ਪਾਠਕਾਂ ਵੱਲੋਂ ਸਵਾਲ
ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਬਾਗ਼ੀ ਦੂਤ ਕਿੱਥੇ ਹੋਣਗੇ?
ਬਾਈਬਲ ਸਿੱਧੇ ਤੌਰ ਤੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੀ। ਪਰ ਅਸੀਂ ਬਾਈਬਲ ਵਿਚ ਦੱਸੀਆਂ ਕਈ ਗੱਲਾਂ ਨੂੰ ਪੜ੍ਹ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਬਾਗ਼ੀ ਦੂਤ ਕਿੱਥੇ ਹੋਣਗੇ।
ਯੂਹੰਨਾ ਰਸੂਲ ਕੁਝ ਜਾਣਕਾਰੀ ਦਿੰਦਾ ਹੈ ਕਿ ਹਜ਼ਾਰ ਸਾਲ ਦੇ ਸ਼ੁਰੂ ਵਿਚ ਅਤੇ ਅਖ਼ੀਰ ਵਿਚ ਕੀ ਹੋਵੇਗਾ। ਉਹ ਦੱਸਦਾ ਹੈ: “ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ। ਇਹ ਦੇ ਮਗਰੋਂ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ।” (ਪਰਕਾਸ਼ ਦੀ ਪੋਥੀ 20:1-3) ਇਨ੍ਹਾਂ ਆਇਤਾਂ ਵਿਚ ਸਿਰਫ਼ ਇਹੀ ਦੱਸਿਆ ਗਿਆ ਹੈ ਕਿ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ ਅਤੇ ਫਿਰ ਥੋੜ੍ਹੇ ਸਮੇਂ ਲਈ ਆਜ਼ਾਦ ਕੀਤਾ ਜਾਵੇਗਾ। ਭਾਵੇਂ ਇੱਥੇ ਬਾਗ਼ੀ ਦੂਤਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਫਿਰ ਵੀ ਇਹ ਅੰਦਾਜ਼ਾ ਲਾਉਣਾ ਸਹੀ ਹੋਵੇਗਾ ਕਿ ਜਦੋਂ ਮਹਿਮਾਵਾਨ ਯਿਸੂ ਮਸੀਹ, ਜਿਸ ਕੋਲ ਅਥਾਹ ਕੁੰਡ ਦੀ ਕੁੰਜੀ ਹੈ, ਇਬਲੀਸ ਨੂੰ ਫੜ ਕੇ ਅਥਾਹ ਕੁੰਡ ਵਿਚ ਸੁੱਟੇਗਾ, ਤਾਂ ਉਹ ਬਾਗ਼ੀ ਦੂਤਾਂ ਨੂੰ ਵੀ ਉਸ ਦੇ ਨਾਲ ਸੁੱਟੇਗਾ।—ਪਰਕਾਸ਼ ਦੀ ਪੋਥੀ 9:11.
ਸਾਲ 1914 ਵਿਚ ਸਵਰਗ ਵਿਚ ਰਾਜਾ ਬਣਨ ਤੋਂ ਬਾਅਦ ਯਿਸੂ ਮਸੀਹ ਨੇ ਸ਼ਤਾਨ ਅਤੇ ਬਾਗ਼ੀ ਦੂਤਾਂ ਖ਼ਿਲਾਫ਼ ਕਾਰਵਾਈ ਕੀਤੀ। ਪਰਕਾਸ਼ ਦੀ ਪੋਥੀ 12:7-9 ਵਿਚ ਇਸ ਬਾਰੇ ਦੱਸਿਆ ਹੈ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ [ਬਾਗ਼ੀ ਦੂਤ]। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।” ਉਸ ਤੋਂ ਬਾਅਦ ਸ਼ਤਾਨ ਅਤੇ ਉਸ ਦੇ ਦੂਤਾਂ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ। ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਜਦੋਂ ਯਿਸੂ ਮਸੀਹ ਲੋਕਾਂ ਨੂੰ ਸ਼ਤਾਨ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਉਸ ਉੱਤੇ ਹੋਰ ਪਾਬੰਦੀਆਂ ਲਾਵੇਗਾ, ਤਾਂ ਉਹ ਬਾਗ਼ੀ ਦੂਤਾਂ ਨਾਲ ਵੀ ਇਸੇ ਤਰ੍ਹਾਂ ਕਰੇਗਾ।
ਬਾਈਬਲ ਦੀ ਪਹਿਲੀ ਭਵਿੱਖਬਾਣੀ ਉੱਤੇ ਵੀ ਗੌਰ ਕਰੋ। ਇਸ ਭਵਿੱਖਬਾਣੀ ਵਿਚ ਕਿਹਾ ਗਿਆ ਹੈ: “ਤੇਰੇ [ਸ਼ਤਾਨ] ਤੇ ਤੀਵੀਂ [ਯਹੋਵਾਹ ਦਾ ਸਵਰਗੀ ਸੰਗਠਨ] ਵਿੱਚ ਅਤੇ ਤੇਰੀ [ਸ਼ਤਾਨ ਦੀ] ਸੰਤਾਨ ਤੇ ਤੀਵੀਂ ਦੀ ਸੰਤਾਨ [ਯਿਸੂ ਮਸੀਹ] ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਸ਼ਤਾਨ ਦੇ ਸਿਰ ਨੂੰ ਫੇਹਣ ਵਿਚ ਇਹ ਵੀ ਸ਼ਾਮਲ ਹੈ ਕਿ ਉਸ ਨੂੰ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। ਇਸ ਭਵਿੱਖਬਾਣੀ ਵਿਚ ਅੱਗੇ ਕਿਹਾ ਗਿਆ ਹੈ ਕਿ ਸ਼ਤਾਨ ਦਾ ਸਿਰ ਫੇਹਣ ਵਾਲੇ ਦਾ ਸ਼ਤਾਨ ਦੀ ਸੰਤਾਨ ਨਾਲ ਵੈਰ ਹੋਵੇਗਾ। ਸ਼ਤਾਨ ਦੀ ਸੰਤਾਨ ਜਾਂ ਸੰਗਠਨ ਵਿਚ ਦੁਸ਼ਟ ਬਾਗ਼ੀ ਦੂਤ ਵੀ ਸ਼ਾਮਲ ਹਨ। ਇਸ ਲਈ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜਦੋਂ ਯਿਸੂ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟੇਗਾ, ਤਾਂ ਉਹ ਬਾਗ਼ੀ ਦੂਤਾਂ ਨੂੰ ਵੀ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟ ਦੇਵੇਗਾ। ਬੁਰੇ ਦੂਤ ਅਥਾਹ ਕੁੰਡ ਤੋਂ ਬਹੁਤ ਡਰਦੇ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਇਸ ਸਜ਼ਾ ਬਾਰੇ ਜਾਣਦੇ ਹਨ।—ਲੂਕਾ 8:31.
ਕੀ ਪਰਕਾਸ਼ ਦੀ ਪੋਥੀ 20:1-3 ਵਿਚ ਬਾਗ਼ੀ ਦੂਤਾਂ ਦਾ ਜ਼ਿਕਰ ਨਾ ਕਰਨ ਦਾ ਇਹ ਕਾਰਨ ਹੈ ਕਿ ਉਨ੍ਹਾਂ ਨੂੰ ਸ਼ਤਾਨ ਦੇ ਜ਼ਮੀਨੀ ਸੰਗਠਨ ਨਾਲ ਆਰਮਾਗੇਡਨ ਵਿਚ ਨਾਸ਼ ਕਰ ਦਿੱਤਾ ਜਾਵੇਗਾ? ਬਾਈਬਲ ਦਿਖਾਉਂਦੀ ਹੈ ਕਿ ਇਸ ਤਰ੍ਹਾਂ ਨਹੀਂ ਹੋਵੇਗਾ। ਸ਼ਤਾਨ ਦੇ ਅਖ਼ੀਰ ਬਾਰੇ ਬਾਈਬਲ ਕਹਿੰਦੀ ਹੈ: “ਸ਼ਤਾਨ ਜਿਹ ਨੇ ਓਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਓਹ ਜੁੱਗੋ ਜੁੱਗ ਕਸ਼ਟ ਭੋਗਣਗੇ।” (ਪਰਕਾਸ਼ ਦੀ ਪੋਥੀ 20:10) ਦਰਿੰਦਾ ਅਤੇ ਝੂਠਾ ਨਬੀ ਰਾਜਨੀਤਿਕ ਤਾਕਤਾਂ ਹਨ ਜੋ ਸ਼ਤਾਨ ਦੇ ਜ਼ਮੀਨੀ ਸੰਗਠਨ ਦਾ ਹਿੱਸਾ ਹਨ। (ਪਰਕਾਸ਼ ਦੀ ਪੋਥੀ 13:1, 2, 11-14; 16:13, 14) ਇਨ੍ਹਾਂ ਨੂੰ ਆਰਮਾਗੇਡਨ ਵਿਚ ਨਾਸ਼ ਕਰ ਦਿੱਤਾ ਜਾਵੇਗਾ ਜਦੋਂ ਪਰਮੇਸ਼ੁਰ ਦਾ ਰਾਜ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 2:44) ਬਾਈਬਲ “ਸਦੀਪਕ ਅੱਗ” ਬਾਰੇ ਦੱਸਦੀ ਹੈ ‘ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।’ (ਮੱਤੀ 25:41) ਜਿਸ “ਅੱਗ ਅਤੇ ਗੰਧਕ ਦੀ ਝੀਲ” ਵਿਚ ਦਰਿੰਦੇ ਅਤੇ ਝੂਠੇ ਨਬੀ ਨੂੰ ਸੁੱਟਿਆ ਜਾਵੇਗਾ, ਉਸੇ ਵਿਚ ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਵੀ ਸੁੱਟਿਆ ਜਾਵੇਗਾ ਯਾਨੀ ਉਹ ਹਮੇਸ਼ਾ ਲਈ ਨਾਸ਼ ਹੋ ਜਾਣਗੇ। ਜੇ ਸ਼ਤਾਨ ਦੇ ਸ਼ਕਤੀਸ਼ਾਲੀ ਆਤਮਿਕ ਦੂਤਾਂ ਨੇ ਆਰਮਾਗੇਡਨ ਵਿਚ ਨਾਸ਼ ਹੋਣਾ ਹੁੰਦਾ, ਤਾਂ ਬਾਈਬਲ ਵਿਚ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਹੋਣਾ ਸੀ ਕਿ ਦਰਿੰਦੇ ਅਤੇ ਝੂਠੇ ਨਬੀ ਦੇ ਨਾਲ-ਨਾਲ ਇਹ ਦੂਤ ਵੀ ਲਾਖਣਿਕ ਅੱਗ ਦੀ ਝੀਲ ਵਿਚ ਸਨ। ਪਰਕਾਸ਼ ਦੀ ਪੋਥੀ 20:10 ਵਿਚ ਇਨ੍ਹਾਂ ਦੁਸ਼ਟ ਦੂਤਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਇਨ੍ਹਾਂ ਨੂੰ ਆਰਮਾਗੇਡਨ ਵਿਚ ਨਾਸ਼ ਨਹੀਂ ਕੀਤਾ ਜਾਵੇਗਾ।
ਜਿਵੇਂ ਇਹ ਸਿੱਧੇ ਤੌਰ ਤੇ ਨਹੀਂ ਦੱਸਿਆ ਗਿਆ ਕਿ ਬਾਗ਼ੀ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ, ਉਸੇ ਤਰ੍ਹਾਂ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਜ਼ਾਦ ਕੀਤਾ ਜਾਵੇਗਾ। ਪਰ ਉਨ੍ਹਾਂ ਦਾ ਅੰਤ ਵੀ ਸ਼ਤਾਨ ਵਰਗਾ ਹੀ ਹੋਵੇਗਾ। ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਤੇ ਸ਼ਤਾਨ ਦੇ ਨਾਲ ਆਜ਼ਾਦ ਹੋਣ ਅਤੇ ਇਨਸਾਨਾਂ ਦੇ ਆਖ਼ਰੀ ਇਮਤਿਹਾਨ ਵਿਚ ਉਸ ਦਾ ਸਾਥ ਦੇਣ ਤੋਂ ਬਾਅਦ ਬਾਗ਼ੀ ਦੂਤਾਂ ਨੂੰ ਵੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਹਮੇਸ਼ਾ ਲਈ ਨਾਸ਼ ਹੋ ਜਾਣਗੇ।—ਪਰਕਾਸ਼ ਦੀ ਪੋਥੀ 20:7-9.
ਇਸ ਲਈ ਭਾਵੇਂ ਪਰਕਾਸ਼ ਦੀ ਪੋਥੀ 20:1-3 ਵਿਚ ਇਹੀ ਕਿਹਾ ਗਿਆ ਹੈ ਕਿ ਸ਼ਤਾਨ ਨੂੰ ਫੜ ਕੇ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ, ਫਿਰ ਵੀ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਉਸ ਦੇ ਦੂਤਾਂ ਨੂੰ ਵੀ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ। ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਤੀ ਨੂੰ ਫਿਰਦੌਸ ਬਣਾਉਣ ਅਤੇ ਇਨਸਾਨਾਂ ਨੂੰ ਮੁਕੰਮਲ ਬਣਾਉਣ ਦੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਵਿਚ ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ।