ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
“ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”—ਮੱਤੀ 22:39.
1. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ?
ਯਹੋਵਾਹ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ? ਯਿਸੂ ਨੇ ਸਰਲ ਸ਼ਬਦਾਂ ਵਿਚ ਇਸ ਸਵਾਲ ਦਾ ਜਵਾਬ ਦਿੱਤਾ। ਉਸ ਨੇ ਕਿਹਾ ਕਿ ਸਭ ਤੋਂ ਵੱਡਾ ਹੁਕਮ ਹੈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ, ਜਾਨ, ਬੁੱਧ ਤੇ ਸ਼ਕਤੀ ਨਾਲ ਪਿਆਰ ਕਰੋ। (ਮੱਤੀ 22:37; ਮਰਕੁਸ 12:30) ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਪਰਮੇਸ਼ੁਰ ਦੇ ਪਿਆਰ ਦੇ ਬਦਲੇ ਅਸੀਂ ਉਸ ਦੇ ਆਗਿਆਕਾਰ ਰਹਿ ਕੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ ਕੇ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ। ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਉਸ ਦੀ ਇੱਛਾ ਪੂਰੀ ਕਰਨੀ ਸਾਡੇ ਲਈ ਬੋਝ ਨਹੀਂ ਹੈ, ਸਗੋਂ ਬੜੀ ਖ਼ੁਸ਼ੀ ਦੀ ਗੱਲ ਹੈ।—ਜ਼ਬੂਰਾਂ ਦੀ ਪੋਥੀ 40:8; 1 ਯੂਹੰਨਾ 5:2, 3.
2, 3. ਆਪਣੇ ਗੁਆਂਢੀ ਨੂੰ ਪਿਆਰ ਕਰਨ ਦਾ ਹੁਕਮ ਮੰਨਣਾ ਸਾਡੇ ਲਈ ਜ਼ਰੂਰੀ ਕਿਉਂ ਹੈ ਅਤੇ ਇਸ ਸੰਬੰਧੀ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
2 ਯਿਸੂ ਨੇ ਕਿਹਾ ਕਿ ਇਸ ਪਹਿਲੇ ਹੁਕਮ ਵਰਗਾ ਦੂਸਰਾ ਮਹੱਤਵਪੂਰਣ ਹੁਕਮ ਇਹ ਹੈ ਕਿ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਹੁਣ ਅਸੀਂ ਇਸ ਹੁਕਮ ਬਾਰੇ ਚਰਚਾ ਕਰਾਂਗੇ। ਇਸ ਹੁਕਮ ਦਾ ਅਰਥ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਜ਼ਮਾਨੇ ਵਿਚ ਲੋਕ ਪਿਆਰ ਦਾ ਮਤਲਬ ਭੁੱਲ ਗਏ ਹਨ। ਪੌਲੁਸ ਰਸੂਲ ਨੇ ਲਿਖਿਆ ਕਿ ‘ਆਖਰੀ ਦਿਨਾਂ ਵਿੱਚ ਲੋਕ ਸਿਰਫ ਆਪਣੇ ਆਪ ਨੂੰ, ਧਨ ਨੂੰ ਅਤੇ ਭੋਗ ਬਿਲਾਸ ਨੂੰ ਪਿਆਰ ਕਰਨਗੇ,’ ਇੱਥੋਂ ਤਕ ਕਿ ਕਈ ਪਰਿਵਾਰਾਂ ਵਿਚ ਤਾਂ ਘਰ ਦੇ ਜੀਅ ਵੀ “ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ।” (2 ਤਿਮੋਥਿਉਸ 3:1-4, ਈਜ਼ੀ ਟੂ ਰੀਡ ਵਰਯਨ) ਯਿਸੂ ਮਸੀਹ ਨੇ ਸਾਡੇ ਦਿਨਾਂ ਬਾਰੇ ਕਿਹਾ ਸੀ ਕਿ ‘ਬਹੁਤ ਸਾਰੇ ਇਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇਕ ਦੂਜੇ ਨੂੰ ਘਿਰਣਾ ਕਰਨਗੇ। ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ।’—ਮੱਤੀ 24:10, 12, ਪਵਿੱਤਰ ਬਾਈਬਲ ਨਵਾਂ ਅਨੁਵਾਦ।
3 ਪਰ ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਸਾਰਿਆਂ ਦਾ ਪਿਆਰ ਠੰਢਾ ਪੈ ਜਾਵੇਗਾ। ਯਹੋਵਾਹ ਨੂੰ ਅਤੇ ਇਕ-ਦੂਸਰੇ ਨੂੰ ਦਿਲੋਂ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਰਹੇ ਹਨ ਅਤੇ ਹਮੇਸ਼ਾ ਰਹਿਣਗੇ। ਜੋ ਲੋਕ ਯਹੋਵਾਹ ਨੂੰ ਪਿਆਰ ਕਰਦੇ ਹਨ, ਉਹ ਦੂਸਰਿਆਂ ਨੂੰ ਉਸ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਨ। ਲੇਕਿਨ ਕੌਣ ਹੈ ਸਾਡਾ ਗੁਆਂਢੀ ਜਿਸ ਨਾਲ ਅਸੀਂ ਪਿਆਰ ਕਰਨਾ ਹੈ? ਸਾਨੂੰ ਇਸ ਪਿਆਰ ਦਾ ਕਿਵੇਂ ਸਬੂਤ ਦੇਣਾ ਚਾਹੀਦਾ ਹੈ? ਆਓ ਆਪਾਂ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੀਏ।
ਕੌਣ ਹੈ ਮੇਰਾ ਗੁਆਂਢੀ?
4. ਲੇਵੀਆਂ ਦੇ 19ਵੇਂ ਅਧਿਆਇ ਮੁਤਾਬਕ ਯਹੂਦੀਆਂ ਨੇ ਕਿਨ੍ਹਾਂ ਨੂੰ ਪਿਆਰ ਕਰਨਾ ਸੀ?
4 ਜਦੋਂ ਯਿਸੂ ਨੇ ਫ਼ਰੀਸੀ ਨੂੰ ਕਿਹਾ ਸੀ ਕਿ ਦੂਜਾ ਵੱਡਾ ਹੁਕਮ ਹੈ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ, ਤਾਂ ਉਹ ਇਸਰਾਏਲ ਕੌਮ ਨੂੰ ਦਿੱਤੇ ਇਕ ਖ਼ਾਸ ਹੁਕਮ ਵੱਲ ਇਸ਼ਾਰਾ ਕਰ ਰਿਹਾ ਸੀ। ਇਹ ਹੁਕਮ ਲੇਵੀਆਂ 19:18 ਵਿਚ ਦਰਜ ਹੈ। ਲੇਵੀਆਂ ਦੇ 19ਵੇਂ ਅਧਿਆਇ ਵਿਚ ਯਹੂਦੀਆਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਸਾਥੀ ਇਸਰਾਏਲੀਆਂ ਅਤੇ ਪਰਦੇਸੀਆਂ ਦੋਨਾਂ ਨੂੰ ਆਪਣਾ ਗੁਆਂਢੀ ਮੰਨਣਾ ਸੀ। 34ਵੀਂ ਆਇਤ ਵਿਚ ਲਿਖਿਆ ਹੈ: “ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ।” ਸੋ ਇਸਰਾਏਲੀਆਂ ਨੇ ਗ਼ੈਰ-ਯਹੂਦੀਆਂ ਨਾਲ ਪਿਆਰ ਨਾਲ ਪੇਸ਼ ਆਉਣਾ ਸੀ, ਖ਼ਾਸ ਕਰਕੇ ਉਨ੍ਹਾਂ ਪਰਦੇਸੀਆਂ ਨਾਲ ਜਿਨ੍ਹਾਂ ਨੇ ਯਹੂਦੀ ਧਰਮ ਅਪਣਾਇਆ ਸੀ।
5. ਯਹੂਦੀਆਂ ਦੇ ਮੁਤਾਬਕ ਗੁਆਂਢੀ ਨੂੰ ਪਿਆਰ ਕਰਨ ਦਾ ਕੀ ਮਤਲਬ ਸੀ?
5 ਪਰ ਯਿਸੂ ਦੇ ਦਿਨਾਂ ਦੇ ਯਹੂਦੀ ਆਗੂਆਂ ਦਾ ਨਜ਼ਰੀਆ ਵੱਖਰਾ ਸੀ। ਕਈ ਆਗੂ ਸਿਖਾਉਂਦੇ ਸਨ ਕਿ ਸਿਰਫ਼ ਯਹੂਦੀ ਹੀ ਉਨ੍ਹਾਂ ਦੇ “ਮਿੱਤਰ” ਤੇ “ਗੁਆਂਢੀ” ਸਨ ਅਤੇ ਗ਼ੈਰ-ਯਹੂਦੀਆਂ ਨਾਲ ਨਫ਼ਰਤ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਸਤਿਕ ਲਈ ਨਾਸਤਿਕ ਨੂੰ ਨਫ਼ਰਤ ਕਰਨਾ ਜ਼ਰੂਰੀ ਸੀ। ਉਸ ਸਮੇਂ ਦੇ ਮਾਹੌਲ ਬਾਰੇ ਇਕ ਕਿਤਾਬ ਕਹਿੰਦੀ ਹੈ: “ਯਹੂਦੀ ਲੋਕਾਂ ਦੀ ਇਸ ਗ਼ਲਤ ਸੋਚ ਨੇ ਉਨ੍ਹਾਂ ਦੀ ਨਫ਼ਰਤ ਦੀ ਅੱਗ ਨੂੰ ਠੰਢਾ ਨਹੀਂ ਹੋਣ ਦਿੱਤਾ, ਸਗੋਂ ਬਲਦੀ ਤੇ ਹੋਰ ਤੇਲ ਪਾਇਆ।”
6. ਆਪਣੇ ਗੁਆਂਢੀ ਨਾਲ ਪਿਆਰ ਕਰਨ ਦੇ ਸੰਬੰਧ ਵਿਚ ਯਿਸੂ ਨੇ ਕਿਨ੍ਹਾਂ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਸੀ?
6 ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਗੁਆਂਢੀ ਨੂੰ ਪਿਆਰ ਕਰਨ ਦੇ ਵਿਸ਼ੇ ਉੱਤੇ ਰੌਸ਼ਨੀ ਪਾਉਂਦਿਆਂ ਕਿਹਾ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:43-45) ਯਿਸੂ ਨੇ ਇੱਥੇ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਸੀ। ਪਹਿਲੀ ਗੱਲ, ਯਹੋਵਾਹ ਚੰਗੇ-ਬੁਰੇ ਦੋਨਾਂ ਪ੍ਰਤੀ ਦਿਆਲੂ ਤੇ ਦਰਿਆ-ਦਿਲ ਹੈ। ਦੂਜੀ ਗੱਲ, ਸਾਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ।
7. ਦਿਆਲੂ ਸਾਮਰੀ ਦੀ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ?
7 ਇਕ ਹੋਰ ਮੌਕੇ ਤੇ ਮੂਸਾ ਦੀ ਸ਼ਰਾ ਦੇ ਇਕ ਮਾਹਰ ਨੇ ਯਿਸੂ ਨੂੰ ਪੁੱਛਿਆ: “ਕੌਣ ਹੈ ਮੇਰਾ ਗੁਆਂਢੀ?” ਜਵਾਬ ਵਿਚ ਯਿਸੂ ਨੇ ਇਕ ਸਾਮਰੀ ਬੰਦੇ ਦੀ ਕਹਾਣੀ ਸੁਣਾਈ ਜਿਸ ਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਯਹੂਦੀ ਮੁਸਾਫ਼ਰ ਦੀ ਮਦਦ ਕੀਤੀ। ਇਸ ਯਹੂਦੀ ਨੂੰ ਰਾਹ ਵਿਚ ਡਾਕੂਆਂ ਨੇ ਘੇਰ ਲਿਆ ਸੀ ਜਿਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਅਤੇ ਫਿਰ ਉਹ ਉਸ ਦਾ ਸਾਰਾ ਕੁਝ ਲੁੱਟ ਕੇ ਲੈ ਗਏ। ਭਾਵੇਂ ਯਹੂਦੀ ਲੋਕ ਸਾਮਰੀਆਂ ਨਾਲ ਨਫ਼ਰਤ ਕਰਦੇ ਸਨ, ਪਰ ਸਾਮਰੀ ਆਦਮੀ ਨੇ ਅੱਧ-ਮਰੇ ਯਹੂਦੀ ਦੀ ਮਲ੍ਹਮ-ਪੱਟੀ ਕੀਤੀ ਤੇ ਉਸ ਨੂੰ ਇਕ ਸਰਾਂ ਵਿਚ ਲੈ ਜਾ ਕੇ ਉਸ ਦੀ ਦੇਖ-ਭਾਲ ਕੀਤੀ। ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਇਹੋ ਕਿ ਸਾਨੂੰ ਆਪਣੀ ਜਾਤੀ, ਦੇਸ਼ ਜਾਂ ਧਰਮ ਦੇ ਲੋਕਾਂ ਤੋਂ ਇਲਾਵਾ ਦੂਸਰਿਆਂ ਲੋਕਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ।—ਲੂਕਾ 10:25, 29, 30, 33-37.
ਆਪਣੇ ਗੁਆਂਢੀ ਨੂੰ ਪਿਆਰ ਕਰਨ ਦਾ ਮਤਲਬ
8. ਲੇਵੀਆਂ ਦੇ 19ਵੇਂ ਅਧਿਆਇ ਮੁਤਾਬਕ ਇਸਰਾਏਲੀ ਕਿਵੇਂ ਦਿਖਾ ਸਕਦੇ ਸਨ ਕਿ ਉਹ ਦੂਸਰਿਆਂ ਨੂੰ ਪਿਆਰ ਕਰਦੇ ਸਨ?
8 ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ, ਤਾਂ ਸਾਨੂੰ ਆਪਣੇ ਕੰਮਾਂ ਰਾਹੀਂ ਇਹ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਗੁਆਂਢੀਆਂ ਲਈ ਪਿਆਰ ਵੀ ਸਿਰਫ਼ ਇਕ ਅਹਿਸਾਸ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ। ਸਾਨੂੰ ਕੰਮਾਂ ਰਾਹੀਂ ਜ਼ਾਹਰ ਕਰਨਾ ਚਾਹੀਦਾ ਹੈ ਕਿ ਅਸੀਂ ਸੱਚ-ਮੁੱਚ ਉਨ੍ਹਾਂ ਨਾਲ ਪਿਆਰ ਕਰਦੇ ਹਾਂ। ਆਓ ਆਪਾਂ ਦੇਖੀਏ ਕਿ ਲੇਵੀਆਂ ਦੇ 19ਵੇਂ ਅਧਿਆਇ ਵਿਚ ਕਿਨ੍ਹਾਂ ਹਾਲਾਤਾਂ ਹੇਠ ਯਹੂਦੀਆਂ ਨੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ ਕਿ ਇਸਰਾਏਲੀਆਂ ਨੇ ਗ਼ਰੀਬਾਂ ਤੇ ਓਪਰਿਆਂ ਨੂੰ ਆਪਣੀ ਫ਼ਸਲ ਵਿੱਚੋਂ ਹਿੱਸਾ ਦੇਣਾ ਸੀ। ਚੋਰੀ-ਚਕਾਰੀ, ਧੋਖਾਦੇਹੀ ਤੇ ਚਾਲਬਾਜ਼ੀ ਦੀ ਸਖ਼ਤ ਮਨਾਹੀ ਸੀ। ਨਿਆਂ ਦੇ ਮਾਮਲਿਆਂ ਵਿਚ ਇਸਰਾਏਲੀਆਂ ਨੇ ਸਾਰਿਆਂ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਸੀ। ਭਾਵੇਂ ਉਨ੍ਹਾਂ ਨੇ ਗ਼ਲਤੀ ਕਰਨ ਵਾਲੇ ਭਰਾ ਨੂੰ ਤਾੜਨਾ ਦੇਣੀ ਸੀ, ਪਰ ਉਨ੍ਹਾਂ ਨੂੰ ਸਾਵਧਾਨ ਕੀਤਾ ਗਿਆ ਸੀ ਕਿ “ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ।” ਇਨ੍ਹਾਂ ਸਾਰੇ ਹੁਕਮਾਂ ਦਾ ਸਾਰ ਇਸ ਇਕ ਹੁਕਮ ਵਿਚ ਦਿੱਤਾ ਗਿਆ ਸੀ ਕਿ “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।”—ਲੇਵੀਆਂ 19:9-11, 15, 17, 18.
9. ਯਹੋਵਾਹ ਨੇ ਇਸਰਾਏਲੀਆਂ ਨੂੰ ਹੋਰ ਕੌਮਾਂ ਦੇ ਲੋਕਾਂ ਤੋਂ ਅਲੱਗ ਰਹਿਣ ਦਾ ਹੁਕਮ ਕਿਉਂ ਦਿੱਤਾ ਸੀ?
9 ਹਾਲਾਂਕਿ ਇਸਰਾਏਲੀਆਂ ਨੇ ਦੂਸਰਿਆਂ ਨਾਲ ਪਿਆਰ ਕਰਨਾ ਸੀ, ਪਰ ਉਨ੍ਹਾਂ ਨੇ ਉਨ੍ਹਾਂ ਕੌਮਾਂ ਦੇ ਲੋਕਾਂ ਤੋਂ ਅਲੱਗ ਰਹਿਣਾ ਸੀ ਜੋ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਗ਼ਲਤ ਲੋਕਾਂ ਨਾਲ ਸੰਗਤ ਕਰਨ ਦੇ ਕੀ ਬੁਰੇ ਨਤੀਜੇ ਨਿਕਲ ਸਕਦੇ ਸਨ। ਮਿਸਾਲ ਲਈ, ਜਿਨ੍ਹਾਂ ਦੇਸ਼ਾਂ ਉੱਤੇ ਇਸਰਾਏਲੀਆਂ ਨੇ ਕਬਜ਼ਾ ਕਰਨਾ ਸੀ, ਉੱਥੇ ਦੇ ਲੋਕਾਂ ਬਾਰੇ ਯਹੋਵਾਹ ਦਾ ਹੁਕਮ ਸੀ: “ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ।”—ਬਿਵਸਥਾ ਸਾਰ 7:3, 4.
10. ਸਾਨੂੰ ਕੀ ਕਰਨ ਤੋਂ ਬਚਣਾ ਚਾਹੀਦਾ ਹੈ?
10 ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਦੇ ਜੋ ਉਨ੍ਹਾਂ ਦੀ ਨਿਹਚਾ ਨੂੰ ਕਮਜ਼ੋਰ ਕਰ ਸਕਦੇ ਹਨ। (1 ਕੁਰਿੰਥੀਆਂ 15:33) ਬਾਈਬਲ ਸਾਨੂੰ ਨਸੀਹਤ ਦਿੰਦੀ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” (2 ਕੁਰਿੰਥੀਆਂ 6:14) ਇੱਥੇ ਬੇਪਰਤੀਤਿਆਂ ਦਾ ਮਤਲਬ ਉਹ ਲੋਕ ਹਨ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ। ਸਾਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਦੀ ਤਾਕੀਦ ਕੀਤੀ ਗਈ ਹੈ। (1 ਕੁਰਿੰਥੀਆਂ 7:39) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਨਫ਼ਰਤ ਕਰੀਏ। ਯਾਦ ਰੱਖੋ ਕਿ ਯਿਸੂ ਨੇ ਪਾਪੀਆਂ ਲਈ ਆਪਣੀ ਜਾਨ ਦਿੱਤੀ ਸੀ ਅਤੇ ਬਹੁਤ ਸਾਰੇ ਲੋਕ ਜੋ ਪਹਿਲਾਂ ਗ਼ਲਤ ਕੰਮ ਕਰਦੇ ਸਨ, ਉਹ ਹੁਣ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ।—ਰੋਮੀਆਂ 5:8; 1 ਕੁਰਿੰਥੀਆਂ 6:9-11.
11. ਯਹੋਵਾਹ ਦੀ ਭਗਤੀ ਨਾ ਕਰਨ ਵਾਲਿਆਂ ਨੂੰ ਪਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਅਤੇ ਇਹ ਸਭ ਤੋਂ ਵਧੀਆ ਤਰੀਕਾ ਕਿਉਂ ਹੈ?
11 ਯਹੋਵਾਹ ਦੀ ਭਗਤੀ ਨਾ ਕਰਨ ਵਾਲਿਆਂ ਨਾਲ ਪਿਆਰ ਕਰਨ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਭਾਵੇਂ ਉਸ ਨੂੰ ਬੁਰਾਈ ਨਾਲ ਸਖ਼ਤ ਨਫ਼ਰਤ ਹੈ, ਪਰ ਉਹ ਸਾਰਿਆਂ ਤੇ ਦਇਆ ਕਰਦਾ ਹੈ। ਉਹ ਉਨ੍ਹਾਂ ਨੂੰ ਆਪਣੇ ਮਾੜੇ ਰਾਹ ਛੱਡਣ ਅਤੇ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਦਿੰਦਾ ਹੈ। (ਹਿਜ਼ਕੀਏਲ 18:23) ਯਹੋਵਾਹ “ਚਾਹੁੰਦਾ ਹੈ ਭਈ . . . ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ, ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਅਤੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਹ ਕੰਮ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ, ਗੁਆਂਢੀ ਨੂੰ ਤੇ ਆਪਣੇ ਵੈਰੀਆਂ ਨੂੰ ਵੀ ਪਿਆਰ ਕਰਦੇ ਹਾਂ!
ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਪਿਆਰ
12. ਆਪਣੇ ਭਰਾ ਨਾਲ ਪਿਆਰ ਕਰਨ ਬਾਰੇ ਯੂਹੰਨਾ ਰਸੂਲ ਨੇ ਕੀ ਲਿਖਿਆ ਸੀ?
12 ਪੌਲੁਸ ਰਸੂਲ ਨੇ ਲਿਖਿਆ: “ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਇਹ ਨਿਹਚਾਵਾਨ ਸਾਡੇ ਮਸੀਹੀ ਭੈਣ-ਭਰਾ ਹਨ ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਪਿਆਰ ਕਰੀਏ। ਇੱਦਾਂ ਕਰਨਾ ਕਿੰਨਾ ਕੁ ਜ਼ਰੂਰੀ ਹੈ? ਪਿਆਰ ਕਰਨ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਯੂਹੰਨਾ ਰਸੂਲ ਨੇ ਲਿਖਿਆ: “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ। . . . ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰਨਾ 3:15; 4:20) ਜ਼ਰਾ ਯੂਹੰਨਾ ਦੇ ਸ਼ਬਦਾਂ ਦੀ ਗੰਭੀਰਤਾ ਵੱਲ ਧਿਆਨ ਦਿਓ। ਉਸ ਨੇ ਕਿਹਾ ਕਿ ਆਪਣੇ ਭਰਾ ਨਾਲ ਵੈਰ ਕਰਨ ਵਾਲਾ ਖ਼ੂਨੀ ਅਤੇ ਝੂਠਾ ਹੈ। ਯੂਹੰਨਾ 8:44 ਵਿਚ ਯਿਸੂ ਨੇ ਮਿਲਦੇ-ਜੁਲਦੇ ਸ਼ਬਦ ਸ਼ਤਾਨ ਲਈ ਵਰਤੇ ਸਨ। ਅਸੀਂ ਕਦੇ ਨਹੀਂ ਚਾਹਾਂਗੇ ਕਿ ਅਸੀਂ ਵੀ ਖ਼ੂਨੀ ਤੇ ਝੂਠੇ ਕਹਾਈਏ! ਸੋ ਆਓ ਆਪਾਂ ਹਮੇਸ਼ਾ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ।
13. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ?
13 ਯਹੋਵਾਹ ਦੇ ਗਵਾਹ ‘ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹਨ।’ (1 ਥੱਸਲੁਨੀਕੀਆਂ 4:9) “ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ” ਕਰਨਾ ਹੈ। (1 ਯੂਹੰਨਾ 3:18) ਸਾਡਾ ‘ਪਿਆਰ ਸੱਚਾ ਹੋਣਾ’ ਚਾਹੀਦਾ ਹੈ। (ਰੋਮੀਆਂ 12:9, ਈਜ਼ੀ ਟੂ ਰੀਡ) ਜੇ ਸਾਡਾ ਪਿਆਰ ਸੱਚਾ ਹੈ, ਤਾਂ ਅਸੀਂ ਕਿਸੇ ਨਾਲ ਖਾਰ ਨਹੀਂ ਖਾਵਾਂਗੇ, ਨਾ ਹੰਕਾਰ ਕਰਾਂਗੇ ਤੇ ਨਾ ਹੀ ਸੁਆਰਥੀ ਬਣਾਂਗੇ, ਸਗੋਂ ਅਸੀਂ ਦੂਸਰਿਆਂ ਤੇ ਤਰਸ ਕਰਾਂਗੇ, ਉਨ੍ਹਾਂ ਨੂੰ ਮਾਫ਼ ਕਰਾਂਗੇ ਅਤੇ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਵਾਂਗੇ। (1 ਕੁਰਿੰਥੀਆਂ 13:4, 5; ਅਫ਼ਸੀਆਂ 4:32) ਸੱਚਾ ਪਿਆਰ ਸਾਨੂੰ “ਇੱਕ ਦੂਏ ਦੀ ਟਹਿਲ ਸੇਵਾ” ਕਰਨ ਲਈ ਪ੍ਰੇਰਿਤ ਕਰੇਗਾ। (ਗਲਾਤੀਆਂ 5:13) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਵੇਂ ਉਸ ਨੇ ਉਨ੍ਹਾਂ ਨਾਲ ਕੀਤਾ। (ਯੂਹੰਨਾ 13:34) ਇਸ ਦਾ ਮਤਲਬ ਹੋਇਆ ਕਿ ਲੋੜ ਪੈਣ ਤੇ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਲਈ ਤਿਆਰ ਹੋਵਾਂਗੇ।
14. ਪਤੀ-ਪਤਨੀ ਇਕ-ਦੂਜੇ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਨ?
14 ਪਰਿਵਾਰ ਦੇ ਮੈਂਬਰਾਂ ਅਤੇ ਖ਼ਾਸਕਰ ਪਤੀ-ਪਤਨੀ ਵਿਚ ਸੱਚਾ ਪਿਆਰ ਹੋਣਾ ਜ਼ਰੂਰੀ ਹੈ। ਵਿਆਹ ਦੇ ਮਜ਼ਬੂਤ ਬੰਧਨ ਬਾਰੇ ਪੌਲੁਸ ਨੇ ਕਿਹਾ: ‘ਪਤੀਆਂ ਨੂੰ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।’ ਫਿਰ ਉਸ ਨੇ ਅੱਗੇ ਕਿਹਾ: “ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ।” (ਅਫ਼ਸੀਆਂ 5:28) ਇਹੋ ਗੱਲ ਪੌਲੁਸ ਨੇ 33ਵੀਂ ਆਇਤ ਵਿਚ ਫਿਰ ਤੋਂ ਦੁਹਰਾਈ ਸੀ। ਜੋ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਮਲਾਕੀ ਦੇ ਦਿਨਾਂ ਦੇ ਇਸਰਾਏਲੀਆਂ ਵਾਂਗ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਨਹੀਂ ਕਰੇਗਾ। (ਮਲਾਕੀ 2:14) ਉਸ ਦੀ ਪਤਨੀ ਉਸ ਨੂੰ ਜਾਨ ਤੋਂ ਵੀ ਪਿਆਰੀ ਹੋਵੇਗੀ, ਜਿਵੇਂ ਮਸੀਹ ਨੇ ਕਲੀਸਿਯਾ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕੀਤਾ ਸੀ। ਪਤਨੀ ਵੀ ਪਤੀ ਨੂੰ ਪਿਆਰ ਕਰੇਗੀ ਤੇ ਉਸ ਨੂੰ ਪੂਰਾ ਆਦਰ-ਮਾਣ ਦੇਵੇਗੀ।—ਅਫ਼ਸੀਆਂ 5:25, 29-33.
15. ਯਹੋਵਾਹ ਦੇ ਗਵਾਹਾਂ ਵਿਚ ਭਰਾਵਾਂ ਵਰਗਾ ਪਿਆਰ ਦੇਖ ਕੇ ਕੁਝ ਲੋਕਾਂ ਨੇ ਕੀ ਕਿਹਾ ਤੇ ਕੀਤਾ?
15 ਇਹੋ ਜਿਹਾ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਹੈ। ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਸਾਡਾ ਪਿਆਰ ਦੇਖ ਕੇ ਲੋਕ ਉਸ ਪਰਮੇਸ਼ੁਰ ਦੀ ਭਗਤੀ ਕਰਨ ਲਈ ਪ੍ਰੇਰਿਤ ਹੁੰਦੇ ਹਨ ਜਿਸ ਨੂੰ ਅਸੀਂ ਪਿਆਰ ਕਰਦੇ ਤੇ ਪੂਜਦੇ ਹਾਂ। ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਪਰਿਵਾਰ ਦੀ ਹੀ ਮਿਸਾਲ ਲੈ ਲਓ। ਉਹ ਦੱਸਦੇ ਹਨ: “ਇਕ ਦਿਨ ਅਚਾਨਕ ਦੁਪਹਿਰ ਵੇਲੇ ਪਹਿਲਾਂ ਤਾਂ ਹਨੇਰੀਆਂ ਚੱਲੀਆਂ ਤੇ ਫਿਰ ਮੋਹਲੇਧਾਰ ਮੀਂਹ ਤੇ ਗੜੇ ਪੈਣ ਲੱਗੇ। ਤੂਫ਼ਾਨੀ ਹਵਾਵਾਂ ਸਾਡੇ ਘਰ ਦੀਆਂ ਟੀਨ ਦੀਆਂ ਛੱਤਾਂ ਉਡਾ ਲੈ ਗਈਆਂ ਤੇ ਸਾਡੇ ਘਾਹ-ਫੂਸ ਦੇ ਬਣੇ ਘਰ ਨੂੰ ਤੀਲਾ-ਤੀਲਾ ਕਰ ਦਿੱਤਾ। ਇਹੋ ਜਿਹਾ ਭਿਆਨਕ ਤੂਫ਼ਾਨ ਅਸੀਂ ਪਹਿਲੀ ਵਾਰ ਦੇਖਿਆ ਸੀ। ਬਾਅਦ ਵਿਚ ਜਦੋਂ ਸਾਡੇ ਘਰ ਨੂੰ ਮੁੜ ਉਸਾਰਨ ਲਈ ਨੇੜਲੀਆਂ ਕਲੀਸਿਯਾਵਾਂ ਤੋਂ ਭੈਣ-ਭਰਾ ਆਏ, ਤਾਂ ਆਂਢ-ਗੁਆਂਢ ਦੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹ ਕਹਿਣ ਲੱਗੇ: ‘ਵਾਹ! ਤੁਹਾਡਾ ਧਰਮ ਵਾਕਈ ਕਮਾਲ ਦਾ ਹੈ! ਸਾਡੇ ਗਿਰਜੇ ਦੇ ਲੋਕਾਂ ਨੇ ਕਦੇ ਵੀ ਆਣ ਕੇ ਸਾਡੀ ਮਦਦ ਨਹੀਂ ਕੀਤੀ।’ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਨੂੰ ਯੂਹੰਨਾ 13:34, 35 ਦਾ ਹਵਾਲਾ ਦਿਖਾਇਆ। ਹੁਣ ਉਨ੍ਹਾਂ ਵਿੱਚੋਂ ਕਈ ਲੋਕ ਬਾਈਬਲ ਸਟੱਡੀ ਕਰ ਰਹੇ ਹਨ।”
ਹਰ ਇਕ ਇਨਸਾਨ ਨੂੰ ਪਿਆਰ ਕਰੋ
16. ਹਰ ਇਕ ਵਿਅਕਤੀ ਨੂੰ ਪਿਆਰ ਕਰਨਾ ਔਖਾ ਕਿਉਂ ਹੈ?
16 ਸਭਨਾਂ ਲੋਕਾਂ ਨੂੰ ਆਪਣੇ ਗੁਆਂਢੀ ਸਮਝ ਕੇ ਪਿਆਰ ਕਰਨ ਬਾਰੇ ਕਹਿਣਾ ਸੌਖਾ ਹੈ, ਪਰ ਕਰਨਾ ਔਖਾ। ਮਿਸਾਲ ਲਈ, ਕੁਝ ਲੋਕ ਖੈਰਾਤੀ ਸੰਸਥਾਵਾਂ ਨੂੰ ਚੰਦਾ ਦੇ ਕੇ ਸੋਚਦੇ ਹਨ ਕਿ ਉਨ੍ਹਾਂ ਨੇ ਇਨਸਾਨੀਅਤ ਦਾ ਫ਼ਰਜ਼ ਅਦਾ ਕਰ ਦਿੱਤਾ ਹੈ। ਪਰ ਆਪਣੇ ਗੁਆਂਢੀ ਨੂੰ ਪਿਆਰ ਕਰਨ ਵਿਚ ਇਸ ਨਾਲੋਂ ਜ਼ਿਆਦਾ ਕੁਝ ਸ਼ਾਮਲ ਹੈ। ਸਾਨੂੰ ਹਰ ਇਨਸਾਨ ਨੂੰ ਪਿਆਰ ਕਰਨ ਦੀ ਲੋੜ ਹੈ। ਪਰ ਕੁਝ ਲੋਕਾਂ ਨੂੰ ਪਿਆਰ ਕਰਨਾ ਸੌਖਾ ਨਹੀਂ ਹੁੰਦਾ, ਜਿਵੇਂ ਕੋਈ ਸਹਿਕਰਮੀ ਜੋ ਬਿਨਾਂ ਵਜ੍ਹਾ ਸਾਡੇ ਨਾਲ ਝਗੜਦਾ ਰਹਿੰਦਾ ਹੈ ਜਾਂ ਸਾਡਾ ਗੁਆਂਢੀ ਜੋ ਕਦੇ ਸਿੱਧੇ ਮੂੰਹ ਗੱਲ ਨਹੀਂ ਕਰਦਾ ਜਾਂ ਉਹ ਦੋਸਤ ਜਿਸ ਨੇ ਸਾਨੂੰ ਦੁੱਖ ਦਿੱਤਾ ਹੈ।
17, 18. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਹਰ ਇਨਸਾਨ ਨਾਲ ਪਿਆਰ ਸੀ ਅਤੇ ਉਸ ਨੇ ਕਿਸ ਉਦੇਸ਼ ਨਾਲ ਲੋਕਾਂ ਦੀ ਮਦਦ ਕੀਤੀ?
17 ਹਰ ਇਨਸਾਨ ਨੂੰ ਪਿਆਰ ਕਰਨ ਦੇ ਮਾਮਲੇ ਵਿਚ ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਜਿਸ ਵਿਚ ਹੂ-ਬਹੂ ਪਰਮੇਸ਼ੁਰ ਵਰਗੇ ਗੁਣ ਸਨ। ਭਾਵੇਂ ਕਿ ਯਿਸੂ ਜਗਤ ਦਾ ਪਾਪ ਮਿਟਾਉਣ ਲਈ ਧਰਤੀ ਤੇ ਆਇਆ ਸੀ, ਪਰ ਉਸ ਦੇ ਦਿਲ ਵਿਚ ਹਰ ਇਨਸਾਨ ਲਈ ਪਿਆਰ ਸੀ। ਮਿਸਾਲ ਲਈ, ਉਹ ਵੱਖ-ਵੱਖ ਮੌਕਿਆਂ ਤੇ ਇਕ ਬੀਮਾਰ ਤੀਵੀਂ, ਇਕ ਕੋੜ੍ਹੀ ਅਤੇ ਇਕ ਬੱਚੇ ਨਾਲ ਬੜੇ ਪਿਆਰ ਨਾਲ ਪੇਸ਼ ਆਇਆ। (ਮੱਤੀ 9:20-22; ਮਰਕੁਸ 1:40-42; 7:26, 29, 30; ਯੂਹੰਨਾ 1:29) ਇਸੇ ਤਰ੍ਹਾਂ ਅਸੀਂ ਵੀ ਆਪਣੇ ਸੰਪਰਕ ਵਿਚ ਆਉਣ ਵਾਲੇ ਹਰ ਇਨਸਾਨ ਨਾਲ ਪਿਆਰ ਨਾਲ ਪੇਸ਼ ਆ ਸਕਦੇ ਹਾਂ।
18 ਪਰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਦੂਸਰਿਆਂ ਨਾਲ ਇਸ ਲਈ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ। ਇਹ ਸੱਚ ਹੈ ਕਿ ਯਿਸੂ ਨੇ ਗ਼ਰੀਬਾਂ ਦੀ ਮਦਦ ਕੀਤੀ ਸੀ, ਬੀਮਾਰਾਂ ਨੂੰ ਚੰਗਾ ਕੀਤਾ ਸੀ ਅਤੇ ਭੁੱਖੇ ਲੋਕਾਂ ਨੂੰ ਰੋਟੀ ਖੁਆਈ ਸੀ। ਪਰ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸਿਖਾਉਣ ਪਿੱਛੇ ਉਸ ਦਾ ਇਹੋ ਉਦੇਸ਼ ਸੀ ਕਿ ਉਹ ਲੋਕਾਂ ਦਾ ਯਹੋਵਾਹ ਨਾਲ ਮੇਲ-ਮਿਲਾਪ ਕਰਾ ਦੇਵੇ। (2 ਕੁਰਿੰਥੀਆਂ 5:19) ਯਿਸੂ ਨੇ ਜੋ ਕੁਝ ਕੀਤਾ ਉਹ ਪਰਮੇਸ਼ੁਰ ਦੀ ਵਡਿਆਈ ਲਈ ਕੀਤਾ। (1 ਕੁਰਿੰਥੀਆਂ 10:31) ਉਸ ਨੇ ਹਮੇਸ਼ਾ ਪਰਮੇਸ਼ੁਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ। ਤਾਂ ਫਿਰ, ਯਿਸੂ ਦੀ ਰੀਸ ਕਰ ਕੇ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਕਰਾਂਗੇ, ਪਰ ਇਸ ਬੁਰੀ ਦੁਨੀਆਂ ਦਾ ਕੋਈ ਹਿੱਸਾ ਨਹੀਂ ਬਣਾਂਗੇ।
ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਿਵੇਂ ਕਰੀਏ?
19, 20. ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨ ਦਾ ਕੀ ਮਤਲਬ ਹੈ?
19 ਯਿਸੂ ਨੇ ਕਿਹਾ ਕਿ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਆਪਣੇ ਜਿਹਾ ਪਿਆਰ ਕਰਨ ਦਾ ਕੀ ਮਤਲਬ ਹੈ? ਆਮ ਤੌਰ ਤੇ ਅਸੀਂ ਆਪਣਾ ਚੰਗਾ ਖ਼ਿਆਲ ਰੱਖਦੇ ਹਾਂ ਅਤੇ ਆਪਣੇ ਬਾਰੇ ਚੰਗਾ ਸੋਚਦੇ ਹਾਂ। ਜੇ ਇੱਦਾਂ ਨਾ ਹੁੰਦਾ, ਤਾਂ ਯਿਸੂ ਦੇ ਹੁਕਮ ਦਾ ਕੋਈ ਮਤਲਬ ਨਹੀਂ ਰਹਿਣਾ ਸੀ। ਪਰ ਅਸੀਂ ਆਪਣੇ ਆਪ ਨੂੰ ਇਸ ਹੱਦ ਤਕ ਪਿਆਰ ਨਹੀਂ ਕਰਦੇ ਕਿ ਅਸੀਂ ਖ਼ੁਦਗਰਜ਼ ਬਣ ਜਾਈਏ ਜਿਵੇਂ ਕਿ ਪੌਲੁਸ ਰਸੂਲ ਨੇ 2 ਤਿਮੋਥਿਉਸ 3:2 ਵਿਚ ਦੁਨੀਆਂ ਦੇ ਲੋਕਾਂ ਬਾਰੇ ਕਿਹਾ ਸੀ। ਅਸੀਂ ਆਪਣੇ ਆਪ ਨੂੰ ਨਾ ਤਾਂ ਬਹੁਤ ਵੱਡਾ ਤੇ ਨਾ ਹੀ ਬਹੁਤ ਘਟੀਆ ਸਮਝਾਂਗੇ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ‘ਇਸ ਤਰੀਕੇ ਨਾਲ ਆਪਣੇ ਆਪ ਨੂੰ ਪਿਆਰ ਕਰਨ ਵਾਲਾ ਵਿਅਕਤੀ ਨਾ ਤਾਂ ਇਹ ਫੜ੍ਹ ਮਾਰੇਗਾ ਕਿ “ਮੇਰੇ ਨਾਲੋਂ ਚੰਗਾ ਕੋਈ ਨਹੀਂ” ਤੇ ਨਾ ਹੀ ਇਹ ਸੋਚੇਗਾ ਕਿ “ਮੇਰੇ ਨਾਲੋਂ ਗਿਆ-ਗੁਜ਼ਰਿਆ ਇਨਸਾਨ ਕੋਈ ਹੋ ਹੀ ਨਹੀਂ ਸਕਦਾ।”’
20 ਦੂਸਰਿਆਂ ਨੂੰ ਆਪਣੇ ਜਿਹਾ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਨੂੰ ਉਸੇ ਨਜ਼ਰ ਤੋਂ ਦੇਖੀਏ ਤੇ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਈਏ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ। ਯਿਸੂ ਨੇ ਕਿਹਾ ਕਿ “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਕਿ ਅਸੀਂ ਦੂਸਰਿਆਂ ਦੇ ਵਤੀਰੇ ਬਾਰੇ ਸੋਚ-ਵਿਚਾਰ ਕਰੀਏ ਅਤੇ ਫਿਰ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਈਏ। ਇਸ ਦੀ ਬਜਾਇ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਤੋਂ ਕੀ ਚਾਹੁੰਦੇ ਹਾਂ ਤੇ ਫਿਰ ਅਸੀਂ ਵੀ ਉਸ ਮੁਤਾਬਕ ਉਨ੍ਹਾਂ ਨਾਲ ਪੇਸ਼ ਆਈਏ। ਗੌਰ ਕਰੋ ਕਿ ਯਿਸੂ ਨੇ ਇਹ ਵੀ ਨਹੀਂ ਕਿਹਾ ਸੀ ਕਿ ਸਾਨੂੰ ਸਿਰਫ਼ ਦੋਸਤਾਂ ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਇੱਦਾਂ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਸੀ ਕਿ ‘ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।’ ਇਸ ਦਾ ਮਤਲਬ ਹੈ ਕਿ ਸਾਨੂੰ ਸਾਰੇ ਮਨੁੱਖਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।
21. ਦੂਸਰਿਆਂ ਨਾਲ ਪਿਆਰ ਕਰ ਕੇ ਅਸੀਂ ਕੀ ਸਾਬਤ ਕਰਦੇ ਹਾਂ?
21 ਜੇ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਾਂਗੇ, ਤਾਂ ਅਸੀਂ ਉਨ੍ਹਾਂ ਨਾਲ ਕੁਝ ਬੁਰਾ ਨਹੀਂ ਕਰਨਾ ਚਾਹਾਂਗੇ। ਪੌਲੁਸ ਰਸੂਲ ਨੇ ਲਿਖਿਆ: “ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਭੀ ਹੋਵੇ ਤਾਂ ਸਭਨਾਂ ਦਾ ਤਾਤਪਰਜ ਐੱਨੀ ਗੱਲ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ।” (ਰੋਮੀਆਂ 13:9, 10) ਦੂਸਰਿਆਂ ਨਾਲ ਪਿਆਰ ਹੋਣ ਕਰਕੇ ਅਸੀਂ ਹਮੇਸ਼ਾ ਉਨ੍ਹਾਂ ਦਾ ਭਲਾ ਕਰਨ ਦੇ ਮੌਕੇ ਲੱਭਾਂਗੇ। ਆਪਣੇ ਗੁਆਂਢੀ ਨੂੰ ਪਿਆਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜਿਸ ਦੇ ਸਰੂਪ ਉੱਤੇ ਇਨਸਾਨ ਬਣਿਆ ਹੈ।—ਉਤਪਤ 1:26.
ਤੁਸੀਂ ਕੀ ਜਵਾਬ ਦਿਓਗੇ?
• ਸਾਨੂੰ ਕਿਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਕਿਉਂ?
• ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਨਾਲ ਅਸੀਂ ਪਿਆਰ ਕਿਵੇਂ ਕਰ ਸਕਦੇ ਹਾਂ?
• ਬਾਈਬਲ ਮੁਤਾਬਕ ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕਿਵੇਂ ਪਿਆਰ ਕਰਨਾ ਚਾਹੀਦਾ ਹੈ?
• ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨ ਦਾ ਕੀ ਮਤਲਬ ਹੈ?
[ਸਫ਼ਾ 26 ਉੱਤੇ ਤਸਵੀਰ]
“ਕੌਣ ਹੈ ਮੇਰਾ ਗੁਆਂਢੀ?”
[ਸਫ਼ਾ 29 ਉੱਤੇ ਤਸਵੀਰ]
ਯਿਸੂ ਨੇ ਹਰ ਇਨਸਾਨ ਨੂੰ ਪਿਆਰ ਕੀਤਾ