸੀਂ ਵੀ ਪਿਛਲਿਆਂ ਲੱਖਾਂ ਮਸੀਹੀਆਂ ਵਾਂਗ ਨਿਰਪੱਖ ਅਤੇ ਵਫ਼ਾਦਾਰ ਮਸੀਹੀਆਂ ਵਜੋਂ ਦ੍ਰਿੜ੍ਹ ਰਹਿ ਕੇ ਅਤੇ ਭਵਿੱਖ ਲਈ ਇਕ ਪੱਕੀ ਉਮੀਦ ਨਾਲ ਇਸ ਜਗਤ ਦਾ ਹਿੱਸਾ ਨਹੀਂ ਬਣਾਂਗੇ।
ਕੀ ਤੁਸੀਂ ਸਮਝਾ ਸਕਦੇ ਹੋ?
• ਯਹੋਵਾਹ ਨਾਲ ਸਾਡੇ ਰਿਸ਼ਤੇ ਕਾਰਨ ਅਸੀਂ ਦੁਨੀਆਂ ਤੋਂ ਵੱਖਰੇ ਕਿਵੇਂ ਹਾਂ?
• ਪਰਮੇਸ਼ੁਰ ਦੇ ਰਾਜ ਦੀ ਪਰਜਾ ਹੋਣ ਕਰਕੇ ਅਸੀਂ ਦੁਨਿਆਵੀ ਮਾਮਲਿਆਂ ਵਿਚ ਨਿਰਪੱਖ ਕਿਵੇਂ ਰਹਿ ਸਕਦੇ ਹਾਂ?
• ਆਪਣੇ ਭਰਾਵਾਂ ਲਈ ਸਾਡਾ ਪਿਆਰ ਸਾਨੂੰ ਇਸ ਦੁਨੀਆਂ ਤੋਂ ਵੱਖਰਾ ਅਤੇ ਨਿਰਪੱਖ ਕਿਵੇਂ ਰੱਖਦਾ ਹੈ?
[ਸਫ਼ੇ 15 ਉੱਤੇ ਤਸਵੀਰ]
ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋਣ ਨਾਲ ਇਸ ਦੁਨੀਆਂ ਨਾਲ ਸਾਡੇ ਸੰਬੰਧ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?
[ਸਫ਼ੇ 16 ਉੱਤੇ ਤਸਵੀਰ]
ਹੁਟੂ ਅਤੇ ਟੂਟਸੀ ਭਰਾ ਖ਼ੁਸ਼ੀ ਨਾਲ ਇਕ-ਦੂਜੇ ਨਾਲ ਕੰਮ ਕਰਦੇ ਹੋਏ
[ਸਫ਼ੇ 17 ਉੱਤੇ ਤਸਵੀਰ]
ਯਹੂਦੀ ਅਤੇ ਅਰਬੀ ਮਸੀਹੀ ਭਰਾ
[ਸਫ਼ੇ 17 ਉੱਤੇ ਤਸਵੀਰ]
ਸਰਬੀਆਈ, ਬੋਸਨੀਆਈ ਅਤੇ ਕ੍ਰੋਸ਼ੀਆਈ ਮਸੀਹੀ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ
[ਸਫ਼ੇ 18 ਉੱਤੇ ਤਸਵੀਰ]
ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਹਾਕਮ ਸਾਨੂੰ ਪਰਮੇਸ਼ੁਰ ਦੇ ਨਿਯਮ ਤੋੜਨ ਦਾ ਹੁਕਮ ਦੇਣ?