“ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ” ਕੌਣ ਹੈ?
ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਹੀ ਸਿਰਜਣਹਾਰ ਹੈ ਜੋ ਆਪਣੇ ਭਗਤਾਂ ਨੂੰ ਸਦਾ ਦਾ ਜੀਵਨ ਦੇਵੇਗਾ। ਬਾਈਬਲ ਨੂੰ ਪੜ੍ਹਨ ਅਤੇ ਮੰਨਣ ਵਾਲੇ ਬਹੁਤ ਸਾਰੇ ਲੋਕ ਉੱਪਰ ਦਿੱਤੇ ਸਵਾਲ ਦਾ ਇਹੀ ਜਵਾਬ ਦੇਣਗੇ। ਯਿਸੂ ਨੇ ਆਪ ਵੀ ਕਿਹਾ ਸੀ: ‘ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।’—ਯੂਹੰਨਾ 17:3.
ਪਰ ਚਰਚ ਦੇ ਬਹੁਤ ਸਾਰੇ ਲੋਕ ਸਿਰਲੇਖ ਵਿਚ ਦਿੱਤੇ ਸ਼ਬਦਾਂ ਦਾ ਅਲੱਗ ਮਤਲਬ ਕੱਢਦੇ ਹਨ। ਇਹ ਸ਼ਬਦ 1 ਯੂਹੰਨਾ 5:20 ਤੋਂ ਲਏ ਗਏ ਹਨ ਜਿਸ ਵਿਚ ਕਿਹਾ ਗਿਆ ਹੈ: “ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤ੍ਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ।”
ਤ੍ਰਿਏਕ ਦੀ ਸਿੱਖਿਆ ਮੰਨਣ ਵਾਲੇ ਲੋਕ ਕਹਿੰਦੇ ਹਨ ਕਿ ਨਿਸ਼ਚੇਵਾਚਕ ਪੜਨਾਂਵ “ਇਹੋ” ( ਹੁਟੌੱਸ) ਯਿਸੂ ਮਸੀਹ ਲਈ ਵਰਤਿਆ ਗਿਆ ਹੈ ਕਿਉਂਕਿ “ਇਹੋ” ਸ਼ਬਦ ਤੋਂ ਪਹਿਲਾਂ ਮਸੀਹ ਦਾ ਹੀ ਨਾਂ ਆਉਂਦਾ ਹੈ। ਉਹ ਦਾਅਵੇ ਨਾਲ ਕਹਿੰਦੇ ਹਨ ਕਿ ਯਿਸੂ ਹੀ “ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ” ਹੈ। ਪਰ ਇਹ ਦਾਅਵਾ ਬਾਈਬਲ ਦੀਆਂ ਹੋਰ ਆਇਤਾਂ ਨਾਲ ਮੇਲ ਨਹੀਂ ਖਾਂਦਾ। ਬਹੁਤ ਸਾਰੇ ਮੰਨੇ-ਪ੍ਰਮੰਨੇ ਵਿਦਵਾਨ ਵੀ ਇਸ ਤ੍ਰਿਏਕਵਾਦੀ ਵਿਚਾਰ ਨਾਲ ਸਹਿਮਤ ਨਹੀਂ ਹਨ। ਕੇਮਬ੍ਰਿਜ ਯੂਨੀਵਰਸਿਟੀ ਦੇ ਵਿਦਵਾਨ ਬੀ. ਐੱਫ਼. ਵੈੱਸਕੌਟ ਨੇ ਲਿਖਿਆ: “ਇਹ ਸਿੱਟਾ ਕੱਢਣਾ ਸਹੀ ਲੱਗਦਾ ਹੈ ਕਿ 1 ਯੂਹੰਨਾ 5:20 ਵਿਚ ਪੜਨਾਂਵ ਹੁਟੌੱਸ ਆਪਣੇ ਸਭ ਤੋਂ ਨੇੜਲੇ ਵਿਅਕਤੀ ਨੂੰ ਨਹੀਂ, ਬਲਕਿ ਉਸ ਵਿਅਕਤੀ ਨੂੰ ਸੰਕੇਤ ਕਰਦਾ ਹੈ ਜਿਸ ਦੀ ਯੂਹੰਨਾ ਰਸੂਲ ਮੁੱਖ ਤੌਰ ਤੇ ਗੱਲ ਕਰ ਰਿਹਾ ਸੀ।” ਜਦੋਂ ਯੂਹੰਨਾ ਰਸੂਲ ਨੇ ਇਹ ਸ਼ਬਦ ਲਿਖੇ ਸਨ, ਤਾਂ ਉਹ ਯਿਸੂ ਦੇ ਪਿਤਾ ਦੀ ਗੱਲ ਕਰ ਰਿਹਾ ਸੀ। ਜਰਮਨੀ ਦੇ ਧਰਮ-ਸ਼ਾਸਤਰੀ ਏਰਿਖ਼ ਹਾਉਪਟ ਨੇ ਲਿਖਿਆ: ‘ਸਾਨੂੰ ਇਹ ਜਾਣਨ ਦੀ ਲੋੜ ਹੈ ਕਿ 20ਵੀਂ ਆਇਤ ਵਿਚ ਹੁਟੌੱਸ [ਇਹੋ] ਪੜਨਾਂਵ ਸਭ ਤੋਂ ਨੇੜਲੇ ਵਿਅਕਤੀ ਨੂੰ ਸੰਕੇਤ ਕਰਦਾ ਹੈ ਜਾਂ ਉਸ ਤੋਂ ਵੀ ਪਹਿਲਾਂ ਜ਼ਿਕਰ ਕੀਤੇ ਗਏ ਵਿਅਕਤੀ ਪਰਮੇਸ਼ੁਰ ਨੂੰ। ਇਹ ਨਿਸ਼ਚਿਤ ਕਰਨ ਲਈ 21ਵੀਂ ਆਇਤ ਸਾਡੀ ਮਦਦ ਕਰਦੀ ਹੈ ਜਿਸ ਵਿਚ ਮੂਰਤੀਆਂ ਖ਼ਿਲਾਫ਼ ਚੇਤਾਵਨੀ ਦਿੱਤੀ ਗਈ ਹੈ। ਇਸ ਚੇਤਾਵਨੀ ਤੋਂ ਪਤਾ ਲੱਗਦਾ ਹੈ ਕਿ ਆਇਤ 20 ਵਿਚ ਯੂਹੰਨਾ ਰਸੂਲ ਮੂਰਤੀਆਂ ਦੇ ਮੁਕਾਬਲੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਗੱਲ ਕਰ ਰਿਹਾ ਸੀ। ਉਸ ਦੀ ਚਰਚਾ ਦਾ ਮੁੱਖ ਵਿਸ਼ਾ ਇਹ ਨਹੀਂ ਸੀ ਕਿ ਯਿਸੂ ਪਰਮੇਸ਼ੁਰ ਹੈ ਜਾਂ ਨਹੀਂ।’
ਰੋਮ ਦੀ ਪੌਂਟੀਫਿਕਲ ਬਿਬਲੀਕਲ ਇੰਸਟੀਚਿਊਟ ਦੁਆਰਾ ਪ੍ਰਕਾਸ਼ਿਤ ਯੂਨਾਨੀ ਨਵੇਂ ਨੇਮ ਦਾ ਵਿਆਕਰਨਿਕ ਵਿਸ਼ਲੇਸ਼ਣ ਵਿਚ ਵੀ ਲਿਖਿਆ ਹੈ: ‘ਆਇਤਾਂ 18-20 ਪੜ੍ਹਨ ਤੇ ਪਤਾ ਲੱਗਦਾ ਹੈ ਕਿ ਵੀਹਵੀਂ ਆਇਤ ਵਿਚ ਪੜਨਾਂਵ ਹੁਟੌੱਸ [ਇਹੋ] ਯਕੀਨਨ ਸੱਚੇ ਪਰਮੇਸ਼ੁਰ ਲਈ ਵਰਤਿਆ ਗਿਆ ਹੈ ਜੋ ਮੂਰਤੀਆਂ ਤੋਂ ਬਿਲਕੁਲ ਵੱਖਰਾ ਹੈ (ਆਇਤ 21)।’
ਹੁਟੌੱਸ ਤੋਂ ਅਨੁਵਾਦ ਕੀਤਾ ਗਿਆ ਸ਼ਬਦ “ਇਹ,” “ਉਹ” ਜਾਂ “ਇਹੋ” ਅਕਸਰ ਸਭ ਤੋਂ ਨੇੜੇ ਦੀ ਵਸਤੂ ਜਾਂ ਵਿਅਕਤੀ ਨੂੰ ਸੰਕੇਤ ਨਹੀਂ ਕਰਦਾ। ਇਹ ਅਸੀਂ ਦੂਸਰੀਆਂ ਆਇਤਾਂ ਤੋਂ ਦੇਖ ਸਕਦੇ ਹਾਂ। ਯੂਹੰਨਾ ਰਸੂਲ ਨੇ ਆਪਣੀ ਦੂਜੀ ਪੱਤਰੀ ਵਿਚ ਲਿਖਿਆ: “ਬਾਹਲੇ ਛਲੀਏ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ [ ਹੁਟੌੱਸ] ਛਲੇਡਾ ਅਤੇ ਮਸੀਹ ਦਾ ਵਿਰੋਧੀ ਹੈ।” (2 ਯੂਹੰਨਾ 7) ਇੱਥੇ ਪੜਨਾਂਵ “ਇਹੋ” ਸਭ ਤੋਂ ਨੇੜਲੇ ਵਿਅਕਤੀ ਯਿਸੂ ਮਸੀਹ ਨੂੰ ਸੰਕੇਤ ਨਹੀਂ ਕਰਦਾ। ਇਹ ਉਨ੍ਹਾਂ ਨੂੰ ਸੰਕੇਤ ਕਰਦਾ ਹੈ ਜੋ ਯਿਸੂ ਨੂੰ ਨਹੀਂ ਮੰਨਦੇ। ਇਹ ਸਾਰੇ ਲੋਕ ਸਮੂਹਕ ਰੂਪ ਵਿਚ ‘ਛਲੇਡਾ ਅਤੇ ਵਿਰੋਧੀ’ ਹਨ।
ਰਸੂਲਾਂ ਦੇ ਕਰਤੱਬ 4:10, 11 ਵਿਚ ਵੀ ਹੁਟੌੱਸ ਨੂੰ ਇਸੇ ਤਰ੍ਹਾਂ ਵਰਤਿਆ ਗਿਆ ਹੈ। ਇਨ੍ਹਾਂ ਆਇਤਾਂ ਵਿਚ ਲੂਕਾ ਕਹਿੰਦਾ ਹੈ: ‘ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹ ਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉੱਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ। ਇਹ [ ਹੁਟੌੱਸ] ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਖੂੰਜੇ ਦਾ ਸਿਰਾ ਹੋ ਗਿਆ।’ ਇਸ ਵਿਚ ਕੋਈ ਸ਼ੱਕ ਨਹੀਂ ਕਿ ਇੱਥੇ ਪੜਨਾਂਵ “ਇਹ” ਚੰਗਾ ਕੀਤੇ ਗਏ ਆਦਮੀ ਲਈ ਨਹੀਂ ਵਰਤਿਆ ਗਿਆ ਜਿਸ ਦਾ ਜ਼ਿਕਰ ਹੁਟੌੱਸ ਤੋਂ ਇਕਦਮ ਪਹਿਲਾਂ ਆਇਆ ਹੈ। ਆਇਤ 11 ਵਿਚ “ਇਹ” ਯਿਸੂ ਮਸੀਹ ਨੂੰ ਸੰਕੇਤ ਕਰਦਾ ਹੈ ਜੋ “ਖੂੰਜੇ ਦਾ ਪੱਥਰ” ਹੈ ਜਿਸ ਉੱਤੇ ਮਸੀਹੀ ਕਲੀਸਿਯਾ ਉਸਾਰੀ ਗਈ ਹੈ।—ਅਫ਼ਸੀਆਂ 2:20; 1 ਪਤਰਸ 2:4-8.
ਰਸੂਲਾਂ ਦੇ ਕਰਤੱਬ 7:18, 19 ਉੱਤੇ ਵੀ ਗੌਰ ਕਰੋ ਜਿੱਥੇ ਲਿਖਿਆ ਹੈ: ‘ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸੁਫ਼ ਨੂੰ ਨਾ ਜਾਣਦਾ ਸੀ। ਉਹ [ ਹੁਟੌੱਸ] ਨੇ ਸਾਡੀ ਕੌਮ ਨਾਲ ਚਤਰਾਈ ਕੀਤੀ।’ ਯਹੂਦੀਆਂ ਤੇ ਅਤਿਆਚਾਰ ਕਰਨ ਵਾਲਾ “ਉਹ” ਬੰਦਾ ਯੂਸੁਫ਼ ਨਹੀਂ ਸੀ, ਸਗੋਂ ਮਿਸਰ ਦਾ ਪਾਤਸ਼ਾਹ ਫ਼ਿਰਊਨ ਸੀ।
ਇਹ ਹਵਾਲੇ ਯੂਨਾਨੀ ਵਿਦਵਾਨ ਡੈਨੀਏਲ ਵੌਲਸ ਦੇ ਸ਼ਬਦਾਂ ਨੂੰ ਸਹੀ ਠਹਿਰਾਉਂਦੇ ਹਨ। ਉਸ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਯੂਨਾਨੀ ਨਿਸ਼ਚੇਵਾਚਕ ਪੜਨਾਂਵ ਦੇ ‘ਸਭ ਤੋਂ ਨੇੜੇ ਦਾ ਵਿਅਕਤੀ ਹੀ ਲਿਖਾਰੀ ਦੀ ਚਰਚਾ ਦਾ ਮੁੱਖ ਵਿਸ਼ਾ ਹੋਵੇ।’
“ਸੱਚਾ ਪਰਮੇਸ਼ੁਰ”
ਯੂਹੰਨਾ ਰਸੂਲ ਨੇ ਲਿਖਿਆ ਸੀ ਕਿ ਯਹੋਵਾਹ ਹੀ “ਸੱਚਾ ਪਰਮੇਸ਼ੁਰ” ਹੈ ਜੋ ਯਿਸੂ ਮਸੀਹ ਦਾ ਪਿਤਾ ਹੈ। ਉਹੀ ਇੱਕੋ-ਇਕ ਸੱਚਾ ਪਰਮੇਸ਼ੁਰ ਤੇ ਸਿਰਜਣਹਾਰ ਹੈ। ਪੌਲੁਸ ਰਸੂਲ ਨੇ ਕਬੂਲ ਕੀਤਾ: “ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੋ ਕੁਝ ਹੋਇਆ ਹੈ।” (1 ਕੁਰਿੰਥੀਆਂ 8:6; ਯਸਾਯਾਹ 42:8) ਪਹਿਲਾ ਯੂਹੰਨਾ 5:20 ਵਿਚ ਯਹੋਵਾਹ ਨੂੰ “ਸੱਚਾ ਪਰਮੇਸ਼ੁਰ” ਕਹਿਣ ਦਾ ਇਕ ਹੋਰ ਕਾਰਨ ਹੈ ਕਿ ਉਹ ਸੱਚਾਈ ਦਾ ਭੰਡਾਰ ਹੈ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ‘ਸਚਿਆਈ ਦਾ ਪਰਮੇਸ਼ੁਰ’ ਕਿਹਾ ਸੀ ਕਿਉਂਕਿ ਉਹ ਹਰ ਗੱਲ ਵਿਚ ਵਫ਼ਾਦਾਰ ਰਹਿੰਦਾ ਹੈ ਤੇ ਝੂਠ ਨਹੀਂ ਬੋਲਦਾ। (ਜ਼ਬੂਰਾਂ ਦੀ ਪੋਥੀ 31:5; ਕੂਚ 34:6; ਤੀਤੁਸ 1:2) ਆਪਣੇ ਪਿਤਾ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਿਹਾ: “ਤੇਰਾ ਬਚਨ ਸਚਿਆਈ ਹੈ।” ਯਿਸੂ ਨੇ ਆਪਣੀ ਸਿੱਖਿਆ ਬਾਰੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।”—ਯੂਹੰਨਾ 7:16; 17:17.
ਯਹੋਵਾਹ “ਸਦੀਪਕ ਜੀਵਨ” ਵੀ ਹੈ। ਉਹ ਜੀਵਨ ਦਾ ਸੋਮਾ ਹੈ। ਉਹ ਮਸੀਹ ਰਾਹੀਂ ਸਾਨੂੰ ਤੋਹਫ਼ੇ ਵਜੋਂ ਜੀਵਨ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 36:9; ਰੋਮੀਆਂ 6:23) ਪੌਲੁਸ ਰਸੂਲ ਨੇ ਵੀ ਕਿਹਾ ਕਿ ਪਰਮੇਸ਼ੁਰ ‘ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।’ (ਇਬਰਾਨੀਆਂ 11:6) ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਮੁਰਦਿਆਂ ਵਿੱਚੋਂ ਜੀ ਉਠਾ ਕੇ ਉਸ ਨੂੰ ਜੀਵਨ ਬਖ਼ਸ਼ਿਆ। ਪਿਤਾ ਉਨ੍ਹਾਂ ਨੂੰ ਵੀ ਸਦੀਪਕ ਜੀਵਨ ਬਖ਼ਸ਼ੇਗਾ ਜੋ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਨ।—ਰਸੂਲਾਂ ਦੇ ਕਰਤੱਬ 26:23; 2 ਕੁਰਿੰਥੀਆਂ 1:9.
ਹੁਣ ਅਸੀਂ ਕਿਸ ਨਤੀਜੇ ਤੇ ਪਹੁੰਚੇ ਹਾਂ? ਇਹੀ ਕਿ “ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ” ਯਹੋਵਾਹ ਹੈ, ਨਾ ਕਿ ਕੋਈ ਹੋਰ। ਸਿਰਫ਼ ਉਹੀ ਇਕੱਲਾ ਇਸ ਯੋਗ ਹੈ ਕਿ ਉਸ ਦੇ ਸਿਰਜੇ ਪ੍ਰਾਣੀ ਉਸ ਦੀ ਭਗਤੀ ਕਰਨ।—ਪਰਕਾਸ਼ ਦੀ ਪੋਥੀ 4:11.