ਪਾਠਕਾਂ ਵੱਲੋਂ ਸਵਾਲ
ਕੀ ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤੇ ਆਖ਼ਰੀ ਪਰੀਖਿਆ ਤੋਂ ਬਾਅਦ ਵੀ ਇਨਸਾਨ ਪਾਪ ਕਰਨਗੇ ਤੇ ਮਰਨਗੇ?
ਪਰਕਾਸ਼ ਦੀ ਪੋਥੀ ਵਿਚ ਦੋ ਆਇਤਾਂ ਇਸ ਸਵਾਲ ਦਾ ਜਵਾਬ ਦੇਣ ਵਿਚ ਮਦਦ ਕਰਦੀਆਂ ਹਨ: “ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।” (ਪਰਕਾਸ਼ ਦੀ ਪੋਥੀ 20:14) “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4.
ਧਿਆਨ ਦਿਓ ਕਿ ਇਹ ਦੋ ਆਇਤਾਂ ਕਦੋਂ ਪੂਰੀਆਂ ਹੋਣਗੀਆਂ। “ਕਾਲ ਅਤੇ ਪਤਾਲ” ਨੂੰ ਅੱਗ ਦੀ ਝੀਲ ਵਿਚ ਉਦੋਂ ਸੁੱਟਿਆ ਜਾਵੇਗਾ ਜਦ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਯਹੋਵਾਹ ਦੁਆਰਾ ਦਿੱਤੀਆਂ “ਪੋਥੀਆਂ ਵਿੱਚ ਲਿਖੀਆਂ ਹੋਇਆਂ ਗੱਲਾਂ” ਅਨੁਸਾਰ ਸਾਰੇ ਇਨਸਾਨਾਂ ਦਾ ਨਿਆਂ ਕੀਤਾ ਜਾ ਚੁੱਕਾ ਹੋਵੇਗਾ। ਇਨ੍ਹਾਂ ਇਨਸਾਨਾਂ ਵਿਚ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਲੋਕ, ਦੁਬਾਰਾ ਜ਼ਿੰਦਾ ਕੀਤੇ ਗਏ ਲੋਕ ਅਤੇ ਹਜ਼ਾਰ ਸਾਲ ਦੌਰਾਨ ਪੈਦਾ ਹੋਣ ਵਾਲੇ ਲੋਕ ਵੀ ਸ਼ਾਮਲ ਹੋਣਗੇ। (ਪਰਕਾਸ਼ ਦੀ ਪੋਥੀ 20:12, 13) ਯੂਹੰਨਾ ਰਸੂਲ ਨੇ ਇਕ ਹੋਰ ਦਰਸ਼ਣ ਵੀ ਦੇਖਿਆ ਸੀ ਜੋ ਪਰਕਾਸ਼ ਦੀ ਪੋਥੀ ਦੇ 21ਵੇਂ ਅਧਿਆਇ ਵਿਚ ਲਿਖਿਆ ਗਿਆ ਹੈ। ਇਹ ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਪੂਰਾ ਹੋਵੇਗਾ। ਪਰ ਇਸ ਦੀ ਸੰਪੂਰਨ ਪੂਰਤੀ ਨਿਆਂ ਦੇ ਹਜ਼ਾਰ ਵਰ੍ਹਿਆਂ ਦੇ ਅੰਤ ਵਿਚ ਹੋਵੇਗੀ ਜਦ ਯਿਸੂ ਰਾਜ ਆਪਣੇ ਪਿਤਾ ਨੂੰ ਸੌਂਪ ਦੇਵੇਗਾ। ਉਦੋਂ ਇਨਸਾਨਾਂ ਅਤੇ ਪਰਮੇਸ਼ੁਰ ਵਿਚਕਾਰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਰਹੇਗੀ। ਯਹੋਵਾਹ ਆਪ ਸਿੱਧੇ ਤੌਰ ਤੇ ਆਪਣੇ ਲੋਕਾਂ ਦਾ ਹਮੇਸ਼ਾ ਖ਼ਿਆਲ ਰੱਖੇਗਾ। ਉਸ ਸਮੇਂ ਇਹ ਸ਼ਬਦ ਪੂਰੇ ਹੋਣਗੇ ਕਿ “ਮੌਤ ਨਾ ਹੋਵੇਗੀ” ਕਿਉਂਕਿ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਮਨੁੱਖਜਾਤੀ ਮੁਕੰਮਲ ਬਣ ਚੁੱਕੀ ਹੋਵੇਗੀ।—ਪਰਕਾਸ਼ ਦੀ ਪੋਥੀ 21:3, 4.
ਉਪਰਲੇ ਹਵਾਲਿਆਂ ਵਿਚ ਜ਼ਿਕਰ ਕੀਤੀ ਗਈ ਮੌਤ ਆਦਮ ਤੋਂ ਮਿਲੀ ਮੌਤ ਹੈ ਜੋ ਯਿਸੂ ਦੇ ਬਲੀਦਾਨ ਸਦਕਾ ਖ਼ਤਮ ਕੀਤੀ ਜਾਵੇਗੀ। (ਰੋਮੀਆਂ 5:12-21) ਫਿਰ ਇਨਸਾਨ ਆਦਮ ਵਰਗੇ ਹੋਣਗੇ ਜਦ ਉਹ ਬਣਾਇਆ ਗਿਆ ਸੀ। ਆਦਮ ਮੁਕੰਮਲ ਸੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਮਰ ਨਹੀਂ ਸਕਦਾ ਸੀ। ਯਹੋਵਾਹ ਨੇ ਆਦਮ ਨੂੰ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਤੋਂ ਨਾ ਖਾਣ ਦਾ ਹੁਕਮ ਦਿੱਤਾ ਸੀ ਅਤੇ ਕਿਹਾ: “ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਇਹ ਮੌਤ ਜਾਣ-ਬੁੱਝ ਕੇ ਪਾਪ ਕਰਨ ਕਰਕੇ ਆਉਣੀ ਸੀ। ਆਖ਼ਰੀ ਪਰੀਖਿਆ ਤੋਂ ਬਾਅਦ ਵੀ ਇਨਸਾਨਾਂ ਕੋਲ ਆਪ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਹੋਵੇਗੀ। (ਪਰਕਾਸ਼ ਦੀ ਪੋਥੀ 20:7-10) ਉਹ ਚੁਣ ਸਕਣਗੇ ਕਿ ਉਹ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ ਜਾਂ ਨਹੀਂ। ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਉਦੋਂ ਕੋਈ ਵੀ ਇਨਸਾਨ ਯਹੋਵਾਹ ਦੇ ਵਿਰੁੱਧ ਬਗਾਵਤ ਨਹੀਂ ਕਰੇਗਾ, ਜਿਵੇਂ ਆਦਮ ਨੇ ਕੀਤੀ ਸੀ।
ਆਖ਼ਰੀ ਪਰੀਖਿਆ ਤੋਂ ਬਾਅਦ ਜੇ ਕੋਈ ਪਰਮੇਸ਼ੁਰ ਦੇ ਖ਼ਿਲਾਫ਼ ਜਾਵੇਗਾ, ਤਾਂ ਉਸ ਨਾਲ ਕੀ ਹੋਵੇਗਾ? ਉਸ ਸਮੇਂ ਆਦਮ ਤੋਂ ਮਿਲੀ ਮੌਤ ਤਾਂ ਖ਼ਤਮ ਹੋ ਚੁੱਕੀ ਹੋਵੇਗੀ ਤੇ ਹੇਡੀਜ਼ ਵੀ ਨਹੀਂ ਰਹੇਗਾ ਮਤਲਬ ਕੋਈ ਵੀ ਕਬਰ ਵਿਚ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਡੀਕ ਨਹੀਂ ਕਰ ਰਿਹਾ ਹੋਵੇਗਾ। ਫਿਰ ਵੀ, ਯਹੋਵਾਹ ਕਿਸੇ ਵੀ ਵਿਰੋਧੀ ਨੂੰ ਅੱਗ ਦੀ ਝੀਲ ਵਿਚ ਸੁੱਟ ਸਕਦਾ ਹੈ। ਇਸ ਦਾ ਮਤਲਬ ਹੈ ਕਿ ਉਹ ਇਨਸਾਨ ਆਦਮ ਤੇ ਹੱਵਾਹ ਵਾਂਗ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ ਕਿਉਂਕਿ ਉਸ ਕੋਲ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਨਹੀਂ ਹੋਵੇਗੀ।
ਪਰ ਇਸ ਤਰ੍ਹਾਂ ਹੋਣ ਦੀ ਘੱਟ ਹੀ ਉਮੀਦ ਹੈ। ਕਿਉਂ? ਕਿਉਂਕਿ ਜਿਹੜੇ ਇਨਸਾਨ ਆਖ਼ਰੀ ਪਰੀਖਿਆ ਪਾਸ ਕਰਨਗੇ ਉਹ ਆਦਮ ਤੋਂ ਵੱਖਰੇ ਹੋਣਗੇ। ਉਨ੍ਹਾਂ ਨੂੰ ਪੂਰੀ ਤਰ੍ਹਾਂ ਪਰਖਿਆ ਗਿਆ ਹੋਵੇਗਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਲੋਕਾਂ ਨੂੰ ਪੂਰੀ ਤਰ੍ਹਾਂ ਪਰਖਣਾ ਜਾਣਦਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਆਖ਼ਰੀ ਪਰੀਖਿਆ ਵਿਚ ਉਨ੍ਹਾਂ ਸਾਰੇ ਲੋਕਾਂ ਨੂੰ ਨਾਸ਼ ਕੀਤਾ ਜਾਵੇਗਾ ਜੋ ਆਪਣੀ ਆਜ਼ਾਦੀ ਦੀ ਗ਼ਲਤ ਵਰਤੋਂ ਕਰਨਗੇ। ਇਸ ਲਈ ਭਾਵੇਂ ਕਿ ਆਖ਼ਰੀ ਪਰੀਖਿਆ ਦੇ ਬਾਅਦ ਵੀ ਇਨਸਾਨਾਂ ਦਾ ਪਰਮੇਸ਼ੁਰ ਦੇ ਖ਼ਿਲਾਫ਼ ਜਾਣਾ ਅਤੇ ਨਾਸ਼ ਕੀਤੇ ਜਾਣਾ ਮੁਮਕਿਨ ਹੈ, ਪਰ ਲੱਗਦਾ ਨਹੀਂ ਹੈ ਕਿ ਇੱਦਾਂ ਹੋਵੇਗਾ।
[ਸਫ਼ਾ 31 ਉੱਤੇ ਤਸਵੀਰ]
ਆਖ਼ਰੀ ਪਰੀਖਿਆ ਤੋਂ ਬਾਅਦ ਲੋਕ ਕਿਸ ਤਰੀਕੇ ਨਾਲ ਆਦਮ ਵਰਗੇ ਹੋਣਗੇ?