“ਵੱਡੀ ਬਿਪਤਾ” ਤੋਂ ਪਹਿਲਾਂ ਸੁਰੱਖਿਆ ਵੱਲ ਭੱਜਣਾ
“ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ . . . ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ।”—ਲੂਕਾ 21:20, 21.
1. ਉਨ੍ਹਾਂ ਦੇ ਲਈ ਭੱਜ ਨਿਕਲਣਾ ਕਿਉਂ ਅਤਿ-ਆਵੱਸ਼ਕ ਹੈ ਜੋ ਅਜੇ ਵੀ ਸੰਸਾਰ ਦਾ ਭਾਗ ਹਨ?
ਉਨ੍ਹਾਂ ਸਾਰਿਆਂ ਦੇ ਲਈ ਜੋ ਸ਼ਤਾਨ ਦੇ ਸੰਸਾਰ ਦਾ ਭਾਗ ਹਨ, ਭੱਜ ਨਿਕਲਣਾ ਅਤਿ-ਆਵੱਸ਼ਕ ਹੈ। ਜੇਕਰ ਉਨ੍ਹਾਂ ਨੇ ਉਦੋਂ ਬਚਣਾ ਹੈ ਜਦੋਂ ਇਹ ਵਰਤਮਾਨ ਰੀਤੀ-ਵਿਵਸਥਾ ਇਸ ਧਰਤੀ ਤੋਂ ਮਿਟਾ ਦਿੱਤੀ ਜਾਵੇਗੀ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਯਕੀਨੀ ਸਬੂਤ ਦੇਣਾ ਪਵੇਗਾ ਕਿ ਉਨ੍ਹਾਂ ਨੇ ਯਹੋਵਾਹ ਦੇ ਪੱਖ ਵਿਚ ਦ੍ਰਿੜ੍ਹਤਾ ਨਾਲ ਆਪਣੀ ਸਥਿਤੀ ਅਪਣਾ ਲਈ ਹੈ ਅਤੇ ਹੁਣ ਉਸ ਸੰਸਾਰ ਦਾ ਭਾਗ ਨਹੀਂ ਹਨ ਜਿਸ ਦਾ ਸਰਦਾਰ ਸ਼ਤਾਨ ਹੈ।—ਯਾਕੂਬ 4:4; 1 ਯੂਹੰਨਾ 2:17.
2, 3. ਮੱਤੀ 24:15-22 ਵਿਚ ਦਰਜ ਯਿਸੂ ਦਿਆਂ ਸ਼ਬਦਾਂ ਦੇ ਸੰਬੰਧ ਵਿਚ ਅਸੀਂ ਕਿਹੜੇ ਸਵਾਲਾਂ ਦੀ ਚਰਚਾ ਕਰਨ ਲੱਗੇ ਹਾਂ?
2 ਰੀਤੀ-ਵਿਵਸਥਾ ਦੀ ਸਮਾਪਤੀ ਦੇ ਬਾਰੇ ਆਪਣੀ ਮਹਾਨ ਭਵਿੱਖਬਾਣੀ ਵਿਚ, ਯਿਸੂ ਨੇ ਇਸ ਪ੍ਰਕਾਰ ਭੱਜ ਨਿਕਲਣ ਦੀ ਅਤਿ-ਆਵੱਸ਼ਕਤਾ ਉੱਤੇ ਜ਼ੋਰ ਦਿੱਤਾ। ਅਸੀਂ ਮੱਤੀ 24:4-14 ਤੇ ਦਰਜ ਗੱਲਾਂ ਉੱਤੇ ਅਕਸਰ ਚਰਚਾ ਕਰਦੇ ਹਾਂ; ਪਰੰਤੂ, ਜੋ ਉਸ ਦੇ ਬਾਅਦ ਆਉਂਦਾ ਹੈ ਘੱਟ ਮਹੱਤਵਪੂਰਣ ਨਹੀਂ ਹੈ। ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਹੁਣ ਆਪਣੀ ਬਾਈਬਲ ਖੋਲ੍ਹੋ ਅਤੇ ਆਇਤ 15 ਤੋਂ 22 ਪੜ੍ਹੋ।
3 ਉਸ ਭਵਿੱਖਬਾਣੀ ਦਾ ਕੀ ਅਰਥ ਹੈ? ਪਹਿਲੀ ਸਦੀ ਵਿਚ, ਉਹ “ਉਜਾੜਨ ਵਾਲੀ ਘਿਣਾਉਣੀ ਚੀਜ਼” ਕੀ ਸੀ? ਉਸ ਦਾ “ਪਵਿੱਤ੍ਰ ਥਾਂ ਵਿੱਚ” ਹੋਣਾ ਕੀ ਪੂਰਵ-ਸੂਚਿਤ ਕਰਦਾ ਸੀ? ਉਸ ਘਟਨਾ ਦੀ ਸਾਡੇ ਲਈ ਕੀ ਮਹੱਤਤਾ ਹੈ?
“ਵਾਚਣ ਵਾਲਾ ਸਮਝ ਲਵੇ”
4. (ੳ) ਦਾਨੀਏਲ 9:27 ਦੇ ਅਨੁਸਾਰ ਯਹੂਦੀਆਂ ਵੱਲੋਂ ਮਸੀਹਾ ਨੂੰ ਠੁਕਰਾਏ ਜਾਣ ਦੇ ਬਾਅਦ ਕੀ ਹੁੰਦਾ? (ਅ) ਇਸ ਦਾ ਜ਼ਿਕਰ ਕਰਦੇ ਸਮੇਂ, ਸਪੱਸ਼ਟ ਤੌਰ ਤੇ, ਯਿਸੂ ਨੇ ਕਿਉਂ ਕਿਹਾ ਸੀ, “ਵਾਚਣ ਵਾਲਾ ਸਮਝ ਲਵੇ”?
4 ਧਿਆਨ ਦਿਓ ਕਿ ਮੱਤੀ 24:15 ਵਿਚ ਯਿਸੂ ਨੇ ਦਾਨੀਏਲ ਦੀ ਪੋਥੀ ਵਿਚ ਲਿਖੀ ਹੋਈ ਗੱਲ ਦਾ ਜ਼ਿਕਰ ਕੀਤਾ। ਉਸ ਪੋਥੀ ਦੇ ਅਧਿਆਇ 9 ਵਿਚ ਇਕ ਭਵਿੱਖਬਾਣੀ ਹੈ ਜੋ ਮਸੀਹਾ ਦੇ ਆਉਣ ਬਾਰੇ ਅਤੇ ਉਸ ਨੂੰ ਠੁਕਰਾਉਣ ਦੇ ਕਾਰਨ ਯਹੂਦੀ ਕੌਮ ਉੱਤੇ ਆਉਣ ਵਾਲੇ ਨਿਆਉਂ ਦੇ ਬਾਰੇ ਭਵਿੱਖ-ਸੂਚਨਾ ਦਿੰਦੀ ਹੈ। ਆਇਤ 27 ਦਾ ਪਿਛਲਾ ਭਾਗ ਕਹਿੰਦਾ ਹੈ: “ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ।” (ਟੇਢੇ ਟਾਈਪ ਸਾਡੇ।) ਮੁਢਲੀ ਯਹੂਦੀ ਪਰੰਪਰਾ ਦੇ ਅਨੁਸਾਰ ਦਾਨੀਏਲ ਦੀ ਭਵਿੱਖਬਾਣੀ ਦਾ ਉਹ ਭਾਗ ਉਦੋਂ ਲਾਗੂ ਹੋਇਆ ਜਦੋਂ ਦੂਸਰੀ ਸਦੀ ਸਾ.ਯੁ.ਪੂ. ਵਿਚ ਐੱਨਟੀਓਕਸ ਚੌਥੇ ਨੇ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਨੂੰ ਅਪਵਿੱਤਰ ਕੀਤਾ ਸੀ। ਪਰੰਤੂ ਯਿਸੂ ਨੇ ਚੇਤਾਵਨੀ ਦਿੱਤੀ: “ਵਾਚਣ ਵਾਲਾ ਸਮਝ ਲਵੇ।” ਹਾਲਾਂਕਿ ਐੱਨਟੀਓਕਸ ਚੌਥੇ ਦੇ ਦੁਆਰਾ ਹੈਕਲ ਦੀ ਅਪਵਿੱਤਰੀਕਰਣ ਨਿਸ਼ਚੇ ਹੀ ਘਿਣਾਉਣੀ ਸੀ, ਇਹ—ਯਰੂਸ਼ਲਮ ਦੀ, ਹੈਕਲ ਦੀ, ਜਾਂ ਯਹੂਦੀ ਕੌਮ ਦੀ—ਤਬਾਹੀ ਵਿਚ ਪਰਿਣਿਤ ਨਹੀਂ ਹੋਈ ਸੀ। ਇਸ ਲਈ ਸਪੱਸ਼ਟ ਤੌਰ ਤੇ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਇਸ ਦੀ ਪੂਰਤੀ ਅਤੀਤ ਵਿਚ ਨਹੀਂ, ਬਲਕਿ ਅਜੇ ਭਵਿੱਖ ਵਿਚ ਹੋਣੀ ਸੀ।
5. (ੳ) ਇੰਜੀਲ ਬਿਰਤਾਂਤਾਂ ਦੀ ਤੁਲਨਾ ਕਰਨ ਨਾਲ, ਸਾਨੂੰ ਪਹਿਲੀ-ਸਦੀ ਦੀ “ਘਿਣਾਉਣੀ ਚੀਜ਼” ਦੀ ਸ਼ਨਾਖਤ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ? (ਅ) ਸੈਸਟੀਅਸ ਗੈਲਸ ਨੇ 66 ਸਾ.ਯੁ. ਵਿਚ ਜਲਦੀ ਨਾਲ ਰੋਮੀ ਫ਼ੌਜਾਂ ਨੂੰ ਯਰੂਸ਼ਲਮ ਕਿਉਂ ਪਹੁੰਚਾਇਆ?
5 ਉਹ “ਘਿਣਾਉਣੀ ਚੀਜ਼” ਕੀ ਸੀ ਜਿਸ ਦੇ ਬਾਰੇ ਉਨ੍ਹਾਂ ਨੂੰ ਚੌਕਸ ਰਹਿਣਾ ਸੀ? ਇਹ ਧਿਆਨਯੋਗ ਗੱਲ ਹੈ ਕਿ ਮੱਤੀ ਦਾ ਬਿਰਤਾਂਤ ਕਹਿੰਦਾ ਹੈ: “ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ . . . ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ।” (ਟੇਢੇ ਟਾਈਪ ਸਾਡੇ।) ਪਰੰਤੂ, ਲੂਕਾ 21:20 ਵਿਚ ਪਾਏ ਜਾਣ ਵਾਲਾ ਸਮਾਨਾਂਤਰ ਬਿਰਤਾਂਤ ਕਹਿੰਦਾ ਹੈ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।” (ਟੇਢੇ ਟਾਈਪ ਸਾਡੇ।) ਸੰਨ 66 ਸਾ.ਯੁ. ਵਿਚ, ਯਰੂਸ਼ਲਮ ਵਿਚ ਰਹਿਣ ਵਾਲੇ ਮਸੀਹੀਆਂ ਨੇ ਠੀਕ ਉਹ ਦੇਖਿਆ ਜਿਸ ਦੇ ਬਾਰੇ ਯਿਸੂ ਨੇ ਭਵਿੱਖ-ਸੂਚਨਾ ਦਿੱਤੀ ਸੀ। ਯਹੂਦੀਆਂ ਅਤੇ ਰੋਮੀ ਅਧਿਕਾਰੀਆਂ ਦੇ ਵਿਚਕਾਰ ਹੋਏ ਸੰਘਰਸ਼ ਦੀਆਂ ਅਨੇਕ ਵਾਰਦਾਤਾਂ ਦੇ ਕਾਰਨ ਯਰੂਸ਼ਲਮ ਰੋਮ ਦੇ ਵਿਰੁੱਧ ਬਗਾਵਤ ਦਾ ਇਕ ਅੱਡਾ ਬਣ ਗਿਆ। ਇਸ ਦੇ ਸਿੱਟੇ ਵਜੋਂ, ਪੂਰੇ ਯਹੂਦਿਯਾ, ਸਾਮਰਿਯਾ, ਗਲੀਲ, ਦਿਕਾਪੁਲਿਸ, ਅਤੇ ਫ਼ੈਨੀਕਾ ਵਿਚ, ਉੱਤਰ ਵਿਚ ਸੁਰਿਯਾ ਤਕ, ਅਤੇ ਦੱਖਣ ਵਿਚ ਮਿਸਰ ਤਕ ਹਿੰਸਾ ਭੜਕ ਉੱਠੀ। ਰੋਮੀ ਸਾਮਰਾਜ ਦੇ ਉਸ ਭਾਗ ਵਿਚ ਕੁਝ ਹੱਦ ਤਕ ਸ਼ਾਂਤੀ ਕਾਇਮ ਕਰਨ ਦੇ ਲਈ, ਸੈਸਟੀਅਸ ਗੈਲਸ ਨੇ ਜਲਦੀ ਨਾਲ ਫ਼ੌਜੀ ਦਸਤਿਆਂ ਨੂੰ ਸੁਰਿਯਾ ਤੋਂ ਯਰੂਸ਼ਲਮ ਪਹੁੰਚਾਇਆ, ਜਿਸ ਨੂੰ ਯਹੂਦੀ ਆਪਣਾ “ਪਵਿੱਤ੍ਰ ਸ਼ਹਿਰ” ਆਖਦੇ ਸਨ।—ਨਹਮਯਾਹ 11:1; ਯਸਾਯਾਹ 52:1.
6. ਇਹ ਕਿਵੇਂ ਸੱਚ ਹੋਇਆ ਕਿ ਇਕ “ਘਿਣਾਉਣੀ ਚੀਜ਼” ਜੋ ਉਜਾੜ ਕਰ ਸਕਦੀ ਸੀ, “ਪਵਿੱਤਰ ਥਾਂ ਵਿਚ ਖੜੀ” ਸੀ?
6 ਰੋਮੀ ਲੀਜਨਾਂ ਦੇ ਲਈ ਧੁਜਾਵਾਂ, ਜਾਂ ਝੰਡੇ ਉਠਾਉਣਾ ਰਿਵਾਜੀ ਸੀ, ਜਿਨ੍ਹਾਂ ਨੂੰ ਉਹ ਪਵਿੱਤਰ ਸਮਝਦੇ ਸਨ ਪਰੰਤੂ ਜੋ ਯਹੂਦੀ ਮੂਰਤੀ-ਪੂਜਕ ਸਮਝਦੇ ਸਨ। ਦਿਲਚਸਪੀ ਦੀ ਗੱਲ ਹੈ ਕਿ ਦਾਨੀਏਲ ਦੀ ਪੋਥੀ ਵਿਚ “ਘਿਣਾਉਣੀ ਵਸਤ” ਅਨੁਵਾਦਿਤ ਕੀਤਾ ਗਿਆ ਇਬਰਾਨੀ ਸ਼ਬਦ ਮੁੱਖ ਤੌਰ ਤੇ ਮੂਰਤੀਆਂ ਅਤੇ ਮੂਰਤੀ-ਪੂਜਾ ਦੇ ਸੰਬੰਧ ਵਿਚ ਇਸਤੇਮਾਲ ਕੀਤਾ ਜਾਂਦਾ ਹੈ।a (ਬਿਵਸਥਾ ਸਾਰ 29:17) ਯਹੂਦੀਆਂ ਦੁਆਰਾ ਵਿਰੋਧ ਦੇ ਬਾਵਜੂਦ, ਰੋਮੀ ਫ਼ੌਜਾਂ ਆਪਣੇ ਮੂਰਤੀ-ਪੂਜਕ ਝੰਡੇ ਉਠਾਏ ਹੋਏ, 66 ਸਾ.ਯੁ. ਦੇ ਨਵੰਬਰ ਨੂੰ ਯਰੂਸ਼ਲਮ ਵਿਚ ਦਾਖ਼ਲ ਹੋ ਗਈਆਂ, ਅਤੇ ਫਿਰ ਉੱਤਰ ਦਿਸ਼ਾ ਤੋਂ ਹੈਕਲ ਦੀ ਦੀਵਾਰ ਦੇ ਹੇਠਾਂ ਸੁਰੰਗ ਪੁੱਟਣ ਲੱਗ ਪਈਆਂ। ਇਸ ਵਿਚ ਕੋਈ ਸ਼ੱਕ ਨਹੀਂ ਸੀ—ਇਕ “ਘਿਣਾਉਣੀ ਚੀਜ਼” ਜੋ ਯਰੂਸ਼ਲਮ ਨੂੰ ਪੂਰੀ ਤਰ੍ਹਾਂ ਨਾਲ ਉਜਾੜ ਸਕਦੀ ਸੀ “ਪਵਿੱਤਰ ਥਾਂ ਵਿਚ ਖੜੀ” ਸੀ! ਪਰੰਤੂ ਕੋਈ ਕਿਵੇਂ ਭੱਜ ਸਕਦਾ ਸੀ?
ਭੱਜ ਨਿਕਲਣਾ ਅਤਿ-ਆਵੱਸ਼ਕ ਸੀ!
7. ਰੋਮੀ ਫ਼ੌਜ ਨੇ ਅਚਾਨਕ ਹੀ ਕੀ ਕੀਤਾ?
7 ਅਚਾਨਕ ਅਤੇ ਮਾਨਵੀ ਦ੍ਰਿਸ਼ਟੀਕੋਣ ਤੋਂ ਕਿਸੇ ਪ੍ਰਤੱਖ ਕਾਰਨ ਦੇ ਬਿਨਾਂ, ਜਦੋਂ ਇੰਜ ਜਾਪਦਾ ਸੀ ਕਿ ਯਰੂਸ਼ਲਮ ਨੂੰ ਆਸਾਨੀ ਨਾਲ ਜਿੱਤਿਆ ਜਾ ਸਕਦਾ ਸੀ, ਰੋਮੀ ਫ਼ੌਜ ਪਿੱਛੇ ਹਟ ਗਈ। ਯਹੂਦੀ ਬਾਗ਼ੀਆਂ ਨੇ ਵਾਪਸ ਜਾਂਦੇ ਰੋਮੀ ਦਸਤਿਆਂ ਦਾ ਪਿੱਛਾ ਕੀਤਾ ਪਰੰਤੂ ਕੇਵਲ ਯਰੂਸ਼ਲਮ ਤੋਂ ਕੁਝ 50 ਕਿਲੋਮੀਟਰ ਦੂਰ, ਅੰਤਿਪਤ੍ਰਿਸ ਤਕ। ਫਿਰ ਉਹ ਵਾਪਸ ਚਲੇ ਆਏ। ਯਰੂਸ਼ਲਮ ਪਹੁੰਚ ਕੇ, ਉਹ ਆਪਣੀ ਅੱਗੇ ਦੀ ਯੁੱਧ-ਨੀਤੀ ਦੀ ਯੋਜਨਾ ਬਣਾਉਣ ਦੇ ਲਈ ਹੈਕਲ ਵਿਚ ਇਕੱਠੇ ਹੋਏ। ਕਿਲਾਬੰਦੀ ਮਜ਼ਬੂਤ ਕਰਨ ਅਤੇ ਫ਼ੌਜ ਵਿਚ ਸੇਵਾ ਕਰਨ ਦੇ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ। ਕੀ ਮਸੀਹੀ ਇਸ ਵਿਚ ਉਲਝ ਜਾਂਦੇ? ਜੇਕਰ ਉਹ ਇਸ ਤੋਂ ਦੂਰ ਵੀ ਰਹਿੰਦੇ, ਕੀ ਉਹ ਫਿਰ ਵੀ ਖ਼ਤਰੇ ਦੇ ਖੇਤਰ ਵਿਚ ਹੀ ਹੁੰਦੇ ਜਦੋਂ ਰੋਮੀ ਫ਼ੌਜਾਂ ਵਾਪਸ ਆਉਂਦੀਆਂ?
8. ਯਿਸੂ ਦੇ ਭਵਿੱਖ-ਸੂਚਕ ਸ਼ਬਦਾਂ ਦੀ ਆਗਿਆਕਾਰਤਾ ਵਿਚ ਮਸੀਹੀਆਂ ਨੇ ਕਿਹੜਾ ਅਤਿ-ਆਵੱਸ਼ਕ ਕਦਮ ਚੁੱਕਿਆ?
8 ਯਰੂਸ਼ਲਮ ਅਤੇ ਸਾਰੇ ਯਹੂਦਿਯਾ ਦੇ ਮਸੀਹੀਆਂ ਨੇ ਯਿਸੂ ਮਸੀਹ ਦੁਆਰਾ ਦਿੱਤੀ ਗਈ ਭਵਿੱਖ-ਸੂਚਕ ਚੇਤਾਵਨੀ ਉੱਤੇ ਤੁਰੰਤ ਕਦਮ ਚੁੱਕਿਆ ਅਤੇ ਉਸ ਖ਼ਤਰੇ ਦੇ ਖੇਤਰ ਤੋਂ ਬਾਹਰ ਭੱਜ ਗਏ। ਭੱਜ ਨਿਕਲਣਾ ਅਤਿ-ਆਵੱਸ਼ਕ ਸੀ! ਅੰਤ ਵਿਚ ਉਹ ਪਹਾੜੀ ਇਲਾਕਿਆਂ ਵਿਚ ਚਲੇ ਗਏ, ਅਤੇ ਸ਼ਾਇਦ ਕੁਝ ਲੋਕ ਪੀਰਿਆ ਦੇ ਸੂਬੇ ਵਿਚ, ਪੇੱਲਾ ਵਿਚ ਵਸ ਗਏ। ਜਿਨ੍ਹਾਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ, ਉਹ ਮੂਰਖਤਾ ਨਾਲ ਆਪਣੀ ਭੌਤਿਕ ਸੰਪਤੀ ਬਚਾਉਣ ਦੀ ਕੋਸ਼ਿਸ਼ ਵਿਚ ਵਾਪਸ ਨਹੀਂ ਗਏ। (ਤੁਲਨਾ ਕਰੋ ਲੂਕਾ 14:33.) ਉਨ੍ਹਾਂ ਪਰਿਸਥਿਤੀਆਂ ਦੇ ਅਧੀਨ ਨਿਕਲਦੇ ਹੋਏ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੇ ਇਸ ਸਫ਼ਰ ਨੂੰ ਪੈਦਲ ਪੂਰਾ ਕਰਨਾ ਨਿਸ਼ਚੇ ਹੀ ਔਖਾ ਪਾਇਆ। ਸਬਤ ਦੇ ਦਿਨ ਦੀ ਬੰਦਸ਼ ਨੇ ਉਨ੍ਹਾਂ ਦੇ ਭੱਜਣ ਵਿਚ ਰੁਕਾਵਟ ਨਹੀਂ ਪਾਈ, ਅਤੇ ਭਾਵੇਂ ਕਿ ਸਿਆਲ ਨੇੜੇ ਸੀ, ਇਹ ਅਜੇ ਤਕ ਸ਼ੁਰੂ ਨਹੀਂ ਹੋਇਆ ਸੀ। ਜਿਨ੍ਹਾਂ ਨੇ ਸ਼ੀਘਰਤਾ ਨਾਲ ਭੱਜ ਨਿਕਲਣ ਦੇ ਬਾਰੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ, ਉਹ ਜਲਦੀ ਹੀ ਯਰੂਸ਼ਲਮ ਅਤੇ ਯਹੂਦਿਯਾ ਦੇ ਬਾਹਰ ਸਹੀ-ਸਲਾਮਤ ਪਹੁੰਚ ਗਏ। ਉਨ੍ਹਾਂ ਦਾ ਜੀਵਨ ਇਸ ਉੱਤੇ ਨਿਰਭਰ ਕਰਦਾ ਸੀ।—ਤੁਲਨਾ ਕਰੋ ਯਾਕੂਬ 3:17.
9. ਰੋਮੀ ਫ਼ੌਜਾਂ ਕਿੰਨੀ ਜਲਦੀ ਵਾਪਸ ਆ ਗਈਆਂ, ਅਤੇ ਕੀ ਨਤੀਜਾ ਹੋਇਆ?
9 ਅਗਲੇ ਸਾਲ ਹੀ, 67 ਸਾ.ਯੁ. ਵਿਚ, ਰੋਮੀਆਂ ਨੇ ਯਹੂਦੀਆਂ ਦੇ ਵਿਰੁੱਧ ਫਿਰ ਤੋਂ ਯੁੱਧ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ, ਗਲੀਲ ਉੱਤੇ ਕਾਬੂ ਕੀਤਾ ਗਿਆ। ਉਸ ਤੋਂ ਅਗਲੇ ਸਾਲ, ਯਹੂਦਿਯਾ ਨੂੰ ਤਬਾਹ ਕੀਤਾ ਗਿਆ। ਸੰਨ 70 ਸਾ.ਯੁ. ਤਕ, ਰੋਮੀ ਫ਼ੌਜਾਂ ਨੇ ਖ਼ੁਦ ਯਰੂਸ਼ਲਮ ਨੂੰ ਘੇਰ ਲਿਆ। (ਲੂਕਾ 19:43) ਕਾਲ ਅਤਿ ਸਖ਼ਤ ਹੋ ਗਿਆ। ਸ਼ਹਿਰ ਵਿਚ ਫਸੇ ਲੋਕ ਇਕ ਦੂਜੇ ਤੇ ਟੁੱਟ ਪਏ। ਜਿਨ੍ਹਾਂ ਨੇ ਵੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਜਿਵੇਂ ਕਿ ਯਿਸੂ ਨੇ ਕਿਹਾ ਸੀ, ਉਨ੍ਹਾਂ ਨੇ ਜੋ ਅਨੁਭਵ ਕੀਤਾ ਉਹ “ਵੱਡਾ ਕਸ਼ਟ” ਸੀ।—ਮੱਤੀ 24:21.
10. ਜੇਕਰ ਅਸੀਂ ਸਮਝ ਦੇ ਨਾਲ ਪੜ੍ਹਦੇ ਹਾਂ, ਤਾਂ ਅਸੀਂ ਹੋਰ ਕਿਹੜੀ ਗੱਲ ਵੱਲ ਧਿਆਨ ਦੇਵਾਂਗੇ?
10 ਕੀ ਇਸ ਤੋਂ ਯਿਸੂ ਦੀ ਪੂਰਵ-ਸੂਚਨਾ ਦੀ ਪੂਰੀ ਤਰ੍ਹਾਂ ਨਾਲ ਪੂਰਤੀ ਹੋਈ? ਨਹੀਂ, ਅਜੇ ਹੋਰ ਵੀ ਗੱਲਾਂ ਵਾਪਰਨੀਆਂ ਸਨ। ਜੇਕਰ ਅਸੀਂ ਸ਼ਾਸਤਰ ਨੂੰ ਸਮਝ ਦੇ ਨਾਲ ਪੜ੍ਹਦੇ ਹਾਂ, ਜਿਵੇਂ ਯਿਸੂ ਨੇ ਸਲਾਹ ਦਿੱਤੀ ਸੀ, ਤਾਂ ਅਸੀਂ ਅਗਾਹਾਂ ਨੂੰ ਹੋਣ ਵਾਲੀਆਂ ਗੱਲਾਂ ਵੱਲ ਧਿਆਨ ਦੇਣ ਤੋਂ ਅਸਫ਼ਲ ਨਹੀਂ ਹੋਵਾਂਗੇ। ਅਸੀਂ ਖ਼ੁਦ ਆਪਣੇ ਜੀਵਨਾਂ ਵਿਚ ਇਸ ਦੇ ਭਾਵ-ਅਰਥ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕਰਾਂਗੇ।
ਆਧੁਨਿਕ-ਦਿਨ ਦੀ “ਘਿਣਾਉਣੀ ਵਸਤ”
11. ਦਾਨੀਏਲ “ਘਿਣਾਉਣੀ ਵਸਤ” ਦੇ ਬਾਰੇ ਹੋਰ ਕਿਹੜੇ ਦੋ ਸ਼ਾਸਤਰਵਚਨਾਂ ਵਿਚ ਉਲੇਖ ਕਰਦਾ ਹੈ, ਅਤੇ ਉੱਥੇ ਕਿਹੜੀ ਸਮੇਂ ਅਵਧੀ ਦੀ ਚਰਚਾ ਕੀਤੀ ਜਾ ਰਹੀ ਹੈ?
11 ਧਿਆਨ ਦਿਓ ਕਿ ਦਾਨੀਏਲ 9:27 ਵਿਚ ਅਸੀਂ ਜੋ ਦੇਖਿਆ ਹੈ, ਉਸ ਤੋਂ ਇਲਾਵਾ ਦਾਨੀਏਲ 11:31 ਅਤੇ 12:11 ਵਿਚ ਵੀ “ਵਿਗਾੜਨ ਵਾਲੀ ਘਿਣਾਉਣੀ ਵਸਤ” ਦੇ ਬਾਰੇ ਹੋਰ ਉਲੇਖ ਹਨ। ਇਨ੍ਹਾਂ ਪਿਛਲੇ ਦੋਹਾਂ ਹੀ ਹਵਾਲਿਆਂ ਵਿਚ ਯਰੂਸ਼ਲਮ ਦੇ ਵਿਨਾਸ਼ ਦੀ ਚਰਚਾ ਨਹੀਂ ਹੋ ਰਹੀ ਹੈ। ਅਸਲ ਵਿਚ, ਦਾਨੀਏਲ 12:11 ਵਿਚ ਜੋ ਕਿਹਾ ਗਿਆ ਹੈ, ਉਹ “ਓੜਕ ਦੇ ਵੇਲੇ” ਦੇ ਇਕ ਉਲੇਖ ਤੋਂ ਕੇਵਲ ਦੋ ਹੀ ਆਇਤਾਂ ਬਾਅਦ ਆਉਂਦਾ ਹੈ। (ਦਾਨੀਏਲ 12:9) ਅਸੀਂ 1914 ਤੋਂ ਅਜਿਹੀ ਹੀ ਇਕ ਸਮਾਂ ਅਵਧੀ ਵਿਚ ਜੀਉਂਦੇ ਆ ਰਹੇ ਹਾਂ। ਇਸ ਲਈ ਸਾਨੂੰ ਆਧੁਨਿਕ-ਦਿਨ ਦੀ “ਵਿਗਾੜਨ ਵਾਲੀ ਘਿਣਾਉਣੀ ਵਸਤ” ਦੀ ਸ਼ਨਾਖਤ ਕਰਨ ਦੇ ਲਈ ਚੌਕਸ ਰਹਿਣ ਦੀ ਅਤੇ ਫਿਰ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਖ਼ਤਰੇ ਦੇ ਖੇਤਰ ਤੋਂ ਬਾਹਰ ਨਿਕਲ ਆਈਏ।
12, 13. ਰਾਸ਼ਟਰ-ਸੰਘ ਨੂੰ ਆਧੁਨਿਕ-ਦਿਨ ਦੀ “ਘਿਣਾਉਣੀ ਵਸਤ” ਦੇ ਤੌਰ ਤੇ ਵਰਣਿਤ ਕਰਨਾ ਕਿਉਂ ਉਚਿਤ ਹੈ?
12 ਆਧੁਨਿਕ-ਦਿਨ ਦੀ ਉਹ “ਘਿਣਾਉਣੀ ਵਸਤ” ਕੀ ਹੈ? ਸਬੂਤ ਰਾਸ਼ਟਰ-ਸੰਘ ਦੇ ਵੱਲ ਸੰਕੇਤ ਕਰਦਾ ਹੈ, ਜੋ ਸੰਸਾਰ ਦੇ ਆਪਣੇ ਅੰਤ ਦੇ ਸਮੇਂ ਵਿਚ ਪ੍ਰਵੇਸ਼ ਕਰਨ ਤੋਂ ਥੋੜ੍ਹੀ ਹੀ ਦੇਰ ਬਾਅਦ, 1920 ਵਿਚ ਚਾਲੂ ਹੋਇਆ ਸੀ। ਪਰੰਤੂ ਉਹ ਇਕ “ਵਿਗਾੜਨ ਵਾਲੀ ਘਿਣਾਉਣੀ ਵਸਤ” ਕਿਵੇਂ ਹੋ ਸਕਦਾ ਹੈ?
13 ਯਾਦ ਰੱਖੋ ਕਿ “ਘਿਣਾਉਣੀ ਵਸਤ” ਲਈ ਇਬਰਾਨੀ ਸ਼ਬਦ ਨੂੰ ਬਾਈਬਲ ਵਿਚ ਮੁੱਖ ਤੌਰ ਤੇ ਮੂਰਤੀਆਂ ਅਤੇ ਮੂਰਤੀ-ਪੂਜਕ ਅਭਿਆਸਾਂ ਦੇ ਸੰਬੰਧ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਕੀ ਰਾਸ਼ਟਰ-ਸੰਘ ਨੂੰ ਪੂਜਿਆ ਗਿਆ ਸੀ? ਯਕੀਨਨ ਪੂਜਿਆ ਗਿਆ ਸੀ! ਪਾਦਰੀਆਂ ਨੇ ਇਸ ਨੂੰ “ਪਵਿੱਤ੍ਰ ਥਾਂ ਵਿੱਚ” ਰੱਖਿਆ, ਅਤੇ ਉਨ੍ਹਾਂ ਦੇ ਅਨੁਯਾਈ ਇਸ ਨੂੰ ਤੀਬਰ ਭਗਤੀ ਦੇਣ ਲੱਗ ਪਏ। ਅਮਰੀਕਾ ਵਿਚ ਫੈਡਰਲ ਕੌਂਸਲ ਆਫ਼ ਦ ਚਰਚਿਜ਼ ਆਫ਼ ਕਰਾਇਸਟ ਨੇ ਘੋਸ਼ਣਾ ਕੀਤੀ ਕਿ ਇਹ ਸੰਘ “ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੀ ਰਾਜਨੀਤਿਕ ਅਭਿਵਿਅਕਤੀ” ਹੋਵੇਗਾ। ਅਮਰੀਕਾ ਦੇ ਉੱਚ-ਸਦਨ ਨੂੰ ਧਾਰਮਿਕ ਸਮੂਹਾਂ ਵੱਲੋਂ ਭਰਪੂਰ ਚਿੱਠੀਆਂ ਮਿਲੀਆਂ ਜਿਨ੍ਹਾਂ ਵਿਚ ਉਸ ਨੂੰ ਰਾਸ਼ਟਰ-ਸੰਘ ਦੇ ਇਕਰਾਰ ਨੂੰ ਜਾਇਜ਼ ਕਰਾਰ ਦੇਣ ਦੇ ਲਈ ਜ਼ੋਰ ਦਿੱਤਾ ਗਿਆ। ਬਰਤਾਨੀਆ ਵਿਚ ਬੈਪਟਿਸਟ, ਸੰਗਤਵਾਦੀ, ਅਤੇ ਪ੍ਰੈਸਬੀਟੀਰੀਅਨ ਦੇ ਆਮ ਸਮੂਹ ਨੇ “[ਧਰਤੀ ਉੱਤੇ ਸ਼ਾਂਤੀ] ਲਿਆਉਣ ਦੇ ਲਈ ਇਕਮਾਤਰ ਉਪਲਬਧ ਸਾਧਨ” ਦੇ ਤੌਰ ਤੇ ਇਸ ਦੀ ਵਡਿਆਈ ਕੀਤੀ।—ਦੇਖੋ ਪਰਕਾਸ਼ ਦੀ ਪੋਥੀ 13:14, 15.
14, 15. ਕਿਸ ਤਰੀਕੇ ਤੋਂ ਰਾਸ਼ਟਰ-ਸੰਘ ਅਤੇ ਬਾਅਦ ਵਿਚ ਸੰਯੁਕਤ ਰਾਸ਼ਟਰ-ਸੰਘ “ਪਵਿੱਤ੍ਰ ਥਾਂ ਵਿੱਚ” ਸੀ?
14 ਪਰਮੇਸ਼ੁਰ ਦਾ ਮਸੀਹਾਈ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਹੋਇਆ ਸੀ, ਪਰੰਤੂ ਕੌਮਾਂ ਆਪਣੀਆਂ ਹੀ ਸਰਬਸੱਤਾ ਦੇ ਲਈ ਲੜਨ ਲੱਗ ਪਈਆਂ। (ਜ਼ਬੂਰ 2:1-6) ਜਦੋਂ ਰਾਸ਼ਟਰ-ਸੰਘ ਦੀ ਤਜਵੀਜ਼ ਕੀਤੀ ਗਈ ਸੀ, ਉਦੋਂ ਉਨ੍ਹਾਂ ਕੌਮਾਂ ਜਿਨ੍ਹਾਂ ਨੇ ਹੁਣੇ-ਹੁਣੇ ਪਹਿਲੇ ਵਿਸ਼ਵ ਯੁੱਧ ਵਿਚ ਲੜਾਈ ਕੀਤੀ ਸੀ, ਅਤੇ ਨਾਲ ਹੀ ਉਨ੍ਹਾਂ ਦੀਆਂ ਫ਼ੌਜਾਂ ਉੱਤੇ ਅਸੀਸ ਦੇਣ ਵਾਲੇ ਪਾਦਰੀਆਂ ਨੇ ਪਹਿਲਾਂ ਤੋਂ ਹੀ ਪ੍ਰਦਰਸ਼ਿਤ ਕਰ ਦਿੱਤਾ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਨਿਯਮ ਨੂੰ ਤਿਆਗ ਦਿੱਤਾ ਸੀ। ਉਹ ਰਾਜਾ ਦੇ ਤੌਰ ਤੇ ਮਸੀਹ ਦੇ ਵੱਲ ਨਹੀਂ ਦੇਖ ਰਹੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਇਕ ਮਾਨਵ ਸੰਗਠਨ ਨੂੰ ਪਰਮੇਸ਼ੁਰ ਦੇ ਰਾਜ ਦੀ ਭੂਮਿਕਾ ਸੌਂਪ ਦਿੱਤੀ; ਉਨ੍ਹਾਂ ਨੇ ਰਾਸ਼ਟਰ-ਸੰਘ ਨੂੰ “ਪਵਿੱਤ੍ਰ ਥਾਂ ਵਿੱਚ” ਰੱਖ ਦਿੱਤਾ, ਇਕ ਅਜਿਹੀ ਥਾਂ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ ਸੀ।
15 ਰਾਸ਼ਟਰ-ਸੰਘ ਦੇ ਉਤਰਾਧਿਕਾਰੀ ਦੇ ਤੌਰ ਤੇ ਸੰਯੁਕਤ ਰਾਸ਼ਟਰ-ਸੰਘ ਅਕਤੂਬਰ 24, 1945 ਵਿਚ ਹੋਂਦ ਵਿਚ ਆਇਆ। ਬਾਅਦ ਵਿਚ, ਰੋਮ ਦਿਆਂ ਪੋਪਾਂ ਨੇ ਸੰਯੁਕਤ ਰਾਸ਼ਟਰ-ਸੰਘ ਨੂੰ “ਸੁਮੇਲ ਅਤੇ ਸ਼ਾਂਤੀ ਦੀ ਆਖ਼ਰੀ ਉਮੀਦ” ਅਤੇ “ਸ਼ਾਂਤੀ ਅਤੇ ਨਿਆਉਂ ਦੀ ਉੱਚਤਮ ਸਭਾ-ਮੰਡਲੀ” ਦੇ ਤੌਰ ਤੇ ਸੁਆਗਤ ਕੀਤਾ। ਜੀ ਹਾਂ, ਰਾਸ਼ਟਰ-ਸੰਘ ਆਪਣੇ ਉਤਰਾਧਿਕਾਰੀ, ਸੰਯੁਕਤ ਰਾਸ਼ਟਰ-ਸੰਘ ਸਮੇਤ, ਸੱਚ-ਮੁੱਚ ਹੀ ਇਕ ਮੂਰਤੀ ਬਣ ਗਿਆ, ਪਰਮੇਸ਼ੁਰ ਅਤੇ ਉਸ ਦਿਆਂ ਲੋਕਾਂ ਦੀ ਦ੍ਰਿਸ਼ਟੀ ਵਿਚ ਇਕ “ਘਿਣਾਉਣੀ ਵਸਤ।”
ਕਿਸ ਤੋਂ ਭੱਜੀਏ?
16. ਧਾਰਮਿਕਤਾ ਦੇ ਪ੍ਰੇਮੀਆਂ ਨੂੰ ਅੱਜ ਕਿਸ ਵਿੱਚੋਂ ਭੱਜਣ ਦੀ ਜ਼ਰੂਰਤ ਹੈ?
16 ਇਸ ਨੂੰ ‘ਵੇਖਣ ਤੇ,’ ਅਰਥਾਤ ਇਹ ਪਛਾਣਨ ਤੇ ਕਿ ਉਹ ਅੰਤਰ-ਰਾਸ਼ਟਰੀ ਸੰਗਠਨ ਕੀ ਹੈ ਅਤੇ ਇਸ ਨੂੰ ਕਿਵੇਂ ਪੂਜਿਆ ਜਾ ਰਿਹਾ ਹੈ, ਧਾਰਮਿਕਤਾ ਦੇ ਪ੍ਰੇਮੀਆਂ ਨੂੰ ਸੁਰੱਖਿਆ ਦੇ ਵੱਲ ਭੱਜਣ ਦੀ ਜ਼ਰੂਰਤ ਹੈ। ਕਿਸ ਵਿੱਚੋਂ ਭੱਜਣਾ? ਉਸ ਵਿੱਚੋਂ ਜੋ ਵਿਸ਼ਵਾਸਘਾਤੀ ਯਰੂਸ਼ਲਮ ਦਾ ਆਧੁਨਿਕ-ਦਿਨ ਦਾ ਪ੍ਰਤਿਰੂਪ ਹੈ, ਯਾਨੀ ਕਿ ਮਸੀਹੀ-ਜਗਤ, ਅਤੇ ਪੂਰੀ ਵੱਡੀ ਬਾਬੁਲ ਵਿੱਚੋਂ, ਜੋ ਝੂਠੇ ਧਰਮ ਦੀ ਵਿਸ਼ਵ-ਵਿਆਪੀ ਵਿਵਸਥਾ ਹੈ।—ਪਰਕਾਸ਼ ਦੀ ਪੋਥੀ 18:4.
17, 18. ਆਧੁਨਿਕ-ਦਿਨ ਦੀ “ਘਿਣਾਉਣੀ ਵਸਤ” ਕੀ ਉਜਾੜਾ ਕਰੇਗੀ?
17 ਇਹ ਵੀ ਯਾਦ ਰੱਖੋ ਕਿ ਪਹਿਲੀ ਸਦੀ ਵਿਚ, ਜਦੋਂ ਰੋਮੀ ਫ਼ੌਜ ਨੇ ਆਪਣੇ ਮੂਰਤੀ-ਪੂਜਕ ਧੁਜਾਵਾਂ ਦੇ ਨਾਲ ਯਹੂਦੀਆਂ ਦੇ ਪਵਿੱਤਰ ਸ਼ਹਿਰ ਵਿਚ ਪ੍ਰਵੇਸ਼ ਕੀਤਾ ਸੀ, ਤਾਂ ਇਹ ਯਰੂਸ਼ਲਮ ਅਤੇ ਉਸ ਦੀ ਉਪਾਸਨਾ ਦੀ ਵਿਵਸਥਾ ਨੂੰ ਉਜਾੜਨ ਦੇ ਉਦੇਸ਼ ਨਾਲ ਆਈ ਸੀ। ਸਾਡੇ ਦਿਨਾਂ ਵਿਚ ਇਹ ਉਜਾੜਾ ਕੇਵਲ ਇਕ ਹੀ ਸ਼ਹਿਰ ਉੱਤੇ ਨਹੀਂ, ਅਤੇ ਨਾ ਹੀ ਕੇਵਲ ਮਸੀਹੀ-ਜਗਤ ਉੱਤੇ, ਬਲਕਿ ਝੂਠੇ ਧਰਮ ਦੀ ਪੂਰੀ ਵਿਸ਼ਵ-ਵਿਆਪੀ ਵਿਵਸਥਾ ਉੱਤੇ ਆਉਣ ਵਾਲਾ ਹੈ।—ਪਰਕਾਸ਼ ਦੀ ਪੋਥੀ 18:5-8.
18 ਪਰਕਾਸ਼ ਦੀ ਪੋਥੀ 17:16 ਵਿਚ, ਇਹ ਭਵਿੱਖ-ਸੂਚਿਤ ਕੀਤਾ ਗਿਆ ਹੈ ਕਿ ਇਕ ਲਾਖਣਿਕ ਕਿਰਮਚੀ ਰੰਗ ਦਾ ਦਰਿੰਦਾ, ਜੋ ਸੰਯੁਕਤ ਰਾਸ਼ਟਰ-ਸੰਘ ਸਾਬਤ ਹੋਇਆ ਹੈ, ਕੰਜਰੀ-ਸਮਾਨ ਵੱਡੀ ਬਾਬੁਲ ਦੇ ਵਿਰੁੱਧ ਹੋ ਜਾਵੇਗਾ ਅਤੇ ਉਸ ਨੂੰ ਹਿੰਸਾਤਮਕ ਤਰੀਕੇ ਨਾਲ ਨਾਸ਼ ਕਰ ਦੇਵੇਗਾ। ਸਜੀਵ ਭਾਸ਼ਾ ਇਸਤੇਮਾਲ ਕਰਦੀ ਹੋਈ, ਇਹ ਕਹਿੰਦੀ ਹੈ: “ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” ਇਸ ਦਾ ਜੋ ਅਰਥ ਹੋਵੇਗਾ, ਉਸ ਨੂੰ ਵਿਚਾਰਨਾ ਹੌਲਨਾਕ ਹੈ। ਇਸ ਦਾ ਨਤੀਜਾ ਧਰਤੀ ਦੇ ਸਾਰੇ ਭਾਗਾਂ ਵਿਚ ਹਰ ਪ੍ਰਕਾਰ ਦੇ ਝੂਠੇ ਧਰਮ ਦਾ ਅੰਤ ਹੋਵੇਗਾ। ਇਹ ਸੱਚ-ਮੁੱਚ ਹੀ ਦਿਖਾਵੇਗਾ ਕਿ ਵੱਡੀ ਬਿਪਤਾ ਸ਼ੁਰੂ ਹੋ ਗਈ ਹੈ।
19. ਸੰਯੁਕਤ ਰਾਸ਼ਟਰ-ਸੰਘ ਦੇ ਨਿਰਮਾਣ ਤੋਂ ਹੀ ਕਿਹੜੇ ਤੱਤ ਉਸ ਦਾ ਭਾਗ ਰਹੇ ਹਨ, ਅਤੇ ਇਹ ਮਹੱਤਵਪੂਰਣ ਕਿਉਂ ਹੈ?
19 ਇਹ ਧਿਆਨਯੋਗ ਗੱਲ ਹੈ ਕਿ ਜਦੋਂ ਤੋਂ ਸੰਯੁਕਤ ਰਾਸ਼ਟਰ-ਸੰਘ 1945 ਵਿਚ ਚਾਲੂ ਹੋਇਆ ਹੈ, ਉਸ ਦੀ ਸਦੱਸਤਾ ਵਿਚ ਨਾਸਤਿਕ, ਧਰਮ ਵਿਰੋਧੀ ਤੱਤ ਉੱਘੜਵੇਂ ਰਹੇ ਹਨ। ਅਲੱਗ-ਅਲੱਗ ਸਮਿਆਂ ਤੇ ਸੰਸਾਰ ਭਰ ਵਿਚ, ਧਾਰਮਿਕ ਅਭਿਆਸਾਂ ਉੱਤੇ ਸਖ਼ਤੀ ਨਾਲ ਰੋਕ ਲਗਾਉਣ ਜਾਂ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਦੇ ਪਿੱਛੇ ਅਜਿਹੇ ਅਤਿਵਾਦੀ ਤੱਤਾਂ ਦਾ ਹੱਥ ਰਿਹਾ ਹੈ। ਪਰੰਤੂ, ਪਿੱਛਲੇ ਕੁਝ ਸਾਲਾਂ ਵਿਚ ਅਨੇਕ ਥਾਵਾਂ ਵਿਚ ਧਾਰਮਿਕ ਸਮੂਹਾਂ ਉੱਤੇ ਸਰਕਾਰੀ ਦਬਾਉ ਘਟਾ ਦਿੱਤਾ ਗਿਆ ਹੈ। ਕੁਝ ਲੋਕਾਂ ਨੂੰ ਸ਼ਾਇਦ ਇੰਜ ਲੱਗੇ ਕਿ ਧਰਮ ਨੂੰ ਹੁਣ ਕੋਈ ਵੀ ਖ਼ਤਰਾ ਨਹੀਂ ਰਿਹਾ ਹੈ।
20. ਸੰਸਾਰ ਦੇ ਧਰਮਾਂ ਨੇ ਆਪਣੇ ਲਈ ਕਿਸ ਤਰ੍ਹਾਂ ਦਾ ਨਾਂ ਬਣਾਇਆ ਹੈ?
20 ਵੱਡੀ ਬਾਬੁਲ ਦੇ ਧਰਮ ਸੰਸਾਰ ਵਿਚ ਹਾਲੇ ਵੀ ਇਕ ਹਿੰਸਾਤਮਕ ਤਰੀਕੇ ਨਾਲ ਵਿਨਾਸ਼ਕਾਰੀ ਸ਼ਕਤੀ ਸਾਬਤ ਹੁੰਦੇ ਹਨ। ਖ਼ਬਰਾਂ ਦੀਆਂ ਸੁਰਖੀਆਂ ਅਕਸਰ ਪਰਸਪਰ-ਵਿਰੋਧੀ ਧੜਿਆਂ ਅਤੇ ਆਤੰਕਵਾਦੀ ਦਲਾਂ ਦੀ ਸ਼ਨਾਖਤ, ਉਨ੍ਹਾਂ ਵੱਲੋਂ ਗ੍ਰਹਿਣ ਕੀਤੇ ਗਏ ਧਰਮ ਦੇ ਨਾਂ ਦੇ ਨਾਲ ਕਰਦੀਆਂ ਹਨ। ਵਿਰੋਧੀ ਧਾਰਮਿਕ ਧੜਿਆਂ ਦੇ ਵਿਚਕਾਰ ਹਿੰਸਾ ਨੂੰ ਰੋਕਣ ਦੇ ਲਈ ਫ਼ਸਾਦ ਸੰਬੰਧੀ ਪੁਲਸ ਅਤੇ ਸਿਪਾਹੀਆਂ ਨੂੰ ਜ਼ਬਰਦਸਤੀ ਮੰਦਰਾਂ ਵਿਚ ਘੁਸਣਾ ਪਿਆ ਹੈ। ਧਾਰਮਿਕ ਦਲਾਂ ਨੇ ਰਾਜਨੀਤਿਕ ਕ੍ਰਾਂਤੀ ਲਈ ਆਰਥਕ ਪ੍ਰਬੰਧ ਕੀਤੇ ਹਨ। ਨਸਲੀ ਸਮੂਹਾਂ ਦੇ ਵਿਚਕਾਰ ਸਥਿਰ ਸੰਬੰਧ ਬਰਕਰਾਰ ਰੱਖਣ ਲਈ ਸੰਯੁਕਤ ਰਾਸ਼ਟਰ-ਸੰਘ ਦੇ ਜਤਨਾਂ ਨੂੰ ਧਾਰਮਿਕ ਨਫ਼ਰਤ ਨੇ ਨਿਸਫਲ ਕੀਤਾ ਹੈ। ਸ਼ਾਂਤੀ ਅਤੇ ਸੁਰੱਖਿਆ ਦਾ ਟੀਚਾ ਪ੍ਰਾਪਤ ਕਰਨ ਦੇ ਲਈ, ਸੰਯੁਕਤ ਰਾਸ਼ਟਰ-ਸੰਘ ਦੇ ਅੰਦਰ ਦੇ ਤੱਤ ਅਜਿਹੇ ਕਿਸੇ ਵੀ ਧਾਰਮਿਕ ਪ੍ਰਭਾਵ ਦਾ ਖ਼ਾਤਮਾ ਦੇਖਣਾ ਚਾਹੁਣਗੇ ਜੋ ਉਨ੍ਹਾਂ ਦੇ ਰਾਹ ਵਿਚ ਆਉਂਦਾ ਹਨ।
21. (ੳ) ਕੌਣ ਨਿਰਧਾਰਿਤ ਕਰੇਗਾ ਕਿ ਵੱਡੀ ਬਾਬੁਲ ਦਾ ਵਿਨਾਸ਼ ਕਦੋਂ ਹੋਣਾ ਹੈ? (ਅ) ਉਸ ਤੋਂ ਪਹਿਲਾਂ ਕੀ ਕਰਨਾ ਅਤਿ-ਆਵੱਸ਼ਕ ਹੈ?
21 ਵਿਚਾਰ ਕਰਨ ਦੇ ਲਈ ਇਕ ਦੂਜੀ ਮਹੱਤਵਪੂਰਣ ਗੱਲ ਵੀ ਹੈ। ਹਾਲਾਂਕਿ ਸੰਯੁਕਤ ਰਾਸ਼ਟਰ-ਸੰਘ ਦੇ ਵਿੱਚੋਂ ਹੀ ਸੈਨਕੀਕ੍ਰਿਤ ਸਿੰਙ ਵੱਡੀ ਬਾਬੁਲ ਨੂੰ ਨਾਸ਼ ਕਰਨ ਦੇ ਲਈ ਇਸਤੇਮਾਲ ਕੀਤੇ ਜਾਣਗੇ, ਇਹ ਵਿਨਾਸ਼ ਅਸਲ ਵਿਚ ਈਸ਼ਵਰੀ ਨਿਆਉਂ ਦਾ ਇਕ ਪ੍ਰਗਟਾਵਾ ਹੋਵੇਗਾ। ਨਿਆਉਂ ਪਰਮੇਸ਼ੁਰ ਦੇ ਨਿਯਤ ਸਮੇਂ ਤੇ ਪੂਰਾ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 17:17) ਇਸ ਦੇ ਦੌਰਾਨ ਸਾਨੂੰ ਕੀ ਕਰਨਾ ਚਾਹੀਦਾ ਹੈ? “ਉਹ ਦੇ ਵਿੱਚੋਂ ਨਿੱਕਲ ਆਓ”—ਵੱਡੀ ਬਾਬੁਲ ਵਿੱਚੋਂ ਨਿੱਕਲ ਆਓ—ਬਾਈਬਲ ਜਵਾਬ ਦਿੰਦੀ ਹੈ।—ਪਰਕਾਸ਼ ਦੀ ਪੋਥੀ 18:4.
22, 23. ਅਜਿਹੇ ਭੱਜ ਨਿਕਲਣ ਵਿਚ ਕੀ ਕੁਝ ਸ਼ਾਮਲ ਹੈ?
22 ਸੁਰੱਖਿਆ ਦੇ ਵੱਲ ਇਹ ਭੱਜਣਾ ਇਕ ਭੂਗੋਲਕ ਨਿਵਾਸ-ਬਦਲੀ ਨਹੀਂ ਹੈ, ਜਿਵੇਂ ਕਿ ਯਹੂਦੀ ਮਸੀਹੀਆਂ ਨੇ ਯਰੂਸ਼ਲਮ ਛੱਡਦੇ ਸਮੇਂ ਕੀਤਾ ਸੀ। ਇਹ ਮਸੀਹੀ-ਜਗਤ ਦੇ ਧਰਮਾਂ ਵਿੱਚੋਂ ਭੱਜਣਾ ਹੈ, ਜੀ ਹਾਂ, ਵੱਡੀ ਬਾਬੁਲ ਦੇ ਕਿਸੇ ਵੀ ਭਾਗ ਵਿੱਚੋਂ ਭੱਜਣਾ। ਇਸ ਦਾ ਅਰਥ ਹੈ ਆਪਣੇ ਆਪ ਨੂੰ ਨਾ ਕੇਵਲ ਝੂਠੇ ਧਾਰਮਿਕ ਸੰਗਠਨਾਂ ਤੋਂ, ਬਲਕਿ ਉਨ੍ਹਾਂ ਦਿਆਂ ਰਿਵਾਜਾਂ ਤੋਂ ਅਤੇ ਉਸ ਮਨੋਬਿਰਤੀ ਤੋਂ ਜੋ ਉਹ ਉਤਪੰਨ ਕਰਦੇ ਹਨ, ਪੂਰੀ ਤਰ੍ਹਾਂ ਅਲੱਗ ਕਰਨਾ। ਇਹ ਯਹੋਵਾਹ ਦੇ ਦੈਵ-ਸ਼ਾਸਕੀ ਸੰਗਠਨ ਵਿਚ ਸੁਰੱਖਿਆ ਦੇ ਸਥਾਨ ਵੱਲ ਭੱਜਣਾ ਹੈ।—ਅਫ਼ਸੀਆਂ 5:7-11.
23 ਜਦੋਂ ਵਿਸ਼ਵ ਯੁੱਧ I ਤੋਂ ਬਾਅਦ, ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਪਹਿਲੀ ਵਾਰ ਆਧੁਨਿਕ-ਦਿਨ ਦੀ ਘਿਣਾਉਣੀ ਵਸਤ, ਅਰਥਾਤ ਰਾਸ਼ਟਰ-ਸੰਘ ਦੀ ਸ਼ਨਾਖਤ ਕੀਤੀ, ਤਦ ਗਵਾਹਾਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ ਸੀ? ਉਨ੍ਹਾਂ ਨੇ ਪਹਿਲਾਂ ਤੋਂ ਹੀ ਮਸੀਹੀ-ਜਗਤ ਦੇ ਗਿਰਜਿਆਂ ਵਿੱਚੋਂ ਆਪਣੀਆਂ ਸਦੱਸਤਾਂ ਅੱਡ ਕਰ ਲਈਆਂ ਸਨ। ਪਰੰਤੂ ਹੌਲੀ-ਹੌਲੀ ਉਨ੍ਹਾਂ ਨੇ ਅਹਿਸਾਸ ਕੀਤਾ ਕਿ ਉਹ ਹਾਲੇ ਵੀ ਮਸੀਹੀ-ਜਗਤ ਦੇ ਕੁਝ ਰਿਵਾਜਾਂ ਅਤੇ ਅਭਿਆਸਾਂ ਦੀ ਪਾਲਣਾ ਕਰ ਰਹੇ ਸਨ, ਜਿਵੇਂ ਕਿ ਸਲੀਬ ਦਾ ਇਸਤੇਮਾਲ ਅਤੇ ਕ੍ਰਿਸਮਸ ਅਤੇ ਦੂਜੇ ਗ਼ੈਰ-ਮਸੀਹੀ ਤਿਉਹਾਰਾਂ ਦੀ ਜਸ਼ਨ-ਮਨਾਈ। ਜਦੋਂ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਦੇ ਬਾਰੇ ਸੱਚਾਈ ਸਿੱਖੀ, ਤਾਂ ਉਨ੍ਹਾਂ ਨੇ ਤੁਰੰਤ ਕਦਮ ਚੁੱਕਿਆ। ਉਨ੍ਹਾਂ ਨੇ ਯਸਾਯਾਹ 52:11 ਦੀ ਸਲਾਹ ਵੱਲ ਧਿਆਨ ਦਿੱਤਾ: “ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, ਉਹ ਦੇ ਵਿਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ।”
24. ਖ਼ਾਸ ਤੌਰ ਤੇ 1935 ਤੋਂ, ਭੱਜ ਨਿਕਲਣ ਵਿਚ ਹੋਰ ਕੌਣ ਸ਼ਾਮਲ ਹੋਏ ਹਨ?
24 ਖ਼ਾਸ ਤੌਰ ਤੇ 1935 ਤੋਂ, ਦੂਜੇ ਲੋਕਾਂ ਦੀ ਇਕ ਵਧਦੀ ਭੀੜ, ਉਹ ਲੋਕ ਜਿਨ੍ਹਾਂ ਨੇ ਪਰਾਦੀਸ ਧਰਤੀ ਉੱਤੇ ਸਦਾ ਦੇ ਲਈ ਜੀਉਂਦੇ ਰਹਿਣ ਦੀ ਉਮੀਦ ਅਪਣਾਈ ਸੀ, ਨੇ ਸਮਾਨ ਕਦਮ ਚੁੱਕਣਾ ਸ਼ੁਰੂ ਕੀਤਾ। ਉਨ੍ਹਾਂ ਨੇ ਵੀ ‘ਉਸ ਘਿਣਾਉਣੀ ਚੀਜ਼ ਨੂੰ ਪਵਿੱਤ੍ਰ ਥਾਂ ਵਿੱਚ ਖੜੀ ਵੇਖਿਆ’ ਹੈ, ਅਤੇ ਉਹ ਇਸ ਦਾ ਅਰਥ ਸਮਝਦੇ ਹਨ। ਭੱਜ ਨਿਕਲਣ ਦਾ ਫ਼ੈਸਲਾ ਕਰਨ ਤੋਂ ਬਾਅਦ, ਉਨ੍ਹਾਂ ਨੇ ਉਨ੍ਹਾਂ ਸੰਗਠਨਾਂ ਦੀ ਸਦੱਸਤਾ ਸੂਚੀ ਤੋਂ ਆਪਣੇ ਨਾਂ ਕਟਾ ਲਏ, ਜੋ ਵੱਡੀ ਬਾਬੁਲ ਦਾ ਭਾਗ ਹਨ।—2 ਕੁਰਿੰਥੀਆਂ 6:14-17.
25. ਇਕ ਵਿਅਕਤੀ ਦਾ ਝੂਠੇ ਧਰਮ ਦੇ ਨਾਲ ਸਾਰੇ ਸੰਬੰਧ ਤੋੜਨ ਤੋਂ ਇਲਾਵਾ ਹੋਰ ਕਿਹੜੀ ਗੱਲ ਦੀ ਮੰਗ ਕੀਤੀ ਜਾਂਦੀ ਹੈ?
25 ਪਰੰਤੂ, ਵੱਡੀ ਬਾਬੁਲ ਵਿੱਚੋਂ ਭੱਜਣਾ, ਝੂਠੇ ਧਰਮ ਨੂੰ ਤਿਆਗਣ ਤੋਂ ਕੀਤੇ ਹੀ ਅਧਿਕ ਸ਼ਾਮਲ ਕਰਦਾ ਹੈ। ਇਸ ਵਿਚ ਰਾਜ ਗ੍ਰਹਿ ਵਿਖੇ ਕੁਝ ਸਭਾਵਾਂ ਵਿਚ ਹਾਜ਼ਰ ਹੋਣ ਜਾਂ ਮਹੀਨੇ ਵਿਚ ਇਕ ਦੋ ਵਾਰੀ ਖੇਤਰ ਸੇਵਾ ਵਿਚ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਅਧਿਕ ਸ਼ਾਮਲ ਹੈ। ਇਕ ਵਿਅਕਤੀ ਸ਼ਾਇਦ ਸਰੀਰਕ ਤੌਰ ਤੇ ਵੱਡੀ ਬਾਬੁਲ ਦੇ ਬਾਹਰ ਹੋਵੇ, ਪਰੰਤੂ ਕੀ ਉਸ ਨੇ ਸੱਚ-ਮੁੱਚ ਹੀ ਉਸ ਨੂੰ ਪਿੱਛੇ ਛੱਡ ਦਿੱਤਾ ਹੈ? ਕੀ ਉਸ ਨੇ ਆਪਣੇ ਆਪ ਨੂੰ ਉਸ ਸੰਸਾਰ ਤੋਂ ਅਲੱਗ ਕਰ ਲਿਆ ਹੈ ਜਿਸ ਦਾ ਇਕ ਪ੍ਰਮੁੱਖ ਭਾਗ ਵੱਡੀ ਬਾਬੁਲ ਹੈ? ਕੀ ਉਹ ਹਾਲੇ ਵੀ ਉਨ੍ਹਾਂ ਚੀਜ਼ਾਂ ਨੂੰ ਫੜੀ ਰੱਖਦਾ ਹੈ ਜੋ ਇਸ ਦੀ ਆਤਮਾ—ਇਕ ਅਜਿਹੀ ਆਤਮਾ ਜੋ ਪਰਮੇਸ਼ੁਰ ਦੇ ਧਾਰਮਿਕ ਮਿਆਰਾਂ ਨੂੰ ਤਿਰਸਕਾਰ ਕਰਦੀ ਹੈ—ਨੂੰ ਪ੍ਰਤਿਬਿੰਬਤ ਕਰਦੀਆਂ ਹਨ? ਕੀ ਉਹ ਲਿੰਗੀ ਨੈਤਿਕਤਾ ਅਤੇ ਵਿਵਾਹਕ ਵਫ਼ਾਦਾਰੀ ਬਾਰੇ ਬੇਪਰਵਾਹੀ ਦਿਖਾ ਰਿਹਾ ਹੈ? ਕੀ ਉਹ ਅਧਿਆਤਮਿਕ ਹਿਤਾਂ ਨਾਲੋਂ ਨਿੱਜੀ ਅਤੇ ਭੌਤਿਕ ਹਿਤਾਂ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ? ਉਸ ਨੂੰ ਇਸ ਰੀਤੀ-ਵਿਵਸਥਾ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੇਣਾ ਨਹੀਂ ਚਾਹੀਦਾ ਹੈ।—ਮੱਤੀ 6:24; 1 ਪਤਰਸ 4:3, 4.
ਤੁਹਾਡੇ ਭੱਜਣ ਵਿਚ ਕਿਸੇ ਵੀ ਚੀਜ਼ ਨੂੰ ਰੁਕਾਵਟ ਨਾ ਬਣਨ ਦਿਓ!
26. ਕੇਵਲ ਭੱਜਣਾ ਸ਼ੁਰੂ ਕਰਨਾ ਹੀ ਨਹੀਂ, ਬਲਕਿ ਉਸ ਨੂੰ ਸਫ਼ਲਤਾਪੂਰਵਕ ਪੂਰਾ ਵੀ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
26 ਸੁਰੱਖਿਆ ਦੇ ਵੱਲ ਸਾਡੇ ਭੱਜਣ ਵਿਚ, ਇਹ ਲਾਜ਼ਮੀ ਹੈ ਕਿ ਅਸੀਂ ਪਿੱਛੇ ਛੱਡੀਆਂ ਚੀਜ਼ਾਂ ਨੂੰ ਨਾ ਲੋਚੀਏ। (ਲੂਕਾ 9:62) ਸਾਨੂੰ ਆਪਣਾ ਮਨ ਅਤੇ ਦਿਲ ਦ੍ਰਿੜ੍ਹਤਾ ਦੇ ਨਾਲ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਉੱਤੇ ਲਗਾਏ ਰੱਖਣ ਦੀ ਜ਼ਰੂਰਤ ਹੈ। ਕੀ ਅਸੀਂ ਪਹਿਲਾਂ ਇਨ੍ਹਾਂ ਨੂੰ ਭਾਲਣ ਦੇ ਦੁਆਰਾ ਆਪਣੀ ਨਿਹਚਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਦ੍ਰਿੜ੍ਹ-ਸੰਕਲਪ ਹਾਂ, ਇਸ ਭਰੋਸੇ ਦੇ ਨਾਲ ਕਿ ਯਹੋਵਾਹ ਅਜਿਹੇ ਵਫ਼ਾਦਾਰ ਜੀਵਨ-ਮਾਰਗ ਨੂੰ ਬਰਕਤ ਦੇਵੇਗਾ? (ਮੱਤੀ 6:31-33) ਸਾਡੇ ਸ਼ਾਸਤਰ-ਆਧਾਰਿਤ ਵਿਸ਼ਵਾਸਾਂ ਤੋਂ ਸਾਨੂੰ ਇਸੇ ਟੀਚੇ ਦੇ ਵੱਲ ਉਤੇਜਿਤ ਹੋਣਾ ਚਾਹੀਦਾ ਹੈ, ਜਿਵੇਂ-ਜਿਵੇਂ ਅਸੀਂ ਸੰਸਾਰ ਦੇ ਦ੍ਰਿਸ਼ ਉੱਤੇ ਮਹੱਤਵਪੂਰਣ ਘਟਨਾਵਾਂ ਦੇ ਵਾਪਰਨ ਦਾ ਉਤਸੁਕਤਾਪੂਰਵਕ ਇੰਤਜ਼ਾਰ ਕਰਦੇ ਹਾਂ।
27. ਇੱਥੇ ਪੁੱਛੇ ਗਏ ਸਵਾਲਾਂ ਦੇ ਬਾਰੇ ਗੰਭੀਰਤਾ ਨਾਲ ਸੋਚਣਾ ਕਿਉਂ ਮਹੱਤਵਪੂਰਣ ਹੈ?
27 ਈਸ਼ਵਰੀ ਨਿਆਉਂ ਦੀ ਪੂਰਤੀ ਵੱਡੀ ਬਾਬੁਲ ਦੇ ਵਿਨਾਸ਼ ਨਾਲ ਸ਼ੁਰੂ ਹੋਵੇਗੀ। ਝੂਠੇ ਧਰਮ ਦੇ ਉਸ ਕੰਜਰੀ-ਸਮਾਨ ਸਾਮਰਾਜ ਦੀ ਹੋਂਦ ਸਦਾ ਦੇ ਲਈ ਮਿਟਾ ਦਿੱਤੀ ਜਾਵੇਗੀ। ਉਹ ਸਮਾਂ ਬਹੁਤ ਹੀ ਨੇੜੇ ਹੈ! ਜਦੋਂ ਉਹ ਅਤਿ-ਮਹੱਤਵਪੂਰਣ ਸਮਾਂ ਆਵੇਗਾ, ਉਦੋਂ ਵਿਅਕਤੀਗਤ ਤੌਰ ਤੇ ਸਾਡੀ ਕੀ ਸਥਿਤੀ ਹੋਵੇਗੀ? ਅਤੇ ਵੱਡੀ ਬਿਪਤਾ ਦੇ ਸਿਖਰ ਤੇ, ਜਦੋਂ ਸ਼ਤਾਨ ਦੀ ਬਾਕੀ ਦੀ ਦੁਸ਼ਟ ਵਿਵਸਥਾ ਨਾਸ਼ ਕੀਤੀ ਜਾਂਦੀ ਹੈ, ਤਦ ਅਸੀਂ ਕਿਸ ਦੇ ਪੱਖ ਵਿਚ ਪਾਏ ਜਾਵਾਂਗੇ? ਜੇਕਰ ਅਸੀਂ ਹੁਣ ਜ਼ਰੂਰੀ ਕਦਮ ਚੁੱਕੀਏ, ਤਾਂ ਸਾਡੀ ਸੁਰੱਖਿਆ ਨਿਸ਼ਚਿਤ ਹੈ। ਯਹੋਵਾਹ ਸਾਨੂੰ ਦੱਸਦਾ ਹੈ: “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ।” (ਕਹਾਉਤਾਂ 1:33) ਇਸ ਵਿਵਸਥਾ ਦੀ ਸਮਾਪਤੀ ਦੇ ਦੌਰਾਨ, ਯਹੋਵਾਹ ਦੀ ਸੇਵਾ ਨਿਸ਼ਠਾ ਅਤੇ ਆਨੰਦ ਦੇ ਨਾਲ ਕਰਦੇ ਰਹਿਣ ਦੇ ਦੁਆਰਾ, ਅਸੀਂ ਸ਼ਾਇਦ ਸਦਾ ਦੇ ਲਈ ਯਹੋਵਾਹ ਦੀ ਸੇਵਾ ਕਰਨ ਦੇ ਯੋਗ ਠਹਿਰਾਂਗੇ। (w96 6/1)
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ੇ 634-5 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਆਧੁਨਿਕ-ਦਿਨ ਦੀ “ਘਿਣਾਉਣੀ ਵਸਤ” ਕੀ ਹੈ?
◻ ਕਿਸ ਅਰਥ ਵਿਚ “ਘਿਣਾਉਣੀ ਚੀਜ਼ . . . ਪਵਿੱਤ੍ਰ ਥਾਂ ਵਿੱਚ” ਹੈ?
◻ ਸੁਰੱਖਿਆ ਦੇ ਵੱਲ ਹੁਣ ਸਾਡੇ ਭੱਜਣ ਵਿਚ ਕੀ ਕੁਝ ਸ਼ਾਮਲ ਹੈ?
◻ ਅਜਿਹਾ ਕਦਮ ਚੁੱਕਣਾ ਕਿਉਂ ਅਤਿ-ਆਵੱਸ਼ਕ ਹੈ?
[ਸਫ਼ੇ 16 ਉੱਤੇ ਤਸਵੀਰ]
ਬਚਣ ਦੇ ਲਈ, ਯਿਸੂ ਦੇ ਅਨੁਯਾਈਆਂ ਨੂੰ ਬਿਨਾਂ ਦੇਰ ਕੀਤੇ ਭੱਜ ਨਿਕਲਣਾ ਪਿਆ ਸੀ