ਅਧਿਐਨ ਲੇਖ 19
ਪ੍ਰਕਾਸ਼ ਦੀ ਕਿਤਾਬ—ਇਹ ਤੁਹਾਡੇ ਲਈ ਕੀ ਅਹਿਮੀਅਤ ਰੱਖਦੀ ਹੈ?
“ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ।”—ਪ੍ਰਕਾ. 1:3.
ਗੀਤ 14 ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ
ਖ਼ਾਸ ਗੱਲਾਂa
1-2. ਪ੍ਰਕਾਸ਼ ਦੀ ਕਿਤਾਬ ਵਿਚ ਦਿਲਚਸਪੀ ਲੈਣ ਦਾ ਇਕ ਕਾਰਨ ਦੱਸੋ।
ਮੰਨ ਲਓ ਕਿ ਕੋਈ ਪਰਿਵਾਰ ਤੁਹਾਨੂੰ ਆਪਣੇ ਘਰ ਬੁਲਾਉਂਦਾ ਹੈ ਅਤੇ ਤੁਹਾਨੂੰ ਆਪਣੀ ਫੋਟੋਆਂ ਵਾਲੀ ਐਲਬਮ ਦਿਖਾਉਂਦਾ ਹੈ। ਜਦੋਂ ਤੁਸੀਂ ਫੋਟੋਆਂ ਦੇਖਦੇ ਹੋ, ਤਾਂ ਉਸ ਵਿਚ ਜ਼ਿਆਦਾਤਰ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਪਰ ਇਕ ਫੋਟੋ ʼਤੇ ਆ ਕੇ ਤੁਹਾਡੀ ਨਜ਼ਰ ਰੁਕ ਜਾਂਦੀ ਹੈ। ਕਿਉਂ? ਕਿਉਂਕਿ ਉਸ ਫੋਟੋ ਵਿਚ ਤੁਸੀਂ ਵੀ ਹੋ। ਉਸ ਨੂੰ ਦੇਖਦੇ ਹੋਏ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਕਦੋਂ ਅਤੇ ਕਿੱਥੇ ਖਿੱਚੀ ਗਈ ਸੀ। ਤੁਸੀਂ ਫੋਟੋ ਵਿਚ ਹੋਰ ਲੋਕਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਹੋ। ਇਹ ਫੋਟੋ ਤੁਹਾਡੇ ਲਈ ਖ਼ਾਸ ਹੁੰਦੀ ਹੈ।
2 ਪ੍ਰਕਾਸ਼ ਦੀ ਕਿਤਾਬ ਵੀ ਇਸ ਫੋਟੋ ਵਾਂਗ ਹੈ। ਕਿਉਂ? ਇਸ ਦੇ ਦੋ ਕਾਰਨ ਹਨ। ਪਹਿਲਾ, ਇਹ ਕਿਤਾਬ ਸਾਡੇ ਲਈ ਹੀ ਲਿਖੀ ਗਈ ਹੈ। ਇਸ ਦੀ ਪਹਿਲੀ ਆਇਤ ਵਿਚ ਲਿਖਿਆ ਹੈ: “ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।” (ਪ੍ਰਕਾ. 1:1) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਇਹ ਕਿਤਾਬ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਲਈ ਲਿਖਵਾਈ ਗਈ ਹੈ, ਨਾ ਕਿ ਸਾਰੇ ਲੋਕਾਂ ਲਈ। ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਸਾਨੂੰ ਇਸ ਗੱਲੋਂ ਕੋਈ ਹੈਰਾਨੀ ਨਹੀਂ ਹੁੰਦੀ ਕਿ ਇਸ ਦਿਲਚਸਪ ਕਿਤਾਬ ਵਿਚ ਲਿਖੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਵਿਚ ਅਸੀਂ ਵੀ ਹਿੱਸਾ ਪਾ ਰਹੇ ਹਾਂ। ਇਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਵੀ “ਇਸ ਫੋਟੋ ਵਿਚ” ਹਾਂ।
3-4. (ੳ) ਪ੍ਰਕਾਸ਼ ਦੀ ਕਿਤਾਬ ਮੁਤਾਬਕ ਇਸ ਵਿਚ ਲਿਖੀਆਂ ਭਵਿੱਖਬਾਣੀਆਂ ਕਦੋਂ ਪੂਰੀਆਂ ਹੋਣਗੀਆਂ? (ਅ) ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਕੀ ਕਰਨਾ ਜ਼ਰੂਰੀ ਹੈ?
3 ਪ੍ਰਕਾਸ਼ ਦੀ ਕਿਤਾਬ ਵਿਚ ਦਿਲਚਸਪੀ ਲੈਣ ਦਾ ਦੂਜਾ ਕਾਰਨ ਹੈ, ਇਸ ਵਿਚ ਲਿਖੀਆਂ ਭਵਿੱਖਬਾਣੀਆਂ ਦੇ ਪੂਰਾ ਹੋਣ ਦਾ ਸਮਾਂ। ਸਿਆਣੀ ਉਮਰ ਦੇ ਯੂਹੰਨਾ ਰਸੂਲ ਨੇ ਇਨ੍ਹਾਂ ਭਵਿੱਖਬਾਣੀਆਂ ਦੇ ਪੂਰਾ ਹੋਣ ਦਾ ਸਮਾਂ ਦੱਸਿਆ ਜਦੋਂ ਉਸ ਨੇ ਲਿਖਿਆ: “ਪਵਿੱਤਰ ਸ਼ਕਤੀ ਮੈਨੂੰ ਪ੍ਰਭੂ ਦੇ ਦਿਨ ਵਿਚ ਲੈ ਕੇ ਆਈ।” (ਪ੍ਰਕਾ. 1:10) 96 ਈਸਵੀ ਵਿਚ ਜਦੋਂ ਯੂਹੰਨਾ ਰਸੂਲ ਨੇ ਇਹ ਸ਼ਬਦ ਲਿਖੇ, ਉਦੋਂ ‘ਪ੍ਰਭੂ ਦਾ ਦਿਨ’ ਹਾਲੇ ਬਹੁਤ ਦੂਰ ਸੀ। (ਮੱਤੀ 25:14, 19; ਲੂਕਾ 19:12) ਪਰ ਬਾਈਬਲ ਦੀ ਭਵਿੱਖਬਾਣੀ ਮੁਤਾਬਕ ਇਹ ਦਿਨ 1914 ਵਿਚ ਸ਼ੁਰੂ ਹੋਇਆ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਦਰਜ ਭਵਿੱਖਬਾਣੀਆਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਅਸੀਂ “ਪ੍ਰਭੂ ਦੇ ਦਿਨ” ਵਿਚ ਜੀ ਰਹੇ ਹਾਂ।
4 ਅਸੀਂ ਇਸ ਦਿਲਚਸਪ ਸਮੇਂ ਵਿਚ ਜੀ ਰਹੇ ਹਾਂ, ਇਸ ਲਈ ਪ੍ਰਕਾਸ਼ ਦੀ ਕਿਤਾਬ 1:3 ਵਿਚ ਦਿੱਤੀ ਸਲਾਹ ʼਤੇ ਸਾਨੂੰ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇਸ ਵਿਚ ਲਿਖਿਆ ਹੈ: “ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਜਿਹੜਾ ਇਸ ਨੂੰ ਸੁਣਦਾ ਹੈ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਕਿਉਂਕਿ ਮਿਥਿਆ ਸਮਾਂ ਨੇੜੇ ਆ ਗਿਆ ਹੈ।” ਜੀ ਹਾਂ, ਸਾਨੂੰ ‘ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਨਾ’ ਤੇ ‘ਸੁਣਨਾ’ ਚਾਹੀਦਾ ਹੈ ਅਤੇ “ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ” ਕਰਨੀ ਚਾਹੀਦੀ ਹੈ। ਸਾਨੂੰ ਇਸ ਭਵਿੱਖਬਾਣੀ ਦੀਆਂ ਕਿਹੜੀਆਂ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ?
ਪੱਕਾ ਕਰੋ ਕਿ ਯਹੋਵਾਹ ਨੂੰ ਤੁਹਾਡੀ ਭਗਤੀ ਮਨਜ਼ੂਰ ਹੋਵੇ
5. ਯਹੋਵਾਹ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਦੀ ਅਹਿਮੀਅਤ ਬਾਰੇ ਪ੍ਰਕਾਸ਼ ਦੀ ਕਿਤਾਬ ਤੋਂ ਕੀ ਪਤਾ ਲੱਗਦਾ ਹੈ?
5 ਪ੍ਰਕਾਸ਼ ਦੀ ਕਿਤਾਬ ਦੇ ਪਹਿਲੇ ਅਧਿਆਇ ਤੋਂ ਹੀ ਸਾਨੂੰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਯਿਸੂ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੀਆਂ ਮੰਡਲੀਆਂ ਵਿਚ ਕੀ ਕੁਝ ਹੋ ਰਿਹਾ ਹੈ। (ਪ੍ਰਕਾ. 1:12-16, 20; 2:1) ਯਿਸੂ ਨੇ ਇਹ ਗੱਲ ਏਸ਼ੀਆ ਮਾਈਨਰ ਦੀਆਂ ਸੱਤ ਮੰਡਲੀਆਂ ਨੂੰ ਦਿੱਤੇ ਸੰਦੇਸ਼ਾਂ ਤੋਂ ਸਾਫ਼ ਜ਼ਾਹਰ ਕੀਤੀ। ਉਸ ਨੇ ਆਪਣੇ ਸੰਦੇਸ਼ਾਂ ਰਾਹੀਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਤਾਂਕਿ ਉਹ ਪੱਕਾ ਕਰ ਸਕਣ ਕਿ ਯਹੋਵਾਹ ਨੂੰ ਉਨ੍ਹਾਂ ਦੀ ਭਗਤੀ ਮਨਜ਼ੂਰ ਸੀ। ਉਨ੍ਹਾਂ ਨੂੰ ਦਿੱਤੇ ਸੰਦੇਸ਼ਾਂ ਦੀਆਂ ਗੱਲਾਂ ਅੱਜ ਵੀ ਪਰਮੇਸ਼ੁਰ ਦੇ ਸਾਰੇ ਲੋਕਾਂ ʼਤੇ ਲਾਗੂ ਹੁੰਦੀਆਂ ਹਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਾਡਾ ਆਗੂ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡਾ ਯਹੋਵਾਹ ਨਾਲ ਕਿਹੋ ਜਿਹਾ ਰਿਸ਼ਤਾ ਹੈ। ਯਿਸੂ ਸਾਡੀ ਰਾਖੀ ਕਰਨ ਲਈ ਸਾਡੇ ʼਤੇ ਨਜ਼ਰ ਰੱਖਦਾ ਹੈ ਅਤੇ ਉਸ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਉਹ ਜਾਣਦਾ ਹੈ ਕਿ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਲਈ ਸਾਨੂੰ ਕੀ ਕਰਦੇ ਰਹਿਣ ਦੀ ਲੋੜ ਹੈ। ਆਓ ਦੇਖੀਏ ਕਿ ਯਿਸੂ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਕਿਹੜੀਆਂ ਸਲਾਹਾਂ ਦਿੱਤੀਆਂ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨ ਦੀ ਲੋੜ ਹੈ।
6. (ੳ) ਪ੍ਰਕਾਸ਼ ਦੀ ਕਿਤਾਬ 2:3, 4 ਵਿਚ ਅਫ਼ਸੁਸ ਦੀ ਮੰਡਲੀ ਨੂੰ ਦਿੱਤੇ ਯਿਸੂ ਦੇ ਸੰਦੇਸ਼ ਤੋਂ ਕਿਹੜੀ ਗੱਲ ਪਤਾ ਲੱਗਦੀ ਹੈ? (ਅ) ਇਸ ਤੋਂ ਅਸੀਂ ਕੀ ਸਿੱਖਦੇ ਹਾਂ?
6 ਪ੍ਰਕਾਸ਼ ਦੀ ਕਿਤਾਬ 2:3, 4 ਪੜ੍ਹੋ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੇ ਰਹੀਏ। ਅਫ਼ਸੁਸ ਦੀ ਮੰਡਲੀ ਨੂੰ ਦਿੱਤੇ ਸੰਦੇਸ਼ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਧੀਰਜ ਰੱਖਿਆ ਸੀ ਅਤੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ ਸੀ। ਪਰ ਉਹ ਯਹੋਵਾਹ ਨੂੰ ਪਹਿਲਾ ਵਾਂਗ ਪਿਆਰ ਨਹੀਂ ਕਰਦੇ ਸਨ। ਉਨ੍ਹਾਂ ਲਈ ਜ਼ਰੂਰੀ ਸੀ ਕਿ ਉਹ ਫਿਰ ਤੋਂ ਯਹੋਵਾਹ ਨੂੰ ਪਹਿਲਾ ਵਾਂਗ ਹੀ ਪਿਆਰ ਕਰਨ। ਜੇ ਉਹ ਇਸ ਤਰ੍ਹਾਂ ਨਹੀਂ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਦੀ ਭਗਤੀ ਸਵੀਕਾਰ ਨਹੀਂ ਕਰਨੀ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਮੁਸ਼ਕਲਾਂ ਵੇਲੇ ਧੀਰਜ ਰੱਖਦੇ ਹਾਂ, ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਧੀਰਜ ਰੱਖਣ ਪਿੱਛੇ ਸਾਡਾ ਇਰਾਦਾ ਕੀ ਹੈ। ਸਾਡਾ ਪਰਮੇਸ਼ੁਰ ਸਿਰਫ਼ ਇਹੀ ਨਹੀਂ ਦੇਖਦਾ ਕਿ ਅਸੀਂ ਕੀ ਕਰਦੇ ਹਾਂ, ਸਗੋਂ ਇਹ ਵੀ ਦੇਖਦਾ ਹੈ ਕਿ ਅਸੀਂ ਕਿਉਂ ਕਰਦੇ ਹਾਂ। ਉਸ ਲਈ ਸਾਡੇ ਇਰਾਦੇ ਬਹੁਤ ਮਾਅਨੇ ਰੱਖਦੇ ਹਨ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਗਹਿਰਾ ਪਿਆਰ ਅਤੇ ਦਿਲੋਂ ਕਦਰ ਹੋਣ ਕਰਕੇ ਉਸ ਦੀ ਭਗਤੀ ਕਰੀਏ।—ਕਹਾ. 16:2; ਮਰ. 12:29, 30.
7. (ੳ) ਪ੍ਰਕਾਸ਼ ਦੀ ਕਿਤਾਬ 3:1-3 ਵਿਚ ਯਿਸੂ ਨੇ ਸਾਰਦੀਸ ਦੀ ਮੰਡਲੀ ਦੀ ਕਿਹੜੀ ਸਮੱਸਿਆ ਬਾਰੇ ਦੱਸਿਆ? (ਅ) ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
7 ਪ੍ਰਕਾਸ਼ ਦੀ ਕਿਤਾਬ 3:1-3 ਪੜ੍ਹੋ। ਸਾਨੂੰ ਹਮੇਸ਼ਾ ਜਾਗਦੇ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਸਾਰਦੀਸ ਦੀ ਮੰਡਲੀ ਵਿਚ ਇਕ ਅਲੱਗ ਸਮੱਸਿਆ ਸੀ। ਚਾਹੇ ਉਹ ਪਹਿਲਾਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਸਨ, ਪਰ ਬਾਅਦ ਵਿਚ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ ਸੀ। ਇਸੇ ਲਈ ਯਿਸੂ ਨੇ ਉਨ੍ਹਾਂ ਨੂੰ ‘ਜਾਗਣ’ ਲਈ ਕਿਹਾ ਸੀ। ਇਸ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? ਬਿਨਾਂ ਸ਼ੱਕ, ਯਹੋਵਾਹ ਸਾਡੇ ਕੰਮਾਂ ਨੂੰ ਕਦੇ ਨਹੀਂ ਭੁੱਲਦਾ। (ਇਬ. 6:10) ਪਰ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਦੀ ਬਹੁਤ ਸੇਵਾ ਕਰ ਚੁੱਕੇ ਹਾਂ ਅਤੇ ਹੁਣ ਸਾਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ ਅੱਜ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲਾਂ ਆਉਣ, ਪਰ ਸਾਨੂੰ ਹਮੇਸ਼ਾ “ਪ੍ਰਭੂ ਦੇ ਕੰਮ” ਵਿਚ ਰੁੱਝੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਅੰਤ ਆਉਣ ਤਕ ਜਾਗਦੇ ਅਤੇ ਸਾਵਧਾਨ ਰਹੀਏ।—1 ਕੁਰਿੰ. 15:58; ਮੱਤੀ 24:13; ਮਰ. 13:33.
8. ਪ੍ਰਕਾਸ਼ ਦੀ ਕਿਤਾਬ 3:15-17 ਵਿਚ ਲਾਉਦਿਕੀਆ ਦੀ ਮੰਡਲੀ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?
8 ਪ੍ਰਕਾਸ਼ ਦੀ ਕਿਤਾਬ 3:15-17 ਪੜ੍ਹੋ। ਸਾਨੂੰ ਪੂਰੇ ਦਿਲ ਤੇ ਪੂਰੇ ਜੋਸ਼ ਨਾਲ ਭਗਤੀ ਕਰਨੀ ਚਾਹੀਦੀ ਹੈ। ਲਾਉਦਿਕੀਆ ਦੀ ਮੰਡਲੀ ਨੂੰ ਦਿੱਤੇ ਸੰਦੇਸ਼ ਵਿਚ ਯਿਸੂ ਨੇ ਇਸ ਮੰਡਲੀ ਦੀ ਇਕ ਸਮੱਸਿਆ ਬਾਰੇ ਦੱਸਿਆ। ਇਸ ਮੰਡਲੀ ਦੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਨਾ ਤਾਂ ਠੰਢੇ ਤੇ ਨਾ ਹੀ ਗਰਮ ਸਨ, ਸਗੋਂ ਉਹ ‘ਕੋਸੇ’ ਸਨ। ਇਸ ਲਈ ਯਿਸੂ ਨੇ ਕਿਹਾ ਕਿ ਉਨ੍ਹਾਂ ਦੀ “ਹਾਲਤ ਕਿੰਨੀ ਬੁਰੀ ਅਤੇ ਤਰਸਯੋਗ” ਸੀ। ਨਾਲੇ ਯਿਸੂ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਯਹੋਵਾਹ ਅਤੇ ਭਗਤੀ ਦੇ ਕੰਮਾਂ ਲਈ ਪੂਰਾ ਜੋਸ਼ ਦਿਖਾਉਣ। (ਪ੍ਰਕਾ. 3:19) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਸਾਡਾ ਜੋਸ਼ ਠੰਢਾ ਪੈ ਗਿਆ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿਚ ਉਨ੍ਹਾਂ ਸਾਰੀਆਂ ਬਰਕਤਾਂ ਲਈ ਕਦਰ ਵਧਾਈਏ ਜੋ ਯਹੋਵਾਹ ਸਾਨੂੰ ਦਿੰਦਾ ਹੈ। (ਪ੍ਰਕਾ. 3:18) ਸਾਨੂੰ ਕਦੇ ਵੀ ਆਰਾਮਦਾਇਕ ਜ਼ਿੰਦਗੀ ਹਾਸਲ ਕਰਨ ਵਿਚ ਇੰਨਾ ਨਹੀਂ ਰੁੱਝ ਜਾਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਹੀ ਭੁੱਲ ਜਾਈਏ।
9. ਪਰਗਮੁਮ ਅਤੇ ਥੂਆਤੀਰਾ ਦੀਆਂ ਮੰਡਲੀਆਂ ਨੂੰ ਕਹੀਆਂ ਯਿਸੂ ਦੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸਾਨੂੰ ਕਿਹੜੇ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ?
9 ਸਾਨੂੰ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਠੁਕਰਾਉਣਾ ਚਾਹੀਦਾ ਹੈ। ਪਰਗਮੁਮ ਦੇ ਕੁਝ ਮਸੀਹੀ ਅਲੱਗ-ਅਲੱਗ ਪੰਥਾਂ ਦੀਆਂ ਸਿੱਖਿਆਵਾਂ ʼਤੇ ਚੱਲ ਰਹੇ ਸਨ ਅਤੇ ਮੰਡਲੀ ਵਿਚ ਫੁੱਟ ਪਾ ਰਹੇ ਸਨ ਜਿਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ। (ਪ੍ਰਕਾ. 2:14-16) ਉਸ ਨੇ ਥੂਆਤੀਰਾ ਦੇ ਉਨ੍ਹਾਂ ਮਸੀਹੀਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਆਪਣੇ ਆਪ ਨੂੰ “ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ” ਤੋਂ ਬਚਾਇਆ ਸੀ। ਯਿਸੂ ਨੇ ਉਨ੍ਹਾਂ ਨੂੰ ਸੱਚਾਈ ਦੀਆਂ ਗੱਲਾਂ “ਘੁੱਟ ਕੇ ਫੜੀ” ਰੱਖਣ ਲਈ ਕਿਹਾ। (ਪ੍ਰਕਾ. 2:24-26) ਉਨ੍ਹਾਂ ਮਸੀਹੀਆਂ ਨੂੰ ਤੋਬਾ ਕਰਨ ਦੀ ਲੋੜ ਸੀ ਜੋ ਆਪਣੀ ਕਮਜ਼ੋਰ ਨਿਹਚਾ ਕਰਕੇ ਝੂਠੀਆਂ ਸਿੱਖਿਆਵਾਂ ਮਗਰ ਲੱਗ ਗਏ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਸਾਨੂੰ ਉਨ੍ਹਾਂ ਸਾਰੀਆਂ ਸਿੱਖਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਯਹੋਵਾਹ ਦੀ ਸੋਚ ਤੋਂ ਉਲਟ ਹਨ। ਧਰਮ-ਤਿਆਗੀ ‘ਭਗਤੀ ਦਾ ਦਿਖਾਵਾ ਤਾਂ ਕਰਦੇ ਹਨ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ।’ (2 ਤਿਮੋ. 3:5) ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰ ਕੇ ਅਸੀਂ ਸੌਖਿਆਂ ਹੀ ਝੂਠੀਆਂ ਸਿੱਖਿਆਵਾਂ ਨੂੰ ਪਛਾਣ ਸਕਾਂਗੇ ਅਤੇ ਇਨ੍ਹਾਂ ਨੂੰ ਠੁਕਰਾ ਦੇਵਾਂਗੇ।—2 ਤਿਮੋ. 3:14-17; ਯਹੂ. 3, 4.
10. ਪਰਗਮੁਮ ਅਤੇ ਥੂਆਤੀਰਾ ਦੀਆਂ ਮੰਡਲੀਆਂ ਨੂੰ ਕਹੀ ਯਿਸੂ ਦੀ ਗੱਲ ਤੋਂ ਅਸੀਂ ਹੋਰ ਕੀ ਸਿੱਖਦੇ ਹਾਂ?
10 ਸਾਨੂੰ ਹਰ ਤਰ੍ਹਾਂ ਦੀ ਬਦਚਲਣੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਪਰਗਮੁਮ ਅਤੇ ਥੂਆਤੀਰਾ ਦੀਆਂ ਮੰਡਲੀਆਂ ਵਿਚ ਇਕ ਹੋਰ ਸਮੱਸਿਆ ਸੀ। ਇਨ੍ਹਾਂ ਮੰਡਲੀਆਂ ਦੇ ਕੁਝ ਮਸੀਹੀ ਬਦਚਲਣੀ ਕਰ ਰਹੇ ਸਨ ਜਿਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ। (ਪ੍ਰਕਾ. 2:14, 20) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੀ ਬਦਚਲਣੀ ਨੂੰ ਬਰਦਾਸ਼ਤ ਕਰੇਗਾ, ਭਾਵੇਂ ਅਸੀਂ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋਈਏ ਜਾਂ ਸਾਡੇ ਕੋਲ ਮੰਡਲੀ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ। (1 ਸਮੂ. 15:22; 1 ਪਤ. 2:16) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਮਾਮਲੇ ਵਿਚ ਉਸ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਦੇ ਰਹੀਏ, ਫਿਰ ਚਾਹੇ ਦੁਨੀਆਂ ਦੇ ਲੋਕਾਂ ਦਾ ਚਾਲ-ਚਲਣ ਬੁਰੇ ਤੋਂ ਬੁਰਾ ਹੀ ਕਿਉਂ ਨਾ ਹੁੰਦਾ ਜਾਵੇ।—ਅਫ਼. 6:11-13.
11. ਹੁਣ ਤਕ ਅਸੀਂ ਕੀ ਸਿੱਖਿਆ? (“ਅੱਜ ਸਾਡੇ ਲਈ ਸਬਕ” ਨਾਂ ਦੀ ਡੱਬੀ ਦੇਖੋ।)
11 ਆਓ ਦੇਖੀਏ ਕਿ ਹੁਣ ਤਕ ਆਪਾਂ ਕੀ ਸਿੱਖਿਆ? ਸਾਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਹੀ ਭਗਤੀ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਹਾਂ ਜਿਸ ਤੋਂ ਯਹੋਵਾਹ ਨੂੰ ਸਖ਼ਤ ਨਫ਼ਰਤ ਹੈ, ਤਾਂ ਸਾਨੂੰ ਉਸੇ ਵੇਲੇ ਉਹ ਕੰਮ ਛੱਡ ਦੇਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ, ਤਾਂ ਯਹੋਵਾਹ ਸਾਡੀ ਭਗਤੀ ਨੂੰ ਨਾਮਨਜ਼ੂਰ ਕਰ ਦੇਵੇਗਾ। (ਪ੍ਰਕਾ. 2:5, 16; 3:3, 16) ਇਨ੍ਹਾਂ ਮੰਡਲੀਆਂ ਨੂੰ ਭੇਜੇ ਯਿਸੂ ਦੇ ਸੰਦੇਸ਼ ਤੋਂ ਅਸੀਂ ਕੁਝ ਹੋਰ ਵੀ ਸਿੱਖਦੇ ਹਾਂ।
ਮੁਸ਼ਕਲਾਂ ਸਹਿਣ ਲਈ ਤਿਆਰ ਰਹੋ
12. ਸਮੁਰਨੇ ਅਤੇ ਫ਼ਿਲਦਲਫ਼ੀਆ ਦੀਆਂ ਮੰਡਲੀਆਂ ਨੂੰ ਭੇਜੇ ਯਿਸੂ ਦੇ ਸੰਦੇਸ਼ ਵੱਲ ਅੱਜ ਸਾਨੂੰ ਧਿਆਨ ਕਿਉਂ ਦੇਣਾ ਚਾਹੀਦਾ ਹੈ? (ਪ੍ਰਕਾਸ਼ ਦੀ ਕਿਤਾਬ 2:10)
12 ਆਓ ਆਪਾਂ ਹੁਣ ਦੇਖੀਏ ਕਿ ਯਿਸੂ ਨੇ ਸਮੁਰਨੇ ਅਤੇ ਫ਼ਿਲਦਲਫ਼ੀਆ ਦੀਆਂ ਮੰਡਲੀਆਂ ਨੂੰ ਕੀ ਸੰਦੇਸ਼ ਭੇਜੇ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਤਿਆਚਾਰ ਸਹਿਣ ਤੋਂ ਨਾ ਘਬਰਾਉਣ ਕਿਉਂਕਿ ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਮਿਲੇਗਾ। (ਪ੍ਰਕਾਸ਼ ਦੀ ਕਿਤਾਬ 2:10 ਪੜ੍ਹੋ; 3:10) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਜਾਣਦੇ ਹਾਂ ਕਿ ਸਾਡੇ ʼਤੇ ਵੀ ਅਤਿਆਚਾਰ ਹੋਣਗੇ ਅਤੇ ਸਾਨੂੰ ਇਨ੍ਹਾਂ ਨੂੰ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 24:9, 13; 2 ਕੁਰਿੰ. 12:10) ਅੱਜ ਸਾਡੇ ਲਈ ਇਹ ਗੱਲ ਯਾਦ ਰੱਖਣੀ ਕਿਉਂ ਜ਼ਰੂਰੀ ਹੈ?
13-14. ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 12 ਵਿਚ ਦੱਸੀਆਂ ਘਟਨਾਵਾਂ ਦਾ ਪਰਮੇਸ਼ੁਰ ਦੇ ਲੋਕਾਂ ʼਤੇ ਕੀ ਅਸਰ ਹੋਇਆ?
13 ਪ੍ਰਕਾਸ਼ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ “ਪ੍ਰਭੂ ਦੇ ਦਿਨ” ਯਾਨੀ ਸਾਡੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ʼਤੇ ਜ਼ੁਲਮ ਢਾਹੇ ਜਾਣਗੇ। ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 12 ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਸਵਰਗ ਵਿਚ ਰਾਜਾ ਬਣਨ ਤੋਂ ਤੁਰੰਤ ਬਾਅਦ ਸਵਰਗ ਵਿਚ ਯੁੱਧ ਹੋਇਆ। ਇਹ ਯੁੱਧ ਮੀਕਾਏਲ (ਮਹਿਮਾਵਾਨ ਯਿਸੂ ਮਸੀਹ) ਤੇ ਉਸ ਦੇ ਦੂਤਾਂ ਅਤੇ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਵਿਚਕਾਰ ਹੋਇਆ ਸੀ। (ਪ੍ਰਕਾ. 12:7, 8) ਇਸ ਯੁੱਧ ਵਿਚ ਸ਼ੈਤਾਨ ਤੇ ਉਸ ਦੇ ਦੂਤਾਂ ਦੀ ਕਰਾਰੀ ਹਾਰ ਹੋਈ ਅਤੇ ਉਨ੍ਹਾਂ ਨੂੰ ਧਰਤੀ ʼਤੇ ਸੁੱਟਿਆ ਗਿਆ। ਇਸ ਕਰਕੇ ਸ਼ੈਤਾਨ ਧਰਤੀ ਦੇ ਲੋਕਾਂ ʼਤੇ ਬਹੁਤ ਜ਼ਿਆਦਾ ਜ਼ੁਲਮ ਢਾਹੁਣ ਲੱਗ ਪਿਆ। (ਪ੍ਰਕਾ. 12:9, 12) ਇਨ੍ਹਾਂ ਸਾਰੀਆਂ ਘਟਨਾਵਾਂ ਦਾ ਪਰਮੇਸ਼ੁਰ ਦੇ ਲੋਕਾਂ ʼਤੇ ਕੀ ਅਸਰ ਹੋਇਆ?
14 ਸ਼ੈਤਾਨ ਨੂੰ ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਸ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। ਇਸ ਕਰਕੇ ਸ਼ੈਤਾਨ ਨੇ ਅੱਗੇ ਕੀ ਕੀਤਾ? ਉਸ ਨੇ ਧਰਤੀ ʼਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਉੱਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਇਹ ਮਸੀਹੀ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੇ ਰਾਜਦੂਤ ਹਨ ਅਤੇ ਇਨ੍ਹਾਂ ਨੂੰ “ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।” (ਪ੍ਰਕਾ. 12:17; 2 ਕੁਰਿੰ. 5:20; ਅਫ਼. 6:19, 20) ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?
15. ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 11 ਵਿਚ ਕਿਨ੍ਹਾਂ ਨੂੰ ‘ਦੋ ਗਵਾਹ’ ਕਿਹਾ ਗਿਆ ਹੈ ਅਤੇ ਉਨ੍ਹਾਂ ਨਾਲ ਕੀ ਹੋਇਆ?
15 ਸ਼ੈਤਾਨ ਨੇ ਚੁਣੇ ਹੋਏ ਭਰਾਵਾਂ ʼਤੇ ਹਮਲੇ ਕਰਾਉਣੇ ਸ਼ੁਰੂ ਕਰ ਦਿੱਤੇ ਜੋ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਸਨ। ਪ੍ਰਕਾਸ਼ ਦੀ ਕਿਤਾਬ ਵਿਚ ਇਨ੍ਹਾਂ ਭਰਾਵਾਂ ਨੂੰ ‘ਦੋ ਗਵਾਹ’ ਕਿਹਾ ਗਿਆ ਹੈ ਜਿਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ।b (ਪ੍ਰਕਾ. 11:3, 7-11) 1918 ਵਿਚ ਅਗਵਾਈ ਕਰਨ ਵਾਲੇ ਅੱਠ ਭਰਾਵਾਂ ʼਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਨਾਲ ਚੁਣੇ ਹੋਏ ਮਸੀਹੀਆਂ ਦਾ ਕੰਮ ਬੰਦ ਹੋ ਗਿਆ।
16. ਸਾਲ 1919 ਵਿਚ ਕਿਹੜੀ ਹੈਰਾਨੀਜਨਕ ਘਟਨਾ ਵਾਪਰੀ ਅਤੇ ਉਸ ਸਮੇਂ ਤੋਂ ਸ਼ੈਤਾਨ ਕੀ ਕਰਦਾ ਆ ਰਿਹਾ ਹੈ?
16 ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 11 ਵਿਚ ਦਰਜ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਦੋ ਗਵਾਹਾਂ” ਵਿਚ ਥੋੜ੍ਹੇ ਸਮੇਂ ਬਾਅਦ ਜਾਨ ਪਾਈ ਜਾਣੀ ਸੀ। ਇਹ ਭਵਿੱਖਬਾਣੀ ਜਿਸ ਤਰੀਕੇ ਨਾਲ ਪੂਰੀ ਹੋਈ, ਉਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ! ਜੇਲ੍ਹ ਵਿਚ ਸੁੱਟੇ ਜਾਣ ਤੋਂ ਬਾਅਦ ਇਕ ਸਾਲ ਦੇ ਅੰਦਰ-ਅੰਦਰ, ਮਾਰਚ 1919 ਵਿਚ ਇਨ੍ਹਾਂ ਸਾਰੇ ਭਰਾਵਾਂ ਨੂੰ ਰਿਹਾ ਕਰ ਦਿੱਤਾ ਗਿਆ। ਬਾਅਦ ਵਿਚ ਇਨ੍ਹਾਂ ਭਰਾਵਾਂ ʼਤੇ ਲਾਏ ਸਾਰੇ ਦੋਸ਼ ਵੀ ਖ਼ਾਰਜ ਹੋ ਗਏ। ਭਰਾਵਾਂ ਨੇ ਰਿਹਾ ਹੋਣ ਤੋਂ ਤੁਰੰਤ ਬਾਅਦ ਜੋਸ਼ ਨਾਲ ਰਾਜ ਦੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਸ਼ੈਤਾਨ ਵੀ ਹੱਥ ʼਤੇ ਹੱਥ ਧਰ ਕੇ ਨਹੀਂ ਬੈਠਾ ਰਿਹਾ। ਉਹ ਉਦੋਂ ਤੋਂ ਪਰਮੇਸ਼ੁਰ ਦੇ ਸਾਰੇ ਲੋਕਾਂ ʼਤੇ ਜ਼ੁਲਮਾਂ ਦਾ “ਦਰਿਆ” ਵਗਾ ਰਿਹਾ ਹੈ। (ਪ੍ਰਕਾ. 12:15) ਇਸ ਕਰਕੇ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਡੇ ਸਾਰਿਆਂ ਵਾਸਤੇ “ਧੀਰਜ ਅਤੇ ਨਿਹਚਾ ਰੱਖਣੀ ਜ਼ਰੂਰੀ ਹੈ।”—ਪ੍ਰਕਾ. 13:10.
ਯਹੋਵਾਹ ਵੱਲੋਂ ਮਿਲਿਆ ਕੰਮ ਪੂਰੀ ਵਾਹ ਲਾ ਕੇ ਕਰੋ
17. ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਪਰਮੇਸ਼ੁਰ ਦੇ ਲੋਕਾਂ ਨੂੰ ਕਿਨ੍ਹਾਂ ਤੋਂ ਮਦਦ ਮਿਲਦੀ ਹੈ?
17 ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 12 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨ ਲਈ “ਧਰਤੀ” ਨੇ ਆਪਣਾ ਮੂੰਹ ਖੋਲ੍ਹ ਕੇ ਜ਼ੁਲਮਾਂ ਦੇ “ਦਰਿਆ” ਦਾ ਸਾਰਾ ਪਾਣੀ ਪੀ ਲਿਆ। (ਪ੍ਰਕਾ. 12:16) ਬਿਲਕੁਲ ਇਸੇ ਤਰ੍ਹਾਂ ਹੋਇਆ। “ਧਰਤੀ” ਯਾਨੀ ਸ਼ੈਤਾਨ ਦੀ ਹੀ ਦੁਨੀਆਂ ਦੀਆਂ ਅਦਾਲਤਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ। ਬਹੁਤ ਵਾਰ ਅਦਾਲਤਾਂ ਨੇ ਯਹੋਵਾਹ ਦੇ ਗਵਾਹਾਂ ਦੇ ਪੱਖ ਵਿਚ ਫ਼ੈਸਲੇ ਸੁਣਾਏ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦੀ ਕਾਫ਼ੀ ਹੱਦ ਤਕ ਆਜ਼ਾਦੀ ਮਿਲ ਗਈ। ਯਹੋਵਾਹ ਦੇ ਗਵਾਹਾਂ ਨੇ ਇਸ ਆਜ਼ਾਦੀ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਪਰਮੇਸ਼ੁਰ ਵੱਲੋਂ ਮਿਲਿਆ ਕੰਮ ਪੂਰਾ ਕੀਤਾ। (1 ਕੁਰਿੰ. 16:9) ਇਸ ਕੰਮ ਵਿਚ ਕੀ ਕੁਝ ਸ਼ਾਮਲ ਹੈ?
18. ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਲੋਕ ਕਿਹੜਾ ਅਹਿਮ ਕੰਮ ਕਰਦੇ ਹਨ?
18 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਲੋਕ ਅੰਤ ਆਉਣ ਤੋਂ ਪਹਿਲਾਂ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨਗੇ। (ਮੱਤੀ 24:14) ਪਰ ਉਹ ਇਹ ਕੰਮ ਇਕੱਲੇ ਨਹੀਂ ਕਰਦੇ। ਪ੍ਰਕਾਸ਼ ਦੀ ਕਿਤਾਬ ਵਿਚ ਲਿਖਿਆ ਹੈ ਕਿ ਇਕ ਦੂਤ ਕੋਲ “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ।” (ਪ੍ਰਕਾ. 14:6) ਇਸ ਤੋਂ ਪਤਾ ਲੱਗਦਾ ਹੈ ਕਿ ਖ਼ੁਸ਼ ਖ਼ਬਰੀ ਸੁਣਾਉਣ ਲਈ ਦੂਤ ਵੀ ਪਰਮੇਸ਼ੁਰ ਦੇ ਲੋਕਾਂ ਦਾ ਸਾਥ ਦਿੰਦੇ ਹਨ।
19. ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਹੋਰ ਕਿਹੜਾ ਸੰਦੇਸ਼ ਸੁਣਾਉਣਗੇ?
19 ਪਰਮੇਸ਼ੁਰ ਦੇ ਲੋਕ ਸਿਰਫ਼ ਰਾਜ ਦੀ ਖ਼ੁਸ਼ ਖ਼ਬਰੀ ਹੀ ਨਹੀਂ ਸੁਣਾਉਂਦੇ, ਸਗੋਂ ਉਨ੍ਹਾਂ ਨੂੰ ਇਕ ਹੋਰ ਸੰਦੇਸ਼ ਸੁਣਾਉਣ ਵਿਚ ਦੂਤਾਂ ਦਾ ਸਾਥ ਦੇਣ ਦੀ ਲੋੜ ਹੈ। ਪ੍ਰਕਾਸ਼ ਦੀ ਕਿਤਾਬ ਦੇ 8 ਤੋਂ 10 ਅਧਿਆਵਾਂ ਵਿਚ ਦੱਸਿਆ ਹੈ ਕਿ ਦੂਤ ਉਨ੍ਹਾਂ ਲੋਕਾਂ ਨੂੰ ਆਫ਼ਤਾਂ ਦੇ ਸੰਦੇਸ਼ ਸੁਣਾਉਂਦੇ ਹਨ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ। ਇਸ ਲਈ ਯਹੋਵਾਹ ਦੇ ਗਵਾਹ “ਗੜਿਆਂ ਅਤੇ ਅੱਗ” ਵਰਗਾ ਨਿਆਂ ਦਾ ਸੰਦੇਸ਼ ਸੁਣਾਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸ਼ੈਤਾਨ ਦੀ ਦੁਸ਼ਟ ਦੁਨੀਆਂ ਨੂੰ ਕੀ ਸਜ਼ਾ ਦੇਵੇਗਾ। (ਪ੍ਰਕਾ. 8:7, 13) ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੰਤ ਬਹੁਤ ਨੇੜੇ ਹੈ ਤਾਂਕਿ ਉਹ ਆਪਣੇ ਵਿਚ ਵੱਡੀਆਂ ਤਬਦੀਲੀਆਂ ਕਰ ਸਕਣ ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਤੋਂ ਬਚ ਸਕਣ। (ਸਫ਼. 2:2, 3) ਪਰ ਬਹੁਤ ਸਾਰੇ ਲੋਕਾਂ ਨੂੰ ਸਾਡਾ ਇਹ ਸੰਦੇਸ਼ ਚੰਗਾ ਨਹੀਂ ਲੱਗਦਾ। ਇਸ ਲਈ ਇਹ ਸੰਦੇਸ਼ ਸੁਣਾਉਣ ਵਾਸਤੇ ਸਾਨੂੰ ਦਲੇਰੀ ਦੀ ਲੋੜ ਹੈ। ਮਹਾਂਕਸ਼ਟ ਵਿਚ ਸਾਨੂੰ ਹੋਰ ਵੀ ਜ਼ਿਆਦਾ ਦਲੇਰੀ ਦੀ ਲੋੜ ਪਵੇਗੀ ਕਿਉਂਕਿ ਉਦੋਂ ਆਖ਼ਰੀ ਨਿਆਂ ਦਾ ਸੰਦੇਸ਼ ਸੁਣ ਕੇ ਬਹੁਤ ਸਾਰੇ ਲੋਕ ਸਾਡਾ ਹੋਰ ਵੀ ਸਖ਼ਤ ਵਿਰੋਧ ਕਰਨਗੇ।—ਪ੍ਰਕਾ. 16:21.
ਭਵਿੱਖਬਾਣੀ ਦੀਆਂ ਗੱਲਾਂ ਦੀ ਪਾਲਣਾ ਕਰੋ
20. ਅਸੀਂ ਅਗਲੇ ਦੋ ਲੇਖਾਂ ਵਿਚ ਕੀ ਚਰਚਾ ਕਰਾਂਗੇ?
20 ਸਾਨੂੰ ‘ਇਸ ਭਵਿੱਖਬਾਣੀ ਦੀਆਂ ਗੱਲਾਂ ਦੀ ਪਾਲਣਾ’ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਲਿਖੀਆਂ ਗੱਲਾਂ ਦੀ ਪੂਰਤੀ ਦਾ ਅਸਰ ਸਾਡੇ ʼਤੇ ਵੀ ਪੈਂਦਾ ਹੈ। (ਪ੍ਰਕਾ. 1:3) ਪਰ ਅਸੀਂ ਜ਼ੁਲਮ ਸਹਿੰਦੇ ਹੋਏ ਵੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? ਨਾਲੇ ਅਸੀਂ ਦਲੇਰੀ ਨਾਲ ਇਨ੍ਹਾਂ ਸੰਦੇਸ਼ਾਂ ਨੂੰ ਕਿਵੇਂ ਸੁਣਾਉਣਾ ਜਾਰੀ ਰੱਖ ਸਕਦੇ ਹਾਂ? ਇਸ ਤਰ੍ਹਾਂ ਕਰਨ ਲਈ ਸਾਨੂੰ ਦੋ ਗੱਲਾਂ ਤੋਂ ਹਿੰਮਤ ਮਿਲੇਗੀ: (1) ਪ੍ਰਕਾਸ਼ ਦੀ ਕਿਤਾਬ ਤੋਂ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਜਾਣ ਕੇ ਅਤੇ (2) ਉਨ੍ਹਾਂ ਬਰਕਤਾਂ ਬਾਰੇ ਜਾਣ ਕੇ ਜੋ ਸਾਨੂੰ ਵਫ਼ਾਦਾਰ ਰਹਿਣ ਕਰਕੇ ਮਿਲਣਗੀਆਂ। ਅਸੀਂ ਇਨ੍ਹਾਂ ਬਾਰੇ ਅਗਲੇ ਦੋ ਲੇਖਾਂ ਵਿਚ ਚਰਚਾ ਕਰਾਂਗੇ।
ਗੀਤ 32 ਯਹੋਵਾਹ ਵੱਲ ਹੋਵੋ!
a ਅਸੀਂ ਦਿਲਚਸਪ ਸਮੇਂ ਵਿਚ ਜੀ ਰਹੇ ਹਾਂ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦਿੱਤੀਆਂ ਭਵਿੱਖਬਾਣੀਆਂ ਅੱਜ ਸਾਡੇ ਹੀ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ। ਇਹ ਭਵਿੱਖਬਾਣੀਆਂ ਸਾਡੇ ʼਤੇ ਕੀ ਅਸਰ ਪਾਉਂਦੀਆਂ ਹਨ? ਇਸ ਲੇਖ ਵਿਚ ਅਤੇ ਅਗਲੇ ਦੋ ਲੇਖਾਂ ਵਿਚ ਅਸੀਂ ਪ੍ਰਕਾਸ਼ ਦੀ ਕਿਤਾਬ ਦੀਆਂ ਕੁਝ ਖ਼ਾਸ ਗੱਲਾਂ ʼਤੇ ਗੌਰ ਕਰਾਂਗੇ। ਨਾਲੇ ਅਸੀਂ ਦੇਖਾਂਗੇ ਕਿ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰ ਕੇ ਅਸੀਂ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕਿਵੇਂ ਕਰ ਸਕਦੇ ਹਾਂ।
b ਪਹਿਰਾਬੁਰਜ 15 ਨਵੰਬਰ 2014 ਦੇ ਸਫ਼ੇ 30 ʼਤੇ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।