ਪਰਮੇਸ਼ੁਰ ਆਪਣੇ ਵਾਅਦੇ ਦਾ ਮੱਠਾ ਨਹੀਂ ਹੈ
“ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ?” ਇਹ ਸ਼ਬਦ ਇਬਰਾਨੀ ਨਬੀ ਹਬੱਕੂਕ ਨੇ ਕਹੇ, ਜੋ ਸੱਤਵੀਂ ਸਦੀ ਸਾ.ਯੁ.ਪੂ. ਵਿਚ ਰਹਿੰਦਾ ਸੀ। ਪਰ ਕੀ ਇਹ ਸ਼ਬਦ ਜਾਣੇ-ਪਛਾਣੇ ਨਹੀਂ ਲੱਗਦੇ? ਇਹ ਮਨੁੱਖੀ ਸੁਭਾਅ ਹੈ ਕਿ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਬਹੁਤ ਲੋਚਦੇ ਹਾਂ ਉਨ੍ਹਾਂ ਨੂੰ ਤੁਰੰਤ ਜਾਂ ਜਲਦੀ ਤੋਂ ਜਲਦੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਹ ਖ਼ਾਸ ਕਰਕੇ ਸਾਡੇ ਤੁਰੰਤ ਤ੍ਰਿਪਤੀ ਦੇ ਯੁੱਗ ਵਿਚ ਸੱਚ ਹੈ।—ਹਬੱਕੂਕ 1:2.
ਪਹਿਲੀ ਸਦੀ ਵਿਚ ਕੁਝ ਲੋਕ ਸਪੱਸ਼ਟ ਤੌਰ ਤੇ ਇਹ ਮਹਿਸੂਸ ਕਰਦੇ ਸਨ ਕਿ ਪਰਮੇਸ਼ੁਰ ਨੂੰ ਜਲਦੀ ਤੋਂ ਜਲਦੀ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹ ਇੰਨੇ ਬੇਸਬਰੇ ਹੋ ਗਏ ਕਿ ਉਹ ਸੋਚਣ ਲੱਗੇ ਕਿ ਪਰਮੇਸ਼ੁਰ ਮੱਠਾ ਹੈ ਜਾਂ ਦੇਰ ਲਗਾ ਰਿਹਾ ਹੈ। ਇਸ ਕਾਰਨ, ਪਤਰਸ ਰਸੂਲ ਨੂੰ ਉਨ੍ਹਾਂ ਨੂੰ ਯਾਦ ਕਰਾਉਣਾ ਪਿਆ ਕਿ ਸਮੇਂ ਦੇ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਸਾਡੇ ਨਜ਼ਰੀਏ ਨਾਲੋਂ ਬਿਲਕੁਲ ਵੱਖਰਾ ਹੈ। ਪਤਰਸ ਲਿਖਦਾ ਹੈ: “ਹੇ ਪਿਆਰਿਓ, ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ।”—2 ਪਤਰਸ 3:8.
ਜੇਕਰ ਅਸੀਂ ਸਮੇਂ ਦਾ ਅਨੁਮਾਨ ਪਰਮੇਸ਼ੁਰ ਦੇ ਨਜ਼ਰੀਏ ਦੇ ਮੁਤਾਬਕ ਲਗਾਈਏ, ਤਾਂ ਇਕ 80 ਸਾਲ ਦੇ ਵਿਅਕਤੀ ਦੀ ਜ਼ਿੰਦਗੀ ਸਿਰਫ਼ ਦੋ ਘੰਟੇ ਦੀ ਹੀ ਹੈ, ਅਤੇ ਸਾਰੀ ਮਨੁੱਖਜਾਤੀ ਦਾ ਇਤਿਹਾਸ ਸਿਰਫ਼ ਛੇ ਦਿਨ ਹੀ ਲੰਮਾ ਹੈ। ਜਦੋਂ ਅਸੀਂ ਚੀਜ਼ਾਂ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਸਾਡੇ ਲਈ ਇਹ ਸਮਝਣਾ ਸੌਖਾ ਹੋ ਜਾਂਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਕਿਵੇਂ ਵਰਤਾਉ ਕਰਦਾ ਹੈ।
ਫਿਰ ਵੀ ਪਰਮੇਸ਼ੁਰ ਸਮੇਂ ਪ੍ਰਤੀ ਲਾਪਰਵਾਹ ਨਹੀਂ ਹੈ। ਇਸ ਦੇ ਉਲਟ, ਉਹ ਸਮੇਂ ਦਾ ਬੜਾ ਪਾਬੰਦ ਹੈ। (ਰਸੂਲਾਂ ਦੇ ਕਰਤੱਬ 1:7) ਇਸ ਲਈ ਪਤਰਸ ਅੱਗੇ ਕਹਿੰਦਾ ਹੈ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਮਨੁੱਖਾਂ ਤੋਂ ਭਿੰਨ, ਪਰਮੇਸ਼ੁਰ ਆਪਣੇ ਕੰਮਾਂ ਨੂੰ ਕਰਨ ਲਈ ਦਬਾਅ ਮਹਿਸੂਸ ਨਹੀਂ ਕਰਦਾ, ਮਾਨੋ ਕਿ ਸਮਾਂ ਉਸ ਲਈ ਬੀਤਦਾ ਜਾ ਰਿਹਾ ਹੋਵੇ। ‘ਜੁੱਗਾਂ ਦਾ ਮਹਾਰਾਜ’ ਹੋਣ ਕਰਕੇ ਉਹ ਭਵਿੱਖ ਨੂੰ ਦੇਖ ਸਕਦਾ ਹੈ ਅਤੇ ਨਿਸ਼ਚਿਤ ਕਰ ਸਕਦਾ ਹੈ ਕਿ ਕਿਸ ਸਮੇਂ ਤੇ ਉਸ ਦੇ ਕੰਮਾਂ ਤੋਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਹੋਵੇਗਾ।—1 ਤਿਮੋਥਿਉਸ 1:17.
ਇਹ ਸਮਝਾਉਣ ਤੋਂ ਬਾਅਦ ਕਿ ਕਈਆਂ ਨੂੰ ਕਿਉਂ ਲੱਗਦਾ ਹੈ ਕਿ ਪਰਮੇਸ਼ੁਰ ਮੱਠਾ ਹੈ, ਪਤਰਸ ਇਹ ਚੇਤਾਵਨੀ ਦਿੰਦਾ ਹੈ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” ਇੱਥੇ ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਦਾ ਲੇਖਾ ਲੈਣ ਦਾ ਦਿਨ ਅਚਾਨਕ ਹੀ ਆ ਜਾਵੇਗਾ, ਜਦੋਂ ਲੋਕ ਇਸ ਦੀ ਆਸ਼ਾ ਵੀ ਨਹੀਂ ਕਰ ਰਹੇ ਹੋਣਗੇ। ਫਿਰ ਅਗਲੀਆਂ ਆਇਤਾਂ ਵਿਚ ਪਤਰਸ ਉਨ੍ਹਾਂ ਲੋਕਾਂ ਦੇ ਸ਼ਾਨਦਾਰ ਭਵਿੱਖ ਵੱਲ ਇਸ਼ਾਰਾ ਕਰਦਾ ਹੈ ਜੋ “ਪਵਿੱਤਰ ਚਲਣ ਅਤੇ ਭਗਤੀ” ਦੇ ਕੰਮ ਕਰਦੇ ਹਨ, ਅਰਥਾਤ ਉਹ ਅੰਤ ਵਿੱਚੋਂ ਬਚ ਕੇ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਵਿਚ ਵਸਣਗੇ।—2 ਪਤਰਸ 3:10-13.
ਇਸ ਲਈ ਸਾਨੂੰ ਸਾਰਿਆਂ ਨੂੰ ਹੋਰ ਜ਼ਿਆਦਾ ਕਦਰ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦਾ ਨਿਆਂ ਅਜੇ ਲਾਗੂ ਨਹੀਂ ਹੋਇਆ ਹੈ। ਉਸ ਦੇ ਧੀਰਜ ਕਰਕੇ ਹੀ ਅਸੀਂ ਉਸ ਦੇ ਉਦੇਸ਼ ਨੂੰ ਜਾਣ ਸਕੇ ਹਾਂ ਅਤੇ ਉਸ ਦੁਆਰਾ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਨੂੰ ਹਾਸਲ ਕਰਨ ਲਈ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਸਕੇ ਹਾਂ। ਕੀ ਸਾਨੂੰ “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ” ਵਜੋਂ ਨਹੀਂ ਵਿਚਾਰਨਾ ਚਾਹੀਦਾ ਹੈ ਜਿਵੇਂ ਪਤਰਸ ਦਲੀਲ ਦਿੰਦਾ ਹੈ? (2 ਪਤਰਸ 3:15) ਫਿਰ ਵੀ ਪਰਮੇਸ਼ੁਰ ਦੇ ਧੀਰਜ ਰੱਖਣ ਦਾ ਇਕ ਹੋਰ ਕਾਰਨ ਹੈ।
ਬੁਰਾਈ ਦਾ ਪੂਰਾ ਹੋਣਾ
ਪੁਰਾਣੇ ਸਮਿਆਂ ਵਿਚ ਇਨਸਾਨਾਂ ਨਾਲ ਪਰਮੇਸ਼ੁਰ ਦੇ ਵਰਤਾਉ ਦਾ ਅਧਿਐਨ ਕਰਨ ਤੋਂ ਅਸੀਂ ਦੇਖਦੇ ਹਾਂ ਕਿ ਉਸ ਨੇ ਅਕਸਰ ਆਪਣੇ ਨਿਆਂ ਨੂੰ ਉਦੋਂ ਤਕ ਰੋਕੀ ਰੱਖਿਆ ਹੈ ਜਦੋਂ ਤਕ ਸੁਧਾਰ ਕਰਨ ਦੀ ਕੋਈ ਉਮੀਦ ਹੀ ਨਾ ਰਹੀ। ਉਦਾਹਰਣ ਲਈ, ਜਦੋਂ ਪਰਮੇਸ਼ੁਰ ਨੇ ਕਨਾਨੀਆਂ ਦਾ ਨਿਆਂ ਕੀਤਾ, ਤਾਂ ਉਸ ਨੇ ਉਨ੍ਹਾਂ ਦੇ ਪਾਪਾਂ ਬਾਰੇ ਅਬਰਾਹਾਮ ਨੂੰ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ। ਪਰ ਉਦੋਂ ਉਸ ਦੇ ਨਿਆਂ ਨੂੰ ਲਾਗੂ ਕਰਨ ਦਾ ਸਮਾਂ ਉਚਿਤ ਨਹੀਂ ਸੀ। ਕਿਉਂ? ਬਾਈਬਲ ਕਹਿੰਦੀ ਹੈ: “ਕਿਉਂਜੋ ਅਮੋਰੀਆਂ [ਕਨਾਨੀਆਂ] ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ” ਸੀ, ਜਾਂ ਜਿਵੇਂ ਨੌਕਸ ਵਰਯਨ ਇਸ ਦਾ ਅਨੁਵਾਦ ਕਰਦਾ ਹੈ: “ਅਮੋਰੀਆਂ ਦੀ ਬੁਰਾਈ ਅਜੇ ਆਪਣੀ ਪੂਰੀ ਹੱਦ ਤਕ ਨਹੀਂ ਪਹੁੰਚੀ ਹੈ।”—ਉਤਪਤ 15:16.a
ਪਰੰਤੂ, ਲਗਭਗ 400 ਸਾਲਾਂ ਤੋਂ ਬਾਅਦ ਪਰਮੇਸ਼ੁਰ ਦੇ ਨਿਆਂ ਨੂੰ ਲਾਗੂ ਕਰਨ ਦਾ ਸਮਾਂ ਆਇਆ ਅਤੇ ਅਬਰਾਹਾਮ ਦੀ ਅੰਸ, ਇਸਰਾਏਲੀਆਂ ਨੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਰਾਹਾਬ ਅਤੇ ਗਿਬਓਨੀਆਂ ਵਰਗੇ ਕੁਝ ਕਨਾਨੀ ਲੋਕ ਹੀ ਆਪਣੇ ਰਵੱਈਏ ਅਤੇ ਕੰਮਾਂ ਕਰਕੇ ਬਚਾਏ ਗਏ, ਪਰ ਆਧੁਨਿਕ ਪੁਰਾਤੱਤਵੀ ਖੁਦਾਈਆਂ ਦੁਆਰਾ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਕਨਾਨੀਆਂ ਦੀ ਬੁਰਾਈ ਆਪਣੇ ਸਿਖਰ ਤਕ ਪਹੁੰਚ ਗਈ ਸੀ। ਉਹ ਲਿੰਗ-ਪੂਜਾ, ਮੰਦਰ ਵਿਚ ਵੇਸਵਾ-ਗਮਨ ਅਤੇ ਬੱਚਿਆਂ ਦੀ ਬਲੀ ਦੇਣ ਵਰਗੇ ਘਿਣਾਉਣੇ ਕੰਮ ਕਰਦੇ ਸਨ। ਹੈਲੀ ਦੀ ਬਾਈਬਲ ਹੈਂਡਬੁੱਕ ਦੱਸਦੀ ਹੈ: “ਪੁਰਾਤੱਤਵ-ਵਿਗਿਆਨੀ ਜੋ ਕਨਾਨੀ ਸ਼ਹਿਰਾਂ ਦੇ ਖੰਡਰਾਂ ਦੀ ਖੁਦਾਈ ਕਰਦੇ ਹਨ, ਹੈਰਾਨ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਨਾਸ਼ ਕਰ ਦਿੱਤਾ।” ਅਖ਼ੀਰ ਵਿਚ, ਕਨਾਨੀਆਂ ਦੇ ‘ਪਾਪ ਦਾ ਘੜਾ ਭਰ ਗਿਆ ਸੀ’; ਉਨ੍ਹਾਂ ਦੀ ਬੁਰਾਈ ‘ਆਪਣੀ ਪੂਰੀ ਹੱਦ ਤਕ ਪਹੁੰਚ ਗਈ’ ਸੀ। ਜਦੋਂ ਪਰਮੇਸ਼ੁਰ ਨੇ ਦੇਸ਼ ਨੂੰ ਬੁਰਾਈ ਤੋਂ ਸ਼ੁੱਧ ਕੀਤਾ ਅਤੇ ਸਹੀ ਮਨੋਬਿਰਤੀ ਦਿਖਾਉਣ ਵਾਲਿਆਂ ਨੂੰ ਬਚਾ ਲਿਆ, ਤਾਂ ਉਦੋਂ ਕੋਈ ਵੀ ਜਾਇਜ਼ ਤੌਰ ਤੇ ਪਰਮੇਸ਼ੁਰ ਉੱਤੇ ਅਨਿਆਈ ਹੋਣ ਦਾ ਦੋਸ਼ ਨਹੀਂ ਲਗਾ ਸਕਦਾ ਸੀ।
ਇਸੇ ਤਰ੍ਹਾਂ ਦੀ ਹਾਲਤ ਅਸੀਂ ਨੂਹ ਦੇ ਸਮੇਂ ਵਿਚ ਵੀ ਦੇਖਦੇ ਹਾਂ। ਇਸ ਹਕੀਕਤ ਦੇ ਬਾਵਜੂਦ ਵੀ ਕਿ ਜਲ-ਪਰਲੋ ਤੋਂ ਪਹਿਲਾਂ ਦੇ ਲੋਕ ਬੁਰੇ ਸਨ, ਪਰਮੇਸ਼ੁਰ ਨੇ ਦਇਆਪੂਰਵਕ ਉਨ੍ਹਾਂ ਨੂੰ 120 ਸਾਲਾਂ ਦਾ ਸਮਾਂ ਦੇਣ ਦਾ ਫ਼ੈਸਲਾ ਕੀਤਾ। ਉਸ ਸਮੇਂ ਦੌਰਾਨ, ਨੂਹ ਨੇ ‘ਧਰਮ ਦੇ ਪਰਚਾਰਕ’ ਵਜੋਂ ਸੇਵਾ ਕੀਤੀ। (2 ਪਤਰਸ 2:5) ਜਿਉਂ-ਜਿਉਂ ਸਮਾਂ ਗੁਜ਼ਰਿਆ, ਉਨ੍ਹਾਂ ਦੀ ਬੁਰਾਈ ਦਾ ਘੜਾ ਭਰਦਾ ਗਿਆ। “ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” (ਉਤਪਤ 6:3, 12) ਉਨ੍ਹਾਂ ਦਾ ‘ਪਾਪ ਪੂਰਾ ਹੋ ਗਿਆ ਸੀ’ ਤੇ ਸਮੇਂ ਦੇ ਗੁਜ਼ਰਨ ਨਾਲ ਉਨ੍ਹਾਂ ਦੇ ਗ਼ਲਤ ਝੁਕਾਉ ਸਿਖਰ ਤਕ ਪਹੁੰਚ ਗਏ ਸਨ। ਪਰਮੇਸ਼ੁਰ ਦਾ ਉਦੋਂ ਨਾਸ਼ ਲਿਆਉਣਾ ਬਿਲਕੁਲ ਜਾਇਜ਼ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਿਰਫ਼ ਅੱਠ ਵਿਅਕਤੀ ਹੀ ਧਰਮੀ ਸਾਬਤ ਹੋਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਬਚਾਇਆ।
ਪਰਮੇਸ਼ੁਰ ਨੇ ਇਸਰਾਏਲ ਦੇ ਨਾਲ ਵੀ ਇਸੇ ਤਰ੍ਹਾਂ ਵਰਤਾਉ ਕੀਤਾ। ਉਨ੍ਹਾਂ ਦੇ ਬੇਵਫ਼ਾਈ ਅਤੇ ਬਦਚਲਣੀ ਦੇ ਰਾਹ ਤੇ ਚੱਲਣ ਦੇ ਬਾਵਜੂਦ ਵੀ, ਪਰਮੇਸ਼ੁਰ ਨੇ ਸੈਂਕੜੇ ਸਾਲਾਂ ਤਕ ਉਨ੍ਹਾਂ ਨਾਲ ਧੀਰਜ ਬਣਾਈ ਰੱਖਿਆ। ਰਿਕਾਰਡ ਦੱਸਦਾ ਹੈ: ‘ਯਹੋਵਾਹ ਆਪਣੇ ਦੂਤਾਂ ਨੂੰ ਜਤਨ ਨਾਲ ਘੱਲਦਾ ਰਿਹਾ ਕਿਉਂ ਜੋ ਉਸ ਨੂੰ ਆਪਣੇ ਲੋਕਾਂ . . . ਉੱਤੇ ਤਰਸ ਆਉਂਦਾ ਸੀ। ਪਰ ਉਨ੍ਹਾਂ ਨੇ ਉਸ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।’ (2 ਇਤਹਾਸ 36:15, 16) ਲੋਕੀ ਬੁਰਾਈ ਦੀ ਉਸ ਹੱਦ ਤਕ ਪਹੁੰਚ ਗਏ, ਜਿੱਥੇ ਸੁਧਾਰ ਕਰਨਾ ਹੁਣ ਸੰਭਵ ਨਹੀਂ ਸੀ। ਸਿਰਫ਼ ਯਿਰਮਿਯਾਹ ਅਤੇ ਦੂਸਰੇ ਕੁਝ ਲੋਕ ਹੀ ਬਚਾਏ ਜਾ ਸਕੇ। ਅਖ਼ੀਰ ਜਦੋਂ ਪਰਮੇਸ਼ੁਰ ਨੇ ਬਾਕੀ ਇਸਰਾਏਲੀਆਂ ਉੱਤੇ ਨਿਆਂ ਲਾਗੂ ਕੀਤਾ ਤਾਂ ਉਸ ਨੂੰ ਅਨਿਆਈ ਨਹੀਂ ਕਿਹਾ ਜਾ ਸਕਦਾ ਸੀ।
ਹੁਣ ਪਰਮੇਸ਼ੁਰ ਵੱਲੋਂ ਕਾਰਵਾਈ ਕਰਨ ਦਾ ਸਮਾਂ ਹੈ
ਇਨ੍ਹਾਂ ਉਦਾਹਰਣਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਉਸ ਸਮੇਂ ਤਕ ਮੌਜੂਦਾ ਰੀਤੀ-ਵਿਵਸਥਾ ਉੱਤੇ ਆਪਣਾ ਨਿਆਂ ਲਾਗੂ ਨਹੀਂ ਕਰੇਗਾ ਜਦੋਂ ਤਕ ਉਚਿਤ ਸਮਾਂ ਨਹੀਂ ਆ ਜਾਂਦਾ। ਇਹ ਪਰਮੇਸ਼ੁਰ ਦੇ ਪ੍ਰਤੀਕਾਤਮਕ ਦੰਡਕ ਨੂੰ ਦਿੱਤੇ ਗਏ ਹੁਕਮ ਵਿਚ ਪ੍ਰਗਟ ਕੀਤਾ ਗਿਆ ਹੈ: “ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦਿਆਂ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ। ਤਾਂ ਓਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਅਰਥਾਤ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਚੁਬੱਚੇ ਵਿੱਚ ਸੁੱਟ ਦਿੱਤੀ।” ਧਿਆਨ ਦਿਓ ਕਿ ਮਨੁੱਖਜਾਤੀ ਦੀ ਬੁਰਾਈ ‘ਪੱਕ ਚੁੱਕੀ’ ਸੀ, ਅਰਥਾਤ ਹੁਣ ਉਸ ਵਿਚ ਸੁਧਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹੀ ਸੀ। ਜਦੋਂ ਪਰਮੇਸ਼ੁਰ ਆਪਣਾ ਨਿਆਂ ਲਾਗੂ ਕਰੇਗਾ, ਤਾਂ ਉਦੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ ਕਿ ਉਸ ਦੀ ਦਖ਼ਲਅੰਦਾਜ਼ੀ ਕਰਨੀ ਜਾਇਜ਼ ਹੋਵੇਗੀ।—ਪਰਕਾਸ਼ ਦੀ ਪੋਥੀ 14:18, 19.
ਉੱਪਰ ਦਿੱਤੀਆਂ ਗਈਆਂ ਗੱਲਾਂ ਤੇ ਵਿਚਾਰ ਕਰਨ ਤੋਂ ਇਹ ਸਪੱਸ਼ਟ ਹੈ ਕਿ ਪਰਮੇਸ਼ੁਰ ਇਸ ਦੁਨੀਆਂ ਦਾ ਜਲਦੀ ਹੀ ਨਿਆਂ ਕਰੇਗਾ, ਕਿਉਂਕਿ ਇਸ ਦੁਨੀਆਂ ਨੇ ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਆਪਣੇ ਵਿਚ ਪੈਦਾ ਕਰ ਲਿਆ ਹੈ ਜਿਨ੍ਹਾਂ ਕਾਰਨ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਨਿਆਂ ਨੂੰ ਜਾਇਜ਼ ਕਰਾਰ ਦਿੱਤਾ ਗਿਆ ਸੀ। ਅਸੀਂ ਜਿੱਧਰ ਵੀ ਨਜ਼ਰ ਮਾਰਦੇ ਹਾਂ, ਧਰਤੀ ਹਿੰਸਾ ਨਾਲ ਭਰੀ ਹੋਈ ਹੈ, ਠੀਕ ਉਸੇ ਤਰ੍ਹਾਂ ਜਿਵੇਂ ਨੂਹ ਦੇ ਦਿਨਾਂ ਦੀ ਜਲ-ਪਰਲੋ ਤੋਂ ਪਹਿਲਾਂ ਇਹ ਹਿੰਸਾ ਨਾਲ ਭਰੀ ਹੋਈ ਸੀ। ਲੋਕਾਂ ਦੀ ਮਨੋਬਿਰਤੀ ਉਸੇ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਉਤਪਤ 6:5 ਵਿਚ ਦੱਸੀ ਗਈ ਹੈ: “[ਆਦਮੀ ਦੇ] ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” ਇੱਥੋਂ ਤਕ ਕਿ ਘੋਰ ਪਾਪ, ਜਿਨ੍ਹਾਂ ਕਰਕੇ ਪਰਮੇਸ਼ੁਰ ਨੇ ਕਨਾਨੀਆਂ ਨੂੰ ਸਜ਼ਾ ਦਿੱਤੀ ਸੀ, ਅੱਜ ਆਮ ਜਿਹੀ ਗੱਲ ਬਣ ਗਏ ਹਨ।
ਖ਼ਾਸ ਕਰਕੇ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤਕ ਮਨੁੱਖਜਾਤੀ ਨੇ ਭਿਆਨਕ ਤਬਦੀਲੀਆਂ ਅਨੁਭਵ ਕੀਤੀਆਂ ਹਨ। ਇਸ ਨੇ ਧਰਤੀ ਨੂੰ ਲੱਖਾਂ ਲੋਕਾਂ ਦੇ ਲਹੂ ਨਾਲ ਗੜੁੱਚ ਹੁੰਦੇ ਦੇਖਿਆ ਹੈ। ਸੰਸਾਰ ਭਰ ਵਿਚ ਯੁੱਧ, ਕੁਲ-ਨਾਸ਼, ਅੱਤਵਾਦ ਅਤੇ ਅਰਾਜਕਤਾ ਫੈਲੀ ਹੋਈ ਹੈ। ਕਾਲ, ਬਿਮਾਰੀਆਂ ਅਤੇ ਅਨੈਤਿਕਤਾ ਨੇ ਸਾਰੇ ਸੰਸਾਰ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਇਹ ਸਾਰੇ ਸਬੂਤ ਸੰਕੇਤ ਕਰਦੇ ਹਨ ਕਿ ਅਸੀਂ ਹੁਣ ਉਸ ਬੁਰੀ ਪੀੜ੍ਹੀ ਵਿਚ ਜੀ ਰਹੇ ਹਾਂ ਜਿਸ ਬਾਰੇ ਯਿਸੂ ਨੇ ਕਿਹਾ ਸੀ: “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।” (ਮੱਤੀ 24:34) ਇਹ ਸੰਸਾਰ ਹੁਣ ਆਪਣਾ “ਪਾਪ ਪੂਰਾ” ਕਰ ਰਿਹਾ ਹੈ। ‘ਧਰਤੀ ਦੇ ਅੰਗੂਰੀ ਬੇਲ ਦੇ ਗੁੱਛੇ’ ਵਾਢੀ ਲਈ ਪੱਕ ਰਹੇ ਹਨ।
ਤੁਹਾਡੇ ਵੱਲੋਂ ਕਦਮ ਚੁੱਕਣ ਦਾ ਸਮਾਂ
ਯੂਹੰਨਾ ਰਸੂਲ ਨੂੰ ਦੱਸਿਆ ਗਿਆ ਸੀ ਕਿ ਜਿਉਂ-ਜਿਉਂ ਨਿਆਂ ਨੂੰ ਲਾਗੂ ਕਰਨ ਦਾ ਸਮਾਂ ਨੇੜੇ ਆਉਂਦਾ ਜਾਵੇਗਾ, ਦੋ ਤਰ੍ਹਾਂ ਦੀ ਫ਼ਸਲ ਪੱਕ ਰਹੀ ਹੋਵੇਗੀ। ਇਕ ਪਾਸੇ, “ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ।” ਪਰ ਦੂਜੇ ਪਾਸੇ, “ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤ੍ਰ ਹੈ ਉਹ ਅਗਾਹਾਂ ਨੂੰ ਪਵਿੱਤ੍ਰ ਹੋਈ ਜਾਏ।” (ਪਰਕਾਸ਼ ਦੀ ਪੋਥੀ 22:10, 11) ਇਹ ਪਿਛਲਾ ਵਾਧਾ, ਯਹੋਵਾਹ ਦੇ ਗਵਾਹਾਂ ਦੁਆਰਾ ਚਲਾਏ ਜਾ ਰਹੇ ਵਿਸ਼ਵ-ਵਿਆਪੀ ਬਾਈਬਲ ਸਿੱਖਿਆ ਕਾਰਜਕ੍ਰਮ ਦੁਆਰਾ ਹੋ ਰਿਹਾ ਹੈ। ਇਸ ਕੰਮ ਦਾ ਉਦੇਸ਼ ਲੋਕਾਂ ਨੂੰ ਇਹ ਸਿਖਾਉਣਾ ਹੈ ਕਿ ਪਰਮੇਸ਼ੁਰ ਉਨ੍ਹਾਂ ਕੋਲੋਂ ਕੀ ਮੰਗ ਕਰਦਾ ਹੈ, ਤਾਂਕਿ ਉਹ ਸਦੀਪਕ ਜੀਵਨ ਪ੍ਰਾਪਤ ਕਰਨ ਦੇ ਯੋਗ ਗਿਣੇ ਜਾ ਸਕਣ। ਇਹ ਕੰਮ ਹੁਣ 233 ਦੇਸ਼ਾਂ ਵਿਚ ਕੁਝ 87,000 ਕਲੀਸਿਯਾਵਾਂ ਦੁਆਰਾ ਕੀਤਾ ਜਾ ਰਿਹਾ ਹੈ।
ਪਰਮੇਸ਼ੁਰ ਆਪਣੇ ਵਾਅਦੇ ਦਾ ਮੱਠਾ ਨਹੀਂ ਹੈ। ਧੀਰਜ ਦੇ ਨਾਲ ਉਹ ਲੋਕਾਂ ਨੂੰ ਉਸ ਦੀਆਂ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਨ ਲਈ ‘ਨਵੀਂ ਇਨਸਾਨੀਅਤ ਨੂੰ ਪਹਿਨਣ’ ਲਈ ਲੋੜੀਂਦਾ ਸਮਾਂ ਦਿੰਦਾ ਹੈ। (ਅਫ਼ਸੀਆਂ 4:24) ਸੰਸਾਰ ਵਿਚ ਲਗਾਤਾਰ ਵਿਗੜਦੇ ਜਾ ਰਹੇ ਹਾਲਾਤਾਂ ਦੇ ਬਾਵਜੂਦ, ਅੱਜ ਵੀ ਪਰਮੇਸ਼ੁਰ ਉਡੀਕ ਕਰ ਰਿਹਾ ਹੈ। ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨਾਲ ਅਜਿਹਾ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਸਾਂਝਾ ਕਰਨ ਲਈ ਹਰ ਸੰਭਵ ਜਤਨ ਕਰ ਰਹੇ ਹਨ। (ਯੂਹੰਨਾ 17:3, 17) ਖ਼ੁਸ਼ੀ ਦੀ ਗੱਲ ਹੈ ਕਿ ਹਰ ਸਾਲ 3,00,000 ਲੋਕ ਸਹੀ ਪ੍ਰਤਿਕ੍ਰਿਆ ਦਿਖਾ ਰਹੇ ਹਨ ਅਤੇ ਬਪਤਿਸਮਾ ਲੈ ਰਹੇ ਹਨ।
ਸਦੀਪਕ ਜੀਵਨ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ ਉਡੀਕ ਕਰਨ ਦਾ ਸਮਾਂ ਨਹੀਂ ਹੈ, ਸਗੋਂ ਇਹ ਕਦਮ ਚੁੱਕਣ ਦਾ ਸਮਾਂ ਹੈ। ਥੋੜ੍ਹੀ ਹੀ ਦੇਰ ਬਾਅਦ, ਅਸੀਂ ਯਿਸੂ ਦੇ ਵਾਅਦੇ ਦੀ ਪੂਰਤੀ ਹੁੰਦੀ ਦੇਖਾਂਗੇ: “ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।”—ਯੂਹੰਨਾ 11:26.
[ਫੁਟਨੋਟ]
a ਦ ਸੌਨਸੀਨੋ ਖ਼ੁਮਾਸ਼ ਵਿਚ ਇਸ ਆਇਤ ਉੱਤੇ ਇਕ ਫੁਟਨੋਟ ਕਹਿੰਦਾ ਹੈ: “ਦੇਸ਼ ਵਿੱਚੋਂ ਕੱਢੇ ਜਾਣ ਦੇ ਯੋਗ ਹੋਣ ਤੇ ਵੀ, ਪਰਮੇਸ਼ੁਰ ਨੇ ਉਦੋਂ ਤਕ ਉਸ ਕੌਮ ਨੂੰ ਸਜ਼ਾ ਨਹੀਂ ਦਿੱਤੀ, ਜਦੋਂ ਤਕ ਪਾਪ ਦਾ ਘੜਾ ਭਰ ਨਹੀਂ ਗਿਆ।”
[ਸਫ਼ੇ 6 ਉੱਤੇ ਤਸਵੀਰ]
ਜਦੋਂ ਧਰਤੀ ਦੀ ਅੰਗੂਰੀ ਵੇਲ ਪੱਕ ਗਈ ਸੀ ਤਾਂ ਪਰਮੇਸ਼ੁਰ ਵੱਲੋਂ ਠਹਿਰਾਏ ਗਏ ਦੰਡਕ ਨੂੰ ਦਾਤੀ ਨਾਲ ਉਹ ਵੇਲ ਵੱਢਣ ਲਈ ਕਿਹਾ ਗਿਆ ਸੀ
[ਸਫ਼ੇ 7 ਉੱਤੇ ਤਸਵੀਰ]
ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੀਆਂ ਸਦੀਪਕ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਨ ਲਈ ਲੋਕਾਂ ਦੀ ਮਦਦ ਕਰ ਰਹੇ ਹਨ