ਤੁਹਾਡਾ ਰਵੱਈਆ ਕਿਹੋ ਜਿਹਾ ਹੈ?
“ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।”—ਫਿਲੇ. 25.
ਕੀ ਤੁਸੀਂ ਜਵਾਬ ਦੇ ਸਕਦੇ ਹੋ?
ਸਾਨੂੰ ਆਪਣੇ ਰਵੱਈਏ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
ਸਾਨੂੰ ਕਿਸ ਤਰ੍ਹਾਂ ਦੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ?
ਮੰਡਲੀ ਵਿਚ ਸਹੀ ਰਵੱਈਆ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
1. ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖਦਿਆਂ ਕਿਹੜੀ ਉਮੀਦ ਰੱਖੀ ਸੀ?
ਆਪਣੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਵਾਰ-ਵਾਰ ਇਹ ਉਮੀਦ ਰੱਖੀ ਕਿ ਪਰਮੇਸ਼ੁਰ ਤੇ ਯਿਸੂ ਮਸੀਹ ਮੰਡਲੀਆਂ ਦੇ ਰਵੱਈਏ ਤੋਂ ਖ਼ੁਸ਼ ਹੋਣ। ਮਿਸਾਲ ਲਈ, ਉਸ ਨੇ ਗਲਾਤੀਆਂ ਦੀ ਮੰਡਲੀ ਨੂੰ ਲਿਖਿਆ: “ਭਰਾਵੋ, ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ʼਤੇ ਹੋਵੇ। ਆਮੀਨ।” (ਗਲਾ. 6:18) ਪੌਲੁਸ ਕਿਹੋ ਜਿਹੇ ਰਵੱਈਏ ਦੀ ਗੱਲ ਕਰ ਰਿਹਾ ਸੀ?
2, 3. (ੳ) ਪੌਲੁਸ ਨੇ ਮਸੀਹੀਆਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣ ਦੀ ਹੱਲਾਸ਼ੇਰੀ ਦਿੱਤੀ? (ਅ) ਅਸੀਂ ਆਪਣੇ ਰਵੱਈਏ ਬਾਰੇ ਕਿਹੜੇ ਸਵਾਲ ਪੁੱਛ ਸਕਦੇ ਹਾਂ?
2 ਸਾਡੇ ਰਵੱਈਏ ਜਾਂ ਸੋਚਣ ਦੇ ਢੰਗ ਦਾ ਸਾਡੇ ਕੰਮਾਂ ਤੇ ਗੱਲਾਂ ਉੱਤੇ ਅਸਰ ਪੈਂਦਾ ਹੈ। ਇਕ ਇਨਸਾਨ ਸ਼ਾਇਦ ਨਰਮ, ਦੂਜਿਆਂ ਦੀ ਪਰਵਾਹ ਕਰਨ ਵਾਲਾ, ਛੇਤੀ ਗੁੱਸੇ ਨਾ ਹੋਣ ਵਾਲਾ, ਖੁੱਲ੍ਹੇ ਦਿਲ ਵਾਲਾ ਜਾਂ ਮਾਫ਼ ਕਰਨ ਵਾਲਾ ਹੋਵੇ। ਬਾਈਬਲ ਵੀ ਕਹਿੰਦੀ ਹੈ ਕਿ “ਸ਼ਾਂਤ ਤੇ ਨਰਮ ਸੁਭਾਅ” ਤੇ “ਸ਼ੀਲ ਸੁਭਾਉ” ਹੋਣਾ ਚੰਗੀ ਗੱਲ ਹੈ। (1 ਪਤ. 3:4; ਕਹਾ. 17:27) ਦੂਜੇ ਪਾਸੇ, ਕੋਈ ਹੋਰ ਇਨਸਾਨ ਸ਼ਾਇਦ ਚੁੱਭਵੀਆਂ ਗੱਲਾਂ ਕਹਿਣ ਵਾਲਾ, ਪੈਸੇ ਨੂੰ ਪਿਆਰ ਕਰਨ ਵਾਲਾ, ਛੇਤੀ ਗੁੱਸੇ ਹੋਣ ਵਾਲਾ ਜਾਂ ਆਪਣੀ ਮਨ-ਮਰਜ਼ੀ ਕਰਨ ਵਾਲਾ ਹੋਵੇ। ਕਈਆਂ ਦਾ ਰਵੱਈਆ ਇਸ ਤੋਂ ਵੀ ਬੁਰਾ ਹੁੰਦਾ ਹੈ। ਉਹ ਬਦਚਲਣ, ਅਣਆਗਿਆਕਾਰੀ ਜਾਂ ਬਾਗ਼ੀ ਹੁੰਦੇ ਹਨ।
3 ਇਸ ਲਈ ਜਦੋਂ ਪੌਲੁਸ ਨੇ ਭਰਾਵਾਂ ਨੂੰ ਕਿਹਾ ਕਿ ‘ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਤੁਹਾਡੇ ਨਾਲ ਰਹੇ,’ ਤਾਂ ਉਸ ਨੇ ਉਨ੍ਹਾਂ ਨੂੰ ਮਸੀਹ ਦੀ ਰੀਸ ਕਰਨ ਅਤੇ ਆਪਣਾ ਰਵੱਈਆ ਸਹੀ ਰੱਖ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਹੱਲਾਸ਼ੇਰੀ ਦਿੱਤੀ। (2 ਤਿਮੋ. 4:22; ਕੁਲੁੱਸੀਆਂ 3:9-12 ਪੜ੍ਹੋ।) ਅੱਜ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ: ‘ਮੇਰਾ ਰਵੱਈਆ ਕਿਹੋ ਜਿਹਾ ਹੈ? ਮੈਂ ਆਪਣੇ ਰਵੱਈਆ ਵਿਚ ਕੀ ਸੁਧਾਰ ਕਰ ਸਕਦਾ ਹਾਂ ਤਾਂਕਿ ਇਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ? ਮੈਂ ਮੰਡਲੀ ਵਿਚ ਦੂਜਿਆਂ ਨੂੰ ਸਹੀ ਰਵੱਈਆ ਰੱਖਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦਾ ਹਾਂ?’ ਮਿਸਾਲ ਲਈ, ਸੂਰਜਮੁਖੀ ਦੇ ਖੇਤਾਂ ਵਿਚ ਹਰ ਫੁੱਲ ਖੇਤ ਦੀ ਸੁੰਦਰਤਾ ਵਧਾਉਣ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਕੀ ਉਨ੍ਹਾਂ “ਫੁੱਲਾਂ” ਵਾਂਗ ਅਸੀਂ ਵੀ ਮੰਡਲੀ ਦੀ ਸੁੰਦਰਤਾ ਨੂੰ ਵਧਾਉਂਦੇ ਹਾਂ? ਸਾਨੂੰ ਇਸ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਹੁਣ ਆਪਾਂ ਦੇਖੀਏ ਕਿ ਅਸੀਂ ਸਹੀ ਰਵੱਈਆ ਕਿਵੇਂ ਰੱਖ ਸਕਦੇ ਹਾਂ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।
ਦੁਨੀਆਂ ਦੀ ਸੋਚ ਤੋਂ ਬਚੋ
4. “ਦੁਨੀਆਂ ਦੀ ਸੋਚ” ਦਾ ਲੋਕਾਂ ʼਤੇ ਕੀ ਅਸਰ ਪੈਂਦਾ ਹੈ?
4 ਬਾਈਬਲ ਸਾਨੂੰ ਦੱਸਦੀ ਹੈ: “ਅਸੀਂ ਦੁਨੀਆਂ ਦੀ ਸੋਚ ਨੂੰ ਕਬੂਲ ਨਹੀਂ ਕੀਤਾ ਹੈ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕੀਤਾ ਹੈ।” (1 ਕੁਰਿੰ. 2:12) ਇਸੇ ਸੋਚ ਬਾਰੇ ਅਫ਼ਸੀਆਂ 2:2 ਵਿਚ ਲਿਖਿਆ ਹੈ: “ਤੁਸੀਂ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਜ਼ਿੰਦਗੀ ਜੀਉਂਦੇ ਸੀ ਯਾਨੀ ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲੇ ਹਾਕਮ ਮੁਤਾਬਕ ਚੱਲਦੇ ਸੀ। ਇਹ ਸੋਚ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਹੁਣ ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।” ਦੁਨੀਆਂ ਦੀ ਸੋਚ ਹਵਾ ਵਾਂਗ ਚਾਰੇ ਪਾਸੇ ਫੈਲੀ ਹੋਈ ਹੈ। ਅੱਜ ਇਸ ਸੋਚ ਦਾ ਅਸਰ ਸ਼ੈਤਾਨ ਦੀ ਦੁਨੀਆਂ ਦੇ “ਅਣਆਗਿਆਕਾਰ ਲੋਕਾਂ” ਉੱਤੇ ਦਿਖਾਈ ਦਿੰਦਾ ਹੈ। ਇਸ ਕਰਕੇ ਉਨ੍ਹਾਂ ਦਾ ਇਹ ਰਵੱਈਆ ਹੈ, ‘ਮੈਂ ਕਿਸੇ ਦੀ ਕਿਉਂ ਸੁਣਾਂ? ਮੈਂ ਤਾਂ ਆਪਣੀ ਮਰਜ਼ੀ ਕਰਨੀ!’
5. ਕੁਝ ਇਜ਼ਰਾਈਲੀਆਂ ਦਾ ਰਵੱਈਆ ਕਿਹੋ ਜਿਹਾ ਸੀ?
5 ਇਸ ਤਰ੍ਹਾਂ ਦਾ ਰਵੱਈਆ ਨਵਾਂ ਨਹੀਂ ਹੈ। ਮੂਸਾ ਦੇ ਸਮੇਂ ਵਿਚ ਕੋਰਹ ਇਜ਼ਰਾਈਲ ਦੀ ਮੰਡਲੀ ਵਿਚ ਅਧਿਕਾਰ ਰੱਖਣ ਵਾਲਿਆਂ ਦੇ ਵਿਰੁੱਧ ਖੜ੍ਹਾ ਹੋਇਆ ਸੀ। ਉਸ ਨੇ ਖ਼ਾਸ ਤੌਰ ਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜੋ ਪੁਜਾਰੀਆਂ ਦੇ ਤੌਰ ਤੇ ਸੇਵਾ ਕਰਦੇ ਸਨ। ਸ਼ਾਇਦ ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇਖੀਆਂ ਹੋਣ। ਜਾਂ ਸ਼ਾਇਦ ਉਸ ਨੇ ਮੂਸਾ ʼਤੇ ਭਾਈ-ਭਤੀਜਾਵਾਦ ਹੋਣ ਦਾ ਦੋਸ਼ ਲਾਇਆ ਹੋਵੇ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਕੋਰਹ ਦੀ ਸੋਚ ਗ਼ਲਤ ਹੋ ਗਈ ਸੀ। ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦਾ ਨਿਰਾਦਰ ਕੀਤਾ। ਉਸ ਨੇ ਮੂਸਾ ਤੇ ਹਾਰੂਨ ਦੇ ਵਿਰੁੱਧ ਕਿਹਾ: “ਹੁਣ ਤਾਂ ਬੱਸ ਕਰੋ . . . ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?” (ਗਿਣ. 16:3) ਇਸੇ ਤਰ੍ਹਾਂ ਦਾਥਾਨ ਤੇ ਅਬੀਰਾਮ ਵੀ ਮੂਸਾ ਦੇ ਵਿਰੁੱਧ ਹੋ ਗਏ ਤੇ ਉਨ੍ਹਾਂ ਨੇ ਕਿਹਾ ਕਿ ਮੂਸਾ “ਆਪਣੇ ਆਪ ਨੂੰ ਪਾਤਸ਼ਾਹ ਬਣਾਈ ਬੈਠਾ ਹੈ।” ਜਦੋਂ ਉਨ੍ਹਾਂ ਨੂੰ ਮੂਸਾ ਦੇ ਸਾਮ੍ਹਣੇ ਪੇਸ਼ ਹੋਣ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਹੰਕਾਰ ਨਾਲ ਕਿਹਾ: “ਅਸੀਂ ਨਹੀਂ ਆਵਾਂਗੇ।” (ਗਿਣ. 16:12-14) ਯਹੋਵਾਹ ਉਨ੍ਹਾਂ ਦੇ ਰਵੱਈਏ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸੀ। ਉਸ ਨੇ ਸਾਰੇ ਬਾਗ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ।—ਗਿਣ. 16:28-35.
6. ਕੁਝ ਲੋਕਾਂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਨ੍ਹਾਂ ਦਾ ਰਵੱਈਆ ਗ਼ਲਤ ਸੀ ਤੇ ਉਨ੍ਹਾਂ ਦੇ ਇਸ ਰਵੱਈਏ ਦਾ ਕਾਰਨ ਕੀ ਸੀ?
6 ਪਹਿਲੀ ਸਦੀ ਵਿਚ ਵੀ ਕੁਝ ਲੋਕ ਮੰਡਲੀ ਵਿਚ “ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ” ਸਨ ਅਤੇ ਉਨ੍ਹਾਂ ਬਾਰੇ ਬੁਰਾ-ਭਲਾ ਕਹਿੰਦੇ ਸਨ। (ਯਹੂ. 8) ਇਹ ਆਦਮੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਖ਼ੁਸ਼ ਨਹੀਂ ਸਨ ਅਤੇ ਉਹ ਦੂਜਿਆਂ ਨੂੰ ਵੀ ਉਨ੍ਹਾਂ ਭਰਾਵਾਂ ਦੇ ਵਿਰੁੱਧ ਕਰਨ ਦੀ ਕੋਸ਼ਿਸ਼ ਕਰਦੇ ਸਨ ਜੋ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਉਂਦੇ ਸਨ।—3 ਯੂਹੰਨਾ 9, 10 ਪੜ੍ਹੋ।
7. ਅੱਜ ਮੰਡਲੀ ਵਿਚ ਕਿਸ ਤਰ੍ਹਾਂ ਦੇ ਰਵੱਈਏ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ?
7 ਮਸੀਹੀ ਮੰਡਲੀ ਵਿਚ ਇਸ ਤਰ੍ਹਾਂ ਦੇ ਰਵੱਈਏ ਲਈ ਕੋਈ ਜਗ੍ਹਾ ਨਹੀਂ ਹੈ। ਇਸੇ ਕਰਕੇ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਸਾਡੇ ਵਿਚ ਇਸ ਤਰ੍ਹਾਂ ਦਾ ਰਵੱਈਆ ਪੈਦਾ ਨਾ ਹੋਵੇ। ਮੂਸਾ ਤੇ ਯੂਹੰਨਾ ਰਸੂਲ ਦੇ ਦਿਨਾਂ ਵਾਂਗ ਅੱਜ ਵੀ ਮੰਡਲੀ ਦੇ ਬਜ਼ੁਰਗ ਨਾਮੁਕੰਮਲ ਹਨ ਤੇ ਗ਼ਲਤੀਆਂ ਕਰਦੇ ਹਨ। ਬਜ਼ੁਰਗਾਂ ਦੀਆਂ ਗ਼ਲਤੀਆਂ ਦਾ ਅਸਰ ਸ਼ਾਇਦ ਸਾਡੇ ʼਤੇ ਪਵੇ। ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਕਿਸੇ ਨੂੰ ਵੀ ਦੁਨੀਆਂ ਦੇ ਲੋਕਾਂ ਵਰਗਾ ਰਵੱਈਆ ਰੱਖਦੇ ਹੋਏ ਇਹ ਨਹੀਂ ਕਹਿਣਾ ਚਾਹੀਦਾ ਕਿ “ਮੈਨੂੰ ਨਿਆਂ ਮਿਲਣਾ ਚਾਹੀਦਾ ਹੈ!” ਜਾਂ “ਇਹ ਨੂੰ ਬਜ਼ੁਰਗ ਕਿਹਨੇ ਬਣਾਇਆ? ਹਟਾਓ ਇਹ ਨੂੰ!” ਯਹੋਵਾਹ ਨੇ ਸ਼ਾਇਦ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਖ਼ਾਮੀਆਂ ਨੂੰ ਨਜ਼ਰਅੰਦਾਜ਼ ਕੀਤਾ ਹੋਵੇ। ਕੀ ਸਾਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ? ਕਈ ਵਾਰ ਕੁਝ ਲੋਕ ਕੋਈ ਗੰਭੀਰ ਪਾਪ ਕਰਨ ਤੋਂ ਬਾਅਦ ਬਜ਼ੁਰਗਾਂ ਨੂੰ ਮਿਲਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਉਹ ਬਜ਼ੁਰਗਾਂ ਵਿਚ ਕਮੀਆਂ ਦੇਖਦੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਇਕ ਮਰੀਜ਼ ਕਿਸੇ ਡਾਕਟਰ ਤੋਂ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਨਹੀਂ ਕਰਾਉਂਦਾ ਕਿਉਂਕਿ ਉਸ ਨੂੰ ਡਾਕਟਰ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ।
8. ਬਜ਼ੁਰਗਾਂ ਦੇ ਅਧੀਨ ਰਹਿਣ ਵਿਚ ਕਿਹੜੇ ਹਵਾਲੇ ਸਾਡੀ ਮਦਦ ਕਰਦੇ ਹਨ?
8 ਇਸ ਤਰ੍ਹਾਂ ਦੇ ਰਵੱਈਏ ਤੋਂ ਬਚਣ ਲਈ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? ਬਾਈਬਲ ਵਿਚ ਦਿਖਾਇਆ ਗਿਆ ਹੈ ਕਿ ਯਿਸੂ ਦੇ “ਸੱਜੇ ਹੱਥ ਵਿਚ ਸੱਤ ਤਾਰੇ” ਹਨ। ਇਹ “ਤਾਰੇ” ਚੁਣੇ ਹੋਏ ਬਜ਼ੁਰਗਾਂ ਨੂੰ ਦਰਸਾਉਂਦੇ ਹਨ। ਇਹ ਗੱਲ ਹੋਰ ਭੇਡਾਂ ਦੇ ਸਾਰੇ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀ ਹੈ। ਯਿਸੂ ਇਨ੍ਹਾਂ ‘ਤਾਰਿਆਂ’ ਨੂੰ ਜਿਵੇਂ ਚਾਹੇ ਵਰਤ ਸਕਦਾ ਹੈ। (ਪ੍ਰਕਾ. 1:16, 20) ਮੰਡਲੀ ਦਾ ਮੁਖੀ ਹੋਣ ਕਰਕੇ ਯਿਸੂ ਦਾ ਇਨ੍ਹਾਂ ਬਜ਼ੁਰਗਾਂ ʼਤੇ ਪੂਰਾ ਕੰਟ੍ਰੋਲ ਹੈ। ਯਿਸੂ ਦੀਆਂ “ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ” ਹਨ ਤੇ ਜੇ ਉਹ ਦੇਖਦਾ ਹੈ ਕਿ ਕਿਸੇ ਬਜ਼ੁਰਗ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਆਪਣੇ ਸਮੇਂ ʼਤੇ ਆਪਣੇ ਤਰੀਕੇ ਨਾਲ ਉਸ ਵਿਚ ਸੁਧਾਰ ਕਰਦਾ ਹੈ। (ਪ੍ਰਕਾ. 1:14) ਇਸ ਲਈ ਸਾਨੂੰ ਪਵਿੱਤਰ ਸ਼ਕਤੀ ਦੁਆਰਾ ਚੁਣੇ ਗਏ ਬਜ਼ੁਰਗਾਂ ਦਾ ਆਦਰ ਕਰਨ ਦੀ ਲੋੜ ਹੈ। ਪੌਲੁਸ ਨੇ ਲਿਖਿਆ: “ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂਕਿ ਉਹ ਇਹ ਜਾਣਦੇ ਹੋਏ ਤੁਹਾਡਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ; ਤਾਂਕਿ ਉਹ ਇਹ ਕੰਮ ਖ਼ੁਸ਼ੀ-ਖ਼ੁਸ਼ੀ ਕਰਨ, ਨਾ ਕਿ ਹਉਕੇ ਭਰ-ਭਰ ਕੇ ਕਿਉਂਕਿ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।”—ਇਬ. 13:17.
9. (ੳ) ਇਕ ਮਸੀਹੀ ਸ਼ਾਇਦ ਉਦੋਂ ਕਿਵੇਂ ਪਰਖਿਆ ਜਾਵੇ ਜਦੋਂ ਉਸ ਨੂੰ ਤਾੜਨਾ ਜਾਂ ਸਲਾਹ ਦਿੱਤੀ ਜਾਂਦੀ ਹੈ? (ਅ) ਸਲਾਹ ਮਿਲਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
9 ਇਕ ਮਸੀਹੀ ਦੇ ਰਵੱਈਏ ਦੀ ਉਦੋਂ ਵੀ ਪਰਖ ਹੁੰਦੀ ਹੈ ਜਦੋਂ ਉਸ ਨੂੰ ਤਾੜਿਆ ਜਾਂਦਾ ਹੈ ਜਾਂ ਮੰਡਲੀ ਵਿਚ ਉਸ ਤੋਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਜਾਂਦੀਆਂ ਹਨ। ਇਕ ਨੌਜਵਾਨ ਭਰਾ ਹਿੰਸਕ ਵਿਡਿਓ ਗੇਮਾਂ ਖੇਡਦਾ ਹੁੰਦਾ ਸੀ। ਉਸ ਦੀ ਮੰਡਲੀ ਦੇ ਬਜ਼ੁਰਗਾਂ ਨੇ ਉਸ ਨੂੰ ਇਸ ਬਾਰੇ ਸਲਾਹ ਦਿੱਤੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ। ਇਸ ਕਰਕੇ ਉਸ ਤੋਂ ਸਹਾਇਕ ਸੇਵਕ ਦੀ ਜ਼ਿੰਮੇਵਾਰੀ ਲੈ ਲਈ ਗਈ ਕਿਉਂਕਿ ਉਹ ਬਾਈਬਲ ਵਿਚ ਸਹਾਇਕ ਸੇਵਕਾਂ ਲਈ ਦੱਸੀਆਂ ਮੰਗਾਂ ਤੋਂ ਉਲਟ ਚੱਲ ਰਿਹਾ ਸੀ। (ਜ਼ਬੂ. 11:5; 1 ਤਿਮੋ. 3:8-10) ਬਾਅਦ ਵਿਚ ਉਸ ਨੇ ਸਾਰੇ ਪਾਸੇ ਰੌਲ਼ਾ ਪਾਇਆ ਕਿ ਉਹ ਬਜ਼ੁਰਗਾਂ ਨਾਲ ਸਹਿਮਤ ਨਹੀਂ ਸੀ। ਉਸ ਨੇ ਵਾਰ-ਵਾਰ ਬ੍ਰਾਂਚ ਆਫ਼ਿਸ ਨੂੰ ਬਜ਼ੁਰਗਾਂ ਦੇ ਖ਼ਿਲਾਫ਼ ਚਿੱਠੀਆਂ ਲਿਖੀਆਂ ਤੇ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ʼਤੇ ਵੀ ਚਿੱਠੀਆਂ ਲਿਖਣ ਲਈ ਜ਼ੋਰ ਪਾਇਆ। ਪਰ ਸੱਚ ਤਾਂ ਇਹ ਹੈ ਕਿ ਜੇ ਅਸੀਂ ਆਪਣੀਆਂ ਗ਼ਲਤੀਆਂ ਕਬੂਲ ਕਰਨ ਦੀ ਬਜਾਇ ਬਹਾਨੇ ਬਣਾਉਂਦੇ ਹਾਂ, ਤਾਂ ਅਸੀਂ ਸਾਰੀ ਮੰਡਲੀ ਦੀ ਸ਼ਾਂਤੀ ਨੂੰ ਖ਼ਤਰੇ ਵਿਚ ਪਾਉਂਦੇ ਹਾਂ। ਇੱਦਾਂ ਕਰਨ ਨਾਲ ਕਿਸੇ ਨੂੰ ਫ਼ਾਇਦਾ ਨਹੀਂ ਹੁੰਦਾ। ਜਦੋਂ ਸਾਨੂੰ ਤਾੜਨਾ ਦਿੱਤੀ ਜਾਂਦੀ ਹੈ, ਤਾਂ ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਚੁੱਪ-ਚਾਪ ਬਜ਼ੁਰਗਾਂ ਦੀ ਸਲਾਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ।—ਅੱਯੂਬ 42:6 ਪੜ੍ਹੋ; ਵਿਰ. 3:28, 29.
10. (ੳ) ਸਮਝਾਓ ਕਿ ਅਸੀਂ ਯਾਕੂਬ 3:16-18 ਤੋਂ ਸਹੀ ਤੇ ਗ਼ਲਤ ਰਵੱਈਏ ਬਾਰੇ ਕੀ ਸਿੱਖ ਸਕਦੇ ਹਾਂ। (ਅ) ‘ਸਵਰਗੋਂ ਮਿਲੀ ਬੁੱਧ’ ਅਨੁਸਾਰ ਚੱਲਣ ਦੇ ਕੀ ਫ਼ਾਇਦੇ ਹੁੰਦੇ ਹਨ?
10 ਯਾਕੂਬ 3:16-18 ਸਾਨੂੰ ਦੱਸਦਾ ਹੈ ਕਿ ਮੰਡਲੀ ਵਿਚ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਕਿਹੋ ਜਿਹਾ ਨਹੀਂ। ਇਸ ਵਿਚ ਲਿਖਿਆ ਹੈ: “ਜਿੱਥੇ ਈਰਖਾ ਅਤੇ ਲੜਾਈ-ਝਗੜਾ ਹੁੰਦਾ ਹੈ, ਉੱਥੇ ਗੜਬੜ ਅਤੇ ਹਰ ਤਰ੍ਹਾਂ ਦੀ ਬੁਰਾਈ ਵੀ ਹੁੰਦੀ ਹੈ। ਪਰ ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਖਪਾਤ ਤੇ ਪਖੰਡ ਨਹੀਂ ਕਰਦਾ। ਇਸ ਤੋਂ ਇਲਾਵਾ, ਧਾਰਮਿਕਤਾ ਦੇ ਫਲ ਦਾ ਬੀ ਸ਼ਾਂਤੀ-ਪਸੰਦ ਲੋਕਾਂ ਵਿਚਕਾਰ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਬੀਜਿਆ ਜਾ ਸਕਦਾ ਹੈ।” ਜਦੋਂ ਅਸੀਂ ‘ਸਵਰਗੋਂ ਮਿਲੀ ਬੁੱਧ’ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਪਰਮੇਸ਼ੁਰ ਵਰਗੇ ਗੁਣ ਦਿਖਾਉਂਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਸਾਰਿਆਂ ਨੂੰ ਸਹੀ ਰਵੱਈਆ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਾਂ ਜਿਸ ਕਰਕੇ ਮੰਡਲੀ ਵਿਚ ਸ਼ਾਂਤੀ ਬਣੀ ਰਹਿੰਦੀ ਹੈ।
ਮੰਡਲੀ ਵਿਚ ਸਾਰਿਆਂ ਦਾ ਆਦਰ ਕਰੋ
11. (ੳ) ਸਹੀ ਰਵੱਈਆ ਬਣਾਈ ਰੱਖਣ ਲਈ ਸਾਨੂੰ ਕੀ ਨਹੀਂ ਕਰਨਾ ਚਾਹੀਦਾ? (ਅ) ਦਾਊਦ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
11 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਬਜ਼ੁਰਗਾਂ ਨੂੰ “ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ” ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (ਰਸੂ. 20:28; 1 ਪਤ. 5:2) ਸਾਨੂੰ ਪਰਮੇਸ਼ੁਰ ਦੇ ਇਸ ਪ੍ਰਬੰਧ ਦਾ ਆਦਰ ਕਰਨਾ ਚਾਹੀਦਾ ਹੈ ਚਾਹੇ ਅਸੀਂ ਬਜ਼ੁਰਗ ਹਾਂ ਜਾਂ ਨਹੀਂ। ਜੇ ਸਾਡਾ ਰਵੱਈਆ ਸਹੀ ਹੈ, ਤਾਂ ਅਸੀਂ ਮੰਡਲੀ ਵਿਚ ਪਦਵੀ ਜਾਂ ਜ਼ਿੰਮੇਵਾਰੀਆਂ ਨੂੰ ਹੱਦੋਂ ਵੱਧ ਅਹਿਮੀਅਤ ਨਹੀਂ ਦੇਵਾਂਗੇ। ਜਦੋਂ ਇਜ਼ਰਾਈਲ ਦੇ ਰਾਜੇ ਸ਼ਾਊਲ ਨੂੰ ਲੱਗਾ ਕਿ ਦਾਊਦ ਤੋਂ ਉਸ ਦੀ ਰਾਜ-ਗੱਦੀ ਨੂੰ ਖ਼ਤਰਾ ਸੀ, ਤਾਂ “ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ।” (1 ਸਮੂ. 18:9) ਰਾਜਾ ਸ਼ਾਊਲ ਦਾ ਰਵੱਈਆ ਗ਼ਲਤ ਹੋ ਗਿਆ ਤੇ ਉਸ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਸ਼ਾਊਲ ਵਰਗੇ ਬਣਨ ਦੀ ਬਜਾਇ ਕਿਉਂ ਨਾ ਅਸੀਂ ਦਾਊਦ ਵਰਗੇ ਬਣੀਏ। ਭਾਵੇਂ ਕਿ ਦਾਊਦ ਨੂੰ ਬਹੁਤ ਸਾਰੀਆਂ ਬੇਇਨਸਾਫ਼ੀਆਂ ਦਾ ਸਾਮ੍ਹਣਾ ਕਰਨਾ ਪਿਆ, ਫਿਰ ਵੀ ਉਹ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਦਾ ਆਦਰ ਕਰਦਾ ਰਿਹਾ।—1 ਸਮੂਏਲ 26:23 ਪੜ੍ਹੋ।
12. ਕਿਹੜੀ ਗੱਲ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੀ ਹੈ?
12 ਇਕ-ਦੂਜੇ ਦੇ ਵੱਖੋ-ਵੱਖਰੇ ਵਿਚਾਰ ਹੋਣ ਕਰਕੇ ਵੀ ਮੰਡਲੀ ਵਿਚ ਖਿੱਚੋ-ਤਾਣ ਪੈਦਾ ਹੋ ਸਕਦੀ ਹੈ, ਇੱਥੋਂ ਤਕ ਕਿ ਬਜ਼ੁਰਗਾਂ ਵਿਚ ਵੀ। ਬਾਈਬਲ ਦੀ ਸਲਾਹ ਇਸ ਗੱਲ ਵਿਚ ਸਾਡੀ ਮਦਦ ਕਰ ਸਕਦੀ ਹੈ: “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ” ਤੇ “ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।” (ਰੋਮੀ. 12:10, 16) ਆਪਣੀ ਗੱਲ ʼਤੇ ਅੜੇ ਰਹਿਣ ਦੀ ਬਜਾਇ ਇਹ ਗੱਲ ਮੰਨੋ ਕਿ ਕਿਸੇ ਮਾਮਲੇ ਨੂੰ ਨਜਿੱਠਣ ਦੇ ਕਈ ਤਰੀਕੇ ਹੋ ਸਕਦੇ ਹਨ। ਜੇ ਅਸੀਂ ਦੂਜਿਆਂ ਦੇ ਵਿਚਾਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਾਂ।—ਫ਼ਿਲਿ. 4:5.
13. ਆਪਣੀ ਰਾਇ ਦੇਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਬਾਈਬਲ ਦੀ ਮਿਸਾਲ ਤੋਂ ਇਸ ਬਾਰੇ ਕੀ ਪਤਾ ਲੱਗਦਾ ਹੈ?
13 ਪਰ ਕੀ ਇਸ ਦਾ ਇਹ ਮਤਲਬ ਹੈ ਕਿ ਜੇ ਮੰਡਲੀ ਵਿਚ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਰਾਇ ਦੇਣੀ ਗ਼ਲਤ ਹੈ? ਨਹੀਂ। ਪਹਿਲੀ ਸਦੀ ਵਿਚ ਮਸੀਹੀਆਂ ਵਿਚ ਇਕ ਮਸਲੇ ʼਤੇ ਬਹਿਸ ਹੋਈ ਸੀ। ਭਰਾਵਾਂ ਨੇ “ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ।” (ਰਸੂ. 15:2) ਬਿਨਾਂ ਸ਼ੱਕ ਇਸ ਮਸਲੇ ਨੂੰ ਸੁਲਝਾਉਣ ਲਈ ਸਾਰੇ ਰਸੂਲਾਂ ਤੇ ਬਜ਼ੁਰਗਾਂ ਦੇ ਆਪੋ-ਆਪਣੇ ਵਿਚਾਰ ਸਨ। ਪਰ ਜਦੋਂ ਸਾਰਿਆਂ ਨੇ ਆਪਣੇ ਵਿਚਾਰ ਦੱਸ ਦਿੱਤੇ, ਤਾਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਫ਼ੈਸਲਾ ਕੀਤਾ ਗਿਆ। ਫ਼ੈਸਲਾ ਹੋ ਜਾਣ ਤੋਂ ਬਾਅਦ ਕੋਈ ਵੀ ਆਪਣੇ ਵਿਚਾਰਾਂ ʼਤੇ ਅੜਿਆ ਨਹੀਂ ਰਿਹਾ। ਮੰਡਲੀਆਂ ਵਿਚ ਭੈਣਾਂ-ਭਰਾਵਾਂ ਨੂੰ ਚਿੱਠੀ ਦੁਆਰਾ ਇਹ ਫ਼ੈਸਲਾ ਸੁਣਾਇਆ ਗਿਆ ਜਿਸ ਤੋਂ “ਉਨ੍ਹਾਂ ਨੂੰ ਖ਼ੁਸ਼ੀ ਹੋਈ ਅਤੇ ਹੌਸਲਾ ਮਿਲਿਆ” ਤੇ ਉਨ੍ਹਾਂ ਦੀ “ਨਿਹਚਾ ਪੱਕੀ ਹੁੰਦੀ ਗਈ।” (ਰਸੂ. 15:31; 16:4, 5) ਇਸੇ ਤਰ੍ਹਾਂ ਮੰਡਲੀ ਬਾਰੇ ਬਜ਼ੁਰਗਾਂ ਨੂੰ ਕੋਈ ਗੱਲ ਦੱਸਣ ਤੋਂ ਬਾਅਦ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਬਜ਼ੁਰਗ ਇਸ ਬਾਰੇ ਪ੍ਰਾਰਥਨਾ ਕਰ ਕੇ ਅਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨਗੇ।
ਦੂਜਿਆਂ ਨਾਲ ਵਧੀਆ ਰਿਸ਼ਤਾ ਬਣਾਓ
14. ਅਸੀਂ ਨਿੱਜੀ ਤੌਰ ਤੇ ਕਿਵੇਂ ਦਿਖਾ ਸਕਦੇ ਹਾਂ ਕਿ ਸਾਡਾ ਰਵੱਈਆ ਸਹੀ ਹੈ?
14 ਸਾਨੂੰ ਨਿੱਜੀ ਤੌਰ ਤੇ ਇਹ ਦਿਖਾਉਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ ਕਿ ਸਾਡਾ ਰਵੱਈਆ ਸਹੀ ਹੈ। ਜੇ ਸਾਨੂੰ ਕੋਈ ਨਾਰਾਜ਼ ਕਰਦਾ ਹੈ, ਤਾਂ ਵਧੀਆ ਹੋਵੇਗਾ ਕਿ ਅਸੀਂ ਉਸ ਨੂੰ ਮਾਫ਼ ਕਰੀਏ। ਬਾਈਬਲ ਦੱਸਦੀ ਹੈ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਕੁਲੁ. 3:13) “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਕੋਲ ਗੁੱਸੇ ਹੋਣ ਦੇ ਜਾਇਜ਼ ਕਾਰਨ ਹੋਣ। ਪਰ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਦੂਜਿਆਂ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਦੀ ਬਜਾਇ, ਸਾਨੂੰ ਯਹੋਵਾਹ ਦੀ ਰੀਸ ਕਰਦੇ ਹੋਏ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ।
15. (ੳ) ਮਾਫ਼ ਕਰਨ ਦੇ ਮਾਮਲੇ ਵਿਚ ਅਸੀਂ ਅੱਯੂਬ ਤੋਂ ਕੀ ਸਿੱਖ ਸਕਦੇ ਹਾਂ? (ਅ) ਪ੍ਰਾਰਥਨਾ ਸਹੀ ਰਵੱਈਆ ਰੱਖਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
15 ਮਾਫ਼ ਕਰਨ ਦੇ ਮਾਮਲੇ ਵਿਚ ਅਸੀਂ ਅੱਯੂਬ ਤੋਂ ਸਿੱਖ ਸਕਦੇ ਹਾਂ। ਝੂਠਾ ਦਿਲਾਸਾ ਦੇਣ ਵਾਲੇ ਉਸ ਦੇ ਤਿੰਨ ਦੋਸਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਨਾਲ ਦੁਖੀ ਕੀਤਾ। ਫਿਰ ਵੀ ਅੱਯੂਬ ਨੇ ਉਨ੍ਹਾਂ ਨੂੰ ਮਾਫ਼ ਕੀਤਾ। ਕਿਵੇਂ? ‘ਉਸ ਨੇ ਆਪਣੇ ਮਿੱਤ੍ਰਾਂ ਲਈ ਪ੍ਰਾਰਥਨਾ ਕੀਤੀ।’ (ਅੱਯੂ. 16:2; 42:10) ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਸ਼ਾਇਦ ਉਨ੍ਹਾਂ ਪ੍ਰਤੀ ਸਾਡਾ ਰਵੱਈਆ ਬਦਲ ਜਾਵੇ। ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਕੇ ਅਸੀਂ ਆਪਣੇ ਵਿਚ ਮਸੀਹ ਵਰਗੇ ਗੁਣ ਪੈਦਾ ਕਰ ਸਕਦੇ ਹਾਂ। (ਯੂਹੰ. 13:34, 35) ਉਨ੍ਹਾਂ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਪਵਿੱਤਰ ਸ਼ਕਤੀ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 11:13) ਦੂਜਿਆਂ ਨਾਲ ਪੇਸ਼ ਆਉਂਦੇ ਸਮੇਂ ਮਸੀਹ ਵਰਗੇ ਗੁਣ ਦਿਖਾਉਣ ਵਿਚ ਪਰਮੇਸ਼ੁਰ ਦੀ ਸ਼ਕਤੀ ਸਾਡੀ ਮਦਦ ਕਰੇਗੀ।—ਗਲਾਤੀਆਂ 5:22, 23 ਪੜ੍ਹੋ।
ਸਾਡੇ ਸਹੀ ਰਵੱਈਏ ਦਾ ਮੰਡਲੀ ਨੂੰ ਫ਼ਾਇਦਾ
16, 17. ਆਪਣੇ ਰਵੱਈਏ ਬਾਰੇ ਤੁਸੀਂ ਕੀ ਫ਼ੈਸਲਾ ਕੀਤਾ ਹੈ?
16 ਜਦੋਂ ਹਰ ਕੋਈ ਸਹੀ ਰਵੱਈਆ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਾਰੀ ਮੰਡਲੀ ਨੂੰ ਫ਼ਾਇਦਾ ਹੁੰਦਾ ਹੈ। ਇਨ੍ਹਾਂ ਗੱਲਾਂ ʼਤੇ ਗੌਰ ਕਰਨ ਤੋਂ ਬਾਅਦ ਅਸੀਂ ਸ਼ਾਇਦ ਆਪਣੇ ਰਵੱਈਏ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਹੋਵੇ। ਜੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਆਪਣੀ ਜਾਂਚ ਕਰਨ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ। (ਇਬ. 4:12) ਪੌਲੁਸ, ਜੋ ਸਾਰੀਆਂ ਮੰਡਲੀਆਂ ਲਈ ਵਧੀਆ ਮਿਸਾਲ ਬਣਨਾ ਚਾਹੁੰਦਾ ਸੀ, ਨੇ ਕਿਹਾ: “ਮੇਰੀ ਜ਼ਮੀਰ ਸਾਫ਼ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਧਰਮੀ ਸਾਬਤ ਹੋ ਗਿਆ ਹਾਂ, ਸਗੋਂ ਮੇਰੀ ਜਾਂਚ ਕਰਨ ਵਾਲਾ ਤਾਂ ਯਹੋਵਾਹ ਹੈ।”—1 ਕੁਰਿੰ. 4:4.
17 ਆਪਣੀਆਂ ਜ਼ਿੰਮੇਵਾਰੀਆਂ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਜਦੋਂ ਅਸੀਂ ਸਵਰਗੋਂ ਮਿਲੀ ਬੁੱਧ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਮੰਡਲੀ ਵਿਚ ਇਕ-ਦੂਜੇ ਨੂੰ ਸਹੀ ਰਵੱਈਆ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਾਂ। ਆਪਣੇ ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਤੇ ਉਨ੍ਹਾਂ ਬਾਰੇ ਸਹੀ ਨਜ਼ਰੀਆ ਰੱਖਣ ਕਰਕੇ ਅਸੀਂ ਉਨ੍ਹਾਂ ਨਾਲ ਸ਼ਾਂਤੀ ਵਾਲਾ ਰਿਸ਼ਤਾ ਬਣਾ ਸਕਦੇ ਹਾਂ। (ਫ਼ਿਲਿ. 4:8) ਜਦੋਂ ਅਸੀਂ ਇਹ ਸਲਾਹਾਂ ਲਾਗੂ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਤੇ ਯਿਸੂ ਨੂੰ ਸਾਡਾ ਰਵੱਈਆ ਦੇਖ ਕੇ ਖ਼ੁਸ਼ੀ ਹੁੰਦੀ ਹੈ।—ਫਿਲੇ. 25.
[ਸਫ਼ਾ 14 ਉੱਤੇ ਤਸਵੀਰ]
ਯਿਸੂ ਦੀ ਪਦਵੀ ʼਤੇ ਸੋਚ-ਵਿਚਾਰ ਕਰਨ ਨਾਲ ਸਲਾਹ ਪ੍ਰਤੀ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ?