ਅਪਾਕਲਿਪਸ ਵਿਚ ਦਿੱਤੀ ਗਈ “ਖ਼ੁਸ਼ ਖ਼ਬਰੀ”
“ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ . . . ਖੁਸ਼ ਖਬਰੀ ਸੁਣਾਵੇ।”—ਪਰਕਾਸ਼ ਦੀ ਪੋਥੀ 14:6.
1. ਭਾਵੇਂ ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਅਪਾਕਲਿਪਸ ਦੀ ਕਿਤਾਬ ਪਰਮੇਸ਼ੁਰ ਦੁਆਰਾ ਲਿਖਾਈ ਗਈ ਹੈ, ਪਰ ਉਹ ਇਕ “ਅਪਾਕਲਿਪਟਿਕ ਫਿਰਕਾ” ਕਿਉਂ ਨਹੀਂ ਹਨ?
ਚਾਹੇ ਯਹੋਵਾਹ ਦੇ ਗਵਾਹਾਂ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਇਕ “ਅਪਾਕਲਿਪਟਿਕ ਫਿਰਕਾ” ਜਾਂ “ਕਿਆਮਤੀ ਪੰਥ” ਹੈ, ਪਰ ਇਹ ਸੱਚ ਨਹੀਂ ਹੈ। ਉਹ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਨੂੰ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਦਾ ਹਿੱਸਾ ਜ਼ਰੂਰ ਮੰਨਦੇ ਹਨ। ਇਹ ਸੱਚ ਹੈ ਕਿ ਪਰਕਾਸ਼ ਦੀ ਪੋਥੀ ਵਿਚ ਦੁਸ਼ਟਾਂ ਲਈ ਪਰਮੇਸ਼ੁਰੀ ਕ੍ਰੋਧ ਦਾ ਸੰਦੇਸ਼ ਦਿੱਤਾ ਗਿਆ ਹੈ। ਪਰ ਲੋਕਾਂ ਨੂੰ ਪ੍ਰਚਾਰ ਕਰਦੇ ਸਮੇਂ ਉਹ ਮੁੱਖ ਤੌਰ ਤੇ ਬਾਈਬਲ ਵਿਚ ਦਿੱਤੀ ਗਈ ਸ਼ਾਨਦਾਰ ਉਮੀਦ ਬਾਰੇ ਗੱਲ ਕਰਦੇ ਹਨ, ਜਿਸ ਵਿਚ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਵਿਚ ਦਿੱਤੀ ਗਈ ਉਮੀਦ ਵੀ ਸ਼ਾਮਲ ਹੈ। ਇਸ ਤਰ੍ਹਾਂ ਉਹ ਬਾਈਬਲ ਵਿਚ ਪਾਏ ਜਾਂਦੇ ਭਵਿੱਖ-ਸੂਚਕ ਬਚਨਾਂ ਵਿਚ ਨਾ ਤਾਂ ਕੁਝ ਵਾਧਾ ਕਰਦੇ ਹਨ ਤੇ ਨਾ ਹੀ ਕੁਝ ਘਟਾਉਂਦੇ ਹਨ।—ਪਰਕਾਸ਼ ਦੀ ਪੋਥੀ 22:18, 19.
ਖ਼ੁਸ਼ ਖ਼ਬਰੀ ਦੇ ਸੰਦੇਸ਼ਵਾਹਕ
2. ਯਹੋਵਾਹ ਦੇ ਗਵਾਹ ਕਿਹੜੇ ਕੁਝ ਸ਼ਾਸਤਰਵਚਨਾਂ ਨੂੰ ਆਪਣੇ ਪ੍ਰਚਾਰ ਕੰਮ ਵਿਚ ਅਕਸਰ ਵਰਤਦੇ ਹਨ?
2 ਯਹੋਵਾਹ ਦੇ ਗਵਾਹ ਯਿਸੂ ਦੇ ਕਹੇ ਸ਼ਬਦਾਂ ਦੇ ਆਧਾਰ ਤੇ ਲੋਕਾਂ ਨੂੰ ਪ੍ਰਚਾਰ ਕਰਦੇ ਹਨ ਅਤੇ ਅਸੀਂ ਅਕਸਰ ਇਸ ਸ਼ਾਸਤਰਵਚਨ ਦਾ ਹਵਾਲਾ ਦਿੰਦੇ ਹਾਂ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅਤੇ ‘ਰਾਜ ਦੀ ਇਹ ਖ਼ੁਸ਼ ਖ਼ਬਰੀ’ ਕੀ ਹੈ? ਜਵਾਬ ਵਿਚ ਬਹੁਤ ਸਾਰੇ ਗਵਾਹ ਪਰਕਾਸ਼ ਦੀ ਪੋਥੀ ਦੇ ਅਧਿਆਇ 20 ਅਤੇ 21 ਦੀਆਂ ਉਨ੍ਹਾਂ ਆਇਤਾਂ ਦਾ ਹਵਾਲਾ ਦੇਣਗੇ ਜਿਨ੍ਹਾਂ ਵਿਚ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਬਾਰੇ, ਉਸ ਦੀ ਸਰਕਾਰ ਅਤੇ ਮਨੁੱਖੀ ਸਮਾਜ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਨਾ ਮੌਤ, ਨਾ ਸੋਗ ਅਤੇ ਨਾ ਦੁੱਖ ਹੋਵੇਗਾ।—ਪਰਕਾਸ਼ ਦੀ ਪੋਥੀ 20:6; 21:1, 4.
3. ਪਰਕਾਸ਼ ਦੀ ਪੋਥੀ ਵਿਚ ਦੱਸੇ ਗਏ ਕਿਹੜੇ ਕੰਮ ਵਿਚ ਯਹੋਵਾਹ ਦੇ ਗਵਾਹ ਸ਼ਾਮਲ ਹਨ?
3 ਇਸ ਖ਼ੁਸ਼ ਖ਼ਬਰੀ ਦੇ ਸੰਦੇਸ਼ਵਾਹਕ ਹੋਣ ਦੇ ਨਾਤੇ, ਯਹੋਵਾਹ ਦੇ ਗਵਾਹ ਅਸਲ ਵਿਚ ਇਕ ਲਾਖਣਿਕ ਸਵਰਗੀ ਸੰਦੇਸ਼ਵਾਹਕ ਦੇ ਬੁਲਾਰੇ ਹਨ। ਇਸ ਸਵਰਗੀ ਸੰਦੇਸ਼ਵਾਹਕ ਦਾ ਕੰਮ ਵੀ ਪਰਕਾਸ਼ ਦੀ ਪੋਥੀ ਵਿਚ ਦੱਸਿਆ ਗਿਆ ਹੈ। “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” (ਪਰਕਾਸ਼ ਦੀ ਪੋਥੀ 14:6) “ਸਦੀਪਕਾਲ ਦੀ ਇੰਜੀਲ” ਵਿਚ ਇਹ ਐਲਾਨ ਵੀ ਸ਼ਾਮਲ ਹੈ ਕਿ “ਜਗਤ ਦਾ ਰਾਜ [ਜਾਂ ਹਕੂਮਤ] ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ” ਅਤੇ ਇਹ ਕਿ ਉਹ “ਸਮਾਂ” ਆ ਗਿਆ ਹੈ ਜਦੋਂ ਯਹੋਵਾਹ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ।’ (ਪਰਕਾਸ਼ ਦੀ ਪੋਥੀ 11:15, 17, 18) ਕੀ ਇਹ ਖ਼ੁਸ਼ ਖ਼ਬਰੀ ਨਹੀਂ ਹੈ?
ਪਰਕਾਸ਼ ਦੀ ਪੋਥੀ ਵਿਚ ਸਾਡੇ ਲਈ ਕੀ ਹੈ?
4. (ੳ) ਪਰਕਾਸ਼ ਦੀ ਪੋਥੀ ਦੇ ਪਹਿਲੇ ਅਧਿਆਇ ਵਿਚ ਕਿਹੜੀਆਂ ਬੁਨਿਆਦੀ ਸੱਚਾਈਆਂ ਦੱਸੀਆਂ ਗਈਆਂ ਹਨ? (ਅ) ਜਿਹੜੇ ਖ਼ੁਸ਼ ਖ਼ਬਰੀ ਤੋਂ ਫ਼ਾਇਦਾ ਲੈਣਾ ਚਾਹੁੰਦੇ ਹਨ, ਉਨ੍ਹਾਂ ਤੋਂ ਕੀ ਮੰਗ ਕੀਤੀ ਜਾਂਦੀ ਹੈ?
4 ਪਰਕਾਸ਼ ਦੀ ਪੋਥੀ ਦਾ ਪਹਿਲਾ ਅਧਿਆਇ ਯਹੋਵਾਹ ਨੂੰ “ਅਲਫਾ ਅਤੇ ਓਮੇਗਾ” ਦੇ ਰੂਪ ਵਿਚ ਪੇਸ਼ ਕਰਦਾ ਹੈ, “ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ ਸ਼ਕਤੀਮਾਨ ਹੈ।” ਅਤੇ ਇਹ ਅਧਿਆਇ ਦੱਸਦਾ ਹੈ ਕਿ ਉਸ ਦਾ ਪੁੱਤਰ ਯਿਸੂ ਮਸੀਹ “ਸੱਚਾ ਗਵਾਹ,” “ਮੁਰਦਿਆਂ ਵਿੱਚੋਂ ਜੇਠਾ” ਅਤੇ “ਧਰਤੀ ਦੇ ਰਾਜਿਆਂ ਦਾ ਹਾਕਮ” ਹੈ। ਇਹ ਅਧਿਆਇ ਇਹ ਵੀ ਦੱਸਦਾ ਹੈ ਕਿ ਯਿਸੂ ‘ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਉਸ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ।’ (ਪਰਕਾਸ਼ ਦੀ ਪੋਥੀ 1:5, 8) ਇਸ ਤਰ੍ਹਾਂ ਸ਼ੁਰੂ ਤੋਂ ਹੀ ਪਰਕਾਸ਼ ਦੀ ਪੋਥੀ ਉਨ੍ਹਾਂ ਬੁਨਿਆਦੀ ਸੱਚਾਈਆਂ ਬਾਰੇ ਦੱਸਦੀ ਹੈ ਜੋ ਜੀਵਨ ਲਈ ਜ਼ਰੂਰੀ ਹਨ। “ਧਰਤੀ ਦੇ ਵਾਸੀਆਂ” ਨੂੰ ਉਦੋਂ ਤਕ ਇਸ ਖ਼ੁਸ਼ ਖ਼ਬਰੀ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ ਜਦ ਤਕ ਉਹ ਯਹੋਵਾਹ ਦੀ ਸਰਬਸੱਤਾ ਨੂੰ ਨਹੀਂ ਪਛਾਣਦੇ, ਯਿਸੂ ਦੇ ਵਹਾਏ ਹੋਏ ਲਹੂ ਵਿਚ ਨਿਹਚਾ ਨਹੀਂ ਕਰਦੇ ਅਤੇ ਇਹ ਵਿਸ਼ਵਾਸ ਨਹੀਂ ਕਰਦੇ ਕਿ ਯਹੋਵਾਹ ਨੇ ਯਿਸੂ ਨੂੰ ਪੁਨਰ-ਉਥਿਤ ਕੀਤਾ ਸੀ ਅਤੇ ਕਿ ਮਸੀਹ ਹੁਣ ਪਰਮੇਸ਼ੁਰ ਦੁਆਰਾ ਨਿਯੁਕਤ ਕੀਤਾ ਹੋਇਆ ਇਸ ਧਰਤੀ ਦਾ ਰਾਜਾ ਹੈ।—ਜ਼ਬੂਰ 2:6-8.
5. ਪਰਕਾਸ਼ ਦੀ ਪੋਥੀ ਦੇ ਦੂਜੇ ਅਤੇ ਤੀਜੇ ਅਧਿਆਇ ਵਿਚ ਮਸੀਹ ਦੀ ਕਿਹੜੀ ਭੂਮਿਕਾ ਦੱਸੀ ਗਈ ਹੈ?
5 ਅਗਲੇ ਦੋ ਅਧਿਆਵਾਂ ਵਿਚ ਮਸੀਹ ਯਿਸੂ ਨੂੰ ਧਰਤੀ ਉੱਤੇ ਉਸ ਦੇ ਚੇਲਿਆਂ ਦੀਆਂ ਕਲੀਸਿਯਾਵਾਂ ਦੇ ਪ੍ਰੇਮਮਈ ਸਵਰਗੀ ਨਿਗਾਹਬਾਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਪਹਿਲੀ ਸਦੀ ਸਾ.ਯੁ. ਵਿਚ ਏਸ਼ੀਆ ਮਾਈਨਰ ਦੀਆਂ ਸੱਤ ਚੋਣਵੀਆਂ ਕਲੀਸਿਯਾਵਾਂ ਨੂੰ ਲਿਖੀ ਗਈ ਪੋਥੀ ਵਿਚ ਉਤਸ਼ਾਹ ਅਤੇ ਸਖ਼ਤ ਤਾੜਨਾ ਦਿੱਤੀ ਗਈ ਸੀ ਜੋ ਅੱਜ ਵੀ ਲਾਗੂ ਹੁੰਦੀ ਹੈ। ਕਲੀਸਿਯਾਵਾਂ ਨੂੰ ਭੇਜੇ ਗਏ ਸੰਦੇਸ਼ ਅਕਸਰ ਅਜਿਹੇ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ, ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ’ ਜਾਂ ‘ਮੈਂ ਤੇਰੀ ਬਿਪਤਾ ਨੂੰ ਜਾਣਦਾ ਹਾਂ।’ (ਪਰਕਾਸ਼ ਦੀ ਪੋਥੀ 2:2, 9) ਜੀ ਹਾਂ, ਮਸੀਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਚੇਲਿਆਂ ਦੀਆਂ ਕਲੀਸਿਯਾਵਾਂ ਵਿਚ ਕੀ ਹੋ ਰਿਹਾ ਸੀ। ਉਸ ਨੇ ਕੁਝ ਕਲੀਸਿਯਾਵਾਂ ਦੇ ਪ੍ਰੇਮ, ਨਿਹਚਾ, ਸੇਵਕਾਈ ਵਿਚ ਮਿਹਨਤ, ਸਬਰ ਅਤੇ ਉਸ ਦੇ ਨਾਂ ਅਤੇ ਬਚਨ ਪ੍ਰਤੀ ਵਫ਼ਾਦਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਦੂਸਰਿਆਂ ਨੂੰ ਉਸ ਨੇ ਝਿੜਕਿਆ ਕਿਉਂਕਿ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਉਨ੍ਹਾਂ ਦਾ ਪਹਿਲਾ ਪ੍ਰੇਮ ਠੰਢਾ ਪੈ ਗਿਆ ਸੀ ਜਾਂ ਉਹ ਅਨੈਤਿਕਤਾ, ਮੂਰਤੀ-ਪੂਜਾ ਜਾਂ ਧਰਮ-ਤਿਆਗੀ ਫਿਰਕਾਪਰਸਤੀ ਵਿਚ ਪੈ ਗਏ ਸਨ।
6. ਅਧਿਆਇ 4 ਵਿਚ ਦਿੱਤਾ ਗਿਆ ਦਰਸ਼ਣ ਲੋਕਾਂ ਦੀ ਕੀ ਸਮਝਣ ਵਿਚ ਮਦਦ ਕਰਦਾ ਹੈ?
6 ਅਧਿਆਇ 4 ਵਿਚ ਯਹੋਵਾਹ ਪਰਮੇਸ਼ੁਰ ਦੇ ਸਵਰਗੀ ਸਿੰਘਾਸਣ ਦਾ ਇਕ ਹੈਰਾਨਕੁਨ ਦਰਸ਼ਣ ਦਿੱਤਾ ਗਿਆ ਹੈ। ਇਹ ਯਹੋਵਾਹ ਦੇ ਆਲੇ-ਦੁਆਲੇ ਦੀ ਮਹਿਮਾ ਅਤੇ ਉਸ ਦੇ ਸ਼ਾਸਨ ਕਰਨ ਦੀ ਸਵਰਗੀ ਵਿਵਸਥਾ ਦੀ ਝਲਕ ਦਿੰਦਾ ਹੈ। ਮੁਕਟ ਪਹਿਨੇ ਹੋਏ ਸ਼ਾਸਕ, ਜਿਨ੍ਹਾਂ ਦੀਆਂ ਗੱਦੀਆਂ ਬ੍ਰਹਿਮੰਡ ਦੇ ਮੁੱਖ ਸਿੰਘਾਸਣ ਦੇ ਆਲੇ-ਦੁਆਲੇ ਹਨ, ਯਹੋਵਾਹ ਨੂੰ ਮੱਥਾ ਟੇਕਦੇ ਹਨ ਅਤੇ ਐਲਾਨ ਕਰਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”—ਪਰਕਾਸ਼ ਦੀ ਪੋਥੀ 4:11.
7. (ੳ) ਦੂਤ ਧਰਤੀ ਦੇ ਵਾਸੀਆਂ ਨੂੰ ਕੀ ਕਰਨ ਦਾ ਸੱਦਾ ਦਿੰਦਾ ਹੈ? (ਅ) ਸਾਡੇ ਸਿੱਖਿਆ ਦੇਣ ਦੇ ਕੰਮ ਦਾ ਇਕ ਮਹੱਤਵਪੂਰਣ ਹਿੱਸਾ ਕੀ ਹੈ?
7 ਕੀ ਅੱਜ ਦੇ ਲੋਕਾਂ ਲਈ ਇਸ ਦਾ ਕੋਈ ਮਤਲਬ ਹੈ? ਯਕੀਨਨ ਉਨ੍ਹਾਂ ਲਈ ਇਸ ਦਾ ਮਤਲਬ ਹੈ। ਜੇ ਉਹ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਜ਼ਿੰਦਗੀ ਪ੍ਰਾਪਤ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ‘ਅਕਾਸ਼ ਵਿੱਚ ਉੱਡਦੇ ਦੂਤ’ ਦੇ ਐਲਾਨ ਵੱਲ ਧਿਆਨ ਦੇਣਾ ਪਏਗਾ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।” (ਪਰਕਾਸ਼ ਦੀ ਪੋਥੀ 14:6, 7) ਯਹੋਵਾਹ ਦੇ ਗਵਾਹਾਂ ਦੇ ਬਾਈਬਲ-ਸਿੱਖਿਆ ਕਾਰਜ ਦਾ ਇਕ ਮੁੱਖ ਮਕਸਦ “ਧਰਤੀ ਦੇ ਵਾਸੀਆਂ” ਦੀ ਮਦਦ ਕਰਨੀ ਹੈ ਤਾਂਕਿ ਉਹ ਯਹੋਵਾਹ ਨੂੰ ਜਾਣਨ ਅਤੇ ਉਸ ਦੀ ਉਪਾਸਨਾ ਕਰਨ, ਉਸ ਨੂੰ ਸ੍ਰਿਸ਼ਟੀਕਰਤਾ ਦੇ ਤੌਰ ਤੇ ਸਵੀਕਾਰ ਕਰਨ ਅਤੇ ਆਪਣੀ ਇੱਛਾ ਨਾਲ ਉਸ ਦੀ ਧਾਰਮਿਕ ਸਰਬਸੱਤਾ ਦੇ ਅਧੀਨ ਹੋਣ।
ਲੇਲਾ ਆਦਰ ਪ੍ਰਾਪਤ ਕਰਨ ਦੇ ਯੋਗ ਹੈ
8. (ੳ) ਅਧਿਆਇ 5 ਅਤੇ 6 ਵਿਚ ਮਸੀਹ ਨੂੰ ਕਿਸ ਰੂਪ ਵਿਚ ਪੇਸ਼ ਕੀਤਾ ਗਿਆ ਹੈ? (ਅ) ਜਿਹੜੇ ਲੋਕ ਖ਼ੁਸ਼ ਖ਼ਬਰੀ ਨੂੰ ਸੁਣਦੇ ਹਨ, ਉਹ ਇਸ ਦਰਸ਼ਣ ਤੋਂ ਕੀ ਸਿੱਖ ਸਕਦੇ ਹਨ?
8 ਅਗਲੇ ਦੋ ਅਧਿਆਇ, 5 ਅਤੇ 6, ਯਿਸੂ ਮਸੀਹ ਨੂੰ ਇਕ ਲੇਲੇ ਦੇ ਰੂਪ ਵਿਚ ਪੇਸ਼ ਕਰਦੇ ਹਨ ਜੋ ਸੱਤ ਮੋਹਰਾਂ ਵਾਲੀ ਇਕ ਪੋਥੀ ਨੂੰ ਖੋਲ੍ਹਣ ਦੇ ਯੋਗ ਪਾਇਆ ਗਿਆ। (ਯੂਹੰਨਾ 1:29 ਦੀ ਤੁਲਨਾ ਕਰੋ।) ਇਹ ਅਧਿਆਇ ਸਾਡੇ ਦਿਨਾਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਲਾਖਣਿਕ ਭਾਸ਼ਾ ਵਿਚ ਪ੍ਰਗਟ ਕਰਦੇ ਹਨ। ਇਸ ਲਾਖਣਿਕ ਲੇਲੇ ਨੂੰ ਸਵਰਗੀ ਪ੍ਰਾਣੀਆਂ ਦੀ ਆਵਾਜ਼ ਕਹਿੰਦੀ ਹੈ: “ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ, ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ, ਅਤੇ ਓਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 5:9, 10) ਇਹ ਦਰਸ਼ਣ ਸਾਨੂੰ ਸਿਖਾਉਂਦਾ ਹੈ ਕਿ ਮਸੀਹ ਦੇ ਵਹਾਏ ਹੋਏ ਲਹੂ ਦੇ ਆਧਾਰ ਤੇ ਸਾਰੀਆਂ ਕੌਮਾਂ ਵਿੱਚੋਂ ਕੁਝ ਲੋਕ ਉਸ ਦੇ ਨਾਲ ਸਵਰਗ ਵਿਚ ਹੋਣ ਲਈ ਅਤੇ ‘ਧਰਤੀ ਉੱਤੇ ਰਾਜ ਕਰਨ’ ਲਈ ਬੁਲਾਏ ਗਏ ਹਨ। (ਪਰਕਾਸ਼ ਦੀ ਪੋਥੀ 1:5, 6 ਦੀ ਤੁਲਨਾ ਕਰੋ।) ਉਨ੍ਹਾਂ ਦੀ ਸੀਮਿਤ ਗਿਣਤੀ, ਬਾਅਦ ਵਿਚ ਪਰਕਾਸ਼ ਦੀ ਪੋਥੀ ਵਿਚ ਦੱਸੀ ਗਈ ਹੈ।
9. ਅਧਿਆਇ 6 ਵਿਚ ਮਸੀਹ ਨੂੰ ਕਿਸ ਰੂਪ ਵਿਚ ਪੇਸ਼ ਕੀਤਾ ਗਿਆ ਹੈ?
9 ਉਸੇ ਦਰਸ਼ਣ ਵਿਚ ਮਸੀਹ ਨੂੰ ਮੁਕਟ ਪਹਿਨੇ ਹੋਏ ਅਤੇ ਚਿੱਟੇ ਘੋੜੇ ਉੱਤੇ ਸਵਾਰ ਹੋਏ ਦਿਖਾਇਆ ਗਿਆ ਹੈ ਜੋ ‘ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲਦਾ ਹੈ।’ ਅਪਾਕਲਿਪਸ ਦੇ ਤਿੰਨ ਹੋਰ ਘੋੜਸਵਾਰਾਂ ਨੇ ਮਹੱਤਵਪੂਰਣ ਸਾਲ 1914 ਤੋਂ ਬਾਅਦ ਧਰਤੀ ਉੱਤੇ ਲੜਾਈਆਂ, ਕਾਲ ਅਤੇ ਮੌਤ ਲਿਆਂਦੀ ਹੈ। (ਪਰਕਾਸ਼ ਦੀ ਪੋਥੀ 6:1-8) ਪਰ ਖ਼ੁਸ਼ੀ ਦੀ ਗੱਲ ਹੈ ਕਿ ਮਸੀਹ ਇਨ੍ਹਾਂ ਤਿੰਨਾਂ ਘੋੜਸਵਾਰਾਂ ਦੁਆਰਾ ਦਰਸਾਏ ਗਏ ਹਾਨੀਕਾਰਕ ਪ੍ਰਭਾਵਾਂ ਨੂੰ ਫਤਹਿ ਕਰੇਗਾ। ਮਨੁੱਖਜਾਤੀ ਨੂੰ ਮੁਕਤੀ ਦਿਲਾਉਣ ਵਿਚ ਅਤੇ ਯਹੋਵਾਹ ਦੇ ਅਦਭੁਤ ਮਕਸਦਾਂ ਨੂੰ ਪੂਰਾ ਕਰਨ ਵਿਚ ਪਰਮੇਸ਼ੁਰ ਦੇ ਲੇਲੇ, ਯਿਸੂ ਮਸੀਹ ਦੀ ਭੂਮਿਕਾ ਬਾਰੇ ਦੂਸਰਿਆਂ ਨੂੰ ਸਿਖਾਉਣਾ ਯਹੋਵਾਹ ਦੇ ਗਵਾਹਾਂ ਦੇ ਬਾਈਬਲ-ਸਿੱਖਿਆ ਕਾਰਜ ਦਾ ਇਕ ਮੁੱਖ ਵਿਸ਼ਾ ਹੈ।
10. (ੳ) ਅਧਿਆਇ 7 ਵਿਚ ਕਿਹੜੀ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ? (ਅ) ਮਸੀਹ ਉਨ੍ਹਾਂ ਲੋਕਾਂ ਦਾ ਕਿਵੇਂ ਵਰਣਨ ਕਰਦਾ ਹੈ ਜਿਨ੍ਹਾਂ ਨੂੰ ਰਾਜ ਮਿਲੇਗਾ?
10 ਅਧਿਆਇ 7 ਵਿਚ ਵਾਕਈ ਇਕ ਖ਼ੁਸ਼ ਖ਼ਬਰੀ ਦਿੱਤੀ ਗਈ ਹੈ। ਸਿਰਫ਼ ਪਰਕਾਸ਼ ਦੀ ਪੋਥੀ ਵਿੱਚੋਂ ਹੀ ਸਾਨੂੰ ਉਨ੍ਹਾਂ ਵਿਅਕਤੀਆਂ ਦੀ ਗਿਣਤੀ ਪਤਾ ਚੱਲਦੀ ਹੈ ਜਿਨ੍ਹਾਂ ਨੂੰ ਯਿਸੂ ‘ਛੋਟਾ ਝੁੰਡ’ ਕਹਿੰਦਾ ਹੈ ਅਤੇ ਜਿਨ੍ਹਾਂ ਨੂੰ ਲੇਲੇ ਦਾ ਪਿਤਾ ਆਪਣਾ ਰਾਜ ਦਿੰਦਾ ਹੈ। (ਲੂਕਾ 12:32; 22:28-30) ਯਹੋਵਾਹ ਪਰਮੇਸ਼ੁਰ ਨੇ ਆਪਣੀ ਆਤਮਾ ਦੇ ਦੁਆਰਾ ਇਨ੍ਹਾਂ ਉੱਤੇ ਮੋਹਰ ਲਾਈ ਹੈ। (2 ਕੁਰਿੰਥੀਆਂ 1:21, 22) ਯੂਹੰਨਾ ਰਸੂਲ, ਜਿਸ ਨੂੰ ਇਹ ਪ੍ਰਕਾਸ਼ ਮਿਲਿਆ ਸੀ, ਗਵਾਹੀ ਦਿੰਦਾ ਹੈ: “ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਓਹਨਾਂ ਦੀ ਗਿਣਤੀ ਸੁਣੀ ਤਾਂ . . . ਇੱਕ ਲੱਖ ਚੁਤਾਲੀਆਂ ਹਜ਼ਾਰਾਂ ਉੱਤੇ ਮੋਹਰ ਲੱਗੀ।” (ਪਰਕਾਸ਼ ਦੀ ਪੋਥੀ 7:4) ਇਸ ਨਿਸ਼ਚਿਤ ਗਿਣਤੀ ਦੀ ਬਾਅਦ ਦੇ ਅਧਿਆਇ ਵਿਚ ਪੁਸ਼ਟੀ ਕੀਤੀ ਗਈ ਹੈ। ਇਹ ਗਿਣਤੀ ਉਨ੍ਹਾਂ ਲੋਕਾਂ ਦੀ ਕੁੱਲ ਗਿਣਤੀ ਹੈ ਜਿਹੜੇ ਸਵਰਗੀ ਸੀਯੋਨ ਪਹਾੜ ਉੱਤੇ ਲੇਲੇ ਨਾਲ ਸ਼ਾਸਨ ਕਰਨ ਲਈ “ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।” (ਪਰਕਾਸ਼ ਦੀ ਪੋਥੀ 14:1-4) ਜਦ ਕਿ ਈਸਾਈ-ਜਗਤ ਦੇ ਗਿਰਜੇ ਇਸ ਗਿਣਤੀ ਬਾਰੇ ਅਸਪੱਸ਼ਟ ਅਤੇ ਗ਼ਲਤ ਵਿਆਖਿਆ ਦਿੰਦੇ ਹਨ, ਪਰ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਦਵਾਨ ਈ. ਡਬਲਯੂ. ਬੁਲਿੰਗਰ ਇਸ ਬਾਰੇ ਕਹਿੰਦਾ ਹੈ: “ਇਹ ਇਕ ਸਿੱਧਾ-ਸਾਦਾ ਜਿਹਾ ਵਾਕ ਹੈ: ਇਸ ਅਧਿਆਇ ਵਿਚ ਦੱਸੀ ਗਈ ਅਨਿਸ਼ਚਿਤ ਗਿਣਤੀ ਦੇ ਉਲਟ ਇਕ ਨਿਸ਼ਚਿਤ ਗਿਣਤੀ।”
11. (ੳ) ਅਧਿਆਇ 7 ਵਿਚ ਕਿਹੜੀ ਖ਼ੁਸ਼ ਖ਼ਬਰੀ ਦਿੱਤੀ ਗਈ ਹੈ? (ਅ) “ਵੱਡੀ ਭੀੜ” ਦਾ ਕਿਸ ਤਰ੍ਹਾਂ ਦਾ ਭਵਿੱਖ ਹੋਵੇਗਾ?
11 ਬੁਲਿੰਗਰ ਕਿਸ ਅਨਿਸ਼ਚਿਤ ਗਿਣਤੀ ਬਾਰੇ ਗੱਲ ਕਰ ਰਿਹਾ ਸੀ? ਆਇਤ 9 ਵਿਚ ਯੂਹੰਨਾ ਰਸੂਲ ਨੇ ਲਿਖਿਆ: “ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।” (ਪਰਕਾਸ਼ ਦੀ ਪੋਥੀ 7:9) ਇਹ ਕਿਨ੍ਹਾਂ ਲੋਕਾਂ ਦੀ ਵੱਡੀ ਭੀੜ ਹੈ, ਪਰਮੇਸ਼ੁਰ ਸਾਮ੍ਹਣੇ ਉਨ੍ਹਾਂ ਦੀ ਮੌਜੂਦਾ ਸਥਿਤੀ ਕੀ ਹੈ ਅਤੇ ਉਨ੍ਹਾਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਅਪਾਕਲਿਪਸ ਵਿਚ ਦਿੱਤਾ ਗਿਆ ਜਵਾਬ ਧਰਤੀ ਦੇ ਵਾਸੀਆਂ ਲਈ ਇਕ ਖ਼ੁਸ਼ ਖ਼ਬਰੀ ਹੈ। ਅਸੀਂ ਪੜ੍ਹਦੇ ਹਾਂ: “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਓਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।” ਮਸੀਹ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ “ਵੱਡੀ ਬਿਪਤਾ” ਵਿੱਚੋਂ ਬਚਾਇਆ ਜਾਵੇਗਾ। ਮਸੀਹ “ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 7:14-17) ਜੀ ਹਾਂ, ਅੱਜ ਜੀ ਰਹੇ ਲੱਖਾਂ ਲੋਕ ਇਸ ਗਿਣੀ ਨਾ ਜਾ ਸਕਣ ਵਾਲੀ ਭੀੜ ਦਾ ਹਿੱਸਾ ਬਣ ਸਕਦੇ ਹਨ ਜੋ ਇਸ ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚੇਗੀ। ਰਾਜਾ ਯਿਸੂ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਦੌਰਾਨ ਉਹ ਉਸ ਦੀ ਪਰਜਾ ਹੋਣਗੇ ਅਤੇ ਮਸੀਹ ਉਨ੍ਹਾਂ ਨੂੰ ਧਰਤੀ ਉੱਤੇ ਅਨੰਤ ਜੀਵਨ ਦੇਵੇਗਾ। ਕੀ ਇਹ ਖ਼ੁਸ਼ ਖ਼ਬਰੀ ਨਹੀਂ ਹੈ?
“ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ”
12, 13. (ੳ) ਅਧਿਆਇ 8 ਤੋਂ 19 ਵਿਚ ਕੀ ਦਿੱਤਾ ਗਿਆ ਹੈ? (ਅ) ਨੇਕਦਿਲ ਇਨਸਾਨਾਂ ਨੂੰ ਅਜਿਹੀਆਂ ਭਵਿੱਖਬਾਣੀਆਂ ਤੋਂ ਕਿਉਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਹੈ?
12 ਕਾਫ਼ੀ ਹੱਦ ਤਕ ਅਧਿਆਇ 8 ਤੋਂ 19 ਦੇ ਕਰਕੇ ਹੀ ਇਹ ਕਿਹਾ ਜਾਂਦਾ ਹੈ ਕਿ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਭਿਆਨਕ ਵਿਨਾਸ਼ ਦੀਆਂ ਭਵਿੱਖਬਾਣੀਆਂ ਦੀ ਕਿਤਾਬ ਹੈ। ਇਨ੍ਹਾਂ ਅਧਿਆਵਾਂ ਵਿਚ ਸ਼ਤਾਨ ਦੀ ਰੀਤੀ-ਵਿਵਸਥਾ ਦੇ ਵੱਖ-ਵੱਖ ਹਿੱਸਿਆਂ ਵਿਰੁੱਧ ਸਖ਼ਤ ਨਿਆਂ ਦੇ ਸੰਦੇਸ਼ ਦਿੱਤੇ ਗਏ ਹਨ (ਜਿਨ੍ਹਾਂ ਨੂੰ ਤੁਰ੍ਹੀਆਂ ਦੇ ਫੂਕੇ ਜਾਣ ਦੁਆਰਾ, ਆਫ਼ਤਾਂ ਦੁਆਰਾ ਅਤੇ ਪਰਮੇਸ਼ੁਰੀ ਕ੍ਰੋਧ ਦੇ ਕਟੋਰਿਆਂ ਦੁਆਰਾ ਦਰਸਾਇਆ ਗਿਆ ਹੈ)। ਇਹ ਨਿਆਂ ਲਾਗੂ ਕੀਤੇ ਜਾਣਗੇ, ਪਹਿਲਾਂ ਝੂਠੇ ਧਰਮ (‘ਵੱਡੀ ਬਾਬੁਲ’) ਉੱਤੇ ਅਤੇ ਫਿਰ ਦੁਸ਼ਟ ਰਾਜਨੀਤਿਕ ਵਿਵਸਥਾ ਉੱਤੇ, ਜਿਸ ਨੂੰ ਦਰਿੰਦਿਆਂ ਦੁਆਰਾ ਦਰਸਾਇਆ ਗਿਆ ਹੈ।—ਪਰਕਾਸ਼ ਦੀ ਪੋਥੀ 13:1, 2; 17:5-7, 15, 16.a
13 ਇਨ੍ਹਾਂ ਅਧਿਆਵਾਂ ਵਿਚ ਸਵਰਗ ਨੂੰ ਸਾਫ਼ ਕਰਨ ਬਾਰੇ ਦੱਸਿਆ ਗਿਆ ਹੈ, ਜਦੋਂ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਸਾਨੂੰ 1914 ਤੋਂ ਬਾਅਦ ਸੰਸਾਰ ਵਿਚ ਆਏ ਬੇਹਿਸਾਬ ਦੁੱਖਾਂ ਦੇ ਸਹੀ ਕਾਰਨ ਬਾਰੇ ਪਤਾ ਲੱਗਦਾ ਹੈ। (ਪਰਕਾਸ਼ ਦੀ ਪੋਥੀ 12:7-12) ਲਾਖਣਿਕ ਭਾਸ਼ਾ ਵਿਚ ਇਹ ਅਧਿਆਇ ਧਰਤੀ ਉੱਤੇ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਦੇ ਵਿਨਾਸ਼ ਬਾਰੇ ਵੀ ਦੱਸਦੇ ਹਨ। (ਪਰਕਾਸ਼ ਦੀ ਪੋਥੀ 19:19-21) ਕੀ ਨੇਕਦਿਲ ਇਨਸਾਨਾਂ ਨੂੰ ਅਜਿਹੀਆਂ ਨਾਟਕੀ ਘਟਨਾਵਾਂ ਨੂੰ ਪੜ੍ਹ ਕੇ ਪਰੇਸ਼ਾਨ ਹੋਣਾ ਚਾਹੀਦਾ ਹੈ? ਨਹੀਂ, ਕਿਉਂਕਿ ਪਰਮੇਸ਼ੁਰ ਦੁਆਰਾ ਨਿਆਂ ਨੂੰ ਲਾਗੂ ਕਰਨ ਦੌਰਾਨ ਸਵਰਗ ਵਿਚ ਇਕ ਪੁਕਾਰ ਉੱਠਦੀ ਹੈ: “ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ।”—ਪਰਕਾਸ਼ ਦੀ ਪੋਥੀ 19:1, 2.
14, 15. (ੳ) ਇਸ ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਿਵੇਂ ਧਾਰਮਿਕ ਤਰੀਕੇ ਨਾਲ ਕੀਤਾ ਜਾਵੇਗਾ? (ਅ) ਨੇਕਦਿਲ ਇਨਸਾਨਾਂ ਲਈ ਅਪਾਕਲਿਪਸ ਦਾ ਇਹ ਹਿੱਸਾ ਕਿਉਂ ਖ਼ੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ?
14 ਯਹੋਵਾਹ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕੀਤੇ ਬਿਨਾਂ ਧਾਰਮਿਕ ਰੀਤੀ-ਵਿਵਸਥਾ ਨਹੀਂ ਲਿਆਏਗਾ। (ਪਰਕਾਸ਼ ਦੀ ਪੋਥੀ 11:17, 18; 19:11-16; 20:1, 2) ਪਰ ਕਿਸੇ ਵੀ ਇਨਸਾਨੀ ਜਾਂ ਰਾਜਨੀਤਿਕ ਸਰਕਾਰ ਕੋਲ ਅਜਿਹਾ ਕਰਨ ਦਾ ਅਧਿਕਾਰ ਜਾਂ ਤਾਕਤ ਨਹੀਂ ਹੈ। ਸਿਰਫ਼ ਯਹੋਵਾਹ ਅਤੇ ਉਸ ਵੱਲੋਂ ਨਿਯੁਕਤ ਕੀਤਾ ਗਿਆ ਰਾਜਾ ਅਤੇ ਨਿਆਂਕਾਰ, ਮਸੀਹ ਯਿਸੂ ਹੀ ਧਾਰਮਿਕ ਤਰੀਕੇ ਨਾਲ ਅਜਿਹਾ ਕਰ ਸਕਦੇ ਹਨ।—2 ਥੱਸਲੁਨੀਕੀਆਂ 1:6-9.
15 ਅਪਾਕਲਿਪਸ ਦੀ ਕਿਤਾਬ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਇਸ ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਰੇਗਾ। ਇਹ ਉਨ੍ਹਾਂ ਆਦਮੀਆਂ ਅਤੇ ਤੀਵੀਆਂ ਲਈ ਖ਼ੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੇ “ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ . . . ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ।” (ਹਿਜ਼ਕੀਏਲ 9:4) ਇਸ ਤੋਂ ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਖ਼ੁਸ਼ ਖ਼ਬਰੀ ਸੁਣਾ ਰਹੇ ਦੂਤ ਦੀ ਇਸ ਪੁਕਾਰ ਵੱਲ ਉਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਹੈ: “ਪਰਮੇਸ਼ੁਰ ਤੋਂ ਡਰੋ . . . ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ . . . ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” (ਪਰਕਾਸ਼ ਦੀ ਪੋਥੀ 14:7) ਸਾਡੀ ਦਿਲੀ ਪ੍ਰਾਰਥਨਾ ਹੈ ਕਿ ਅਜਿਹੇ ਲੋਕ ‘ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਨ ਵਾਲੇ ਅਤੇ ਯਿਸੂ ਦੀ ਸਾਖੀ ਭਰਨ ਵਾਲੇ’ ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਯਹੋਵਾਹ ਦੀ ਉਪਾਸਨਾ ਅਤੇ ਸੇਵਾ ਕਰਨਗੇ।—ਪਰਕਾਸ਼ ਦੀ ਪੋਥੀ 12:17.
ਮਸੀਹ ਦਾ ਇਕ ਹਜ਼ਾਰ ਸਾਲ ਦਾ ਸ਼ਾਨਦਾਰ ਰਾਜ
16. (ੳ) ਈਸਾਈ-ਜਗਤ ਦੇ ਗਿਰਜਿਆਂ ਨੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਕਿਉਂ ਤਿਆਗ ਦਿੱਤੀ ਹੈ? (ਅ) ਯਹੋਵਾਹ ਦੇ ਗਵਾਹ ਕਿਉਂ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦੀ ਆਦਰਸ਼ ਪ੍ਰਾਰਥਨਾ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ?
16 ਪਰਕਾਸ਼ ਦੀ ਪੋਥੀ ਦੇ 20 ਤੋਂ 22 ਅਧਿਆਵਾਂ ਵਿਚ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਦਾ ਬਾਈਬਲੀ ਆਧਾਰ ਦਿੱਤਾ ਗਿਆ ਹੈ। ਬਾਈਬਲ ਵਿਚ ਸਿਰਫ਼ ਇੱਥੇ ਹੀ ਇਕ ਹਜ਼ਾਰ ਸਾਲ ਦੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਮਗਰੋਂ ਸਵਰਗ ਵਿਚ ਅਤੇ ਧਰਤੀ ਉੱਤੇ ਅਨੰਤ ਕਾਲ ਤਕ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। ਈਸਾਈ-ਜਗਤ ਦੇ ਗਿਰਜਿਆਂ ਨੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੀ ਉਮੀਦ ਨੂੰ ਤਿਆਗ ਦਿੱਤਾ ਹੈ। ਕਿਉਂਕਿ ਚਰਚ ਸਿਖਾਉਂਦਾ ਹੈ ਕਿ ਧਰਮੀ ਸਵਰਗ ਨੂੰ ਜਾਣਗੇ ਅਤੇ ਪਾਪੀ ਨਰਕ ਵਿਚ, ਇਸ ਲਈ ਧਰਤੀ ਉੱਤੇ ਫਿਰਦੌਸ ਬਣਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਆਦਰਸ਼ ਪ੍ਰਾਰਥਨਾ ਵਿਚ ਇਹ ਬੇਨਤੀ ਕੀਤੀ ਗਈ ਸੀ ਕਿ ਪਰਮੇਸ਼ੁਰ ਦੀ “ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਪਰ ਈਸਾਈ-ਜਗਤ ਦੇ ਗਿਰਜਿਆਂ ਦੇ ਜ਼ਿਆਦਾਤਰ ਮੈਂਬਰਾਂ ਲਈ ਹੁਣ ਇਸ ਦਾ ਕੋਈ ਅਰਥ ਨਹੀਂ ਰਿਹਾ ਹੈ। (ਮੱਤੀ 6:10) ਪਰ ਯਹੋਵਾਹ ਦੇ ਗਵਾਹਾਂ ਨਾਲ ਇਸ ਤਰ੍ਹਾਂ ਨਹੀਂ ਹੈ। ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਧਰਤੀ ਨੂੰ “ਬੇਡੌਲ ਨਹੀਂ” ਬਣਾਇਆ, ਪਰ “ਵੱਸਣ ਲਈ” ਬਣਾਇਆ ਸੀ। (ਯਸਾਯਾਹ 45:12, 18) ਤਾਂ ਫਿਰ, ਇਹ ਪੁਰਾਣੀ ਭਵਿੱਖਬਾਣੀ, ਆਦਰਸ਼ ਪ੍ਰਾਰਥਨਾ ਅਤੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਬਾਰੇ ਅਪਾਕਲਿਪਸ ਵਿਚ ਦਿੱਤੀ ਗਈ ਉਮੀਦ, ਤਿੰਨੇ ਇਕ ਦੂਜੇ ਨਾਲ ਮੇਲ ਖਾਂਦੀਆਂ ਹਨ। ਆਪਣੇ ਇਕ ਹਜ਼ਾਰ ਸਾਲ ਦੇ ਰਾਜ ਦੇ ਦੌਰਾਨ ਮਸੀਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਯਹੋਵਾਹ ਦੀ ਮਰਜ਼ੀ ਧਰਤੀ ਉੱਤੇ ਪੂਰੀ ਹੋਵੇ, ਜਿਵੇਂ ਇਹ ਸਵਰਗ ਵਿਚ ਪੂਰੀ ਹੁੰਦੀ ਹੈ।
17. ਕਿਹੜੀ ਗੱਲ ਇਹ ਸੰਕੇਤ ਕਰਦੀ ਹੈ ਕਿ ‘ਹਜ਼ਾਰ ਵਰ੍ਹਾ’ ਸ਼ਾਬਦਿਕ ਹੈ?
17 ਪਰਕਾਸ਼ ਦੀ ਪੋਥੀ ਦੇ ਅਧਿਆਇ 20 ਦੀਆਂ ਪਹਿਲੀਆਂ ਸੱਤ ਆਇਤਾਂ ਵਿਚ ਸ਼ਬਦ ‘ਹਜ਼ਾਰ ਵਰ੍ਹੇ’ ਛੇ ਵਾਰ ਪਾਏ ਜਾਂਦੇ ਹਨ। ਯੂਨਾਨੀ ਭਾਸ਼ਾ ਵਿਚ ਇਨ੍ਹਾਂ ਆਇਤਾਂ ਦੀ ਵਾਕ-ਰਚਨਾ ਦਿਖਾਉਂਦੀ ਹੈ ਕਿ ਇਹ ਹਜ਼ਾਰ ਸਾਲ ਦੇ ਸਮੇਂ ਨੂੰ ਸ਼ਾਬਦਿਕ ਤੌਰ ਤੇ ਸੂਚਿਤ ਕਰ ਰਿਹਾ ਹੈ, ਨਾ ਕਿ ਇਕ ਅਨਿਸ਼ਚਿਤ ਸਮੇਂ ਨੂੰ, ਜਿਵੇਂ ਕਿ ਈਸਾਈ-ਜਗਤ ਦੇ ਵਿਦਵਾਨ ਸਿਖਾਉਂਦੇ ਹਨ। ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਦੌਰਾਨ ਕੀ ਹੋਵੇਗਾ? ਸਭ ਤੋਂ ਪਹਿਲਾਂ ਸ਼ਤਾਨ ਨੂੰ ਇਸ ਪੂਰੇ ਸਮੇਂ ਲਈ ਬੰਨ੍ਹਿਆ ਜਾਵੇਗਾ। (ਪਰਕਾਸ਼ ਦੀ ਪੋਥੀ 20:1-3. ਇਬਰਾਨੀਆਂ 2:14 ਦੀ ਤੁਲਨਾ ਕਰੋ।) ਇਹ ਕਿੰਨੀ ਖ਼ੁਸ਼ੀ ਦੀ ਖ਼ਬਰ ਹੈ!
18. (ੳ) ਮਸੀਹ ਦੇ ਰਾਜ ਦੇ ਹਜ਼ਾਰ ਸਾਲ ਨੂੰ ਨਿਆਂ ਕਰਨ ਦਾ ਇਕ “ਦਿਨ” ਕਿਉਂ ਕਿਹਾ ਜਾ ਸਕਦਾ ਹੈ? (ਅ) ਹਜ਼ਾਰ ਸਾਲ ਦੇ ਅਖ਼ੀਰ ਤੇ ਕੀ ਹੋਵੇਗਾ?
18 ਕਿਉਂਕਿ ‘ਮਸੀਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨ’ ਵਾਲੇ ਵਿਅਕਤੀਆਂ ਨੂੰ ‘ਨਿਆਉਂ ਕਰਨ ਦਾ ਇਖ਼ਤਿਆਰ ਦਿੱਤਾ ਗਿਆ’ ਹੈ, ਇਸ ਲਈ ਇਹ ਸਮਾਂ ਨਿਆਂ ਕਰਨ ਦਾ ਇਕ ਹਜ਼ਾਰ-ਸਾਲਾ “ਦਿਨ” ਹੋਵੇਗਾ। (ਪਰਕਾਸ਼ ਦੀ ਪੋਥੀ 20:4, 6. ਰਸੂਲਾਂ ਦੇ ਕਰਤੱਬ 17:31; 2 ਪਤਰਸ 3:8 ਦੀ ਤੁਲਨਾ ਕਰੋ।) ਮੁਰਦੇ ਜੀ ਉਠਾਏ ਜਾਣਗੇ ਅਤੇ ਇਨ੍ਹਾਂ ਦਾ ਤੇ “ਵੱਡੀ ਬਿਪਤਾ” ਵਿੱਚੋਂ ਬਚਣ ਵਾਲੇ ਲੋਕਾਂ ਦਾ ਹਜ਼ਾਰ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਅਨੁਸਾਰ ਨਿਆਂ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:12, 13) ਹਜ਼ਾਰ ਸਾਲ ਦੇ ਅਖ਼ੀਰ ਤੇ ਸ਼ਤਾਨ ਨੂੰ ਥੋੜ੍ਹੇ ਸਮੇਂ ਲਈ ਛੱਡਿਆ ਜਾਵੇਗਾ ਤਾਂਕਿ ਮਨੁੱਖਜਾਤੀ ਦੀ ਆਖ਼ਰੀ ਪਰੀਖਿਆ ਲਈ ਜਾ ਸਕੇ। ਉਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਿਸ਼ਾਚਾਂ ਨੂੰ ਅਤੇ ਧਰਤੀ ਉੱਤੇ ਉਸ ਦੇ ਪਿੱਛੇ ਚੱਲਣ ਵਾਲੇ ਕਿਸੇ ਵੀ ਬਾਗ਼ੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:7-10) ਪਰੀਖਿਆ ਨੂੰ ਪਾਸ ਕਰਨ ਵਾਲੇ ਇਨਸਾਨਾਂ ਦਾ ਨਾਂ “ਜੀਵਨ ਦੀ ਪੋਥੀ” ਵਿਚ ਪੱਕੇ ਤੌਰ ਤੇ ਲਿਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਖ਼ੁਸ਼ੀਆਂ ਭਰੀ ਅਨੰਤ ਜ਼ਿੰਦਗੀ ਦਿੱਤੀ ਜਾਵੇਗੀ ਤੇ ਉਹ ਫਿਰਦੌਸ-ਰੂਪੀ ਧਰਤੀ ਉੱਤੇ ਯਹੋਵਾਹ ਦੀ ਸੇਵਾ ਅਤੇ ਉਪਾਸਨਾ ਕਰਨਗੇ।—ਪਰਕਾਸ਼ ਦੀ ਪੋਥੀ 20:14, 15; ਜ਼ਬੂਰ 37:9, 29; ਯਸਾਯਾਹ 66:22, 23.
19. (ੳ) ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਕਾਸ਼ ਦੀ ਪੋਥੀ ਵਿਚ ਕੀਤੇ ਗਏ ਸ਼ਾਨਦਾਰ ਵਾਅਦੇ ਜ਼ਰੂਰ ਪੂਰੇ ਹੋਣਗੇ? (ਅ) ਅਗਲੇ ਲੇਖ ਵਿਚ ਕਿਸ ਵਿਸ਼ੇ ਉੱਤੇ ਚਰਚਾ ਕੀਤੀ ਜਾਵੇਗੀ?
19 ਅਪਾਕਲਿਪਸ ਵਿਚ ਇਹ ਸਾਰੀਆਂ ਖ਼ੁਸ਼ੀ ਦੀਆਂ ਖ਼ਬਰਾਂ ਦਿੱਤੀਆਂ ਗਈਆਂ ਹਨ। ਇਹ ਇਨਸਾਨਾਂ ਦੇ ਖੋਖਲੇ ਵਾਅਦੇ ਨਹੀਂ ਹਨ। ਯੂਹੰਨਾ ਰਸੂਲ ਨੇ ਲਿਖਿਆ: “ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।” (ਪਰਕਾਸ਼ ਦੀ ਪੋਥੀ 21:5) ਇਨ੍ਹਾਂ ਗੱਲਾਂ ਦੀ ਪੂਰਤੀ ਨੂੰ ਦੇਖਣ ਲਈ ਸਾਨੂੰ ਕੀ ਕਰਨਾ ਪਵੇਗਾ? ਪਰਕਾਸ਼ ਦੀ ਪੋਥੀ ਵਿਚ ਉਨ੍ਹਾਂ ਲੋਕਾਂ ਲਈ ਕਾਫ਼ੀ ਸਲਾਹ ਦਿੱਤੀ ਗਈ ਹੈ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਸ ਸਲਾਹ ਉੱਤੇ ਚੱਲਣ ਨਾਲ ਅਸੀਂ ਹੁਣ ਅਤੇ ਹਮੇਸ਼ਾ ਲਈ ਬੇਸ਼ੁਮਾਰ ਖ਼ੁਸ਼ੀਆਂ ਪ੍ਰਾਪਤ ਕਰਾਂਗੇ ਜਿਸ ਬਾਰੇ ਸਾਡਾ ਅਗਲਾ ਲੇਖ ਦੱਸੇਗਾ।
[ਫੁਟਨੋਟ]
a ਪਰਕਾਸ਼ ਦੀ ਪੋਥੀ ਦੀ ਪੂਰੀ ਵਿਆਖਿਆ ਲਈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1988 ਵਿਚ ਛਾਪੀ ਗਈ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇਖੋ।
ਪੁਨਰ-ਵਿਚਾਰ ਲਈ ਨੁਕਤੇ
◻ ਪਰਕਾਸ਼ ਦੀ ਪੋਥੀ ਦੇ ਅਧਿਆਇ 4 ਤੋਂ 6 ਵਿਚ ਕਿਹੜੀਆਂ ਬੁਨਿਆਦੀ ਸੱਚਾਈਆਂ ਦੱਸੀਆਂ ਗਈਆਂ ਹਨ ਜੋ ਖ਼ੁਸ਼ ਖ਼ਬਰੀ ਦਾ ਮਹੱਤਵਪੂਰਣ ਹਿੱਸਾ ਹਨ?
◻ ਪਰਕਾਸ਼ ਦੀ ਪੋਥੀ ਦੇ ਅਧਿਆਇ 7 ਵਿਚ ਕਿਹੜੀ ਖ਼ੁਸ਼ ਖ਼ਬਰੀ ਦਿੱਤੀ ਗਈ ਹੈ?
◻ ਪਰਕਾਸ਼ ਦੀ ਪੋਥੀ ਵਿਚ ਪਾਏ ਜਾਂਦੇ ਨਿਆਂ ਦੇ ਸੰਦੇਸ਼ਾਂ ਨੂੰ ਪੜ੍ਹ ਕੇ ਨੇਕਦਿਲ ਇਨਸਾਨਾਂ ਨੂੰ ਕਿਉਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ?
◻ ਮਸੀਹ ਦੇ ਰਾਜ ਦਾ ਇਕ ਹਜ਼ਾਰ ਸਾਲ ਕਿਨ੍ਹਾਂ ਤਰੀਕਿਆਂ ਨਾਲ ਨਿਆਂ ਕਰਨ ਦਾ “ਦਿਨ” ਹੋਵੇਗਾ?
[ਸਫ਼ੇ 10 ਉੱਤੇ ਤਸਵੀਰ]
ਰਾਜਾ ਯਿਸੂ ਮਸੀਹ ਧਰਤੀ ਤੋਂ ਲੜਾਈਆਂ, ਕਾਲ ਅਤੇ ਮੌਤ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ