ਪਾਠ 13
ਧਰਮਾਂ ਨੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਿਵੇਂ ਕੀਤਾ ਹੈ?
ਜੇ ਪਰਮੇਸ਼ੁਰ ਪਿਆਰ ਕਰਨਾ ਸਿਖਾਉਂਦਾ ਹੈ, ਤਾਂ ਫਿਰ ਧਰਮ ਦੇ ਨਾਂ ʼਤੇ ਇੰਨੇ ਮਾੜੇ ਕੰਮ ਕਿਉਂ ਹੁੰਦੇ ਹਨ? ਕਿਉਂਕਿ ਜ਼ਿਆਦਾਤਰ ਧਰਮ ਪਰਮੇਸ਼ੁਰ ਬਾਰੇ ਸਿਖਾਉਣ ਦਾ ਦਾਅਵਾ ਤਾਂ ਕਰਦੇ ਹਨ, ਪਰ ਅਸਲ ਵਿਚ ਉਹ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਰਹੇ ਹਨ। ਉਨ੍ਹਾਂ ਨੇ ਇਹ ਕਿਵੇਂ ਕੀਤਾ ਹੈ? ਪਰਮੇਸ਼ੁਰ ਨੂੰ ਇਹ ਸਭ ਦੇਖ ਕੇ ਕਿੱਦਾਂ ਲੱਗਦਾ ਹੈ? ਉਹ ਇਸ ਬਾਰੇ ਕੀ ਕਰੇਗਾ? ਆਓ ਦੇਖੀਏ।
1. ਧਰਮਾਂ ਦੀਆਂ ਕਿਹੜੀਆਂ ਸਿੱਖਿਆਵਾਂ ਕਰਕੇ ਲੋਕ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ?
ਧਰਮਾਂ ਨੇ ਪਰਮੇਸ਼ੁਰ ਬਾਰੇ “ਸੱਚਾਈ ਉੱਤੇ ਵਿਸ਼ਵਾਸ ਕਰਨ ਦੀ ਬਜਾਇ ਝੂਠ ਉੱਤੇ ਵਿਸ਼ਵਾਸ ਕੀਤਾ” ਅਤੇ ਉਹੀ ਸਿਖਾਇਆ ਹੈ। (ਰੋਮੀਆਂ 1:25) ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਅਤੇ ਸਾਨੂੰ ਉਸ ਦਾ ਨਾਂ ਲੈਣਾ ਚਾਹੀਦਾ ਹੈ। ਪਰ ਜ਼ਿਆਦਾਤਰ ਧਰਮ ਲੋਕਾਂ ਨੂੰ ਉਸ ਦਾ ਨਾਂ ਨਹੀਂ ਦੱਸਦੇ। (ਰੋਮੀਆਂ 10:13, 14) ਇਕ ਹੋਰ ਗੱਲ ਵੱਲ ਧਿਆਨ ਦਿਓ। ਜਦੋਂ ਕਿਸੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਕੁਝ ਧਾਰਮਿਕ ਆਗੂ ਕਹਿੰਦੇ ਹਨ, “ਰੱਬ ਦੀ ਇਹੀ ਮਰਜ਼ੀ ਸੀ।” ਪਰ ਇਹ ਸਰਾਸਰ ਝੂਠ ਹੈ। ਪਰਮੇਸ਼ੁਰ ਕਦੇ ਕਿਸੇ ਨਾਲ ਮਾੜਾ ਨਹੀਂ ਕਰਦਾ। (ਯਾਕੂਬ 1:13 ਪੜ੍ਹੋ।) ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਕਈ ਝੂਠੀਆਂ ਗੱਲਾਂ ਕਰਕੇ ਲੋਕ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ।
2. ਧਰਮਾਂ ਦੇ ਕਿਹੜੇ ਕੰਮਾਂ ਕਰਕੇ ਲੋਕ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ?
ਪਰਮੇਸ਼ੁਰ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਧਰਮਾਂ ਨੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਹੈ। ਬਾਈਬਲ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ “ਪਾਪਾਂ ਦਾ ਢੇਰ ਆਕਾਸ਼ ਤਕ ਲੱਗ ਗਿਆ ਹੈ।” (ਪ੍ਰਕਾਸ਼ ਦੀ ਕਿਤਾਬ 18:5) ਸਦੀਆਂ ਤੋਂ ਧਰਮਾਂ ਦਾ ਰਾਜਨੀਤੀ ਵਿਚ ਹੱਥ ਰਿਹਾ ਹੈ। ਉਨ੍ਹਾਂ ਨੇ ਯੁੱਧਾਂ ਦਾ ਸਮਰਥਨ ਕੀਤਾ ਹੈ ਅਤੇ ਇਨ੍ਹਾਂ ਵਿਚ ਹਿੱਸਾ ਲਿਆ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਧਰਮ ਦੇ ਨਾਂ ʼਤੇ ਲੱਖਾਂ-ਕਰੋੜਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ! ਕੁਝ ਧਾਰਮਿਕ ਆਗੂ ਤਾਂ ਲੋਕਾਂ ਦਾ ਪੈਸਾ ਖਾਂਦੇ ਹਨ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਹਨ। ਉਨ੍ਹਾਂ ਦੇ ਇਨ੍ਹਾਂ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਤਾਂ ਪਰਮੇਸ਼ੁਰ ਨੂੰ ਜਾਣਦੇ ਤਕ ਨਹੀਂ। ਤਾਂ ਫਿਰ, ਉਹ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ?—1 ਯੂਹੰਨਾ 4:8 ਪੜ੍ਹੋ।
3. ਇਨ੍ਹਾਂ ਧਰਮਾਂ ਨੂੰ ਦੇਖ ਕੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ?
ਜੇ ਧਰਮ ਦੇ ਨਾਂ ʼਤੇ ਹੋ ਰਹੇ ਮਾੜੇ ਕੰਮ ਦੇਖ ਕੇ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਦਾ ਹੋਣਾ! ਯਹੋਵਾਹ ਇਨਸਾਨਾਂ ਨੂੰ ਪਿਆਰ ਕਰਦਾ ਹੈ, ਪਰ ਉਹ ਉਨ੍ਹਾਂ ਧਾਰਮਿਕ ਆਗੂਆਂ ਨਾਲ ਸਖ਼ਤ ਨਫ਼ਰਤ ਕਰਦਾ ਹੈ ਜੋ ਉਸ ਬਾਰੇ ਝੂਠ ਸਿਖਾਉਂਦੇ ਹਨ ਅਤੇ ਲੋਕਾਂ ਨਾਲ ਬੁਰਾ ਸਲੂਕ ਕਰਦੇ ਹਨ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਇਨ੍ਹਾਂ ਸਾਰੇ ਧਰਮਾਂ ਦਾ “ਨਾਮੋ-ਨਿਸ਼ਾਨ ਮਿਟਾ” ਦੇਵੇਗਾ। (ਪ੍ਰਕਾਸ਼ ਦੀ ਕਿਤਾਬ 18:21) ਉਹ ਬਹੁਤ ਜਲਦੀ ਇੱਦਾਂ ਕਰੇਗਾ।—ਪ੍ਰਕਾਸ਼ ਦੀ ਕਿਤਾਬ 18:8.
ਹੋਰ ਸਿੱਖੋ
ਉਨ੍ਹਾਂ ਧਰਮਾਂ ਨੂੰ ਦੇਖ ਕੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ ਜੋ ਉਸ ਦੀ ਭਗਤੀ ਕਰਨ ਦਾ ਸਿਰਫ਼ ਦਾਅਵਾ ਹੀ ਕਰਦੇ ਹਨ? ਧਰਮਾਂ ਨੇ ਕੀ ਕੀਤਾ ਹੈ? ਫਿਰ ਵੀ ਤੁਹਾਨੂੰ ਯਹੋਵਾਹ ਬਾਰੇ ਸਿੱਖਣਾ ਕਿਉਂ ਨਹੀਂ ਛੱਡਣਾ ਚਾਹੀਦਾ? ਆਓ ਜਾਣੀਏ।
4. ਕੀ ਪਰਮੇਸ਼ੁਰ ਸਾਰੇ ਧਰਮਾਂ ਤੋਂ ਖ਼ੁਸ਼ ਹੁੰਦਾ ਹੈ?
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਾਰੇ ਧਰਮ ਅਲੱਗ-ਅਲੱਗ ਰਾਹ ਹਨ ਤੇ ਇਹ ਸਾਰੇ ਰੱਬ ਵੱਲ ਜਾਂਦੇ ਹਨ। ਪਰ ਕੀ ਇਹ ਗੱਲ ਸੱਚ ਹੈ? ਮੱਤੀ 7:13, 14 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਾਈਬਲ ਉਸ ਰਾਹ ਬਾਰੇ ਕੀ ਦੱਸਦੀ ਹੈ ਜੋ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ?
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਕੀ ਪਰਮੇਸ਼ੁਰ ਸਾਰੇ ਧਰਮਾਂ ਤੋਂ ਖ਼ੁਸ਼ ਹੁੰਦਾ ਹੈ? ਬਾਈਬਲ ਵਿਚ ਇਸ ਬਾਰੇ ਕੀ ਲਿਖਿਆ ਹੈ?
5. ਧਰਮਾਂ ਦੇ ਕੰਮਾਂ ਤੋਂ ਪਰਮੇਸ਼ੁਰ ਦਾ ਪਿਆਰ ਨਜ਼ਰ ਨਹੀਂ ਆਉਂਦਾ
ਧਰਮਾਂ ਨੇ ਕਈ ਤਰੀਕਿਆਂ ਨਾਲ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ। ਇਸ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਜਿਹੇ ਧਰਮ ਝੂਠੇ ਹਨ। ਇਨ੍ਹਾਂ ਧਰਮਾਂ ਨੇ ਯੁੱਧਾਂ ਦਾ ਸਮਰਥਨ ਕੀਤਾ ਅਤੇ ਇਨ੍ਹਾਂ ਵਿਚ ਹਿੱਸਾ ਲਿਆ ਹੈ। ਇਸ ਦੀ ਇਕ ਮਿਸਾਲ ਦੇਖਣ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਦੂਸਰੇ ਵਿਸ਼ਵ ਯੁੱਧ ਵਿਚ ਬਹੁਤ ਸਾਰੇ ਚਰਚਾਂ ਨੇ ਕੀ ਕੀਤਾ?
ਤੁਹਾਨੂੰ ਕੀ ਲੱਗਦਾ ਕਿ ਉਨ੍ਹਾਂ ਨੇ ਜੋ ਕੀਤਾ, ਉਹ ਸਹੀ ਸੀ?
ਯੂਹੰਨਾ 13:34, 35 ਅਤੇ 17:16 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਜਦੋਂ ਧਰਮ ਯੁੱਧਾਂ ਵਿਚ ਹਿੱਸਾ ਲੈਂਦੇ ਹਨ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
ਝੂਠੇ ਧਰਮਾਂ ਨੇ ਹੋਰ ਵੀ ਬਹੁਤ ਸਾਰੇ ਮਾੜੇ ਕੰਮ ਕੀਤੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦਾ ਪਿਆਰ ਬਿਲਕੁਲ ਨਹੀਂ ਝਲਕਦਾ। ਤੁਸੀਂ ਇੱਦਾਂ ਦੇ ਕਿਹੜੇ ਕੰਮ ਹੁੰਦੇ ਦੇਖੇ ਹਨ?
6. ਪਰਮੇਸ਼ੁਰ ਲੋਕਾਂ ਨੂੰ ਇਹੋ ਜਿਹੇ ਧਰਮਾਂ ਤੋਂ ਆਜ਼ਾਦ ਕਰਾਉਣਾ ਚਾਹੁੰਦਾ ਹੈ
ਪ੍ਰਕਾਸ਼ ਦੀ ਕਿਤਾਬ 18:4 ਪੜ੍ਹੋ।a ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਹੈ ਜੋ ਝੂਠੇ ਧਰਮਾਂ ਵਿਚ ਫਸੇ ਹੋਏ ਹਨ। ਤੁਹਾਨੂੰ ਇਹ ਜਾਣ ਕੇ ਕਿੱਦਾਂ ਲੱਗਦਾ ਹੈ?
7. ਸੱਚੇ ਪਰਮੇਸ਼ੁਰ ਬਾਰੇ ਸਿੱਖਦੇ ਰਹੋ
ਕੀ ਝੂਠੇ ਧਰਮਾਂ ਦੇ ਮਾੜੇ ਕੰਮ ਦੇਖ ਕੇ ਸਾਨੂੰ ਪਰਮੇਸ਼ੁਰ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ? ਮੰਨ ਲਓ ਕਿ ਇਕ ਪਿਤਾ ਹਮੇਸ਼ਾ ਆਪਣੇ ਮੁੰਡੇ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਹੈ, ਪਰ ਉਸ ਦਾ ਮੁੰਡਾ ਉਸ ਦੀ ਇਕ ਨਹੀਂ ਸੁਣਦਾ। ਉਹ ਘਰ ਛੱਡ ਕੇ ਚਲਾ ਜਾਂਦਾ ਹੈ ਤੇ ਮਾੜੇ ਕੰਮਾਂ ਵਿਚ ਪੈ ਜਾਂਦਾ ਹੈ। ਪਿਤਾ ਆਪਣੇ ਮੁੰਡੇ ਦੇ ਕੰਮਾਂ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹੈ। ਤਾਂ ਫਿਰ, ਕੀ ਮੁੰਡੇ ਦੇ ਮਾੜੇ ਕੰਮਾਂ ਲਈ ਪਿਤਾ ਨੂੰ ਦੋਸ਼ੀ ਠਹਿਰਾਉਣਾ ਸਹੀ ਹੋਵੇਗਾ?
ਕੀ ਝੂਠੇ ਧਰਮਾਂ ਦੇ ਮਾੜੇ ਕੰਮਾਂ ਦਾ ਦੋਸ਼ ਯਹੋਵਾਹ ʼਤੇ ਲਾਉਣਾ ਸਹੀ ਹੋਵੇਗਾ? ਨਾਲੇ ਕੀ ਉਨ੍ਹਾਂ ਦੇ ਕੰਮਾਂ ਕਰਕੇ ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣਾ ਛੱਡ ਦੇਣਾ ਚਾਹੀਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਸਾਰੇ ਧਰਮ ਚੰਗੀਆਂ ਗੱਲਾਂ ਸਿਖਾਉਂਦੇ ਹਨ।”
ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ?
ਜੇ ਸਾਰੇ ਧਰਮ ਚੰਗੀਆਂ ਗੱਲਾਂ ਸਿਖਾਉਂਦੇ ਹਨ, ਤਾਂ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਕਿਉਂ ਨਹੀਂ ਹੈ?
ਹੁਣ ਤਕ ਅਸੀਂ ਸਿੱਖਿਆ
ਧਰਮਾਂ ਨੇ ਆਪਣੀਆਂ ਗ਼ਲਤ ਸਿੱਖਿਆਵਾਂ ਅਤੇ ਮਾੜੇ ਕੰਮਾਂ ਰਾਹੀਂ ਲੋਕਾਂ ਨੂੰ ਯਹੋਵਾਹ ਤੋਂ ਦੂਰ ਕਰ ਦਿੱਤਾ ਹੈ। ਪਰਮੇਸ਼ੁਰ ਇਨ੍ਹਾਂ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰ ਦੇਵੇਗਾ।
ਤੁਸੀਂ ਕੀ ਕਹੋਗੇ?
ਧਰਮਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਮਾੜੇ ਕੰਮਾਂ ਬਾਰੇ ਤੁਸੀਂ ਕੀ ਸੋਚਦੇ ਹੋ?
ਝੂਠੇ ਧਰਮਾਂ ਨੂੰ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
ਪਰਮੇਸ਼ੁਰ ਸਾਰੇ ਝੂਠੇ ਧਰਮਾਂ ਦਾ ਕੀ ਕਰੇਗਾ?
ਇਹ ਵੀ ਦੇਖੋ
ਜਾਣੋ ਕਿ ਕਿਹੜੀਆਂ ਦੋ ਗੱਲਾਂ ਕਰਕੇ ਰੱਬ ਸਾਰੇ ਧਰਮਾਂ ਤੋਂ ਖ਼ੁਸ਼ ਨਹੀਂ ਹੈ।
“ਕੀ ਸਾਰੇ ਧਰਮ ਇੱਕੋ ਜਿਹੇ ਹਨ? ਕੀ ਇਹ ਸਾਰੇ ਰੱਬ ਨੂੰ ਮਨਜ਼ੂਰ ਹਨ?” (jw.org ʼਤੇ ਲੇਖ)
ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਭਗਤੀ ਕਰੀਏ?
ਇਕ ਪਾਦਰੀ ਆਪਣੇ ਧਰਮ ਦੀਆਂ ਕੁਝ ਗੱਲਾਂ ਕਰਕੇ ਪਰੇਸ਼ਾਨ ਸੀ। ਪਰ ਇਸ ਕਰਕੇ ਉਸ ਨੇ ਪਰਮੇਸ਼ੁਰ ਬਾਰੇ ਸੱਚਾਈ ਲੱਭਣੀ ਨਹੀਂ ਛੱਡੀ।
ਸਦੀਆਂ ਤੋਂ ਧਰਮਾਂ ਨੇ ਅਜਿਹੀਆਂ ਝੂਠੀਆਂ ਗੱਲਾਂ ਸਿਖਾਈਆਂ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਰੱਬ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ ਅਤੇ ਉਹ ਪੱਥਰ-ਦਿਲ ਹੈ। ਆਓ ਤਿੰਨ ਝੂਠੀਆਂ ਸਿੱਖਿਆਵਾਂ ’ਤੇ ਗੌਰ ਕਰ ਕੇ ਜਾਣੀਏ ਕਿ ਸੱਚ ਕੀ ਹੈ।
“ਝੂਠੀਆਂ ਸਿੱਖਿਆਵਾਂ—ਪਰਮੇਸ਼ੁਰ ਨਾਲ ਪਿਆਰ ਕਰਨ ਵਿਚ ਰੁਕਾਵਟਾਂ” (ਪਹਿਰਾਬੁਰਜ ਲੇਖ, ਹਿੰਦੀ)
a ਪ੍ਰਕਾਸ਼ ਦੀ ਕਿਤਾਬ ਵਿਚ ਜਿਸ ਤੀਵੀਂ ਨੂੰ ਮਹਾਂ ਬਾਬਲ ਕਿਹਾ ਗਿਆ ਹੈ, ਉਹ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। ਇਸ ਬਾਰੇ ਜਾਣਨ ਲਈ ਹੋਰ ਜਾਣਕਾਰੀ 1 ਦੇਖੋ।