ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?
“ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।”—1 ਯੂਹੰ. 2:17.
1, 2. (ੳ) ਅੱਜ ਦੀ ਦੁਨੀਆਂ ਉਸ ਮੁਜਰਮ ਵਾਂਗ ਕਿਵੇਂ ਹੈ ਜਿਸ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਇਸ ਦੁਸ਼ਟ ਦੁਨੀਆਂ ਦੇ ਨਾਸ਼ ਤੇ ਸਾਰੇ ਕਿਵੇਂ ਮਹਿਸੂਸ ਕਰਨਗੇ?
ਕਲਪਨਾ ਕਰੋ ਇਕ ਖ਼ਤਰਨਾਕ ਮੁਜਰਮ ਨੂੰ ਕੈਦ ਵਿੱਚੋਂ ਬਾਹਰ ਲਿਜਾਇਆ ਜਾ ਰਿਹਾ ਹੈ। ਕੋਠੜੀ ਦੇ ਦਰਵਾਜ਼ੇ ਦੀ ਜ਼ੋਰ ਨਾਲ ਬੰਦ ਹੋਣ ਦੀ ਆਵਾਜ਼ ਆਉਂਦੀ ਪਈ ਹੈ। ਜੇਲ੍ਹ ਦੇ ਪਹਿਰੇਦਾਰ ਉੱਚੀ-ਉੱਚੀ ਕਹਿ ਰਹੇ ਹਨ: “ਦੇਖੋ, ਲਾਸ਼ ਤੁਰੀ ਜਾ ਰਹੀ ਹੈ।” ਇਹ ਸ਼ਬਦ ਕਾਲ-ਕੋਠੜੀਆਂ ਵਿਚ ਗੂੰਜ ਰਹੇ ਹਨ। ਪਰ ਪਹਿਰੇਦਾਰ ਇਹ ਗੱਲ ਕਿਉਂ ਕਹਿ ਰਹੇ ਹਨ? ਕੈਦੀ ਦੇਖਣ ਨੂੰ ਤਾਂ ਠੀਕ-ਠਾਕ ਲੱਗਦਾ ਤੇ ਇੱਦਾਂ ਵੀ ਨਹੀਂ ਲੱਗਦਾ ਕਿ ਬੀਮਾਰ ਹੋਣ ਕਰਕੇ ਉਹ ਮਰਨ ਵਾਲਾ ਹੈ। ਪਰ ਪਹਿਰੇਦਾਰ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਲਿਜਾ ਰਹੇ ਹਨ। “ਦੇਖੋ, ਲਾਸ਼ ਤੁਰੀ ਜਾ ਰਹੀ ਹੈ” ਉਹ ਇਹ ਸ਼ਬਦ ਇਸ ਲਈ ਕਹਿ ਰਹੇ ਹਨ ਕਿਉਂਕਿ ਉਸ ਕੈਦੀ ਦੀ ਹਾਲਤ ਮੁਰਦੇ ਨਾਲੋਂ ਘੱਟ ਨਹੀਂ ਹੈ।a
2 ਇਕ ਤਰੀਕੇ ਨਾਲ ਅੱਜ ਦੁਨੀਆਂ ਉਸ ਮੁਜਰਮ ਵਾਂਗ ਹੈ ਜਿਸ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਦੁਸ਼ਟ ਦੁਨੀਆਂ ਦੀ ਸਜ਼ਾ ਪਹਿਲਾਂ ਹੀ ਤੈਅ ਹੋ ਚੁੱਕੀ ਹੈ ਅਤੇ ਹੁਣ ਇਸ ਦਾ ਵਿਨਾਸ਼ ਬਹੁਤ ਕਰੀਬ ਹੈ। ਬਾਈਬਲ ਕਹਿੰਦੀ ਹੈ: ‘ਇਹ ਦੁਨੀਆਂ ਖ਼ਤਮ ਹੋ ਜਾਵੇਗੀ।’ (1 ਯੂਹੰਨਾ 2:17) ਪਰ ਉਸ ਕੈਦੀ ਅਤੇ ਇਸ ਦੁਨੀਆਂ ਦੇ ਖ਼ਾਤਮੇ ਵਿਚ ਇਕ ਅਹਿਮ ਫ਼ਰਕ ਹੈ। ਸ਼ਾਇਦ ਕੁਝ ਲੋਕ ਉਸ ਕੈਦੀ ਦੀ ਸਜ਼ਾ ਦਾ ਵਿਰੋਧ ਕਰਨ ਤੇ ਕਹਿਣ ਕਿ ਨਿਆਂ ਨਹੀਂ ਕੀਤਾ ਗਿਆ। ਉਹ ਸ਼ਾਇਦ ਇਹ ਉਮੀਦ ਰੱਖਣ ਕਿ ਉਸ ਦੀ ਸਜ਼ਾ ਮਾਫ਼ ਹੋ ਜਾਵੇ। ਪਰ ਇਸ ਦੁਨੀਆਂ ਦੀ ਸਜ਼ਾ ਪੂਰੀ ਕਾਇਨਾਤ ਦੇ ਮਾਲਕ ਨੇ ਤੈਅ ਕੀਤੀ ਹੈ, ਜੋ ਹਮੇਸ਼ਾ ਇਨਸਾਫ਼ ਕਰਦਾ ਹੈ। (ਬਿਵ. 32:4) ਇਹ ਦੁਨੀਆਂ ਵਿਨਾਸ਼ ਤੋਂ ਬਚ ਨਹੀਂ ਸਕੇਗੀ ਅਤੇ ਇਸ ਦੇ ਨਿਆਂ ʼਤੇ ਕੋਈ ਸਵਾਲ ਖੜ੍ਹਾ ਨਹੀਂ ਕਰ ਸਕੇਗਾ। ਸਜ਼ਾ ਮਿਲਣ ʼਤੇ ਸਵਰਗ ਅਤੇ ਧਰਤੀ ਉੱਤੇ ਸਾਰੇ ਜਣੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬਿਲਕੁਲ ਸਹੀ ਨਿਆਂ ਕੀਤਾ ਗਿਆ। ਉਹ ਰਾਹਤ ਸਾਡੀਆਂ ਸੋਚਾਂ ਤੋਂ ਵੀ ਪਰੇ ਹੋਵੇਗੀ।
3. ਅਸੀਂ ਕਿਹੜੀਆਂ ਚਾਰ ਗੱਲਾਂ ʼਤੇ ਗੌਰ ਕਰਾਂਗੇ ਜੋ ਪਰਮੇਸ਼ੁਰ ਦੇ ਰਾਜ ਦੇ ਆਉਣ ਤੇ ਖ਼ਤਮ ਹੋਣਗੀਆਂ?
3 ‘ਦੁਨੀਆਂ ਦੇ ਖ਼ਤਮ’ ਹੋਣ ਵਿਚ ਕੀ ਕੁਝ ਸ਼ਾਮਲ ਹੈ? ਜਿਹੜੀਆਂ ਚੀਜ਼ਾਂ ਬਾਰੇ ਲੋਕ ਸੋਚਦੇ ਹਨ ਕਿ ਉਹ ਕਦੀ ਨਹੀਂ ਮਿੱਟਣਗੀਆਂ, ਉਹ ਵੀ ਖ਼ਤਮ ਹੋ ਜਾਣਗੀਆਂ। ਕੀ ਇਹ ਬੁਰੀ ਖ਼ਬਰ ਹੈ? ਬਿਲਕੁਲ ਨਹੀਂ, ਕਿਉਂਕਿ ਇਹ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਹੀ ਹਿੱਸਾ ਹੈ। (ਮੱਤੀ 24:14) ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਰਾਜ ਦੇ ਆਉਣ ਤੇ ਕੀ ਕੁਝ ਖ਼ਤਮ ਹੋਵੇਗਾ। ਅਸੀਂ ਚਾਰ ਗੱਲਾਂ ʼਤੇ ਗੌਰ ਕਰਾਂਗੇ: ਦੁਸ਼ਟ ਲੋਕ, ਭ੍ਰਿਸ਼ਟ ਸੰਗਠਨ, ਗ਼ਲਤ ਕੰਮ ਅਤੇ ਭੈੜੇ ਹਾਲਾਤ। ਅਸੀਂ ਹਰ ਗੱਲ ਬਾਰੇ ਇਹ ਦੇਖਾਂਗੇ ਕਿ (1) ਇਹ ਸਾਡੇ ਉੱਤੇ ਕਿਵੇਂ ਅਸਰ ਪਾਉਂਦੇ ਹਨ, (2) ਯਹੋਵਾਹ ਇਨ੍ਹਾਂ ਨਾਲ ਕੀ ਕਰੇਗਾ ਅਤੇ (3) ਇਨ੍ਹਾਂ ਦੀ ਜਗ੍ਹਾ ਕਿਹੜੀਆਂ ਚੰਗੀਆਂ ਗੱਲਾਂ ਹੋਣਗੀਆਂ।
ਦੁਸ਼ਟ ਲੋਕ
4. ਅੱਜ ਦੁਸ਼ਟ ਲੋਕ ਸਾਡੇ ʼਤੇ ਕਿਵੇਂ ਅਸਰ ਪਾਉਂਦੇ ਹਨ?
4 ਅੱਜ ਦੁਸ਼ਟ ਲੋਕ ਸਾਡੇ ʼਤੇ ਕਿਵੇਂ ਅਸਰ ਪਾਉਂਦੇ ਹਨ? ਸਾਡੇ ਸਮੇਂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਉਸ ਨੇ ਪ੍ਰੇਰਿਤ ਹੋ ਕਿ ਇਹ ਵੀ ਲਿਖਿਆ: “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋ. 3:1-5, 13) ਕੀ ਤੁਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਨਹੀਂ ਦੇਖਦੇ? ਗੁੰਡੇ-ਬਦਮਾਸ਼, ਨਫ਼ਰਤ ਨਾਲ ਭਰੇ ਲੋਕਾਂ ਅਤੇ ਖ਼ਤਰਨਾਕ ਮੁਜਰਮਾਂ ਨੇ ਕਈਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੁਝ ਲੋਕ ਸ਼ਰੇਆਮ ਬੁਰੇ ਕੰਮ ਕਰਦੇ ਹਨ। ਫ਼ਰੇਬੀ ਲੋਕ ਧਾਰਮਿਕਤਾ ਦਾ ਮਖੌਟਾ ਪਾਈ ਘੁੰਮਦੇ ਹਨ। ਚਾਹੇ ਅਸੀਂ ਕਿਸੇ ਅਪਰਾਧ ਦੇ ਸ਼ਿਕਾਰ ਨਾ ਵੀ ਹੋਈਏ, ਫਿਰ ਵੀ ਇਨ੍ਹਾਂ ਬੁਰੇ ਕੰਮਾਂ ਦਾ ਅਸਰ ਸਾਡੇ ਉੱਤੇ ਪੈਂਦਾ ਹੀ ਹੈ। ਬੁਰੀਆਂ ਖ਼ਬਰਾਂ ਪੜ੍ਹ ਕੇ ਸਾਡਾ ਦਿਲ ਦੁਖੀ ਹੁੰਦਾ ਹੈ। ਬੱਚਿਆ, ਬਜ਼ੁਰਗਾਂ ਅਤੇ ਮਾਸੂਮ ਲੋਕਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਹੈ। ਇੱਦਾਂ ਦੀਆਂ ਖ਼ਬਰਾਂ ਸੁਣ ਕੇ ਅਸੀਂ ਸਹਿਮ ਜਾਂਦੇ ਹਾਂ। ਦੁਸ਼ਟ ਲੋਕਾਂ ਦੇ ਸ਼ੈਤਾਨੀ ਕੰਮ ਜਾਨਵਰਾਂ ਤੋਂ ਵੀ ਗਏ-ਗੁਜ਼ਰੇ ਹਨ। (ਯਾਕੂ. 3:15) ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੇ ਬਚਨ ਤੋਂ ਸਾਨੂੰ ਉਮੀਦ ਮਿਲਦੀ ਹੈ।
5. (ੳ) ਦੁਸ਼ਟ ਲੋਕਾਂ ਕੋਲ ਹਾਲੇ ਵੀ ਕਿਹੜਾ ਮੌਕਾ ਹੈ? (ਅ) ਜਿਹੜੇ ਦੁਸ਼ਟ ਲੋਕ ਨਹੀਂ ਬਦਲਦੇ ਉਨ੍ਹਾਂ ਨਾਲ ਕੀ ਹੋਵੇਗਾ?
5 ਯਹੋਵਾਹ ਕੀ ਕਰੇਗਾ? ਯਹੋਵਾਹ ਅੱਜ ਦੁਸ਼ਟ ਲੋਕਾਂ ਨੂੰ ਬਦਲਣ ਦਾ ਮੌਕਾ ਦੇ ਰਿਹਾ ਹੈ। (ਯਸਾ. 55:7) ਇਸ ਦੁਨੀਆਂ ਦਾ ਨਾਸ਼ ਪੱਕਾ ਹੈ। ਪਰ ਅਜੇ ਇਕੱਲੇ-ਇਕੱਲੇ ਵਿਅਕਤੀ ਨੂੰ ਸਜ਼ਾ ਨਹੀਂ ਸੁਣਾਈ ਗਈ। ਫਿਰ ਉਨ੍ਹਾਂ ਲੋਕਾਂ ਬਾਰੇ ਕੀ ਜੋ ਬਦਲਣ ਤੋਂ ਇਨਕਾਰ ਕਰਦੇ ਹਨ ਅਤੇ ਮਹਾਂਕਸ਼ਟ ਆਉਣ ਤਕ ਇਸ ਦੁਨੀਆਂ ਦਾ ਸਾਥ ਦਿੰਦੇ ਹਨ? ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਲਈ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ। (ਜ਼ਬੂਰਾਂ ਦੀ ਪੋਥੀ 37:10 ਪੜ੍ਹੋ।) ਦੁਸ਼ਟ ਲੋਕ ਸ਼ਾਇਦ ਸੋਚਣ ਕਿ ਉਹ ਸਜ਼ਾ ਤੋਂ ਬਚ ਜਾਣਗੇ। ਕਈ ਤਾਂ ਆਪਣੇ ਬੁਰੇ ਕੰਮ ਲੁਕਾਉਣ ਵਿਚ ਮਾਹਰ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਕਾਨੂੰਨ ਵੀ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। (ਅੱਯੂਬ 21:7, 9) ਪਰ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: ‘ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ ਉੱਤੇ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ। ਨਾ ਕੋਈ ਅਨ੍ਹੇਰ ਨਾ ਮੌਤ ਦਾ ਪਰਛਾਵਾਂ ਹੈ, ਜਿੱਥੇ ਕੁਕਰਮੀ ਲੁਕ ਜਾਣ।’ (ਅੱਯੂ. 34:21, 22) ਯਹੋਵਾਹ ਦੀਆਂ ਨਜ਼ਰਾਂ ਤੋਂ ਕੋਈ ਨਹੀਂ ਬਚ ਸਕਦਾ। ਕੋਈ ਵੀ ਫਰੇਬੀ ਯਹੋਵਾਹ ਨੂੰ ਮੂਰਖ ਨਹੀਂ ਬਣਾ ਸਕਦਾ। ਕੋਈ ਵੀ ਹਨੇਰਾ ਇੰਨਾ ਕਾਲਾ ਨਹੀਂ ਜਿਸ ਨੂੰ ਪਰਮੇਸ਼ੁਰ ਦੀ ਤੇਜ਼ ਨਜ਼ਰ ਚੀਰ ਕੇ ਦੇਖ ਨਹੀਂ ਸਕਦੀ। ਆਰਮਾਗੇਡਨ ਤੋਂ ਬਾਅਦ ਬੁਰੇ ਲੋਕ ਲੱਭਣ ਤੇ ਵੀ ਨਹੀਂ ਲੱਭਣਗੇ। ਉਹ ਹਮੇਸ਼ਾ ਲਈ ਖ਼ਤਮ ਹੋ ਜਾਣਗੇ।—ਜ਼ਬੂ. 37:12-15.
6. ਦੁਸ਼ਟ ਲੋਕਾਂ ਦੀ ਬਜਾਇ ਕੌਣ ਹੋਣਗੇ? ਇਹ ਖ਼ੁਸ਼ ਦੀ ਗੱਲ ਕਿਉਂ ਹੈ?
6 ਦੁਸ਼ਟ ਲੋਕਾਂ ਦੀ ਬਜਾਇ ਕੌਣ ਹੋਣਗੇ? ਯਹੋਵਾਹ ਨੇ ਵਾਅਦਾ ਕੀਤਾ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਜ਼ਬੂਰ 37 ਵਿਚ ਇਹ ਵੀ ਲਿਖਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂ. 37:11, 29) “ਅਧੀਨ” ਅਤੇ “ਧਰਮੀ” ਲੋਕ ਕੌਣ ਹਨ? ਅਧੀਨ ਲੋਕ ਉਹ ਹਨ ਜੋ ਨਿਮਰਤਾ ਨਾਲ ਯਹੋਵਾਹ ਦੀ ਸਿੱਖਿਆ ਅਤੇ ਸੇਧ ਅਨੁਸਾਰ ਚੱਲਦੇ ਹਨ। ਧਰਮੀ ਲੋਕ ਉਹ ਹਨ ਜੋ ਯਹੋਵਾਹ ਮੁਤਾਬਕ ਸਹੀ ਕੰਮ ਕਰਦੇ ਹਨ। ਅੱਜ ਧਰਤੀ ʼਤੇ ਬੁਰੇ ਲੋਕਾਂ ਦੇ ਮੁਕਾਬਲੇ ਧਰਮੀ ਲੋਕਾਂ ਦੀ ਗਿਣਤੀ ਨਾ ਦੇ ਬਰਾਬਰ ਹੈ। ਪਰ ਨਵੀਂ ਦੁਨੀਆਂ ਵਿਚ ਇੱਦਾਂ ਨਹੀਂ ਹੋਵੇਗਾ ਕਿਉਂਕਿ ਉੱਥੇ ਸਿਰਫ਼ ਅਧੀਨ ਤੇ ਧਰਮੀ ਲੋਕ ਹੋਣਗੇ। ਇਹ ਲੋਕ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਗੇ।
ਭ੍ਰਿਸ਼ਟ ਸੰਗਠਨ
7. ਭ੍ਰਿਸ਼ਟ ਸੰਗਠਨ ਸਾਡੇ ʼਤੇ ਕਿਵੇਂ ਅਸਰ ਪਾਉਂਦੇ ਹਨ?
7 ਭ੍ਰਿਸ਼ਟ ਸੰਗਠਨ ਸਾਡੇ ʼਤੇ ਕਿਵੇਂ ਅਸਰ ਪਾਉਂਦੇ ਹਨ? ਅੱਜ ਜ਼ਿਆਦਾਤਰ ਬੁਰਾਈ ਪਿੱਛੇ ਲੋਕਾਂ ਦੀ ਬਜਾਇ ਸੰਗਠਨਾਂ ਦਾ ਹੱਥ ਹੈ। ਜ਼ਰਾ ਧਾਰਮਿਕ ਸੰਗਠਨਾਂ ਬਾਰੇ ਸੋਚੋ। ਉਹ ਲੱਖਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਝੂਠ ਦੱਸਦੇ ਹਨ, ਬਾਈਬਲ ਬਾਰੇ ਸ਼ੱਕ ਪੈਦਾ ਕਰਦੇ ਹਨ, ਧਰਤੀ ਤੇ ਇਨਸਾਨਾਂ ਦੇ ਭਵਿੱਖ ਬਾਰੇ ਅਤੇ ਹੋਰ ਕਈ ਵਿਸ਼ਿਆਂ ਬਾਰੇ ਗੁਮਰਾਹ ਕਰਦੇ ਹਨ। ਸਰਕਾਰਾਂ ਬਾਰੇ ਸੋਚੋ। ਕੁਝ ਸਰਕਾਰਾਂ ਲੋਕਾਂ ਦੇ ਮਨਾਂ ਵਿਚ ਲੜਾਈ ਅਤੇ ਨਸਲੀ-ਪੱਖਪਾਤ ਦਾ ਜ਼ਹਿਰ ਘੋਲਦੇ ਹਨ ਅਤੇ ਗ਼ਰੀਬ ਤੇ ਬੇਸਹਾਰਾ ਲੋਕਾਂ ਉੱਤੇ ਜ਼ੁਲਮ ਢਾਉਂਦੇ ਹਨ। ਤਰਫ਼ਦਾਰੀ ਕਰ ਕੇ ਜਾਂ ਰਿਸ਼ਵਤ ਲੈ ਕੇ ਇੱਦਾਂ ਦੀਆਂ ਸਰਕਾਰਾਂ ਮਾਲੋ-ਮਾਲ ਹੋ ਗਈਆਂ ਹਨ। ਲਾਲਚੀ ਵਪਾਰੀਆਂ ਬਾਰੇ ਸੋਚੋ। ਉਹ ਵਾਤਾਵਰਣ ਖ਼ਰਾਬ ਕਰਦੇ, ਲਾਪਰਵਾਹੀ ਨਾਲ ਕੁਦਰਤੀ ਸੋਮੇ ਵਰਤਦੇ ਅਤੇ ਲੋਕਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ। ਇਸ ਕਰਕੇ ਕੁਝ ਹੀ ਲੋਕਾਂ ਕੋਲ ਬੇਹਿਸਾਬ ਪੈਸਾ ਹੈ ਜਦਕਿ ਬਾਕੀ ਸਾਰੀ ਜਨਤਾ ਭੁੱਖੀ ਮਰਦੀ ਹੈ। ਬਿਨਾਂ ਸ਼ੱਕ ਭ੍ਰਿਸ਼ਟ ਸੰਗਠਨ ਹੀ ਜ਼ਿਆਦਾਤਰ ਦੁੱਖਾਂ ਲਈ ਜ਼ਿੰਮੇਵਾਰ ਹਨ।
8. ਬਾਈਬਲ ਅਨੁਸਾਰ ਉਨ੍ਹਾਂ ਸੰਗਠਨਾਂ ਨਾਲ ਕੀ ਹੋਵੇਗਾ ਜਿਨ੍ਹਾਂ ਬਾਰੇ ਲੋਕ ਸੋਚਦੇ ਹਨ ਕਿ ਉਹ ਹਿਲਾਏ ਨਹੀਂ ਜਾ ਸਕਦੇ?
8 ਯਹੋਵਾਹ ਕੀ ਕਰੇਗਾ? ਮਹਾਂਕਸ਼ਟ ਉਦੋਂ ਸ਼ੁਰੂ ਹੋਵੇਗਾ ਜਦੋਂ ਸਰਕਾਰਾਂ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ। ਬਾਈਬਲ ਵਿਚ ਝੂਠੇ ਧਰਮਾਂ ਨੂੰ ਕੰਜਰੀ ਵਜੋਂ ਦਰਸਾਇਆ ਗਿਆ ਹੈ ਜਿਸ ਦਾ ਨਾਂ ਮਹਾਂ ਬਾਬਲ ਹੈ। (ਪ੍ਰਕਾ. 17:1, 2, 16; 18:1-4) ਇਨ੍ਹਾਂ ਸਾਰੇ ਧਰਮਾਂ ਦਾ ਖ਼ਾਤਮਾ ਕੀਤਾ ਜਾਵੇਗਾ। ਫਿਰ ਭ੍ਰਿਸ਼ਟ ਸੰਗਠਨਾਂ ਬਾਰੇ ਕੀ? ਬਾਈਬਲ ਕਹਿੰਦੀ ਹੈ ਕਿ ਇਹ ਸੰਗਠਨ ਪਹਾੜਾਂ ਅਤੇ ਟਾਪੂਆਂ ਵਾਂਗ ਹਨ। ਲੋਕ ਸੋਚਦੇ ਹਨ ਕਿ ਇਨ੍ਹਾਂ ਸੰਗਠਨਾਂ ਨੂੰ ਹਿਲਾਇਆ ਨਹੀਂ ਜਾ ਸਕਦਾ। (ਪ੍ਰਕਾਸ਼ ਦੀ ਕਿਤਾਬ 6:14 ਪੜ੍ਹੋ।) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਸਰਕਾਰਾਂ ਅਤੇ ਇਨ੍ਹਾਂ ਨਾਲ ਜੁੜੇ ਸੰਗਠਨਾਂ ਨੂੰ ਨੀਂਹਾਂ ਤੋਂ ਹਿਲਾਇਆ ਜਾਵੇਗਾ। ਮਹਾਂਕਸ਼ਟ ਦੇ ਅਖ਼ੀਰ ਵਿਚ ਸਾਰੀਆਂ ਸਰਕਾਰਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਦਾ ਸੱਤਿਆਨਾਸ ਕੀਤਾ ਜਾਵੇਗਾ। (ਯਿਰ. 25:31-33) ਇਸ ਤੋਂ ਬਾਅਦ ਕੋਈ ਵੀ ਭ੍ਰਿਸ਼ਟ ਸੰਗਠਨ ਨਹੀਂ ਹੋਵੇਗਾ।
9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਵੀਂ ਧਰਤੀ ʼਤੇ ਸਭ ਕੁਝ ਸਹੀ ਢੰਗ ਨਾਲ ਹੋਵੇਗਾ?
9 ਭ੍ਰਿਸ਼ਟ ਸੰਗਠਨਾਂ ਦੀ ਜਗ੍ਹਾ ਕੀ ਹੋਵੇਗਾ? ਆਰਮਾਗੇਡਨ ਤੋਂ ਬਾਅਦ ਕੀ ਧਰਤੀ ʼਤੇ ਕੋਈ ਸੰਗਠਨ ਹੋਵੇਗਾ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤ. 3:13) ਪੁਰਾਣੇ ਆਕਾਸ਼ ਅਤੇ ਪੁਰਾਣੀ ਧਰਤੀ ਯਾਨੀ ਭ੍ਰਿਸ਼ਟ ਸਰਕਾਰਾਂ ਅਤੇ ਉਨ੍ਹਾਂ ਦੇ ਅਧੀਨ ਲੋਕ, ਨਾਸ਼ ਕੀਤੇ ਜਾਣਗੇ। ਉਨ੍ਹਾਂ ਦੀ ਜਗ੍ਹਾ ਕੌਣ ਹੋਣਗੇ? “ਨਵੇਂ ਆਕਾਸ਼ ਤੇ ਨਵੀਂ ਧਰਤੀ।” ਨਵੇਂ ਆਕਾਸ਼ ਨਵੀਂ ਸਰਕਾਰ ਨੂੰ ਦਰਸਾਉਂਦੇ ਹਨ ਜਿਸ ਵਿਚ ਯਿਸੂ ਮਸੀਹ ਨਾਲ 1,44,000 ਰਾਜ ਕਰਨਗੇ। ਨਵੀਂ ਧਰਤੀ ਪਰਮੇਸ਼ੁਰ ਦੇ ਅਧੀਨ ਲੋਕਾਂ ਨੂੰ ਦਰਸਾਉਂਦੀ ਹੈ। ਰਾਜ ਕਰਦਿਆਂ ਯਿਸੂ ਆਪਣੇ ਪਿਤਾ ਵਾਂਗ ਸਾਰੇ ਕੰਮ ਢੰਗ ਨਾਲ ਕਰੇਗਾ ਕਿਉਂਕਿ ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ। (1 ਕੁਰਿੰ. 14:33) ਧਰਤੀ ਉੱਤੇ ਕੁਝ ਸਮਝਦਾਰ ਆਦਮੀ ਸਾਰੇ ਕੰਮ ਸੰਭਾਲਣਗੇ। (ਜ਼ਬੂ. 45:16) ਇਹ ਆਦਮੀ ਯਿਸੂ ਅਤੇ 1,44,000 ਦੀ ਅਗਵਾਈ ਅਧੀਨ ਕੰਮ ਕਰਨਗੇ। ਉਸ ਸਮੇਂ ਦੀ ਕਲਪਨਾ ਕਰੋ ਜਦੋਂ ਭ੍ਰਿਸ਼ਟ ਸੰਗਠਨਾਂ ਦੀ ਜਗ੍ਹਾ ਇੱਕੋ-ਇਕ ਸੰਗਠਨ ਹੋਵੇਗਾ, ਜਿਸ ਵਿਚ ਏਕਤਾ ਹੋਵੇਗੀ ਅਤੇ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਜਾ ਸਕੇਗਾ।
ਗ਼ਲਤ ਕੰਮ
10. ਤੁਹਾਡੇ ਆਲੇ-ਦੁਆਲੇ ਕਿਹੜੇ ਗ਼ਲਤ ਕੰਮ ਆਮ ਹਨ? ਇਨ੍ਹਾਂ ਕੰਮਾਂ ਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਕੀ ਅਸਰ ਪੈਂਦਾ ਹੈ?
10 ਗ਼ਲਤ ਕੰਮ ਅੱਜ ਸਾਡੇ ਉੱਤੇ ਕਿਵੇਂ ਅਸਰ ਪਾਉਂਦੇ ਹਨ? ਅੱਜ ਦੁਨੀਆਂ ਵਿਚ ਬਹੁਤ ਜ਼ਿਆਦਾ ਗ਼ਲਤ ਕੰਮ ਹੋ ਰਹੇ ਹਨ। ਗ਼ਲਤ ਚਾਲ-ਚਲਣ, ਬੇਈਮਾਨੀ ਅਤੇ ਅੱਤ ਹਿੰਸਕ ਕੰਮਾਂ ਦਾ ਬੋਲਬਾਲਾ ਹੈ। ਮਾਪਿਆਂ ਲਈ ਆਪਣੇ ਬੱਚਿਆਂ ਨੂੰ ਅਜਿਹੇ ਕੰਮਾਂ ਤੋਂ ਬਚਾਉਣਾ ਕੋਈ ਸੌਖਾ ਕੰਮ ਨਹੀਂ। ਮਨੋਰੰਜਨ ਦੀ ਦੁਨੀਆਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਦਾ ਮਖੌਲ ਉਡਾਉਂਦੀ ਹੈ। ਉਹ ਗ਼ਲਤ ਕੰਮਾਂ ਨੂੰ ਬੜੀ ਚਮਕ-ਦਮਕ ਨਾਲ ਪੇਸ਼ ਕਰਦੀ ਹੈ। (ਯਸਾ. 5:20) ਸੱਚੇ ਮਸੀਹੀ ਇਨ੍ਹਾਂ ਪ੍ਰਭਾਵਾਂ ਤੋਂ ਬਚੇ ਰਹਿਣ ਲਈ ਸਖ਼ਤ ਮਿਹਨਤ ਕਰਦੇ ਹਨ। ਸਾਨੂੰ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਪੂਰੀ ਵਾਹ ਲਾਉਣੀ ਪਵੇਗੀ।
11. ਸਦੂਮ ਅਤੇ ਗਮੋਰਾ ਦੇ ਨਾਸ਼ ਤੋਂ ਅਸੀਂ ਕੀ ਸਿੱਖਦੇ ਹਾਂ?
11 ਯਹੋਵਾਹ ਗ਼ਲਤ ਕੰਮਾਂ ਦਾ ਕੀ ਕਰੇਗਾ? ਯਾਦ ਕਰੋ ਕਿ ਯਹੋਵਾਹ ਨੇ ਸਦੂਮ ਅਤੇ ਗਮੋਰਾ ਵਿਚ ਹੋ ਰਹੇ ਗ਼ਲਤ ਕੰਮਾਂ ਦਾ ਕੀ ਕੀਤਾ ਸੀ? (2 ਪਤਰਸ 2:6-8 ਪੜ੍ਹੋ।) ਧਰਮੀ ਲੂਤ ਬਹੁਤ ਦੁਖੀ ਸੀ ਕਿਉਂਕਿ ਉਸ ਦੇ ਪਰਿਵਾਰ ਦੇ ਚਾਰੇ ਪਾਸੇ ਗ਼ਲਤ ਕੰਮ ਹੋ ਰਹੇ ਸਨ। ਉਸ ਇਲਾਕੇ ਨੂੰ ਨਾਸ਼ ਕਰਨ ਦਾ ਮਤਲਬ ਸਿਰਫ਼ ਗ਼ਲਤ ਕੰਮਾਂ ਦਾ ਖ਼ਾਤਮਾ ਕਰਨਾ ਹੀ ਨਹੀਂ ਸੀ, ਸਗੋਂ ਯਹੋਵਾਹ ਨੇ “ਇਸ ਗੱਲ ਦਾ ਨਮੂਨਾ ਕਾਇਮ ਕੀਤਾ ਕਿ ਬੁਰੇ ਲੋਕਾਂ ਦਾ ਆਉਣ ਵਾਲੇ ਸਮੇਂ ਵਿਚ ਕੀ ਹਸ਼ਰ ਹੋਵੇਗਾ।” ਜਿੱਦਾਂ ਯਹੋਵਾਹ ਨੇ ਉਸ ਸਮੇਂ ਵਿਚ ਗ਼ਲਤ ਕੰਮਾਂ ਦਾ ਨਾਸ਼ ਕੀਤਾ ਸੀ, ਬਿਲਕੁਲ ਉਸੇ ਤਰ੍ਹਾਂ ਉਹ ਭਵਿੱਖ ਵਿਚ ਵੀ ਗ਼ਲਤ ਕੰਮਾਂ ਦਾ ਨਾਸ਼ ਕਰੇਗਾ।
12. ਨਵੀਂ ਦੁਨੀਆਂ ਵਿਚ ਤੁਸੀਂ ਕਿਹੜੇ ਕੰਮ ਕਰਨੇ ਚਾਹੋਗੇ?
12 ਗ਼ਲਤ ਕੰਮਾਂ ਦੀ ਜਗ੍ਹਾ ਕੀ ਹੋਵੇਗਾ? ਨਵੀਂ ਦੁਨੀਆਂ ਵਿਚ ਸਾਡੇ ਲਈ ਬਹੁਤ ਜ਼ਿਆਦਾ ਕੰਮ ਹੋਵੇਗਾ। ਸੋਚੋ ਕਿ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ ਜਦੋਂ ਅਸੀਂ ਇਸ ਧਰਤੀ ਨੂੰ ਖੂਬਸੂਰਤ ਬਾਗ਼ ਵਰਗੀ ਬਣਾਵਾਂਗੇ ਅਤੇ ਆਪਣੇ ਲਈ ਅਤੇ ਆਪਣੇ ਦੋਸਤਾਂ ਲਈ ਆਪਣੇ ਹੱਥੀ ਘਰ ਬਣਾਵਾਂਗੇ। ਉਸ ਖ਼ੁਸ਼ੀ ਬਾਰੇ ਵੀ ਸੋਚੋ ਜਦੋਂ ਅਸੀਂ ਜੀਉਂਦੇ ਕੀਤੇ ਗਏ ਲੱਖਾਂ ਲੋਕਾਂ ਦਾ ਸੁਆਗਤ ਕਰਾਂਗੇ। ਅਸੀਂ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਉਣ ਦੇ ਨਾਲ-ਨਾਲ ਇਹ ਵੀ ਦੱਸਾਂਗੇ ਕਿ ਉਸ ਨੇ ਇਨਸਾਨਾਂ ਲਈ ਕੀ ਕੁਝ ਕੀਤਾ ਹੈ। (ਯਸਾ. 65:21, 22; ਰਸੂ. 24:15) ਉਸ ਸਮੇਂ ਅਸੀਂ ਉਹ ਕੰਮ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਯਹੋਵਾਹ ਦੀ ਮਹਿਮਾ ਹੋਵੇਗੀ।
ਭੈੜੇ ਹਾਲਾਤ
13. ਆਦਮ, ਹੱਵਾਹ ਅਤੇ ਸ਼ੈਤਾਨ ਦੀ ਬਗਾਵਤ ਕਰਕੇ ਧਰਤੀ ਉੱਤੇ ਕਿਹੜੇ ਹਾਲਾਤ ਪੈਦਾ ਹੋਏ?
13 ਭੈੜੇ ਹਾਲਾਤ ਸਾਡੇ ਉੱਤੇ ਕਿਵੇਂ ਅਸਰ ਪਾਉਂਦੇ ਹਨ? ਧਰਤੀ ਦਾ ਮਾਹੌਲ ਦੁਸ਼ਟ ਲੋਕਾਂ, ਭ੍ਰਿਸ਼ਟ ਸੰਗਠਨਾਂ ਅਤੇ ਗ਼ਲਤ ਕੰਮਾਂ ਕਰਕੇ ਬਹੁਤ ਵਿਗੜ ਚੁੱਕਾ ਹੈ। ਕੀ ਸਾਡੇ ਵਿੱਚੋਂ ਕੋਈ ਹੈ ਜਿਸ ਨੇ ਯੁੱਧ, ਗ਼ਰੀਬੀ ਜਾਂ ਭੇਦ-ਭਾਵ ਦਾ ਸਾਮ੍ਹਣਾ ਨਾ ਕੀਤਾ ਹੋਵੇ? ਨਾਲੇ ਬੀਮਾਰੀਆਂ ਅਤੇ ਮੌਤ ਬਾਰੇ ਕੀ? ਸਾਰਿਆਂ ਨੂੰ ਇਨ੍ਹਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇੱਦਾਂ ਦੇ ਭੈੜੇ ਹਾਲਾਤ ਆਦਮ, ਹੱਵਾਹ ਅਤੇ ਸ਼ੈਤਾਨ ਦੀ ਦੁਸ਼ਟਤਾ ਕਰਕੇ ਪੈਦਾ ਹੋਏ ਜਦੋਂ ਉਨ੍ਹਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ। ਇਨ੍ਹਾਂ ਨੇ ਜੋ ਬਰਬਾਦੀ ਲਿਆਂਦੀ ਉਸ ਤੋਂ ਕੋਈ ਨਹੀਂ ਬਚ ਸਕਿਆ।
14. ਯਹੋਵਾਹ ਭੈੜੇ ਹਾਲਾਤਾਂ ਦਾ ਕੀ ਕਰੇਗਾ? ਮਿਸਾਲ ਦਿਓ।
14 ਯਹੋਵਾਹ ਭੈੜੇ ਹਾਲਾਤਾਂ ਦਾ ਕੀ ਕਰੇਗਾ? ਕੁਝ ਮਿਸਾਲਾਂ ਉੱਤੇ ਗੌਰ ਕਰੋ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਲਈ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ। (ਜ਼ਬੂਰਾਂ ਦੀ ਪੋਥੀ 46:8, 9 ਪੜ੍ਹੋ।) ਬੀਮਾਰੀਆਂ ਬਾਰੇ ਕੀ? ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। (ਯਸਾ. 33:24) ਨਾਲੇ ਮੌਤ ਬਾਰੇ ਕੀ? ਯਹੋਵਾਹ ਹਮੇਸ਼ਾ ਲਈ ਇਸ ਨੂੰ ਖ਼ਤਮ ਕਰੇਗਾ। (ਯਸਾ. 25:8) ਉਹ ਗ਼ਰੀਬੀ ਦਾ ਖ਼ਾਤਮਾ ਕਰੇਗਾ। (ਜ਼ਬੂ. 72:12-16) ਉਹ ਉਨ੍ਹਾਂ ਸਾਰੇ ਭੈੜੇ ਹਾਲਾਤਾਂ ਨੂੰ ਵੀ ਖ਼ਤਮ ਕਰੇਗਾ ਜਿਨ੍ਹਾਂ ਨੇ ਸਾਡਾ ਜੀਉਣਾ ਮੁਸ਼ਕਲ ਕੀਤਾ ਹੈ। ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੀ ਸੋਚ “ਹਵਾ ਵਾਂਗ ਫੈਲੀ ਹੋਈ ਹੈ।” ਯਹੋਵਾਹ ਇਸ ਨੂੰ ਵੀ ਖ਼ਤਮ ਕਰੇਗਾ।—ਅਫ਼. 2:2.
15. ਆਰਮਾਗੇਡਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਨਹੀਂ ਹੋਣਗੀਆਂ?
15 ਕੀ ਤੁਸੀਂ ਲੜਾਈਆਂ, ਬੀਮਾਰੀਆਂ ਅਤੇ ਮੌਤ ਤੋਂ ਬਿਨਾਂ ਦੁਨੀਆਂ ਦੀ ਕਲਪਨਾ ਕਰ ਸਕਦੇ ਹੋ? ਜ਼ਰਾ ਸੋਚੋ ਜਦੋਂ ਥਲ, ਜਲ ਤੇ ਵਾਯੂ ਸੈਨਾਵਾਂ ਨਹੀਂ ਹੋਣਗੀਆਂ। ਕੋਈ ਵੀ ਹਥਿਆਰ ਜਾਂ ਯੁੱਧਾਂ ਦੇ ਯਾਦਗਾਰ ਸਮਾਰਕ ਨਹੀਂ ਹੋਣਗੇ। ਨਾ ਹੀ ਕੋਈ ਹਸਪਤਾਲ, ਡਾਕਟਰ, ਨਰਸ, ਮੁਰਦਾ-ਘਰ, ਕਬਰਸਤਾਨ ਜਾਂ ਸ਼ਮਸ਼ਾਨ-ਘਾਟ ਹੋਣਗੇ। ਅਪਰਾਧ ਖ਼ਤਮ ਹੋ ਜਾਣਗੇ ਅਤੇ ਸਾਨੂੰ ਪੁਲਿਸ ਅਤੇ ਸੁਰੱਖਿਆ ਅਲਾਰਮਾਂ ਦੀ ਲੋੜ ਵੀ ਨਹੀਂ ਪਵੇਗੀ। ਸਾਨੂੰ ਸ਼ਾਇਦ ਜਿੰਦੇ-ਚਾਬੀਆਂ ਦੀ ਵੀ ਲੋੜ ਨਾ ਪਵੇ। ਉਸ ਵੇਲੇ ਸਾਨੂੰ ਕਿਸੇ ਵੀ ਗੱਲ ਦਾ ਫ਼ਿਕਰ ਨਹੀਂ ਹੋਵੇਗਾ।
16, 17. (ੳ) ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਕਿੱਦਾਂ ਮਹਿਸੂਸ ਕਰਨਗੇ? ਸਮਝਾਓ। (ਅ) ਤੁਸੀਂ ਕਿਵੇਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡਾ ਇਸ ਦੁਨੀਆਂ ਨਾਲ ਨਾਸ਼ ਨਹੀਂ ਹੋਵੇਗਾ?
16 ਭੈੜੇ ਹਾਲਾਤਾਂ ਬਗੈਰ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਇਸ ਬਾਰੇ ਸੋਚਣਾ ਵੀ ਔਖਾ ਹੈ। ਇਸ ਦੁਨੀਆਂ ਵਿਚ ਸਾਨੂੰ ਦੁੱਖ ਝੱਲਦਿਆਂ ਇੰਨਾ ਸਮਾਂ ਹੋ ਗਿਆ ਹੈ ਕਿ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਕਿੰਨੇ ਦੁੱਖ ਝੱਲ ਰਹੇ ਹਾਂ। ਮਿਸਾਲ ਲਈ, ਜਿਹੜੇ ਲੋਕ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦੇ ਹਨ ਉਹ ਰੇਲ-ਗੱਡੀਆਂ ਦੇ ਸ਼ੋਰ ਦੇ ਆਦੀ ਹੋ ਜਾਂਦੇ ਹਨ। ਨਾਲੇ ਜਿਹੜੇ ਲੋਕ ਕੂੜੇ ਦੇ ਨੇੜੇ ਰਹਿੰਦੇ ਹਨ ਉਹ ਬਦਬੂ ਦੇ ਆਦੀ ਹੋ ਜਾਂਦੇ ਹਨ। ਪਰ ਜਦੋਂ ਯਹੋਵਾਹ ਸਾਰੇ ਭੈੜੇ ਹਾਲਾਤਾਂ ਨੂੰ ਖ਼ਤਮ ਕਰੇਗਾ, ਤਾਂ ਅਸੀਂ ਸਾਰੇ ਸੁੱਖ ਦਾ ਸਾਹ ਲਵਾਂਗੇ।
17 ਸਾਡੀਆਂ ਚਿੰਤਾਵਾਂ ਦਾ ਕੀ ਬਣੇਗਾ? ਜ਼ਬੂਰ 37:11 ਦੱਸਦਾ ਹੈ ਕਿ ਅਸੀਂ ‘ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਾਂਗੇ।’ ਕੀ ਇਹ ਸ਼ਬਦ ਤੁਹਾਡੇ ਦਿਲ ਨੂੰ ਨਹੀਂ ਛੂੰਹਦੇ? ਯਹੋਵਾਹ ਤੁਹਾਡੇ ਲਈ ਇਹੀ ਚਾਹੁੰਦਾ ਹੈ। ਇਨ੍ਹਾਂ ਮੁਸ਼ਕਲਾਂ ਭਰੇ ਦਿਨਾਂ ਵਿਚ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਰਹਿਣ ਦੀ ਪੂਰੀ ਕੋਸ਼ਿਸ਼ ਕਰੋ। ਤੁਹਾਡੇ ਸੁਨਹਿਰੇ ਭਵਿੱਖ ਦੀ ਉਮੀਦ ਬਹੁਤ ਅਨਮੋਲ ਹੈ। ਇਸ ਨੂੰ ਘੁੱਟ ਕੇ ਫੜੀ ਰੱਖੋ, ਇਸ ਬਾਰੇ ਸੋਚਦੇ ਰਹੋ ਅਤੇ ਹਮੇਸ਼ਾ ਦੂਸਰਿਆਂ ਨਾਲ ਸਾਂਝੀ ਕਰਦੇ ਰਹੋ। (1 ਤਿਮੋ. 4:15, 16; 1 ਪਤ. 3:15) ਇਹ ਸਭ ਕੁਝ ਕਰਨ ਨਾਲ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਇਸ ਦੁਨੀਆਂ ਨਾਲ ਤੁਹਾਡਾ ਨਾਸ਼ ਨਹੀਂ ਹੋਵੇਗਾ। ਤੁਸੀਂ ਹਮੇਸ਼ਾ ਲਈ ਜ਼ਿੰਦਗੀ ਦਾ ਮਜ਼ਾ ਲਓਗੇ।
a ਇਸ ਪੈਰੇ ਵਿਚ ਦੱਸੀ ਰੀਤ ਕਾਫ਼ੀ ਸਮੇਂ ਪਹਿਲਾਂ ਅਮਰੀਕਾ ਦੀਆਂ ਕੁਝ ਜੇਲ੍ਹਾਂ ਵਿਚ ਹੁੰਦੀ ਸੀ।