‘ਨਿਹਚਾ ਦੇ ਲਈ ਸਖ਼ਤ ਲੜਾਈ ਲੜੋ’!
“ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ [“ਸਖ਼ਤ ਲੜਾਈ ਲੜੋ,” “ਨਿ ਵ”]।”—ਯਹੂਦਾਹ 3.
1. ਅੱਜ ਸੱਚੇ ਮਸੀਹੀ ਕਿਸ ਭਾਵ ਵਿਚ ਲੜਾਈ ਲੜ ਰਹੇ ਹਨ?
ਲੜਾਈ ਵਿਚ ਫ਼ੌਜੀਆਂ ਦਾ ਜੀਵਨ ਹਮੇਸ਼ਾ ਔਖਾ ਹੁੰਦਾ ਹੈ। ਜ਼ਰਾ ਸੋਚੋ, ਲੜਾਈ ਦੇ ਸਾਰੇ ਸਾਜ਼-ਸਾਮਾਨ ਨੂੰ ਲੈ ਕੇ ਹਰ ਮੌਸਮ ਵਿਚ ਮੀਲਾਂ ਬੱਧੀ ਤੁਰਦੇ ਜਾਣਾ, ਹਥਿਆਰ ਚਲਾਉਣ ਦੀ ਔਖੀ ਸਿਖਲਾਈ ਲੈਣੀ, ਜਾਂ ਆਪਣੀ ਜਾਨ ਗੁਆਉਣ ਅਤੇ ਜਿਸਮਾਨੀ ਨੁਕਸਾਨ ਦੇ ਹਰ ਹਿੰਸਕ ਖ਼ਤਰੇ ਤੋਂ ਆਪਣਾ ਬਚਾਉ ਕਰਨਾ। ਪਰੰਤੂ, ਸੱਚੇ ਮਸੀਹੀ ਕੌਮਾਂ ਦੀਆਂ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ ਹਨ। (ਯਸਾਯਾਹ 2:2-4; ਯੂਹੰਨਾ 17:14) ਫਿਰ ਵੀ, ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਸਾਰੇ ਇਕ ਭਾਵ ਵਿਚ ਲੜਾਈ ਲੜ ਰਹੇ ਹਾਂ। ਸ਼ਤਾਨ ਯਿਸੂ ਮਸੀਹ ਲਈ ਅਤੇ ਧਰਤੀ ਉੱਤੇ ਉਸ ਦੇ ਪੈਰੋਕਾਰਾਂ ਲਈ ਨਫ਼ਰਤ ਨਾਲ ਭਰਿਆ ਹੋਇਆ ਹੈ। (ਪਰਕਾਸ਼ ਦੀ ਪੋਥੀ 12:17) ਅਸਲ ਵਿਚ, ਸਾਰੇ ਜੋ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਨ, ਉਹ ਅਧਿਆਤਮਿਕ ਲੜਾਈ ਲੜਨ ਲਈ ਫ਼ੌਜੀਆਂ ਵਜੋਂ ਭਰਤੀ ਹੁੰਦੇ ਹਨ।—2 ਕੁਰਿੰਥੀਆਂ 10:4.
2. ਯਹੂਦਾਹ ਮਸੀਹੀ ਲੜਾਈ ਦਾ ਕਿਸ ਤਰ੍ਹਾਂ ਵਰਣਨ ਕਰਦਾ ਹੈ, ਅਤੇ ਉਸ ਦੀ ਪੱਤਰੀ ਇਸ ਵਿਚ ਡਟੇ ਰਹਿਣ ਵਿਚ ਕਿਸ ਤਰ੍ਹਾਂ ਸਾਡੀ ਮਦਦ ਕਰ ਸਕਦੀ ਹੈ?
2 ਉਚਿਤ ਤੌਰ ਤੇ, ਯਿਸੂ ਦਾ ਭਰਾ ਯਹੂਦਾਹ ਲਿਖਦਾ ਹੈ: “ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਸਾਂ ਤਾਂ ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ [“ਸਖ਼ਤ ਲੜਾਈ ਲੜੋ,” ਨਿ ਵ]।” (ਯਹੂਦਾਹ 3) ਜਦੋਂ ਯਹੂਦਾਹ ਮਸੀਹੀਆਂ ਨੂੰ ‘ਸਖ਼ਤ ਲੜਾਈ ਲੜਨ’ ਦੀ ਤਾਕੀਦ ਕਰਦਾ ਹੈ, ਤਾਂ ਉਹ “ਪੀੜ” ਲਈ ਵਰਤੇ ਗਏ ਸ਼ਬਦ ਨਾਲ ਸੰਬੰਧਿਤ ਸ਼ਬਦ ਦੀ ਵਰਤੋਂ ਕਰਦਾ ਹੈ। ਜੀ ਹਾਂ, ਇਹ ਲੜਾਈ ਮੁਸ਼ਕਲ, ਇੱਥੋਂ ਤਕ ਕਿ ਪੀੜਿਤ ਵੀ ਕਰ ਸਕਦੀ ਹੈ! ਕੀ ਤੁਹਾਨੂੰ ਕਦੀ ਇਸ ਲੜਾਈ ਵਿਚ ਡਟੇ ਰਹਿਣਾ ਮੁਸ਼ਕਲ ਲੱਗਦਾ ਹੈ? ਯਹੂਦਾਹ ਦੀ ਛੋਟੀ ਪਰ ਪ੍ਰਭਾਵਸ਼ਾਲੀ ਪੱਤਰੀ ਸਾਡੀ ਮਦਦ ਕਰ ਸਕਦੀ ਹੈ। ਇਹ ਸਾਨੂੰ ਅਨੈਤਿਕਤਾ ਦਾ ਵਿਰੋਧ ਕਰਨ, ਪਰਮੇਸ਼ੁਰ ਦੁਆਰਾ ਸਥਾਪਿਤ ਅਧਿਕਾਰ ਦਾ ਆਦਰ ਕਰਨ, ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰੱਖਣ ਦੀ ਤਾਕੀਦ ਕਰਦੀ ਹੈ। ਆਓ ਅਸੀਂ ਦੇਖੀਏ ਕਿ ਇਸ ਸਲਾਹ ਨੂੰ ਕਿਵੇਂ ਲਾਗੂ ਕਰਨਾ ਹੈ।
ਅਨੈਤਿਕਤਾ ਦਾ ਵਿਰੋਧ ਕਰੋ
3. ਯਹੂਦਾਹ ਦੇ ਦਿਨਾਂ ਵਿਚ ਮਸੀਹੀ ਕਲੀਸਿਯਾ ਕਿਸ ਸੰਕਟਕਾਲੀਨ ਸਥਿਤੀ ਵਿਚ ਸੀ?
3 ਯਹੂਦਾਹ ਦੇਖ ਸਕਦਾ ਸੀ ਕਿ ਉਸ ਦੇ ਸਾਰੇ ਸੰਗੀ ਮਸੀਹੀ ਸ਼ਤਾਨ ਦੇ ਵਿਰੁੱਧ ਲੜਾਈ ਨਹੀਂ ਜਿੱਤ ਰਹੇ ਸਨ। ਇੱਜੜ ਇਕ ਸੰਕਟਕਾਲੀਨ ਸਥਿਤੀ ਵਿਚ ਸੀ। ਯਹੂਦਾਹ ਲਿਖਦਾ ਹੈ ਕਿ ਭ੍ਰਿਸ਼ਟ ਆਦਮੀ “ਚੋਰੀਂ ਆ ਵੜੇ” ਸਨ। ਇਹ ਆਦਮੀ ਚਲਾਕੀ ਨਾਲ ਅਨੈਤਿਕਤਾ ਨੂੰ ਅੱਗੇ ਵਧਾ ਰਹੇ ਸਨ। ਅਤੇ ਉਨ੍ਹਾਂ ਨੇ ‘ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾਉਂਦੇ ਹੋਏ’ ਚਲਾਕੀ ਨਾਲ ਆਪਣੇ ਕੰਮਾਂ ਨੂੰ ਜਾਇਜ਼ ਠਹਿਰਾਇਆ। (ਯਹੂਦਾਹ 4) ਸ਼ਾਇਦ, ਕੁਝ ਪ੍ਰਾਚੀਨ ਨੌਸਟਿਕਵਾਦੀਆਂ ਦੀ ਤਰ੍ਹਾਂ, ਉਨ੍ਹਾਂ ਨੇ ਤਰਕ ਕੀਤਾ ਕਿ ਇਕ ਵਿਅਕਤੀ ਜਿੰਨਾ ਪਾਪ ਕਰੇਗਾ, ਉਹ ਉੱਨਾ ਹੀ ਜ਼ਿਆਦਾ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰ ਸਕਦਾ ਹੈ—ਇਸ ਲਈ, ਅਸਲ ਵਿਚ, ਜ਼ਿਆਦਾ ਪਾਪ ਕਰਨਾ ਬਿਹਤਰ ਸੀ! ਜਾਂ ਸ਼ਾਇਦ ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਇਕ ਦਿਆਲੂ ਪਰਮੇਸ਼ੁਰ ਕਦੀ ਵੀ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੇਗਾ। ਉਨ੍ਹਾਂ ਦੀ ਸੋਚਣੀ ਭਾਵੇਂ ਜੋ ਵੀ ਸੀ, ਉਹ ਗ਼ਲਤ ਸਨ।—1 ਕੁਰਿੰਥੀਆਂ 3:19.
4. ਯਹੂਦਾਹ ਸ਼ਾਸਤਰ ਵਿੱਚੋਂ ਯਹੋਵਾਹ ਦੇ ਬੀਤੇ ਸਮੇਂ ਦੇ ਨਿਆਉਂ ਦੀਆਂ ਕਿਹੜੀਆਂ ਤਿੰਨ ਉਦਾਹਰਣਾਂ ਦਾ ਹਵਾਲਾ ਦਿੰਦਾ ਹੈ?
4 ਯਹੂਦਾਹ ਯਹੋਵਾਹ ਦੇ ਬੀਤੇ ਸਮੇਂ ਦੇ ਨਿਆਉਂ ਦੀਆਂ ਤਿੰਨ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਦੁਸ਼ਟ ਤਰਕਾਂ ਦਾ ਖੰਡਨ ਕਰਦਾ ਹੈ। ਨਿਆਉਂ ਦੀਆਂ ਇਹ ਤਿੰਨ ਉਦਾਹਰਣਾਂ ਸਨ: ਇਸਰਾਏਲੀਆਂ ਦੇ ਵਿਰੁੱਧ ਜਿਨ੍ਹਾਂ ਨੇ “ਪਰਤੀਤ ਨਾ ਕੀਤੀ”; ਉਨ੍ਹਾਂ “ਦੂਤਾਂ” ਦੇ ਵਿਰੁੱਧ ਜਿਨ੍ਹਾਂ ਨੇ ਤੀਵੀਆਂ ਨਾਲ ਪਾਪ ਕਰਨ ਲਈ “ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ”; ਅਤੇ ਸਦੂਮ ਤੇ ਅਮੂਰਾਹ ਦੇ ਨਿਵਾਸੀਆਂ ਦੇ ਵਿਰੁੱਧ ਜਿਨ੍ਹਾਂ ਨੇ ‘ਹਰਾਮਕਾਰੀ ਕੀਤੀ’ ਅਤੇ ਜੋ ‘ਪਰਾਏ ਸਰੀਰ ਦੇ ਮਗਰ ਲੱਗੇ’ ਸਨ। (ਯਹੂਦਾਹ 5-7; ਉਤਪਤ 6:2-4; 19:4-25; ਗਿਣਤੀ 14:35) ਇਨ੍ਹਾਂ ਸਾਰੇ ਮਾਮਲਿਆਂ ਵਿਚ, ਯਹੋਵਾਹ ਨੇ ਪਾਪੀਆਂ ਦਾ ਜ਼ਬਰਦਸਤ ਨਿਆਉਂ ਕੀਤਾ।
5. ਯਹੂਦਾਹ ਕਿਸ ਪ੍ਰਾਚੀਨ ਨਬੀ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਅਤੇ ਇਹ ਭਵਿੱਖਬਾਣੀ ਆਪਣੀ ਪੂਰਤੀ ਦੀ ਪੂਰਣ ਨਿਸ਼ਚਿਤਤਾ ਨੂੰ ਕਿਵੇਂ ਪ੍ਰਗਟ ਕਰਦੀ ਹੈ?
5 ਬਾਅਦ ਵਿਚ, ਯਹੂਦਾਹ ਇਕ ਜ਼ਿਆਦਾ ਵਿਆਪਕ ਨਿਆਉਂ ਦਾ ਜ਼ਿਕਰ ਕਰਦਾ ਹੈ। ਉਹ ਹਨੋਕ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ ਜੋ ਪ੍ਰੇਰਿਤ ਸ਼ਾਸਤਰ ਵਿਚ ਹੋਰ ਕਿਤੇ ਵੀ ਨਹੀਂ ਪਾਈ ਜਾਂਦੀ ਹੈ।a (ਯਹੂਦਾਹ 14, 15) ਹਨੋਕ ਨੇ ਇਕ ਅਜਿਹੇ ਸਮੇਂ ਬਾਰੇ ਪਹਿਲਾਂ ਤੋਂ ਹੀ ਦੱਸਿਆ ਸੀ ਜਦੋਂ ਯਹੋਵਾਹ ਸਾਰੇ ਅਧਰਮੀਆਂ ਦਾ ਅਤੇ ਉਨ੍ਹਾਂ ਦੇ ਅਧਰਮੀ ਕੰਮਾਂ ਦਾ ਨਿਆਉਂ ਕਰੇਗਾ। ਦਿਲਚਸਪੀ ਦੀ ਗੱਲ ਹੈ ਕਿ ਹਨੋਕ ਨੇ ਭੂਤਕਾਲ ਵਿਚ ਗੱਲ ਕੀਤੀ, ਕਿਉਂਕਿ ਪਰਮੇਸ਼ੁਰ ਦਾ ਨਿਆਉਂ ਇੰਨਾ ਯਕੀਨੀ ਸੀ ਮਾਨੋ ਉਹ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ। ਲੋਕਾਂ ਨੇ ਸ਼ਾਇਦ ਹਨੋਕ ਦਾ ਅਤੇ ਬਾਅਦ ਵਿਚ ਨੂਹ ਦਾ ਮਜ਼ਾਕ ਉਡਾਇਆ ਹੋਵੇ, ਪਰੰਤੂ ਅਜਿਹੇ ਸਾਰੇ ਮਜ਼ਾਕ ਉਡਾਉਣ ਵਾਲੇ ਵਿਸ਼ਵ-ਵਿਆਪੀ ਜਲ-ਪਰਲੋ ਵਿਚ ਡੁੱਬ ਗਏ।
6. (ੳ) ਯਹੂਦਾਹ ਦੇ ਦਿਨਾਂ ਵਿਚ ਮਸੀਹੀਆਂ ਨੂੰ ਕਿਸ ਬਾਰੇ ਚੇਤੇ ਕਰਵਾਉਣ ਦੀ ਲੋੜ ਸੀ? (ਅ) ਸਾਨੂੰ ਯਹੂਦਾਹ ਦੀਆਂ ਯਾਦ-ਦਹਾਨੀਆਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
6 ਯਹੂਦਾਹ ਨੇ ਇਨ੍ਹਾਂ ਈਸ਼ਵਰੀ ਨਿਆਵਾਂ ਬਾਰੇ ਕਿਉਂ ਲਿਖਿਆ? ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਦਿਨਾਂ ਵਿਚ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਣ ਵਾਲੇ ਕੁਝ ਵਿਅਕਤੀ ਉਸੇ ਤਰ੍ਹਾਂ ਦੇ ਘਿਣਾਉਣੇ ਅਤੇ ਨਿੰਦਣਯੋਗ ਪਾਪ ਕਰ ਰਹੇ ਸਨ ਜਿਨ੍ਹਾਂ ਕਾਰਨ ਪ੍ਰਾਚੀਨ ਨਿਆਉਂ ਭੜਕੇ ਸਨ। ਇਸ ਲਈ, ਯਹੂਦਾਹ ਲਿਖਦਾ ਹੈ ਕਿ ਕਲੀਸਿਯਾਵਾਂ ਨੂੰ ਕੁਝ ਬੁਨਿਆਦੀ ਅਧਿਆਤਮਿਕ ਸੱਚਾਈਆਂ ਬਾਰੇ ਚੇਤੇ ਕਰਵਾਉਣ ਦੀ ਲੋੜ ਸੀ। (ਯਹੂਦਾਹ 5) ਉਹ ਸਪੱਸ਼ਟ ਤੌਰ ਤੇ ਭੁੱਲ ਗਏ ਸਨ ਕਿ ਯਹੋਵਾਹ ਉਨ੍ਹਾਂ ਦੇ ਕੰਮਾਂ ਨੂੰ ਦੇਖ ਰਿਹਾ ਸੀ। ਜੀ ਹਾਂ, ਜਦੋਂ ਉਸ ਦੇ ਸੇਵਕ ਜਾਣ-ਬੁੱਝ ਕੇ ਉਸ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਅਤੇ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਪਲੀਤ ਕਰਦੇ ਹਨ, ਤਾਂ ਉਹ ਦੇਖਦਾ ਹੈ। (ਕਹਾਉਤਾਂ 15:3) ਅਜਿਹੇ ਕੰਮਾਂ ਕਾਰਨ ਉਸ ਨੂੰ ਬਹੁਤ ਦੁੱਖ ਹੁੰਦਾ ਹੈ। (ਉਤਪਤ 6:6; ਜ਼ਬੂਰ 78:40) ਇਹ ਇਕ ਅਸਚਰਜ ਗੱਲ ਹੈ ਕਿ ਅਸੀਂ ਮਹਿਜ਼ ਇਨਸਾਨ ਇਸ ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਦੀਆਂ ਭਾਵਨਾਵਾਂ ਉੱਤੇ ਅਸਰ ਪਾ ਸਕਦੇ ਹਾਂ। ਉਹ ਹਰ ਰੋਜ਼ ਸਾਨੂੰ ਦੇਖਦਾ ਹੈ, ਅਤੇ ਜਦੋਂ ਅਸੀਂ ਉਸ ਦੇ ਪੁੱਤਰ, ਯਿਸੂ ਮਸੀਹ, ਦੇ ਕਦਮਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡਾ ਆਚਰਣ ਉਸ ਨੂੰ ਆਨੰਦਿਤ ਕਰਦਾ ਹੈ। ਤਾਂ ਫਿਰ, ਆਓ ਅਸੀਂ ਯਹੂਦਾਹ ਦੁਆਰਾ ਪੇਸ਼ ਕੀਤੀਆਂ ਗਈਆਂ ਅਜਿਹੀਆਂ ਯਾਦ-ਦਹਾਨੀਆਂ ਕਰਕੇ ਕਦੀ ਵੀ ਬੁਰਾ ਨਾ ਮਨਾਈਏ, ਬਲਕਿ ਉਨ੍ਹਾਂ ਵੱਲ ਧਿਆਨ ਦੇਈਏ।—ਕਹਾਉਤਾਂ 27:11; 1 ਪਤਰਸ 2:21.
7. (ੳ) ਗੰਭੀਰ ਪਾਪ ਵਿਚ ਲੱਗੇ ਵਿਅਕਤੀਆਂ ਲਈ ਤੁਰੰਤ ਮਦਦ ਲੈਣੀ ਕਿਉਂ ਜ਼ਰੂਰੀ ਹੈ? (ਅ) ਅਸੀਂ ਸਾਰੇ ਅਨੈਤਿਕਤਾ ਤੋਂ ਕਿਵੇਂ ਬਚ ਸਕਦੇ ਹਾਂ?
7 ਯਹੋਵਾਹ ਸਿਰਫ਼ ਦੇਖਦਾ ਹੀ ਨਹੀਂ, ਬਲਕਿ ਉਹ ਕਾਰਵਾਈ ਵੀ ਕਰਦਾ ਹੈ। ਨਿਆਉਂ ਦਾ ਪਰਮੇਸ਼ੁਰ ਹੋਣ ਦੇ ਨਾਤੇ, ਉਹ ਕਦੀ ਨਾ ਕਦੀ ਬੁਰਿਆਂ ਲੋਕਾਂ ਨੂੰ ਸਜ਼ਾ ਦਿੰਦਾ ਹੈ। (1 ਤਿਮੋਥਿਉਸ 5:24) ਜਿਹੜੇ ਤਰਕ ਕਰਦੇ ਹਨ ਕਿ ਉਸ ਦੇ ਨਿਆਉਂ ਸਿਰਫ਼ ਪ੍ਰਾਚੀਨ ਇਤਿਹਾਸ ਹਨ ਅਤੇ ਕਿ ਉਹ ਉਨ੍ਹਾਂ ਦੇ ਬੁਰੇ ਕੰਮਾਂ ਦੀ ਪਰਵਾਹ ਨਹੀਂ ਕਰਦਾ ਹੈ, ਉਹ ਸਿਰਫ਼ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਅੱਜ ਅਨੈਤਿਕਤਾ ਵਿਚ ਲੱਗੇ ਕਿਸੇ ਵੀ ਵਿਅਕਤੀ ਲਈ ਤੁਰੰਤ ਮਸੀਹੀ ਬਜ਼ੁਰਗਾਂ ਤੋਂ ਮਦਦ ਲੈਣੀ ਕਿੰਨੀ ਹੀ ਜ਼ਰੂਰੀ ਹੈ! (ਯਾਕੂਬ 5:14, 15) ਅਸੀਂ ਸਾਰੇ ਆਪਣੀ ਅਧਿਆਤਮਿਕ ਲੜਾਈ ਵਿਚ ਅਨੈਤਿਕਤਾ ਦੇ ਖ਼ਤਰੇ ਨੂੰ ਗੰਭੀਰਤਾ ਨਾਲ ਲੈ ਸਕਦੇ ਹਾਂ। ਹਰ ਸਾਲ ਲੋਕ ਜ਼ਖ਼ਮੀ ਹੁੰਦੇ ਹਨ—ਅਜਿਹੇ ਵਿਅਕਤੀ ਜਿਨ੍ਹਾਂ ਨੂੰ ਸਾਡੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਬਿਨਾਂ ਪਸ਼ਚਾਤਾਪ ਦੇ ਅਨੈਤਿਕ ਕੰਮ ਕਰਨ ਲਈ ਛੇਕੇ ਗਏ ਹਨ। ਸਾਨੂੰ ਸਾਰਿਆਂ ਨੂੰ ਅਜਿਹੇ ਕਿਸੇ ਵੀ ਪਰਤਾਵੇ ਦਾ ਵਿਰੋਧ ਕਰਨ ਲਈ ਦ੍ਰਿੜ੍ਹ ਇਰਾਦਾ ਕਰਨਾ ਚਾਹੀਦਾ ਹੈ ਜੋ ਸਾਨੂੰ ਅਨੈਤਿਕਤਾ ਵੱਲ ਲੈ ਜਾਣਾ ਸ਼ੁਰੂ ਕਰਦਾ ਹੈ।—ਤੁਲਨਾ ਕਰੋ ਮੱਤੀ 26:41.
ਪਰਮੇਸ਼ੁਰ ਦੁਆਰਾ ਸਥਾਪਿਤ ਅਧਿਕਾਰ ਦਾ ਆਦਰ ਕਰੋ
8. ਯਹੂਦਾਹ 8 ਵਿਚ ਜ਼ਿਕਰ ਕੀਤੇ ਗਏ ‘ਪਰਤਾਪ ਵਾਲੇ’ ਕੌਣ ਸਨ?
8 ਇਕ ਹੋਰ ਸਮੱਸਿਆ ਜਿਸ ਦਾ ਯਹੂਦਾਹ ਜ਼ਿਕਰ ਕਰਦਾ ਹੈ, ਉਹ ਹੈ ਪਰਮੇਸ਼ੁਰ ਦੁਆਰਾ ਸਥਾਪਿਤ ਅਧਿਕਾਰ ਲਈ ਆਦਰ ਦੀ ਘਾਟ। ਉਦਾਹਰਣ ਲਈ, ਆਇਤ 8 ਵਿਚ, ਉਹ ਉਨ੍ਹਾਂ ਹੀ ਦੁਸ਼ਟ ਵਿਅਕਤੀਆਂ ਉੱਤੇ ‘ਪਰਤਾਪ ਵਾਲਿਆਂ ਦੀ ਨਿੰਦਿਆ ਕਰਨ’ ਦਾ ਦੋਸ਼ ਲਗਾਉਂਦਾ ਹੈ। ਇਹ ‘ਪਰਤਾਪ ਵਾਲੇ’ ਕੌਣ ਸਨ? ਇਹ ਅਪੂਰਣ ਮਨੁੱਖ ਸਨ, ਪਰੰਤੂ ਇਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਦੁਆਰਾ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਉਦਾਹਰਣ ਲਈ, ਕਲੀਸਿਯਾ ਵਿਚ ਬਜ਼ੁਰਗ ਸਨ, ਜਿਨ੍ਹਾਂ ਨੂੰ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। (1 ਪਤਰਸ 5:2) ਸਫ਼ਰੀ ਨਿਗਾਹਬਾਨ ਵੀ ਸਨ, ਜਿਵੇਂ ਕਿ ਪੌਲੁਸ ਰਸੂਲ। ਅਤੇ ਯਰੂਸ਼ਲਮ ਵਿਚ ਬਜ਼ੁਰਗਾਂ ਦਾ ਸਮੂਹ ਪ੍ਰਬੰਧਕ ਸਭਾ ਵਜੋਂ ਕੰਮ ਕਰਦਾ ਸੀ ਅਤੇ ਅਜਿਹੇ ਫ਼ੈਸਲੇ ਕਰਦਾ ਸੀ ਜੋ ਸਮੁੱਚੇ ਤੌਰ ਤੇ ਮਸੀਹੀ ਕਲੀਸਿਯਾ ਉੱਤੇ ਅਸਰ ਪਾਉਂਦੇ ਸਨ। (ਰਸੂਲਾਂ ਦੇ ਕਰਤੱਬ 15:6) ਯਹੂਦਾਹ ਇਸ ਬਾਰੇ ਬਹੁਤ ਚਿੰਤਾ ਕਰਦਾ ਸੀ ਕਿ ਕਲੀਸਿਯਾਵਾਂ ਵਿਚ ਕੁਝ ਵਿਅਕਤੀ ਅਜਿਹੇ ਆਦਮੀਆਂ ਦੀ ਨਿੰਦਿਆ ਕਰ ਰਹੇ ਸਨ, ਜਾਂ ਉਨ੍ਹਾਂ ਵਿਰੁੱਧ ਕੁਫ਼ਰ ਬਕ ਰਹੇ ਸਨ।
9. ਯਹੂਦਾਹ ਅਧਿਕਾਰ ਪ੍ਰਤੀ ਨਿਰਾਦਰ ਦੇ ਸੰਬੰਧ ਵਿਚ ਕਿਹੜੀਆਂ ਉਦਾਹਰਣਾਂ ਦਾ ਹਵਾਲਾ ਦਿੰਦਾ ਹੈ?
9 ਯਹੂਦਾਹ ਨਿਰਾਦਰ ਦੀਆਂ ਅਜਿਹੀਆਂ ਗੱਲਾਂ ਦਾ ਖੰਡਨ ਕਰਨ ਲਈ, ਆਇਤ 11 ਵਿਚ ਯਾਦ-ਦਹਾਨੀਆਂ ਵਜੋਂ ਤਿੰਨ ਹੋਰ ਉਦਾਹਰਣਾਂ ਦਾ ਹਵਾਲਾ ਦਿੰਦਾ ਹੈ: ਕਇਨ, ਬਿਲਆਮ, ਅਤੇ ਕੋਰਹ। ਕਇਨ ਨੇ ਯਹੋਵਾਹ ਦੀ ਪ੍ਰੇਮਮਈ ਸਲਾਹ ਨੂੰ ਅਣਡਿੱਠ ਕੀਤਾ ਅਤੇ ਜਾਣ-ਬੁੱਝ ਕੇ ਖ਼ੂਨੀ ਨਫ਼ਰਤ ਦੇ ਰਾਹ ਉੱਤੇ ਚੱਲਦਾ ਗਿਆ। (ਉਤਪਤ 4:4-8) ਬਿਲਆਮ ਨੂੰ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਗਈਆਂ ਜੋ ਕਿ ਬਿਨਾਂ ਸ਼ੱਕ ਅਲੌਕਿਕ ਸੋਮੇ ਤੋਂ ਸਨ—ਉਸ ਦੀ ਗਧੀ ਨੇ ਵੀ ਉਸ ਨਾਲ ਗੱਲ ਕੀਤੀ ਸੀ! ਪਰੰਤੂ ਬਿਲਆਮ ਆਪਣੇ ਸੁਆਰਥ ਲਈ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਸਾਜ਼ਸ਼ ਘੜਦਾ ਰਿਹਾ। (ਗਿਣਤੀ 22:28, 32-34; ਬਿਵਸਥਾ ਸਾਰ 23:5) ਕੋਰਹ ਦੀ ਜ਼ਿੰਮੇਵਾਰੀ ਦੀ ਪਦਵੀ ਸੀ, ਪਰੰਤੂ ਇਸ ਤੋਂ ਉਹ ਸੰਤੁਸ਼ਟ ਨਹੀਂ ਸੀ। ਉਸ ਨੇ ਧਰਤੀ ਉੱਤੇ ਸਭ ਤੋਂ ਅਧੀਨ ਆਦਮੀ, ਮੂਸਾ, ਦੇ ਵਿਰੁੱਧ ਬਗਾਵਤ ਭੜਕਾਈ।—ਗਿਣਤੀ 12:3; 16:1-3, 32.
10. ਅੱਜ ਕੁਝ ਵਿਅਕਤੀ ਕਿਵੇਂ ‘ਪਰਤਾਪ ਵਾਲਿਆਂ ਦੀ ਨਿੰਦਿਆ ਕਰਨ’ ਦੇ ਫੰਦੇ ਵਿਚ ਫੱਸ ਸਕਦੇ ਹਨ, ਅਤੇ ਅਜਿਹੀਆਂ ਗੱਲਾਂ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ?
10 ਇਹ ਉਦਾਹਰਣਾਂ ਸਾਨੂੰ ਕਿੰਨੇ ਸਪੱਸ਼ਟ ਤਰੀਕੇ ਨਾਲ ਸਿਖਾਉਂਦੀਆਂ ਹਨ ਕਿ ਸਾਨੂੰ ਸਲਾਹ ਮੰਨਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਜ਼ਿੰਮੇਵਾਰੀ ਦੀ ਪਦਵੀ ਤੇ ਇਸਤੇਮਾਲ ਕਰਦਾ ਹੈ! (ਇਬਰਾਨੀਆਂ 13:17) ਨਿਯੁਕਤ ਬਜ਼ੁਰਗਾਂ ਵਿਚ ਨੁਕਸ ਲੱਭਣੇ ਬਹੁਤ ਆਸਾਨ ਹੁੰਦੇ ਹਨ, ਕਿਉਂਕਿ ਉਹ ਵੀ ਸਾਡੇ ਸਾਰਿਆਂ ਵਾਂਗ ਅਪੂਰਣ ਹਨ। ਪਰੰਤੂ ਜੇਕਰ ਅਸੀਂ ਉਨ੍ਹਾਂ ਦੇ ਨੁਕਸਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਅਤੇ ਦੂਸਰਿਆਂ ਦਾ ਉਨ੍ਹਾਂ ਲਈ ਆਦਰ ਘਟਾਉਂਦੇ ਹਾਂ, ਤਾਂ ਕੀ ਅਸੀਂ “ਪਰਤਾਪ ਵਾਲਿਆਂ ਦੀ ਨਿੰਦਿਆ” ਨਹੀਂ ਕਰ ਰਹੇ ਹੋਵਾਂਗੇ? ਆਇਤ 10 ਵਿਚ, ਯਹੂਦਾਹ ਉਨ੍ਹਾਂ ਵਿਅਕਤੀਆਂ ਦਾ ਜ਼ਿਕਰ ਕਰਦਾ ਹੈ ਜਿਹੜੇ “ਜੋ ਕੁਝ ਓਹ ਜਾਣਦੇ ਹੀ ਨਹੀਂ ਉਹ ਦੇ ਵਿਖੇ ਕੁਫ਼ਰ ਬਕਦੇ ਹਨ।” ਸਮੇਂ-ਸਮੇਂ ਤੇ, ਕੁਝ ਵਿਅਕਤੀ ਬਜ਼ੁਰਗਾਂ ਦੇ ਸਮੂਹ ਜਾਂ ਨਿਆਇਕ ਸਮਿਤੀ ਦੁਆਰਾ ਕੀਤੇ ਗਏ ਫ਼ੈਸਲੇ ਦੀ ਆਲੋਚਨਾ ਕਰਨਗੇ। ਪਰੰਤੂ, ਉਹ ਉਨ੍ਹਾਂ ਸਾਰੇ ਵੇਰਵਿਆਂ ਬਾਰੇ ਨਹੀਂ ਜਾਣਦੇ ਜਿਨ੍ਹਾਂ ਉੱਤੇ ਬਜ਼ੁਰਗਾਂ ਨੂੰ ਫ਼ੈਸਲਾ ਲੈਣ ਲਈ ਵਿਚਾਰ ਕਰਨਾ ਪਿਆ ਸੀ। ਤਾਂ ਫਿਰ, ਜਿਨ੍ਹਾਂ ਗੱਲਾਂ ਬਾਰੇ ਉਹ ਜਾਣਦੇ ਹੀ ਨਹੀਂ ਉਨ੍ਹਾਂ ਬਾਰੇ ਉਹ ਕਿਉਂ ਕੁਫ਼ਰ ਬਕਦੇ ਹਨ? (ਕਹਾਉਤਾਂ 18:13) ਜਿਹੜੇ ਅਜਿਹੀਆਂ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਹਨ, ਉਹ ਕਲੀਸਿਯਾ ਵਿਚ ਫੁੱਟ ਪਾ ਸਕਦੇ ਹਨ ਅਤੇ ਸ਼ਾਇਦ ਉਨ੍ਹਾਂ ਦੀ ਤੁਲਨਾ ਸੰਗੀ ਵਿਸ਼ਵਾਸੀਆਂ ਦੇ ਇਕੱਠਾਂ ਵਿਚ “ਡੁੱਬੇ ਹੋਏ” ਖ਼ਤਰਨਾਕ ‘ਟਿੱਲਿਆਂ’ ਨਾਲ ਕੀਤੀ ਜਾ ਸਕਦੀ ਹੈ। (ਯਹੂਦਾਹ 12, 16, 19) ਅਸੀਂ ਕਦੀ ਵੀ ਦੂਸਰਿਆਂ ਨੂੰ ਅਧਿਆਤਮਿਕ ਖ਼ਤਰੇ ਵਿਚ ਨਹੀਂ ਪਾਉਣਾ ਚਾਹਾਂਗੇ। ਇਸ ਦੀ ਬਜਾਇ, ਆਓ ਅਸੀਂ ਸਾਰੇ ਪੱਕਾ ਇਰਾਦਾ ਕਰੀਏ ਕਿ ਅਸੀਂ ਜ਼ਿੰਮੇਵਾਰ ਆਦਮੀਆਂ ਦੀ ਸਖ਼ਤ ਮਿਹਨਤ ਅਤੇ ਪਰਮੇਸ਼ੁਰ ਦੇ ਇੱਜੜ ਲਈ ਉਨ੍ਹਾਂ ਦੀ ਲਗਨ ਲਈ ਕਦਰ ਦਿਖਾਵਾਂਗੇ।—1 ਤਿਮੋਥਿਉਸ 5:17.
11. ਮੀਕਾਏਲ ਨੇ ਮਿਹਣਾ ਮਾਰ ਕੇ ਸ਼ਤਾਨ ਉੱਤੇ ਦੋਸ਼ ਲਗਾਉਣ ਤੋਂ ਕਿਉਂ ਪਰਹੇਜ਼ ਕੀਤਾ?
11 ਯਹੂਦਾਹ ਇਕ ਅਜਿਹੇ ਵਿਅਕਤੀ ਦੀ ਉਦਾਹਰਣ ਦਿੰਦਾ ਹੈ ਜਿਸ ਨੇ ਜਾਇਜ਼ ਤੌਰ ਤੇ ਸਥਾਪਿਤ ਅਧਿਕਾਰ ਦਾ ਆਦਰ ਕੀਤਾ। ਉਹ ਲਿਖਦਾ ਹੈ: “ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ।” (ਯਹੂਦਾਹ 9) ਇਹ ਦਿਲਚਸਪ ਬਿਰਤਾਂਤ ਜੋ ਪ੍ਰੇਰਿਤ ਸ਼ਾਸਤਰ ਵਿਚ ਸਿਰਫ਼ ਯਹੂਦਾਹ ਵਿਚ ਹੀ ਪਾਇਆ ਜਾਂਦਾ ਹੈ, ਸਾਨੂੰ ਦੋ ਸਪੱਸ਼ਟ ਸਬਕ ਸਿਖਾਉਂਦਾ ਹੈ। ਇਕ ਪਾਸੇ ਇਹ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਨਿਆਉਂ ਪਰਮੇਸ਼ੁਰ ਉੱਤੇ ਛੱਡ ਦੇਣਾ ਚਾਹੀਦਾ ਹੈ। ਸਪੱਸ਼ਟ ਤੌਰ ਤੇ ਸ਼ਤਾਨ ਝੂਠੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਵਫ਼ਾਦਾਰ ਮੂਸਾ ਦੀ ਲੋਥ ਦੀ ਗ਼ਲਤ ਵਰਤੋਂ ਕਰਨਾ ਚਾਹੁੰਦਾ ਸੀ। ਕਿੰਨਾ ਦੁਸ਼ਟ! ਫਿਰ ਵੀ, ਮੀਕਾਏਲ ਨੇ ਨਿਮਰਤਾ ਸਹਿਤ ਉਸ ਉੱਤੇ ਦੋਸ਼ ਲਗਾਉਣ ਤੋਂ ਪਰਹੇਜ਼ ਕੀਤਾ, ਕਿਉਂਕਿ ਇਸ ਦਾ ਅਧਿਕਾਰ ਸਿਰਫ਼ ਯਹੋਵਾਹ ਦਾ ਸੀ। ਤਾਂ ਫਿਰ, ਸਾਨੂੰ ਕਿੰਨਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਵਫ਼ਾਦਾਰ ਆਦਮੀਆਂ ਉੱਤੇ ਦੋਸ਼ ਨਾ ਲਗਾਈਏ, ਜੋ ਯਹੋਵਾਹ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
12. ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰ ਪਦਵੀਆਂ ਵਾਲੇ ਵਿਅਕਤੀ ਮੀਕਾਏਲ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਨ?
12 ਦੂਸਰੇ ਪਾਸੇ, ਉਹ ਵਿਅਕਤੀ ਵੀ ਮੀਕਾਏਲ ਤੋਂ ਇਕ ਸਬਕ ਸਿੱਖ ਸਕਦੇ ਹਨ ਜਿਨ੍ਹਾਂ ਕੋਲ ਕਲੀਸਿਯਾ ਵਿਚ ਥੋੜ੍ਹਾ-ਬਹੁਤਾ ਅਧਿਕਾਰ ਹੈ। ਭਾਵੇਂ ਕਿ ਮੀਕਾਏਲ “ਮਹਾਂ ਦੂਤ,” ਅਰਥਾਤ ਸਾਰੇ ਦੂਤਾਂ ਦਾ ਮੁਖੀ ਸੀ, ਉਸ ਨੇ ਅਧਿਕਾਰ ਦੀ ਆਪਣੀ ਪਦਵੀ ਦੀ ਦੁਰਵਰਤੋਂ ਨਹੀਂ ਕੀਤੀ ਅਤੇ ਭੜਕਾਏ ਜਾਣ ਦੇ ਬਾਵਜੂਦ ਵੀ ਨਹੀਂ। ਵਫ਼ਾਦਾਰ ਬਜ਼ੁਰਗ ਇਸ ਉਦਾਹਰਣ ਦੀ ਧਿਆਨ ਨਾਲ ਪੈਰਵੀ ਕਰਦੇ ਹਨ, ਅਤੇ ਉਨ੍ਹਾਂ ਨੂੰ ਅਹਿਸਾਸ ਹੈ ਕਿ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨੀ ਯਹੋਵਾਹ ਦੀ ਸਰਬਸੱਤਾ ਲਈ ਅਨਾਦਰ ਦਿਖਾਉਣਾ ਹੈ। ਯਹੂਦਾਹ ਦੀ ਪੱਤਰੀ ਵਿਚ ਉਨ੍ਹਾਂ ਆਦਮੀਆਂ ਬਾਰੇ ਕਾਫ਼ੀ ਕੁਝ ਕਿਹਾ ਗਿਆ ਹੈ ਜੋ ਕਲੀਸਿਯਾ ਵਿਚ ਆਦਰ ਦੀ ਪਦਵੀ ਰੱਖਦੇ ਸਨ, ਪਰ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨ ਲੱਗ ਪਏ ਸਨ। ਉਦਾਹਰਣ ਲਈ, ਆਇਤਾਂ 12 ਤੋਂ 14 ਵਿਚ, ਯਹੂਦਾਹ ਉਨ੍ਹਾਂ ਚਰਵਾਹਿਆਂ ਦੀ ਸਖ਼ਤ ਨਿੰਦਿਆ ਕਰਦਾ ਹੈ ਜਿਹੜੇ “ਆਪਣੇ ਹੀ ਢਿੱਡ ਭਰਦੇ ਹਨ।” (ਤੁਲਨਾ ਕਰੋ ਹਿਜ਼ਕੀਏਲ 34:7-10.) ਦੂਸਰੇ ਸ਼ਬਦਾਂ ਵਿਚ, ਉਹ ਪਹਿਲਾਂ ਆਪਣਾ ਹੀ ਕੰਮ ਸੁਆਰਨਾ ਚਾਹੁੰਦੇ ਹਨ, ਨਾ ਕਿ ਯਹੋਵਾਹ ਦੇ ਇੱਜੜ ਦਾ। ਅੱਜ ਬਜ਼ੁਰਗ ਇਨ੍ਹਾਂ ਉਦਾਹਰਣਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਸੱਚ-ਮੁੱਚ, ਯਹੂਦਾਹ ਦੇ ਸ਼ਬਦ ਸਪੱਸ਼ਟ ਤੌਰ ਤੇ ਅਜਿਹੇ ਵਿਅਕਤੀ ਦਾ ਵਰਣਨ ਕਰਦੇ ਹਨ ਜੋ ਅਸੀਂ ਨਹੀਂ ਬਣਨਾ ਚਾਹੁੰਦੇ ਹਾਂ। ਜਦੋਂ ਅਸੀਂ ਸੁਆਰਥੀ ਬਣ ਜਾਂਦੇ ਹਾਂ, ਤਾਂ ਅਸੀਂ ਮਸੀਹ ਦੇ ਫ਼ੌਜੀ ਨਹੀਂ ਹੋ ਸਕਦੇ; ਅਸੀਂ ਆਪਣੇ ਹੀ ਲਾਭ ਲਈ ਲੜਨ ਵਿਚ ਰੁੱਝੇ ਰਹਿੰਦੇ ਹਾਂ। ਇਸ ਦੀ ਬਜਾਇ, ਆਓ ਅਸੀਂ ਸਾਰੇ ਯਿਸੂ ਦੇ ਸ਼ਬਦਾਂ ਅਨੁਸਾਰ ਜੀਵਨ ਬਤੀਤ ਕਰੀਏ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
“ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ”
13. ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਦੀ ਸੱਚੇ ਦਿਲੋਂ ਕਿਉਂ ਇੱਛਾ ਰੱਖਣੀ ਚਾਹੀਦੀ ਹੈ?
13 ਆਪਣੀ ਪੱਤਰੀ ਦੇ ਅੰਤ ਵਿਚ, ਯਹੂਦਾਹ ਦਿਲ ਨੂੰ ਖ਼ੁਸ਼ ਕਰ ਦੇਣ ਵਾਲੀ ਇਹ ਸਲਾਹ ਦਿੰਦਾ ਹੈ: “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ।” (ਯਹੂਦਾਹ 21) ਯਹੋਵਾਹ ਪਰਮੇਸ਼ੁਰ ਦੇ ਪ੍ਰੇਮ ਦੇ ਪਾਤਰ ਬਣੇ ਰਹਿਣਾ ਮਸੀਹੀ ਲੜਾਈ ਲੜਨ ਵਿਚ ਸਾਡੀ ਸਭ ਤੋਂ ਜ਼ਿਆਦਾ ਮਦਦ ਕਰੇਗਾ। ਆਖ਼ਰਕਾਰ, ਪ੍ਰੇਮ ਯਹੋਵਾਹ ਦਾ ਪ੍ਰਮੁੱਖ ਗੁਣ ਹੈ। (1 ਯੂਹੰਨਾ 4:8) ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (ਰੋਮੀਆਂ 8:38, 39) ਪਰੰਤੂ, ਅਸੀਂ ਉਸ ਪ੍ਰੇਮ ਵਿਚ ਕਿਵੇਂ ਕਾਇਮ ਰਹਿ ਸਕਦੇ ਹਾਂ? ਯਹੂਦਾਹ ਦੇ ਅਨੁਸਾਰ, ਤਿੰਨ ਕਦਮਾਂ ਉੱਤੇ ਧਿਆਨ ਦਿਓ ਜੋ ਅਸੀਂ ਚੁੱਕ ਸਕਦੇ ਹਾਂ।
14, 15. (ੳ) ਆਪਣੇ ਆਪ ਨੂੰ ਸਾਡੀ “ਅੱਤ ਪਵਿੱਤਰ ਨਿਹਚਾ” ਉੱਤੇ ਉਸਾਰਦੇ ਜਾਣ ਦਾ ਕੀ ਅਰਥ ਹੈ? (ਅ) ਅਸੀਂ ਆਪਣੇ ਅਧਿਆਤਮਿਕ ਸ਼ਸਤਰਾਂ ਦੀ ਹਾਲਤ ਕਿਵੇਂ ਪਰਖ ਸਕਦੇ ਹਾਂ?
14 ਪਹਿਲਾ, ਯਹੂਦਾਹ ਸਾਨੂੰ ਆਪਣੇ ਆਪ ਨੂੰ ਸਾਡੀ “ਅੱਤ ਪਵਿੱਤਰ ਨਿਹਚਾ” ਉੱਤੇ ਉਸਾਰਦੇ ਜਾਣ ਲਈ ਕਹਿੰਦਾ ਹੈ। (ਯਹੂਦਾਹ 20) ਜਿਵੇਂ ਕਿ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਇਹ ਇਕ ਜਾਰੀ ਰਹਿਣ ਵਾਲਾ ਕੰਮ ਹੈ। ਅਸੀਂ ਉਨ੍ਹਾਂ ਇਮਾਰਤਾਂ ਦੀ ਤਰ੍ਹਾਂ ਹਾਂ ਜਿਨ੍ਹਾਂ ਨੂੰ ਖ਼ਰਾਬ ਹੁੰਦੀਆਂ ਜਾ ਰਹੀਆਂ ਹਨੇਰੀਆਂ ਦੇ ਵਿਰੁੱਧ ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ। (ਤੁਲਨਾ ਕਰੋ ਮੱਤੀ 7:24, 25.) ਇਸ ਲਈ ਆਓ ਅਸੀਂ ਕਦੀ ਵੀ ਜ਼ਿਆਦਾ ਆਤਮ-ਵਿਸ਼ਵਾਸੀ ਨਾ ਬਣੀਏ। ਇਸ ਦੀ ਬਜਾਇ, ਆਓ ਅਸੀਂ ਦੇਖੀਏ ਕਿ ਅਸੀਂ ਆਪਣੀ ਨਿਹਚਾ ਦੀ ਨੀਂਹ ਉੱਤੇ ਕਿੱਥੇ ਆਪਣੇ ਆਪ ਨੂੰ ਉਸਾਰ ਸਕਦੇ ਹਾਂ, ਅਤੇ ਮਸੀਹ ਦੇ ਜ਼ਿਆਦਾ ਤਾਕਤਵਰ, ਅਤੇ ਜ਼ਿਆਦਾ ਵਫ਼ਾਦਾਰ ਫ਼ੌਜੀ ਬਣ ਸਕਦੇ ਹਾਂ। ਉਦਾਹਰਣ ਲਈ, ਅਸੀਂ ਅਫ਼ਸੀਆਂ 6:11-18 ਵਿਚ ਵਰਣਨ ਕੀਤੇ ਗਏ ਅਧਿਆਤਮਿਕ ਸ਼ਸਤਰਾਂ ਉੱਤੇ ਵਿਚਾਰ ਕਰ ਸਕਦੇ ਹਾਂ।
15 ਸਾਡੇ ਆਪਣੇ ਅਧਿਆਤਮਿਕ ਸ਼ਸਤਰਾਂ ਦੀ ਕੀ ਹਾਲਤ ਹੈ? ਕੀ ਸਾਡੀ “ਨਿਹਚਾ ਦੀ ਢਾਲ” ਉੱਨੀ ਮਜ਼ਬੂਤ ਹੈ ਜਿੰਨੀ ਕਿ ਹੋਣੀ ਚਾਹੀਦੀ ਹੈ? ਜਦੋਂ ਅਸੀਂ ਪਿੱਛਲੇ ਕੁਝ ਸਾਲਾਂ ਉੱਤੇ ਨਜ਼ਰ ਮਾਰਦੇ ਹਾਂ, ਤਾਂ ਕੀ ਅਸੀਂ ਢਿੱਲੇ ਹੋਣ ਦੇ ਕੁਝ ਲੱਛਣ ਦੇਖਦੇ ਹਾਂ, ਜਿਵੇਂ ਕਿ ਸਭਾਵਾਂ ਵਿਚ ਘੱਟ ਹਾਜ਼ਰੀ, ਸੇਵਕਾਈ ਵਿਚ ਘੱਟ ਜੋਸ਼, ਜਾਂ ਵਿਅਕਤੀਗਤ ਅਧਿਐਨ ਲਈ ਘੱਟ ਉਤਸ਼ਾਹ? ਅਜਿਹੇ ਲੱਛਣ ਗੰਭੀਰ ਹਨ! ਸਾਨੂੰ ਸੱਚਾਈ ਵਿਚ ਆਪਣੇ ਆਪ ਨੂੰ ਉਸਾਰਨ ਲਈ ਅਤੇ ਮਜ਼ਬੂਤ ਕਰਨ ਲਈ ਹੁਣ ਕਦਮ ਚੁੱਕਣ ਦੀ ਲੋੜ ਹੈ।—1 ਤਿਮੋਥਿਉਸ 4:15; 2 ਤਿਮੋਥਿਉਸ 4:2; ਇਬਰਾਨੀਆਂ 10:24, 25.
16. ਪਵਿੱਤਰ ਆਤਮਾ ਵਿਚ ਪ੍ਰਾਰਥਨਾ ਕਰਨ ਦਾ ਕੀ ਅਰਥ ਹੈ, ਅਤੇ ਸਾਨੂੰ ਯਹੋਵਾਹ ਤੋਂ ਕਿਹੜੀ ਚੀਜ਼ ਬਾਕਾਇਦਾ ਮੰਗਣੀ ਚਾਹੀਦੀ ਹੈ?
16 ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਦਾ ਦੂਜਾ ਤਰੀਕਾ ਹੈ “ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ” ਰਹਿਣਾ। (ਯਹੂਦਾਹ 20) ਇਸ ਦਾ ਮਤਲਬ ਹੈ ਯਹੋਵਾਹ ਦੀ ਆਤਮਾ ਦੇ ਪ੍ਰਭਾਵ ਅਧੀਨ ਅਤੇ ਉਸ ਦੇ ਆਤਮਾ-ਪ੍ਰੇਰਿਤ ਬਚਨ ਅਨੁਸਾਰ ਪ੍ਰਾਰਥਨਾ ਕਰਨਾ। ਪ੍ਰਾਰਥਨਾ ਵਿਅਕਤੀਗਤ ਤੌਰ ਤੇ ਯਹੋਵਾਹ ਦੇ ਨੇੜੇ ਜਾਣ ਅਤੇ ਉਸ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕਰਨ ਦਾ ਇਕ ਮਹੱਤਵਪੂਰਣ ਜ਼ਰੀਆ ਹੈ। ਸਾਨੂੰ ਕਦੀ ਵੀ ਇਸ ਅਦਭੁਤ ਵਿਸ਼ੇਸ਼-ਸਨਮਾਨ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ! ਅਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਪਵਿੱਤਰ ਆਤਮਾ ਮੰਗ ਸਕਦੇ ਹਾਂ—ਅਸਲ ਵਿਚ, ਮੰਗਦੇ ਰਹਿ ਸਕਦੇ ਹਾਂ। (ਲੂਕਾ 11:13) ਇਹ ਸਾਡੇ ਲਈ ਉਪਲਬਧ ਸਭ ਤੋਂ ਸ਼ਕਤੀਸ਼ਾਲੀ ਤਾਕਤ ਹੈ। ਅਜਿਹੀ ਮਦਦ ਨਾਲ, ਅਸੀਂ ਹਮੇਸ਼ਾ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿ ਸਕਦੇ ਹਾਂ ਅਤੇ ਮਸੀਹ ਦੇ ਫ਼ੌਜੀਆਂ ਵਜੋਂ ਸਹਿਣ ਕਰ ਸਕਦੇ ਹਾਂ।
17. (ੳ) ਦਇਆ ਦੇ ਮਾਮਲੇ ਵਿਚ ਯਹੂਦਾਹ ਦੀ ਉਦਾਹਰਣ ਕਿਉਂ ਮਾਅਰਕੇ ਦੀ ਹੈ? (ਅ) ਅਸੀਂ ਸਾਰੇ ਕਿਵੇਂ ਦਇਆ ਦਿਖਾਉਂਦੇ ਰਹਿ ਸਕਦੇ ਹਾਂ?
17 ਤੀਜਾ, ਯਹੂਦਾਹ ਸਾਨੂੰ ਦਇਆ ਦਿਖਾਉਂਦੇ ਰਹਿਣ ਲਈ ਤਾਕੀਦ ਕਰਦਾ ਹੈ। (ਯਹੂਦਾਹ 22) ਇਸ ਸੰਬੰਧ ਵਿਚ ਉਸ ਦੀ ਆਪਣੀ ਉਦਾਹਰਣ ਮਾਅਰਕੇ ਦੀ ਹੈ। ਆਖ਼ਰਕਾਰ, ਮਸੀਹੀ ਕਲੀਸਿਯਾ ਵਿਚ ਹੌਲੀ-ਹੌਲੀ ਭ੍ਰਿਸ਼ਟਾਚਾਰ, ਅਨੈਤਿਕਤਾ, ਅਤੇ ਧਰਮ-ਤਿਆਗ ਦੇ ਦਾਖ਼ਲ ਹੋਣ ਤੇ ਉਸ ਦਾ ਪਰੇਸ਼ਾਨ ਹੋਣਾ ਜਾਇਜ਼ ਸੀ। ਫਿਰ ਵੀ, ਉਹ ਭੈਭੀਤ ਨਹੀਂ ਹੋਇਆ, ਅਤੇ ਨਾ ਹੀ ਉਸ ਨੇ ਇਹ ਸੋਚ ਅਪਣਾਈ ਕਿ ਦਇਆ ਵਰਗੇ “ਕੋਮਲ” ਗੁਣ ਨੂੰ ਦਿਖਾਉਣ ਲਈ ਸਮਾਂ ਬਹੁਤ ਹੀ ਖ਼ਤਰਨਾਕ ਹੈ। ਨਹੀਂ, ਉਸ ਨੇ ਆਪਣੇ ਭਰਾਵਾਂ ਨੂੰ ਤਾਕੀਦ ਕੀਤੀ ਕਿ ਜਦੋਂ ਸੰਭਵ ਹੋਵੇ ਉਦੋਂ ਉਹ ਦਇਆ ਦਿਖਾਉਂਦੇ ਰਹਿਣ, ਯਾਨੀ ਕਿ ਦੁਬਿਧਾ ਵਿਚ ਪਏ ਹੋਇਆਂ ਨਾਲ ਨਰਮੀ ਨਾਲ ਤਰਕ ਕਰਨ ਅਤੇ ਜੋ ਗੰਭੀਰ ਪਾਪ ਕਰਨ ਦੇ ਖ਼ਤਰੇ ਵਿਚ ਹਨ ਉਨ੍ਹਾਂ ਨੂੰ ‘ਅੱਗ ਵਿੱਚੋਂ ਧੂ ਖਿੱਚਣ।’ (ਯਹੂਦਾਹ 23; ਗਲਾਤੀਆਂ 6:1) ਇਨ੍ਹਾਂ ਮੁਸ਼ਕਲ ਸਮਿਆਂ ਵਿਚ ਬਜ਼ੁਰਗਾਂ ਲਈ ਕਿੰਨਾ ਵਧੀਆ ਉਪਦੇਸ਼! ਉਹ ਵੀ ਜਿੱਥੇ ਸੰਭਵ ਹੁੰਦਾ ਹੈ ਦਇਆ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਲੋੜ ਪੈਣ ਤੇ ਸਖ਼ਤੀ ਵੀ ਦਿਖਾਉਂਦੇ ਹਨ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਵੀ ਇਕ ਦੂਸਰੇ ਲਈ ਦਇਆ ਦਿਖਾਉਣੀ ਚਾਹੀਦੀ ਹੈ। ਉਦਾਹਰਣ ਲਈ, ਛੋਟੀਆਂ-ਛੋਟੀਆਂ ਗੱਲਾਂ ਤੇ ਖਾਰ ਖਾਣ ਦੀ ਬਜਾਇ, ਅਸੀਂ ਖੁੱਲ੍ਹੇ-ਦਿਲ ਨਾਲ ਮਾਫ਼ ਕਰ ਸਕਦੇ ਹਾਂ।—ਕੁਲੁੱਸੀਆਂ 3:13.
18. ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਸਾਡੀ ਅਧਿਆਤਮਿਕ ਲੜਾਈ ਵਿਚ ਜਿੱਤ ਸਾਡੀ ਹੀ ਹੋਵੇਗੀ?
18 ਅਸੀਂ ਜੋ ਲੜਾਈ ਲੜ ਰਹੇ ਹਾਂ, ਉਹ ਸੌਖੀ ਨਹੀਂ ਹੈ। ਜਿਵੇਂ ਕਿ ਯਹੂਦਾਹ ਕਹਿੰਦਾ ਹੈ, ਇਹ ਇਕ “ਸਖ਼ਤ ਲੜਾਈ” ਹੈ। (ਯਹੂਦਾਹ 3) ਸਾਡੇ ਵੈਰੀ ਤਾਕਤਵਰ ਹਨ। ਸਿਰਫ਼ ਸ਼ਤਾਨ ਹੀ ਨਹੀਂ, ਬਲਕਿ ਉਸ ਦਾ ਦੁਸ਼ਟ ਸੰਸਾਰ ਅਤੇ ਸਾਡੀਆਂ ਆਪਣੀਆਂ ਅਪੂਰਣਤਾਵਾਂ ਵੀ ਸਾਡੇ ਵਿਰੁੱਧ ਖੜ੍ਹੀਆਂ ਹਨ। ਫਿਰ ਵੀ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜਿੱਤ ਸਾਡੀ ਹੀ ਹੋਵੇਗੀ! ਕਿਉਂ? ਕਿਉਂਕਿ ਅਸੀਂ ਯਹੋਵਾਹ ਦੇ ਪੱਖ ਵਿਚ ਹਾਂ। ਯਹੂਦਾਹ ਆਪਣੀ ਪੱਤਰੀ ਇਸ ਯਾਦ-ਦਹਾਨੀ ਨਾਲ ਸਮਾਪਤ ਕਰਦਾ ਹੈ ਕਿ ਯਹੋਵਾਹ “ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੀਕੁਰ ਮਹਿਮਾ, ਪਰਾਕ੍ਰਮ, ਮਹਾਨਤਾ ਅਤੇ ਇਖ਼ਤਿਆਰ” ਲੈਣ ਦੇ ਪੂਰੀ ਤਰ੍ਹਾਂ ਯੋਗ ਹੈ। (ਯਹੂਦਾਹ 25) ਕੀ ਇਹ ਇਕ ਅਸਚਰਜ ਵਿਚਾਰ ਨਹੀਂ ਹੈ? ਤਾਂ ਫਿਰ, ਇਸ ਵਿਚ ਕੋਈ ਸ਼ੱਕ ਹੋ ਸਕਦਾ ਹੈ ਕਿ ਇਹੀ ਪਰਮੇਸ਼ੁਰ “ਤੁਹਾਨੂੰ ਠੇਡੇ ਖਾਣ ਤੋਂ ਬਚਾ ਸੱਕਦਾ” ਹੈ? (ਯਹੂਦਾਹ 24) ਬਿਲਕੁਲ ਨਹੀਂ! ਆਓ ਅਸੀਂ ਸਾਰੇ ਅਨੈਤਿਕਤਾ ਦਾ ਵਿਰੋਧ ਕਰਦੇ ਰਹਿਣ, ਪਰਮੇਸ਼ੁਰ ਦੁਆਰਾ ਸਥਾਪਿਤ ਅਧਿਕਾਰ ਦਾ ਆਦਰ ਕਰਦੇ ਰਹਿਣ, ਅਤੇ ਪਰਮੇਸ਼ੁਰ ਦੇ ਪ੍ਰੇਮ ਵਿਚ ਆਪਣੇ ਆਪ ਨੂੰ ਕਾਇਮ ਰੱਖਣ ਦਾ ਦ੍ਰਿੜ੍ਹ ਇਰਾਦਾ ਰੱਖੀਏ। ਇਸ ਤਰੀਕੇ ਨਾਲ, ਅਸੀਂ ਇਕੱਠੇ ਮਿਲ ਕੇ ਇਕ ਸ਼ਾਨਦਾਰ ਜਿੱਤ ਦਾ ਆਨੰਦ ਮਾਣਾਂਗੇ।
[ਫੁਟਨੋਟ]
a ਕੁਝ ਖੋਜਕਾਰ ਦਾਅਵਾ ਕਰਦੇ ਹਨ ਕਿ ਯਹੂਦਾਹ ਅਪ੍ਰਮਾਣਿਤ ਗ੍ਰੰਥ ਹਨੋਕ ਦੀ ਕਿਤਾਬ ਵਿੱਚੋਂ ਹਵਾਲਾ ਦੇ ਰਿਹਾ ਹੈ। ਪਰੰਤੂ, ਆਰ. ਸੀ. ਐੱਚ. ਲੈਂਸਕੀ ਕਹਿੰਦਾ ਹੈ: “ਅਸੀਂ ਪੁੱਛਦੇ ਹਾਂ: ‘ਇਹ ਜੋੜ-ਜਾੜ ਕੇ ਬਣਾਈ ਗਈ ਹਨੋਕ ਦੀ ਕਿਤਾਬ ਦਾ ਕੀ ਸੋਮਾ ਹੈ?’ ਇਹ ਇਕ ਵਾਧੂ ਕਿਤਾਬ ਹੈ ਅਤੇ ਇਸ ਦੇ ਅਲੱਗ-ਅਲੱਗ ਹਿੱਸਿਆਂ ਦੀ ਤਾਰੀਖ਼ ਬਾਰੇ ਕੋਈ ਵੀ ਯਕੀਨੀ ਨਹੀਂ ਹੈ . . . ; ਕੋਈ ਵੀ ਯਕੀਨੀ ਨਹੀਂ ਹੋ ਸਕਦਾ ਹੈ ਕਿ ਇਸ ਦੀਆਂ ਕੁਝ ਗੱਲਾਂ ਸ਼ਾਇਦ ਖ਼ੁਦ ਯਹੂਦਾਹ ਤੋਂ ਨਹੀਂ ਲਈਆਂ ਗਈਆਂ ਸਨ।”
ਪੁਨਰ-ਵਿਚਾਰ ਲਈ ਸਵਾਲ
◻ ਯਹੂਦਾਹ ਦੀ ਪੱਤਰੀ ਸਾਨੂੰ ਅਨੈਤਿਕਤਾ ਦਾ ਵਿਰੋਧ ਕਰਨਾ ਕਿਵੇਂ ਸਿਖਾਉਂਦੀ ਹੈ?
◻ ਪਰਮੇਸ਼ੁਰ ਦੁਆਰਾ ਸਥਾਪਿਤ ਅਧਿਕਾਰ ਦਾ ਆਦਰ ਕਰਨਾ ਕਿਉਂ ਇੰਨਾ ਮਹੱਤਵਪੂਰਣ ਹੈ?
◻ ਕਲੀਸਿਯਾਈ ਅਧਿਕਾਰ ਦੀ ਦੁਰਵਰਤੋਂ ਕਰਨੀ ਇੰਨੀ ਗੰਭੀਰ ਗੱਲ ਕਿਉਂ ਹੈ?
◻ ਅਸੀਂ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਲਈ ਕਿਵੇਂ ਜਤਨ ਕਰ ਸਕਦੇ ਹਾਂ?
[ਸਫ਼ੇ 15 ਉੱਤੇ ਤਸਵੀਰ]
ਰੋਮੀ ਫ਼ੌਜੀਆਂ ਤੋਂ ਭਿੰਨ, ਮਸੀਹੀ ਇਕ ਅਧਿਆਤਮਿਕ ਲੜਾਈ ਲੜਦੇ ਹਨ
[ਸਫ਼ੇ 18 ਉੱਤੇ ਤਸਵੀਰ]
ਮਸੀਹੀ ਚਰਵਾਹੇ, ਸੁਆਰਥ ਕਰਕੇ ਨਹੀਂ, ਪਰ ਪ੍ਰੇਮ ਕਰਕੇ ਸੇਵਾ ਕਰਦੇ ਹਨ