ਯਹੋਵਾਹ ਸਾਡੇ ਮਨ ਨਾਲੋਂ ਵੱਡਾ ਹੈ
“ਯਹੋਵਾਹ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ,” ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ। ਅਸਲ ਵਿਚ, ਸ੍ਰਿਸ਼ਟੀਕਰਤਾ ਆਪਣੇ ਇਨਸਾਨੀ ਸੇਵਕਾਂ ਨੂੰ ਉਦੋਂ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ, ਜਦੋਂ ਉਹ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਹੌਸਲਾ ਦਿੰਦਾ ਹੈ। ਜਦੋਂ ਉਹ ਨਿਰਾਸ਼ ਹੋ ਜਾਂਦੇ ਹਨ, ਤਾਂ ਉਹ ਉਨ੍ਹਾਂ ਨੂੰ ਤਸੱਲੀ ਵੀ ਦਿੰਦਾ ਹੈ। ਉਹ ਜਾਣਦਾ ਹੈ ਕਿ ਉਸ ਦੇ ਸੇਵਕ ਨਾਮੁਕੰਮਲ ਹਨ ਜਿਸ ਕਰਕੇ ਉਹ ਉਨ੍ਹਾਂ ਕੋਲੋਂ ਉੱਨੀ ਹੀ ਸੇਵਾ ਚਾਹੁੰਦਾ ਹੈ ਜਿੰਨੀ ਉਹ ਕਰ ਸਕਦੇ ਹਨ।—ਜ਼ਬੂਰ 147:11.
ਸਾਨੂੰ ਸ਼ਾਇਦ ਇਹ ਵਿਸ਼ਵਾਸ ਕਰਨ ਵਿਚ ਕੋਈ ਮੁਸ਼ਕਲ ਨਾ ਹੋਵੇ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਬਹੁਤ ਪਿਆਰ ਕਰਦਾ ਹੈ। ਫਿਰ ਵੀ ਕੁਝ ਭੈਣ-ਭਰਾ ਆਪਣੀਆਂ ਕਮਜ਼ੋਰੀਆਂ ਬਾਰੇ ਇੰਨਾ ਜ਼ਿਆਦਾ ਫ਼ਿਕਰਮੰਦ ਹੁੰਦੇ ਹਨ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਕਿ ਯਹੋਵਾਹ ਕਦੇ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰ ਸਕਦਾ। ਉਹ ਸ਼ਾਇਦ ਸਮਝਣ ਕਿ “ਮੇਰੇ ਵਿਚ ਤਾਂ ਇੰਨੀਆਂ ਕਮੀਆਂ ਹਨ ਕਿ ਮੈਂ ਯਹੋਵਾਹ ਦੇ ਪਿਆਰ ਦੇ ਲਾਇਕ ਹੀ ਨਹੀਂ।” ਬੇਸ਼ੱਕ, ਸਾਡੇ ਸਾਰਿਆਂ ਦੇ ਮਨਾਂ ਵਿਚ ਕਦੀ ਨਾ ਕਦੀ ਅਜਿਹੀਆਂ ਨਿਰਾਸ਼ਾਜਨਕ ਭਾਵਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਕੁਝ ਭੈਣ-ਭਰਾ ਹਮੇਸ਼ਾ ਹੀ ਨਿਕੰਮੇਪਣ ਦੀਆਂ ਭਾਵਨਾਵਾਂ ਵਿਰੁੱਧ ਜੱਦੋ-ਜਹਿਦ ਕਰਦੇ ਰਹਿੰਦੇ ਹਨ।
ਨਿਰਾਸ਼ਾ ਦੀਆਂ ਭਾਵਨਾਵਾਂ
ਬਾਈਬਲ ਸਮਿਆਂ ਵਿਚ ਵੀ ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਲੋਕ ਡੂੰਘੀ ਨਿਰਾਸ਼ਾ ਦੀਆਂ ਅਜਿਹੀਆਂ ਹੀ ਭਾਵਨਾਵਾਂ ਵਿੱਚੋਂ ਗੁਜ਼ਰੇ ਸਨ। ਅੱਯੂਬ ਨੂੰ ਆਪਣੀ ਜ਼ਿੰਦਗੀ ਨਾਲ ਨਫ਼ਰਤ ਸੀ ਕਿਉਂਕਿ ਉਹ ਮਹਿਸੂਸ ਕਰਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਸੀ। ਹੰਨਾਹ, ਜੋ ਬਾਅਦ ਵਿਚ ਸਮੂਏਲ ਦੀ ਮਾਤਾ ਬਣੀ, ਇਕ ਸਮੇਂ ਤੇ ਆਪਣੇ ਬਾਂਝਪਣ ਤੋਂ ਇੰਨੀ ਜ਼ਿਆਦਾ ਦੁਖੀ ਹੋਈ ਕਿ ਭੁੱਬਾਂ ਮਾਰ-ਮਾਰ ਕੇ ਰੋਈ। ਦਾਊਦ ਡੂੰਘੀ ਨਿਰਾਸ਼ਾ ਕਰਕੇ “ਬਹੁਤਾ ਕੁੱਬਾ ਹੋ ਗਿਆ” ਸੀ ਅਤੇ ਇਪਾਫ਼ਰੋਦੀਤੁਸ ਇਸ ਲਈ ਦੁਖੀ ਸੀ ਕਿਉਂਕਿ ਉਸ ਦੀ ਬੀਮਾਰੀ ਦੀ ਖ਼ਬਰ ਨੇ ਉਸ ਦੇ ਭਰਾਵਾਂ ਨੂੰ ਦੁਖੀ ਕਰ ਦਿੱਤਾ ਸੀ।—ਜ਼ਬੂਰ 38:6; 1 ਸਮੂਏਲ 1:7, 10; ਅੱਯੂਬ 29:2, 4, 5; ਫ਼ਿਲਿੱਪੀਆਂ 2:25, 26.
ਅੱਜ ਦੇ ਮਸੀਹੀਆਂ ਬਾਰੇ ਕੀ? ਕੁਝ ਭੈਣ-ਭਰਾਵਾਂ ਨੂੰ ਸ਼ਾਇਦ ਉਨ੍ਹਾਂ ਦੀ ਬੀਮਾਰੀ, ਬੁਢਾਪਾ ਜਾਂ ਦੂਸਰੇ ਨਿੱਜੀ ਹਾਲਾਤ ਪਵਿੱਤਰ ਸੇਵਾ ਵਿਚ ਉੱਨਾ ਕਰਨ ਤੋਂ ਰੋਕਣ ਜਿੰਨਾ ਕਿ ਉਹ ਕਰਨਾ ਚਾਹੁੰਦੇ ਹਨ। ਅਖ਼ੀਰ ਸ਼ਾਇਦ ਉਹ ਇਹ ਸਿੱਟਾ ਕੱਢਣ ਕਿ ਉਹ ਯਹੋਵਾਹ ਅਤੇ ਆਪਣੇ ਸੰਗੀ ਵਿਸ਼ਵਾਸੀਆਂ ਦੀਆਂ ਨਜ਼ਰਾਂ ਵਿਚ ਡਿੱਗ ਗਏ ਹਨ। ਕੁਝ ਭੈਣ-ਭਰਾ ਸ਼ਾਇਦ ਆਪਣੀਆਂ ਪਿਛਲੀਆਂ ਗ਼ਲਤੀਆਂ ਲਈ ਆਪਣੇ ਆਪ ਨੂੰ ਹਰ ਸਮੇਂ ਦੋਸ਼ੀ ਠਹਿਰਾਉਣ ਅਤੇ ਸ਼ੱਕ ਕਰਨ ਕਿ ਪਤਾ ਨਹੀਂ ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਕੀਤਾ ਹੈ ਕਿ ਨਹੀਂ। ਦੂਸਰੇ ਸ਼ਾਇਦ ਦੁਖਦਾਈ ਪਰਿਵਾਰਕ ਪਿਛੋਕੜਾਂ ਵਿੱਚੋਂ ਆਉਂਦੇ ਹਨ ਅਤੇ ਸੋਚਦੇ ਹਨ ਕਿ ਉਹ ਤਾਂ ਕਿਸੇ ਦੇ ਪਿਆਰ ਦੇ ਲਾਇਕ ਹੀ ਨਹੀਂ ਹਨ। ਇਹ ਕਿੱਦਾਂ ਹੋ ਸਕਦਾ ਹੈ?
ਕੁਝ ਸ਼ਾਇਦ ਅਜਿਹੇ ਪਰਿਵਾਰਾਂ ਵਿਚ ਵੱਡੇ ਹੁੰਦੇ ਹਨ ਜਿੱਥੇ ਅਕਸਰ ਪਿਆਰ ਨਹੀਂ, ਸਗੋਂ ਤਾਅਨੇਬਾਜ਼ੀ, ਸੁਆਰਥ ਅਤੇ ਡਰ ਦੀ ਭਾਵਨਾ ਹੁੰਦੀ ਹੈ। ਉਨ੍ਹਾਂ ਨੇ ਸ਼ਾਇਦ ਕਦੇ ਵੀ ਇਕ ਅਜਿਹੇ ਪਿਤਾ ਦਾ ਪਿਆਰ ਨਹੀਂ ਜਾਣਿਆ ਜੋ ਉਨ੍ਹਾਂ ਦੀ ਤਾਰੀਫ਼ ਕਰਦਾ ਤੇ ਹੌਸਲਾ ਦਿੰਦਾ, ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਦਾ, ਇੱਥੋਂ ਤਕ ਕਿ ਜ਼ਿਆਦਾ ਗੰਭੀਰ ਗ਼ਲਤੀਆਂ ਨੂੰ ਵੀ ਮਾਫ਼ ਕਰਨ ਲਈ ਤਿਆਰ ਰਹਿੰਦਾ, ਅਤੇ ਜਿਸ ਦੇ ਪਿਆਰ ਵਿਚ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ। ਜਦੋਂ ਕਿ ਉਨ੍ਹਾਂ ਦਾ ਆਪਣਾ ਕਦੇ ਕੋਈ ਪਿਆਰ ਕਰਨ ਵਾਲਾ ਪਿਤਾ ਨਹੀਂ ਸੀ, ਤਾਂ ਸ਼ਾਇਦ ਉਨ੍ਹਾਂ ਨੂੰ ਇਹ ਸਮਝਣਾ ਮੁਸ਼ਕਲ ਲੱਗੇ ਕਿ ਇਕ ਪਿਆਰ ਕਰਨ ਵਾਲੇ ਸਵਰਗੀ ਪਿਤਾ ਦਾ ਕੀ ਮਤਲਬ ਹੁੰਦਾ ਹੈ।
ਉਦਾਹਰਣ ਲਈ, ਫ੍ਰਿਟਸ ਲਿਖਦਾ ਹੈ: “ਮੇਰੇ ਪਿਤਾ ਦੇ ਨਿਰਮੋਹੇ ਸੁਭਾਅ ਦਾ ਮੇਰੇ ਬਚਪਨ ਅਤੇ ਜਵਾਨੀ ਤੇ ਬਹੁਤ ਬੁਰਾ ਅਸਰ ਪਿਆ।a ਉਨ੍ਹਾਂ ਨੇ ਨਾ ਤਾਂ ਕਦੇ ਮੇਰੀ ਤਾਰੀਫ਼ ਕੀਤੀ ਅਤੇ ਨਾ ਹੀ ਕਦੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਨੇੜੇ ਮਹਿਸੂਸ ਕੀਤਾ। ਅਸਲ ਵਿਚ ਜ਼ਿਆਦਾਤਰ ਸਮਾਂ ਤਾਂ ਮੈਂ ਉਨ੍ਹਾਂ ਕੋਲੋਂ ਡਰਦਾ ਹੀ ਰਹਿੰਦਾ ਸੀ।” ਨਤੀਜੇ ਵਜੋਂ, ਫ੍ਰਿਟਸ ਜੋ ਹੁਣ 50-60 ਸਾਲਾਂ ਦਾ ਹੈ, ਦੇ ਮਨ ਵਿਚ ਅਜੇ ਵੀ ਘਟੀਆਪਣ ਦੀਆਂ ਭਾਵਨਾਵਾਂ ਆਉਂਦੀਆਂ ਰਹਿੰਦੀਆਂ ਹਨ। ਮਾਰਗਾਰੇਟਾ ਦੱਸਦੀ ਹੈ: “ਮੇਰੇ ਮਾਤਾ-ਪਿਤਾ ਰੁੱਖੇ ਸੁਭਾਅ ਦੇ ਸਨ ਅਤੇ ਮੈਨੂੰ ਪਿਆਰ ਨਹੀਂ ਸੀ ਕਰਦੇ। ਇਸ ਲਈ ਜਦੋਂ ਮੈਂ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਇਹ ਸਮਝਣ ਵਿਚ ਬੜੀ ਮੁਸ਼ਕਲ ਹੋਈ ਕਿ ਇਕ ਪਿਆਰ ਕਰਨ ਵਾਲਾ ਪਿਤਾ ਕਿੱਦਾਂ ਦਾ ਹੁੰਦਾ ਹੈ।”
ਕਾਰਨ ਭਾਵੇਂ ਜੋ ਵੀ ਹੋਵੇ, ਅਜਿਹੀਆਂ ਭਾਵਨਾਵਾਂ ਦਾ ਮਤਲਬ ਹੋ ਸਕਦਾ ਹੈ ਕਿ ਕਈ ਵਾਰੀ ਅਸੀਂ ਪਰਮੇਸ਼ੁਰ ਦੀ ਸੇਵਾ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਨਹੀਂ ਕਰਦੇ, ਸਗੋਂ ਕਾਫ਼ੀ ਹੱਦ ਤਕ ਦੋਸ਼ ਦੀ ਭਾਵਨਾ ਜਾਂ ਡਰ ਕਰਕੇ ਕਰਦੇ ਹਾਂ। ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜਿੰਨਾ ਮਰਜ਼ੀ ਕਰ ਲਈਏ, ਉਸ ਨਾਲ ਸਾਨੂੰ ਕਦੇ ਸੰਤੁਸ਼ਟੀ ਨਹੀਂ ਮਿਲਦੀ। ਪਰਮੇਸ਼ੁਰ ਅਤੇ ਆਪਣੇ ਸੰਗੀ ਮਸੀਹੀਆਂ ਨੂੰ ਖ਼ੁਸ਼ ਕਰਨ ਦੀ ਇੱਛਾ ਸਾਨੂੰ ਸ਼ਾਇਦ ਮਹਿਸੂਸ ਕਰਾਵੇ ਕਿ ਅਸੀਂ ਉਨ੍ਹਾਂ ਵਾਸਤੇ ਜੋ ਕੁਝ ਕਰਨਾ ਚਾਹੁੰਦੇ ਹਾਂ, ਉਹ ਸਭ ਕੁਝ ਸਾਡੀ ਸਮਰਥਾ ਤੋਂ ਬਾਹਰ ਹੈ। ਨਤੀਜੇ ਵਜੋਂ, ਅਸੀਂ ਜਦੋਂ ਆਪਣੇ ਟੀਚੇ ਹਾਸਲ ਕਰਨ ਦੇ ਨਿਸ਼ਾਨੇ ਤੋਂ ਖੁੰਝ ਜਾਂਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਸਕਦੇ ਹਾਂ ਅਤੇ ਨਿਰਾਸ਼ ਹੋ ਸਕਦੇ ਹਾਂ।
ਪਰ ਇਸ ਹਾਲਤ ਵਿਚ ਕੀ ਕੀਤਾ ਜਾ ਸਕਦਾ ਹੈ? ਸ਼ਾਇਦ ਸਾਨੂੰ ਆਪਣੇ ਆਪ ਨੂੰ ਇਹ ਯਾਦ ਕਰਾਉਣ ਦੀ ਲੋੜ ਹੈ ਕਿ ਯਹੋਵਾਹ ਕਿੰਨਾ ਖੁੱਲ੍ਹ-ਦਿਲਾ ਹੈ। ਇਕ ਵਿਅਕਤੀ ਜਿਸ ਨੇ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਇਸ ਪ੍ਰੇਮਮਈ ਪਹਿਲੂ ਨੂੰ ਸਮਝਿਆ, ਉਹ ਸੀ ਯੂਹੰਨਾ ਰਸੂਲ।
“ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ”
ਪਹਿਲੀ ਸਦੀ ਸਾ.ਯੁ. ਦੇ ਅਖ਼ੀਰ ਵਿਚ, ਯੂਹੰਨਾ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਲਿਖਿਆ: “ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” ਯੂਹੰਨਾ ਨੇ ਇਹ ਸ਼ਬਦ ਕਿਉਂ ਲਿਖੇ ਸਨ?—1 ਯੂਹੰਨਾ 3:19, 20.
ਯੂਹੰਨਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਦੇ ਸੇਵਕਾਂ ਦਾ ਮਨ ਕਦੇ-ਕਦੇ ਉਨ੍ਹਾਂ ਨੂੰ ਦੋਸ਼ੀ ਠਹਿਰਾ ਸਕਦਾ ਹੈ। ਸ਼ਾਇਦ ਯੂਹੰਨਾ ਨੇ ਖ਼ੁਦ ਵੀ ਅਜਿਹੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਸੀ। ਇਕ ਮੌਕੇ ਤੇ ਜਦੋਂ ਯੂਹੰਨਾ ਆਪਣੀ ਜਵਾਨੀ ਵਿਚ ਆਪਣੇ ਗਰਮ ਸੁਭਾਅ ਦੇ ਕਾਰਨ ਦੂਜਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ, ਤਾਂ ਯਿਸੂ ਮਸੀਹ ਨੇ ਉਸ ਨੂੰ ਸੁਧਾਰਿਆ। ਅਸਲ ਵਿਚ, ਯਿਸੂ ਨੇ ਯੂਹੰਨਾ ਅਤੇ ਉਸ ਦੇ ਭਰਾ ਯਾਕੂਬ ਦਾ ਨਾਂ “ਬਨੀ ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤ੍ਰ।”—ਮਰਕੁਸ 3:17; ਲੂਕਾ 9:49-56.
ਸੱਠ ਸਾਲਾਂ ਬਾਅਦ, ਯੂਹੰਨਾ ਇਕ ਨਰਮ, ਸੰਤੁਲਿਤ, ਪ੍ਰੇਮ ਕਰਨ ਵਾਲਾ ਅਤੇ ਦਿਆਲੂ ਮਸੀਹੀ ਬਣ ਗਿਆ। ਉਸ ਵੇਲੇ ਰਸੂਲਾਂ ਵਿੱਚੋਂ ਸਿਰਫ਼ ਉਹੀ ਜੀਉਂਦਾ ਬਚਿਆ ਸੀ। ਆਪਣੀ ਪਹਿਲੀ ਪ੍ਰੇਰਿਤ ਚਿੱਠੀ ਲਿਖਣ ਵੇਲੇ ਉਹ ਜਾਣਦਾ ਸੀ ਕਿ ਯਹੋਵਾਹ ਆਪਣੇ ਸੇਵਕਾਂ ਦੀ ਹਰੇਕ ਗ਼ਲਤੀ ਦਾ ਲੇਖਾ ਨਹੀਂ ਰੱਖਦਾ। ਇਸ ਦੀ ਬਜਾਇ, ਉਹ ਸਨੇਹੀ, ਖੁੱਲ੍ਹ-ਦਿਲਾ, ਉਦਾਰ ਅਤੇ ਤਰਸ ਕਰਨ ਵਾਲਾ ਪਿਤਾ ਹੈ, ਜੋ ਆਪਣੇ ਪਿਆਰ ਕਰਨ ਵਾਲਿਆਂ ਨੂੰ ਅਤੇ ਸੱਚਾਈ ਵਿਚ ਉਸ ਦੀ ਭਗਤੀ ਕਰਨ ਵਾਲਿਆਂ ਨੂੰ ਬਹੁਤ ਪਿਆਰ ਕਰਦਾ ਹੈ। ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਪ੍ਰੇਮ ਹੈ।”—1 ਯੂਹੰਨਾ 4:8.
ਯਹੋਵਾਹ ਸਾਡੀ ਸੇਵਾ ਤੋਂ ਬਹੁਤ ਖ਼ੁਸ਼ ਹੁੰਦਾ ਹੈ
ਪਰਮੇਸ਼ੁਰ ਸਾਡੀਆਂ ਜਮਾਂਦਰੂ ਕਮਜ਼ੋਰੀਆਂ ਅਤੇ ਕਮੀਆਂ ਨੂੰ ਜਾਣਦਾ ਹੈ ਅਤੇ ਇਨ੍ਹਾਂ ਨੂੰ ਉਹ ਆਪਣੇ ਧਿਆਨ ਵਿਚ ਰੱਖਦਾ ਹੈ। “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ,” ਦਾਊਦ ਨੇ ਲਿਖਿਆ। ਯਹੋਵਾਹ ਸਮਝਦਾ ਹੈ ਕਿ ਸਾਡੇ ਸੁਭਾਅ ਉੱਤੇ ਸਾਡੇ ਪਿਛੋਕੜ ਦਾ ਵੱਡਾ ਅਸਰ ਪੈਂਦਾ ਹੈ। ਅਸਲ ਵਿਚ ਉਹ ਸਾਨੂੰ ਸਾਡੇ ਨਾਲੋਂ ਵਧੀਆ ਤਰੀਕੇ ਨਾਲ ਜਾਣਦਾ ਹੈ।—ਜ਼ਬੂਰ 103:14.
ਉਹ ਜਾਣਦਾ ਹੈ ਕਿ ਸਾਡੇ ਵਿੱਚੋਂ ਕਈ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਨ, ਪਰ ਨਾਮੁਕੰਮਲ ਹੋਣ ਕਰਕੇ ਅਸੀਂ ਅਕਸਰ ਨਾਕਾਮ ਹੁੰਦੇ ਹਾਂ। ਸਾਡੀ ਸਥਿਤੀ ਦੀ ਤੁਲਨਾ ਪੌਲੁਸ ਰਸੂਲ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਲਿਖਿਆ: “ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।” ਅਸੀਂ ਸਾਰੇ ਇਹੋ ਹੀ ਜੱਦੋ-ਜਹਿਦ ਕਰ ਰਹੇ ਹਾਂ। ਨਤੀਜੇ ਵਜੋਂ, ਕੁਝ ਹਾਲਾਤਾਂ ਵਿਚ ਸਾਡਾ ਮਨ ਸਾਨੂੰ ਦੋਸ਼ੀ ਠਹਿਰਾ ਸਕਦਾ ਹੈ।—ਰੋਮੀਆਂ 7:19.
ਹਮੇਸ਼ਾ ਇਹ ਗੱਲ ਯਾਦ ਰੱਖੋ: ਸਭ ਤੋਂ ਅਹਿਮ ਗੱਲ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ, ਸਗੋਂ ਅਹਿਮ ਗੱਲ ਇਹ ਹੈ ਕਿ ਯਹੋਵਾਹ ਸਾਨੂੰ ਕਿਸ ਨਜ਼ਰ ਨਾਲ ਦੇਖਦਾ ਹੈ। ਜਦੋਂ ਵੀ ਉਹ ਦੇਖਦਾ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਹ ਥੋੜ੍ਹਾ ਬਹੁਤਾ ਨਹੀਂ, ਸਗੋਂ ਬਹੁਤ ਹੀ ਖ਼ੁਸ਼ ਹੁੰਦਾ ਹੈ। (ਕਹਾਉਤਾਂ 27:11) ਅਸੀਂ ਉਸ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਹ ਸ਼ਾਇਦ ਸਾਨੂੰ ਆਪਣੀਆਂ ਨਜ਼ਰਾਂ ਵਿਚ ਘੱਟ ਲੱਗੇ, ਪਰ ਸਾਡੀ ਇੱਛਾ ਅਤੇ ਸਾਡਾ ਚੰਗਾ ਮਨੋਰਥ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ। ਅਸੀਂ ਜੋ ਕੁਝ ਕੀਤਾ ਹੈ, ਉਹ ਉਸ ਦੀ ਨਿਗਾਹ ਵਿਚ ਬੜੀ ਅਹਿਮੀਅਤ ਰੱਖਦਾ ਹੈ; ਉਹ ਜਾਣਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ; ਉਸ ਨੂੰ ਸਾਡੀਆਂ ਇੱਛਾਵਾਂ ਅਤੇ ਕਾਮਨਾਵਾਂ ਬਾਰੇ ਪਤਾ ਹੈ। ਯਹੋਵਾਹ ਸਾਡੇ ਦਿਲ ਨੂੰ ਪੜ੍ਹ ਸਕਦਾ ਹੈ।—ਯਿਰਮਿਯਾਹ 12:3; 17:10.
ਉਦਾਹਰਣ ਲਈ, ਕਈ ਯਹੋਵਾਹ ਦੇ ਗਵਾਹ ਸੁਭਾਵਕ ਤੌਰ ਤੇ ਸ਼ਰਮੀਲੇ ਹੁੰਦੇ ਹਨ ਤੇ ਜ਼ਿਆਦਾ ਗੱਲ-ਬਾਤ ਨਹੀਂ ਕਰਦੇ ਅਤੇ ਦੂਜਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੁੰਦੇ। ਅਜਿਹੇ ਭੈਣ-ਭਰਾਵਾਂ ਲਈ ਘਰ-ਘਰ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਕ ਮੁਸ਼ਕਲ ਚੁਣੌਤੀ ਹੋ ਸਕਦਾ ਹੈ। ਫਿਰ ਵੀ ਇਹ ਸ਼ਰਮੀਲੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਤੋਂ ਪ੍ਰੇਰਿਤ ਹੋ ਕੇ ਅਤੇ ਆਪਣੇ ਗੁਆਂਢੀਆਂ ਦੀ ਮਦਦ ਕਰਨ ਲਈ ਉਨ੍ਹਾਂ ਕੋਲ ਜਾਣਾ ਸਿੱਖਦੇ ਹਨ ਅਤੇ ਬਾਈਬਲ ਬਾਰੇ ਗੱਲ-ਬਾਤ ਕਰਦੇ ਹਨ। ਉਹ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਨੇ ਜ਼ਿਆਦਾ ਕਾਮਯਾਬੀ ਹਾਸਲ ਨਹੀਂ ਕੀਤੀ ਹੈ ਅਤੇ ਇਹ ਭਾਵਨਾ ਉਨ੍ਹਾਂ ਨੂੰ ਉਨ੍ਹਾਂ ਦੀ ਖ਼ੁਸ਼ੀ ਤੋਂ ਵਾਂਝਿਆਂ ਕਰ ਸਕਦੀ ਹੈ। ਉਨ੍ਹਾਂ ਦੇ ਮਨ ਵਿਚ ਸ਼ਾਇਦ ਇਹ ਗੱਲ ਆਵੇ ਕਿ ਉਨ੍ਹਾਂ ਦੀ ਜਨਤਕ ਸੇਵਕਾਈ ਦਾ ਕੋਈ ਫ਼ਾਇਦਾ ਨਹੀਂ ਹੈ। ਪਰ ਯਹੋਵਾਹ ਅਜਿਹੇ ਭੈਣ-ਭਰਾਵਾਂ ਵੱਲੋਂ ਸੇਵਕਾਈ ਵਿਚ ਕੀਤੇ ਗਏ ਵੱਡੇ ਜਤਨਾਂ ਤੋਂ ਯਕੀਨਨ ਖ਼ੁਸ਼ ਹੁੰਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕੀ ਪਤਾ ਕਿ ਕਦੋਂ ਅਤੇ ਕਿੱਥੇ ਸੱਚਾਈ ਦੇ ਬੀਜੇ ਗਏ ਬੀ ਪੁੰਗਰਨਗੇ, ਵਧਣਗੇ ਅਤੇ ਫਲ ਦੇਣਗੇ?—ਉਪਦੇਸ਼ਕ ਦੀ ਪੋਥੀ 11:6; ਮਰਕੁਸ 12:41-44; 2 ਕੁਰਿੰਥੀਆਂ 8:12.
ਕਈ ਗਵਾਹ ਲੰਬੀ ਬੀਮਾਰੀ ਜਾਂ ਬੁਢਾਪੇ ਤੋਂ ਦੁਖੀ ਹਨ। ਉਨ੍ਹਾਂ ਲਈ ਕਿੰਗਡਮ ਹਾਲ ਵਿਚ ਲਗਾਤਾਰ ਸਭਾਵਾਂ ਵਿਚ ਆਉਣਾ ਬਹੁਤ ਹੀ ਮੁਸ਼ਕਲ ਤੇ ਦੁਖਦਾਈ ਹੋ ਸਕਦਾ ਹੈ। ਪ੍ਰਚਾਰ ਕੰਮ ਬਾਰੇ ਭਾਸ਼ਣ ਸੁਣ ਕੇ ਸ਼ਾਇਦ ਉਨ੍ਹਾਂ ਨੂੰ ਆਪਣੀ ਪਿਛਲੀ ਸੇਵਕਾਈ ਚੇਤੇ ਆਵੇ। ਉਹ ਸ਼ਾਇਦ ਇਸ ਗੱਲ ਤੋਂ ਦੁਖੀ ਹੋਣ ਕਿ ਉਨ੍ਹਾਂ ਦੀ ਬੀਮਾਰੀ ਉਨ੍ਹਾਂ ਨੂੰ ਉੱਨੀ ਸੇਵਕਾਈ ਨਹੀਂ ਕਰਨ ਦਿੰਦੀ, ਜਿੰਨੀ ਕਿ ਉਹ ਅਜੇ ਵੀ ਕਰਨੀ ਚਾਹੁੰਦੇ ਹਨ। ਅਜਿਹੇ ਭੈਣ-ਭਰਾ ਆਪਣੇ ਆਪ ਨੂੰ ਦੋਸ਼ੀ ਸਮਝ ਸਕਦੇ ਹਨ, ਕਿਉਂਕਿ ਉਹ ਜ਼ਿਆਦਾ ਪ੍ਰਚਾਰ ਕੰਮ ਕਰਨ ਦੀ ਸਲਾਹ ਨੂੰ ਚਾਹੁੰਦਿਆਂ ਹੋਇਆਂ ਵੀ ਲਾਗੂ ਨਹੀਂ ਕਰ ਸਕਦੇ। ਪਰ ਯਹੋਵਾਹ ਯਕੀਨਨ ਉਨ੍ਹਾਂ ਦੀ ਵਫ਼ਾਦਾਰੀ ਅਤੇ ਧੀਰਜ ਦੀ ਬਹੁਤ ਕਦਰ ਕਰਦਾ ਹੈ। ਜਦੋਂ ਤਕ ਉਹ ਵਫ਼ਾਦਾਰ ਰਹਿੰਦੇ ਹਨ, ਪਰਮੇਸ਼ੁਰ ਕਦੀ ਵੀ ਉਨ੍ਹਾਂ ਦੀ ਵਫ਼ਾਦਾਰੀ ਦੇ ਰਿਕਾਰਡ ਨੂੰ ਨਹੀਂ ਭੁੱਲੇਗਾ।—ਜ਼ਬੂਰ 18:25; 37:28.
‘ਆਪਣੇ ਮਨ ਨੂੰ ਪੱਕਾ ਕਰੋ’
ਯੂਹੰਨਾ ਜਦੋਂ ਬੁੱਢਾ ਹੋਇਆ, ਤਾਂ ਉਦੋਂ ਤਕ ਉਸ ਨੇ ਪਰਮੇਸ਼ੁਰ ਦੀ ਖੁੱਲ੍ਹ-ਦਿਲੀ ਬਾਰੇ ਬਹੁਤ ਕੁਝ ਸਮਝਿਆ ਹੋਣਾ। ਉਸ ਦੇ ਲਿਖੇ ਸ਼ਬਦਾਂ ਨੂੰ ਚੇਤੇ ਕਰੋ: “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” ਇਸ ਤੋਂ ਇਲਾਵਾ, ਯੂਹੰਨਾ ਨੇ ਸਾਨੂੰ ‘ਆਪਣੇ ਮਨ ਨੂੰ ਪੱਕਾ ਕਰਨ’ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਸ਼ਬਦਾਂ ਤੋਂ ਯੂਹੰਨਾ ਦਾ ਕੀ ਮਤਲਬ ਸੀ?
ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਦੇ ਮੁਤਾਬਕ ‘ਪੱਕਾ ਕਰੋ’ ਅਨੁਵਾਦ ਕੀਤੀ ਯੂਨਾਨੀ ਕਿਰਿਆ ਦਾ ਅਰਥ ਹੈ “ਜ਼ੋਰ ਪਾਉਣਾ, ਕਿਸੇ ਉੱਤੇ ਹਾਵੀ ਹੋਣਾ ਜਾਂ ਜਿੱਤਣਾ, ਵਿਸ਼ਵਾਸ ਦਿਲਾਉਣਾ।” ਦੂਜੇ ਸ਼ਬਦਾਂ ਵਿਚ, ਆਪਣੇ ਮਨ ਨੂੰ ਪੱਕਾ ਕਰਨ ਲਈ ਸਾਨੂੰ ਇਸ ਉੱਤੇ ਜਿੱਤ ਹਾਸਲ ਕਰਨ ਦੀ ਲੋੜ ਹੈ, ਇਸ ਨੂੰ ਵਿਸ਼ਵਾਸ ਦਿਲਾਉਣ ਦੀ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਇਸ ਲੇਖ ਵਿਚ ਪਹਿਲਾਂ ਜ਼ਿਕਰ ਕੀਤੇ ਗਏ ਫ੍ਰਿਟਸ ਨੇ 25 ਸਾਲ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕੀਤੀ ਹੈ ਅਤੇ ਉਸ ਨੇ ਜਾਣਿਆ ਕਿ ਨਿੱਜੀ ਅਧਿਐਨ ਉਸ ਦੇ ਮਨ ਨੂੰ ਫਿਰ ਤੋਂ ਯਹੋਵਾਹ ਦੇ ਪਿਆਰ ਦਾ ਯਕੀਨ ਦਿਲਾ ਸਕਦਾ ਹੈ। “ਮੈਂ ਲਗਾਤਾਰ ਬਾਈਬਲ ਅਤੇ ਸੰਸਥਾ ਦੇ ਸਾਹਿੱਤ ਨੂੰ ਬੜੇ ਧਿਆਨ ਨਾਲ ਪੜ੍ਹਦਾ ਹਾਂ। ਇਹ ਨਾ ਸਿਰਫ਼ ਪਿਛਲੀਆਂ ਗੱਲਾਂ ਤੋਂ ਧਿਆਨ ਹਟਾਉਣ ਵਿਚ ਮੇਰੀ ਮਦਦ ਕਰਦਾ ਹੈ, ਸਗੋਂ ਆਪਣੇ ਸ਼ਾਨਦਾਰ ਉੱਜਲ ਭਵਿੱਖ ਉੱਤੇ ਧਿਆਨ ਲਗਾਉਣ ਵਿਚ ਵੀ ਮੇਰੀ ਮਦਦ ਕਰਦਾ ਹੈ। ਕਈ ਵਾਰੀ ਮੈਂ ਪਿਛਲੀਆਂ ਗੱਲਾਂ ਚੇਤੇ ਕਰ ਕੇ ਬੜਾ ਦੁਖੀ ਹੁੰਦਾ ਹਾਂ ਅਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਪਰਮੇਸ਼ੁਰ ਮੈਨੂੰ ਕਦੇ ਵੀ ਪਿਆਰ ਨਹੀਂ ਕਰ ਸਕਦਾ। ਪਰ ਆਮ ਕਰਕੇ ਮੈਂ ਦੇਖਦਾ ਹਾਂ ਕਿ ਨਿਯਮਿਤ ਅਧਿਐਨ ਮੇਰੇ ਦਿਲ ਨੂੰ ਮਜ਼ਬੂਤ ਬਣਾਉਂਦਾ, ਮੇਰੀ ਨਿਹਚਾ ਨੂੰ ਵਧਾਉਂਦਾ ਅਤੇ ਖ਼ੁਸ਼ ਰਹਿਣ ਅਤੇ ਸਹੀ ਨਜ਼ਰੀਆ ਰੱਖਣ ਵਿਚ ਮੇਰੀ ਮਦਦ ਕਰਦਾ ਹੈ।”
ਇਹ ਸੱਚ ਹੈ ਕਿ ਬਾਈਬਲ ਪੜ੍ਹਨ ਅਤੇ ਮਨਨ ਕਰਨ ਨਾਲ ਸਾਡੇ ਹਾਲਾਤ ਨਹੀਂ ਬਦਲ ਸਕਦੇ। ਪਰ ਇਨ੍ਹਾਂ ਹਾਲਾਤਾਂ ਨੂੰ ਅਸੀਂ ਕਿਸ ਨਜ਼ਰ ਨਾਲ ਦੇਖਦੇ ਹਾਂ, ਇਸ ਵਿਚ ਜ਼ਰੂਰ ਫ਼ਰਕ ਪੈ ਸਕਦਾ ਹੈ। ਪਰਮੇਸ਼ੁਰ ਦੇ ਬਚਨ ਵਿਚਲੀਆਂ ਗੱਲਾਂ ਨੂੰ ਆਪਣੇ ਮਨ ਵਿਚ ਬਿਠਾਉਣ ਨਾਲ ਸਾਨੂੰ ਪਰਮੇਸ਼ੁਰ ਦੇ ਵਾਂਗ ਸੋਚਣ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਅਧਿਐਨ ਸਾਨੂੰ ਪਰਮੇਸ਼ੁਰ ਦੀ ਖੁੱਲ੍ਹ-ਦਿਲੀ ਬਾਰੇ ਆਪਣੀ ਸਮਝ ਵਧਾਉਣ ਦੇ ਕਾਬਲ ਬਣਾਉਂਦਾ ਹੈ। ਅਸੀਂ ਹੌਲੀ-ਹੌਲੀ ਇਹ ਮੰਨ ਲਵਾਂਗੇ ਕਿ ਯਹੋਵਾਹ ਨਾ ਤਾਂ ਸਾਡੇ ਬਚਪਨ ਦੇ ਮਾਹੌਲ ਕਰਕੇ ਅਤੇ ਨਾ ਹੀ ਉਹ ਸਾਡੀਆਂ ਬੀਮਾਰੀਆਂ ਕਰਕੇ ਸਾਨੂੰ ਦੋਸ਼ੀ ਠਹਿਰਾਉਂਦਾ ਹੈ। ਉਹ ਉਨ੍ਹਾਂ ਬੋਝਲਾਂ ਨੂੰ ਜਾਣਦਾ ਹੈ ਜੋ ਸਾਡੇ ਵਿੱਚੋਂ ਕਈ ਚੁੱਕੀ ਫਿਰਦੇ ਹਨ—ਇਹ ਬੋਝ ਭਾਵਾਤਮਕ ਜਾਂ ਸਰੀਰਕ ਹੋ ਸਕਦੇ ਹਨ। ਕਈ ਵਾਰੀ ਇਹ ਬੋਝ ਸਾਨੂੰ ਦੂਜਿਆਂ ਦੀ ਗ਼ਲਤੀ ਕਰਕੇ ਉਠਾਉਣੇ ਪੈਂਦੇ ਹਨ ਤੇ ਯਹੋਵਾਹ ਪਿਆਰ ਨਾਲ ਇਸ ਗੱਲ ਦਾ ਧਿਆਨ ਰੱਖਦਾ ਹੈ।
ਪਹਿਲਾਂ ਜ਼ਿਕਰ ਕੀਤੀ ਗਈ ਮਾਰਗਾਰੇਟਾ ਬਾਰੇ ਕੀ? ਜਦੋਂ ਉਸ ਨੇ ਯਹੋਵਾਹ ਬਾਰੇ ਜਾਣਿਆ, ਤਾਂ ਬਾਈਬਲ ਦਾ ਅਧਿਐਨ ਕਰਨ ਨਾਲ ਉਸ ਨੂੰ ਵੀ ਬਹੁਤ ਫ਼ਾਇਦਾ ਹੋਇਆ। ਫ੍ਰਿਟਸ ਵਾਂਗ ਉਸ ਨੂੰ ਵੀ ਇਕ ਪਿਤਾ ਬਾਰੇ ਆਪਣੀ ਰਾਇ ਬਦਲਣੀ ਪਈ। ਲਗਾਤਾਰ ਪ੍ਰਾਰਥਨਾ ਕਰਨ ਨਾਲ ਮਾਰਗਾਰੇਟਾ ਨੂੰ ਅਹਿਸਾਸ ਹੋਣ ਲੱਗਾ ਕਿ ਯਹੋਵਾਹ ਸੱਚ-ਮੁੱਚ ਇਕ ਪਿਆਰ ਕਰਨ ਵਾਲਾ ਪਿਤਾ ਹੈ। ਮਾਰਗਾਰੇਟਾ ਕਹਿੰਦੀ ਹੈ: “ਸ਼ੁਰੂ-ਸ਼ੁਰੂ ਵਿਚ ਯਹੋਵਾਹ ਨੂੰ ਮੈਂ ਸਿਰਫ਼ ਆਪਣਾ ਗੂੜ੍ਹਾ ਦੋਸਤ ਮੰਨਦੀ ਸੀ, ਕਿਉਂਕਿ ਮੈਨੂੰ ਆਪਣੇ ਪਿਤਾ ਨਾਲੋਂ ਆਪਣੇ ਦੋਸਤਾਂ-ਮਿੱਤਰਾਂ ਤੋਂ ਜ਼ਿਆਦਾ ਪਿਆਰ ਮਿਲਿਆ ਸੀ। ਹੌਲੀ-ਹੌਲੀ ਮੈਂ ਯਹੋਵਾਹ ਨੂੰ ਆਪਣੀਆਂ ਭਾਵਨਾਵਾਂ, ਸ਼ੱਕ, ਚਿੰਤਾਵਾਂ ਅਤੇ ਮੁਸ਼ਕਲਾਂ ਨੂੰ ਖੋਲ੍ਹ ਕੇ ਦੱਸਣਾ ਸਿੱਖਿਆ। ਮੈਂ ਪ੍ਰਾਰਥਨਾ ਵਿਚ ਵਾਰ-ਵਾਰ ਉਸ ਨਾਲ ਗੱਲਾਂ ਕਰਦੀ ਅਤੇ ਜਿਹੜੀਆਂ ਨਵੀਆਂ ਗੱਲਾਂ ਮੈਂ ਉਸ ਬਾਰੇ ਸਿੱਖ ਰਹੀ ਸੀ, ਉਹ ਹੌਲੀ-ਹੌਲੀ ਮੇਰੀ ਸਮਝ ਵਿਚ ਆਉਣ ਲੱਗੀਆਂ, ਠੀਕ ਉਸੇ ਤਰ੍ਹਾਂ ਜਿਵੇਂ ਇਕ ਤਸਵੀਰ ਦੇ ਟੁਕੜਿਆਂ ਨੂੰ ਹੌਲੀ-ਹੌਲੀ ਸਹੀ ਜਗ੍ਹਾ ਤੇ ਰੱਖਿਆ ਜਾਂਦਾ ਹੈ ਤੇ ਤਸਵੀਰ ਪੂਰੀ ਬਣਦੀ ਜਾਂਦੀ ਹੈ। ਕੁਝ ਸਮੇਂ ਬਾਅਦ, ਯਹੋਵਾਹ ਨਾਲ ਮੇਰਾ ਇੰਨਾ ਪਿਆਰ ਪੈ ਗਿਆ ਕਿ ਹੁਣ ਮੈਨੂੰ ਉਸ ਨੂੰ ਆਪਣਾ ਇਕ ਪਿਆਰ ਕਰਨ ਵਾਲਾ ਪਿਤਾ ਮੰਨਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ।”
ਸਾਰੀਆਂ ਚਿੰਤਾਵਾਂ ਤੋਂ ਆਜ਼ਾਦੀ
ਜਦੋਂ ਤਕ ਇਹ ਦੁਸ਼ਟ, ਪੁਰਾਣੀ ਰੀਤੀ-ਵਿਵਸਥਾ ਚੱਲਦੀ ਹੈ, ਕੋਈ ਵੀ ਇਨਸਾਨ ਚਿੰਤਾਵਾਂ ਤੋਂ ਆਜ਼ਾਦ ਹੋਣ ਦੀ ਉਮੀਦ ਨਹੀਂ ਰੱਖ ਸਕਦਾ। ਕੁਝ ਮਸੀਹੀਆਂ ਲਈ ਇਸ ਦਾ ਮਤਲਬ ਹੈ ਕਿ ਚਿੰਤਾਵਾਂ ਜਾਂ ਨਿਕੰਮੇਪਣ ਦੀਆਂ ਭਾਵਨਾਵਾਂ ਫਿਰ ਤੋਂ ਆ ਸਕਦੀਆਂ ਹਨ ਜੋ ਨਿਰਾਸ਼ਾ ਦਾ ਕਾਰਨ ਬਣ ਸਕਦੀਆਂ ਹਨ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੇ ਇਰਾਦੇ ਨੇਕ ਹਨ ਤੇ ਅਸੀਂ ਉਸ ਦੀ ਸੇਵਾ ਵਿਚ ਸਖ਼ਤ ਮਿਹਨਤ ਕਰ ਰਹੇ ਹਾਂ। ਯਹੋਵਾਹ ਕਦੇ ਵੀ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਅਸੀਂ ਉਸ ਦੇ ਨਾਂ ਲਈ ਦਿਖਾਉਂਦੇ ਹਾਂ।—ਇਬਰਾਨੀਆਂ 6:10.
ਸਾਰੇ ਵਫ਼ਾਦਾਰ ਇਨਸਾਨ ਜਲਦੀ ਹੀ ਮਸੀਹਾਈ ਰਾਜ ਅਧੀਨ ਇਕ ਨਵੀਂ ਧਰਤੀ ਉੱਤੇ ਸ਼ਤਾਨ ਦੀ ਵਿਵਸਥਾ ਦੇ ਬੋਝਲਾਂ ਤੋਂ ਆਜ਼ਾਦ ਹੋਣ ਦੀ ਉਮੀਦ ਰੱਖ ਸਕਦੇ ਹਨ। ਕਿੰਨਾ ਹੀ ਆਰਾਮ ਮਿਲੇਗਾ! ਉਸ ਵੇਲੇ ਅਸੀਂ ਇਸ ਗੱਲ ਦਾ ਹੋਰ ਵੀ ਸਬੂਤ ਦੇਖਾਂਗੇ ਕਿ ਯਹੋਵਾਹ ਕਿੰਨਾ ਖੁੱਲ੍ਹੇ ਦਿਲ ਵਾਲਾ ਹੈ। ਉਸ ਸਮੇਂ ਤਕ ਆਓ ਆਪਾਂ ਯਕੀਨੀ ਹੋਈਏ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।”—1 ਯੂਹੰਨਾ 3:20.
[ਫੁਟਨੋਟ]
a ਨਾਂ ਬਦਲ ਦਿੱਤੇ ਗਏ ਹਨ।
[ਸਫ਼ੇ 30 ਉੱਤੇ ਸੁਰਖੀ]
ਯਹੋਵਾਹ ਕਠੋਰ ਤਾਨਾਸ਼ਾਹ ਨਹੀਂ ਹੈ, ਬਲਕਿ ਉਹ ਪਿਆਰ ਕਰਨ ਵਾਲਾ, ਖੁੱਲ੍ਹ-ਦਿਲਾ ਅਤੇ ਤਰਸ ਕਰਨ ਵਾਲਾ ਪਿਤਾ ਹੈ
[ਸਫ਼ੇ 31 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਨਾਲ ਸਾਨੂੰ ਪਰਮੇਸ਼ੁਰ ਵਾਂਗ ਸੋਚਣ ਵਿਚ ਮਦਦ ਮਿਲਦੀ ਹੈ