ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!
“ਤਾਂਕਿ ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇ।”—1 ਕੁਰਿੰ. 15:28.
1. “ਵੱਡੀ ਭੀੜ” ਨੂੰ ਕਿਹੜਾ ਮੌਕਾ ਮਿਲੇਗਾ?
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨਿਆਂ-ਪਸੰਦ ਤੇ ਰਹਿਮਦਿਲ ਹਾਕਮ ਅਧੀਨ ਇਕ ਸ਼ਕਤੀਸ਼ਾਲੀ ਸਰਕਾਰ ਇਕ ਹਜ਼ਾਰ ਸਾਲ ਦੌਰਾਨ ਆਪਣੇ ਲੋਕਾਂ ਲਈ ਕਿੰਨੇ ਚੰਗੇ ਕੰਮ ਕਰ ਸਕਦੀ ਹੈ? “ਮਹਾਂਕਸ਼ਟ” ਦੌਰਾਨ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚਣ ਵਾਲੀ “ਵੱਡੀ ਭੀੜ” ਨੂੰ ਅਜਿਹੀ ਸਰਕਾਰ ਅਧੀਨ ਜੀਉਣ ਦਾ ਮੌਕਾ ਮਿਲੇਗਾ।—ਪ੍ਰਕਾ. 7:9, 14.
2. ਪਿਛਲੇ 6,000 ਸਾਲਾਂ ਦੌਰਾਨ ਇਨਸਾਨਾਂ ਨੂੰ ਕੀ-ਕੀ ਝੱਲਣਾ ਪਿਆ ਹੈ?
2 ਪਿਛਲੇ 6,000 ਸਾਲਾਂ ਦੌਰਾਨ ਇਨਸਾਨਾਂ ਨੇ ਆਪ ਰਾਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਨਸਾਨਾਂ ਨੂੰ ਬਹੁਤ ਦੁੱਖ-ਤਕਲੀਫ਼ਾਂ ਝੱਲਣੀਆਂ ਪਈਆਂ ਹਨ। ਬਹੁਤ ਸਮਾਂ ਪਹਿਲਾਂ ਬਾਈਬਲ ਵਿਚ ਲਿਖਿਆ ਗਿਆ ਸੀ: “ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ।” (ਉਪ. 8:9, ERV) ਅਸੀਂ ਅੱਜ ਕੀ ਦੇਖਦੇ ਹਾਂ? ਲੜਾਈਆਂ ਅਤੇ ਯੁੱਧਾਂ ਤੋਂ ਇਲਾਵਾ ਗ਼ਰੀਬੀ, ਬੀਮਾਰੀਆਂ, ਵਾਤਾਵਰਣ ਵਿਚ ਪ੍ਰਦੂਸ਼ਣ, ਧਰਤੀ ਦਾ ਤਾਪਮਾਨ ਵਧਣ ਕਰਕੇ ਵਾਤਾਵਰਣ ਵਿਚ ਆਈਆਂ ਤਬਦੀਲੀਆਂ ਅਤੇ ਹੋਰ ਕਈ ਸਮੱਸਿਆਵਾਂ ਹਨ। ਸਰਕਾਰੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਸੀਂ ਆਪਣੇ ਰਵੱਈਏ ਵਿਚ ਤਬਦੀਲੀ ਨਾ ਕੀਤੀ, ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ।
3. ਹਜ਼ਾਰ ਸਾਲ ਦੇ ਰਾਜ ਦੌਰਾਨ ਕੀ ਹੋਵੇਗਾ?
3 ਪਰਮੇਸ਼ੁਰ ਦੇ ਰਾਜ ਵਿਚ ਰਾਜਾ ਯਿਸੂ ਮਸੀਹ ਅਤੇ ਉਸ ਦੇ ਨਾਲ ਹੋਰ 1,44,000 ਰਾਜੇ ਇਨਸਾਨਾਂ ਅਤੇ ਧਰਤੀ ਨੂੰ ਪਹੁੰਚਾਏ ਗਏ ਨੁਕਸਾਨ ਨੂੰ ਖ਼ਤਮ ਕਰਨ ਲਈ ਕਦਮ ਚੁੱਕਣਗੇ। ਉਨ੍ਹਾਂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਪਰਮੇਸ਼ੁਰ ਦਾ ਇਹ ਵਾਅਦਾ ਪੂਰਾ ਹੋਵੇਗਾ: “ਵੇਖੋ ਤਾਂ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾ. 65:17) ਆਉਣ ਵਾਲੇ ਸਮੇਂ ਦੌਰਾਨ ਹੋਰ ਕਿਹੜੀਆਂ ਘਟਨਾਵਾਂ ਵਾਪਰਨਗੀਆਂ ਜਿਹੜੀਆਂ ਸਾਨੂੰ ਅਜੇ ਦਿਖਾਈ ਨਹੀਂ ਦਿੰਦੀਆਂ? ਪਰਮੇਸ਼ੁਰ ਦੇ ਬਚਨ ਵਿਚ ਦਰਜ ਭਵਿੱਖਬਾਣੀਆਂ ਦੀ ਮਦਦ ਨਾਲ ਆਓ ਆਪਾਂ “ਨਾ ਦਿਸਣ ਵਾਲੀਆਂ” ਸ਼ਾਨਦਾਰ ਚੀਜ਼ਾਂ ਦੀ ਇਕ ਝਲਕ ਦੇਖੀਏ।—2 ਕੁਰਿੰ. 4:18.
‘ਓਹ ਘਰ ਬਣਾਉਣਗੇ ਅਤੇ ਅੰਗੂਰੀ ਬਾਗ ਲਾਉਣਗੇ’
4. ਅੱਜ ਆਮ ਤੌਰ ਤੇ ਲੋਕ ਕਿਹੋ ਜਿਹੇ ਘਰਾਂ ਵਿਚ ਰਹਿੰਦੇ ਹਨ?
4 ਕੌਣ ਨਹੀਂ ਚਾਹੁੰਦਾ ਕਿ ਉਸ ਦਾ ਆਪਣਾ ਇਕ ਘਰ ਹੋਵੇ ਜਿੱਥੇ ਉਹ ਆਪਣੇ ਪਰਿਵਾਰ ਨਾਲ ਸੁਖੀ ਵੱਸੇ? ਅੱਜ ਘਰ ਬਣਾਉਣਾ ਬਹੁਤ ਹੀ ਔਖਾ ਹੈ। ਲੋਕ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਰਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਝੁੱਗੀਆਂ-ਝੌਂਪੜੀਆਂ ਤੇ ਗੰਦੀਆਂ ਬਸਤੀਆਂ ਵਿਚ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਲਈ ਆਪਣਾ ਘਰ ਹੋਣਾ ਇਕ ਸੁਪਨਾ ਹੀ ਹੈ।
5, 6. (ੳ) ਯਸਾਯਾਹ 65:21 ਅਤੇ ਮੀਕਾਹ 4:4 ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ? (ਅ) ਅਸੀਂ ਇਹ ਬਰਕਤਾਂ ਕਿਵੇਂ ਪਾ ਸਕਦੇ ਹਾਂ?
5 ਪਰਮੇਸ਼ੁਰ ਦੇ ਰਾਜ ਵਿਚ ਹਰ ਇਨਸਾਨ ਦੀ ਆਪਣਾ ਘਰ ਹੋਣ ਦੀ ਤਮੰਨਾ ਪੂਰੀ ਕੀਤੀ ਜਾਵੇਗੀ ਕਿਉਂਕਿ ਯਸਾਯਾਹ ਨੇ ਇਹ ਭਵਿੱਖਬਾਣੀ ਕੀਤੀ ਸੀ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” (ਯਸਾ. 65:21) ਜੀ ਹਾਂ, ਉਸ ਵੇਲੇ ਸਾਰਿਆਂ ਕੋਲ ਆਪੋ-ਆਪਣਾ ਘਰ ਹੋਵੇਗਾ। ਇਹ ਠੀਕ ਹੈ ਕਿ ਅੱਜ ਵੀ ਕੁਝ ਲੋਕ ਆਪਣੇ ਘਰਾਂ ਵਿਚ ਰਹਿੰਦੇ ਹਨ, ਕਈ ਵੱਡੀਆਂ-ਵੱਡੀਆਂ ਕੋਠੀਆਂ ਤੇ ਬੰਗਲਿਆਂ ਵਿਚ ਰਹਿੰਦੇ ਹਨ। ਪਰ ਉਨ੍ਹਾਂ ਨੂੰ ਹਮੇਸ਼ਾ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਆਰਥਿਕ ਮੰਦੀ ਕਰ ਕੇ ਉਨ੍ਹਾਂ ਦਾ ਘਰ ਉਨ੍ਹਾਂ ਦੇ ਹੱਥੋਂ ਨਾ ਚਲਾ ਜਾਵੇ ਜਾਂ ਕੋਈ ਚੋਰ-ਲੁਟੇਰਾ ਉਨ੍ਹਾਂ ਦਾ ਘਰ ਨਾ ਲੁੱਟ ਲਵੇ। ਪਰ ਪਰਮੇਸ਼ੁਰ ਦੇ ਰਾਜ ਵਿਚ ਇਸ ਤਰ੍ਹਾਂ ਨਹੀਂ ਹੋਵੇਗਾ। ਮੀਕਾਹ ਨਬੀ ਨੇ ਕਿਹਾ ਸੀ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾ. 4:4.
6 ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਠੀਕ ਹੈ ਕਿ ਸਾਨੂੰ ਸਾਰਿਆਂ ਨੂੰ ਰਹਿਣ ਵਾਸਤੇ ਜਗ੍ਹਾ ਦੀ ਲੋੜ ਹੈ। ਪਰ ਹੁਣ ਸਾਨੂੰ ਕਰਜ਼ਾ ਲੈ ਕੇ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ, ਕੀ ਸਾਨੂੰ ਯਹੋਵਾਹ ਦੇ ਵਾਅਦੇ ਉੱਤੇ ਆਪਣਾ ਧਿਆਨ ਲਾਉਣ ਵਿਚ ਸਮਝਦਾਰੀ ਨਹੀਂ ਦਿਖਾਉਣੀ ਚਾਹੀਦੀ? ਯਾਦ ਕਰੋ ਯਿਸੂ ਨੇ ਆਪਣੇ ਬਾਰੇ ਕੀ ਕਿਹਾ ਸੀ: “ਲੂੰਬੜੀਆਂ ਕੋਲ ਘੁਰਨੇ ਹਨ ਅਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।” (ਲੂਕਾ 9:58) ਯਿਸੂ ਕੋਲ ਇੰਨੀ ਤਾਕਤ ਸੀ ਕਿ ਉਹ ਆਪਣੇ ਲਈ ਸਭ ਤੋਂ ਸ਼ਾਨਦਾਰ ਘਰ ਬਣਾ ਸਕਦਾ ਸੀ। ਪਰ ਉਸ ਨੇ ਘਰ ਕਿਉਂ ਨਹੀਂ ਬਣਾਇਆ? ਉਹ ਕਿਸੇ ਵੀ ਅਜਿਹੇ ਕੰਮ ਵਿਚ ਨਹੀਂ ਫਸਣਾ ਚਾਹੁੰਦਾ ਸੀ ਜਿਸ ਕਰਕੇ ਉਸ ਦਾ ਧਿਆਨ ਪਰਮੇਸ਼ੁਰ ਦੇ ਰਾਜ ਤੋਂ ਹਟ ਜਾਵੇ। ਕੀ ਅਸੀਂ ਵੀ ਉਸ ਦੀ ਮਿਸਾਲ ਉੱਤੇ ਚੱਲਦੇ ਹੋਏ ਆਪਣੀ ਜ਼ਿੰਦਗੀ ਸਾਦੀ ਰੱਖ ਸਕਦੇ ਹਾਂ ਅਤੇ ਧਨ-ਦੌਲਤ ਤੇ ਚਿੰਤਾ ਦੇ ਜੰਜਾਲ ਤੋਂ ਬਚ ਸਕਦੇ ਹਾਂ?—ਮੱਤੀ 6:33, 34.
“ਬਘਿਆੜ ਅਤੇ ਲੇਲਾ ਇਕੱਠੇ ਚਰਨਗੇ”
7. ਯਹੋਵਾਹ ਨੇ ਇਨਸਾਨਾਂ ਅਤੇ ਜਾਨਵਰਾਂ ਵਿਚ ਕਿਹੋ ਜਿਹਾ ਰਿਸ਼ਤਾ ਕਾਇਮ ਕੀਤਾ ਸੀ?
7 ਯਹੋਵਾਹ ਨੇ ਧਰਤੀ ਉੱਤੇ ਸਾਰਾ ਕੁਝ ਬਣਾਉਣ ਤੋਂ ਬਾਅਦ ਇਨਸਾਨ ਨੂੰ ਬਣਾਇਆ ਸੀ। ਉਸ ਨੇ ਆਪਣੇ ਜੇਠੇ ਪੁੱਤਰ ਨੂੰ ਇਨਸਾਨ ਲਈ ਆਪਣੇ ਖ਼ਾਸ ਮਕਸਦ ਬਾਰੇ ਦੱਸਿਆ ਸੀ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ।” (ਉਤ. 1:26) ਇਸ ਤੋਂ ਪਤਾ ਲੱਗਦਾ ਹੈ ਕਿ ਆਦਮ ਅਤੇ ਹੱਵਾਹ ਕੋਲ ਅਤੇ ਅਖ਼ੀਰ ਵਿਚ ਸਾਰੇ ਇਨਸਾਨਾਂ ਕੋਲ ਜਾਨਵਰਾਂ ʼਤੇ ਅਧਿਕਾਰ ਹੋਣਾ ਸੀ।
8. ਅੱਜ ਜਾਨਵਰਾਂ ਦਾ ਸੁਭਾਅ ਕਿਹੋ ਜਿਹਾ ਹੈ?
8 ਕੀ ਇਨਸਾਨਾਂ ਲਈ ਸਾਰੇ ਜਾਨਵਰਾਂ ਨੂੰ ਆਪਣੇ ਵੱਸ ਵਿਚ ਕਰਨਾ ਅਤੇ ਉਨ੍ਹਾਂ ਨਾਲ ਸ਼ਾਂਤੀ ਨਾਲ ਰਹਿਣਾ ਮੁਮਕਿਨ ਹੈ? ਬਹੁਤ ਸਾਰੇ ਲੋਕ ਆਪਣੇ ਕੁੱਤੇ-ਬਿੱਲੀਆਂ ਤੇ ਹੋਰ ਪਾਲਤੂ ਜਾਨਵਰਾਂ ਨਾਲ ਪਿਆਰ ਕਰਦੇ ਹਨ। ਪਰ ਜੰਗਲੀ ਜਾਨਵਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਕ ਰਿਪੋਰਟ ਦੱਸਦੀ ਹੈ: “ਜਿਹੜੇ ਵਿਗਿਆਨੀ ਜੰਗਲੀ ਜਾਨਵਰਾਂ ਨਾਲ ਰਹਿ ਕੇ ਉਨ੍ਹਾਂ ਬਾਰੇ ਅਧਿਐਨ ਕਰਦੇ ਹਨ, ਉਨ੍ਹਾਂ ਨੇ ਦੇਖਿਆ ਹੈ ਕਿ ਸਾਰੇ ਥਣਧਾਰੀ ਜੀਵਾਂ ਵਿਚ ਭਾਵਨਾਵਾਂ ਹੁੰਦੀਆਂ ਹਨ।” ਇਹ ਸੱਚ ਹੈ ਕਿ ਜਦੋਂ ਜਾਨਵਰਾਂ ਨੂੰ ਆਪਣੀ ਜਾਨ ਨੂੰ ਖ਼ਤਰਾ ਨਜ਼ਰ ਆਉਂਦਾ ਹੈ, ਤਾਂ ਉਹ ਡਰ ਜਾਂਦੇ ਹਨ ਜਾਂ ਗੁੱਸੇ ਵਿਚ ਆ ਜਾਂਦੇ ਹਨ। ਪਰ ਕੀ ਉਹ ਪਿਆਰ ਤੇ ਹੋਰ ਇਹੋ ਜਿਹੀਆਂ ਭਾਵਨਾਵਾਂ ਜ਼ਾਹਰ ਕਰ ਸਕਦੇ ਹਨ? ਇਹ ਰਿਪੋਰਟ ਅੱਗੇ ਦੱਸਦੀ ਹੈ: “ਥਣਧਾਰੀ ਜਾਨਵਰ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਕਿੰਨਾ ਪਿਆਰ ਹੈ।”
9. ਜਾਨਵਰਾਂ ਦੇ ਸੁਭਾਅ ਵਿਚ ਕਿਹੜੀ ਤਬਦੀਲੀ ਆਵੇਗੀ?
9 ਇਸ ਕਰਕੇ ਸਾਨੂੰ ਬਾਈਬਲ ਦੀ ਇਸ ਗੱਲ ਤੋਂ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਨਸਾਨਾਂ ਅਤੇ ਜਾਨਵਰਾਂ ਵਿਚ ਸ਼ਾਂਤੀ ਭਰਿਆ ਰਿਸ਼ਤਾ ਹੋਵੇਗਾ। (ਯਸਾਯਾਹ 11:6-9; 65:25 ਪੜ੍ਹੋ।) ਕਿਉਂ ਨਹੀਂ? ਯਾਦ ਕਰੋ ਕਿ ਜਦੋਂ ਨੂਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਤੋਂ ਬਾਅਦ ਕਿਸ਼ਤੀ ਤੋਂ ਬਾਹਰ ਆਇਆ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: ‘ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਹੋਵੇਗਾ।’ ਇਸ ਡਰ ਕਰ ਕੇ ਬਹੁਤ ਸਾਰੇ ਜਾਨਵਰ ਆਪਣੀ ਜਾਨ ਬਚਾਉਣ ਲਈ ਇਨਸਾਨਾਂ ਤੋਂ ਦੂਰ ਭੱਜ ਜਾਂਦੇ ਹਨ। (ਉਤ. 9:2, 3) ਪਰ ਯਹੋਵਾਹ ਜਾਨਵਰਾਂ ਦੇ ਦਿਲਾਂ ਵਿੱਚੋਂ ਇਹ ਡਰ ਥੋੜ੍ਹਾ ਜਿਹਾ ਕੱਢ ਸਕਦਾ ਹੈ ਤਾਂਕਿ ਇਨਸਾਨਾਂ ਤੇ ਜਾਨਵਰਾਂ ਵਿਚ ਉਹੀ ਰਿਸ਼ਤਾ ਦੁਬਾਰਾ ਕਾਇਮ ਹੋਵੇ ਜੋ ਸ਼ੁਰੂ ਵਿਚ ਸੀ। (ਹੋਸ਼ੇ. 2:18) ਵਾਹ, ਦੁਨੀਆਂ ਦੇ ਅੰਤ ਤੋਂ ਬਚਣ ਵਾਲੇ ਸਾਰੇ ਲੋਕਾਂ ਨੂੰ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਉਡੀਕ ਰਿਹਾ ਹੈ!
‘ਉਹ ਹਰ ਹੰਝੂ ਪੂੰਝ ਦੇਵੇਗਾ’
10. ਅੱਜ ਲੋਕ ਕਿਉਂ ਰੋਂਦੇ ਹਨ?
10 ਜਦੋਂ ਸੁਲੇਮਾਨ ਨੇ ਦੇਖਿਆ ਕਿ ਇਨਸਾਨਾਂ ਉੱਤੇ ਕਿੰਨੀਆਂ “ਸਖ਼ਤੀਆਂ” ਕੀਤੀਆਂ ਜਾ ਰਹੀਆਂ ਸਨ, ਤਾਂ ਉਸ ਨੇ ਕੁਰਲਾਉਂਦੇ ਹੋਏ ਕਿਹਾ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।” (ਉਪ. 4:1) ਅੱਜ ਵੀ ਹਾਲਾਤ ਬਦਲੇ ਨਹੀਂ ਹਨ। ਸਾਡੇ ਵਿੱਚੋਂ ਕੌਣ ਹੈ ਜਿਸ ਨੇ ਕਿਸੇ-ਨਾ-ਕਿਸੇ ਕਾਰਨ ਹੰਝੂ ਨਾ ਵਹਾਏ ਹੋਣ? ਇਹ ਸੱਚ ਹੈ ਕਿ ਕਈ ਵਾਰ ਸਾਡੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਹੁੰਦੇ ਹਨ। ਪਰ ਜ਼ਿਆਦਾ ਕਰਕੇ ਇਨ੍ਹਾਂ ਵਿਚ ਗਮ ਦੇ ਹੰਝੂ ਹੁੰਦੇ ਹਨ।
11. ਬਾਈਬਲ ਦੀਆਂ ਕਿਹੜੀਆਂ ਕਹਾਣੀਆਂ ਪੜ੍ਹ ਕੇ ਸਾਡਾ ਦਿਲ ਭਰ ਆਉਂਦਾ ਹੈ?
11 ਬਾਈਬਲ ਦੀਆਂ ਉਨ੍ਹਾਂ ਕਹਾਣੀਆਂ ਨੂੰ ਯਾਦ ਕਰੋ ਜਿਨ੍ਹਾਂ ਵਿਚ ਲੋਕਾਂ ਨੇ ਗਮ ਦੇ ਹੰਝੂ ਵਹਾਏ ਸਨ। ਜਦੋਂ 127 ਸਾਲ ਦੀ ਉਮਰ ਵਿਚ ਸਾਰਾਹ ਦੀ ਮੌਤ ਹੋਈ ਸੀ, ਤਾਂ “ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ।” (ਉਤ. 23:1, 2) ਜਦੋਂ ਨਾਓਮੀ ਆਪਣੀਆਂ ਦੋ ਵਿਧਵਾ ਨੂੰਹਾਂ ਤੋਂ ਵਿਛੜਣ ਲੱਗੀ, ਤਾਂ ਉਹ ਵਾਰ-ਵਾਰ “ਉੱਚੀ ਆਵਾਜ਼ ਨਾਲ ਰੋਈਆਂ।” (ਰੂਥ 1:9, 14) ਜਦੋਂ ਰਾਜਾ ਹਿਜ਼ਕੀਯਾਹ ਇਕ ਬੀਮਾਰੀ ਕਾਰਨ ਮਰਨ ਕਿਨਾਰੇ ਹੋ ਗਿਆ, ਤਾਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਉਹ “ਭੁੱਬਾਂ ਮਾਰ ਕੇ ਰੋਇਆ।” ਉਸ ਦੀ ਇਹ ਹਾਲਤ ਦੇਖ ਕੇ ਯਹੋਵਾਹ ਦਾ ਦਿਲ ਪਿਘਲ ਗਿਆ। (2 ਰਾਜ. 20:1-5) ਯਿਸੂ ਨੂੰ ਜਾਣਨ ਤੋਂ ਇਨਕਾਰ ਕਰਨ ਤੋਂ ਬਾਅਦ ਪਤਰਸ ਦੀ ਹਾਲਤ ʼਤੇ ਸਾਨੂੰ ਕਿੰਨਾ ਤਰਸ ਆਉਂਦਾ ਹੈ! ਕੁੱਕੜ ਦੀ ਬਾਂਗ ਸੁਣਨ ਤੋਂ ਬਾਅਦ ਪਤਰਸ “ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।”—ਮੱਤੀ 26:75.
12. ਪਰਮੇਸ਼ੁਰ ਦੇ ਰਾਜ ਵਿਚ ਇਨਸਾਨਾਂ ਨੂੰ ਰਾਹਤ ਕਿਵੇਂ ਮਿਲੇਗੀ?
12 ਸਾਡੇ ਸਾਰਿਆਂ ʼਤੇ ਛੋਟੀਆਂ-ਵੱਡੀਆਂ ਆਫ਼ਤਾਂ ਆਉਂਦੀਆਂ ਹਨ, ਇਸ ਕਰਕੇ ਸਾਨੂੰ ਸਾਰਿਆਂ ਨੂੰ ਦਿਲਾਸੇ ਅਤੇ ਰਾਹਤ ਦੀ ਲੋੜ ਹੈ। ਪਰਮੇਸ਼ੁਰ ਦੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਸਾਨੂੰ ਦਿਲਾਸਾ ਅਤੇ ਰਾਹਤ ਮਿਲੇਗੀ: “[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾ. 21:4) ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਕੋਈ ਹੰਝੂ ਨਹੀਂ ਵਹਾਏਗਾ ਜਾਂ ਸੋਗ ਨਹੀਂ ਮਨਾਵੇਗਾ ਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪਰ ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਇਨਸਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰੇਗਾ। ਇਹ ਕਿਸ ਤਰ੍ਹਾਂ ਹੋਵੇਗਾ?
‘ਕਬਰਾਂ ਵਿਚ ਪਏ ਸਾਰੇ ਲੋਕ ਬਾਹਰ ਨਿਕਲ ਆਉਣਗੇ’
13. ਆਦਮ ਦੇ ਪਾਪ ਤੋਂ ਬਾਅਦ ਮੌਤ ਨੇ ਇਨਸਾਨਾਂ ਦਾ ਕੀ ਹਾਲ ਕੀਤਾ ਹੈ?
13 ਜਦੋਂ ਤੋਂ ਆਦਮ ਨੇ ਪਾਪ ਕੀਤਾ ਹੈ, ਉਦੋਂ ਤੋਂ ਮੌਤ ਨੇ ਇਨਸਾਨਾਂ ਉੱਤੇ ਰਾਜ ਕੀਤਾ ਹੈ। ਇਸ ਦੁਸ਼ਮਣ ਨਾਲ ਕੋਈ ਲੜ ਨਹੀਂ ਸਕਦਾ ਜਾਂ ਇਸ ਦੇ ਹੱਥੋਂ ਬਚ ਨਹੀਂ ਸਕਦਾ। ਇਸ ਨੇ ਇਨਸਾਨਾਂ ਨੂੰ ਬਹੁਤ ਦੁੱਖ ਦਿੱਤਾ ਹੈ। (ਰੋਮੀ. 5:12, 14) ਅਸਲ ਵਿਚ ਕਰੋੜਾਂ ਲੋਕ “ਮੌਤ ਦੀ ਗ਼ੁਲਾਮੀ ਵਿਚ ਰਹਿੰਦੇ ਹੋਏ ਡਰ-ਡਰ ਕੇ ਜ਼ਿੰਦਗੀ ਜੀਉਂਦੇ” ਹਨ।—ਇਬ. 2:15.
14. ਮੌਤ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?
14 ਬਾਈਬਲ ਵਿਚ ਉਸ ਸਮੇਂ ਬਾਰੇ ਦੱਸਿਆ ਹੈ ਜਦੋਂ ਇਸ “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰ. 15:26) ਇਸ ਤੋਂ ਦੋ ਤਰ੍ਹਾਂ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਹੁਣ ਜੀ ਰਹੀ “ਵੱਡੀ ਭੀੜ” ਦੁਨੀਆਂ ਦੇ ਅੰਤ ਤੋਂ ਬਚ ਕੇ ਨਵੀਂ ਦੁਨੀਆਂ ਵਿਚ ਜਾਵੇਗੀ ਜਿੱਥੇ ਉਨ੍ਹਾਂ ਲਈ ਹਮੇਸ਼ਾ ਜੀਉਂਦੇ ਰਹਿਣਾ ਮੁਮਕਿਨ ਹੋਵੇਗਾ। ਫਿਰ ਜਿਨ੍ਹਾਂ ਅਰਬਾਂ ਲੋਕਾਂ ਨੂੰ ਮੌਤ ਆਪਣੇ ਸ਼ਿਕਾਰ ਬਣਾ ਚੁੱਕੀ ਹੈ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਕੀ ਤੁਸੀਂ ਉਸ ਸਮੇਂ ਦੀ ਕਲਪਨਾ ਕਰ ਸਕਦੇ ਹੋ ਜਦੋਂ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ? ਉਨ੍ਹਾਂ ਦਾ ਸੁਆਗਤ ਕਰ ਕੇ ਕਿੰਨੀ ਖ਼ੁਸ਼ੀ ਹੋਵੇਗੀ! ਬਾਈਬਲ ਵਿਚ ਉਨ੍ਹਾਂ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਮੁੜ ਜੀਉਂਦਾ ਕੀਤਾ ਗਿਆ ਸੀ। ਇਨ੍ਹਾਂ ਬਿਰਤਾਂਤਾਂ ʼਤੇ ਵਿਚਾਰ ਕਰ ਕੇ ਅਸੀਂ ਉਸ ਸਮੇਂ ਦੀ ਕਲਪਨਾ ਕਰ ਸਕਦੇ ਹਾਂ ਜਦੋਂ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।—ਮਰਕੁਸ 5:38-42; ਲੂਕਾ 7:11-17 ਪੜ੍ਹੋ।
15. ਆਪਣੇ ਕਿਸੇ ਮਰੇ ਹੋਏ ਅਜ਼ੀਜ਼ ਨੂੰ ਦੁਬਾਰਾ ਜੀਉਂਦਾ ਦੇਖ ਕੇ ਤੁਸੀਂ ਕਿੱਦਾਂ ਮਹਿਸੂਸ ਕਰੋਗੇ?
15 ਇਨ੍ਹਾਂ ਸ਼ਬਦਾਂ ʼਤੇ ਗੌਰ ਕਰੋ, “ਕੁੜੀ ਦੇ ਮਾਤਾ-ਪਿਤਾ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ” ਅਤੇ ‘ਸਾਰੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ।’ ਜੇ ਤੁਸੀਂ ਉਨ੍ਹਾਂ ਮੌਕਿਆਂ ʼਤੇ ਹੁੰਦੇ, ਤਾਂ ਤੁਸੀਂ ਵੀ ਜ਼ਰੂਰ ਇਸੇ ਤਰ੍ਹਾਂ ਮਹਿਸੂਸ ਕਰਦੇ। ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਦੇਖ ਕੇ ਸਾਡੇ ਦਿਲ ਖ਼ੁਸ਼ੀ ਨਾਲ ਭਰ ਜਾਣਗੇ। ਯਿਸੂ ਨੇ ਕਿਹਾ ਸੀ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰ. 5:28, 29) ਭਾਵੇਂ ਸਾਡੇ ਵਿੱਚੋਂ ਕਿਸੇ ਨੇ ਅਜਿਹਾ ਚਮਤਕਾਰ ਨਹੀਂ ਦੇਖਿਆ ਹੈ, ਪਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਸ਼ਾਨਦਾਰ ਘਟਨਾ ਹੋਵੇਗੀ।
“ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇਗਾ”
16. (ੳ) ਸਾਨੂੰ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਖ਼ੁਸ਼ੀ ਅਤੇ ਜੋਸ਼ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ? (ਅ) ਕੁਰਿੰਥੁਸ ਦੇ ਮਸੀਹੀਆਂ ਨੂੰ ਹੌਸਲਾ ਦੇਣ ਲਈ ਪੌਲੁਸ ਨੇ ਕੀ ਦੱਸਿਆ ਸੀ?
16 ਜੀ ਹਾਂ, ਉਨ੍ਹਾਂ ਲੋਕਾਂ ਦਾ ਭਵਿੱਖ ਬਹੁਤ ਹੀ ਸੋਹਣਾ ਹੋਵੇਗਾ ਜਿਹੜੇ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ। ਭਾਵੇਂ ਇਹ ਸ਼ਾਨਦਾਰ ਬਰਕਤਾਂ ਅਜੇ ਦਿਖਾਈ ਨਹੀਂ ਦਿੰਦੀਆਂ, ਪਰ ਇਨ੍ਹਾਂ ਨੂੰ ਮਨ ਵਿਚ ਰੱਖਣ ਨਾਲ ਅਸੀਂ ਅੱਜ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇ ਸਕਾਂਗੇ ਅਤੇ ਇਸ ਦੁਨੀਆਂ ਦੀ ਚਮਕ-ਦਮਕ ਨੂੰ ਦੇਖ ਕੇ ਗੁਮਰਾਹ ਹੋਣ ਤੋਂ ਬਚੇ ਰਹਾਂਗੇ। (ਲੂਕਾ 21:34; 1 ਤਿਮੋ. 6:17-19) ਆਪਣੇ ਪਰਿਵਾਰ ਨਾਲ ਅਧਿਐਨ ਅਤੇ ਭਗਤੀ ਕਰਦੇ ਹੋਏ, ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਬਾਈਬਲ ਦੀ ਸਟੱਡੀ ਕਰਨ ਵਾਲਿਆਂ ਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਚਰਚਾ ਕਰਦੇ ਹੋਏ, ਆਓ ਆਪਾਂ ਇਸ ਸ਼ਾਨਦਾਰ ਉਮੀਦ ਅਤੇ ਬਰਕਤਾਂ ਬਾਰੇ ਖ਼ੁਸ਼ੀ ਤੇ ਜੋਸ਼ ਨਾਲ ਗੱਲ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਡੇ ਮਨਾਂ ਵਿਚ ਇਨ੍ਹਾਂ ਬਰਕਤਾਂ ਦੀ ਤਸਵੀਰ ਬਣੀ ਰਹੇਗੀ। ਪੌਲੁਸ ਰਸੂਲ ਨੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਇਹੀ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਉਸ ਨੇ ਤਾਂ ਉਨ੍ਹਾਂ ਨੂੰ ਇਹ ਵੀ ਦੱਸਿਆ ਸੀ ਕਿ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਅੰਤ ਵਿਚ ਕੀ ਹੋਵੇਗਾ। 1 ਕੁਰਿੰਥੀਆਂ 15:24, 25, 28 (ਪੜ੍ਹੋ।) ਵਿਚ ਲਿਖੇ ਪੌਲੁਸ ਦੇ ਸ਼ਬਦਾਂ ਦੀ ਅਹਿਮੀਅਤ ਸਮਝਣ ਦੀ ਕੋਸ਼ਿਸ਼ ਕਰੋ।
17, 18. (ੳ) ਯਹੋਵਾਹ ਕਿਵੇਂ ਸ਼ੁਰੂ ਵਿਚ “ਸਾਰਿਆਂ ਦਾ ਰਾਜਾ” ਸੀ? (ਅ) ਯਿਸੂ ਪਰਮੇਸ਼ੁਰ ਦੇ ਪਰਿਵਾਰ ਵਿਚ ਸ਼ਾਂਤੀ ਭਰਿਆ ਰਿਸ਼ਤਾ ਮੁੜ ਕਾਇਮ ਕਰਨ ਲਈ ਕੀ ਕਰੇਗਾ?
17 ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਕਿ ਹਜ਼ਾਰ ਸਾਲ ਦੇ ਅੰਤ ਵਿਚ ‘ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇਗਾ।’ ਇਸ ਦਾ ਕੀ ਮਤਲਬ ਹੈ? ਉਸ ਸਮੇਂ ਬਾਰੇ ਸੋਚੋ ਜਦੋਂ ਅਦਨ ਦੇ ਬਾਗ਼ ਵਿਚ ਮੁਕੰਮਲ ਇਨਸਾਨ ਆਦਮ ਤੇ ਹੱਵਾਹ ਯਹੋਵਾਹ ਦੇ ਸ਼ਾਂਤਮਈ ਪਰਿਵਾਰ ਦੇ ਮੈਂਬਰ ਸਨ। ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਵਰਗ ਅਤੇ ਧਰਤੀ ਉੱਤੇ ਆਪਣੀ ਸਾਰੀ ਸ੍ਰਿਸ਼ਟੀ ʼਤੇ ਸਿੱਧਾ ਰਾਜ ਕਰਦਾ ਸੀ। ਸਾਰੇ ਉਸ ਨਾਲ ਸਿੱਧੀ ਗੱਲ ਕਰ ਸਕਦੇ ਸਨ, ਉਸ ਦੀ ਭਗਤੀ ਕਰ ਸਕਦੇ ਸਨ ਅਤੇ ਉਸ ਤੋਂ ਬਰਕਤਾਂ ਪਾ ਸਕਦੇ ਸਨ। ਪਰਮੇਸ਼ੁਰ “ਸਾਰਿਆਂ ਦਾ ਰਾਜਾ” ਸੀ।
18 ਪਰਮੇਸ਼ੁਰ ਨਾਲੋਂ ਇਨਸਾਨਾਂ ਦਾ ਰਿਸ਼ਤਾ ਉਦੋਂ ਟੁੱਟ ਗਿਆ ਜਦੋਂ ਉਨ੍ਹਾਂ ਨੇ ਸ਼ੈਤਾਨ ਦੀਆਂ ਗੱਲਾਂ ਵਿਚ ਆ ਕੇ ਪਰਮੇਸ਼ੁਰ ਦੇ ਰਾਜ ਦੇ ਖ਼ਿਲਾਫ਼ ਬਗਾਵਤ ਕੀਤੀ। ਪਰ 1914 ਤੋਂ ਪਰਮੇਸ਼ੁਰ ਦਾ ਰਾਜ ਇਸ ਰਿਸ਼ਤੇ ਨੂੰ ਮੁੜ ਕਾਇਮ ਕਰਨ ਲਈ ਕਦਮ ਚੁੱਕ ਰਿਹਾ ਹੈ। (ਅਫ਼. 1:9, 10) ਹਜ਼ਾਰ ਸਾਲ ਦੌਰਾਨ ਅੱਜ “ਨਾ ਦਿਸਣ ਵਾਲੀਆਂ” ਸ਼ਾਨਦਾਰ ਚੀਜ਼ਾਂ ਹਕੀਕਤ ਬਣ ਜਾਣਗੀਆਂ। ਫਿਰ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ “ਅਖ਼ੀਰ ਵਿਚ” ਕੀ ਹੋਵੇਗਾ? ਭਾਵੇਂ ਯਿਸੂ ਕੋਲ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਹੈ, ਪਰ ਫਿਰ ਵੀ ਉਸ ਵਿਚ ਯਹੋਵਾਹ ਦੀ ਪਦਵੀ ʼਤੇ ਕਬਜ਼ਾ ਕਰਨ ਦੀ ਕੋਈ ਲਾਲਸਾ ਨਹੀਂ ਹੈ। ਉਹ ਨਿਮਰਤਾ ਨਾਲ “ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ।” ਉਹ ਆਪਣੀ ਪਦਵੀ ਅਤੇ ਅਧਿਕਾਰ ਨੂੰ “ਪਿਤਾ ਪਰਮੇਸ਼ੁਰ ਦੀ ਵਡਿਆਈ” ਕਰਨ ਲਈ ਵਰਤੇਗਾ।—ਮੱਤੀ 28:18; ਫ਼ਿਲਿ. 2:9-11.
19, 20. (ੳ) ਧਰਤੀ ਉੱਤੇ ਰਾਜ ਦੀ ਪਰਜਾ ਯਹੋਵਾਹ ਦੇ ਰਾਜ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦੇਵੇਗੀ? (ਅ) ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
19 ਉਸ ਸਮੇਂ ਤਕ ਧਰਤੀ ਉੱਤੇ ਸਾਰੇ ਲੋਕਾਂ ਨੂੰ ਮੁਕੰਮਲ ਬਣਾ ਦਿੱਤਾ ਜਾਵੇਗਾ। ਉਹ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਨਿਮਰਤਾ ਅਤੇ ਖ਼ੁਸ਼ੀ ਨਾਲ ਯਹੋਵਾਹ ਦੇ ਅਧਿਕਾਰ ਦੇ ਅਧੀਨ ਹੋ ਜਾਣਗੇ। ਆਖ਼ਰੀ ਪਰੀਖਿਆ ਨੂੰ ਪਾਸ ਕਰ ਕੇ ਉਹ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇਣਗੇ। (ਪ੍ਰਕਾ. 20:7-10) ਇਸ ਤੋਂ ਬਾਅਦ ਸ਼ੈਤਾਨ, ਦੁਸ਼ਟ ਦੂਤਾਂ ਅਤੇ ਧਰਤੀ ਉੱਤੇ ਸਾਰੇ ਬਾਗ਼ੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਉਸ ਵੇਲੇ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਸਵਰਗ ਅਤੇ ਧਰਤੀ ਉੱਤੇ ਯਹੋਵਾਹ ਦਾ ਪੂਰਾ ਪਰਿਵਾਰ ਖ਼ੁਸ਼ੀ-ਖ਼ੁਸ਼ੀ ਉਸ ਦੀ ਮਹਿਮਾ ਕਰੇਗਾ ਅਤੇ ਉਹ “ਸਾਰਿਆਂ ਦਾ ਰਾਜਾ” ਹੋਵੇਗਾ।—ਜ਼ਬੂਰਾਂ ਦੀ ਪੋਥੀ 99:1-3 ਪੜ੍ਹੋ।
20 ਕੀ ਇਨ੍ਹਾਂ ਸਾਰੀਆਂ ਸ਼ਾਨਦਾਰ ਬਰਕਤਾਂ ਤੋਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦੇਣ ਦੀ ਪ੍ਰੇਰਣਾ ਮਿਲਦੀ ਹੈ? ਕੀ ਤੁਸੀਂ ਧਿਆਨ ਰੱਖ ਸਕਦੇ ਹੋ ਕਿ ਤੁਸੀਂ ਸ਼ੈਤਾਨ ਦੀ ਦੁਨੀਆਂ ਵੱਲੋਂ ਦਿੱਤੀ ਜਾਂਦੀ ਝੂਠੀ ਉਮੀਦ ਅਤੇ ਖ਼ੁਸ਼ੀ ਰਾਹੀਂ ਗੁਮਰਾਹ ਨਹੀਂ ਹੋਵੋਗੇ? ਕੀ ਤੁਸੀਂ ਪਰਮੇਸ਼ੁਰ ਦੇ ਰਾਜ ਨੂੰ ਸਮਰਥਨ ਦੇਣ ਦਾ ਆਪਣਾ ਇਰਾਦਾ ਹੋਰ ਪੱਕਾ ਕਰੋਗੇ? ਆਪਣੇ ਕੰਮਾਂ ਤੋਂ ਦਿਖਾਓ ਕਿ ਤੁਸੀਂ ਹਮੇਸ਼ਾ-ਹਮੇਸ਼ਾ ਲਈ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਨਾ ਚਾਹੁੰਦੇ ਹੋ। ਫਿਰ ਤੁਹਾਨੂੰ ਹਜ਼ਾਰ ਸਾਲ ਦੌਰਾਨ ਅਤੇ ਉਸ ਤੋਂ ਬਾਅਦ ਹਮੇਸ਼ਾ ਲਈ ਸ਼ਾਂਤੀ ਅਤੇ ਖ਼ੁਸ਼ੀਆਂ ਭਰੀ ਦੁਨੀਆਂ ਵਿਚ ਰਹਿਣ ਦਾ ਮੌਕਾ ਮਿਲੇਗਾ।
[ਸਫ਼ਾ 11 ਉੱਤੇ ਤਸਵੀਰਾਂ]
ਰਾਜੇ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਬਾਅਦ ਯਿਸੂ ਨਿਮਰਤਾ ਨਾਲ ਰਾਜ ਆਪਣੇ ਪਿਤਾ ਨੂੰ ਸੌਂਪ ਦੇਵੇਗਾ