ਪਵਿੱਤਰ ਆਤਮਾ ਦੀ ਗੱਲ ਸੁਣੋ!
“ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।”—ਪਰਕਾਸ਼ ਦੀ ਪੋਥੀ 3:22.
1, 2. ਪਰਕਾਸ਼ ਦੀ ਪੋਥੀ ਵਿਚ ਦੱਸੀਆਂ ਸੱਤ ਕਲੀਸਿਯਾਵਾਂ ਨੂੰ ਦਿੱਤੇ ਯਿਸੂ ਦੇ ਸੰਦੇਸ਼ ਵਿਚ ਕਿਹੜੀ ਇਕ ਸਲਾਹ ਵਾਰ-ਵਾਰ ਦਿੱਤੀ ਗਈ ਹੈ?
ਪਰਕਾਸ਼ ਦੀ ਪੋਥੀ ਵਿਚ ਦੱਸੀਆਂ ਸੱਤ ਕਲੀਸਿਯਾਵਾਂ ਨੂੰ ਭੇਜੇ ਯਿਸੂ ਮਸੀਹ ਦੇ ਸੰਦੇਸ਼ ਵੱਲ ਯਹੋਵਾਹ ਦੇ ਸੇਵਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਅਸਲ ਵਿਚ ਹਰ ਕਲੀਸਿਯਾ ਨੂੰ ਭੇਜੇ ਸੰਦੇਸ਼ ਵਿਚ ਇਹ ਸਲਾਹ ਦਿੱਤੀ ਗਈ ਹੈ: “ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।”—ਪਰਕਾਸ਼ ਦੀ ਪੋਥੀ 2:7, 11, 17, 29; 3:6, 13, 22.
2 ਅਸੀਂ ਪਿਛਲੇ ਲੇਖ ਵਿਚ ਅਫ਼ਸੁਸ, ਸਮੁਰਨੇ ਅਤੇ ਪਰਗਮੁਮ ਦੇ ਦੂਤਾਂ ਯਾਨੀ ਨਿਗਾਹਬਾਨਾਂ ਨੂੰ ਭੇਜੇ ਯਿਸੂ ਦੇ ਸੰਦੇਸ਼ ਬਾਰੇ ਚਰਚਾ ਕੀਤੀ ਸੀ। ਪਵਿੱਤਰ ਆਤਮਾ ਰਾਹੀਂ ਉਸ ਨੇ ਬਾਕੀ ਚਾਰ ਕਲੀਸਿਯਾਵਾਂ ਨੂੰ ਜੋ ਕਿਹਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਥੂਆਤੀਰੇ ਦੇ ਦੂਤ ਨੂੰ
3. ਥੂਆਤੀਰਾ ਕਿੱਥੇ ਸੀ ਅਤੇ ਇਹ ਸ਼ਹਿਰ ਕਿਸ ਖ਼ਾਸ ਚੀਜ਼ ਲਈ ਮਸ਼ਹੂਰ ਸੀ?
3 ‘ਪਰਮੇਸ਼ੁਰ ਦੇ ਪੁੱਤ੍ਰ’ ਨੇ ਥੂਆਤੀਰੇ ਦੀ ਕਲੀਸਿਯਾ ਦੀ ਤਾਰੀਫ਼ ਵੀ ਕੀਤੀ ਤੇ ਉਸ ਨੂੰ ਝਿੜਕਿਆ ਵੀ ਸੀ। (ਪਰਕਾਸ਼ ਦੀ ਪੋਥੀ 2:18-29 ਪੜ੍ਹੋ।) ਥੂਆਤੀਰਾ (ਹੁਣ ਆਕਿਸਾਰ) ਏਸ਼ੀਆ ਮਾਈਨਰ ਦੇ ਪੱਛਮੀ ਹਿੱਸੇ ਵਿਚ ਸਥਿਤ ਗਡੀਜ਼ ਦਰਿਆ (ਜੋ ਪਹਿਲਾਂ ਹਰਮਸ ਕਹਿਲਾਉਂਦਾ ਸੀ) ਦੀ ਸਹਾਇਕ ਨਦੀ ਉੱਤੇ ਬਣਾਇਆ ਗਿਆ ਸੀ। ਇਹ ਸ਼ਹਿਰ ਆਪਣੀਆਂ ਕਈ ਕਾਰੀਗਰੀਆਂ ਕਰਕੇ ਮਸ਼ਹੂਰ ਸੀ। ਇੱਥੇ ਲੋਕ ਮਜੀਠ ਦੀਆਂ ਜੜ੍ਹਾਂ ਤੋਂ ਕਿਰਮਚੀ ਜਾਂ ਬੈਂਗਣੀ ਰੰਗ ਬਣਾਉਂਦੇ ਹੁੰਦੇ ਸਨ ਜੋ ਕੱਪੜਿਆਂ ਨੂੰ ਦਿੱਤਾ ਜਾਂਦਾ ਸੀ। ਯੂਨਾਨ ਦੇ ਫ਼ਿਲਿੱਪੈ ਸ਼ਹਿਰ ਵਿਚ ਪੌਲੁਸ ਦੇ ਠਹਿਰਨ ਦੌਰਾਨ ਮਸੀਹੀ ਬਣਨ ਵਾਲੀ ਲੁਦਿਯਾ ਨਾਂ ਦੀ ਭੈਣ ‘ਥੁਆਤੀਰਾ ਨਗਰ ਦੀ ਰਹਿਣ ਵਾਲੀ ਸੀ ਤੇ ਕਿਰਮਿਚ ਵੇਚਦੀ’ ਸੀ।—ਰਸੂਲਾਂ ਦੇ ਕਰਤੱਬ 16:12-15.
4. ਥੂਆਤੀਰੇ ਦੀ ਕਲੀਸਿਯਾ ਦੀ ਤਾਰੀਫ਼ ਕਿਉਂ ਕੀਤੀ ਗਈ ਸੀ?
4 ਯਿਸੂ ਨੇ ਥੂਆਤੀਰੇ ਦੀ ਕਲੀਸਿਯਾ ਦੇ ਚੰਗੇ ਕੰਮਾਂ, ਪਿਆਰ, ਨਿਹਚਾ, ਸਬਰ ਅਤੇ ਸੇਵਕਾਈ ਵਿਚ ਮਿਹਨਤ ਕਰਕੇ ਇਸ ਦੀ ਤਾਰੀਫ਼ ਕੀਤੀ ਸੀ। ਅਸਲ ਵਿਚ ‘ਇਸ ਦੇ ਪਿਛਲੇ ਕੰਮ ਪਹਿਲਿਆਂ ਨਾਲੋਂ ਵਧ ਸਨ।’ ਪਰ ਭਾਵੇਂ ਅਸੀਂ ਇਹ ਭਲੇ ਕੰਮ ਕਰਦੇ ਹਾਂ, ਤਾਂ ਵੀ ਸਾਨੂੰ ਆਪਣੇ ਚਾਲ-ਚਲਣ ਤੋਂ ਲਾਪਰਵਾਹ ਨਹੀਂ ਹੋਣਾ ਚਾਹੀਦਾ।
5-7. (ੳ) “ਤੀਵੀਂ ਈਜ਼ਬਲ” ਕੌਣ ਸੀ ਅਤੇ ਇਸ ਦੇ ਪ੍ਰਭਾਵ ਨਾਲ ਕਿਵੇਂ ਨਜਿੱਠਿਆ ਜਾਣਾ ਸੀ? (ਅ) ਥੂਆਤੀਰੇ ਦੀ ਕਲੀਸਿਯਾ ਨੂੰ ਦਿੱਤਾ ਮਸੀਹ ਦਾ ਸੰਦੇਸ਼ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਦੀ ਕਿਵੇਂ ਮਦਦ ਕਰਦਾ ਹੈ?
5 ਥੂਆਤੀਰੇ ਦੀ ਕਲੀਸਿਯਾ ਮੂਰਤੀ-ਪੂਜਾ, ਝੂਠੀ ਸਿੱਖਿਆ ਅਤੇ ਅਨੈਤਿਕ ਚਾਲ-ਚਲਣ ਨੂੰ ਬਰਦਾਸ਼ਤ ਕਰ ਰਹੀ ਸੀ। ਉਸ ਕਲੀਸਿਯਾ ਵਿਚ “ਤੀਵੀਂ ਈਜ਼ਬਲ” ਸੀ। ਇਹ ਸ਼ਾਇਦ ਤੀਵੀਆਂ ਦੀ ਇਕ ਟੋਲੀ ਸੀ ਜਿਨ੍ਹਾਂ ਦੀਆਂ ਚਾਲਾਂ ਇਸਰਾਏਲ ਦੇ ਦਸ ਗੋਤੀ ਰਾਜ ਦੀ ਦੁਸ਼ਟ ਰਾਣੀ ਈਜ਼ਬਲ ਵਰਗੀਆਂ ਸਨ। ਕੁਝ ਵਿਦਵਾਨ ਕਹਿੰਦੇ ਹਨ ਕਿ ਥੂਆਤੀਰੇ ਦੀਆਂ ਇਨ੍ਹਾਂ “ਨਬੀਆ” ਤੀਵੀਆਂ ਨੇ ਮਸੀਹੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਉਹ ਚਾਹੁੰਦੀਆਂ ਸਨ ਕਿ ਮਸੀਹੀ ਵਪਾਰ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਅਤੇ ਉਨ੍ਹਾਂ ਤਿਉਹਾਰਾਂ ਵਿਚ ਹਿੱਸਾ ਲੈਣ ਜਿਨ੍ਹਾਂ ਵਿਚ ਮੂਰਤੀਆਂ ਨੂੰ ਪਰਸ਼ਾਦ ਚੜ੍ਹਾਇਆ ਜਾਂਦਾ ਸੀ। ਅੱਜ ਭੈਣਾਂ ਨੂੰ ਨਬੀਆ ਬਣਨ ਤੋਂ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਉਹ ਮਸੀਹੀ ਕਲੀਸਿਯਾ ਵਿਚ ਕਿਸੇ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ!
6 ਮਸੀਹ ਉਸ ਤੀਵੀਂ ਈਜ਼ਬਲ ਨੂੰ ਬੀਮਾਰੀ ਦੇ ‘ਵਿਛੌਣੇ ਉੱਤੇ ਸੁੱਟਣ ਵਾਲਾ ਸੀ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਜ਼ਨਾਹ ਕਰਦੇ ਸਨ ਵੱਡੀ ਬਿਪਤਾ ਵਿੱਚ ਪਾਉਣ ਵਾਲਾ ਸੀ ਜੇ ਓਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।’ ਨਿਗਾਹਬਾਨਾਂ ਨੂੰ ਅਜਿਹੀਆਂ ਦੁਸ਼ਟ ਸਿੱਖਿਆਵਾਂ ਅਤੇ ਪ੍ਰਭਾਵਾਂ ਹੇਠ ਆਉਣ ਤੋਂ ਬਚਣਾ ਚਾਹੀਦਾ ਹੈ। ਮਸੀਹੀ ਜਾਣਦੇ ਹਨ ਕਿ “ਸ਼ਤਾਨ ਦੀਆਂ ਡੂੰਘੀਆਂ ਗੱਲਾਂ” ਪੂਰੀ ਤਰ੍ਹਾਂ ਖੋਟੀਆਂ ਹਨ, ਇਸ ਲਈ ਕਿਸੇ ਵੀ ਮਸੀਹੀ ਨੂੰ ਅਧਿਆਤਮਿਕ ਅਤੇ ਸਰੀਰਕ ਤੌਰ ਤੇ ਵਿਭਚਾਰ ਜਾਂ ਮੂਰਤੀ-ਪੂਜਾ ਨਹੀਂ ਕਰਨੀ ਚਾਹੀਦੀ। ਜੇ ਅਸੀਂ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੰਦੇ ਹਾਂ, ਤਾਂ ‘ਜੋ ਕੁਝ ਸਾਡੇ ਕੋਲ ਹੈ ਓਸ ਨੂੰ ਅਸੀਂ ਤਕੜਾਈ ਨਾਲ ਫੜੀ ਰੱਖਾਂਗੇ’ ਅਤੇ ਪਾਪ ਦਾ ਸਾਡੇ ਉੱਤੇ ਵੱਸ ਨਹੀਂ ਚੱਲੇਗਾ। ਅੱਜ ਮਸਹ ਕੀਤੇ ਹੋਏ ਮਸੀਹੀ ਗ਼ਲਤ ਕੰਮਾਂ, ਲਾਲਸਾਵਾਂ ਤੇ ਟੀਚਿਆਂ ਤੋਂ ਦੂਰ ਰਹਿੰਦੇ ਹਨ, ਇਸ ਲਈ ਦੁਬਾਰਾ ਜੀ ਉੱਠਣ ਤੇ ਇਨ੍ਹਾਂ ਨੂੰ “ਕੌਮਾਂ ਉੱਤੇ ਇਖ਼ਤਿਆਰ” ਦਿੱਤਾ ਜਾਵੇਗਾ ਅਤੇ ਉਹ ਮਸੀਹ ਨਾਲ ਮਿਲ ਕੇ ਕੌਮਾਂ ਨੂੰ ਟੋਟੇ-ਟੋਟੇ ਕਰ ਦੇਣਗੇ। ਅੱਜ ਕਲੀਸਿਯਾਵਾਂ ਕੋਲ ਲਾਖਣਿਕ ਤਾਰੇ ਹਨ, ਪਰ ਸਵਰਗ ਵਿਚ ਜਾਣ ਤੋਂ ਬਾਅਦ ਮਸਹ ਕੀਤੇ ਹੋਏ ਮਸੀਹੀਆਂ ਨੂੰ “ਸਵੇਰ ਦਾ ਉੱਜਲ ਤਾਰਾ” ਦਿੱਤਾ ਜਾਵੇਗਾ ਜੋ ਕਿ ਲਾੜਾ ਯਿਸੂ ਮਸੀਹ ਹੈ।—ਪਰਕਾਸ਼ ਦੀ ਪੋਥੀ 22:16.
7 ਥੂਆਤੀਰੇ ਦੀ ਕਲੀਸਿਯਾ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸੱਚਾਈ ਤੋਂ ਉਲਟ ਵਿਚਾਰ ਫੈਲਾਉਣ ਵਾਲੀਆਂ ਤੀਵੀਆਂ ਦੇ ਬੁਰੇ ਪ੍ਰਭਾਵ ਨੂੰ ਬਰਦਾਸ਼ਤ ਨਾ ਕਰੇ। ਇਸ ਕਲੀਸਿਯਾ ਨੂੰ ਯਿਸੂ ਮਸੀਹ ਨੇ ਜੋ ਕਿਹਾ, ਉਹ ਅੱਜ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਦੀ ਮਦਦ ਕਰਦਾ ਹੈ ਕਿ ਉਹ ਉਸ ਹੱਦ ਨੂੰ ਪਾਰ ਨਾ ਕਰਨ ਜੋ ਪਰਮੇਸ਼ੁਰ ਨੇ ਔਰਤਾਂ ਲਈ ਠਹਿਰਾਈ ਹੈ। ਉਨ੍ਹਾਂ ਨੂੰ ਆਦਮੀਆਂ ਉੱਤੇ ਹੁਕਮ ਨਹੀਂ ਚਲਾਉਣਾ ਚਾਹੀਦਾ ਅਤੇ ਨਾ ਹੀ ਅਧਿਆਤਮਿਕ ਜਾਂ ਸਰੀਰਕ ਤੌਰ ਤੇ ਵਿਭਚਾਰ ਕਰਨ ਲਈ ਭਰਾਵਾਂ ਨੂੰ ਭਰਮਾਉਣਾ ਚਾਹੀਦਾ ਹੈ। (1 ਤਿਮੋਥਿਉਸ 2:12) ਇਸ ਦੀ ਬਜਾਇ, ਅਜਿਹੀਆਂ ਤੀਵੀਆਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਚੰਗੇ ਕੰਮ ਤੇ ਸੇਵਾ ਕਰਨ ਵਿਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ। (1 ਪਤਰਸ 3:1-6) ਜੇ ਕਲੀਸਿਯਾ ਦੇ ਮੈਂਬਰ ਆਪਣੀਆਂ ਸ਼ੁੱਧ ਸਿੱਖਿਆਵਾਂ ਤੇ ਆਪਣੇ ਸ਼ੁੱਧ ਆਚਰਣ ਦੀ ਰਾਖੀ ਕਰਨ ਅਤੇ ਰਾਜ ਦੀ ਬਹੁਮੁੱਲੀ ਸੇਵਾ ਵਿਚ ਲੱਗੇ ਰਹਿਣ, ਤਾਂ ਮਸੀਹ ਆ ਕੇ ਸਜ਼ਾ ਨਹੀਂ ਦੇਵੇਗਾ ਸਗੋਂ ਇਨਾਮ ਦੇਵੇਗਾ।
ਸਾਰਦੀਸ ਦੇ ਦੂਤ ਨੂੰ
8. (ੳ) ਸਾਰਦੀਸ ਕਿੱਥੇ ਸੀ ਅਤੇ ਇਹ ਕਿਸ ਤਰ੍ਹਾਂ ਦਾ ਸ਼ਹਿਰ ਸੀ? (ਅ) ਸਾਰਦੀਸ ਦੀ ਕਲੀਸਿਯਾ ਨੂੰ ਮਦਦ ਦੀ ਕਿਉਂ ਲੋੜ ਸੀ?
8 ਸਾਰਦੀਸ ਦੀ ਕਲੀਸਿਯਾ ਨੂੰ ਤੁਰੰਤ ਮਦਦ ਦੀ ਲੋੜ ਸੀ ਕਿਉਂਕਿ ਇਹ ਅਧਿਆਤਮਿਕ ਤੌਰ ਤੇ ਮਰੀ ਹੋਈ ਸੀ। (ਪਰਕਾਸ਼ ਦੀ ਪੋਥੀ 3:1-6 ਪੜ੍ਹੋ।) ਇਹ ਸ਼ਹਿਰ ਥੂਆਤੀਰੇ ਦੇ ਦੱਖਣ ਵੱਲ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੀ। ਊਨੀ ਕੱਪੜੇ ਅਤੇ ਗਲੀਚਿਆਂ ਦੇ ਵਪਾਰ ਅਤੇ ਚੰਗੀ ਖੇਤੀਬਾੜੀ ਕਰਕੇ ਇਹ ਸ਼ਹਿਰ ਬਹੁਤ ਹੀ ਅਮੀਰ ਹੋ ਗਿਆ ਸੀ ਤੇ ਇਕ ਸਮੇਂ ਤੇ ਇਸ ਵਿਚ ਤਕਰੀਬਨ 50,000 ਲੋਕ ਰਹਿੰਦੇ ਸਨ। ਇਤਿਹਾਸਕਾਰ ਜੋਸੀਫ਼ਸ ਅਨੁਸਾਰ ਪਹਿਲੀ ਸਦੀ ਸਾ.ਯੁ.ਪੂ. ਵਿਚ ਸਾਰਦੀਸ ਵਿਚ ਬਹੁਤ ਸਾਰੇ ਯਹੂਦੀ ਰਹਿੰਦੇ ਸਨ। ਸ਼ਹਿਰ ਦੇ ਖੰਡਰਾਂ ਵਿਚ ਇਕ ਯਹੂਦੀ ਸਭਾ-ਘਰ ਅਤੇ ਅਫ਼ਸੁਸ ਦੀ ਅਰਤਿਮਿਸ ਦੇਵੀ ਦਾ ਮੰਦਰ ਮਿਲਿਆ ਹੈ।
9. ਜੇ ਅਸੀਂ ਪਰਮੇਸ਼ੁਰ ਦੀ ਸੇਵਾ ਬੇਦਿਲੀ ਨਾਲ ਕਰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਮਸੀਹ ਨੇ ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਦੱਸਿਆ: “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜੀਉਂਦਾ ਕਹਾਉਂਦਾ ਹੈਂ ਅਤੇ ਹੈਂ ਮੁਰਦਾ।” ਜੇ ਦੂਜੇ ਸਮਝਦੇ ਹਨ ਕਿ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਹਾਂ ਯਾਨੀ ਸੱਚਾਈ ਵਿਚ ਠੀਕ ਚੱਲ ਰਹੇ ਹਾਂ, ਪਰ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਸੁਨਹਿਰੇ ਮੌਕਿਆਂ ਦੀ ਪਰਵਾਹ ਨਹੀਂ ਕਰਦੇ ਅਤੇ ਨਾ ਹੀ ਅਸੀਂ ਦਿਲੋਂ ਭਗਤੀ ਦੇ ਕੰਮ ਕਰਦੇ ਹਾਂ, ਤਾਂ ਅਸੀਂ ਅਧਿਆਤਮਿਕ ਤੌਰ ਤੇ ‘ਮਰਨ ਵਾਲੇ ਹਾਂ।’ ਅਜਿਹੀ ਹਾਲਤ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ‘ਚੇਤੇ ਕਰੀਏ’ ਕਿ ਅਸੀਂ ਰਾਜ ਦਾ ਸੰਦੇਸ਼ “ਕਿਸ ਬਿਧ ਪਰਾਪਤ ਕੀਤਾ ਅਤੇ ਸੁਣਿਆ।” ਫਿਰ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਨਵੇਂ ਸਿਰਿਓਂ ਜਤਨ ਕਰਨੇ ਚਾਹੀਦੇ ਹਨ। ਸਾਨੂੰ ਲੋੜ ਹੈ ਕਿ ਅਸੀਂ ਮਸੀਹੀ ਸਭਾਵਾਂ ਵਿਚ ਪੂਰਾ-ਪੂਰਾ ਹਿੱਸਾ ਲਈਏ। (ਇਬਰਾਨੀਆਂ 10:24, 25) ਮਸੀਹ ਨੇ ਸਾਰਦੀਸ ਦੀ ਕਲੀਸਿਯਾ ਨੂੰ ਖ਼ਬਰਦਾਰ ਕੀਤਾ: “ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਙੁ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ।” ਸਾਡੇ ਦਿਨਾਂ ਬਾਰੇ ਕੀ? ਸਾਨੂੰ ਵੀ ਜਲਦੀ ਆਪਣੇ ਕੰਮਾਂ ਦਾ ਲੇਖਾ ਦੇਣਾ ਪਵੇਗਾ।
10. ਸਾਰਦੀਸ ਦੀ ਕਲੀਸਿਯਾ ਵਾਂਗ ਅੱਜ ਵੀ ਕੁਝ ਮਸੀਹੀ ਕਿਹੋ ਜਿਹੇ ਹੋ ਸਕਦੇ ਹਨ?
10 ਸਾਰਦੀਸ ਦੀ ਕਲੀਸਿਯਾ ਵਾਂਗ ਅੱਜ ਵੀ ਕੁਝ ਅਜਿਹੇ ਮਸੀਹੀ ਹੋ ਸਕਦੇ ਹਨ ਜਿਹੜੇ ‘ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੰਦੇ ਅਤੇ ਓਹ ਉੱਜਲੇ ਬਸਤਰ ਪਹਿਨੇ ਮਸੀਹ ਨਾਲ ਫਿਰ ਸਕਦੇ ਇਸ ਲਈ ਜੋ ਓਹ ਸੁਜੋਗ ਹਨ।’ ਉਹ ਮਸੀਹ ਦੇ ਚੇਲਿਆਂ ਵਜੋਂ ਪਛਾਣ ਨਹੀਂ ਗੁਆਉਂਦੇ ਅਤੇ ਆਪਣੀ ਨੈਤਿਕਤਾ ਤੇ ਧਰਮ ਉੱਤੇ ਇਸ ਦੁਨੀਆਂ ਦੀ ਗੰਦਗੀ ਦਾ ਦਾਗ਼ ਨਹੀਂ ਲੱਗਣ ਦਿੰਦੇ। (ਯਾਕੂਬ 1:27) ਇਸ ਲਈ ਯਿਸੂ ‘ਉਨ੍ਹਾਂ ਦਾ ਨਾਉਂ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮੇਟੇਗਾ ਸਗੋਂ ਆਪਣੇ ਪਿਤਾ ਦੇ ਅੱਗੇ ਅਤੇ ਓਸ ਦਿਆਂ ਦੂਤਾਂ ਦੇ ਅੱਗੇ ਉਨ੍ਹਾਂ ਦੇ ਨਾਉਂ ਦਾ ਕਰਾਰ ਕਰੇਗਾ।’ ਮਸਹ ਕੀਤੇ ਹੋਏ ਮਸੀਹੀਆਂ ਯਾਨੀ ਲਾੜੀ ਵਰਗ ਨੂੰ ਮਸੀਹ ਦੇ ਨਾਲ-ਨਾਲ ਚੱਲਣ ਦੇ ਯੋਗ ਠਹਿਰਾਏ ਜਾਣ ਕਰਕੇ ਚਮਕੀਲੇ, ਸਾਫ਼ ਤੇ ਵਧੀਆ ਕਤਾਨ ਦੇ ਕੱਪੜੇ ਪਹਿਨਾਏ ਜਾਣਗੇ ਜੋ ਪਰਮੇਸ਼ੁਰ ਦੇ ਪਵਿੱਤਰ ਭਗਤਾਂ ਦੇ ਧਰਮੀ ਕੰਮਾਂ ਨੂੰ ਦਰਸਾਉਂਦੇ ਹਨ। (ਪਰਕਾਸ਼ ਦੀ ਪੋਥੀ 19:8) ਸਵਰਗ ਵਿਚ ਉਨ੍ਹਾਂ ਨੂੰ ਸੇਵਾ ਕਰਨ ਦੇ ਜੋ ਵਧੀਆ ਮੌਕੇ ਮਿਲਣਗੇ, ਉਹ ਉਨ੍ਹਾਂ ਨੂੰ ਇਸ ਸੰਸਾਰ ਨੂੰ ਜਿੱਤਣ ਲਈ ਪ੍ਰੇਰਦੇ ਹਨ। ਉਨ੍ਹਾਂ ਨੂੰ ਵੀ ਬਰਕਤਾਂ ਮਿਲਣਗੀਆਂ ਜਿਹੜੇ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਆਸ ਰੱਖਦੇ ਹਨ। ਉਨ੍ਹਾਂ ਦੇ ਨਾਂ ਵੀ ਜੀਵਨ ਦੀ ਪੋਥੀ ਵਿਚ ਲਿਖੇ ਹੋਏ ਹਨ।
11. ਜੇ ਅਸੀਂ ਅਧਿਆਤਮਿਕ ਤੌਰ ਤੇ ਸੌਂ ਰਹੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
11 ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਚਾਹੇਗਾ ਕਿ ਸਾਡੀ ਅਧਿਆਤਮਿਕ ਹਾਲਤ ਸਾਰਦੀਸ ਦੀ ਕਲੀਸਿਯਾ ਵਰਗੀ ਹੋਵੇ। ਪਰ ਜੇ ਅਸੀਂ ਅਧਿਆਤਮਿਕ ਤੌਰ ਤੇ ਸੌਂ ਰਹੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਭਲੇ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਜੇ ਸਾਡੇ ਵਿਚ ਗ਼ਲਤ ਕੰਮ ਕਰਨ ਦਾ ਝੁਕਾਅ ਪੈਦਾ ਹੋ ਰਿਹਾ ਹੈ ਜਾਂ ਫਿਰ ਅਸੀਂ ਸਭਾਵਾਂ ਵਿਚ ਆਉਣ ਜਾਂ ਪ੍ਰਚਾਰ ਕਰਨ ਵਿਚ ਢਿੱਲੇ ਪੈ ਰਹੇ ਹਾਂ, ਤਾਂ ਆਓ ਆਪਾਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਮਦਦ ਮੰਗੀਏ। (ਫ਼ਿਲਿੱਪੀਆਂ 4:6, 7, 13) ਰੋਜ਼ ਬਾਈਬਲ ਪੜ੍ਹਨ ਅਤੇ ਬਾਈਬਲ ਤੇ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਦੁਆਰਾ ਦਿੱਤੇ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਨਾਲ ਅਸੀਂ ਅਧਿਆਤਮਿਕ ਤੌਰ ਤੇ ਜਾਗ ਜਾਵਾਂਗੇ। (ਲੂਕਾ 12:42-44) ਫਿਰ ਅਸੀਂ ਸਾਰਦੀਸ ਦੀ ਕਲੀਸਿਯਾ ਦੇ ਉਨ੍ਹਾਂ ਮਸੀਹੀਆਂ ਵਰਗੇ ਹੋਵਾਂਗੇ ਜਿਨ੍ਹਾਂ ਨੂੰ ਯਿਸੂ ਨੇ ਸਵੀਕਾਰ ਕੀਤਾ ਸੀ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਵੀ ਦਾਤ ਹੋਵਾਂਗੇ।
ਫ਼ਿਲਦਲਫ਼ੀਏ ਦੇ ਦੂਤ ਨੂੰ
12. ਤੁਸੀਂ ਪੁਰਾਣੇ ਫ਼ਿਲਦਲਫ਼ੀਆ ਸ਼ਹਿਰ ਦੀ ਧਾਰਮਿਕ ਹਾਲਤ ਬਾਰੇ ਕੀ ਦੱਸੋਗੇ?
12 ਯਿਸੂ ਨੇ ਫ਼ਿਲਦਲਫ਼ੀਏ ਦੀ ਕਲੀਸਿਯਾ ਦੀ ਤਾਰੀਫ਼ ਕੀਤੀ ਸੀ। (ਪਰਕਾਸ਼ ਦੀ ਪੋਥੀ 3:7-13 ਪੜ੍ਹੋ।) ਫ਼ਿਲਦਲਫ਼ੀਆ (ਹੁਣ ਅਲਾਸ਼ਹੀਰ) ਏਸ਼ੀਆ ਮਾਈਨਰ ਦੇ ਪੱਛਮ ਵੱਲ ਸਥਿਤ ਸੀ ਤੇ ਇੱਥੇ ਵਾਈਨ ਦਾ ਵਪਾਰ ਬਹੁਤ ਹੁੰਦਾ ਸੀ। ਅਸਲ ਵਿਚ ਇਸ ਦਾ ਮੁੱਖ ਦੇਵਤਾ ਡਾਇਆਨਾਇਸਸ ਯਾਨੀ ਵਾਈਨ ਦਾ ਦੇਵਤਾ ਸੀ। ਫ਼ਿਲਦਲਫ਼ੀਆ ਦੇ ਯਹੂਦੀਆਂ ਨੇ ਯਹੂਦੀ ਮਸੀਹੀਆਂ ਨੂੰ ਇਸ ਗੱਲ ਲਈ ਮਨਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਕਿ ਉਹ ਮੂਸਾ ਦੀ ਬਿਵਸਥਾ ਦੇ ਕੁਝ ਰੀਤੀ-ਰਿਵਾਜਾਂ ਉੱਤੇ ਦੁਬਾਰਾ ਚੱਲਣ।
13. ਮਸੀਹ ਨੇ “ਦਾਊਦ ਦੀ ਕੁੰਜੀ” ਕਿਵੇਂ ਇਸਤੇਮਾਲ ਕੀਤੀ ਹੈ?
13 ਮਸੀਹ ਕੋਲ “ਦਾਊਦ ਦੀ ਕੁੰਜੀ” ਹੈ, ਇਸ ਲਈ ਉਸ ਨੂੰ ਰਾਜ ਦੇ ਸਾਰੇ ਕੰਮਾਂ ਦੀ ਤੇ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਯਸਾਯਾਹ 22:22; ਲੂਕਾ 1:32) ਯਿਸੂ ਨੇ ਇਸ ਕੁੰਜੀ ਨਾਲ ਫ਼ਿਲਦਲਫ਼ੀਏ ਤੇ ਦੂਸਰੀਆਂ ਥਾਵਾਂ ਦੇ ਮਸੀਹੀਆਂ ਲਈ ਰਾਜ ਦੇ ਕੰਮ ਕਰਨ ਦੇ ਮੌਕਿਆਂ ਅਤੇ ਸਨਮਾਨਾਂ ਦਾ ਦਰਵਾਜ਼ਾ ਖੋਲ੍ਹਿਆ ਸੀ। ਸਾਲ 1919 ਤੋਂ ਉਸ ਨੇ “ਮਾਤਬਰ ਮੁਖ਼ਤਿਆਰ” ਸਾਮ੍ਹਣੇ ਇਕ ‘ਵੱਡਾ ਦਰਵੱਜਾ’ ਖੋਲ੍ਹਿਆ ਹੋਇਆ ਹੈ ਜਿਸ ਨੂੰ ਕੋਈ ਵੀ ਵਿਰੋਧੀ ਬੰਦ ਨਹੀਂ ਕਰ ਸਕਦਾ। ਇਹ ਦਰਵਾਜ਼ਾ ਖੁੱਲ੍ਹਣ ਨਾਲ ਉਨ੍ਹਾਂ ਨੂੰ ਰਾਜ ਦਾ ਪ੍ਰਚਾਰ ਕਰਨ ਦਾ ਮੌਕਾ ਮਿਲਿਆ। (1 ਕੁਰਿੰਥੀਆਂ 16:9; ਕੁਲੁੱਸੀਆਂ 4:2-4) ਪਰ ਰਾਜ ਦੇ ਸਨਮਾਨਾਂ ਦਾ ਇਹ ਦਰਵਾਜ਼ਾ “ਸ਼ਤਾਨ ਦੀ ਮੰਡਲੀ” ਲਈ ਬੰਦ ਹੈ ਕਿਉਂਕਿ ਉਹ ਅਧਿਆਤਮਿਕ ਇਸਰਾਏਲ ਦਾ ਹਿੱਸਾ ਨਹੀਂ ਹਨ।
14. (ੳ) ਯਿਸੂ ਨੇ ਫ਼ਿਲਦਲਫ਼ੀਏ ਦੀ ਕਲੀਸਿਯਾ ਨਾਲ ਕੀ ਵਾਅਦਾ ਕੀਤਾ ਸੀ? (ਅ) ਜੇ ਅਸੀਂ ਚਾਹੁੰਦੇ ਹਾਂ ਕਿ ‘ਪਰਤਾਵੇ ਦੇ ਸਮੇਂ’ ਦੌਰਾਨ ਸਾਡੀ ਰੱਖਿਆ ਕੀਤੀ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਯਿਸੂ ਨੇ ਫ਼ਿਲਦਲਫ਼ੀਏ ਦੇ ਮਸੀਹੀਆਂ ਨਾਲ ਇਹ ਵਾਅਦਾ ਕੀਤਾ ਸੀ: “ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ।” ਪ੍ਰਚਾਰ ਕਰਨ ਲਈ ਯਿਸੂ ਵਾਂਗ ਧੀਰਜ ਰੱਖਣ ਦੀ ਲੋੜ ਪੈਂਦੀ ਹੈ। ਉਸ ਨੇ ਆਪਣੇ ਦੁਸ਼ਮਣਾਂ ਦੇ ਅੱਗੇ ਕਦੇ ਹਾਰ ਨਹੀਂ ਮੰਨੀ ਸੀ, ਉਹ ਸਗੋਂ ਆਪਣੇ ਪਿਤਾ ਦੀ ਇੱਛਾ ਪੂਰੀ ਕਰਦਾ ਰਿਹਾ ਸੀ। ਇਸ ਲਈ ਉਸ ਦੇ ਪਿਤਾ ਨੇ ਉਸ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜ਼ਿੰਦਗੀ ਦਿੱਤੀ ਹੈ। ਜੇ ਅਸੀਂ ਯਹੋਵਾਹ ਦੀ ਭਗਤੀ ਕਰਨ ਦੇ ਆਪਣੇ ਫ਼ੈਸਲੇ ਤੇ ਦ੍ਰਿੜ੍ਹ ਰਹਿੰਦੇ ਹਾਂ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਰਾਜ ਨੂੰ ਆਪਣਾ ਸਮਰਥਨ ਦਿੰਦੇ ਹਾਂ, ਤਾਂ ਸਾਡੀ ‘ਪਰਤਾਵੇ ਦੇ ਸਮੇਂ’ ਯਾਨੀ ਇਮਤਿਹਾਨ ਦੀ ਘੜੀ ਵਿਚ ਰੱਖਿਆ ਕੀਤੀ ਜਾਵੇਗੀ। ਰਾਜ ਦੇ ਕੰਮਾਂ ਲਈ ਮਿਹਨਤ ਕਰ ਕੇ ਅਸੀਂ ‘ਉਸ ਨੂੰ ਤਕੜਾਈ ਨਾਲ ਫੜੀ ਰੱਖਾਂਗੇ’ ਜੋ ਕੁਝ ਸਾਨੂੰ ਮਸੀਹ ਕੋਲੋਂ ਮਿਲਿਆ ਹੈ। ਇਸ ਤਰ੍ਹਾਂ ਕਰਨ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗੀ ਜ਼ਿੰਦਗੀ ਦਾ ਬੇਸ਼ਕੀਮਤੀ ਮੁਕਟ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀਆਂ ਨੂੰ ਧਰਤੀ ਉੱਤੇ ਅਨੰਤ ਜ਼ਿੰਦਗੀ ਦਾ ਇਨਾਮ ਮਿਲੇਗਾ।
15. ‘ਪਰਮੇਸ਼ੁਰ ਦੀ ਹੈਕਲ ਦੇ ਥੰਮ੍ਹ’ ਬਣਨ ਵਾਲਿਆਂ ਤੋਂ ਕੀ ਮੰਗ ਕੀਤੀ ਜਾਂਦੀ ਹੈ?
15 ਯਿਸੂ ਨੇ ਅੱਗੇ ਕਿਹਾ: “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ। . . . ਮੈਂ ਆਪਣੇ ਪਰਮੇਸ਼ੁਰ ਦਾ ਨਾਮ ਅਤੇ ਆਪਣੇ ਪਰਮੇਸ਼ੁਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਉਂ ਜਿਹੜੀ ਪਰਮੇਸ਼ੁਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਓਸ ਉੱਤੇ ਲਿਖਾਵਾਂਗਾ।” ਮਸਹ ਕੀਤੇ ਹੋਏ ਨਿਗਾਹਬਾਨਾਂ ਨੂੰ ਸੱਚੀ ਉਪਾਸਨਾ ਦੀ ਰੱਖਿਆ ਕਰਨੀ ਚਾਹੀਦੀ ਹੈ। ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਅਤੇ ਅਧਿਆਤਮਿਕ ਤੌਰ ਤੇ ਸ਼ੁੱਧ ਰਹਿ ਕੇ ਉਨ੍ਹਾਂ ਨੂੰ “ਨਵੀਂ ਯਰੂਸ਼ਲਮ” ਦੇ ਯੋਗ ਮੈਂਬਰ ਬਣੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਜੇ ਉਹ ਮਹਿਮਾਵਾਨ ਸਵਰਗੀ ਹੈਕਲ ਦੇ ਥੰਮ੍ਹ ਬਣਨਾ ਚਾਹੁੰਦੇ ਹਨ ਅਤੇ ਜੇ ਉਹ ਪਰਮੇਸ਼ੁਰ ਦੇ ਸ਼ਹਿਰ ਦੇ ਸਵਰਗੀ ਮੈਂਬਰ ਬਣ ਕੇ ਇਸ ਸ਼ਹਿਰ ਦਾ ਨਾਂ ਅਤੇ ਮਸੀਹ ਨੂੰ ਆਪਣਾ ਲਾੜਾ ਬਣਾ ਕੇ ਉਸ ਦਾ ਨਾਂ ਅਪਣਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ ਕਿ “ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।”
ਲਾਉਦਿਕੀਏ ਦੇ ਦੂਤ ਨੂੰ
16. ਲਾਉਦਿਕੀਏ ਬਾਰੇ ਕੁਝ ਜਾਣਕਾਰੀ ਦਿਓ।
16 ਮਸੀਹ ਨੇ ਲਾਉਦਿਕੀਏ ਦੀ ਲਾਪਰਵਾਹ ਕਲੀਸਿਯਾ ਨੂੰ ਝਿੜਕਿਆ। (ਪਰਕਾਸ਼ ਦੀ ਪੋਥੀ 3:14-22 ਪੜ੍ਹੋ।) ਲਾਉਦਿਕੀਆ ਅਫ਼ਸੁਸ ਤੋਂ ਤਕਰੀਬਨ 150 ਕਿਲੋਮੀਟਰ ਦੂਰ ਪੂਰਬ ਵਿਚ ਸੀ ਤੇ ਇਹ ਲੁਇਕੁਸ ਦਰਿਆ ਦੀ ਉਪਜਾਊ ਘਾਟੀ ਵਿਚ ਵੱਡੇ ਵਪਾਰ ਮਾਰਗਾਂ ਦੇ ਜੰਕਸ਼ਨ ਉੱਤੇ ਸਥਿਤ ਸੀ। ਇਸ ਅਮੀਰ ਸ਼ਹਿਰ ਵਿਚ ਵੀ ਬਹੁਤ ਕੁਝ ਬਣਾਇਆ ਜਾਂਦਾ ਸੀ ਤੇ ਇਹ ਬੈਂਕ-ਵਪਾਰ ਦਾ ਵੀ ਮੁੱਖ ਕੇਂਦਰ ਸੀ। ਇਸ ਇਲਾਕੇ ਵਿਚ ਕਾਲੀ ਉੱਨ ਦੇ ਬਣਾਏ ਕੱਪੜੇ ਦੂਰ-ਦੂਰ ਤਕ ਮਸ਼ਹੂਰ ਸਨ। ਇੱਥੇ ਇਕ ਮਸ਼ਹੂਰ ਮੈਡੀਕਲ ਸਕੂਲ ਵੀ ਸੀ। ਲਾਉਦਿਕੀਏ ਵਿਚ ਸ਼ਾਇਦ ਅੱਖਾਂ ਲਈ ਇਕ ਸੁਰਮਾ ਬਣਾਇਆ ਜਾਂਦਾ ਸੀ ਜਿਸ ਨੂੰ ਫਰੀਜੀਆਈ ਪਾਊਡਰ ਕਿਹਾ ਜਾਂਦਾ ਸੀ। ਦਵਾਈਆਂ ਦਾ ਦੇਵਤਾ ਅਸਕਲੀਪਿਅਸ ਸ਼ਹਿਰ ਦਾ ਇਕ ਮੁੱਖ ਦੇਵਤਾ ਸੀ। ਲਾਉਦਿਕੀਏ ਵਿਚ ਕਾਫ਼ੀ ਸਾਰੇ ਯਹੂਦੀ ਸਨ ਜਿਨ੍ਹਾਂ ਵਿੱਚੋਂ ਕੁਝ ਬਹੁਤ ਅਮੀਰ ਸਨ।
17. ਲਾਉਦਿਕੀਏ ਦੇ ਮਸੀਹੀਆਂ ਨੂੰ ਕਿਉਂ ਝਿੜਕਿਆ ਗਿਆ ਸੀ?
17 ਲਾਉਦਿਕੀਏ ਦੇ “ਦੂਤ” ਰਾਹੀਂ ਕਲੀਸਿਯਾ ਨਾਲ ਗੱਲ ਕਰਦੇ ਹੋਏ ਯਿਸੂ ਨੇ ‘ਵਫ਼ਾਦਾਰ ਅਤੇ ਸੱਚੇ ਗਵਾਹ, ਜਿਹੜਾ ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ,’ ਦੇ ਤੌਰ ਤੇ ਪੂਰੇ ਅਧਿਕਾਰ ਨਾਲ ਗੱਲ ਕੀਤੀ ਸੀ। (ਕੁਲੁੱਸੀਆਂ 1:13-16) ਲਾਉਦਿਕੀਏ ਦੇ ਮਸੀਹੀ ਸੱਚਾਈ ਵਿਚ ‘ਨਾ ਤਾਂ ਠੰਡੇ ਸਨ ਤੇ ਨਾ ਤੱਤੇ।’ ਇਸ ਕਰਕੇ ਉਨ੍ਹਾਂ ਨੂੰ ਝਿੜਕਿਆ ਗਿਆ। ਉਹ ਸੀਤਗਰਮ ਸਨ ਜਿਸ ਕਰਕੇ ਮਸੀਹ ਨੇ ਉਨ੍ਹਾਂ ਨੂੰ ਆਪਣੇ ਮੂੰਹ ਵਿੱਚੋਂ ਉਗਲ ਦੇਣਾ ਸੀ। ਉਨ੍ਹਾਂ ਨੂੰ ਗੱਲ ਸਮਝਣ ਵਿਚ ਕੋਈ ਮੁਸ਼ਕਲ ਤਾਂ ਨਹੀਂ ਆਈ ਹੋਣੀ। ਹੀਏਰਪੁਲਿਸ ਦੇ ਲਾਗੇ ਗਰਮ ਪਾਣੀ ਦੇ ਕੁਝ ਚਸ਼ਮੇ ਸਨ ਅਤੇ ਕੁਲੁੱਸੈ ਵਿਚ ਠੰਢਾ ਪਾਣੀ ਹੁੰਦਾ ਸੀ। ਲਾਉਦਿਕੀਏ ਵਿਚ ਕਾਫ਼ੀ ਦੂਰੋਂ ਪਾਣੀ ਲਿਆਇਆ ਜਾਂਦਾ ਸੀ। ਪਹਿਲਾਂ ਪਾਣੀ ਇਕ ਖਾਲ ਰਾਹੀਂ ਅਤੇ ਫਿਰ ਲਾਉਦਿਕੀਏ ਦੇ ਲਾਗੇ ਪੱਥਰਾਂ ਨੂੰ ਜੋੜ-ਜੋੜ ਕੇ ਬਣਾਏ ਪਾਈਪਾਂ ਰਾਹੀਂ ਲਿਆਇਆ ਜਾਂਦਾ ਸੀ। ਇਸ ਲਈ ਸ਼ਹਿਰ ਵਿਚ ਪਹੁੰਚਣ ਤਕ ਪਾਣੀ ਸੀਤਗਰਮ ਹੋ ਜਾਂਦਾ ਸੀ।
18, 19. ਅੱਜ ਉਨ੍ਹਾਂ ਮਸੀਹੀਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਜੋ ਲਾਉਦਿਕੀਏ ਦੇ ਮਸੀਹੀਆਂ ਵਰਗੇ ਹਨ?
18 ਲਾਉਦਿਕੀਏ ਦੇ ਮਸੀਹੀਆਂ ਵਾਂਗ ਅੱਜ ਵੀ ਕੁਝ-ਕੁਝ ਮਸੀਹੀ ਹਨ ਜੋ ਨਾ ਤਾਂ ਗਰਮ ਪਾਣੀ ਵਰਗੇ ਹਨ ਤੇ ਨਾ ਹੀ ਤਾਜ਼ਗੀ ਦੇਣ ਵਾਲੇ ਠੰਢੇ ਪਾਣੀ ਵਰਗੇ ਹਨ। ਸੀਤਗਰਮ ਪਾਣੀ ਵਾਂਗ ਉਨ੍ਹਾਂ ਨੂੰ ਵੀ ਮੂੰਹ ਵਿੱਚੋਂ ਉਗਲ ਦਿੱਤਾ ਜਾਵੇਗਾ। ਯਿਸੂ ਉਨ੍ਹਾਂ ਨੂੰ ਆਪਣੇ “ਏਲਚੀ” ਜਾਂ ਬੁਲਾਰੇ ਨਹੀਂ ਬਣਾਉਣਾ ਚਾਹੁੰਦਾ। (2 ਕੁਰਿੰਥੀਆਂ 5:20) ਜੇ ਉਹ ਤੋਬਾ ਨਹੀਂ ਕਰਦੇ, ਤਾਂ ਉਹ ਰਾਜ ਦੇ ਪ੍ਰਚਾਰਕਾਂ ਵਜੋਂ ਆਪਣੇ ਸਨਮਾਨ ਤੋਂ ਹੱਥ ਧੋ ਬੈਠਣਗੇ। ਲਾਉਦਿਕੀਏ ਦੇ ਮਸੀਹੀ ਧਨ-ਦੌਲਤ ਇਕੱਠੀ ਕਰਨ ਦੇ ਪਿੱਛੇ ਭੱਜ ਰਹੇ ਸਨ। ਉਹ ਇਹ ‘ਨਹੀਂ ਜਾਣਦੇ ਸਨ ਜੋ ਉਹ ਦੁਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ’ ਸਨ। ਅੱਜ ਜੋ ਵੀ ਉਨ੍ਹਾਂ ਵਰਗੇ ਹਨ, ਉਨ੍ਹਾਂ ਨੂੰ ਅਧਿਆਤਮਿਕ ਕੰਗਾਲੀ, ਅੰਨ੍ਹੇਪਣ ਤੇ ਨੰਗੇਜ਼ ਨੂੰ ਦੂਰ ਕਰਨ ਲਈ ਮਸੀਹ ਤੋਂ ਪਰਖੀ ਹੋਈ ਨਿਹਚਾ ਦਾ “ਤਾਇਆ ਹੋਇਆ ਸੋਨਾ,” ਧਾਰਮਿਕਤਾ ਦੇ “ਚਿੱਟੇ ਬਸਤਰ” ਅਤੇ ਅਧਿਆਤਮਿਕ ਨਜ਼ਰ ਠੀਕ ਕਰਨ ਵਾਲਾ “ਸੁਰਮਾ” ਖ਼ਰੀਦਣ ਦੀ ਲੋੜ ਹੈ। ਮਸੀਹੀ ਨਿਗਾਹਬਾਨ ਅਜਿਹੇ ਮਸੀਹੀਆਂ ਦੀ ਆਪਣੀਆਂ ਅਧਿਆਤਮਿਕ ਲੋੜਾਂ ਪਛਾਣਨ ਅਤੇ “ਨਿਹਚਾ ਵਿੱਚ ਧਨੀ” ਬਣਨ ਵਿਚ ਮਦਦ ਕਰਦੇ ਹਨ। (ਯਾਕੂਬ 2:5; ਮੱਤੀ 5:3, ਨਿ ਵ) ਇਸ ਤੋਂ ਇਲਾਵਾ, ਨਿਗਾਹਬਾਨਾਂ ਨੂੰ ਉਨ੍ਹਾਂ ਦੀ ਇਸ ਗੱਲ ਵਿਚ ਵੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਅਧਿਆਤਮਿਕ “ਸੁਰਮਾ” ਪਾਉਣ ਯਾਨੀ ਉਹ ਮਸੀਹ ਦੀਆਂ ਸਿੱਖਿਆਵਾਂ, ਸਲਾਹ, ਉਦਾਹਰਣ ਅਤੇ ਸੋਚਣੀ ਨੂੰ ਸਵੀਕਾਰ ਕਰਨ ਅਤੇ ਇਨ੍ਹਾਂ ਉੱਤੇ ਚੱਲਣ। ਇਸ ਨਾਲ ਅਸੀਂ ‘ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ’ ਉੱਤੇ ਕਾਬੂ ਪਾ ਸਕਾਂਗੇ।—1 ਯੂਹੰਨਾ 2:15-17.
19 ਯਿਸੂ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਤਾੜਦਾ ਹੈ ਤੇ ਅਨੁਸ਼ਾਸਨ ਦਿੰਦਾ ਹੈ। ਉਸ ਦੇ ਅਧੀਨ ਨਿਗਾਹਬਾਨਾਂ ਨੂੰ ਵੀ ਭੈਣਾਂ-ਭਰਾਵਾਂ ਨੂੰ ਤਾੜਨਾ ਦਿੰਦੇ ਸਮੇਂ ਉਨ੍ਹਾਂ ਨਾਲ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 20:28, 29) ਲਾਉਦਿਕੀਏ ਦੇ ਮਸੀਹੀਆਂ ਨੂੰ ‘ਉੱਦਮੀ ਬਣ ਕੇ ਅਤੇ ਤੋਬਾ ਕਰ ਕੇ’ ਆਪਣੀ ਜ਼ਿੰਦਗੀ ਜੀਉਣ ਦੇ ਤੌਰ-ਤਰੀਕਿਆਂ ਅਤੇ ਸੋਚਣੀ ਵਿਚ ਤਬਦੀਲੀ ਲਿਆਉਣ ਦੀ ਲੋੜ ਸੀ। ਕੀ ਸਾਡੇ ਵਿੱਚੋਂ ਕੁਝ ਮਸੀਹੀਆਂ ਦੇ ਜੀਉਣ ਦਾ ਤੌਰ-ਤਰੀਕਾ ਅਜਿਹਾ ਹੈ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਪਵਿੱਤਰ ਭਗਤੀ ਲਈ ਕੋਈ ਥਾਂ ਨਹੀਂ ਹੈ? ਤਾਂ ਫਿਰ ਆਓ ਆਪਾਂ ‘ਯਿਸੂ ਕੋਲੋਂ ਅੱਖੀਆਂ ਵਿੱਚ ਪਾਉਣ ਵਾਲਾ ਸੁਰਮਾ’ ਲੈ ਲਈਏ ਤਾਂਕਿ ਅਸੀਂ ਰਾਜ ਨੂੰ ਜੋਸ਼ ਨਾਲ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਦੀ ਅਹਿਮੀਅਤ ਨੂੰ ਦੇਖ ਸਕੀਏ।—ਮੱਤੀ 6:33.
20, 21. ਅੱਜ ਯਿਸੂ ਲਈ ਦਰਵਾਜ਼ਾ ਕੌਣ ਖੋਲ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
20 ਮਸੀਹ ਕਹਿੰਦਾ ਹੈ: “ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹ ਦੇ ਕੋਲ ਅੰਦਰ ਜਾਵਾਂਗਾ ਅਤੇ ਉਹ ਦੇ ਨਾਲ ਪਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ।” ਜਦੋਂ ਯਿਸੂ ਕਿਸੇ ਨਾਲ ਬੈਠ ਕੇ ਰੋਟੀ ਖਾਂਦਾ ਸੀ, ਤਾਂ ਉਹ ਅਕਸਰ ਪਰਮੇਸ਼ੁਰ ਬਾਰੇ ਗੱਲਾਂ ਕਰਿਆ ਕਰਦਾ ਸੀ। (ਲੂਕਾ 5:29-39; 7:36-50; 14:1-24) ਉਹ ਹੁਣ ਲਾਉਦਿਕੀਏ ਵਰਗੀ ਕਲੀਸਿਯਾ ਦਾ ਦਰਵਾਜ਼ਾ ਖੜਕਾ ਰਿਹਾ ਹੈ। ਕੀ ਉਸ ਦੇ ਮੈਂਬਰ ਦਰਵਾਜ਼ਾ ਖੋਲ੍ਹ ਕੇ ਉਸ ਪ੍ਰਤੀ ਆਪਣੇ ਪਿਆਰ ਨੂੰ ਮੁੜ ਜਗਾਉਣਗੇ ਤੇ ਉਸ ਦਾ ਸੁਆਗਤ ਕਰ ਕੇ ਉਸ ਨੂੰ ਅੰਦਰ ਬੁਲਾਉਣਗੇ ਅਤੇ ਉਸ ਨੂੰ ਸਿੱਖਿਆ ਦੇਣ ਦਾ ਮੌਕਾ ਦੇਣਗੇ? ਜੇ ਹਾਂ, ਤਾਂ ਮਸੀਹ ਉਨ੍ਹਾਂ ਨੂੰ ਵੀ ਸੱਚਾਈ ਦੀਆਂ ਡੂੰਘੀਆਂ ਗੱਲਾਂ ਦੱਸੇਗਾ।
21 ਅੱਜ ‘ਹੋਰ ਭੇਡਾਂ’ ਲਾਖਣਿਕ ਤੌਰ ਤੇ ਯਿਸੂ ਨੂੰ ਅੰਦਰ ਬੁਲਾ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਅਨੰਤ ਜੀਵਨ ਮਿਲੇਗਾ। (ਯੂਹੰਨਾ 10:16; ਮੱਤੀ 25:34-40, 46) ਯਿਸੂ ਹਰ ਜੇਤੂ ਮਸਹ ਕੀਤੇ ਹੋਏ ਮਸੀਹੀ ਨੂੰ ‘ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬੈਠਣ’ ਦਾ ਸਨਮਾਨ ਬਖ਼ਸ਼ੇਗਾ ‘ਜਿਸ ਪਰਕਾਰ ਯਿਸੂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ।’ ਜੀ ਹਾਂ, ਇਨ੍ਹਾਂ ਜੇਤੂਆਂ ਨੂੰ ਯਿਸੂ ਇਹ ਸ਼ਾਨਦਾਰ ਇਨਾਮ ਦੇਣ ਦਾ ਵਾਅਦਾ ਕਰਦਾ ਹੈ ਕਿ ਉਹ ਉਸ ਦੇ ਨਾਲ ਸਵਰਗ ਵਿਚ ਉਸ ਦੇ ਪਿਤਾ ਦੇ ਸੱਜੇ ਹੱਥ ਬੈਠਣਗੇ। ਇਸ ਤੋਂ ਇਲਾਵਾ, ਜਿੱਤ ਹਾਸਲ ਕਰਨ ਵਾਲੀਆਂ ਹੋਰ ਭੇਡਾਂ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਬਰਕਤਾਂ ਪ੍ਰਾਪਤ ਕਰਨ ਦੀ ਉਮੀਦ ਰੱਖ ਸਕਦੀਆਂ ਹਨ।
ਸਾਡੇ ਲਈ ਸਬਕ
22, 23. (ੳ) ਸੱਤਾਂ ਕਲੀਸਿਯਾਵਾਂ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅੱਜ ਸਾਰੇ ਮਸੀਹੀ ਕਿੱਦਾਂ ਫ਼ਾਇਦਾ ਲੈ ਸਕਦੇ ਹਨ? (ਅ) ਸਾਨੂੰ ਕੀ ਕਰਨ ਲਈ ਦ੍ਰਿੜ੍ਹ ਰਹਿਣਾ ਚਾਹੀਦਾ ਹੈ?
22 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅੱਜ ਸਾਰੇ ਮਸੀਹੀ ਬਹੁਤ ਫ਼ਾਇਦਾ ਪ੍ਰਾਪਤ ਕਰ ਸਕਦੇ ਹਨ। ਉਦਾਹਰਣ ਲਈ, ਯਿਸੂ ਨੇ ਮਸੀਹੀਆਂ ਵਿਚ ਚੰਗੀਆਂ ਗੱਲਾਂ ਦੇਖ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। ਇਸ ਦੀ ਨਕਲ ਕਰ ਕੇ ਮਸੀਹੀ ਬਜ਼ੁਰਗ ਭੈਣਾਂ-ਭਰਾਵਾਂ ਤੇ ਕਲੀਸਿਯਾ ਦੀ ਇਸ ਗੱਲੋਂ ਤਾਰੀਫ਼ ਕਰ ਸਕਦੇ ਹਨ ਕਿ ਉਹ ਸੱਚਾਈ ਵਿਚ ਮਜ਼ਬੂਤ ਹਨ। ਬਜ਼ੁਰਗ ਕਮਜ਼ੋਰ ਭੈਣ-ਭਰਾਵਾਂ ਨੂੰ ਬਾਈਬਲ ਵਿੱਚੋਂ ਸਲਾਹ ਦੇ ਕੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਅਸੀਂ ਸਾਰੇ ਸੱਤਾਂ ਕਲੀਸਿਯਾਵਾਂ ਨੂੰ ਦਿੱਤੀ ਯਿਸੂ ਦੀ ਸਲਾਹ ਦੇ ਵੱਖਰੇ-ਵੱਖਰੇ ਪਹਿਲੂਆਂ ਤੋਂ ਫ਼ਾਇਦਾ ਲੈ ਸਕਦੇ ਹਾਂ, ਬਸ਼ਰਤੇ ਕਿ ਅਸੀਂ ਪ੍ਰਾਰਥਨਾ ਕਰਦੇ ਹੋਏ ਤੁਰੰਤ ਇਸ ਨੂੰ ਆਪਣੀ ਜ਼ਿੰਦਗੀ ਉੱਤੇ ਲਾਗੂ ਕਰੀਏ।a
23 ਇਨ੍ਹਾਂ ਅੰਤ ਦੇ ਦਿਨਾਂ ਵਿਚ ਸਾਨੂੰ ਢਿੱਲੇ ਪੈਣ, ਪੈਸੇ ਪਿੱਛੇ ਭੱਜਣ ਜਾਂ ਫਿਰ ਅਜਿਹਾ ਕੋਈ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਕਰਕੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਢਿੱਲੇ ਪੈ ਸਕਦੇ ਹਾਂ। ਇਸ ਲਈ ਸਾਰੀਆਂ ਕਲੀਸਿਯਾਵਾਂ ਨੂੰ ਸ਼ਮਾਦਾਨਾਂ ਵਾਂਗ ਚਮਕਣਾ ਚਾਹੀਦਾ ਹੈ ਤਾਂਕਿ ਯਿਸੂ ਉਨ੍ਹਾਂ ਨੂੰ ਉਨ੍ਹਾਂ ਦੀ ਥਾਂ ਤੋਂ ਨਾ ਹਟਾਵੇ। ਵਫ਼ਾਦਾਰ ਮਸੀਹੀ ਹੋਣ ਦੇ ਨਾਤੇ, ਆਓ ਆਪਾਂ ਹਮੇਸ਼ਾ ਦ੍ਰਿੜ੍ਹਤਾ ਨਾਲ ਯਿਸੂ ਦੀ ਗੱਲ ਵੱਲ ਧਿਆਨ ਦੇਈਏ ਅਤੇ ਸੁਣੀਏ ਕਿ ਆਤਮਾ ਕੀ ਕਹਿੰਦੀ ਹੈ। ਫਿਰ ਸਾਨੂੰ ਯਹੋਵਾਹ ਦੀ ਮਹਿਮਾ ਨੂੰ ਵਧਾਉਣ ਵਿਚ ਖ਼ੁਸ਼ੀ ਪ੍ਰਾਪਤ ਹੋਵੇਗੀ।
ਤੁਸੀਂ ਕੀ ਜਵਾਬ ਦਿਓਗੇ?
• “ਤੀਵੀਂ ਈਜ਼ਬਲ” ਕੌਣ ਸੀ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਨੂੰ ਉਸ ਦੀ ਨਕਲ ਕਿਉਂ ਨਹੀਂ ਕਰਨੀ ਚਾਹੀਦੀ?
• ਸਾਰਦੀਸ ਦੀ ਕਲੀਸਿਯਾ ਦੀ ਹਾਲਤ ਕੀ ਸੀ ਅਤੇ ਅਸੀਂ ਉਸ ਕਲੀਸਿਯਾ ਦੇ ਜ਼ਿਆਦਾਤਰ ਮਸੀਹੀਆਂ ਵਾਂਗ ਬਣਨ ਤੋਂ ਕਿਵੇਂ ਬਚ ਸਕਦੇ ਹਾਂ?
• ਯਿਸੂ ਨੇ ਫ਼ਿਲਦਲਫ਼ੀਆ ਨਾਲ ਕਿਹੜੇ ਵਾਅਦੇ ਕੀਤੇ ਸਨ ਅਤੇ ਅੱਜ ਇਹ ਸਾਡੇ ਲਈ ਕੀ ਅਰਥ ਰੱਖਦੇ ਹਨ?
• ਲਾਉਦਿਕੀਏ ਨੂੰ ਕਿਉਂ ਤਾੜਨਾ ਦਿੱਤੀ ਗਈ ਸੀ, ਪਰ ਜੋਸ਼ੀਲੇ ਮਸੀਹੀਆਂ ਨੂੰ ਕਿਹੜੇ ਸੁਨਹਿਰੇ ਮੌਕੇ ਦਿੱਤੇ ਜਾਣਗੇ?
[ਸਫ਼ੇ 16 ਉੱਤੇ ਤਸਵੀਰ]
ਸਾਨੂੰ “ਤੀਵੀਂ ਈਜ਼ਬਲ” ਦੇ ਦੁਸ਼ਟ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ
[ਸਫ਼ੇ 18 ਉੱਤੇ ਤਸਵੀਰਾਂ]
ਯਿਸੂ ਨੇ ਆਪਣੇ ਚੇਲਿਆਂ ਲਈ ਪਰਮੇਸ਼ੁਰ ਦੇ ਰਾਜ ਦੀ ਸੇਵਾ ਕਰਨ ਦੇ ਸਨਮਾਨਾਂ ਦਾ ‘ਵੱਡਾ ਦਰਵੱਜਾ’ ਖੋਲ੍ਹਿਆ ਹੋਇਆ ਹੈ
[ਸਫ਼ੇ 20 ਉੱਤੇ ਤਸਵੀਰ]
ਕੀ ਤੁਸੀਂ ਯਿਸੂ ਦਾ ਸੁਆਗਤ ਕਰਦੇ ਹੋ ਤੇ ਉਸ ਦੀਆਂ ਗੱਲਾਂ ਸੁਣਦੇ ਹੋ?
[ਫੁਟਨੋਟ]
a ਪਰਕਾਸ਼ ਦੀ ਪੋਥੀ 2:1–3:22 ਦੀ ਚਰਚਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ ਅਧਿਆਇ 7-13 ਵਿਚ ਵੀ ਕੀਤੀ ਗਈ ਹੈ।