ਅਧਿਆਇ 21
ਨਿਆਂ ਦਾ ਦਿਨ ਅਤੇ ਉਸ ਦੇ ਮਗਰੋਂ
1. ਨਿਆਂ ਦੇ ਦਿਨ ਬਾਰੇ ਆਮ ਤੌਰ ਤੇ ਕੀ ਵਿਚਾਰ ਹੈ?
ਨਿਆਂ ਦਾ ਦਿਨ ਤੁਹਾਡੇ ਦਿਮਾਗ਼ ਵਿਚ ਕਿਸ ਤਰ੍ਹਾਂ ਦਾ ਦ੍ਰਿਸ਼ ਲਿਆਉਂਦਾ ਹੈ? ਕਈ ਵਿਅਕਤੀ ਇਕ ਵੱਡੇ ਸਿੰਘਾਸਣ, ਅਤੇ ਉਸ ਦੇ ਸਾਮ੍ਹਣੇ ਉਨ੍ਹਾਂ ਵਿਅਕਤੀਆਂ ਦੀ ਇਕ ਲੰਬੀ ਕਤਾਰ ਦੀ ਕਲਪਨਾ ਕਰਦੇ ਹਨ ਜੋ ਮਰੇ ਹੋਇਆਂ ਵਿਚੋਂ ਪੁਨਰ-ਉਥਿਤ ਕੀਤੇ ਗਏ ਹਨ। ਜਿਉਂ ਹੀ ਹਰੇਕ ਵਿਅਕਤੀ ਸਿੰਘਾਸਣ ਦੇ ਅਗਿਓਂ ਲੰਘਦਾ ਹੈ, ਉਸ ਦਾ ਆਪਣੀਆਂ ਪਿਛਲੀਆਂ ਕਰਨੀਆਂ ਦੇ ਅਨੁਸਾਰ ਜਿਹੜੀਆਂ ਨਿਆਂਕਾਰ ਦੀ ਕਿਤਾਬ ਵਿਚ ਲਿਖੀਆਂ ਹੋਈਆਂ ਹਨ, ਨਿਆਂ ਕੀਤਾ ਜਾਂਦਾ ਹੈ। ਉਸ ਦੀਆਂ ਕਰਨੀਆਂ ਉੱਤੇ ਆਧਾਰਿਤ, ਉਹ ਵਿਅਕਤੀ ਯਾ ਤਾਂ ਸਵਰਗ ਨੂੰ ਯਾ ਇਕ ਅੱਗਦਾਰ ਨਰਕ ਨੂੰ ਭੇਜਿਆ ਜਾਂਦਾ ਹੈ।
2. (ੳ) ਨਿਆਂ ਦੇ ਦਿਨ ਦਾ ਪ੍ਰਬੰਧ ਕਿਸ ਨੇ ਕੀਤਾ ਹੈ? (ਅ) ਉਹ ਨੇ ਕਿਸ ਨੂੰ ਨਿਆਂਕਾਰ ਠਹਿਰਾਇਆ ਹੈ?
2 ਪਰ, ਬਾਈਬਲ ਨਿਆਂ ਦੇ ਦਿਨ ਦਾ ਇਕ ਬਹੁਤ ਵੱਖਰਾ ਦ੍ਰਿਸ਼ ਦਿੰਦੀ ਹੈ। ਉਹ ਇਕ ਸਹਿਮਣ ਦਾ ਯਾ ਡਰਣ ਦਾ ਦਿਨ ਨਹੀਂ ਹੈ। ਧਿਆਨ ਦਿਓ ਕਿ ਬਾਈਬਲ ਪਰਮੇਸ਼ੁਰ ਬਾਰੇ ਕੀ ਆਖਦੀ ਹੈ: “ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ।” (ਰਸੂਲਾਂ ਦੇ ਕਰਤੱਬ 17:31) ਨਿਰਸੰਦੇਹ, ਪਰਮੇਸ਼ੁਰ ਦੁਆਰਾ ਠਹਿਰਾਇਆ ਹੋਇਆ ਇਹ ਨਿਆਂਕਾਰ ਯਿਸੂ ਮਸੀਹ ਹੈ।
3. (ੳ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਮਸੀਹ ਆਪਣੇ ਨਿਆਂ ਵਿਚ ਨਿਰਪੱਖ ਹੋਵੇਗਾ? (ਅ) ਲੋਕਾਂ ਦਾ ਕਿਸ ਆਧਾਰ ਉੱਤੇ ਨਿਆਂ ਕੀਤਾ ਜਾਵੇਗਾ?
3 ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਮਸੀਹ ਆਪਣੇ ਨਿਆਂ ਵਿਚ ਨਿਰਪੱਖ ਅਤੇ ਨਿਆਂਪੂਰਣ ਹੋਵੇਗਾ। ਉਸ ਦੇ ਸੰਬੰਧ ਵਿਚ ਯਸਾਯਾਹ 11:3, 4 ਤੇ ਇਕ ਭਵਿੱਖਬਾਣੀ ਸਾਨੂੰ ਇਸ ਦੇ ਬਾਰੇ ਯਕੀਨ ਦਿਲਾਉਂਦੀ ਹੈ। ਤਾਂ ਫਿਰ, ਪ੍ਰਚਲਿਤ ਵਿਚਾਰ ਦੇ ਵਿਰੁੱਧ, ਉਹ ਵਿਅਕਤੀਆਂ ਦਾ ਨਿਆਂ ਉਨ੍ਹਾਂ ਦੇ ਪਿਛਲੇ ਪਾਪਾਂ ਦੇ ਆਧਾਰ ਉੱਤੇ ਨਹੀਂ ਕਰੇਗਾ, ਜਿਨ੍ਹਾਂ ਵਿਚੋਂ ਅਨੇਕ ਸ਼ਾਇਦ ਅਣਜਾਣਤਾ ਵਿਚ ਕੀਤੇ ਗਏ ਹੋਣ। ਬਾਈਬਲ ਵਿਆਖਿਆ ਕਰਦੀ ਹੈ ਕਿ ਮੌਤ ਹੋਣ ਤੇ ਇਕ ਵਿਅਕਤੀ ਆਪਣੇ ਕੀਤੇ ਹੋਏ ਪਾਪਾਂ ਤੋਂ ਸੁਤੰਤਰ ਕੀਤਾ ਯਾ ਛੁਡਾਇਆ ਜਾਂਦਾ ਹੈ। ਉਹ ਆਖਦੀ ਹੈ: “ਉਹ ਜਿਹੜਾ ਮਰ ਗਿਆ ਹੈ ਆਪਣੇ ਪਾਪਾਂ ਤੋਂ ਮੁਕਤ ਹੋ ਗਿਆ ਹੈ।” (ਰੋਮੀਆਂ 6:7) ਇਸ ਦਾ ਅਰਥ ਹੈ ਕਿ ਜਦੋਂ ਇਕ ਵਿਅਕਤੀ ਪੁਨਰ-ਉਥਿਤ ਕੀਤਾ ਜਾਂਦਾ ਹੈ ਉਸ ਦਾ ਨਿਆਂ ਉਨ੍ਹਾਂ ਕੰਮਾਂ ਦੇ ਆਧਾਰ ਉੱਤੇ ਕੀਤਾ ਜਾਵੇਗਾ ਜੋ ਉਹ ਨਿਆਂ ਦੇ ਦਿਨ ਦੇ ਦੌਰਾਨ ਕਰਦਾ ਹੈ, ਨਾ ਕਿ ਉਸ ਨੇ ਮਰਨ ਤੋਂ ਪਹਿਲਾਂ ਕੀ ਕੀਤਾ ਸੀ।
4. (ੳ) ਨਿਆਂ ਦਾ ਦਿਨ ਕਿੰਨਾ ਲੰਬਾ ਹੋਵੇਗਾ? (ਅ) ਮਸੀਹ ਦੇ ਨਾਲ ਕੌਣ ਨਿਆਂਕਾਰ ਹੋਣਗੇ?
4 ਇਸ ਲਈ, ਨਿਆਂ ਦਾ ਦਿਨ ਇਕ ਸ਼ਾਬਦਿਕ 24-ਘੰਟੇ ਦਾ ਦਿਨ ਨਹੀਂ ਹੈ। ਬਾਈਬਲ ਇਹ ਗੱਲ ਸਪੱਸ਼ਟ ਕਰਦੀ ਹੈ ਜਦੋਂ ਉਹ ਉਨ੍ਹਾਂ ਬਾਰੇ ਜ਼ਿਕਰ ਕਰਦੀ ਹੈ ਜਿਹੜੇ ਯਿਸੂ ਮਸੀਹ ਦੇ ਨਾਲ ਨਿਆਂ ਕਰਨ ਵਿਚ ਭਾਗੀ ਹੋਣਗੇ। (1 ਕੁਰਿੰਥੀਆਂ 6:1-3) “ਮੈਂ ਗੱਦੀਆਂ ਵੇਖੀਆਂ,” ਬਾਈਬਲ ਦਾ ਲਿਖਾਰੀ ਆਖਦਾ ਹੈ, “ਅਤੇ ਓਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਉਂ ਕਰਨ ਦਾ ਓਹਨਾਂ ਨੂੰ ਇਖ਼ਤਿਆਰ ਦਿੱਤਾ ਗਿਆ।” ਇਹ ਨਿਆਂਕਾਰ ਮਸੀਹ ਦੇ ਮਸਹ ਕੀਤੇ ਹੋਏ ਵਫ਼ਾਦਾਰ ਅਨੁਯਾਈ ਹਨ, ਜਿਹੜੇ ਜਿਸ ਤਰ੍ਹਾਂ ਬਾਈਬਲ ਅੱਗੇ ਆਖਦੀ ਹੈ, “ਜੀ ਉੱਠੇ ਅਤੇ ਹਜ਼ਾਰ ਵਰ੍ਹੇ ਮਸੀਹ ਦੇ ਨਾਲ ਰਾਜ ਕਰਦੇ ਹਨ।” ਇਸ ਲਈ ਨਿਆਂ ਦਾ ਦਿਨ 1,000 ਸਾਲ ਲੰਬਾ ਹੋਵੇਗਾ। ਇਹ ਉਹੀ 1,000-ਸਾਲ ਦਾ ਸਮਾਂ ਹੈ ਜਿਸ ਵਿਚ ਮਸੀਹ ਅਤੇ ਉਸ ਦੇ 1,44,000 ਮਸਹ ਕੀਤੇ ਹੋਏ ਵਫ਼ਾਦਾਰ ਅਨੁਯਾਈ “ਨਵੇਂ ਅਕਾਸ਼” ਦੇ ਰੂਪ ਵਿਚ “ਨਵੀਂ ਧਰਤੀ” ਉਪਰ ਸ਼ਾਸਨ ਕਰਨਗੇ।—ਪਰਕਾਸ਼ ਦੀ ਪੋਥੀ 20:4, 6; 2 ਪਤਰਸ 3:13.
5, 6. (ੳ) ਬਾਈਬਲ ਦੇ ਜ਼ਬੂਰਾਂ ਦੇ ਇਕ ਲਿਖਾਰੀ ਨੇ ਨਿਆਂ ਦੇ ਦਿਨ ਦਾ ਵਰਣਨ ਕਿਸ ਤਰ੍ਹਾਂ ਕੀਤਾ? (ਅ) ਨਿਆਂ ਦੇ ਦਿਨ ਦੇ ਦੌਰਾਨ ਧਰਤੀ ਉੱਤੇ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ?
5 ਇਨ੍ਹਾਂ ਸਫ਼ਿਆਂ ਵੱਲ ਵੇਖੋ। ਇਹ ਕੁਝ ਅੰਦਾਜ਼ਾ ਦਿੰਦੇ ਹਨ ਕਿ ਮਨੁੱਖਜਾਤੀ ਲਈ ਨਿਆਂ ਦਾ ਦਿਨ ਕਿੰਨਾ ਅਦਭੁਤ ਹੋਵੇਗਾ। ਬਾਈਬਲ ਦੇ ਜ਼ਬੂਰਾਂ ਦੇ ਲਿਖਾਰੀ ਨੇ ਉਸ ਸ਼ਾਨਦਾਰ ਸਮੇਂ ਬਾਰੇ ਲਿਖਿਆ: “ਮਦਾਨ ਅਤੇ ਜੋ ਕੁਝ ਉਹ ਦੇ ਵਿੱਚ ਹੈ ਬਾਗ਼ ਬਾਗ਼ ਹੋਵੇ! ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ, ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ, ਉਹ ਧਰਤੀ ਦਾ ਨਿਆਉਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ, ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਉਂ ਕਰੇਗਾ।”—ਜ਼ਬੂਰਾਂ ਦੀ ਪੋਥੀ 96:12, 13.
6 ਨਿਆਂ ਦੇ ਦਿਨ ਦੇ ਦੌਰਾਨ, ਉਹ ਜਿਹੜੇ ਆਰਮਾਗੇਡਨ ਵਿਚੋਂ ਬਚ ਨਿਕਲਦੇ ਹਨ ਇਸ ਧਰਤੀ ਨੂੰ ਇਕ ਪਰਾਦੀਸ ਬਣਾਉਣ ਵਾਸਤੇ ਕੰਮ ਕਰਨਗੇ। ਇਸ ਪਰਾਦੀਸ ਵਿਚ ਮਰੇ ਹੋਇਆਂ ਦਾ ਵਾਪਸ ਸੁਆਗਤ ਕੀਤਾ ਜਾਵੇਗਾ। (ਲੂਕਾ 23:43) ਕਿੰਨੀ ਖੁਸ਼ੀ ਹੋਵੇਗੀ ਜਦੋਂ ਮੌਤ ਦੇ ਕਾਰਨ ਲੰਬੇ ਸਮੇਂ ਲਈ ਵਿਛੜੇ ਹੋਏ ਪਰਿਵਾਰ ਫਿਰ ਤੋਂ ਇਕੱਠੇ ਮਿਲ ਜਾਣਗੇ! ਹਾਂ, ਸ਼ਾਂਤੀ ਵਿਚ ਰਹਿਣਾ, ਅੱਛੀ ਸਿਹਤ ਦਾ ਆਨੰਦ ਮਾਣਨਾ ਅਤੇ ਪਰਮੇਸ਼ੁਰ ਦੇ ਮਕਸਦਾਂ ਦੇ ਸੰਬੰਧ ਵਿਚ ਹਿਦਾਇਤ ਪ੍ਰਾਪਤ ਕਰਨਾ, ਕਿੰਨਾ ਆਨੰਦਦਾਇਕ ਹੋਵੇਗਾ! ਬਾਈਬਲ ਆਖਦੀ ਹੈ: “ਜਦ ਕਿ ਤੇਰਾ ਨਿਆਉਂ ਧਰਤੀ ਉੱਤੇ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ।” (ਯਸਾਯਾਹ 26:9) ਨਿਆਂ ਦੇ ਦਿਨ ਦੇ ਦੌਰਾਨ ਸਾਰੇ ਲੋਕ ਯਹੋਵਾਹ ਬਾਰੇ ਸਿੱਖਣਗੇ, ਅਤੇ ਉਨ੍ਹਾਂ ਨੂੰ ਉਹ ਦੀ ਆਗਿਆਪਾਲਣ ਅਤੇ ਸੇਵਾ ਕਰਨ ਦਾ ਹਰ ਮੌਕਾ ਦਿੱਤਾ ਜਾਵੇਗਾ।
7. ਨਿਆਂ ਦੇ ਦਿਨ ਦੇ ਦੌਰਾਨ, ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਪਰਮੇਸ਼ੁਰ ਦੀ ਸੇਵਾ ਕਰਨਾ ਚੁਣਦੇ ਹਨ ਅਤੇ ਉਹ ਜੋ ਸੇਵਾ ਕਰਨ ਤੋਂ ਇਨਕਾਰ ਕਰਦੇ ਹਨ?
7 ਅਜਿਹੀਆਂ ਹਾਲਤਾਂ ਦੇ ਅਧੀਨ ਯਿਸੂ ਮਸੀਹ ਅਤੇ ਉਸ ਦੇ 1,44,000 ਸੰਗੀ ਰਾਜੇ ਮਨੁੱਖਜਾਤੀ ਦਾ ਨਿਆਂ ਕਰਨਗੇ। ਉਹ ਲੋਕ ਜੋ ਯਹੋਵਾਹ ਦੀ ਸੇਵਾ ਕਰਨਾ ਚੁਣਦੇ ਹਨ ਸਦੀਪਕ ਜੀਵਨ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪਰ, ਇਨ੍ਹਾਂ ਸਭ ਤੋਂ ਵਧੀਆ ਹਾਲਤਾਂ ਦੇ ਅਧੀਨ ਵੀ, ਕਈ ਜਣੇ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਨਕਾਰ ਕਰਨਗੇ। ਜਿਵੇਂ ਸ਼ਾਸਤਰ ਆਖਦੇ ਹਨ: “ਭਾਵੇਂ ਦੁਸ਼ਟ ਉੱਤੇ ਕਿਰਪਾ ਹੋਵੇ, ਪਰ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਭੀ ਉਹ ਉਲਟਾ ਕੰਮ ਕਰੇਗਾ।” (ਯਸਾਯਾਹ 26:10) ਇਸ ਲਈ ਆਪਣੇ ਚਾਲ ਬਦਲਣ ਅਤੇ ਧਰਮ ਨੂੰ ਸਿੱਖਣ ਦੇ ਪੂਰੇ ਮੌਕੇ ਦਿੱਤੇ ਜਾਣ ਤੋਂ ਬਾਅਦ, ਅਜਿਹੇ ਦੁਸ਼ਟ ਵਿਅਕਤੀ ਨਾਸ ਕੀਤੇ ਜਾਣਗੇ। ਕੁਝ ਵਿਅਕਤੀ ਨਿਆਂ ਦੇ ਦਿਨ ਖ਼ਤਮ ਹੋਣ ਤੋਂ ਪਹਿਲਾਂ ਹੀ ਮਾਰੇ ਜਾਣਗੇ। (ਯਸਾਯਾਹ 65:20) ਉਨ੍ਹਾਂ ਨੂੰ ਪਰਾਦੀਸ ਧਰਤੀ ਨੂੰ ਭ੍ਰਿਸ਼ਟ ਯਾ ਖਰਾਬ ਕਰਨ ਲਈ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ।
8. ਸਦੂਮ ਦੇ ਮਨੁੱਖਾਂ ਦੀ ਨੈਤਿਕ ਅਵਸਥਾ ਕੀ ਸੀ?
8 ਯਹੋਵਾਹ ਦੇ ਮਹਾਨ ਨਿਆਂ ਦੇ ਦਿਨ ਦੇ ਦੌਰਾਨ ਪੁਨਰ-ਉਥਿਤ ਕੀਤੇ ਜਾਣਾ ਕਿੰਨਾ ਸ਼ਾਨਦਾਰ ਸਨਮਾਨ ਹੋਵੇਗਾ। ਮਗਰ, ਬਾਈਬਲ ਸੰਕੇਤ ਕਰਦੀ ਹੈ ਕਿ ਇਹ ਇਕ ਅਜਿਹਾ ਸਨਮਾਨ ਹੈ ਜਿਸ ਦਾ ਸਾਰੇ ਜਣੇ ਆਨੰਦ ਨਹੀਂ ਮਾਣਨਗੇ। ਉਦਾਹਰਣ ਦੇ ਤੌਰ ਤੇ, ਪ੍ਰਾਚੀਨ ਸਦੂਮ ਦੇ ਲੋਕਾਂ ਬਾਰੇ ਵਿਚਾਰ ਕਰੋ। ਬਾਈਬਲ ਆਖਦੀ ਹੈ ਕਿ ਸਦੂਮ ਦੇ ਮਨੁੱਖਾਂ ਨੇ ‘ਉਨ੍ਹਾਂ ਮਨੁੱਖਾਂ’ ਨਾਲ ਸੰਭੋਗ ਕਰਨਾ ਭਾਲਿਆ ਜੋ ਲੂਤ ਨਾਲ ਮੁਲਾਕਾਤ ਕਰ ਰਹੇ ਸਨ। ਉਨ੍ਹਾਂ ਦਾ ਅਨੈਤਿਕ ਆਚਰਣ ਇੰਨਾ ਹਦੋਂ ਵੱਧ ਸੀ ਕਿ ਜਦੋਂ ਉਹ ਇਕ ਚਮਤਕਾਰ ਦੁਆਰਾ ਅੰਨ੍ਹੇ ਵੀ ਕਰ ਦਿੱਤੇ ਗਏ, ਉਹ ਲੂਤ ਦੇ ਮੁਲਾਕਾਤੀਆਂ ਦੇ ਨਾਲ ਸੰਭੋਗ ਕਰਨ ਲਈ ਘਰ ਵਿਚ ਵੜਨ ਵਾਸਤੇ “ਬੂਹਾ ਲੱਭਦੇ ਲੱਭਦੇ ਥੱਕ ਗਏ।”—ਉਤਪਤ 19:4-11.
9, 10. ਸਦੂਮ ਦੇ ਦੁਸ਼ਟ ਵਿਅਕਤੀਆਂ ਦੇ ਪੁਨਰ-ਉਥਾਨ ਦੀ ਸੰਭਾਵਨਾ ਬਾਰੇ ਸ਼ਾਸਤਰ ਕੀ ਸੰਕੇਤ ਕਰਦੇ ਹਨ?
9 ਕੀ ਅਜਿਹੇ ਹਦੋਂ ਵੱਧ ਦੁਸ਼ਟ ਵਿਅਕਤੀ ਨਿਆਂ ਦੇ ਦਿਨ ਦੇ ਦੌਰਾਨ ਪੁਨਰ-ਉਥਿਤ ਕੀਤੇ ਜਾਣਗੇ? ਸ਼ਾਸਤਰ ਸੰਕੇਤ ਕਰਦੇ ਹਨ ਕਿ ਇਹ ਜ਼ਾਹਰ ਹੈ ਉਹ ਨਹੀਂ ਕੀਤੇ ਜਾਣਗੇ। ਉਦਾਹਰਣ ਦੇ ਤੌਰ ਤੇ, ਯਿਸੂ ਦੇ ਪ੍ਰੇਰਿਤ ਚੇਲਿਆਂ ਵਿਚੋਂ ਯਹੂਦਾਹ ਨੇ ਪਹਿਲਾਂ ਉਨ੍ਹਾਂ ਦੂਤਾਂ ਬਾਰੇ ਲਿਖਿਆ, ਜਿਨ੍ਹਾਂ ਨੇ ਮਨੁੱਖਾਂ ਦੀਆਂ ਧੀਆਂ ਨਾਲ ਸੰਭੋਗ ਕਰਨ ਲਈ ਸਵਰਗ ਵਿਚੋਂ ਆਪਣੇ ਠਿਕਾਣੇ ਨੂੰ ਛੱਡ ਦਿੱਤਾ। ਫਿਰ ਉਸ ਨੇ ਆਖਿਆ: “ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ ਏਹਨਾਂ ਵਾਂਙੁ ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ।” (ਯਹੂਦਾਹ 6, 7; ਉਤਪਤ 6:1, 2) ਹਾਂ, ਉਨ੍ਹਾਂ ਦੀ ਹਦੋਂ ਵੱਧ ਅਨੈਤਿਕਤਾ ਦੇ ਕਾਰਨ ਸਦੂਮ ਅਤੇ ਉਸ ਦੇ ਲਾਂਭ ਛਾਂਭ ਦੇ ਨਗਰ ਨਾਸ ਕੀਤੇ ਗਏ ਜਿਸ ਤੋਂ ਇਹ ਜ਼ਾਹਰ ਹੈ ਕਿ ਉਹ ਕਦੇ ਵੀ ਨਹੀਂ ਪੁਨਰ-ਉਥਿਤ ਕੀਤੇ ਜਾਣਗੇ।—2 ਪਤਰਸ 2:4-6, 9, 10.
10 ਯਿਸੂ ਨੇ ਵੀ ਸੰਕੇਤ ਕੀਤਾ ਸੀ ਕਿ ਸਦੂਮ ਦੇ ਵਾਸੀ ਸ਼ਾਇਦ ਪੁਨਰ-ਉਥਿਤ ਨਾ ਕੀਤੇ ਜਾਣ। ਜਦੋਂ ਉਹ ਨੇ ਕਫ਼ਰਨਾਹੂਮ ਬਾਰੇ ਜ਼ਿਕਰ ਕੀਤਾ, ਉਨ੍ਹਾਂ ਸ਼ਹਿਰਾਂ ਵਿਚੋਂ ਇਕ ਜਿੱਥੇ ਉਹ ਨੇ ਚਮਤਕਾਰ ਕੀਤੇ ਸਨ, ਉਸ ਨੇ ਆਖਿਆ: “ਜਿਹੜੀਆਂ ਕਰਾਮਾਤਾਂ ਤੇਰੇ [ਕਫ਼ਰਨਾਹੂਮ] ਵਿੱਚ ਵਿਖਾਈਆਂ ਗਈਆਂ ਜੇ ਓਹ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤਾਈਂ ਬਣਿਆ ਰਹਿੰਦਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਨਿਆਉਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।” (ਮੱਤੀ 11:22-24) ਇਹ ਕਹਿ ਕੇ ਕਿ ਪ੍ਰਾਚੀਨ ਸਦੂਮ ਦੇ ਵਾਸੀਆਂ ਲਈ ਜ਼ਿਆਦਾ ਝੱਲਣਯੋਗ ਹੋਵੇਗਾ, ਯਿਸੂ ਇੱਥੇ ਕਫ਼ਰਨਾਹੂਮ ਦੇ ਲੋਕਾਂ ਦੇ ਦੋਸ਼ ਉੱਤੇ ਜ਼ੋਰ ਦੇ ਰਿਹਾ ਸੀ ਕਿਉਂਕਿ ਇਸਰਾਏਲੀ ਹਾਜ਼ਰੀਨ ਦੇ ਮਨਾ ਵਿਚ ਸਦੂਮ ਦੇ ਵਾਸੀ ਨਿਆਂ ਦੇ ਦਿਨ ਤੇ ਪੁਨਰ-ਉਥਾਨ ਦੇ ਬਿਲਕੁਲ ਯੋਗ ਨਹੀਂ ਸਨ।
11. ਨਿਆਂ ਦੇ ਦਿਨ ਵਿਚ ‘ਧਰਮੀਆਂ’ ਲਈ ਕਿਸੇ ਵੀ ‘ਕੁਧਰਮੀਆਂ’ ਨਾਲੋਂ ਕਿਉਂ ਜ਼ਿਆਦਾ ਸੌਖਾ ਹੋਵੇਗਾ?
11 ਨਿਸ਼ਚੇ ਹੀ, ਫਿਰ ਸਾਨੂੰ ਸਭ ਕੁਝ ਜੋ ਅਸੀਂ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਪੁਨਰ-ਉਥਾਨ ਦੇ ਯੋਗ ਹੋ ਸਕੀਏ। ਮਗਰ ਇਹ ਫਿਰ ਵੀ ਪੁੱਛਿਆ ਜਾ ਸਕਦਾ ਹੈ: ਕੀ ਪੁਨਰ-ਉਥਿਤ ਕੀਤੇ ਹੋਏ ਮਿਰਤਕਾਂ ਵਿਚੋਂ ਕਈਆਂ ਵਿਅਕਤੀਆਂ ਲਈ ਧਰਮ ਸਿੱਖਣਾ ਅਤੇ ਉਸ ਦਾ ਅਭਿਆਸ ਕਰਨਾ ਦੂਸਰਿਆਂ ਨਾਲੋਂ ਜ਼ਿਆਦਾ ਮੁਸ਼ਕਲ ਹੋਵੇਗਾ? ਭਲਾ, ਵਿਚਾਰ ਕਰੋ: ਇਸ ਤੋਂ ਪਹਿਲਾਂ ਕਿ ਅਜਿਹੇ “ਧਰਮੀ” ਵਿਅਕਤੀ ਜਿਵੇਂ ਕਿ ਅਬਰਾਹਾਮ, ਇਸਹਾਕ, ਅੱਯੂਬ, ਦਬੋਰਾਹ, ਰੂਥ, ਅਤੇ ਦਾਨੀਏਲ ਮਰੇ, ਉਹ ਸਾਰੇ ਉਤਸ਼ਾਹ ਨਾਲ ਮਸੀਹਾ ਦੇ ਆਗਮਨ ਦੀ ਉਡੀਕ ਕਰਦੇ ਸਨ। ਨਿਆਂ ਦੇ ਦਿਨ ਦੇ ਦੌਰਾਨ ਉਹ ਉਸ ਬਾਰੇ ਸਿੱਖਿਆ ਲੈ ਕੇ, ਅਤੇ ਇਹ ਜਾਣ ਕੇ ਕਿ ਉਹ ਸਵਰਗ ਵਿਚ ਸ਼ਾਸਨ ਕਰ ਰਿਹਾ ਹੈ, ਕਿੰਨੇ ਖੁਸ਼ ਹੋਣਗੇ! ਤਾਂ ਫਿਰ ਇਨ੍ਹਾਂ “ਧਰਮੀ” ਵਿਅਕਤੀਆਂ ਲਈ ਉਸ ਸਮੇਂ ਧਰਮ ਦਾ ਅਭਿਆਸ ਕਰਨਾ ਉਨ੍ਹਾਂ “ਕੁਧਰਮੀ” ਵਿਅਕਤੀਆਂ ਨਾਲੋਂ, ਜਿਨ੍ਹਾਂ ਨੂੰ ਪੁਨਰ-ਉਥਿਤ ਕੀਤਾ ਜਾਂਦਾ ਹੈ, ਕਿੰਨਾ ਜ਼ਿਆਦਾ ਸੌਖਾ ਹੋਵੇਗਾ।—ਰਸੂਲਾਂ ਦੇ ਕਰਤੱਬ 24:15.
“ਜੀਵਨ” ਦੇ ਅਤੇ “ਨਿਆਂ” ਦੇ ਪੁਨਰ-ਉਥਾਨ
12. ਯੂਹੰਨਾ 5:28-30 ਦੇ ਅਨੁਸਾਰ, ਕੌਣ “ਜੀਵਨ ਦਾ ਪੁਨਰ-ਉਥਾਨ” ਅਤੇ ਕੌਣ “ਨਿਆਂ ਦਾ ਪੁਨਰ-ਉਥਾਨ” ਪ੍ਰਾਪਤ ਕਰਦੇ ਹਨ?
12 ਨਿਆਂ ਦੇ ਦਿਨ ਦੀ ਸਥਿਤੀ ਦਾ ਵਰਣਨ ਕਰਦੇ ਹੋਏ, ਯਿਸੂ ਨੇ ਆਖਿਆ: “ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ। ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ [“ਜੀਵਨ ਦੇ ਪੁਨਰ-ਉਥਾਨ,” “ਨਿਵ”] ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ [“ਨਿਆਂ ਦੇ ਪੁਨਰ-ਉਥਾਨ,” “ਨਿਵ”] ਲਈ। . . . ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 5:28-30) ਇਹ “ਜੀਵਨ ਦਾ ਪੁਨਰ-ਉਥਾਨ” ਕੀ ਹੈ, ਅਤੇ “ਨਿਆਂ ਦਾ ਪੁਨਰ-ਉਥਾਨ” ਕੀ ਹੈ? ਅਤੇ ਕੌਣ ਇਨ੍ਹਾਂ ਨੂੰ ਪ੍ਰਾਪਤ ਕਰਦੇ ਹਨ?
13. ਇਕ ਵਿਅਕਤੀ ਲਈ “ਜੀਵਨ ਦਾ ਪੁਨਰ-ਉਥਾਨ” ਪ੍ਰਾਪਤ ਕਰਨ ਦਾ ਕੀ ਅਰਥ ਹੁੰਦਾ ਹੈ?
13 ਅਸੀਂ ਸਪੱਸ਼ਟ ਤੌਰ ਤੇ ਇਹ ਦੇਖਿਆ ਹੈ ਕਿ ਜਦੋਂ ਮਰੇ ਹੋਏ ਕਬਰਾਂ ਵਿਚੋਂ ਵਾਪਸ ਆਉਂਦੇ ਹਨ, ਉਨ੍ਹਾਂ ਦਾ ਨਿਆਂ ਉਨ੍ਹਾਂ ਦੇ ਆਪਣੇ ਪਹਿਲੇ ਕੰਮਾਂ ਦੇ ਅਨੁਸਾਰ ਨਹੀਂ ਹੁੰਦਾ ਹੈ। ਇਸ ਦੀ ਬਜਾਇ, ਉਨ੍ਹਾਂ ਦਾ ਨਿਆਂ ਉਨ੍ਹਾਂ ਕੰਮਾਂ ਦੇ ਆਧਾਰ ਉੱਤੇ ਹੁੰਦਾ ਹੈ ਜੋ ਉਹ ਨਿਆਂ ਦੇ ਦਿਨ ਦੇ ਦੌਰਾਨ ਕਰਦੇ ਹਨ। ਤਾਂ ਫਿਰ ਜਦੋਂ ਯਿਸੂ ਨੇ ਉਨ੍ਹਾਂ ਬਾਰੇ ਜ਼ਿਕਰ ਕੀਤਾ “ਜਿਨ੍ਹਾਂ ਨੇ ਭਲਿਆਈ ਕੀਤੀ,” ਅਤੇ “ਜਿਨ੍ਹਾਂ ਨੇ ਬੁਰਿਆਈ ਕੀਤੀ,” ਉਹ ਉਨ੍ਹਾਂ ਭਲੇ ਅਤੇ ਬੁਰੇ ਕੰਮਾਂ ਵੱਲ ਸੰਕੇਤ ਕਰ ਰਿਹਾ ਸੀ ਜਿਹੜੇ ਉਹ ਨਿਆਂ ਦੇ ਦਿਨ ਦੇ ਦੌਰਾਨ ਕਰਨਗੇ। ਉਨ੍ਹਾਂ ਭਲਿਆਂ ਕੰਮਾਂ ਦੇ ਕਾਰਨ ਜਿਹੜੇ ਉਹ ਕਰਦੇ ਹਨ, ਪੁਨਰ-ਉਥਿਤ ਹੋਏ ਵਿਅਕਤੀਆਂ ਵਿਚੋਂ ਅਨੇਕ 1,000-ਸਾਲ ਦੇ ਨਿਆਂ ਦੇ ਦਿਨ ਦੇ ਅੰਤ ਤਕ ਮਾਨਵ ਸੰਪੂਰਣਤਾ ਤਾਈਂ ਪਹੁੰਚ ਜਾਣਗੇ। ਇਸ ਤਰ੍ਹਾਂ ਉਨ੍ਹਾਂ ਦੀ ਮਰੇ ਹੋਇਆਂ ਤੋਂ ਵਾਪਸੀ ਉਨ੍ਹਾਂ ਲਈ “ਜੀਵਨ ਦਾ ਪੁਨਰ-ਉਥਾਨ” ਸਾਬਤ ਹੋਵੇਗੀ, ਕਿਉਂਕਿ ਉਹ ਪਾਪ ਰਹਿਤ ਸੰਪੂਰਣ ਜੀਵਨ ਪ੍ਰਾਪਤ ਕਰਨਗੇ।
14. ਇਕ ਵਿਅਕਤੀ ਲਈ “ਨਿਆਂ ਦਾ ਪੁਨਰ-ਉਥਾਨ” ਪ੍ਰਾਪਤ ਕਰਨ ਦਾ ਕੀ ਅਰਥ ਹੁੰਦਾ ਹੈ?
14 ਦੂਸਰੇ ਪਾਸੇ, ਉਨ੍ਹਾਂ ਬਾਰੇ ਕੀ ਜਿਨ੍ਹਾਂ ਨੇ ਨਿਆਂ ਦੇ ਦਿਨ ਦੇ ਦੌਰਾਨ ‘ਬੁਰਿਆਈ ਯਾ ਬੁਰੀਆਂ ਚੀਜ਼ਾਂ ਦਾ ਅਭਿਆਸ ਕੀਤਾ ਹੈ’? ਉਨ੍ਹਾਂ ਦੀ ਮਰੇ ਹੋਇਆਂ ਤੋਂ ਵਾਪਸੀ “ਨਿਆਂ ਦਾ ਪੁਨਰ-ਉਥਾਨ” ਸਾਬਤ ਹੋਵੇਗੀ। ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਮੌਤ ਦੀ ਸਜ਼ਾ ਯਾ ਦੰਡ ਹੈ। ਇਸ ਲਈ ਇਹ ਵਿਅਕਤੀ ਯਾ ਤਾਂ ਨਿਆਂ ਦੇ ਦਿਨ ਦੇ ਦੌਰਾਨ ਯਾ ਉਸ ਦੇ ਅੰਤ ਤੇ ਨਾਸ ਕੀਤੇ ਜਾਣਗੇ। ਇਸ ਦਾ ਕਾਰਨ ਹੈ ਕਿ ਉਹ ਬੁਰੇ ਕੰਮ ਕਰਦੇ ਹਨ; ਉਹ ਧਰਮ ਨੂੰ ਸਿੱਖਣ ਅਤੇ ਉਸ ਦਾ ਅਭਿਆਸ ਕਰਨ ਤੋਂ ਹਠਧਰਮੀ ਨਾਲ ਇਨਕਾਰ ਕਰਦੇ ਹਨ।
ਜਦੋਂ ਨਿਆਂ ਦਾ ਦਿਨ ਆਰੰਭ ਹੁੰਦਾ ਹੈ
15. ਨਿਆਂ ਦਾ ਦਿਨ ਆਰੰਭ ਹੋਣ ਤੋਂ ਤੁਰੰਤ ਪਹਿਲਾਂ ਕੀ ਘਟਨਾ ਬੀਤਦੀ ਹੈ?
15 ਰਸੂਲ ਯੂਹੰਨਾ ਨੇ ਇਕ ਦ੍ਰਿਸ਼ ਵਿਚ ਦੇਖਿਆ ਕਿ ਨਿਆਂ ਦੇ ਦਿਨ ਤੋਂ ਤੁਰੰਤ ਪਹਿਲਾਂ ਕੀ ਬੀਤਦਾ ਹੈ। ਉਸ ਨੇ ਲਿਖਿਆ: “ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਓਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਹ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਨੱਸ ਗਏ . . . ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ . . . ਅਤੇ ਮੁਰਦਿਆਂ ਦਾ ਨਿਆਉਂ . . . ਕੀਤਾ ਗਿਆ।” (ਪਰਕਾਸ਼ ਦੀ ਪੋਥੀ 20:11, 12, ਟੇਢੇ ਟਾਈਪ ਸਾਡੇ) ਤਾਂ ਫਿਰ ਨਿਆਂ ਦਾ ਦਿਨ ਆਰੰਭ ਹੋਣ ਤੋਂ ਪਹਿਲਾਂ, ਇਹ ਵਰਤਮਾਨ ਰੀਤੀ-ਵਿਵਸਥਾ ਜਿਹੜੀ “ਧਰਤੀ ਅਤੇ ਅਕਾਸ਼” ਦੀ ਬਣੀ ਹੋਈ ਹੈ ਖ਼ਤਮ ਹੋ ਜਾਵੇਗੀ। ਕੇਵਲ ਉਹ ਹੀ ਜੋ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਬਚਣਗੇ, ਜਦ ਕਿ ਸਾਰੇ ਦੁਸ਼ਟ ਲੋਕ ਆਰਮਾਗੇਡਨ ਵਿਚ ਨਾਸ ਕੀਤੇ ਜਾਂਦੇ ਹਨ।—1 ਯੂਹੰਨਾ 2:17.
16. (ੳ) ਮਰੇ ਹੋਇਆਂ ਤੋਂ ਇਲਾਵਾ ਨਿਆਂ ਦੇ ਦਿਨ ਦੇ ਦੌਰਾਨ ਹੋਰ ਕਿਨ੍ਹਾਂ ਦਾ ਨਿਆਂ ਕੀਤਾ ਜਾਵੇਗਾ? (ਅ) ਉਨ੍ਹਾਂ ਦਾ ਕਿਸ ਚੀਜ਼ ਦੇ ਅਨੁਸਾਰ ਨਿਆਂ ਕੀਤਾ ਜਾਵੇਗਾ?
16 ਇਸ ਤਰ੍ਹਾਂ, ਨਿਆਂ ਦੇ ਦਿਨ ਦੇ ਦੌਰਾਨ ਸਿਰਫ਼ ਪੁਨਰ-ਉਥਿਤ ਕੀਤੇ ਹੋਏ “ਮੁਰਦਿਆਂ” ਦਾ ਹੀ ਨਿਆਂ ਨਹੀਂ ਕੀਤਾ ਜਾਵੇਗਾ। “ਜੀਉਂਦਿਆਂ” ਦਾ ਵੀ ਜਿਹੜੇ ਆਰਮਾਗੇਡਨ ਵਿਚੋਂ ਬਚ ਨਿਕਲਦੇ ਹਨ, ਅਤੇ ਉਨ੍ਹਾਂ ਨੂੰ ਪੈਦਾ ਹੋਏ ਕੋਈ ਵੀ ਬੱਚਿਆਂ ਦਾ ਵੀ ਨਿਆਂ ਕੀਤਾ ਜਾਵੇਗਾ। (2 ਤਿਮੋਥਿਉਸ 4:1) ਆਪਣੇ ਦ੍ਰਿਸ਼ ਵਿਚ, ਯੂਹੰਨਾ ਨੇ ਵੇਖਿਆ ਕਿ ਉਨ੍ਹਾਂ ਦਾ ਨਿਆਂ ਕਿਸ ਤਰ੍ਹਾਂ ਕੀਤਾ ਜਾਂਦਾ ਹੈ। “ਅਤੇ ਪੋਥੀਆਂ ਖੋਲ੍ਹੀਆਂ ਗਈਆਂ,” ਉਸ ਨੇ ਲਿਖਿਆ। “ਅਤੇ ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਇਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ [“ਮੌਤ,” ਨਿਵ] ਅਤੇ ਪਤਾਲ [“ਹੇਡੀਜ਼,” ਨਿਵ] ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ।”—ਪਰਕਾਸ਼ ਦੀ ਪੋਥੀ 20:12, 13.
17. ਉਹ “ਪੋਥੀਆਂ” ਕੀ ਹਨ ਜਿਨ੍ਹਾਂ ਵਿਚੋਂ “ਜੀਉਂਦਿਆਂ” ਅਤੇ “ਮੁਰਦਿਆਂ” ਦਾ ਨਿਆਂ ਕੀਤਾ ਜਾਵੇਗਾ?
17 ਉਹ ਖੋਲ੍ਹੀਆਂ ਗਈਆਂ “ਪੋਥੀਆਂ” ਕੀ ਹਨ ਜਿਨ੍ਹਾਂ ਵਿਚੋਂ “ਮੁਰਦਿਆਂ” ਅਤੇ “ਜੀਉਂਦਿਆਂ” ਦਾ ਨਿਆਂ ਕੀਤਾ ਜਾਂਦਾ ਹੈ? ਜ਼ਾਹਰ ਹੈ ਕਿ ਉਹ ਸਾਡੀ ਵਰਤਮਾਨ ਪਵਿੱਤਰ ਬਾਈਬਲ ਤੋਂ ਇਲਾਵਾ, ਕੁਝ ਅਤਿਰਿਕਤ ਹੋਣਗੀਆਂ। ਉਹ ਪ੍ਰੇਰਿਤ ਲਿਖਤਾਂ ਯਾ ਕਿਤਾਬਾਂ ਹਨ ਜਿਨ੍ਹਾਂ ਵਿਚ ਯਹੋਵਾਹ ਦੇ ਨਿਯਮ ਅਤੇ ਹਿਦਾਇਤਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਧਰਤੀ ਉੱਤੇ ਸਾਰੇ ਲੋਕ ਪਰਮੇਸ਼ੁਰ ਦੀ ਇੱਛਾ ਜਾਣ ਸਕਣਗੇ। ਫਿਰ, ਇਨ੍ਹਾਂ “ਪੋਥੀਆਂ” ਵਿਚ ਪਾਏ ਗਏ ਨਿਯਮ ਅਤੇ ਹਿਦਾਇਤਾਂ ਦੇ ਆਧਾਰ ਉੱਤੇ ਧਰਤੀ ਉਪਰ ਹਰ ਇਕ ਦਾ ਨਿਆਂ ਹੋਵੇਗਾ। ਜਿਹੜੇ ਉਨ੍ਹਾਂ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਨਗੇ ਉਹ ਮਸੀਹ ਦੀ ਰਿਹਾਈ-ਕੀਮਤ ਦੇ ਬਲੀਦਾਨ ਦੇ ਲਾਭ ਉਠਾਉਣਗੇ, ਅਤੇ ਉਹ ਹੌਲੀ ਹੌਲੀ ਮਾਨਵ ਸੰਪੂਰਣਤਾ ਪ੍ਰਾਪਤ ਕਰਨਗੇ।
18. (ੳ) ਨਿਆਂ ਦੇ ਦਿਨ ਦੇ ਅੰਤ ਤੇ ਕੀ ਸਥਿਤੀ ਹੋਵੇਗੀ? (ਅ) “ਮੁਰਦੇ” ਕਿਸ ਲਿਹਾਜ਼ ਵਿਚ 1,000 ਸਾਲ ਦੇ ਅੰਤ ਤੇ ਜੀਉਂਦੇ ਹੋ ਜਾਂਦੇ ਹਨ?
18 ਨਿਆਂ ਦੇ ਦਿਨ ਦੇ 1,000-ਸਾਲ ਦੇ ਅੰਤ ਤਾਈਂ ਕੋਈ ਵੀ ਧਰਤੀ ਉੱਤੇ ਆਦਮ ਦੇ ਪਾਪ ਦੇ ਕਾਰਨ ਮਰਨ ਅਵਸਥਾ ਵਿਚ ਨਹੀਂ ਹੋਵੇਗਾ। ਸੱਚ-ਮੁੱਚ ਹੀ, ਹਰ ਇਕ ਵਿਅਕਤੀ ਪੂਰੀ ਤਰ੍ਹਾਂ ਜੀਉਂਦਾ ਹੋ ਚੁੱਕਾ ਹੋਵੇਗਾ। ਬਾਈਬਲ ਇਸ ਦਾ ਹੀ ਜ਼ਿਕਰ ਕਰਦੀ ਹੈ ਜਦੋਂ ਉਹ ਆਖਦੀ ਹੈ: “ਬਾਕੀ ਦੇ ਮੁਰਦੇ [ਉਨ੍ਹਾਂ 1,44,000 ਦੇ ਇਲਾਵਾ ਜਿਹੜੇ ਸਵਰਗ ਨੂੰ ਜਾਂਦੇ ਹਨ] ਹਜ਼ਾਰ ਵਰ੍ਹੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ।” (ਪਰਕਾਸ਼ ਦੀ ਪੋਥੀ 20:5) ਇੱਥੇ “ਬਾਕੀ ਦੇ ਮੁਰਦੇ” ਹਵਾਲੇ ਦਾ ਅਰਥ ਇਹ ਨਹੀਂ ਹੈ ਕਿ ਦੂਸਰੇ ਵਿਅਕਤੀ 1,000-ਸਾਲ ਦੇ ਨਿਆਂ ਦੇ ਦਿਨ ਦੇ ਅੰਤ ਤੇ ਪੁਨਰ-ਉਥਿਤ ਕੀਤੇ ਜਾਂਦੇ ਹਨ। ਇਸ ਦੀ ਬਜਾਇ, ਇਸ ਦਾ ਅਰਥ ਇਹ ਹੈ ਕਿ ਸਾਰੇ ਵਿਅਕਤੀ ਇਸ ਲਿਹਾਜ਼ ਵਿਚ ਜੀਉਂਦੇ ਹੋ ਜਾਂਦੇ ਹਨ ਕਿ ਆਖ਼ਰਕਾਰ ਉਹ ਮਾਨਵ ਸੰਪੂਰਣਤਾ ਤਕ ਪਹੁੰਚ ਜਾਂਦੇ ਹਨ। ਉਹ ਉਸ ਸੰਪੂਰਣ ਅਵਸਥਾ ਵਿਚ ਹੋਣਗੇ ਜਿਸ ਵਿਚ ਆਦਮ ਅਤੇ ਹੱਵਾਹ ਅਦਨ ਦੇ ਬਾਗ਼ ਵਿਚ ਸਨ। ਉਦੋਂ ਕੀ ਹੋਵੇਗਾ?
ਨਿਆਂ ਦੇ ਦਿਨ ਦੇ ਮਗਰੋਂ
19. ਨਿਆਂ ਦੇ ਦਿਨ ਦੇ ਅੰਤ ਤੇ ਮਸੀਹ ਕੀ ਕਰਦਾ ਹੈ?
19 ਉਹ ਸਭ ਕੁਝ ਕਰਨ ਤੋਂ ਬਾਅਦ ਜੋ ਪਰਮੇਸ਼ੁਰ ਨੇ ਉਸ ਨੂੰ ਕਰਨ ਲਈ ਦਿੱਤਾ ਹੈ, ਯਿਸੂ ਮਸੀਹ “ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ।” ਇਹ 1,000-ਸਾਲ ਦੇ ਨਿਆਂ ਦੇ ਦਿਨ ਦੇ ਅੰਤ ਤੇ ਹੋਵੇਗਾ। ਉਸ ਸਮੇਂ ਤਾਈਂ ਸਾਰੇ ਦੁਸ਼ਮਣ ਰਾਹ ਵਿਚੋਂ ਕੱਢ ਦਿੱਤੇ ਗਏ ਹੋਣਗੇ। ਇਨ੍ਹਾਂ ਵਿਚੋਂ ਛੇਕੜਲਾ ਦੁਸ਼ਮਣ ਆਦਮ ਤੋਂ ਵਿਰਸੇ ਵਿਚ ਪ੍ਰਾਪਤ ਕੀਤੀ ਹੋਈ ਮੌਤ ਹੈ। ਇਹ ਨਸ਼ਟ ਕੀਤੀ ਜਾਵੇਗੀ! ਫਿਰ ਰਾਜ ਯਹੋਵਾਹ ਪਰਮੇਸ਼ੁਰ ਦੀ ਜਾਇਦਾਦ ਬਣ ਜਾਂਦਾ ਹੈ। ਉਹ ਰਾਜੇ ਦੇ ਰੂਪ ਵਿਚ ਉਸ ਉੱਤੇ ਸਿੱਧਾ ਸ਼ਾਸਨ ਕਰਦਾ ਹੈ।—1 ਕੁਰਿੰਥੀਆਂ 15:24-28.
20. (ੳ) ਯਹੋਵਾਹ ਇਹ ਨਿਸ਼ਚਿਤ ਕਰਨ ਲਈ ਕੀ ਕਰੇਗਾ ਕਿ ਕਿਨ੍ਹਾਂ ਦੇ ਨਾਂ “ਜੀਵਨ ਦੀ ਪੋਥੀ” ਵਿਚ ਲਿਖੇ ਜਾਣਗੇ? (ਅ) ਮਨੁੱਖਜਾਤੀ ਲਈ ਇਕ ਅੰਤਿਮ ਪਰੀਖਿਆ ਕਿਉਂ ਉਚਿਤ ਹੈ?
20 ਯਹੋਵਾਹ ਇਹ ਕਿਸ ਤਰ੍ਹਾਂ ਨਿਸ਼ਚਿਤ ਕਰੇਗਾ ਕਿ “ਜੀਵਨ ਦੀ ਪੋਥੀ” ਯਾ “ਜੀਵਨ ਦੀ ਕਿਤਾਬ” ਵਿਚ ਕਿਨ੍ਹਾਂ ਦੇ ਨਾਂ ਲਿਖੇ ਜਾਣੇ ਹਨ? (ਪਰਕਾਸ਼ ਦੀ ਪੋਥੀ 20:12, 15, ਨਿਵ) ਇਹ ਮਨੁੱਖਜਾਤੀ ਉੱਤੇ ਇਕ ਪਰੀਖਿਆ ਦੇ ਦੁਆਰਾ ਹੋਵੇਗਾ। ਯਾਦ ਕਰੋ ਕਿਵੇਂ ਆਦਮ ਅਤੇ ਹੱਵਾਹ ਇਕ ਅਜਿਹੀ ਪਰੀਖਿਆ ਦੇ ਅਧੀਨ ਨਾਕਾਮਯਾਬ ਹੋਏ ਸਨ, ਅਤੇ ਕਿਵੇਂ ਜਦੋਂ ਅੱਯੂਬ ਪਰਖਿਆ ਗਿਆ, ਉਸ ਨੇ ਆਪਣੀ ਖਰਿਆਈ ਕਾਇਮ ਰੱਖੀ। ਲੇਕਨ ਉਨ੍ਹਾਂ ਵਿਚੋਂ ਜ਼ਿਆਦਾ ਮਨੁੱਖਾਂ ਦੇ ਵਿਸ਼ਵਾਸ ਦੀ ਪਰੀਖਿਆ, ਜਿਹੜੇ 1,000 ਸਾਲ ਦੇ ਅੰਤ ਤਾਈਂ ਜੀਉਣਗੇ, ਕਦੇ ਵੀ ਨਹੀਂ ਕੀਤੀ ਗਈ ਹੋਵੇਗੀ। ਉਨ੍ਹਾਂ ਨੂੰ ਪੁਨਰ-ਉਥਿਤ ਕੀਤੇ ਜਾਣ ਤੋਂ ਪਹਿਲਾਂ ਉਹ ਯਹੋਵਾਹ ਦੇ ਮਕਸਦਾਂ ਬਾਰੇ ਅਣਜਾਣ ਸਨ। ਉਹ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਦਾ ਹਿੱਸਾ ਸਨ; ਉਹ “ਕੁਧਰਮੀ” ਸਨ। ਫਿਰ, ਉਨ੍ਹਾਂ ਦੇ ਪੁਨਰ-ਉਥਾਨ ਤੋਂ ਬਾਅਦ, ਉਨ੍ਹਾਂ ਲਈ ਸ਼ਤਾਨ ਦੀ ਵਿਰੋਧਤਾ ਤੋਂ ਬਗੈਰ ਪਰਾਦੀਸ ਵਿਚ ਰਹਿਣ ਕਰਕੇ ਯਹੋਵਾਹ ਦੀ ਸੇਵਾ ਕਰਨਾ ਸੌਖਾ ਸੀ। ਲੇਕਨ ਕੀ ਇਹ ਅਰਬਾਂ ਹੀ ਲੋਕ ਜਿਹੜੇ ਉਦੋਂ ਸੰਪੂਰਣ ਹੋਣਗੇ, ਤਦ ਯਹੋਵਾਹ ਦੀ ਸੇਵਾ ਕਰਨਗੇ ਅਗਰ ਸ਼ਤਾਨ ਨੂੰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਮੌਕਾ ਦਿੱਤਾ ਜਾਵੇ? ਕੀ ਸ਼ਤਾਨ ਉਨ੍ਹਾਂ ਦੇ ਨਾਲ ਉਹੀ ਕਰ ਸਕਦਾ ਹੈ ਜੋ ਉਸ ਨੇ ਆਦਮ ਅਤੇ ਹੱਵਾਹ ਨਾਲ ਕੀਤਾ ਸੀ?
21. (ੳ) ਯਹੋਵਾਹ ਮਨੁੱਖਜਾਤੀ ਦੀ ਪਰੀਖਿਆ ਕਿਸ ਤਰ੍ਹਾਂ ਕਰਵਾਏਗਾ? (ਅ) ਜਦੋਂ ਪਰੀਖਿਆ ਪੂਰੀ ਹੋ ਜਾਂਦੀ ਹੈ, ਉਨ੍ਹਾਂ ਸਾਰਿਆਂ ਨਾਲ ਕੀ ਹੋਵੇਗਾ ਜਿਹੜੇ ਉਸ ਵਿਚ ਸ਼ਾਮਲ ਸਨ?
21 ਅਜਿਹੇ ਸਵਾਲਾਂ ਦਾ ਫੈਸਲਾ ਕਰਨ ਲਈ, ਯਹੋਵਾਹ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਅਥਾਹ ਕੁੰਡ ਤੋਂ ਛੱਡ ਦਿੰਦਾ ਹੈ ਜਿੱਥੇ ਉਹ 1,000 ਸਾਲਾਂ ਲਈ ਰਹੇ ਹਨ। ਇਸ ਦਾ ਕੀ ਨਤੀਜਾ ਹੁੰਦਾ ਹੈ? ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਸ਼ਤਾਨ ਕਈਆਂ ਵਿਅਕਤੀਆਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਹਟਾਉਣ ਵਿਚ ਕਾਮਯਾਬ ਹੁੰਦਾ ਹੈ। ਉਨ੍ਹਾਂ ਦੀ ਗਿਣਤੀ “ਸਮੁੰਦਰ ਦੀ ਰੇਤ” ਜਿੰਨੀ ਹੈ, ਮਤਲਬ ਕਿ ਅਨਿਸ਼ਚਿਤ ਹੈ। ਇਹ ਪਰੀਖਿਆ ਲੈਣ ਤੋਂ ਬਾਅਦ, ਸ਼ਤਾਨ ਅਤੇ ਉਸ ਦੇ ਪਿਸ਼ਾਚ, ਅਤੇ ਉਹ ਸਾਰੇ ਜਿਹੜੇ ਪਰੀਖਿਆ ਵਿਚ ਸਫ਼ਲ ਨਹੀਂ ਹੁੰਦੇ ਹਨ, ਉਸ ਪ੍ਰਤੀਕਾਤਮਕ “ਅੱਗ ਦੀ ਝੀਲ” ਵਿਚ ਸੁੱਟੇ ਜਾਂਦੇ ਹਨ ਜਿਹੜੀ ਦੂਸਰੀ (ਸਦੀਪਕ) ਮੌਤ ਹੈ। (ਪਰਕਾਸ਼ ਦੀ ਪੋਥੀ 20:7-10, 15) ਪਰ ਜਿਨ੍ਹਾਂ ਦੇ ਨਾਂ “ਜੀਵਨ ਦੀ ਪੋਥੀ” ਵਿਚ ਪਾਏ ਜਾਂਦੇ ਹਨ ਉਹ ਸ਼ਾਨਦਾਰ ਪਾਰਥਿਵ ਪਰਾਦੀਸ ਵਿਚ ਰਹਿਣਗੇ। ਉਨ੍ਹਾਂ ਦੇ ਨਾਂ ਇਸ “ਜੀਵਨ ਦੀ ਪੋਥੀ” ਵਿਚ ਲਿਖੇ ਜਾਣ ਦਾ ਅਰਥ ਇਹ ਹੈ ਕਿ ਯਹੋਵਾਹ ਉਨ੍ਹਾਂ ਨੂੰ ਦਿਲ, ਮਨ, ਅਤੇ ਸਰੀਰਕ ਪਖੋਂ ਸੰਪੂਰਣ ਤੌਰ ਤੇ ਧਰਮੀ ਸਮਝਦਾ ਹੈ ਅਤੇ ਇਸ ਕਰਕੇ ਉਹ ਧਰਤੀ ਉੱਤੇ ਪਰਾਦੀਸ ਵਿਚ ਸਦਾ ਲਈ ਜੀਉਣ ਦੇ ਲਾਇਕ ਹਨ।
ਵਰਤਮਾਨ ਨਿਆਂ ਦਾ ਦਿਨ
22. ਨਿਆਂ ਦਾ ਦਿਨ ਅਤੇ ਮਨੁੱਖਜਾਤੀ ਦੀ ਅੰਤਿਮ ਪਰੀਖਿਆ ਦੇਖਣ ਵਾਸਤੇ ਜੀਉਂਦੇ ਰਹਿਣ ਲਈ, ਸਾਨੂੰ ਹੁਣ ਕਿਸ ਵਿਚੋਂ ਬਚ ਨਿਕਲਣ ਦੀ ਆਵੱਸ਼ਕਤਾ ਹੈ?
22 ਸੋ ਬਾਈਬਲ ਭਵਿੱਖ ਵਿਚ 1,000 ਸਾਲ ਤੋਂ ਜ਼ਿਆਦਾ ਸਮੇਂ ਦੀਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ। ਅਤੇ ਇਹ ਦਿਖਾਉਂਦੀ ਹੈ ਕਿ ਭਵਿੱਖ ਵਿਚ ਜੋ ਹੋਣਾ ਹੈ ਉਸ ਤੋਂ ਕੋਈ ਡਰਨ ਦਾ ਕਾਰਨ ਨਹੀਂ ਹੈ। ਲੇਕਨ ਸਵਾਲ ਪੈਦਾ ਹੁੰਦਾ ਹੈ: ਕੀ ਤੁਸੀਂ ਉਨ੍ਹਾਂ ਅੱਛੀਆਂ ਚੀਜ਼ਾਂ ਦਾ ਆਨੰਦ ਮਾਣਨ ਲਈ ਉੱਥੇ ਮੌਜੂਦ ਹੋਵੋਗੇ ਜਿਹੜੀਆਂ ਯਹੋਵਾਹ ਪਰਮੇਸ਼ੁਰ ਨੇ ਤਿਆਰ ਕੀਤੀਆਂ ਹਨ? ਇਹ ਉਸ ਉੱਤੇ ਨਿਰਭਰ ਹੋਵੇਗਾ ਕਿ ਤੁਸੀਂ ਪਹਿਲੇ ਨਿਆਂ ਦੇ ਦਿਨ, ਮਤਲਬ ਕਿ, ਇਸ ਵਰਤਮਾਨ “ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ” ਤੋਂ ਬਚੋਗੇ ਯਾ ਨਹੀਂ।—2 ਪਤਰਸ 3:7.
23. (ੳ) ਹੁਣ ਕਿਹੜੇ ਦੋ ਵਰਗਾਂ ਵਿਚ ਲੋਕ ਵੱਖਰੇ ਕੀਤੇ ਜਾ ਰਹੇ ਹਨ? (ਅ) ਪ੍ਰਤੀ ਵਰਗ ਨਾਲ ਕੀ ਹੋਵੇਗਾ, ਅਤੇ ਕਿਉਂ?
23 ਹਾਂ, ਜਦੋਂ ਤੋਂ ਮਸੀਹ ਵਾਪਸ ਆ ਕੇ ਆਪਣੇ ਸਵਰਗੀ ਸਿੰਘਾਸਣ ਉੱਤੇ ਬੈਠਾ ਹੈ, ਸਾਰੀ ਮਨੁੱਖਜਾਤੀ ਦਾ ਨਿਆਂ ਹੋ ਰਿਹਾ ਹੈ। ਇਹ ਵਰਤਮਾਨ “ਨਿਆਂ ਦਾ ਦਿਨ” ਉਸ 1,000-ਸਾਲ ਦੇ ਨਿਆਂ ਦੇ ਦਿਨ ਆਰੰਭ ਹੋਣ ਤੋਂ ਪਹਿਲਾਂ ਆਉਂਦਾ ਹੈ। ਇਸ ਵਰਤਮਾਨ ਨਿਆਂ ਦੇ ਦੌਰਾਨ ਲੋਕ “ਬੱਕਰੀਆਂ” ਦੇ ਰੂਪ ਵਿਚ ਮਸੀਹ ਦੇ ਖੱਭੇ ਪਾਸੇ ਯਾ “ਭੇਡਾਂ” ਦੇ ਰੂਪ ਵਿਚ ਉਸ ਦੇ ਸੱਜੇ ਪਾਸੇ ਵੱਖਰੇ ਕੀਤੇ ਜਾ ਰਹੇ ਹਨ। “ਬੱਕਰੀਆਂ” ਨਾਸ ਕੀਤੀਆਂ ਜਾਣਗੀਆਂ ਕਿਉਂਕਿ ਉਹ ਮਸੀਹ ਦੇ ਮਸਹ ਕੀਤੇ ਹੋਏ “ਭਰਾਵਾਂ” ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਹਾਇਤਾ ਦੇਣ ਵਿਚ ਅਸਫ਼ਲ ਹੁੰਦੀਆਂ ਹਨ। ਸਮਾਂ ਬੀਤਣ ਤੇ, ਇਹ “ਬੱਕਰੀਆਂ” ਆਪਣੇ ਆਪ ਨੂੰ ਅਪਸ਼ਚਾਤਾਪੀ ਪਾਪੀ, ਦੁਸ਼ਟ ਵਿਅਕਤੀ ਸਾਬਤ ਕਰਦੀਆਂ ਹਨ ਜੋ ਆਪਣੇ ਬੁਰਾਈ ਦੇ ਅਭਿਆਸਾਂ ਵਿਚ ਕਠੋਰ ਹੋ ਗਏ ਹਨ। ਦੂਸਰੇ ਪਾਸੇ, “ਭੇਡਾਂ” ਨੂੰ ਰਾਜ ਸ਼ਾਸਨ ਦੇ ਅਧੀਨ ਜੀਵਨ ਦੀ ਬਰਕਤ ਮਿਲੇਗੀ, ਕਿਉਂਕਿ ਉਹ ਮਸੀਹ ਦੇ “ਭਰਾਵਾਂ” ਨੂੰ ਹਰ ਤਰ੍ਹਾਂ ਸਮਰਥਨ ਦਿੰਦੀਆਂ ਹਨ।—ਮੱਤੀ 25:31-46.
[ਸਫ਼ੇ 178 ਉੱਤੇ ਤਸਵੀਰਾਂ]
ਯਿਸੂ ਨੇ ਇਹ ਕਿਉਂ ਆਖਿਆ ਸੀ ਕਿ ਨਿਆਂ ਦੇ ਦਿਨ ਵਿਚ ਸਦੂਮ ਦੇ ਵਾਸੀਆਂ ਲਈ ਜ਼ਿਆਦਾ ਝੱਲਣਯੋਗ ਹੋਵੇਗਾ?