ਸੱਚਾਈ ਦੀ ਰੌਸ਼ਨੀ ਵਿਚ ਚੱਲੋ!
ਹਨੇਰੇ ਵਿਚ ਰਸਤਾ ਲੱਭਣਾ ਔਖਾ ਹੁੰਦਾ ਹੈ। ਨਾ ਦਿੱਸਣ ਕਰਕੇ ਆਦਮੀ ਇੱਧਰ-ਉੱਧਰ ਭਟਕਦਾ ਤੇ ਠੋਕਰਾਂ ਖਾਂਦਾ ਰਹਿੰਦਾ ਹੈ। ਪਰ ਜਦ ਚਾਨਣ ਹੋ ਜਾਂਦਾ ਹੈ, ਤਾਂ ਉਸ ਨੂੰ ਸੁੱਖ ਦਾ ਸਾਹ ਆਉਂਦਾ ਹੈ! ਕਈ ਵਾਰ ਲੋਕ ਅਜਿਹੀ ਸਥਿਤੀ ਜਾਂ ਮੁਸੀਬਤ ਵਿਚ ਹੁੰਦੇ ਹਨ ਜਿਸ ਦੀ ਤੁਲਨਾ ਹਨੇਰੇ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੀ ਮੁਸ਼ਕਲ ਵਿੱਚੋਂ ਨਿਕਲਣ ਦਾ ਰਾਹ ਨਜ਼ਰ ਨਹੀਂ ਆਉਂਦਾ। ਫਿਰ ਹੌਲੀ-ਹੌਲੀ ਉਸ ਨੂੰ ਰੌਸ਼ਨੀ ਦੀ ਕਿਰਨ ਨਜ਼ਰ ਆਉਂਦੀ ਹੈ ਜਦ ਉਸ ਨੂੰ ਆਪਣੀ ਮੁਸ਼ਕਲ ਦਾ ਹੱਲ ਨਜ਼ਰ ਆਉਣ ਲੱਗਦਾ ਹੈ। ਹਨੇਰੇ ਵਿੱਚੋਂ ਨਿਕਲ ਕੇ ਚਾਨਣ ਵਿਚ ਆਉਣ ਨਾਲ ਕਿੰਨਾ ਸਕੂਨ ਮਿਲਦਾ ਹੈ!
ਪਹਿਲੀ ਸਦੀ ਵਿਚ ਜ਼ਿਆਦਾਤਰ ਲੋਕ ਰੱਬ ਤੋਂ ਦੂਰ ਹੋ ਚੁੱਕੇ ਸਨ ਯਾਨੀ ਕਿ ਉਹ ਅਧਿਆਤਮਿਕ ਹਨੇਰੇ ਵਿਚ ਸਨ। ਆਪਣੇ ਪੁਰਾਣੇ ਵਿਸ਼ਵਾਸ ਤਿਆਗ ਕੇ ਯਿਸੂ ਦੀ ਸਿੱਖਿਆ ਅਪਣਾਉਣ ਵਾਲੇ ਲੋਕਾਂ ਬਾਰੇ ਪਤਰਸ ਰਸੂਲ ਨੇ ਕਿਹਾ: “[ਪਰਮੇਸ਼ੁਰ] ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।” (1 ਪਤਰਸ 2:9) ਉਨ੍ਹਾਂ ਵਾਸਤੇ ਇੱਦਾਂ ਸੀ ਜਿਵੇਂ ਉਹ ਘੁੱਪ ਹਨੇਰੇ ਵਿੱਚੋਂ ਨਿਕਲ ਕੇ ਦਿਨ ਦੇ ਚਾਨਣ ਵਿਚ ਆ ਗਏ ਸਨ। ਕਿਹਾ ਜਾ ਸਕਦਾ ਹੈ ਕਿ ਉਹ ਪਹਿਲਾਂ ਬਿਨਾਂ ਕਿਸੇ ਆਸ ਤੋਂ ਇਕੱਲੇ ਜੀਵਨ ਜੀ ਰਹੇ ਸਨ। ਫਿਰ ਉਹ ਅਜਿਹੇ ਪਰਿਵਾਰ ਦੇ ਮੈਂਬਰ ਬਣ ਗਏ ਸਨ ਜਿਨ੍ਹਾਂ ਕੋਲ ਸੁਨਹਿਰੇ ਭਵਿੱਖ ਦੀ ਆਸ ਸੀ।—ਅਫ਼ਸੀਆਂ 2:1, 12.
“ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ”
ਪਹਿਲੀ ਸਦੀ ਦੇ ਮਸੀਹੀਆਂ ਨੂੰ “ਸਚਿਆਈ” ਯਾਨੀ ਸੱਚੀ ਮਸੀਹੀਅਤ ਦਾ ਰਾਹ ਲੱਭ ਪਿਆ ਸੀ। (ਯੂਹੰਨਾ 18:37) ਇਸ ਸੱਚਾਈ ਨੇ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕੀਤਾ ਸੀ। ਇਸ ਸਦਕਾ ਉਹ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਪਾਏ। ਉਹ ਅਧਿਆਤਮਿਕ ਹਨੇਰੇ ਵਿੱਚੋਂ ਨਿਕਲ ਕੇ ਸੱਚਾਈ ਦੇ ਰਾਹ ਤੇ ਤੁਰ ਪਏ। ਪਹਿਲਾਂ-ਪਹਿਲ ਉਹ ਸੱਚਾਈ ਲਈ ਬੜੇ ਜੋਸ਼ੀਲੇ ਸਨ, ਪਰ ਫਿਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ। ਇਹ ਗੰਭੀਰ ਸਮੱਸਿਆ ਪਹਿਲੀ ਸਦੀ ਦੇ ਅੰਤ ਵਿਚ ਅਫ਼ਸੁਸ ਦੀ ਕਲੀਸਿਯਾ ਵਿਚ ਪੈਦਾ ਹੋ ਗਈ ਸੀ। ਯਿਸੂ ਨੇ ਉਨ੍ਹਾਂ ਨੂੰ ਸਵਰਗੋਂ ਇਹ ਸੰਦੇਸ਼ ਘੱਲਿਆ ਸੀ: “ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈਂ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ!” (ਪਰਕਾਸ਼ ਦੀ ਪੋਥੀ 2:4, 5) ਅਫ਼ਸੁਸ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਲਈ ਤੇ ਸੱਚਾਈ ਲਈ ਆਪਣੇ ਪਿਆਰ ਨੂੰ ਫਿਰ ਜਗਾਉਣ ਦੀ ਲੋੜ ਸੀ।
ਸਾਡੇ ਬਾਰੇ ਕੀ? ਪਰਮੇਸ਼ੁਰ ਨੇ ਸਾਡੇ ਤੇ ਆਪਣੇ ਬਚਨ ਦਾ ਚਾਨਣ ਚਮਕਾਇਆ ਹੈ ਜਿਸ ਕਰਕੇ ਅਸੀਂ ਸੱਚਾਈ ਸਿੱਖੀ ਹੈ। ਸਾਨੂੰ ਇਹ ਚਾਨਣ ਬਹੁਤ ਪਿਆਰਾ ਹੈ। ਪਰ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਅਸੀਂ ਸੱਚਾਈ ਵਿਚ ਢਿੱਲੇ ਪੈ ਸਕਦੇ ਹਾਂ ਤੇ ਇਸ ਦੇ ਨਾਲ-ਨਾਲ ਸਾਨੂੰ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਅਸੀਂ ਉਸ “ਭੈੜੇ ਸਮੇਂ” ਵਿਚ ਰਹਿ ਰਹੇ ਹਾਂ ਜਿਸ ਵਿਚ ਲੋਕ “ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ” ਹਨ। (2 ਤਿਮੋਥਿਉਸ 3:1, 2) ਅਜਿਹੇ ਲੋਕ ਪਰਮੇਸ਼ੁਰ ਲਈ ਸਾਡੇ ਜੋਸ਼ ਤੇ ਪਿਆਰ ਨੂੰ ਠੰਢਾ ਕਰ ਸਕਦੇ ਹਨ।
ਜੇ ਸਾਡੇ ਨਾਲ ਇੱਦਾਂ ਹੋਇਆ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ‘ਕਿੱਥੋਂ ਡਿੱਗੇ ਹਾਂ ਅਤੇ ਤੋਬਾ ਕਰਨੀ’ ਚਾਹੀਦੀ ਹੈ। ਸਾਨੂੰ ਆਪਣੇ ਅੰਦਰ ਫਿਰ ਤੋਂ ਸੱਚਾਈ ਲਈ ਪਿਆਰ ਪੈਦਾ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸੱਚਾਈ ਕਿੰਨੀ ਅਨਮੋਲ ਹੈ। ਤਾਂ ਫਿਰ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਰਾਹ ਤੇ ਚਲੀਏ ਅਤੇ ਉਸ ਲਈ ਆਪਣੇ ਪ੍ਰੇਮ ਨੂੰ ਕਦੇ ਵੀ ਠੰਢਾ ਨਾ ਪੈਣ ਦੇਈਏ!
‘ਸਚਿਆਈ ਸਾਨੂੰ ਆਜ਼ਾਦ ਕਰਦੀ ਹੈ’
ਸੱਚਾਈ ਸੱਚ-ਮੁੱਚ ਸਾਡੇ ਲਈ ਅਨਮੋਲ ਹੈ ਕਿਉਂਕਿ ਇਹ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ ਤੇ ਰੌਸ਼ਨੀ ਪਾਉਂਦੀ ਹੈ ਜਿਨ੍ਹਾਂ ਨੇ ਸਦੀਆਂ ਤੋਂ ਇਨਸਾਨਾਂ ਨੂੰ ਪਰੇਸ਼ਾਨ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਸਵਾਲ ਹਨ: ਅਸੀਂ ਇੱਥੇ ਕਿਉਂ ਹਾਂ? ਜ਼ਿੰਦਗੀ ਦਾ ਮਕਸਦ ਕੀ ਹੈ? ਦੁਨੀਆਂ ਵਿਚ ਬੁਰਾਈ ਕਿਉਂ ਹੈ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਯਹੋਵਾਹ ਨੇ ਬਾਈਬਲ ਦੀਆਂ ਸੱਚਾਈਆਂ ਰਾਹੀਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਉੱਤੇ ਰੌਸ਼ਨੀ ਪਾਈ ਹੈ। ਕੀ ਸਾਨੂੰ ਉਸ ਦੇ ਦਿਲੋਂ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ? ਆਓ ਆਪਾਂ ਇਨ੍ਹਾਂ ਅਨਮੋਲ ਸੱਚਾਈਆਂ ਪ੍ਰਤੀ ਕਦੇ ਵੀ ਬੇਕਦਰੇ ਨਾ ਹੋਈਏ।
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਯਿਸੂ ਦੀ ਕੁਰਬਾਨੀ ਸਦਕਾ ਸਾਡੇ ਲਈ ਪਾਪ ਤੇ ਮੌਤ ਤੋਂ ਛੁਟਕਾਰਾ ਮਿਲਣਾ ਮੁਮਕਿਨ ਹੋਇਆ ਹੈ। ਇਸ ਦੇ ਨਾਲ-ਨਾਲ ਜ਼ਰਾ ਸੋਚੋ ਕਿ ਇਸ ਸੱਚਾਈ ਨੇ ਕਿਵੇਂ ਸਾਨੂੰ ਨਿਰਾਸ਼ਾ ਦੇ ਹਨੇਰੇ ਵਿੱਚੋਂ ਕੱਢ ਕੇ ਚਿੰਤਾਵਾਂ ਤੋਂ ਮੁਕਤ ਕੀਤਾ ਹੈ। ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਤੇ ਸੋਚ-ਵਿਚਾਰ ਅਤੇ ਮਨਨ ਕਰਨ ਨਾਲ ਯਹੋਵਾਹ ਤੇ ਬਾਈਬਲ ਲਈ ਸਾਡਾ ਪਿਆਰ ਹੋਰ ਵੀ ਵਧੇਗਾ।
ਥੱਸਲੁਨੀਕਾ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ।” (1 ਥੱਸਲੁਨੀਕੀਆਂ 2:13) ਉਨ੍ਹਾਂ ਮਸੀਹੀਆਂ ਨੇ ਪਰਮੇਸ਼ੁਰ ਦੇ ‘ਬਚਨ ਨੂੰ ਅਨੰਦ ਨਾਲ ਕਬੂਲ’ ਕੀਤਾ ਅਤੇ ਉਹ “ਅਨ੍ਹੇਰੇ ਵਿੱਚ” ਨਹੀਂ ਰਹੇ ਸਗੋਂ “ਚਾਨਣ ਦੇ ਪੁੱਤ੍ਰ” ਬਣ ਗਏ। (1 ਥੱਸਲੁਨੀਕੀਆਂ 1:4-7; 5:4, 5) ਪਰਮੇਸ਼ੁਰ ਦੇ ਬਚਨ ਵਿੱਚੋਂ ਉਨ੍ਹਾਂ ਨੇ ਸਿੱਖਿਆ ਕਿ ਯਹੋਵਾਹ ਹੀ ਸਿਰਜਣਹਾਰ ਹੈ ਤੇ ਉਹੀ ਸਰਬਸ਼ਕਤੀਮਾਨ ਤੇ ਬੁੱਧਵਾਨ ਹੈ ਜੋ ਹਮੇਸ਼ਾ ਪਿਆਰ ਤੇ ਦਇਆ ਨਾਲ ਪੇਸ਼ ਆਉਂਦਾ ਹੈ। ਯਿਸੂ ਦੇ ਹੋਰ ਚੇਲਿਆਂ ਵਾਂਗ ਉਨ੍ਹਾਂ ਨੇ ਇਹ ਵੀ ਸਿੱਖਿਆ ਕਿ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇ ਜ਼ਰੀਏ ਉਨ੍ਹਾਂ ਦੇ ਪਾਪ ਮਿਟਾਉਣ ਦਾ ਪ੍ਰਬੰਧ ਕੀਤਾ।—ਰਸੂਲਾਂ ਦੇ ਕਰਤੱਬ 3:19-21.
ਬੇਸ਼ੱਕ ਥੱਸਲੁਨੀਕਾ ਦੇ ਮਸੀਹੀਆਂ ਨੂੰ ਸੱਚਾਈ ਦਾ ਪੂਰਾ ਗਿਆਨ ਨਹੀਂ ਸੀ, ਪਰ ਉਨ੍ਹਾਂ ਨੂੰ ਇਹ ਪਤਾ ਸੀ ਕਿ ਸਹੀ ਗਿਆਨ ਸਿਰਫ਼ ਪਰਮੇਸ਼ੁਰ ਦੇ ਬਚਨ ਵਿਚ ਹੀ ਪਾਇਆ ਜਾਂਦਾ ਹੈ। ਹਾਂ, ਪਰਮੇਸ਼ੁਰ ਦਾ ਬਚਨ ਉਸ ਦੇ ਭਗਤਾਂ ਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰ ਸਕਦਾ ਹੈ। (2 ਤਿਮੋਥਿਉਸ 3:16, 17) ਥੱਸਲੁਨੀਕਾ ਦੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਗਿਆਨ ਹਾਸਲ ਕਰ ਕੇ ਆਪਣੀਆਂ ਜ਼ਿੰਦਗੀ ਵਿਚ ਬਰਕਤਾਂ ਹੀ ਬਰਕਤਾਂ ਪਾ ਸਕਦੇ ਸਨ। ਉਨ੍ਹਾਂ ਕੋਲ ਹਰ ਪਲ ਖ਼ੁਸ਼ ਰਹਿਣ ਦੇ ਕਈ ਕਾਰਨ ਸਨ। (1 ਥੱਸਲੁਨੀਕੀਆਂ 5:16) ਸਾਡੇ ਕੋਲ ਵੀ ਅੱਜ ਖ਼ੁਸ਼ੀ ਮਨਾਉਣ ਦੇ ਕਈ ਕਾਰਨ ਹਨ।
ਸਾਡੇ ਰਾਹ ਦਾ ਚਾਨਣ ਹੈ
ਪਰਮੇਸ਼ੁਰ ਦੇ ਬਚਨ ਦੇ ਗੁਣ ਗਾਉਂਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰਾਂ ਦੀ ਪੋਥੀ 119:105) ਉਸ ਦੇ ਬਚਨ ਦੀ ਸੇਧ ਵਿਚ ਚੱਲਣ ਨਾਲ ਸਾਡੀ ਜ਼ਿੰਦਗੀ ਦਾ ਰਾਹ ਪੱਧਰਾ ਹੋ ਜਾਏਗਾ। ਅਸੀਂ ਠੋਕਰਾਂ ਖਾਣ ਤੋਂ ਬਚਾਂਗੇ ਤੇ ਮਕਸਦ ਭਰੀ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ। ਸੱਚਾਈ ਨੂੰ ਜਾਣਨ ਤੇ ਇਸ ਉੱਤੇ ਚੱਲਣ ਤੋਂ ਬਾਅਦ ਅਸੀਂ “ਉਨ੍ਹਾਂ ਲੋਕਾਂ ਵਰਗੇ ਨਹੀਂ ਹੋਵਾਂਗੇ ਜਿਹੜੇ ਉਸ ਜਹਾਜ਼ ਵਾਂਙ ਆਪਣੀ ਦਿਸ਼ਾ ਬਦਲਦੇ ਹਨ ਜਿਸ ਨੂੰ ਲਹਿਰਾਂ ਇੱਕ ਪਾਸਿਓਂ ਦੂਸਰੇ ਪਾਸੇ ਲੈ ਜਾਂਦੀਆਂ ਹਨ। ਅਸੀਂ ਉਨ੍ਹਾਂ ਉਪਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਵਾਂਗੇ ਜੋ ਅਸੀਂ ਉਨ੍ਹਾਂ ਲੋਕਾਂ ਤੋਂ ਪ੍ਰਾਪਤ ਕਰਦੇ ਹਾਂ ਜੋ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।”—ਅਫ਼ਸੀਆਂ 4:14, ਈਜ਼ੀ ਟੂ ਰੀਡ ਵਰਯਨ।
ਬਾਈਬਲ ਕਹਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” ਬਾਈਬਲ ਵਿਚ ਇਹ ਵੀ ਲਿਖਿਆ ਹੈ ਕਿ “ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!” (ਜ਼ਬੂਰਾਂ ਦੀ ਪੋਥੀ 146:3, 5) ਇਸ ਤੋਂ ਇਲਾਵਾ, ਯਹੋਵਾਹ ਤੇ ਭਰੋਸਾ ਰੱਖ ਕੇ ਅਸੀਂ ਕਿਸੇ ਵੀ ਕਿਸਮ ਦੇ ਡਰ ਤੇ ਕਾਬੂ ਪਾ ਸਕਦੇ ਹਾਂ ਤੇ ਚਿੰਤਾ ਸਹਿ ਸਕਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਪਰਮੇਸ਼ੁਰ ਦੇ ਬਚਨ ਦੀ ਰੌਸ਼ਨੀ ਵਿਚ ਚੱਲ ਕੇ ਸਾਨੂੰ ਵਾਕਈ ਫ਼ਾਇਦਾ ਹੁੰਦਾ ਹੈ।
ਦੁਨੀਆਂ ਵਿਚ ਆਪਣਾ ਚਾਨਣ ਚਮਕਾਓ
ਇਕ ਹੋਰ ਕਾਰਨ ਕਰਕੇ ਵੀ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਮਿਲੀ ਰੌਸ਼ਨੀ ਲਈ ਸ਼ੁਕਰਗੁਜ਼ਾਰ ਹਾਂ। ਇਸ ਰੌਸ਼ਨੀ ਕਰਕੇ ਅਸੀਂ ਇਹ ਗੱਲ ਸਮਝ ਪਾਏ ਹਾਂ ਕਿ ਯਹੋਵਾਹ ਨੇ ਇਨਸਾਨਾਂ ਨੂੰ ਬਹੁਤ ਹੀ ਵੱਡਾ ਕੰਮ ਦਿੱਤਾ ਹੈ। ਇਸ ਕੰਮ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” ਆਪਣੇ ਚੇਲਿਆਂ ਨੂੰ ਇਹ ਹੁਕਮ ਦੇਣ ਤੋਂ ਪਹਿਲਾਂ ਉਸ ਨੇ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।”—ਮੱਤੀ 28:18-20.
ਇਸ ਬਾਰੇ ਵੀ ਸੋਚੋ ਕਿ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਫੈਲਾਉਣ ਅਤੇ ਲੋਕਾਂ ਨੂੰ ਬਾਈਬਲ ਸੱਚਾਈਆਂ ਸਿਖਾਉਣ ਵਿਚ ਕੌਣ ਸੱਚੇ ਮਸੀਹੀਆਂ ਦੀ ਸਹਾਇਤਾ ਕਰ ਰਿਹਾ ਹੈ। ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨਾਲ ਹੋਵੇਗਾ। ਇਹ ਗੱਲ ਸਾਫ਼ ਹੈ ਕਿ ਪ੍ਰਚਾਰ ਦੇ ਕੰਮ ਵਿਚ ਅਤੇ ਹੋਰ ‘ਸ਼ੁਭ ਕਰਮਾਂ’ ਰਾਹੀਂ ਆਪਣਾ ‘ਚਾਨਣ ਮਨੁੱਖਾਂ ਦੇ ਸਾਹਮਣੇ ਚਮਕਾਉਣ’ ਵਿਚ ਯਿਸੂ ਵਾਕਈ ਸਾਡੀ ਮਦਦ ਕਰ ਰਿਹਾ ਹੈ। (ਮੱਤੀ 5:14-16) ਇਸ ਪ੍ਰਚਾਰ ਦੇ ਕੰਮ ਵਿਚ ਦੂਤ ਵੀ ਸਾਡੀ ਮਦਦ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 14:6) ਅਤੇ ਯਹੋਵਾਹ ਪਰਮੇਸ਼ੁਰ ਬਾਰੇ ਕੀ? ਪੌਲੁਸ ਰਸੂਲ ਨੇ ਲਿਖਿਆ: “ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।” ਸਾਡੇ ਲਈ ਇਹ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਇਸ ਕੰਮ ਵਿਚ “ਪਰਮੇਸ਼ੁਰ ਦੇ ਸਾਂਝੀ” ਹਾਂ!—1 ਕੁਰਿੰਥੀਆਂ 3:6, 9.
ਯਹੋਵਾਹ ਪਰਮੇਸ਼ੁਰ ਨੇ ਖ਼ੁਸ਼ ਖ਼ਬਰੀ ਨੂੰ ਫੈਲਾਉਣ ਦੇ ਸਾਡੇ ਜਤਨਾਂ ਤੇ ਵੀ ਬਰਕਤਾਂ ਪਾਈਆਂ ਹਨ। ਅਸੀਂ ਦੇਖ ਸਕਦੇ ਹਾਂ ਕਿ ‘ਜਗਤ ਉੱਤੇ ਜੋਤਾਂ ਵਾਂਙੁ ਚਮਕਣਾ’ ਪਰਮੇਸ਼ੁਰ ਵੱਲੋਂ ਮਿਲਿਆ ਇਹ ਸਨਮਾਨ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਕੀਮਤੀ ਹੈ। ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਪਰਮੇਸ਼ੁਰ ਦੇ ਬਚਨ ਦੀ ਰੌਸ਼ਨੀ ਨੂੰ ਫੈਲਾ ਕੇ ਨੇਕਦਿਲ ਇਨਸਾਨਾਂ ਦੀ ਸੱਚਾਈ ਵਿਚ ਆਉਣ ਵਿਚ ਮਦਦ ਕਰਦੇ ਹਾਂ। (ਫ਼ਿਲਿੱਪੀਆਂ 2:15) ਅਸੀਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨ ਤੇ ਸਿਖਾਉਣ ਦੇ ਕੰਮ ਵਿਚ ਲੱਗੇ ਰਹਿ ਸਕਦੇ ਹਾਂ ‘ਕਿਉਂ ਜੋ ਪਰਮੇਸ਼ੁਰ ਕੁਨਿਆਈ ਨਹੀਂ ਜੋ ਸਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਅਸੀਂ ਉਹ ਦੇ ਨਾਮ ਨਾਲ ਵਿਖਾਇਆ।’—ਇਬਰਾਨੀਆਂ 6:10.
“ਆਪਣੀਆਂ ਅੱਖਾਂ ਵਿਚ ਪਾਉਣ ਲਈ ਦਵਾਈ ਖਰੀਦੋ”
ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਸੰਦੇਸ਼ ਵਿਚ ਲਾਉਦਿਕੀਆ ਦੀ ਕਲੀਸਿਯਾ ਨੂੰ ਕਿਹਾ: “ਮੇਰੇ ਪਾਸੋਂ . . . ਆਪਣੀਆਂ ਅੱਖਾਂ ਵਿਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁਚ ਦੇਖ ਸਕੋਗੇ। ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ।” (ਪਰਕਾਸ਼ ਦੀ ਪੋਥੀ 3:18, 19, ਈਜ਼ੀ ਟੂ ਰੀਡ) ਅੱਖਾਂ ਲਈ “ਦਵਾਈ” ਯਾਨੀ ਰੂਹਾਨੀ ਤੌਰ ਤੇ ਅੱਖਾਂ ਨੂੰ ਠੀਕ ਕਰਨ ਦਾ ਇੱਕੋ-ਇਕ ਇਲਾਜ ਹੈ ਯਿਸੂ ਦੀਆਂ ਸਿੱਖਿਆਵਾਂ। ਜੇ ਅਸੀਂ ਅਧਿਆਤਮਿਕ ਤੌਰ ਤੇ ਤੰਦਰੁਸਤ ਰਹਿਣਾ ਚਾਹੁੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸਿੱਖਿਆ ਨੂੰ ਕਬੂਲ ਕਰੀਏ ਅਤੇ ਉਸ ਤੇ ਚੱਲੀਏ। ਇਸ ਦੇ ਨਾਲ-ਨਾਲ ਸਾਨੂੰ ਬਾਈਬਲ ਦੀ ਸਲਾਹ ਉੱਤੇ ਵੀ ਚੱਲਣਾ ਚਾਹੀਦਾ ਹੈ। ਸਾਨੂੰ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲਣ ਦੀ ਲੋੜ ਹੈ। (ਫ਼ਿਲਿੱਪੀਆਂ 2:5; 1 ਪਤਰਸ 2:21) ਪਰ ਇਹ ਦਵਾਈ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਯਿਸੂ ਨੇ ਕਿਹਾ ਸੀ: ‘ਮੇਰੇ ਪਾਸੋਂ ਖਰੀਦੋ।’ ਇਸ ਦੀ ਕੀਮਤ ਸਾਡਾ ਸਮਾਂ ਅਤੇ ਮਿਹਨਤ ਹੈ।
ਜਦ ਅਸੀਂ ਘੁੱਪ ਹਨੇਰੇ ਵਿੱਚੋਂ ਨਿਕਲ ਕੇ ਰੌਸ਼ਨੀ ਵਿਚ ਕਦਮ ਰੱਖਦੇ ਹਾਂ, ਤਾਂ ਅੱਖਾਂ ਥੋੜ੍ਹੀਆਂ ਜਿਹੀਆਂ ਚੁੰਧਿਆ ਜਾਂਦੀਆਂ ਹਨ। ਸਾਨੂੰ ਸਭ ਕੁਝ ਇਕਦਮ ਸਾਫ਼ ਨਜ਼ਰ ਨਹੀਂ ਆਉਂਦਾ। ਇਹੀ ਗੱਲ ਪਰਮੇਸ਼ੁਰ ਦੇ ਬਚਨ ਬਾਰੇ ਵੀ ਸੱਚ ਹੈ। ਉਸ ਦਾ ਸਹੀ ਗਿਆਨ ਪਾਉਣ ਲਈ ਸਾਨੂੰ ਸਟੱਡੀ ਕਰਨ ਲਈ ਸਮਾਂ ਲਾਉਣਾ ਪਵੇਗਾ। ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਲਈ ਮਨਨ ਕਰਨਾ ਜ਼ਰੂਰੀ ਹੈ ਤੇ ਇਸ ਲਈ ਵੀ ਸਮਾਂ ਚਾਹੀਦਾ ਹੈ। ਇਸ ਵਿਚ ਸਮਾਂ ਲਗਾਉਣ ਤੇ ਸਾਨੂੰ ਜੋ ਬਰਕਤਾਂ ਮਿਲਦੀਆਂ ਹਨ, ਉਹ ਕਿਸੇ ਵੀ ਕੀਮਤ ਦੇ ਮੁਕਾਬਲੇ ਜ਼ਿਆਦਾ ਹਨ।
[ਸਫ਼ਾ 14 ਉੱਤੇ ਤਸਵੀਰ]
“ਮੇਰੇ ਪਾਸੋਂ . . . ਆਪਣੀਆਂ ਅੱਖਾਂ ਵਿਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁਚ ਦੇਖ ਸਕੋਗੇ।”