ਯਹੋਵਾਹ ਦਾ ਬਚਨ ਜੀਉਂਦਾ ਹੈ
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਬਿਰਧ ਯੂਹੰਨਾ ਰਸੂਲ ਪਾਤਮੁਸ ਟਾਪੂ ʼਤੇ ਕੈਦ ਸੀ ਜਦੋਂ ਉਸ ਨੂੰ 16 ਦਰਸ਼ਣ ਦਿਖਾਏ ਗਏ। ਉਸ ਨੇ ਉਨ੍ਹਾਂ ਦਰਸ਼ਣਾਂ ਵਿਚ ਦੇਖਿਆ ਕਿ ਪ੍ਰਭੂ ਦੇ ਦਿਨ ਦੌਰਾਨ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਕੀ ਕੁਝ ਕਰਨਗੇ। ਪ੍ਰਭੂ ਦਾ ਦਿਨ 1914 ਵਿਚ ਪਰਮੇਸ਼ੁਰ ਦੇ ਰਾਜ ਦੀ ਸਥਾਪਨਾ ਨਾਲ ਸ਼ੁਰੂ ਹੋਇਆ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ʼਤੇ ਖ਼ਤਮ ਹੋਵੇਗਾ। ਯੂਹੰਨਾ ਨੇ ਪਰਕਾਸ਼ ਦੀ ਪੋਥੀ ਤਕਰੀਬਨ 96 ਈਸਵੀ ਵਿਚ ਲਿਖੀ ਸੀ ਜਿਸ ਵਿਚ ਇਨ੍ਹਾਂ ਦਰਸ਼ਣਾਂ ਦੀਆਂ ਦਿਲਚਸਪ ਗੱਲਾਂ ਦੱਸੀਆਂ ਗਈਆਂ ਹਨ।
ਆਓ ਆਪਾਂ ਪਰਕਾਸ਼ ਦੀ ਪੋਥੀ 1:1–12:17 ਦੇ ਖ਼ਾਸ ਨੁਕਤਿਆਂ ʼਤੇ ਗੌਰ ਕਰੀਏ। ਇਨ੍ਹਾਂ ਅਧਿਆਵਾਂ ਵਿਚ ਯੂਹੰਨਾ ਦੁਆਰਾ ਦੇਖੇ ਪਹਿਲੇ ਸੱਤ ਦਰਸ਼ਣ ਹਨ। ਸਾਨੂੰ ਇਨ੍ਹਾਂ ਦਰਸ਼ਣਾਂ ਵਿਚ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ ਅੱਜ ਹੋ ਰਹੀਆਂ ਘਟਨਾਵਾਂ ਦਾ ਮਤਲਬ ਸਮਝਾਇਆ ਗਿਆ ਹੈ। ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਜਲਦੀ ਹੀ ਭਵਿੱਖ ਵਿਚ ਕੀ ਕਰੇਗਾ। ਜੋ ਇਨ੍ਹਾਂ ਦਰਸ਼ਣਾਂ ਦੀਆਂ ਗੱਲਾਂ ਨੂੰ ਨਿਹਚਾ ਨਾਲ ਪੜ੍ਹਦੇ ਹਨ, ਉਨ੍ਹਾਂ ਨੂੰ ਦਿਲਾਸਾ ਅਤੇ ਹੌਸਲਾ ਮਿਲਦਾ ਹੈ।—ਇਬ. 4:12.
“ਲੇਲੇ” ਨੇ ਪੋਥੀ ਦੀਆਂ ਸੱਤਾਂ ਵਿੱਚੋਂ ਛੇ ਮੋਹਰਾਂ ਖੋਲ੍ਹੀਆਂ
ਯੂਹੰਨਾ ਨੇ ਪਹਿਲਾਂ ਯਿਸੂ ਮਸੀਹ ਨੂੰ ਪੂਰੇ ਤੇਜ ਵਿਚ ਦੇਖਿਆ। ਫਿਰ ਯੂਹੰਨਾ ਨੂੰ ਇਕ ਤੋਂ ਬਾਅਦ ਇਕ ਸੰਦੇਸ਼ ਮਿਲਿਆ। ਉਸ ਨੂੰ ਇਹ ਸੰਦੇਸ਼ ‘ਇੱਕ ਪੋਥੀ ਵਿੱਚ ਲਿਖਣ ਅਤੇ ਸੱਤਾਂ ਕਲੀਸਿਯਾਂ ਨੂੰ ਘੱਲਣ’ ਲਈ ਕਿਹਾ ਗਿਆ। (ਪਰ. 1:10, 11) ਫਿਰ ਦਰਸ਼ਣ ਵਿਚ ਯੂਹੰਨਾ ਨੇ ਸਵਰਗ ਵਿਚ ਇਕ ਸਿੰਘਾਸਣ ਦੇਖਿਆ। ਸਿੰਘਾਸਣ ʼਤੇ ਬੈਠੇ ਇਕ ਸ਼ਖ਼ਸ ਦੇ ਸੱਜੇ ਹੱਥ ਵਿਚ ਇਕ ਪੋਥੀ ਸੀ ਜਿਸ ʼਤੇ ਸੱਤ ਮੋਹਰਾਂ ਲੱਗੀਆਂ ਹੋਈਆਂ ਸਨ। “ਮੋਹਰਾਂ ਨੂੰ ਤੋੜਨ ਦੇ ਜੋਗ” ਕੌਣ ਸੀ? ਉਹ ‘ਬਬਰ ਸ਼ੇਰ ਸੀ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਸੀ’ ਜਿਸ ਨੂੰ ‘ਇੱਕ ਲੇਲਾ’ ਵੀ ਕਿਹਾ ਗਿਆ ਹੈ “ਜਿਹ ਦੇ ਸੱਤ ਸਿੰਙ ਅਤੇ ਸੱਤ ਅੱਖੀਆਂ ਸਨ।”—ਪਰ. 4:2; 5:1, 2, 5, 6.
ਤੀਜੇ ਦਰਸ਼ਣ ਵਿਚ ਪਤਾ ਲੱਗਦਾ ਹੈ ਕਿ “ਲੇਲੇ” ਦੁਆਰਾ ਇਕ-ਇਕ ਕਰ ਕੇ ਛੇ ਮੋਹਰਾਂ ਤੋੜਨ ʼਤੇ ਕੀ ਹੁੰਦਾ ਹੈ। ਛੇਵੀਂ ਮੋਹਰ ਤੋੜਦਿਆਂ ਹੀ ਵੱਡਾ ਭੁਚਾਲ ਆਇਆ ਅਤੇ ਪਰਮੇਸ਼ੁਰ ਦੇ ਕ੍ਰੋਧ ਦਾ ਵੱਡਾ ਦਿਨ ਆ ਗਿਆ। (ਪਰ. 6:1, 12, 17) ਪਰ ਅਗਲੇ ਦਰਸ਼ਣ ਵਿਚ ‘ਚਾਰ ਦੂਤਾਂ ਨੇ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਉਦੋਂ ਤਕ ਫੜੀ’ ਰੱਖਿਆ ਜਦੋਂ ਤਕ ਸਾਰੇ 1,44,000 ਮੈਂਬਰਾਂ ʼਤੇ ਮੋਹਰ ਨਾ ਲੱਗ ਗਈ। ਅਤੇ ਇਕ “ਵੱਡੀ ਭੀੜ” ਜਿਸ ʼਤੇ ਮੋਹਰ ਨਹੀਂ ਲੱਗੀ “ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ” ਦੇਖੀ ਗਈ।—ਪਰ. 7:1, 9.
ਕੁਝ ਸਵਾਲਾਂ ਦੇ ਜਵਾਬ:
1:4; 3:1; 4:5; 5:6—“ਸੱਤਾਂ ਆਤਮਿਆਂ” ਦਾ ਕੀ ਮਤਲਬ ਹੈ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨੰਬਰ ਸੱਤ ਮੁਕੰਮਲਤਾ ਨੂੰ ਦਰਸਾਉਂਦਾ ਹੈ। ਇਸ ਲਈ “ਸੱਤਾਂ ਕਲੀਸਿਯਾਂ” ਨੂੰ ਭੇਜਿਆ ਸੰਦੇਸ਼ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਦੁਨੀਆਂ ਭਰ ਵਿਚ ਇਕ ਲੱਖ ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਇਕੱਠੇ ਹੁੰਦੇ ਹਨ। (ਪਰ. 1:11, 20) ਯਹੋਵਾਹ ਆਪਣੀ ਉੱਨੀ ਹੀ ਸ਼ਕਤੀ ਦਿੰਦਾ ਹੈ ਜਿੰਨੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦੀ ਹੈ। ਇਸ ਲਈ ‘ਸੱਤ ਆਤਮੇ’ ਲਫ਼ਜ਼ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਸ਼ਕਤੀ ਪੂਰੀ ਤਰ੍ਹਾਂ ਦਿੰਦਾ ਹੈ ਜੋ ਭਵਿੱਖਬਾਣੀ ਵੱਲ ਧਿਆਨ ਦਿੰਦੇ ਹਨ ਤਾਂਕਿ ਉਹ ਇਸ ਨੂੰ ਸਮਝ ਸਕਣ ਅਤੇ ਨਤੀਜੇ ਵਜੋਂ ਬਰਕਤਾਂ ਪਾ ਸਕਣ। ਪਰਕਾਸ਼ ਦੀ ਪੋਥੀ ਦੀਆਂ ਕਈ ਭਵਿੱਖਬਾਣੀਆਂ ਵਿਚ ਸੱਤ-ਸੱਤ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇੱਥੇ ਨੰਬਰ ਸੱਤ ਮੁਕੰਮਲਤਾ ਨੂੰ ਦਰਸਾਉਂਦਾ ਹੈ ਅਤੇ ਇਹ ਕਿਤਾਬ ‘ਪਰਮੇਸ਼ੁਰ ਦੇ ਭੇਤ’ ਦੇ ਪੂਰਾ ਹੋਣ ਦੀ ਗੱਲ ਕਰਦੀ ਹੈ।—ਪਰ. 10:7.
1:8, 17—“ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ” ਖ਼ਿਤਾਬ ਕਿਸ ʼਤੇ ਲਾਗੂ ਹੁੰਦੇ ਹਨ? “ਅਲਫਾ ਅਤੇ ਓਮੇਗਾ” ਖ਼ਿਤਾਬ ਯਹੋਵਾਹ ʼਤੇ ਲਾਗੂ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਯਹੋਵਾਹ ਤੋਂ ਪਹਿਲਾਂ ਨਾ ਕੋਈ ਸਰਬਸ਼ਕਤੀਮਾਨ ਪਰਮੇਸ਼ੁਰ ਸੀ ਅਤੇ ਨਾ ਹੀ ਕੋਈ ਹੋਵੇਗਾ। ਉਹ “ਆਦ ਅਤੇ ਅੰਤ” ਹੈ। (ਪਰ. 21:6; 22:13) ਪਰਕਾਸ਼ ਦੀ ਪੋਥੀ 22:13 ਵਿਚ ਯਹੋਵਾਹ ਨੂੰ “ਪਹਿਲਾ ਅਤੇ ਪਿਛਲਾ” ਕਿਹਾ ਗਿਆ ਹੈ, ਪਰ ਪਰਕਾਸ਼ ਦੀ ਪੋਥੀ ਦੇ ਪਹਿਲੇ ਅਧਿਆਇ ਵਿਚ ਇਹ ਖ਼ਿਤਾਬ ਯਿਸੂ ਮਸੀਹ ʼਤੇ ਲਾਗੂ ਹੁੰਦਾ ਹੈ। ਉਹ ਪਹਿਲਾ ਮਨੁੱਖ ਸੀ ਜਿਸ ਨੂੰ ਸਵਰਗ ਵਿਚ ਅਮਰ ਜੀਵਨ ਦਿੱਤਾ ਗਿਆ ਅਤੇ ਉਹ ਆਖ਼ਰੀ ਮਨੁੱਖ ਸੀ ਜਿਸ ਨੂੰ ਯਹੋਵਾਹ ਨੇ ਖ਼ੁਦ ਜੀਉਂਦਾ ਕੀਤਾ।—ਕੁਲੁ. 1:18.
2:7—‘ਪਰਮੇਸ਼ੁਰ ਦਾ ਫ਼ਿਰਦੌਸ’ ਕੀ ਹੈ? ਇਹ ਸ਼ਬਦ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹੇ ਗਏ ਸਨ, ਇਸ ਲਈ ਇੱਥੇ ਫ਼ਿਰਦੌਸ ਪਰਮੇਸ਼ੁਰ ਦੀ ਹਜ਼ੂਰੀ ਯਾਨੀ ਸਵਰਗ ਨੂੰ ਕਿਹਾ ਗਿਆ ਹੈ। ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਜੀਵਨ ਦੇ ਬਿਰਛ’ ਤੋਂ ਖਾਣ ਦਾ ਅਧਿਕਾਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਅਮਰ ਜੀਵਨ ਮਿਲੇਗਾ।—1 ਕੁਰਿੰ. 15:53.
3:7—ਯਿਸੂ ਨੂੰ “ਦਾਊਦ ਦੀ ਕੁੰਜੀ” ਕਦੋਂ ਮਿਲੀ ਅਤੇ ਉਹ ਇਸ ਕੁੰਜੀ ਨੂੰ ਕਿਵੇਂ ਵਰਤ ਰਿਹਾ ਹੈ? 29 ਈਸਵੀ ਵਿਚ ਬਪਤਿਸਮੇ ਵੇਲੇ ਯਿਸੂ ਨੂੰ ਦਾਊਦ ਦੇ ਘਰਾਣੇ ਵਿੱਚੋਂ ਰਾਜਾ ਚੁਣਿਆ ਗਿਆ ਸੀ। ਪਰ ਯਿਸੂ ਨੂੰ ਦਾਊਦ ਦੀ ਕੁੰਜੀ 33 ਈਸਵੀ ਵਿਚ ਮਿਲੀ ਜਦੋਂ ਉਹ ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਉਸ ਨੂੰ ਦਾਊਦ ਦੇ ਰਾਜ ਦੇ ਸਾਰੇ ਹੱਕ ਦਿੱਤੇ ਗਏ। ਉਦੋਂ ਤੋਂ ਯਿਸੂ ਆਪਣੇ ਰਾਜ ਨੂੰ ਅੱਗੇ ਵਧਾਉਣ ਲਈ ਇਹ ਕੁੰਜੀ ਵਰਤ ਰਿਹਾ ਹੈ। 1919 ਤੋਂ ਯਿਸੂ ਨੇ “ਦਾਊਦ ਦੇ ਘਰ ਦੀ ਕੁੰਜੀ” ਸੰਭਾਲਣ ਦੀ ਜ਼ਿੰਮੇਵਾਰੀ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਮੋਢਿਆਂ ਉੱਤੇ ਰੱਖੀ ਜਦੋਂ ਯਿਸੂ ਨੇ ਉਸ ਨੂੰ ‘ਆਪਣੇ ਸਾਰੇ ਮਾਲ ਮਤੇ’ ਉੱਤੇ ਮੁਖ਼ਤਿਆਰ ਕੀਤਾ।—ਯਸਾ. 22:22; ਮੱਤੀ 24:45, 47.
3:12—ਯਿਸੂ ਦਾ “ਨਵਾਂ ਨਾਮ” ਕੀ ਹੈ? ਇਹ ਨਾਂ ਯਿਸੂ ਦੇ ਨਵੇਂ ਅਹੁਦੇ ਅਤੇ ਸਨਮਾਨਾਂ ਨਾਲ ਸੰਬੰਧ ਰੱਖਦਾ ਹੈ। (ਫ਼ਿਲਿ. 2:9-11) ਜਿੰਨੀ ਚੰਗੀ ਤਰ੍ਹਾਂ ਯਿਸੂ ਇਹ ਨਾਂ ਜਾਣਦਾ ਹੈ, ਉੱਨੀ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣਦਾ। ਯਿਸੂ ਇਹ ਨਾਂ ਸਵਰਗ ਵਿਚ ਆਪਣੇ ਮਸਹ ਕੀਤੇ ਹੋਏ ਵਫ਼ਾਦਾਰ ਭਰਾਵਾਂ ਉੱਤੇ ਲਿਖਦਾ ਹੈ ਜਿਸ ਕਰਕੇ ਉਨ੍ਹਾਂ ਦਾ ਯਿਸੂ ਨਾਲ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ। (ਪਰ. 19:12) ਯਿਸੂ ਆਪਣੇ ਕੁਝ ਸਨਮਾਨ ਉਨ੍ਹਾਂ ਨਾਲ ਸਾਂਝੇ ਕਰਦਾ ਹੈ।
ਸਾਡੇ ਲਈ ਸਬਕ:
1:3. ਕਿਉਂਕਿ ਸ਼ਤਾਨ ਦੀ ਦੁਨੀਆਂ ਦੇ ਨਿਆਂ ਦਾ “ਸਮਾ ਨੇੜੇ ਹੈ,” ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਕਾਸ਼ ਦੀ ਪੋਥੀ ਵਿਚਲੀਆਂ ਗੱਲਾਂ ਸਮਝੀਏ ਅਤੇ ਉਨ੍ਹਾਂ ਅਨੁਸਾਰ ਚੱਲੀਏ।
3:17, 18. ਰੱਬ ਦੀ ਨਿਗਾਹ ਵਿਚ ਧਨਵਾਨ ਹੋਣ ਲਈ ਸਾਨੂੰ ਯਿਸੂ ਤੋਂ “ਅੱਗ ਵਿੱਚ ਤਾਇਆ ਹੋਇਆ ਸੋਨਾ” ਲੈਣ ਦੀ ਲੋੜ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਚੰਗੇ ਕੰਮਾਂ ਵਿਚ ਧਨੀ ਹੋਣਾ ਚਾਹੀਦਾ ਹੈ। (1 ਤਿਮੋ. 6:17-19) ਸਾਨੂੰ “ਚਿੱਟੇ ਬਸਤਰ” ਵੀ ਪਹਿਨਣ ਦੀ ਲੋੜ ਹੈ ਜੋ ਸਾਡੀ ਮਸੀਹ ਦੇ ਚੇਲਿਆਂ ਵਜੋਂ ਪਛਾਣ ਕਰਾਉਂਦੇ ਹਨ। ਇਸ ਦੇ ਨਾਲ-ਨਾਲ “ਸੁਰਮਾ” ਯਾਨੀ ਪਹਿਰਾਬੁਰਜ ਰਸਾਲੇ ਵਗੈਰਾ ਵਿਚ ਪਾਈ ਜਾਂਦੀ ਸਲਾਹ ʼਤੇ ਸਾਨੂੰ ਚੱਲਣ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਨੂੰ ਸਮਝ ਸਕੀਏ।—ਪਰ. 19:8.
7:13, 14. ਚੌਵੀ ਬਜ਼ੁਰਗ ਸਵਰਗ ਵਿਚ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਹਨ ਜੋ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਦੇ ਹਨ। ਇਨ੍ਹਾਂ ਨੂੰ ਪ੍ਰਾਚੀਨ ਇਸਰਾਏਲ ਦੀ ਹੈਕਲ ਵਿਚ ਸੇਵਾ ਕਰ ਰਹੇ ਜਾਜਕਾਂ ਦੁਆਰਾ ਦਰਸਾਇਆ ਗਿਆ ਹੈ ਜਿਨ੍ਹਾਂ ਨੂੰ ਰਾਜਾ ਦਾਊਦ ਨੇ 24 ਵਰਗਾਂ ਵਿਚ ਵੰਡਿਆ ਹੋਇਆ ਸੀ। ਮਸਹ ਕੀਤੇ ਹੋਇਆਂ ਨੂੰ ਸਵਰਗੀ ਜੀਵਨ ਕਦੋਂ ਮਿਲਣਾ ਸ਼ੁਰੂ ਹੋਇਆ? ਦਰਸ਼ਣ ਵਿਚ ਜੀ ਉੱਠੇ 24 ਬਜ਼ੁਰਗਾਂ ਵਿੱਚੋਂ ਇਕ ਨੇ ਯੂਹੰਨਾ ਨੂੰ ਵੱਡੀ ਭੀੜ ਦੀ ਪਛਾਣ ਕਰਾਈ। ਮਸਹ ਕੀਤੇ ਹੋਏ ਮਸੀਹੀਆਂ ਨੂੰ ਵੱਡੀ ਭੀੜ ਦੀ ਪਛਾਣ 1935 ਵਿਚ ਕਰਾਈ ਗਈ ਸੀ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ 1935 ਤੋਂ ਕੁਝ ਸਮਾਂ ਪਹਿਲਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗੀ ਜੀਵਨ ਦਿੱਤਾ ਜਾਣਾ ਸ਼ੁਰੂ ਹੋਇਆ।—ਲੂਕਾ 22:28-30; ਪਰ. 4:4; 7:9.
ਸੱਤਵੀਂ ਮੋਹਰ ਤੋੜਨ ਨਾਲ ਸੱਤ ਤੁਰ੍ਹੀਆਂ ਵਜਾਈਆਂ ਗਈਆਂ
ਲੇਲੇ ਨੇ ਸੱਤਵੀਂ ਮੋਹਰ ਤੋੜੀ ਅਤੇ ਸੱਤਾਂ ਦੂਤਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ। ਛੇਆਂ ਦੂਤਾਂ ਨੇ ਤੁਰ੍ਹੀਆਂ ਵਜਾ ਕੇ ਮਨੁੱਖਜਾਤੀ ਦੇ “ਇੱਕ ਤਿਹਾਈ” ਹਿੱਸੇ ਯਾਨੀ ਈਸਾਈ-ਜਗਤ ਉੱਤੇ ਸਜ਼ਾਵਾਂ ਸੁਣਾਈਆਂ। (ਪਰ. 8:1, 2, 7-12; 9:15, 18) ਇਹ ਸਭ ਕੁਝ ਯੂਹੰਨਾ ਨੇ ਪੰਜਵੇਂ ਦਰਸ਼ਣ ਵਿਚ ਦੇਖਿਆ ਸੀ। ਅਗਲੇ ਦਰਸ਼ਣ ਵਿਚ ਯੂਹੰਨਾ ਨੇ ਛੋਟੀ ਪੋਥੀ ਖਾਧੀ ਅਤੇ ਉਸ ਨੇ ਪਰਮੇਸ਼ੁਰ ਦੀ ਹੈਕਲ ਮਿਣੀ। ਸੱਤਵੀਂ ਤੁਰ੍ਹੀ ਵਜਾਉਣ ਤੋਂ ਬਾਅਦ ਉੱਚੀਆਂ ਆਵਾਜ਼ਾਂ ਵਿਚ ਇਹ ਐਲਾਨ ਹੋਇਆ: “ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ।”—ਪਰ. 10:10; 11:1, 15.
ਸੱਤਵੇਂ ਦਰਸ਼ਣ ਵਿਚ ਪਰਕਾਸ਼ ਦੀ ਪੋਥੀ 11:15, 17 ਵਿਚ ਦਰਜ ਘਟਨਾਵਾਂ ਤੋਂ ਇਲਾਵਾ ਹੋਰ ਘਟਨਾਵਾਂ ਵੀ ਦਿਖਾਈਆਂ ਗਈਆਂ। ਯੂਹੰਨਾ ਨੂੰ ਸਵਰਗ ਵਿਚ ਇਕ ਵੱਡਾ ਨਿਸ਼ਾਨ ਦਿਖਾਈ ਦਿੱਤਾ। ਸਵਰਗੀ ਤੀਵੀਂ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਸ਼ਤਾਨ ਨੂੰ ਸਵਰਗੋਂ ਕੱਢਿਆ ਗਿਆ। ਸਵਰਗੀ ਤੀਵੀਂ ਨਾਲ ਕ੍ਰੋਧਿਤ ਹੋ ਕੇ ਸ਼ਤਾਨ ਨੇ ਤੀਵੀਂ ਦੇ ‘ਵੰਸ ਵਿੱਚੋਂ ਜਿਹੜੇ ਰਹਿੰਦੇ ਹਨ ਓਹਨਾਂ ਨਾਲ ਜੁੱਧ ਕਰਨ ਨੂੰ ਚਲਿਆ ਗਿਆ।’—ਪਰ. 12:1, 5, 9, 17.
ਕੁਝ ਸਵਾਲਾਂ ਦੇ ਜਵਾਬ:
8:1-5—ਸਵਰਗ ਵਿਚ ਚੁੱਪ ਕਿਉਂ ਛਾ ਗਈ ਅਤੇ ਉਸ ਤੋਂ ਬਾਅਦ ਧਰਤੀ ਉੱਤੇ ਕੀ ਸੁੱਟਿਆ ਗਿਆ ਸੀ? ਸਵਰਗ ਵਿਚ ਚੁੱਪ ਛਾ ਗਈ ਤਾਂਕਿ ਧਰਤੀ ਉੱਤੇ ਰਹਿੰਦੇ “ਸੰਤਾਂ ਦੀਆਂ ਪ੍ਰਾਰਥਨਾਂ” ਸੁਣੀਆਂ ਜਾ ਸਕਣ। ਇੱਦਾਂ ਪਹਿਲੇ ਵਿਸ਼ਵ ਯੁੱਧ ਦੇ ਅਖ਼ੀਰ ਵਿਚ ਹੋਇਆ ਸੀ। ਕਈਆਂ ਨੂੰ ਲੱਗਦਾ ਸੀ ਕਿ ਮਸਹ ਕੀਤੇ ਹੋਏ ਮਸੀਹੀ ਪਰਾਈਆਂ ਕੌਮਾਂ ਦੇ ਸਮੇਂ ਖ਼ਤਮ ਹੋਣ ਤੇ ਯਾਨੀ 1914 ਵਿਚ ਸਵਰਗ ਨੂੰ ਜਾਣਗੇ, ਪਰ ਇੱਦਾਂ ਨਹੀਂ ਹੋਇਆ। ਯੁੱਧ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਸਹਿਣੀਆਂ ਪਈਆਂ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਨੂੰ ਸੇਧ ਲਈ ਪ੍ਰਾਰਥਨਾਵਾਂ ਕੀਤੀਆਂ। ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਦੂਤ ਨੇ ਧਰਤੀ ਉੱਤੇ ਮਾਨੋ ਇਕ ਤਰ੍ਹਾਂ ਦੀ ਅੱਗ ਸੁੱਟੀ ਜਿਸ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੇ ਜੋਸ਼ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਗਿਣਤੀ ਵਿਚ ਥੋੜ੍ਹੇ ਸਨ, ਫਿਰ ਵੀ ਉਨ੍ਹਾਂ ਨੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਐਲਾਨ ਕੀਤਾ ਜਿਸ ਨਾਲ ਈਸਾਈ-ਜਗਤ ਵਿਚ ਗੁੱਸੇ ਦੀ ਅੱਗ ਭੜਕ ਉੱਠੀ। ਬਾਈਬਲ ਵਿੱਚੋਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਬੱਦਲ ਦੀਆਂ ਗਰਜਾਂ ਵਾਂਗ ਸੀ ਅਤੇ ਲੋਕਾਂ ਨੂੰ ਦਿੱਤਾ ਜਾ ਰਿਹਾ ਬਾਈਬਲ ਦਾ ਸੱਚਾ ਗਿਆਨ ਬਿਜਲੀ ਦੀਆਂ ਲਿਸ਼ਕਾਂ ਦੀ ਤਰ੍ਹਾਂ ਸੀ। ਇਸ ਨਾਲ ਝੂਠੇ ਧਰਮ ਦੀਆਂ ਨੀਹਾਂ ਹਿਲ ਗਈਆਂ ਜਿਵੇਂ ਭੁਚਾਲ ਦੇ ਨਾਲ ਇਮਾਰਤਾਂ ਹਿਲ ਜਾਂਦੀਆਂ ਹਨ।
8:6-12; 9:1, 13; 11:15—ਸੱਤਾਂ ਦੂਤਾਂ ਨੇ ਤੁਰ੍ਹੀਆਂ ਵਜਾਉਣ ਦੀ ਤਿਆਰੀ ਕਦੋਂ ਕੀਤੀ? ਇਹ ਤੁਰ੍ਹੀਆਂ ਕਦੋਂ ਤੇ ਕਿਵੇਂ ਵਜਾਈਆਂ ਗਈਆਂ? ਸੱਤਾਂ ਤੁਰ੍ਹੀਆਂ ਨੂੰ ਵਜਾਉਣ ਦੀ ਤਿਆਰੀ 1919 ਤੋਂ 1922 ਵਿਚ ਕੀਤੀ ਗਈ ਸੀ ਜਦੋਂ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਵਿਚ ਮੁੜ ਜੋਸ਼ ਭਰਨ ਲਈ ਉਨ੍ਹਾਂ ਨੂੰ ਸੇਧ ਦਿੱਤੀ ਗਈ ਸੀ। ਉਦੋਂ ਮਸਹ ਕੀਤੇ ਹੋਏ ਮਸੀਹੀ ਦੁਬਾਰਾ ਪ੍ਰਚਾਰ ਵਿਚ ਰੁੱਝ ਗਏ ਅਤੇ ਰਸਾਲੇ-ਕਿਤਾਬਾਂ ਛਾਪਣ ਦੀਆਂ ਥਾਵਾਂ ਉਸਾਰਨ ਲੱਗੇ। (ਪਰ. 12:13, 14) ਸੱਤ ਤੁਰ੍ਹੀਆਂ ਦਾ ਵਜਾਇਆ ਜਾਣ ਦਾ ਮਤਲਬ ਹੈ ਪਰਮੇਸ਼ੁਰ ਦੇ ਲੋਕਾਂ ਦੁਆਰਾ ਨਿਡਰਤਾ ਨਾਲ ਸ਼ਤਾਨ ਦੀ ਦੁਨੀਆਂ ਖ਼ਿਲਾਫ਼ ਪਰਮੇਸ਼ੁਰ ਦੇ ਨਿਆਂ ਸੁਣਾਉਣੇ। ਇਸ ਕੰਮ ਵਿਚ ਦੂਤ ਉਨ੍ਹਾਂ ਦਾ ਸਾਥ ਦੇ ਰਹੇ ਸਨ। ਇਹ ਨਿਆਂ ਸੀਡਰ ਪਾਇੰਟ, ਓਹੀਓ ਵਿਚ 1922 ਵਿਚ ਹੋਏ ਜ਼ਿਲ੍ਹਾ ਸੰਮੇਲਨ ਨਾਲ ਸੁਣਾਉਣੇ ਸ਼ੁਰੂ ਹੋਏ ਸਨ ਜੋ ਵੱਡੀ ਬਿਪਤਾ ਦੇ ਆਉਣ ਤਕ ਸੁਣਾਏ ਜਾਂਦੇ ਰਹਿਣਗੇ।
8:13; 9:12; 11:14—ਤਿੰਨ ਆਖ਼ਰੀ ਤੁਰ੍ਹੀਆਂ ਦਾ ਵਜਾਇਆ ਜਾਣਾ ਕਿਸ ਅਰਥ ਵਿਚ “ਹਾਏ” ਹਨ? ਪਹਿਲੀਆਂ ਚਾਰ ਤੁਰ੍ਹੀਆਂ ਉਹ ਐਲਾਨ ਹਨ ਜਿਨ੍ਹਾਂ ਰਾਹੀਂ ਈਸਾਈ-ਜਗਤ ਦਾ ਪਰਦਾ-ਫਾਸ਼ ਕੀਤਾ ਗਿਆ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੁਰਦਾ ਹਨ। ਤਿੰਨ ਆਖ਼ਰੀ ਤੁਰ੍ਹੀਆਂ ਇਸ ਅਰਥ ਵਿਚ “ਹਾਏ” ਹਨ ਕਿਉਂਕਿ ਇਹ ਖ਼ਾਸ ਘਟਨਾਵਾਂ ਨਾਲ ਸੰਬੰਧ ਰੱਖਦੀਆਂ ਹਨ। ਪੰਜਵੀਂ ਤੁਰ੍ਹੀ ਪਰਮੇਸ਼ੁਰ ਦੇ ਲੋਕਾਂ ਨੂੰ 1919 ਵਿਚ “ਅਥਾਹ ਕੁੰਡ” ਵਿੱਚੋਂ ਆਜ਼ਾਦ ਕੀਤੇ ਜਾਣ ਨਾਲ ਸੰਬੰਧ ਰੱਖਦੀ ਹੈ। ਉਸ ਤੋਂ ਪਹਿਲਾਂ ਪ੍ਰਚਾਰ ਕਰਨਾ ਲਗਭਗ ਬੰਦ ਹੋ ਚੁੱਕਾ ਸੀ। ਉਸ ਸਾਲ ਉਨ੍ਹਾਂ ਨੇ ਜੋਸ਼ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਈਸਾਈ-ਜਗਤ ਉੱਤੇ ਇਕ ਬਵਾ ਦੀ ਤਰ੍ਹਾਂ ਸੀ। (ਪਰ. 9:1) ਛੇਵੀਂ ਤੁਰ੍ਹੀ ਦਾ ਸੰਬੰਧ ਟਿੱਡਿਆਂ ਦੇ ਦਲ ਨਾਲ ਹੈ। 1922 ਵਿਚ ਵੱਡੀ ਗਿਣਤੀ ਵਿਚ ਗਵਾਹ ਜ਼ੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਲੱਗ ਪਏ। ਆਖ਼ਰੀ ਤੁਰ੍ਹੀ ਦਾ ਸੰਬੰਧ ਮਸੀਹ ਦੇ ਰਾਜ ਦੇ ਜਨਮ ਨਾਲ ਹੈ।
ਸਾਡੇ ਲਈ ਸਬਕ:
9:10, 19. “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੇ ਜਾਂਦੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਜਾਣਕਾਰੀ ਦਾ ਲੋਕਾਂ ʼਤੇ ਜ਼ਬਰਦਸਤ ਅਸਰ ਪੈਂਦਾ ਹੈ। (ਮੱਤੀ 24:45) ਇਹ ਜਾਣਕਾਰੀ ‘ਅਠੂਹਿਆਂ ਦੀਆਂ ਪੂਛਾਂ’ ਵਰਗੀ ਹੈ ਜੋ ਡੰਗ ਮਾਰਦੀਆਂ ਹਨ ਅਤੇ ਦਲ ਦੇ ਘੋੜਿਆਂ ਵਰਗੀ ਹੈ ਜਿਨ੍ਹਾਂ ਦੀਆਂ “ਪੂਛਾਂ ਸੱਪਾਂ ਵਰਗੀਆਂ” ਹਨ। ਉਹ ਕਿੱਦਾਂ? ਇਹ ਪ੍ਰਕਾਸ਼ਨ “ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ” ਦੀ ਚੇਤਾਵਨੀ ਦਿੰਦੇ ਹਨ। (ਯਸਾ. 61:2) ਇਸ ਲਈ ਆਓ ਆਪਾਂ ਦਲੇਰੀ ਤੇ ਜੋਸ਼ ਨਾਲ ਇਨ੍ਹਾਂ ਪ੍ਰਕਾਸ਼ਨਾਂ ਨੂੰ ਵੰਡੀਏ।
9:20, 21. ਬਹੁਤ ਸਾਰੇ ਨੇਕਦਿਲ ਲੋਕ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਜ਼ਿਆਦਾਤਰ ਲੋਕ ਈਸਾਈ-ਧਰਮ ਨੂੰ ਨਹੀਂ ਮੰਨਦੇ। ਇਹ ਲੋਕ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰ ਰਹੇ ਹਨ। ਪਰ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਬਾਕੀ ‘ਰਹਿੰਦੇ ਮਨੁੱਖ’ ਯਾਨੀ ਹੋਰਨਾਂ ਧਰਮਾਂ ਦੇ ਲੋਕ ਵੱਡੇ ਪੈਮਾਨੇ ʼਤੇ ਸੱਚਾਈ ਵਿਚ ਆਉਣਗੇ। ਫਿਰ ਵੀ ਅਸੀਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਾਂਗੇ।
12:15, 16. “ਧਰਤੀ” ਯਾਨੀ ਸ਼ਤਾਨ ਦੇ ਵੱਸ ਵਿਚ ਵੱਖੋ-ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਯਹੋਵਾਹ ਦੀ ਭਗਤੀ ਕਰਨ ਦੀ ਆਜ਼ਾਦੀ ਦਿੱਤੀ ਹੈ। 1940 ਤੋਂ ਇਨ੍ਹਾਂ ਸਰਕਾਰਾਂ ਨੇ “[ਸਤਾਹਟਾਂ ਦੇ] ਦਰਿਆ ਨੂੰ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ।” ਯਹੋਵਾਹ ਚਾਹੇ, ਤਾਂ ਉਹ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਜਦੋਂ ਮਰਜ਼ੀ ਇਨ੍ਹਾਂ ਸਰਕਾਰਾਂ ਨੂੰ ਵਰਤ ਸਕਦਾ ਹੈ। ਇਸ ਲਈ ਕਹਾਉਤਾਂ 21:1 ਢੁਕਵਾਂ ਹੈ: “ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।” ਇਹ ਜਾਣ ਕੇ ਯਹੋਵਾਹ ʼਤੇ ਸਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਹੈ।